Shivcharan-Jaggi-Kussa

ਕਾਂਡ 6 : ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ। - ਸ਼ਿਵਚਰਨ ਜੱਗੀ ਕੁੱਸਾ

ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ।
    ਦਾਰੂ ਨਾਲ਼ ''ਟੁੰਨ" ਹੋਇਆ ਜੁਗਾੜੂ ਕੰਧਾਂ ਕੌਲਿਆਂ ਵਿੱਚ ਵੱਜਦਾ ਜਾ ਰਿਹਾ ਸੀ। ਲੋਕ ਉਸ ਨੂੰ ਦੇਖ ਕੇ ਪਾਸਾ ਵੱਟ ਰਹੇ ਸਨ। ਕੋਈ ਵੀ ਕਬੀਲਦਾਰ ਬੰਦਾ ਕਲੇਸ਼ੀ ਜਿਹੇ ਬੰਦੇ ਨਾਲ਼ ਕਲਾਮ ਨਹੀਂ ਕਰਨਾ ਚਾਹੁੰਦਾ ਸੀ। ਬਿਨਾ ਕਿਸੇ ਕਾਰਨ ਤੋਂ ਭਰਜਾਈ ਦੀ ''ਚੁੱਕ" ਵਿੱਚ ਆ ਕੇ ਜੁਗਾੜੂ ਨੇ ਘਰਾਂ 'ਚੋਂ ਸ਼ਰੀਕ ਹਜਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ, ਇਸ ਲਈ ਲੋਕ ਹੁਣ ਜੁਗਾੜੂ ਨੂੰ ਘੱਟ ਹੀ ਮੂੰਹ ਲਾਉਂਦੇ ਸਨ।
    ਸੰਤਾ ਸਿੰਘ ਬਰਸੀਨ ਵੱਢ ਕੇ ਰੇੜ੍ਹੀ ਵਿੱਚ ਸੁੱਟ ਰਿਹਾ ਸੀ।
    ਉਸ ਦੇ ਬਿਲਕੁਲ ਨਜ਼ਦੀਕ ਜਾ ਕੇ ਦਾਰੂ ਨਾਲ਼ ਰੱਜੇ ਜੁਗਾੜੂ ਨੇ ਬੱਕਰਾ ਬੁਲਾਇਆ ਅਤੇ ਫ਼ਿਰ ਲਲਕਾਰਾ ਮਾਰਿਆ।
    ਸਾਊ ਜਿਹੇ ਸੰਤੇ ਦਾ ਕਾਲ਼ਜਾ ਨਿਕਲ਼ ਗਿਆ। ਉਸ ਨੇ ਪੱਠਿਆਂ ਦਾ ਥੱਬਾ ਰੇੜ੍ਹੀ ਵਿੱਚ ਸੁੱਟ ਕੇ ਜਦ ਗਹੁ ਨਾਲ਼ ਤੱਕਿਆ ਤਾਂ ਜੰਗਲੀ ਗੈਂਡੇ ਵਰਗਾ ਜੁਗਾੜੂ ਧੁੱਸ ਦੇਈ ਸੰਤੇ ਵੱਲ ਨੂੰ ਲਪਕਿਆ ਆ ਰਿਹਾ ਸੀ। ਸੰਤੇ ਦੇ ਹੋਸ਼ ਜਵਾਬ ਦੇ ਗਏ ਅਤੇ ਉਹ ਪੈਰ ਤੋਂ ਹੀ ਸਿਰਤੋੜ ਇੰਜਣ ਵਾਲ਼ੇ ਕੋਠੇ ਵੱਲ ਨੂੰ ਭੱਜ ਤੁਰਿਆ। ਪਰ ਭੂਸਰੇ ਸਾਹਣ ਵਰਗਾ ਜੁਗਾੜੂ ਬਰਸੀਨ ਦੇ ਕਿਆਰੇ ਵਿੱਚ ਦੀ ਟੇਢ ਦੇ ਕੇ ਉਸ ਦੇ ਸਾਹਮਣੇ ਜਾ ਖੜ੍ਹਾ। ਜੁਗਾੜੂ ਦੀਆਂ ਅੱਖਾਂ ਵਿੱਚੋਂ ਰੱਤ ਚੋਅ ਰਹੀ ਸੀ। ਦੋਨਾਲ਼ੀ ਬੰਦੂਕ ਵਰਗੀਆਂ ਨਾਸਾਂ 'ਤੋਂ ਫ਼ਰਾਟੇ ਵੱਜ ਰਹੇ ਸਨ।
-''ਭੱਜ ਕਿੱਧਰ ਭੱਜਦੈਂ...!" ਉਸ ਨੇ ਰੱਸੇ ਨੂੰ ਨਾਗਵਲ਼ ਪਾ ਕੇ ਸੰਤੇ ਦੇ ਗਲ਼ ਵਿੱਚ ਸੁੱਟ ਲਿਆ। ਸੰਤੇ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਧਰਤੀ ਘੁਕਦੀ ਦਿਸੀ।
-''ਨ੍ਹਾਂ ਭੱਜ ਹੁਣ....?" ਜੁਗਾੜੂ ਨੇ ਰੱਸੇ ਨੂੰ ਕਸੀਸ ਵੱਟ ਕੇ ਕਸਾਅ ਪਾਇਆ ਤਾਂ ਸੰਤੇ ਦਾ ਸਾਹ ਬੰਦ ਹੋ ਗਿਆ ਅਤੇ ਅੱਖਾਂ ਅੱਗੇ ਹਨ੍ਹੇਰ ਛਾਉਂਦਾ ਲੱਗਿਆ। ਉਸ ਨੇ ਬਚਾਓ ਲਈ ਹੱਥ-ਪੈਰ ਜਿਹੇ ਮਾਰੇ, ਪਰ ਨੌਂ ਗਜੇ ਜੁਗਾੜੂ ਕੋਲੋਂ ਫ਼ਕੀਰ ਜਿਹਾ ਬੰਦਾ ਸੰਤਾ ਕਿਸ ਤਰ੍ਹਾਂ ਬਚ ਸਕਦਾ ਸੀ?
-''ਤੇਰਾ ਮੇਰੇ ਨਾਲ਼ ਵੈਰ ਕੀ ਐ...?" ਸੰਤ ਸਿਉਂ ਨੇ ਆਖਰੀ ਤਾਣ ਲਾ ਕੇ ਜੁਗਾੜੂ ਨੂੰ ਪੁੱਛਿਆ। ਉਸ ਦੇ ਗਲ਼ ਵਿੱਚੋਂ ਘੱਗੀ ਜਿਹੀ ਅਵਾਜ਼ ਨਿਕਲ਼ੀ।
-''ਕੋਈ ਨੀ...! ਜਮ੍ਹਾਂ ਈ ਕੋਈ ਬੈਰ ਨੀ ਬਾਈ ਸਿਆਂ...! ਬੱਸ ਨਿੱਕੀ ਭਾਬੋ ਦਾ ਹੁਕਮ ਐਂ...! ਓਸੇ ਦਾ ਹੁਕਮ ਗਜਾਉਣੈਂ...!" ਉਸ ਨੇ ਰੱਸੇ ਨੂੰ ਹੋਰ ਕਸਾਅ ਪਾਇਆ ਅਤੇ ਸੰਤੇ ਦਾ ਸਾਹ ਬੰਦ ਹੋਣ ਕਾਰਨ ਨਾਲ਼ ਦੀ ਨਾਲ਼ ਹੀ ਲੁੜਕ ਗਿਆ।
-''ਲੈ ਨਿੱਕੀਏ ਭਰਜਾਈਏ...! ਪੁਗਾ'ਤੇ ਆਪਣੇ ਬਚਨ..! ਚੜ੍ਹਾ ਦਿੱਤੇ ਤੇਰੇ ਬੋਲਾਂ 'ਤੇ ਫ਼ੁੱਲ..! ਚੱਕਲਾ ਆ ਕੇ ਆਬਦਾ ਦੁਸ਼ਮਣ ਸੰਤਾ ਸਿਉਂ...! ਆਹ ਪਿਐ ਬੱਕਰੇ ਮਾਂਗੂੰ 'ਕੱਠਾ ਕੀਤਾ...!" ਉਹ ਸੰਤੇ ਦੀ ਲਾਅਸ਼ ਘੜ੍ਹੀਸ ਕੇ ਕੱਚੇ ਰਾਹ 'ਤੇ ਲੈ ਆਇਆ ਸੀ।
-''ਦੇਖ ਭਾਬੋ...! ਪਾਅ ਦਰਸ਼ਣ ਆਬਦੇ ਬੈਰੀ ਦੇ, ਚਾੜ੍ਹਤਾ ਗੱਡੀ...!" ਜੁਗਾੜੂ ਅਸਮਾਨ ਵੱਲ ਬਾਹਾਂ ਉਲਾਰ-ਉਲਾਰ ਕੇ ਗਰਜ ਰਿਹਾ ਸੀ।
-''ਓਏ ਇਹ ਕੀ ਕਹਿਰ ਢਾਅ ਦਿੱਤਾ ਓਏ ਜਾਲਮਾਂ....!" ਦੂਰੋਂ ਤਾਇਆ ਬਖਤੌਰ ਸਿਰਤੋੜ ਭੱਜਿਆ ਆ ਰਿਹਾ ਸੀ।
ਸਾਰਾ ਪਿੰਡ ਇਕੱਠਾ ਹੋ ਗਿਆ ਸੀ।
ਸੰਤੇ ਦੀ ਲਾਅਸ਼ ਸ਼ਾਂਤ, ਅਹਿਲ ਪਈ ਸੀ।
-''ਮੈਂ ਤੇਰੀ ਰੱਖਿਆ ਨੀ ਕਰ ਸਕਿਆ ਓਏ ਸ਼ੇਰਾ...! ਤੇਰਾ ਤਾਇਆ ਲਲੈਕ ਨਿਕਲਿਆ..! ਤੇਰਾ ਤਾਇਆ ਬੋਲਾਂ ਦਾ ਕੱਚਾ ਨਿਕਲਿਆ...!"
ਤਾਇਆ ਬਖਤੌਰ ਦਰਵੇਸ਼ ਜਿਹੇ ਸੰਤੇ ਦੀ ਲਾਅਸ਼ 'ਤੇ ਪਿਆ ਵਿਰਲਾਪ ਕਰ ਰਿਹਾ ਸੀ।
ਦੂਰ ਠੇਕੇ 'ਤੇ ਖੜ੍ਹ ਕੇ ਜੁਗਾੜੂ ਬੋਤਲ ਖਰੀਦ ਰਿਹਾ ਸੀ। ਦਿਨ ਦਿਹਾੜ੍ਹੇ ਕੀਤਾ ਖ਼ੂਨ ਉਸ ਦੇ ਸਿਰ ਨੂੰ ਚੜ੍ਹਿਆ ਹੋਇਆ ਸੀ। ਪਿੰਡ ਵਿੱਚ ਤੜਥੱਲ ਮੱਚਿਆ ਪਿਆ ਸੀ। ਜੁਗਾੜੂ ਨੇ ਤਿੰਨ-ਚਾਰ ਮਹੀਨਿਆਂ ਵਿੱਚ ਹੀ ਇੱਕ ਘਰ ਦੇ ਦੋ ਬੰਦੇ ''ਪਾਰ" ਬੁਲਾ ਦਿੱਤੇ ਸਨ। ਤੇ ਉਹ ਵੀ ਬੇਕਸੂਰ ਅਤੇ ਨਿਹੱਥੇ...! ਸਾਰੇ ਪਿੰਡ ਦੇ ਦੰਦ ਜੁੜੇ ਪਏ ਸਨ।
ਠੇਕੇ ਦੇ ਅੰਦਰ ਬੈਠਾ ਠੇਕੇ ਦਾ ਮਾਲਕ ਲਾਲਾ ਜੁਗਾੜੂ ਨੂੰ ਦੇਖ-ਦੇਖ ਜੁਲਾਹੇ ਦੀ ਤਾਣੀ ਵਾਂਗੂੰ ਕੰਬੀ ਜਾ ਰਿਹਾ ਸੀ।
-''ਸੀਸੀ ਕੱਢ...! ਦੇਖ-ਦੇਖ ਮੂਤੀ ਕਿਉਂ ਜਾਨੈਂ ਸਾਲ਼ਿਆ...?" ਉਸ ਨੇ ਬਾਣੀਏਂ ਦੇ ਅੱਗੇ ਨੋਟ ਇਸ ਤਰ੍ਹਾਂ ਸੁੱਟੇ, ਜਿਵੇਂ ਮੌਲੇ ਬਲ਼ਦ ਅੱਗੇ ਕੜਬ ਸਿੱਟੀਦੀ ਹੈ!
-''ਮੇਰੇਆਰ ਡਰ ਤਾਂ ਲੱਗਦਾ ਈ ਐ, ਤੂੰ ਤਾਂ ਮਿੰਟ 'ਚ ਬੰਦਾ ਮਾਰਤਾ...! ਤੇਰੇ ਵਰਗੇ ਤੋਂ ਤਾਂ ਰਾਮ ਬਚਾਏ...! ਏ ਆਹ ਚੱਕ ਆਬਦੀ ਚੀਜ਼, ਤੇ ਖਹਿੜ੍ਹਾ ਛੱਡ..!" ਉਸ ਨੇ ਬੋਤਲ ਜੁਗਾੜੂ ਹੱਥ ਦੇ ਕੇ ਖਿੜਕੀ ਬੰਦ ਕਰ ਲਈ ਅਤੇ ''ਰਾਮ-ਨਾਮ" ਜਪਣ ਲੱਗ ਪਿਆ।
ਜੁਗਾੜੂ ਨੇ ਬੋਤਲ ਦਾ ਡੱਟ ਦੰਦਾਂ ਨਾਲ਼ ਤੋੜਿਆ ਅਤੇ ਮੂੰਹ ਲਾ ਕੇ ਅੱਧੀ ਬੋਤਲ ਸੂਤ ਧਰੀ।
-''ਪੁਗਾ ਦਿੱਤੇ ਬਚਨ ਭਾਬੋ ਤੇਰੇ...!" ਉਹ ਮੁੜ ਸੰਤੇ ਦੀ ਲਾਅਸ਼ ਕੋਲ਼ ਆ ਗਿਆ।
-''ਖ਼ਬਰਦਾਰ ਹੋਜਾ ਹੁਣ...! ਜੇ ਮੇਰੇ ਬੰਦੇ ਨੂੰ ਦੇ ਸਰੀਰ ਨੂੰ ਹੱਥ ਲਾਇਆ, ਗੋਲ਼ੀ ਬਣ ਕੇ ਵਿਚ ਦੀ ਨਿਕਲਜੂੰ...!" ਦੂਰੋਂ ਸੰਤਾ ਸਿੰਘ ਦੇ ਘਰਵਾਲ਼ੀ ਹਰ ਕੌਰ ਨੇ ਹੋਕਰਾ ਮਾਰਿਆ। ਉਸ ਦੇ ਹੱਥ ਵਿੱਚ ਸੇਲੇ ਵਾਲ਼ੀ ਡਾਂਗ ਸੀ ਅਤੇ ਉਸ ਨੇ ਸਿਰ 'ਤੇ ਮੜਾਸਾ ਮਾਰਿਆ ਹੋਇਆ ਸੀ। ਦੂਰੋਂ ਉਹ ਕਿਸੇ ਮਰਦ ਦਾ ਭੁਲੇਖਾ ਪਾਉਂਦੀ ਸੀ।
-''ਤਾਇਆ ਜੀ, ਪੁਲ਼ਸ ਲੈ ਕੇ ਆਓ, ਇਹਨੂੰ ਹਰਾਮਦੇ ਨੂੰ ਮੈਂ ਰੋਕਦੀ ਆਂ...!" ਹਰ ਕੌਰ ਨੇ ਬਖਤੌਰ ਨੂੰ ਕਿਹਾ।
-''ਪੁਲ਼ਸ ਤਾਂ ਆਗੀ ਭਾਈ...!" ਪਿੱਛੋਂ ਸਰਪੰਚ ਬੋਲਿਆ।
ਹਰ ਕੌਰ ਦੀ ਹਿੰਮਤ ਦੇਖ ਕੇ ਪਿੰਡ ਦੀ ਮੁੰਡੀਹਰ ਨੇ ਜੁਗਾੜੂ ਨੂੰ ਘੇਰ ਲਿਆ। ਉਹ ਪਾੜ 'ਚ ਫ਼ੜੇ ਚੋਰ ਵਾਂਗ ਝਾਕ ਰਿਹਾ ਸੀ। ਚਾਰ ਚੁਫ਼ੇਰਿਓਂ ਘਿਰਿਆ ਦੇਖ ਕੇ ਉਸ ਦੀ ਬੇਮੋਖੀ ਪੀਤੀ ਦਾਰੂ ਲਹਿ ਗਈ ਸੀ।
-''ਇਹਨੂੰ ਹਰਾਮ ਦੇ ਤੁਖਮ ਨੂੰ ਮੂਧਾ ਪਾਓ, ਇਹਦੀਆਂ ਮੁੱਛਾਂ ਪੱਟ ਕੇ ਇਹਦੀ ..... 'ਚ ਦਿਓ ਇਹਦੀ ਮਾਂ ਦੇ .... ਦਿੱਤਾ! ਇਹਨੇ ਵੀ ਬੜੇ ਵੀਰਵਾਰ ਲੰਘਾਏ ਐ...!" ਠਾਣੇਦਾਰ ਨੇ ਜੀਪ 'ਚੋਂ ਉਤਰਦਿਆਂ ਕਿਹਾ। ਇਹ ਠਾਣੇਦਾਰ ਨਵਾਂ ਹੀ ਬਦਲ ਕੇ ਆਇਆ ਸੀ ਅਤੇ ਆਪਣੇ ਸਖ਼ਤ ਸੁਭਾਅ ਲਈ ਮਸ਼ਹੂਰ ਸੀ। ਸਰਪੰਚ ਨੇ ਉਸ ਨੂੰ ਜੁਗਾੜੂ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ।
ਕੁਝ ਪਲਾਂ ਵਿੱਚ ਹੀ ਸਿਪਾਹੀਆਂ ਨੇ ਜੁਗਾੜੂ ਦਾ ਮੋਰ ਬਣਾ ਦਿੱਤਾ।
ਉਹ ਛੁਰੀਆਂ ਥੱਲੇ ਪਏ ਸੂਰ ਵਾਂਗ ਮਿਆਂਕ ਰਿਹਾ ਸੀ।
-''ਬੋਲ...! ਬੋਲ ਉਹਨੂੰ ਕਿਉਂ ਮਾਰਿਆ ਹਰਾਮ ਦਿਆ...?" ਠਾਣੇਦਾਰ ਖ਼ੁਦ ਡੰਡਾ ਲੈ ਕੇ ਝੰਬਣ ਡਹਿ ਪਿਆ। ਜੁਗਾੜੂ ਦੇ ਹੱਡ ਗੋਡਿਆਂ 'ਤੇ ਵਰ੍ਹਦੇ ਡੰਡੇ ''ਟੱਕ-ਟੱਕ" ਦੀ ਅਵਾਜ਼ ਕਰਦੇ ਸਨ ਅਤੇ ਜੁਗਾੜੂ ਦਾ ਅੜਾਹਟ ਕੰਧਾਂ ਨਾਲ਼ ਵੱਜ-ਵੱਜ ਮੁੜਦਾ ਸੀ।
-''ਐਨਾਂ ਨਾ ਮਾਰ ਸਰਦਾਰਾ, ਮਰ ਜਾਊਂਗਾ...!" ਜੁਗਾੜੂ ਹੱਥ ਜੋੜੀ ਕੰਬੀ ਜਾ ਰਿਹਾ ਸੀ। ਉਸ ਦੀਆਂ ਉਂਗਲ਼ਾਂ ਸੁੱਜ ਕੇ ਪਾਥੀ ਬਣ ਗਈਆਂ ਸਨ।
-''ਤੇਰੀ ਭੈਣ ਦਾ ਸਾਕ ਲੈਲਾਂ, ਤੈਨੂੰ ਮਾਰਾਂ ਨਾ ਤਾਂ ਹੋਰ ਤੈਨੂੰ ਨਿਉਂਦਾ ਦੇਵਾਂ..? ਭੈਣ ਦਿਆਂ ਘੜੁੱਕਿਆ ਬਿਨਾਂ ਗੱਲੋਂ ਦਰਵੇਸ਼ ਬੰਦਾ ਮਾਰ ਕੇ ਪਰ੍ਹਾਂ ਕੀਤਾ..!"
-''ਮੈਥੋਂ ਗਲਤੀ ਹੋਗੀ ਸਰਦਾਰਾ...! ਮੈਨੂੰ ਬਖ਼ਸ਼, ਮੈਂ ਮਰਜੂੰਗਾ...!" ਉਹ ਹੱਥ ਜੋੜ ਕੇ ਵਾਸਤੇ ਘੱਤ ਰਿਹਾ ਸੀ।
-''ਸਾਲ਼ਿਆ ਤੂੰ ਦੱਸਦਾ ਕਿਉਂ ਨੀ...? ਸੰਤਾ ਸਿਉਂ ਨੂੰ ਤੂੰ ਕਾਹਤੋਂ ਮਾਰਿਆ..?" ਸਰਪੰਚ ਬੋਲਿਆ। ਉਸ ਦੇ ਅੰਦਰੋਂ ਵੀ ਵਟਣੇਂ ਉਠੀ ਜਾ ਰਹੇ ਸਨ।
-''ਮੈਨੂੰ ਤਾਂ ਮੇਰੀ ਨਿੱਕੀ ਭਰਜਾਈ ਨੇ ਨੀ ਟਿਕਣ ਦਿੱਤਾ, ਸਰਪੈਂਚਾ..! ਉਹਨੇ ਈ ਮੇਰੇ ਗਿੱਟੇ ਸੋਟੀ ਲਾਈ ਰੱਖੀ, ਅੱਗੇ ਮੈਥੋਂ ਬਿਚਾਰਾ ਹਜਾਰਾ ਮਰਵਾ ਕੇ ਰੱਖਤਾ...!" ਉਹ ਉਚੀ-ਉਚੀ ਰੋਣ ਲੱਗ ਪਿਆ।
-''ਸੰਤੇ ਨੂੰ ਕਿਉਂ ਮਾਰਿਆ...?" ਠਾਣੇਦਾਰ ਦਾ ਡੰਡਾ ਜੁਗਾੜੂ ਦੇ ਸਿਰ 'ਤੇ ਘੁਕ ਰਿਹਾ ਸੀ।
-''ਮੈਨੂੰ ਤਾਂ ਆਪ ਨੀ ਪਤਾ ਸਰਦਾਰਾ...! ਮੇਰਾ ਤਾਂ ਇਹਨਾਂ ਜਿਉਣ ਜੋਕਰਿਆਂ ਨਾਲ਼ ਕੋਈ ਬੈਰ ਨੀ ਸੀ, ਮੇਰੀ ਨਿੱਕੀ ਭਰਜਾਈ ਕਹਿੰਦੀ ਸੰਤੇ ਨੂੰ ਮਾਰ ਦੇ, ਤੈਨੂੰ ਸਾਕ ਲਿਆ ਕੇ ਦਿਊਂਗੀ, ਮੈਂ ਤਾਂ ਉਹਦੀਆਂ ਗੱਲਾਂ 'ਚ ਆ ਗਿਆ..! ਹਾੜ੍ਹੇ, ਚਾਹੇ ਫ਼ਾਹੇ ਲਾ ਦਿਓ, ਪਰ ਐਨਾਂ ਮਾਰੋ ਨਾ ਵੀਰ ਬਣ ਕੇ, ਮੇਰੇ ਤਾਂ ਚਿੱਬ ਪੈਗੇ ਸਰੀਰ 'ਚ, ਤੇ ਮਾਸ ਚਿਲੂੰ-ਚਿਲੂੰ ਕਰੀ ਜਾਂਦੈ...!" ਉਸ ਨੇ ਮੁੜ ਸੁੱਜੇ ਹੱਥ ਜੋੜ ਦਿੱਤੇ। ਡੰਡਿਆਂ ਦਾ ਭੰਨਿਆਂ ਉਹ ''ਭੁੱਟ-ਭੁੱਟ" ਬੋਲੀ ਜਾ ਰਿਹਾ ਸੀ। ਇਸ ਹੋਣ ਵਾਲ਼ੇ ਸਲੂਕ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ।
-''ਤੇਜ ਕੁਰ ਨੇ ਸਾਕ ਦਾ ਲਾਲਚ ਦਿੱਤਾ, ਤੇ ਤੂੰ ਸਾਕ ਦੇ ਲਾਲਚ 'ਚ ਸਾਧੂ ਵਰਗਾ ਬੰਦਾ ਮਾਰਤਾ..?" ਸਰਪੰਚ ਦੁੱਖ ਦੇ ਨਾਲ਼-ਨਾਲ਼ ਦੰਗ ਵੀ ਬਹੁਤਾ ਸੀ।
-''ਕੁੱਤਾ ਭੌਂਕਦੈ ਸਰਪੈਂਚ ਸਾਹਬ..! ਮੈਂ ਇਹਨੂੰ ਕੁਛ ਨੀ ਕਿਹਾ, ਮੈਂ ਤਾਂ ਇਹਨੂੰ ਕਦੇ ਦੇਹਲ਼ੀ ਨੀ ਚੜ੍ਹਨ ਦਿੱਤਾ ਜਹਾਨ ਦੀ ਜੂਠ ਨੂੰ, ਹੁਣ ਛਿੱਤਰ ਪੈਂਦਿਆਂ ਤੋਂ ਬਚਣ ਵਾਸਤੇ ਮੇਰਾ ਨਾਂ ਬਕੀ ਜਾਂਦੈ ਔਤਾਂ ਦੇ ਜਾਣਾ..!" ਇੱਕ ਖੂੰਜੇ ਤੋਂ ਤੇਜ ਕੌਰ ਅੱਗੇ ਹੋ ਕੇ ਬੋਲੀ।
-''ਦੁੱਧ ਧੋਤੀ ਤੂੰ ਵੀ ਹੈਨ੍ਹੀ ਭਾਈ..! ਤੇਰੀਆਂ ਵੀ ਮੈਨੂੰ ਬਥੇਰੀਆਂ ਕਨਸੋਆਂ ਮਿਲ਼ਦੀਆਂ ਰਹੀਐਂ, ਸਾਰੇ ਟਟਬੈਰ ਤੇਰੇ ਖੜ੍ਹੇ ਕੀਤੇ ਵੇ ਐ..! ਤੂੰ ਈ ਇਹਦੀ ਪੂਛ ਨੂੰ ਵੱਟ ਚਾੜ੍ਹੀ ਰੱਖਿਐ, ਨਹੀਂ ਇਹਦਾ ਹਜਾਰੇ ਕੇ ਟੱਬਰ ਨਾਲ਼ ਕੀ ਬੈਰ ਸੀ..?"
-''ਹਜਾਰੇ ਕੇ ਟੱਬਰ ਨੇ ਇਹਦੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਸਰਪੈਂਚਾ, ਸਾਰੇ ਪਿੰਡ ਨੂੰ ਪਤੈ, ਓਦੋਂ ਦੀ ਮੈਨੂੰ ਟਿਕਣ ਨੀ ਸੀ ਦਿੰਦੀ, ਪਿਉ ਪੁੱਤ ਮਰਵਾ ਕੇ ਦਮ ਲਿਆ, ਤੇ ਹੁਣ ਸੱਚੀ ਬਣਦੀ ਐ..!" ਜੁਗਾੜੂ ਜੁਆਕ ਵਾਂਗ ਬਿਲਕੀ ਜਾ ਰਿਹਾ ਸੀ।
-''ਸਰਪੈਂਚ ਸਾਹਬ, ਲਾਅਸ਼ ਪੋਸਟ ਮਾਰਮ ਵਾਸਤੇ ਸ਼ਹਿਰ ਲੈ ਆਓ...! ਚੱਲ ਤੂੰ ਵੀ ਜੀਪ 'ਚ ਬੈਠ ਨੀ..!" ਠਾਣੇਦਾਰ ਤੇਜ ਕੌਰ ਨੂੰ ਕੌੜਿਆ।
-''ਇਹਨੂੰ ਵੀ ਜੀਪ 'ਚ ਲੱਦੋ...!" ਠਾਣੇਦਾਰ ਨੇ ਬੜੀ ਖੁੰਦਕ ਨਾਲ਼ ਸਿਪਾਹੀਆਂ ਨੂੰ ਇਸ਼ਾਰਾ ਕੀਤਾ।
-''ਮੈਂ ਕਿਉਂ ਜੀਪ 'ਚ ਬੈਠਾਂ ਠਾਣੇਦਾਰਾ..? ਮੇਰਾ ਕੀ ਕਸੂਰ ਐ..? ਨ੍ਹਾਂ ਮੈਂ ਕੀ ਗੁਨਾਂਹ ਕਰਤਾ..?" ਭਮੱਤਰੀ ਤੇਜ ਕੌਰ ਬੋਲੀ। ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭਦਾ ਸੀ। ਇਸ ਗਲ਼ ਪੈਣ ਵਾਲ਼ੀ ਬਲਾਅ ਬਾਰੇ ਤਾਂ ਉਸ ਨੇ ਕਦੇ ਸੁਪਨੇ ਵਿੱਚ ਵੀ ਚਿਤਵਿਆ ਨਹੀਂ ਸੀ। ਰੋਜੇ ਬਖਸ਼ਾਉਂਦੀ ਤੇਜ ਕੌਰ ਦੇ ਤਾਂ ਨਮਾਜਾਂ ਗਲ਼ ਆ ਪਈਆਂ ਸਨ।
-''ਗੁਨਾਂਹ ਕੱਲ੍ਹ ਨੂੰ ਅਦਾਲਤ ਜਾ ਕੇ ਦੱਸਾਂਗੇ...!" ਠਾਣੇਦਾਰ ਬੋਲਿਆ।
-''ਚੱਲ ਬੈਠ...! ਨਹੀਂ ਸਾਨੂੰ ਧੱਕੇ ਨਾਲ਼ ਚੜ੍ਹਾਉਣਾ ਪਊ...!" ਹੌਲਦਾਰ ਨੇ ਕਿਹਾ।
-''ਵੇ ਪਿੰਡਾ..! ਥੋਡੇ ਪਿੰਡ ਦੀ ਤੀਮੀ ਮਾਨੀ ਨੂੰ ਠਾਣੇ ਲੈ ਚੱਲੇ ਐ, ਥੋਨੂੰ ਕੋਈ ਸ਼ਰਮ ਹਯਾ ਨੀ ਆਉਂਦਾ..?" ਉਸ ਨੇ ਸਾਰੇ ਪਿੰਡ ਦੀ ਅਣਖ ਨੂੰ ਲਲਕਾਰਿਆ।
-''ਆਦਮਖੋਰੇ, ਤੂੰ ਪਿੰਡ 'ਚ ਕਤਲ 'ਤੇ ਕਤਲ ਕਰਵਾਈ ਚੱਲ, ਪਿੰਡ ਤੇਰੀ ਇੱਜਤ ਬਚਾਉਣ ਵਾਸਤੇ ਭੱਜਿਆ ਫ਼ਿਰੇ...? ਸ਼ਰਮ ਹਯਾ ਤਾਂ ਤੈਨੂੰ ਚਾਹੀਦਾ ਸੀ, ਅਗਲਿਆਂ ਦਾ ਘਰ ਉਜਾੜ ਕੇ ਧਰਤਾ...!"
-''ਘਰ ਵੀ ਸਾਧੂ ਮਹਾਤਮਾਂ ਵਰਗੇ ਬੰਦਿਆਂ ਦੇ ਉਜਾੜੇ ਡੈਣ ਨੇ...!" ਬਖਤੌਰ ਬੋਲਿਆ।
ਪੁਲੀਸ ਦੀ ਜੀਪ ਜੇਠ ਭਰਜਾਈ ਨੂੰ ਲੱਦ ਕੇ ਲੈ ਗਈ।
ਸਰਪੰਚ ਹੋਰੀਂ ਸੰਤਾ ਸਿਉਂ ਦੀ ਲਾਅਸ਼ ਪੋਸਟ ਮਾਰਟਮ ਲਈ ਤੁਰਨ ਲੱਗੇ ਤਾਂ ਹਰ ਕੌਰ ਅੱਗੇ ਆ ਗਈ।
-''ਮੈਂ ਵੀ ਲਾਅਸ਼ ਦੇ ਨਾਲ਼ ਜਾਣੈਂ, ਤਾਇਆ ਜੀ..!" ਉਸ ਨੇ ਬਖਤੌਰ ਸਿੰਘ ਨੂੰ ਆਖਿਆ।
-''ਤੈਨੂੰ ਬੱਚਾ ਬੱਚੀ ਹੋਣ ਆਲ਼ੇ ਪੁੱਤ, ਕਮਲ਼ ਨਾ ਮਾਰ..! ਹਜਾਰਾ ਸਿਉਂ ਦੀ ਕੁਲ਼, ਉਹਦੀ ਅਗਲੀ ਪੀੜ੍ਹੀ ਦਾ ਖਿਆਲ ਕਰ, ਘਰ ਨੂੰ ਜਾਹ, ਅਸੀਂ ਹੈ ਤਾਂ ਹੈਗੇ..?"
-''ਨਾਲ਼ੇ ਹੁਣ ਤੂੰ ਨਾਲ਼ ਕੀ ਕਰਨ ਜਾਣੈਂ ਸ਼ੇਰਾ..? ਸੰਤਾ ਸਿਉਂ ਤਾਂ ਹੁਣ ਮਿੱਟੀ ਐ...!" ਤਾਇਆ ਬਖਤੌਰ ਫ਼ਿੱਸ ਪਿਆ।
-''.................।" ਤਾਏ ਬਖਤੌਰ ਦੀ ਵੈਰਾਗ ਵਾਲ਼ੀ ਹਾਲਤ ਦੇਖ ਕੇ ਹਰ ਕੌਰ ਚੁੱਪ ਵੱਟ ਗਈ।
ਲਾਅਸ਼ ਵਾਲ਼ੀ ਟਰਾਲੀ ਤੁਰ ਗਈ।
ਸਾਰਾ ਪਿੰਡ ਹਰਾਸਿਆ ਜਿਹਾ ਖੜ੍ਹਾ ਸੀ।
......ਉਸ ਦਿਨ ਤੋਂ ਬਾਅਦ ਹਰ ਕੌਰ ਨੇ ਆਪਣਾ ਲੱਕ ਬੰਨ੍ਹ ਲਿਆ ਸੀ। ਤਾਇਆ ਬਖਤੌਰ ਅਤੇ ਸਾਰਾ ਪਿੰਡ ਉਸ ਦੀ ਮੱਦਦ ਕਰਦਾ ਸੀ। ਦਿਨ ਪੂਰੇ ਹੋਣ 'ਤੇ ਹਰ ਕੌਰ ਨੇ ਇੱਕ ਨਿੱਗਰ ਪੁੱਤ ਨੂੰ ਜਨਮ ਦਿੱਤਾ, ਜਿਸ ਦਾ ਨਾਂ ''ਜੋਗਾ ਸਿੰਘ" ਰੱਖਿਆ।
.....ਤੇ ਅੱਜ ਮੁੱਦਤਾਂ ਬਾਅਦ ਹਰ ਕੌਰ ਦੇ ਘਰ ਕਿਸੇ ਖ਼ੁਸ਼ੀ ਨੇ ਪੈਰ ਪਾਉਣੇ ਸਨ। ਇਕਲੌਤੇ ਪੁੱਤਰ ਦਾ ਵਿਆਹ ਹੋਣਾ ਸੀ। ਭਰ ਜੁਆਨ ਉਮਰ ਤੋਂ ਲੈ ਕੇ ਹਰ ਕੌਰ ਨੇ ਬੁੜ੍ਹਾਪਾ ਕੱਟਿਆ ਸੀ। ਸਾਰੀ ਉਮਰ ਉਸ ਨੇ ਜੱਦੋਜਹਿਦ ਨਾਲ਼ ਤਵੇ 'ਤੇ ਪਈ ਨੇ ਕੱਟੀ ਸੀ ਅਤੇ ਲੱਖਾਂ ਔਖਾਂ ਨਾਲ਼ ਦੋ ਹੱਥ ਕਰਦਿਆਂ ਉਸ ਦਾ ਸੁਭਾਅ ਚਿੜਚੜਾ ਜਿਹਾ ਹੋ ਗਿਆ ਸੀ। ਉਹ ਹਰ ਵਕਤ ਅੱਕਿਆਂ ਵਾਂਗ ਝਾਕਦੀ ਅਤੇ ਮੱਥੇ 'ਤੇ ਕੁੱਤੇ ਵਾਲ਼ੀ ਤਿਊੜੀ ਪਾਈ ਰੱਖਦੀ। ਸਾਰੀ ਜ਼ਿੰਦਗੀ ਉਸ ਨੇ ਕਿਸੇ ਨੂੰ ਖੰਘਣ ਨਹੀਂ ਦਿੱਤਾ ਸੀ। ਪਿੰਡ ਦਾ ਕੋਈ ਬੰਦਾ ਅੱਖ ਵਿੱਚ ਪਾਇਆ ਨਹੀਂ ਰੜਕਿਆ ਸੀ। ਜੁਗਾੜੂ ਅਤੇ ਉਸ ਦੀ ਭਰਜਾਈ ਤੇਜ ਕੌਰ ਦੇ ਖ਼ਿਲਾਫ਼ ਠੋਕ ਕੇ ਅਗਵਾਹੀਆਂ ਦਿੱਤੀਆਂ ਸਨ ਅਤੇ ਸਿਰ 'ਤੇ ਮੜਾਸਾ ਮਾਰ ਕੇ ਮੁਕੱਦਮੇਂ ਦੀ ਪੂਰੀ ਪੈਰਵਾਹੀ ਕੀਤੀ ਸੀ। ਹਰ ਕੌਰ ਨੇ ਉਤਨਾ ਚਿਰ ਦਮ ਨਹੀਂ ਲਿਆ ਸੀ, ਜਦ ਤੱਕ ਜੁਗਾੜੂ ਨੂੰ ਫ਼ਾਂਸੀ ਅਤੇ ਉਸ ਦੀ ਭਰਜਾਈ ਤੇਜ ਕੌਰ ਨੂੰ ਵੀਹ ਸਾਲ ਦੀ ਸਜ਼ਾ ਨਹੀਂ ਬੋਲ ਗਈ।

