P-Sainath

ਕਿਸਾਨ ਅੰਦੋਲਨ ਦੀ ਮਿਸਾਲੀ ਜਿੱਤ ਦੇ ਮਾਇਨੇ - ਪੀ ਸਾਈਨਾਥ

ਜਿਹੜੀ ਗੱਲ ਮੀਡੀਆ ਕਦੇ ਸ਼ਰੇਆਮ ਸਵੀਕਾਰ ਨਹੀਂ ਕਰ ਸਕਦਾ, ਉਹ ਇਹ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਸ਼ਾਂਤਮਈ ਜਮਹੂਰੀ ਅੰਦੋਲਨ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਤੇ ਇਹ ਅੰਦੋਲਨ ਅਜਿਹੇ ਵਕਤ ਵਿਚ ਸ਼ੁਰੂ ਹੋਇਆ ਸੀ ਜਦੋਂ ਦੇਸ਼ ਅੰਦਰ ਕੋਵਿਡ-19 ਮਹਾਮਾਰੀ ਦਾ ਖੌਫ਼ ਸਿਰ ਚੁੱਕ ਰਿਹਾ ਸੀ।
ਇਹ ਅਜਿਹੀ ਜਿੱਤ ਹੈ ਜੋ ਆਪਣੀ ਵਿਰਾਸਤ ਨੂੰ ਨਾਲ ਲੈ ਕੇ ਚਲਦੀ ਹੈ। ਹਰ ਕਿਸਮ ਦੇ ਮਰਦ-ਔਰਤ ਕਿਸਾਨਾਂ, ਆਦਿਵਾਸੀ ਤੇ ਦਲਿਤ ਭਾਈਚਾਰਿਆਂ, ਸਭਨਾਂ ਨੇ ਆਜ਼ਾਦੀ ਲਈ ਦੇਸ਼ ਦੇ ਇਸ ਸੰਘਰਸ਼ ਵਿਚ ਅਹਿਮ ਯੋਗਦਾਨ ਦਿੱਤਾ ਹੈ ਤੇ ਸਾਡੀ ਆਜ਼ਾਦੀ ਦੇ 75ਵੇਂ ਸਾਲ ਮੌਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੇ ਉਸ ਮਹਾਨ ਸੰਘਰਸ਼ ਦੀ ਭਾਵਨਾ ਮੁੜ ਜਗਾ ਦਿੱਤੀ।
      ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਉਹ ਪਿਛਾਂਹ ਹਟ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਤਾਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ‘ਸਭ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਦਾ ਇਕ ਤਬਕਾ ਮੰਨਣ ਲਈ ਤਿਆਰ ਨਹੀਂ ਹੈ।’ ਖਿਆਲ ਰੱਖਣਾ, ਸਿਰਫ਼ ਇਕ ਤਬਕੇ ਨੂੰ ਉਹ ਇਹ ਨਹੀਂ ਸਮਝਾ ਸਕੇ ਕਿ ਇਹ ਖੇਤੀ ਕਾਨੂੰਨ ਅਸਲ ਵਿਚ ਉਨ੍ਹਾਂ ਦੇ ਭਲੇ ਵਾਸਤੇ ਸਨ। ਇਸ ਇਤਿਹਾਸਕ ਸੰਘਰਸ਼ ਦੌਰਾਨ ਜਾਨਾਂ ਦੇ ਚੁੱਕੇ 700 ਦੇ ਕਰੀਬ ਕਿਸਾਨਾਂ ਬਾਰੇ ਉਨ੍ਹਾਂ ਇਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਦੇ ਲਫ਼ਜ਼ਾਂ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਨਾਕਾਮੀ ਸਿਰਫ਼ ਇਹ ਰਹੀ ਹੈ ਕਿ ਕਿਸਾਨਾਂ ਦੇ ਉਸ ਤਬਕੇ ਨੂੰ ਰੌਸ਼ਨੀ ਦਿਖਾਉਣ ਲਈ ਉਨ੍ਹਾਂ ਦਾ ਇਲਮ ਕੰਮ ਨਹੀਂ ਕਰ ਸਕਿਆ। ਕਾਨੂੰਨਾਂ ਵਿਚ ਜਾਂ ਜਿਸ ਢੰਗ ਨਾਲ ਸਰਕਾਰ ਨੇ ਇਹ ਮਹਾਮਾਰੀ ਦੀ ਚੜ੍ਹਤ ਦੇ ਦਿਨਾਂ ਵਿਚ ਜਿਸ ਢੰਗ ਨਾਲ ਇਹ ਪਾਸ ਕਰਵਾਏ ਸਨ, ਉਨ੍ਹਾਂ ਵਿਚ ਕੋਈ ਨੁਕਸ ਨਹੀਂ ਸੀ।
       ਕਿਸਾਨ ਹੁਣ ਉਹ ਤਬਕਾ ਤਾਂ ਬਣ ਗਏ ਹਨ ਜੋ ਮੋਦੀ ਦੇ ਤਲਿੱਸਮ ਨੂੰ ਮੰਨਣ ਤੋਂ ਝਿਜਕਦੇ ਹਨ ਜਾਂ ਮੰਨਣ ਤੋਂ ਇਨਕਾਰੀ ਹਨ। ਭਲਾ, ਉਨ੍ਹਾਂ ਨੂੰ ਮਨਾਉਣ ਦਾ ਤਰੀਕਾਕਾਰ ਕੀ ਸੀ? ਉਨ੍ਹਾਂ ਨੂੰ ਆਪਣੀ ਵਿਥਿਆ ਸੁਣਾਉਣ ਲਈ ਦਿੱਲੀ ਆਉਣ ਤੋਂ ਰੋਕ ਕੇ, ਸੜਕਾਂ ਤੇ ਟੋਏ ਪੁੱਟ ਕੇ ਅਤੇ ਕੰਡਿਆਲੀਆਂ ਤਾਰਾਂ ਲਾ ਕੇ, ਉਨ੍ਹਾਂ ਤੇ ਜਲ ਤੋਪਾਂ ਦੀਆਂ ਬੁਛਾੜਾਂ ਸੁੱਟ ਕੇ, ਉਨ੍ਹਾਂ ਦੇ ਤੰਬੂਆਂ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਅੱਗਾਂ ਲਾ ਕੇ, ਗੋਦੀ ਮੀਡੀਆ ਵਲੋਂ ਹਰ ਰੋਜ਼ ਕਿਸਾਨਾਂ ਨੂੰ ਭੰਡ ਕੇ, ਕਿਸਾਨਾਂ ਨੂੰ ਇਕ ਕੇਂਦਰੀ ਮੰਤਰੀ ਤੇ ਉਸ ਦੇ ਲੜਕੇ ਦੀਆਂ ਗੱਡੀਆਂ ਹੇਠ ਦਰੜ ਕੇ ਮਾਰ ਕੇ? ਕੀ ਸਰਕਾਰ ਦੀ ਸਮਝ ਵਿਚ ਸਮਝਾਉਣ ਦਾ ਇਹੀ ਤਰੀਕਾਕਾਰ ਹੁੰਦਾ ਹੈ? ਜੇ ਇਸ ਦੀ ਨਿਗਾਹ ਇਹੀ ਉਸ ਦੇ ਸਭ ਤੋਂ ਵਧੀਆ ਤਰੀਕੇ ਹਨ ਤਾਂ ਅਸੀਂ ਇਸ ਦੇ ਬਦਤਰੀਨ ਤਰੀਕੇ ਵੀ ਦੇਖਣਾ ਚਾਹਾਂਗੇ।
      ਪ੍ਰਧਾਨ ਮੰਤਰੀ ਨੇ ਇਸੇ ਸਾਲ ਘੱਟੋ-ਘੱਟ ਸੱਤ ਵਿਦੇਸ਼ ਦੌਰੇ ਕੀਤੇ ਹਨ (ਹਾਲੀਆ ਦੌਰਾ ਗਲਾਸਗੋ ਜਲਵਾਯੂ ਸੰਮੇਲਨ ਦਾ ਸੀ) ਪਰ ਉਨ੍ਹਾਂ ਨੂੰ ਆਪਣੀ ਰਿਹਾਇਸ਼ ਤੋਂ ਕੁਝ ਕਿਲੋਮੀਟਰ ਦੂਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਜ਼ਾਰਾਂ ਕਿਸਾਨਾਂ ਕੋਲ ਜਾਣ ਦਾ ਕਦੇ ਕੋਈ ਵਕਤ ਨਹੀਂ ਮਿਲਿਆ। ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਕਿਸਾਨਾਂ ਦੇ ਪੰਡਾਲਾਂ ਵਿਚ ਪੁੱਜੇ ਹਨ। ਕੀ ਇਹ ਤਰੀਕਾ ਵਧੀਆ ਨਹੀਂ ਸੀ ਹੋਣਾ?
       ਅੰਦੋਲਨ ਦੇ ਪਹਿਲੇ ਮਹੀਨੇ ਤੋਂ ਲੈ ਕੇ, ਮੀਡੀਆ ਤੇ ਹੋਰਨਾਂ ਲੋਕਾਂ ਵਲੋਂ ਮੇਰੇ ਤੇ ਸਵਾਲਾਂ ਦੀ ਇਹ ਬੁਛਾੜ ਕੀਤੀ ਜਾਂਦੀ ਰਹੀ ਹੈ ਕਿ ਕਿਸਾਨ ਕਿੰਨੀ ਕੁ ਦੇਰ ਡਟੇ ਰਹਿਣਗੇ? ਕਿਸਾਨਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਸੀ ਪਰ ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀ ਇਹ ਬੇਮਿਸਾਲ ਜਿੱਤ ਇਕ ਪਹਿਲਾ ਕਦਮ ਹੈ। ਤਿੰਨ ਕਾਨੂੰਨਾਂ ਦੀ ਮਨਸੂਖ਼ੀ ਦਾ ਮਤਲਬ ਹੈ ਕਿ ਉਨ੍ਹਾਂ ਦੀ ਧੌਣ ਤੇ ਟਿਕਿਆ ਕਾਰਪੋਰੇਟ ਦਾ ਬੂਟ ਹਟ ਗਿਆ ਹੈ ਪਰ ਐੱਮਐੱਸਪੀ ਤੇ ਖਰੀਦ ਨਾਲ ਜੁੜੀਆਂ ਹੋਰਨਾਂ ਸਮੱਸਿਆਵਾਂ ਦੇ ਚੌਖਟੇ ਦਾ ਨਾੜੂਆਂ ਆਰਥਿਕ ਨੀਤੀਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦਾ ਨਿਬੇੜਾ ਅਜੇ ਬਾਕੀ ਹੈ।
       ਕਿਸਾਨ ਅੰਦੋਲਨ ਸਿਰਫ਼ ਦਿੱਲੀ ਦੀਆਂ ਹੱਦਾਂ ਤੀਕ ਸੀਮਤ ਨਹੀਂ ਸੀ ਸਗੋਂ ਇਸ ਦੀ ਗੂੰਜ ਕਰਨਾਟਕ, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ ਵਿਚ ਵੀ ਪੈਂਦੀ ਰਹੀ ਹੈ ਤੇ ਇਸ ਦੀ ਟੀਸ ਦੇਸ਼ ਦੇ ਹਰ ਗਲੀ ਕੋਨੇ ਵਿਚ ਮਹਿਸੂਸ ਕੀਤੀ ਜਾਂਦੀ ਹੈ। ਮੋਦੀ ਦੇ ਐਲਾਨ ਨੇ ਦਰਸਾਇਆ ਹੈ ਕਿ ਆਖ਼ਿਰਕਾਰ ਉਨ੍ਹਾਂ ਇਨ੍ਹਾਂ ਕਾਰਕਾਂ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਉਹ ਇਹ ਜਾਣ ਗਏ ਹਨ ਕਿ ਰਾਜਸਥਾਨ ਤੇ ਹਿਮਾਚਲ ਜਿਹੇ ਸੂਬਿਆਂ ਅੰਦਰ ਇਹ ਅੰਦੋਲਨ ਜ਼ੋਰ ਫੜ ਰਿਹਾ ਹੈ, ਉੱਥੇ ਕੁਝ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਮੀਡੀਆ ਵਲੋਂ ਵਲੋਂ ਆਪਣੇ ਦਰਸ਼ਕਾਂ ਅੱਗੇ ਇਹੀ ਰਾਗ ਅਲਾਪਿਆ ਜਾ ਰਿਹਾ ਸੀ ਕਿ ਕਿਸਾਨ ਅੰਦੋਲਨ ਦਾ ਅਸਰ ਪੰਜਾਬ ਤੇ ਹਰਿਆਣਾ ਤੱਕ ਹੀ ਸੀਮਤ ਹੈ ਤੇ ਉਨ੍ਹਾਂ ਦੇ ਵਿਸ਼ਲੇਸ਼ਣਾਂ ਵਿਚ ਇਸ ਨੂੰ ਕਾਰਕ ਗਿਣਿਆ ਹੀ ਨਹੀਂ ਜਾ ਰਿਹਾ ਸੀ।
ਸੋਚ ਕੇ ਦੇਖੋ ਕਿ ਭਾਜਪਾ ਜਾਂ ਸੰਘ ਪਰਿਵਾਰ ਦੀ ਕੋਈ ਜਥੇਬੰਦੀ ਆਖ਼ਰੀ ਵਾਰ ਕਦੋਂ ਰਾਜਸਥਾਨ ਵਿਚ ਦੋ ਹਲਕਿਆਂ ਵਿਚ ਤੀਜੇ ਜਾਂ ਚੌਥੇ ਸਥਾਨ ਤੇ ਰਹੀ ਸੀ ਜਾਂ ਫਿਰ ਹਿਮਾਚਲ ਪ੍ਰਦੇਸ਼ ਨੂੰ ਲੈ ਲਓ ਜਿੱਥੇ ਭਾਜਪਾ ਤਿੰਨ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਤੇ ਇਕ ਲੋਕ ਸਭਾ ਦੀ ਸੀਟ ਤੇ ਚਾਰੋਂ ਖਾਨੇ ਚਿੱਤ ਹੋ ਗਈ।
      ਹਰਿਆਣਾ ਵਿਚ ਕਾਂਗਰਸ ਨੇ ਕਿਸਾਨਾਂ ਦੇ ਮੁੱਦੇ ਤੇ ਅਸਤੀਫ਼ਾ ਦੇਣ ਵਾਲੇ ਅਭੈ ਚੌਟਾਲਾ ਦੇ ਖਿ਼ਲਾਫ਼ ਉਮੀਦਵਾਰ ਖੜ੍ਹਾ ਕਰ ਦੇਣ ਦੀ ਗ਼ਲਤੀ ਕੀਤੀ। ਕਈ ਕੇਂਦਰੀ ਮੰਤਰੀਆਂ ਨੇ ਆ ਕੇ ਡੇਰਾ ਜਮਾ ਲਿਆ ਸੀ ਪਰ ਇਸ ਸਭ ਕਾਸੇ ਦੇ ਬਾਵਜੂਦ ਭਾਜਪਾ ਹਾਰ ਗਈ। ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਹਾਲਾਂਕਿ ਉਹ ਚੌਟਾਲਾ ਨੂੰ ਪੈਣ ਵਾਲੀਆਂ ਕਾਫ਼ੀ ਵੋਟਾਂ ਲੈ ਗਿਆ।
