Surinderjit-Kaur-Canada

ਸਿਤਮ ਸਮੇਂ ਦਾ  - ਸੁਰਿੰਦਰਜੀਤ ਕੌਰ

ਆਕਾਸ਼ ਮੇਰਾ  ਤਾਰਿਆਂ  ਨਾਲ ਹੋ ਭਰਭੂਰ ।
ਛੂਹਣਾ  ਹੈ  ਪਰ  ਕਹਿਕਸ਼ਾਂ ਨੂੰ  ਮੈਂ  ਜ਼ਰੂਰ ।  

ਕਾਲੇ ਕਰਮਾਂ  ਤੋਂ  ਜੋ 'ਨੇਰਾ  ਸੀ  ਮਗ਼ਰੂਰ ,
ਦੇਖ ਤਮਾਚਾ ਇੱਕ ਛਿੱਟ ਚਾਨਣ ਦਾ ਹਜ਼ੂਰ ।

ਖ਼ਾਮੋਸ਼ੀ  ਦੇ  ਬੋਲਾਂ  ਨੂੰ  ਸੁਣ  ਸਿਤਮਗ਼ਰ,
ਬੋਲਣ ਲਈ ਨਾ ਖ਼ਾਮੋਸ਼ੀ ਨੂੰ  ਕਰ ਮਜਬੂਰ ।

ਝਰਨੇ  ਖ਼ਾਰੇ  ਹੰਝੂਆਂ  ਦੇ  ਵੀ  ਡਲਕਦੇ ,
ਸੱਜਣ  ਦਾ ਪਰ ਕੋਸਾ ਅੱਥਰੂ  ਭਰੇ ਸਰੂਰ ।

ਰਹਿ ਰਹਿ ਦੇਵੇਂ  'ਵਾ ਕਿਉਂ  ਦੱਬੀ ਅੱਗ ਨੂੰ,
ਭਾਂਬੜਾਂ ਨੂੰ ਮੱਚਣ ਲਈ  ਨਾ ਕਰ ਮਜਬੂਰ ।

ਟੋਏ, ਟਿੱਬੇ, ਕਿੱਲ, ਕੰਡਿਆਲੀਆਂ ਤਾਰਾਂ ਦਾ,
ਸਮੇਂ  ਸਮੇਂ  ਦੀ  ਰੁੱਤ  ਦਾ ਅਪਣਾ  ਗ਼ਰੂਰ  ।

ਸਨਮਾਨ  ਦਾ ਚਰਚਾ  ਕਰੋ - ਸੁਰਿੰਦਰਜੀਤ ਕੌਰ

ਮੋਢੇ  ਚੁੱਕੀ  ਲਾਸ਼ ਦੇ  ਅਪਮਾਨ  ਦਾ ਚਰਚਾ  ਕਰੋ।
ਲਾਸ਼ ਪਈ ਉਡੀਕਦੀ  ਸ਼ਮਸ਼ਾਨ  ਦਾ ਚਰਚਾ  ਕਰੋ ।

ਬਣਕੇ   ਪਹਿਰੇਦਾਰ ਜੋ  ਰਾਤ  ਭਰ ਲੁੱਟਦਾ ਰਿਹਾ,
ਚੋਰ ਦਾ ਤੇ  ਚੋਰ  ਦੀ  ਸੰਤਾਨ  ਦਾ  ਚਰਚਾ  ਕਰੋ ।

ਮੰਦਰਾਂ  ਦੇ  ਵਿਚ  ਤਾਂ 'ਭਗਵਾਨ' ਪੱਥਰ  ਦਾ ਪਿਆ
ਖ਼ੂਨੀ, ਕਹਿਰੀ ਲਹਿਰ ਦਾ, ਹੈਵਾਨ ਦਾ ਚਰਚਾ ਕਰੋ ।

ਉਸ  ਦੀ ਸੋਚ  ਦੇ ਦੁਆਲੇ  ਗ਼ਰਦ ਤੇ  ਗ਼ੁਬਾਰ ਹੈ,
ਕਿੱਲ, ਕੰਡੇ,  ਮੌਤ  ਦੇ  ਸਾਮਾਨ  ਦਾ ਚਰਚਾ  ਕਰੋ।

ਸਬਜ਼ ਪੁਸ਼ਾਕਾਂ ਪਹਿਨੀ ਖੜ੍ਹੀਆਂ ਫ਼ਸਲਾਂ  ਸਾਡੇ  ਖੇਤ ਦੀਆਂ
ਸੋਨੇ  ਰੰਗੀ  ਮਿੱਟੀ  ਦੇ  ਸਨਮਾਨ  ਦਾ ਚਰਚਾ  ਕਰੋ ।

ਆਪ ਉਸਾਰੇ  ਮੋਰਚਿਆਂ  ਵਿਚ  ਸ਼ਾਹਾਂ ਵਾਂਗੂੰ  ਬੈਠੇ ਹਾਂ,
ਜਾਗਦੀ  ਜ਼ਮੀਰ  ਵਾਲੇ  ਇਨਸਾਨ  ਦਾ ਚਰਚਾ  ਕਰੋ ।

ਕੋਰਾ ਕੱਕਰ, ਝੱਖੜ  ਵੀ , ਝੁਲਸਦੀ ਅੰਗਿਆਰੀ ਧੁੱਪ,
ਸ਼ਾਨ ਦਾ, ਈਮਾਨ ਦਾ, ਕਿਰਸਾਨ  ਦਾ  ਚਰਚਾ  ਕਰੋ।

