Ravinder-Singh-Kundra

ਕੀਰਤਨ ਦਾ ਚਾਅ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਗਹਿਮਾ ਗਹਿਮ ਸੀ ਗੁਰਦਵਾਰੇ ਵਿੱਚ,
ਸੰਗਤ ਜੁੜੀ ਸੀ ਬਹੁਤ ਹੀ ਭਾਰੀ,
ਸਾਰੇ ਹਾਲ ਬੁੱਕ ਸਨ ਪੂਰੇ,
ਸਮਾਗਮਾਂ ਦੀ ਸੀ ਖੂਬ ਤਿਆਰੀ।

ਛੋਟੇ ਜਿਹੇ ਇੱਕ ਹਾਲ ਦੇ ਵਿੱਚ,
ਵੱਖਰਾ ਸੀ ਦੇਖਣ ਨੂੰ ਨਜ਼ਾਰਾ,
ਗਿਣਤੀ ਦੇ ਇਥੇ ਬੀਬੇ ਬੀਬੀਆਂ,
ਕੁੱਝ ਕਰ ਰਹੇ ਸਨ ਕੰਮ ਨਿਆਰਾ।

ਨਾ ਕੋਈ ਰਾਗੀ ਨਾ ਕੋਈ ਢਾਡੀ,
ਨਾ ਕੋਈ ਉੱਥੇ ਕਥਾਕਾਰ ਸੀ,
ਮਹਾਰਾਜ ਦੀ ਤਾਬਿਆ ਇੱਕੋ,
ਗ੍ਰੰਥੀ ਬੈਠਾ ਚੌਂਕੜੀ ਮਾਰ ਸੀ।

ਬੇ ਸੁਰੀਆਂ ਆਵਾਜ਼ਾਂ ਦੇ ਵਿੱਚ,
ਸ਼ਬਦ ਕੁੱਝ ਬੀਬੀਆਂ ਗਾ ਰਹੀਆਂ ਸਨ,
ਬਿਨਾ ਕਿਸੇ ਸਾਜ਼ ਤੋਂ ਸੱਖਣੀਆਂ,
ਵੱਖੋ ਵੱਖ ਤਰਜ਼ਾਂ ਆ ਰਹੀਆਂ ਸਨ।

ਕਦੀ ਕਦੀ ਭਾਈਆਂ ਵਲੋਂ ਵੀ,
ਉਠ ਰਹੀਆਂ ਸਨ ਅਜੀਬ ਆਵਾਜ਼ਾਂ,
ਇੱਕ ਸੁਰਤਾਲ ਨਾਲ ਗਾਵਣ ਬਾਝੋਂ,
ਸੱਖਣੇਂ ਸਨ ਜੋ ਬਿਨਾ ਉਹ ਰਾਗਾਂ।

ਝੁੰਝਲਾਹਟ ਨਾਲ਼ ਮੇਰੇ ਅੰਦਰ,
ਇੱਛਾ ਪ੍ਰਬਲ ਹੋ ਰਹੀ ਸੀ ਭਾਰੀ,
ਸੋਚ ਰਿਹਾਂ ਸਾਂ ਸ਼ਬਦ ਗਾਉਣ ਦੀ,
ਮੈਨੂੰ ਵੀ ਮਿਲ਼ ਜਾਏ ਕਿਤੇ ਵਾਰੀ।

ਪਰ ਸਾਜ਼ ਬਿਨਾ ਕੋਈ ਗਾਉਣ ਨਹੀਂ ਜਚਦਾ,
ਘੱਟੋ ਘੱਟ ਇੱਕ ਢੋਲਕ ਤਾਂ ਹੋਵੇ,
ਇੱਡੇ ਵੱਡੇ ਗੁਰਦਵਾਰੇ ਅੰਦਰ,
ਕੋਈ ਵੀ ਸਾਜ਼ ਪਿਆ ਤਾਂ ਹੋਵੇ।

ਏਸੇ ਲਈ ਮੈਂ ਢੋਲਕ ਲੱਭਣ ਲਈ,
ਕਮਰੇ 'ਤੇ ਕਮਰਾ ਗਾਹ ਦਿੱਤਾ,
ਆਖਰ ਇੱਕ ਕਮਰੇ 'ਚ ਪਹੁੰਚ ਕੇ,
ਇੱਕ ਢੋਲਕ ਨੂੰ ਮੈਂ ਹੱਥ ਪਾ ਲੀਤਾ।

ਇਸ ਕਮਰੇ ਦੇ ਇੱਕ ਖੂੰਜੇ ਵਿੱਚ,
ਮੇਰੀ ਇੱਛਾ ਹੋ ਗਈ ਸੀ ਪੂਰੀ,
ਢੋਲਕ ਸੀ ਦਰਮਿਆਨੀ ਕਿਸਮ ਦੀ,
ਘਸਮੈਲ਼ੀ ਜਿਹੀ 'ਤੇ ਕੁੱਝ ਕੁੱਝ ਭੂਰੀ।

ਚਾਈਂ ਚਾਈਂ ਜਲਦ ਪਹੁੰਚ ਗਿਆ,
ਉਸੇ ਹਾਲ ਵਿੱਚ ਮੈਂ ਫਿਰ ਮੁੜ ਕੇ,
ਜਲਦੀ ਜਲਦੀ ਤਣੀਆਂ ਖਿੱਚ ਕੇ,
ਤਾਲ ਕਰਨ ਲਈ ਮਾਰੇ ਤੁਣਕੇ।

ਸਾਰੀ ਸੰਗਤ ਦੀ ਮੇਰੇ ਵਿੱਚ,
ਉਤਸੁਕਤਾ ਜਾਪ ਰਹੀ ਸੀ ਭਾਰੀ,
ਆਪਣੇ ਆਪ 'ਚ ਸ਼ਬਦ ਗਾਉਣ ਦੀ,
ਮੈਂ ਵੀ ਕਰ ਲਈ ਖੂਬ ਤਿਆਰੀ।

ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੀ,
ਤਾਲ ਦੇ ਨਾਲ਼ ਆਵਾਜ਼ ਮਿਲਾਂਦਾ,
ਗ੍ਰੰਥੀ ਤਾਬਿਆ ਤੋਂ ਉੱਠ ਖੜ੍ਹਿਆ,
ਅਰਦਾਸ ਵਾਲਾ ਸ਼ਬਦ ਉਹ ਗਾਉੰਦਾ।

ਤੁਮ ਠਾਕੁਰ ਤੁਮ ਭਏ ਅਰਦਾਸ ਨੇ,
ਮੇਰਾ ਮਨਸੂਬਾ ਠੁੱਸ ਕਰ ਦਿੱਤਾ,
ਮੈਂ ਵੀ ਅਰਦਾਸ ਵਿੱਚ ਸ਼ਾਮਲ ਹੋ ਗਿਆ,
ਸ਼ਰਮਿੰਦਾ, ਮਾਯੂਸ ਅਤੇ ਦੋ ਚਿੱਤਾ।

ਕੀਰਤਨ ਕਰਕੇ ਧਾਂਕ ਜਮਾਉਣ ਦਾ,
ਸੁਪਨਾ ਮੇਰਾ ਹੋਇਆ ਨਾ ਪੂਰਾ,
ਕਈ ਹੋਰ ਨਾਕਾਮੀਆਂ ਵਾਂਗੂੰ,
ਇਹ ਕੰਮ ਵੀ ਰਹਿ ਗਿਆ ਅਧੂਰਾ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਇਹ ਕਾਫਲੇ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਭੁੱਖ ਅਤੇ ਭਵਿੱਖ ਦੇ, ਦੈਂਤਾਂ ਤੋਂ ਘਬਰਾਉਂਦੇ ਹੋਏ,
ਬੇ ਗਿਣਤ ਵਹੀਰਾਂ ਘੱਤ ਕੇ, ਚੱਲ ਰਹੇ ਇਹ ਕਾਫਲੇ।

ਮਾਂ ਬੋਲੀ ਅਤੇ ਮਾਂ ਮਿੱਟੀ, ਨੂੰ ਬੇਦਾਵੇ ਦੇਂਦੇ ਹੋਏ,
ਵਿਰਸੇ ਨੂੰ ਮੂਲੋਂ ਤੱਜਦੇ ਹੋਏ, ਵੱਧ ਰਹੇ ਇਹ ਕਾਫਲੇ।

ਅਣਜਾਣੀਆਂ ਧਰਤੀਆਂ 'ਤੇ, ਨਵੀਆਂ ਪੈੜਾਂ ਪਾਉਣ ਲਈ,
ਪੁਰਾਣੀਆਂ ਪੈੜਾਂ ਖੁਦ ਹੀ, ਮਿਟਾ ਰਹੇ ਇਹ ਕਾਫਲੇ।

ਤਿਤਰ ਬਿਤਰ ਹੋ ਜਾਣਗੇ, ਇਹ ਖੱਬਲ਼ ਦੀ ਤਰ੍ਹਾਂ ਕਦੀ,
ਜੜ੍ਹਾਂ ਕਿਸੇ ਅਣਜਾਣ ਧਰਤੀ, ਲਾ ਰਹੇ ਇਹ ਕਾਫਲੇ।

ਸਰਮਾਏਦਾਰੀ ਦੇ ਪੈਰਾਂ ਵਿੱਚ, ਗਿੜਗਿੜਾ ਕੇ ਜਿਉਣ ਲਈ,
ਸਿਰ ਧੜ ਦੀਆਂ ਬਾਜ਼ੀਆਂ, ਲਾ ਰਹੇ ਇਹ ਕਾਫਲੇ।

ਪੂਰਵਜਾਂ ਨੂੰ  ਭੁੱਲ ਕੇ, 'ਤੇ ਪਛਾਣਾਂ ਗਵਾਉਂਦੇ ਹੋਏ,
ਭੂ ਹੇਰਵੇ ਦੇ ਸੋਗੀ ਗੀਤ, ਗਾਉਂਦੇ ਹੋਏ ਇਹ ਕਾਫਲੇ।

ਅੱਧੀ ਛੱਡ ਸਾਰੀ ਵਾਲ਼ੀ, ਤਾਂਘ ਵਾਲ਼ੇ ਪਾਂਧੀ ਐਸੇ,
ਹੱਥੋਂ ਆਪਣੀ ਅੱਧੀ ਵੀ, ਗਵਾਉਣਗੇ ਇਹ ਕਾਫਲੇ।

ਪਲਟੇ ਹੋਏ ਦੌਰਾਂ ਵਿੱਚ, ਜ਼ਮੀਰਾਂ ਹਲੂਣੇ ਖਾਣਗੀਆਂ,
ਖੁਸੇ ਹੋਏ ਇਸਰਾਈਲਾਂ ਨੂੰ, ਮੁੜ ਆਉਣਗੇ ਇਹ ਕਾਫਲੇ।

ਕਾਬਜ਼ ਫਿਲਸਤੀਨੀਆਂ ਤੋਂ, ਜੰਮਣ ਭੋਂ ਛੁਡਾਉਣ ਲਈ,
ਸੋਨੇ ਦੀਆਂ ਮੋਹਰਾਂ ਵੀ, ਵਿਛਾਉਣਗੇ ਇਹ ਕਾਫਲੇ।