       ਇਨ੍ਹਾਂ ਤਿੰਨਾਂ ਸੂਬਿਆਂ ਅੰਦਰ ਕਿਸਾਨ ਅੰਦੋਲਨ ਦਾ ਅਸਰ ਮਹਿਸੂਸ ਕੀਤਾ ਗਿਆ ਹੈ ਪਰ ਕਾਰਪੋਰੇਟ ਦੇ ਪੈਰੋਕਾਰਾਂ ਨੇ ਅੱਖਾਂ ਮੀਚ ਰੱਖੀਆਂ ਹਨ ਪਰ ਪ੍ਰਧਾਨ ਮੰਤਰੀ ਇਹ ਸਮਝ ਗਏ ਹਨ। ਪੱਛਮੀ ਉੱਤਰ ਪ੍ਰਦੇਸ਼ ਵਿਚ ਕਿਸਾਨ ਅੰਦੋਲਨ ਦੇ ਪ੍ਰਭਾਵ ਅਤੇ ਇਸ ਦੇ ਨਾਲ ਲਖੀਮਪੁਰ ਖੀਰੀ ਵਿਚ ਵਾਪਰੇ ਘਿਨਾਉਣੇ ਕਾਂਡ ਦੇ ਮੱਦੇਨਜ਼ਰ ਹੁਣ ਜਦੋਂ ਉਥੇ ਚੋਣਾਂ ਹੋਣ ਵਿਚ 90 ਕੁ ਦਿਨ ਬਚੇ ਹਨ ਤਾਂ ਉਨ੍ਹਾਂ ਨੂੰ ਇਹ ‘ਚਾਨਣ’ ਹੋ ਗਿਆ ਹੈ। ਜੇ ਵਿਰੋਧੀ ਧਿਰ ਇਹ ਤਾੜ ਸਕੇ ਤਾਂ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਭਾਜਪਾ ਸਰਕਾਰ ਨੂੰ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਦਾ ਕੀ ਬਣਿਆ? ਐੱਨਐੱਸਐੱਸ (ਨੈਸ਼ਨਲ ਸੈਂਪਲ ਸਰਵੇ 2018-19) ਤੋਂ ਪਤਾ ਲਗਦਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਤਾਂ ਭੁੱਲ ਹੀ ਜਾਓ ਸਗੋਂ ਫ਼ਸਲੀ ਪੈਦਾਵਾਰ ਤੋਂ ਕਿਸਾਨਾਂ ਦੀ ਆਮਦਨ ਵਿਚ ਕਮੀ ਆਈ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਫ਼ਸਲਾਂ ਦੀ ਕਾਸ਼ਤ ਤੋਂ ਅਸਲ ਆਮਦਨ ਵਿਚ ਵੀ ਬਹੁਤ ਜ਼ਿਆਦਾ ਕਮੀ ਆਈ ਹੈ। ਖੇਤੀ ਕਾਨੂੰਨਾਂ ਦੀ ਮਨਸੂਖੀ ਦੀ ਨਿਸ਼ਚੇਪੂਰਨ ਮੰਗ ਮੰਨਵਾ ਕੇ ਕਿਸਾਨਾਂ ਦੀ ਮੱਲ ਕਿਤੇ ਵਡੇਰੀ ਹੈ। ਉਨ੍ਹਾਂ ਦੇ ਅੰਦੋਲਨ ਨੇ ਇਸ ਦੇਸ਼ ਦੀ ਰਾਜਨੀਤੀ ਤੇ ਗਹਿਰਾ ਅਸਰ ਪਾਇਆ ਹੈ, ਜਿਵੇਂ 2004 ਦੀਆਂ ਆਮ ਚੋਣਾਂ ਵਿਚ ਕੀਤਾ ਸੀ।
       ਖੇਤੀਬਾੜੀ ਸੰਕਟ ਦੀ ਕਹਾਣੀ ਇੰਨੀ ਕੁ ਹੀ ਨਹੀਂ ਹੈ। ਇਹ ਉਸ ਸੰਕਟ ਦੇ ਵਡੇਰੇ ਮੁੱਦਿਆਂ ਤੇ ਲੜਾਈ ਦੇ ਨਵੇਂ ਗੇੜ ਦੀ ਸ਼ੁਰੂਆਤ ਹੈ। ਕਿਸਾਨੀ ਸੰਘਰਸ਼ ਕਾਫ਼ੀ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ। ਖ਼ਾਸਕਰ 2018 ਤੋਂ ਇਨ੍ਹਾਂ ਵਿਚ ਤੇਜ਼ੀ ਆ ਗਈ ਹੈ ਜਦੋਂ ਮਹਾਰਾਸ਼ਟਰ ਦੇ ਆਦਿਵਾਸੀ ਕਿਸਾਨਾਂ ਨੇ ਨਾਸਿਕ ਤੋਂ ਮੁੰਬਈ ਤੱਕ 182 ਕਿਲੋਮੀਟਰ ਲੰਮਾ ਪੈਦਲ ਮਾਰਚ ਕਰ ਕੇ ਸਮੁੱਚੇ ਦੇਸ਼ ਅੰਦਰ ਹਲਚਲ ਪੈਦਾ ਕੀਤੀ ਸੀ। ਉਦੋਂ ਵੀ ਅੰਦੋਲਨ ਬਾਰੇ ‘ਅਰਬਨ ਨਕਸਲੀ’, ‘ਅਸਲ ਕਿਸਾਨ ਨਹੀਂ’ ਵਰਗੇ ਲਕਬ ਦੇ ਕੇ ਇਸ ਨੂੰ ਦਰਕਿਨਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਜਿਉਂ ਜਿਉਂ ਕਿਸਾਨ ਅੱਗੇ ਵਧਦੇ ਗਏ, ਉਨ੍ਹਾਂ ਨੂੰ ਭੰਡਣ ਵਾਲਿਆਂ ਦੇ ਪੈਰ ਉਖੜਦੇ ਚਲੇ ਗਏ।
       ਇਸ ਐਲਾਨ ਵਿਚ ਕਈ ਜਿੱਤਾਂ ਸਮਾਈਆਂ ਹੋਈਆਂ ਹਨ। ਕਿਸਾਨਾਂ ਨੇ ਇਕ ਜਿੱਤ ਕਾਰਪੋਰੇਟ ਮੀਡੀਆ ਤੇ ਵੀ ਦਰਜ ਕੀਤੀ ਗਈ ਹੈ ਜੋ ਕਿਸੇ ਵੀ ਪੱਖ ਤੋਂ ਛੋਟੀ ਨਹੀਂ ਹੈ। ਖੇਤੀ ਮੁੱਦਿਆਂ (ਤੇ ਕਈ ਹੋਰ ਮੁੱਦਿਆਂ ਤੇ ਵੀ) ਤੇ ਵੀ ਉਸ ਮੀਡੀਆ ਨੇ ਕਾਰਪੋਰੇਟ ਕੰਪਨੀਆਂ ਦੀਆਂ ਵਾਧੂ ਸਮੱਰਥਾ ਵਾਲੀਆਂ ‘ਏਏਏ ਬੈਟਰੀਆਂ’ ਬਣ ਕੇ ਕੰਮ ਕੀਤਾ ਹੈ। ਦਸੰਬਰ ਤੋਂ ਲੈ ਕੇ ਅਗਲੇ ਅਪਰੈਲ ਤੱਕ ਦੋ ਮਹਾਨ ਅਖ਼ਬਾਰਾਂ (ਜੋ ਰਾਜਾ ਰਾਮਮੋਹਨ ਰਾਏ ਵਲੋਂ ਸ਼ੁਰੂ ਕੀਤੇ ਗਏ ਸਨ) ਦੀ 200 ਸਾਲਾ ਵਰ੍ਹੇਗੰਢ ਪੈਣੀ ਹੈ ਅਤੇ ਜਿਨ੍ਹਾਂ ਨਾਲ ਹਕੀਕੀ ਰੂਪ ਵਿਚ ਅਖ਼ਬਾਰਾਂ ਵਿਚ ਭਾਰਤੀਆਂ ਦੀ ਮਾਲਕੀ ਅਤੇ ਗ਼ੁਲਾਮੀ ਦੀ ਪੀੜ ਮਹਿਸੂਸ ਕਰਨ ਵਾਲੀ ਪ੍ਰਕਾਸ਼ਨਾਵਾਂ ਦੀ ਸ਼ੁਰੂਆਤ ਹੋਈ ਸੀ। ਇਨ੍ਹਾਂ ਵਿਚੋਂ ਇਕ ਦਾ ਨਾਂ ਸੀ ‘ਮਿਰਾਤ-ਉਲ-ਅਖ਼ਬਾਰ’ ਜਿਸ ਨੇ ਕੋਮਿਲਾ (ਅੱਜ ਕੱਲ੍ਹ ਚਿਟਾਗਾਂਗ, ਬੰਗਲਾਦੇਸ਼ ਵਿਚ) ਦੇ ਇਕ ਜੱਜ ਦੇ ਹੁਕਮਾਂ ਤੇ ਪ੍ਰਤਾਪ ਨਰਾਇਣ ਦਾਸ ਨੂੰ ਕਤਲ ਕਰਨ ਦੇ ਕਾਂਡ ਨੂੰ ਬਾਕਮਾਲ ਢੰਗ ਨਾਲ ਬੇਨਕਾਬ ਕੀਤਾ ਸੀ। ਰਾਏ ਦੇ ਜ਼ਬਰਦਸਤ ਸੰਪਾਦਕੀਆਂ ਸਦਕਾ ਉਸ ਵੇਲੇ ਦੀ ਸੁਪਰੀਮ ਕੋਰਟ ਨੇ ਉਸ ਜੱਜ ਦੀ ਝਾੜ ਝੰਬ ਕੀਤੀ ਅਤੇ ਉਸ ਤੇ ਮੁਕੱਦਮਾ ਚਲਾਇਆ ਗਿਆ।
       ਗਵਰਨਰ ਜਨਰਲ ਦਾ ਇਸ ਬਾਰੇ ਰੱਦੇਅਮਲ ਬਹੁਤ ਜ਼ਾਲਮਾਨਾ ਸੀ। ਉਸ ਨੇ ਘਿਨਾਉਣਾ ਨਵਾਂ ਪ੍ਰੈੱਸ ਆਰਡੀਨੈਂਸ ਜਾਰੀ ਕੀਤਾ ਜਿਸ ਦਾ ਮਕਸਦ ਪ੍ਰੈੱਸ ਦੀਆਂ ਲੇਲੜ੍ਹੀਆਂ ਕਢਵਾਉਣਾ ਸੀ। ਰਾਜਾ ਰਾਮਮੋਹਨ ਰਾਏ ਨੇ ਇਸ ਨੂੰ ਅਪਮਾਨਜਨਕ ਕਾਨੂੰਨ ਕਰਾਰ ਦਿੰਦਿਆਂ ਸਰਕਾਰ ਅੱਗੇ ਝੁਕਣ ਦੀ ਬਜਾਇ ‘ਮਿਰਾਤ-ਉਲ-ਅਖ਼ਬਾਰ’ ਬੰਦ ਕਰ ਦਿੱਤਾ ਅਤੇ ਹੋਰਨਾਂ ਪੱਤ੍ਰਿਕਾਵਾਂ ਜ਼ਰੀਏ ਆਪਣੀ ਲੜਾਈ ਜਾਰੀ ਰੱਖੀ।
       ਉਹ ਸੀ ਦਲੇਰਾਨਾ ਪੱਤਰਕਾਰੀ, ਨਾ ਕਿ ਉਹ ਜੋ ਅਸੀਂ ਕਿਸਾਨੀ ਮੁੱਦਿਆਂ ਤੇ ਲਿਹਾਜ਼ੀ ਦਲੇਰੀ ਅਤੇ ਗਲਘੋਟੂ ਪੱਤਰਕਾਰੀ ਦਾ ਨਮੂਨਾ ਦੇਖਿਆ ਹੈ। ਇਨ੍ਹਾਂ ਅਖ਼ਬਾਰਾਂ ਦੇ ਨਾਮਾਲੂਮ ਸੰਪਾਦਕੀਆਂ ਵਿਚ ਕਿਸਾਨਾਂ ਪ੍ਰਤੀ ਹੇਜ ਦਿਖਾਇਆ ਜਾਂਦਾ ਹੈ ਜਦਕਿ ਦੂਜੇ ਕਾਲਮਾਂ ਵਿਚਲੇ ਲੇਖਾਂ ਵਿਚ ਉਨ੍ਹਾਂ ਨੂੰ ਅਜਿਹੇ ਅਮੀਰ ਕਿਸਾਨਾਂ ਦੀ ਸੰਗਿਆ ਦਿੱਤੀ ਜਾਂਦੀ ਹੈ ਜੋ ਅਮੀਰਾਂ ਲਈ ਸਮਾਜਵਾਦ ਚਾਹੁੰਦੇ ਹਨ। ਅੰਗਰੇਜ਼ੀ ਅਖ਼ਬਾਰਾਂ ਦੇ ਝੁਰਮਟ ਅਨੁਸਾਰ ਇਹ ਅਨਪੜ੍ਹ ਗੰਵਾਰ ਲੋਕ ਦਾ ਇਕੱਠ ਹੈ ਜਿਨ੍ਹਾਂ ਨਾਲ ਮਿੱਠੀ ਭਾਸ਼ਾ ਵਿਚ ਗੱਲ ਕਰਨ ਦੀ ਤਾਂ ਲੋੜ ਹੈ, ਪਰ ਇਹ ਕਾਨੂੰਨ ਹਰਗਿਜ਼ ਵਾਪਸ ਨਾ ਲਏ ਜਾਣ ਕਿਉਂਕਿ ਇਹ ਵਾਕਈ ਬਹੁਤ ਅੱਛੇ ਹਨ।
      ਕੀ ਇਨ੍ਹਾਂ ਪ੍ਰਕਾਸ਼ਨਾਵਾਂ ਵਿਚੋਂ ਕਿਸੇ ਨੇ ਵੀ ਇਹ ਆਪਣੇ ਪਾਠਕਾਂ ਨੂੰ ਕਿਸਾਨਾਂ ਤੇ ਕਾਰਪੋਰੇਟਾਂ ਵਿਚਕਾਰ ਬਣੀ ਕਸ਼ਮਕਸ਼ ਮੁਤੱਲਕ ਇਕ ਵਾਰ ਵੀ ਇਹ ਗੱਲ ਦੱਸੀ ਹੈ ਕਿ ਦੇਸ਼ ਦੀ ਮੁੱਖ ਕਾਰਪੋਰੇਟ ਕੰਪਨੀ ਮਾਲਕ ਦੀ ਨਿੱਜੀ ਦੌਲਤ 84.5 ਅਰਬ ਡਾਲਰ (ਫੋਰਬਸ 2021) ਪੰਜਾਬ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ (ਕਰੀਬ 85.5 ਅਰਬ ਡਾਲਰ) ਦੇ ਨੇੜੇ ਢੁਕ ਗਈ ਹੈ? ਕੀ ਉਨ੍ਹਾਂ ਕਦੇ ਤੁਹਾਨੂੰ ਇਹ ਦੱਸਿਆ ਹੈ ਕਿ ਸਿਖਰਲੀਆਂ ਦੋ ਕਾਰਪੋਰੇਟ ਕੰਪਨੀਆਂ ਦੀ ਕੁੱਲ ਦੌਲਤ ਪੰਜਾਬ ਜਾਂ ਹਰਿਆਣਾ ਦੀ ਕੁੱਲ ਘਰੇਲੂ ਪੈਦਾਵਾਰ ਤੋਂ ਜ਼ਿਆਦਾ ਹੈ।
     ਦੇਸ਼ ਦੀ ਸਭ ਤੋਂ ਵੱਡੀ ਕਾਰਪੋਰੇਟ ਕੰਪਨੀ ਇਸ ਵੇਲੇ ਭਾਰਤ ਵਿਚ ਮੀਡੀਆ ਦੀ ਸਭ ਤੋਂ ਵੱਡਾ ਮਾਲਕ ਹੈ, ਤੇ ਜਿਹੜੇ ਮੀਡੀਆ ਤੇ ਇਸ ਕੰਪਨੀ ਦੀ ਮਾਲਕੀ ਨਹੀਂ ਹੈ, ਉਹ ਉਸ ਦੀ ਸਭ ਤੋਂ ਵੱਡਾ ਇਸ਼ਤਿਹਾਰਦਾਤਾ ਉਹੀ ਹੈ। ਇਨ੍ਹਾਂ ਦੋਵੇਂ ਕਾਰਪੋਰੇਟ ਮੋਹਰੀਆਂ ਦੀ ਜਾਇਦਾਦ ਬਾਰੇ ਅਕਸਰ ਪੜ੍ਹਨ ਸੁਣਨ ਨੂੰ ਮਿਲਦਾ ਹੈ ਪਰ ਉਸ ਦੀ ਸੁਰ ਨਚਾਰਾਂ ਵਾਲੀ ਹੁੰਦੀ ਹੈ। ਇਸ ਨੂੰ ਕਹਿੰਦੇ ਹਨ, ਕਾਰਪੋਰੇਟਾਂ ਦੀ ਝੋਲੀਚੁੱਕ ਪੱਤਰਕਾਰੀ, ਲੇਕਿਨ ਇਸ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਲੱਖਾਂ ਲੋਕ ਜਾਣਦੇ ਹਨ ਕਿ ਇਹ ਕਿਸ ਦੀ ਜਿੱਤ ਹੈ। ਪੰਜਾਬ ਦੇ ਲੋਕਾਂ ਦਾ ਦਿਲ ਅੰਦੋਲਨ ਦੇ ਪੰਡਾਲਾਂ ਵਿਚ ਬੈਠੇ ਯੋਧਿਆਂ ਨਾਲ ਧੜਕਦਾ ਹੈ ਜਿਨ੍ਹਾਂ ਨੇ ਦਿੱਲੀ ਦੀ ਤਪਾ ਦੇਣ ਵਾਲੀ ਗਰਮੀ, ਕਾਂਬਾ ਛੇੜ ਦੇਣ ਵਾਲੀ ਸਰਦੀ, ਤਾਬੜ-ਤੋੜ ਬਰਸਾਤਾਂ ਅਤੇ ਜ਼ਰ-ਖਰੀਦ ਮੀਡੀਆ ਦੇ ਮੂੰਹਜ਼ੋਰ ਹਮਲਿਆਂ ਨੂੰ ਸਾਹਮਣਾ ਕੀਤਾ ਸੀ।
ਤੇ ਸ਼ਾਇਦ ਸਭ ਤੋਂ ਅਹਿਮ ਗੱਲ ਇਹ ਹੈ ਕਿ ਅੰਦੋਲਨਕਾਰੀਆਂ ਨੇ ਜੋ ਹਾਸਲ ਕੀਤਾ ਹੈ, ਉਹ ਇਹ ਹੈ : ਹੋਰਨਾਂ ਤਬਕਿਆਂ ਦੇ ਲੋਕਾਂ ਨੂੰ ਸੰਘਰਸ਼ ਦੀ ਪ੍ਰੇਰਨਾ ਦਿੱਤੀ ਹੈ, ਅਜਿਹੀ ਸਰਕਾਰ ਦੇ ਖਿਲਾਫ਼ ਜੋ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਤੁੰਨ੍ਹ ਕੇ ਰੱਖਦੀ ਹੈ, ਜਾਂ ਉਨ੍ਹਾਂ ਨੂੰ ਹੋਰਨਾਂ ਢੰਗਾਂ ਨਾਲ ਨਿਸ਼ਾਨਾ ਬਣਾਉਂਦੀ ਤੇ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਜੋ ਗ਼ੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਕਾਨੂੰਨ (ਯੂਏਪੀਏ) ਤਹਿਤ ਪੱਤਰਕਾਰਾਂ ਸਣੇ ਨਾਗਰਿਕਾਂ ਦੀਆਂ ਥੋਕ ਵਿਚ ਗ੍ਰਿਫ਼ਤਾਰੀਆਂ ਕਰਦੀ ਹੈ ਅਤੇ ਆਰਥਿਕ ਅਪਰਾਧ ਦੀ ਆੜ ਹੇਠ ਆਜ਼ਾਦਾਨਾ ਮੀਡੀਆ ਤੇ ਛਾਪੇ ਮਾਰਦੀ ਰਹਿੰਦੀ ਹੈ।
      ਇਹ ਮਹਿਜ਼ ਕਿਸਾਨਾਂ ਦੀ ਜਿੱਤ ਨਹੀਂ ਹੈ। ਇਹ ਸ਼ਹਿਰੀ ਆਜ਼ਾਦੀਆਂ ਅਤੇ ਮਨੁੱਖੀ ਹਕੂਕ ਦੀ ਲੜਾਈ ਦੀ ਜਿੱਤ ਹੈ। ਇਹ ਭਾਰਤੀ ਲੋਕਰਾਜ ਦੀ ਜਿੱਤ ਹੈ।
* ਲੇਖਕ ਦਿਹਾਤ ਨਾਲ ਜੁੜਿਆ ਪੱਤਰਕਾਰ-ਕਾਰਕੁਨ ਹੈ।

