Nawan Zamana

ਅਖਬਾਰਾਂ ਦੀ ਰਾਏ : ਪੁਲਸੀਆ ਦਹਿਸ਼ਤਗਰਦੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸਭ ਤੋਂ ਪਹਿਲੀ ਪ੍ਰਤੀਕ੍ਰਿਆ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਹੋਈ ਸੀ, ਜਿੱਥੇ ਵਿਦਿਆਰਥੀਆਂ ਨੇ ਇਸ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ਵੱਲੋਂ ਵਿਦਿਆਰਥੀਆਂ ਉੱਤੇ ਕੀਤੇ ਗਏ ਯੋਜਨਾਬੱਧ ਹਮਲੇ ਵਿਰੁੱਧ ਸਮੁੱਚੇ ਦੇਸ਼ ਵਿੱਚ ਰੋਹ-ਭਰੇ ਵਿਖਾਵੇ ਹੋਏ। ਇਸ ਉਪਰੰਤ ਯੂ ਪੀ ਪੁਲਸ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵੀ ਇਹੋ ਕਾਂਡ ਦੁਹਰਾਇਆ ਗਿਆ। ਪੁਲਸ ਦੀ ਇਸ ਬਰਬਰਤਾ ਵਿਰੁੱਧ ਹਰ ਪਾਸਿਓਂ ਸੱਚਾਈ ਸਾਹਮਣੇ ਲਿਆਉਣ ਲਈ ਅਦਾਲਤੀ ਜਾਂਚ ਦੀ ਮੰਗ ਹੋਣ ਲੱਗੀ, ਪਰ ਨਿਆਂਪਾਲਿਕਾ ਦੀ ਦੇਵੀ ਨੇ ਅੱਖਾਂ ਦੇ ਨਾਲ-ਨਾਲ ਆਪਣੇ ਕੰਨ ਵੀ ਬੰਦ ਕਰ ਲਏ।
      ਇਸ ਦੌਰਾਨ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਕੁਝ ਜਥੇਬੰਦੀਆਂ ਨੇ ਮੌਕੇ ਉੱਤੇ ਜਾ ਕੇ ਪੜਤਾਲ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜਾਮੀਆ ਮਿਲੀਆ ਵਿੱਚ ਦਿੱਲੀ ਪੁਲਸ ਦੀ ਬਰਬਰਤਾ ਬਾਰੇ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਨੇ 'ਦੀ ਬਲੱਡੀ ਸੰਡੇ' ਨਾਂਅ ਦੀ ਆਪਣੇ ਰਿਪੋਰਟ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਦਾ ਵਿਖਾਵਾ ਸ਼ਾਂਤੀਪੂਰਨ ਜਾ ਰਿਹਾ ਸੀ, ਪੁਲਸ ਨੇ ਉਸ ਨੂੰ ਰੋਕਿਆ ਅਤੇ ਨਿਰਦੋਸ਼ ਵਿਦਿਆਰਥੀਆਂ ਉੱਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਪੁਲਸ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕੁੱਟਿਆ, ਜਿਹੜੇ ਮੁਜ਼ਾਹਰੇ ਵਿੱਚ ਸ਼ਾਮਲ ਨਹੀਂ ਸਨ। ਰਿਪੋਰਟ ਅਨੁਸਾਰ ਪੁਲਸ ਉੱਥੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਨਹੀਂ, ਸਗੋਂ ਪੁਰਅਮਨ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਗਈ ਸੀ। ਰਿਪੋਰਟ ਵਿੱਚ ਪੁਲਸ ਵੱਲੋਂ ਲਾਇਬ੍ਰੇਰੀ ਵਿੱਚ ਘੁੱਸ ਕੇ ਤੋੜਫੋੜ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਪੁਲਸ ਬਿਨਾਂ ਇਜਾਜ਼ਤ ਕੈਂਪਸ ਵਿੱਚ ਗਈ, ਜਿਸ ਦੀ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਨਹੀਂ ਸੀ ਅਤੇ ਉਸ ਨੇ ਸਬੂਤ ਮਿਟਾਉਣ ਲਈ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਤੋੜ ਦਿੱਤੇ।
      ਇਸੇ ਤਰ੍ਹਾਂ ਇੱਕ ਹੋਰ ਫੈਕਟ ਫਾਈਂਡਿੰਗ ਟੀਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵਾਪਰੇ ਪੁਲਸੀਆ ਕਹਿਰ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਵਕੀਲਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰਾਂ ਤੇ ਸਿੱਖਿਆ ਸ਼ਾਸਤਰੀਆਂ 'ਤੇ ਅਧਾਰਤ ਇਸ ਟੀਮ ਨੇ 17 ਦਸੰਬਰ ਨੂੰ ਯੂਨੀਵਰਸਿਟੀ ਦਾ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਸੀ। ਮਨੁੱਖੀ ਅਧਿਕਾਰ ਕਾਰਕੁਨ ਹਰਸ਼ ਮੰਦਰ ਦੀ ਅਗਵਾਈ ਵਾਲੀ ਇਸ ਟੀਮ ਨੇ ਦੱਸਿਆ ਕਿ ਉਸ ਨੇ ਫੈਕਲਟੀ, ਵਿਦਿਆਰਥੀਆਂ, ਡਾਕਟਰਾਂ, ਰਜਿਸਟਰਾਰ ਅਤੇ ਪਰੌਕਟਰ ਸਮੇਤ ਯੂਨੀਵਰਸਿਟੀ ਪ੍ਰਸ਼ਾਸਨ ਦੇ ਕਈ ਮੈਬਰਾਂ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਸਾਰਿਆਂ ਦੀਆਂ ਗਵਾਹੀਆਂ ਤੋਂ ਬਾਅਦ ਟੀਮ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲਸ ਤੇ ਰੈਪਿਡ ਐਕਸ਼ਨ ਫੋਰਸ ਦੀਆਂ ਦਮਨਕਾਰੀ ਕਾਰਵਾਈਆਂ ਨਾਲ ਕਈ ਵਿਦਿਆਰਥੀਆਂ ਦੀਆਂ ਹੱਡੀਆਂ ਟੁੱਟੀਆਂ, ਕਈ ਗੰਭੀਰ ਜ਼ਖ਼ਮੀ ਹੋਏ ਤੇ ਕਈ ਵਿਦਿਆਰਥੀ ਹਾਲੇ ਤੱਕ ਮਾਨਸਿਕ ਸਦਮੇ ਦੀ ਸਥਿਤੀ ਵਿੱਚ ਹਨ। ਫੈਕਟ ਫਾਈਂਡਿੰਗ ਟੀਮ ਦਾ ਕਹਿਣਾ ਹੈ ਕਿ ਪੁਲਸ ਨੂੰ ਕੈਂਪਸ ਵਿੱਚ ਜਾਣ ਦੀ ਮਨਜ਼ੂਰੀ ਅਸਲ ਵਿੱਚ ਉਸ ਵੱਲੋਂ ਕੀਤੀ ਗਈ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਦਿੱਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕਾਂ ਦੇ ਇਸ ਤਰਕ ਕਿ ਪੁਲਸ ਨੂੰ ਕੈਂਪਸ ਵਿੱਚ ਆਉਣ ਦੀ ਇਸ ਲਈ ਇਜਾਜ਼ਤ ਦਿੱਤੀ ਗਈ ਤਾਂ ਜੋ ਸ਼ਾਂਤੀ ਬਹਾਲ ਹੋ ਸਕੇ, ਵਿੱਚ ਕੋਈ ਦਮ ਨਹੀਂ ਲੱਗਦਾ, ਕਿਉਂਕਿ ਉਹ ਇਹ ਦੱਸਣ ਵਿੱਚ ਨਾਕਾਮ ਰਹੇ ਕਿ ਮਜ਼ਬੂਤ ਬਾਬਾ-ਏ-ਸਈਅਦ ਗੇਟ ਚਾਰ ਟੁਕੜਿਆਂ ਵਿੱਚ ਕਿਵੇਂ ਟੁੱਟਿਆ। ਲੋਹੇ ਦੇ ਇਸ ਭਾਰੀ ਗੇਟ ਦੇ ਚਾਰੇ ਕੋਨੇ ਬੜੀ ਬਰੀਕੀ ਨਾਲ ਕੱਟੇ ਹੋਏ ਸਨ, ਜਦੋਂ ਕਿ ਗੇਟ ਦੇ ਤਾਲੇ ਸਹੀ-ਸਲਾਮਤ ਸਨ। ਵਿਦਿਆਰਥੀਆਂ ਨੇ ਟੀਮ ਨੂੰ ਦੱਸਿਆ ਕਿ ਇਸੇ ਗੇਟ ਤੋਂ ਸਾਦੇ ਕਪੜਿਆਂ ਵਿੱਚ ਆਈ ਭੀੜ ਨੇ ਵਿਦਿਆਰਥੀਆਂ ਉੱਤੇ ਪਥਰਾਅ ਕੀਤਾ। ਇਹ ਲੋਕ ਵਿਦਿਆਰਥੀ ਨਹੀਂ ਸਨ ਤੇ ਇਨ੍ਹਾਂ ਆਪਣੇ ਚਿਹਰੇ ਢਕੇ ਹੋਏ ਸਨ।
     ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਵਿਦਿਆਰਥੀਆਂ ਦਾ ਪਿੱਛਾ ਕਰਕੇ ਉਨ੍ਹਾਂ 'ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਦਾਗੇ, ਸਟੱਨ ਗਰਨੇਡ ਅਤੇ ਗੋਲੀਆਂ ਦੀ ਵਰਤੋਂ ਕੀਤੀ। ਟੀਮ ਨੇ ਬੁਆਇਜ਼ ਹੋਸਟਲ ਦਾ ਦੌਰਾ ਕੀਤਾ, ਜਿੱਥੇ ਪੁਲਸ ਵਾਲਿਆਂ ਨੇ ਗਾਰਡਾਂ ਨੂੰ ਕੁੱਟਿਆ ਸੀ। ਵਿਦਿਆਰਥੀਆਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਜ਼ਖ਼ਮੀ ਵਿਦਿਆਰਥੀਆਂ ਨੂੰ ਲਿਆਉਣ ਲਈ 10 ਐਂਬੂਲੈਂਸ ਭੇਜੀਆਂ, ਪਰ ਪੁਲਸ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਤੇ ਇੱਕ ਡਰਾਈਵਰ ਨੂੰ ਏਨਾ ਕੁੱਟਿਆ ਕਿ ਉਸ ਦੀ ਹੱਡੀ ਟੁੱਟ ਗਈ।
       ਟੀਮ ਨੇ ਦੱਸਿਆ ਕਿ ਏ ਐੱਮ ਯੂ ਵਿੱਚ ਸਟੱਨ ਗਰਨੇਡ ਤੱਕ ਦੀ ਵਰਤੋਂ ਕੀਤੀ ਗਈ, ਜਦੋਂ ਕਿ ਇਸ ਦਾ ਇਸਤੇਮਾਲ ਯੁੱਧ ਵਰਗੀਆਂ ਹਾਲਤਾਂ ਵਿੱਚ ਕੀਤਾ ਜਾਂਦਾ ਹੈ। ਅਜਿਹੀ ਕਾਰਵਾਈ ਖ਼ਤਰਨਾਕ ਅੱਤਵਾਦੀਆਂ ਵਿਰੁੱਧ ਹੁੰਦੀ ਹੈ ਨਾ ਕਿ ਵਿਦਿਆਰਥੀਆਂ ਵਿਰੁੱਧ। ਯੁੱਧ ਦੌਰਾਨ ਵੀ ਐਂਬੂਲੈਂਸ ਨੂੰ ਜ਼ਖ਼ਮੀਆਂ ਨੂੰ ਲਿਜਾਣ ਦੀ ਮਨਜ਼ੂਰੀ ਹੁੰਦੀ ਹੈ, ਪਰ ਇੱਥੇ ਅਜਿਹਾ ਨਹੀਂ ਸੀ। ਵਿਦਿਆਰਥੀਆਂ ਨੇ ਟੀਮ ਨੂੰ ਦੱਸਿਆ ਕਿ ਪੁਲਸ ਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵਿਦਿਆਰਥੀਆਂ ਦੀ ਕੁੱਟਮਾਰ ਸਮੇਂ 'ਭਾਰਤ ਮਾਤਾ ਕੀ ਜੈ' ਤੇ 'ਜੈ ਸ੍ਰੀ ਰਾਮ' ਦੇ ਨਾਅਰੇ ਲਾ ਰਹੇ ਸਨ।
      ਟੀਮ ਮੁਤਾਬਕ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਵਿਦਿਆਰਥੀ ਦੇ ਬਰੇਨ ਹੈਮਰੇਜ਼ ਤੋਂ ਪਤਾ ਲੱਗਦਾ ਹੈ ਕਿ ਰਬੜ ਬੁਲੇਟ ਦੀ ਵਰਤੋਂ ਕੀਤੀ ਗਈ ਸੀ। ਸਟੱਨ ਗਰਨੇਡ ਫਟਣ ਨਾਲ ਇੱਕ ਪੀ ਐੱਚ ਡੀ ਦੇ ਵਿਦਿਆਰਥੀ ਦਾ ਕਲਾਈ ਤੋਂ ਹੇਠਾਂ ਹੱਥ ਕੱਟਣਾ ਪਿਆ ਹੈ। ਸਟੱਨ ਗਰਨੇਡ ਨਾਲ ਦੋ ਵਿਦਿਆਰਥੀਆਂ ਦੇ ਟਿਸ਼ੂ ਡੈਮੇਜ ਹੋਏ ਹਨ। ਡਾਕਟਰਾਂ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ 16 ਦਸੰਬਰ ਨੂੰ ਜਦੋਂ ਉਹ ਕੈਂਪਸ ਵਿੱਚ ਆਏ ਤਾਂ ਸੜਕ ਉੱਤੇ ਇੱਕ ਕੱਟਿਆ ਅੰਗੂਠਾ ਪਿਆ ਸੀ। ਏ ਐੱਮ ਯੂ ਵਿੱਚ ਪੁਲਸ ਦੀ ਇਸ ਬਰਬਰਤਾ ਦੌਰਾਨ 100 ਵਿਦਿਆਰਥੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 20 ਦੀ ਹਾਲਤ ਗੰਭੀਰ ਹੈ। 100 ਵਿਦਿਆਰਥੀ ਹਿਰਾਸਤ 'ਚ ਲਏ ਗਏ। ਬਾਅਦ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਪੁਲਸ ਵੱਲੋਂ 1000 ਅਣਪਛਾਤੇ ਵਿਦਿਆਰਥੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਤਾਂ ਜੋ ਸਭ ਵਿਦਿਆਰਥੀ ਦਹਿਸ਼ਤਜ਼ਦਾ ਰਹਿਣ।
      ਟੀਮ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਕੈਂਪਸ ਵਿੱਚ ਪੁੱਜੇ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਹ ਸਾਰੇ ਸਬੂਤ ਨਸ਼ਟ ਕਰ ਦਿੱਤੇ, ਜਿਹੜੇ ਉਨ੍ਹਾਂ ਦੀਆਂ ਨਾਪਾਕ ਕਾਰਵਾਈਆਂ ਦਾ ਭਾਂਡਾ ਭੰਨ ਸਕਦੇ ਸਨ।
       ਟੀਮ ਨੇ ਉਕਤ ਸਾਰੇ ਘਟਨਾਕ੍ਰਮ ਲਈ ਯੂਨੀਵਰਸਿਟੀ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਤੇ ਰਾਜ ਦੀ ਯੋਗੀ ਆਦਿਤਿਆਨਾਥ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟੀਮ ਨੇ ਦੱਸਿਆ ਕਿ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਅਹੁਦੇ ਉੱਤੇ ਤਾਇਨਾਤ ਵਿਅਕਤੀ ਇੱਕ ਰਿਟਾਇਰਡ ਪੁਲਸ ਅਧਿਕਾਰੀ ਹੈ। ਉਸ ਦਾ ਵਿਹਾਰ ਵਿਦਿਆਰਥੀਆਂ ਦੇ ਕਸਟੋਡੀਅਨ ਦੀ ਥਾਂ ਕਾਰਵਾਈ ਤੋਂ ਖੁਸ਼ ਇੱਕ ਪੁਲਸ ਅਫ਼ਸਰ ਵਾਂਗ ਲੱਗ ਰਿਹਾ ਸੀ।