ਖੂਨ ਨੂੰ ਬਚਾਉਣ ਲਈ, ਖੂਨ ਡੁੱਲ੍ਹੇਗਾ ਵਾਰ ਵਾਰ,
ਆਪਣੇ ਹੀ ਖੂਨ ਵਿੱਚ, ਨਹਾਉਣਗੇ ਇਹ ਕਾਫਲੇ।

ਇਸਰਾਈਲਾਂ ਤੋਂ ਫਿਲਸਤੀਨ, 'ਤੇ ਫਿਲਸਤੀਨਾਂ ਤੋਂ ਇਸਰਾਈਲ,
ਵਾਰ ਵਾਰ ਢਾਉਣਗੇ 'ਤੇ, ਬਣਾਉਣਗੇ ਇਹ ਕਾਫਲੇ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਖੋਤੇ ਨੂੰ ਲੂਣ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਲੂਣ ਕਦੀ ਖੋਤੇ ਨੂੰ ਜੇ, ਕੰਨ ਫੜ ਦੇਣ ਲੱਗੋਂ,
ਸ਼ਿਕਾਇਤਾਂ ਵਾਲ਼ਾ ਗੀਤ ਉਹ, ਹੀਂਗ ਹੀਂਗ ਗਾਂਵਦਾ।

ਕਦਰ ਨਾ ਪਾਵੇ ਕਦੀ, ਕੀਤੀ ਹੋਈ ਨੇਕੀ ਦੀ ਉਹ,
ਮਾਰ ਮਾਰ ਟੀਟਣੇ, ਉਹ ਦੂਰ ਭੱਜ ਜਾਂਵਦਾ।

ਘੇਰ ਘੇਰ ਸਿੱਧਾ ਉਹਨੂੰ, ਤੋਰਨ ਦੀ ਕਰੋ ਕੋਸ਼ਿਸ਼,
ਮੰਨੇ ਨਾ ਉਹ ਕਹਿਣਾ, ਢੀਠ ਦੁਲੱਤੀਆਂ ਲਗਾਂਵਦਾ।

ਬਹਾਨੇ ਤੇ ਬਹਾਨਾ ਵਿੰਗੇ, ਟੇਢੇ ਢੰਗ ਲੱਭ ਕੇ ਤੇ,
ਭਾਰ ਢੋਣ ਕੋਲੋਂ ਕੰਨੀ, ਰੋਜ਼ ਕਤਰਾਂਵਦਾ।

ਮੋੜੋ ਜਿੰਨਾ ਮਰਜ਼ੀ, ਵਰਜਿਤ ਥਾਵਾਂ ਕੋਲੋਂ,
ਮੁੜ ਘਿੜ ਫੇਰ, ਖੋਤਾ ਬੋਹੜ ਥੱਲੇ ਆਂਵਦਾ।

ਆਪ ਭਾਵੇਂ ਪੈਂਡਾ, ਹਰ ਰੋਜ਼ ਕਰੇ ਵੀਹ ਕੋਹ ਦਾ,
ਪਰ ਮਾਲਕ ਦੀ ਗੇੜੀ, ਤੀਹ ਕੋਹ ਦੀ ਲਵਾਂਵਦਾ।

ਏਸੇ ਤਰ੍ਹਾਂ ਖ਼ਰ ਦੇ, ਦਿਮਾਗ ਵਾਲ਼ਾ ਬੰਦਾ ਵੀ ਤਾਂ,
ਅਕਲ ਦੀ ਗੱਲ ਬਹੁਤ, ਘੱਟ ਪੱਲੇ ਪਾਂਵਦਾ।

ਕੋਸ਼ਿਸ਼ਾਂ ਲੱਖ ਭਾਵੇਂ, ਕਰੋ ਸਮਝਾਉਣ ਦੀਆਂ,
'ਮੈਂ ਨਾ ਮਾਨੂੰ' ਵਾਲ਼ੀ ਰਟ, ਨਿੱਤ ਹੀ ਲਗਾਂਵਦਾ।

ਵਾਹ ਐਸੇ ਜੀਵਾਂ ਨਾਲ਼, ਪਾਉਣਾ ਬੜਾ ਮਹਿੰਗਾ ਪੈਂਦਾ,
ਸ਼ਰੀਫ਼ ਬੰਦਾ ਆਪਣੀ ਹੀ, ਪੱਗ ਹੈ ਲਹਾਂਵਦਾ।

ਬਚਾਈਂ ਰੱਬਾ ਐਸੀਆਂ, ਰੂਹਾਂ ਕੋਲੋਂ ਮੈਨੂੰ ਵੀ ਤੂੰ,
ਵਾਸਤਾ ਮੈਂ ਤੈਨੂੰ ਅਪਣੀ, ਜਾਨ ਦਾ ਹਾਂ ਪਾਂਵਦਾ।

ਦੀਵਾਲੀ ਦੀ ਹੋਲੀ - ਰਵਿੰਦਰ ਸਿੰਘ ਕੁੰਦਰਾ ਵੈਂਟਰੀ ਯੂ ਕੇ

ਦੀਵਾਲੀਆਂ ਦੇ ਮੌਕਿਆਂ 'ਤੇ, ਖੂਨੀ ਹੋਲੀ ਖੇਡ ਖੇਡ,
ਬੁਝਾ ਕੇ ਜਿੰਦਗੀ ਦੇ ਦੀਵੇ, ਮਿੱਟੀ ਦੇ ਜਗਾਈ ਜਾਨੈਂ,
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।