ਅਮੀਰ ਕਿਸਾਨ, ਕੌਮਾਂਤਰੀ ਸਾਜਿ਼ਸ਼ … - ਪੀ ਸਾਈਨਾਥ

ਲੱਖਾਂ ਮਨੁੱਖਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਕੇ ਉਨ੍ਹਾਂ ਦੀ ਸਿਹਤ ਨੂੰ ਗੰਭੀਰ ਖ਼ਤਰਿਆਂ ਦੇ ਵੱਸ ਪਾਉਣਾ, ਪੁਲੀਸ ਅਤੇ ਪੈਰਾਮਿਲਟਰੀ ਵੱਲੋਂ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਸੀਮਿਤ ਖੇਤਰ ਵਿਚ ਬੰਨ੍ਹਣਾ ਅਤੇ ਗੰਦਗੀ ਭਰੇ ਹਾਲਾਤ ਵਿਚ ਰਹਿਣ ਲਈ ਮਜਬੂਰ ਕਰਨਾ, ਪੱਤਰਕਾਰਾਂ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਤੱਕ ਪਹੁੰਚਣ ਤੋਂ ਰੋਕਣਾ ਅਤੇ ਇਕ ਅਜਿਹੇ ਵਰਗ ਨੂੰ ਸਜ਼ਾ ਦੇਣਾ ਜਿਸ ਨੇ ਆਪਣੇ ਦੋ ਸੌ ਤੋਂ ਵੱਧ ਬੰਦੇ ਹੱਡ-ਚੀਰਵੀਂ ਸਰਦੀ ਕਰ ਕੇ ਗੁਆਏ ਹਨ - ਦੁਨੀਆ ਵਿਚ ਕਿਤੇ ਵੀ ਇਸ ਸਭ ਨੂੰ ਮਨੁੱਖੀ ਅਧਿਕਾਰਾਂ ਉੱਤੇ ਵੱਡਾ ਹਮਲਾ ਮੰਨਿਆ ਜਾਵੇਗਾ।
      ਪਰ ਅਸੀਂ, ਸਾਡੀ ਸਰਕਾਰ ਅਤੇ ਸੱਤਾਧਾਰੀ ਕੁਲੀਨ ਵਰਗ ਇਸ ਤੋਂ ਵੀ ਕਿਧਰੇ ਵੱਧ ਗੰਭੀਰ ਮਸਲਿਆਂ ਵਿਚ ਰੁੱਝੇ ਹੋਏ ਹਾਂ ਜਿਵੇਂ ਰਿਹਾਨਾ ਅਤੇ ਗ੍ਰੇਟਾ ਥਨਬਰਗ ਵਰਗੇ ‘ਖ਼ਤਰਨਾਕ ਅਤਿਵਾਦੀ’ ਜਿਨ੍ਹਾਂ ਦਾ ਮਕਸਦ ਦੁਨੀਆ ਦੇ ਸਭ ਤੋਂ ਮਹਾਨ ਦੇਸ਼ ਨੂੰ ਬਦਨਾਮ ਅਤੇ ਸ਼ਰਮਸਾਰ ਕਰਨਾ ਹੈ, ਉਨ੍ਹਾਂ ਨੂੰ ਚੁੱਪ ਕਿਵੇਂ ਕਰਵਾਇਆ ਜਾਏ। ਕਹਾਣੀ ਦੇ ਤੌਰ ਤੇ ਇਹ ਪਾਗ਼ਲਪਣ ਦੀ ਹੱਦ ਤੱਕ ਹਾਸੋਹੀਣਾ ਹੋਵੇਗਾ ਪਰ ਅਸਲ ਵਿਚ ਇਹ ਨਿਰਾ ਪਾਗ਼ਲਪਣ ਹੈ। ਇਹ ਸਭ ਦਿਲ ਦਹਿਲਾਉਣ ਵਾਲਾ ਹੈ, ਸਾਨੂੰ ਇਸ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਜਿਸ ਨੇ ਇਸ ਨਾਅਰੇ ‘‘ਘਟੋ-ਘੱਟ ਸਰਕਾਰ ਪ੍ਰਣਾਲੀ ਨਾਲ ਅਤੇ ਵੱਧ ਤੋਂ ਵੱਧ ਪ੍ਰਸ਼ਾਸਨ” ਉੱਤੇ ਭਰੋਸਾ ਕੀਤਾ, ਉਨ੍ਹਾਂ ਨੂੰ ਵੀ ਹੁਣ ਤੱਕ ਇਸ ਗੱਲ ਦੀ ਸਮਝ ਆ ਚੁੱਕੀ ਹੋਣੀ ਚਾਹੀਦੀ ਹੈ ਕਿ ਅਸਲ ਇਰਾਦਾ ਤਾਂ ਵੱਧ ਤੋਂ ਵੱਧ ਤਾਕਤ ਦਾ ਵੱਧ ਤੋਂ ਵੱਧ ਪ੍ਰਦਰਸ਼ਨ ਹੈ। ਇਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਉਨ੍ਹਾਂ ਲੋਕਾਂ ਦੀ ਲੰਮੀ ਚੁੱਪ ਹੈ ਜੋ ਹਰ ਵੇਲੇ ਸਰਕਾਰ ਦੇ ਹਰ ਫ਼ੈਸਲੇ ਦਾ ਸਵਾਗਤ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਨ। ਇਹ ਜਾਪਦਾ ਸੀ ਕਿ ਇਹ ਲੋਕ ਵੀ ਲੋਕਤੰਤਰ ਤੇ ਹੋ ਰਹੇ ਰੋਜ਼ਾਨਾ ਹਮਲੇ ਦੀ ਨਿੰਦਾ ਕਰਨਗੇ।
         ਕੇਂਦਰੀ ਮੰਤਰੀ ਮੰਡਲ ਦੇ ਇਕ ਇਕ ਬੰਦੇ ਨੂੰ ਇਸ ਗੱਲ ਦਾ ਗਿਆਨ ਹੈ ਕਿ ਚੱਲ ਰਹੇ ਕਿਸਾਨ ਸਮੱਸਿਆ ਦੇ ਮਸਲੇ ਦੇ ਹੱਲ ਵਿਚ ਅਸਲ ਰੁਕਾਵਟ ਕੀ ਹੈ। ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਕਿਸਾਨਾਂ ਵਾਸਤੇ ਆਏ ਤਿੰਨ ਕਾਨੂੰਨਾਂ ਬਾਬਤ ਕਿਸਾਨਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਹਾਲਾਂਕਿ ਪਹਿਲੇ ਹੀ ਦਿਨ ਤੋਂ ਕਿਸਾਨ ਇਸ ਦੀ ਮੰਗ ਰੱਖ ਰਹੇ ਸਨ। ਇਹ ਕਾਨੂੰਨ ਬਣਾਉਣ ਵੇਲੇ ਰਾਜ ਸਰਕਾਰਾਂ ਨਾਲ ਵੀ ਕੋਈ ਸਲਾਹ ਨਹੀਂ ਕੀਤੀ ਗਈ ਜਦ ਕਿ ਸੰਵਿਧਾਨ ਅਨੁਸਾਰ ਖੇਤੀਬਾੜੀ ਰਾਜ ਸਰਕਾਰਾਂ ਦਾ ਮਸਲਾ ਹੈ, ਕੇਂਦਰ ਦਾ ਨਹੀਂ। ਵਿਰੋਧੀ ਪਾਰਟੀਆਂ ਨਾਲ ਅਤੇ ਸੰਸਦ ਵਿਚ ਵੀ ਇਨ੍ਹਾਂ ਕਾਨੂੰਨਾਂ ਬਾਰੇ ਗੱਲਬਾਤ ਨਹੀਂ ਹੋਈ। ਭਾਜਪਾ ਨੇਤਾਵਾਂ ਸਮੇਤ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਸਲਾਹ-ਮਸ਼ਵਰਾ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੀ ਆਪਣੀ ਸਲਾਹ ਵੀ ਨਹੀਂ ਲਈ ਗਈ ਸੀ ਅਤੇ ਨਾ ਹੀ ਕਿਸੇ ਹੋਰ ਜ਼ਰੂਰੀ ਮਸਲੇ ਬਾਰੇ ਉਨ੍ਹਾਂ ਨੂੰ ਕੁਝ ਪੁੱਛਿਆ ਜਾਂਦਾ ਹੈ। ਇਨ੍ਹਾਂ ਦਾ ਕੰਮ ਬੱਸ ਇੰਨਾ ਕੁ ਹੈ ਕਿ ਜੋ ਕਾਨੂੰਨੀ ਲਹਿਰ ਉਨ੍ਹਾਂ ਦਾ ਨੇਤਾ ਲੈ ਕੇ ਆਉਂਦਾ ਹੈ, ਉਸ ਦਾ ਸਵਾਗਤ ਕਰਨਾ।
       ਪਰ ਹੁਣ ਤੱਕ ਤਾਂ ਲਹਿਰਾਂ ਦਰਬਾਰੀਆਂ ਉੱਪਰ ਹਾਵੀ ਹੋ ਰਹੀਆਂ ਹਨ। 26 ਜਨਵਰੀ ਤੋਂ ਬਾਅਦ ਰਾਕੇਸ਼ ਟਿਕੈਤ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਰੂਪ ’ਚ ਸਾਹਮਣੇ ਆਇਆ ਹੈ। 25 ਜਨਵਰੀ ਨੂੰ ਮਹਾਰਾਸ਼ਟਰ ਵਿਚ ਵੀ ਕਿਸਾਨਾਂ ਨੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ। ਰਾਜਸਥਾਨ ਅਤੇ ਕਰਨਾਟਕ ਵਿਚ ਵੀ ਰੈਲੀਆਂ ਕੱਢੀਆਂ ਗਈਆਂ ਹਾਲਾਂਕਿ ਟਰੈਕਟਰ-ਟਰਾਲੀਆਂ ਸਿੱਧੇ ਸ਼ਹਿਰ ਅੰਦਰ ਵੜਨ ਨਹੀਂ ਦਿੱਤੇ ਗਏ। ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਵਿਚ ਜਿੱਥੇ ਮੰਤਰੀ ਸਥਾਨਕ ਸਭਾਵਾਂ ਵਿਚ ਸ਼ਾਮਲ ਨਹੀਂ ਹੁੰਦੇ, ਉੱਥੇ ਆਪ ਹੀ ਸੋਚ ਲਵੋ ਕਿ ਪ੍ਰਸ਼ਾਸਨ ਕਿਵੇਂ ਕੰਮ ਕਰ ਰਿਹਾ ਹੈ। ਪੰਜਾਬ ਵਿਚ ਲੱਗਭੱਗ ਹਰ ਘਰ ਕਿਸਾਨ ਦਾ ਸਮਰਥਨ ਕਰਦਾ ਹੈ ਅਤੇ ਉਨ੍ਹਾਂ ਨਾਲ ਜੁੜਨ ਲਈ ਕਾਹਲਾ ਪੈ ਰਿਹਾ ਹੈ, ਬਹੁਤੇ ਲੋਕ ਤਾਂ ਕਿਸਾਨ ਅੰਦੋਲਨਾਂ ਵਿਚ ਪਹੁੰਚੇ ਵੀ ਹਨ। 14 ਫ਼ਰਵਰੀ ਨੂੰ ਹੋਣ ਵਾਲੀਆਂ ਸ਼ਹਿਰੀ ਲੋਕਲ ਚੋਣਾਂ ਲਈ ਭਾਜਪਾ, ਉਮੀਦਵਾਰ ਲੱਭਣ ਲਈ ਸੰਘਰਸ਼ ਕਰ ਰਹੀ ਹੈ। ਜਿਹੜੇ ਪੁਰਾਣੇ ਵਫ਼ਾਦਾਰ ਹਨ, ਉਹ ਆਪਣੀ ਪਾਰਟੀ ਦਾ ਚੋਣ ਨਿਸ਼ਾਨ ਵਰਤਣ ਤੋਂ ਝਿਜਕਣ ਲੱਗ ਪਏ ਹਨ। ਇਸ ਦੌਰਾਨ ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਨੂੰ ਅਲੱਗ ਕਰ ਦਿੱਤਾ ਗਿਆ ਹੈ ਜਿਸ ਦੇ ਭਵਿੱਖ ਵਿਚ ਨਤੀਜੇ ਗੰਭੀਰ ਹੋ ਸਕਦੇ ਹਨ।
       ਇਸ ਸਰਕਾਰ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨੇ ਹਿੰਦੂ, ਸਿੱਖ ਤੇ ਮੁਸਲਮਾਨਾਂ ਨੂੰ ਇਕ ਕਰ ਦਿੱਤਾ ਹੈ ਅਤੇ ਨਾਲ ਹੀ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੀ ਇਕਜੁੱਟ ਕਰ ਦਿੱਤਾ ਹੈ। ਅੱਜ ਖਾਪ ਪੰਚਾਇਤ ਦੇ ਮੈਂਬਰ ਖਾਨ ਬਾਜ਼ਾਰ ਦੇ ਲੋਕਾਂ ਨਾਲ ਖੜ੍ਹੇ ਹਨ। ਹਾਲੇ ਤੱਕ ਸਾਨੂੰ ਇਹੀ ਸਮਝਾਇਆ ਜਾ ਰਿਹਾ ਸੀ ਕਿ ਇਹ ਮਸਲਾ ਸਿਰਫ਼ ਪੰਜਾਬ ਤੇ ਹਰਿਆਣਾ ਦਾ ਹੈ ਅਤੇ ਇਸ ਦਾ ਕਿਸੇ ਹੋਰ ਸੂਬੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਹੋਰ ਕਿਸੇ ਨੂੰ ਇਸ ਨਾਲ ਫ਼ਰਕ ਨਹੀਂ ਪੈਂਦਾ। ਇਕ ਕਮੇਟੀ (ਸੁਪਰੀਮ ਕੋਰਟ ਵਾਲੀ ਕਮੇਟੀ ਨਹੀਂ) ਨੇ ਪੁਸ਼ਟੀ ਕੀਤੀ ਸੀ ਕਿ ਪੰਜਾਬ ਅਤੇ ਹਰਿਆਣਾ ਭਾਰਤ ਦਾ ਹੀ ਹਿੱਸਾ ਹਨ ਅਤੇ ਉੱਥੇ ਜੋ ਵੀ ਹੁੰਦਾ ਹੈ, ਉਸ ਦਾ ਸਿੱਧਾ ਅਸਰ ਸਾਰਿਆਂ ਉੱਤੇ ਪੈਂਦਾ ਹੈ।
        ਇਹ ਗੱਲ ਪਹਿਲਾਂ ਵੀ ਕਹੀ ਜਾ ਰਹੀ ਸੀ ਅਤੇ ਹੁਣ ਵੀ ਕਹੀ ਜਾ ਰਹੀ ਹੈ ਕਿ ਅੰਦੋਲਨ ਵਿਚ ਸਿਰਫ਼ ਅਮੀਰ ਕਿਸਾਨ ਹੀ ਬੈਠੇ ਹਨ। ਐੱਨਐੱਸਐੱਸ ਦੇ ਸਰਵੇ ਮੁਤਾਬਕ ਪੰਜਾਬ ਵਿਚ ਖੇਤੀਬਾੜੀ ਨਾਲ ਜੁੜੇ ਘਰ ਦੀ ਮਹੀਨੇ ਦੀ ਔਸਤਨ ਕਮਾਈ 18049 ਰੁਪਏ ਹੈ। ਇਕ ਘਰ ਵਿਚ ਆਮ ਤੌਰ ਤੇ ਕੁੱਲ 5 ਜੀਅ ਹੁੰਦੇ ਹਨ। ਇਸ ਹਿਸਾਬ ਨਾਲ ਇਕ ਬੰਦੇ ਦੀ ਕਮਾਈ 3450 ਰੁਪਏ ਹੀ ਹੋਈ ਜੋ ਰਸਮੀ ਸੈਕਟਰਾਂ ਵਿਚ ਸਭ ਤੋਂ ਘੱਟ ਕਮਾਈ ਕਰਨ ਵਾਲੇ ਮੁਲਾਜ਼ਮ ਤੋਂ ਵੀ ਘੱਟ ਹੈ।
        ਸਾਨੂੰ ਇਸ ਸੱਚ ਤੋਂ ਵਾਂਝੇ ਰੱਖਿਆ ਗਿਆ ਹੈ ਕਿ ਹਰਿਆਣਾ ਵਿਚ ਖੇਤੀਬਾੜੀ ਨਾਲ ਜੁੜੇ ਹਰ ਘਰ ਦੀ ਮਹੀਨੇ ਦੀ ਔਸਤ ਕਮਾਈ 14,434 ਰੁਪਏ ਹੈ ਅਤੇ ਇਸ ਤਰ੍ਹਾਂ ਪ੍ਰਤੀ ਵਿਅਕਤੀ ਮਹੀਨੇ ਦੀ ਕਮਾਈ 2450 ਰੁਪਏ ਹੈ, ਕਿਉਂਕਿ ਉੱਥੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ 5.9 ਹੈ। ਇਹ ਅੰਕੜੇ ਫਿਰ ਵੀ ਦੂਜੇ ਪ੍ਰਾਂਤਾਂ ਦੇ ਅੰਕੜਿਆਂ ਤੋਂ ਵਧ ਹੀ ਹੈ। ਗੁਜਰਾਤ ਵਿਚ ਇਹ ਅੰਕੜੇ 7926 ਰੁਪਏ ਅਤੇ 1524 ਰੁਪਏ ਹਨ। ਸਮੁੱਚੇ ਭਾਰਤ ਦੇ ਪੱਧਰ ਤੇ ਦੇਖਿਆ ਜਾਵੇ ਤਾਂ ਇਹੀ ਅੰਕੜੇ ਘਟ ਕੇ 6426 ਅਤੇ 1300 ਰੁਪਏ ਰਹਿ ਜਾਂਦੇ ਹਨ। ਇਹ ਕਮਾਈ ਇਕੱਲੀ ਖੇਤੀ ਤੋਂ ਨਹੀਂ ਹੈ ਬਲਕਿ ਹੋਰ ਸਾਧਨਾਂ ਦੀ ਕਮਾਈ ਮਿਲਾ ਕੇ ਬਣਦੀ ਹੈ। ਐੱਨਐੱਸਐੱਸ ਦੇ 70ਵੇਂ ਸਰਵੇ ਮੁਤਾਬਕ ਇਹ ਹਾਲਤ ਹੈ ਭਾਰਤ ਦੇ ਕਿਸਾਨਾਂ ਦੀ, ਜਦੋਂਕਿ ਇੱਥੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਸਰਕਾਰ ਨੇ ਕਿਸਾਨਾਂ ਦੀ ਕਮਾਈ 2022 ਤੱਕ ਦੁੱਗੁਣੀ ਕਰਨ ਦਾ ਵਾਅਦਾ ਕੀਤਾ ਸੀ ਜੋ ਸਿਰਫ਼ 12 ਮਹੀਨੇ ਦੂਰ ਹੈ। ਮੁਸ਼ਕਿਲ ਗੱਲ ਇਹੀ ਹੈ ਅਤੇ ਇਸ ਦੌਰਾਨ ਗ੍ਰੇਟਾ ਥੁਨਬਰਗ ਵਰਗੀਆਂ ਹਸਤੀਆਂ ਦੀ ਦਖ਼ਲ ਅੰਦਾਜ਼ੀ ਹੋਰ ਤੰਗ ਕਰਦੀ ਹੈ।
     ਇਹ ਹੈ ਦਿੱਲੀ ਸੀਮਾ ਐੱਨਐੱਸਐੱਸ ਉੱਤੇ ਬੈਠੇ ਅਮੀਰ ਕਿਸਾਨਾਂ ਦੀ ਸੱਚਾਈ ਜੋ ਟਰਾਲੀਆਂ ਵਿਚ ਰਾਤਾਂ ਲੰਘਾ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਕੜਕਦੀ ਠੰਢ ਵਿਚ ਬਰਫ਼ੀਲੇ ਪਾਣੀ ਨਾਲ ਨਹਾਉਣ ਲਈ ਮਜਬੂਰ ਹਨ। ਇਨ੍ਹਾਂ ਨੂੰ ਦੇਖ ਕੇ ‘ਇਨ੍ਹਾਂ ਅਮੀਰਾਂ’ ਦੀ ਸਰਾਹਣਾ ਕਰਨੀ ਬਣਦੀ ਹੈ ਕਿਉਂਕਿ ਇਹ ਸਾਡੀ ਸੋਚ ਤੋਂ ਜਿ਼ਆਦਾ ਸਿਰੜੀ ਨਿਕਲੇ।
ਉੱਧਰ ਸੁਪਰੀਮ ਕੋਰਟ ਦੁਆਰਾ ਨਿਯੁਕਤ ਕਮੇਟੀ ਜਿਸ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਸੀ, ਉਹ ਆਪਸ ਵਿਚ ਹੀ ਸਹਿਮਤੀ ਨਹੀਂ ਰੱਖਦੇ। ਇਕ ਮੈਂਬਰ ਤਾਂ ਪਹਿਲੀ ਮੀਟਿੰਗ ਤੋਂ ਬਾਅਦ ਹੀ ਕਮੇਟੀ ਛੱਡ ਗਿਆ। ਜਿੱਥੋ ਤੱਕ ਕਿਸਾਨਾਂ ਨਾਲ ਗੱਲਬਾਤ ਦੀ ਗੱਲ ਹੈ, ਉਹ ਤਾਂ ਅਜੇ ਤੱਕ ਸ਼ੁਰੂ ਹੀ ਨਹੀ ਹੋਈ।
       12 ਮਾਰਚ ਨੂੰ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦਾ ਨਿਰਧਾਰਿਤ ਸਮਾਂ ਮੁੱਕ ਜਾਵੇਗਾ। ਇਸ ਤੋਂ ਮਗਰੋਂ ਇਸ ਕਮੇਟੀ ਕੋਲ ਉਨ੍ਹਾਂ ਦੀ ਸੂਚੀ ਹੋਵੇਗੀ ਜਿਨ੍ਹਾਂ ਨਾਲ ਇਨ੍ਹਾਂ ਨੇ ਗੱਲਬਾਤ ਨਹੀਂ ਕੀਤੀ। ਉਸ ਤੋਂ ਲੰਮੀ ਸੂਚੀ ਉਨ੍ਹਾਂ ਦੇ ਨਾਵਾਂ ਦੀ ਹੋਵੇਗੀ ਜੋ ਇਸ ਕਮੇਟੀ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਅਤੇ ਉਸ ਤੋਂ ਵੀ ਲੰਮੀ ਸੂਚੀ ਉਨ੍ਹਾਂ ਦੀ ਹੋਵੇਗੀ ਜਿਨ੍ਹਾਂ ਨਾਲ ਇਨ੍ਹਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ।
        ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧੱਕੇਸ਼ਾਹੀ ਅਤੇ ਡਰਾਉਣ ਦੀ ਹਰ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੀ ਸੰਖਿਆ ਨੂੰ ਵਧਦੇ-ਫੁੱਲਦੇ ਦੇਖਿਆ ਹੈ। ਸਰਕਾਰੀ ਗੁਲਾਮ ਮੀਡੀਆ ਦੀ ਮਦਦ ਨਾਲ ਕਿਸਾਨਾਂ ਨੂੰ ਬਦਨਾਮ ਕਰਨ ਦੇ ਯਤਨਾਂ ਨੇ ਪੁੱਠਾ ਅਸਰ ਪਾਇਆ ਹੈ ਪਰ ਡਰਾਉਣੀ ਗੱਲ ਇਹ ਹੈ ਕਿ ਸਰਕਾਰ ਹੋਰ ਤਾਕਤਵਰ ਵਤੀਰਾ ਅਪਣਾਉਣ ਤੋਂ ਪ੍ਰਹੇਜ਼ ਨਹੀਂ ਕਰੇਗੀ।
         ਕਾਰਪੋਰੇਟ ਮੀਡੀਆ ਅਤੇ ਇਸ ਤੋਂ ਵੀ ਬਿਹਤਰ ਭਾਜਪਾ ਦੇ ਲੋਕ ਇਹ ਜਾਣਦੇ ਹਨ ਕਿ ਇਹ ਲੜਾਈ ਨਿੱਜੀ ਹਉਮੈ ਦੀ ਹੈ, ਨੀਤੀਆਂ ਦੀ ਨਹੀਂ, ਨਾ ਹੀ ਉਨ੍ਹਾਂ ਵਾਅਦਿਆਂ ਦੀ ਜੋ ਅਮੀਰ ਕਾਰਪੋਰੇਟ ਘਰਾਂ ਨਾਲ ਕੀਤੇ ਗਏ ਹਨ। ਸੋਚ ਇਹ ਹੈ ਕਿ ਰਾਜਾ ਕਦੇ ਗ਼ਲਤੀ ਨਹੀ ਕਰ ਸਕਦਾ ਹੈ, ਨਾ ਹੀ ਗ਼ਲਤੀ ਕਰ ਕੇ ਮੰਨ ਸਕਦਾ ਹੈ ਅਤੇ ਸਭ ਤੋਂ ਮਾੜਾ ਇਹ ਹੈ ਕਿ ਉਹ ਇਕ ਵਾਰ ਕੀਤੇ ਫ਼ੈਸਲੇ ਤੋਂ ਪਿੱਛੇ ਨਹੀ ਹਟ ਸਕਦਾ। ਕਿਸੇ ਵੀ ਵੱਡੇ ਅਖ਼ਬਾਰ ਵਿਚ ਇਸ ਵਿਸ਼ੇ ਤੇ ਸੰਪਾਦਕੀ ਟਿੱਪਣੀ ਨਹੀਂ ਆਉਂਦੀ, ਭਾਵੇਂ ਸਾਰੇ ਜਾਣਦੇ ਹਨ ਕਿ ਕਿਸਾਨ ਠੀਕ ਹਨ।
       ਇਸ ਖਿਲਾਰੇ ਵਿਚ ਹਉਮੈ ਕਿੰਨੀ ਮਹੱਤਵਪੂਰਨ ਹੈ। ਇੰਟਰਨੈੱਟ ਬੰਦ ਹੋਣ ਤੇ ਰਿਹਾਨਾ ਦੇ ਇਕ ਸਾਦੇ ਜਿਹੇ ਟਵੀਟ ਜਿਸ ਵਿਚ ਉਸ ਨੇ ਪੁੱਛਿਆ- “ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ ?”, ਇਸ ਦੇ ਜਵਾਬ ਵਿਚ ਮੋਦੀ ਭਗਤ ਕਹਿ ਰਹੇ ਹਨ ਕਿ ਮੋਦੀ ਦੇ ਟਵਿੱਟਰ ਤੇ ਰਿਹਾਨਾ ਨਾਲੋਂ ਜ਼ਿਆਦਾ ਪ੍ਰਸ਼ੰਸਕ ਹਨ। ਅਸੀਂ ਉਦੋਂ ਭਟਕ ਗਏ, ਜਦੋਂ ਵਿਦੇਸ਼ ਮੰਤਰਾਲੇ ਨੇ ਰਿਹਾਨਾ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਜਿਸ ਵਿਚ ਬਾਲੀਵੁੱਡ ਸਿਤਾਰਿਆਂ ਨੂੰ ਵੀ ਨਾਲ ਜੋੜ ਲਿਆ ਗਿਆ। ਘਾਤਕ ਡਿਜ਼ੀਟਲ ਸੰਸਾਰ ਵਿਚ ਟਵੀਟ ਵਧਦੇ ਗਏ ਅਤੇ ਉਦਾਸੀ ਗਹਿਰਾਉਂਦੀ ਗਈ। ਰਿਹਾਨਾ ਦੀ ਟਵੀਟ ਨੇ ਬਗ਼ੈਰ ਕੋਈ ਪੱਖ ਲਏ ਸਿਰਫ਼ ਇਹ ਸਵਾਲ ਪੁੱਛਿਆ ਸੀ ਕਿ ਅਸੀਂ ਇਸ ਮਸਲੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ, ਜਦਕਿ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਮੁੱਖ ਅਰਥ ਸ਼ਾਸਤਰੀ ਅਤੇ ਸੰਚਾਰ ਨਿਰਦੇਸ਼ਕ ਨੇ ਫ਼ਾਰਮ ਕਾਨੂੰਨਾਂ ਦੀ ਜਨਤਕ ਤੌਰ ਤੇ ਪ੍ਰਸ਼ੰਸਾ ਕੀਤੀ, ਕੁਝ ਚਿਤਾਵਨੀਆਂ ਦੇ ਨਾਲ ਜੋ ਓਨੀ ਹੀ ਇਮਾਨਦਾਰੀ ਦਿਖਾਉਂਦੀ ਹੈ ਜਿੰਨੀ ਸਿਗਰਟ ਦੇ ਪੈਕਟ ਉੱਤੇ ਲਿਖੀ ਚਿਤਾਵਨੀ। ਇਸ ਤਰ੍ਹਾਂ ਦੇ ਹਾਲਾਤ ਵਿਚ ਅਸਲੀ ਖ਼ਤਰਾ ਇਕ ਪੌਪ ਗਾਇਕਾ ਅਤੇ 18 ਵਰ੍ਹਿਆਂ ਦੀ ਸਕੂਲ ਜਾਣ ਵਾਲੀ ਤੇ ਵਾਤਾਵਰਨ ਕਾਰਕੁਨ ਤੋਂ ਹੈ। ਇਸ ਦੇ ਨਾਲ ਹੀ ਦਿੱਲੀ ਪੁਲੀਸ ਆਪਣੇ ਕਿੱਤੇ ਲੱਗੀ ਹੋਈ ਹੈ।
      ਗਲੋਬਲ ਸਾਜ਼ਿਸ਼ ਦਾ ਇਲਜ਼ਾਮ ਲਾਉਣ ਤੋਂ ਬਾਅਦ ਜੇਕਰ ਇਹ ਸਰਕਾਰ ਇਸ ਮਸਲੇ ਦੀ ਜ਼ਿੰਮੇਵਾਰੀ ਧਰਤੀ ਤੇ ਬਾਹਰ ਦੇ ਪ੍ਰਾਣੀਆਂ ਤੇ ਲਾ ਦਿੰਦੀ ਹੈ ਤਾਂ ਮੈਂ ਉਨ੍ਹਾਂ ਦਾ ਮਖੌਲ ਉਡਾਉਣ ਵਾਲਿਆਂ ਵਿਚ ਸ਼ਾਮਲ ਨਹੀਂ ਹੋਵਾਂਗਾ। ਮੈਂ ਇੰਟਰਨੈਟ ਤੇ ਪ੍ਰਚੱਲਿਤ ਮੇਰੀ ਸਭ ਤੋਂ ਪਸੰਦੀਦਾ ਲਤੀਫ਼ੇ/ਕਹਾਵਤ ਦਾ ਵਾਸਤਾ ਦੇਵਾਂਗਾ ਜਿਸ ਅਨੁਸਾਰ ‘‘ਸਾਡੀ ਧਰਤੀ ਤੋਂ ਬਾਹਰ ਬਾਕੀ ਬ੍ਰਹਿਮੰਡ ਦੀਆਂ ਹੋਰ ਧਰਤੀਆਂ ਤੇ ਜੀਵਨ ਹੋਣ ਦਾ ਸਭ ਤੋਂ ਪੁਖ਼ਤਾ ਸਬੂਤ ਇਹ ਹੈ ਕਿ ਉਨ੍ਹਾਂ ਧਰਤੀਆਂ ਦੇ ਜੀਵਾਂ ਨੇ ਸਾਨੂੰ ਸਾਡੇ ਹਾਲ ਤੇ ਛੱਡ ਦਿੱਤਾ ਹੈ।’’

(ਪੀਏਆਰਆਈ - People’s Archive of Rural India- ਤੋਂ ਧੰਨਵਾਦ ਸਾਹਿਤ)
* ਲਿਖਾਰੀ ਉੱਘਾ ਪੱਤਰਕਾਰ ਹੈ।

ਕਾਰਪੋਰੇਟ-ਪੱਖੀ ਤੇ ਅਸੰਵਿਧਾਨਕ ਕਾਨੂੰਨਾਂ ਦਾ ਹਰ ਵਰਗ ’ਤੇ ਪਵੇਗਾ ਅਸਰ : ਪੀ.ਸਾਈਨਾਥ

 ਮੁਲਾਕਾਤੀ - ਹਮੀਰ ਸਿੰਘ

ਦੇਸ਼ ਵਿੱਚ ਖੇਤੀ, ਕਿਸਾਨੀ ਅਤੇ ਖਾਸ ਤੌਰ ਉੱਤੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਮੁੱਦੇ ਨੂੰ ਦੇਸ਼ ਪੱਧਰ ਉੱਤੇ ਉਭਾਰਨ ਵਾਲੇ ਤੇ ਲੋਕਾਂ ਨਾਲ ਜੁੜੇ ਬੁੱਧੀਜੀਵੀ ਅਤੇ ਪੱਤਰਕਾਰ ਪੀ. ਸਾਈਨਾਥ ਪਿਛਲੇ ਦਿਨੀਂ ਚੰਡੀਗੜ੍ਹ ਇੱਕ ਸੈਮੀਨਾਰ ਵਿੱਚ ਹਿੱਸਾ ਲੈਣ ਆਏ ਸਨ। ‘ਪੰਜਾਬੀ ਟ੍ਰਿਬਿਊਨ’ ਨੇ ਕੇਂਦਰੀ ਖੇਤੀ ਕਾਨੂੰਨਾਂ ਅਤੇ ਖੇਤੀ ਤੇ ਕਿਸਾਨੀ ਦੇ ਭਵਿੱਖ ਬਾਰੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੇ ਕੁੱਝ ਅੰਸ਼ :

ਪ੍ਰਸ਼ਨ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਪੱਧਰ ਉੱਤੇ ਫੈਲ ਚੁੱਕਾ ਹੈ। ਤੁਹਾਡੀ ਕੀ ਟਿੱਪਣੀ ਹੈ?

ਉੱਤਰ : ਇਸ ਬਾਰੇ ਮੈਂ ਤਿੰਨ ਗੱਲਾਂ ਕਰਨੀਆਂ ਹਨ। ਇਨ੍ਹਾਂ ’ਚੋਂ ਪਹਿਲੇ ਦੋ ਕਾਨੂੰਨ, ਇੱਕ ਖੇਤੀ ਮੰਡੀ ਤੇ ਦੂਸਰਾ ਖੇਤੀ ਠੇਕੇ ਬਾਰੇ ਹੈ। ਇਨ੍ਹਾਂ ਨੇ ਦੇਸ਼ ਦੇ ਸੰਵਿਧਾਨ ਵਿੱਚ ਕਿਸੇ ਨਾਗਰਿਕ ਨੂੰ ਆਰਟੀਕਲ 32 ਰਾਹੀਂ ਮਿਲੇ ਕਾਨੂੰਨੀ ਹੱਲ ਕਰਨ ਦੇ ਹੱਕ ਨੂੰ ਖੋਹ ਲਿਆ ਹੈ। ਖੇਤੀ ਮੰਡੀ ਵਾਲੇ ਕਾਨੂੰਨ ਦੀ ਧਾਰਾ 13 ਅਤੇ 15 ਅਤੇ ਦੂਸਰੇ ਕਾਨੂੰਨ ਦੀ ਧਾਰਾ 19 ਮੁਤਾਬਕ ਇਨ੍ਹਾਂ ਕਾਨੂੰਨਾਂ ਤਹਿਤ ਠੀਕ ਨੀਅਤ ਨਾਲ ਕੀਤੇ ਗਏ ਕਿਸੇ ਵੀ ਕੰਮ ਲਈ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਇਨ੍ਹਾਂ ਦੇ ਕਿਸੇ ਅਧਿਕਾਰੀ ਜਾਂ ਕਿਸੇ ਹੋਰ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕੇਗੀ। ਕਿਸਾਨ ਜਾਂ ਕੋਈ ਹੋਰ ਨਾਗਰਿਕ ਕਿਸਾਨਾਂ ਨਾਲ ਹੋ ਰਹੇ ਧੱਕੇ ਬਾਰੇ ਕਿਸੇ ਅਦਾਲਤ ਵਿੱਚ ਨਹੀਂ ਜਾ ਸਕਦਾ। ਇਸ ਨਾਲ ਜ਼ਿਲ੍ਹਾ ਅਦਾਲਤਾਂ ਵੀ ਲਗਪਗ ਠੱਪ ਹੋ ਕੇ ਰਹਿ ਜਾਣਗੀਆਂ।

ਦੂਸਰਾ, ਇਨ੍ਹਾਂ ਦਾ ਅਸਰ ਕੇਵਲ ਕਿਸਾਨਾਂ ਉੱਤੇ ਹੀ ਨਹੀਂ ਬਲਕਿ ਸਭ ਵਰਗਾਂ ਦੇ ਲੋਕਾਂ ਉੱਤੇ ਪਵੇਗਾ। ਜ਼ਰੂਰੀ ਵਸਤਾਂ ਵਾਲੇ ਕਾਨੂੰਨ ਨਾਲ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਖ਼ਤਮ ਹੋ ਜਾਵੇਗੀ। ਉਹ ਵੀ ਪ੍ਰਾਈਵੇਟ ਹੱਥਾਂ ਵਿੱਚ ਚਲੀ ਜਾਵੇਗੀ, ਜਿਸ ਤਰ੍ਹਾਂ ਪਹਿਲਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਆਦਿ ਚੱਲ ਰਹੇ ਹਨ। ਹਰ ਨਾਗਰਿਕ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ।

ਤੀਸਰਾ,ਇਹ ਸਿਰਫ ਕਿਸਾਨਾਂ ਅਤੇ ਖੇਤੀ ਦੀ ਲੜਾਈ ਨਹੀਂ। ਸਿੰਘੂ, ਟਿਕਰੀ, ਗਾਜ਼ੀਪੁਰ ਜਾਂ ਸ਼ਾਹਜਹਾਂਪੁਰ ਹੱਦਾਂ ’ਤੇ ਬੈਠੇ ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਦਾ ਦੇਸ਼ ਵਿਆਪੀ ਮਹੱਤਵ ਹੈ। ਇਹ ਸੂਬਿਆਂ ਦੇ ਅਧਿਕਾਰਾਂ ਵਾਸਤੇ ਫੈੱਡਰਲਿਜ਼ਮ ਦੀ ਲੜਾਈ ਹੈ। ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਸਿੱਧੀ ਜੰਗ ਦਾ ਐਲਾਨ ਕੀਤਾ ਹੈ। ਬਰਤਾਨਵੀ ਰਾਜ ਸਮੇਂ ਵੀ ਪੰਜਾਬ ਤੋਂ ਅੰਦੋਲਨ ਹੋਏ ਅਤੇ ਅਜਿਹੇ ਕਾਨੂੰਨ ਵਾਪਸ ਲੈਣੇ ਪਏ ਸਨ ਅਤੇ ਇਹ ਵੀ ਵਾਪਸ ਹੋਣਗੇ।



ਪ੍ਰਸ਼ਨ : ਸਰਕਾਰ ਕਹਿੰਦੀ ਹੈ ਕਿ ਕਾਨੂੰਨਾਂ ਵਿੱਚ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਵੋ, ਕਿਸਾਨ ਆਗੂ ਸੋਧਾਂ ਲਈ ਤਿਆਰ ਨਹੀਂ, ਸੋਧਾਂ ਨਾਲ ਕੰਮ ਕਿਉਂ ਨਹੀਂ ਚੱਲਦਾ?

