ਪਾਤਸ਼ਾਹੀ - ਸੁਰਜੀਤ ਪਾਤਰ
ਸਬਜ਼ ਮੰਦਰਾਂ ਨਾਲ
ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ
ਸਬਜ਼ ਮੰਦਰਾਂ ਦੇ ਦੁਆਰੇ ਤੇ
ਫੁੱਲ ਚਾੜ੍ਹਨ ਦੀ ਲੋੜ ਨਾ ਕੋਈ
ਸਬਜ਼ ਮੰਦਰਾਂ ਉੱਤੇ ਆਪੇ
ਫੁੱਲ ਖਿੜ ਪੈਂਦੇ
ਰੰਗ ਬਰੰਗੇ
ਅਰਬਾਂ ਖ਼ਰਬਾਂ
ਸਬਜ਼ ਮੰਦਰਾਂ ਦੇ ਦੁਆਰੇ ਤੋਂ
ਫੁੱਲਾਂ ਅਤੇ ਫ਼ਲਾਂ ਦਾ
ਸੱਜਰੀ ਸ਼ੁੱਧ ਹਵਾ ਦਾ
ਠੰਢੀ ਮਿੱਠੀ ਛਾਂ ਦਾ
ਮਿਲਦਾ ਹੈ ਪਰਸ਼ਾਦ
ਮਿਲਦਾ ਹੈ ਉਪਦੇਸ਼
ਧੁੱਪੇ ਰਹਿ ਛਾਂਵਾਂ ਦੇਵਣ ਦਾ
ਝੱਖੜ ਝਾਂਜੇ
ਬਰਫ਼ਾਂ ਪਤਝੜ
ਸਬਰ ਸਿਦਕ ਦੇ ਨਾਲ ਸਹਿਣ ਦਾ।
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ
ਜਿੱਥੋਂ ਤੱਕ ਬਾਬੇ ਨਾਨਕ ਦਾ ਥਾਲ਼ ਆਰਤੀ ਜਗਦਾ ਹੈ
ਜਿੱਥੋਂ ਤੱਕ ਪੌਣਾਂ ਵਿਚ ਅਨਹਤ ਨਾਦ ਇਲਾਹੀ ਵੱਜਦਾ ਹੈ
ਜਿੱਥੋਂ ਤੀਕਰ ਨਾਨਕੀ ਮਾਂ ਦੇ ਚੰਦ ਦੀ ਨੂਰੀ ਚਾਦਰ ਨੇ
ਅਪਣੀ ਮਿਹਰ ਮੁਹੱਬਤ ਦੇ ਸੰਗ ਇਸ ਸ੍ਰਿਸ਼ਟੀ ਨੂੰ ਢਕਿਆ ਹੈ
ਓਥੋਂ ਤੀਕਰ ਪਾਤਸ਼ਾਹੀ ਦੀ ਸੀਮਾ ਕਰਨੀ ਚਾਹੁੰਦਾ ਹਾਂ।
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ।
ਪ੍ਰਥਮ ਪਾਤਸ਼ਾਹ
ਬੇਈਂ ਨਦੀ ਚੋਂ
ਉਦੈ ਹੋਏ ਪੈਗਾਮ ਪ੍ਰਭੂ ਦਾ ਲੈ ਕੇ
ਜਲਤੀ ਸਭ ਪ੍ਰਿਥਵੀ ਦਿਸ ਆਈ
ਆਖਣ ਲੱਗੇ ਚੱਲ ਵੀਰੇ ਭਾਈ ਮਰਦਾਨੇ
ਚੱਲ ਰਬਾਬ ਉਠਾ
ਹੁਣ ਚੱਲੀਏ
ਮਾਤਾ ਧਰਤ ਮਹਤ ਦੇ ਧੀਆਂ ਪੁੱਤਰਾਂ ਦਾ ਕੁਛ ਦਰਦ ਵੰਡਾਈਏ
ਕਿਛੁ ਸੁਣੀਐ