ਬੰਬਾਂ ਅਤੇ ਗੋਲੀਆਂ ਦੀ, ਤਾੜ੍ਹ ਤਾੜ੍ਹ ਸਾਰੇ ਪਾਸੇ,
ਮਾਸੂਮਾਂ ਦੀਆਂ ਬੁਲ੍ਹੀਆਂ ਤੋਂ, ਖੋਹ ਖੋਹ ਕੇ ਸਾਰੇ ਹਾਸੇ,
ਦਿਲ ਵਿੱਚ ਭੋਰ ਲੱਡੂ, 'ਤੇ ਚਲਾ ਕੇ ਖੁਸ਼ੀ ਦੇ ਪਟਾਕੇ,
ਬੇਗਾਨੇਂ ਚੁਲ੍ਹਿਆਂ ਦੇ ਉੱਤੇ, ਜਲੇਬੀਆਂ ਪਕਾਈ ਜਾਨੈਂ,
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।

ਮੂੜ੍ਹਤਾ ਦਾ ਹਨੇਰਾ ਘੁੱਪ, ਦਿਨੋ ਦਿਨ ਵਧਾ ਕੇ ਇੱਥੇ,
ਸ਼ਰੀਫਾਂ ਦੀਆਂ ਅੱਖੀਆਂ 'ਚ, ਖ਼ੂਬ ਘੱਟਾ ਪਾ ਕੇ ਇੱਥੇ,
ਰੱਬ ਦਿਆਂ ਬੰਦਿਆਂ ਨੂੰ, ਬੰਦੀ ਤੂੰ ਬਣਾ ਕੇ ਇੱਥੇ,
ਬੰਦੀ ਛੋੜ ਦਿਵਸ ਦੀਆਂ, ਵਧਾਈਆਂ ਤੂੰ ਵਧਾਈ ਜਾਨੈਂ,
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।

ਧੂੰਏਂ ਦੇ ਬੱਦਲ਼ਾਂ 'ਤੇ, ਧੂੰਆਂਧਾਰ ਭਾਸ਼ਨਾਂ ਦੀ,
ਖ਼ੂਬ ਤੇਰੀ ਦਿਨ ਰਾਤ, ਚੱਲਦੀ ਏ ਰਾਜਨੀਤੀ,
ਬਿਨਾ ਕੋਈ ਜੰਗ ਜਿੱਤੇ, ਲਵਾਈ ਫਿਰੇਂ ਬਾਂਹ 'ਤੇ ਫੀਤੀ,
ਆਪਣੀ ਸ਼ਾਨ ਵਿੱਚ ਫੋਕੇ, ਗੀਤ ਤੂੰ ਗਵਾਈ ਜਾਨੈਂ,
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।

ਕਰਕੇ ਪਲੀਤ ਹਵਾ, ਪਾਣੀ ਅਤੇ ਧਰਤ ਸਾਰੀ,
ਤੇਰੇ ਕੋਝੇ ਕਾਰਿਆਂ ਨਾਲ, ਗਈ ਹੈ ਤੇਰੀ ਮੱਤ ਮਾਰੀ,
ਹੋਰ ਕਿਤੇ ਲਾਂਬੂ ਦੀ ਤੂੰ, ਕਰੀ ਜਾਵੇਂ ਹੁਣ ਤਿਆਰੀ,
ਭੁੱਲੀਂ ਨਾ ਤੂੰ ਆਪਣੀ ਹੀ, ਪੂਛ ਨੂੰ ਅੱਗ ਲਾਈ ਜਾਨੈਂ!
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।

ਦੀਵਾਲੀਆਂ ਦੇ ਮੌਕਿਆਂ 'ਤੇ, ਖੂਨੀ ਹੋਲੀ ਖੇਡ ਖੇਡ,
ਬੁਝਾ ਕੇ ਜਿੰਦਗੀ ਦੇ ਦੀਵੇ, ਮਿੱਟੀ ਦੇ ਜਗਾਈ ਜਾਨੈਂ,
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।

ਸ਼ੁਕਰੀਆ - ਰਵਿੰਦਰ ਸਿੰਘ ਕੁੰਦਰਾ ਵੈਂਟਰੀ ਯੂ ਕੇ

ਸ਼ੁਕਰੀਆ ਤੇਰਾ ਸ਼ੁਕਰੀਆ, ਐ ਜਹਾਨ ਤੇਰਾ ਸ਼ੁਕਰੀਆ,
ਦਿੰਦਾ ਰਹੀਂ ਹਮੇਸ਼ਾ ਮੈਨੂੰ, ਮਹੌਲ ਮੇਰਾ ਸ਼ੁਗਲੀਆ।

ਸਿਰ ਮੱਥੇ ਨੇ ਮੇਰੇ, ਤੇਰੇ ਪਿਆਰ ਦੀਆਂ ਰਮਜ਼ਾਂ ਸੰਦੇਸ਼,
ਮੁਬਾਰਕ ਹੋਵਣ ਤੈਨੂੰ ਤੇਰੇ, ਸਖ਼ਤ ਫੁਰਮਾਨੇ ਮੁਗਲੀਆ।

ਕਦਮ ਕਦਮ ਹੈ ਚੱਲ ਰਿਹਾ, ਮੇਰਾ ਇਹ ਜੋ ਸਿਲਸਿਲਾ,
ਤੇਰੀਆਂ ਪਗਡੰਡੀਆਂ ਤੇ, ਚੱਲਦਾ ਰਿਹਾ ਮੇਰਾ ਪੁਰਖੀਆ।

ਨਗਾਰਿਆਂ ਦੇ ਸ਼ੋਰ ਵਿੱਚ, ਮੇਲਿਆਂ ਦੇ ਦੌਰ ਵਿੱਚ,
ਕਿਤੇ ਕਿਤੇ ਸੁਣਦੀ ਰਹੀ, ਮੇਰੀ ਆਵਾਜ਼ੇ ਮੁਰਲੀਆ।

ਆਤਮਾ ਅਤੇ ਖ਼ਾਕ ਦੇ, ਸੁਮੇਲ ਦਾ ਇਹ ਮੁਜੱਸਮਾ,
ਤੇਰੀਆਂ ਫ਼ਿਜ਼ਾਵਾਂ ਵਿੱਚ, ਸਦਾ ਰਿਹਾ ਹੈ ਚਿਲਕੀਆ।

ਦੇਣਦਾਰੀਆਂ ਮਸ਼ਕੂਰੀਆਂ ਦੇ, ਲੱਗੇ ਹੋਏ ਅੰਬਾਰ ਵਿੱਚ,
ਰੋਮ ਰੋਮ ਮੇਰਾ ਜੀ ਰਿਹੈ, ਬਣ ਕੇ ਇਹ ਤੇਰਾ ਗਿਰਵੀਆ।

ਕਰਮ ਅਤੇ ਭਰਮ ਦੀਆਂ, ਤਲਖ਼ੀਆਂ ਅਤੇ ਸ਼ੋਖੀਆਂ,
ਤੇਰੀ ਭਰੀ ਕਚਿਹਰੀ ਵਿੱਚ, ਬਣੀਆਂ ਗਵਾਹੀਆਂ ਹਲਫ਼ੀਆ।

ਹਰ ਸਵੇਰ ਹੈ ਚਮਤਕਾਰ, ਹਰ ਸ਼ਾਮ ਇੱਕ ਵਰਦਾਨ ਹੈ,
ਕੁਦਰਤ ਦਾ ਹਰ ਜੀਵ ਮੇਰਾ, ਬਣਦਾ ਰਿਹਾ ਹਮਸਫਰੀਆ।

ਸ਼ੁਕਰੀਆ ਤੇਰਾ ਸ਼ੁਕਰੀਆ, ਐ ਜਹਾਨ ਤੇਰਾ ਸ਼ੁਕਰੀਆ,
ਦਿੰਦਾ ਰਹੀਂ ਹਮੇਸ਼ਾ ਮੈਨੂੰ, ਮਹੌਲ ਮੇਰਾ ਸ਼ੁਗਲੀਆ।

ਹੱਥਕੜੀਆਂ ਜ਼ੰਜੀਰਾਂ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਹੱਥਕੜੀਆਂ ਜ਼ੰਜੀਰਾਂ ਵਿੱਚ, ਹਰ ਤਰ੍ਹਾਂ ਨਾਲ਼ 'ਤੇ ਹਰ ਪਾਸੋਂ।
ਆਜ਼ਾਦ ਮਨੁੱਖਤਾ ਕੈਦੀ ਹੈ, ਆਪਣੀਆਂ ਹੀ ਕਰਤੂਤਾਂ ਤੋਂ।

ਕਿਉਂ ਕੌਣ ਕਿਸੇ ਨੂੰ ਕੈਦ ਕਰੇ, ਜੇ ਫ਼ਰਜ਼ ਕੋਈ ਪਛਾਣ ਲਵੇ,
ਜੀਓ 'ਤੇ ਹੋਰਾਂ ਨੂੰ ਜੀਵਣ ਦੇ, ਜੇ ਫਲਸਫੇ ਨੂੰ ਕੋਈ ਮਾਣ ਦਵੇ।

ਅੰਧੇਰ ਨਗਰੀ ਨੇ ਹਰ ਪਾਸੇ, ਕੱਸਿਆ ਐਸਾ ਸ਼ਿਕੰਜਾ ਹੈ,
ਮਨੁੱਖ ਦੀਆ ਹਰਕਤਾਂ ਦੇਖ ਦੇਖ, ਦਰਿੰਦਾ ਵੀ ਸ਼ਰਮਿੰਦਾ ਹੈ।

ਖ਼ੁਦੀ ਦੇ ਬੇੜੇ ਤੇ ਚੜ੍ਹ ਕੇ, ਇਹ ਚੱਪੂ ਆਪਣਾ ਗਵਾ ਬੈਠਾ,
ਮੰਝਧਾਰ ਚ ਫਸ ਹੁਣ ਰੋਂਦਾ ਹੈ, ਅਤੇ ਡੁੱਬਣ ਕੰਢੇ ਆ ਬੈਠਾ।

ਚਤਰਾਈਆਂ ਕਰਨੋਂ ਝਕਦਾ ਨਹੀਂ, ਭਾਵੇਂ ਮੂੰਹ ਦੀ ਖਾਣੀ ਪੈ ਜਾਵੇ,
ਦੂਜੇ ਦੇ ਮਹਿਲ ਗਿਰਾਵਣ ਲਈ, ਭਾਵੇਂ ਅਪਣੀ ਕੁੱਲੀ ਢਹਿ ਜਾਵੇ।

ਹੋਰਾਂ ਦੀ ਗੱਲ ਤਾਂ ਦੂਰ ਰਹੀ, ਰੱਬ ਨੂੰ ਵੀ ਠੁੱਠ ਵਿਖਾਉਂਦਾ ਹੈ,
ਵੇਚੇ ਰੱਬ ਨੂੰ ਹਰ ਥਾਂ 'ਤੇ, ਅਤੇ ਮਰਜ਼ੀ ਦੀ ਕੀਮਤ ਲਾਉਂਦਾ ਹੈ।

ਅਸੂਲ, ਕਾਨੂੰਨ ਕੋਈ ਚੀਜ਼ ਨਹੀਂ, ਕਲਯੁੱਗੀ ਕਾਲ਼ੇ ਯੁਗ ਅੰਦਰ,
ਹਰ ਢੋਂਗ ਤਮਾਸ਼ਾ ਚੱਲਦਾ ਹੈ, ਗੁਰਦਵਾਰੇ, ਮਸੀਤ ਜਾਂ ਵਿੱਚ ਮੰਦਰ।

ਢੀਠਾਂ ਅੰਦਰ ਢੀਠ ਜਾਤ, ਢੀਠਾ ਹੈ ਬੱਸ ਅਸਲੋਂ ਢੀਠ,
ਬਾਂਹ ਉਲਾਰ ਕੇ ਕਹਿੰਦਾ ਹੈ, ਹੈ ਕੋਈ ਕਰੇ ਜੋ ਮੇਰੀ ਰੀਸ?

ਉਹ ਦਿਨ ਬਹੁਤੇ ਹੁਣ ਦੂਰ ਨਹੀਂ, ਜਦੋਂ ਖੇਲ੍ਹ ਉਲਟਾ ਪੈ ਜਾਵੇਗਾ,
ਦੂਰ ਦੂਰ ਤੱਕ ਦੇਖਣ ਲਈ, ਕੋਈ ਟਾਵਾਂ ਮਨੁੱਖ ਰਹਿ ਜਾਵੇਗਾ।

ਕੰਡਾ - ਰਵਿੰਦਰ ਸਿੰਘ ਕੁੰਦਰਾ ਵੈਂਟਰੀ ਯੂ ਕੇ

ਕੁਦਰਤ ਨੇ ਆਪਣਾ ਪਹਿਲਾ ਅੱਖਰ, ਮੇਰੀ ਝੋਲੀ ਪਾਇਆ,
ਪਿਆਰ ਨਾਲ ਸਾਰੇ ਫ਼ਰਜ਼ ਸਮਝਾ ਕੇ, ਮੈਨੂੰ ਕਿੱਤੇ ਲਾਇਆ।

ਇਹ ਦੁਨੀਆ ਹੈ ਸੇਜ ਸੂਲਾਂ ਦੀ, ਚੋਭਾਂ ਨੇ ਹਰ ਪਾਸੇ,
ਤੇਰੇ ਲਈ ਪਰ ਸਭ ਨੇ ਇੱਕੋ, ਹੌਕੇ, ਹਾਅਵੇ, ਹਾਸੇ!

ਨਾ, ਨਾ ਕਦੀ ਤੂੰ ਸੀਅ ਨਹੀਂ ਕਰਨੀ, ਧਾਅ ਮਾਰ ਨਹੀਂ ਰੋਣਾ,
ਵਫ਼ਾਦਾਰੀ ਰੱਖੀਂ ਨਿੱਤ ਪੱਲੇ, ਜਿੱਥੇ ਵੀ ਪਵੇ ਖਲੋਣਾ!

ਸੁੰਦਰਤਾ 'ਤੇ ਕੋਮਲਤਾ ਦੀ, ਰਾਖੀ ਤੇਰੇ ਪੱਲੇ,
ਦੇਖੀਂ ਹਥਿਆਰ ਸਾਂਭ ਕੇ ਵਰਤੀਂ, ਰੱਖੀਂ ਹੱਥ ਨਿਚੱਲੇ!

ਕਈ ਬਣਨਗੇ ਤੇਰੇ ਦੁਸ਼ਮਣ, ਖ਼ਾਰ ਖਾਣਗੇ ਤੈਥੋਂ,
ਖੋਹਣਗੇ ਤੇਰੇ ਹੱਕ ਉਹ ਤੈਥੋਂ, ਇੱਧਰੋਂ, ਉਧਰੋਂ, ਹੈਥੋਂ!

ਜਿੱਥੇ ਵੀ ਹੋਵੇ ਜ਼ਿਕਰ ਫੁੱਲ ਦਾ, ਉੱਥੇ ਲਾਜ਼ਮੀ ਹੋਵੇ ਮੇਰਾ,
ਸ਼ਾਇਰ, ਅਦੀਬ ਹਮੇਸ਼ਾ ਦਿੰਦੇ, ਮੇਰਾ ਹੱਕ ਵਧੇਰਾ।

ਮਾਣ ਹੈ ਮੈਨੂੰ ਆਪਣੇ ਕੰਮ 'ਤੇ, ਕੁਰਬਾਨ ਹੋਵਾਂ ਲੱਖ ਵਾਰੀ,
ਦਿਲ ਉੱਤੇ ਲੱਖ ਨਸ਼ਤਰ ਚੱਲਣ, ਭਾਵੇਂ ਤਨ ਤੇਜ਼ ਕਟਾਰੀ।

ਕੰਡਾ ਹਾਂ ਕੰਡਾ ਹੀ ਰਹਾਂਗਾ, ਮੈਨੂੰ ਬੀਜੋ ਜਾਂ ਮੈਨੂੰ ਵੱਢੋ,
ਫਿਤਰਤ ਨਾ ਮੈਂ ਛੱਡਾਂ ਹੱਥੋਂ, ਮੈਨੂੰ ਰੱਖੋ 'ਤੇ ਭਾਵੇਂ ਛੱਡੋ।

ਸਫ਼ਰ ਬੜਾ ਹੀ ਮੈਂ ਤੈਅ ਕੀਤਾ, ਝੱਲੀ ਗਰਮੀ ਸਰਦੀ,
ਕਾਸ਼ ਇਸ ਜਹਾਨ 'ਤੇ ਹੁੰਦਾ, ਮੇਰਾ ਵੀ ਕੋਈ ਦਰਦੀ।

ਚਹੇਤੇ ਚੇਤੇ - ਰਵਿੰਦਰ ਸਿੰਘ ਕੁੰਦਰਾ

ਚੇਤੇ ਇੰਨੇ ਚਹੇਤੇ ਸਨ ਜੋ,
ਉਮੜ ਉਮੜ ਕੇ ਚੇਤੇ ਆਏ,
ਨੈਣਾਂ ਦੇ ਨੀਰਾਂ ਨੇ ਫਿਰ,
ਮੋਹਲੇਧਾਰ ਕਈ ਮੀਂਹ ਵਰਸਾਏ।

