Mandeep

ਰੂਸ-ਯੂਕਰੇਨ ਜੰਗ ਵਿਚ ਨਾਟੋ ਦੀ ਦਖਲਅੰਦਾਜ਼ੀ - ਮਨਦੀਪ

ਦੂਜੀ ਸੰਸਾਰ ਜੰਗ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਪ੍ਰਭਾਵ ਨੂੰ ਰੋਕਣ ਲਈ 1949 ਵਿਚ ਅਮਰੀਕੀ ਸਾਮਰਾਜ ਦੀ ਅਗਵਾਈ ਹੇਠ ਨਾਟੋ (ਉੱਤਰੀ ਐਂਟਲਾਟਿਕ ਸੰਧੀ ਸੰਗਠਨ) ਹੋਂਦ ਵਿਚ ਆਇਆ ਸੀ। ਉਸ ਸਮੇਂ ਨਾਜ਼ੀ ਜਰਮਨੀ ਦੀ ਵੱਡੀ ਚੁਣੌਤੀ ਦੇ ਬਾਵਜੂਦ ਸੋਵੀਅਤ ਯੂਨੀਅਨ ਦਾ ਪ੍ਰਭਾਵ ਪੂਰਬੀ ਯੂਰਪ ਵਿਚ ਲਗਾਤਾਰ ਵੱਧ ਰਿਹਾ ਸੀ ਅਤੇ ਪੱਛਮੀ ਯੂਰਪ ਜੰਗ ਨਾਲ ਕਾਫੀ ਕਮਜ਼ੋਰ ਹੋ ਚੁੱਕਾ ਸੀ। ਇਸ ਲਈ ਪੱਛਮੀ ਮੁਲਕਾਂ ਨੂੰ ਨਾਲ ਲੈ ਕੇ ਅਮਰੀਕਾ ਨੇ ਸੁਰੱਖਿਆ ਤੇ ਸ਼ਾਂਤੀ ਦੇ ਬਹਾਨੇ ਸੋਵੀਅਤ ਯੂਨੀਅਨ ਖਿਲਾਫ ਫੌਜੀ ਗੁੱਟ ਤਿਆਰ ਕੀਤਾ। ਪੌਣੀ ਸਦੀ ਤੋਂ ਅਮਰੀਕਾ ਇਸ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਸਮਾਜਵਾਦੀ ਵਿਚਾਰਾਂ ਦੇ ਪ੍ਰਭਾਵ ਅਤੇ ਸਾਮਰਾਜੀ ਵਿਰੋਧੀ ਦੇਸ਼ਾਂ ਨੂੰ ਘੇਰਨ ਲਈ ਉਹ ਨਾਟੋ ਨੂੰ ਤਾਕਤਵਰ ਹਥਿਆਰ ਵਜੋਂ ਵਰਤ ਰਿਹਾ ਹੈ। ਸੁਰੱਖਿਆ ਤੇ ਸ਼ਾਂਤੀ ਦੇ ਨਾਂ ਹੇਠ ਇਸ ਨੇ ਸੰਸਾਰ ਦੇ ਵੱਖ ਵੱਖ ਕੋਨਿਆਂ ਵਿਚ ਅਨੇਕਾਂ ਮਾਰੂ ਜੰਗਾਂ ਨੂੰ ਅੰਜਾਮ ਦਿੱਤਾ ਅਤੇ ਦੁਨੀਆ ਭਰ ਦੇ ਦੇਸ਼ਾਂ ਉਪਰ ਹਮਲੇ ਕੀਤੇ ਹਨ। ਇਸ ਨੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ’ਤੇ ਹਮਲੇ ਕੀਤੇ ਹਨ, ਕੌਮੀ ਮੁਕਤੀ ਦੀਆਂ ਲਹਿਰਾਂ ਨੂੰ ਕੁਚਲਿਆ ਹੈ ਅਤੇ ਲੰਮੀਆਂ ਲੜਾਈਆਂ ਕੀਤੀਆਂ ਹਨ। ਹੁਣ 2022 ਤੋਂ ਇਸ ਦੀ ਰੂਸ ਨਾਲ ਯੂਕਰੇਨ ਅੰਦਰ ਪਰੌਕਸੀ ਜੰਗ ਦੀ ਭੂਮਿਕਾ ਹੈ।
       ਯੂਕਰੇਨ ਜੰਗ ਵਿਚ ਨਾਟੋ ਦਾ ਪਹਿਲੀਆਂ ਜੰਗਾਂ ਵਾਂਗ ਹੀ ਖਤਰਨਾਕ ਅਤੇ ਦੂਰਪ੍ਰਭਾਵੀ ਰੋਲ ਹੈ। ਨਵੇਂ ਵਰ੍ਹੇ ਦੀ ਆਮਦ ਤੋਂ ਪਹਿਲਾਂ ਦਸੰਬਰ ਮਹੀਨੇ ’ਚ ਜੰਗ ਵਿਚ ਸ਼ਾਮਲ ਤਾਕਤਾਂ ਦੇ ਬਿਆਨਾਂ ਤੋਂ ਯੂਕਰੇਨ ਜੰਗ ਠੰਢੀ ਹੋਣ ਦੇ ਆਸਾਰ ਦਿਸਦੇ ਸਨ ਪਰ ਨਵੇਂ ਵਰ੍ਹੇ ਦੇ ਜਨਵਰੀ ਮਹੀਨੇ ਵਿਚ ਰੂਸ ਅਤੇ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਮੁਲਕਾਂ ਵੱਲੋਂ ਦਿੱਤੇ ਬਿਆਨ ਤੇ ਜੰਗੀ ਤਿਆਰੀਆਂ ਨੇ ਹਾਲਾਤ ਹੋਰ ਵੱਧ ਖਤਰੇ ਵਾਲੇ ਬਣਾ ਦਿੱਤੇ ਹਨ। ਰੂਸ ਨੇ ਫਰਵਰੀ 2022 ਵਿਚ ਯੂਕਰੇਨ ’ਤੇ ਪੂਰਾ ਹਮਲਾ ਵਿੱਢ ਦਿੱਤਾ। ਰੂਸ ਨੇ ਆਪਣੀ ਸੈਨਾ ਵਿਚ ਪੰਜ ਲੱਖ ਫੌਜੀ ਭਰਤੀ ਕਰਨ ਦੇ ਨਾਲ ਨਾਲ ਜੰਗੀ ਹਥਿਆਰਾਂ ਵਿਚ ਵਾਧੇ ਦੀ ਤਿਆਰੀ ਕਰ ਦਿੱਤੀ। ਪੁਤਿਨ ਨੇ ਤਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਐਲਾਨ ਤੱਕ ਕਰ ਦਿੱਤਾ ਅਤੇ ਅਮਰੀਕਾ ਨਾਲ ਪਰਮਾਣੂ ਸੰਧੀ ਤੋੜ ਦਿੱਤੀ। ਉਸ ਨੇ ਕਿਹਾ ਕਿ ਰੂਸ ‘ਪਰਮਾਣੂ ਯੁੱਧ ਦੀ ਤਿਆਰੀ ਨੂੰ ਕਾਇਮ ਰੱਖੇਗਾ ਅਤੇ ਸੁਧਾਰੇਗਾ। ਇਹ ਸਾਡੀ ਪ੍ਰਭੂਸੱਤਾ, ਖੇਤਰੀ ਅਖੰਡਤਾ, ਰਣਨੀਤਕ ਸਮਾਨਤਾ ਅਤੇ ਸੰਤੁਲਨ ਨੂੰ ਸੁਰੱਖਿਅਤ ਰੱਖਣ ਲਈ ਮੁੱਖ ਗਾਰੰਟੀ ਹੈ।’
ਦੂਜੇ ਪਾਸੇ ਅਮਰੀਕਾ, ਜਰਮਨੀ, ਕੈਨੇਡਾ, ਇੰਗਲੈਂਡ ਆਦਿ ਨਾਟੋ ਦੇਸ਼ ਯੂਕਰੇਨ ਨੂੰ ਆਧੁਨਿਕ ਜੰਗੀ ਟੈਂਕ ਤੇ ਹੋਰ ਫੌਜੀ ਸਾਜ਼ੋ-ਸਮਾਨ ਭੇਜ ਰਹੇ ਹਨ। ਜਰਮਨ ਲਿਓਪਾਰਡ-2 ਅਤੇ ਅਮਰੀਕੀ ਅਬਰਾਮਸ ਟੈਂਕ ਜੋ ਰੂਸੀ ਟੈਂਕਾਂ ਮੁਕਾਬਲੇ ਅਤਿ ਆਧੁਨਿਕ ਤੇ ਬਿਹਤਰ ਮੰਨੇ ਜਾਂਦੇ ਹਨ, ਯੂਕਰੇਨ ਦੀ ਧਰਤੀ ਤੇ ਜੰਗ ’ਚ ਉਤਾਰੇ ਜਾ ਰਹੇ ਹਨ। ਇਸ ਤੋਂ ਬਿਨਾ ਜੰਗ ਨੂੰ ਹੋਰ ਤੇਜ਼ ਕਰਨ ਲਈ ਯੂਕਰੇਨ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਮਹਿੰਗਾਈ ਨਾਲ ਜੂਝ ਰਹੇ ਅਮਰੀਕਾ ਨੇ ਯੂਕਰੇਨ ਨੂੰ 50.9 ਬਿਲੀਅਨ ਦੀ ਫੌਜੀ, ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ, ਯੂਰਪੀਅਨ ਯੂਨੀਅਨ ਸੰਸਥਾਵਾਂ ਵੱਲੋਂ 37.2 ਬਿਲੀਅਨ, ਯੂਕੇ 7.5 ਬਿਲੀਅਨ, ਜਰਮਨੀ 5.8 ਬਿਲੀਅਨ ਅਤੇ ਕੈਨੇਡਾ ਨੇ 5.1 ਬਿਲੀਅਨ ਡਾਲਰ ਦੀ ਵਿੱਤੀ ਮਦਦ ਕੀਤੀ। ਯੂਰਪ ਦੇ ਵੱਡੇ ਦਾਨੀਆਂ ਵਿਚ ਇਸਤੋਨੀਆ, ਲਾਤਵੀਆ, ਪੋਲੈਂਡ ਆਦਿ ਦੇਸ਼ ਵੀ ਸ਼ਾਮਲ ਹਨ।
       ਜ਼ੇਲੈਂਸਕੀ ਲੰਮੇ ਸਮੇਂ ਤੋਂ ਲੰਮੀ ਰੇਂਜ ਵਾਲੀਆਂ ਮਿਜ਼ਾਇਲਾਂ, ਆਧੁਨਿਕ ਟੈਂਕ, ਲੜਾਕੂ ਜਹਾਜ਼ ਤੇ ਡਰੋਨਾਂ ਦੀ ਮੰਗ ਕਰਦਾ ਰਿਹਾ ਤੇ ਅਮਰੀਕਾ ਤੇ ਉਸ ਦੇ ਨਾਟੋ ਦੇਸ਼ਾਂ ਵੱਲੋਂ ਇਹ ਹਾਲੇ ‘ਵਿਚਾਰ ਅਧੀਨ’ ਹੈ। ਯੂਕਰੇਨ ਵਿਚਲੇ ਜੰਗੀ ਮੈਦਾਨ ਤੋਂ ਬਿਨਾ ਅਮਰੀਕਾ ਅਤੇ ਉਸ ਦੇ ਨਾਟੋ ਸੰਗੀਆਂ ਵੱਲੋਂ ‘ਡਿਜੀਟਲ ਜੰਗੀ ਮੈਦਾਨ’ ਵੀ ਸਿਰਜਿਆ ਹੋਇਆ ਹੈ ਜਿੱਥੋਂ ਉਹ ਯੂਕਰੇਨੀ ਕਮਾਂਡਰਾਂ ਨੂੰ ਰੂਸੀ ਫੌਜੀ ਟਿਕਾਣਿਆਂ ਸਬੰਧੀ ਦਿਸ਼ਾ ਨਿਰਦੇਸ਼ ਭੇਜਦੇ ਹਨ। ਇਹ ਅਦਿੱਖ ਨਾਟੋ ਸਲਾਹਕਾਰ ਲਗਾਤਾਰ ਯੂਕਰੇਨੀ ਜੰਗ ‘ਚ ਸਰਗਰਮ ਹਨ। ਇਸ ਦੇ ਬਾਵਜੂਦ ਪੱਛਮੀ ਮੀਡੀਆ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਇਸ ਦੇ ਨਾਟੋ ਭਾਈਵਾਲਾਂ ਦਾ ਇੱਕ ਵੀ ਫੌਜੀ ਰੂਸ ਖ਼ਿਲਾਫ਼ ਯੂਕਰੇਨੀ ਧਰਤੀ ’ਤੇ ਜੰਗ ਵਿਚ ਸ਼ਾਮਲ ਨਹੀਂ ਹੈ। ਰਵਾਇਤੀ ਜੰਗਾਂ ਦੇ ਮੁਕਾਬਲੇ ਇਸ ਜੰਗ ਵਿਚ ਇੱਕ ਨਵੇਂ ਪੱਧਰ ਉੱਤੇ ਜੈਵਿਕ ਤੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੀਆਂ ਸੰਭਾਵਨਾਵਾਂ ਦਰਮਿਆਨ ਪਾਣੀ ਹੇਠ ਰਹੱਸਮਈ ਧਮਾਕਿਆਂ, ਸੂਖ਼ਮ ਆਨਲਾਈਨ ਮੁਹਿੰਮਾਂ ਅਤੇ ਸਾਈਬਰ ਹਮਲਿਆਂ ਰਾਹੀਂ ਹਾਈਬ੍ਰਿਡ ਜੰਗ ਵੀ ਗਲਾਤਾਰ ਚੱਲ ਰਹੀ ਹੈ। ਬੀਤੇ ਸਾਲ ਸਤੰਬਰ ਵਿਚ ਬਾਲਟਿਕ ਸਮੁੰਦਰ ਵਿਚ ਪਾਣੀ ਹੇਠ ਹੋਏ ਜ਼ੋਰਦਾਰ ਧਮਾਕਿਆਂ ਕਾਰਨ ਸਵੀਡਨ ਤੇ ਡੈਨਮਾਰਕ ਦੇ ਤੱਟਾਂ ਵਿਚਕਾਰ ਨਾਰਡ ਸਟਰੀਮ ਗੈਸ ਪਾਇਪ ਲਾਈਨ ਵਿਚ ਸੁਰਾਖ ਕਰ ਦਿੱਤੇ ਗਏ। ਪ੍ਰਸਿੱਧ ਅਮਰੀਕੀ ਪੱਤਰਕਾਰ ਸੀਮੋਰ ਹਰਸ਼ ਨੇ ਇਸ ਦਾ ਖੁਲਾਸਾ ਵੀ ਕੀਤਾ ਕਿ ਇਹ ਧਮਾਕੇ ਅਮਰੀਕਾ ਨੇ ਨਾਰਵੇ ਨਾਲ ਸਾਜਿ਼ਸ਼ ਤਹਿਤ ਕੀਤੇ ਹਨ ਅਤੇ ਇਹਨਾਂ ਧਮਾਕਿਆਂ ਲਈ ਰੂਸ ਨੂੰ ਗਲਤ ਤੌਰ ’ਤੇ ਜ਼ਿੰਮੇਵਾਰ ਠਹਿਰਾ ਰਹੇ ਹਨ ਜਦਕਿ ਦੋਵਾਂ ਪਾਸਿਆਂ ਤੋਂ ਇਕ ਦੂਜੇ ਖਿਲਾਫ ਲੁਕਵੇਂ ਰੂਪ ’ਚ ਹਾਈਬ੍ਰਿਡ ਹਮਲੇ ਜਾਰੀ ਹਨ। ਹਾਈਬ੍ਰਿਡ ਹਮਲਿਆਂ ਦੇ ਨਾਲ ਨਾਲ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਦੇਸ਼ਾਂ ਵੱਲੋਂ ਰੂਸ ਖਿਲਾਫ ਆਰਥਿਕ ਨਾਕਾਬੰਦੀਆਂ ਵੀ ਨਾਟੋ ਹਮਲੇ ਦਾ ਹਿੱਸਾ ਹਨ।
       20 ਜਨਵਰੀ ਨੂੰ ਨਾਟੋ ਮੁਖੀ ਜੇਨਸ ਸਟੋਲਟਨਬਰਗ ਨੇ ਇੱਕ ਬਿਆਨ ਵਿਚ ਯੂਕਰੇਨ ਨੂੰ ਸੈਂਕੜੇ ਨਵੇਂ ਬਖਤਰਬੰਦ ਵਾਹਨ, ਪੈਦਲ ਲੜਾਕੂ ਵਾਹਨ ਤੇ ਲੜਾਈ ਦੇ ਟੈਂਕ ਦਿੱਤੇ ਜਾਣ, ਲੜਾਈ ਵਿਚ ‘ਫਰਕ’ ਆਉਣ, ਰੂਸ ਖਿਲਾਫ ਨਵੀਂ ਮੁਹਿੰਮ ਦੇ ਨਾਲ ਨਾਲ ਪੁਰਾਣੀ ਮੁਹਿੰਮ ਜਾਰੀ ਰੱਖਣ ਅਤੇ ਰੂਸ ਵਿਰੁੱਧ ਹਮਲੇ ਦੇ ਸੰਕੇਤ ਦਿੱਤੇ। ਇਹਨਾਂ ਘਟਨਾਵਾਂ ਨੇ ਨਾਟੋ ਨੂੰ ਰੂਸ ਨਾਲ ਸਿੱਧੇ ਝਗੜੇ ਦੇ ਨੇੜੇ ਕਰ ਦਿੱਤਾ ਹੈ। ਇਸ ਨਾਲ ਸੰਸਾਰ ਭਰ ਵਿਚ ਭਵਿੱਖ ’ਚ ਪਰਮਾਣੂ ਜਾਂ ਤੀਜੀ ਸੰਸਾਰ ਜੰਗ ਦੇ ਭੈਅ ਦਾ ਪ੍ਰਚਾਰ ਫੈਲ ਰਿਹਾ ਹੈ। ਇਹਨਾਂ ਘਟਨਾਵਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਯੂਕਰੇਨ ਜੰਗ ਰੂਸ ਅਤੇ ਅਮਰੀਕਾ ਤੇ ਉਸ ਦੇ ਨਾਟੋ ਸੰਗੀਆਂ ਵਿਚਕਾਰ ਜੰਗ ਹੈ। ਅਮਰੀਕਾ ਨੇ ਨਾਟੋ ਦੇਸ਼ਾਂ ਨਾਲ ਮਿਲ ਕੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਮੂਹਰੇ ਲਾ ਕੇ ਉਸ ਨੂੰ ਫੌਜੀ, ਯੁੱਧਨੀਤਕ, ਆਰਥਿਕ ਤੇ ਖੁਫ਼ੀਆ ਮਦਦ ਦੇ ਕੇ ਦੁਨੀਆ ਦੇ ਇੱਕ ਖਿੱਤੇ ਵਿਚ ਵੱਡੇ ਅਤੇ ਨਵੇਂ ਸੰਕਟ ਖੜ੍ਹੇ ਕਰ ਦਿੱਤੇ ਹਨ।
       ਅਮਰੀਕੀ ਸਮਾਰਾਜ ਦੀ ਅਗਵਾਈ ਵਾਲਾ ਨਾਟੋ ਆਪਣੇ-ਆਪ ਨੂੰ ਯੂਰਪ ਅਤੇ ਉੱਤਰੀ ਅਮਰੀਕਾ ਦੇ 30 ਦੇਸ਼ਾਂ ਦਾ ਰੱਖਿਆਤਮਕ ਗੱਠਜੋੜ ਆਖਦਾ ਹੈ। ਇਹ ਆਪਣੇ ਮੈਂਬਰ ਦੇਸ਼ਾਂ ਅਤੇ ਉਨ੍ਹਾਂ ਦੇ ਇੱਕ ਅਰਬ ਨਾਗਰਿਕਾਂ ਦੀ ਰੱਖਿਆ ਲਈ ਹਥਿਆਰਬੰਦ ਬਲਾਂ ਨੂੰ ਇਕੱਠਾ ਕਰ ਕੇ ਅਤੇ ਸੁਰੱਖਿਆ ਗਾਰੰਟੀ ਦੇਣ ਦਾ ਦਾਅਵਾ ਕਰਦਿਆਂ ‘ਇੱਕ ਉੱਤੇ ਹਮਲਾ, ਸਾਰਿਆਂ ਉੱਤੇ ਹਮਲਾ’ ਮੰਨਦਾ ਹੈ ਜਦਕਿ ਇਸ ਦਾ ਅਸਲ ਮਕਸਦ ਸੁਰੱਖਿਆ ਦੇ ਨਾਂ ਹੇਠ ਅਮਰੀਕੀ ਚੌਧਰ ਨੂੰ ਸਲਾਮਤ ਰੱਖਣਾ, ਵਿਰੋਧੀਆਂ ਨੂੰ ਸਬਕ ਸਿਖਾਉਣਾ ਤੇ ਅਮਰੀਕੀ ਸਾਮਰਾਜ ਦਾ ਵਿਸਥਾਰ ਕਰਨਾ ਹੈ।
       ਅਮਰੀਕਾ ਦੁਆਰਾ ਰੂਸ ਨੂੰ ਘੇਰਨ ਲਈ 2014 ਵਿਚ ਰੂਸ ਦੇ ਕਰੀਮੀਆ ਵਿਚ ਗੈਰ-ਕਾਨੂੰਨੀ ਕਬਜ਼ੇ ਤੋਂ ਬਾਅਦ, ਨਾਟੋ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ, ਵਿੱਤੀ ਸਹਾਇਤਾ, ਯੂਕਰੇਨੀ ਸੈਨਿਕਾਂ ਨੂੰ ਸਿਖਲਾਈ, ਸਾਈਬਰ ਰੱਖਿਆ, ਲੌਜਿਸਟਿਕਸ ਅਤੇ ਹਾਈਬ੍ਰਿਡ ਜੰਗ ਦਾ ਮੁਕਾਬਲਾ ਕਰਨ ਦੀ ਸਿਖਲਾਈ ਦੇ ਰਿਹਾ ਹੈ। ਫਰਵਰੀ 2022 ਵਿਚ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਨਾਟੋ ਨੇ ਇਹ ਮਦਦ ਹੋਰ ਵਧਾ ਦਿੱਤੀ ਹੈ। ਅਮਰੀਕੀ ਨਾਟੋ ਨੇ ਮਾਸਕੋ-ਕੀਵ ਤਣਾਅ ਵਧਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਯੂਕਰੇਨ, ਰੂਸ ਅਤੇ ਅਮਰੀਕੀ ਗੱਠਜੋੜ ਦੋਵਾਂ ਲਈ ਮਹੱਤਵਪੂਰਨ ਖਿੱਤਾ ਹੈ। ਆਖਿਰ ਯੂਕਰੇਨ ਹੀ ਕਿਉਂ? ਯੂਕਰੇਨ, ਰੂਸ ਤੋਂ ਵੱਖ ਹੋਏ ਬਾਕੀ 15 ਸਾਬਕਾ ਸੋਵੀਅਤ ਦੇਸ਼ਾਂ ਨਾਲੋਂ ਜਿ਼ਆਦਾ ਵਸੋਂ ਤੇ ਖੇਤਰਫਲ ਵਾਲਾ ਸ਼ਕਤੀਸ਼ਾਲੀ ਦੇਸ਼ ਹੈ। ਦੋਵਾਂ ਲਈ ਇਹ ਕਾਲੇ ਸਾਗਰ, ਖੇਤੀਬਾੜੀ ਅਤੇ ਫੌਜੀ ਤੇ ਸੁਰੱਖਿਆ ਤਾਕਤ ਵਜੋਂ ਵੀ ਅਹਿਮ ਹੈ। ਨਾਟੋ ਲਈ ਇਸ ਦੀ ਮਹੱਤਤਾ ਰੂਸ ਖਿਲਾਫ ਜੰਗ ਦੇ ਮੋਹਰੇ ਵਜੋਂ ਹੈ।
      ਨਾਟੋ ਨੇ ਰੱਖਿਆ ਯੋਜਨਾਵਾਂ ਦੇ ਨਾਂ ਹੇਠ ਬੁਲਗਾਰੀਆ, ਹੰਗਰੀ, ਰੋਮਾਨੀਆ, ਇਸਤੋਨੀਆ, ਲਾਤਵੀਆ, ਲਿਥੁਆਨੀਆ ਅਤੇ ਪੋਲੈਂਡ ਵਿਚ 40,000 ਫੌਜੀ, ਅਤੇ ਉੱਤਰ ਤੋਂ (ਬਾਲਟਿਕ ਸਾਗਰ) ਦੱਖਣ (ਕਾਲੇ ਸਾਗਰ) ਤੱਕ ਲੜਾਕੂ ਫੌਜੀ ਸਮੂਹ ਤਾਇਨਾਤ ਕੀਤੇ ਹੋਏ ਹਨ ਅਤੇ ਜੂਨ, 2022 ਦੇ ਮੈਡਰਿਡ ਸੰਮੇਲਨ ਵਿਚ ਪੂਰਬੀ ਯੂਰਪ ਵਿਚ ਨਾਟੋ ਫੌਜੀ ਸੰਖਿਆ ਤਿੰਨ ਲੱਖ ਕਰਨ, ਸਾਈਬਰ ਸਮਰੱਥਾ ਵਧਾਉਣ, ਬਾਲਟਿਕ ਅਤੇ ਉੱਤਰੀ ਸਾਗਰਾਂ ਵਿਚ ਜਲ ਸੈਨਾ ਦੁੱਗਣੀ ਕਰਨ, ਖੁਫ਼ੀਆ ਨਿਗਰਾਨੀ ਵਧਾਉਣ, ਰਸਾਇਣਕ, ਜੈਵਿਕ, ਰੇਡੀਓਲੌਜੀਕਲ ਅਤੇ ਪਰਮਾਣੂ ਖਤਰਿਆਂ ਨਾਲ ਨਜਿੱਠਣ ਲਈ ਤਿਆਰੀ ਵਿੱਢਣ ਅਤੇ ਫੌਜੀ ਸਾਜ਼ੋ-ਸਮਾਨ ਨੂੰ ਵਧਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ। ਜਿੱਥੇ ਵਰਤਮਾਨ ਵਿਚ ਇਹ ਫੈਸਲੇ ਯੂਕਰੇਨ ਜੰਗ ਲਈ ਘਾਤਕ ਹਨ, ਉੱਥੇ ਭਵਿੱਖ ਵਿਚ ਇਸ ਦੇ ਸਿੱਟੇ ਏਸ਼ੀਆ ਲਈ ਘਾਤਕ ਸਿੱਧ ਹੋ ਸਕਦੇ ਹਨ।
