ਸਿੱਖਿਆ ਖੇਤਰ ’ਚ ਕਿਉਂ ਪਛੜਿਆ ਪੰਜਾਬ? - ਸੁਖਦੇਵ ਸਿੰਘ ਵਿਰਕ
ਅੱਸੀਵੇਂ ਦਹਾਕੇ ਦੌਰਾਨ ਪੰਜਾਬ ਦੇ ਅਮਨ-ਕਾਨੂੰਨ ਦੇ ਹਾਲਾਤ ਕਾਫੀ ਬਦਲਣੇ ਸ਼ੁਰੂ ਹੋ ਗਏ। ਉਸ ਤੋਂ ਪਹਿਲਾਂ ਸਕੂਲੀ ਸਿੱਖਿਆ ਵਿਚ ਅਧਿਆਪਕਾਂ ਦਾ ਵਿਦਿਆਰਥੀਆਂ ਤੇ ਬਹੁਤ ਚੰਗਾ ਪ੍ਰਭਾਵ ਹੁੰਦਾ ਸੀ। ਮਾਪੇ ਵੀ ਅਧਿਆਪਕਾਂ ਦੇ ਕੰਮ ਤੇ ਵਿਹਾਰ ਵਿਚ ਦਖ਼ਲ ਨਹੀਂ ਦਿੰਦੇ ਸਨ। ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਮਾਪਿਆਂ ਤੋਂ ਵੱਧ ਡਰ ਹੁੰਦਾ ਸੀ। ਅਧਿਆਪਕ ਲਈ ਚੰਗਾ ਮਾੜਾ ਨਤੀਜਾ ਇੱਜ਼ਤ ਬਦਨਾਮੀ ਦਾ ਕਾਰਨ ਬਣ ਜਾਂਦਾ ਸੀ। ਉਸ ਸਮੇਂ ਤੱਕ ਪੇਂਡੂ ਸਕੂਲਾਂ ਦੇ ਬੱਚੇ ਵੀ ਚੰਗੀਆਂ ਪੁਜ਼ੀਸ਼ਨਾਂ ਤੇ ਪਹੁੰਚ ਜਾਂਦੇ ਸਨ ਅਤੇ ਕਾਨਵੈਂਟ ਸਕੂਲਾਂ ਦਾ ਉਦੋਂ ਅਜੇ ਕੋਈ ਬਹੁਤ ਰੁਝਾਨ ਨਹੀਂ ਸੀ।
ਜਿਵੇਂ ਜਿਵੇਂ ਪੰਜਾਬ ਦੇ ਹਾਲਾਤ ਬਦਲਣ ਲੱਗੇ, ਪੇਂਡੂ ਖੇਤਰਾਂ ਵਿਚ ਖਾਸ ਤੌਰ ਤੇ ਮਾਝੇ ਖਿੱਤੇ ਵਿਚ ਪਹਿਲਾਂ ਅਤੇ ਬਾਕੀ ਪੰਜਾਬ ਵਿਚ ਬਾਅਦ ਵਿਚ ਅਮਨ-ਕਾਨੂੰਨ ਦੀ ਹਾਲਤ ਖਰਾਬ ਹੋਣ ਲੱਗੀ, ਉਵੇਂ ਉਵੇਂ ਸ਼ਹਿਰੀ ਅਧਿਆਪਕ ਪਿੰਡਾਂ ਵਿਚ ਜਾਣ ਤੋਂ ਘਬਰਾਉਣ ਲੱਗੇ। ਪਿੰਡਾਂ ਵਿਚ ਵਿਦਿਆਰਥੀ ਅਧਿਆਪਕਾਂ ਨੂੰ ਡਰਾਉਣ ਲੱਗੇ। ਇੱਥੋਂ ਤੱਕ ਕਿ ਸਾਰੇ ਸਕੂਲ ਵਿਚ ਸਮੂਹਿਕ ਨਕਲ ਕਰਵਾਉਣ ਦੇ ਧਮਕੀ ਸੰਦੇਸ਼ ਵੀ ਆਉਣ ਲੱਗ ਪਏ। ਸਕੂਲਾਂ ਦੀਆਂ ਵਰਦੀਆਂ ਤੇ ਸਕੂਲਾਂ ਦਾ ਵਾਤਾਵਰਨ ਬਦਲ ਗਏ। ਉਸ ਸਮੇਂ ਪੜ੍ਹ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਹਿਜੇ ਹੀ ਇਸ ਨੂੰ ਅਪਣਾ ਲਿਆ ਤੇ ਅਧਿਆਪਕਾਂ ਨੇ ਵੀ ਇਸ ਡਰ ਨੂੰ ਤਸਲੀਮ ਕਰ ਲਿਆ। ਪੰਜਾਬ ਵਿਚੋਂ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਦਾ ਪੁਰਾਣਾ ਸੱਭਿਆਚਾਰ ਉਡਾਰੀ ਮਾਰ ਗਿਆ ਜਿਸ ਨਾਲ ਸਾਡੀਆਂ ਨਸਲਾਂ ਦਾ ਭਵਿੱਖ ਤੈਅ ਹੋਣਾ ਸੀ।
ਸਾਲ 1992 ਵਿਚ ਦੁਨੀਆ ਦੇ ਖੁੱਲ੍ਹੇ ਵਪਾਰ ਨੇ ਭਾਰਤ ਨੂੰ ਮੰਡੀ ਦੇ ਰੂਪ ਵਿਚ ਵਿਕਸਤ ਕੀਤਾ। ਇਸ ਨਾਲ ਦੁਨੀਆ ਭਰ ਵਿਚੋਂ ਟੀਵੀ, ਫਰਿੱਜ, ਵੀਸੀਆਰ ਹੋਰ ਸੁੱਖ ਸਾਧਨ ਹਰ ਘਰ ਵਿਚ ਪੁਹੰਚਣ ਲੱਗੇ। ਇਸ ਨੇ ਬੱਚਿਆਂ ਨੂੰ ਖੇਡ ਮੈਦਾਨਾਂ ਤੋਂ ਮੋੜ ਕੇ ਕਮਰਿਆਂ ਵਿਚ ਬਿਠਾ ਦਿੱਤਾ। ਆਥਣ ਵੇਲੇ ਪਰਿਵਾਰ ਦੇ ਇਕੱਠੇ ਬੈਠ ਕੇ ਗੱਲਾਂ ਕਰਨ ਦੀ ਜਾਂ ਕਹਿ ਲਵੋ ਮਾਪਿਆਂ ਤੇ ਬੱਚਿਆਂ ਦੀ ਸੰਸਕਾਰਾਂ ਦੀ ਸਾਂਝ ਵੀ ਖਤਮ ਕਰ ਹੋਣ ਲੱਗੀ। ਨਵੇਂ ਆਏ ਮੋਟਰਸਾਈਕਲਾਂ ਨੇ ਸਾਈਕਲਾਂ ਨੂੰ ਤੂੜੀ ਵਾਲੇ ਕੋਠਿਆਂ ਵਿਚ ਸੁਟਵਾ ਦਿੱਤਾ। ਇਸ ਦਹਾਕੇ ਵਿਚ ਨੌਜਵਾਨੀ ਪੜ੍ਹਾਈ ਤੋਂ ਵਿਰਵੀ ਹੋਣ ਲੱਗੀ ਤੇ ਸਰੀਰਕ ਪੱਖੋਂ ਨਕਾਰਾ ਵੀ। ਕੌਮੀ ਤੇ ਕੌਮਾਂਤਰੀ ਪੱਧਰ ਤੇ ਖੇਡਾਂ ਵਿਚ ਪੰਜਾਬੀ ਘਟ ਗਏ। ਕੌਮੀ ਪੱਧਰ ਦੀਆਂ ਬੌਧਿਕ ਪ੍ਰੀਖਿਆਵਾਂ ਵਿਚ ਵੀ ਪੰਜਾਬੀਆਂ ਦੀ ਹਾਜ਼ਰੀ ਨਾ-ਮਾਤਰ ਹੀ ਰਹੀ। ਇਸ ਸਮੇਂ ਦੌਰਾਨ ਹੀ ਪੰਜਾਬ ਵਿਚ ਕਾਨਵੈਂਟ ਤੇ ਅੰਗਰੇਜ਼ੀ ਸਕੂਲਾਂ ਦਾ ਰੁਝਾਨ ਤੁਰ ਪਿਆ। ਸਰਕਾਰੀ ਸਕੂਲ ਤੇ ਅਧਿਆਪਕ ਪਿਛਲੀ ਕਤਾਰ ਵੱਲ ਧੱਕੇ ਗਏ ਜਿਸ ਨਾਲ ਸਰਕਾਰੀ ਸਿੱਖਿਆ ਤੰਤਰ ਦੀਆਂ ਸੇਵਾਵਾਂ ਪੜ੍ਹਾਈ ਨਾਲੋਂ ਹੋਰ ਅਹਿਮ ਡਿਊਟੀਆਂ ਵਿਚ ਲਈਆਂ ਜਾਣ ਲੱਗੀਆਂ। ਇਸ ਸਮੇਂ ਸਿਆਸੀ ਪਾਰਟੀਆਂ ਫਿਰ ਮੈਦਾਨ ਵਿਚ ਆ ਗਈਆਂ ਜਿਨ੍ਹਾਂ ਨੂੰ ਵਿਹਲੀ ਫਿਰਦੀ ਜਵਾਨੀ ਰਾਸ ਆ ਗਈ ਤੇ ਬੜੀ ਚਲਾਕੀ ਨਾਲ ਜਵਾਨੀ ਨੂੰ ਵਰਤਿਆ। ਵਿਹਲੀ ਨੌਜਵਾਨੀ ਨੂੰ ਸਿਆਸੀ ਹਲਕਿਆਂ ਦੀ ਠਾਠ-ਬਾਠ ਚੰਗੀ ਲੱਗੀ ਤੇ ਬਹੁਤਿਆਂ ਨੇ ਤਾਂ ਇਸ ਵਾਸਤੇ ਮਾਪਿਆਂ ਦੀਆਂ ਜ਼ਮੀਨਾਂ ਵੀ ਲੇਖੇ ਲਾ ਦਿੱਤੀਆਂ ਤੇ ਉਨ੍ਹਾਂ ਵਿਚੋਂ ਬਹੁਤ ਘੱਟ ਨੇ ਇਸ ਵਿਚੋਂ ਕੁਝ ਖੱਟਿਆ।
ਸਾਲ 2000 ਤੋਂ ਬਾਅਦ ਦੇ ਦਹਾਕੇ ਤੋਂ ਭਾਵੇਂ ਪਹਿਲਾਂ ਹੀ ਜ਼ਮੀਨਾਂ ਦੇ ਭਾਅ ਵਧਣੇ ਸ਼ੁਰੂ ਹੋ ਗਏੇ ਸਨ ਪਰ ਇਸ ਦਹਾਕੇ ਵਿਚ ਜ਼ਮੀਨਾਂ ਦੇ ਭਾਅ ਤਾਂ ਗੁਣਾਂ ਦੇ ਪਹਾੜੇ ਵਾਂਗੂ ਵਧੇ ਜਿਸ ਨੇ ਪੇਂਡੂ ਰਹਿਣੀ ਬਹਿਣੀ ਵਿਚ ਵੱਡੀ ਤਬਦੀਲੀ ਲਿਆਂਦੀ। ਜ਼ਮੀਨ ਦੇ ਮਾਲਕ ਨੌਜਵਾਨਾਂ ਨੇ ਕਿੱਲਾ ਵੇਚ ਕੇ ਕਰਜ਼ੇ ਤੋਂ ਮੁਕਤੀ ਪਾਉਣ ਦਾ ਰਾਹ ਅਖਤਿਆਰ ਕਰ ਲਿਆ। ਜ਼ਮੀਨ ਮਾਲਕ ਆਪਣੇ ਆਪ ਨੂੰ ਨੌਕਰੀਪੇਸ਼ਾ ਤੋਂ ਇੱਕਦਮ ਸੁਖਾਲੇ ਸਮਝਣ ਲੱਗੇ ਤੇ ਪੜ੍ਹਾਈ ਤੇ ਨੌਕਰੀ ਤੋਂ ਜ਼ਮੀਨਾਂ ਦਾ ਮਾਲਕ ਹੋਣਾ ਵੱਧ ਦਿਲਚਸਪ ਲੱਗਣ ਲੱਗਾ। ਪੜ੍ਹਾਈ ਹੋਰ ਨਕਾਰਾ ਜਾਪਣ ਲੱਗੀ। ਕਿਸਾਨ ਝੋਨਾ ਅਤੇ ਕਣਕ ਦੇ ਫਸਲੀ ਚੱਕਰ ਤੇ ਪੂਰੀ ਤਰ੍ਹਾਂ ਨਿਰਭਰ ਹੋ ਗਿਆ। ਦੋਵੇਂ ਫ਼ਸਲਾਂ ਦੀ ਪੈਦਾਵਾਰ ਵਿਚ ਮਸ਼ੀਨੀਕਰਨ ਤੇ ਪਰਵਾਸੀ ਮਜ਼ਦੂਰਾਂ ਨੇ ਕਿਸਾਨ ਦੇ ਪੁੱਤ ਨੂੰ ਖੇਤ ਵਿਚੋਂ ਕੱਢ ਕੇ ਮੋਟਰ ਦੇ ਕੋਠੇ ਤੱਕ ਸੀਮਤ ਕਰ ਦਿੱਤਾ। ਇਸ ਨੇ ਨੌਜਵਾਨੀ ਨੂੰ ਮਿਹਨਤ ਤੋਂ ਵੀ ਨਕਾਰਾ ਕਰਕੇ ਵਿਹਲੜ ਬਣਾ ਦਿੱਤਾ। ਇਸ ਕਾਰਨ ਵਿਹਲੀ ਜਵਾਨੀ ਨਸ਼ਿਆਂ ਦੇ ਰਾਹ ਪੈਣ ਲੱਗੀ।
ਬਦਲੀ ਹੋਈ ਪੇਂਡੂ ਜੀਵਨ ਜਾਚ ਨੇ ਰਿਸ਼ਤਿਆਂ ਵਿਚ ਵੀ ਤਲਖੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਕਿਤਾਬਾਂ ਤੇ ਬੁਜ਼ਰਗਾਂ ਦੀ ਥਾਂ ਤੇ ‘ਸਿਆਣਪ’ ਮੋਬਾਈਲਾਂ ਤੋਂ ਮਿਲਣ ਲੱਗ ਪਈ ਜਿਸ ਦਾ ਸਿੱਟਾ ਅੱਜ ਸਾਰੇ ਭੁਗਤ ਰਹੇ ਹਨ। ਇਨ੍ਹਾਂ ਦੋ ਦਹਾਕਿਆਂ ਵਿਚ ਪੜ੍ਹਾਈ ਵਿਚ ਪਛੜ ਜਾਣਾ, ਖੇਤੀਬਾੜੀ ਵਿਚ ਖੜ੍ਹੋਤ, ਸਰਕਾਰਾਂ ਵੱਲੋਂ ਨੌਜਵਾਨੀ ਦੇ ਭਵਿੱਖ ਪ੍ਰਤੀ ਸੰਵੇਦਨਸ਼ੀਲ ਨਾ ਹੋਣਾ ਤੇ ਪੇਂਡੂ ਸੱਭਿਆਚਾਰ ਦੀ ਖਰਚੀਲੀ ਰਹਿਣੀ-ਬਹਿਣੀ ਨੇ ਪੇਂਡੂ ਪੰਜਾਬ ਨੂੰ ਅਜਿਹੀ ਦਲਦਲ ਵਿਚ ਧੱਕ ਦਿੱਤਾ ਜਿਸ ਮਗਰੋਂ ਸਾਡੇ ਪੰਜਾਬ ਨੂੰ ਵਿਦੇਸ਼ਾਂ ਦਾ ਇਕਲੌਤਾ ਰਾਹ ਦਿਸਿਆ।