ਉੱਤਰ : ਕਿਸਾਨ ਧਿਰਾਂ ਨੇ 14-15 ਦੇ ਕਰੀਬ ਇਤਰਾਜ਼ ਉਠਾਏ। ਸਰਕਾਰ ਉਨ੍ਹਾਂ ਵਿੱਚੋਂ 12 ਦੇ ਕਰੀਬ ਮੰਨਣ ਲਈ ਤਿਆਰ ਹੋ ਚੁੱਕੀ ਹੈ। ਜਿਹੜੇ ਕਾਨੂੰਨ ਨੂੰ ਸਰਕਾਰ ਨੇ ਖੁਦ ਮੰਨ ਲਿਆ ਹੈ ਕਿ ਉਹ 90 ਫੀਸਦ ਬਦਲਿਆ ਜਾ ਸਕਦਾ ਹੈ  ਅਤੇ ਜੇ ਇੰਨਾ ਹੀ ਖਰਾਬ ਹੈ ਤਾਂ ਉਸ ਨੂੰ ਰੱਖਣ ਦੀ ਅੜੀ ਪਿੱਛੇ ਕੀ ਤੁਕ ਹੈ? ਤਿੰਨੇ ਕਾਨੂੰਨ ਬੁਨਿਆਦੀ ਤੌਰ ’ਤੇ ਅਸੰਵਿਧਾਨਕ ਹਨ। ਖੇਤੀ ਰਾਜਾਂ ਦਾ ਵਿਸ਼ਾ ਹੈ। ਕੇਂਦਰ ਨੇ ਰਾਜਾਂ ਨੂੰ ਭਰੋਸੇ ਵਿੱਚ ਨਹੀਂ ਲਿਆ, ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ। ਰਾਜ ਸਭਾ ਵਿੱਚ 8 ਸੰਸਦ ਮੈਂਬਰ ਵੋਟਿੰਗ ਦੀ ਮੰਗ ਕਰਦੇ ਰਹੇ, ਉਨ੍ਹਾਂ ਦੀ ਨਹੀਂ ਸੁਣੀ। ਜੇਕਰ ਸੁਣੀ ਹੈ ਤਾਂ ਕੇਵਲ ਅਡਾਨੀ ਅਤੇ ਅੰਬਾਨੀ ਦੀ ਸੁਣੀ ਹੈ। ਉਹ ਕਹਿੰਦੇ ਹਨ ਕਿ ਤੁਹਾਨੂੰ ਪਸੰਦ ਦੇ ਦਿੱਤੀ ਸੋਧਾਂ ਦੀ। ਇਹ ਇਸੇ ਤਰ੍ਹਾਂ ਹੈ ਕਿ ਤੁਹਾਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈ ਤੇ ਹੁਣ ਤੁਸੀਂ ਦੱਸੋ ਫਾਂਸੀ ਦਿੱਤੀ ਜਾਵੇ ਜਾਂ ਗੋਲੀ ਨਾਲ ਮਰਨਾ ਹੈ? ਇਹ ਸਭ ਬਕਵਾਸ ਹੈ, ਮੰਨਣ ਯੋਗ ਨਹੀਂ ਹੈ।


ਪ੍ਰਸ਼ਨ : ਕੇਂਦਰੀ ਖੇਤੀ ਮੰਤਰੀ ਨੇ ਕਿਹਾ ਹੈ ਕਿ ਜੇ ਕਾਨੂੰਨ ਅਸੰਵਿਧਾਨਕ ਹਨ ਤਾਂ ਸੁਪਰੀਮ ਕੋਰਟ ਚਲੇ ਜਾਓ। ਕਿਸਾਨ ਅਦਾਲਤ ਜਾਣ ਲਈ ਤਿਆਰ ਨਹੀਂ ਹਨ, ਕਿਉਂ?

ਉੱਤਰ : ਮੈਂ ਕਹਿ ਰਿਹਾ ਹਾਂ ਸੁਪਰੀਮ ਕੋਰਟ ਨੂੰ ਇਹ ਕੇਸ ਲੈਣਾ ਪਵੇਗਾ। ਜਦੋਂ ਸਰਕਾਰ ਨੇ ਬੁਨਿਆਦੀ ਹੱਕਾਂ ਅਤੇ ਸੰਵਿਧਾਨ ਦੀ ਉਲੰਘਣਾ ਕਰਕੇ ਕਾਨੂੰਨ ਬਣਾਏ ਹਨ ਤਾਂ ਸੁਪਰੀਮ ਕੋਰਟ ਨੂੰ ਅੱਗੇ ਆ ਕੇ ਇਨ੍ਹਾਂ ਨੂੰ ਰੱਦ ਕਰਨਾ ਚਾਹੀਦਾ ਹੈ। ਕਿਸਾਨ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੁਕੱਦਮਿਆਂ ਵਿੱਚ ਲੰਮਾ ਸਮਾਂ ਲੰਘ ਜਾਂਦਾ ਹੈ। ਦੇਸ਼ ਦੇ ਅੱਠ ਨਾਮੀ ਬੁੱਧੀਜੀਵੀਆਂ ਨੂੰ ਸਾਲ ਤੋਂ ਵੱਧ ਸਮੇਂ ਤੋਂ ਜ਼ਮਾਨਤ ਤਕ ਨਹੀਂ ਮਿਲ ਰਹੀ। ਅਰਨਬ ਗੋਸਵਾਮੀ ਨੂੰ 24 ਘੱਟਿਆਂ ਅੰਦਰ ਜ਼ਮਾਨਤ ਮਿਲ ਜਾਂਦੀ ਹੈ। ਕਿਸਾਨ ਸੰਵਿਧਾਨ ਦੀ ਰਾਖੀ ਕਰ ਰਹੇ ਹਨ। ਇਹ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਗੇ ਆ ਕੇ ਅਸੰਵਿਧਾਨਕ ਫੈਸਲਿਆਂ ’ਤੇ ਰੋਕ ਲਗਾਵੇ।



ਪ੍ਰਸ਼ਨ : ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦਾ ਸੁਝਾਅ ਦਿੰਦਿਆਂ ਤੁਹਾਡੇ ਨਾਮ ਦਾ ਖਾਸ ਜ਼ਿਕਰ ਵੀ ਕੀਤਾ ਸੀ? ਕਮੇਟੀ ਬਣਾਉਣ ਬਾਰੇ ਤੁਹਾਡਾ ਨਜ਼ਰੀਆ ਕੀ ਹੈ?

ਉੱਤਰ : ਮੈਂ ਸੁਪਰੀਮ ਕੋਰਟ ਦਾ ਇਸ ਲਈ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਨ੍ਹਾਂ ਮੈਨੂੰ ਇਸ ਦੇ ਯੋਗ ਸਮਝਿਆ ਪਰ ਸਰਕਾਰ ਨੇ ਕਮੇਟੀ ਬਣਾਉਣ ਵਾਲੀ ਦਿਸ਼ਾ ਵੱਲ ਕੋਈ ਕਦਮ ਨਹੀਂ ਉਠਾਇਆ। ਇਸ ਤੋਂ ਬਾਅਦ ਹੀ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਸੀ। ਦੇਸ਼ ਵਿੱਚ ਪਹਿਲਾਂ ਬਣੀਆਂ ਕਮੇਟੀਆਂ ਦਾ ਰਿਕਾਰਡ ਖ਼ਰਾਬ ਹੋਣ ਕਰਕੇ ਕਮੇਟੀਆਂ ਉੱਤੇ ਭਰੋਸਾ ਮੁਸ਼ਕਿਲ ਹੈ। ਇਸ ਦੇਸ਼ ਵਿੱਚ ਸਭ ਤੋਂ ਵੱਡਾ ਕਮਿਸ਼ਨ ਬਣਿਆ ਸੀ, ਜਿਸ ਦਾ ਨਾਮ ਨੈਸ਼ਨਲ ਕਮਿਸ਼ਨ ਆਨ ਫਾਰਮਰਜ਼ ਸੀ। ਡਾ. ਸਵਾਮੀਨਾਥਨ ਵੱਡੇ ਕੱਦ ਦੇ ਵਿਗਿਆਨੀ ਇਸ ਦੇ ਮੁਖੀ ਸਨ। ਇਸ ਕਰਕੇ ਇਸ ਕਮਿਸ਼ਨ ਦੀ ਰਿਪੋਰਟ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਦੇ ਕਿਸੇ ਵੀ ਅਨਪੜ੍ਹ ਕਿਸਾਨ ਨੂੰ ਜੇਕਰ ਦੋ ਸ਼ਬਦ ਅੰਗਰੇਜ਼ੀ ਦੇ ਆਉਂਦੇ ਹਨ ਤਾਂ ਉਹ ‘ਸਵਾਮੀਨਾਥਨ ਰਿਪੋਰਟ’ ਹੈ। ਕਾਂਗਰਸ ਅਤੇ ਭਾਜਪਾ ਦੋਵਾਂ ਨੇ 15 ਸਾਲਾਂ ਦੌਰਾਨ ਸੰਸਦ ਵਿੱਚ ਚਰਚਾ ਲਈ ਇੱਕ ਘੰਟਾ  ਨਹੀਂ ਕੱਢਿਆ। ਇਸ ਕਮਿਸ਼ਨ ਨੇ ਬੁੱਧੀਜੀਵੀਆਂ ਅਤੇ ਕਿਸਾਨਾਂ ਨਾਲ ਵਿਆਪਕ ਸੰਵਾਦ ਰਚਾਇਆ ਸੀ, ਇਸ ਲਈ ਭਾਵੇਂ ਰਿਪੋਰਟ ਨਾਲ ਸੌ ਫੀਸਦ ਸਹਿਮਤੀ ਨਾ ਹੋਵੇ ਪਰ 70 ਫੀਸਦ ਤੋਂ ਵੱਧ ਸਭ ਦੀ ਸਹਿਮਤੀ ਹੈ।


ਪ੍ਰਸ਼ਨ : ਮੋਦੀ ਸਰਕਾਰ ਕਹਿੰਦੀ ਹੈ ਕਿ ਉਸ ਨੇ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਹੈ?

ਉੱਤਰ : ਉਤਪਾਦਨ ਲਾਗਤ ਵਿੱਚ ਪਹਿਲਾ ਨੁਕਤਾ ਹੈ ਏ2, ਜਿਸ ਦਾ ਮਤਲਬ ਹੈ ਕਿ ਫ਼ਸਲ ਉਗਾਉਣ ਲਈ ਖ਼ਰਚ ਹੋਣ ਵਾਲੇ ਬੀਜ, ਤੇਲ, ਖਾਦ ਆਦਿ (ਇਨਪੁਟ) ਦੀ ਲਾਗਤ, ਉਸ ਤੋਂ ਬਾਅਦ ਦੂਸਰਾ ਪੱਖ ਪਰਿਵਾਰਕ ਲੇਬਰ। ਇਨ੍ਹਾਂ ਦੋਵਾਂ ਦੇ ਅਧਾਰ ’ਤੇ ਸਰਕਾਰ ਕਹਿੰਦੀ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ। ਜਦਕਿ ਸਵਾਮੀਨਥਾਨ ਰਿਪੋਰਟ ਅਤੇ ਕਿਸਾਨ ਕਹਿੰਦੇ ਹਨ ਕਿ ਵਿਆਪਕ ਲਾਗਤ (ਸੀ2) ਭਾਵ ਜ਼ਮੀਨ ਦਾ ਠੇਕਾ, ਕਰਜ਼ੇ ਦਾ ਵਿਆਜ਼ ਆਦਿ ਇਸ ਵਿੱਚ ਜੋੜੇ ਜਾਣ। ਦੁਨੀਆਂ ਵਿੱਚ ਕਿਹੜਾ ਵਪਾਰ ਹੈ ਜਿਸ ਵਿੱਚ ਇਹ ਖ਼ਰਚੇ ਨਹੀਂ ਜੋੜੇ ਜਾਂਦੇ। ਇਹ ਨਾ ਜੋੜਨ ਕਰਕੇ ਕਿਸਾਨ ਨੂੰ ਉਦਾਹਰਨ ਲਈ ਕਣਕ ਵਿੱਚ ਹੀ ਚਾਰ ਤੋਂ ਪੰਜ ਸੌ ਰੁਪਏ ਕੁਇੰਟਲ ਦਾ ਘਾਟਾ ਪੈਂਦਾ ਹੈ।


ਪ੍ਰਸ਼ਨ : ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਨਾਲ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ 17 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ, ਜੋ ਸੰਭਵ ਨਹੀਂ ਹੈ?

ਉੱਤਰ : ਕੇਂਦਰ ਦੀ ਸਰਕਾਰ ਹਰ ਸਾਲ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਾਰਪੋਰੇਟ ਘਰਾਣਿਆਂ ਦਾ ਗੈਰ ਵਾਪਸੀ ਵਾਲਾ (ਐੱਨਪੀਏ) ਕਰਜ਼ਾ ਮੁਆਫ਼ ਕਰਦੀ ਹੈ। ਵਿਜੈ ਮਾਲਿਆ, ਨੀਰਵ ਮੋਦੀ ਪਤਾ ਨਹੀਂ ਹੋਰ ਕਿੰਨੇ ‘ਮੋਦੀ’ ਹਜ਼ਾਰਾਂ ਕਰੋੜਾਂ ਦੱਬ ਕੇ ਬੈਠੇ ਹਨ। ਜੇ ਕਰੋੜਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤਾਂ ਤੁਹਾਡੇ ਕੋਲ ਪੈਸਾ ਨਹੀਂ ਹੈ। ਕੇਂਦਰ ਨੇ ਪਾਰਲੀਮੈਂਟ ਦੀ ਨਵੀਂ ਇਮਾਰਤ ਸੈਂਟਰ ਵਿਸਟਾ ਲਈ 20 ਹਜ਼ਾਰ ਕਰੋੜ ਰੁਪਏ ਰੱਖ ਲਏ ਅਤੇ ਅਦਾਲਤ ਤੋਂ ਵੀ ਮੋਹਰ ਲਗਾ ਲਈ। ਬੁਲੇਟ ਟਰੇਨ ਉੱਤੇ ਕਿੰਨਾ ਖਰਚ ਹੋਣਾ ਹੈ?
 


ਪ੍ਰਸ਼ਨ : ਬੇਜ਼ਮੀਨੇ ਜਾਂ ਮਾਮੂਲੀ ਜ਼ਮੀਨ ਵਾਲਿਆਂ ਦਾ ਗੁਜ਼ਾਰਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਨਾਲ ਕਿਵੇਂ ਹੋਵੇਗਾ?

ਉੱਤਰ : ਮੈਂ ਐੱਮਐੱਸਪੀ ਦਾ ਵੱਡਾ ਸਮਰਥਕ ਹਾਂ ਪਰ ਖਰੀਦ ਦੀ ਗਰੰਟੀ ਤੋਂ ਬਿਨਾਂ ਇਸ ਦੇ ਕੋਈ ਮਾਅਨੇ ਨਹੀਂ ਹਨ। ਬਹੁਤ ਥਾਵਾਂ ’ਤੇ ਸਰਕਾਰ ਇਸ ਦੀ ਕਾਨੂੰਨੀ ਗਰੰਟੀ ਨਾ ਹੋਣ ਕਰਕੇ ਪਿੱਛੇ ਹਟ ਜਾਂਦੀ ਹੈ। ਪਹਿਲਾਂ ਮੰਡੀਆਂ ਹੀ ਘੱਟ ਖੋਲ੍ਹੀਆਂ ਹਨ। ਉੱਥੇ ਵੀ ਏਜੰਸੀਆਂ ਦੇਰੀ ਨਾਲ ਪਹੁੰਚਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਵਾਪਸ ਆ ਜਾਂਦੀਆਂ ਹਨ। ਬਹੁਤ ਸਾਰੇ ਰਾਜਾਂ ਵਿੱਚ ਇਸੇ ਕਰਕੇ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਮਿਲ ਰਹੀ।


ਪ੍ਰਸ਼ਨ : ਸ਼ਾਂਤਾ ਕੁਮਾਰ ਕਮੇਟੀ ਅਤੇ ਅਸ਼ੋਕ ਗੁਲਾਟੀ ਵਰਗੇ ਅਰਥ ਸ਼ਾਸਤਰੀ ਕਹਿੰਦੇ ਹਨ ਕਿ ਐੱਮਐੱਸਪੀ ਦਾ ਲਾਭ ਕੇਵਲ ਛੇ ਫੀਸਦ ਕਿਸਾਨਾਂ ਨੂੰ ਹੁੰਦਾ ਹੈ? ਬਾਕੀ ਕਿਸਾਨਾਂ ਤੱਕ ਮੌਜੂਦਾ ਕਾਨੂੰਨ ਲਾਭ ਪਹੁੰਚਾਉਣਗੇ?

ਉੱਤਰ : ਲੱਗਦਾ ਹੈ ਕੱਲ੍ਹ ਦਾ ਭਾਸ਼ਣ ਮੈਂ ਅੱਜ ਹੀ ਦੇ ਰਿਹਾ ਹਾਂ। ਘੱਟੋ ਘੱਟ ਸਮਰਥਨ ਮੁੱਲ ਦਾ ਲਾਭ 12 ਫੀਸਦ ਕਿਸਾਨਾਂ ਤਕ ਪਹੁੰਚ ਗਿਆ ਹੈ। ਝੋਨਾ ਪੈਦਾਵਾਰ ਵਿੱਚ ਉੜੀਸਾ ਅਤੇ ਛਤੀਸ਼ਗੜ੍ਹ ਵਿੱਚੋਂ ਖਰੀਦ ਦਾ ਦਾਇਰਾ ਵਧ ਰਿਹਾ ਹੈ। ਕਣਕ ਲਈ ਮੱਧ ਪ੍ਰਦੇਸ਼ ਅੱਗੇ ਨਿਕਲ ਗਿਆ ਹੈ। ਦੂਸਰੀ ਗੱਲ ਇਹ ਹੈ ਕਿ ਜੇ ਦੋ-ਤਿੰਨ ਰਾਜਾਂ ਜਿਵੇਂ ਕੇਰਲਾ ਤੇ ਤਾਮਿਲਨਾਡੂ ਵਿੱਚ ਸਰਕਾਰੀ ਸਕੂਲ ਸਿੱਖਿਆ ਬਿਹਤਰ ਹੈ ਅਤੇ ਬਾਕੀ ਰਾਜਾਂ ਵਿੱਚ ਨਹੀਂ, ਤਾਂ ਕੀ ਜਿੱਥੇ ਬਿਹਤਰ ਹੈ ਉਨ੍ਹਾਂ ਦੇ ਸਰਕਾਰੀ ਸਕੂਲ ਵੀ ਬੰਦ ਕਰ ਦਿੱਤੇ ਜਾਣ ਜਾਂ ਦੂਸਰਿਆਂ ਵਿੱਚ ਵੀ ਉਹੋ ਜਿਹਾ ਸੁਧਾਰ ਕੀਤਾ ਜਾਵੇ? ਮੈਂ ਕਦੇ ਨਹੀਂ ਕਿਹਾ ਕਿ ਖੇਤੀ ਉਪਜ ਮਾਰਕੀਟ ਕਮੇਟੀ (ਏਪੀਐੱਮਸੀ) ਕਾਨੂੰਨ ਸਵਰਗ ਹੈ। ਕਿਸਾਨਾਂ ਨੂੰ ਇਸ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਹਨ ਪਰ ਬੁਨਿਆਦੀ ਸਵਾਲ ਇਹ ਹੈ ਕਿ ਕੀ ਕਮਿਊਨਿਟੀ ਖੇਤੀ ਜਾਂ ਕਾਰਪੋਰੇਟ ਲੈੱਡ ਖੇਤੀ ਚਾਹੀਦੀ ਹੈ। ਅਸ਼ੋਕ ਗੁਲਾਟੀ ਬਦਨੀਤੀ ਨਾਲ ਗੱਲ ਕਰਦੇ ਹਨ। ਜੇਕਰ ਕਾਰਪੋਰੇਟ ਲੈੱਡ ਖੇਤੀ ਚਾਹੁੰਦੇ ਹਨ ਤਾਂ ਖੁੱਲ੍ਹੇਆਮ ਆ ਕੇ ਕਹਿਣ ਕਿ ਉਹ ਇਸ ਦੇ ਪੱਖ ਵਿੱਚ ਹਨ।  ਸਿੰਘੂ ਅਤੇ ਟੀਕਰੀ ਦੇ ਅੰਦੋਲਨ ਦੀ ਮਹਾਨ ਗੱਲ ਇਹ ਹੈ ਕਿ ਬਹੁਤ ਸਾਲਾਂ ਬਾਅਦ ਦੇਖ ਰਿਹਾਂ ਹਾ ਕਿ ਕਿਸਾਨ ਵਰਗ ਸਿੱਧਾ ਕਾਰਪੋਰੇਟ ਨਾਲ ਲੜ ਰਿਹਾ ਹੈ। ਅਡਾਨੀ ਅਤੇ ਅੰਬਾਨੀ ਦਾ ਉਹ ਨਾਮ ਲੈ ਰਿਹਾ ਹੈ।


ਪ੍ਰਸ਼ਨ : ਹੁਣ ਡੈੱਡਲਾਕ ਵਰਗੀ ਹਾਲਤ ਹੈ, ਤੁਹਾਡੇ ਮੁਤਾਬਕ ਕੀ ਹੱਲ ਹੈ ?