ਆਪਣੀ ਬੋਲੀ  ਬੋਲ  ਪੰਜਾਬੀ - ਸੁਰਿੰਦਰਜੀਤ ਕੌਰ

ਆਪਣੀ  ਬੋਲੀ  ਬੋਲ  ਪੰਜਾਬੀ ।
ਇਹ  ਭਾਸ਼ਾ ਅਨਮੋਲ  ਪੰਜਾਬੀ ।

ਮਾਂ  ਵਰਗੀ ਇਹ  ਠੰਡੀ ਛਾਂ  ਹੈ,
ਨਿੱਘੀ  ਮਾਂ  ਦੀ  ਝੋਲ  ਪੰਜਾਬੀ ।

ਗੁੜੵਤੀ ਦੇ  ਵਿਚ  ਮਿਲੀ ਅਸਾਂਨੂੰ,
ਮਿੱਟੀ  ਵਿਚ  ਨਾ  ਰੋਲ ਪੰਜਾਬੀ ।

ਇੱਕ  ਇੱਕ  ਲਫ਼ਜ਼ ਦੇ  ਨਾਲ ਹੈ  ਦੇਂਦੀ,
ਮੂੰਹ  ਵਿਚ  ਮਿਸ਼ਰੀ  ਘੋਲ  ਪੰਜਾਬੀ ।

ਦਿਲ ਦੀ ਸਿੱਪੀ  ਦੇ  ਵਿਚ  ਵੱਸਦੀ,
ਬਣ   ਮੋਤੀ   ਅਨਮੋਲ  ਪੰਜਾਬੀ ।

ਜੋ  ਚਾਹੇ ਉਹਦੇ  ਮਨ ਦੇ  ਜੰਦਰੇ,
ਝਟ ਪਟ  ਦੇਂਦੀ  ਖੋਹਲ ਪੰਜਾਬੀ ।

ਇਹ  ਮਹਿਬੂਬ  ਦੇ ਵਾਂਗੂ  ਰਹਿੰਦੀ,
ਸਾਡੇ  ਦਿਲ  ਦੇ  ਕੋਲ  ਪੰਜਾਬੀ ।

ਸਾਡਿਆਂ ਹੋਠਾਂ ਦੇ ਵਿਚ  ਹੱਸਦੀ,
ਮਿੱਠੀ   ਬੋਲੀ   ਬੋਲ  ਪੰਜਾਬੀ ।

ਸਾਡੇ  ਕਦਮਾਂ ਨਾਲ  ਇਹ  ਨੱਚੇ,
ਗਿੱਧਿਆਂ ਦੇ  ਬਣ ਬੋਲ ਪੰਜਾਬੀ।

ਭੰਗੜੇ  ਦੇ ਵਿਚ  ਨਾਲ  ਗਭਰੂਆਂ
ਬਣ  ਜਾਂਦੀ   ਏ  ਢੋਲ  ਪੰਜਾਬੀ ।

ਅੰਦਰੋਂ  ਦੁਸ਼ਮਣ  ਬਾਹਰੋਂ  ਬੇਲੀ,
ਖੋਹਲੇ ਉਸ   ਦੇ  ਪੋਲ ਪੰਜਾਬੀ ।

ਸਭ ਦੀਆਂ  ਸਧਰਾਂ ਕਰੇ ਪੂਰੀਆਂ
ਭਰ   ਦੇਂਦੀ   ਏ   ਝੋਲ   ਪੰਜਾਬੀ।

ਰਾਕੇਸ਼  ਟਕੈਤ ਜੀ ਦੇ ਹੰਝੂ - ਸੁਰਿੰਦਰਜੀਤ ਕੌਰ

ਅੱਖੀਆਂ  ਦੇ  ਵਿਚ  ਆ ਜਾਂਦੇ  ਜਦ ਖ਼ਾਰੇ  ਹੰਝੂ ।
ਜਾਂ  ਜੰਮ  ਜਾਂਦੇ  ਜਾਂ  ਵਗਦੇ  ਬਣ  ਧਾਰੇ  ਹੰਝੂ ।

ਪੱਥਰ  ਉੱਤੇ   ਡਿਗਦੇ  ਰਹੇ   ਪਿਆਰੇ  ਹੰਝੂ ,
ਫਿਰ  ਵੀ  ਪੱਥਰ  ਕੋਲੋਂ  ਕਦੇ  ਨ ਹਾਰੇ ਹੰਝੂ ।

ਇੱਕ  ਵਾਰੀ  ਜਦ ਅੱਖੀਆਂ  ਦੇ ਵਿਚ  ਭਰ ਜਾਂਦੇ  ਨੇ ,
ਅੱਖੀਆਂ  ਵਿਚ  ਨ ਠਹਿਰਨ ਬੇ-ਇਤਬਾਰੇ  ਹੰਝੂ  ।

 

ਨੈਣਾ  ਦੀਆਂ  ਸਿੱਪੀਆਂ ਜਦ ਵੀ  ਡੋਹਲਣ ਮੋਤੀ ,
ਦੋਖੀ  ਤਾਈਂ  ਵੀ   ਲਗਦੇ  ਨੇ  ਪਿਆਰੇ  ਹੰਝੂ  ।

ਸੋਮਾ ਬਣ ਜਦ ਅੱਖੀਆਂ  ਵਿਚੋਂ  ਫੁੱਟ  ਪੈਂਦੇ  ਨੇ ,
ਦੇਂਦੇ  ਨੇ  ਫਿਰ  ਸਾਵਣ  ਦੇ ਝਲਕਾਰੇ  ਹੰਝੂ  ।

ਅੱਗ ਲਗਾ ਦੇਂਦੇ  ਨੇ  ਠੰਡੇ  ਪਾਣੀ  ਵਿਚ  ਵੀ  ,
ਚਮਕਣ ਬਣ ਕੇ ਜਦੋਂ  ਕਦੇ  ਅੰਗਿਆਰੇ ਹੰਝੂ  ।

ਜਦ ਕੋਈ  ਅਪਣਾ  ਹੋ ਕੇ ਪਿੱਠ ਵਿਖਾ ਜਾਂਦਾ  ਹੈ ,
ਡਲਕਣ , ਡੁਲ੍ਹਣ , ਡੋਲਣ ਵਾਕਣ  ਪਾਰੇ ਹੰਝੂ  ।

ਪੂਰਬ  ਪੱਛਮ  ਉੱਤਰ  ਦੱਖਣ  ਦਿਸਹੱਦੇ ਤਕ ,
ਚਾਰੇ ਕੂਟਾਂ  ਦੇ  ਮਾਲਿਕ  ਨੇ  ਚਾਰੇ  ਹੰਝੂ  ।

ਨੱਚ ਪੈਣ ਫਿਰ  ਹੰਝੂ  ਹੰਝੂ  ਹੋਈਆਂ  ਅੱਖੀਆਂ ,
ਜਦੋਂ  ਕਿਸੇ  ਨੇ  ਪਿਆਰੇ  ਤੇ  ਸਤਿਕਾਰੇ ਹੰਝੂ  ।

ਪੂੰਝ ਦੇਵੇਂਗਾ ਜਦੋਂ  ਕਿਸੇ  ਦੀਆਂ  ਭਿਜੀਆਂ ਅੱਖੀਆਂ  ,
ਤੈਨੂੰ  ਦੁਆਵਾਂ  ਦੇਣਗੇ ਕਰਮਾਂ  ਵਾਲੇ  ਹੰਝੂ  ।

ਸੁੱਚੇ  ਜ਼ਜਬੇ  - ਸੂਰਜੀ  ਸੋਚਾਂ  ਕਿਰਤੀ  ਕਿਸਾਨ ਦੀਆਂ - ਸੁਰਿੰਦਰਜੀਤ ਕੌਰ

ਸੁੱਚੇ  ਜ਼ਜਬਿਆਂ 'ਚ ਚਿੰਤਨ  ਰਚ ਗਈ
ਸੂਰਜੀ ਸੋਚਾਂ  ' ਚ ਹਲਚਲ ਮੱਚ ਗਈ
ਬਾਬਾ  ਪੋਤਾ  ਪੁੱਤ ਭਰਾ  ਤੇ  ਕੁੱਲ  ਜ਼ਮਾਨਾ
ਸਾਡੇ  ਹੱਕ  ਦਾ ਇਸ਼ਕ ਦੀਵਾਨਾ
ਆਜ਼ਾਦੀ  ਦੀ ਸ਼ਮ੍ਹਾਂ ਤੇ  ਜਲ ਜਾਏ ਪਰਵਾਨਾ
ਕਾਲਖਾਂ ਧੋਣ ਦੀ ਦੀ ਰੀਝ ਨੱਚ ਪਈ
ਸੂਰਜੀ  ਸੋਚਾਂ  'ਚ ਹਲਚਲ ਮੱਚ ਗਈ ।

ਦਾਦੀ  ਪੋਤੀ  ਨੂੰਹਾਂ ਤੇ ਧੀਆਂ
ਮਾਤਾ  ਗੁਜਰੀ,   ਭਾਗੋ ਬਣੀਆਂ
ਪੁੱਤਾਂ  ਨੂੰ  ਜੋ ਕਰਨ  ਕੁਰਬਾਨ
ਉਹ ਫਿਰ  ਕਿੱਦਾਂ ਪਿੱਛੇ  ਰਹਿਣ
ਪੁੱਤਾਂ  ਫਾਂਸੀ  ਦੇ ਤਖ਼ਤੇ  ਨੂੰ ਚੁੰਮਿਆਂ
ਮੌਤ  ਲਾੜੀ  ਵੀ ਖਿੜ ਖਿੜ ਹੱਸ ਪਈ
ਸੂਰਜੀ  ਸੋਚਾਂ 'ਚ  ਹਲਚਲ ਮੱਚ ਗਈ ।