       ਇਸ ਯੁੱਧ ਪਿੱਛੇ ਅਮਰੀਕੀ ਸਾਮਰਾਜ ਤੇ ਉਸ ਦੇ ਸੰਗੀ ਨਾਟੋ ਦਾ ਵੱਡਾ ਹੱਥ ਹੈ ਅਤੇ ਇਸ ਜੰਗ ਦਾ ਨਿਬੇੜਾ ਵੀ ਅਮਰੀਕਾ ਤੇ ਨਾਟੋ ਦੇ ਹੱਥ ਵੱਧ ਹੈ। ਰੂਸ ਸ਼ੁਰੂ ਤੋਂ ਹੀ ਗਰੰਟੀ ਚਾਹੁੰਦਾ ਹੈ ਕਿ ਉਸ ਦੇ ਗਵਾਂਢ (ਸਾਬਕਾ ਸੋਵੀਅਤ ਦੇਸ਼ਾਂ ਸਮੇਤ ਉੱਤਰੀ ਯੂਰੋਪੀਅਨ ਦੇਸ਼ਾਂ) ’ਚ ਨਾਟੋ ਦੀ ਦਖਲਅੰਦਾਜ਼ੀ ਨਾ ਹੋਵੇ। ਉਹ ਨਹੀਂ ਚਾਹੁੰਦਾ ਕਿ ਉਸ ਦੇ ਗਵਾਂਢ ਵਿਚ ਹੁੰਦੀਆਂ ਫੌਜੀ ਗਤੀਵਿਧੀਆਂ ਤੇ ਖੁਫ਼ੀਆ ਤਾਕਤਾਂ ਉਸ ਦੀ ਸੁਰੱਖਿਆ ਲਈ ਖਤਰਾ ਬਣਨ। ਪੱਛਮੀ ਤਾਕਤਾਂ ਇਸ ਨੂੰ ਇਸ ਤਰਕ ਨਾਲ ਖਾਰਜ ਕਰ ਰਹੀਆਂ ਹਨ ਕਿ ਕਰੈਮਲਿਨ, ਕੀਵ ਦੀ ਵਿਦੇਸ਼ੀ ਨੀਤੀ ਨੂੰ ਨਿਰਦੇਸ਼ ਨਹੀਂ ਦੇ ਸਕਦਾ ਕਿ ਉਸ ਨੇ ਨਾਟੋ ਵਿਚ ਸ਼ਾਮਲ ਹੋਣਾ ਹੈ ਜਾਂ ਨਹੀਂ। ਦੂਸਰਾ ਨਾਟੋ ਦੀ ‘ਖੁੱਲ੍ਹੇ ਦਰਵਾਜ਼ੇ’ ਦੀ ਨੀਤੀ ਇਹ ਇਜਾਜ਼ਤ ਦਿੰਦੀ ਹੈ ਕਿ ਯੂਰੋਪੀਅਨ ਮੁਲਕ ਜਦ ਚਾਹੁਣ, ਨਾਟੋ ਦਾ ਹਿੱਸਾ ਬਣ ਸਕਦੇ ਹਨ। ਯੂਕਰੇਨ, ਬੋਸਨੀਆ ਤੇ ਹਰਸੇਗੋਵੀਨਾ ਨੇ ਆਪਣੀ ਰੱਖਿਆ ਤਾਕਤ ਵਿਚ ਵਾਧੇ ਦੇ ਨਾਂ ਹੇਠ ਨਾਟੋ ’ਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ।
      ਯੂਕਰੇਨ ਜੰਗ ਦੌਰਾਨ ਤਾਇਵਾਨ ਨੂੰ ਲੈ ਕੇ ਅਮਰੀਕਾ-ਚੀਨ ਤਣਾਅ ਵੀ ਬਣਿਆ ਹੋਇਆ ਹੈ ਜਿਸ ਨਾਲ ਅੱਗੇ ਭਾਰਤ-ਚੀਨ ਸਰਹੱਦੀ ਵਿਵਾਦ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ। ਚੀਨ ਖੁਦਗਰਜ਼ ਤਾਕਤ ਹੈ, ਉਸ ਦੀ ਰੂਸ-ਯੂਕਰੇਨ ਜੰਗ ਵਿਚ ਗਰਜ਼ ਇਹ ਹੈ ਕਿ ਇੱਕ ਤਾਂ ਚੀਨ ਦਾ ਰੂਸ ਦੇ ਤੇਲ ਅਤੇ ਗੈਸ ਪ੍ਰਾਜੈਕਟਾਂ ਵਿਚ ਵੱਡਾ ਨਿਵੇਸ਼ ਹੈ ਅਤੇ ਦੂਸਰਾ ਅਮਰੀਕਾ ਦੀ ਤਾਇਵਾਨ ਵਿਚ ਭੂਮਿਕਾ ਦੇ ਵਿਰੋਧ ਵਜੋਂ ਰੂਸ ਨਾਲ ਨੇੜਤਾ ਹੈ। ਚੀਨ ਆਪਣੇ-ਆਪ ਨੂੰ ਆਰਥਿਕ ਨਾਕਾਬੰਦੀਆਂ ਤੋਂ ਸੁਰੱਖਿਅਤ ਕਰਨ, ਆਪਣੇ ਸਾਮਰਾਜ ਦਾ ਵਿਸਥਾਰ ਕਰਨ ਅਤੇ ਵਿਸ਼ਵ ਮੰਡੀ ਉੱਤੇ ਕਾਬੂ ਕਰਨ ਵਿਚ ਜੁੱਟਿਆ ਹੋਇਆ ਹੈ।