ਉੱਤਰ : ਇਸ ਦਾ ਤੁਰੰਤ ਹੱਲ ਸਭ ਤੋਂ ਪਹਿਲਾਂ ਭਰੋਸਾ ਬਹਾਲੀ ਦੇ ਵਾਸਤੇ ਤਿੰਨੇ ਕਾਨੂੰਨ ਵਾਪਸ ਲਏ ਜਾਣ। ਸਸਪੈਂਡ ਕਰਨ ਨਾਲ ਗੱਲ ਨਹੀਂ ਬਣਨੀ। ਉਸ ਤੋਂ ਪਿੱਛੋਂ ਪਾਰਲੀਮੈਂਟ ਦਾ ਖੇਤੀ ਅਤੇ ਇਸ ਨਾਲ ਸਬੰਧਤ ਮੁੱਦਿਆਂ ’ਤੇ ਵਿਸ਼ੇਸ਼ ਪਰ ਮੁਕੰਮਲ ਸੈਸ਼ਨ ਬੁਲਾਇਆ ਜਾਵੇ, ਜਿਸ ਵਿੱਚ ਖੇਤੀ, ਪਾਣੀ ਦੇ ਨਿੱਜੀਕਰਨ, ਕਰਜ਼ਾ ਮੁਆਫ਼ੀ, ਸਵਾਮੀਨਾਥਨ ਰਿਪੋਰਟ, ਔਰਤ ਕਿਸਾਨ, ਆਦਿਵਾਸੀ, ਦਲਿਤ ਅਤੇ ਖੇਤ ਮਜ਼ਦੂਰਾਂ ਦੇ ਮੁੱਦਿਆਂ ਉੱਤੇ ਚਰਚਾ ਹੋਵੇ। ਬਹੁਤ ਸਾਰੇ ਜਮਹੂਰੀ ਮੁਲਕਾਂ ਵਿੱਚ ਇੱਕ ਰਵਾਇਤ ਹੈ। ਟਰੰਪ ਦੇ ਦੇਸ਼ ਵਿੱਚ ਵੀ ਹੈ। ਪਾਰਲੀਮੈਂਟ ਵਿੱਚ ਕਿਸਾਨਾਂ ਅਤੇ ਸਬੰਧਿਤ ਲੋਕਾਂ ਨੂੰ ਸੁਣਿਆ ਜਾਵੇ। ਉਹ ਆਪਣੇ ਤਜਰਬੇ ਵਿੱਚੋਂ ਦੱਸਣ ਕਿ ਖੇਤੀ ਖੇਤਰ ਨੂੰ ਕਿਸ ਤਰ੍ਹਾਂ ਠੀਕ ਪਾਸੇ ਤੋਰਿਆ ਜਾ ਸਕਦਾ ਹੈ। ਵੀਹ-ਪੱਚੀ ਸਾਲਾਂ ਤੋਂ ਕਿਸਾਨਾਂ ਨੂੰ ਮਿਲਣ ਵਾਲੇ ਕਰਜ਼ੇ ਦਾ ਤਰੀਕਾ ਬਦਲ ਦਿੱਤਾ ਹੈ, ਉਹ ਖੇਤੀ ਵਪਾਰ ਦੇ ਹਵਾਲੇ ਹੋ ਰਿਹਾ ਹੈ। ਮਿਸਾਲ ਵਜੋਂ ਮਹਾਰਾਸ਼ਟਰ ਦੇ ਕਿਸਾਨ ਦੇ ਨਾਂ ਉੱਤੇ ਮਿਲਣ ਵਾਲੇ ਕੁੱਲ ਲੋਨ ਦਾ 53 ਫੀਸਦ ਕੇਵਲ ਮੁੰਬਈ ਵਿੱਚ ਦਿੱਤਾ ਜਾਂਦਾ ਹੈ। ਮੁੰਬਈ ਵਿੱਚ ਖੇਤੀ ਅਤੇ ਕਿਸਾਨ ਕਿੱਥੇ ਹੈ? ਇਸ ਤੋਂ ਇਲਾਵਾ ਖੇਤੀ ਜਲਵਾਯੂ (ਐਗਰੋ ਐਕੋਲੋਜੀ) ਵਾਲੇ ਪਾਸੇ ਜਾਗਰੂਕਤਾ ਵਧਾਉਣ, ਖੇਤੀ ਨੂੰ ਜ਼ਹਿਰ ਮੁਕਤ ਅਤੇ ਕਾਰਪੋਰੇਟ ਮੁਕਤ ਕਰਨ ਵਾਲੇ ਪਾਸੇ ਯੋਜਨਾਬੰਦੀ ਬਣਾਉਣ ਦੀ ਲੋੜ ਹੈ। ਪੀਪਲਜ਼ ਆਰਕਾਈਵਜ਼ ਆਫ ਰੂਰਲ ਇੰਡੀਆ ਵੱਲੋਂ ਅਸੀਂ 22 ਅਲੱਗ ਅਲੱਗ ਜਲਵਾਯੂ ਜ਼ੋਨਾਂ ਤੋਂ ਸਟੋਰੀਆਂ ਕਰਵਾਈਆਂ ਹਨ। ਇਸ ਤੋਂ ਅਨੁਮਾਨ ਹੈ ਕਿ ਜਲਵਾਯੂ ਤਬਦੀਲੀ ਕਾਰਨ ਅਗਲੇ ਦੋ ਢਾਈ ਦਹਾਕਿਆਂ ਵਿੱਚ ਪੈਦਾਵਾਰ 25 ਫੀਸਦ ਤਕ ਘਟ ਸਕਦੀ ਹੈ।   


ਪ੍ਰਸ਼ਨ  :  ਦੇਸ਼ ਵਿੱਚ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?

ਉੱਤਰ : ਨੇਸ਼ਨ ਫਾਰ ਫਾਰਮਰਜ਼ ਨਾਲ ਮੈਂ ਜੁੜਿਆ ਹੋਇਆ ਹਾਂ, ਉਸ ਨੇ ‘ਕਿਸਾਨ ਬਚਾਓ ਦੇਸ਼ ਬਚਾਓ’ ਦਾ ਸੱਦਾ ਦਿੱਤਾ ਹੈ। ਹਰ ਜ਼ਿਲ੍ਹੇ ਵਿੱਚ ਸਮਾਗਮ ਕਰਨੇ। ਸਰਕਾਰ ਕਹਿ ਰਹੀ ਹੈ ਕਿ ਅੰਦੋਲਨ ਕੇਵਲ ਪੰਜਾਬ ਵਾਲੇ ਕਰ ਰਹੇ ਹਨ ਜਦਕਿ ਹਕੀਕਤ ਇਹ ਨਹੀਂ ਹੈ। ਫਿਰ ਵੀ ਜਨਤਕ ਵੰਡ ਪ੍ਰਣਾਲੀ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ। ਇਸ ਬਾਰੇ ਗੁਲਾਮ ਮਾਨਸਿਕਤਾ ਅਤੇ ਬਦਨੀਤ ਬੁੱਧੀਜੀਵੀ ਨਹੀਂ ਬੋਲਣਗੇ। ਜਿਹੜਾ ਉਹ ਕਹਿ ਰਹੇ ਹਨ ਕਿ ਇਹ ਅਮੀਰ ਕਿਸਾਨ ਦਾ ਅੰਦੋਲਨ ਹੈ, ਮੈਂ ਮਿਲਣਾ ਚਾਹੂੰਗਾ ਅਜਿਹੇ ਅਮੀਰ ਕਿਸਾਨ ਨੂੰ ਜੋ 2 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਸੜਕ ਉੱਤੇ ਸੌਂਦਾ ਹੋਵੇ ਅਤੇ 6 ਡਿਗਰੀ ਤਾਪਮਾਨ ਉੱਤੇ ਖੁੱਲ੍ਹੇ ਵਿੱਚ ਨਹਾ ਰਿਹਾ ਹੋਵੇ। ਮੈਂ ਸਟੋਰੀ ਲਿਖਣਾ ਚਾਹਾਂਗਾ ਜੇ ਅਜਿਹੇ ਅਮੀਰ ਸਾਹਮਣੇ ਆਉਣ।
‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ

... ਤੇ ਤੁਸੀਂ ਸੋਚਦੇ ਹੋ ਕਿ ਇਹ ਮਹਿਜ਼ ਕਿਸਾਨਾਂ ਦਾ ਮਸਲਾ ਹੈ ! - ਪੀ. ਸਾਈਨਾਥ

“ਇਸ ਕਾਨੂੰਨ ਜਾਂ ਇਹਦੇ ਕਿਸੇ ਨੇਮ ਜਾਂ ਫ਼ਰਮਾਨਾਂ ਤਹਿਤ ਨੇਕ ਨੀਅਤ ਨਾਲ ਕੀਤੇ ਜਾਂ ਕਲਪੇ ਗਏ ਕਿਸੇ ਕਾਰਜ ਬਦਲੇ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਅਫ਼ਸਰ ਜਾਂ ਕਿਸੇ ਵੀ ਹੋਰ ਵਿਅਕਤੀ ਖਿਲਾਫ਼ ਕੋਈ ਦਾਵਾ, ਮੁਕੱਦਮਾ ਜਾਂ ਕਿਸੇ ਕਿਸਮ ਦੀ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਜਾ ਸਕੇਗੀ।''
       ਇਹ ਹੈ ਕਿਸਾਨੀ ਉਪਜ ਵਪਾਰ ਤੇ ਵਣਜ (ਪ੍ਰੋਤਸਾਹਨ ਤੇ ਸਹਾਇਕ) ਕਾਨੂੰਨ, 2020 ਦੀ ਧਾਰਾ 13 (ਜਿਸ ਦਾ ਮਕਸਦ ਏਪੀਐਮਸੀਜ਼ ਨੂੰ ਦਫ਼ਨ ਕਰਨਾ ਹੈ)।
      ਤੁਹਾਡਾ ਕੀ ਖਿਆਲ ਹੈ ਕਿ ਇਹ ਕਾਨੂੰਨ ਸਿਰਫ਼ ਕਿਸਾਨਾਂ ਲਈ ਹਨ? ਯਕੀਨਨ, ਕੁਝ ਹੋਰ ਕਾਨੂੰਨ ਵੀ ਹਨ ਜੋ ਸਰਕਾਰੀ ਅਫ਼ਸਰਾਂ ਨੂੰ ਆਪਣੇ ਕਾਨੂੰਨੀ ਫ਼ਰਜ਼ ਅੰਜਾਮ ਦੇਣ ਬਦਲੇ ਮੁਕੱਦਮੇ ਤੋਂ ਛੋਟ ਦਿੰਦੇ ਹਨ ਪਰ ਇਹ ਕਾਨੂੰਨ ਉਨ੍ਹਾਂ ਤੋਂ ਕਿਤੇ ਉਪਰ ਹਨ। 'ਨੇਕ ਨੀਅਤ' ਨਾਲ ਕੰਮ ਕਰਨ ਵਾਲੇ ਇਨ੍ਹਾਂ ਸਭਨਾਂ ਨੂੰ ਦਿੱਤੀ ਛੋਟ ਹੱਦ ਬੰਨੇ ਟੱਪ ਜਾਂਦੀ ਹੈ। ਇਹੀ ਨਹੀਂ ਕਿ ਇਹ ਲੋਕ ਨੇਕ ਇਰਾਦੇ ਨਾਲ ਭਾਵੇਂ ਕੋਈ ਅਪਰਾਧ ਵੀ ਕਰ ਦੇਣ ਤਾਂ ਵੀ ਉਨ੍ਹਾਂ ਨੂੰ ਅਦਾਲਤ ਦੇ ਕਟਹਿਰੇ 'ਚ ਖੜ੍ਹਾ ਨਹੀਂ ਕੀਤਾ ਜਾ ਸਕੇਗਾ, ਸਗੋਂ ਉਨ੍ਹਾਂ ਨੂੰ ਉਸ ਕਾਨੂੰਨੀ ਕਾਰਵਾਈ ਤੋਂ ਵੀ ਪੂਰੀ ਸੁਰੱਖਿਆ ਦੇ ਦਿੱਤੀ ਹੈ ਜੋ ਗੁਨਾਹ (ਬਿਨਾਂ ਸ਼ੱਕ ਨੇਕ ਨੀਅਤ ਨਾਲ) ਉਨ੍ਹਾਂ ਨੇ ਅੱਗੇ ਚੱਲ ਕੇ ਕਰਨੇ ਹਨ।
      ਜੇ ਹਾਲੇ ਵੀ ਨੁਕਤਾ ਤੁਹਾਡੀ ਪਕੜ 'ਚ ਨਹੀਂ ਆਇਆ ਤਾਂ ਜਾਣ ਲਓ ਕਿ ਧਾਰਾ 15 ਇਹ ਸਪੱਸ਼ਟ ਕਰ ਦਿੰਦੀ ਹੈ ਕਿ ਤੁਹਾਡੇ ਕੋਲ ਕਾਨੂੰਨੀ ਚਾਰਾਜੋਈ ਦਾ ਕੋਈ ਹੱਕ ਨਹੀਂ ਹੈ। ਇਸ ਵਿਚ ਦਰਜ ਹੈ :


 ''ਕਿਸੇ ਵੀ ਦੀਵਾਨੀ ਅਦਾਲਤ ਕੋਲ ਅਜਿਹੇ ਕਿਸੇ ਵੀ ਮਾਮਲੇ ਦੇ ਸਬੰਧ ਵਿਚ ਕੋਈ ਵੀ ਦਾਵਾ ਜਾਂ ਅਰਜ਼ੀ ਦਾਖ਼ਲ ਕਰਨ ਦਾ ਕੋਈ ਅਧਿਕਾਰ ਖੇਤਰ ਨਹੀਂ ਹੋਵੇਗਾ ਜੋ ਇਸ ਕਾਨੂੰਨ ਅਧੀਨ ਜਾਂ ਇਸ ਦੇ ਨੇਮਾਂ ਤਹਿਤ ਅਧਿਕਾਰਤ ਕਿਸੇ ਅਥਾਰਿਟੀ ਦੇ ਧਿਆਨ ਵਿਚ ਲਿਆਂਦਾ ਜਾ ਸਕਦਾ ਜਾਂ ਨਿਬੇੜਿਆ ਜਾ ਸਕਦਾ ਹੈ।''



    ਨੇਕ ਨੀਅਤ ਨਾਲ ਕੰਮ ਕਰਨ ਵਾਲੇ ਇਹ 'ਕੋਈ ਵੀ ਹੋਰ ਲੋਕ' ਕੌਣ ਹੋਣਗੇ ਜਿਨ੍ਹਾਂ ਨੂੰ ਕਾਨੂੰਨੀ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ? ਇਕ ਇਸ਼ਾਰਾ ਦਿੰਦੇ ਹਾ ਂ: ਉਨ੍ਹਾਂ ਕਾਰਪੋਰੇਟ ਕੰਪਨੀਆਂ ਦੇ ਨਾਵਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਜੋ ਅੰਦੋਲਨਕਾਰੀ ਕਿਸਾਨਾਂ ਦੇ ਲਬਾਂ 'ਤੇ ਹਨ। ਇਹੀ ਤਾਂ ਹੈ ਵੱਡੇ ਵੱਡੇ ਕਾਰੋਬਾਰੀ ਘਰਾਣਿਆਂ ਲਈ ਕਾਰੋਬਾਰੀ ਸੌਖ (ease of business)।


       “ਕੋਈ ਵੀ ਦਾਵਾ, ਮੁਕੱਦਮਾ ਜਾਂ ਕਿਸੇ ਕਿਸਮ ਦੀ ਕਾਨੂੰਨੀ ਚਾਰਾਜੋਈ ਨਹੀਂ ਹੋ ਸਕੇਗੀ ...''