ਪੜ੍ਹ  ਸਾਡਾ  ਇਤਿਹਾਸ  ਜ਼ਾਲਿਮਾਂ
ਲੋਹੇ  ਦੇ  ਸੰਗਲ- ਜ਼ੰਜੀਰਾਂ ਨੂੰ  ਤੋੜਨਾ
ਲੋਹੇ  ਦੀਆਂ ਬੇੜੀਆਂ  - ਸਲਾਖਾਂ ਨੂੰ  ਮੋੜਨਾ
ਸਾਡੇ  ਲਈ  ਕੀ ਇਹ  ? ਬੈਰੀਕੇਡ ਤੋੜਨਾ
ਲੱਟ - ਲੱਟ ਅੱਗ ਦਿਲ ਵਿਚ  ਮੱਚ ਪਈ
ਸੂਰਜੀ  ਸੋਚਾਂ  'ਚ ਹਲਚਲ ਮੱਚ ਗਈ 

ਹੱਥ - ਸੁਰਿੰਦਰਜੀਤ ਕੌਰ

ਕੁਝ  ਹੱਥਾਂ  ਉਸਾਰਿਆ  ਹਰਿਮੰਦਰ
ਕੁਝ  ਹੱਥਾਂ  ਰੱਖੀ ਨੀਂਹ
ਹਰਿਮੰਦਰ  ਅੰਦਰੋ ਬਰਸਿਆ
ਅੰਮ੍ਰਿਤ  ਦਾ ਮੀਂਹ ।

ਕੁਝ  ਹੱਥਾਂ  ਟੁੱਟੀ ਗੰਢ  ਲਈ
ਤੇ  ਦਿੱਤਾ  ਬੇਦਾਵਾ ਪਾੜ
ਇੰਜ ਰੱਖਿਆ  ਕੀਤੀ  ਧਰਮ  ਦੀ
ਜਿਉਂ  ਖੇਤ ਦੁਆਲੇ  ਵਾੜ ।

ਕੁਝ ਇਕੋ ਸਮਝੇ ਨੂਰ ਨੂੰ
ਕੁਝ  ਹੱਥੀ ਪਿਆਵਣ  ਨੀਰ
ਫਿਰ  ਰੱਬ  ਤੇ  ਅੱਲ੍ਹਾ  ਹੋ ਗਏ
ਘਿਉ   ਖੰਡ   ਤੇ  ਖੀਰ  ।

ਕੁਝ ਹੱਥਾਂ ਫਤਵੇ ਲਿਖ ਕੇ
ਫਿਰ  ਲਾਈ ਇਟ ਤੇ ਇੱਟ
ਕੁਝ  ਹੱਥਾਂ  ਇਬਾਰਤ ਲਿਖ ਲਈ
ਪਾ  ਕੇ  ਲਹੂ   ਦੀ  ਛਿੱਟ  ।

ਕੁਝ  ਹੱਥਾਂ  ਕੰਧਾਂ  ਕੱਢੀਆਂ
ਤੇ  ਫ਼ਤਵੇ ਲਏ  ਲਿਖਾਅ
ਦੋ ਜਗਦੇ ਦੀਵੇ ਅਮਨ ਦੇ
ਕੁਝ  ਹੱਥਾਂ  ਦਿੱਤੇ  ਬੁਝਾਅ ।

ਕੁਝ ਹੱਥਾਂ ਅਣਖਾਂ ਪਾਲੀਆਂ
ਕੁਝ  ਹੱਥ   ਬਣੇ ਗ਼ਦਾਰ
ਗ਼ੈਰਤ  ਵਾਲੇ  ਬਣ  ਗਏ
ਸਿਰ  ਦੇ  ਕੇ  ਸਿਰਦਾਰ ।