ਕਿਛੁ ਕਹੀਐ
ਤੁਰ ਪਏ ਦੋਵੇਂ
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ
ਅੰਬਰ ਉੱਤੇ ਤਾਰੇ ਚਮਕਣ
ਧਰਤੀ ਉੱਤੇ
ਚਾਰੇ ਕੂਟ
ਉਨ੍ਹਾਂ ਦੀਆਂ ਪੈੜਾਂ
ਸਬਜ਼ ਮੰਦਰਾਂ ਛਾਂਵੇਂ
ਬਹਿ ਕੇ ਬਾਣੀ ਗਾਉਂਦੇ
ਮੱਕੇ ਦੇ ਵਿਚ
ਕਾਜੀ ਮੁੱਲਾਂ
ਪੁੱਛਣ ਲੱਗੇ ਕੱਠੇ ਹੋਈ
ਹਿੰਦੂ ਵਡਾ ਕਿ ਮਸੁਲਮਾਨੋਈ
ਬਾਬਾ ਆਖੇ ਹਾਜੀਆ
ਸੁਭਿ ਅਮਲਾ ਬਾਝਹੁ ਦੋਨੋ ਰੋਈ
ਪੰਜਵੇਂ ਜਾਮੇ ਵਿਚ
ਸਤਿਗੁਰ ਨੂੰ
ਕਿਸੇ ਨੇ ਪੁੱਛਿਆ :
ਬਾਬਾ
ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹੈ ਕਿਹੜਾ ?
ਸਤਿਗੁਰ ਬੋਲੇ :
ਸਰਬ ਧਰਮ ਮਹਿ ਸ੍ਰੇਸ਼ਟ ਧਰਮੁ
ਹਰਿ ਕੋ ਨਾਮ ਜਪ ਨਿਰਮਲ ਕਰਮੁ
ਹਰਿ ਕਾ ਨਾਮ ਜਪਣ ਦਾ ਮਤਲਬ
ਇਸ ਕੁਦਰਤ ਦੇ ਸਿਰਜਣਹਾਰ ਰਹੱਸ ਦੇ
ਵਾਰੇ ਵਾਰੇ ਜਾਣਾ
ਇਸ ਦੀ ਖੋਜ
ਤੇ ਇਸ ਦੀਆਂ ਗਹਿਰੀਆਂ ਰਮਜ਼ਾਂ
ਸਮਝਣ ਦੀ ਜਿਗਿਆਸਾ
ਇਸ ਦੀ ਸੁਹਬਤ ਦੇ ਵਿਚ ਰਹਿਣਾ
ਇਸ ਸੰਗ ਪਿਆਰ ਨਿਭਾਉਣਾ
ਨਿਰਮਲ ਕਰਮ ਹੈ
ਸੁੱਚੀ ਕਿਰਤ ਕਮਾਈ
ਮਾਨਵਤਾ ਦੀ ਸੇਵਾ
ਡਿੱਗਿਆਂ ਢੱਠਿਆਂ ਦੁਖੀਆਂ ਤੇ ਮਸਕੀਨਾਂ ਦੇ ਰਖਵਾਲੇ ਬਣਨਾ
ਵੰਡ ਕੇ ਛਕਣਾ
ਸੱਚਿਆਂ ਦੇ ਸੰਗ ਖੜ੍ਹਨਾ
ਤੇ ਫਿਰ
ਇਕ ਦਿਨ
ਦਸਮ ਪਾਤਸ਼ਾਹ ਦੀ ਸੱਦ ਸੁਣ ਕੇ
ਮਹਾਂ ਵਿਸਾਖੀ ਦੇ ਉਤਸਵ ਤੇ
ਚਹੁੰ ਕੂਟਾਂ ਤੋਂ
ਸੰਗਤ ਆਈ
ਸੀਸ ਭੇਟ ਲਈ
ਉੱਠੇ ਪੰਜ ਪਿਆਰੇ
ਇਕ ਪਿਆਰਾ ਸੀ ਰਾਵੀ ਪਾਰ ਲਾਹੌਰੋਂ ਆਇਆ
ਦੂਜਾ ਗੰਗਾ ਕੰਢਿਓਂ ਯੂ. ਪੀ. ਹਸਤਨਾਪੁਰ ਤੋਂ