 ਸਿਰਫ ਇਹੀ ਨਹੀਂ ਕਿ ਕਿਸਾਨ ਕਾਨੂੰਨੀ ਚਾਰਾਜੋਈ ਨਹੀਂ ਕਰ ਸਕੇਗਾ। ਕੋਈ ਹੋਰ ਵੀ ਨਹੀਂ ਕਰ ਸਕੇਗਾ। ਲੋਕ ਹਿੱਤ ਪਟੀਸ਼ਨ ਦੇ ਮੁਕੱਦਮੇ 'ਤੇ ਵੀ ਇਹ ਲਾਗੂ ਹੋਵੇਗਾ। ਕੋਈ ਗ਼ੈਰ ਲਾਭਕਾਰੀ ਗਰੁਪ ਜਾਂ ਕੋਈ ਕਿਸਾਨ ਜਥੇਬੰਦੀ ਅਤੇ ਕੋਈ ਹੋਰ ਨਾਗਰਿਕ (ਕਿਸੇ ਨੇਕ ਜਾਂ ਬਦ ਨੀਅਤ ਨਾਲ ਵੀ) ਦਖ਼ਲ ਨਹੀਂ ਦੇ ਸਕੇਗਾ।
      ਬਿਨਾਂ ਸ਼ੱਕ, 1975-77 ਦੀ ਐਮਰਜੈਂਸੀ (ਜਦੋਂ ਸਿੱਧਮ ਸਿੱਧਾ ਸਾਡੇ ਸਾਰੇ ਬੁਨਿਆਦੀ ਅਧਿਕਾਰ ਮੁਲਤਵੀ ਕਰ ਦਿੱਤੇ ਗਏ ਸਨ) ਤੋਂ ਅੱਗੇ ਪਿੱਛੇ ਕਿਸੇ ਕਾਨੂੰਨੀ ਚਾਰਾਜੋਈ ਲਈ ਨਾਗਰਿਕ ਦੇ ਅਧਿਕਾਰ 'ਤੇ ਇਸ ਕਿਸਮ ਦੀਆਂ ਅਥਾਹ ਪਾਬੰਦੀਆਂ ਲਾਉਣ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ।
      ਭਾਰਤ ਦਾ ਹਰ ਨਾਗਰਿਕ ਇਸ ਦੀ ਮਾਰ ਹੇਠ ਆਉਂਦਾ ਹੈ। ਇਨ੍ਹਾਂ ਕਾਨੂੰਨਾਂ ਦੇ ਅੰਗਰੇਜ਼ੀ ਉਲੱਥੇ ਵਿਚ ਅਫ਼ਸਰਸ਼ਾਹੀ (ਹੇਠਲੇ ਦਰਜੇ ਦੀ) ਨੂੰ ਨਿਆਂਪਾਲਿਕਾ ਵਿਚ ਬਦਲ ਦਿੱਤਾ ਗਿਆ ਹੈ। ਇਹ ਕਾਨੂੰਨ ਕਿਸਾਨਾਂ ਤੇ ਦਿਓ ਕੱਦ ਕਾਰਪੋਰੇਸ਼ਨ ਕੰਪਨੀਆਂ ਦਰਮਿਆਨ ਬਹੁਤ ਹੀ ਅਸਾਵੇਂ ਸ਼ਕਤੀ ਸਮਤੋਲ ਦਾ ਵੀ ਦਰਪਣ ਹਨ।
      ਇਸ ਤੋਂ ਹੱਕੀ-ਬੱਕੀ ਹੋਈ ਦਿੱਲੀ ਬਾਰ ਕੌਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ : ਕਿਸੇ ਦੀਵਾਨੀ ਮਾਮਲਿਆਂ ਵਾਲੇ ਕਿਸੇ ਮੁਕੱਦਮੇ ਨੂੰ ਸਾਲਸੀ ਲਈ ਪ੍ਰਸ਼ਾਸਕੀ ਏਜੰਸੀਆਂ ਦੀ ਸ਼ਮੂਲੀਅਤ ਵਾਲੇ ਢਾਂਚੇ ਜਿਸ ਨੂੰ ਸਰਕਾਰੀ ਅਹਿਲਕਾਰਾਂ ਰਾਹੀਂ ਚਲਾਇਆ ਤੇ ਕੰਟਰੋਲ ਕੀਤਾ ਜਾਂਦਾ ਹੋਵੇ, ਦੇ ਹਵਾਲੇ ਕਿਵੇਂ ਕੀਤਾ ਜਾ ਸਕਦਾ ਹੈ? ਦਿੱਲੀ ਬਾਰ ਕੌਂਸਲ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਕਾਰਜਪਾਲਿਕਾ ਨੂੰ ਨਿਆਇਕ ਸ਼ਕਤੀਆਂ ਸੌਂਪਣ ਦੀ ਕਾਰਵਾਈ 'ਖ਼ਤਰਨਾਕ ਤੇ ਬੱਜਰ ਭੁੱਲ' ਹੈ। ਤੇ ਨਾਲ ਹੀ ਕਾਨੂੰਨੀ ਪੇਸ਼ੇ 'ਤੇ ਇਸ ਦੇ ਪੈਣ ਵਾਲੇ ਅਸਰ ਬਾਰੇ ਲਿਖਿਆ ਹੈ।
       ਕੀ ਤੁਸੀਂ ਹਾਲੇ ਵੀ ਇਹੀ ਸੋਚ ਰਹੇ ਹੋ ਕਿ ਇਨ੍ਹਾਂ ਕਾਨੂੰਨਾਂ ਦਾ ਵਾਸਤਾ ਸਿਰਫ ਕਿਸਾਨਾਂ ਨਾਲ ਹੈ? ਇਕਰਾਰਨਾਮਿਆਂ (contracts) ਬਾਰੇ ਕਾਨੂੰਨ ૶ ਕੀਮਤ ਜ਼ਾਮਨੀ ਅਤੇ ਖੇਤੀ ਸੇਵਾਵਾਂ ਬਾਰੇ ਕਿਸਾਨਾਂ ਦੇ (ਸ਼ਕਤੀਕਰਨ ਅਤੇ ਸੁਰੱਖਿਆ) ਕਾਨੂੰਨ, 2020 ਵਿਚ ਕਾਰਜਪਾਲਿਕਾ ਨੂੰ ਹੋਰ ਵੀ ਜ਼ਿਆਦਾ ਨਿਆਇਕ ਸ਼ਕਤੀਆਂ ਤਬਦੀਲ ਕੀਤੀਆਂ ਗਈਆਂ ਹਨ। ਇਸ ਦੀ ਧਾਰਾ 18 ਮੁੜ ਜੁਗਾਲੀ ਕਰਦੀ ਹੈ

''ਕਿਸੇ ਵੀ ਦੀਵਾਨੀ ਅਦਾਲਤ ਕੋਲ ਅਜਿਹੇ ਕਿਸੇ ਵੀ ਵਿਵਾਦ ਮੁਤੱਲਕ ਕੋਈ ਦਾਵਾ ਸੁਣਵਾਈ ਲਈ ਮਨਜ਼ੂਰ ਕਰਨ ਦਾ ਦਾਇਰਾ ਅਖ਼ਤਿਆਰ ਨਹੀਂ ਹੋਵੇਗਾ ਜਿਸ 'ਤੇ ਸਬ ਡਿਵੀਜ਼ਨਲ ਅਹਿਲਕਾਰ ਜਾਂ ਅਪੀਲੀ ਅਥਾਰਿਟੀ ਨੂੰ ਇਸ ਕਾਨੂੰਨ ਤਹਿਤ ਫ਼ੈਸਲਾ ਕਰਨ ਦਾ ਅਖ਼ਤਿਆਰ ਹੋਵੇ ਅਤੇ ਕਿਸੇ ਵੀ ਅਦਾਲਤ ਜਾਂ ਹੋਰ ਕਿਸੇ ਅਥਾਰਿਟੀ ਵਲੋਂ ਇਸ ਕਾਨੂੰਨ ਤਹਿਤ ਜਾਂ ਇਸ ਦੇ ਨੇਮਾਂ ਤਹਿਤ ਸੌਂਪੇ ਗਏ ਅਖਤਿਆਰਾਂ ਮੁਤਾਬਕ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੇ ਸਬੰਧ ਵਿਚ ਕੋਈ ਮਨਾਹੀ ਹੁਕਮ ਜਾਰੀ ਨਹੀਂ ਕੀਤੇ ਜਾ ਸਕਣਗੇ।''