ਕੁਝ  ਹੱਥਾਂ  ਪਹਿਲਾਂ  ਚੁੰਮਿਆਂ
ਫਿਰ ਗਲ ਵਿਚ ਪਾਇਆ  ਫ਼ੰਦ
ਤੇ  ਸਰਫ਼ਰੋਸ਼ਾਂ ਲਿਖ ਲਏ
ਆਜ਼ਾਦੀ   ਦੇ   ਛੰਦ    ।

ਕੁਝ ਹੱਥਾਂ ਚਿੜੀਆਂ ਝੰਬੀਆਂ
ਕੁਝ  ਹੱਥਾਂ  ਤੁੜਾਏ  ਬਾਜ਼
ਫਿਰ ਇੱਕ ਪ੍ਰਬੰਧ ਦਾ ਖ਼ਾਤਮਾ
ਤੇ  ਦੂਜੇ   ਦਾ  ਆਗ਼ਾਜ਼  ।

ਬੋਲੀਆਂ - ਕਿਸਾਨ ਮੋਰਚਾ - ਸੁਰਿੰਦਰਜੀਤ ਕੌਰ 

ਨੰਗੇ  ਪੈਰ ਚਿੱਕੜ  ਤੇ  ਖੋਭਾ
ਮੋਰਚੇ  'ਚ ਬਾਪੂ  ਡਟਿਆ।

ਬੇਬੇ ਝੰਡਾ ਕਿਸਾਨੀ ਦਾ ਚੁੱਕਿਆ
ਰਾਹ ਵਿਚ  ਵੰਡੇ  ਪਿੰਨੀਆਂ।

ਅਸੀਂ  ਮਾਂਈਆਂ ਰੱਬ  ਰਜਾਈਆਂ
ਪੁੱਤਾਂ  ਦੇ ਨਾਲ  ਮੋਰਚੇ  ਤੇ।

ਨੀ ਮੈ ਮੋਢੇ  ਨਾਲ  ਲਾ ਕੇ ਨਿਆਣਾ
ਮਾਹੀਏ ਨਾਲ  ਚੱਲੀ  ਮੋਰਚੇ।

ਨੀ ਮੈਂ  ਮੋਰਚੇ  'ਚ ਮਨ ਸਮਝਾਇਆ
ਗੱਜ ਵੱਜ ਮੀਂਹ  ਵਰਿ੍ਆ ।

ਏਦਾਂ ਝੱਖੜ  ਹਨੇਰੀ  ਆਇਆ  ਚੜ੍ਹ  ਕੇ
ਤੰਬੂ ਮੇਰਾ  ਉੱਡ ਨੀ ਗਿਆ ।

ਜਿੱਤ  ਪੈਰ ਚੁੰਮੇਗੀ ਬਾਪੂ  ਤੇਰੇ
ਮਿਹਨਤਾਂ ਨੂੰ  ਬੂਰ ਪਊਗਾ।

ਬਾਪੂ  ਮੋਰਚੇ  'ਚ ਪਾ ਗਿਆ  ਸ਼ਹੀਦੀ
ਹੁਣ  ਵਾਰੀ  ਤੇਰੀ  ਵੀਰਨਾ।

ਟੋਰਾਂਟੋ, ਕੈਨੇਡਾ

