ਦਲਿਤ ਘੋਲਾਂ ਦੀ ਦਸ਼ਾ ਅਤੇ ਦਿਸ਼ਾ - ਪਰਦੀਪ ਕਸਬਾ
ਸਿਹਤਮੰਦ ਅਤੇ ਨਰੋਈ ਜ਼ਿੰਦਗੀ ਜਿਊਣਾ ਹਰ ਮਨੁੱਖ ਦਾ ਹੱਕ ਹੈ। ਇਸ ਮੁਨਾਫ਼ਾਖੋਰ ਪ੍ਰਬੰਧ ਨੇ ਮਨੁੱਖ ਨੂੰ ਦੋ ਵਰਗਾਂ ਵਿਚ ਵੰਡਿਆ ਹੋਇਆ ਹੈ। ਇਕ ਸਰੋਤਾਂ ਦਾ ਮਾਲਕ ਹੈ, ਦੂਸਰਾ ਇਨ੍ਹਾਂ ਸਰੋਤਾਂ ਤੋਂ ਵਿਹੂਣਾ ਹੈ। ਇਹ ਵਰਤਾਰਾ ਸਰਵ ਵਿਆਪਕ ਹੈ। ਭਾਰਤ ਵਿਚ ਆਰਥਿਕ ਸਰੋਤਾਂ ਤੋਂ ਵਿਹੂਣਾ ਮਨੁੱਖ ਵੀ ਅੱਗੇ ਵੱਖ ਵੱਖ ਜਾਤਾਂ ਵਿਚ ਵੰਡਿਆ ਹੋਇਆ ਹੈ। ਇਸ ਵੰਡ ਨੇ ਭਾਰਤੀ ਮਨੁੱਖ ਨੂੰ ਆਪਣੇ ਜੰਜਾਲ ਵਿਚ ਜਕੜਿਆ ਹੋਇਆ ਹੈ। ਦਲਿਤ ਮੁਕਤੀ ਦਾ ਸਬੰਧ ਮਨੁੱਖ ਹੱਥੋਂ ਮਨੁੱਖ ਦੀ ਗੁਲਾਮੀ ਤੋਂ ਖਲਾਸੀ ਨਾਲ ਹੈ। ਜਾਤ ਦੀ ਪੌੜੀ ਹਮੇਸ਼ਾ ਉਂਪਰ ਤੋਂ ਹੇਠਾਂ ਆਉਂਦੀ ਹੈ ਅਤੇ ਆਰਥਿਕਤਾ ਦੀ ਪੌੜੀ ਹੇਠੋਂ ਉੱਪਰ ਜਾਂਦੀ ਹੈ। ਜਾਤੀ ਤੌਰ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਬੰਦਾ ਕਦੇ ਵੀ ਉੱਚ ਜਾਤੀ ਵਿਚ ਸ਼ਾਮਲ ਨਹੀਂ ਹੁੰਦਾ ਸਗੋਂ ਉਸ ਦੀ 'ਸਜ਼ਾ' ਹੇਠਾਂ ਵਾਲੀ ਜਾਤੀ ਵਿਚ ਸ਼ਾਮਲ ਹੋਣਾ ਹੀ ਹੁੰਦੀ ਹੈ ਪਰ ਆਰਥਿਕ ਤੌਰ ਤੇ ਕੋਈ ਵੀ ਮਨੁੱਖ ਹੇਠਾਂ ਤੋਂ ਉੱਪਰ ਜਾ ਸਕਦਾ ਹੈ। ਭਾਰਤੀ ਸਮਾਜ ਵਿਚ ਜਾਤ ਬਨਾਮ ਜਮਾਤ ਦਾ ਸਵਾਲ ਹਮੇਸ਼ਾ ਹੀ ਬਹਿਸ ਦਾ ਮੁੱਦਾ ਰਿਹਾ ਹੈ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਚ ਦਲਿਤ ਨੌਜਵਾਨ ਨਾਲ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਸਰਕਾਰ ਨੂੰ ਮਜਬੂਰਨ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਪਈ ਅਤੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਮਜਬੂਰ ਹੋਣਾ ਪਿਆ।