ਤੀਜਾ ਪਿਆਰਾ ਅਹੁ ਖਾੜੀ ਬੰਗਾਲ ਦੇ ਤੱਟ ਤੋਂ
ਜਗਨ ਨਾਥ ਦੀ ਪੁਰੀ ਉੜੀਸਾ ਕੋਲੋਂ
ਤੇ ਚੌਥਾ ਗੁਜਰਾਤ ਦਵਾਰਕਾ ਕੋਲੋਂ
ਨਦੀ ਗੋਮਤੀ ਕੰਢਿਓਂ।
ਪੰਜਵਾਂ ਕਰਨਾਟਕ ਦੇ ਨਗਰ ਬਿਦਰ ਤੋਂ
ਨਦੀ ਗੋਦਾਵਰੀ ਪਾਰੋਂ
ਦਸਮ ਪਾਤਸ਼ਾਹ ਸਾਜੀ
ਓਸ ਅਕਾਲ ਪੁਰਖ ਦੀ ਫ਼ੌਜ
ਜਿਸ ਦਾ ਵਿਰਦ ਹੈ
ਓਸ ਅਕਾਲ ਪੁਰਖ ਦੀ ਸਿਰਜੀ
ਕੁਲ ਸ੍ਰਿਸ਼ਟੀ ਦੀ ਰਾਖੀ ਕਰਨੀ।
ਸਵਾ ਲਾਖ ਸੇ ਏਕ ਲੜਾਊਂ
ਦਸਮ ਪਿਤਾ ਦੇ ਏਸ ਵਾਕ ਦੀ ਲੋਏ
ਸੀਸ ਤਲੀ ਧਰ ਲੜਨਾ
ਐਪਰ ਹਰ ਵਾਰੀ ਸ਼ਮਸ਼ੀਰ
ਨਈਂ ਲੜਦੀ
ਕੋਈ ਜੰਗ ਕਟਾਰ ਦੀ ਜੰਗ
ਕੋਈ ਜੰਗ ਵਿਚਾਰ ਦੀ ਜੰਗ
ਪ੍ਰਥਮ ਪਾਤਸ਼ਾਹ ਨਾਨਕ ਸਾਨੂੰ ਗਿਆਨ ਖੜਗ ਵੀ ਦਿੱਤਾ
ਸ਼ਬਦ-ਬਾਣ ਸਤਿਗੁਰ ਦਾ
ਇੱਕੋ ਵੇਲੇ
ਲੱਖਾਂ ਸੀਨੇ ਵਿੰਨ੍ਹ
ਜਾਗ੍ਰਿਤ ਕਰ ਦਿੰਦਾ ਹੈ
ਉਹ ਰਬਾਬ
ਮਹਾਕਵੀ ਇਕਬਾਲ ਨੇ ਜਿਸ ਨੂੰ
ਪਾਤਸ਼ਾਹੀ-ਪਾਸਾਰ ਦਾ ਸੂਰਜ ਅਸਤ ਕਰਨ ਵਾਲੀ ਲਿਖਿਆ ਸੀ
ਉਹ ਰਬਾਬ ਬਾਬੇ ਨਾਨਕ ਨੇ ਅਪਣੇ ਸੀਨੇ ਲਾਈ
ਉਸ ਰਬਾਬ ਸੰਗ ਬਾਣੀ ਵਿਚੋਂ ਉਦੈ ਹੋਇਆ ਸੀ
ਜਗਤ ਗੁਰੂ ਬਾਬੇ ਨਾਨਕ ਦਾ ਪਾਤਸ਼ਾਹੀ-ਪਾਸਾਰ
ਜਗਤ ਗੁਰੂ ਬਾਬੇ ਨਾਨਕ ਲਈ
ਪਾਤਸ਼ਾਹੀ ਪਾਸਾਰ ਦਾ ਮਤਲਬ
ਮਾਨਵਤਾ ਦੀ ਮਨ-ਭੂਮੀ ਸੀ
ਮਨ ਜਿੱਤਣੇ ਹੀ ਜੱਗ ਜਿੱਤਣਾ ਸੀ
ਪਾਤਸ਼ਾਹੀ ਪਾਸਾਰ ਦਾ ਮਤਲਬ
ਸਰਬ ਧਰਮ ਮਹਿ ਸ੍ਰੇਸ਼ਟ ਧਰਮ ਦਾ
ਦੁਨੀਆ ਉੱਤੇ ਰਾਜ ਹੋਵੇ
ਜਿੱਥੇ ਧਰਤੀ ਅੰਬਰ ਮਿਲਦੇ
ਓਥੋਂ ਤੀਕਰ
ਬੇਗ਼ਮ ਪੁਰੇ ਦੀ ਜੂਹ ਹੋਵੇ