ਇਬਾਰਤ ਕਿਸਾਨ ਦੀ - ਸੁਰਿੰਦਰਜੀਤ ਕੌਰ

ਜੰਗ  ਦੀ ਭੱਠੀ  ਵਿਚ  ਤਪਿਆ
ਧਰਤੀ  ਲਈ  ਜੂਝਦਾ ਸੂਰਾ ਜਵਾਨ  ਹਾਂ
ਖੇਤਾਂ  ਦੇ  ਸਿਆੜਾਂ 'ਚੋਂ ਉੱਘਿਆ ਕਿਸਾਨ ਹਾਂ
ਜੇਠ ਹਾੜ੍ਹ  ਦੀਆਂ  ਵਗਦੀਆਂ ਲੂਆਂ ਦਾ ਭਖਿਆ, ਜਹਾਨ ਹਾਂ  
ਪੋਹ ਦੀਆਂ ਕਕਰੀਲੀਆਂ ਰਾਤਾਂ 'ਚੋਂ ਜੰਮਿਆਂ, ਧੁੰਦ ਦਾ ਗਿਆਨ ਹਾਂ
ਜੋ ਸਕੂਲੇ ਨਹੀਂ  ਪੜ੍ਹਿਆ,  ਓਸ  ਬਾਬੇ ਨਾਨਕ  ਦੀ ਸੰਤਾਨ ਹਾਂ
ਤਲੀ ਉੱਤੇ  ਚੋਗ ਚੁਗਦੇ
ਓਕਾਬ ਦੀ ਸ਼ਾਨ ਹਾਂ
ਓਕਾਬ ਦੀ ਅੱਖ ਵਿਚ  ਫੈਲਿਆ  ਅਸਮਾਨ ਹਾਂ
ਖੰਭਾਂ  ਵਿਚ  ਤੈਰਦੇ ਮੁਕਾਮ ਦੀ ਉਡਾਨ ਹਾਂ
ਬਚਨ  ਦਾ ਬਲੀ, ਈਮਾਨ  ਤੋਂ  ਕੁਰਬਾਨ ਹਾਂ
ਗੋਬਿੰਦ  ਦੇ  ਮੱਥੇ 'ਚ ਮਘਦੇ
ਏਕੇ ਦੇ  ਸੂਰਜ  ਦੀ ਚਮਕਾਰ ਹਾਂ
ਸਾਡੀ  ਅਣਖ ਨੂੰ  ਜੇ ਵੰਗਾਰੇ ਕੋਈ
ਤਾਂ  ਜਾਗਦੀ ਜਿਉਂਦੀ ਲਲਕਾਰ ਹਾਂ
ਜ਼ੁਲਮ  ਵਿਰੁੱਧ  ਜੋ ਚਮਕਦੀ
ਓਸ ਲਿਸ਼ਕਦੀ ਤਲਵਾਰ  ਦੀ ਧਾਰ ਹਾਂ
ਜਾਂ ਸਹਿੰਦੀ ਜਾਂ ਫਿਰ  ਕਰਦੀ  ਵਾਰ ਹਾਂ  ।

ਟੋਰਾਂਟੋ, ਕੈਨੇਡਾ

ਅਰਮਾਨ -  ਸੁਰਿੰਦਰਜੀਤ ਕੌਰ

( ਕਿਸਾਨਾਂ  ਦੇ ਸੰਘਰਸ਼  ਨੂੰ  ਸਮਰਪਤ )