ਇਹ ਘਟਨਾ ਸਾਡੇ ਸਮਾਜਿਕ ਵਰਤਾਰਿਆਂ ਦੇ ਅਮਲ ਦਾ ਸਿੱਟਾ ਹੈ। ਅਸਲ ਵਿਚ ਇਹ ਘਟਨਾ ਦੇਖਣ ਨੂੰ ਜਿੰਨੀ ਸਿੱਧੀ ਲੱਗਦੀ ਹੈ, ਓਨੀ ਹੈ ਨਹੀਂ। ਪਿੰਡਾਂ ਦੀ ਵਸੋਂ ਹਿੰਦੂ, ਸਿੱਖ, ਮੁਸਲਮਾਨ ਧਾਰਮਿਕ ਫ਼ਿਰਕਿਆਂ ਵਿਚ ਵੰਡੀ ਹੋਈ ਦਿਸਦੀ ਹੈ ਪਰ ਇਸ ਤੋਂ ਵੀ ਜ਼ਿਆਦਾ ਤਿੱਖੇ ਰੂਪ ਵਿਚ ਜਾਤਪਾਤੀ ਪ੍ਰਬੰਧ ਮੌਜੂਦ ਹੈ। ਪੰਜਾਬ ਸਮੇਤ ਪੂਰੇ ਭਾਰਤ ਵਿਚ ਦਲਿਤਾਂ ਨਾਲ ਜੁੜੇ ਘੋਲਾਂ ਦਾ ਆਪਣਾ ਇਤਿਹਾਸ ਹੈ। ਸਮੇਂ ਸਮੇਂ ਇਸ ਖ਼ਿਲਾਫ਼ ਆਵਾਜ਼ ਵੀ ਉੱਠਦੀ ਰਹੀ ਹੈ। ਅਸਲ ਵਿਚ ਦਲਿਤ ਘੋਲਾਂ ਦੀ ਦਿਸ਼ਾਹੀਣਤਾ ਨੇ ਦਲਿਤਾਂ ਨੂੰ ਨਫ਼ਾ ਪਹੁੰਚਾਉਣ ਦੀ ਜਗ੍ਹਾ ਨੁਕਸਾਨ ਹੀ ਪਹੁੰਚਾਇਆ ਹੈ। ਇਸ ਲਈ ਦਲਿਤ ਘੋਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਇਨ੍ਹਾਂ ਘੋਲਾਂ ਦੀ ਨਿਸ਼ਾਨਦੇਹੀ ਜ਼ਰੂਰੀ ਹੈ। ਇਹ ਘੋਲ ਜਾਤੀਗਤ ਹੋਣ ਦੇ ਨਾਲ ਨਾਲ ਇਕ ਸ਼ਖ਼ਸ ਦੀ ਨਿੱਜੀ ਜ਼ਿੰਦਗੀ ਨਾਲ ਵੀ ਜੁੜੇ ਹੰਦੇ ਹਨ।
ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਝੱਬਰ ਦੇ ਦਲਿਤ ਬੰਤ ਸਿੰਘ ਝੱਬਰ ਉੱਤੇ ਪਿੰਡ ਦੇ ਉੱਚ ਜਾਤੀ ਧਨਾਢਾਂ ਨੇ ਹਮਲਾ ਕੀਤਾ। ਉਸ ਦੀਆਂ ਲੱਤਾਂ ਬਾਹਾਂ ਰਾਡਾਂ ਨਾਲ ਤੋੜ ਸੁੱਟੀਆਂ। ਬਾਅਦ ਵਿਚ ਇਲਾਜ ਦੌਰਾਨ ਉਸ ਦੀਆਂ ਦੋਨੋਂ ਬਾਹਾਂ ਅਤੇ ਇਕ ਲੱਤ ਕੱਟਣੀ ਪਈ। ਪਿੰਡ ਜਲੂਰ ਦੀ 70 ਸਾਲਾ ਬਜ਼ੁਰਗ ਗੁਰਦੇਵ ਕੌਰ ਨੂੰ ਪਿੰਡ ਦੇ ਉੱਚ ਜਾਤੀ ਲੋਕਾਂ ਨੇ ਘਰ ਵਿਚ ਜਾ ਕੇ ਕੁੱਟਿਆ-ਮਾਰਿਆ। ਇਲਾਜ ਦੌਰਾਨ ਉਸ ਦੀਆਂ ਲੱਤਾਂ ਕੱਟਣ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਪੀਜੀਆਈ ਚੰਡੀਗੜ੍ਹ ਵਿਚ ਉਸ ਦੀ ਮੌਤ ਹੋ ਗਈ। ਜਦੋਂ ਅਸੀਂ ਇਨ੍ਹਾਂ ਤਿੰਨਾਂ ਘਟਨਾਵਾਂ ਨੂੰ ਦੇਖਦੇ ਹਾਂ, ਤਿੰਨਾਂ ਦਾ ਕੇਂਦਰੀ ਵਰਤਾਰਾ ਇੱਕ ਹੀ ਲੱਭਦਾ ਹੈ। ਤਿੰਨਾਂ ਵਿਚ ਹੀ ਉੱਚ ਜਾਤੀ ਲੋਕਾਂ ਨੇ ਤਸ਼ੱਦਦ ਕੀਤਾ। ਸਪੱਸ਼ਟ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੋਣ ਦੇ ਬਾਵਜੂਦ ਜਾਤਪਾਤੀ ਪ੍ਰਬੰਧ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਮੱਧ ਕਾਲ ਵਿਚ ਪੰਜਾਬ ਦੀ ਧਰਤੀ ਤੇ ਗੁਰੂਆਂ, ਭਗਤਾਂ ਨੇ ਆਪਣੀ ਬਾਣੀ ਰਾਹੀਂ ਜਾਤਪਾਤ ਦੇ ਖੋਖਲੇਪਣ ਨੂੰ ਉਜਾਗਰ ਕੀਤਾ ਅਤੇ ਸਮਾਜ ਦੀ ਚੇਤਨਾ ਵਿਚ ਮਨੁੱਖ ਦੀ ਬਰਾਬਰੀ ਵਾਲਾ ਸਿਧਾਂਤ ਪੇਸ਼ ਕੀਤਾ।
ਡਾਕਟਰ ਭੀਮ ਰਾਓ ਅੰਬੇਦਕਰ ਨੇ ਮਹਾਂਰਾਸ਼ਟਰ ਵਿਚ ਤਲਾਬ ਜਿੱਥੇ ਦਲਿਤਾਂ ਨੂੰ ਪਾਣੀ ਪੀਣ ਦੀ ਮਨਾਹੀ ਸੀ, ਪਾਣੀ ਭਰਨ ਦਾ ਹੱਕ ਲੈਣ ਲਈ ਸੰਘਰਸ਼ ਕੀਤਾ। ਇਸ ਤਲਾਬ ਵਿਚੋਂ ਪਾਣੀ ਦਾ ਘੁੱਟ ਭਰਨਾ ਦਲਿਤ ਮੁਕਤੀ ਅੰਦੋਲਨ ਦੀ ਸ਼ੁਰੂਆਤ ਸੀ। ਇਹ ਅੰਦੋਲਨ ਸਮਾਜਿਕ ਆਜ਼ਾਦੀ ਵਾਸਤੇ ਲੋਕਾਂ ਦਾ ਵਿਲੱਖਣ ਅੰਦੋਲਨ ਸੀ ਜਿਸ ਨੇ ਸਦੀਆਂ ਤੋਂ ਪਈਆਂ ਰੂੜੀਵਾਦੀ ਜਾਤਪਾਤੀ ਵਧੀਕੀਆਂ ਖ਼ਿਲਾਫ਼ ਸੰਘਰਸ਼ ਵਿੱਢਿਆ। ਉਨ੍ਹਾਂ ਦੀ ਜ਼ਿੰਦਗੀ ਵਿਚ ਇਹ ਘੋਲ ਮੀਲ ਪੱਥਰ ਸਾਬਤ ਹੋਇਆ। ਉਨ੍ਹਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਦਲਿਤ ਮੁੱਦਿਆਂ ਨੂੰ ਚੁੱਕਿਆ। ਜਿੱਥੇ ਉਨ੍ਹਾਂ ਦਲਿਤਾਂ ਨੂੰ ਆਪਣੀ ਜਾਤ ਦੇ ਮਾਣ ਕਰਨ ਵਾਲੀਆਂ ਅਹਿਮ ਗੱਲਾਂ 'ਤੇ ਚੇਤਨ ਕੀਤਾ, ਉੱਥੇ 'ਜੋ ਜ਼ਮੀਨ ਸਰਕਾਰੀ ਹੈ, ਵੋ ਜ਼ਮੀਨ ਹਮਾਰੀ ਹੈ' ਦਾ ਨਾਅਰਾ ਵੀ ਬੁਲੰਦ ਕੀਤਾ। ਦਲਿਤਾਂ ਅੰਦਰ ਵੱਡੀ ਲਾਮਬੰਦੀ ਕੀਤੀ। ਬਹੁਜਨ ਸਮਾਜ ਪਾਰਟੀ ਕੁੱਝ ਥਾਈਂ ਮਜ਼ਬੂਤ ਪਾਰਟੀ ਬਣ ਕੇ ਉੱਭਰੀ ਅਤੇ ਉੱਤਰ ਪ੍ਰਦੇਸ਼ ਵਿਚ ਸੱਤਾ ਉੱਪਰ ਵੀ ਕਾਬਜ਼ ਹੋਈ ਪਰ ਆਖ਼ਿਰਕਾਰ ਦਲਿਤਾਂ ਦਾ ਕੁੱਝ ਨਾ ਸਵਾਰ ਸਕੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਘੋਲਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਅੱਜ ਜਿੱਥੇ ਦਲਿਤਾਂ ਉੱਤੇ ਤਸ਼ੱਦਦ ਦਾ ਮਸਲਾ ਅਹਿਮ ਹੈ, ਉੱਥੇ ਹੀ ਰਾਜ ਕਰਦੀਆਂ ਧਿਰਾਂ ਵੱਲੋਂ ਦਲਿਤਾਂ ਦੇ ਰਾਖਵਾਂਕਰਨ ਉੱਤੇ ਵਾਰ ਵਾਰ ਹਮਲੇ ਕੀਤੇ ਜਾ ਰਹੇ ਹਨ। ਦਲਿਤਾਂ ਨੂੰ ਰਾਖਵਾਂਕਰਨ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਉੱਤੇ ਲਗਾਤਾਰ ਕੱਟ ਲਾਇਆ ਜਾ ਰਿਹਾ ਹੈ। ਇਸ ਮੁੱਦੇ ਤੇ ਦਲਿਤਾਂ ਨੂੰ ਇੱਕਜੁਟ ਕਰਨ ਵਿਚ ਕੁੱਝ ਕਾਮਯਾਬੀ ਤਾਂ ਮਿਲੀ ਹੈ ਪਰ ਨੁਕਤਾ ਇਹ ਹੈ ਕਿ ਦਲਿਤ ਰਾਖਵਾਂਕਰਨ ਦਲਿਤਾਂ ਨੂੰ ਉੱਚ ਜਾਤੀਆਂ ਦੇ ਬਰਾਬਰ ਲਿਆਉਣ ਦੀ ਬਜਾਏ ਵੋਟਾਂ ਬਟੋਰਨ ਦਾ ਸਾਧਨ ਮਾਤਰ ਬਣ ਕੇ ਰਹਿ ਗਿਆ ਹੈ।
ਨਿੱਤ ਦਿਨ ਦਲਿਤਾਂ ਉੱਤੇ ਹੁੰਦੇ ਜਬਰ ਦੀਆਂ ਕਹਾਣੀਆਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ। ਮਈ 2006 ਵਿਚ ਰਿਹਾਇਸ਼ੀ ਪਲਾਟਾਂ ਲਈ ਜ਼ਮੀਨ ਕਬਜ਼ਾ ਅੰਦੋਲਨ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿਚ ਚੱਲਿਆ ਜਿਸ ਵਿਚ ਸੈਂਕੜੇ ਦਲਿਤਾਂ ਨੇ ਜੇਲ੍ਹ ਯਾਤਰਾ ਕੀਤੀ। ਇਸ ਘੋਲ ਨੂੰ ਵੀ ਸਰਕਾਰ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਘੋਲ ਅੱਗੇ ਨਾ ਵਧ ਸਕਿਆ। ਲੰਮੇ ਸਮੇਂ ਬਾਅਦ ਪੰਜਾਬ ਵਿਚ ਪੇਡੂ ਦਲਿਤਾਂ ਦੇ ਘੋਲਾਂ ਦਾ ਆਗਾਜ਼ ਹੋਇਆ। ਜੂਨ 2014 ਵਿਚ ਬਾਲਦ ਕਲਾਂ ਘੋਲ ਚੱਲਿਆ ਜਿਸ ਨੇ ਪੰਜਾਬ ਦੇ ਦਲਿਤ ਘੋਲਾਂ ਦੀ ਦਿਸ਼ਾ ਬਦਲ ਦਿੱਤੀ। ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਗੱਲ ਕਰਨ ਵਾਲਾ ਸੰਘਰਸ਼ ਲੜਿਆ ਗਿਆ। ਇਸ ਘੋਲ ਨੇ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿਚ ਆਪਣੀ ਜਗ੍ਹਾ ਬਣਾਈ। ਇਸ ਘੋਲ ਦੀ ਖਾਸੀਅਤ ਇਹ ਸੀ ਕਿ ਇਹ ਘੋਲ ਕਮਿਊਨਿਸਟ ਜਥੇਬੰਦੀਆਂ ਵੱਲੋਂ ਲੜਿਆ ਜਾ ਰਿਹਾ ਸੀ। ਦੂਜੀ ਖਾਸ ਗੱਲ ਇਹ ਸੀ ਕਿ ਇਹ ਘੋਲ ਆਟਾ ਦਾਲ, ਮਨਰੇਗਾ ਸਕੀਮਾਂ ਤੋਂ ਉੱਪਰ ਉੱਠ ਕੇ ਆਪਣੇ ਹਿੱਸੇ ਦੀ ਜ਼ਮੀਨ ਲੈ ਕੇ ਖੇਤੀ ਕਰਨ ਅਤੇ ਮਾਣ ਸਨਮਾਨ ਨਾਲ ਜ਼ਿੰਦਗੀ ਜਿਊਣ ਦੀ ਗੱਲ ਕਰਦਾ ਸੀ।
ਇਸ ਘੋਲ ਦੌਰਾਨ ਬਾਲਦ ਕਲਾਂ ਵਿਚ ਆਪਣੇ ਜ਼ਮੀਨੀ ਹੱਕ ਮੰਗਦੇ ਦਲਿਤਾਂ ਉੱਤੇ ਲਾਠੀ ਚਾਰਜ ਕੀਤਾ ਗਿਆ। ਘੋਲ ਦੀ ਅਗਵਾਈ ਕਰਨ ਵਾਲੇ 41 ਆਗੂਆਂ ਨੂੰ 59 ਦਿਨ ਜੇਲ੍ਹ ਦੀ ਹਵਾ ਖਾਣੀ ਪਈ। ਸੰਗਰੂਰ ਦੀ ਧਰਤੀ ਉੱਤੇ ਕਈ ਦਹਾਕਿਆਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਦਲਿਤ ਮਜ਼ਦੂਰਾਂ ਨੇ ਇਕੱਠੇ ਹੋ ਕੇ ਜ਼ਮੀਨੀ ਹੱਕ ਮੰਗੇ। ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਘੋਲਾਂ ਦੀ ਏਕਤਾ ਦੀ ਗੱਲ ਚੱਲੀ। ਇਸੇ ਤਰ੍ਹਾਂ 2016 ਸਤੰਬਰ ਦੇ ਵਿਚ ਜਲੂਰ ਵਿਚ ਜ਼ਮੀਨੀ ਹੱਕ ਮੰਗਦੇ ਦਲਿਤਾਂ ਉੱਤੇ ਪਿੰਡ ਦੇ ਉੱਚ ਜਾਤੀ ਲੋਕਾਂ ਨੇ ਪਿੰਡ ਦੇ ਦਲਿਤਾਂ ਉੱਤੇ ਅੱਤਿਆਚਾਰ ਕੀਤਾ, ਘਰਾਂ ਦੀ ਤੋੜ ਭੰਨ ਕੀਤੀ, 70 ਸਾਲਾ ਗੁਰਦੇਵ ਕੌਰ ਦੀ ਲੱਤ ਵੱਢ ਦਿੱਤੀ। ਵੱਖ ਵੱਖ ਕੇਸਾਂ ਵਿਚ 16 ਆਗੂਆਂ ਨੂੰ 90 ਦਿਨ ਜੇਲ੍ਹ ਕੱਟਣੀ ਪਈ। ਮਾਤਾ ਗੁਰਦੇਵ ਕੌਰ ਦੀ ਮੌਤ ਤੋਂ ਬਾਅਦ ਲੰਮੇ ਸੰਘਰਸ਼ ਪਿੱਛੋਂ ਉੱਚ ਜਾਤੀ ਦੇ 32 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ।
