Ranjit Kaur Bajwa

ਰੁੱਖ ਤੇ ਮਨੁੱਖ - ਰਣਜੀਤ ਕੌਰ ਬਾਜਵਾ

ਪਿਛਲੇ ਕੁਝ ਦਹਾਕਿਆਂ ਤੋਂ ਰੁੱਖਾਂ ਦੀ ਹੁੰਦੀ ਲਗਾਤਾਰ ਕਟਾਈ ਨੇ ਮਨੁੱਖੀ ਜੀਵਨ ਨੂੰ ਅਨੇਕਾਂ ਅਲਾਮਤਾਂ ਦੇ ਕਰੀਬ ਲਿਆ ਖੜ੍ਹਾ ਕੀਤਾ ਹੈ। ਮਨੁੱਖ ਨੇ ਆਪਣੀਆਂ ਪਦਾਰਥਕ ਲੋੜਾਂ ਅਤੇ ਅਧੁਨਿਕ ਸੁੱਖ ਆਰਾਮ ਲਈ ਜੰਗਲਾਂ ਦੇ ਜੰਗਲ ਕੱਟ ਸੁੱਟੇ ਹਨ। ਅੱਜ ਧਰਤੀ ਦਾ ਬੰਜਰ ਹੋਣਾ, ਪਾਣੀ ਤੇ ਆਕਸੀਜਨ ਦੀ ਵੱਧਦੀ ਕਮੀ,ਪ੍ਰਦੂਸ਼ਣ  , ਵਾਤਾਵਰਣ ਵਿੱਚ ਅਸਮਾਨਤਾ ਸਭ ਇੱਕ ਚਿੰਤਾਜਨਕ ਵਿਸ਼ਾ ਬਣ ਗਿਆ ਹੈ।
 ਸੜਕਾਂਦੇ ਕਿਨਾਰੇ ਅਤੇ ਪਿੰਡਾਂ ਦੀਆਂ ਜੂਹਾਂ ਦਾ ਰੁੱਖਾਂ ਤੋਂ ਸੱਖਣਾ ਹੋਣਾਂ ਸਾਨੂੰ ਸੋਚਣ ਲੲੀ ਮਜਬੂਰ ਕਰਦਾ ਹੈ।ਜਰੂਰਤ ਤੋਂ ਵੱਧ ਰੁੱਖਾਂ ਦਾ ਘਟਣਾ ਤੇ ਵਾਤਾਵਰਣ ਦਾ ਸੰਤੁਲਨ ਖੋਹ ਬੈਠਣਾ ਅਜੋਕੇ ਸਮੇਂ ਦੀ ਵੱਡੀ ਤ੍ਰਾਸਦੀ ਹੈ। ਪ੍ਰਦੂਸ਼ਣ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।ਕੁਦਰਤੀ ਪਾਣੀ ਬੇਵਕਤੇ ਹੜ੍ਹਾ ਦਾ ਰੂਪ ਧਾਰਨ ਕਰ ਨੁਕਸਾਨ ਕਰ ਰਿਹਾ ਹੈ, ਰੁੱਖਾਂ ਦੀ ਅਣਹੋਂਦ ਕਾਰਨ ਧਰਤੀ ਵੀ ਪਾਣੀ ਜ਼ਜ਼ਬ  ਕਰਕੇ ਰੱਖਣ ਵਿੱਚ ਅਸਮਰਥ ਹੈ।ਫਲਸਰੂਪ ਧਰਤੀ ਤੇ ਵਰਤੋਂ ਯੋਗ ਪਾਣੀ ਅਤੇ ਆਕਸੀਜਨ ਦੀ ਕਮੀ ਵਧਦੀ ਜਾ ਰਹੀ ਹੈ। ਇਸ ਸਭ ਦਾ ਸਿੱਧਾ ਜਿਹਾ ਕਾਰਨ ਹੈ ਕਿ ਅੱਜ ਮਨੁੱਖ 'ਰੁੱਖਾਂ'ਦੀ ਮਹੱਤਤਾ ਨੂੰ ਭੁੱਲ ਬੈਠਾ ਹੈ। ਰੁੱਖ ਮਨੁੱਖ ਦੇ ਮੁੱਢ ਕਦੀਮ ਤੋਂ ਹੀ ਸਾਥੀ ਰਹੇ ਹਨ। ਹੋ ਸਕਦਾ ਹੈ! ਜਦੋਂ ਮਨੁੱਖ ਨੇ ਹੋਸ਼ ਸੰਭਾਲੀ ਹੋਵੇਗੀ ਤਾਂ ਰੁੱਖਾਂ ਤੋਂ ਮਿਲੇ ਸਹਿਯੋਗ     ਅਤੇ ਸਹਾਰੇ ਕਰਕੇ ਹੀ ਇਹਨਾਂ ਦੀ ਪੂਜਾ ਕਰਦਾ ਰਿਹਾ ਹੋਵੇਗਾ। ਸਾਡੇ ਬਜ਼ੁਰਗ ਰੁੱਖਾਂ ਨੂੰ ਹੀ ਜੀਵਨ ਦਾ ਆਧਾਰ ਮੰਨਦੇ ਰਹੇ ਹਨ। ਇਹ ਸਾਡੇ ਸੱਭਿਆਚਾਰ ਅਤੇ ਸਮਾਜਿਕ ਜੀਵਨ ਦਾ ਅਨਿੱਖੜਵਾਂ ਅੰਗ ਰਹੇ ਹਨ। ਜਨਮ, ਵਿਆਹ ਅਤੇ ਮਰਨ ਤੱਕ ਦੀਆਂ ਰਸਮਾਂ ਰੁੱਖਾਂ ਦੇ ਪੱਤਿਆਂ ਨਾਲ ਹੀ ਜੁੜੀਆਂ ਹੋਈਆਂ ਹਨ। ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚੇ ਸਾਡੇ ਵਿਰਸੇ ਵਿੱਚ ਵੀ ਰੁੱਖਾਂ ਦੀ ਵਡਿਆਈ ਖੁੱਲ੍ਹ ਕੇ ਕੀਤੀ ਗਈ ਹੈ। ਸਾਡੇ ਵਿਰਾਸਤੀ ਰੁੱਖ ਜਿਵੇਂ:ਪਿੱਪਲ,ਬੋਹੜ(ਬਰੋਟਾ),ਟਾਹਲੀ, ਕਿੱਕਰ, ਨਿੰਮ, ਸ਼ਰੀਹ, ਅੰਬ ਆਦਿ ਦੀ ਹੋਂਦ ਬਿਨਾਂ ਰਸਮਾਂ ਅਧੂਰੀਆਂ ਮੰਨੀਆਂ ਜਾਂਦੀਆਂ ਰਹੀਆਂ ਹਨ। ਲੋਕ -ਬੋਲੀਆਂ, ਲੋਕ-ਗੀਤ, ਲੋਕ -ਕਹਾਣੀਆਂ, ਲੋਕ -ਅਖੌਤਾਂ ਅਦਿ ਵੀ ਰੁੱਖਾਂ ਨਾਲ ਜੁੜ ਕੇ ਹੀ ਸਾਡੇ ਤੱਕ ਪਹੁੰਚਦੀਆਂ ਰਹੀਆਂ ਹਨ। ਅੱਜ ਸਾਡੇ ਮੁੱਖ ਵਿਰਾਸਤੀ ਰੁੱਖ ਪਿੱਪਲ ਦੀ ਮਹੱਤਤਾ ਬਾਰੇ ਸਾਇੰਸ ਵੀ ਮਨ ਗਈ ਹੈ ਕਿ ਇਹ ਰੁੱਖ ਸਾਡੇ ਵਾਤਾਵਰਣ ਨੂੰ ਘੱਟ ਪਾਣੀ ਲੈ ਕੇ ਵੀ ਸੰਭਾਲ ਸਕਦੇ ਹਨ। ਇਹਨਾਂ ਦੀਆਂ ਜੜ੍ਹਾਂ ਧੁਰ ਜ਼ਮੀਨ ਤੱਕ ਸਿੱਧੀਆਂ ਤੇ ਡੂੰਘੀਆਂ ਹੋਣ ਕਰਕੇ ਇਹ ਬਾਰਿਸ਼ਾਂ ਦਾ ਪਾਣੀ ਵੀ ਸੰਭਾਲਦੇ ਹਨ। ਇਹ ਬਹੁਤ ਘੱਟ ਪਾਣੀ ਨਾਲ ਹੀ ਪਲ ਜਾਦੇ ਹਨ। ਇਹ ਹਵਾ ਦੀ ਨਮੀ ਵਿਚੋਂ ਪਾਣੀ ਸੋਖਦੇ ਹਨ ਪਰ ਪੂਰੇ ਚੌਵੀਂ(24)ਘੰਟੇ ਆਕਸੀਜਨ ਦਿੰਦੇ ਹਨ। ਇਹੋ ਹੀ ਕਾਰਨ ਹੈ ਕਿ ਗੁਰੂਆਂ -ਪੀਰਾਂ ਨੇ ਵੇਦਾਂ ਤੇ ਗ੍ਰੰਥਾਂ ਵਿੱਚ ਇਹਨਾਂ ਦੀ ਮਹੱਤਤਾ ਤੇ ਜ਼ੌਰ ਦਿੱਤਾ ਹੈ। ਇਹੋ ਜਿਹੇ ਸਮੇਂ ਨਾਜੁਕ ਸਮੇਂ ਵਿਚੋਂ ਗੁਜ਼ਰ ਰਹੀ ਮਨੁੱਖਤਾ ਨੂੰ 550 ਵਰਿਆਂ ਬਾਅਦ ਵੀ ਗੁਰੂ ਜੀ ਦੇ ਸੱਚੇ ਨਾਮ ਹੇਠ ਰੁੱਖ ਲਾਉਣ ਦੀ ਪ੍ਰਕਿਰਿਆ ਤੇਜ਼ ਹੋਈ ਹੈ, ਬੇਸ਼ੱਕ ਪਹਿਲਾਂ ਵੀ ਵਾਤਾਵਰਣ ਨੂੰ ਸੰਭਾਲਣ ਲੲੀ ਉਪਰਾਲੇ ਹੁੰਦੇ ਰਹੇ ਹਨ ਪਰ ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਪਿੰਡਾਂ ਵਿੱਚ 550-550 ਬੂਟੇ ਲਗਾਉਣ ਦਾ ਨਿਸ਼ਾਨਾ ਮਿੱਥਿਆ ਗਿਆ ਜਿਸ ਨਾਲ ਪੰਜਾਬ ਦੀ ਹਰਿਆਵਲ ਮੁੜ ਪਰਤਣ ਦੀ ਆਸ ਬੱਝਦੀ ਹੈ। ਅੱਜ ਸਾਰਾ ਪੰਜਾਬ ਹੀ ਇਸ ਮੁਹਿੰਮ ਨੂੰ ਲੈ ਕੇ ਪੱਬਾਂ ਭਾਰ ਖੜਾ ਹੈ।ਇਸ ਉਤਸ਼ਾਹ ਨੂੰ ਦੇਖ ਕੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ  ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੇ ਸ਼ਬਦ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।"ਰਾਹੀ ਵਾਤਾਵਰਣ ਦੀ ਮਹੱਤਤਾ ਨਾਲ  ਜੁੜ ਰਹੇ ਹੋਈਏ। 'ਰੁੱਖ 'ਲਗਾਉਣ ਤੱਕ ਹੀ ਨ ਰਹੀਏ ਸਗੋਂ ਇਹਨਾਂ ਦੀ ਸਾਂਭ ਸੰਭਾਲ ਤੇ ਰੱਖਿਆ ਕਰਨੀ ਆਪਣਾ ਮੁੱਢਲਾ ਫਰਜ਼ ਸਮਝੀਏ । ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਤੇ ਇਤਿਹਾਸ ਦੇ ਨਾਲ ਜੋੜਨ ਦੇ ਨਾਲ -ਨਾਲ  ਰੁੱਖਾਂ ਦੀ ਪੁਰਾਤਨ ਮਹੱਤਤਾ ਅਤੇ ਅਧੁਨਿਕ ਸਮੇਂ ਦੀ ਬਣੀ ਜਰੂਰਤ ਦਾ ਸੁਨੇਹਾ ਵੀ ਦਿੰਦੇ ਰਹਿਣਾ ਚਾਹੀਦਾ ਹੈ।ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਦੇ ਬਹੁਤ ਕੀਮਤੀ ਤੋਹਫੇ ਹਵਾ, ਪਾਣੀ ਅਤੇ ਧਰਤੀ ਨੂੰ ਸੰਭਾਲਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਰਣਜੀਤ ਕੌਰ ਬਾਜਵਾ
(ਪੰਜਾਬੀ ਅਧਿਆਪਕਾ )
ਸ. ਮਿ. ਸਕੂਲ ਬਹਾਦੁਰ ਹੁਸੈਨ।