ਰਾਜ ਹਲੇਮੀ ਰੂਹ ਹੋਵੇ
ਨਾਨਕ ਨਾਮਦੇਵ ਰਵਿਦਾਸ
ਸ਼ੇਖ਼ ਫ਼ਰੀਦ, ਕਬੀਰ ਜੀਆਂ ਦੇ ਮੁਖ ਤੋਂ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ
ਬਾਣੀ ਗੁਰੂ
ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ
ਉਸ ਅੰਮ੍ਰਿਤਧਾਰਾ ਦੇ ਸਿੰਚੇ
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ
ਜਿੱਥੋਂ ਤੱਕ ਬਾਬੇ ਨਾਨਕ ਦਾ ਥਾਲ਼ ਆਰਤੀ ਜਗਦਾ ਹੈ
ਜਿੱਥੋਂ ਤੱਕ ਪੌਣਾਂ ਵਿਚ ਅਨਹਤ ਨਾਦ ਇਲਾਹੀ ਵੱਜਦਾ ਹੈ
ਜਿੱਥੋਂ ਤੀਕਰ ਨਾਨਕੀ ਮਾਂ ਦੇ ਚੰਦ ਦੀ ਨੂਰੀ ਚਾਦਰ ਨੇ
ਅਪਣੀ ਮਿਹਰ ਮੁਹੱਬਤ ਦੇ ਸੰਗ ਇਸ ਸ੍ਰਿਸ਼ਟੀ ਨੂੰ ਢਕਿਆ ਹੈ
ਓਥੋਂ ਤੀਕਰ ਪਾਤਸ਼ਾਹੀ ਦੀ ਸੀਮਾ ਕਰਨੀ ਚਾਹੁੰਦਾ ਹਾਂ
ਸਬਜ਼ ਮੰਦਰਾਂ ਨਾਲ ਮੈਂ ਸਾਰੀ ਧਰਤੀ ਭਰਨੀ ਚਾਹੁੰਦਾ ਹਾਂ।
ਸੰਪਰਕ : 98145-04272
ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ, ਆਇਆ ਕਰਨ ਹੈ ਫੇਰ ਆਬਾਦ ਕੋਈ - ਸੁਰਜੀਤ ਪਾਤਰ
ਜਦੋਂ ਵੀ ਪੰਜਾਬ ਵਿਚ ਕੋਈ ਚਿਹਰਾ ਉੱਭਰਦਾ ਹੈ, ਜੋ ਤਨੋਂ ਮਨੋਂ ਰੂਹੋਂ ਵਿਯੋਗੇ ਹੋਏ ਪੰਜਾਬ ਦੇ ਦੁੱਖਾਂ ਨੂੰ ਦੂਰ ਕਰਨ ਦੀ ਗੱਲ ਕਰਦਾ ਹੈ ਤਾਂ ਮੇਰੇ ਮਨ ਵਿਚ ਸਹਿਵਨ ਹੀ ਕਾਦਰਯਾਰ ਦੇ ਕਿੱਸੇ ਪੂਰਨ ਭਗਤ ਦੀਆਂ ਇਹ ਸਤਰਾਂ ਉੱਭਰ ਆਉਂਦੀਆਂ ਹਨ :
ਮੀਮ ਮਿਲਣ ਆਈ ਰਾਣੀ ਇੱਛਰਾਂ ਵੀ
ਲੋਕਾਂ ਆਖਿਆ ਆਇਆ ਏ ਸਾਧ ਕੋਈ