       ਅਮਰੀਕੀ ਸਾਮਰਾਜ ਅਤੇ ਉਸ ਦੇ ਜੋਟੀਦਾਰ ਨਾਟੋ ਦੇ ਅਮਲ ਯੂਕਰੇਨ ਨੂੰ ਦੂਜਾ ਸੀਰੀਆ ਬਣਾਉਣ ਦੇ ਹਨ। ਜੇ ਯੂਕਰੇਨ ਬਰਬਾਦ ਹੋਵੇਗਾ ਤਾਂ ਬਾਕੀ ਸੰਸਾਰ ਵੀ ਇਸ ਤੋਂ ਅਛੂਤਾ ਨਹੀਂ ਰਹੇਗਾ। ਭੋਜਨ, ਊਰਜਾ ਤੇ ਮਹਿੰਗਾਈ ਦਾ ਸੰਕਟ ਹੋਰ ਵਧੇਗਾ। ਜੇ ਅਮਰੀਕਾ ਤੇ ਉਸ ਦਾ ਨਾਟੋ, ਯੂਕਰੇਨ ਵਿਚ ਦਖਲਅੰਦਾਜ਼ੀ ਤੇ ਉਸ ਨੂੰ ਹਥਿਆਰ ਦੇਣੇ ਬੰਦ ਕਰ ਦੇਵੇ ਤਾਂ ਜੰਗ ਖਤਮ ਹੋ ਸਕਦੀ ਹੈ ਪਰ ਅਮਰੀਕਾ ਨੂੰ ਆਪਣੇ ਪੁਰਾਣੇ ਵਿਰੋਧੀ ਰੂਸ ਨੂੰ ਚਿੱਤ ਕਰਨ ਲਈ ਮਸਾਂ ਗਿੱਦੜਸਿੰਗੀ ਮਿਲੀ ਹੈ ਜਿਸ ਕਰ ਕੇ ਉਹ ਨਾਟੋ ਰਾਹੀਂ ਜੰਗ ਨੂੰ ਲਗਾਤਾਰ ਹਵਾ ਦੇ ਰਿਹਾ ਹੈ।
ਸੰਪਰਕ (ਵ੍ਹੱਟਸਐਪ) : +5493813389246

ਜੰਗਾਂ ਜਿਨ੍ਹਾਂ ’ਚ ਨਾਟੋ ਦੀ ਹਿੱਸੇਦਾਰੀ ਰਹੀ :
ਨਾਟੋ ਦੀ ਕੋਰੀਆ (1950), ਗੁਆਟੇਮਾਲਾ (1954), ਇੰਡੋਨੇਸ਼ੀਆ (1958), ਕਿਊਬਾ (1961), ਵੀਅਤਨਾਮ (1961), ਕੋਂਗੋ 91964), ਲਾਊਸ (1964), ਬ੍ਰਾਜ਼ੀਲ (1964), ਡੋਮੀਨੀਅਨ ਰਿਪਬਲਿਕ (1965), ਗਰੀਸ (1967), ਅਰਜਨਟਾਈਨਾ (1976), ਨਿਕਾਰਾਗੁਆ (1981), ਗਰੇਨਾਡਾ (1981), ਫਿਲਪੀਨਜ਼ (1989), ਪਨਾਮਾ (1989), ਇਰਾਕ (1991, 2003), ਸੁਡਾਨ (1998), ਯੁਗੋਸਲਾਵੀਆ (1999), ਅਫਗਾਨਿਸਤਾਨ (2001), ਯਮਨ (2002), ਸੋਮਾਲੀਆ (2006), ਲੀਬੀਆ (2011), ਸੀਰੀਆ (2011) ਖਿਲਾਫ ਜੰਗ ’ਚ ਸਿੱਧੀ ਅਤੇ ਹੁਣ ਯੂਕਰੇਨ ਜੰਗ ’ਚ ਸਿੱਧੀ-ਅਸਿੱਧੀ ਭੂਮਿਕਾ ਹੈ।