ਇਸ ਔਖੇ ਸਮੇਂ ਪੰਜਾਬੀਆਂ ਦੀ ਬਾਂਹ ਸਭ ਤੋਂ ਵੱਧ ਧੀਆਂ ਨੇ ਫੜੀ ਜਿਨ੍ਹਾਂ ਨੂੰ ਜਨਮ ਤੋਂ ਦੁਰਕਾਰਿਆ ਜਾਂਦਾ ਰਿਹਾ ਹੈ। ਧੀਆਂ ਨੇ ਆਈਲੈੱਟਸ ਕਰ ਕੇ ਕੈਨੇਡਾ, ਆਸਟਰੇਲੀਆ ਤੇ ਹੋਰ ਮੁਲਕਾਂ ਵੱਲ ਰੁਖ਼ ਕੀਤਾ। ਜਿੱਥੇ ਉਹ ਪੜ੍ਹੀਆਂ ਵੀ ਤੇ ਕੰਮ ਵੀ ਕੀਤਾ ਤਾਂ ਜੋ ਮਾਪਿਆਂ ਦੇ ਮੋਢਿਆਂ ਦਾ ਬੋਝ ਵੰਡਾਇਆ ਜਾ ਸਕੇ। ਇਸ ਤੋਂ ਪਹਿਲਾਂ ਕੁਝ ਸਾਲ ਭਾਵੇਂ ਧੀਆਂ ਨੂੰ ਐੱਨਆਰਆਈਜ਼ ਨਾਲ ਵਿਆਹੁਣ ਦਾ ਰੁਝਾਨ ਸੀ ਪਰ ਅੱਜ ਲੜਕੀਆਂ ਪੜ੍ਹਾਈ ਵਿਚ ਅੱਗੇ ਹੋਣ ਕਾਰਨ ਆਈਲੈੱਟਸ ਕਰ ਕੇ ਖੁਦ ਜਾ ਰਹੀਆਂ ਹਨ ਤੇ ਸਗੋਂ ਮੁੰਡਿਆਂ ਨੂੰ ਵਿਆਹ ਕੇ ਲਿਜਾਂਦੀਆਂ ਹਨ।
ਖੈਰ, ਵਿਦੇਸ਼ੀਂ ਜਾਣ ਦਾ ਰਸਤਾ ਭਾਵੇਂ ਫਿਲਹਾਲ ਤਾਂ ਰਾਹਤ ਭਰਿਆ ਜਾਪਦਾ ਹੈ ਪਰ ਕੀ ਹੋਵੇਗਾ ਆਉਂਦੇ ਕੁਝ ਸਾਲਾਂ ਵਿਚ? ਇਨ੍ਹਾਂ ਔਲਾਦਾਂ ਦੇ ਮਾਪਿਆਂ ਦਾ ਪੰਜਾਬ ਵਿਚ ਕੌਣ ਸਹਾਰਾ ਬਣੇਗਾ? ਕਿਉਂ ਸਾਡੀ ਨੌਜਵਾਨੀ ਪੰਜਾਬ ਵਿਚ ਜਾਂ ਦੇਸ਼ ਵਿਚ ਵੱਡੇ ਅਹੁਦਿਆਂ ਤੋਂ ਵਾਂਝੀ ਹੋ ਰਹੀ ਹੈ ਤੇ ਕਿਉਂ ਸਾਡੇ ਨੌਜਵਾਨ ਫੌਜ ਦੇ ਕਰਨੈਲ ਜਰਨੈਲ ਨਹੀਂ ਬਣ ਸਕਣਗੇ?
ਸਾਨੂੰ ਸੋਚਣਾ ਤਾਂ ਪਵੇਗਾ ਹੀ ਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਣਾਲੀ ਦੇ ਹਾਣ ਦਾ ਬਣਾਉਣਾ ਹੀ ਪਵੇਗਾ ਤਾਂ ਜੋ ਨੌਜਵਾਨੀ ਨੂੰ ਰੁਜ਼ਗਾਰ ਲਈ ਭਟਕਣਾ ਨਾ ਪਵੇ ਬਲਕਿ ਰੁਜ਼ਗਾਰ ਦੇ ਮੌਕੇ ਉਨ੍ਹਾਂ ਦੀ ਬਰੂਹਾਂ ਤੇ ਹੋਣ ਤੇ ਪੰਜਾਬ ਮੁੜ ਚਹੁੰਪੱਖੀ ਖੁਸ਼ਹਾਲੀ ਦੇ ਰਾਹ ਤੇ ਹੋਵੇ।
ਸੰਪਰਕ : 98767-61561