Mukhtar Gill

ਪਲਾਸਟਿਕ ’ਤੇ ਪਾਬੰਦੀ ਗੰਭੀਰ ਚੁਣੌਤੀ - ਮੁਖਤਾਰ ਗਿੱਲ

ਵਾਤਾਵਰਨ ਨੂੰ ਬਚਾਉਣ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘਟਾਉਣ ਲਈ ਸਰਕਾਰ ਨੇ ਇਕ ਜੁਲਾਈ ਤੋਂ ਸੂਬੇ ਭਰ ਵਿਚ ਸਿੰਗਲ ਯੂਜ਼ ਪਲਾਸਟਿਕ ਅਤੇ ਸਿੰਗਲ ਯੂਜ਼ ਥਰਮੋਕੋਲ ਦੇ ਉਤਪਾਦਨ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਉੱਨੀ ਪਲਾਸਟਿਕ ਦੀਆਂ ਵਸਤੂਆਂ ’ਤੇ ਪਾਬੰਦੀ ਲਗਾਈ ਗਈ ਜਿਨ੍ਹਾਂ ਵਿਚ ਥਰਮੋਕੋਲ ਦੀਆਂ ਪਲੇਟਾਂ, ਕੱਪ, ਗਲਾਸ, ਕਟਲਰੀ ਵਰਗੇ ਕਾਂਟੇ, ਚਮਚੇ, ਚਾਕੂ, ਟਰੇਅ, ਪਲਾਸਟਿਕ ਦੇ ਝੰਡੇ, ਸੱਦਾ ਕਾਰਡ ਆਦਿ ਹਨ। ਇਕ ਵਾਰ ਪਹਿਲਾਂ ਵੀ 2 ਅਕਤੂਬਰ 2019 ਵਿਚ ਵੀ ਇਕ ਵਾਰ ਇਸਤੇਮਾਲ ਹੋਣ ਵਾਲੀਆਂ ਪਲਾਸਟਿਕ ਚੀਜ਼ਾਂ ’ਤੇ ਪਾਬੰਦੀ ਲਗਾਈ ਸੀ ਪਰ ਤਦ ਇਹ ਸੰਭਵ ਨਹੀਂ ਸੀ ਹੋ ਸਕੀ ਕਿਉਂਕਿ ਪਲਾਸਟਿਕ ’ਤੇ ਪਾਬੰਦੀ ਇੰਨੀ ਆਸਾਨ ਨਹੀਂ। ਪ੍ਰੰਤੂ ਇਸ ਵਾਰ ਸਰਕਾਰ ਨੇ ਜਿਸ ਤਰ੍ਹਾਂ ਸਖ਼ਤੀ ਵਿਖਾਈ ਹੈ, ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਇਹ ਫ਼ੈਸਲਾ ਵਾਪਸ ਨਹੀਂ ਲਿਆ ਜਾਵੇਗਾ।
      ਪਲਾਸਟਿਕ ’ਤੇ ਪਾਬੰਦੀ ਲਗਾਉਣ ’ਚ ਵੱਡਾ ਅੜਿੱਕਾ ਇਹ ਹੈ ਕਿ ਦੇਸ਼ ਵਿਚ ਪਲਾਸਟਿਕ ਉਦਯੋਗ ਨਾਲ ਜੁੜੇ ਲੱਖਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਦਸ਼ਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਦੇਸ਼ ਵਿਚ ਇਸ ਸਮੇਂ 700 ਇਕਾਈਆਂ ਹਨ ਜੋ ਇਕ ਵਾਰ ਇਸਤੇਮਾਲ ਹੋਣ ਵਾਲਾ ਸਾਮਾਨ ਬਣਾਉਂਦੀਆਂ ਹਨ। ਦੇਸ਼ ਦੇ ਛੋਟੇ-ਵੱਡੇ ਕਾਰੋਬਾਰੀਆਂ ਦੇ ਪਰਿਵਾਰ ਤਾਂ ਇਨ੍ਹਾਂ ਚੀਜ਼ਾਂ ਦੇ ਵਪਾਰ ’ਤੇ ਹੀ ਨਿਰਭਰ ਹਨ। ਸਾਢੇ ਸੱਤ ਕਰੋੜ ਲੋਕਾਂ ਨੂੰ ਪਲਾਸਟਿਕ ਇੰਡਸਟਰੀ ’ਤੋਂ ਰੋਜ਼ੀ-ਰੋਟੀ ਮਿਲਦੀ ਹੈ ਜਿਨ੍ਹਾਂ ਸਾਹਮਣੇ ਗੰਭੀਰ ਸੰਕਟ ਖੜ੍ਹਾ ਹੋ ਸਕਦਾ ਹੈ।
       ਪਿਛਲੇ ਦੋ-ਤਿੰਨ ਦਹਾਕਿਆਂ ’ਚ ਪਲਾਸਟਿਕ ਲੋਕਾਂ ਦੀਆਂ ਆਦਤਾਂ ਤੇ ਜੀਵਨ-ਸ਼ੈਲੀ ’ਚ ਇਸ ਤਰ੍ਹਾਂ ਸ਼ਾਮਲ ਹੋ ਗਿਆ ਹੈ ਕਿ ਇਸ ਦੇ ਬਿਨਾਂ ਸਹਿਜ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਦੁਕਾਨਦਾਰ ਵੀ ਗਾਹਕ ਨੂੰ ਕੈਰੀ ਬੈਗ ਜਾਂ ਥੈਲੀ ਪੌਲੀਥੀਨ ਦੀ ਦੇਵੇਗਾ ਜੋ ਸਸਤੀ ਪੈਂਦੀ ਹੈ। ਸੰਨ 1907 ਵਿਚ ਜਦੋਂ ਨਿਊਯਾਰਕ ਦੇ ਲਿਓ ਬੈਕੇਲੈਂਡ ਨਾਂ ਦੇ ਵਿਗਿਆਨਕ ਨੇ ਸਿੰਥੈਟਿਕ ਪਲਾਸਟਿਕ ਬਣਾਇਆ ਅਤੇ ਉਸ ਨੂੰ ਬੈਕੇਲਾਈਟ ਦਾ ਨਾਂ ਦਿੱਤਾ ਸੀ ਤਦ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਵੇਖਦਿਆਂ ਹੀ ਵੇਖਦਿਆਂ ਪਲਾਸਟਿਕ ਦੁਨੀਆ ਭਰ ਵਿਚ ਵਾਤਾਵਰਨ ਲਈ ਇਕ ਵੱਡਾ ਖ਼ਤਰਾ ਬਣ ਜਾਵੇਗਾ। ਪੌਲੀਥੀਨ ਦੀ ਕਾਢ ਤਾਂ ਸੰਨ 1933 ਵਿਚ ਕੱਢੀ ਗਈ ਪ੍ਰੰਤੂ ਆਪਣੇ ਇਸਤੇਮਾਲ ਤੇ ਮਜ਼ਬੂਤੀ ਕਰ ਕੇ ਇਹ ਛੇਤੀ ਹੀ ਲੋਕਪ੍ਰਿਆ ਹੋ ਗਿਆ।
       ਸੰਨ 1965 ਵਿਚ ਸਵੀਡਨ ਦੀ ਇਕ ਕੰਪਨੀ ਨੇ ਪੌਲੀਥੀਨ ਦੇ ਥੈਲੇ ਦਾ ਪੇਟੈਂਟ ਕਰਵਾ ਲਿਆ। ਕੱਪੜੇ ਦੇ ਥੈਲਿਆਂ, ਕਾਗਜ਼ ਦੇ ਲਿਫ਼ਾਫ਼ਿਆਂ ਆਦਿ ਨੂੰ ਪਲਾਸਟਿਕ ਦੀਆਂ ਥੈਲੀਆਂ ਨੇ ਬਾਹਰ ਹੀ ਕਰ ਦਿੱਤਾ। ਵੇਖਦਿਆਂ ਹੀ ਵੇਖਦਿਆਂ ਪਲਾਸਟਿਕ ਦੁਨੀਆ ਦਾ ਪ੍ਰਮੁੱਖ ਉਦਯੋਗ ਬਣ ਗਿਆ। ਵਿਕਾਸਸ਼ੀਲ ਦੇਸ਼ਾਂ ਵਿਚ ਤਾਂ ਆਬਾਦੀ ਦੇ ਇਕ ਵੱਡੇ ਹਿੱਸੇ ਦੀ ਰੋਜ਼ੀ-ਰੋਟੀ ਇਸ ਨਾਲ ਜੁੜ ਗਈ ਹੈ।