ਕਾਂਡ 5: ਅੱਜ ਮੌਸਮ ਬੜਾ ਸੁਹਾਵਣਾ ਸੀ। - ਸ਼ਿਵਚਰਨ ਜੱਗੀ ਕੁੱਸਾ

ਅੱਜ ਮੌਸਮ ਬੜਾ ਸੁਹਾਵਣਾ ਸੀ।
ਸ਼ਾਮ ਦਾ ਮੌਕਾ ਸੀ। ਸੰਤਾ ਸਿਉਂ ਖੇਤ ਕੱਸੀ ਦਾ ਪਾਣੀ ਲਾ ਰਿਹਾ ਸੀ, ਦੂਰ ਵੱਟ 'ਤੇ ਇੱਕ ਪਾਸੇ ਬਖਤੌਰ ਸਿਉਂ ਬੈਠਾ ਸੀ। ਅਚਾਨਕ ਕਾਕੂ ਚੌਂਕੀਦਾਰ ਨੇ ਉਹਨਾਂ ਕੋਲ਼ ਸਾਈਕਲ ਆ ਰੋਕਿਆ। ਚੜ੍ਹੇ ਸਾਹ ਤੋਂ ਲੱਗਦਾ ਸੀ ਕਿ ਉਸ ਨੇ ਸਾਈਕਲ ਬਹੁਤ ਤੇਜ਼ ਚਲਾਇਆ ਸੀ।
-''ਬਾਹਲ਼ਾ ਈ ਸਾਹੋ ਸਾਹ ਹੋਇਆ ਫ਼ਿਰਦੈਂ ਕਾਕੂ, ਸੁੱਖ ਐ..?" ਭਗਵਾਨ ਨੇ ਪੁੱਛਿਆ।
-''ਸੰਤਾ ਸਿਆਂ, ਮਾੜਾ ਜਿਆ ਉਰ੍ਹੇ ਹੋ ਕੇ ਮੇਰੀ ਗੱਲ ਸੁਣ..!" ਕਾਕੂ ਨੇ ਹੱਥ ਹਿਲਾ ਕੇ ਕਿਹਾ, ''ਤੂੰ ਵੀ ਨੇੜੇ ਆ ਜਾਹ ਬਖਤੌਰ ਸਿਆਂ..!"
ਸੰਤੇ ਦੇ ਨਾਲ਼ ਬਖਤੌਰ ਸਿਉਂ ਵੀ ਕੋਲ਼ ਆ ਗਿਆ।
-''ਮੈਨੂੰ ਸਰਪੈਂਚ ਨੇ ਭੇਜਿਐ...!" ਕਾਕੂ ਬੜਾ ਧੀਮਾਂ ਬੋਲਿਆ।
-''ਦੱਸ...?" ਬਖਤੌਰ ਦੀ ਤੇਜ਼ ਤਰਾਰ ਅੱਖ ਚੌਂਕੀਦਾਰ ਨੂੰ ਪੜ੍ਹਨ ਦਾ ਯਤਨ ਕਰ ਰਹੀ ਸੀ। ਪਰ ਕਿਸੇ ਗੱਲ ਦਾ ਸਿਰਾ ਹੱਥ ਨਹੀਂ ਆ ਰਿਹਾ ਸੀ।
-''ਜੁਗਾੜੂ ਬਰੀ ਹੋ ਕੇ ਘਰੇ ਆ ਗਿਆ..! ਆਬਦਾ ਬਚਾ ਰੱਖ..! ਅੱਬਲ ਤਾਂ ਚਾਰ ਦਿਨ ਕਿਸੇ ਪਾਸੇ ਟਿੱਭ ਜਾ..! ਵੈਰੀ ਤੇ ਹਲ਼ਕੇ ਕੁੱਤੇ ਦਾ ਵਿਸਾਹ ਨੀ ਖਾਈਦਾ ਹੁੰਦਾ..!" ਚੌਂਕੀਦਾਰ ਨੇ ਸੰਤਾ ਸਿਉਂ ਵੱਲ ਮੂੰਹ ਕਰ ਕੇ ਦੱਸਿਆ ਤਾਂ ਦੋਹਾਂ ਦੇ ਥੰਮ੍ਹ ਹਿੱਲ ਗਏ। ਸੰਤੇ ਦੇ ਮੱਥੇ ਤੋਂ ਕੱਚੀ ਤਰੇਲ਼ੀ ਦੀ ਛੱਲ ਫ਼ੁੱਟੀ।
-''ਤਿੰਨਾਂ ਮਹੀਨਿਆਂ 'ਚ ਈ ਘਰੇ ਕਿਵੇਂ ਆ ਗਿਆ..?" ਬਖਤੌਰ ਨੂੰ ਕੋਈ ਲੱਲ ਨਹੀਂ ਲੱਗ ਰਿਹਾ ਸੀ। ਉਸ ਦਾ ਦਿਮਾਗ ਖੱਲਾਂ ਖੂੰਜਿਆਂ ਵਿੱਚ ਹੱਥ ਮਾਰਦਾ ਫ਼ਿਰਦਾ ਸੀ, ''ਸੰਤਾ ਸਿਆਂ, ਤੂੰ ਕਿਆਰਿਆਂ ਵਿੱਚ ਪਾਣੀ ਖੁੱਲ੍ਹਾ ਛੱਡ, ਤੇ ਚੱਲ ਸਰਪੈਂਚ ਨੂੰ ਮਿਲ਼ਦੇ ਆਂ ਚੱਲ ਕੇ, ਤਿੰਨਾਂ ਮਹੀਨਿਆਂ 'ਚ ਬੰਦਾ ਖੋਟੇ ਪੈਸੇ ਮਾਂਗੂੰ ਘਰ ਆਜੇ, ਆਹ ਤਾਂ ਲੋਹੜ੍ਹਾ ਐ ਭੈੜ੍ਹਿਆ...!" ਬਖਤੌਰ ਕਿਆਰੇ ਦੇ ਖੂੰਜੇ ਰੱਖੀ ਜੁੱਤੀ ਕਾਹਲ਼ੀ ਨਾਲ਼ ਪੈਰਾਂ ਵਿੱਚ ਅੜਾਉਣ ਲੱਗ ਪਿਆ।
ਸੰਤੇ ਨੇ ਵੱਟਾਂ ਵੱਢ ਪਾਣੀ ਖੁੱਲ੍ਹਾ ਛੱਡ ਦਿੱਤਾ ਅਤੇ ਪੈਰ ਧੋ ਕੇ ਜੁੱਤੀ ਪਾ ਲਈ।
ਬਾਪੂ ਦੇ ਜਾਣ ਵਾਲ਼ੇ ਫ਼ੱਟ ਉਪਰ ਅੱਜ ਫ਼ਿਰ ਇੱਕ ਵਾਰ ਰੰਦਾ ਵੱਜ ਗਿਆ ਸੀ।
ਜੁੱਤੀ ਪਾਉਂਦੇ ਦੇ ਉਸ ਦੇ ਹੱਥ ਕੰਬ ਰਹੇ ਸਨ। ਬਾਪੂ ਦੇ ਕਾਤਲ ਨੂੰ ਜੇਲ੍ਹ ਤੋਰ ਕੇ ਉਹ ਤਾਂ ਸੁਖ ਦਾ ਸਾਹ ਲਈ ਬੈਠਾ ਸੀ। ਉਸ ਨੂੰ ਕੀ ਪਤਾ ਸੀ ਕਿ ਵੈਰੀ ਹਿੱਲਦੀ ਕੰਧ ਵਾਂਗ ਮੁੜ ਉਤੇ ਆ ਡਿੱਗੇਗਾ..?
-''ਘਬਰਾ ਨਾ ਪੁੱਤ ਸੋਹਣਿਆਂ...! ਜਿੰਨੀ ਕੁ ਜੋਕਰਾ ਹਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਨਾਲ਼ ਐਂ...!" ਬਖਤੌਰ ਨੇ ਸੰਤੇ ਨੂੰ ਕਿਹਾ।
-''................।" ਪਰ ਸੰਤਾ ਸਿੰਘ ਚੁੱਪ ਸੀ। ਖ਼ਬਰ ਸੁਣ ਕੇ ਉਸ ਦਾ ਤੌਅਰ ਚੁੱਕਿਆ ਗਿਆ ਸੀ।
-''ਇੱਕ ਗੱਲ ਐ ਸੰਤਾ ਸਿਆਂ...!" ਉਸ ਨੂੰ ਚੁੱਪ ਦੇਖ ਕੇ ਬਖਤੌਰ ਸਿਉਂ ਬੋਲਿਆ।
-''..................।" ਸੰਤਾ ਨਾ ਬੋਲਿਆ।
-''ਆਪਾਂ ਵੀ ਇੱਕ ਅੱਧਾ ਹਥਿਆਰ ਹੱਥ ਹੇਠ ਕਰੀਏ, ਦੁਸ਼ਮਣ ਦਾ ਪਤਾ ਨੀ ਹੁੰਦਾ..!"
ਉਹ ਰਵਾਂ-ਰਵੀਂ ਸਰਪੰਚ ਕੋਲ਼ ਪਹੁੰਚ ਗਏ।
ਸਰਪੰਚ ਵੀ ਦੁਬਿਧਾ ਜਿਹੀ ਵਿੱਚ ਦੁਖੀ ਜਿਹਾ ਬੈਠਾ ਸੀ।
-''ਆਹ ਕੀ ਲੋਹੜ੍ਹਾ ਵੱਜਿਆ ਸਰਪੈਂਚਾ..? ਥਮਲ੍ਹੇ ਅਰਗਾ ਬੰਦਾ ਮਾਰ ਕੇ ਅਗਲਾ ਤੀਜੇ ਮ੍ਹੀਨੇ ਘਰੇ ਆ ਵੱਜੇ ਅਲੋਕਾਰ ਨੀ..?" ਬਖਤੌਰ ਨੇ ਨਿਰਾਸ਼ਾ ਭਿੱਜੇ ਗੁੱਸੇ ਦਾ ਇਜ਼ਹਾਰ ਸਰਪੰਚ ਕੋਲ਼ ਕੀਤਾ।
-''ਗੱਲਾਂ ਕਈ ਐ ਬਖਤੌਰ ਸਿਆਂ..!" ਸਰਪੰਚ ਜਿਵੇਂ ਖੂਹ 'ਚੋਂ ਬੋਲਿਆ ਸੀ।
-''.................।" ਬਖਤੌਰ ਨੇ ਸੁਆਲੀਆ ਨਜ਼ਰਾਂ ਸਰਪੰਚ ਦੇ ਮੂੰਹ ਉਪਰ ਗੱਡ ਰੱਖੀਆਂ ਸਨ।
-''ਪਹਿਲੀ ਗੱਲ ਤਾਂ ਆਪਣੇ ਕੇਸ ਨੂੰ ਪੁਲ਼ਸ ਨੇ ਈ ਸਹੀ ਤਰੀਕੇ ਨਾਲ਼ ਨੀ ਚੱਕਿਆ..! ਨਾ ਸਬੂਤ ਪੇਸ਼ ਕੀਤੇ, ਤੇ ਨਾ ਕੋਈ ਗਵਾਹ ਖੜ੍ਹਾ ਕੀਤਾ, ਨਾ ਕੋਈ ਹਥਿਆਰ ਪੇਸ਼ ਕੀਤਾ, ਤੇ ਨਾ ਮੁਜਰਮ ਦੇ ਪੈਰਾਂ ਦੇ ਨਿਸ਼ਾਨ ਚੱਕੇ..! ਅਦਾਲਤ ਦਾ ਸਾਰਾ ਦਾਰੋਮਦਾਰ ਗਵਾਹਾਂ ਤੇ ਸਬੂਤਾਂ 'ਤੇ ਹੁੰਦੈ, ਜਦੋਂ ਅਦਾਲਤ ਕੋਲ਼ ਨਾ ਸਬੂਤ ਨਾ ਗਵਾਹ, ਓਹ ਸਜ਼ਾ ਕਿਹੜੇ ਆਧਾਰ 'ਤੇ ਦਿੰਦੀ..? ਜੱਜ ਨੇ ਅਗਲੇ ਦੇ ਰੱਸੇ ਲਾਹ'ਤੇ..! ਤੇ ਅਗਲਾ ਦਣ-ਦਣਾਉਂਦਾ ਘਰੇ ਆ ਵੱਜਿਆ...!"
-''ਪਰ ਉਹ ਤਾਂ ਪੁਲ਼ਸ ਕੋਲ਼ੇ ਸਾਰੇ ਪਿੰਡ ਦੇ ਸਾਹਮਣੇ ਆਪ ਮੰਨਿਆਂ ਸੀ ਬਈ ਕਤਲ ਮੈਂ ਕੀਤੈ..!" ਬਖਤੌਰ ਪਿੱਟਣ ਵਾਲ਼ਿਆਂ ਵਾਂਗ ਬੋਲ ਰਿਹਾ ਸੀ।
-''ਪਰ ਇਹ ਤਾਂ ਜੱਜ 'ਤੇ ਮੁਨੱਸਰ ਐ ਨ੍ਹਾਂ, ਬਈ ਉਹ ਇਸ ਇਕਬਾਲੀਆ ਬਿਆਨ ਨੂੰ ਕਿੰਨੀ ਕੁ ਗੰਭੀਰਤਾ ਨਾਲ਼ ਲੈਂਦੈ, ਦੂਜੀ ਗੱਲ ਇਹ ਐ ਬਈ ਇਹਦੇ ਵਕੀਲ ਨੇ ਕੋਈ ਡਾਕਟਰੀ ਰਿਪੋਰਟ ਦਿੱਤੀ ਸੀ, ਬਈ ਮੇਰੇ ਮੁਵੱਕਲ ਦੀ ਦਿਮਾਗੀ ਹਾਲਤ ਠੀਕ ਨੀ, ਆਪਣੇ ਵੱਲੋਂ ਵੀ ਕੋਈ ਨਿੱਗਰ ਪੈਰਵਾਹੀ ਨੀ ਹੋਈ, ਓਹ ਸਾਰੀਆਂ ਗੱਲਾਂ ਦੋਸ਼ੀ ਦੇ ਹੱਕ 'ਚ ਗਈਆਂ ਤੇ ਅਗਲਾ ਛੁੱਟ ਕੇ ਖੋਟੇ ਪੈਸੇ ਮਾਂਗੂੰ ਘਰੇ ਆ ਗਿਆ...!"
-''.................।" ਬਖਤੌਰ ਸਿਉਂ ਲੰਮਾਂ ਸਾਹ ਖਿੱਚ ਕੇ ਬੈਠ ਗਿਆ। ਉਸ ਦੇ ਨਾਲ਼ ਸੰਤਾ ਢੇਰੀ ਜਿਹੀ ਢਾਹ ਕੇ, ਮੁਰਕੜੀ ਜਿਹੀ ਮਾਰੀ ਬੈਠਾ ਸੀ।
-''ਚਿੰਤਾ ਤਾਂ ਮੈਨੂੰ ਇਹ ਲੱਗੀ ਵੀ ਐ, ਬਈ ਕਿਤੇ ਆਪਣੇ ਸੰਤਾ ਸਿਉਂ ਦਾ ਨਾ ਕੋਈ ਨਛਕਾਨ ਕਰਦੇ, ਸਾਡੇ ਕੋਲ਼ੋਂ ਤਾਂ ਅਜੇ ਹਜਾਰਾ ਸਿਉਂ ਦਾ ਫ਼ੱਟ ਨੀ ਭਰਿਆ ਗਿਆ, ਬਰਾਬਰ ਦਾ ਭਾਈ ਮਰ ਗਿਆ...!" ਬਖਤੌਰ ਦਾ ਮਨ ਭਰ ਆਇਆ, ''ਪਰਬਤ ਅਰਗਾ ਬੰਦਾ ਮਿਲਟ 'ਚ...!" ਬਖਤੌਰ ਕੋਲ਼ੋਂ ਗੱਲ ਨਾ ਪੂਰੀ ਹੋਈ, ਉਸ ਦੀਆਂ ਅੱਖਾਂ ਨੱਕੋ ਨੱਕ ਭਰੀਆਂ ਹੋਈਆਂ ਸਨ।
-''ਦਿਲ 'ਤੇ ਨਾ ਲਾ ਬਾਈ ਬਖਤੌਰ ਸਿਆਂ..! ਆਪਾਂ ਕਰਦੇ ਐਂ ਕੋਈ ਬੰਦੋਬਸਤ..! ਪਰ ਇੱਕ ਗੱਲ ਐ..!" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।
-''.................।" ਬਖਤੌਰ ਨੇ ਭਿੱਜੀਆਂ ਨਜ਼ਰਾਂ ਉਪਰ ਚੁੱਕੀਆਂ।
-''ਸਿਆਣੇ ਕਹਿੰਦੇ ਹੁੰਦੇ ਐ, ਬਈ ਹਲ਼ਕੇ ਕੁੱਤੇ, ਖਰੂਦੀ ਸਾਹਣ ਤੇ ਵਿਗੜੇ ਬੰਦੇ ਦਾ ਕਦੇ ਵਿਸਾਹ ਨੀ ਖਾਈਦਾ..!"
-''ਫ਼ੇਰ ਆਬਦੇ ਬਚਾਓ ਵਾਸਤੇ ਕਿਸੇ ਹਥਿਆਰ ਦਾ ਢਾਣਸ ਕਰੀਏ...?"
-''ਹਥਿਆਰ ਦਾ ਢਾਣਸ ਤਾਂ ਕਰ ਦਿਆਂਗੇ, ਪਰ ਲੋੜ ਪੈਣ 'ਤੇ ਸੰਤਾ ਚਲਾ ਵੀ ਲਉ..?" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।
-''..................।" ਬਖਤੌਰ ਨੇ ਸੰਤੇ ਵੱਲ ਦੇਖਿਆ। ਉਹ ਪੱਥਰ ਹੋਇਆ ਚੁੱਪ ਵੱਟੀ ਬੈਠਾ ਸੀ।
-''ਸਰਪੈਂਚਾ ਹੋਰ ਨਾ ਕੰਮ ਕਰੀਏ..?" ਬਖਤੌਰ ਨੂੰ ਕੋਈ ਨਵੀਂ ਗੱਲ ਸੁੱਝੀ ਸੀ।
-''ਕੀ...?"
-''ਆਪਾਂ ਠਾਣੇ ਦਰਖ਼ਾਸਤ ਨਾ ਦੇ ਦੇਈਏ ਬਈ ਸੰਤੇ ਨੂੰ ਜੁਗਾੜੂ ਤੋਂ ਖ਼ਤਰੈ, ਤੇ ਉਹ ਇਹਨੂੰ ਕੋਈ ਨਛਕਾਨ ਪੁਚਾ ਸਕਦੈ..? ਜਦੋਂ ਪੁਲ਼ਸ ਨੇ ਜਮਾਨਤਾਂ ਕਰਵਾ ਦਿੱਤੀਆਂ, ਜੁਗਾੜੂ ਆਪੇ ਡਰ ਮੰਨੂੰ..?"
-''ਓਏ ਭੋਲ਼ਿਆ ਬਾਈ, ਜਦੋਂ ਕੁੱਤੀ ਹੈ ਈ ਚੋਰਾਂ ਦੀ, ਓਹਨਾਂ ਤੋਂ ਕਿਹੜੇ ਭਲੇ ਦੀ ਆਸ ਰੱਖੀਏ..? ਦਰਖ਼ਾਸਤ ਦੇ ਦਿੰਨੇ ਐਂ, ਪਰ ਆਬਦੇ ਆਪ ਨੂੰ ਫ਼ੋਕਾ ਧਰਵਾਸ ਦੇਣਾ, ਤੇ ਡੁੱਬਦੀ ਬੇੜੀ ਦੇ ਰਹਿਮ 'ਤੇ ਹੱਥ ਜੋੜ ਕੇ ਬੈਠੇ ਰਹਿਣਾ ਮਹਾਂ ਮੂਰਖਤਾਈ ਐ..!"  
-''ਪਰ ਇਹਦਾ ਕੋਈ ਹੱਲ ਤਾਂ ਕੱਢਣਾ ਪਊ, ਸਰਪੈਂਚਾ..! ਮਰਦਾ ਕੀ ਨੀ ਕਰਦਾ..? ਹੱਲ ਕੱਢੇ ਬਿਨਾਂ ਤਾਂ ਨੀ ਸਰਨਾਂ..!"
-''ਆਪਣੇ ਪਿੰਡ ਆਲ਼ੇ ਸਕੂਲ 'ਚ ਸ਼ੈੱਡ ਪੈਂਦੈ, ਮੈਂ ਹੁਣ ਜਾਣੈ ਸਕੂਲ ਨੂੰ, ਤੂੰ ਆਥਣੇ ਆ ਮੇਰੇ ਕੋਲ਼ੇ, ਓਦੋਂ ਤੱਕ ਹੱਲ ਕੱਢਦੇ ਐਂ ਕੋਈ..!" ਸਰਪੰਚ ਨੇ ਆਖਿਆ।
-''ਚੰਗਾ..!"
-''ਬਖਤੌਰ ਸਿਆਂ, ਤੂੰ ਅਜੇ ਸੰਤਾ ਸਿਉਂ ਨੂੰ 'ਕੱਲਾ ਨਾ ਛੱਡੀਂ, ਸਮੇਂ ਦਾ ਮੂੰਹ ਸੁੰਘਦੇ ਐਂ, ਬਈ ਤਿੰਨ ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਕੁਛ ਬੰਦਾ ਵੀ ਬਣਿਆਂ, ਜਾਂ ਓਹੀ ਰੰਘੜ੍ਹਊ ਧੌਣ 'ਚ ਅੜਾਈ ਫ਼ਿਰਦੈ..?"
-''ਸਿਆਣੇ ਕਹਿੰਦੇ ਨੀ ਹੁੰਦੇ..? ਬਈ ਰੱਸੀ ਮੱਚ ਜਾਂਦੀ ਐ, ਪਰ ਵੱਟ ਨੀ ਜਾਂਦਾ, ਊਤ ਲੋਕ ਛੇਤੀ ਕੀਤੇ ਸਿੱਧੇ ਥੋੜ੍ਹੋ ਹੁੰਦੇ ਐ..? ਇਹ ਕੁੱਤੇ ਦੀਆਂ ਪੂਛਾਂ ਵੰਝਲੀ 'ਚ ਪਾਈਆਂ ਸਿੱਧੀਆਂ ਹੋਣ ਵਾਲ਼ੀਆਂ ਨੀ, ਸਰਪੈਂਚਾ..! ਇਹਨਾਂ ਵਾਸਤੇ ਤਾਂ ਕੋਈ ਜੁਗਤ ਈ ਲੜਾਉਣੀ ਪਊ..! ਜਾਂ ਫ਼ੇਰ ਅੱਡੀਆਂ ਦਾ ਜੋਰ ਲਾ ਕੇ ਜੜੋਂ ਈ ਖਿੱਚਣੀਆਂ ਪੈਣਗੀਆਂ...।" ਬਖਤੌਰ ਘੋਰ ਨਿਰਾਸ਼ਾ ਵਿੱਚੋਂ ਬੋਲ ਰਿਹਾ ਸੀ।
-''ਬਾਹਲ਼ਾ ਕਲਪ ਨਾ ਬਖਤੌਰ ਸਿਆਂ, ਆਥਣੇ ਕਰਦੇ ਐਂ ਕੋਈ ਵਿਚਾਰ..!"
-''ਚੱਲ ਬਈ ਸ਼ੇਰ ਬੱਗਿਆ...!" ਬਖਤੌਰ ਨੇ ਸੰਤੇ ਦੀ ਪਿੱਠ ਥਾਪੜੀ।
ਸੰਤਾ ਮਰੇ ਜਿਹੇ ਮਨ ਨਾਲ਼ ਉਠ ਕੇ ਖੜ੍ਹਾ ਹੋ ਗਿਆ।
-''ਢਿੱਲਾ ਜਿਆ ਕਾਹਨੂੰ ਹੁੰਨੈ ਸੰਤਾ ਸਿਆਂ..? ਤੇਰੇ ਵੱਜਣ ਆਲ਼ੀ ਗੋਲ਼ੀ, ਪਹਿਲਾਂ ਮੇਰੀ ਹਿੱਕ 'ਚ ਦੀ ਲੰਘੂ..!" ਬਖਤੌਰ ਨੇ ਸਾਰੇ ਜੋਰ ਨਾਲ਼ ਹਿੱਕ 'ਚ ਧੱਫਾ ਮਾਰਿਆ।
ਉਹ ਆਪਣੇ-ਆਪਣੇ ਰਸਤੇ ਪੈ ਗਏ।
ਸਕੂਲ ਦੇ ਦਰਵਾਜੇ ਵਿੱਚ ਹੀ ਸਰਪੰਚ ਨੂੰ ਜੁਗਾੜੂ ਦੀ ਭਰਜਾਈ ਤੇਜ ਕੌਰ ਮਿਲ਼ ਪਈ। ਉਹ ਅੱਖ ਦੀ ਬੇਈਮਾਨ ਅਤੇ ਮੂੰਹ ਦੀ ਮਿੱਠੀ ਸੀ। ਤੇਜ ਕੌਰ ਦਾ ਲੋਹੜ੍ਹੇ ਦਾ ਰੰਗ ਰੂਪ ਦੁਹਾਈ ਬਣਿਆਂ ਪਿਆ ਸੀ। ਮੋਟੀਆਂ ਅੱਖਾਂ ਵਿੱਚ ਪਾਇਆ ਸੁਰਮਾਂ ਦੇਖਣ ਵਾਲ਼ੇ ਨੂੰ ਗਸ਼ ਪਾਉਂਦਾ ਸੀ।
-''ਚਾਚਾ ਜੀ, ਸਤਿ ਸ੍ਰੀ ਅਕਾਲ..!" ਉਸ ਨੇ ਸਰਪੰਚ ਨੂੰ ਹੱਥ ਜੋੜੇ।
-''ਸਤਿ ਸ੍ਰੀ ਅਕਾਲ ਭਾਈ ਬੀਬਾ, ਠੀਕ ਓਂ..?"
-''ਹਾਂ ਜੀ ਠੀਕ ਆਂ..!"
-''ਤੁਸੀਂ ਜੁਗਾੜੂ ਦੇ...?"
-''ਜੀ ਹਾਂ, ਮੈਂ ਉਹਨਾਂ ਦੀ ਨਿੱਕੀ ਭਰਜਾਈ ਆਂ ਜੀ...!"
-''ਵੱਡੇ ਘਰ ਜਾ ਕੇ ਸੁਧਰਿਆ ਕੁਛ...? ਕਿ ਅਜੇ ਵੀ ਓਹੋ ਜਿਆ ਈ ਐ...??"
-''ਨਹੀਂ ਜੀ, ਹੁਣ ਤਾਂ ਕੁਛ ਠੀਕ ਐ..!"
-''ਚਲੋ ਸ਼ੁਕਰ ਐ ਭਾਈ ਬੀਬਾ..! ਮਾਰਿਆ ਤਾਂ ਸਹੁਰੇ ਨੇ ਕਮਲ਼ ਈ, ਬਿਨਾ ਕਸੂਰ ਬੰਦਾ ਮਾਰ'ਤਾ, ਹੁਣ ਸਮਝਾ ਕੇ ਰੱਖਿਓ ਭਾਈ, ਕੁਛ ਨੀ ਪਿਆ ਇਹਨਾਂ ਗੱਲਾਂ 'ਚ, ਬਾਧੂ ਉਜਾੜੇ ਨੂੰ ਈ ਥਾਂ ਐਂ..!"
-''ਨਹੀਂ ਹੁਣ ਤਾਂ ਕੁਛ ਸੁਧਾਰ ਹੋਇਐ, ਚਾਚਾ ਜੀ..!"
-''ਕਲੇਸ਼ਾਂ 'ਚ ਕੀ ਰੱਖਿਐ ਭਾਈ, ਤੁਸੀਂ ਪੜ੍ਹੇ ਲਿਖੇ, ਸਿਆਣੇ ਓਂ, ਬੱਸ ਉਹਨੂੰ ਸਿਆਣਾ ਬਣਾ ਕੇ ਰੱਖੋ, ਕਲੇਸ਼ਾਂ 'ਚ ਉਲਝੇ ਘਰਾਂ ਦੇ ਤਾਂ ਚੁੱਲ੍ਹਿਆਂ 'ਚ ਘਾਹ ਉਗ ਆਉਂਦੈ..!" ਆਖ ਸਰਪੰਚ ਸਕੂਲ ਅੰਦਰ ਚਲਿਆ ਗਿਆ।
ਤੇਜ ਕੌਰ ਬੜੀ ਤੇਜੀ ਨਾਲ਼ ਘਰ ਆ ਗਈ।
ਜੁਗਾੜੂ ਮੰਜੇ 'ਤੇ ਸਿਰ ਜਿਹਾ ਸੁੱਟੀ ਪਿਆ ਸੀ।
-''ਕੀੜਿਆਂ ਆਲ਼ੇ ਕੁੱਤੇ ਵਾਂਗੂੰ ਕਾਹਤੋਂ ਸਿਰ ਜਿਆ ਸਿੱਟੀ ਪਿਐਂ, ਭਾਈ ਜੀ..?" ਉਸ ਨੇ ਜੁਗਾੜੂ ਨੂੰ ਹਿਲਾਇਆ।
-''ਨਹੀਂ, ਊਂ ਈਂ ਪਿਐਂ..!" ਉਸ ਨੇ ਬੜਾ ਜੋਰ ਲਾ ਕੇ ਅੱਖਾਂ ਪੱਟੀਆਂ।
-''ਜੇਲ੍ਹ 'ਚ ਜਾ ਕੇ ਤਾਂ ਲੋਕ ਮੋਢਿਆਂ ਉਤੋਂ ਦੀ ਥੁੱਕਣ ਲੱਗ ਜਾਂਦੇ ਐ, ਤੂੰ ਚਾਰ ਦਿਨ ਜੇਲ੍ਹ 'ਚ ਜਾ ਕੇ ਜਮਾਂ ਈ ਖੱਸੀ ਜਿਆ ਹੋ ਗਿਆ..?" ਤੇਜ ਕੌਰ ਨੇ ਉਸ ਦੀ ਮਰਦਾਨਗੀ ਨੂੰ ''ਆਰ" ਲਾਈ।
-''......................।" ਜੁਗਾੜੂ ਪਿਆ-ਪਿਆ ਇੱਕ ਦਮ ਤੇਜ ਕੌਰ ਵੱਲ ਝਾਕਿਆ। ਜਿਵੇਂ ਉਸ ਦੇ ਸਰੀਰ ਨੂੰ ਕੋਈ ਕਰੰਟ ਲੱਗਿਆ ਸੀ। ਨਿੱਖਰੀ ਤਿੱਖਰੀ ਭਰਜਾਈ ਨੂੰ ਦੇਖ ਕੇ ਉਸ ਦੀਆਂ ਅੱਖਾਂ ਬੈਟਰੀ ਵਾਂਗ ਜਗੀਆਂ ਸਨ।
-''ਕਿਹੋ ਜੀਆਂ ਗੱਲਾਂ ਕਰੀ ਜਾਨੀਂ ਐਂ...?" ਉਹ ਪਿਆਸੇ ਕਾਂ ਵਾਂਗ ਛੋਟੀ ਭਰਜਾਈ ਵੱਲ ਝਾਕਿਆ। ਭਰਜਾਈ ਦਾ ਸਰੀਰ ਦੋ ਗਜ ਫ਼ਾਸਲੇ ਤੋਂ ਵੀ ਭੱਠ ਵਾਂਗ ਸੇਕ ਮਾਰ ਰਿਹਾ ਸੀ।
-''ਲੈ ਫ਼ੜ ਪੈਸੇ, ਜਾਹ ਠੇਕੇ ਤੋਂ ਲਿਆ ਬੋਤਲ, ਤੇ ਗੜ੍ਹਕੇ ਨਾਲ਼ ਪੀਅ...! ਮੇਰੇ ਤੇ ਤੇਰੇ ਭਰਾ ਦੇ ਹੁੰਦਿਆਂ ਤੂੰ ਸੁੱਕੇ ਸੋੜ੍ਹੇ ਥੋੜ੍ਹੋ ਮਰਨੈਂ..? ਜਾਹ ਲਿਆ ਬੋਤਲ, ਤੇ ਦੋ ਪੈੱਗ ਲਾ ਕੇ ਟੱਸ ਫ਼ੜ, ਕੰਨ ਜੇ ਨਾ ਸਿੱਟ...!" ਭਰਜਾਈ ਨੇ ਛਾਤੀਆਂ ਦੇ ਸੰਨ੍ਹ 'ਚੋਂ ਹਾਥੀ ਦੇ ਕੰਨ ਜਿੱਡੇ ਨੋਟ ਕੱਢ ਕੇ ਫ਼ੜਾਏ। ਉਸ ਦੇ ਤਰਕ ਜਿਹੀ ਮਾਰਨ 'ਤੇ ਜੁਗਾੜੂ ਛਾਲ਼ ਮਾਰ ਕੇ ਮੰਜੇ ਤੋਂ ਉਠਿਆ, ਜਿਵੇਂ ਉਸ ਦੀ ਪਿੱਠ ਹੇਠ ਕੋਈ ਸੱਪ ਆ ਗਿਆ ਸੀ। ਭਰਜਾਈ ਦੀ ਤਿੱਖੀ ਤਰਕ ਬੜੀ ਜ਼ਹਿਰੀਲੀ ਸੀ। ਭਰਜਾਈ ਦੇ ਹੱਥੋਂ ਨੋਟ ਉਸ ਨੇ ਉਂਗਲ਼ਾਂ ਦਾ ਚਿਮਟਾ ਬਣਾ ਕੇ ਫ਼ੜੇ। ਨਿੱਕੀ ਭਰਜਾਈ ਦੀ ਤਰਕ ਉਸ ਦੇ ਨਸ਼ਤਰ ਵਾਂਗ ਵੱਜੀ ਸੀ।
ਜੁਗਾੜੂ ਸੀ ਕਿ ਕੋਈ ਬਲਾਅ..? ਉਹ ਫ਼ੁਰਤੀ ਨਾਲ਼ ਬੋਤਲ ਲੈ ਕੇ ਮੁੜ ਆਇਆ। ਉਸ ਦੇ ਆਉਣ ਤੱਕ ਭਰਜਾਈ ਨੇ ਸਾਗ ਨੂੰ ਲਸਣ, ਹਰੀ ਮਿਰਚ ਅਤੇ ਅਧਰਕ ਦਾ ਤੜਕਾ ਲਾ ਦਿੱਤਾ ਸੀ। ਉਪਰ ਹਰਾ ਧਨੀਆਂ ਛਿੜਕ ਦਿੱਤਾ ਸੀ।
-''ਲੈ ਚੱਕ..! ਹੁਣੇ ਤੜਕਾ ਲਾਇਐ..! ਐਸ਼ਾਂ ਕਰ ਤੇ ਬੁੱਲੇ ਵੱਢ..!" ਉਹ ਸਾਗ ਦੀ ਬਾਟੀ ਅਤੇ ਪਾਣੀ ਦਾ ਜੱਗ ਜੁਗਾੜੂ ਅੱਗੇ ਰੱਖਦੀ ਬੋਲੀ।