ਰੋਜ਼ਨਾ ''ਨਵਾਂ ਜ਼ਮਾਨਾ'' ਦੀ ਸੰਪਾਦਕੀ - ਧੰਨਵਾਦ ਸਹਿਤ ।

ਸਮਕਾਲੀ ਕੀ ਕਹਿੰਦੇ ਹਨ : ਪ੍ਰਗਟਾਵੇ ਦੀ ਆਜ਼ਾਦੀ 'ਤੇ ਵਾਰ

ਸਹਿਣਸ਼ੀਲਤਾ ਤੇ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰੀ ਵਿਵਸਥਾ ਦਾ ਮੂਲ ਆਧਾਰ ਹੁੰਦੇ ਹਨ। ਸਾਡਾ ਸੰਵਿਧਾਨ ਹਰ ਨਾਗਰਿਕ ਨੂੰ ਵਿਚਾਰਾਂ ਦੀ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਹਰ ਵਿਅਕਤੀ ਦੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੀ ਰਾਖੀ ਕਰੇ, ਭਾਵੇਂ ਉਹ ਵਿਚਾਰ ਮੌਜੂਦਾ ਹਾਕਮਾਂ ਦੇ ਹੀ ਵਿਰੁੱਧ ਕਿਉਂ ਨਾ ਜਾਂਦੇ ਹੋਣ। ਪਰ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਗਟਾਵੇ ਦੇ ਅਧਿਕਾਰ ਨੂੰ ਸੀਮਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਮੌਜੂਦਾ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤਾਂ ਇਹ ਨਾਕਾਰਾਤਮਕ ਰੁਝਾਨ ਹਰ ਖੇਤਰ ਵਿੱਚ ਫੈਲ ਚੁੱਕਾ ਹੈ। ਪਹਿਲਾਂ ਤਾਂ ਸਿਰਫ਼ ਧਾਰਮਿਕ ਖੇਤਰ ਵਿੱਚ ਹੀ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਕੁਝ ਰੋਕਾਂ ਸਨ, ਪਰ ਹੁਣ ਸਿਆਸੀ, ਸਮਾਜੀ, ਸੱਭਿਆਚਾਰਕ ਤੇ ਸਾਹਿਤਕ ਖੇਤਰ ਵਿੱਚ ਵੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਹਿੰਦੂਤੱਵੀਆਂ ਵੱਲੋਂ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦਾ ਪੁਰਾਣਾ ਇਤਿਹਾਸ ਹੈ। ਖੱਬੇ-ਪੱਖੀ ਚਿੰਤਕਾਂ ਗੋਬਿੰਦ ਪਾਂਸਰੇ, ਨਰਿੰਦਰ ਡਾਬੋਲਕਰ, ਐੱਮ ਐੱਮ ਕੁਲਬੁਰਗੀ ਤੇ ਗੌਰੀ ਲੰਕੇਸ਼ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਹ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦੇ ਸਨ ਤੇ ਫੁੱਟ-ਪਾਊ ਸ਼ਕਤੀਆਂ ਦਾ ਵਿਰੋਧ ਕਰਦੇ ਸਨ।