        ਪਲਾਸਟਿਕ ਉਦਯੋਗ ਦੇ ਆਪਣੇ ਖ਼ਤਰੇ ਵੀ ਹਨ। ਸੁਵਿਧਾ ਦੇ ਨਾਲ-ਨਾਲ ਪਲਾਸਟਿਕ ਨੇ ਮਨੁੱਖਤਾ ਲਈ ਵੱਡੀਆਂ ਪਰੇਸ਼ਾਨੀਆਂ ਪੈਦਾ ਕੀਤੀਆਂ ਹਨ। ਦੁਨੀਆ ਨੇ ਪਹਿਲਾਂ ਆਪਣੀਆਂ ਸੁਵਿਧਾਵਾਂ ਨੂੰ ਵੇਖਦਿਆਂ ਪਲਾਸਟਿਕ ਨੂੰ ਖੁੱਲ੍ਹਦਿਲੀ ਨਾਲ ਅਪਣਾਇਆ ਪਰ ਇਸ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਵੱਲ ਧਿਆਨ ਨਹੀਂ ਦਿੱਤਾ। ਪਲਾਸਟਿਕ ਕਚਰੇ ਦੇ ਇੰਨੇ ਢੇਰ ਲੱਗੇ ਹਨ ਕਿ ਜੇਕਰ ਸਾਰਾ ਕਚਰਾ ਇਕ ਥਾਂ ਰੱਖ ਦਿੱਤਾ ਜਾਵੇ ਤਾਂ ਮਾਊਂਟ ਐਵਰੈਸਟ ਤੋਂ ਤਿੰਨ ਗੁਣਾ ਵਿਸ਼ਾਲ ਪਹਾੜ ਬਣ ਸਕਦਾ ਹੈ। ਲੰਘੇ ਕਈ ਵਰ੍ਹਿਆਂ ਤੋਂ ਦੇਸ਼-ਦੁਨੀਆ ਵਿਚ ਪਲਾਸਟਿਕ ਦੇ ਖ਼ਿਲਾਫ਼ ਮੁਹਿੰਮ ਛੇੜ ਰੱਖੀ ਹੈ। ਵਿਸ਼ਵ ਭਰ ਵਿਚ ਪਲਾਸਟਿਕ ’ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਪੌਲੀਥੀਨ ਦੀ ਵਰਤੋਂ ਅਤੇ ਵਿਕਰੀ ਧੜੱਲੇ ਨਾਲ ਜਾਰੀ ਹੈ।
         ਪਹਿਲਾਂ ਹੀ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਰਕਾਰ ਨੂੰ ਪਲਾਸਟਿਕ ਦੀਆਂ 64 ਵਸਤੂਆਂ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਬਾਰਾਂ ਵਸਤੂਆਂ ’ਤੇ ਤੁਰੰਤ ਪਾਬੰਦੀ ਲਗਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਵਿੱਚੋਂ 50 ਮਾਈਕਰੋਨ ਤੋਂ ਘੱਟ ਵਾਲੇ ਪਲਾਸਟਿਕ ਦੇ ਲਿਫ਼ਾਫ਼ੇ, ਨਾਨ ਵੂਵਰਨ ਦੇ ਕੈਰੀ ਬੈਗ, ਛੋਟੀ ਰੇਪਿੰਗ ਫਿਲਮ, ਥਰਮਾਕੋਲ ਦਾ ਬਣਿਆ ਸਾਮਾਨ ਜਿਨ੍ਹਾਂ ਵਿਚ ਕਟਲਰੀ, ਪਲਾਸਟਿਕ ਦੇ ਗਲਾਸ, ਠੰਡੇ ਤੇ ਪਾਣੀ ਦੀਆਂ ਬੋਤਲਾਂ, ਛੋਟੇ ਕੱਪ, 5 ਗ੍ਰਾਮ ਤੋਂ ਘੱਟ ਅਤੇ 150 ਗ੍ਰਾਮ ਐੱਮਐੱਲ ਅਤੇ ਪੀਪੀ ਦਾ ਹਰ ਤਰ੍ਹਾਂ ਦਾ ਸਾਮਾਨ ਆਦਿ ਆਉਂਦਾ ਹੈ। ਪਲਾਸਟਿਕ ਵਿਚ ਗਰਮ ਖਾਣਾ ਪੈਕ ਕਰਨਾ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੁੰਦਾ ਹੈ। ਇੱਥੋਂ ਤਕ ਕਿ ਜਾਨਵਰ ਵੀ ਕੂੜੇ ਦੇ ਢੇਰਾਂ ’ਤੇ ਸੁੱਟੇ ਪੈਕਡ ਖਾਣੇ ਨੂੰ ਖਾਣ ਵੇਲੇ ਪਲਾਸਟਿਕ ਨੂੰ ਵੀ ਨਿਗਲ ਜਾਂਦੇ ਹਨ। ਇਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਨੂੰ ਖ਼ਤਮ ਕਰਨ ਦਾ ਸੱਦਾ ਦੇਣ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰ ਦੇ ਵਿਭਾਗ ਵੀ ਨੁਕਸਾਨ ਪਹੁੰਚਾਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਬੰਦ ਕਰਨ ਦੀਆਂ ਤਿਅਰੀਆਂ ’ਚ ਜੁਟ ਗਏ ਹਨ। ਪਲਾਸਟਿਕ ਦਾ ਨਿਪਟਾਰਾ ਸੰਸਾਰ ਭਰ ਦੇ ਵਿਗਿਆਨਕਾਂ ਲਈ ਚੁਣੌਤੀ ਬਣਿਆ ਹੋਇਆ ਹੈ।
       ਅਮਰੀਕਾ ਦੀ ਸਟੇਨਫੋਰਡ ਯੂਨੀਵਰਸਿਟੀ ਦੀ ਹਾਲੀਆ ਖੋਜ ਮੁਤਾਬਿਕ ਧਰਤੀ ਉੱਪਰ ਤਕਰੀਬਨ 9.1 ਅਰਬ ਟਨ ਪਲਾਸਟਿਕ ਹੈ। ਇਸ ਸਮੇਂ ਦੁਨੀਆ ਦੀ ਆਬਾਦੀ ਕਰੀਬ 7.6 ਅਰਬ ਹੈ ਯਾਨੀ ਕਿ ਹਰ ਵਿਅਕਤੀ ਦੇ ਹਿੱਸੇ ਲਗਪਗ 1.2 ਟਨ ਪਲਾਸਟਿਕ ਆਉਂਦਾ ਹੈ। ਪਲਾਸਟਿਕ ਖਾਣੇ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਸਿਹਤ ’ਤੇ ਬੁਰਾ ਅਸਰ ਪਾਉਂਦਾ ਹੈ। ਮਾਈਕਰੋ ਪਲਾਸਟਿਕ ਦੇ ਹਾਨੀਕਾਰਕ ਕੈਮੀਕਲ ਸਰੀਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਹਨ। ਹਰ ਇਨਸਾਨ ਪ੍ਰਤੀ ਦਿਨ ਅਨਜਾਣੇ ’ਚ ਮਾਈਕਰੋ ਪਲਾਸਟਿਕ ਦੇ 200 ਟੁਕੜੇ ਖਾ ਰਿਹਾ ਹੈ। ਸਮੁੰਦਰ ਕਿਨਾਰੇ ਸਥਿਤ ਪਲਾਸਟਿਕ ਉਦਯੋਗਾਂ ਅਤੇ ਸੈਰ-ਸਪਾਟੇ ਦੀਆਂ ਵਧ ਰਹੀਆਂ ਗਤੀਵਿਧੀਆਂ ਨੂੰ ਵੀ ਸਮੁੰਦਰੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸਮੁੰਦਰੀ ਜੀਵਾਂ ’ਤੇ ਇਸ ਦੇ ਪੈਣ ਵਾਲੇ ਜ਼ਹਿਰੀਲੇ ਅਸਰ ਦਾ ਇਕ ਅਧਿਐਨ ਤੋਂ ਖ਼ੁਲਾਸਾ ਹੋਇਆ ਹੈ।
       ਗਊਆਂ ਅਤੇ ਅਵਾਰਾ ਪਸ਼ੂਆਂ ਦੇ ਪੇਟ ਵਿੱਚੋਂ ਪਲਾਸਟਿਕ ਦੀਆਂ ਥੈਲੀਆਂ ਨਿਕਲੀਆਂ ਹਨ। ਇਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਦਾ ਸਾਮਾਨ ਕਈ-ਕਈ ਸਾਲ ਗਲਦਾ/ਨਸ਼ਟ ਨਹੀਂ ਹੁੰਦਾ ਅਤੇ ਨਾ ਹੀ ਰੀਸਾਈਕਲ ਹੁੰਦਾ ਹੈ। ਪਲਾਸਟਿਕ ਦੀ ਵਧ ਰਹੀ ਵਰਤੋਂ ਮਾਨਵਤਾ ਦੇ ਹਿੱਤ ਵਿਚ ਨਹੀਂ। ਇਸ ਦੇ ਖ਼ਿਲਾਫ਼ ਦੇਸ਼ ਵਿਆਪੀ ਜਾਗਰੂਕਤਾ ਲਹਿਰ ਉਸਾਰਨੀ ਹੋਵੇਗੀ। ਸਰਕਾਰ ਦੀ ਇੱਛਾ-ਸ਼ਕਤੀ ਅਤੇ ਨਾਗਰਿਕਾਂ ਦੀ ਅਹਿਮ ਭੂਮਿਕਾ ਜ਼ਰੂਰੀ ਹੋਵੇਗੀ। ਪਲਾਸਟਿਕ ’ਤੇ ਕੰਟਰੋਲ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਅਸੰਭਵ ਤਾਂ ਮਨੁੱਖ ਲਈ ਕੁਝ ਨਹੀਂ ਹੁੰਦਾ ਬਸ਼ਰਤੇ ਉਹ ਇਕ ਵਾਰ ਦ੍ਰਿੜ੍ਹ ਨਿਸ਼ਚਾ ਕਰ ਲਵੇ। ਹਾਂ, ਪਲਾਸਟਿਕ ’ਤੇ ਪਾਬੰਦੀ ਇਕ ਗੰਭੀਰ ਚੁਣੌਤੀ ਹੈ। ਜੇਕਰ ਸਰਕਾਰ ਤੇ ਨਾਗਰਿਕਾਂ ਦੇ ਪੱਧਰ ’ਤੇ ਸਹਿਣੋਗ ਮਿਲੇ ਤਾਂ ਪਲਾਸਟਿਕ ਤੋਂ ਮੁਕਤੀ ਕਿਉਂ ਸੰਭਵ ਨਹੀਂ ਹੋਵੇਗੀ।
ਸੰਪਰਕ : 98140-82217