-''ਕੋਈ ਗਿਲਾਸ ਵੀ ਲਿਆ ਦੇ..! ਕਿ ਬੁੱਕ ਨਾਲ਼ ਈ ਪੀ'ਲਾਂ...?" ਉਸ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ। ਦਾਰੂ ਦੀ ਬੋਤਲ ਨੇ ਉਸ ਅੰਦਰ ਕਿਸੇ ਹੌਂਸਲੇ ਦਾ ਸੰਚਾਰ ਕਰ ਦਿੱਤਾ ਸੀ।
-''ਗਿਲਾਸ ਕੀ..? ਜਾਨ ਮੰਗ ਜਾਨ, ਭਾਈ ਜੀ..! ਤੇਰੀ ਜਾਨ ਨੂੰ ਕਾਹਦਾ ਘਾਟੈ...?" ਉਹ ਮੱਖੀ ਵਾਂਗੂੰ ''ਭਿਣਨ-ਭਿਣਨ" ਕਰਦੀ ਵਾਪਸ ਮੁੜ ਗਈ।
-''ਜਾਨ ਤੇਰੀ ਐਂਵੇਂ ਆਈ ਐ..?"
-''ਅੱਜ ਸਕੂਲ 'ਚ ਮੈਨੂੰ ਸਰਪੈਂਚ ਮਿਲ਼ਿਆ ਸੀ..!" ਤੇਜ ਕੌਰ ਨੇ ਅਸਲ ਗੱਲ ਦੱਸੀ।
-''...............।" ਜੁਗਾੜੂ ਨੇ ਗਿਲਾਸ ਦਾਰੂ ਦਾ ਭਰ ਕੇ ਧਰਤੀ ਮਾਤਾ ਨੂੰ ਛਿੱਟਾ ਦਿਤਾ ਅਤੇ ਸ਼ਰਬਤ ਦੇ ਪਾਣੀ ਵਾਂਗ ਸੂਤ ਗਿਆ। ਘਰ ਦੀ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਧੁੜਧੁੜੀ ਜਿਹੀ ਲੈ ਕੇ ਸਾਗ ਦਾ ਚਮਚਾ ਮੂੰਹ ਵਿੱਚ ਪਾਇਆ। ਜਾੜ੍ਹ ਹੇਠ ਆਈ ਹਰੀ ਮਿਰਚ ਦੀ ਕੁੜੱਤਣ ਨਾਲ਼ ਉਸ ਦਾ ਮੂੰਹ ਆਪਣੇ ਆਪ ਖੁੱਲ੍ਹ ਗਿਆ।
-''ਬੋਲਦਾ ਸੀ ਕੁਛ...?" ਉਹ ਮੂੰਹ ਬਕਬਕਾ ਜਿਹਾ ਬਣਾਈ ਬੈਠਾ ਸੀ।
-''ਬੋਲਣਾ ਤਾਂ ਕੀ ਸੀ..? ਸਮਝੌਤੀਆਂ ਜੀਆਂ ਦਿੰਦਾ ਸੀ, ਇਹ ਕੰਮ ਮਾੜੇ ਐ ਭਾਈ, ਉਹਨੂੰ ਸਮਝਾਓ ਭਾਈ, ਲੜਾਈ ਝਗੜ੍ਹਿਆਂ 'ਚ ਕੁਛ ਨੀ ਪਿਆ ਭਾਈ..!" ਗੱਲਾਂ ਕਰਦੀ ਤੇਜ ਕੌਰ ਨਾਲ਼ ਦੀ ਨਾਲ਼ ਜੁਗਾੜੂ ਦਾ ਚਿਹਰਾ ਪੜ੍ਹ ਰਹੀ ਸੀ। ਪਰ ਜੁਗਾੜੂ ਨੇ ਕੋਈ ਤਰਾਰਾ ਨਹੀਂ ਦਿਖਾਇਆ ਸੀ। ਕੋਈ ਕਰੜਾ ਜਵਾਬ ਨਹੀਂ ਦਿੱਤਾ ਸੀ।
-''ਕਹਿ ਜਿੰਨ੍ਹਾਂ ਨੇ ਸੁੱਥਣਾਂ ਸੁਆਈਐਂ, ਦੂਜੇ ਕੰਮ ਵਾਸਤੇ ਥਾਂ ਪਹਿਲਾਂ ਰੱਖੇ ਐ..!"
-''ਮੈਂ ਤਾਂ ਕਹਿਤਾ...!"
-''ਕੀ ਕਹਿਤਾ...?" ਜੁਗਾੜੂ ਨੇ ਇੱਕ ਗਿਲਾਸ ਹੋਰ ਭਰ ਲਿਆ।
-''ਬਈ ਬੰਦਾ ਜਿਹੜਾ ਕੁਛ ਕਰਦੈ, ਆਬਦੇ ਸਿਰ 'ਤੇ ਈ ਕਰਦੈ...!" ਤੇਜ ਕੌਰ ਨੇ ਸਰਾਸਰ ਝੂਠ ਬੋਲਿਆ। ਉਹ ਜੁਗਾੜੂ ਦੀ ਬੁਝੀ ਧੂਣੀਂ 'ਤੇ ਭੂਕਣੇ ਨਾਲ਼ ਫ਼ੂਕ ਮਾਰਨਾ ਚਾਹੁੰਦੀ ਸੀ।
-''ਮੇਰੀ ਤਾਂ ਅੰਦਰ ਕਿਸੇ ਕੰਜਰ ਨੇ ਬਾਤ ਨੀ ਪੁੱਛੀ, ਮੈਂ ਤਾਂ ਆਬਦੇ ਸਿਰ 'ਤੇ ਛੁੱਟ ਕੇ ਆਇਐਂ..!" ਜੁਗਾੜੂ ਨੇ ਲੱਠ ਵਰਗਾ ਉਲਾਂਭਾ ਭਰਜਾਈ ਦੇ ਪੈਰੀਂ ਵਗਾਹ ਮਾਰਿਆ।
-''ਲੈ, ਦੋ ਵਾਰੀ ਤਾਂ ਮੈਂ ਤੇਰੀ ਮੁਲਾਕਾਤ ਕਰਨ ਗਈ ਆਂ..!" ਭਰਜਾਈ ਅੰਦਰੋਂ ਥਿੜਕੀ। ਪਰ ਤੁਰੰਤ ਸੰਭਲ਼ ਗਈ। ਉਸ ਨੇ ਸੋਚਿਆ ਤੱਕ ਨਹੀਂ ਸੀ ਕਿ ਜੁਗਾੜੂ ਉਖੜੀ ਕੁਹਾੜ੍ਹੀ ਵਾਂਗ ਮੱਥੇ 'ਚ ਵੱਜੇਗਾ?
-''ਤੇਰੀ ਗੱਲ ਨੀ ਕਰਦਾ ਭਰਜਾਈਏ...! ਮੰਨੋ ਪੈਣੇ ਲੋਕਾਂ ਦੀ ਗੱਲ ਕਰਦੈਂ, ਤੂੰ ਤਾਂ ਆਬਦੇ ਆਪ ਨੂੰ ਮੱਲੋਮੱਲੀ ਵਿੱਚ ਘਸੋੜ ਲੈਨੀਂ ਐਂ, ਤੂੰ ਉਹਨਾਂ ਕੰਜਰਾਂ ਨਾਲ਼ ਮਿਲ਼ਗੀ...? ਤੂੰ ਸੌ ਗੁਣਾਂ ਦੀ ਗੁਥਲੀ, ਤੇ ਲੋਕ ਸਾਲ਼ੇ ਗੰਦ ਦੇ ਬੋਰੇ..! ਤੂੰ ਉਹਨਾਂ ਨਾਲ਼ ਮਿਲਗੀ...?"
-''ਮੈਂ ਤਾਂ ਤੇਰੇ ਸਾਹੀਂ ਸਾਹ ਲੈਨੀਂ ਐਂ, ਦੁਨੀਆਂ ਸੌ ਗੱਲਾਂ ਕਰਦੀ ਊਝਾਂ ਲਾਉਂਦੀ ਐ, ਪਰ ਮੇਰੇ ਕੋਈ ਕੰਜਰ ਜੁੱਤੀ ਦੇ ਯਾਦ ਨੀ, ਮੈਂ ਮਾਰਦੀ ਆਂ ਢਾਕ ਤੋਂ ਦੀ ਦੁਨੀਆਂ ਨੂੰ..!"
-''ਤੇ ਮੈਂ ਕਿਹੜਾ ਕਦੇ ਕੋਈ ਫ਼ਰਕ ਰੱਖਿਐ ਲਾਣੇਦਾਰਨੀਏਂ..? ਲਹੂ ਡੋਲ੍ਹਣ ਨੂੰ ਮੈਂ ਤਿਆਰ ਰਹਿੰਨੈਂ, ਤੂੰ ਹੁਕਮ ਕਰ, ਮੈਂ ਸਾਰਾ ਪਿੰਡ ਮਾਰ ਦਿਆਂ..!" ਉਸ ਨੇ ਕਸੀਸ ਵੱਟ ਕੇ ਗਿਲਾਸ ਅੰਦਰ ਸੁੱਟਿਆ। ਨਸ਼ੇ ਦੀ ਲੋਰ ਨੇ ਉਸ ਨੂੰ ਸੱਤਰੰਗੀ ਪੀਂਘ ਵਾਲ਼ਾ ਹੁਲ੍ਹਾਰਾ ਦਿੱਤਾ, ''ਬੱਸ ਤੂੰ ਨਾ ਪਿੱਛਾ ਦੇਈਂ ਭਾਬੋ, ਤੇਰੇ ਇੱਕ ਇਸ਼ਾਰੇ 'ਤੇ ਮੈਂ ਸਾਰੀ ਦੁਨੀਆਂ ਫ਼ਨਾਂਹ ਕਰਦੂੰ..!"
-''ਲੈ, ਇੱਕ ਪੈੱਗ ਮੇਰੇ ਹੱਥ ਦਾ ਵੀ ਪੀਅ..!" ਉਸ ਨੇ ਪੌਣਾ ਗਿਲਾਸ ਕਰ ਕੇ ਜੁਗਾੜੂ ਦੇ ਹੱਥ ਫ਼ੜਾ ਦਿੱਤਾ।
-''ਤੇਰੇ ਆਖੇ ਤੋਂ ਤਾਂ ਮੈਂ ਮੌਹਰਾ ਵੀ ਪੀ ਜਾਊਂ, ਭਾਬੋ...! ਤੂੰ ਹੁਕਮ ਤਾਂ ਕਰ ਕੇ ਦੇਖ...!" ਉਸ ਨੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀਆਂ ਅੱਖਾਂ ਦਾ ਰੰਗ ''ਜੋਗੀਆਂ" ਹੋ ਗਿਆ ਸੀ। ਜੰਗਲੀ ਬੋਤੇ ਵਾਂਗ ਉਹ ਮੰਜੇ 'ਤੇ ਹੀ ਤੜਾਫ਼ੇ ਜਿਹੇ ਮਾਰਨ ਲੱਗ ਪਿਆ। ਫ਼ਿਰ ਉਹ ਉਠ ਕੇ ਜੰਗਲੀ ਬੋਤੇ ਵਾਂਗ ਬੁੱਕਿਆ। ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਮਸਾਂ ਚੁੱਪ ਕਰਵਾਇਆ।
-''ਕਿਉਂ ਝੱਜੂ ਪਾਇਐ...? ਲੋਕਾਂ ਨੂੰ ਤਮਾਸ਼ਾ ਦਿਖਾਉਣੈ...?" ਤੇਜ ਕੌਰ ਦਾ ਹੱਥ ਜੁਗਾੜੂ ਦੇ ਮੂੰਹ 'ਚੋਂ ਡਿੱਗੀ ਝੱਗ ਨਾਲ਼ ਲਿੱਬੜ ਗਿਆ ਸੀ।
-''ਤੇਰੀ ਖਾਤਰ ਤਾਂ ਮੈਂ ਖੂਹ 'ਚ ਡਿੱਗਣ ਨੂੰ ਤਿਆਰ ਬਰ ਤਿਆਰ ਐਂ, ਭਾਬੋ ਮੇਰੀਏ..!"
-''ਖੂਹ 'ਚ ਡਿੱਗਣ ਨੂੰ ਮੈਂ ਜਮਾਂ ਨੀ ਆਖਦੀ..!"
-''ਖਾਤੇ 'ਚ ਡਿੱਗ ਪੈਂਨੈ..?"
-''ਵੇ ਫ੍ਹੋਅਟ...!"
-''ਹੋਰ ਦੱਸ ਕੀ ਕਰਾਂ...? ਤੇਰੀ ਖਾਤਰ ਮੈਂ ਫ਼ਾਕੜਾਂ ਹੋਜਾਂ..!"
-''ਕਹਿੰਦੇ ਨੀ ਹੁੰਦੇ..? ਪੁੱਤਰ ਜੰਮੇਂ ਨਲਾਇਕ ਨਾ, ਧੀ ਅੰਨ੍ਹੀ ਚੰਗੀ..!"
-''ਨਲੈਕ...?"
-''ਤੇ ਹੋਰ ਤੂੰ ਜਣਦਿਆਂ ਦਾ ਸਿਰ ਐਂ...?" ਤੇਜ ਕੌਰ ਖਿਝੀ ਪਈ ਸੀ।
-''ਇੱਕ ਜੱਫ਼ੀ ਪਾ ਲੈ, ਚਾਹੇ ਮੇਰੀ ਬਲੀ ਲੈ ਲਈਂ...!"
-''ਲੈ...! ਤੂੰ ਵੀ ਕੀ ਯਾਦ ਕਰੇਂਗਾ..!" ਤੇਜ ਕੌਰ ਨੇ ਉਸ ਨੂੰ ਪਿੱਛੋਂ ਜੱਫ਼ੀ ਪਾ ਲਈ।
-''ਅਖੇ ਬੱਕਰੀ ਨੇ ਦਿੱਤਾ ਦੁੱਧ, ਤੇ ਓਹ ਵੀ ਮੀਂਗਣਾਂ ਘੋਲ਼ ਕੇ...! ਜੱਫ਼ੀ ਪਾਈ, ਤੇ ਉਹ ਵੀ ਪਿੱਛੋਂ..? ਵੇਲ਼ਾ ਜਿਆ ਪੂਰਾ ਨਾ ਕਰ, ਜੇ ਪਾਉਣੀਂ ਐਂ ਤਾਂ ਸਾਹਮਣੇ ਆ ਕੇ ਪਾਅ...! ਹਿੱਕ 'ਚ ਵੱਜ ਟਿਕਾਅ ਕੇ..! ਅੱਖਾਂ ਜੀਆਂ ਨਾ ਪੂੰਝ...!"
ਤੇਜ ਕੌਰ ਅੱਗੇ ਆ ਗਈ ਅਤੇ ਉਸ ਨੇ ਜੁਗਾੜੂ ਨੂੰ ਘੁੱਟ ਕੇ ਗਲਵਕੜੀ ਵਿੱਚ ਜਕੜ ਲਿਆ।
-''ਐਹਨਾਂ ਗੱਲਾਂ ਨੂੰ ਤਾਂ ਮੈਂ ਜੁੱਗੜਿਆਂ ਦਾ ਤਰਸੀ ਜਾਨੈਂ, ਭਾਬੋ...! ਮੈਂ ਤਾਂ ਗਲਵਕੜੀ ਨੂੰ ਤਰਸ ਗਿਆ..!"
-''ਹੁਣ ਤਾਂ ਰੱਜ ਆ ਗਿਆ...?"
-''ਇੱਕ ਹੋਰ ਪਾ ਲੈ, ਫ਼ੇਰ ਦੁੱਖ ਟੁੱਟਣਗੇ ਜੁੱਗਾਂ ਜੁਗਾਂਤਰਾਂ ਦੇ...!"
ਤੇਜ ਕੌਰ ਨੇ ਇੱਕ ਵਾਰ ਫ਼ਿਰ ਗਲਵਕੜੀ ਪਾ ਲਈ।
-''ਭਾਬੋ...!"
-''ਬੋਲ...?"
-''ਇੱਕ ਗੱਲ ਆਖਾਂ...?"
-''ਵੀਹ ਆਖ...!" ਉਹ ਉਸ ਨੂੰ ਘੁੱਟੀ ਖੜ੍ਹੀ ਸੀ।
-''ਪੂਰੀ ਕਰੇਂਗੀ...?"
-''ਅੱਗੇ ਕਦੇ ਮੁੱਕਰੀ ਐਂ...? ਤੇਰਾ ਹਰ ਕੰਮ ਅੱਧ ਬੋਲ ਨੀ ਕੀਤਾ..?"
-''ਮੈਨੂੰ ਸਾਕ ਕਦੋਂ ਕਰਵਾਉਣੈ...?"
-''............................।" ਗੱਲ ਸੁਣ ਕੇ ਤੇਜ ਕੌਰ ਨੂੰ ਭੁਆਂਟਣੀ ਆਈ।
-''ਤੈਨੂੰ ਮੇਰੇ ਹੁੰਦਿਆਂ ਟੋਟ ਐ ਕਾਸੇ ਦੀ...?"
-''ਆਬਦੀ ਤੀਮੀਂ ਤਾਂ ਫ਼ੇਰ ਆਬਦੀ ਈ ਹੁੰਦੀ ਐ ਨ੍ਹਾਂ..?"
-''ਤੂੰ ਬਿਗਾਨਿਆਂ ਵਾਲ਼ੀ ਗੱਲ ਜੀ ਕਰ ਕੇ ਮੇਰਾ ਦਿਲ ਨਾ ਤੋੜਿਆ ਕਰ ਭਾਈ ਜੀ, ਦੱਸ ਮੈਂ ਕਦੇ ਕਿਸੇ ਗੱਲੋਂ ਤੇਰਾ ਹੱਥ ਫ਼ੜਿਐ..? ਤੂੰ ਪਾਣੀ ਮੰਗਦੈਂ, ਤੈਨੂੰ ਦੁੱਧ ਹਾਜਰ ਕਰੀਦੈ...!"
-''ਐਨੇ ਮਹੀਨਿਆਂ ਬਾਅਦ ਮੈਂ ਜੇਲ੍ਹ 'ਚੋਂ ਆਇਐਂ, ਤੇ ਤੂੰ....!" ਜੁਗਾੜੂ ਨੇ ਅਜੇ ਗੱਲ ਵੀ ਪੂਰੀ ਨੀ ਸੀ ਕੀਤੀ, ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਲਿਆ।
-''ਚੱਲ ਅੰਦਰ...!" ਉਸ ਨੇ ਬਾਹਰਲੇ ਦਰਵਾਜੇ ਦਾ ਕੁੰਡਾ ਲਾ ਦਿੱਤਾ ਅਤੇ ਬਾਂਹ ਫ਼ੜ ਕੇ ਜੁਗਾੜੂ ਨੂੰ ਅੰਦਰ ਲੈ ਤੁਰੀ। ਉਸ ਦੇ ਦਿਲ ਦੀ ਧੜ੍ਹਕਣ ਤੇਜ਼ ਹੋ ਗਈ ਸੀ। ਜੁਗਾੜੂ ਵੀ ਬੋਤੇ ਵਾਂਗ ਪੁਲਾਂਘਾਂ ਪੁੱਟਦਾ ਧੁੱਸ ਦੇਈ ਆ ਰਿਹਾ ਸੀ।
ਸਵਾਤ ਦਾ ਦਰਵਾਜਾ ਭੇੜ੍ਹ ਕੇ ਜੁਗਾੜੂ ਨੇ ਭਰਜਾਈ ਨੂੰ ਚੱਭਾ ਮਾਰਿਆ ਅਤੇ ਚਰ੍ਹੀ ਦੀ ਪੂਲੀ ਵਾਂਗ ਥੱਲੇ ਧਰ ਲਈ।
ਕਮਰੇ ਅੰਦਰ ਲੋਰ ਦਾ ਤੁਫ਼ਾਨ ਉਠਿਆ ਅਤੇ ਸਮਾਂ ਪਾ ਕੇ ਸ਼ਾਂਤ ਹੋ ਗਿਆ।
-''ਚੱਲ ਲੀੜੇ ਪਾ ਕੇ ਬਾਹਰ ਚੱਲ, ਕੋਈ ਆ ਨਾ ਜਾਵੇ...!"
ਜੁਗਾੜੂ ਕੱਪੜੇ ਪਾ ਕੇ ਬਾਹਰ ਨਿਕਲ਼ ਗਿਆ। ਹੁਣ ਉਸ ਦੇ ਸਰੀਰ ਵਿੱਚ ਉਤਨਾ ਬਲ ਨਹੀਂ ਸੀ, ਜਿੰਨਾਂ ਉਹ ਪਹਿਲਾਂ ਫ਼ੁੰਕਾਰੇ ਮਾਰਦਾ ਸੀ।
ਪਿੱਛੇ ਹੀ ਤੇਜ ਕੌਰ ਬਾਹਰ ਆ ਗਈ।
-''ਮੰਗ ਕੀ ਮੰਗਦੀ ਐਂ, ਭਾਬੋ..?" ਉਹ ਪੈੱਗ ਪਾਉਂਦਾ ਬੋਲਿਆ।
-''ਮੈਂ ਕੀ ਮੰਗਣੈਂ..? ਕਾਸੇ ਦੀ ਲੋੜ ਨੀ, ਤੇਰਾ ਦਿੱਤਾ ਸਭ ਕੁਛ ਐ..!"
-''ਨਹੀਂ..! ਮੰਗ ਕੀ ਮੰਗਦੀ ਐਂ, ਓਹੀ ਹਾਜ਼ਰ ਕਰੂੰ..!"
-''ਵੇ ਮੈਂ ਕੀ ਮੰਗਣੈਂ ਕਮਲ਼ਿਆ..? ਸੱਤੇ ਖ਼ੈਰਾਂ..!"
-''ਨਹੀਂ ਭਾਬੋ...! ਤੀਸਰਾ ਬਚਨ ਐਂ, ਮੰਗ..!"
-''ਜੋ ਮੰਗਿਆ ਦੇਵੇਂਗਾ..?"
-''ਤੈਨੂੰ ਬਚਨ ਦਿੱਤਾ, ਜੋ ਬੱਤੀ ਦੰਦਾਂ 'ਚੋਂ ਕੱਢੇਂਗੀ, ਓਹੀ ਦਿਊਂਗਾ...!"
-''ਪੱਕੀ ਗੱਲ ਐ...?"
-''ਇੱਟ ਅਰਗੀ ਪੱਕੀ...!"
-''ਪੱਕਾ ਬਚਨ...!"
-''ਮਰਦਾਂ ਆਲ਼ਾ ਬਚਨ ਭਾਬੋ...! ਮਰਦਾਂ ਆਲ਼ਾ ਬਚਨ...!"
-''ਹਜਾਰੇ ਦੇ ਸੰਤੇ ਨੂੰ ਪਾਰ ਬੁਲਾ ਦੇ..!"
-''ਹਜਾਰੇ ਦੇ ਸੰਤੇ ਨੂੰ..?" ਜੁਗਾੜੂ ਦੇ ਹੱਥ ਢਿੱਲੇ ਪੈ ਗਏ।
-''ਹਾਂ...!"
-''.........................।" ਉਸ ਨੇ ਭਰਜਾਈ ਦਾ ਚਿਹਰਾ ਗਹੁ ਨਾਲ਼ ਤੱਕਿਆ। ਭਰਜਾਈ ਦਾ ਚਿਹਰਾ ਉਸ ਨੂੰ ਕਿਸੇ ਬੁੱਚੜ ਵਰਗਾ ਲੱਗਿਆ ਅਤੇ ਉਹ ਫ਼ੌਲਾਦੀ ਚੁੱਪ ਧਾਰ ਗਿਆ।
-''ਬੱਸ...? ਆਹੀ ਬਚਨ ਸੀ..?" ਭਰਜਾਈ ਦਾ ਚਿਹਰਾ ਪੱਥਰ ਬਣਿਆਂ ਪਿਆ ਸੀ। ਉਸ ਨੇ ਜਿੰਨ ਵਰਗਾ ਮੂੰਹ ਖੋਲ੍ਹ ਕੇ ਮਿਹਣੇ ਵਰਗਾ ਸੁਆਲ ਕੀਤਾ।
-''ਪਰ ਕਿਉਂ..? ਓਹਨੇ ਕਿਹੈ ਤੈਨੂੰ ਕੁਛ..?"
-''ਹੁਣ ਗੱਲਾਂ ਈ ਪੁੱਛੀ ਜਾਵੇਂਗਾ, ਜਾਂ ਆਬਦੇ ਕੀਤੇ ਬਚਨ 'ਤੇ ਵੀ ਪੱਕਾ ਰਹੇਂਗਾ..? ਓਦੋਂ ਤਾਂ ਤੀਸਰੇ ਬਚਨ ਦੀ ਰਟ ਲਾਈ ਫ਼ਿਰਦਾ ਸੀ, ਜਿਵੇਂ ਅਕਬਰ ਬਾਦਸ਼ਾਹ ਹੁੰਨੈਂ..!" ਉਹ ਕੌੜਾ ਜਿਹਾ ਮੁਸਕੁਰਾਈ।
-''ਕੰਮ ਥੋੜ੍ਹਾ ਜਿਆ ਠੰਢਾ ਨਾ ਪੈ ਲੈਣ ਦੀਏ..? ਹੁਣੇ ਹੁਣੇ ਤਾਂ ਹਜਾਰੇ ਦਾ ਗੁੱਗਾ ਪੂਜ ਕੇ ਹਟੇ ਐਂ..!"
-''ਵੇ ਪਸ਼ੂਆ..! ਅੱਗੇ ਕਿਹੜਾ ਉਹਨਾਂ ਨੇ ਤੇਰੀ ਕੰਧ ਢਾਅਤੀ..? ਜਿਹੋ ਜਿਆ ਉਹਨਾਂ ਨੇ ਅੱਗੇ ਲੱਲ੍ਹਰ ਲਾਅਤਾ, ਓਹੋ ਜਿਆ ਈ ਹੁਣ ਲਾ ਦੇਣਗੇ, ਨਾਲ਼ੇ ਹੁਣ ਕਿਹੜਾ ਕੋਈ ਮਗਰ ਆਉਣ ਆਲ਼ਾ ਰਹੂ..?"
-''ਸੰਤੇ ਵਾਸਤੇ ਤੇਰੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਹਜਾਰੇ ਕਿਆਂ ਨੇ, ਤੂੰ ਉਹ ਕਿੜ੍ਹ ਕੱਢਦੀ ਐਂ, ਭਾਬੋ..! ਮੈਂ ਸਾਰੀ ਹੀਰ ਜਾਣਦੈਂ, ਕਮਲ਼ਾ ਮੈਂ ਜਮਾਂ ਨੀ, ਮੈਨੂੰ ਤਾਂ ਤੂੰ ਰਿਸ਼ਤਾ ਕਰਵਾਇਆ ਨੀ, ਮੈਂ ਤਾਂ ਬੋਤੇ ਦੀ ਪੂਛ ਅਰਗਾ ਲੰਡਾ ਈ ਡੱਕ-ਡੱਕ ਵੱਜਦਾ ਫ਼ਿਰਦੈਂ...!"
-''ਤੂੰ ਇਹ ਕੰਮ ਸਿਰੇ ਲਾਅ, ਜਿੱਦਣ ਬਰੀ ਹੋ ਕੇ ਆ ਗਿਆ, ਓਦਣ ਈ ਰਿਸ਼ਤਾ ਲਿਆਦੂੰ..!"
-''ਪੱਕੀ ਗੱਲ ਐ...?"
-''ਓਹ...ਹੋਅ.....! ਬੇ'ਤਬਾਰੀ ਜੀ ਨਾ ਕਰਿਆ ਕਰ..!" ਤੇਜ ਕੌਰ ਨੇ ਬੁੱਲ੍ਹ ਟੇਰੇ।
-''ਲੈ ਫ਼ੇਰ ਅੱਜ ਰਾਤ ਨੂੰ ਈ ਲੈ ਕੰਡਾ ਕੱਢਿਆ...!"
-''ਰਾਤ ਕੀਹਦੀ ਮਾਂ ਨੂੰ ਆਈ..? ਤੂੰ ਪੈੱਗ ਸ਼ੈਗ ਲਾ ਕੇ ਖੇਤ ਈ ਜਾ ਦੱਬ, ਅਗਲਾ ਹੁਣੇ ਰੇੜ੍ਹੀ ਲੈ ਕੇ ਪੱਠਿਆਂ ਨੂੰ ਗਿਐ..!"
-''ਤੂੰ ਦੇਖਿਐ...?"
-''ਜੇ ਦੇਖਿਐ, ਤਾਂ ਹੀ ਤਾਂ ਆਖਦੀ ਐਂ..! ਵੈਰੀ ਨੂੰ ਆਵੇਸਲ਼ੇ ਨੂੰ ਈ ਦੱਬੀਏ..! ਤੂੰ ਇੱਕ ਅੱਧਾ ਪੈੱਗ ਲਾ, ਬਾਹਲ਼ੀ ਨਾ ਅਜੇ ਪੀਂਵੀਂ, ਆ ਕੇ ਚਾਹੇ ਸਾਰੀ ਪੀ ਲਈਂ, ਇੱਕ ਬੋਤਲ ਦੇ ਪੈਸੇ ਤੈਨੂੰ ਹੋਰ ਦੇ ਦਿੰਨੀ ਆਂ...! ਆਹ ਲੈ ਫ਼ੜ..!" ਉਸ ਨੇ ਕੁਝ ਨੋਟ ਉਸ ਦੀ ਮੁੱਠੀ ਵਿੱਚ ਦੇ ਦਿੱਤੇ।
-''ਹੁਣ ਬਾਹਰ ਨੀ ਪੀਣੀ, ਕੰਮ ਕਰ ਕੇ ਘਰੇ ਆ ਕੇ ਪੀਣੀ ਐਂ...!"
-''ਮੈਂ ਤੇਰੇ ਤੋਂ ਨਾਬਰ ਐਂ...? ਚੱਲ ਓਏ ਭਗਤਾ..! ਪੁਗਾ ਭਾਬੋ ਨੂੰ ਦਿੱਤੇ ਬੋਲ, ਕਰ ਪੂਰੇ ਬਚਨ, ਲਿਆ ਇੱਕ ਤਕੜਾ ਜਿਆ ਰੱਸਾ ਫ਼ੜਾ ਕੇਰਾਂ..! ਜੇ ਕੋਈ ਹਥਿਆਰ ਚੱਕਿਆ, ਲੋਕ ਸ਼ੱਕ ਕਰਨਗੇ, ਰੱਸਾ ਹੱਥ 'ਚ ਹੋਊ ਤਾਂ ਲੋਕ ਸੋਚਣਗੇ ਬਈ ਪੱਠਿਆਂ ਨੂੰ ਚੱਲਿਐ..!"
-''ਸਿਆਣਾ ਹੋ ਗਿਆ ਤੂੰ..! ਨਾਲ਼ੇ ਕਿਸੇ ਕੋਲ਼ ਭਾਫ਼ ਨੀ ਕੱਢਣੀ, ਬੱਸ ਕੰਮ ਕਰ ਕੇ ਛੱਪ ਦੇਣੇ ਆਜੀਂ..! ਆਹ ਲੈ ਰੱਸਾ, ਤੇ ਆਹ ਫ਼ੜ ਦਾਤੀ...!"
-''ਮਾਸਟਰ ਕਦੋਂ ਆਊ...?" ਜੁਗਾੜੂ ਆਪਣੇ ਛੋਟੇ ਭਰਾ ਨੂੰ ''ਮਾਸਟਰ" ਹੀ ਆਖਦਾ ਸੀ।
-''ਉਹ ਤਾਂ ਸਕੂਲ ਬੰਦ ਹੋਏ ਤੋਂ ਆਊ..! ਅੱਜ ਚੈਹਾ ਪੈਣੈਂ ਸਕੂਲ 'ਚ, ਸਕੂਲ ਤੋਂ ਬਾਅਦ ਅੱਜ ਘੁੱਟ ਲਾਉਣਗੇ ਵੀ ਓਥੇ..! ਉਹ ਤਾਂ ਅੱਜ ਲੇਟ ਈ ਆਊ..!"
ਜੁਗਾੜੂ ਨੇ ਇੱਕ ਪੂਰਾ ਗਿਲਾਸ ਭਰ ਕੇ ਅੰਦਰ ਸੁੱਟਿਆ ਅਤੇ ਰੱਸਾ ਅਤੇ ਦਾਤੀ ਲੈ ਬਾਹਰ ਨਿਕਲ਼ ਗਿਆ।
ਤੇਜ ਕੌਰ ਕਿਸੇ ਵਿਸ਼ੇਸ਼ ਲਹਿਜੇ ਨਾਲ਼ ਜਾਂਦੇ ਜੁਗਾੜੂ ਨੂੰ ਤੱਕ ਰਹੀ ਸੀ। ਜੁਗਾੜੂ ਉਸ ਲਈ ਦੇਵਤਾ ਸੀ, ਜਿਸ ਨੇ ਉਸ ਦੇ ਸਾਰੇ ਧੋਣੇ ਧੋ ਦੇਣੇ ਸਨ। ਸ਼ਰੀਕ ਨੂੰ ਮਾਰ ਕੇ ਜਦ ਜੁਗਾੜੂ ਨੇ ਸਾਰੀ ਉਮਰ ਲਈ ਅੰਦਰ ਚਲਿਆ ਜਾਣਾ ਸੀ ਤਾਂ ਜੁਗਾੜੂ ਦੀ ਸਾਰੀ ਜ਼ਮੀਨ ਤੇਜ ਕੌਰ ਅਤੇ ਉਸ ਦੇ ਘਰਵਾਲ਼ੇ ਨੇ ਹੀ ਭੋਰ-ਭੋਰ ਖਾਣੀਂ ਸੀ। ਜੁਗਾੜੂ ਤਾਂ ਉਸ ਲਈ ਇੱਕ ''ਖਾਣ" ਸੀ, ਜਿਸ ਵਿੱਚੋਂ ਸੋਨਾ ਨਹੀਂ, ਝੋਟੇ ਦੇ ਸਿਰ ਵਰਗੀ ਉਪਜਾਊ ਪੈਲ਼ੀ ਹੀ ਨਿਕਲਣੀ ਸੀ।

ਕਾਂਡ 4 : ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ। - ਸ਼ਿਵਚਰਨ ਜੱਗੀ ਕੁੱਸਾ

ਕਾਂਡ 4


ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ।
ਸਾਰਾ ਕੰਮ ਸੁੱਖ ਸਾਂਦ ਨਾਲ਼ ਸਿਰੇ ਚੜ੍ਹ ਗਿਆ।
ਜੋਗੇ ਦਾ ਰਿਸ਼ਤਾ ਅਨੂਪ ਕੌਰ ਨਾਲ਼ ''ਪੱਕਾ" ਹੋ ਗਿਆ। ਹਰ ਕੌਰ ਦੀ ਵੀ ਵਿਹੜੇ ਵਿੱਚ ਅੱਡੀ ਨਹੀਂ ਲੱਗਦੀ ਸੀ। ਕਿਸੇ ਦਿਨ ਉਹ ਇਸ ਘਰ ਵਿੱਚ ਨੂੰਹ ਬਣ ਕੇ ਆਈ ਸੀ, ਤੇ ਹੁਣ ਰੱਬ ਨੇ ਅਪਰ ਅਪਾਰ ਕਿਰਪਾ ਕੀਤੀ ਸੀ, ਉਸ ਦੇ ਘਰ ਨੂੰਹ ਆਉਣ ਵਾਲ਼ੀ ਸੀ। ਚਾਹੇ ਉਹ ਸੁਭਾਅ ਦੀ ਕਿੰਨੀ ਵੀ ਅੜਬ ਅਤੇ ਸਖ਼ਤ ਸੀ, ਪਰ ਅੱਜ ਉਹ ਰੱਬ ਅੱਗੇ ਸ਼ੁਕਰਾਨੇ ਵਜੋਂ ਲਿਫ਼ੀ ਪਈ ਸੀ। ਉਸ ਨੇ ਵੀ ਜੁਆਨੀ ਤੋਂ ਲੈ ਕੇ ਹੁਣ ਤੱਕ ਸੰਤਾਪ ਹੀ ਹੰਢਾਇਆ ਸੀ। ਉਸ ਦੇ ਪਤੀ ਸੰਤਾ ਸਿੰਘ ਦਾ ਜੁਆਨੀ ਵੇਲ਼ੇ ਕਤਲ ਹੋ ਗਿਆ ਸੀ ਅਤੇ ਹਰ ਕੌਰ ਨੂੰ ਅੜਬਾਈ ਕਰਨੀ ਪਈ ਸੀ, ਨਹੀਂ ਤਾਂ ਹੰਕਾਰ ਨਾਲ਼ ਆਫ਼ਰੇ ਸ਼ਰੀਕਾਂ ਨੇ ਉਸ ਨੂੰ ਕਿਹੜਾ ਸ਼ਾਂਤੀ ਨਾਲ਼ ਜਿਉਣ ਦੇਣਾ ਸੀ...?
.....ਅਸਲ ਵਿੱਚ ਹਰ ਕੌਰ ਦੇ ਘਰਵਾਲ਼ਾ ਸੰਤਾ ਸਿੰਘ ਵਾਕਿਆ ਹੀ ''ਭਗਤ" ਬੰਦਾ ਸੀ। ਫ਼ੱਕਰ, ਫ਼ਕੀਰ ਅਤੇ ਸਾਧੂ ਸੁਭਾਅ ਦਾ ''ਕੂੰਨਾਂ" ਬੰਦਾ! ਵਲ਼-ਫ਼ੇਰ ਵਾਲ਼ੀ ਲਕੀਰ ਤਾਂ ਰੱਬ ਨੇ ਉਸ ਵਿੱਚ ਪਾਈ ਹੀ ਨਹੀਂ ਸੀ। ਹਰ ਕੌਰ ਅਤੇ ਸੰਤ ਸਿੰਘ ਦੇ ਵਿਆਹ ਨੂੰ ਅਜੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਹਰ ਕੌਰ ਦੇ ਸਹੁਰੇ ਹਜਾਰਾ ਸਿੰਘ ਦਾ ਕਤਲ ਹੋ ਗਿਆ। ਹਜਾਰਾ ਸਿੰਘ ਕਹੀ 'ਤੇ ਟੁੱਕ ਧਰ ਕੇ ਖਾਣ ਵਾਲ਼ਾ ''ਘੈਂਟ" ਅਤੇ ''ਝੰਡੇ ਹੇਠਲਾ" ਬੰਦਾ ਸੀ। ਉਹ ਆਪਣੇ ਪੁੱਤ ਸੰਤਾ ਸਿੰਘ ਨੂੰ ਹਮੇਸ਼ਾ ਠ੍ਹੋਕਰਦਾ ਰਹਿੰਦਾ, ''ਨੀਵੀਂ ਜੀ ਸਿੱਟ ਕੇ, ਮਾਊਂ ਜਿਆ ਬਣ ਕੇ ਨਾ ਤੁਰਿਆ ਕਰ ਓਏ..! ਬੰਦਿਆਂ ਮਾਂਗੂੰ ਹਿੱਕ ਕੱਢ ਕੇ ਤੁਰਿਆ ਕਰ, ਪਤਾ ਲੱਗੇ ਬਈ ਕੋਈ ਮਰਦ ਬੱਚਾ ਬੀਹੀ 'ਚ ਆਉਂਦੈ, ਤੁਰਦੇ ਬੰਦੇ ਨਾਲ਼ ਧਰਤੀ ਹਿੱਲੇ, ਤਾਂ ਨਜਾਰਾ ਆਉਂਦੈ..!" ਹਜਾਰਾ ਸਿੰਘ ਅਕਸਰ ਸੰਤ ਸਿੰਘ ਨੂੰ ਆਖਦਾ, ਪਰ ਸੰਤਾ ਸਿੰਘ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਵੱਟ ਜਾਂਦਾ। ਉਹ ਬਾਪ ਮੂਹਰੇ ਤਾਂ ਕੀ, ਕਿਸੇ ਅੱਗੇ ਵੀ ਨਹੀਂ ਬੋਲਿਆ ਸੀ।
-''ਹਜਾਰਾ ਸਿਆਂ, ਇਹ ਤੇਰੇ 'ਤੇ ਤਾਂ ਗਿਆ ਨੀ, ਤੁਸੀਂ ਤਾਂ ਸਾਰਾ ਖ਼ਾਨਦਾਨ ਅੱਗ ਉਗਲ਼ਣ ਆਲ਼ੇ ਸੀ, ਇਹ ਗਊ ਦਾ ਜਾਇਆ ਜਿਆ ਪਤਾ ਨੀ ਕੀਹਦੇ 'ਤੇ ਗਿਐ..?" ਤਾਇਆ ਬਖਤੌਰਾ ਆਖਦਾ।
-''ਇਹ ਆਬਦੀ ਮਾਂ 'ਤੇ ਗਿਐ, ਬਖਤੌਰਿਆ..! ਉਹ ਬਚਾਰੀ ਜਮਾਂ ਰੱਬ ਦੀ ਭਗਤਣੀ ਸੀ..!"
-''ਉਹਦਾ ਕੀ ਮੁੱਲ ਸੀ..? ਜਮਾਂ ਈ ਦਰਵੇਸ਼ਣੀ ਸੀ..! ਲੈ ਕੀ ਬੁੱਝੀਏ..? ਇੰਦ ਕੁਰ ਜਮਾਂ ਰੱਬ ਦਾ ਜੀਅ ਸੀ, ਕਦੇ ਕੀੜੀ 'ਤੇ ਪੈਰ ਨੀ ਧਰਿਆ ਹੋਣਾ ਬਚਾਰੀ ਨੇ, ਬਿਮਾਰੀ ਦੇਖ ਕੀ ਆ ਚਿੰਬੜੀ...!"
-''ਪਤਾ ਨੀ ਰੱਬ ਦਿਆਂ ਰੰਗਾਂ ਦਾ, ਬੇਲੀਆ..!"
-''ਤੂੰ ਤਾਂ ਇਲਾਜ ਵਾਲ਼ੀ ਵੀ ਕਸਰ ਨੀ ਛੱਡੀ ਹਜਾਰਾ ਸਿਆਂ, ਬੱਸ ਬਿਚਾਰੀ ਲਿਖਾ ਕੇ ਈ ਥੋੜ੍ਹੀ ਲਿਆਈ ਸੀ..!"
-''ਪਰ ਬਖਤੌਰ ਸਿਆਂ, ਤੀਮੀਂ ਬਿਨਾ ਘਰ ਮੂਧਾ ਵੱਜ ਜਾਂਦੈ, ਤੀਮੀਂ ਘਰੇ ਹੋਵੇ, ਖੇਤ ਫ਼ਿਰਦੇ ਬੰਦੇ ਨੂੰ ਕੋਈ ਚਿੰਤਾ ਨੀ ਰਹਿੰਦੀ, ਸਿਰੋਂ ਸਰਦਾਰ ਬਣ ਤੁਰਿਆ ਫ਼ਿਰਦੈ..! 'ਕੱਲੇ ਬੰਦੇ ਨੂੰ ਛੱਤੀ ਫ਼ਿਕਰ..!"
-''ਝੋਰਾ ਕਾਹਦਾ ਕਰਦੈਂ..? ਤੇਰਾ ਸ਼ੇਰ ਹੁਣ ਸੁੱਖ ਨਾ' ਜੁਆਨ ਐਂ, ਘਰੇ ਨੂੰਹ ਆਈ ਵੀ ਐ, ਕੱਲ੍ਹ ਨੂੰ ਰੱਬ ਪੋਤਾ ਦੇ-ਦੂ..! ਦਿਨਾਂ ਜਾਂਦਿਆਂ ਨੂੰ ਕੀ ਲੱਗਦੈ..? ਅੱਖ ਦੇ ਫ਼ੋਰ ਨਾਲ਼ ਸਮਾਂ ਬੀਤ ਜਾਂਦੈ..!"
ਅਜੇ ਉਹ ਗੱਲਾਂ ਹੀ ਕਰ ਰਹੇ ਸਨ ਕਿ ਗੁਆਂਢੀ ਮੁੰਡੇ ਨੇ ਇੱਕ ਅਜੀਬ ਹੀ ਖ਼ਬਰ ਆ ਸੁਣਾਈ।
-''ਤਾਇਆ, ਟਾਂਡੇ ਭੰਨਾਂ ਦਾ ਜੁਗਾੜੂ ਥੋਡਾ ਇੰਜਣ ਲੱਦੀ ਜਾਂਦੈ...!"
-''ਓਹਦੀ ਮਾਂ ਦੀ ਕੰਢੀ ਇੰਜਣ ਲੱਦ'ਦੇ ਦੀ...! ਇਹ ਘਸਮੈਲ਼ਾ ਜਿਆ ਮਰੂ ਕਦੇ ਮੇਰੇ ਹੱਥੋਂ, ਖਹਿਣੋਂ ਨੀ ਹਟਦਾ..! ਓਏ ਸੰਤਿਆ, ਜਾਹ ਲਿਆ ਓਏ ਚੱਕ ਕੇ ਮੇਰਾ ਟਕੂਆ, ਅੱਜ ਜਾਂ ਓਹ ਨਲ਼ੀਚੋਚਲ਼ ਨੀ, ਜਾਂ ਮੈਂ ਨੀ..!" ਬਾਪੂ ਦੇ ਵਿਗੜੇ ਤੌਰ ਦੇਖ ਕੇ ਸੰਤਾ ਕੰਬਣ ਲੱਗ ਪਿਆ।
-''ਕਮਲ਼ ਨਾ ਮਾਰ ਹਜਾਰਿਆ..! ਆਬਦੇ ਜੁਆਕ ਦਾ ਖਿਆਲ ਕਰ, ਤੇਰੇ ਬਿਨਾਂ ਇਹਦਾ ਹੈ ਵੀ ਕੌਣ..? ਸਮਾਈ ਕਰ..!" ਸਿਆਣੇ ਬਖਤੌਰੇ ਨੇ ਹਜਾਰਾ ਸਿੰਘ ਨੂੰ ਮੱਤ ਦਿੱਤੀ।
-''ਚੁੱਪ ਵੱਟੀ ਤੋਂ ਸ਼ਰੀਕ ਹੋਰ ਉਤੇ ਚੜ੍ਹਨਗੇ ਬਖਤੌਰਿਆ, ਮੈਨੂੰ ਅੱਜ ਕੱਟਾ ਕੱਟੀ ਕੱਢ ਈ ਲੈਣ ਦੇ, ਜੇ ਅੱਜ ਨਾ ਮੂੰਹ ਭਮਾਏ, ਕੱਲ੍ਹ ਨੂੰ ਇਹ ਜੁਆਕ ਦੇ ਨਾਸੀਂ ਧੂੰਆਂ ਲਿਆਉਣਗੇ...!" ਹਜਾਰਾ ਸਿੰਘ ਸਿਰਤੋੜ ਖੇਤਾਂ ਨੂੰ ਦੌੜ ਪਿਆ। ਹਰਫ਼ਲ਼ਿਆ ਸੰਤਾ ਵੀ ਉਸ ਦੇ ਮਗਰ ਭੱਜਿਆ ਜਾ ਰਿਹਾ ਸੀ।
-''ਤੂੰ ਮੇਰੇ ਮਗਰ ਕਿਉਂ ਤੁਰਿਆ ਆਉਨੈ, ਚੱਲ ਮੁੜ ਘਰ ਨੂੰ...!" ਗੁੱਸੇ ਵਿੱਚ ਦਧਨ ਹੋਏ ਹਜਾਰਾ ਸਿੰਘ ਨੇ ਸੰਤੇ ਨੂੰ ਦਬਕਾ ਮਾਰ ਕੇ ਮੋੜ ਦਿੱਤਾ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਇਕਲੌਤਾ ਪੁੱਤ ਕਿਸੇ ਲੜਾਈ ਵਿੱਚ ਨਾਲ਼ ਹੋਵੇ। ਬਾਪੂ ਤੋਂ ਡਰਦਾ, ਆਖਾ ਮੰਨ ਸੰਤਾ ਵਾਪਸ ਮੁੜ ਗਿਆ। ਉਸ ਨੂੰ ਬਾਪੂ ਦੇ ਚਿਹਰੇ ਤੋਂ ਚੰਡਾਲ ਦਿਸਿਆ ਅਤੇ ਭੈਅ ਆਇਆ ਸੀ।
ਜਦ ਹਜਾਰਾ ਸਿੰਘ ਨੇ ਖੇਤ ਜਾ ਕੇ ਦੇਖਿਆ ਤਾਂ ਟਾਂਡੇ ਭੰਨਾਂ ਦਾ ਜੁਗਾੜੂ ਇੰਜਣ ਲੱਦ ਕੇ ਰੇੜ੍ਹੀ ਪਹੀ 'ਤੇ ਲਈ ਜਾ ਰਿਹਾ ਸੀ। ਉਸ ਨੇ ਇੰਜਣ ਵਾਲ਼ੇ ਕੋਠੇ ਵਿੱਚੋਂ ''ਸੇਲਾ" ਧੂਹ ਲਿਆ।
-''ਓਏ ਦੱਲੀ ਦਿਆ ਪੁੱਤਾ...! ਤੈਨੂੰ ਪਤਾ ਨੀ ਤੂੰ ਕੀਹਦੇ ਨਾਲ਼ ਪੰਗੇ ਲੈਨੈ..?" ਹਜਾਰਾ ਸਿੰਘ ਨੇ ਹੱਥ ਲੰਮਾਂ ਸੇਲਾ ਪਹੀ 'ਤੇ ਜਾ ਗੱਡਿਆ, ''ਸਾਲ਼ਿਆਂ ਨਾ ਤੂੰ ਤਿੰਨਾਂ 'ਚ, ਤੇ ਨਾ ਤੇਰ੍ਹਾਂ 'ਚ..!"
-''......................।" ਜੁਗਾੜੂ ਮੱਟਰ ਬਣਿਆਂ ਰੇੜ੍ਹੀ ਹੱਕੀ ਗਿਆ। ਪਰ ਮੂੰਹੋਂ ਕੁਛ ਨਾ ਬੋਲਿਆ।
-''ਇਹਨੂੰ ਲੱਦੀ ਜਾਨੈਂ, ਜਿਵੇਂ ਬਾਪੂ ਆਲ਼ਾ ਹੁੰਦੈ, ਇਹ ਇੰਜਣ ਕੀਹਨੂੰ ਪੁੱਛ ਕੇ ਲੱਦਿਐ ਓਏ ਮਾਂ ਦਿਆ ਯਾਰਾ..?"
-''..........................।" ਜੁਗਾੜੂ ਫ਼ਿਰ ਚੁੱਪ ਰਿਹਾ।
ਉਸ ਦੀ ਸ਼ੈਤਾਨੀ ਚੁੱਪ ਨੇ ਹਜਾਰਾ ਸਿਉਂ ਨੂੰ ਹੋਰ ਵੱਟ ਚਾੜ੍ਹ ਦਿੱਤਾ। ਉਹ ਰੇੜ੍ਹੀ ਦੇ ਅੱਗੇ ਹੋ ਗਿਆ ਅਤੇ ਬਲ਼ਦ ਦੀ ਨੱਥ ਫ਼ੜ, ਬੁਸ਼ਕਰ ਮਾਰ ਕੇ ਬਲ਼ਦ ਰੋਕ ਲਿਆ, ''ਬੱਸ ਬਈ ਗਊ ਮਾਤਾ ਦੇ ਜਾਇਆ, ਆਪਣਾ ਤੇਰੇ ਨਾਲ਼ ਕੋਈ ਵੈਰ ਨੀ..!" ਹਜਾਰਾ ਸਿੰਘ ਨੇ ਬਲ਼ਦ ਦਾ ਮੱਥਾ ਪਲ਼ੋਸਦਿਆਂ ਕਿਹਾ।
 ਗੁੱਗਲ਼ ਹੋਇਆ ਬੈਠਾ ਜੁਗਾੜੂ ਛਾਲ਼ ਮਾਰ ਕੇ ਥੱਲੇ ਉੱਤਰ ਆਇਆ ਅਤੇ ਲੈਂਦੇ ਹੱਥ ਡੱਬ ਵਿੱਚੋਂ ਦੇਸੀ ਪਸਤੌਲ ਕੱਢ ਕੇ ਹਜਾਰਾ ਸਿਉਂ 'ਤੇ ਫ਼ਾਇਰ ਕਰ ਦਿੱਤਾ। ਨਾਲ਼ੀ ਵਿੱਚੋਂ ਹੱਥ ਲੰਮੀ ਲਾਟ ਨਿਕਲੀ। ਗੋਲ਼ੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ। ਖੇਤਾਂ ਵਿੱਚ ਦੜੇ ਬੈਠੇ ਤਿੱਤਰਾਂ ਦੀ ਡਾਰ ''ਫ਼ੁਰਰ" ਕਰ ਕੇ ਅੰਬਰ ਨੂੰ ਉਡ ਗਈ। ਹਜਾਰਾ ਸਿਉਂ ਭੁਆਟਣੀ ਖਾ ਕੇ ਖੇਤ ਵਿੱਚ ਡਿੱਗਿਆ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾਅ ਗਿਆ ਸੀ। ਵਾਤਾਵਰਣ ਕਾਲ਼ਸ ਵਿੱਚ ਬਦਲਦਾ ਲੱਗਿਆ।
-''ਤੈਨੂੰ ਪਤਾ ਨੀ ਬਈ ਮੈਂ ਦੂਰੋਂ ਮਾਰਨ ਆਲ਼ਾ ਵੀ ਕੋਲ਼ੇ ਰੱਖਦਾ ਹੁੰਨੈ..?" ਜੁਗਾੜੂ ਵਿਅੰਗ ਨਾਲ਼ ਬੋਲਿਆ। ਗੋਲ਼ੀ ਵੱਜਣ ਦੇ ਬਾਵਜੂਦ ਵੀ ਅਥਾਹ ਫ਼ੱਟੜ ਹੋਇਆ ਹਜਾਰਾ ਸਿੰਘ ਉਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਛਾਤੀ ਵਿੱਚੋਂ ਖ਼ੂਨ ਦਾ ਪਰਨਾਲ਼ਾ ਵਗ ਤੁਰਿਆ ਸੀ। ਗੀਝੇ ਵਿੱਚੋਂ ਇੱਕ ਰੌਂਦ ਹੋਰ ਕੱਢ ਕੇ ਜੁਗਾੜੂ ਨੇ ਪਸਤੌਲ ਵਿੱਚ ਚਾੜ੍ਹ ਲਿਆ ਅਤੇ ਪੀੜ ਨਾਲ਼ ਤੜਫ਼ਦੇ ਹਜਾਰਾ ਸਿੰਘ ਵੱਲ ਸਿੰਨ੍ਹ ਕੇ ਬੋਲਿਆ, ''ਤੂੰ 'ਕੱਲੇ ਇੰਜਣ ਦੀ ਗੱਲ ਕਰਦੈਂ...? ਅਸੀਂ ਤਾਂ ਤੇਰਾ ਸਾਰਾ ਖੇਤ ਵਾਹੁੰਣੈ, ਬਾਈ ਸਿਆਂ..! ਲੈ, ਕਰ ਤਿਆਰੀ ਅਗਲੇ ਮੁਲਕ ਦੀ, ਐਸ ਮੁਲਕ 'ਚ ਤੇਰਾ ਵੀਜਾ ਖਤਮ ਹੋ ਗਿਆ...!" ਤੇ ਜੁਗਾੜੂ ਨੇ ਘੋੜ੍ਹਾ ਦੱਬ ਦਿੱਤਾ। ਹਜਾਰਾ ਸਿੰਘ ਦੀ ਛਾਤੀ ਭਰਾੜ੍ਹ ਹੋ ਗਈ ਅਤੇ ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ। ਬਰੋਟੇ 'ਤੇ ਬੈਠੇ ਪੰਛੀਆਂ ਨੇ ਕਾਂਵਾਂਰੌਲ਼ੀ ਮਚਾ ਦਿੱਤੀ।
ਦਿਨ ਦਿਹਾੜ੍ਹੇ ਹਜਾਰਾ ਸਿੰਘ ਦਾ ਕਤਲ ਹੋਇਆ ਸੁਣ ਕੇ ਪਿੰਡ ਵਿੱਚ ਹਾਹਾਕਾਰ ਮੱਚ ਗਈ।
ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ, ਜਾਂ ਦੰਦਲ਼ ਪੈ ਗਈ ਸੀ। ਜੁਗਾੜੂ ਵੱਲੋਂ ਇਹ ਹਿੰਮਤ ਨਹੀਂ ਇੱਕ ''ਹਿਮਾਕਤ" ਸੀ। ਕਿਸੇ ਪੇਂਡੂ ਭਰਾ ਦਾ ਇੰਜਣ ਬਿਨਾ ਪੁੱਛੇ ਚੁੱਕ ਲਿਜਾਣਾ ਕਿੱਧਰਲੀ ਭਦਰਕਾਰੀ ਸੀ..?  ਸਾਰਾ ਪਿੰਡ ''ਥੂਹ-ਥੂਹ" ਕਰਦਾ ਸੀ, ਪਰ ਦੁਸ਼ਮਣੀ ਪੈਣ ਦੇ ਡਰੋਂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ ਸੀ। ਵਸਦੇ ਰਸਦੇ ਪਿੰਡ ਵਿੱਚ ਕੌਣ ਆਖੇ ਕਿ ਆ ਬੈਲ, ਮੁਝੇ ਮਾਰ..? ਜਾਂ ਜਾਂਦੀਏ ਬਲਾਏ ਦੁਪਿਹਰਾ ਕੱਟ ਜਾ...?? ਦਹਿਸ਼ਤ ਮਾਰਿਆ ਸਾਰਾ ਪਿੰਡ ਚੁੱਪ ਸੀ।
ਸੰਤਾ ਸਿਉਂ ਰੋਂਦਾ ਧਾਹ ਨਹੀਂ ਧਰਦਾ ਸੀ। ਥਮਲ੍ਹੇ ਵਰਗਾ ਉਸ ਦਾ ਬਾਪੂ ਇੱਕ ਪਲ ਵਿੱਚ ਮਿੱਟੀ ਹੋ ਗਿਆ ਸੀ। ਇੱਕੋ-ਇੱਕ ਬਾਪੂ ਹੀ ਤਾਂ ਉਸ ਦਾ ਆਸਰਾ ਸੀ। ਬਾਪੂ ਨੇ ਹੀ ਤਾਂ ਉਸ ਨੂੰ ਮਾਂ ਅਤੇ ਬਾਪ ਦਾ ਸਾਂਝਾ ਪਿਆਰ ਦਿੱਤਾ ਸੀ। ਰੀਝਾਂ ਅਤੇ ਲਾਡਾਂ ਨਾਲ਼ ਪਾਲ਼ਿਆ ਸੀ, ਤੇ ਬਾਪੂ ਹੁਣ ਅੱਖ ਦੇ ਫ਼ੋਰ ਵਿੱਚ ''ਝਾਅਤ" ਆਖ ਤੁਰ ਗਿਆ ਸੀ। ਸੰਤਾ ਸਿੰਘ ਦੇ ਹੰਝੂ ''ਪਰਲ਼-ਪਰਲ਼" ਡਿੱਗੀ ਜਾ ਰਹੇ ਸਨ। ਹਜਾਰਾ ਸਿੰਘ ਦਾ ਮੂੰਹ ਖੁੱਲ੍ਹਾ ਸੀ ਅਤੇ ਅੱਧ ਖੁੱਲ੍ਹੀਆਂ ਅੱਖਾਂ ਪਥਰਾਈਆਂ ਹੋਈਆਂ ਸਨ। ਜਿਵੇਂ ਇਕਲੌਤੇ ਪੁੱਤ ਦੇ ਵਿਯੋਗ ਵਿੱਚ ਪੱਥਰ ਹੋ ਗਈਆਂ ਸਨ।
ਸਾਰਾ ਪਿੰਡ ਹਜਾਰਾ ਸਿੰਘ ਦੀ ਲਾਸ਼ ਕੋਲ਼ ਘੇਰਾ ਘੱਤੀ ਖੜ੍ਹਾ ਸੀ।
ਲਾਸ਼ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।
ਮੱਖੀਆਂ ਭਿਣਕ ਰਹੀਆਂ ਸਨ।
-''ਲਾਸ਼ ਨੂੰ ਪਿੰਡ ਤਾਂ ਲੈ ਕੇ ਚੱਲੋ..!" ਬਖਤੌਰ ਨੇ ਕਿਹਾ।
-''ਚਲੋ ਪਾਓ ਹੱਥ...!" ਕੋਈ ਪਿੰਡ ਦਾ ਬੰਦਾ ਬੋਲਿਆ।
-''ਇਹ ਚਿੱਟੇ ਦਿਨ ਹੋਏ ਕਤਲ ਦਾ ਕੇਸ ਐ, ਪੁਲ਼ਸ ਨੂੰ ਖ਼ਬਰ ਕਰੋ, ਨਹੀਂ ਪੁਲ਼ਸ ਸਾਰੇ ਪਿੰਡ ਨੂੰ ਗਧੀ ਗੇੜ 'ਚ ਪਾਈ ਫ਼ਿਰੂ..!" ਪਿੰਡ ਦੇ ਸਰਪੰਚ ਨੇ ਸਿਆਣਪ ਨਾਲ਼ ਜ਼ਿੰਮੇਵਾਰੀ ਸਮਝਦਿਆਂ ਕਿਹਾ।
-''ਤੂੰ ਭੇਜ ਕਿਸੇ ਨੂੰ ਸਰਪੈਂਚਾ..! ਸਾਡੇ ਤਾਂ ਕਿਸੇ ਨੇ ਆਖੇ ਨੀ ਲੱਗਣਾ..!" ਬਖਤੌਰ ਨੇ ਕਿਹਾ।
-''ਜਾਹ ਕਾਕੂ, ਤੂੰ ਜਾਹ ਠਾਣੇ...!" ਸਰਪੰਚ ਨੇ ਚੌਂਕੀਦਾਰ ਨੂੰ ਕਿਹਾ।
-''ਸਤਿ ਬਚਨ...!" ਆਖ ਚੌਂਕੀਦਾਰ ਸਾਈਕਲ ਚੁੱਕ ਠਾਣੇ ਦੇ ਰਾਹ ਪੈ ਗਿਆ।
ਕਰੀਬ ਘੰਟੇ ਕੁ ਬਾਅਦ ਪੁਲੀਸ ਪਹੁੰਚ ਗਈ।
ਠਾਣੇਦਾਰ ਕਿੱਕਰ ਸਿੰਘ ਨੇ ਵਕੂਏ ਵਾਲ਼ੀ ਜਗਾਹ ਦਾ ਜਾਇਜ਼ਾ ਲਿਆ।
-''ਦੋਸ਼ੀ ਕੌਣ ਐਂ...?" ਠਾਣੇਦਾਰ ਦਾ ਸੁਆਲ ਇੱਟ ਵਾਂਗ ਸਾਰੇ ਪਿੰਡ ਦੇ ਕਪਾਲ਼ 'ਚ ਆ ਪਿਆ।
-''................।" ਸਾਰਾ ਪਿੰਡ ਨੀਵੀਂ ਪਾ ਗਿਆ।
-''ਮੈਂ ਪੁੱਛਿਐ ਇਸ ਦਾ ਕਤਲ ਕੀਹਨੇ ਕੀਤੈ..?" ਠਾਣੇਦਾਰ ਨੇ ਨਾਸਾਂ 'ਚੋਂ ਫ਼ੁੰਕਾਰਾ ਮਾਰਿਆ।
-''....................।" ਫ਼ਿਰ ਕੋਈ ਨਾ ਬੋਲਿਆ।
ਸਾਰੇ ਪਿੰਡ ਵਿੱਚੋਂ ਕੋਈ ਵੀ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੁੰਦਾ ਸੀ।
-''ਕੁੜੀ ਯਾਹਵਾ ਸਾਰਾ ਪਿੰਡ ਈ ਅੰਨ੍ਹੈਂ....?" ਠਾਣੇਦਾਰ ਨੂੰ ਚੇਹ ਚੜ੍ਹ ਗਈ, ''ਦਿਨ ਦਿਹਾੜ੍ਹੇ ਪਿੰਡ ਵਿੱਚ ਖ਼ੂਨ ਹੋ ਗਿਆ, ਸਾਰੇ ਪਿੰਡ 'ਚੋਂ ਕਿਸੇ ਨੇ ਵੀ ਨੀ ਦੇਖਿਆ..?" ਉਸ ਨੇ ਜੀਪ 'ਤੇ ਡੰਡਾ ਖੜਕਾਇਆ। ਅੱਖਾਂ ਦੇ ਲਾਲ ਡੋਰੇ ਹੋਰ ਭਿਆਨਕ ਹੋ ਗਏ।
-''.....................।" ਸਾਰਾ ਪਿੰਡ ਚੁੱਪ ਸੀ।
-''ਕਿਉਂ ਇਹਨਾਂ ਨੂੰ ਵੰਝ 'ਤੇ ਚੜ੍ਹਾਈ ਫ਼ਿਰਦੈਂ, ਸਰਦਾਰਾ...? ਕਤਲ ਮੈਂ ਕੀਤੈ...!" ਭੀੜ੍ਹ ਪਿੱਛੋਂ ਜੁਗਾੜੂ ਅੱਗੇ ਆ ਕੇ ਬੋਲਿਆ ਤਾਂ ਇੱਕ ਹੋਰ ਸੰਨਾਟਾ ਛਾ ਗਿਆ। ਠਾਣੇਦਾਰ ਦਾ ਪਾਰਾ ਵੀ ਕੁਝ ਥੱਲੇ ਆ ਗਿਆ। ਸਾਰਾ ਪਿੰਡ ਇੱਕ ਟੱਕ ਜੁਗਾੜੂ ਵੱਲ ਦੇਖ ਰਿਹਾ ਸੀ। ਜੁਗਾੜੂ ਹਿੱਕ ਤਾਣੀਂ ਠਾਣੇਦਾਰ ਅੱਗੇ ਥੰਮ੍ਹ ਬਣਿਆਂ ਖੜ੍ਹਾ ਸੀ।
-''ਭੈਣ ਦਿਆ ਖਸਮਾਂ...! ਸਾਲ਼ਿਆ ਬੰਦਾ ਮਾਰਨ ਨੂੰ ਮਿੰਟ ਨੀ ਲਾਇਆ, ਤੇਰੇ ਕੀ ਉਹ ਪੈਰ ਲਤੜਦਾ ਸੀ..?"
-''ਅਦਬ ਨਾਲ਼ ਬੋਲ ਸਰਦਾਰਾ, ਅਦਬ ਨਾਲ਼..!" ਜੁਗਾੜੂ ਜੇਤੂ ਵਾਂਗ ਹੱਥ ਅੱਗੇ ਕਰ ਦਿੱਤੇ, ''ਹੱਥਕੜੀ ਲਾ ਤੇ ਆਬਦੀ ਬਣਦੀ ਕਾਰਵਾਈ ਕਰ, ਪਰ ਵੀਰਾ ਜੀ ਬਣ ਕੇ ਗਾਲ਼ ਨਾ ਕੱਢੀਂ, ਕਿਤੇ ਉਹ ਨਾ ਹੋਵੇ, ਬਈ ਮੈਨੂੰ ਇੱਕ ਅੱਧਾ ਹੋਰ ਬੱਕਰੇ ਮਾਂਗੂੰ ਅਲ਼ੱਦ ਕੇ ਸਿੱਟਣਾ ਪਵੇ, ਦਸ ਕਤਲ ਕੀਤਿਆਂ ਤੋਂ ਵੀ ਫ਼ਾਂਸੀ ਇੱਕ ਵਾਰੀ ਹੁੰਦੀ ਐ ਜਿਉਣ ਜੋਕਰਿਆ, ਤੈਨੂੰ ਤਾਂ ਕਾਨੂੰਨਾਂ ਦਾ ਜਾਅਦੇ ਪਤਾ ਹੋਣੈਂ..!" ਜੁਗਾੜੂ ਦੀਆਂ ਸੱਪ ਵਰਗੀਆਂ ਸੇਹਲੀਆਂ ਵਲ਼ ਖਾ ਗਈਆਂ।
-''ਕੰਜਰਾ...! ਕਰਨੇ ਕਤਲ, ਤੇ ਦਿਖਾਉਣੀਆਂ ਧੌਂਸਾਂ..? ਚੱਲ ਲਾ ਓਏ ਹੱਥਕੜੀ ਇਹਨੂੰ..!" ਠਾਣੇਦਾਰ ਨੇ ਸਿਪਾਹੀ ਨੂੰ ਇਸ਼ਾਰਾ ਕੀਤਾ, ''ਲਾਅਸ਼ ਪੋਸਟ ਮਾਰਟਮ ਵਾਸਤੇ ਭੇਜਣੀ ਐਂ ਸਰਪੈਂਚਾ, ਕਿਸੇ ਟਰੈਕਟਰ ਟਰਾਲੀ ਦਾ ਪ੍ਰਬੰਧ ਕਰੋ..!"
-''ਆਪਣੇ ਆਲ਼ੀ ਈ ਲੈ ਆਓ ਸਰਪੈਂਚਾ, ਟਰੈਗਟ ਟਰਾਲੀ ਖਾਤਰ ਕਿੱਥੇ ਕਿਸੇ ਦੇ ਹਾੜ੍ਹੇ ਕੱਢਦੇ ਫ਼ਿਰੋਂਗੇ..? ਗੁਆਂਢੀ ਬੰਦੇ ਦੀ ਲਾਸ਼ ਐ, ਰੋਲਣੀਂ ਥੋੜ੍ਹੋ ਐ..?" ਹੱਥਕੜੀਆਂ ਵਿੱਚ ਜਕੜਿਆ ਜੁਗਾੜੂ ਬੋਲਿਆ। ਉਸ ਦੀਆਂ ਨਿੱਡਰਤਾ ਭਰੀਆਂ ਬੇਸ਼ਰਮ ਹਰਕਤਾਂ 'ਤੇ ਸਾਰਾ ਪਿੰਡ ਦੰਗ ਸੀ।
-''ਤੂੰ ਲਾਸ਼ ਦੇ ਨਾਲ਼ ਈ ਆਜੀਂ, ਸਰਪੈਂਚਾ..!" ਜੀਪ 'ਚ ਬੈਠਦੇ ਠਾਣੇਦਾਰ ਨੇ ਕਿਹਾ।
ਜੁਗਾੜੂ ਨੂੰ ਲੈ ਕੇ ਪੁਲੀਸ ਤੁਰ ਗਈ।
ਸੰਤੇ ਨੂੰ ਲੈ ਕੇ ਬਖਤੌਰ ਪਿੰਡ ਆ ਗਿਆ।
ਉਹ ਰੋਂਦਾ ਧਾਹ ਨਹੀਂ ਧਰਦਾ ਸੀ।
-''ਬੱਸ ਪੁੱਤ...! ਰੋ ਨਾ..!! ਅੱਜ ਤੋਂ ਤੇਰਾ ਬਾਪੂ, ਮੈਂ..!" ਬਖਤੌਰ ਨੇ ਸੰਤੇ ਦੇ ਮੋਢੇ 'ਤੇ ਹੱਥ ਰੱਖਿਆ।
ਜਦ ਲਾਅਸ਼ ਪੋਸਟ ਮਾਰਟਮ ਤੋਂ ਬਾਅਦ ਪਿੰਡ ਆਈ ਤਾਂ ਸਾਰੇ ਪਿੰਡ ਨੂੰ ਜਿਵੇਂ ਹੌਲ ਪੈ ਗਿਆ ਸੀ।
ਜਦੋਂ ਹਜਾਰਾ ਸਿੰਘ ਦਾ ਦਾਹ ਸਸਕਾਰ ਕੀਤਾ ਗਿਆ ਤਾਂ ਸਾਰਾ ਪਿੰਡ ਸੁੰਨ ਹੋਇਆ ਖੜ੍ਹਾ ਸੀ। ਬਖਤੌਰ ਸੰਤੇ ਦੇ ਮੋਢੇ 'ਤੇ ਹੱਥ ਰੱਖੀ ਧਰਵਾਸ ਬਣਿਆਂ ਹੋਇਆ ਸੀ। ਹਰ ਕੌਰ ਸਦਮੇਂ ਵਿੱਚ ਸਿਲ਼-ਪੱਥਰ ਹੋਈ ਖੜ੍ਹੀ ਸੀ।
ਰਾਤ ਨੂੰ ਦੋ ਪੈੱਗ ਲਾ ਕੇ ਠਾਣੇਦਾਰ ਨੇ ਜੁਗਾੜੂ ਨੂੰ ਬਾਹਰ ਕੱਢ ਲਿਆ।
-''ਹਾਂ ਬਈ, ਹੁਣ ਬੋਲ...? ਪਿੰਡ ਦੇ ਸਾਹਮਣੇ ਤਾਂ ਤੂੰ ਬੜਾ ਜਿਉਣਾ ਮੌੜ ਬਣਿਆਂ ਖੜ੍ਹਾ ਸੀ, ਹੁਣ ਦੱਸ..? ਕੀ ਵੈਰ ਸੀ ਤੇਰਾ ਮਕਤੂਲ ਨਾਲ਼...?"
-''ਸਰਦਾਰਾ, ਤੂੰ ਵੀ ਜੱਟ ਭਰਾ ਐਂ, ਜੱਟ ਹਿੱਕ 'ਚ ਵੱਜੀ ਗੋਲ਼ੀ ਜਰ ਲਊ, ਪਰ ਸ਼ਰੀਕ ਦਾ ਖੰਘੂਰਾ ਨੀ ਜਰਦਾ...! ਉਹ ਤਾਂ ਹਥਿਆਰ ਦਾ ਪ੍ਰਬੰਧ ਈ ਪਛੇਤਾ ਹੋਇਆ, ਨਹੀਂ ਘੁੱਗਾ ਤਾਂ ਕਦੋਂ ਦਾ ਚਿੱਤ ਕੀਤਾ ਹੋਣਾ ਸੀ..!"
-''................।" ਠਾਣੇਦਾਰ ਚੁੱਪ ਸੀ। ਕਿਸੇ ਸੋਚ ਵਿੱਚ ਪਿਆ ਹੋਇਆ ਸੀ।
-''ਓਹਦੀ ਖੰਘੂਰਾ ਮਾਰਨ ਦੀ ਆਦਤ ਨੀ ਸੀ ਜਾਂਦੀ, ਮੇਰੇ ਤਾਂ ਨਿੱਤ ਹਿੱਕ 'ਤੇ ਸੱਪ ਲਿਟਦਾ ਸੀ ਸਰਦਾਰਾ..! ਮੈਂ ਤਾਂ ਵੱਜਦੇ ਖੰਘੂਰੇ ਦੀ ਸੰਘੀ ਦੱਬਣੀ ਸੀ, ਦੱਬਤੀ, ਹੁਣ ਤੂੰ ਆਪਣਾ ਕਾਰਜ ਕਰ..!" ਉਸ ਨੇ ਠਾਣੇਦਾਰ ਨੂੰ ਸਹੀ ਅਤੇ ਖਰੀਆਂ ਹੀ ਸੁਣਾ ਦਿੱਤੀਆਂ।
ਸਿਰ ਮਾਰਦਾ ਠਾਣੇਦਾਰ ਦਫ਼ਤਰ ਆ ਵੜਿਆ।
-''ਕੀ ਗੱਲ ਹੋਗੀ, ਸਰਕਾਰ..? ਬਹੁਤੇ ਹੀ ਪ੍ਰੇਸ਼ਾਨ ਲੱਗਦੇ ਓਂ...?" ਮੁਣਸ਼ੀ ਨੇ ਪੁੱਛਿਆ। ਦੇਸੀ ਦਾਰੂ ਅੰਦਰ ਸੁੱਟ ਕੇ ਉਹ ਰੰਗਾਂ 'ਚ ਹੋਇਆ ਬੈਠਾ ਸੀ। ਉਸ ਨੂੰ ਤਾਂ ਹੁਣ ਕੰਧਾਂ ਵੀ ਭਰਜਾਈਆਂ ਨਜ਼ਰ ਆਉਂਦੀਆਂ ਸਨ।
-''ਔਸ ਟੂਟਲ਼ ਜੇ ਜੱਟ ਦੀਆਂ ਤੂੰ ਗੱਲਾਂ ਨੀ ਸੁਣੀਆਂ..?"
-''ਸੁਣੀਆਂ ਕਿਉਂ ਨੀ..? ਸਾਰੀਆਂ ਈ ਸੁਣੀਐਂ...!" ਮੁਣਸ਼ੀ ਮਸ਼ੀਨ ਵਾਂਗ ਬੋਲਿਆ।
-''ਗੱਲ ਕੋਈ ਤਣ ਪੱਤਣ ਈ ਨੀ ਲਾਉਂਦਾ..!"
-''ਆਪਾਂ ਲਾ ਕੇ ਕਰਨਾ ਵੀ ਕੀ ਐ, ਹਜੂਰ..? ਉਹ ਮੁੱਕਰਦਾ ਥੋੜ੍ਹੋ ਐ..? ਇਕਬਾਲ ਤਾਂ ਕਰਦੈ ਨ੍ਹਾਂ..? ਲੋੜੀਂਦੀਆਂ ਦਫ਼ਾਵਾਂ ਲਾਓ, ਤੇ ਉਹਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰ ਕੇ ਅਗਲਾ ਰਾਹ ਦਿਖਾਓ..! ਮੈਨੂੰ ਤਾਂ ਪਤਾ ਲੱਗਿਐ ਬਈ ਮਕਤੂਲ ਦਾ ਵਾਰਿਸ ਈ ਕੋਈ ਨੀ ਚੱਜ ਦਾ..!"
-''ਇੱਕ ਮੁੰਡਾ ਐ, ਓਹ ਕਿਸੇ ਕੰਮ ਦਾ ਨੀ..!" ਠਾਣੇਦਾਰ ਨੇ ਦੱਸਿਆ, ''ਨਹੀਂ ਅਗਲਾ ਨੋਟਾਂ ਦਾ ਥੱਬਾ ਪੈਰਾਂ 'ਚ ਮਾਰਦੈ, ਬਈ ਚੱਕੋ ਜੀ ਤੇ ਦਿਖਾਓ ਤਰਾਰੇ..!"
-''ਫ਼ੇਰ ਆਪਾਂ ਜ਼ਰੂਰੀ ਛਮਕ-ਮੋਲ਼ੀਆਂ 'ਚ ਹੱਥ ਪਾਉਣੈਂ...? ਦਫ਼ਾਵਾਂ ਲਾ ਕੇ ਪਰਚਾ ਕੱਟੋ, ਤੇ ਅੱਗੇ ਤੋਰੋ, ਜਦੋਂ ਚਾਰ ਦਿਨ ਜੇਲ੍ਹ 'ਚ ਕੱਟੇ, ਆਪੇ ਧਰਨ ਟਿਕਾਣੇ ਆ ਜਾਊਗੀ..! ਚਾਰ ਦਿਨਾਂ 'ਚ ਐਹੇ ਜੇ ਦਾ ਬਲੱਡ ਘਟਣ ਲੱਗ ਪੈਂਦੈ...!" ਮੁਣਸ਼ੀ ਮੁਫ਼ਤੀ ਦੀ ਦਾਰੂ ਦੇ ਨਸ਼ੇ 'ਚ ''ਨੇਕ ਸਲਾਹਾਂ" ਦੇ ਰਿਹਾ ਸੀ।
-''ਇਹ ਸਾਲ਼ਾ ਆਬਦੇ ਜਾਣੇ ਗਾਊਂਡਰ ਬਣਨ ਨੂੰ ਫ਼ਿਰਦੈ, ਤੇ ਜੱਜ ਨੇ ਇਹਨੂੰ ਵੀਹ ਸਾਲ ਨੂੰ ਠੋਕ ਦੇਣੈ..!"
-''ਫ਼ੇਰ ਆਪਣੇ ਕੰਨੋਂ ਕੀ ਮੈਲ਼ ਜਾਂਦੀ ਐ..? ਪਵੇ ਢੱਠੇ ਖੂਹ 'ਚ..! ਜਿਹੜਾ ਕਰੂ, ਆਪੇ ਭਰੂ..! ਥੋਡੀ ਤਾਂ ਉਹ ਗੱਲ ਐ, ਬਈ ਪਿੰਡ 'ਚ ਕਿਸੇ ਦੀ ਜੰਨ ਤੁਰੀ ਜਾਵੇ, ਤੇ ਵਿਚਾਰਾ ਜੁਲਾਹਾ ਦੋਵੇਂ ਹੱਥ ਜੋੜੀ ਖੜ੍ਹਾ, ਅਖੇ ਮੇਰੇ ਪਿੰਡ ਦੀ ਇੱਜਤ ਜਾ ਰਹੀ ਐ..! ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂੰ ਸਰਦਾਰ ਜੀ, ਤੁਸੀਂ ਦਿਲ 'ਤੇ ਕਾਹਤੋਂ ਕਿਉਂ ਲਾਈ ਐ..? ਟੈਣਸ਼ਣ ਲੈਣ ਨਾਲ਼ ਦਿਲ ਦੀਆਂ ਬਿਮਾਰੀਆਂ ਲੱਗਦੀਐਂ..! ਨ੍ਹੋਅ ਚਿੰਤਾ ਐਂਡ ਨ੍ਹੋਅ ਟੈਣਸ਼ਣ...!"
-''ਤੂੰ ਪੈੱਗ ਪਾਅ, ਮੈਨੂੰ ਇੱਕ ਗੱਲ ਚੇਤੇ ਆਗੀ...!" ਠਾਣੇਦਾਰ ਨੇ ਮੁਣਸ਼ੀ ਨੂੰ ਕਿਹਾ।
-''ਆਹ ਕੀਤੀ ਐ ਨ੍ਹਾਂ ਲੱਖ ਰੁਪਈਏ ਦੀ ਗੱਲ...? ਪੈੱਗ ਲਓ...!" ਮੁਣਸ਼ੀ ਹੁਕਮ ਦੀ ਤਾਮੀਲ ਕਰਦਾ ਹੋਇਆ, ਪੈੱਗ ਪਾਉਣ ਲੱਗ ਪਿਆ।
-''ਲਓ, ਚੱਕੋ ਤੇ ਸੁਣਾਓ ਪ੍ਰਬਚਨ...!"
-''ਤੈਨੂੰ ਪਤੈ ਬਈ ਮੇਰੇ ਕਾਫ਼ੀ ਰਿਸ਼ਤੇਦਾਰ ਇੰਗਲੈਂਡ 'ਚ ਰਹਿੰਦੇ ਐ, ਓਥੇ ਇੱਕ ਵਾਰੀ ਆਪਣੇ ਦੇਸੀ ਬੰਦਿਆਂ ਦੀ ਲੜਾਈ ਹੋਗੀ, ਤੇ ਲੜਾਈ ਹੋਈ ਵੀ ਬੜੀ ਖ਼ਤਰਨਾਕ..!"
-''ਅੱਛਾ...?"
-''ਚਲੋ, ਕੇਸ ਅਦਾਲਤ ਚਲਿਆ ਗਿਆ..!"
-''ਜਾਣਾ ਈ ਸੀ..!"
-''ਜੱਜ ਨੇ ਪੁੱਛਿਆ ਬਈ ਲੜਾਈ ਦਾ ਮੁੱਢ ਕਿੱਥੋਂ ਬੱਝਿਆ, ਮਤਲਬ ਅਸਲ ਕਾਰਨ ਕੀ ਸੀ..? ਤੇ ਆਪਣਾ ਦੇਸੀ ਬਾਈ ਦੂਜੇ ਦੇਸੀ ਵੱਲ ਉਂਗਲ਼ ਕਰ ਕੇ ਜੱਜ ਨੂੰ ਕਹਿੰਦਾ, ਅਖੇ ਜੀ ਇਹ ਮੈਨੂੰ ਦੇਖ ਕੇ ਮੁੱਛ ਨੂੰ ਵੱਟ ਦਿੰਦਾ ਸੀ, ਮੈਥੋਂ ਜਰਿਆ ਨਾ ਗਿਆ, ਤੇ ਮੈਂ ਅੰਨ੍ਹੇ ਆਲ਼ਾ ਜੱਫਾ ਮਾਰ ਕੇ ਥੱਲੇ ਸਿੱਟ ਲਿਆ...! ਜੱਜ ਵਿਚਾਰਾ ਗੋਰਾ..! ਓਸ ਗੋਰੇ ਜੱਜ ਨੂੰ ਇਹ ਸਮਝ ਨਾ ਲੱਗੇ ਬਈ ਅਗਲੇ ਨੂੰ ਦੇਖ ਕੇ ਮੁੱਛ ਨੂੰ ਵਟਾ ਦੇਣ ਨਾਲ਼ ਕਿਹੜੀ ਪਰਲੋਂ ਆ ਗਈ ਸੀ, ਜਾਂ ਮੁੱਛ ਨੂੰ ਵੱਟ ਦੇਣਾ ਕਿਹੜਾ ਅਪਰਾਧ ਸੀ, ਪਰ ਉਹਨੂੰ ਵਿਚਾਰੇ ਗੋਰੇ ਨੂੰ ਸਾਡੇ ਪੰਜਾਬੀਆਂ ਦੇ ਰੌਲ਼ੇ-ਗੌਲ਼ੇ ਦਾ ਕੀ ਪਤਾ..?"
-''ਉਹਨੂੰ ਇਹ ਨੀ ਨ੍ਹਾਂ ਪਤਾ ਬਈ ਇਹ ਪਤੰਦਰ ਗੰਨਾਂ ਨੀ ਦਿੰਦੇ, ਗੁੜ ਦੀ ਭੇਲੀ ਦੇ ਦਿੰਦੇ ਐ...?" ਮੁਣਸ਼ੀ ਉਚੀ-ਉਚੀ ਹੱਸ ਪਿਆ।
-''ਆਪਣੇ ਲੋਕ ਚਾਹੇ ਮੰਗਲ਼ ਗ੍ਰਹਿ 'ਤੇ ਚਲੇ ਜਾਣ, ਇਹਨਾਂ ਦੀਆਂ ਘੀਸੀ ਕਰਨ ਆਲ਼ੀਆਂ ਆਦਤਾਂ ਨੀ ਜਾਣੀਆਂ, ਇਹਨਾਂ ਦੇ ਤਾਂ ਓਹੀ ਗੁੱਡੀਆਂ ਤੇ ਓਹੀ ਪਟੋਲ੍ਹੇ ਰਹਿਣੇ ਐਂ..! ਜਿਵੇਂ ਕਿਸੇ ਤੀਮੀਂ ਨੇ ਆਬਦੇ ਯੱਭਲ਼ ਜੇ ਖਸਮ ਨੂੰ ਆਖਿਆ ਸੀ, ਲੋਕੀ ਚੰਦ ਉਤੇ ਪਹੁੰਚ ਗਏ ਭੋਲ਼ਿਆ ਵੇ ਚੰਨਾਂ, ਤੇਰੀ ਓਹੀ ਹਲ਼ ਪੰਜਾਲ਼ੀ, ਤੇਰਾ ਓਹੀ ਕੌਲੀ ਛੰਨਾਂ...! ਆਪਣੇ ਆਲ਼ੇ ਪੜ੍ਹ-ਪੜ੍ਹ ਕੇ ਚਾਹੇ ਕੜ੍ਹ ਜਾਣ, ਪਰ ਬਿਸਕੁਟ ਇਹਨਾਂ ਨੇ ਚਾਹ 'ਚ ਡਬੋ ਕੇ ਈ ਖਾਣੇ ਐਂ...!" ਮੁਣਸ਼ੀ ਹੱਸਿਆ।
-''.................।" ਠਾਣੇਦਾਰ ਵੀ ਹੱਸ ਪਿਆ।
-''ਆਪਣੇ ਬੰਦਿਆਂ ਨੇ ਜੁੱਤੀ ਚਾਹੇ ਬਾਹਰਲੀ ਪਾਈ ਵੀ ਹੋਵੇ, ਪਰ ਤੁਰਨਾ ਪਤੰਦਰਾਂ ਨੇ ਖੁੱਸੇ ਆਲ਼ੀ ਤੋਰ ਈ ਹੁੰਦੈ..!"
-''...................।" ਦੋਨੋਂ ਉਚੀ-ਉਚੀ ਹੱਸ ਪਏ।
-''ਸਾਡੇ ਇੱਕ ਰਿਸ਼ਤੇਦਾਰ ਨੇ ਜਰਮਨੀ 'ਚ ਮੇਮ ਨਾਲ਼ ਵਿਆਹ ਕਰਵਾ ਲਿਆ, ਸਾਡੀ ਭੂਆ ਨੱਕ ਵੱਟੇ, ਅਖੇ ਮੇਮ ਪਤਾ ਨੀ ਕਿਹੜੀ ਜਾਤ ਕੁਜਾਤ ਦੀ ਹੋਣੀ ਐਂ, ਅਖੇ ਮੈਂ ਤਾਂ ਸੁਣਿਐਂ ਬਈ ਮੇਮਾਂ ਤਾਂ ਟੁੱਟ ਪੈਣੀਆਂ ਜੰਗਲ-ਪਾਣੀ ਆਲ਼ੇ ਹੱਥ ਈ ਨੀ ਧੋਂਦੀਆਂ, ਲੈ ਦੱਸੋ ? ਬਈ ਤੂੰ ਓਹਦੇ ਕੋਲ਼ੋਂ ਚੁੱਲ੍ਹਾ ਚੌਂਕਾ ਕਰਵਾਉਣੈ..? ਅਗਲੀ ਧੋਵੇ, ਨਾ ਧੋਵੇ..?" ਮੁਣਸ਼ੀ ਨੇ ਦੋ ਪੈੱਗ ਹੋਰ ਪਾ ਲਏ।
-''ਹੁਣ ਇਹਦਾ ਕੀ ਕਰੀਏ...?" ਠਾਣੇਦਾਰ ਪੈੱਗ ਚੁੱਕ ਕੇ ਅਸਲ ਗੱਲ ਵੱਲ ਆਇਆ।
-''ਥੋਨੂੰ ਦੱਸਿਆ ਤਾਂ ਹੈ..! ਇਕਬਾਲੀਆ ਬਿਆਨ ਦੇ ਆਧਾਰ 'ਤੇ ਦਫ਼ਾ ਤਿੰਨ ਸੌ ਦੋ ਲਾ ਕੇ ਪਰਚਾ ਕੱਟੋ ਤੇ ਜੱਜ ਦੇ ਪੇਸ਼ ਕਰ ਕੇ ਫ਼ਾਰਗ ਹੋਵੋ....! ਜਿਹੜੇ ਤਿਲ਼ਾਂ 'ਚ ਤੇਲ ਈ ਨੀ, ਉਹਨਾਂ ਨੂੰ ਛੱਟਣ ਦਾ ਕੀ ਫ਼ਾਇਦਾ..?"
-''ਇਹਦੇ ਤਿਲ਼ਾਂ 'ਚ ਤੇਲ ਹੈਗਾ, ਪਤਾ ਨੀ ਨਹੀਂ ਹੈਗ੍ਹਾ, ਪਰ ਜੋ ਗੱਲ ਮੈਨੂੰ ਸਰਪੈਂਚ ਦੱਸ ਕੇ ਗਿਐ, ਇਹਦੀ ਭਰਜਾਈ ਆਬਦੇ ਮਿਸ਼ਨ 'ਚ ਕਾਮਯਾਬ ਹੋਗੀ, ਇਹ ਨਿਕਲ਼ਿਆ ਸਿਰੇ ਦਾ ਮੂਰਖ, ਭੈਣ ਦਾ ਗੜਦੁੰਬਾ..!" ਠਾਣੇਦਾਰ ਨੇ ਇੱਕ ਅਜੀਬ ਅਕਾਸ਼ਬਾਣੀ ਮੁਣਸ਼ੀ ਨੂੰ ਸੁਣਾਈ।
-''ਉਹ ਮਿਸ਼ਨ ਕਿਹੜੈ...?"
-''ਇਹ ਸਾਲ਼ਾ ਹੈਗਾ ਮਹਾਂ ਬੇਵਕੂਫ਼, ਲੋਲ੍ਹਾ ਤੇ ਲਾਈਲੱਗ...! ਲੀਰ ਦਾ ਫ਼ਕੀਰ..! ਇਹਦੀ ਨਿੱਕੀ ਭਰਜਾਈ ਹੈਗੀ ਚੰਟ, ਪੂਰੀ ਚਤਰ ਤੇ ਸੱਤਾਂ ਪੱਤਣਾਂ ਦੀ ਤਾਰੂ..! ਉਹ ਇਹਨੂੰ ਮਹੀਨੇ ਕੁ ਦੀ ਪਾਊਡਰ ਆਲ਼ੀਆਂ ਕੱਛਾਂ ਸੁੰਘਾਉਂਦੀ ਆਉਂਦੀ ਸੀ, ਤੇ ਇਹ ਕੱਛਾਂ ਦੀ ਵਾਸ਼ਨਾ 'ਚ ਹੋਇਆ ਪਿਆ ਸੀ ਕਮਲ਼ਾ..! ਓਹਨੇ ਇਹਨੂੰ ਰੇਤ ਕੇ ਅਗਲੇ ਦਾ ਕਤਲ ਕਰਵਾ ਧਰਿਆ ਬਈ ਆਪੇ ਜੇਲ੍ਹ 'ਚ ਰੁਲ਼ਦਾ ਖੁਲ਼ਦਾ ਮਰਜੂ, ਤੇ ਇਹਦੇ ਹਿੱਸੇ ਦੀ ਜ਼ਮੀਨ ਸਾਂਭਾਂਗੇ ਅਸੀਂ..! ਇਹ ਸਾਲ਼ਾ ਧੱਫ਼ੇ ਦਾ ਢੋਲ ਐ, ਇਹਨੇ ਆਬਦਾ ਦਿਮਾਗ ਤਾਂ ਵਰਤਿਆ ਨੀ, ਭਰਜਾਈ ਮੂਹਰੇ ਗੱਬਰ ਸਿਉਂ ਬਣਨ ਦੇ ਮਾਰੇ ਨੇ ਬਿਨਾਂ ਗੱਲੋਂ ਅਗਲੇ ਦੀ ਜਾਨ ਲੈ ਲਈ, ਅਖੇ ਮੈਨੂੰ ਖੰਘੂਰੇ ਮਾਰਦਾ ਸੀ, ਬਈ ਸਾਲ਼ਿਆ ਖੰਘੂਰੇ ਈ ਮਾਰਦਾ ਸੀ, ਟੰਬਾ ਤਾਂ ਨੀ ਮਾਰਿਆ..?...!" ਦਾਰੂ ਦੇ ਨਸ਼ੇ ਵਿੱਚ ਠਾਣੇਦਾਰ ਨੇ ਸਾਰਾ ਰਾਜ ਉਜਾਗਰ ਕਰ ਦਿੱਤਾ।
-''ਆਪਣੇ ਠਾਣੇਦਾਰ ਕੁੰਢਾ ਸਿਉਂ ਮਾਂਗੂੰ..! ਉਹਨੂੰ ਵੀ ਖੰਘੂਰੇ ਜੇ ਮਾਰਨ ਦੀ ਬੁਰੀ ਬਾਣ ਸੀ, ਦਾਰੂ ਪੀ ਕੇ ਤਾਂ ਪਤੰਦਰ ਹਟਦਾ ਈ ਨੀ ਸੀ, ਸੁੱਕੇ ਜੇ ਖੰਘੂਰੇ ਈ ਮਾਰੀ ਜਾਂਦਾ ਸੀ..! ਬਰੇਕ ਈ ਨੀ ਸੀ ਲਾਉਂਦਾ ਮੁਫ਼ਤ ਦੀ ਪੀ ਕੇ..!"
ਅਗਲੇ ਦਿਨ ਦਫ਼ਾ ਤਿੰਨ ਸੌ ਦੋ ਲਾ ਕੇ ਜੁਗਾੜੂ ਨੂੰ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਦੋਸ਼ੀ ਦੇ ਇਕਬਾਲੀਆ ਬਿਆਨ ਉਪਰ ਕਿਸੇ ਰਿਮਾਂਡ ਦੀ ਜ਼ਰੂਰਤ ਨਹੀਂ ਸੀ। ਬਿਆਨ ਕਲਮਬੱਧ ਕਰ ਕੇ ਜੱਜ ਨੇ ਜੁਗਾੜੂ ਨੂੰ ਜੇਲ੍ਹ ਭੇਜ ਦਿੱਤਾ।

ਕਾਂਡ 3 : ਸਵੇਰੇ ਫ਼ੁੱਫ਼ੜ ਤਰੋਤਾਜ਼ਾ ਸੀ।  - ਸ਼ਿਵਚਰਨ ਜੱਗੀ ਕੁੱਸਾ

ਕਾਂਡ 3


ਸਵੇਰੇ ਫ਼ੁੱਫ਼ੜ ਤਰੋਤਾਜ਼ਾ ਸੀ।
ਰਾਤ ਦੀ ਪੀਤੀ ਦਾਰੂ ਉਸ ਦੇ ਭੋਰਾ ਯਾਦ ਨਹੀਂ ਸੀ।
ਹਰ ਕੌਰ ਨੇ ਚਾਹ ਲਿਆ ਕੇ ਉਸ ਦੇ ਕੋਲ਼ ਰੱਖ ਲਈ।
-''ਵੇ ਗੱਲ ਸੁਣ, ਸਾਡੇ ਪਿੰਡ ਆਲ਼ੀ ਤਪ ਕੌਰ ਦਾ ਕੀ ਹਾਲ ਐ, ਹੈ ਕੋਈ ਖ਼ਬਰਸਾਰ ਉਹਦੀ..?"
-''ਉਹਦਾ ਤਾਂ ਹਾਲ ਨਾ ਪੁੱਛ ਹਰ ਕੁਰੇ, ਕਲਜੁਗੀ ਔਲ਼ਾਦ ਨਿਕਲ਼ੀ ਓਹਦੀ ਤਾਂ...!"
-''ਬੂਹ ਮੈਂ ਮਰਜਾਂ, ਵੇ ਕੀ ਹੋਇਆ...? ਉਹ ਤਾਂ ਬਚਾਰੀ ਬਾਹਲ਼ੀ ਦਰਵੇਸ਼ਣੀ ਸੀ...!"
-''ਦਰਵੇਸ਼ਾਂ 'ਤੇ ਈ ਭੀੜ੍ਹਾਂ ਪੈਂਦੀਐਂ ਹਰ ਕੁਰੇ...! ਰੱਬ ਵੀ ਭਗਤਾਂ ਦੇ ਈ ਅੰਤਰੇ ਲੈਂਦੈ...!"
ਫ਼ੁੱਫ਼ੜ ਨੇ ਤਪ ਕੌਰ ਦੀ ਦਰਦ ਭਰੀ ਕਹਾਣੀ ਬਿਆਨ ਕਰਨੀ ਸ਼ੁਰੂ ਕਰ ਦਿੱਤੀ......
.....ਸ਼ਾਮ ਦਾ ਵੇਲ਼ਾ ਸੀ।
ਸਰਦੀਆਂ ਦਾ ਸੂਰਜ ਡੁੱਬਣ 'ਤੇ ਖੜ੍ਹਾ ਸੀ।
ਹੱਥ ਵਿਚ ਫ਼ਟੇ ਪੁਰਾਣੇ ਰੁਮਾਲ ਵਿੱਚ ਕੁਝ ਰੁਪਏ ਘੁੱਟੀ ਤਪ ਕੌਰ ਪਿੰਡ ਵਾਲ਼ੀ ਸੜਕ 'ਤੇ ਘੋਰ ਉਦਾਸ ਤੁਰੀ ਜਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਵਿੱਚੋਂ ਬੇਕਦਰੇ ਹੰਝੂ ਵਗ ਕੇ ਸੁੱਕ ਚੁੱਕੇ ਸਨ। ਅੱਜ ਪਤਾ ਨਹੀਂ ਕਿੰਨੀ ਵਾਰ ਉਹ ਰੋਈ ਸੀ। ਹੁਣ ਵੀ ਉਸ ਦੇ ਮਨ ਵਿਚ ਕੋਈ ਵਿਰਲਾਪ ਚੱਲ ਰਿਹਾ ਸੀ, ਪਰ ਉਸ ਨੂੰ ਸੁਣਨ ਵਾਲ਼ਾ ਕੋਈ ਨਹੀਂ ਸੀ। ਆਥਣੇ ਪਿੰਡੋਂ ਕੋਈ ਬੱਸ ਨਹੀਂ ਜਾਂਦੀ ਸੀ, ਇਸ ਲਈ ਉਹ ਅਗਲੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ ਸੀ।
-''ਐਦੂੰ ਤਾਂ ਮੈਨੂੰ ਦਿੰਦਾ ਈ ਨਾ...! ਆਹ ਦਿਨ ਤਾਂ ਨਾ ਦੇਖਣੇ ਪੈਂਦੇ...?" ਉਸ ਨੇ ਮੂੰਹ ਉਪਰ ਨੂੰ ਚੁੱਕ ਕੇ ਪਤਾ ਨਹੀਂ ਕਿਸ ਨੂੰ ਉਲਾਂਭਾ ਦਿੱਤਾ ਸੀ। ਉਸ ਦਾ ਦੁਬਾਰਾ ਰੋਣ ਨਿਕਲ਼ ਗਿਆ। ਪਰ ਆਸਾ ਪਾਸਾ ਦੇਖ ਕੇ ਉਸ ਨੇ ਆਪਣੇ ਹੰਝੂ ਅੱਧੋਰਾਣੀ ਚੁੰਨੀ ਵਿਚ ਬੋਚ ਲਏ। ਭੈੜ੍ਹੇ ਜ਼ਮਾਨੇ ਤੋਂ ਵੀ ਉਹ ਡਰਦੀ ਸੀ। ਬਹੁਤਾ ਡਰ ਉਸ ਨੂੰ ਸ਼ਰੀਕਾਂ ਦੇ ਤਾਹਨਿਆਂ ਦਾ ਸੀ। ਜਿਹਨਾਂ ਦੇ ਮੂੰਹ ਵਿਚ ਕੈਂਚੀਆਂ ਚੱਲਦੀਆਂ, ਅਤੇ ਬੋਲ ਉਸਤਰਿਆਂ ਵਰਗੇ ਸਨ।
-''ਇਸ ਬੇਰਹਿਮ ਤੇ ਬੇਈਮਾਨ ਦੁਨੀਆਂ ਤੋਂ ਆਬਦਾ ਨੰਗ ਆਪ ਢਕਣਾ ਪੈਂਦੈ ਤਪ ਕੁਰੇ, ਇਹ ਨੀ ਟਿਕਣ ਦਿੰਦੀ ਕਿਸੇ ਨੂੰ...!" ਉਸ ਨੂੰ ਆਪਣੀ ਮਾਂ ਦੇ ਕਹੇ ਬੋਲ ਯਾਦ ਆਏ, ਜੋ ਕਈ ਵਰ੍ਹੇ ਪਹਿਲਾਂ ਰੱਬ ਦੇ ਚਰਨਾਂ ਵਿੱਚ ਜਾ ਬਿਰਾਜੀ ਸੀ। ਮਾਂ ਨੂੰ ਯਾਦ ਕਰ ਕੇ ਉਸ ਦਾ ਮਨ ਫ਼ਿਰ ਭਰ ਆਇਆ।
-''ਚੱਲਣੈਂ ਤਾਈ...?" ਪਿੰਡ ਦੇ ਕਿਸੇ ਮੁੰਡੇ ਨੇ ਜੀਪ ਬਰਾਬਰ ਰੋਕ ਕੇ ਪੁੱਛਿਆ।
ਤਪ ਕੌਰ ਦੀ ਸੋਚ ਟੁੱਟੀ ਅਤੇ ਉਹ ਚੁੱਪ ਚਾਪ ਜੀਪ ਵਿਚ ਚੜ੍ਹ ਗਈ।
-''ਤਾਈ ਕਿੱਧਰ ਨੂੰ...?"
-''ਜਿੱਧਰ ਨੂੰ ਰੱਬ ਲੈਜੂ ਪੁੱਤ..!" ਤਪ ਕੌਰ ਬੋਲੀ, ''ਟੁੱਟੇ ਪੱਤਿਆਂ ਦਾ ਕੋਈ ਟਿਕਾਣਾ ਥੋੜ੍ਹੋ ਹੁੰਦੈ..? ਦੀਵੇ ਦੀ ਲਾਟ ਤਾਂ ਹਵਾ ਦੇ ਰਹਿਮ 'ਤੇ ਈ ਜਗਦੀ ਐ...!" ਉਸ ਦੇ ਮਨ ਕੀਰਨਾਂ ਪਾਇਆ।
-''ਐਨੀ ਕੁਵੇਲ਼ੇ...? ਸੁੱਖ ਐ ਤਾਈ...??" ਮੁੰਡੇ ਨੇ ਸੁਆਲ ਕੀਤਾ।
-''..............।" ਤਪ ਕੌਰ ਚੁੱਪ ਰਹੀ। ਪਰ ਮਨ ਉਸ ਦਾ ਫ਼ਿਰ ਭਰ ਆਇਆ ਸੀ। ਉਸ ਨੇ ਭਰੀਆਂ ਅੱਖਾਂ ਚੁੰਨੀ ਨਾਲ਼ ਸਾਫ਼ ਕਰ ਲਈਆਂ।
ਕੁਛ ਸੋਚ ਕੇ ਜੀਪ ਵਾਲ਼ਾ ਮੁੰਡਾ ਵੀ ਚੁੱਪ ਕਰ ਗਿਆ।
ਖੇਤਾਂ ਵਿਚ ਦੂਰ-ਦੂਰ ਤੱਕ ਹਰਿਆਲੀ ਪਸਰੀ ਹੋਈ ਸੀ।
ਛੁਪਦੇ ਸੂਰਜ ਦੀ ਲਾਲੀ ਫ਼ਸਲਾਂ ਨੂੰ ਸੂਹਾ ਜੋਬਨ ਚਾੜ੍ਹ ਰਹੀ ਸੀ।
ਪਰ ਤਪ ਕੌਰ ਦੇ ਮਨ ਵਿੱਚ ਹਨ੍ਹੇਰ ਛਾਇਆ ਹੋਇਆ ਸੀ।
ਮੋਗਾ-ਬਰਨਾਲ਼ਾ ਵਾਲ਼ੀ ਮੁੱਖ ਸੜਕ 'ਤੇ ਚੜ੍ਹ ਕੇ ਮੁੰਡੇ ਨੇ ਜੀਪ ਬੱਸ ਅੱਡੇ 'ਤੇ ਆ ਰੋਕੀ।
-''ਐਥੋਂ ਈ ਬੱਸ ਫ਼ੜਨੀਂ ਐਂ ਤਾਈ...?"
-''ਆਹੋ ਪੁੱਤ! ਜਿਉਂਦਾ ਵਸਦਾ ਰਹਿ ਜਿਉਣ ਜੋਕਰਿਆ...!"
ਜੀਪ 'ਚੋਂ ਉਤਰ ਕੇ ਉਸ ਨੇ ਸੜਕ 'ਤੇ ਨਜ਼ਰ ਮਾਰੀ। ਦੂਰ ਮੋੜ 'ਤੇ ਬੱਸ ਆ ਰਹੀ ਸੀ। ਬੈਠੀਆਂ ਸਵਾਰੀਆਂ ਬੱਸ ਨੂੰ ਦੇਖ ਕੇ ਉਠ ਖੜ੍ਹੀਆਂ।
-''ਰਾਹ ਦੀ ਕੋਈ ਸਵਾਰੀ ਨਾ ਹੋਵੇ ਬਈ...! ਬੱਸ ਬੱਧਣੀ ਤੋਂ ਉਰ੍ਹੇ ਨੀ ਰੁਕਣੀਂ...!" ਰੁਕਦੀ ਬੱਸ 'ਚੋਂ ਉਤਰਦਾ ਕੰਡਕਟਰ ਬੋਲਿਆ। ਮੂੰਹ ਵਿੱਚ ਉਸ ਨੇ ਵਿਸਲ ਤੁੰਨੀ ਹੋਈ ਸੀ।
-''ਬੁੱਟਰ ਤਾਂ ਰੋਕੇਂਗਾ ਨ੍ਹਾ ਪੁੱਤ...?" ਤਪ ਕੌਰ ਨੇ ਪੁੱਛਿਆ।
-''ਬੁੱਟਰ ਰੁਕੂਗੀ ਮਾਈ...! ਜਲਦੀ ਚੜ੍ਹ, ਟੈਮ ਨਾ ਖਰਾਬ ਕਰ, ਸਾਡੇ ਮਗਰ ਇੱਕ ਹੋਰ ਬੱਸ 'ਵਾਅਰ' ਮਾਂਗੂੰ ਚੜ੍ਹੀ ਆਉਂਦੀ ਐ, ਕਿਤੇ ਸਵਾਰੀਆਂ ਨਾ ਚੱਕ'ਲੇ ਸਾਡੀਆਂ....!"
ਤਪ ਕੌਰ ਧੁਰਲੀ ਜਿਹੀ ਮਾਰ ਕੇ ਚੜ੍ਹ ਗਈ ਅਤੇ ਬੱਸ ਤੁਰ ਪਈ।
-''ਦੇਖ ਕਿਵੇਂ ਅੱਗ ਲੱਗੀ ਐ ਮੰਨੋਂ ਦੇ ਜਾਣਿਆਂ ਨੂੰ...!" ਬਰਾਬਰ ਦੀ ਸੀਟ 'ਤੇ ਬੈਠੀ ਕਿਸੇ ਬੇਬੇ ਨੇ ''ਬੂ-ਪਾਹਰਿਆ" ਕੀਤੀ। ਉਸ ਦਾ ਸਿਰ ਅਗਲੀ ਸੀਟ ਦੇ ਡੰਡਿਆਂ 'ਤੇ ਜਾ ਵੱਜਿਆ ਸੀ, ''ਬਈ ਤੁਸੀਂ ਹੌਲ਼ੀ ਤੁਰਪੋ...! ਅੱਗੇ ਜਾ ਕੇ ਦੱਸੋ ਕੀ ਦੁਸਿਹਰੇ ਦਾ ਰਾਵਣ ਸਾੜਨੈਂ ਤੁਸੀਂ...!" ਬੇਬੇ ''ਬੁੜ-ਬੁੜ" ਕਰੀ ਜਾ ਰਹੀ ਸੀ।
-''ਜੇ ਸਰੀਰ ਨਹੀਂ ਸਾਥ ਦਿੰਦਾ ਤਾਂ ਘਰੇ ਬੈਠਿਆ ਕਰ ਬੇਬੇ...! ਕਾਹਨੂੰ ਆਬਦੀ ਵੈਰਨ ਬਣਦੀ ਐਂ..?" ਕੰਡਕਟਰ ਨੇ ਟਾਂਚ ਕੀਤੀ।
-''ਵੇ ਤੂੰ ਮੈਥੋਂ ਖੌਂਸੜੇ ਨਾ ਖਾ ਲਈਂ, ਜਣਦਿਆਂ ਨੂੰ ਰੋਣਾਂ...!"
ਬੱਸ ਨੇ ਪੂਰੀ ਰਫ਼ਤਾਰ ਫ਼ੜ ਲਈ ਸੀ।
ਸੀਟ 'ਤੇ ਬੈਠੀ ਤਪ ਕੌਰ ਅਚਨਚੇਤ ਆਪਣੇ ਅਤੀਤ ਨਾਲ਼ ਜਾ ਜੁੜੀ।.....
.....ਅਜੇ ਕੱਲ੍ਹ ਦੀ ਗੱਲ ਸੀ, ਜਦ ਤਪ ਕੌਰ ਦੀ ਡੋਲੀ ਤੁਰੀ ਸੀ। ਚਾਹੇ ਤਪ ਕੌਰ ਦੇ ਮਾਂ-ਬਾਪ ਗ਼ਰੀਬ ਹੀ ਸਨ, ਪਰ ਮਨ ਦੀਆਂ ਇੱਛਾਵਾਂ ਨੂੰ ਕੌਣ ਠੱਲ੍ਹ ਸਕਿਐ...? ਮਨ ਵਿਚ ਸੁਪਨਿਆਂ, ਅਰਮਾਨਾਂ ਅਤੇ ਸਧਰਾਂ ਦੀ ਪੋਟਲੀ ਹਿੱਕ ਨਾਲ਼ ਘੁੱਟੀ ਤਪ ਕੌਰ ਸਹੁਰੀਂ ਆ ਗਈ। ਤਪ ਕੌਰ ਦੇ ਘਰਵਾਲ਼ਾ ਸੰਤ ਸਿੰਘ ਵਾਕਿਆ ਹੀ ''ਸੰਤ" ਬੰਦਾ ਸੀ। ਨਾ ਕਿਸੇ ਦੀ ਚੰਗੀ ਅਤੇ ਨਾ ਮਾੜੀ! ਰੱਬ ਦੀ ਰਜ਼ਾ ਵਿਚ ਵਿਚਰਨ ਵਾਲ਼ਾ ਫ਼ਕੀਰ ਬਿਰਤੀ ਦਾ ਸਾਧੂ ਬੰਦਾ!
-''ਮੇਰੇ ਸਿਰ 'ਚ ਚਾਹੇ ਗਲ਼ੀਆਂ ਕਰੀ ਜਾਈਂ, ਕੋਈ ਪ੍ਰਵਾਹ ਨੀ...! ਚਿੜੀਆਂ ਦਾ ਦੁੱਧ ਮੰਗੇਂਗੀ, ਉਹ ਵੀ ਪੈਦਾ ਕਰ ਕੇ ਦਿਊਂਗਾ, ਪਰ ਸ਼ਰੀਕੇ ਕਬੀਲੇ 'ਚ ਮੈਨੂੰ ਕੋਈ ਉਲਾਂਭਾ ਖੱਟ ਕੇ ਨਾ ਦੇਈਂ, ਤੇਰੇ ਚਰਨਾਂ 'ਚ ਮੇਰੀ ਆਹੀ ਬੇਨਤੀ ਐ...!" ਪਹਿਲੀ ਰਾਤ ਉਸ ਨੇ ਇੱਕੋ-ਇੱਕ ਗੱਲ ਤਪ ਕੌਰ ਨੂੰ ਆਖੀ ਸੀ। ਤਪ ਕੌਰ ਚੁੱਪ ਰਹੀ, ਪਰ ਭੋਲ਼ੇ-ਭਾਲ਼ੇ ਪਤੀ-ਦੇਵ ਤੋਂ ਉਹ ਜਾਨ ਨਿਛਾਵਰ ਕਰਨ ਵਾਲ਼ੀ ਹੋ ਗਈ ਸੀ।
-''ਆਪਣਾ ਸੰਤ ਤਾਂ ਇਹਨੂੰ ਡੱਕਾ ਨੀ ਆਖਦਾ, ਪੂਛ-ਪੂਛ ਈ ਕਰਦਾ ਰਹਿੰਦੈ, ਐਕਣ ਤਾਂ ਇਹ ਸਿਰ 'ਤੇ ਚੜ੍ਹਜੂ...!" ਇੱਕ ਦਿਨ ਕੁਪੱਤੀ ਸੱਸ ਨੇ ਆਪਣੇ ਛੜੇ ਪੁੱਤ ਧੱਤੂ ਨੂੰ ਗੁੱਝਾ ਬੋਲ ਕੰਨ ਵਿਚ ਆਖਿਆ।
-''ਸਿਰ ਕਿਵੇਂ ਚੜ੍ਹਜੂ ਬੇਬੇ...? ਸਿਰ ਚੜ੍ਹੀ ਸਾਨੂੰ ਲਾਹੁੰਣੀ ਆਉਂਦੀ ਐ, ਅਸੀਂ ਕਿੱਕਰ ਤੋਂ ਕਾਟੋ ਲਾਹ ਲਈਏ, ਇਹ ਚਾਮਚੜਿੱਕ ਤਾਂ ਚੀਜ ਈ ਕੀ ਐ...? ਤੂੰ ਝੋਰਾ ਨਾ ਕਰਿਆ ਕਰ, ਜੇ ਚਿਰ-ਫ਼ਿਰ ਕਰੇ, ਤਾਂ ਦੱਸੀਂ, ਇਹਨੂੰ ਤਾਂ ਪੈਰ ਥੱਲੇ ਮਸਲ਼ ਦਿਆਂਗੇ...!" ਧੱਤੂ ਨੂੰ ਤਾਂ ਤਪ ਕੌਰ 'ਤੇ ਪਹਿਲਾਂ ਹੀ ਰੰਜ ਸੀ।
ਧੱਤੂ ਜਮਾਂਦਰੂ ਛੜਾ ਸੀ। ਇੱਕ ਲੱਤ ਵਿਚ ਬੱਜ ਅਤੇ ਅੱਖਾਂ 'ਚ ਭੈਂਗ ਹੋਣ ਕਾਰਨ ਕਿਸੇ ਰਿਸ਼ਤਾ ਕਰਵਾਉਣ ਵਾਲ਼ੇ ਨੇ ਲੱਤ ਨਾ ਲਾਈ ਅਤੇ ਸਰੀਰਕ ਢਾਂਚੇ ਦੀਆਂ ਜ਼ਰਬਾਂ ਤਕਸੀਮਾਂ ਵਿਚ ਧੱਤੂ ਛੜਾ ਹੀ ਰਹਿ ਗਿਆ। ਸਾਰੀ ਦਿਹਾੜ੍ਹੀ ਵਿਹਲਾ ਉਹ ਲੋਕਾਂ ਦੀਆਂ ਕੰਧਾਂ ਕੌਲ਼ਿਆਂ ਵਿਚ ਵੱਜਦਾ ਫ਼ਿਰਦਾ ਰਹਿੰਦਾ। ਹੁਣ ਜਦੋਂ ਦਾ ਉਸ ਦਾ ਛੋਟਾ ਭਰਾ ਸੰਤ ਵਿਆਹਿਆ ਗਿਆ ਸੀ, ਤਾਂ ਉਸ ਨੇ ਵਿਆਹ ਦੀ ਰਹਿੰਦੀ ਆਸ ਦੇ ਡੱਕੇ ਵੀ ਭੰਨ ਦਿੱਤੇ ਸਨ। ਦੋ ਕੁ ਦਿਨ ਉਸ ਨੇ ਤਪ ਕੌਰ ਨੂੰ ਬੜੇ ਚਾਅ ਨਾਲ਼ ''ਸਤਿ ਸ੍ਰੀ ਅਕਾਲ" ਬੁਲਾਈ। ਪਰ ਜਦ ਤਪ ਕੌਰ ''ਸਤਿ ਸ੍ਰੀ ਅਕਾਲ" ਤੋਂ ਅੱਗੇ ਨਾ ਵਧੀ, ਤਾਂ ਧੱਤੂ ਨੇ ਤਪ ਕੌਰ ਨਾਲ਼ ਖਾਰ ਖਾਣੀਂ ਅਤੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ।
-''ਕੰਜਰ ਦੀ ਅੱਖ ਈ ਨੀ ਮਿਲ਼ਾਉਂਦੀ...!" ਧੱਤੂ ਮਨ ਵਿਚ ਖਿਝਦਾ ਅਤੇ ਕੁੜ੍ਹਦਾ ਰਹਿੰਦਾ।
ਤਪ ਕੌਰ ਨੂੰ ''ਉਮੀਦਵਾਰੀ" ਹੋਈ ਤਾਂ ਖ਼ਬਰ ਮਿਲ਼ਣ 'ਤੇ ਉਸ ਦਾ ਬਾਪ ਤਪ ਕੌਰ ਨੂੰ ਲੈਣ ਆ ਗਿਆ।
-''ਅਸੀਂ ਨੀ ਤੋਰਨੀ ਚੰਦ ਸਿਆਂ...! ਸਾਡਾ ਤਾਂ ਭਾਈ ਆਪ ਨੀ ਕੰਮ ਦਾ ਸਰਦਾ...!" ਖਰੂਦੀ ਸੱਸ ਨੇ ਚਿੱਟਾ ਹੀ ਜਵਾਬ ਦੇ ਦਿੱਤਾ।
-''ਚੇਤ ਕੁਰੇ, ਕੁੜੀ ਦਾ ਪੈਰ ਭਾਰੈ, ਰੀਤਾਂ ਰਵਾਇਤਾਂ ਮੁਤਾਬਿਕ ਕੁੜੀ ਦਾ ਪਹਿਲਾ ਜਣੇਪਾ ਤਾਂ ਪੇਕੀਂ ਹੋਣਾ ਚਾਹੀਦੈ, ਤੂੰ ਤਾਂ ਆਪ ਸਿਆਣੀਂ ਐਂ...! ਜੇ ਪਤਾ ਹੁੰਦਾ ਤੁਸੀਂ ਨਹੀਂ ਤੋਰਨੀ, ਤਾਂ ਕੁੜੀ ਦੀ ਬੇਬੇ ਇਹਨੂੰ ਨਿੱਕ-ਸੁੱਕ ਰਲ਼ਾ ਕੇ ਭੇਜ ਦਿੰਦੀ...!"
-''ਮੈਂ ਇੱਕ ਆਰੀ ਕਹਿਤਾ ਬਈ ਅਸੀਂ ਨਹੀਂ ਤੋਰਨੀ, ਜਿਹੜਾ ਨਿੱਕ-ਸੁੱਕ ਰਲ਼ਾ ਕੇ ਦੇਣੈ, ਫ਼ੇਰ ਦੇ ਜਾਈਂ..! ਤੂੰ ਕਿਹੜਾ ਸਿੰਘਾਪੁਰੋਂ ਆਉਣੈਂ, ਚੁੱਲ੍ਹੇ ਦੇ ਵੱਟੇ ਨਾਲ਼ ਤਾਂ ਤੂੰ ਬੈਠੈਂ...!" ਉਸ ਨੇ ਬੜੇ ਰੁੱਖੇ ਅੰਦਾਜ਼ ਵਿਚ ਕਿਹਾ।
-''.................।" ਢੇਰੀ ਜਿਹੀ ਢਾਹ ਕੇ ਤਪ ਕੌਰ ਦਾ ਬਾਪ ਵਾਪਸ ਮੁੜ ਗਿਆ।
-''ਜੇ ਸਾਡੇ ਨਾਲ਼ ਬਣਾ ਕੇ ਰੱਖਦੀ, ਆਹ ਦੁਰਗਤੀਆਂ ਨਾ ਹੁੰਦੀਆਂ...!" ਧੱਤੂ ਨੇ ਤਪ ਕੌਰ ਨੂੰ ਗੱਲ ਰੜਕਾਈ।
ਪਰ ਤਪ ਕੌਰ ਕੰਨ ਲਪੇਟ ਕੇ ਅੰਦਰ ਵੜ ਗਈ। ਕੁਝ ਨਾ ਬੋਲੀ। ਉਹ ਧੱਤੂ ਨੂੰ ਮੱਥੇ ਵੀ ਲਾਉਣਾ ਨਹੀਂ ਚਾਹੁੰਦੀ ਸੀ।
ਉਸ ਰਾਤ ਤਪ ਕੌਰ ਰੱਜ ਕੇ ਰੋਈ। ਇਤਨੀ ਸ਼ਾਇਦ ਉਹ ਜ਼ਿੰਦਗੀ 'ਚ ਪਹਿਲੀ ਵਾਰ ਰੋਈ ਸੀ।
-''ਅਜੇ ਵੀ ਮੌਕੈ...! ਛੱਡ ਦੇ ਹਿੰਡ...! ਸੌਖੀ ਰਹੇਂਗੀ, ਮੈਨੂੰ ਕੋਈ ਕੋਹੜ੍ਹ ਨੀ ਹੋਇਆ...!" ਧੱਤੂ ਦੀ ਮਾਰੂ ਨੀਅਤ ਉਸ ਨੂੰ ਸ਼ਿਕਾਰ ਵਾਂਗ ਤਾੜ ਰਹੀ ਸੀ।
-''.............।" ਤਪ ਕੌਰ ਨੇ ਆਪਣੀ ਫ਼ੌਲ਼ਾਦੀ ਚੁੱਪ ਨਾ ਤੋੜੀ।
-''ਤੇਰੀ ਧੌਣ 'ਚੋਂ ਵੀ ਨਖਰੇ ਆਲ਼ਾ ਕਿੱਲਾ ਕੱਢਣਾ ਪੈਣੈਂ, ਲੱਤਾਂ ਦੇ ਭੂਤ ਬਾਤਾਂ ਨਾਲ਼ ਕਾਹਨੂੰ ਮੰਨਦੇ ਐ...?" ਧੱਤੂ ਦੀਆਂ ਅੱਖਾਂ ਦਾ ਭੈਂਗ ਡੁਬਕ੍ਹੀਆਂ ਲਾਉਣ ਲੱਗ ਪਿਆ।
ਤਪ ਕੌਰ ਅੰਦਰ ਵੜ ਗਈ। ਉਸ ਨੇ ਫ਼ਿਰ ਮੂੰਹ ਨਾ ਖੋਲ੍ਹਿਆ।
ਤਪ ਕੌਰ ਦੇ ਦਿਨ ਪੂਰੇ ਹੋ ਗਏ।
ਸਵੇਰ ਦੀ ਉਹ ਸੁੰਡੀ ਵਾਂਗ ਤੜਪੀ ਜਾ ਰਹੀ ਸੀ। ਮਾਂ ਦੇ ਕਹਿਣ 'ਤੇ ਸੰਤ ਸਿੰਘ ਪਿੰਡ ਦੀ ਦਾਈ ਨੂੰ ਬੁਲਾ ਲਿਆਇਆ। ਦਾਈ ਨੇ ਆ ਕੇ ਸਰ੍ਹੋਂ ਦੇ ਤੇਲ ਨਾਲ਼ ਪੇਟ ਮਲ਼ਿਆ।
-''ਸੰਤ ਤੇ ਧੱਤੂ ਹੋਰੀਂ, ਸਾਰੇ ਮੇਰੇ ਹੱਥਾਂ 'ਚ ਜੰਮੇਂ ਐਂ ਪੁੱਤ...!" ਪੇਟ ਮਲ਼ਦੀ ਭੋਲ਼ੀ-ਭਾਲ਼ੀ ਦਾਈ ਤਪ ਕੌਰ ਨੂੰ ਆਖ ਰਹੀ ਸੀ।
-''ਇਹਨੂੰ ਪੇਕੀਂ ਕਿਉਂ ਨਾ ਭੇਜਿਆ ਚੇਤੋ...?" ਦਾਈ ਨੇ ਤਪ ਕੌਰ ਦੀ ਸੱਸ ਨੂੰ ਸੁਆਲ ਕੀਤਾ, ''ਪਹਿਲਾ ਜਣੇਪਾ ਤਾਂ ਭੈਣੇ ਪੇਕੀਂ ਹੁੰਦੈ...!"
-''ਪੇਕਿਆਂ ਤੋਂ ਕੋਈ ਲੈਣ ਈ ਨੀ ਆਇਆ, ਮੈਂ ਕਿਹੜੇ ਖੂਹ 'ਚ ਛਾਲ਼ ਮਾਰਦੀ...?" ਸੱਸ ਨੇ ਠੁਣਾਂ ਪੇਕਿਆਂ ਸਿਰ ਭੰਨਿਆਂ। ਉਹ ਅੱਕਿਆਂ ਵਾਂਗ ਬੋਲਦੀ ਸੀ।
ਦਾਈ ਚੁੱਪ ਹੋ ਗਈ।
ਸੱਸ ਦੀ ਨਿਰੋਲ ਝੂਠੀ ਗੱਲ ਤਪ ਕੌਰ ਦਾ ਸੀਨਾਂ ਦੋਫ਼ਾੜ ਕਰ ਗਈ। ਉਹ ਜਣੇਪਾ ਪੀੜਾਂ ਦੇ ਪੱਜ ਬੁੱਕੋ-ਬੁੱਕ ਅੱਥਰੂ ਕੇਰ ਰਹੀ ਸੀ।
ਜਦ ਸੂਰਜ ਛੁਪਿਆ ਤਾਂ ਜੰਮਣ-ਪੀੜਾਂ ਨੇ ਤਪ ਕੌਰ ਅੰਦਰ ਜੁਆਲਾ-ਮੁਖੀ ਮਚਾ ਦਿੱਤੀ। ਅੰਦਰ ਦਰਦਾਂ ਦਾ ਲਾਵਾ ਮੱਚਿਆ ਤਾਂ ਉਸ ਦੀਆਂ ਚੀਕਾਂ ਨੇ ਕੰਧਾਂ ਕੰਬਣ ਲਾ ਦਿੱਤੀਆਂ। ਬਾਹਰ ਬੈਠਾ ਧੱਤੂ ਉਸ ਦੀਆਂ ਚੀਕਾਂ ਸੁਣ ਕੇ ਬਾਗੋ-ਬਾਗ ਹੋਈ ਜਾ ਰਿਹਾ ਸੀ। ਸੰਤ ਸਿੰਘ ਹੱਥ ਜੋੜੀ ਅਤੇ ਅੱਖਾਂ ਮੀਟੀ ਬੈਠਾ ਸੀ।
-''ਚੇਤ ਕੁਰੇ, ਡਾਕਦਾਰ ਨੂੰ ਬੁਲਾਓ..! ਟੀਕਾ ਲੱਗ ਕੇ ਜੁਆਕ ਛੇਤੀ ਹੋਜੂ...!" ਦਾਈ ਨੇ ਸੱਸ ਨੂੰ ਕਿਹਾ।
ਸੱਸ ਧੱਤੂ ਹੋਰਾਂ ਕੋਲ਼ ਬੈਠਕ ਵਿਚ ਆ ਗਈ।
-''ਜਾਹ ਵੇ ਧੱਤੂ ਡਾਕਦਾਰ ਨੂੰ ਬੁਲਾ ਕੇ ਲਿਆ..!" ਚੇਤ ਕੌਰ ਨੇ ਕਿਹਾ ਤਾਂ ਸੰਤ ਸਿੰਘ ਉਠ ਖੜ੍ਹਿਆ।
-''ਮੈਂ ਜਾਨੈਂ ਬੇਬੇ, ਬਾਈ ਨੂੰ ਬੈਠਾ ਰਹਿਣ ਦੇ...!" ਸੰਤ ਨੇ ਧੱਤੂ ਦੀ ਲੰਗੜੀ ਲੱਤ ਦਾ ਖਿਆਲ ਕਰ ਕੇ ਕਿਹਾ।
-''ਤੂੰ ਰਹਿਣ ਦੇ ਸੰਤ...! ਮੈਂ ਜਾਨੈਂ...!" ਧੱਤੂ ਬਾਹਰ ਨਿਕਲ਼ ਗਿਆ। ਉਹ ਨਵੇਂ ਦੁੱਧ ਹੋਣ ਵਾਲ਼ੀ ਮੱਝ ਵਾਂਗ ਲੰਗੜੀ ਲੱਤ ਘੁੰਮਾਉਂਦਾ ਜਾ ਰਿਹਾ ਸੀ। ਨਾ ਤਾਂ ਉਸ ਨੇ ਡਾਕਟਰ ਦੇ ਜਾਣਾ ਸੀ, ਅਤੇ ਨਾ ਹੀ ਗਿਆ। ਉਹ ਦੇਸੀ ਦਾਰੂ ਦੀ ਬੋਤਲ ਖਰੀਦ, ਘਰ ਆ ਗਿਆ।
-''ਡਾਕਦਾਰ ਦੀ ਤਾਂ ਮਾਸੀ ਮਰਗੀ ਬੇਬੇ...! ਮਕਾਣ ਗਿਆ ਹੋਇਐ...!" ਉਸ ਨੇ ਦੱਸਿਆ।
ਤਪ ਕੌਰ ਦਾ ਬੁਰਾ ਹਾਲ ਸੀ। ਉਸ ਦਾ ਜਿਵੇਂ ਦੂਸਰਾ ਜਨਮ ਹੋ ਰਿਹਾ ਸੀ।
-''ਇਉਂ ਤਾਂ ਚੇਤ ਕੁਰੇ ਬਹੂ ਦੀ ਜਾਨ ਨੂੰ ਖਤਰਾ ਹੋਜੂ...! ਇਹਨੂੰ ਸ਼ਹਿਰ ਲੈਜੋ...!" ਦਾਈ ਨੇ ਹਮਦਰਦੀ ਪ੍ਰਗਟਾਈ।
-''ਕਰਦੀ ਆਂ ਮੈਂ ਗੱਲ ਧੱਤੂ ਨਾਲ਼...!" ਚੇਤ ਕੌਰ ਬਾਹਰ ਨਿਕਲ਼ ਗਈ।
ਧੱਤੂ ਚਾਰ ਪੈੱਗ ਲਾ ਕੇ ''ਰਾਠ" ਬਣਿਆਂ ਬੈਠਾ ਸੀ।
-''ਭਾਗੋ ਤਾਂ ਕਹਿੰਦੀ ਇਹਨੂੰ ਸ਼ਹਿਰ ਲੈਜੋ...!" ਉਸ ਨੇ ਤਿਰਛੀ ਨਜ਼ਰ ਨਾਲ਼ ਧੱਤੂ ਵੱਲ ਦੇਖਿਆ।
-''ਸ਼ਹਿਰ ਲਿਜਾਣ ਵਾਸਤੇ ਤਾਂ ਟਰਾਲੀ ਜਾਂ ਕਾਰ ਦਾ ਢਾਣਸ ਕਰਨਾ ਪਊ ਬੇਬੇ...! ਮੈਂ ਡਾਕਦਾਰ ਵੱਲ ਫ਼ੇਰ ਗੇੜਾ ਮਾਰਦੈਂ, ਮਕਾਣ ਗਿਆ ਓਥੇ ਬੈਠਾ ਥੋੜ੍ਹੋ ਰਹੂ, ਕੀ ਐ ਮੁੜ ਈ ਆਇਆ ਹੋਵੇ...?" ਧੱਤੂ ਨੇ ਕਿਹਾ, ''ਨਾਲ਼ੇ ਸੰਤ ਓਦੋਂ ਦਾ ਪਾਠ ਕਰੀ ਜਾਂਦੈ, ਇਹਦਾ ਬਾਬਾ ਵੀ ਕੋਈ ਨਾ ਕੋਈ ਰੰਗ ਦਿਖਾਊ...!" ਉਸ ਨੇ ਕੌੜਾ ਜਿਹਾ ਹੱਸ ਕੇ ਸੰਤ ਸਿੰਘ 'ਤੇ ਵਿਅੰਗ ਕਸਿਆ। ਪਰ ਸੰਤ ਕੁਝ ਨਾ ਬੋਲਿਆ।
ਧੱਤੂ ਨੇ ਤੂੜੀ ਵਾਲ਼ੇ ਅੰਦਰ ਵੜ ਕੇ ਇੱਕ ਪੈੱਗ ਹੋਰ ਅੰਦਰ ਸੁੱਟਿਆ ਅਤੇ ਖੰਘੂਰਾ ਮਾਰ ਕੇ ਬਾਹਰ ਨਿਕਲ਼ ਗਿਆ।
ਰਾਤ ਅੱਧੀ ਹੋ ਚੁੱਕੀ ਸੀ।
ਚੀਕ-ਚੀਕ ਕੇ ਤਪ ਕੌਰ ਦਾ ਗਲ਼ਾ ਘਗਿਆ ਗਿਆ ਸੀ। ਉਸ ਅੰਦਰੋਂ ਅਵਾਜ਼ ਨਹੀਂ ਨਿਕਲ਼ ਰਹੀ ਸੀ।
ਅੱਧੀ ਰਾਤੋਂ ਬਾਅਦ ਧੱਤੂ ਡਾਕਟਰ ਨੂੰ ਲੈ ਕੇ ਆਇਆ।  
ਅਜੇ ਉਹ ਦਰਵਾਜੇ ਅੰਦਰ ਦਾਖ਼ਲ ਹੋਏ ਹੀ ਸਨ ਕਿ ਤਪ ਕੌਰ ਦੀ ਜਾਨ ਛੁੱਟ ਗਈ। ਬੱਚਾ ਹੋ ਗਿਆ। ਪਰ ਦਾਈ ਹੈਰਾਨ ਸੀ ਕਿ ਬੱਚਾ ਰੋਇਆ ਨਹੀਂ ਸੀ। ਉਸ ਨੇ ਬੱਚੇ ਦੇ ਦੋ-ਤਿੰਨ ਥਪੇੜੇ ਜਿਹੇ ਮਾਰੇ, ਪਰ ਬੱਚਾ ਨਾ ਰੋਇਆ। ਦਾਈ ਨੇ ਬੱਚਾ ਚੁੱਕਿਆ ਅਤੇ ਲੈਂਪ ਕੋਲ਼ ਲੈ ਗਈ। ਬੱਚਾ ਪੀਲ਼ਾ ਜ਼ਰਦ ਸੀ।
ਸੱਸ ਵੀ ਭੱਜ ਕੇ ਲੈਂਪ ਕੋਲ਼ ਆਈ।
-''ਮਰੀ ਵੀ ਬੱਚੀ ਹੋਈ ਐ...!" ਦਾਈ ਨੇ ਦੁੱਖ ਜਿਹੇ ਨਾਲ਼ ਚੇਤ ਕੌਰ ਨੂੰ ਦੱਸਿਆ।
ਮਰੀ ਹੋਈ ਬੱਚੀ ਜੰਮੀ ਦੇਖ ਕੇ ਸੱਸ ਨੇ ਮੂੰਹ ਘੁੱਟ ਲਿਆ।
ਤਪ ਕੌਰ ਕਿਸੇ ਚੰਗੀ ਖ਼ਬਰ ਦੀ ਆਸ ਵਿਚ ਸੀ। ਕੰਨ ਉਸ ਦੇ ਦਾਈ ਵੱਲ ਲੱਗੇ ਹੋਏ ਸਨ।
-''ਜਿਹੋ ਜੀ ਨੀਤ ਸੀ, ਓਹੋ ਜੀ ਮੁਰਾਦ ਪਾ ਲਈ ਕੁਲੈਹਣੀ ਨੇ, ਮਰੀ ਵੀ ਕੁੜੀ ਜੰਮ ਕੇ ਸਿੱਟਤੀ...!" ਸੱਸ ਦੇ ਬੋਲਾਂ ਦਾ ਬਾਣ ਉਸ ਦੇ ਕਾਲ਼ਜੇ ਵੱਜਿਆ ਅਤੇ ਉਸ ਦੀ ਧਾਹ ਨਿਕਲ਼ ਗਈ। ਉਸ ਨੇ ਮੂੰਹ 'ਤੇ ਰਜਾਈ ਲੈ ਲਈ। ਜਿਸਮਾਨੀ ਪੀੜਾਂ ਉਹ ਕਾਫ਼ੀ ਹੱਦ ਤੱਕ ਭੁੱਲ ਗਈ ਸੀ।
-''ਡਾਕਦਾਰ ਨੂੰ ਆਖ ਬਹੂ ਦੇ ਧੁਣਖਵਾਅ ਦਾ ਟੀਕਾ ਲਾਦੂ, ਬਥੇਰਾ ਵਖਤ ਭਰਿਐ ਬਿਚਾਰੀ ਨੇ...!" ਦਾਈ ਨੇ ਆਖਿਆ।
ਸੱਸ ਜਿੰਨ ਵਾਂਗ ਬਾਹਰ ਆਈ।
-''ਮਰੀ ਵੀ ਕੁੜੀ ਜੰਮੀ ਐਂ...!" ਉਸ ਨੇ ਸੰਤ ਸਿੰਘ ਨੂੰ ਸੁਣਾ ਕੇ ਕਿਹਾ।
ਡਾਕਟਰ ਨੇ ਲੰਬਾ ਸਾਹ ਲੈ ਕੇ ਦੁੱਖ ਵਿਚ ਨੀਂਵੀਂ ਸੁੱਟ ਲਈ।
ਸੰਤ ਸਿੰਘ ਅਹਿਲ ਬੈਠਾ ਸੀ। ਉਸ ਦੇ ਮਨ 'ਤੇ ਕੋਈ ਅਸਰ ਨਹੀਂ ਹੋਇਆ ਸੀ।
-''ਜਾਹ ਓਹਦੇ ਧੁਣਖਵਾਅ ਦਾ ਸੂਆ ਲਾ ਦੇ ਪੁੱਤ..!" ਚੇਤ ਕੌਰ ਨੇ ਡਾਕਟਰ ਨੂੰ ਕਿਹਾ।
-''ਧੁਣਖਵਾਅ ਦਾ ਸੂਆ ਲਾਉਣ ਨੂੰ ਓਹਦੇ ਕਸੀਆ ਵੱਜਿਐ...? ਰਹਿਣ ਦੇ...! ਬਾਧੂ ਖਰਚੇ ਦਾ ਘਰ...!" ਧੱਤੂ ਖਿਝ ਕੇ ਬੋਲਿਆ।
-''ਧੁਣਖਵਾਅ ਦਾ ਟੀਕਾ ਮੈਂ ਲਾ ਜਾਨੈਂ ਬਾਈ, ਪੰਜੀ ਨਾ ਦੇਈਂ...!" ਤਰਸ ਦੀ ਮੂਰਤ ਬਣਿਆਂ ਡਾਕਟਰ ਬੋਲਿਆ।