ਦੀਵਿਆਂ ਨੇ  ਜ਼ੁਲਮ  ਹੁਣ  ਸਹਿਣਾ ਨਹੀਂ ।
ਇਹ   ਹਨੇਰਾ  ਦੇਰ  ਤੱਕ  ਰਹਿਣਾ  ਨਹੀਂ ।

ਅਣਕਹੇ  ਨੇ   ਬੋਲ  ਤੇ   ਅਰਮਾਨ   ਵੀ,
ਚੁੱਪ  ਸਾਡੀ  ਨੇ  ਵੀ  ਚੁੱਪ ਰਹਿਣਾ  ਨਹੀਂ ।

ਖੇਤਾਂ   ਦੇ   ਪੁੱਤਾਂ  ਦੇ   ਕਾਤਿਲ  ਕਾਫ਼ਰਾ,
ਪਹਿਨਿਆਂ  ਕੁਫ਼ਰ  ਹੈ   ਗਹਿਣਾ  ਨਹੀਂ ।

ਕਰ ਲੈ  ਤੋਬਾ ਜ਼ਾਲਿਮਾਂ  ਨੂੰ  ਜ਼ੁਲਮ  ਤੋਂ ,
ਜ਼ੁਲਮ  ਹੁਣ  ਮਜ਼ਲੂਮ ਨੇ ਸਹਿਣਾ ਨਹੀਂ ।

ਭੂਏ  ਹੁੰਦੀ   ਭੁੱਖ   ਦੇ   ਅਰਮਾਨ  ਦੇਖ,
ਭੁੱਖ  ਨੇ  ਭੁੱਖੀ   ਸਦਾ  ਰਹਿਣਾ   ਨਹੀਂ ।

ਪਾ ਖਿਆਲਾਂ  ਨੂੰ  ਨਾ ਪਿੰਜਰੇ ਵਿਚ  ਕਦੇ,
ਵਿਚ   ਕਲਾਵੇ ਪੌਣ ਨੇ  ਰਹਿਣਾ  ਨਹੀਂ ।

ਟੋਰਾਂਟੋ, ਕੈਨੇਡਾ
ਸੰਪਰਕ / +1 365-778-1819

ਕਰੋਨਾ ਵਾਇਰਸ - ਸੁਰਿੰਦਰਜੀਤ ਕੌਰ

ਵਕਤ ਨੇ ਬਦਲੀ  ਕੁਝ  ਐਸੇ ਅਦਾ ।
ਅਣਦਿਸਦਾ  ਫਿਰ ਗਿਆ,  ਇਕ ਕਿਰਮ ਜਿਹਾ ।

ਆਦਮ ਦੀ ਜ਼ਾਤ ਨੂੰ ਮਿਲ ਗਈ ਸਜ਼ਾ ।
ਪੰਖੀਆਂ ਨੂੰ  ਮਿਲ ਗਈ  ਖ਼ੁੱਲੀ ਫ਼ਿਜ਼ਾ ।

ਮੁੱਠੀ  ਖੋਲੀ  ਸੱਚ ਨੇ  ਤਾਂ  ਦਿੱਤਾ  ਦਿਖਾ,
ਸੁਣ ਲੈ ਹੁਣ ਜੋ ਅਜੇ ਵੀ ਹੈ ਅਣਕਿਹਾ ।

ਰੋਗ  ਸ਼ੁਹਦਾ  ਉਂਜ  ਹੀ  ਬਦਨਾਮ ਹੈ ,
ਉੱਕਦਾ   ਹੈ  ਆਦਮੀ  ਕਰਨੋਂ   ਵਫ਼ਾ।

ਚਸਕੇ ਖ਼ਾਤਿਰ ਬਣਦਾ ਜਾਵੇਂ ਅ- ਮਨੁਸ਼ ,
ਆਦਮ ਹੈਂ ਰੱਖ ਜੀਵਾਂ ਦੇ  ਨਾਲ ਰਾਬਤਾ।

ਕੇਹੀ  ਬਦਲੀ  ਰੁੱਤ ਕਿ  ਵਣ ਕੰਬਿਆ,
ਵਿਸਫੋਟਕ  ਜਾਪਦੀ  ਹੈ   ਇਹ  ਹਵਾ।

ਚੁੱਪ  ਤੇਰੀ  ਵੀ  ਤਾਂ  ਇਕ  ਰਾਜ਼  ਸੀ ,
ਚੁੱਪ ਤੂੰ  ਤੋੜੀ  ਤਾਂ ਕਹਿਰ  ਵਰਤਿਆ।

ਤੇਰੇ ਸਨਮੁਖ ਬਣ ਗਏ ਅਰਦਾਸ ਹਾਂ ,
ਬਖ਼ਸ਼  ਲੈ ਤੂੰ  ਦਾਤਿਆ  ਸਾਡੀ  ਖ਼ਤਾ।

ਟੋਰਾਂਟੋ, ਕੈਨੇਡਾ
ਸੰਪਰਕ / +1 365-778-1819