ਉਖੜੇ ਸਾਹਾਂ ਦੀਆਂ ਤਰੰਗਾਂ,
ਤੜਪ ਤੜਪ ਕੇ ਇੰਨਾ ਫੜਕੀਆਂ,
ਕਈ ਪਰਤਾਂ ਵਿੱਚ ਦੱਬੇ ਜਜ਼ਬੇ,
ਲਾਵੇ ਵਾਂਗੂੰ ਉਬਲ਼ ਕੇ ਆਏ।

ਯਾਦਾਂ ਦੇ ਅਨੋਖੇ ਵਹਿਣ ਨੇ,
ਰੋੜ੍ਹ ਦਿੱਤਾ ਉਹ ਬੇੜਾ ਸਾਰਾ,
ਜਿਸ ਉੱਤੇ ਕਈ ਸੋਹਣੇ ਸੁਪਨੇ,
ਚਾਵਾਂ ਨਾਲ ਸੀ ਖੂਬ ਸਜਾਏ।

ਸੇਜਾਂ ਸੁੰਨੀਆਂ, ਬੇੜੀਆਂ ਰੁੜ੍ਹੀਆਂ,
ਟੁੱਟ ਖੁੱਸ ਗਏ ਸਾਰੇ ਹੀ ਚੱਪੂ,
ਲੁੱਟ ਲਏ ਸਭ ਪਾਪੀ ਲੁੱਡਣਾਂ,
ਪੂਰ ਜੋ ਸਨ ਕਦੀ ਭਰੇ ਭਰਾਏ।

ਚੱਲਣਾ ਨਹੀਂ ਹੁਣ ਕੋਈ ਵੀ ਚਾਰਾ,
ਜੋ ਖੱਟਿਆ ਸੋ ਪੱਲੇ ਬੰਨ੍ਹ ਲੈ,
ਮੁੜ ਕੇ ਫੇਰ ਆਪਣੇ ਨਹੀਂ ਬਣਦੇ,
ਜੋ ਇੱਕ ਵਾਰ ਹੋ ਜਾਣ ਪਰਾਏ।

ਚਲਣ ਦੁਨੀਆ ਦਾ ਬੜਾ ਅਨੋਖਾ,
ਮਤਲਬ ਪ੍ਰਸਤੀ ਭਾਰੂ ਹੋ ਗਈ,
ਚੱਲਵੇਂ ਰਿਸ਼ਤੇ ਬੜੀ ਛੇਤੀ ਟੁੱਟਦੇ,
ਮਨਸੂਬੇ ਰਹਿ ਜਾਣ ਧਰੇ ਧਰਾਏ।

ਛੱਡ ਫਰੋਲਣੀ ਕਾਇਆਂ ਦੀ ਮਿੱਟੀ,
ਖ਼ਾਕ ਖ਼ਲਕ ਨੇ ਛਾਣ ਹੀ ਦੇਣੀ,
ਤੇਰੇ ਹੱਥ ਨਹੀਂ ਹੁਣ ਉਹ ਆਉਣੇ,
ਲਾਲ ਜੋ ਹੱਥੀਂ ਕਦੇ ਲੁਟਾਏ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਚੰਦ ਦਾ ਚਾਅ - ਰਵਿੰਦਰ ਸਿੰਘ ਕੁੰਦਰਾ