-''ਤੇਰੀ ਕਿਹੜੀ ਮਾਸੀ ਗੁਜਰ ਗਈ ਇੰਦਰ...?" ਚੇਤ ਕੌਰ ਨੇ ਡਾਕਟਰ ਨੂੰ ਪੁੱਛਿਆ।
-''ਮੇਰੀ ਤਾਂ ਕੋਈ ਮਾਸੀ ਨੀ ਗੁਜਰੀ, ਤਾਈ..। ਸਾਰੀਆਂ ਚੜ੍ਹਦੀ ਕਲਾ 'ਚ ਐ...।" ਡਾਕਟਰ ਨੇ ਕਿਹਾ ਤਾਂ ਧੱਤੂ ਮਾਂ ਵੱਲ ਪਿਆਸੇ ਕਾਂ ਵਾਂਗ ਝਾਕਿਆ। ਸੰਤ ਨੇ ਗੱਲ ਸੁਣ ਕੇ ਸਿਰ ਉਪਰ ਚੁੱਕਿਆ, ਅਤੇ ਉਹ ਫ਼ਿਰ ਹੱਥ ਜੋੜ ਕੇ ਬੈਠ ਗਿਆ। ਚੇਤ ਕੌਰ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਬੇਕਿਰਕ ਪੁੱਤ ਦੀ ਚਾਲ ਸਮਝ ਗਈ ਸੀ।
ਡਾਕਟਰ ਨੇ ਇੱਕ ਟੀਕਾ ਤਾਕਤ ਦਾ ਅਤੇ ਇੱਕ ਧੁਣਖਵਾਅ ਦਾ ਲਾਇਆ ਅਤੇ ਬਿਨਾ ਪੈਸੇ ਲਿਆਂ ਚਲਿਆ ਗਿਆ।
ਬੋਤਲ ਵਿਚੋਂ ਰਹਿੰਦੀ ਦਾਰੂ ਧੱਤੂ ਨੇ ਸੂਤ ਧਰੀ।
ਰਾਤ ਨੂੰ ਘਰ ਦੇ ਇੱਕ ਪਾਸੇ ਟੋਆ ਪੁੱਟ ਕੇ ਧੀ-ਧਿਆਣੀ ਨੂੰ ਦਫ਼ਨਾ ਦਿੱਤਾ ਗਿਆ। ਤਪ ਕੌਰ ਨੂੰ ਧੀ ਦਾ ਮੂੰਹ ਤੱਕ ਨਹੀਂ ਵਿਾਖਾਇਆ ਸੀ। ਉਹ ਸਬਰ ਸੰਤੋਖ ਆਸਰੇ ਘੁੱਟ ਵੱਟੀ ਪਈ ਸੀ। ਤਨ ਦੀ ਕਮਜ਼ੋਰੀ ਕਾਰਨ ਉਸ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ।
ਉਪਰੋਥਲ਼ੀ ਤਪ ਕੌਰ ਤਿੰਨ ਵਾਰ ਗਰਭਵਤੀ ਹੋਈ ਅਤੇ ਹਰ ਵਾਰ ਉਸ ਨਾਲ਼ ਓਹੀ ਹਾਲ ਹੁੰਦਾ ਰਿਹਾ। ਹਰ ਵਾਰ ਸੱਸ ਉਸ ਨੂੰ ਪੇਕੀਂ ਨਾ ਜਾਣ ਦਿੰਦੀ, ਉਸ ਦਾ ਜਣੇਪਾ ਸਹੁਰੀਂ ਹੀ ਹੁੰਦਾ ਅਤੇ ਬੱਚਾ ਮਰਿਆ ਹੋਇਆ ਜੰਮਦਾ! ਤਿੰਨ ਧੀਆਂ ਜੰਮੀਆਂ ਅਤੇ ਤਿੰਨੇ ਹੀ ਮਰੀਆਂ ਹੋਈਆਂ ਜੱਗ 'ਤੇ ਆਈਆਂ।
ਜਦ ਚੌਥੀ ਵਾਰ ਤਪ ਕੌਰ ਨੂੰ ਬੱਚਾ-ਬੱਚੀ ਹੋਣ ਵਾਲ਼ਾ ਹੋਇਆ ਤਾਂ ਤਪ ਕੌਰ ਨੇ ਸੰਤ ਸਿੰਘ ਨੂੰ ਆਪਣੇ ਮਨ ਦੀ ਖ਼ਾਹਿਸ਼ ਦੱਸੀ।
-''ਮੈਂ ਇਸ ਵਾਰੀ ਬੱਚਾ ਪੇਕੀਂ ਜੰਮਣਾ ਚਾਹੁੰਨੀ ਆਂ, ਜੇ ਤੂੰ ਮੈਨੂੰ ਪੇਕੀਂ ਛੱਡ ਆਵੇਂ...? ਕਿਸਮਤ ਹਰ ਵਾਰੀ ਆਪਣੇ ਨਾਲ਼ ਧੱਕਾ ਕਰਦੀ ਐ, ਕੀ ਐ ਥਾਂ ਬਦਲਣ ਨਾਲ਼ ਆਪਣੇ ਨਛੱਤਰ ਵੀ ਸਿੱਧੇ ਹੋ ਜਾਣ...?" ਰੱਬੀ ਰੂਹ ਸੰਤ ਸਿੰਘ ਨੇ ਫ਼ੱਟ ''ਹਾਂ" ਕਰ ਦਿੱਤੀ ਅਤੇ ਮੂੰਹ ਹਨ੍ਹੇਰੇ ਸਾਈਕਲ 'ਤੇ ਚੜ੍ਹ ਤਪ ਕੌਰ ਨੂੰ ਪੇਕੀਂ ਛੱਡ ਆਇਆ।
ਮਾਂ ਅਤੇ ਧੱਤੂ ਨੇ ਝੱਜੂ ਪਾ ਲਿਆ।
-''ਤੂੰ ਸਾਲ਼ਿਆ ਮਾਂਊਂਆਂ ਜਿਆ ਕੇਰਾਂ ਈ ਪਟਿਆਲ਼ੇ ਆਲ਼ਾ ਭੂਪਾ ਬਣ ਤੁਰਿਆ, ਬੇਬੇ ਨੂੰ ਤਾਂ ਪੁੱਛ ਲੈਂਦਾ...?" ਧੱਤੂ ਪ੍ਰੇਤ ਵਾਂਗ ਟੱਪਿਆ। ਪਰ ਸੰਤ ਸਿੰਘ 'ਤੇ ਕੋਈ ਅਸਰ ਨਾ ਹੋਇਆ। ਉਹ ਆਪਣੇ ਸੁਭਾਅ ਅਨੁਸਾਰ ਮਸਤ ਹੀ ਰਿਹਾ।
ਤਪ ਕੌਰ ਦੇ ਮਨ ਦੀ ਮੁਰਾਦ ਪੂਰੀ ਹੋਈ। ਉਸ ਨੇ ਲੋਗੜ ਵਰਗੇ ਮੁੰਡੇ ਨੂੰ ਜਨਮ ਦਿੱਤਾ। ਤਪ ਕੌਰ ਨੇ ਦਸ ਵਾਰ ਧਰਤੀ ਨੂੰ ਨਮਸਕਾਰ ਕੀਤੀ। ਉਸ ਦਾ ਪਿਆਰ ਦਾ ਨਾਂ ''ਲੋਟਣ" ਰੱਖਿਆ ਗਿਆ।
-''ਜਿਹੋ ਜੀ ਆਪ ਐ, ਓਹੋ ਜਿਆ ਮੁੰਡਾ ਜੰਮਿਆਂ ਹੋਊ...!" ਖ਼ੁਸ਼ੀ ਜਾਂ ਕੋਈ ਸ਼ਗਨ ਕਰਨ ਦੀ ਵਜਾਏ ਸੱਸ ਨੇ ਖ਼ਬਰ ਮਿਲਣ 'ਤੇ ਖੁੰਧਕ ਵਿਚ ਬੁੱਲ੍ਹ ਟੇਰੇ।
ਸ਼ਾਮ ਨੂੰ ਧੱਤੂ ਦਾਰੂ ਦੀਆਂ ਦੋ ਬੋਤਲਾਂ ਲੈ ਕੇ ਘਰ ਆਇਆ।
-''ਲੈ ਬਈ ਸੰਤ...! ਸਾਰੀ ਉਮਰ ਮੈਂ ਤੈਨੂੰ ਸੁਆਲ ਨੀ ਪਾਇਆ, ਪਰ ਅੱਜ ਤੈਨੂੰ ਮੇਰੀ ਗੱਲ ਮੰਨਣੀ ਪਊ ਛੋਟੇ ਭਾਈ..!"
-''ਬੋਲ...?" ਸੰਤ ਸਹਿਜ ਸੁਭਾਅ ਬੋਲਿਆ।
-''ਅੱਜ ਮੈਨੂੰ ਭਤੀਜ ਹੋਏ ਦੀ ਐਨੀ ਖ਼ੁਸ਼ੀ ਐ, ਸੇਰ ਖ਼ੂਨ ਵਧ ਗਿਆ ਮੇਰਾ...! ਅੱਜ ਮੇਰੇ ਨਾਲ਼ ਨਿੱਕਾ ਵੀਰ ਬਣ ਕੇ ਪੈੱਗ ਪੀਅ...!"
-''ਤੈਨੂੰ ਪਤੈ ਬਈ ਮੈਂ ਤਾਂ ਕਦੇ ਪੀਤੀ ਨੀ...!"
-''ਅੱਜ ਪੀਅ ਨਾ ਫ਼ੇਰ...! ਕਰ ਖ਼ੁਸ਼ੀ ਸਾਂਝੀ...!" ਉਸ ਨੇ ਬੋਤਲ ਅੱਗੇ ਰੱਖ ਦਿੱਤੀ।
ਸੰਤ ਕੁਝ ਨਾ ਬੋਲਿਆ। ਆਦਤ ਅਨੁਸਾਰ ਚੁੱਪ ਹੀ ਰਿਹਾ।
-''ਆਪਣੇ ਘਰ ਦੀ ਜੜ੍ਹ ਲੱਗੀ ਐ, ਲੈ ਖ਼ੁਸ਼ੀ 'ਚ ਚੱਕ ਪੈੱਗ...!" ਉਸ ਨੇ ਦਾਰੂ ਦਾ ਭਰਿਆ ਗਿਲਾਸ ਸੰਤ ਦੇ ਮੂੰਹ ਨੂੰ ਲਾ ਦਿੱਤਾ।
ਬਿਨਾ ਕਿਸੇ ਹੀਲ ਹੁੱਜਤ ਦੇ ਸੰਤ ਗਿਲਾਸ ਖਿੱਚ ਗਿਆ। ਕਦੇ ਦਾਰੂ ਨਾ ਪੀਤੀ ਹੋਣ ਕਾਰਨ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ। ਹੱਥੂ ਆਉਣ ਨਾਲ਼ ਉਸ ਦਾ ਸਾਹ ਬੰਦ ਹੋ ਗਿਆ। ਸਾਗ ਦਾ ਕੌਲਾ ਉਸ ਨੇ ਸੰਤ ਅੱਗੇ ਕੀਤਾ, ਤਾਂ ਸੰਤ ਨੇ ਉਂਗਲ਼ ਨਾਲ਼ ਬਾਹਵਾ ਸਾਗ ਚੱਟ ਲਿਆ।
ਸੰਤ ਨੂੰ ਲੋਰ ਜਿਹੀ ਤਾਂ ਆਈ। ਪਰ ਉਹ ਬੋਲਿਆ ਕੁਝ ਨਹੀਂ ਸੀ। ''ਬੱਸ ਇੱਕ ਹੋਰ ૶ ਬੱਸ ਇੱਕ ਹੋਰ" ਕਰਦੇ ਧੱਤੂ ਨੇ ਸੰਤ ਨੂੰ ਪੌਣੀ ਬੋਤਲ ਪਿਆ ਦਿੱਤੀ। ਆਖਰੀ ਪੈੱਗ ਪੀਂਦਾ ਸੰਤ ਓਥੇ ਹੀ ਲੁੜਕ ਗਿਆ। ਧੱਤੂ ਨੇ ਉਸ ਦੇ ਸਿਰ ਹੇਠ ਸਿਰ੍ਹਾਣਾ ਅਤੇ ਉਪਰ ਖੇਸ ਦੇ ਦਿੱਤਾ।
-''ਵੇ ਧੱਤੂ, ਸੰਤ ਨੂੰ ਵੀ ਰੋਟੀ ਫ਼ੜਾ ਦੇ ਪੁੱਤ...!" ਬੇਬੇ ਨੇ ਕਿਹਾ।
-''ਉਹ ਅੱਜ ਖ਼ੁਸ਼ੀ 'ਚ ਟੱਲੀ ਐ ਬੇਬੇ...! ਓਹਨੇ ਨੀ ਰੋਟੀ ਖਾਣੀ...!" ਦਾਰੂ ਨਾਲ਼ ਬਾਬੂ ਬਣਿਆਂ ਧੱਤੂ ਰੋਟੀ ਦੀ ਬੁਰਕੀ ਕੌਲੀ ਦੀ ਵਜਾਏ ਮੰਜੇ 'ਤੇ ਹੀ ਘਸਾਈ ਜਾ ਰਿਹਾ ਸੀ। ਅੱਧ ਪਚੱਧ ਰੋਟੀ ਖਾ ਕੇ ਉਸ ਨੇ ਭਾਂਡੇ ਮੰਜੇ ਹੇਠ ਕਰ ਦਿੱਤੇ ਅਤੇ ਪੈਣ ਸਾਰ ਘੁਰਾੜ੍ਹੇ ਮਾਰਨ ਲੱਗ ਪਿਆ।
ਸਵੇਰੇ ਜਦ ਬੇਬੇ ਸੰਤ ਨੂੰ ਚਾਹ ਦਾ ਗਿਲਾਸ ਦੇਣ ਗਈ ਤਾਂ ਸੰਤ ਦਾ ਮੂੰਹ ਅੱਡਿਆ ਹੋਇਆ ਅਤੇ ਅੱਖਾਂ ਖੜ੍ਹੀਆਂ ਸਨ।
ਦੇਖ ਕੇ ਬੇਬੇ ਦੀ ਭੁੱਬ ਨਿਕਲ਼ ਗਈ। ਉਸ ਦਾ ਕੀਰਨਾ ਪਿੰਡ ਦੀ ਜੂਹ ਤੱਕ ਸੁਣਿਆਂ ਸੀ।
ਧੱਤੂ ਜਾ ਕੇ ਤਪ ਕੌਰ ਨੂੰ ਲੈ ਆਇਆ। ਤਪ ਕੌਰ ਦੇ ਨਾਲ਼ ਪੇਕਿਆਂ ਤੋਂ ਮਕਾਣ ਵੀ ਆਈ ਸੀ।
ਸੰਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਜਿਹੜਾ ਥੋੜਾ ਬਹੁਤਾ ਸੁਖ ਅਰਾਮ ਤਪ ਕੌਰ ਦੇ ਕਰਮਾਂ ਵਿੱਚ ਸੀ, ਉਹ ਵੀ ਅੱਜ ਸੰਤ ਸਿੰਘ ਦੀ ਚਿਖ਼ਾ ਨਾਲ਼ ਸੜ ਕੇ ਸੁਆਹ ਹੋ ਗਿਆ ਸੀ। ਆਸਾਂ ਉਮੀਦਾਂ ਦਾ ਜਨਾਜਾ ਚੁੱਕੀ ਅਤੇ ਨਵ-ਜੰਮੇ ਪੁੱਤਰ ਨੂੰ ਗਲ਼ ਲਾਈ ਉਹ ਘਰ ਆ ਗਈ ਸੀ। ਆਪਣਾ ਭਵਿੱਖ ਉਸ ਨੇ ਕੁੱਛੜ ਚੁੱਕਿਆ ਹੋਇਆ ਸੀ।
-''ਦਿਲ ਹੌਲ਼ਾ ਨਾ ਕਰੀਂ ਤਪੋ...! ਹੋਇਆ ਤੇਰਾ ਸ਼ੇਰ ਦਿਨਾਂ 'ਚ ਜੁਆਨ...! ਸਾਰੇ ਗਮ ਭੁੱਲ ਜਾਣਗੇ..!" ਤੁਰਦੀ ਮਾਂ ਨੇ ਤਪ ਕੌਰ ਨੂੰ ਦਿਲਾਸਾ ਦਿੱਤਾ ਸੀ। ਪਰ ਤਪ ਕੌਰ ਨਾ ਬੋਲੀ।
ਸੰਤ ਸਿੰਘ ਤਾਂ ਜੱਗੋਂ ਕੂਚ ਕਰ ਗਿਆ ਸੀ। ਪਰ ਧੱਤੂ ਨੇ ਹੁਣ ਹੋਰ ਅੱਤ ਚੁੱਕ ਲਈ ਸੀ ਅਤੇ ਤਪ ਕੌਰ ਦਾ ਜਿਉਣਾ ਦੁੱਭਰ ਕਰ ਦਿੱਤਾ ਸੀ। ਪਰ ਹੁਣ ਸਬਰ ਨੂੰ ਸਿਰੜ ਬਣਾ ਕੇ ਤਪ ਕੌਰ ਨੇ ਲੱਕ ਬੰਨ੍ਹ ਲਿਆ ਅਤੇ ਅੰਦਰੋਂ ਕਰੜੀ ਹੋ ਗਈ। ਉਸ ਨੂੰ ਪਤਾ ਸੀ ਕਿ ਕਰਾਰੇ ਹੱਥਾਂ ਬਿਨਾ ਵੈਰੀ ਨੇ ਵਧੀਕੀਆਂ ਕਰਨੋਂ ਬਾਜ ਨਹੀਂ ਆਉਣਾ ਸੀ। ਕਿਉਂਕਿ ਧੱਤੂ ਹੁਣ ਉਸ ਦੇ ਨਾਲ਼ ਬਹੁਤਾ ਹੀ ਖਹਿ-ਖਹਿ ਕੇ ਲੰਘਣ ਲੱਗ ਪਿਆ ਸੀ।
ਸ਼ਾਮ ਨੂੰ ਧੱਤੂ ਦੀ ਮਾਸੀ ਨੇ ਗੇੜਾ ਮਾਰਿਆ। ਉਹ ਤਪ ਕੌਰ ਦੇ ਮੁੰਡੇ ਅਤੇ ਤਪ ਕੌਰ ਨਾਲ਼ ਬਹੁਤੀ ਹੀ ਹਮਦਰਦੀ ਜਿਹੀ ਦਿਖਾ ਰਹੀ ਸੀ।
ਰੋਟੀ ਖਾਣ ਤੋਂ ਬਾਅਦ ਮਾਸੀ ਤਪ ਕੌਰ ਦੇ ਮੁੰਡੇ ਲੋਟਣ ਨੂੰ ਗੋਦੀ ਵਿਚ ਲਈ ਬੈਠੀ ਸੀ। ਧੱਤੂ ਕਿਸੇ ਗ਼ੈਬੀ ਖ਼ੁਸ਼ੀ ਵਿਚ ਵਾਰ-ਵਾਰ ਤੂੜੀ ਵਾਲ਼ੇ ਅੰਦਰ ਜਾ ਕੇ ਰੂੜੀ-ਮਾਰਕਾ ਦਾ ਪੈੱਗ ਚਾੜ੍ਹਦਾ ਸੀ। ਪਰ ਅੱਜ ਦਾਰੂ ਉਸ ਨੂੰ ਕੌੜੀ ਨਹੀਂ ਲੱਗ ਰਹੀ ਸੀ, ਸਗੋਂ ਹੁਲ੍ਹਾਰਾ ਦੇ ਰਹੀ ਸੀ।
-''ਤਪ ਕੁਰੇ...!"
-''ਹਾਂ ਮਾਸੀ ਜੀ...?"
-''ਉਰ੍ਹੇ ਆ ਪੁੱਤ...! ਬੈਠ ਮੇਰੇ ਕੋਲ਼ੇ, ਕੋਈ ਕਬੀਲਦਾਰੀ ਦੀ ਗੱਲ ਕਰੀਏ...!" ਮਾਸੀ ਬੋਲੀ।
-''ਚਾਰ ਕੁ ਭਾਂਡੇ ਧੋਣ ਆਲ਼ੇ ਰਹਿਗੇ ਮਾਸੀ ਜੀ, ਨਬੇੜ ਕੇ ਆਈ, ਨਹੀਂ ਰਾਤ ਨੂੰ ਕੁੱਤੇ ਬਿੱਲੇ ਮੂੰਹ ਪਾਉਣਗੇ...!" ਉਹ ਧੱਤੂ ਵੱਲ ਚੋਰ ਅੱਖ ਝਾਕ ਕੇ ਬੋਲੀ।
-''ਕਰ ਲੈ ਜਿਹੜੇ ਖੇਖਣ ਕਰਨੇ ਐਂ, ਇੱਕ ਨਾ ਇੱਕ ਦਿਨ ਤਾਂ ਪੰਜਾਲ਼ੀ ਹੇਠ ਆਵੇਂਗੀ..!" ਧੱਤੂ ਦਾ ਮਨ ਬੋਲਿਆ।
-''ਭਾਂਡੇ ਮੈਂ ਧੋ ਲੈਨੀ ਐਂ ਤਪ ਕੁਰੇ...! ਤੂੰ ਸੁਣ ਲੈ ਆਬਦੀ ਮਾਸੀ ਦੀ ਗੱਲ...! ਕਿੱਡੀ ਦੂਰੋਂ ਚੱਲ ਕੇ ਆਈ ਐ..!" ਸੱਸ ਨੇ ਕਿਹਾ। ਪਹਿਲੀ ਵਾਰ ਸੱਸ ਇਤਨੇ ਨਰਮ ਸ਼ਬਦਾਂ ਨਾਲ਼ ਸੰਬੋਧਨ ਹੋਈ ਸੀ।
ਹੈਰਾਨ ਹੋਈ ਤਪ ਕੌਰ ਧੱਤੂ ਦੀ ਮਾਸੀ ਦੀ ਪੈਂਦ ਆ ਬੈਠੀ।
-''ਰੱਬ ਦਾ ਕੀਤਾ ਕੋਈ ਮੋੜ ਨੀ ਸਕਦਾ ਧੀਏ ਮੇਰੀਏ...! ਡਾਢੇ ਰੱਬ ਅੱਗੇ ਕਾਹਦਾ ਜੋਰ...?"
-''...............।" ਤਪ ਕੌਰ ਸੁਣ ਰਹੀ ਸੀ।
-''ਤੁਰ ਗਿਆਂ ਦੇ ਨਾਲ਼ ਨੀ ਮਰਿਆ ਜਾਂਦਾ, ਜਿਉਂਦੇ ਜੀਆਂ ਨੂੰ ਵੀਹ ਅੱਕ ਚੱਬਣੇ ਪੈਂਦੇ ਐ...!"
-''..............।"
-''ਦੇਖ, ਆਪਣਾ ਲੋਟਣ ਰਤੀ ਭਰ ਜੁਆਕ ਐ, ਛੋਰ੍ਹ ਦੇ ਸਿਰ ਤੋਂ ਬਾਪ ਦੀ ਛਾਂ ਜਾਂਦੀ ਲੱਗੀ...! ਬਾਪੂ ਤਾਂ ਬੱਚੇ ਦੇ ਸਿਰ 'ਤੇ ਧੁੱਪ ਨੀ ਜਰਦਾ, ਕੁਛ ਹੋਰ ਨਾ ਕੋਲ਼ੇ ਹੋਵੇ, ਤਾਂ ਹੱਥ ਦੀ ਛਾਂ ਕਰ ਲੈਂਦੈ...!"
-''.............।"
-''ਜੇ ਮੇਰੀ ਮੰਨੇ ਤਾਂ ਆਪਣੇ ਧੱਤੂ ਨੂੰ ਸਿਰ ਧਰਲਾ...! ਘਰ ਦਾ ਜੀਅ ਐ, ਨਾਲ਼ੇ ਉਹਦਾ ਘਰ ਵਸਜੂ, ਤੇ ਨਾਲ਼ੇ ਐਸ ਜੁਆਕ ਨੂੰ ਪਿਉ ਆਲ਼ਾ ਸਹਾਰਾ ਮਿਲ਼ਜੂ...!"
ਮਾਸੀ ਦੀ ਗੱਲ ਸੁਣ ਕੇ ਤਪ ਕੌਰ ਸੁੰਨ ਹੋ ਗਈ। ਉਸ ਨੂੰ ਮਾਸੀ ਤੋਂ ਇਹ ਕਦਾਚਿੱਤ ਆਸ ਨਹੀਂ ਸੀ ਕਿ ਉਹ ਐਡਾ ਮੂੰਗਲ਼ਾ ਕੱਛ ਵਿੱਚੋਂ ਕੱਢ ਮਾਰੇਗੀ। ਉਸ ਦਾ ਸਾਰਾ ਸਰੀਰ ''ਝਰਨ-ਝਰਨ" ਕਰੀ ਜਾ ਰਿਹਾ ਸੀ।
-''ਬੋਲ ਪੁੱਤ...! ਜੇ ਤੀਮੀਂ ਦਾ ਸਿਰ ਨੰਗਾ ਹੋਵੇ, ਤਾਂ ਬੀਹ 'ਕੁੱਤੇ-ਬਿੱਲੇ' ਲਾਲ਼ਾਂ ਸਿੱਟਦੇ ਮਗਰ ਲੱਗ ਤੁਰਦੇ ਐ, ਜੇ ਖਸਮ ਸਿਰ 'ਤੇ ਹੋਵੇ, ਅਗਲਾ ਭੈਅ ਮੰਨਦੈ..!" ਮਾਸੀ ਘੋਟ-ਘੋਟ ਬੋਲ ਰਹੀ ਸੀ। ਉਸ ਦਾ ਮਾਤਾ ਦੇ ਦਾਗਾਂ ਨਾਲ਼ ਖਾਧਾ ਮੂੰਹ ਤਪ ਕੌਰ ਨੂੰ ਜਿਵੇਂ ਡਰਾਉਣ ਆ ਰਿਹਾ ਸੀ।
-''ਨਾਲ਼ੇ ਧੱਤੂ ਬਿਚਾਰਾ ਬਿਗਾਨਾ ਥੋੜ੍ਹੋ ਐ...? ਆਬਦਾ ਖ਼ੂਨ ਐਂ...! ਸਿਆਣੇ ਐਵੇਂ ਨੀ ਆਖਦੇ, ਬਈ ਆਬਦਾ ਮਾਰੂ, ਛਾਂਵੇਂ ਸਿੱਟੂ...!" ਚੌਂਕੇ ਵਿਚੋਂ ਬੇਬੇ ਭਾਂਡੇ ਸਾਂਭਦੀ ਬੋਲੀ।
-''ਮਾਸੀ ਜੀ...!" ਤਪ ਕੌਰ ਨੇ ਕਾਫ਼ੀ ਦੇਰ ਬਾਅਦ ਮੂੰਹ ਖੋਲ੍ਹਿਆ, ''ਜਿਹੜੀ ਚੀਜ਼ ਨੂੰ ਅੱਖਾਂ ਨੀ ਝੱਲਦੀਆਂ, ਉਹਨੂੰ ਜੀਭ ਕੀ ਝੱਲੂ...? ਮੈਨੂੰ ਸਾਰੀ ਉਮਰ ਰੰਡੇਪਾ ਕੱਟਣਾ ਮਨਜੂਰ ਐ, ਪਰ ਮੈਂ ਕਿਸੇ ਨੂੰ ਸਿਰ ਨੀ ਧਰਨਾ, ਆਪਣੀਆਂ ਬਣੀਆਂ ਆਪਣੇ ਸਿਰ 'ਤੇ ਕੱਟੂੰ...!"
-''.............।" ਸੁਣ ਕੇ ਸਭ ਨੂੰ ਸਕਤਾ ਮਾਰ ਗਿਆ। ਮੂੰਹ ਸਿਉਂਤੇ ਗਏ। ਘਰ ਵਿੱਚ ਇੱਕ ਤਰ੍ਹਾਂ ਨਾਲ਼ 'ਹਾੜ' ਬੋਲਣ ਲੱਗ ਪਿਆ। ਪਰ ਧੱਤੂ ਦੇ ਸਿਰ ਵਿੱਚ ਬਿਜਲੀਆਂ ਕੜਕੀ ਜਾ ਰਹੀਆਂ ਸਨ। ਉਸ ਦੀਆਂ ਮੌਲੇ ਦੇ ਸਿੰਗਾਂ ਵਾਂਗ ਅਕੜਾਈਆਂ ਮੁੱਛਾਂ ਹੁਣ ਗਿੱਲੀ ਸੁੱਥਣ ਵਾਂਗ ਥੱਲੇ ਡਿੱਗ ਪਈਆਂ ਸਨ।
-''ਲੈ, ਸਾਲ਼ੀ ਕਿਵੇਂ ਨੰਬਰਦਾਰਨੀ ਬਣੀ ਫ਼ਿਰਦੀ ਐ...!" ਧੱਤੂ ਨੇ ਦਿਲ 'ਚ ਉਸ ਨੂੰ ਗਾਲ਼ ਕੱਢੀ।
ਮਾਸੀ ਕੋਲ ਕਹਿਣ ਲਈ ਕੁਝ ਵੀ ਬਚਿਆ ਨਹੀਂ ਸੀ।
ਉਹ ਚੁੱਪ ਕਰ ਗਈ।
ਸੱਸ ਦੇ ਅੰਦਰੋਂ ਵੀ ਵਟਣੇ ਉਠੇ।
ਅਗਲੇ ਦਿਨ ਬੇਬੇ ਮਾਸੀ ਨੂੰ ਬੱਸ ਚੜ੍ਹਾਉਣ ਬੱਸ ਅੱਡੇ ਨੂੰ ਤੁਰ ਗਈ ਅਤੇ ਤਪ ਕੌਰ ਮੱਝਾਂ ਨੂੰ ਪੱਠੇ ਪਾ ਰਹੀ ਸੀ।
ਧੱਤੂ ਦੀ ਅਜੇ ਰਾਤ ਦੀ ਪੀਤੀ ਨਹੀਂ ਉਤਰੀ ਸੀ ਅਤੇ ਉਤੋਂ ਉਸ ਨੇ ਇੱਕ ਪੈੱਗ ਸਵੇਰੇ ਹੀ ਅੰਦਰ ਸੁੱਟ ਲਿਆ ਸੀ।
ਦਾਰੂ ਲਾਟ ਵਾਂਗ ਸਾੜ ਪਾਉਂਦੀ ਹਲ਼ਕ 'ਚੋਂ ਥੱਲੇ ਉਤਰੀ ਸੀ।
-''ਤੇਰੇ ਆਲ਼ੇ ਖਸਮ ਨੇ ਦਾਰੂ ਦੇ ਪੈੱਗ 'ਚ ਇੱਕ ਗੋਲ਼ੀ ਸਟਿੱਕਣੀ ਦੀ ਨੀ ਸੀ ਝੱਲੀ, ਰਾਤੋ ਰਾਤ ਰੰਡੀ ਕਰ ਗਿਆ ਸੀ ਤੈਨੂੰ, ਹੁਣ ਕਿਤੇ ਉਹ ਨਾ ਹੋਵੇ, ਬਈ ਤੇਰੀ ਆਕੜ ਭੰਨਣ ਖਾਤਰ ਤੇਰਾ ਪੁੱਤ ਵੀ ਗੱਡੀ ਚਾੜ੍ਹਨਾ ਪਵੇ...!" ਦਾਰੂ ਦੇ ਨਸ਼ੇ 'ਚ ਧੱਤੂ ਨੇ ''ਅਜੀਬ" ਅਕਾਸ਼ਬਾਣੀ ਕੀਤੀ। ਭਿਆਨਕ ਗੱਲ ਨੇ ਤਪ ਕੌਰ ਦਾ ਲਹੂ ਪੀਅ ਲਿਆ। ਉਹ ਪਥਰਾਈਆਂ ਅੱਖਾਂ ਨਾਲ਼ ਸਿੱਧੀ ਸਲੋਟ ਧੱਤੂ ਵੱਲ ਝਾਕ ਰਹੀ ਸੀ। ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਜ਼ਾਲਮ ਧੱਤੂ ਨੇ ਫ਼ਕੀਰ ਤਬੀਅਤ ਸੰਤ ਨੂੰ ''ਕੁਛ" ਦੇ ਕੇ ਮਾਰਿਆ ਹੋਵੇਗਾ...?
ਤਪ ਕੌਰ ਬਰਸੀਨ ਨਾਲ਼ ਲਿੱਬੜੇ ਹੱਥੀਂ ਮੁੰਡੇ ਨੂੰ ਚੁੱਕ ਸਿੱਧੀ ਸਰਪੰਚ ਕੋਲ਼ ਚਲੀ ਗਈ।
-''ਸਰਪੈਂਚਾ, ਜੇ ਮੇਰਾ ਧਰਮ ਦਾ ਭਰਾ ਐਂ, ਤਾਂ ਮੈਨੂੰ ਅੱਡ ਕਰਵਾ ਦੇ...! ਅੱਗੇ ਧੱਤੂ ਜਲਾਦ ਨੇ ਮੇਰੇ ਸਿਰ ਦਾ ਸਾਂਈਂ ਲੈ ਲਿਆ, ਹੁਣ ਕਿਤੇ ਉਹਦੀ ਬੇਈਮਾਨੀ ਦੀ ਬਿਜਲੀ ਮੇਰੇ ਪੁੱਤ 'ਤੇ ਨਾ ਡਿੱਗ ਪਵੇ...!"
ਸਰਪੰਚ ਨੇ ਸ਼ਾਮ ਤੱਕ ਤਪ ਕੌਰ ਦਾ ਬਾਪ ਬੁਲਾ ਲਿਆ ਅਤੇ ਪੰਚਾਇਤ ਇਕੱਠੀ ਕਰ, ਤਪ ਕੌਰ ਦਾ ਸਮਾਨ ਵੰਡ ਦਿੱਤਾ।
-''ਜੇ ਤਪ ਕੁਰ ਨੂੰ ਤੰਗ ਪ੍ਰੇਸ਼ਾਨ ਕੀਤੈ, ਤਾਂ ਸੰਤ ਦੇ ਕਤਲ ਦੀ ਰਪਟ ਮੈਂ ਠਾਣੇ ਦਿਊਂਗਾ, ਦਫ਼ਾ ਤਿੰਨ ਸੌ ਦੋ ਦੇ ਤਹਿਤ ਫ਼ਾਂਸੀ ਦੀ ਸਜ਼ਾ ਹੋਊਗੀ, ਨਹੀਂ ਉਮਰ ਕੈਦ ਤਾਂ ਵੱਟ 'ਤੇ ਪਈ ਐ, ਆਬਦਾ ਪੜ੍ਹਿਆ ਵਿਚਾਰ ਲਈਂ, ਸਾਰੀ ਜ਼ਿੰਦਗੀ ਸੀਖਾਂ ਪਿੱਛੇ ਨਿਕਲੂ, ਸੱਚ ਪੁਲ਼ਸ ਨੇ ਆਪੇ ਕੁੱਟ ਕੇ ਹੱਡਾਂ 'ਚੋਂ ਕੱਢ ਲੈਣੈ...! ਹੁਣ ਤਪ ਕੌਰ ਥੋਡੀ ਨਹੀਂ, ਸਾਰੇ ਪਿੰਡ ਦੀ ਇੱਜ਼ਤ ਐਂ..!" ਤੁਰਦੇ ਧੱਤੂ ਨੂੰ ਸਰਪੰਚ ਨੇ ਅਗਲੇ ਸੱਚ ਤੋਂ ਜਾਣੂੰ ਕਰਵਾਇਆ। ਸੁਣ ਕੇ ਡਰ ਦੀ ਝਰਨਾਹਟ ਸਾਰੇ ਸਰੀਰ ਨੂੰ ਚੜ੍ਹ ਗਈ ਅਤੇ ਧੱਤੂ ਨੂੰ ਮੁੜ੍ਹਕਾ ਆ ਗਿਆ।
ਤਪ ਕੌਰ ਨੇ ਕਮਰਕੱਸਾ ਕਰ ਕੇ ਤਪੱਸਿਆ ਵਾਂਗ ਆਪਣਾ ਪੁੱਤਰ ਪਾਲ਼ਣਾ ਸ਼ੁਰੂ ਕਰ ਦਿੱਤਾ।
ਪੇਟ ਬੰਨ੍ਹ ਅਤੇ ਆਪਣੀਆਂ ਖਾਹਿਸ਼ਾਂ ਨੂੰ ਜਿੰਦਰਾ ਮਾਰ ਪੁੱਤ ਨੂੰ ਬੀ.ਏ. ਕਰਵਾ ਦਿੱਤੀ।
ਪਰ ਮਾੜੀ ਕਿਸਮਤ ਤਪ ਕੌਰ ਦੀ! ਉਸ ਦੀ ਤਪੱਸਿਆ ਰਾਸ ਨਾ ਆਈ ਅਤੇ ਉਸ ਦਾ ਨਾਲਾਇਕ ਪੁੱਤਰ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ 'ਤੇ ਲੱਗ ਗਿਆ। ਤਪ ਕੌਰ ਨੇ ਬਥ੍ਹੇਰਾ ਜਾਭਾਂ ਦਾ ਭੇੜ੍ਹ ਕੀਤਾ, ਹੱਥ ਜੋੜੇ, ਵਾਸਤੇ ਪਾਏ, ਪਰ ਪ੍ਰਨਾਲ਼ਾ ਥਾਂ ਦਾ ਥਾਂ ਸਿਰ ਹੀ ਰਿਹਾ। ਲੋਟਣ ਦੀਆਂ ਆਦਤਾਂ ਨਾ ਬਦਲੀਆਂ, ਸਗੋਂ ਦਿਨ-ਬ-ਦਿਨ ਵਿਗੜਦੀਆਂ ਹੀ ਗਈਆਂ। ਉਹ ਆਪਣੀਆਂ ਮਰੀਆਂ ਧੀਆਂ ਨੂੰ ਯਾਦ ਕਰ-ਕਰ ਮਣ-ਮਣ ਰੋਂਦੀ। ਜਿਹੜੇ ਪੁੱਤ ਨੂੰ ਪਾਣੀ ਦੀ ਜਗਾਹ ਉਸ ਨੇ ਖ਼ੂਨ ਦੀਆਂ ਘੁੱਟਾਂ ਨਾਲ਼ ਪਾਲ਼ਿਆ, ਉਹ ਹੀ ਉਸ ਦੀਆਂ ਸਧਰਾਂ ਅਤੇ ਅਰਮਾਨਾਂ ਨੂੰ ਕੁਚਲ਼ਦਾ ਹੋਇਆ, ਜ਼ਾਲਮ ਬਣ ਤੁਰਿਆ ਅਤੇ ਨਸ਼ੇ ਲਈ ਪੈਸੇ ਮੰਗਦਾ ਅਤੇ ਪੈਸੇ ਖਾਤਰ ਉਸ ਦੀ ਧੂਹ-ਘੜ੍ਹੀਸ ਕਰਦਾ। ਪਰ ਲੋਕ-ਲਾਜ ਦੇ ਡਰੋਂ ਉਹ ਸਾਰਾ ਦੁਰਵਿਵਹਾਰ ਛੁਪਾਈ ਰੱਖਦੀ।
ਅੱਜ ਤਾਂ ਉਸ ਦੀ ਜ਼ਿੰਦਗੀ ਦੀ ਅਖੀਰ ਹੀ ਹੋ ਗਈ ਸੀ, ਜਦ ਉਸ ਦਾ ਲਹੂ ਦੀਆਂ ਘੁੱਟਾਂ ਪਿਆ-ਪਿਆ ਕੇ ਪਾਲ਼ਿਆ ਲਾਡਲਾ ਪੁੱਤਰ ਨਸ਼ੇ ਲਈ ਉਸ ਦੀ ਗੁੱਤ ਨੂੰ ਚਿੰਬੜ ਗਿਆ ਅਤੇ ਪਹਿਲਾਂ ਥੱਪੜ, ਫ਼ੇਰ ਮੁੱਕੇ ਅਤੇ ਫ਼ੇਰ ਲੱਤਾਂ ਨਾਲ਼ ਕੁੱਟਣ ਡਹਿ ਪਿਆ।
-''ਮੈਥੋਂ ਪੈਸੇ ਲਕੋ ਕੇ ਦੱਸ ਕਿਹੜੇ ਯਾਰ ਦੀਆਂ ਰੀਝਾਂ ਪੂਰੀਆਂ ਕਰਨੀਐਂ...?" ਉਸ ਨੇ ਮੁੜ ਥੱਪੜਾਂ ਅਤੇ ਮੁੱਕੀਆਂ ਦਾ ਮੀਂਹ ਵਰ੍ਹਾ ਦਿੱਤਾ। ਪੁੱਤ ਦੇ ਬੋਲਾਂ ਦਾ ਅਗਨ-ਬਾਣ ਤਪ ਕੌਰ ਦੀ ਰੂਹ ਝੁਲ਼ਸ ਗਿਆ ਅਤੇ ਉਸ ਦੀ ਜ਼ਿੰਦਗੀ ਦੀਆਂ ਪੱਤੀਆਂ ਮੱਚ ਸੜ ਗਈਆਂ।
ਧਰਤੀ 'ਤੇ ਪਈ ਤਪ ਕੌਰ ਜਾਰੋ-ਜਾਰ ਰੋਈ ਜਾ ਰਹੀ ਸੀ। ਉਸ ਦੇ ਹੰਝੂ ''ਤਰਿੱਪ-ਤਰਿੱਪ" ਕੰਨਾਂ 'ਤੇ ਡੁੱਲ੍ਹੀ ਜਾ ਰਹੇ ਸਨ।
ਸਾਰਾ ਦਿਨ ਉਹ ਹਾਲੋਂ ਬੇਹਾਲ ਰੋਂਦੀ ਰਹੀ।
ਉਸ ਦੀ ਰੂਹ ਵੈਰਾਨ ਹੋਈ ਪਈ ਸੀ।
ਅਖੀਰ ਦਿਨ ਡੁਬਦੇ ਨਾਲ਼ ਉਸ ਨੇ ਸੰਦੂਕ ਦੇ ਉਪਰ ਬੰਨ੍ਹ ਕੇ ਰੱਖੇ ਵੀਹ ਰੁਪਈਏ ਚੁੱਕੇ ਅਤੇ ਨਾਲ਼ ਦੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ। ਉਸ ਦਾ ਜੀਅ ਪੁੱਛਿਆ ਹੀ ਜਾਣਦਾ ਸੀ। ਉਹ ਸੁੱਕੇ ਖ਼ੂਹ ਦੀ ਮੌਣ ਵਾਂਗ ਸੁੰਨ-ਮਸਾਣ ਅਤੇ ਉਜੜੀ-ਉਜੜੀ ਸੀ।.......
    -''ਬੂਹ ਮੈਂ ਮੱਚਗੀ, ਗੰਦੀ 'ਲ਼ਾਦ ਵੀ ਨਾ ਹੋਵੇ ਕਿਸੇ ਦੇ...!" ਹਰ ਕੌਰ ਦੇ ਚਾਹ ਲੰਘਣੋਂ ਹਟ ਗਈ ਸੀ।
    -''ਓਹਦੇ ਤਾਂ ਬੁਰੇ ਹਾਲ ਈ ਐ ਹਰ ਕੁਰੇ..! ਪੁੱਤ ਦੀਆਂ ਵਧੀਕੀਆਂ ਨੂੰ ਦਿਲ 'ਤੇ ਲਾ-ਗੀ..!"
    -''ਫ਼ੇਰ ਹੁਣ ਕਿੱਥੇ ਰਹਿੰਦੀ ਐ...?"
    -''ਪੇਕੀਂ ਦਿਨ ਕਟੀ ਕਰਦੀ ਐ ਬਿਚਾਰੀ...! ਹੋਰ ਉਹਨੇ ਕਿੱਥੇ ਜਾਣੈਂ..? ਪੇਕੇ ਸਤਿਯੁਗੀ ਸੀਗੇ, ਜਿਹਨਾਂ ਨੇ ਉਹਨੂੰ ਆਸਰਾ ਦਿੱਤਾ...!" ਫ਼ੁੱਫ਼ੜ ਅਤੀਅੰਤ ਦੁਖੀ ਹੋਇਆ ਪਿਆ ਸੀ।

