ਮੈਂ ਵੀ ਆਪਣੀਂ ਦੇਹਲੀ 'ਤੇ, ਦਿੱਤਾ ਹੈ ਦੀਵਾ ਧਰ ਯਾਰੋ - ਪਰਮ ਜੀਤ ਰਾਮਗੜ੍ਹੀਆ
ਮੈਂ ਵੀ ਆਪਣੀਂ ਦੇਹਲੀ 'ਤੇ , ਦਿੱਤਾ ਹੈ ਦੀਵਾ ਧਰ ਯਾਰੋ।
ਮਹਿਲਾਂ ਵੱਲ ਮੂੰਹ ਦੀਵੇ ਦਾ, ਦਿੱਤਾ ਹੈ ਜਗਦਾ ਕਰ ਯਾਰੋ।
ਚਲੋ ਸਾਡਾ ਕੀ ਐ ਅਸੀਂ, ਕਾਲੀ ਦੀਵਾਲੀ ਮਨੵਾਲਾਂਗੇ,
ਹਾਕਮਾਂ ਆਪਣੇ ਮੰਤਰੀਆਂ ਦੇ, ਲੈਣੇ ਐਂ ਭੜੌਲੇ ਭਰ ਯਾਰੋ।
ਇਹ ਧਰਨੇ, ਮੁਜ਼ਾਹਰੇ , ਭੁੱਖ ਹੜਤਾਲਾਂ ਤੇ ਮਰਨ ਵਰਤ,
ਇਨੵਾਂ ਨੂੰ ਕੀ ਪੁੱਤ ਕਿਸੇ ਦਾ, ਜਾਂਦੈ ਭਰ ਜਵਾਨੀ ਮਰ ਯਾਰੋ।
ਹਰਿਆਣੇ ਦਾ ਛਿੱਟਕੂ ਕੀ, ਜਾਣੇ ਪੰਜਾਬ ਦਾ ਹਾਲਾਤਾਂ ਨੂੰ,
ਚਾਰ ਛਿੱਲੜਾਂ ਨਾਲ਼ ਦੱਸੋ ਕਿੱਦਾ, ਚੱਲਦੈ ਹੁੰਦਾ ਘਰ ਯਾਰੋ।
ਹੱਕਾਂ ਖਾਤਿਰ ਲੜਨਾਂ ਜੋ, ਹੈ ਲੋਕਤੰਤਰ ਦੇ ਦਾਇਰੇ ਵਿੱਚ,
ਨਵੇਂ ਕਾਨੂੰਨ ਘੜ, ਟਰਮੀਨੇਸ਼ਨਾਂ ਦਿੰਦਾ ਸੋਨੀ ਕਰ ਯਾਰੋ।
ਪੰਦਰਾਂ ਤਿੰਨ ਸੋ ਦੀ ਰੱਟ ਜੋ ਲਾਈ, ਤੋਤੇ ਵਾਂਗਰ ਕਿ੍ਸ਼ਨੇ ਨੇ,
ਅੱਠ ਜੀਆਂ ਦਾ ਖਰਚਾ ਕਿੰਝ, ਜਾਉ ਏਸ ਜਮਾਨੇ ਸਰ ਯਾਰੋ।
ਇਹ ਨਾ ਸਮਝੀਂ ਢਿੱਲੵੇ ਪੈ ਗਏ, ਕਈ ਹੋਰ ਪੈਂਤੜੇ ਬਦਲਾਂਗੇ,
ਇਨੵਾਂ ਦੀਆਂ ਗਿੱਦੜ ਚਾਲਾਂ ਤੋਂ, ਜਾਣਾ ਨਾ ਕਿਤੇ ਡਰ ਯਾਰੋ।
ਪਲ ਪਲ ਸਾਡੇ ਸਬਰਾਂ ਨੂੰ ਤੂੰ, ਕਿਉਂ ਪਰਖਦੈ ਜ਼ਬਰਾਂ ਸੰਗ,
ਮਰਦੇ ਦਮ ਤੱਕ ਲੜਦੇ ਰਹਿਣਾਂ, ਜਿੱਤਣੀ ਬਾਜ਼ੀ ਹਰ ਯਾਰੋ।
ਪੰਜ ਆਬ ਦੇ ਵਾਰਸੋ ਏਹਨੂੰ ਬਚਾ ਲਓ ਤੱਤੀਆਂ ਹਵਾਵਾਂ ਤੋਂ,
ਇਹੋ ਦੁਆਵਾਂ ਨਿੱਤ ਮੰਗਾ ਜਾ, ਪਰਮ-ਆਤਮਾ ਦੇ ਦਰ ਯਾਰੋ।
~~~~ ਪਰਮ ਜੀਤ ਰਾਮਗੜ੍ਹੀਆ, ਬਠਿੰਡਾ ਪੰਜਾਬ ~~~~