        ਇਹਨੀਂ ਦਿਨੀਂ ਅਰਬਨ ਨਕਸਲ ਦੀ ਇੱਕ ਨਵੀਂ ਮਿੱਥ ਘੜ ਕੇ ਹਰ ਉਸ ਬੁੱਧੀਜੀਵੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ, ਜਿਹੜਾ ਹਿੰਦੂਤੱਵੀ ਵਿਚਾਰਧਾਰਾ ਜਾਂ ਨਰਿੰਦਰ ਮੋਦੀ ਤੇ ਭਾਜਪਾ ਦਾ ਵਿਰੋਧ ਕਰਦਾ ਹੈ। ਭੀਮਾ-ਕੋਰੇਗਾਂਵ ਮਾਮਲੇ ਨਾਲ ਜੋੜ ਕੇ ਹੁਣ ਤੱਕ ਦਰਜਨ ਦੇ ਕਰੀਬ ਬੁੱਧੀਜੀਵੀਆਂ ਨੂੰ ਸੀਖਾਂ ਪਿੱਛੇ ਬੰਦ ਕੀਤਾ ਜਾ ਚੁੱਕਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਭਾਜਪਾ ਦਾ ਸੋਸ਼ਲ ਮੀਡੀਆ ਸੈੱਲ ਹਰ ਉਸ ਚਿੰਤਕ, ਲੇਖਕ ਜਾਂ ਗਾਇਕ ਉੱਤੇ ਅਰਬਨ ਨਕਸਲ ਦਾ ਲੇਬਲ ਚਿਪਕਾਉਣ ਲਈ ਲਗਾਤਾਰ ਸਰਗਰਮ ਹੈ, ਜਿਹੜਾ ਉਨ੍ਹਾਂ ਨੂੰ ਵਿਰੋਧੀ ਜਾਪਦਾ ਹੈ।
         ਤਾਜ਼ਾ ਘਟਨਾ ਦਿੱਲੀ ਦੀ ਹੈ, ਜਿੱਥੇ ਕਰਨਾਟਕ ਸੰਗੀਤ ਦੇ ਮੰਨੇ-ਪ੍ਰਮੰਨੇ ਗਾਇਕ ਟੀ ਐੱਮ ਕ੍ਰਿਸ਼ਨਾ ਨੇ 17 ਨਵੰਬਰ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ। ਚਾਣਕਿਆਪੁਰੀ ਦੇ ਨਹਿਰੂ ਪਾਰਕ ਵਿੱਚ ਹੋਣ ਵਾਲੇ 'ਡਾਂਸ ਐਂਡ ਮਿਊਜ਼ੀਕਲ ਇਨ ਦਾ ਪਾਰਕ' ਪ੍ਰੋਗਰਾਮ ਦਾ ਆਯੋਜਨ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ) ਨੇ ਕਰਨਾ ਸੀ। ਪੰਜ ਨਵੰਬਰ ਨੂੰ ਏ. ਏ. ਆਈ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕਲਾਕਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ। ਇਸ ਤੋਂ ਬਾਅਦ ਭਾਜਪਾ ਦੇ ਮੀਡੀਆ ਸੈੱਲ ਵਾਲਿਆਂ ਨੇ ਟੀ ਐੱਮ ਕ੍ਰਿਸ਼ਨਾ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਟੀ ਐੱਮ ਕ੍ਰਿਸ਼ਨਾ ਨੂੰ ਭਾਰਤ ਵਿਰੋਧੀ ਤੇ ਅਰਬਨ ਨਕਸਲ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨਾ ਨੂੰ ਉਸ ਦੀਆਂ ਸੇਵਾਵਾਂ ਬਦਲੇ 2016 ਦਾ ਰੇਮਨ ਮੈਗਸੈਸੇ ਐਵਾਰਡ ਵੀ ਮਿਲ ਚੁੱਕਾ ਹੈ। ਮੈਗਸੈਸੇ ਕਮੇਟੀ ਮੁਤਾਬਕ ਕ੍ਰਿਸ਼ਨਾ ਨੇ ਸੰਸਕ੍ਰਿਤੀ ਨੂੰ ਦਲਿਤਾਂ ਅਤੇ ਗ਼ਰੀਬਾਂ ਵਿੱਚ ਲੈ ਕੇ ਜਾਣ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ। ਟੀ ਐੱਮ ਕ੍ਰਿਸ਼ਨਾ ਗਾਇਣ ਤੋਂ ਇਲਾਵਾ ਸਮਾਜਿਕ ਤੇ ਸੰਸਕ੍ਰਿਤਕ ਮੁੱਦਿਆਂ ਉੱਤੇ ਕਿਤਾਬਾਂ ਵੀ ਲਿਖ ਚੁੱਕੇ ਹਨ। ਆਪਣੇ ਵਿਚਾਰਾਂ ਪੱਖੋਂ ਉਹ ਹਿੰਦੂਤੱਵ ਵਿਰੋਧੀ ਹਨ। ਇਸੇ ਲਈ ਉਹ ਹਿੰਦੂਤੱਵੀਆਂ ਦੇ ਨਿਸ਼ਾਨੇ ਉੱਤੇ ਰਹਿੰਦੇ ਹਨ। ਇਸ ਮੁਹਿੰਮ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਉਸ ਦਾ ਪ੍ਰੋਗਰਾਮ ਰੱਦ ਕਰ ਦਿੱਤਾ।
       ਇਹ ਤਸੱਲੀ ਵਾਲੀ ਗੱਲ ਹੈ ਕਿ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਟੀ ਐੱਮ ਕ੍ਰਿਸ਼ਨਾ ਨੇ ਕਿਹਾ, ''ਮੈਨੂੰ ਦਿੱਲੀ ਵਿੱਚ 17 ਨਵੰਬਰ ਨੂੰ ਇੱਕ ਸਟੇਜ ਦੇ ਦਿਓ, ਮੈਂ ਆਊਂਗਾ ਅਤੇ ਗਾਊਂਗਾ।'' ਅਸੀਂ ਇਸ ਤਰ੍ਹਾਂ ਦੀਆਂ ਧਮਕੀਆਂ ਅੱਗੇ ਖ਼ੁਦ ਨੂੰ ਝੁਕਾ ਨਹੀਂ ਸਕਦੇ। ਇਸ ਤੋਂ ਬਾਅਦ ਦਿੱਲੀ ਦੀ 'ਆਪ' ਸਰਕਾਰ ਮੈਦਾਨ ਵਿੱਚ ਆਈ ਤੇ 17 ਨਵੰਬਰ ਨੂੰ ਸਾਊਥ ਦਿੱਲੀ ਦੇ 'ਗਾਰਡਨ ਆਫ਼ ਫ਼ਾਈਵ ਸੈਂਸਿਸ ਵਿੱਚ ਟੀ ਐੱਮ ਕ੍ਰਿਸ਼ਨ ਦਾ ਪ੍ਰੋਗਰਾਮ 'ਅਵਾਮ ਦੀ ਆਵਾਜ਼' ਬੈਨਰ ਹੇਠ ਆਯੋਜਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਦਿੱਲੀ ਵਾਸੀਆਂ ਨੇ ਸ਼ਮੂਲੀਅਤ ਕੀਤੀ।
        ਇਸ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਾਲ ਪਬਾਨਾ ਪਿੰਡ ਦੇ ਵਸਨੀਕਾਂ ਦੀ ਮੰਗ ਉੱਤੇ ਉਨ੍ਹਾ ਉੱਥੇ ਜਾਣਾ ਸੀ। ਉਨ੍ਹਾ ਉੱਥੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਾ ਸੀ, ਪਰ ਸਥਾਨਕ ਅਧਿਕਾਰੀਆਂ ਵੱਲੋਂ ਉਸ ਨੂੰ ਪਾਣੀਪਤ ਵਿਖੇ ਹੀ ਰੋਕ ਲਿਆ ਗਿਆ। ਅਧਿਕਾਰੀਆਂ ਮੁਤਾਬਕ ਬਾਲ ਪਬਾਨਾ ਪਿੰਡ ਨੂੰ ਕੁਝ ਵਿਅਕਤੀਆਂ ਵੱਲੋਂ ਘੇਰਾ ਪਾਇਆ ਹੋਇਆ ਹੈ ਤੇ ਪਿੰਡ ਨੂੰ ਜਾਂਦੇ ਰਾਹ ਉੱਤੇ ਟਰੈਕਟਰ-ਟਰਾਲੀਆਂ ਲਾ ਕੇ ਟ੍ਰੈਫ਼ਿਕ ਜਾਮ ਕੀਤਾ ਹੋਇਆ ਹੈ। 