ਕਿਸ਼ਤ 2 : ਸੁੱਤੀ ਪਈ ਨੂੰ ਹਿਚਕੀਆਂ ਆਈਆਂ, - ਸ਼ਿਵਚਰਨ ਜੱਗੀ ਕੁੱਸਾ

ਕਿਸ਼ਤ 2 :


ਸੁੱਤੀ ਪਈ ਨੂੰ ਹਿਚਕੀਆਂ ਆਈਆਂ,
ਖ਼ੈਰ ਹੋਵੇ ਸੱਜਣਾਂ ਦੀ...

    ਜਦ ਉਹ ਘਰ ਪਹੁੰਚੇ ਤਾਂ ਫ਼ੁੱਫ਼ੜ ਮਹਿੰਗਾ ਸਿਉਂ ਬੇਬੇ ਨਾਲ਼ ਗੱਲੀਂ ਲੱਗਿਆ ਹੋਇਆ ਸੀ। ਕਰੜ-ਬਰੜੀ ਦਾਹੜੀ ਵਾਲ਼ੇ ਵਿਚੋਲੇ ਨੂੰ ਦਾਹੜੀ ਕਾਲ਼ੀ ਕਰਨ ਦੀ ਬਹੁਤੀ ਜਾਂਚ ਨਹੀਂ ਸੀ। ਅੱਘੜ੍ਹ-ਦੁਘੜ੍ਹੀ ਕਾਲ਼ੀ ਕੀਤੀ ਦਾਹੜੀ ਗਰਮੀਆਂ ਮੌਕੇ ਖੇਤ ਵਿੱਚ ਖੜ੍ਹੀ ਇੱਟਸਿੱਟ ਵਰਗੀ ਲੱਗਦੀ ਸੀ। ਉਸ ਦਾ ਘੁੱਟਿਆ ਜਿਹਾ ਮੂੰਹ ਬੰਦੂਕ ਦੇ ਬੁੱਗ ਵਰਗਾ ਸੀ।
    -''ਤਕੜੈਂ ਫ਼ੁੱਫ਼ੜਾ...?" ਜੋਗੇ ਨੇ ਹੱਥ ਜੋੜ ਲਏ।
    -''ਜਮਾਂ ਘੋੜ੍ਹਾ..! ਲੋਹੇ ਅਰਗਾ..! ਤੂੰ ਦੇਹ ਗੱਲ...? ਸਰੀਰ ਕੈਮ ਐਂ...??"
    -''ਘਣ ਅਰਗਾ ਫ਼ੁੱਫ਼ੜਾ..! ਪੂਰਾ ਘਣ ਅਰਗਾ..!"
    -''ਚਲੋ ਰੱਬ ਥੋਨੂੰ ਰਾਜੀ ਰੱਖੇ..! ਤੂੰ ਬਈ ਗੇਜਿਆ, ਬੋਲਦਾ ਈ ਨੀ...?" ਫ਼ੁੱਫ਼ੜ ਨੇ ਸ਼ਿਕਵਾ ਕੀਤਾ।
    -''ਜਿੱਥੇ ਸਿਆਣੇ ਬੰਦੇ ਬੋਲਦੇ ਹੋਣ ਸਰਦਾਰਾ, ਓਥੇ ਮੇਰੇ ਅਰਗਾ ਸਿੱਧਰਾ ਕੀ ਬੋਲੂ..?" ਗੇਜੇ ਨੇ ਕਿਹਾ, ''ਅਸੀਂ ਤਾਂ ਥੋਡੇ ਅਰਗੇ ਸਿਆਣਿਆਂ ਨੂੰ ਸੁਣਨ ਆਲ਼ੇ ਸਰੋਤੇ ਐਂ..!"
    -''ਨ੍ਹਾ ਤੂੰ ਕਿਸੇ ਦੀ ਨੂੰਹ ਧੀ ਨਾਲ਼ੋਂ ਘੱਟ ਐਂ..? ਐਮੇ ਨੀ ਨਿੱਕੀਆਂ-ਨਿੱਕੀਆਂ ਗੱਲਾਂ ਸੋਚੀਦੀਆਂ..! ਜੱਜ ਬਣ ਕੇ ਰਹੀਏ..! ਜਿਵੇਂ ਕਿਸੇ ਮੀਰਜਾਦੇ ਨੂੰ ਉਹਦਾ ਮੁੰਡਾ ਕਹਿੰਦਾ ਅਖੇ ਬਾਪੂ, ਤੈਨੂੰ ਸਾਰਾ ਪਿੰਡ ਟਿੱਚ ਜਾਣਦੈ, ਓਹ ਕਹਿੰਦਾ ਪੁੱਤ ਵਹਿਮ ਨਾ ਮੰਨ, ਮੈਂ 'ਕੱਲਾ ਈ ਸਾਰੇ ਪਿੰਡ ਨੂੰ ਟਿੱਚ ਜਾਣਦੈਂ..! ਆਹ ਆਪਣੀ ਹਰ ਕੁਰ ਦੇਖਲਾ, ਉਮਰ ਦੇ ਪਿਛਲੇ ਪਹਿਰ ਵੀ ਨੱਕ 'ਤੇ ਮੱਖੀ ਨੀ ਬਹਿਣ ਦਿੰਦੀ, ਤੇਰੇ ਸਾਹਮਣੇ ਐਂ, ਮੈਂ ਇਹਦੇ ਨਾਲ਼ ਬੇਡਰ ਹੋ ਕੇ ਆਢਾ ਲਾਈ ਬੈਠੈਂ, ਸਾਡਾ ਜਿਗਰਾ ਵੀ ਦੇਖ, ਨਹੀਂ ਹਰ ਕੁਰ ਮਾਤਾ ਰਾਣੀ ਦੀ ਤਾਬ ਕੌਣ ਝੱਲੇ..? ਨਿਰੀ ਜੁਆਲਾ ਮੁਖੀ ਐ..!"
    ਸਾਰੇ ਹੱਸ ਪਏ।
    ਪਰ ਜੋਗੇ ਦੀ ਮਾਂ ਹਰ ਕੌਰ ਕੁੜੈਣ ਪੀਤੀ ਵਾਲ਼ਿਆਂ ਵਾਂਗ ਮੂੰਹ ਵੱਟੀ ਬੈਠੀ ਸੀ।
    -''ਤੂੰ ਵੀ ਮਾੜਾ ਮੋਟਾ ਹੱਸ ਲੈਂਦੀ, ਮੂੰਹ ਦੀ 'ਪਰਾਟੀਸ' ਹੋ ਜਾਂਦੀ ਐ, ਹਰ ਕੁਰੇ..! ਤੂੰ ਤਾਂ ਮੂੰਹ ਬਾਹਲ਼ਾ ਈ ਘੁੱਗੂ ਅਰਗਾ ਕਰੀ ਬੈਠੀ ਐਂ..!" ਉਹ ਹਰ ਕੌਰ ਵੱਲ ਤਿਰਛਾ ਝਾਕਿਆ।
    -''ਮੈਂ ਰੱਜੀ ਧਾਈ ਥੋਡੇ ਹੱਸਣ ਖੁਣੋਂ..! ਮੇਰਾ ਡਮਾਕ ਫ਼ਿਰਿਐ, ਮੈਂ ਬਿਨਾਂ ਗੱਲੋਂ ਜਾੜ੍ਹਾਂ ਜੀਆਂ ਕੱਢੀ ਜਾਵਾਂ..? ਥੋਨੂੰ ਤਾਂ ਨਾ ਚੜ੍ਹੀਦੀ, ਤੇ ਨਾ ਲੱਥੀਦੀ..! ਅਖੇ ਪਿੰਡ ਉਜੜਿਆ ਜਾਵੇ ਤੇ ਕਮਲ਼ੀ ਨੂੰ ਕੱਤਣ ਦੀ...!" ਹਰ ਕੌਰ ਬੋਲੀ।
    ਹਰ ਕੌਰ ਅੜਬ ਸੁਭਾਅ ਦੀ ''ਕੱਬੀ" ਔਰਤ ਸੀ। ਘਰਵਾਲ਼ਾ ਮਰਨ ਤੋਂ ਬਾਅਦ ਉਸ ਦਾ ਸੁਭਾਅ ਚਿੜਚਿੜਾ ਜਿਹਾ ਹੋ ਗਿਆ ਸੀ। ਆਂਢ-ਗੁਆਂਢ ਦਾ ਕੋਈ ਬੰਦਾ ਬੁੜ੍ਹੀ ਉਸ ਨਾਲ਼ ਛੇਤੀ ਕੀਤੇ ਗੱਲ ਕਰ ਕੇ ਰਾਜ਼ੀ ਨਹੀਂ ਸੀ। ਉਸ ਦਾ ਚਿਹਰਾ ਹਮੇਸ਼ਾ ਤਣਿਆਂ ਰਹਿੰਦਾ ਅਤੇ ਮੂੰਹ 'ਤੇ ਸਿੱਧੀ ਗਾਲ਼ ਲਿਖੀ ਹੋਈ ਸੀ। ਗੱਲ ਕਰਨ ਵਾਲ਼ੇ ਨੂੰ ਗੱਲੀਂ ਬਾਤੀਂ ਵੱਢਣ ਆਉਂਦੀ ਸੀ।
    -''ਤੁਸੀਂ ਕੁਤਰੋ ਪੱਠੇ..! ਸਾਨੂੰ ਗੱਲ ਕਰਨ ਦਿਓ, ਤੂੰ ਚਾਹ ਪੀ ਵੇ..!" ਉਹ ਵਿਚੋਲੇ ਨੂੰ ਟੋਕਦੀ ਬੋਲੀ, ''ਤੈਨੂੰ ਵੀ ਭਕਾਈ ਮਾਰਨ ਤੋਂ ਬਿਨਾ ਕੋਈ ਕੰਮ ਨੀ ਆਉਂਦਾ..!"
    -''ਪੀਈ ਤਾਂ ਜਾਨੈਂ..! ਹੋਰ ਹੁਣ ਮੈਨੂੰ ਚਾਹ ਚੁੰਘਣੀ ਨਾਲ਼ ਤਾਂ ਨੀ ਦੇਣੀਂ...?" ਉਸ ਨੇ ਚਾਹ ਦਾ ਗਿਲਾਸ ਚੁੱਕ ਕੇ ਮੂੰਹ ਨੂੰ ਲਾ ਲਿਆ।
-''ਤੈਨੂੰ ਭਕਾਈ ਮਾਰਨ ਆਸਤੇ ਮੁੰਡੇ ਮਿਲ਼ਗੇ, ਤੇ ਤੂੰ ਬਾਂਦਰ ਮਾਂਗੂੰ ਲਾਚੜ ਗਿਆ, ਕੰਮ ਦੀ ਗੱਲ ਕਰ ਕੋਈ..!"
-''ਚੰਗਾ, ਮੈਂ ਕੀ ਕਹਿੰਦਾ ਸੀ..? ਇੱਕ ਤਾਂ ਤੂੰ ਛੋਤ ਲਾਹ ਕੇ ਤੂੰ ਮੈਨੂੰ ਗੱਲ ਭੁਲਾ ਦਿੰਨੀ ਐਂ...!"
-''ਛੱਡੀਦਾ ਤੈਨੂੰ ਮੱਝ ਥੱਲੇ ਐ, ਜਾ ਤੂੰ ਕੱਟੇ ਵੱਛਿਆਂ ਥੱਲੇ ਵੜਦੈਂ, ਹੜਬੋਕਾ...!"
-''ਚੰਗਾ ਮਾਤਾ ਰਾਣੀ ਹਰ ਕੁਰ ਜੀ, ਬੋਲਿਆ ਚੱਲਿਆ ਮਾਫ਼ ਕਰੋ...! ਜੈ ਮਾਤਾ ਦੀ...!"
-''ਚੱਲ ਗੱਲ ਤੋਰ ਅੱਗੇ...!"
-''ਕੀ ਗੱਲ ਕਰਦਾ ਸੀ ਮੈਂ...?"
-''ਕੁੜੀ ਦੇ ਟੱਬਰ ਦੀ ਗੱਲ ਕਰਦਾ ਸੀ, ਹੋਰ ਤੂੰ ਕਬੀਛਰੀ ਥੋੜ੍ਹੋ ਸੁਣਾਉਂਦਾ ਸੀ..?"
-''ਲੈ ਹਾਂ ਸੱਚ, ਹਰ ਕੁਰੇ, ਸਾਰਾ ਪ੍ਰੀਵਾਰ ਪਾਠ ਪੂਜਾ ਕਰਨ ਤੇ ਰੱਬ ਨੂੰ ਮੰਨਣ ਆਲ਼ਾ ਐ, ਪੂਰਾ ਧਾਰਮਿਕ ਟੱਬਰ..!"
-''ਵੇ ਧਾਰਮਿਕ ਟੱਬਰ ਤੋਂ ਮੈਂ ਕਿਹੜਾ ਹਵਨ ਕਰਾਉਣੈ, ਗੱਲਾਂ ਕੀ ਕਰੀ ਜਾਂਦੈ, ਔਤਾਂ ਦੇ ਜਾਣਾ..! ਤੂੰ ਕੋਈ ਲੈਣ ਦੇਣ ਦੀ ਗੱਲ ਕਰ..!" ਹਰ ਕੌਰ ਹੋਰ ਖਿਝ ਗਈ ਸੀ। ਉਸ ਨੇ ਵਿਚੋਲੇ ਵੱਲੋਂ ਮੂੰਹ ਵੱਟ ਕੇ ਬੁੱਲ੍ਹ ਟੇਰੇ।
-''ਤੂੰ ਮੈਨੂੰ ਵੱਢ ਖਾਣਿਆਂ ਮਾਂਗੂੰ ਘਰੂਟ ਮਾਰਨ ਕਿਉਂ ਆਉਨੀ ਐਂ..?"
-''ਵੇ ਥੇਹ ਹੋਣਿਆਂ, ਹੋਰ ਹੁਣ ਤੈਨੂੰ ਕੰਠਾ ਪਾਵਾਂ..? ਕੰਮ ਦੀ ਗੱਲ ਤਾਂ ਕੋਈ ਕਰਦਾ ਨੀ, ਹੋਰ ਈ ਝੁੱਗੀਆਂ 'ਚ ਬੱਟੇ ਮਾਰੀ ਜਾਨੈਂ..!"
-''ਲੈ ਸੁਣ..! ਕੰਨ ਕਰ ਕੋਲ਼ ਨੂੰ..!"
-''................।" ਹਰ ਕੌਰ ਨੇ ਧਿਆਨ ਓਧਰ ਕਰ ਲਿਆ।
-''ਸੌ ਹੱਥ ਰੱਸਾ ਸਿਰੇ 'ਤੇ ਗੰਢ..! 'ਕੱਲੀ-'ਕੱਲੀ ਕੁੜੀ, ਤੇ ਗਿਆਰਾਂ ਕਿੱਲੇ ਜ਼ਮੀਨ ਐਂ..!"
-''ਨ੍ਹੀ ਮਾਂ ਸਦਕੇ..! ਪਹਿਲਾਂ ਨਾ ਬੋਲਿਆ..? ਅਖੇ ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਬੱਟੇ ਔਧਰ ਧਰੇ..! ਹੁਣ ਕੀਤੈ ਜੀਅ ਖ਼ੁਸ਼..! ਹੋਰ ਈ ਉੱਘ ਦੀਆਂ ਪਤਾਲ਼ ਮਾਰੀ ਜਾਊ, ਲੈ ਕਰ ਮੂੰਹ ਮਿੱਠਾ..!" ਉਸ ਨੇ ਵਿਚੋਲੇ ਨੂੰ ਗੁੜ ਦੀ ਰੋੜੀ ਫ਼ੜਾਈ।
-''ਮੂੰਹ ਮਿੱਠਾ, ਗੁੜ ਨਾਲ਼ ਈ...?? ਐਦੂੰ ਤਾਂ ਤੂੰ ਮੇਰੇ ਗੋਲ਼ੀ ਮਾਰ ਦਿੰਦੀ..?" ਉਹ ਗੁੜ ਦੀ ਰੋੜੀ ਵੱਲ ਪਿਆਸੇ ਕਾਂ ਵਾਂਗ ਝਾਕਿਆ।
-''ਵੇ ਔਤਾਂ ਦੇ ਜਾਣਿਆਂ, ਮਾਣ ਦੀ ਤਾਂ ਜੁੱਤੀ ਵੀ ਬਥੇਰੀ ਹੁੰਦੀ ਐ..! ਨਾਲ਼ੇ ਗੁੜ ਤਾਂ ਸਾਰੀਆਂ ਮਠਿਆਈਆਂ ਨਾਲ਼ੋਂ ਮਿੱਠਾ ਹੁੰਦੈ..!"
-''ਤੈਨੂੰ ਕੁੜੀ ਨਾਲ਼ ਗਿਆਰਾਂ ਕਿੱਲੇ ਪੈਲ਼ੀ ਮਿਲ਼ਜੂ, ਪਰ ਕੱਟੇ ਨੂੰ ਵੀ ਮਣ ਦੁੱਧ ਦਾ ਕੋਈ ਫ਼ਾਇਦਾ ਹੋਊਗਾ ਕਿ ਮੇਰੇ ਪੱਲੇ ਬੱਸ ਛੜਾਂ ਤੇ ਲਿੱਬੜੀਆਂ ਪੂਛਾਂ ਈ ਐਂ..?"
-''ਵੇ ਖਸਮਾਂ ਨੂੰ ਖਾਣਿਆਂ...! ਸਾਰਾ ਘਰ ਬਾਰ ਈ ਤੇਰੈ, ਤੂੰ ਘਸਮੈਲ਼ੀਆਂ ਜੀਆਂ ਗੱਲਾਂ ਕਾਹਤੋਂ ਕਰੀ ਜਾਨੈਂ..? ਛੱਪ ਦੇਣੇ ਪੱਕ-ਠੱਕ ਕਰ, ਵਿਆਹ ਕਰੀਏ...! ਤੇਰਾ ਮੱਥਾ ਵੀ ਡੰਮੂੰਗੀ..!"
-''ਅਖੇ ਘਰ-ਬਾਰ ਤੇਰਾ, ਪਰ ਕੋਠੀ ਹੱਥ ਨਾ ਲਾਈਂ..! ਨ੍ਹਾਂ ਮੇਰਾ ਮੱਥਾ ਤੈਨੂੰ ਡੰਮ੍ਹਣ ਵਾਲ਼ਾ ਲੱਗਦੈ..?"
-''ਵੇ ਤੂੰ ਕੋਠੀ ਪੁਆ ਤਾਂ ਸਹੀ, ਚਾਹੇ ਭੰਗੜ੍ਹੇ ਪਾਈਂ ਤੇ ਚਾਹੇ ਪੱਟੀਂ ਖੁਰਗੋ..!"
-''ਕੋਠੀ ਤੇਰੀ ਹੋਊਗੀ, ਮੈਨੂੰ ਤਾਂ ਕਿਸੇ ਨੇ ਨਜਰ-ਵੱਟੂ ਆਲ਼ੀ ਥਾਂ ਵੀ ਨੀ ਲਾਉਣਾ...!"
-''ਤੂੰ ਮੋੜ੍ਹੀਆਂ 'ਚ ਡਾਂਗਾਂ ਨਾ ਮਾਰੀ ਜਾਇਆ ਕਰ...!"
-''ਮੁੰਡੇ ਨੂੰ ਵੀ ਪੁੱਛ ਲੈ, ਕਿਤੇ ਉਹ ਨਾ ਤੋਕੜ ਮੱਝ ਮਾਂਗੂੰ ਲੱਤ ਚੱਕ ਜੇ..?" ਵਿਚੋਲੇ ਨੇ ਡਰ ਦੱਸਿਆ।
-''ਖੌਂਸੜੇ...! ਖੌਂਸੜੇ ਨਾ ਖਾਊਗਾ..? ਵੇ ਮੇਰੇ ਮੂਹਰੇ ਤਾਂ ਕਦੇ ਉਹਦਾ ਪਿਉ ਨੀ ਸੀ ਕੁਸਕਿਆ, ਇਹਨੇ ਤਾਂ ਕੀ ਸਾਹ ਕੱਢਣੈਂ..? ਮੈਂ ਤਾਂ ਜੇ ਆਈ 'ਤੇ ਆ ਜਾਂ, ਸਰਾਲ਼ ਮਾਂਗੂੰ ਸਾਹ ਪੀਣ ਆਲ਼ੀ ਐਂ...!"
-''ਬਾਘਰੂ...! ਕਿਤੇ ਸੰਤ ਸਿਉਂ ਨੂੰ ਤੂੰ ਈ ਤਾਂ ਨੀ ਗੱਡੀ ਚਾੜ੍ਹਤਾ ਸੀ..?"
-''ਵੇ ਤੂੰ ਮੈਥੋਂ ਕਿਤੇ ਮੂੰਹ ਨਾ ਭੰਨਾ ਲੀਂ..! ਅਖੇ ਅੰਨ੍ਹਾਂ ਜੁਲਾਹਾ ਤੇ ਮਾਂ ਨਾਲ਼ ਮਛਕਰੀਆਂ..!"
-''ਜਿਸ ਹਿਸਾਬ ਨਾਲ਼ ਤੂੰ ਗੱਲਾਂ ਕਰਦੀ ਐਂ, ਚਰਜ ਵੀ ਕੋਈ ਨੀ..! ਗਲ਼ 'ਗੂਠਾ ਦੇ ਕੇ ਭੜ੍ਹੋਲੇ 'ਚ ਪਾਅਤਾ ਹੋਵੇ..?" ਉਸ ਨੇ ਤਰਕ ਮਾਰ ਕੇ ਵਿਅੰਗ ਨਾਲ਼ ਮੂੰਹ ਵਿੰਗਾ ਕਰ ਲਿਆ।
-''ਤੂੰ ਮੈਥੋਂ ਮੌਰ ਤਾਂ ਨੀ ਤੁੜਾਉਣੇ..?"
-''ਤੂੰ ਤੋੜ ਫੋੜ ਆਲ਼ੀਆਂ ਗੱਲਾਂ ਨਾ ਕਰਿਆ ਕਰ, ਕਦੇ ਸ਼ਾਂਤ ਵੀ ਰਹਿ ਪਿਆ ਕਰ..! ਮੁੰਡਿਆਂ ਨੇ ਪੱਠੇ ਕੁਤਰ ਲਏ ਐ, ਅੱਜ ਤਾਂ ਘੁੱਟ ਲਾ ਕੇ ਈ ਜਾਊਂ, ਤੇਰੀਆਂ ਖੁਸ਼ਕ ਜੀਆਂ ਗੱਲਾਂ ਨੇ ਮੇਰਾ ਤਾਂ ਅੰਦਰ ਖੁਰਚ ਸਿੱਟਿਆ, ਮੈਂ ਕਹਿੰਨੈਂ ਜਮਾਂ ਈ ਖੁਸ਼ਕੀ ਦੀ ਸਿੱਕਰੀ ਪਾ ਧਰੀ, ਅੱਜ ਤਾਂ ਪੈੱਗ ਸ਼ੈੱਗ ਲਾ ਕੇ ਈ ਪਾਊਂ ਚਾਲੇ..!"
-''ਫ਼ੇਰ ਜਾਣਾ ਖੇਹ ਖਾਣ ਐਂ...? ਅੱਜ ਐਥੇ ਈ ਰਹਿ'ਪਾ..!"
-''ਰਹਿ ਤਾਂ ਪਊਂਗਾ, ਜੇ ਸਾਬਤਾ ਈ ਤੋਰ ਦੇਂਗੀ..! ਵੱਢੂੰ-ਖਾਊਂ ਤਾਂ ਤੂੰ ਕਰੀ ਜਾਨੀ ਐਂ..! ਕਿਤੇ ਉਹ ਨਾ ਹੋਵੇ ਬਈ ਮੇਰੇ ਦਾਹ ਸਸਕਾਰ ਦਾ ਪ੍ਰਬੰਧ ਕਰਦੇ ਫ਼ਿਰਨ...?" ਉਹ ਹਰ ਕੌਰ ਵੱਲ ਟੇਢੀ ਨਜ਼ਰ ਝਾਕਿਆ।
ਹਰ ਕੌਰ ਨੂੰ ਸੁਣਿਆਂ ਨਹੀਂ ਸੀ। ਉਸ ਦਾ ਧਿਆਨ ਪੱਠੇ ਕੁਤਰ ਰਹੇ ਮੁੰਡਿਆਂ ਵੱਲ ਚਲਿਆ ਗਿਆ ਸੀ।
-''ਵੇ ਮੁੰਡਿਓ...!"
-''ਹਾਂ ਬੇਬੇ...?"
-''ਵੇ ਜੇ ਪੱਠੇ ਕੁਤਰ ਲਏ, ਐਹਨੂੰ ਦਿਓ ਮੂਤ ਪੀਣ ਨੂੰ, ਕਦੋਂ ਦਾ ਨੀਅਤ ਜੀ ਬੁੜ੍ਹਕਾਈ ਜਾਂਦੈ..!"
-''ਨੁਹਾ ਦਿਆਂਗੇ ਤਾਈ, ਨੁਹਾ..! ਤੂੰ ਕੋਈ ਖ਼ੁਸ਼ਖ਼ਬਰੀ ਤਾਂ ਕੱਢ ਮੂੰਹ 'ਚੋਂ..!" ਗੇਜਾ ਮਸ਼ੀਨ ਗੇੜਦਾ ਬੋਲਿਆ।
-''ਤੂੰ ਖ਼ੁਸ਼ਖ਼ਬਰੀ ਸੁੱਕੀ ਈ ਸੁਣਨ ਨੂੰ ਫ਼ਿਰਦੈਂ...?"
-''ਫ਼ੁੱਫ਼ੜਾ, ਤੇਰੀ ਜਾਨ ਨੂੰ ਲੱਡੂਆਂ ਦਾ ਘਾਟੈ..?"
-''ਲੱਡੂ ਤਾਂ ਹਰ ਕੁਰ ਈ ਬਥੇਰੇ ਖੁਆਦੂ ਮੈਨੂੰ, ਤੂੰ ਮੂੰਹ ਕੌੜਾ ਕਰਵਾਉਣ ਦੀ ਗੱਲ ਕਰ ..!"
-''ਦੇਖ ਕਿਮੇਂ ਲੱਲੀ ਲੱਗੀ ਐ ਰੁੜ੍ਹ ਜਾਣੇ ਬੋਕ ਨੂੰ..!"
-''ਤੇ ਲੱਲੀ ਲੱਗੇ ਨ੍ਹਾਂ..? ਮੈਂ ਐਮੇ ਈ ਛਿੱਤਰ ਘੜ੍ਹੀਸਦਾ ਫ਼ਿਰਦੈਂ...? ਕਦੇ ਉਹਨਾਂ ਦੀਆਂ ਲਾਅਲ਼ਾਂ ਚੱਟਦੈਂ, ਤੇ ਕਦੇ ਥੋਡੀਆਂ..! ਨ੍ਹਾ ਬਿਆਹ ਤੋਂ ਮਗਰੋਂ ਮੈਨੂੰ ਕਿਹੜਾ ਪਿਲਛਣ ਲੱਗਜੂ, ਹੈਂਅ..?" ਫ਼ੁੱਫ਼ੜ ਵੱਟ ਖਾ ਗਿਆ।
-''ਦੇਖ ਕਿਮੇ ਜਾਨ ਨਿਕਲਦੀ ਐ ਟੁੱਟੜੇ ਦੀ..!"
-''ਨ੍ਹਾ ਜਾਨ ਟੁੱਟੇ ਨਾ..? ਜੇ ਸਰੀਰ ਤੇਲ 'ਤੇ ਚੱਲਦਾ ਹੁੰਦਾ, ਤੂੰ ਤਾਂ ਉਹ ਵੀ ਨੀ ਸੀ ਪੁਆਉਣਾ ਹਰ ਕੁਰੇ, ਸੁੱਕਾ ਈ ਦੱਬੀ ਫ਼ਿਰਨਾ ਸੀ, ਚਾਹੇ ਵਿੱਚ ਦੀ ਧੂੰਆਂ ਨਿਕਲ਼ ਜਾਂਦਾ..!"
-''ਗੱਲਾਂ ਦੇਖ ਅੱਗ ਲੱਗੜੇ ਨੂੰ ਕਿੰਨੀਆਂ ਆਉਂਦੀਐਂ..! ਗੱਲੀਂ ਵਾਰੇ ਨੀ ਆਉਣ ਦਿੰਦਾ..!"
-''ਜੇ ਗੱਲਾਂ ਨਾ ਆਉਂਦੀਆਂ ਹੁੰਦੀਆਂ, ਤਾਂ ਲੋਕਾਂ ਦੇ ਟੂਟਲ਼ ਜੇ ਜੁਆਕ ਕਿਮੇ ਵਿਆਹੁੰਦਾ ਵਿਚੋਲਾ ਬਣ ਕੇ...? ਇਹ ਵੀ ਗੱਲਾਂ ਨਾਲ਼ ਈ ਵਿਆਹੇ ਜਾਂਦੇ ਐ, ਨਹੀਂ ਅਣਪੜ੍ਹ ਲਾਣਾ ਵਿਆਹੁੰਣਾ ਸੌਖਾ ਥੋੜ੍ਹੋ ਐ..?" ਫ਼ੁੱਫ਼ੜ ਕੋਝਾ ਵਾਰ ਕਰ ਗਿਆ।
-''..............।" ਹੱਡ 'ਤੇ ਵੱਜੀ ਕਰ ਕੇ ਹਰ ਕੌਰ ਚੁੱਪ ਕਰ ਗਈ।
ਪਸ਼ੂਆਂ ਨੂੰ ਪੱਠੇ ਪਾ ਕੇ ਉਹਨਾਂ ਨੇ ਬੋਤਲ ਖੋਲ੍ਹ ਲਈ।
ਤਿੰਨਾਂ ਵਿੱਚ ਗਿਲਾਸ ਘੁਕ ਰਿਹਾ ਸੀ।
ਸਾਗ ਵਾਲ਼ੀ ਕੌਲੀ ਗੇੜੀਂ ਪਈ ਹੋਈ ਸੀ।
ਪੈਂਦੀ ਸੱਟੇ ਉਹਨਾਂ ਨੇ ਇੱਕ ਬੋਤਲ ਸੂਤ ਧਰੀ।
-''ਇੱਕ ਅੱਧੀ ਹੋਰ ਕੱਢ, ਅਜੇ ਤਾਂ ਓਸ ਗੱਲ ਦੇ ਆਖਣ ਮਾਂਗੂੰ ਧਰਨ ਵੀ ਨੀ ਗਿੱਲੀ ਹੋਈ..!" ਫ਼ੁੱਫ਼ੜ ਦੀਆਂ ਅੱਖਾਂ ਵਿੱਚ ਨਸ਼ਾ ਡੋਲਣ ਲੱਗ ਪਿਆ, ''ਨਾਲ਼ੇ ਜਾਹ ਕੋਈ ਦਾਲ਼ ਸਬਜ਼ੀ ਲਿਆ ਫ਼ੜ ਕੇ, ਸੁੱਕੀ ਤਾਂ ਖਸਮਾਂ ਨੂੰ ਖਾਣੀਂ ਆਰੀ ਮਾਂਗੂੰ ਵਾਂਢ ਕਰੀ ਜਾਂਦੀ ਐ...!"
-''ਬੇਬੇ....!" ਜੋਗੇ ਨੇ ਮਾਂ ਨੂੰ ਹਾਕ ਮਾਰੀ।
-''ਵੇ ਹੋਅ....?"
-''ਨਾਲ਼ ਖਾਣ ਨੂੰ ਦੇਹ ਕੁਛ...!"
-''ਬੇਬੇ ਤਾਂ ਮੈਂ ਕਹਿੰਨੈ ਤੈਨੂੰ ਕਿਤੇ ਬੋਤਾ ਨਾ ਭੁੰਨ ਦੇ..  ?"
ਫ਼ੁੱਫ਼ੜ ਦੇ ਕਹਿਣ 'ਤੇ ਸਾਰੇ ਹੱਸ ਪਏ।
-''ਤੂੰ ਹਟਜਾ ਲਿੱਚ-ਗੜਿੱਚੀਆਂ ਕਰਨੋਂ..!" ਹਰ ਕੌਰ ਸਾਗ ਦੀ ਬਾਟੀ ਚੁੱਕੀ ਅੰਦਰ ਆਉਂਦੀ ਹੋਈ ਬੋਲੀ।
-''ਹੁਣ ਮੈਂ ਕੀ ਲਿੱਚ-ਗੜਿੱਚੀ ਕੀਤੀ ਐ..? ਕਿਉਂ ਮੁੰਡਿਓ, ਮੈਂ ਬੋਲਿਐਂ ਕੁਛ...? ਨ੍ਹਾਂ ਦੱਸੋ ਬੋਲਿਐਂ..? ਹਰ ਕੁਰੇ, ਤੇਰਾ ਵੀ ਸ਼ੱਕੀ ਸੁਭਾਅ ਨੀ ਸੁਧਰਨਾ..!"
-''ਹੁਣ ਤਾਂ ਅੱਗੇ ਜਾ ਕੇ ਈ ਸੁਧਰੂ...!" ਉਸ ਨੇ ਬਾਟੀ ਉਹਨਾਂ ਅੱਗੇ ਰੱਖ ਦਿੱਤੀ।
-''ਕਿਉਂ ਢਹਿੰਦੀ ਕਲਾ ਆਲ਼ੀਆਂ ਗੱਲਾਂ ਕਰਦੀ ਹੁੰਨੀ ਐਂ..? ਅਜੇ ਤਾਂ ਨੂੰਹ ਦੇ ਹੱਥ ਦੇ ਗੁਲਗਲੇ ਛਕਣੇ ਐਂ, ਤੇ ਨਾਲ਼ੇ ਖਿਡਾਉਣੇ ਐਂ ਪੋਤੇ..!"
-''ਲੈ ਫ਼ੁੱਫ਼ੜਾ, ਨੂੰਹ ਦੇ ਗੁਲਗਲਿਆਂ ਦੇ ਨਾਂ ਨੂੰ ਅਗਲੀ ਸ਼ੀਸ਼ੀ...!" ਗੇਜੇ ਨੇ ਇੱਕ ਖੂੰਜਿਓਂ ਬੋਤਲ ਚੁੱਕ ਕੇ ਅੱਗੇ ਰੱਖ ਦਿੱਤੀ।
-''ਓਏ ਨਹੀਂ ਰੀਸਾਂ ਓਏ ਜਿਉਣ ਜੋਕਰਿਆ...!" ਉਸ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ, ''ਵਾਰੇ ਬਲਿਹਾਰੇ ਜਾਵਾਂ ਤੇਰੇ..! ਜੇ ਥੋਡੇ ਅਰਗਾ ਜਿਗਰਾ ਹਰ ਕੁਰ ਦਾ ਹੁੰਦਾ, ਹੁਣ ਨੂੰ ਐਸ ਘਰੇ ਰੰਗ ਭਾਗ ਲੱਗੇ ਹੋਣੇ ਸੀ..!" ਜਾਂਦੀ ਹਰ ਕੌਰ ਦੀ ਪਿੱਠ ਵੱਲ ਦੇਖ ਕੇ ਫ਼ੁੱਫ਼ੜ ਬੋਲਿਆ। ਉਸ ਨੇ ਗਿੱਠ ਲੰਮੀ ਜੀਭ ਕੱਢੀ ਸੀ।
-''ਟਲ਼ਜਾ ਤੂੰ...!" ਹਰ ਕੌਰ ਵਿਹੜੇ ਵਿੱਚੋਂ ਬੋਲੀ, ''ਮੈਂ ਮੱਥੇ 'ਚ ਇੱਟ ਮਾਰ ਕੇ ਟੀਕ ਚਲਾਦੂੰ..!"
-''ਹੋਰ ਤੂੰ ਕੀ ਕਰਨੈਂ...! ਤੇਰੀਆਂ ਆਹੀ ਗੱਲਾਂ ਮੈਨੂੰ ਹੌਲ ਪਾਉਂਦੀਆਂ ਰਹਿੰਦੀਐਂ, ਤਾਂ ਹੀ ਮੈਂ ਆਉਂਦਾ ਨੀ..  !"
-''ਫ਼ੁੱਫ਼ੜਾ ਲੜਾਈ ਝਗੜਾ ਛੱਡ, ਕੋਈ ਕੰਮ ਦੀ ਗੱਲ ਸੁਣਾ...!"
-''ਮੈਂ ਕਦੋਂ ਲੜਦੈਂ...? ਹਰ ਵੇਲ਼ੇ ਸੂਹਣ ਤਾਂ ਹਰ ਕੁਰ ਖੜ੍ਹੀ ਕਰੀ ਰੱਖਦੀ ਐ..! ਧੌਲ਼ੇ ਝਾਟੇ ਆਲ਼ੀ ਹੋਗੀ, ਲੜਾਈ ਝਗੜੇ ਬਿਨਾ ਹੋਰ ਕੁਛ ਨੀ ਆਉਂਦਾ..  ! ਪੈਂਦੀ ਸੱਟੇ ਟੋਕਰੇ ਹੇਠੋਂ ਲੜਾਈ ਕੱਢ ਲੈਂਦੀ ਐ...  !"
ਗੇਜਾ ਪੈੱਗ ਪਾਉਣ ਲੱਗ ਪਿਆ।
-''ਜਦੋਂ ਕੋਈ ਗੱਲ ਕਰੀਏ, ਗਲ਼ ਘੁੱਟਣ ਆਉਂਦੀ ਐ..!"
-''ਬੁੜ੍ਹੀਆਂ ਦਾ ਮਾਜਨਾ ਈ ਕੁਛ ਐਸਾ ਹੁੰਦੈ ਫ਼ੁੱਫ਼ੜ ਸਿਆਂ...! ਲੈ ਚੱਕ, ਮਾਰ ਮੋਰਚਾ...!" ਗੇਜੇ ਨੇ ਦਾਰੂ ਦਾ ਗਿਲਾਸ ਫ਼ੁੱਫ਼ੜ ਦੇ ਹੱਥ ਦੇ ਦਿੱਤਾ। ਫ਼ੁੱਫ਼ੜ ਨੇ ਜਾੜ੍ਹ ਘੁੱਟ ਕੇ ਅੰਦਰ ਸੁੱਟਿਆ। ਟੁੱਟੇ ਤਾਰੇ ਵਾਂਗ ਲੀਕ ਪਾਉਂਦੀ ਦਾਰੂ ਥੱਲੇ ਉਤਰੀ।
-''ਹੌਲ਼ੀ ਮਰਲਾ, ਕੋਈ ਮਗਰ ਪਿਐ...?" ਵਿਹੜੇ ਵਿੱਚ ਬੈਠੀ ਹਰ ਕੌਰ ਬੋਲੀ। ਉਹ ਵਿਹੜੇ ਵਿੱਚ ਮੰਜੇ 'ਤੇ ਬੈਠੀ ਕੋਚਰ ਵਾਂਗ ਝਾਕ ਰਹੀ ਸੀ।
-''ਤੂੰ ਆਬਦੀ ਦੂਰਬੀਨ ਦੀ ਸ਼ਿਸ਼ਤ ਮੇਰੇ 'ਤੇ ਈ ਕਿਉਂ ਸਿੰਨ੍ਹੀਂ ਰੱਖਦੀ ਐਂ..? ਨਾਲ਼ੇ ਜਿਹੜਾ ਕੰਮ ਜਿੰਨੀ ਜਲਦੀ ਨਿੱਬੜਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ..!"
-''ਅਖੇ ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫ਼ਰਿਆ...!"
-''ਅਸੀਂ ਪਾਣੀ ਪੀ ਕੇ ਆਫ਼ਰਨ ਆਲ਼ੇ ਥੋੜ੍ਹੋ ਐਂ..? ਅਸੀਂ ਤਾਂ ਦਾਰੂ ਪੀ ਕੇ ਲਿਟਣ ਆਲ਼ੇ ਐਂ, ਕਿਉਂ ਬਈ ਸ਼ੇਰੋ..?"
-''ਸੋਲ਼ਾਂ ਆਨੇ ਸਹੀ ਕਿਹਾ ਫੱਫੜਾ...!" ਗੇਜਾ ਵੀ ਤੋਤਲਾ ਬੋਲਿਆ।
-''ਤੂੰ ਵੀ ਫ਼ੁੱਫ਼ੜ ਨੂੰ ''ਫੱਫੜ" ਈ ਦੱਸਣ ਲੱਗ ਪਿਆ, ਜੇ ਹਰ ਕੁਰ ਨੇ ਸੁਣ ਲਿਆ, ਪੜਛੱਤੀ ਸਿਰ 'ਤੇ ਚੱਕਲੂ..!"
-''ਰੋਟੀ ਖਾਈਏ ਫ਼ੇਰ...?" ਜੋਗਾ ਵੀ ਦੇਸੀ ਦਾਰੂ ਨਾਲ਼ ''ਬਾਬੂ" ਬਣਿਆਂ ਬੋਲਿਆ।
-''ਅਜੇ ਰੋਟੀ ਖਾਣ ਜੋਕਰੇ ਹੋ ਤਾਂ ਜਾਈਏ ਯਾਰ...! ਅਜੇ ਤਾਂ ਮਸਾਂ ਚਾਅ ਜਿਆ ਚੜ੍ਹਨ ਲੱਗਿਐ ਘੁੱਟ ਲਾ ਕੇ..!"
-''ਜਦੋਂ ਸਾਗ ਦੀ ਬਾਟੀ ਉਤੇ ਡੋਲ੍ਹ ਲਈ, ਇਹ ਤਾਂ ਓਦੋਂ ਖਾਣ ਜੋਕਰਾ ਹੋਊ..!" ਹਰ ਕੌਰ ਨੇ ਮੁੜ ਠੁਣਾਂ ਉਸ ਦੇ ਸਿਰ ਭੰਨਿਆਂ।
-''ਮੈਂ ਤਾਂ ਹਲੂੰਮਾਣ ਦੇਵਤਾ ਬਣ ਕੇ ਖੜ੍ਹਜਾਂ, ਤੂੰ ਤਾਂ ਫ਼ੇਰ ਵੀ ਘੋਰੜੂ ਮੇਰੇ 'ਤੇ ਈ ਵਜਾਉਣੈ..! ਤੇਰਾ ਕੋਈ 'ਲਾਜ ਨੀ ਹਰ ਕੁਰੇ..! ਰੱਬ ਜਾਣੇ ਤੇਰਾ ਮੇਰੇ ਨਾਲ਼ ਕੀ ਬੈਰ ਐ..? ਪਾ ਭੋਰਾ ਜਿਉਣ ਜੋਕਰਿਆ, ਨਕਾਲ਼ ਨੀ ਮਰਨ ਦੇਈਦਾ, ਨਹੀਂ ਸਾਰਾ ਕੀਤਾ ਕਰਾਇਆ ਖੂਹ 'ਚ ਪੈ ਜਾਂਦੈ..! ਹਰ ਕੁਰ ਤਾਂ ਮੇਰੀ ਜਾਨ ਲੈ ਕੇ ਦਮ ਲਊ..!"  
-''ਹੁਕਮ ਕਰ ਫ਼ੁੱਫ਼ੜਾ..!" ਗੇਜੇ ਦੀ ਜਗਾਹ ਜੋਗੇ ਨੇ ਦਾਰੂ ਗਿਲਾਸ ਵਿੱਚ ਉਲੱਦ ਦਿੱਤੀ।
-''ਮੈਂ ਰੋਟੀਆਂ ਲਾਹ ਕੇ ਰੱਖ ਦਿੰਨੀ ਐਂ, ਜਦੋਂ ਡੱਫ਼ ਲਈ, ਆਪ ਈ ਖਾ ਲਿਓ, ਨਹੀਂ ਮੈਂ 'ਨ੍ਹੇਰੇ 'ਚ ਹੱਥ ਫ਼ੂਕੀ ਜਾਊਂਗੀ..!"
-''ਇਹ ਵਧੀਆ ਗੱਲ ਐ..! ਤੂੰ ਕੰਮ ਨਬੇੜ ਕੇ ਪੈ, ਸਾਡੀ ਚਿੰਤਾ ਨਾ ਕਰ..!"
ਉਹ ਦੇਰ ਰਾਤ ਤੱਕ ਦਾਰੂ ਪੀਂਦੇ ਰਹੇ।