ਜ਼ਮੀਨ ਪ੍ਰਾਪਤੀ ਵਾਲਾ ਇਹ ਮੁੱਦਾ 2008 ਵਿਚ ਬੇਨੜਾ ਪਿੰਡ ਦੇ ਦਲਿਤ ਮਜ਼ਦੂਰਾਂ ਨੇ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਚੁੱਕਿਆ ਸੀ। ਇਸ ਘੋਲ ਦੀ ਪ੍ਰਾਪਤੀ ਇਹ ਵੀ ਹੋਈ ਕਿ ਇਹ ਘੋਲ ਜਿੰਨੇ ਦਿਨ ਚੱਲਦਾ ਗਿਆ, ਇਸ ਵਿਚ ਲੋਕਾਂ ਦੀ ਸ਼ਮੂਲੀਅਤ ਵਧਦੀ ਗਈ। ਇਸ ਘੋਲ ਵਿਚ ਪੰਜਾਬ ਦੀਆਂ 35 ਜਨਤਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਘੋਲ ਨੇ ਪੰਜਾਬ ਵਿਚ ਜ਼ਮੀਨ ਦੀ ਵੰਡ ਬਾਰੇ ਸਵਾਲ ਖੜ੍ਹੇ ਕੀਤੇ। ਦਲਿਤਾਂ ਵਿਚ ਉਮੀਦ ਜਗਾਈ। ਪਿਛਲੇ ਦਿਨੀਂ ਇਸ ਘੋਲ ਦੇ ਚੰਗੇ ਸਿੱਟੇ ਵੀ ਦੇਖਣ ਨੂੰ ਮਿਲੇ ਪਰ ਉਹ ਲਹਿਰ ਨਹੀਂ ਬਣ ਸਕੀ। ਮੀਮਸਾ ਅਤੇ ਤੋਲੇਵਾਲ ਪਿੰਡਾਂ ਵਿਚ ਇਸ ਘੋਲ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਲਿਤ ਜਥੇਬੰਦੀਆਂ ਦੇ ਆਗੂਆਂ ਉੱਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ।
ਮੌਜੂਦਾ ਦੌਰ ਵਿਚ ਦਲਿਤ ਮੁੱਦਿਆਂ ਉੱਤੇ ਘੋਲਾਂ ਨੂੰ ਉਭਾਰਿਆ ਜਾ ਸਕਦਾ ਹੈ ਪਰ ਇਨ੍ਹਾਂ ਮੁੱਦਿਆਂ ਦੀ ਸਹੀ ਨਿਸ਼ਾਨਦੇਹੀ ਕਰਨੀ ਪਵੇਗੀ। ਦਲਿਤਾਂ ਦੀ ਹਕੀਕੀ ਜ਼ਿੰਦਗੀ ਵਿਚ ਤਬਦੀਲੀ ਸੰਘਰਸ਼ਾਂ ਦੌਰਾਨ ਪ੍ਰਾਪਤ ਕੀਤੇ ਸਿੱਟਿਆਂ ਵਿਚੋਂ ਹੀ ਹੋਣੀ ਹੈ। ਲੋੜ ਬਣਦੀ ਹੈ ਕਿ ਇੱਕ ਮੁੱਦੇ ਉੱਤੇ ਇੱਕ ਦਿਸ਼ਾ ਵਿਚ ਦਲਿਤ ਪੱਖੀ ਕਮਿਊਨਿਸਟ ਜਥੇਬੰਦੀਆਂ ਇਕਜੁੱਟ ਹੋਣ।
ਸੰਪਰਕ : 98147-52097