ਜ਼ਰਾ ਸੋਚ, ਭਾਰਤੀ ਸੰਵਿਧਾਨ ਦੀ ਧਾਰਾ 19 ਬੋਲਣ ਤੇ ਸਵੈ ਪ੍ਰਗਟਾਵੇ, ਸ਼ਾਂਤਮਈ ਢੰਗ ਨਾਲ ਇਕੱਠੇ ਹੋਣ, ਘੁੰਮਣ ਫਿਰਨ, ਸਭਾਵਾਂ ਤੇ ਜਥੇਬੰਦੀਆਂ ਦਾ ਗਠਨ ਕਰਨ ਆਦਿ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਇਸ ਖੇਤੀ ਕਾਨੂੰਨ ਦੀ ਧਾਰਾ 19 ਦਾ ਲਬੋਲਬਾਬ ਸੰਵਿਧਾਨ ਦੀ ਧਾਰਾ 32 'ਤੇ ਵੀ ਸੱਟ ਮਾਰਦਾ ਹੈ, ਜੋ ਸੰਵਿਧਾਨਕ ਉਪਚਾਰ (ਕਾਨੂੰਨੀ ਚਾਰਾਜੋਈ) ਦੇ ਹੱਕ ਦੀ ਜ਼ਾਮਨੀ ਦਿੰਦੀ ਹੈ। ਧਾਰਾ 32 ਨੂੰ ਸੰਵਿਧਾਨ ਦੇ ਮੂਲ ਢਾਂਚੇ ਦਾ ਹਿੱਸਾ ਤਸਲੀਮ ਕੀਤਾ ਗਿਆ ਹੈ।
       'ਮੁੱਖਧਾਰਾ ਮੀਡੀਆ' (ਕੇਹਾ ਸਿਤਮ ਹੈ ਕਿ ਇਹ ਫ਼ਿਕਰਾ ਅਜਿਹੇ ਮੰਚਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੀ ਸਮੱਗਰੀ 'ਚ 70 ਫ਼ੀਸਦ ਆਬਾਦੀ ਨਾਲ ਕੋਈ ਸਰੋਕਾਰ ਹੀ ਨਹੀਂ ਹੈ) ਨੂੰ ਯਕੀਨਨ ਪਤਾ ਹੈ ਕਿ ਭਾਰਤੀ ਜਮਹੂਰੀਅਤ ਉੱਤੇ ਇਨ੍ਹਾਂ ਨਵੇਂ ਕਾਨੂੰਨਾਂ ਦਾ ਕੀ ਅਸਰ ਪੈਣਾ ਹੈ ਪਰ ਉਨ੍ਹਾਂ ਲਈ ਲੋਕ ਹਿੱਤ ਜਾਂ ਲੋਕਸ਼ਾਹੀ ਨਾਲੋਂ ਮੁਨਾਫ਼ੇ ਦੀ ਖਿੱਚ ਕਿਤੇ ਜ਼ਿਆਦਾ ਪੁਰਜ਼ੋਰ ਹੈ। ਹਿੱਤਾਂ ਦੇ ਟਕਰਾਅ ਬਾਰੇ ਜੇ ਕੋਈ ਭਰਮ ਭੁਲੇਖਾ ਹੈ ਤਾਂ ਲਾਹ ਦਿਓ। ਅਸਲ ਵਿਚ ਇਹ ਮੀਡੀਆ ਵੀ ਕਾਰਪੋਰੇਸ਼ਨਾਂ ਹੀ ਤਾਂ ਹਨ। ਸਭ ਤੋਂ ਵੱਡੀਆਂ ਭਾਰਤੀ ਕਾਰਪੋਰੇਸ਼ਨਾਂ ਦਾ ਬਿੱਗਬੌਸ ਵੀ ਇਸ ਮੁਲਕ ਦਾ ਇਕ ਸਭ ਤੋਂ ਧਨਾਢ ਤੇ ਸਭ ਤੋਂ ਵੱਡਾ ਮੀਡੀਆ ਮਾਲਕ ਹੀ ਹੈ। ਦਿੱਲੀ ਦੀ ਫਿਰਨੀ 'ਤੇ ਡਟੇ ਬੈਠੇ ਕਿਸਾਨ ਜਿਹੜੇ ਕੁਝ ਲੋਕਾਂ ਦਾ ਨਾਂ ਕੂਕਦੇ ਹਨ, ਉਨ੍ਹਾਂ 'ਚ ਕੁਝ ਨਾਂ ਦੇਸ਼ ਦੇ ਵੱਡੇ ਸਨਅਤਕਾਰਾਂ ਦੇ ਵੀ ਹਨ। ਥੋੜ੍ਹਾ ਹੇਠਲੇ ਪੱਧਰਾਂ 'ਤੇ ਵੀ ਕਾਫ਼ੀ ਦੇਰ ਤੋਂ ਚੌਥੇ ਸਤੰਭ ਅਤੇ ਰੀਅਲ ਅਸਟੇਟ ਵਿਚਕਾਰ ਫ਼ਰਕ ਕਰਨਾ ਮੁਸ਼ਕਿਲ ਹੈ। 'ਮੁੱਖਧਾਰਾ ਦਾ ਮੀਡੀਆ' ਵੀ ਇਸ ਜਿਲ੍ਹਣ 'ਚ ਡੁੱਬਿਆ ਪਿਆ ਹੈ ਤੇ ਉਸ ਤੋਂ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਉਹ ਕਾਰਪੋਰੇਸ਼ਨਾਂ ਨਾਲੋਂ ਲੋਕਾਂ ਦੇ ਹਿੱਤਾਂ (ਕਿਸਾਨਾਂ ਦੇ ਹਿੱਤਾਂ ਦੀ ਤਾਂ ਰਹਿਣ ਹੀ ਦਿਓ) ਨੂੰ ਮੂਹਰੇ ਰੱਖਣਗੇ। ਅਖ਼ਬਾਰਾਂ ਤੇ ਚੈਨਲਾਂ 'ਤੇ ਕਿਸਾਨਾਂ ਨੂੰ ਸ਼ੈਤਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ : ਰਈਸ ਕਿਸਾਨ, ਸਿਰਫ਼ ਪੰਜਾਬ ਤੋਂ ਆਏ ਹੋਏ, ਖਾਲਿਸਤਾਨੀ, ਦੰਭੀ, ਕਾਂਗਰਸੀ ਪਿੱਠੂ ਤੇ ਕਈ ਹੋਰ ਲਕਬ ਦੇਣ ਵਾਲੀਆਂ ਇਕ ਤੋਂ ਬਾਅਦ ਇਕ ਸਿਆਸੀ ਰਿਪੋਰਟਾਂ (ਕੁਝ ਕੁ ਬਹੁਤ ਚੰਗੀਆਂ ਵੀ ਸਨ) ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵੱਡੇ ਮੀਡੀਆ ਦੇ ਸੰਪਾਦਕੀਆਂ ਦੀ ਸੁਰ ਕੁਝ ਵੱਖਰੀ ਸੀ, ਮਗਰਮੱਛ ਦੇ ਹੰਝੂਆਂ ਵਾਲੀ, ਜਿਵੇਂ 'ਸਰਕਾਰ ਨੂੰ ਇਸ ਮੁੱਦੇ ਨੂੰ ਬਿਹਤਰ ਢੰਗ ਨਾਲ ਸਿੱਝਣਾ ਚਾਹੀਦਾ ਸੀ। ਆਖਰਕਾਰ ਇਹ ਵਿਚਾਰੇ ਅਕਲ ਦੇ ਅੰਨ੍ਹਿਆਂ ਦੇ ਟੋਲੇ ਹੀ ਹਨ ਜਿਹੜੇ ਕੁਝ ਵੇਖ ਨਹੀਂ ਸਕਦੇ ਤੇ ਇਨ੍ਹਾਂ ਨੂੰ ਨਿਜ਼ਾਮ ਦੇ ਅਰਥ ਸ਼ਾਸਤਰੀਆਂ ਅਤੇ ਪ੍ਰਧਾਨ ਮੰਤਰੀ ਦੀ ਦਾਨਿਸ਼ਮੰਦੀ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਕਿੱਡੇ ਲਾਭਕਾਰੀ ਕਾਨੂੰਨ ਲਿਆਂਦੇ ਹਨ ਜੋ ਕਿਸਾਨਾਂ ਅਤੇ ਦੇਸ਼ ਦੇ ਅਰਥਚਾਰੇ ਲਈ ਇੰਨੇ ਅਹਿਮ ਹਨ।' ਆਖਰ 'ਚ ਸੰਪਾਦਕੀਆਂ ਦਾ ਤੋੜਾ ਹੁੰਦਾ : ਇਹ ਕਾਨੂੰਨ ਅਹਿਮ ਤੇ ਜ਼ਰੂਰੀ ਹਨ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
      ਇਕ ਅੰਗਰੇਜ਼ੀ ਅਖ਼ਬਾਰ ਵਿਚ ਲਿਖਿਆ ਹੈ: ''ਇਸ ਸਮੁੱਚੇ ਘਟਨਾਕ੍ਰਮ ਦੌਰਾਨ ਨੁਕਸ ਸੁਧਾਰਾਂ ਵਿਚ ਨਹੀਂ ਸਗੋਂ ਇਸ ਵਿਚ ਹਨ ਕਿ ਸਰਕਾਰ ਨੇ ਜਿਸ ਢੰਗ ਨਾਲ ਖੇਤੀ ਕਾਨੂੰਨ ਪਾਸ ਕਰਵਾਏ ਹਨ ਅਤੇ ਸਰਕਾਰ ਦੀ ਸੰਚਾਰ ਰਣਨੀਤੀ ਜਾਂ ਇਸ ਦੀ ਅਣਹੋਂਦ ਵਿਚ ਪਏ ਹਨ।" ਅਖ਼ਬਾਰ ਨੂੰ ਇਸ ਗੱਲ ਦਾ ਵੀ ਫਿਕਰ ਹੈ ਕਿ ਕਿਤੇ ਇਸ ਗਾਹ ਦਾ ਅਸਰ ਇਨ੍ਹਾਂ ਤਿੰਨ ਖੇਤੀ ਸੁਧਾਰਾਂ ਜਿਹੀਆਂ ਸੁਧਾਰਾਂ ਦੀਆਂ ਹੋਰਨਾਂ ਪਾਕ-ਸਾਫ਼ ਯੋਜਨਾਵਾਂ 'ਤੇ ਨਾ ਪੈ ਜਾਵੇ ਜੋ ਭਾਰਤੀ ਖੇਤੀਬਾੜੀ ਵਿਚਲੀਆਂ ਅਸਲ ਸੰਭਾਵਨਾਵਾਂ ਦਾ ਲਾਹਾ ਵੱਟਣ ਲਈ ਜ਼ਰੂਰੀ ਹਨ।
     ਇਕ ਹੋਰ ਅੰਗਰੇਜ਼ੀ ਅਖ਼ਬਾਰ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਸਰਕਾਰਾਂ ਦਾ ਮੂਲ ਕਾਰਜ ਕਿਸਾਨਾਂ ਅੰਦਰ ਇਹ ਭੁਲੇਖਾ ਦੂਰ ਕਰਨਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਦਾ ਖਾਤਮਾ ਹੋਣ ਜਾ ਰਿਹਾ ਹੈ...। ਆਖਰਕਾਰ ਕੇਂਦਰ ਸਰਕਾਰ ਦਾ ਸੁਧਾਰਾਂ ਦਾ ਪੈਕੇਜ ਖੇਤੀ ਵਪਾਰ ਵਿਚ ਪ੍ਰਾਈਵੇਟ ਭਿਆਲੀ ਨੂੰ ਸੁਧਾਰਨ ਦਾ ਸੁਹਿਰਦ ਯਤਨ ਹੈ। ਖੇਤੀ ਆਮਦਨ ਦੁੱਗਣੀ ਕਰਨ ਦੀਆਂ ਆਸਾਂ ਇਨ੍ਹਾਂ ਨਵਜੰਮੇ ਸੁਧਾਰਾਂ ਦੀ ਸਫਲਤਾ 'ਤੇ ਟਿਕੀਆਂ ਹੋਈਆਂ ਹਨ, ਤੇ ਇਹੋ ਜਿਹੇ ਸੁਧਾਰ ਭਾਰਤੀ ਖੁਰਾਕ ਬਾਜ਼ਾਰ ਦੀਆਂ ਤਰੁੱਟੀਆਂ ਵੀ ਦੂਰ ਕਰਨਗੇ। ਇਕ ਹੋਰ ਅੰਗਰੇਜ਼ੀ ਅਖ਼ਬਾਰ ਅਨੁਸਾਰ : ''ਇਸ ਪੇਸ਼ਕਦਮੀ (ਨਵੇਂ ਕਾਨੂੰਨ) ਦਾ ਇਕ ਠੋਸ ਤਰਕ ਹੈ ਅਤੇ ਕਿਸਾਨਾਂ ਨੂੰ ਇਹ ਮੰਨਣਾ ਪਵੇਗਾ ਕਿ ਕਾਨੂੰਨਾਂ ਦੀ ਹਕੀਕਤ ਬਦਲਣ ਵਾਲੀ ਨਹੀਂ ਹੈ।'' ਇਸ ਦੇ ਨਾਲ ਹੀ ਸੰਪਾਦਕੀ ਸੰਵੇਦਨਸ਼ੀਲ ਹੋਣ ਦਾ ਵਾਸਤਾ ਪਾਉਂਦੀ ਹੈ, ਉਹ ਵੀ ਉਨ੍ਹਾਂ ਹੀ ਕਿਸਾਨਾਂ ਨੂੰ ਜੋ ਇਸ ਦੀ ਨਜ਼ਰ ਵਿਚ 'ਕੱਟੜਵਾਦੀ-ਪਛਾਣ ਦੇ ਮੁੱਦਿਆਂ' ਨਾਲ ਖੇਡ ਰਹੇ ਹਨ ਅਤੇ ਅਤਿਵਾਦੀ ਮੁਹਾਵਰੇ ਤੇ ਕਾਰਵਾਈਆਂ ਸੰਗ ਖੜ੍ਹੇ ਹੋਏ ਹਨ।
    ਸਰਕਾਰ ਸ਼ਾਇਦ ਇਨ੍ਹਾਂ ਸਵਾਲਾਂ ਨਾਲ ਖੌਝਲ ਰਹੀ ਹੈ ਕਿ ਕਿਸਾਨ ਅਣਜਾਣਪੁਣੇ 'ਚ ਅਜਿਹੇ ਕਿਹੜੇ ਸਾਜ਼ਿਸ਼ੀਆਂ ਦੀ ਦੀ ਤਰਜਮਾਨੀ ਕਰਦੇ ਹਨ ਤੇ ਉਹ ਕਿਨ੍ਹਾਂ ਦੇ ਇਸ਼ਾਰੇ 'ਤੇ ਚਲਦੇ ਹਨ। ਸੰਪਾਦਕੀ ਲੇਖਕਾਂ ਨੂੰ ਸ਼ਾਇਦ ਇਸ ਬਾਰੇ ਜ਼ਿਆਦਾ ਚਾਨਣ ਹੋਵੇਗਾ ਕਿ ਉਹ ਲੋਕ ਕਿਨ੍ਹਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਨੂੰ ਕਾਰਪੋਰੇਟ ਦੇ ਜੁਬਾੜਿਆਂ ਦੀ ਗਰਾਹੀ ਬਣਨ ਦਾ ਕੋਈ ਖਤਰਾ ਨਹੀਂ ਹੈ ਜੋ ਉਨ੍ਹਾਂ ਦੀਆਂ ਪਾਲਣਹਾਰ ਹਨ। ਕੁਝ ਕੁ ਸਾਰਥਕ ਤੇ ਨਿਸਬਤਨ ਘੱਟ ਉਲਾਰ ਟੈਲੀਵਿਜ਼ਨਾਂ 'ਤੇ ਵੀ ਕੁਝ ਬੰਧੂਆਂ ਮਾਹਿਰਾਂ ਤੇ ਬੁੱਧੀਜੀਵੀਆਂ ਦੇ ਸਾਹਮਣੇ ਬਹਿਸ ਦੇ ਸਵਾਲ ਹਮੇਸ਼ਾ ਨਿਜ਼ਾਮ ਦੇ ਚੌਖਟੇ ਵਿਚ ਹੀ ਰੱਖੇ ਜਾਂਦੇ ਹਨ।
      ਆਖ਼ਰ ਹੁਣੇ ਕਿਉਂ? ਅਤੇ ਕਿਰਤ ਕਾਨੂੰਨਾਂ 'ਚ ਸੋਧਾਂ ਲਈ ਵੀ ਇੰਨੀ ਕਾਹਲ ਕਿੳਂਂ ਪਈ ਹੋਈ ਹੈ, ਇਹੋ ਜਿਹੇ ਗੰਭੀਰ ਸਵਾਲਾਂ 'ਤੇ ਇਕ ਵਾਰ ਵੀ ਧਿਆਨ ਕੇਂਦਰਤ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪਿਛਲੀਆਂ ਚੋਣਾਂ ਵਿਚ ਜ਼ਬਰਦਸਤ ਬਹੁਮਤ ਹਾਸਲ ਕੀਤਾ ਸੀ। ਘੱਟੋ-ਘੱਟ ਹੋਰ ਦੋ-ਤਿੰਨ ਸਾਲ ਉਨ੍ਹਾਂ ਦਾ ਬਹੁਮਤ ਕਾਇਮ ਰਹੇਗਾ। ਭਾਜਪਾ ਸਰਕਾਰ ਕਿਉਂ ਮਹਿਸੂਸ ਕਰਦੀ ਹੈ ਕਿ ਮਹਾਮਾਰੀ ਦਾ ਇਹ ਸਮਾਂ ਬਿਮਾਰੀ ਵੱਲ ਫੌਰੀ ਧਿਆਨ ਦੇਣ ਦੇ ਹੋਰ ਹਜ਼ਾਰਾਂ ਕੰਮ ਛੱਡ ਕੇ ਇਹ ਕਾਨੂੰਨ ਲਾਗੂ ਕਰਵਾਉਣ ਦਾ ਸਭ ਤੋਂ ਵਧੀਆ ਮੌਕਾ ਹੈ?
      ਖ਼ੈਰ, ਗਿਣਤੀ ਮਿਣਤੀ ਇਹ ਸੀ ਕਿ ਇਹੀ ਸਮਾਂ ਹੈ ਜਦੋਂ ਕੋਵਿਡ-19 ਦੇ ਭੰਨੇ ਤੇ ਮਹਾਮਾਰੀ ਤੋਂ ਦਬਕਾਏ ਕਿਸਾਨ ਤੇ ਮਜ਼ਦੂਰ ਲਾਮਬੰਦ ਹੋ ਕੇ ਅਸਰਦਾਰ ਜਵਾਬ ਨਹੀਂ ਦੇ ਸਕਣਗੇ। ਥੋੜ੍ਹੇ ਸ਼ਬਦਾਂ 'ਚ, ਇਹੋ ਜਿਹਾ ਮੌਕਾ ਸ਼ਾਇਦ ਫ਼ਿਰ ਛੇਤੀ ਕੀਤਿਆਂ ਹੱਥ ਨਹੀਂ ਲੱਗਣਾ। ਇਸ ਦਰਮਿਆਨ ਉਨ੍ਹਾਂ ਦੀ ਟੇਕ ਆਪਣੇ ਕੁਝ ਉਨ੍ਹਾਂ ਮਾਹਿਰਾਂ 'ਤੇ ਸੀ ਜਿਨ੍ਹਾਂ 'ਚੋਂ ਕੁਝ ਦਾ ਕਹਿਣਾ ਸੀ ਕਿ ਇਹ '1991 ਦੇ ਸੁਧਾਰਾਂ' ਵਰਗਾ ਦੂਜਾ ਪਲ, ਤਿੱਖੇ ਸੁਧਾਰਾਂ ਨੂੰ ਅਗਾਂਹ ਵਧਾਉਣ, ਡਿੱਗੇ ਹੌਸਲਿਆਂ, ਮੁਸੀਬਤ ਤੇ ਅਫ਼ਰਾ-ਤਫ਼ਰੀ ਤੋਂ ਲਾਹਾ ਉਠਾਉਣ ਦਾ ਮੌਕਾ ਹੈ। ਉੱਘੇ ਸੰਪਾਦਕਾਂ ਨੇ ਸਰਕਾਰ ਨੂੰ ਨਸੀਹਤਾਂ ਦਿੱਤੀਆਂ ਕਿ ''ਵਧੀਆ ਸੰਕਟ ਨੂੰ ਅਜਾਈਂ ਨਾ ਜਾਣ ਦਿਓ'', ਤੇ ਨੀਤੀ ਆਯੋਗ ਦਾ ਮੁਖੀ ਜਿਸ ਨੂੰ ਇਹ ਦੇਖ ਕੇ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਭਾਰਤ ਵਿਚ 'ਲੋੜ ਤੋਂ ਜ਼ਿਆਦਾ ਹੀ ਲੋਕਰਾਜ' ਹੁੰਦਾ ਜਾ ਰਿਹਾ ਹੈ।
       ਕਾਨੂੰਨਾਂ ਦੇ ਗ਼ੈਰਸੰਵਿਧਾਨਕ ਹੋਣ ਦੇ ਬਹੁਤ ਅਹਿਮ ਸਵਾਲ ਬਾਰੇ ਕੋਈ ਚਲਦੀ ਚਲਦੀ, ਸਰਸਰੀ ਤੇ ਗ਼ੈਰਸੰਜੀਦਾ ਟਿੱਪਣੀ ਨਹੀਂ ਹੋ ਸਕਣੀ। ਕੇਂਦਰ ਨੇ ਇਸ ਕਾਨੂੰਨ ਰਾਹੀਂ ਸੂਬਾਈ ਵਿਸ਼ੇ 'ਤੇ ਕਿਵੇਂ ਛਾਪਾ ਮਾਰਿਆ ਹੈ ਜਿੱਥੇ ਉਸ ਦਾ ਕੋਈ ਹੱਕ ਨਹੀਂ ਬਣਦਾ।
      ਸੰਪਾਦਕੀਆਂ ਵਿਚ ਇਸ 'ਤੇ ਖਾਸ ਚਰਚਾ ਨਹੀਂ ਕੀਤੀ ਗਈ ਕਿ ਕਿਸਾਨਾਂ ਨੇ ਕਮੇਟੀਆਂ ਦੀ ਮੌਤੇ ਮਰਨ ਦੀ ਸਰਕਾਰੀ ਪੇਸ਼ਕਸ਼ ਨੂੰ ਕਿਉਂ ਇੰਨੀ ਕੁਰਖ਼ਤਗੀ ਨਾਲ ਦਰਕਿਨਾਰ ਕਰ ਦਿੱਤਾ ਸੀ। ਜੇ ਕਿਸੇ ਕਮੇਟੀ ਦੀ ਰਿਪੋਰਟ ਤੇ ਉਸ ਦੀਆਂ ਮੰਗਾਂ ਨੂੰ ਦੇਸ਼ ਭਰ ਦਾ ਹਰ ਕਿਸਾਨ ਜਾਣਦਾ ਹੈ ਤਾਂ ਉਹ ਹੈ ਕੌਮੀ ਕਿਸਾਨ ਕਮਿਸ਼ਨ (National Commission on Farmers) ਜਿਸ ਨੂੰ ਉਹ ਸਵਾਮੀਨਾਥਨ ਰਿਪੋਰਟ ਸੱਦਦੇ ਹਨ। ਹਾਲਾਂਕਿ ਕਾਂਗਰਸ ਤੇ ਭਾਜਪਾ, ਦੋਵਾਂ ਨੇ ਇਸ ਰਿਪੋਰਟ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਇਨ੍ਹਾਂ 'ਚ ਹੋੜ ਲੱਗੀ ਹੈ ਕਿ ਇਸ ਰਿਪੋਰਟ ਨੂੰ ਪਹਿਲਾਂ ਕੌਣ ਦਫ਼ਨਾਏਗਾ।
      ਹਾਂ, ਯਾਦ ਆਇਆ ਨਵੰਬਰ 2018, ਜਦੋਂ ਉਸ ਰਿਪੋਰਟ ਦੀਆਂ ਕੁਝ ਮੁੱਖ ਸਿਫ਼ਾਰਸ਼ਾਂ ਲਾਗੂ ਕਰਵਾਉਣ ਲਈ ਇਕ ਲੱਖ ਤੋਂ ਜ਼ਿਆਦਾ ਲੋਕ ਦਿੱਲੀ ਵਿਚ ਪਾਰਲੀਮੈਂਟ ਦੇ ਨੇੜੇ ਇਕੱਤਰ ਹੋਏ ਸਨ। ਉਨ੍ਹਾਂ ਕਰਜ਼ ਮੁਆਫ਼ੀ, ਐਮਐਸਪੀ ਦੀ ਜ਼ਾਮਨੀ ਅਤੇ ਖੇਤੀਬਾੜੀ ਸੰਕਟ 'ਤੇ ਵਿਚਾਰ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਜਿਹੀਆਂ ਕੁਝ ਮੰਗਾਂ ਰੱਖੀਆਂ ਸਨ। ਬਹੁਤੀਆਂ ਉਹੀ ਮੰਗਾਂ ਹਨ ਜੋ ਇਸ ਵੇਲੇ ਕਿਸਾਨ ਲੈ ਕੇ ਦਿੱਲੀ ਦਰਬਾਰ ਨੂੰ ਵੰਗਾਰ ਰਹੇ ਹਨ, ਉਹ ਵੀ ਸਿਰਫ਼ ਪੰਜਾਬ ਤੋਂ ਨਹੀਂ ਸਗੋਂ 22 ਰਾਜਾਂ ਤੇ ਚਾਰ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਤੋਂ ਆਏ ਸਨ।
      ਸਰਕਾਰ ਦਾ ਚਾਹ ਦਾ ਕੱਪ ਪੀਣ ਤੋਂ ਵੀ ਇਨਕਾਰ ਕਰਨ ਵਾਲੇ ਕਿਸਾਨਾਂ ਨੇ ਦਿਖਾਇਆ ਹੈ ਕਿ ਉਨ੍ਹਾਂ ਬਾਰੇ ਭੈਅਭੀਤ ਅਤੇ ਮੁਥਾਜ ਹੋਣ ਦੇ ਅਨੁਮਾਨ ਗ਼ਲਤ ਸਨ। ਉਹ ਆਪਣੇ (ਤੇ ਸਾਡੇ ਵੀ) ਹੱਕਾਂ ਦੀ ਖਾਤਰ ਡਟਣ ਦੇ ਇੱਛੁਕ ਸਨ ਤੇ ਵੱਡੇ ਜੋਖ਼ਮ ਲੈ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਲਈ ਤਿਆਰ-ਬਰ-ਤਿਆਰ ਹਨ।
       ਉਹ ਲਗਾਤਾਰ ਕਹਿ ਰਹੇ ਹਨ ਕਿ 'ਮੁੱਖਧਾਰਾ' ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਉਹ ਸਾਨੂੰ ਖ਼ਬਰਦਾਰ ਕਰ ਰਹੇ ਹਨ ਕਿ ਖਾਧ ਖੁਰਾਕ 'ਤੇ ਕਾਰਪੋਰੇਟ ਕੰਟਰੋਲ ਨਾਲ ਦੇਸ਼ ਦਾ ਕੀ ਹਸ਼ਰ ਹੋਵੇਗਾ। ਕੀ ਹਾਲ ਫਿਲਹਾਲ ਤੁਸੀਂ ਇਸ 'ਤੇ ਕੋਈ ਸੰਪਾਦਕੀ ਪੜ੍ਹੀ ਹੈ? ਉਨ੍ਹਾਂ 'ਚੋਂ ਕੁਝ ਕੁ ਹੀ ਹੋਣਗੇ ਜਿਹੜੇ ਇਹ ਜਾਣਦੇ ਹਨ ਕਿ ਉਹ ਅਜਿਹੀ ਲੜਾਈ ਲੜ ਰਹੇ ਹਨ ਜੋ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਨ, ਜਾਂ ਪੰਜਾਬ ਜਾਂ ਉਨ੍ਹਾਂ ਦੇ ਸਵੈ ਨਾਲੋਂ ਕਿਤੇ ਵਡੇਰੀ ਹੈ। ਵਾਹ ਲਗਦੀ ਕਾਨੂੰਨ ਰੱਦ ਹੋਣ ਨਾਲ ਅਸੀਂ ਮੁੜ ਕਈ ਸਾਲਾਂ ਤੋਂ ਚਲੀ ਆ ਰਹੀ ਉਸੇ ਜਗ੍ਹਾ ਪਹੁੰਚ ਜਾਵਾਂਗੇ। ਉਹ ਕੋਈ ਬਹੁਤੀ ਵਧੀਆ ਜਗ੍ਹਾ ਨਹੀਂ : ਖੌਫ਼ਨਾਕ ਖੇਤੀਬਾੜੀ ਸੰਕਟ ਵਾਲੀ ਜਗ੍ਹਾ, ਪਰ ਇਸ ਨਾਲ ਖੇਤੀਬਾੜੀ ਦੀਆਂ ਮੁਸੀਬਤਾਂ ਵਿਚ ਕੀਤਾ ਜਾ ਰਿਹਾ ਹੋਰ ਵਾਧਾ ਬੰਦ ਹੋ ਜਾਵੇਗਾ ਜਾਂ ਘਟ ਜਾਵੇਗਾ। 'ਮੁੱਖਧਾਰਾ ਮੀਡੀਆ' ਦੇ ਐਨ ਉਲਟ ਉਹ ਦੇਸ਼ ਦੇ ਨਾਗਰਿਕਾਂ ਦੇ ਕਾਨੂੰਨੀ ਚਾਰਾਜੋਈ ਦੇ ਹੱਕ ਨੂੰ ਤਹਿਸ ਨਹਿਸ ਕਰਨ ਅਤੇ ਸਾਡੇ ਅਧਿਕਾਰਾਂ ਨੂੰ ਲੱਗ ਰਹੇ ਖੋਰੇ ਦੇ ਪੱਖ ਤੋਂ ਇਨ੍ਹਾਂ ਕਾਨੂੰਨਾਂ ਦੀ ਅਹਿਮੀਅਤ ਨੂੰ ਵੇਖਦੇ ਹਨ। ਹੋ ਸਕਦਾ ਹੈ, ਉਹ ਇਹ ਗੱਲ ਇਸ ਤਰ੍ਹਾਂ ਨਾ ਵੇਖ ਤੇ ਸਮਝਾ ਸਕਣ ਪਰ ਉਹ ਸੰਵਿਧਾਨ ਦੇ ਮੂਲ ਢਾਂਚੇ ਅਤੇ ਆਪਣੇ ਆਪ ਵਿਚ ਲੋਕਤੰਤਰ ਦੀ ਰਾਖੀ ਕਰ ਰਹੇ ਹਨ।