...ਚਲਦਾ... ਅਗਲੀ ਕਿਸ਼ਤ ਅਗਲੇ ਹਫ਼ਤੇ

ਲੜੀਵਾਰ ਨਾਵਲ : ਕੁੱਲੀ ਯਾਰ ਦੀ ਸੁਰਗ ਦਾ ਝੂਟਾ - ਸ਼ਿਵਚਰਨ ਜੱਗੀ ਕੁੱਸਾ

(ਕਾਂਡ 1)

''ਕੁੱਲੀ ਯਾਰ ਦੀ ਸੁਰਗ ਦਾ ਝੂਟਾ,
ਮੈਂ ਅੱਗ ਲਾਵਾਂ ਮਹਿਲਾਂ ਨੂੰ...!"


    ਸਰਦੀਆਂ ਦੇ ਦਿਨ ਸਨ।
    ਗੁਲਾਬੀ ਠੰਢ ਵਰ੍ਹਦੀ ਸੀ।
    ਪਿਛਲੇ ਦਿਨਾਂ ਵਿੱਚ ਠਾਰੀ ਨੇ ਲੋਕਾਂ ਦੀਆਂ ਕੋਕੜਾਂ ਕਰ ਮਾਰੀਆਂ ਸਨ। ਸਾਰੀ ਰਾਤ ਅਤੇ ਅੱਧਾ ਦਿਨ ਧੁੰਦ ਪੈਂਦੀ ਸੀ। ਸੂਰਜ ਦੇਵਤਾ ਤਾਂ ਕਿਤੇ ਦੁਪਿਹਰ ਵੇਲ਼ੇ ਜਾ ਕੇ ਦਰਸ਼ਣ ਦਿੰਦਾ ਸੀ। ਪਰ ਐਨਾਂ ਸ਼ੁਕਰ ਸੀ ਕਿ ਬਰਫ਼ ਵਾਂਗ ਪੈਂਦੀ ਸਰਦੀ ਨੇ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਇਸ ਗੱਲੋਂ ਜ਼ਿੰਮੀਦਾਰ ਕੁਝ ਹਲਕਾ ਅਤੇ ਸੌਖਾ ਮਹਿਸੂਸ ਕਰਦੇ ਸਨ। ਦਿਨੇ ਵੀ ਪਸ਼ੂਆਂ ਦੀ ਪਿੱਠ ਤੋਂ ਝੁੱਲ ਨਹੀਂ ਲਹਿੰਦਾ ਸੀ। ਠੰਢ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ ਸੀ।
    ਪਰ ਅੱਜ ਦਿਨ ਬੜਾ ਨਿੱਘਾ ਅਤੇ ਸੁਹਾਵਣਾ ਸੀ।
ਤਿੱਖੀ ਨਿਕਲ਼ੀ ਧੁੱਪ ਪਿੰਡੇ ਤੋਂ ਚੂੰਢੀ ਭਰਦੀ ਸੀ। ਕਈ ਦਿਨਾਂ ਬਾਅਦ ਸੂਰਜ ਦੇ ਨਿੱਘ ਨੇ ਠਾਰੀ ਦਾ ਮੂੰਹ ਭੰਨਿਆਂ ਸੀ। ਸ਼ਹਿਰ ਦੀ ਵੱਖੀ ਵੱਲ ਪੈਂਦੀ ਨਹਿਰ ਦਾ ਪਾਣੀ ਕਿਸੇ ਰਮਣੀਕ ਝੀਲ ਦਾ ਭੁਲੇਖਾ ਪਾ ਰਿਹਾ ਸੀ। ਨਹਿਰ ਦੀ ਪਟੜੀ ਤੋਂ ਤੁਰਦੇ ਜੋਗਾ ਸਿੰਘ ਨੇ ਪੁਲ਼ 'ਤੇ ਆਣ ਕੇ ਪਿੰਡ ਜਾਣ ਵਾਲ਼ੀ ਬੱਸ ਫ਼ੜ ਲਈ। ਬੱਸ ਦੀਆਂ ਸਵਾਰੀਆਂ ਕੰਬਲ਼ ਜਾਂ ਟੋਟਿਆਂ ਦੀ ਬੁੱਕਲ਼ ਮਾਰੀ, ਖੰਭ ਜਿਹੇ ਘੁੱਟੀ ਬੈਠੀਆਂ ਸਨ।
ਰੋਡਵੇਜ਼ ਦੀ ਬੱਸ ਵਿੱਚ ਬੈਠਾ ਜੋਗਾ ਸਿੰਘ ਦੂਰ-ਦੂਰ ਤੱਕ ਪਸਰੀ ਹਰਿਆਵਲ ਨੂੰ ਤੱਕ ਸਰਸ਼ਾਰ ਹੋ ਰਿਹਾ ਸੀ। ਦੂਰ ਤੱਕ ਕਾਦਰ ਦੀ ਕੁਦਰਤ ਦੇ ਰੰਗ ਪੱਲਰੇ ਪਏ ਸਨ। ਕਣਕ ਦੇ ਬੂਟੇ ਬੱਲੀਆਂ ਦੀ ਕਲਗੀ ਲਾਈ ਖੜ੍ਹੇ ਹੱਸ ਰਹੇ ਸਨ। ਸਰ੍ਹੋਂ ਦੇ ਫ਼ੁੱਲ ਹਰਿਆਵਲ ਦੀ ਹਿੱਕ 'ਤੇ ਮਸਤੀ ਨਾਲ਼ ਝੂੰਮ ਰਹੇ ਸਨ, ਜਿਵੇਂ ਸੰਦਲੀ ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਪਹਿਨੀਆਂ ਹੋਈਆਂ ਸਨ। ਬੱਸ ਦੀ ਬਾਰੀ ਵਿੱਚੋਂ ਆਇਆ ਹਵਾ ਦਾ ਬੁੱਲਾ ਜੋਗੇ ਨੂੰ ਇੱਕ ਤਰ੍ਹਾਂ ਨਾਲ਼ ਹੁਲ੍ਹਾਰਾ ਦੇ ਗਿਆ ਸੀ। ਫ਼ਸਲਾਂ ਦੀ ਮਹਿਕ ਨੇ ਜਿਵੇਂ ਉਸ ਦੇ ਜ਼ਿਹਨ ਅੰਦਰ ਕਿਸੇ ਚੰਦਨ ਦਾ ਛਿੜਕਾਅ ਕਰ ਦਿੱਤਾ ਸੀ। ਕਿਸੇ ਗ਼ੈਬੀ ਆਨੰਦ ਨਾਲ਼ ਉਸ ਨੇ ਸਾਹ ਉਪਰ ਖਿੱਚਿਆ। ਇੱਕ ਪਾਸੇ ਕਮਾਦ ਦੇ ਖੇਤ ਓਹਲਿਓਂ ''ਭਗਵਾਨ ਤੇਰੀ ਕੁਦਰਤ" ਗਾਉਂਦੇ ਤਿੱਤਰ ਨੇ ਜੋਗੇ ਦੇ ਮਨ ਨੂੰ ਹੋਰ ਮਸਤੀ ਚਾੜ੍ਹ ਦਿੱਤੀ।
    ਬੱਸ ਅੱਡੇ 'ਤੇ ਉੱਤਰ ਜੋਗਾ ਸਿੰਘ ਘਰ ਜਾਣ ਦੀ ਵਜਾਏ ਖੇਤ ਨੂੰ ਹੀ ਸਿੱਧਾ ਹੋ ਗਿਆ।
    ਜੋਗੇ ਦਾ ਸੀਰੀ ਗੇਜਾ ਪੱਠੇ ਵੱਢੀ ਜਾ ਰਿਹਾ ਸੀ।
ਪੱਲੀ ਕੋਲ਼ੋਂ ਦਾਤੀ ਚੁੱਕ ਜੋਗੇ ਨੇ ਵੀ ਬਰਸੀਨ ਨੂੰ ਵਾਢਾ ਧਰ ਲਿਆ।  
    -''ਜਾ ਆਇਆ ਬਾਈ...?" ਗੇਜੇ ਨੇ ਮੀਸਣਾ ਜਿਹਾ ਹਾਸਾ ਹੱਸ ਕੇ ਜੋਗੇ ਨੂੰ ਪੁੱਛਿਆ। ਗੇਜਾ ਜੋਗੇ ਨਾਲ਼ ਲੰਮੇ ਸਮੇਂ ਤੋਂ ਸੀਰੀ ਚੱਲਿਆ ਆ ਰਿਹਾ ਸੀ। ਸੀਰੀ ਜਾਂ ਮਾਲਕ ਵਾਲ਼ੀ ਗੱਲ ਤਾਂ ਉਹਨਾਂ ਵਿੱਚ ਹੈ ਹੀ ਨਹੀਂ ਸੀ, ਉਹਨਾਂ ਦਾ ਤਾਂ ਭਰਾਵਾਂ ਵਾਲ਼ਾ ਪ੍ਰੇਮ ਸੀ। ਦੋਨੋਂ ਇੱਕ ਦੂਜੇ ਉਪਰ ਜਾਨ ਵਾਰਦੇ, ਇੱਕ ਦੂਜੇ ਲਈ ਲਹੂ ਡੋਲ੍ਹਦੇ ਸਨ।
    -''ਹਾਂ, ਜਾ ਆਇਆ...!" ਜੋਗੇ ਨੇ ਹੁੰਗਾਰਾ ਰੂਹ ਨਾਲ਼ ਨਹੀਂ ਸੀ ਭਰਿਆ। ਹੁੰਗਾਰੇ ਵਿੱਚ ਗੜ੍ਹਕਾ ਨਹੀਂ ਸੀ। ਬੱਸ ਹੁੰਗਾਰਾ ਭਰ ਕੇ ਇੱਕ ਤਰ੍ਹਾਂ ਨਾਲ਼ ਵੇਲ਼ਾ ਪੂਰਾ ਜਿਹਾ ਹੀ ਕੀਤਾ ਸੀ।
    -''ਪਈ ਮਿਹਨਤ ਪੱਲੇ ਕਿ ਨਹੀਂ...?"
    -''ਜਿੰਨੀ ਆਸ ਉਮੀਦ ਨਾਲ਼ ਗਿਆ ਸੀ, ਓਨੀ ਨੀ ਪਈ..!"  ਬਰਸੀਨ ਦਾ ਰੁੱਗ ਸੁੱਟਦਿਆਂ ਜੋਗੇ ਨੇ ਬਾਂਹ ਨਾਲ਼ ਮੱਥਾ ਪੂੰਝਿਆ।
    -''ਚਲੋ, ਜਾਂਦੇ ਚੋਰ ਦੀ ਤੜਾਗੀ ਈ ਸਹੀ..! ਹਾੜ੍ਹੀ ਤੱਕ ਤਾਂ ਕੰਮ ਚੱਲੂ..?"
    -''ਹਾਂ, ਹਾੜ੍ਹੀ ਤੱਕ ਜਾਨ ਸੌਖੀ ਰਹੂ, ਅੱਗੇ ਰੱਬ ਰਾਖਾ..! ਔਹ ਲੀਲੀ ਛੱਤ ਆਲ਼ਾ..!"
    -''ਜੱਟ ਦਾ ਤਾਂ ਹੁੰਦਾ ਈ ਰੱਬ ਐ ਬਾਈ ਜੋਗਾ ਸਿਆਂ...!"
    -''ਯਾਰ ਗੇਜਿਆ, ਇੱਕ ਗੱਲ ਸਮਝ ਨੀ ਆਉਂਦੀ..!"
    -''ਕੀ...?"
    -''ਜੀਓ-ਜੀਅ ਜਿੰਮੀਦਾਰ ਨਾਲ਼ ਕਿਹੜਾ ਬੈਰ ਕੱਢਦੇ ਐ..? ਗੌਰਮਿੰਟ ਤੋਂ ਲੈ ਕੇ ਆੜ੍ਹਤੀਏ ਤੱਕ, ਸਾਰੇ ਕੰਜਰ ਝੱਗੇ ਲਾਹੁੰਣ ਨੂੰ ਪੈਂਦੇ ਐ..! ਇਉਂ ਜੱਟ ਕਿੰਨਾਂ ਕੁ ਚਿਰ ਕੱਟੂ..?"
    -''ਆਪਾਂ 'ਕੱਲੇ ਥੋੜ੍ਹੋ ਐਂ ਬਾਈ ਜੋਗਿਆ..? ਸਾਰੀ ਦੁਨੀਆਂ ਦਾ ਆਹੀ ਹਾਲ ਐ...! ਜੀਹਨੂੰ ਮਰਜ਼ੀ ਐ ਹੱਥ ਲਾ ਕੇ ਦੇਖਲਾ, ਅੰਬਿਆ ਪਿਐ..! ਜੱਟ ਤਾਂ ਇਹਨਾਂ ਨੇ ਕੀਤਾ ਪਿਐ, ਖੱਸੀ...!"
    -''ਨਾ ਤਾਂ ਜੱਟ ਨੂੰ ਡੀਜਲ ਦਿੰਦੇ ਐ, ਤੇ ਨਾ ਦਿੰਦੇ ਐ ਬਿਜਲੀ, ਖੇਤੀ ਜੱਟ ਇਹਨਾਂ ਦੀ ਮਾਂ ਦੇ ਘੜੁੱਕੇ ਨਾਲ਼ ਕਰੂ..?"
    -''ਕਾਹਨੂੰ ਕਲ਼ਪੀ ਜਾਨੈਂ..? ਪੱਠੇ ਵੱਢ ਲਏ ਐ, ਆਥਣੇ ਘੁੱਟ ਲਾ ਕੇ ਰੰਗਾਂ 'ਚ ਹੋਵਾਂਗੇ, ਮੈਂ ਰਾਤ ਕੱਢ ਲਈਆਂ ਸੀ ਅੱਠ ਸੀਸੀਆਂ..!" ਗੇਜੇ ਨੇ ਉਸ ਨੂੰ ਠੰਢਾ ਕੀਤਾ।
    -''ਬੱਲੇ...! ਬਾਹਲ਼ਾ ਈ ਤੱਤਾ ਨਿਕਲ਼ਿਆ..!" ਜੋਗੇ ਨੂੰ ਸਾਰੇ ਦੁੱਖ ਭੁੱਲ ਗਏ।
    -''ਜਦੋਂ ਕੋਈ ਕੰਮ ਕਰਨਾ ਹੋਵੇ, ਸੱਜੇ ਨੂੰ ਖੱਬਾ ਥੋੜ੍ਹੋ ਉਡੀਕੀਦੈ..? ਫ਼ੇਰ ਤਾਂ ਓਸ ਗੱਲ ਦੇ ਆਖਣ ਮਾਂਗੂੰ, ਬਾਜ ਆਲ਼ੀ ਫ਼ੁਰਤੀ ਮਾਰੀਦੀ ਐ..!"
    -''ਗੇਜਿਆ, ਅੱਜ ਮੈਨੂੰ ਹਾਸਾ ਬੜਾ ਆਇਆ...!" ਜੋਗੇ ਨੂੰ ਅਚਾਨਕ ਕਿਸੇ ਗੱਲ ਦਾ ਚੇਤਾ ਆ ਗਿਆ।
    -''ਕਿਉਂ...?"
    -''ਮੈਂ ਕਰਾੜਾਂ ਦੇ ਘੋਰਨੇ ਜੇ 'ਚ ਮੂਤਣ ਚਲਿਆ ਗਿਆ, ਜੀਹਨੂੰ ਕੰਜਰ ਦੇ 'ਟੌਲੈਟ' ਕਹਿੰਦੇ ਐ...!"
    -''ਫ਼ੇਰ...!"
    -''ਅੰਦਰ ਸਾਲਿਆਂ ਨੇ ਬਾਲਟੀ ਜਿੱਡਾ ਜੱਗ ਰੱਖਿਆ ਵਾ ਹੱਥ ਧੋਣ ਨੂੰ...! ਮੈਂ ਪੁੱਛਿਆ ਕਰਾੜਾ, ਟੌਲੈਟ 'ਚ ਜੰਗਲ ਪਾਣੀ ਆਲ਼ੇ ਹੱਥ ਧੋਨੇ ਐਂ, ਕਿ ਮੱਝ ਨੁਹਾਉਦੇ ਹੁੰਨੇ ਐਂ...?"
    -''......................।" ਹੱਸਦੇ ਗੇਜੇ ਦੀਆਂ ਵੱਖੀਆਂ ਦੁਖਣ ਲੱਗ ਪਈਆਂ।
    -''ਲਾਅਲੇ ਤਾਂ ਸਾਲ਼ੇ ਫ਼ੇਰ ਵੀ ਠੀਕ ਜੇ ਈ ਹੁੰਦੇ ਐ, ਚੌਗਾਠਾ ਤਾਂ ਬਾਈ ਸਿਆਂ ਲਾਲੀਆਂ ਦਾ ਵੱਡਾ ਹੁੰਦੈ, ਹੱਥ ਧੋਣ ਵਾਸਤੇ ਬਾਲਟੀ ਦੀ ਤਾਂ ਉਹਨਾਂ ਨੂੰ ਲੋੜ ਪੈਂਦੀ ਹੋਣੀ ਐਂ...!"
    -''..........................।" ਦੋਨੋਂ ਫ਼ਿਰ ਹੱਸ ਪਏ।
    -''ਅੱਜ ਦਿਨ ਦੇਖ ਕੈਸਾ ਲੱਗਿਐ..!"
    -''ਸੂਰਜ ਦੇਵਤਾ ਕਈ ਦਿਨਾਂ ਬਾਅਦ ਦਿਆਲ ਹੋਇਐ..!"
    ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਗੁਆਂਢੀਆਂ ਦਾ ਮੁੰਡਾ ਉਹਨਾਂ ਦੇ ਸਿਰ 'ਤੇ ਆ ਖੜ੍ਹਾ।
    -''ਚਾਚਾ, ਤੈਨੂੰ ਘਰੇ ਸੱਦੀਦੈ...!" ਮੁੰਡੇ ਨੇ ਜੋਗੇ ਨੂੰ ਸੁਨੇਹਾਂ ਦਿੱਤਾ।
    -''ਕਿਉਂ...? ਚਾਚੇ ਤੋਂ ਮੱਝ ਨਵੇਂ ਦੁੱਧ ਕਰਵਾਉਣੀ ਐਂ..?" ਗੇਜਾ ਝਹੇਡ ਕਰਦਾ ਹੋਇਆ ਬੋਲਿਆ।
    -''..............।" ਸੰਗਾਊ ਜਿਹਾ ਮੁੰਡਾ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਕਰ ਗਿਆ।
    -''ਤੇਰੀ ਮਾਂ ਨੇ ਤਾਂ ਨੀ ਬੁਲਾਇਆ, ਭਤੀਜ...?" ਜੋਗਾ ਵੀ ਗੁੱਝੀ ਟਿੱਚਰ ਕਰ ਗਿਆ।
    -''ਨਹੀਂ..!" ਉਸ ਨੇ ਸ਼ਰਮ ਨਾਲ਼ ਨੀਵੀਂ ਪਾ ਲਈ। ਉਸ ਦਾ ਮੂੰਹ ਲਾਲ ਝਰੰਗ ਹੋ ਗਿਆ ਸੀ।
    -''ਤੇਰੀ ਮਾਂ ਦੀ ਬਿੱਲੀ ਅੱਖ ਵੀ ਬੰਦੇ ਦੇ ਭੂਰੀ ਕੀੜੀ ਮਾਂਗੂੰ ਲੜਦੀ ਐ...!"
    -''......................।" ਮੁੰਡਾ ਮੁੜ ਹੱਸ ਕੇ ਨੀਂਵੀਂ ਪਾ ਗਿਆ। ਉਹ ਪੈਰ ਦੇ ਅੰਗੂਠੇ ਨਾਲ਼ ਧਰਤੀ ਖੁਰਲ਼ ਰਿਹਾ ਸੀ।
    -''ਹੋਰ ਕੀਹਨੇ ਬੁਲਾਇਐ ਫ਼ੇਰ..?"
    -''ਥੋਡੇ ਘਰੇ ਕੋਈ ਵਿਚੋਲਾ ਆਇਐ, ਬੇਬੇ ਨੇ ਸੱਦਿਐ...!"
    -''ਓਹ ਬੱਲੇ...! ਤੇਰੇ ਮੂੰਹ ਘਿਉ ਸ਼ੱਕਰ, ਪੁੱਤ..!" ਗੇਜਾ ਦਾਤੀ ਸੁੱਟ ਕੇ ਖੜ੍ਹਾ ਹੋ ਗਿਆ, ''ਕਿਸ਼ਤਾਂ 'ਚ ਗੱਲਾਂ ਤੂੰ ਦੱਸਦੈਂ, ਖਸਮਾਂ ਨੂੰ ਖਾਣਿਆਂ..! ਪਹਿਲਾਂ ਨਾ ਸਿੱਧੀ ਗੱਲ ਦੱਸੀ..? ਤੂੰ ਚੱਲ, ਅਸੀਂ ਆਉਨੇ ਐਂ...! ਨਾਲ਼ੇ ਆ ਕੇ ਤੇਰਾ ਮੂੰਹ ਮਿੱਠਾ ਕਰਵਾਉਨੇ ਆਂ...!"
-''...............................।"
    -''ਜਿਉਂਦਾ ਰਹਿ ਜਿਉਣ ਜੋਕਰਿਆ...! ਆਬਦੀ ਮਾਂ ਨੂੰ ਕਹੀਂ ਦਿਉਰ ਦੇ ਸੁਰਮਾਂ ਪਾਉਣ ਆਸਤੇ ਤਿਆਰ ਰਹੇ...! ਕਲਕੱਤਿਓਂ ਪੱਖੀ ਤੇ ਦਿੱਲੀਓਂ ਸੁਰਮੇਦਾਣੀ ਲਿਆ ਕੇ ਦਿਆਂਗੇ...!"
    -''ਤੇ ਨਾਲ਼ੇ ਸੰਵਾਅ ਕੇ ਦਿਆਂਗੇ ਫ਼ੁੱਲਾਂ ਆਲ਼ਾ ਗਰਾਰਾ...! ਦੇਖੀਂ ਫ਼ੇਰ, ਚੱਪਲਾਂ 'ਤੇ ਨਾਚ ਕਰਿਆ ਕਰੂ ਪੱਟ ਹੋਣੀਂ..!"
    -''ਨਾਚ ਕੀ...? ਮੋਰ ਆਂਗੂੰ ਪੈਹਲ੍ਹ ਪਾਊ, ਪੈਹਲ੍ਹ...!"
    -''ਮੈਖਿਆ ਸੱਪ ਮਾਂਗੂੰ ਮੇਹਲੂ...! ਜੇ ਮੇਮਾਂ ਦੇ ਦੇਸ਼ ਜੰਮੀਂ ਹੁੰਦੀ, ਪਰਲੋਂ ਲਿਆ ਦਿੰਦੀ...!"
-''ਤੇ ਹੁਣ ਕਿਹੜਾ ਘੱਟ ਐ...? ਦੇਖਣ ਆਲ਼ੇ ਦਾ ਕਾਲ਼ਜਾ ਕੱਢਦੀ ਐ...!"
    ਹੱਸਦਾ ਅਤੇ ਸੰਗਦਾ ਮੁੰਡਾ ਤੁਰ ਗਿਆ।
    -''ਲੈ ਬਾਈ ਜੋਗਿਆ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ, ਤੂੰ ਤਾਂ ਸੁੱਖ ਨਾ' ਕਰ ਤਿਆਰੀ ਸਿਹਰੇ ਬੰਨ੍ਹਣ ਦੀ..! ਹੋ ਸਕਦੈ ਤੇਰੇ ਨਾਲ਼ ਕਦੇ ਸਾਨੂੰ ਵੀ ਤਿੰਨ ਖੂੰਜੇ ਪਰਾਉਂਠੇ ਮਿਲ਼ ਜਿਆ ਕਰਨ, ਤਾਈ ਦੇ ਹੱਥਾਂ ਦੀਆਂ ਚੱਕੀ ਦੇ ਪੜੂਏ ਅਰਗੀਆਂ ਖਾ-ਖਾ ਕੇ ਤਾਂ ਸਾਲ਼ੀਆਂ ਜਾਭਾਂ ਘਸ ਗਈਆਂ..? ਜੀਭ 'ਤੇ ਅੱਟਣ ਪੈਗੇ..!"
    -''ਪਿੰਡ ਬੱਝਿਆ ਨੀ, ਤੇ ਮੰਗਤੇ ਪਹਿਲਾਂ..!"
-''...............।" ਗੇਜਾ ਹੱਸ ਪਿਆ।
    -''ਤੇਰੀ ਵੀ ਓਹ ਗੱਲ ਐ, ਅਖੇ ਸੂਤ ਨਾ ਪਤਾਣ, ਜੁਲਾਹੇ ਨਾ' ਠੇਂਗੋ ਠੇਂਗੀ..!"
    -''ਸੂਤ ਪਤਾਣ ਕਾਹਤੋਂ ਨੀ..? ਜਿਹੜਾ ਵਿਚੋਲਾ ਆਇਐ, ਕੁਛ ਨਾ ਕੁਛ ਤਾਂ ਲੈ ਕੇ ਆਇਆ ਹੋਊ..? ਵਿਚੋਲਾ ਤਾਂ ਮਿੱਟੀ ਦਾ ਮਾਣ ਨੀ ਹੁੰਦਾ..! ਚੱਲ, ਚੱਲ ਕੇ ਮੂੰਹ ਸੁੰਘੀਏ..!" ਗੇਜੇ ਨੇ ਹਿੰਮਤ ਅਤੇ ਹੌਂਸਲੇ ਨਾਲ਼ ਪੱਠੇ ਰੇੜ੍ਹੀ ਵਿੱਚ ਲੱਦਣੇ ਸ਼ੁਰੂ ਕਰ ਦਿੱਤੇ। ਉਸ ਦੇ ਅੰਦਰ ਕੋਈ ਕੁਤਕੁਤੀ ਹੋਈ ਸੀ।
    -''ਚੱਲ ਪੁੱਤ ਮੇਰਿਆ, ਹੋ ਖੜ੍ਹਾ..! ਅੱਜ ਬਾਈ ਦਾ ਘਰ ਵਸਣ ਲੱਗਿਐ...!" ਉਸ ਨੇ ਰੇੜ੍ਹੀ ਕੋਲ਼ ਬੈਠੇ ਵਹਿੜ੍ਹਕੇ ਦੇ ਪਰੈਣੀ ਦੀ ਪੋਲੀ ਜਿਹੀ ਹੁੱਝ ਮਾਰੀ, ਵਹਿੜ੍ਹਕਾ ਲੱਗਦੇ ਹੱਥ ਹੀ ਖੜ੍ਹਾ ਹੋ ਗਿਆ ਅਤੇ ਉਸ ਨੇ ਕੰਨ ਹਿਲਾਏ।
    -''ਤੂੰ ਰੇੜ੍ਹੀ ਲੈ ਕੇ ਚੱਲ ਬਾਈ..! ਮੈਂ ਦੋ ਬੋਤਲਾਂ ਚੱਕ ਲਿਆਵਾਂ..! ਵਿਚੋਲੇ ਦਾ ਮੂੰਹ ਬਕਬਕਾ ਕਰਾਂਗੇ..!" ਉਹ ਖੇਤ ਵਾਲ਼ੇ ਕੋਠੇ ਵੱਲ ਨੂੰ ਭੱਜ ਲਿਆ।
    -''ਅਖੇ ਜੁਆਕ ਦਾ ਪੱਜ, ਤੇ ਬਾਬੇ ਦਾ ਰੱਜ...! ਬਚੋਲੇ ਦਾ ਤਾਂ ਇੱਕ ਬਹਾਨਾ ਈ ਐ, ਕਮਲ਼ੇ ਤਾਂ ਆਪਾਂ ਹੋਣੈਂ...!"
    -''ਤੂੰ ਤਾਂ ਜਾਣੀਂ ਜਾਣ ਐਂ, ਦਿਲਾਂ ਦੀਆਂ ਬੁੱਝਣ ਆਲ਼ਾ....।" ਭੱਜਿਆ ਜਾਂਦਾ ਗੇਜਾ ਹੱਸ ਪਿਆ।
-''ਛੇਤੀ ਆਜੀਂ...! ਕਿਤੇ 'ਕੱਲਾ ਈ ਡੁੱਘੂ ਨਾ ਲਾਉਣ ਲੱਗਪੀਂ..!" ਜੋਗੇ ਨੇ ਸੁਣਾਈ ਕੀਤੀ।
    -''ਕਾਣੀਂ ਵੰਡ ਜਮਾਂ ਨੀ ਕਰਦਾ, ਬਾਈ..! ਤੇਰੀ ਗੈਰਹਾਜਰੀ 'ਚ ਤਿੱਪ ਨੀ ਅੰਦਰ ਜਾਊ..!" ਉਹ ਭੱਜਿਆ ਜਾਂਦਾ ਕਹਿ ਰਿਹਾ ਸੀ।
    -''ਤੇਰਾ 'ਤਬਾਰ ਜਿਆ ਘੱਟ ਈ ਐ ਮੈਨੂੰ, ਦਾਰੂ ਦੇਖ ਕੇ ਕਦੇ-ਕਦੇ ਤੈਨੂੰ ਵੀ ਗਧੇ ਆਲ਼ਾ ਹੀਂਗਣਾਂ ਉਠ ਖੜ੍ਹਦੈ...!" ਜੋਗੇ ਨੇ ਰੇੜ੍ਹੀ ਤੋਰ ਲਈ। ਪਰ ਗੇਜੇ ਨੂੰ ਕੁਛ ਨਹੀਂ ਸੁਣਿਆਂ ਸੀ। ਉਹ ਦਾਰੂ ਦੇ ਚਾਅ ਵਿੱਚ ਦੁੜਕੀ ਚਾਲ ਦੂਰ ਨਿਕਲ਼ ਗਿਆ ਸੀ। ਘਰ ਦੀ ਕੱਢੀ ਦਾਰੂ ਉਸ ਨੂੰ ਘਿਉ ਵਾਂਗ ਲੱਗਦੀ ਸੀ।
    ਘਰ ਪਹੁੰਚਣ ਤੋਂ ਪਹਿਲਾਂ ਹੀ ਗੇਜਾ ਜੋਗੇ ਦੀ ਰੇੜ੍ਹੀ ਨਾਲ਼ ਆ ਰਲ਼ਿਆ।


....ਦੂਜਾ ਕਾਂਡ ਅਗਲੇ ਹਫ਼ਤੇ