ਚਾੜ੍ਹ ਦਿੱਤਾ ਹੈ, ਇਸਰੋ ਨੇ ਵੀ ਚੰਦ ਨਵਾਂ,
ਚੰਦਰਯਾਨ ਜਾ ਪਹੁੰਚਾ, ਚੱਲਦਾ ਰਵਾਂ ਰਵਾਂ।

ਪੈ ਰਿਹਾ ਸੀ ਧਮੱਚੜ, ਕਾਫੀ ਸਾਲਾਂ ਤੋਂ,
ਕਈਆਂ ਸਿਰ ਫੜ ਕੀਤੇ, ਜ਼ਰਬਾਂ, ਘਟਾਓ, ਜਮ੍ਹਾਂ।

ਜੱਕੋ ਤੱਕੀ ਵਿੱਚ ਕਈ, ਫੋਕੇ ਫਾਇਰ ਵੀ ਹੋਏ,
ਤਰੀਕਾਂ ਹੁੰਦੀਆਂ ਰਹੀਆਂ, ਕਈ ਹੀ ਅਗਾਂਹ ਪਿਛਾਂਹ।

ਘਿਸਰਦਾ ਘਿਸਰਦਾ ਇਸਰੋ, ਆਖ਼ਰ ਜਿੱਤ ਗਿਆ,
ਪੈਰ ਜਮਾਏ ਜਿੱਥੇ ਕੋਈ, ਪਹਿਲਾਂ ਪਹੁੰਚਾ ਨਾ।

ਸੁਭ ਹਨੂਮਾਨ ਚਾਲੀਸਾ, ਪੜ੍ਹਿਆ ਕਈਆਂ ਨੇ,
ਤਾਹੀਓਂ ਚਾਲ਼ੀ ਦਿਨ ਦਾ, ਲੱਗਿਆ ਵਕਤ ਇੰਨਾ।

ਟੱਲ ਖੜਕੇ ਹਰ ਪਾਸੇ, ਮੰਦਰਾਂ, ਧਾਮਾਂ ਦੇ,
ਬੋਲ਼ੇ ਕਈ ਕਰ ਦਿੱਤੇ, ਬੁੱਢੇ ਅਤੇ ਜਵਾਂ।

ਬਾਬੇ, ਕਈ ਨਜੂਮੀ, ਥਾਪੀਆਂ ਮਾਰ ਰਹੇ,
ਕਹਿਣ ਸਾਡੇ ਜਾਦੂ ਨੇ, ਕੀਤੇ ਸਭ ਹੈਰਾਂ।

ਕਾਮਯਾਬੀ ਵਿੱਚ ਹਰ ਕੋਈ, ਝੰਡੀ ਪੱਟ ਬਣਦਾ,
ਹਾਰ ਜਾਣ 'ਤੇ ਸਾਰੇ ਹੁੰਦੇ, ਉਰਾਂਹ ਪਰਾਂਹ।

ਉਂਗਲੀਆਂ ਕਈ ਚਿੱਥ ਗਏ, ਪਾ ਕੇ ਮੂੰਹਾਂ ਵਿੱਚ,
ਯਕੀਨ ਹੀ ਨਹੀਂ ਆਉਂਦਾ, ਗੋਰਿਆਂ 'ਤੇ ਚੀਨਣਿਆਂ।

ਡੇਢ ਅਰਬ ਭਾਰਤੀ, ਵਜਾਵਣ ਕੱਛਾਂ ਹੁਣ,
ਹਰ ਕੋਈ ਚਾਹੇ ਮੈਂ, ਚੰਦ 'ਤੇ ਜਾ ਪੈਰ ਧਰਾਂ।

ਗਰੀਬੀ ਦੀ ਚੱਕੀ ਪੀਂਹਦਾ, ਹਰੇਕ ਪ੍ਰਾਣੀ ਵੀ,
ਸੁਪਨੇ ਵਿੱਚ ਹੀ ਪਾਉਣਾ, ਚਾਹੁੰਦਾ ਚੰਦਰਮਾ।

ਧਰਤੀ ਸਾਡੀ ਗਰੀਬੀ, ਦੂਰ ਤਾਂ ਕਰ ਨਾ ਸਕੀ,
ਚੰਦ 'ਤੇ ਜਾ ਕੇ ਕਿਉਂ ਨਾ, ਮੁਸ਼ੱਕਤ ਫੇਰ ਕਰਾਂ।

ਦੰਪਤੀਆਂ ਨੂੰ ਫਿਕਰ ਹੈ, ਕਰਵਾ ਚੌਥ ਦਾ ਹੁਣ,
ਕਿੰਝ ਗੁਜ਼ਰੇਗਾ ਚੰਦ 'ਤੇ, ਵਰਤਾਂ ਦਾ ਸਮਾਂ।

ਚੌਦਾਂ ਦਿਨ ਦਾ ਵਰਤ 'ਤੇ, ਰੱਖਿਆ ਨਹੀਂ ਜਾਣਾ,
ਜੀਵਨ ਵਿੱਚ ਆਵੇਗਾ, ਔਖਾ ਵਕਤ ਘਣਾ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਸ਼ਹੀਦ - ਰਵਿੰਦਰ ਸਿੰਘ ਕੁੰਦਰਾ

ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ,
ਪੁਸ਼ਤ ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।

ਕਟੋਰੀ ਵੀ ਸਾਡੇ ਖ਼ੂਨ ਦੀ, ਕਤਰਾ ਕਰ ਕਰ ਮੁੱਕ ਗਈ,
ਕੌਡੀਆਂ ਹੋਈਆਂ ਮਹਿੰਗੀਆਂ, ਠੀਕਰ ਵੀ ਸਾਨੂੰ ਨਾ ਜੁੜੇ।

ਚੁੰਮਦੇ ਰਹੇ ਅਸੀਂ ਫਾਂਸੀਆਂ, ਨਾਪਦੇ ਰਹੇ ਉਹ ਗਰਦਣਾਂ,
ਕੀਮਤਾਂ ਸਾਡੇ ਧੜਾਂ ਦੀਆਂ, ਵਪਾਰੀ ਹਮੇਸ਼ਾਂ ਲੈ ਤੁਰੇ।

ਕੱਫਣ ਵੀ ਕੀਤੇ ਤਾਰ ਤਾਰ, ਢਕਣ ਤੋਂ ਪਹਿਲਾਂ ਸਾਡੇ ਧੜ,
ਲਾਸ਼ਾਂ ਨੂੰ ਅੱਗ ਦੇਣ ਲਈ, ਜਾਨਸ਼ੀਨ ਸਾਡੇ ਨਿੱਤ ਝੁਰੇ।

ਕੋਠੜੀਆਂ ਦਾ ਕਾਲ ਵੀ, ਕੰਧਾਂ ਤੋਂ ਰਿਹਾ ਦਹਿਲਦਾ,
ਉੱਕਰੇ ਉਨ੍ਹਾਂ ਉੱਤੇ ਸਾਡੇ, ਜਜ਼ਬੇ ਕਦੀ ਵੀ ਨਾ ਖੁਰੇ।

ਜਿਸ ਧਰਤ ਲਈ ਮਿਟਦੇ ਰਹੇ, ਉਸ ਉੱਤੋਂ ਹੀ ਮਿਟ ਗਏ,
ਮਿੱਟੀ ਨੂੰ ਮਿੱਟੀ ਨਾ ਮਿਲ਼ੀ, ਜਲਾਵਤਨ ਵੀ ਹੋ ਤੁਰੇ।

ਬੁੱਤ ਹਾਂ ਬਣ ਕੇ ਦੇਖਦੇ, ਕਰਤੂਤਾਂ ਝੋਲ਼ੀ ਚੁੱਕਾਂ ਦੀਆਂ,
ਪਥਰਾਏ ਸਾਡੇ ਨੈਣ ਵੀ, ਹੋ ਗਏ ਤੱਕ ਤੱਕ ਭੁਰਭਰੇ।

ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ,
ਪੁਸ਼ਤ ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