'ਆਪ' ਆਗੂਆਂ ਦਾ ਦੋਸ਼ ਹੈ ਕਿ ਇਹ ਸਾਰੇ ਲੋਕ ਭਾਜਪਾ ਤੇ ਆਰ ਐੱਸ ਐੱਸ ਨਾਲ ਸੰਬੰਧਤ ਸਨ। ਇਹੋ ਨਹੀਂ, ਜਦੋਂ ਕੇਜਰੀਵਾਲ ਪਾਣੀਪਤ ਦੇ ਰੈਸਟ ਹਾਊਸ ਵਿੱਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ ਤਾਂ ਭਾਜਪਾ ਦੇ ਕੁਝ ਆਗੂਆਂ ਨੇ ਉਨ੍ਹਾ ਨੂੰ ਬਾਲ ਪਬਾਨਾ ਪਿੰਡ ਜਾਣ ਲਈ ਧਮਕਾਇਆ। ਯਾਦ ਰਹੇ ਕਿ ਭਾਜਪਾ ਦੇ ਮੀਡੀਆ ਸੈੱਲ ਵਾਲਿਆਂ ਵੱਲੋਂ ਅਰਵਿੰਦ ਕੇਜਰੀਵਾਲ ਉੱਪਰ ਵੀ ਅਰਬਨ ਨਕਸਲ ਦਾ ਲੇਬਲ ਚਿਪਕਾਇਆ ਹੋਇਆ ਹੈ।ઠ
        ਆਖ਼ਰੀ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ, ਜਿੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਾਬਕਾ ਆਗੂ ਕਨ੍ਹੱਈਆ ਕੁਮਾਰ ਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਨਾ ਸੀ। ਦੋਵੇਂ ਆਗੂ ਜਦੋਂ ਸੈਮੀਨਾਰ ਵਾਲੀ ਥਾਂ ਪੁੱਜੇ ਤਾਂ ਉੱਥੇ ਹਿੰਦੂ ਸੈਨਾ ਨਾਂਅ ਦੀ ਇੱਕ ਜਥੇਬੰਦੀ ਦੇ ਵਰਕਰ ਪਹਿਲਾਂ ਤੋਂ ਮੌਜੂਦ ਸਨ। ਉਨ੍ਹਾਂ ਨਾਹਰੇਬਾਜ਼ੀ ਕਰਦਿਆਂ ਕਾਰ ਨੂੰ ਘੇਰ ਲਿਆ ਤੇ ਉਨ੍ਹਾਂ ਉੱਤੇ ਸਿਆਹੀ ਸੁੱਟ ਦਿੱਤੀ। ਇਹੋ ਨਹੀਂ, ਹੁੜਦੰਗਬਾਜ਼ਾਂ ਨੇ ਕਨ੍ਹੱਈਆ ਕੁਮਾਰ ਦੇ ਢਿੱਡ ਵਿੱਚ ਮੁੱਕੇ ਵੀ ਮਾਰੇ। ਇਸ ਦੇ ਬਾਵਜੂਦ ਸੈਮੀਨਾਰ ਸਫ਼ਲਤਾ ਪੂਰਵਕ ਸਿਰੇ ਚੜ੍ਹਿਆ ਤੇ ਦੋਹਾਂ ਆਗੂਆਂ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ।
       ਉਪਰੋਕਤ ਤਾਜ਼ੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਦੇ ਡਿੱਗ ਰਹੇ ਗਰਾਫ਼ ਨੇ ਹਿੰਦੂਤੱਵੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕੋਲ ਵਿਰੋਧੀ ਵਿਚਾਰਾਂ ਦੇ ਮੁਕਾਬਲੇ ਲਈ ਕੋਈ ਸਪੱਸ਼ਟ ਵਿਚਾਰਧਾਰਾ ਨਹੀਂ ਹੈ। ਹੁਣ ਉਹ ਡਰਾ-ਧਮਕਾ ਕੇ ਅਤੇ ਸੱਤਾ ਦੀ ਤਾਕਤ ਨਾਲ ਵਿਰੋਧੀਆਂ ਨੂੰ ਦਬਾਅ ਕੇ ਮੁੜ ਸੱਤਾ ਦੀ ਪ੍ਰਾਪਤੀ ਦੇ ਸੁਫ਼ਨੇ ਦੇਖ ਰਹੇ ਹਨ, ਜਿਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਣਗੇ।

ਰੋਜ਼ਾਨਾ 'ਨਵਾਂ ਜ਼ਮਾਨਾ' ਦੀ ਸੰਪਾਦਕੀ - ਧੰਨਵਾਦ ਸਹਿਤ ।

21 Nov. 2018