ਮੇਰੇ ਪੁੱਤ ਦਾ ਬਾਗ ਵੀਰਾਨ ਹੋਇਆ
ਆਇਆ ਕਰਨ ਹੈ ਫੇਰ ਆਬਾਦ ਕੋਈ
ਮੈਂ ਵੀ ਲੈ ਆਵਾਂ ਦਾਰੂ ਅੱਖੀਆਂ ਦਾ
ਪੂਰਨ ਛੱਡ ਨਾ ਗਿਆ ਸੁਆਦ ਕੋਈ
ਕਾਦਰਯਾਰ ਮੈਂ ਤਾਂ ਲੱਖ ਵੱਟਨੀ ਆਂ
ਦਾਰੂ ਦੇਇ ਫ਼ਕੀਰ ਮੁਰਾਦ ਕੋਈ
ਕਿੰਨੀ ਵਾਰ ਮੇਰਾ ਇਹ ਅਹਿਸਾਸ ਮੇਰਾ ਭੁਲੇਖਾ ਹੀ ਨਿਕਲਿਆ। ਰਾਜਨੀਤੀ ਦੇ ਖੇਤਰ ਦੀ ਗੱਲ ਕਰਾਂ ਤਾਂ ਇਨ੍ਹਾਂ ਸਾਲਾਂ ਦੌਰਾਨ ਇਸ ਧਰਤੀ ਉੱਤੇ ਗਰਜੇ ਅਤੇ ਲਿਸ਼ਕੇ ਤਾਂ ਬਹੁਤ, ਵਰ੍ਹਿਆ ਕੋਈ ਨਹੀਂ। ਰਾਜੇ ਸ਼ੀਂਹ ਮੁਕੱਦਮ ਕੁੱਤੇ ਰੱਬ ਦੇ ਬੰਦਿਆਂ ਦੀ ਰੱਤ ਪਿੱਤ ਪੀਂਦੇ ਰਹੇ। ਪੰਜਾਬ ਦੀ ਧਰਤੀ ਪੂਰਨ ਦੀ ਮਾਂ ਇੱਛਰਾਂ ਵਾਂਗ ਗਲੀਆਂ ਵਿਚ, ਉਜਾੜਾਂ ਵਿਚ, ਵਸੇਬਿਆਂ ਵਿਚ ਰੋਂਦੀ ਰਹੀ। ਪੰਜਾਬ ਦੀ ਧਰਤੀ ਜਿਸ ਬਾਰੇ ਕਦੀ ਬਾਬੂ ਫ਼ੀਰੋਜ਼ਦੀਨ ਸ਼ਰਫ਼ ਹੋਰਾਂ ਲਿਖਿਆ ਸੀ :
ਸੁਹਣਾ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ
ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ
ਹੁਣ ਉਸ ਧਰਤੀ ’ਤੇ ਇਕ ਸਮੂਹ-ਗਾਨ ਚੱਲ ਰਿਹਾ ਹੈ : ਚਲੋ ਏਥੋਂ ਚੱਲੀਏ।
ਪੰਛੀ ਤਾਂ ਉੱਡ ਗਏ ਨੇ
ਰੁੱਖ ਵੀ ਸਲਾਹਾਂ ਕਰਨ
ਚਲੋ ਏਥੋਂ ਚੱਲੀਏ
ਘਰ ਘਰ ਪੁੱਤ ਕਹਿਣ
ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚਲ ਏਥੋਂ ਚੱਲੀਏ
ਤੂੰ ਨਈਂ ਸੁਣੇ
ਟਿਕੀ ਰਾਤੇ
ਪਿੰਡ ਦੇ ਉਜਾੜਾਂ ਵਿਚ
ਮੋਏ ਕ੍ਰਿਸਾਨ ਤੇ ਮਜੂਰ ਸਾਰੇ
ਏਹੀ ਵ੍ਰਿੰਦਗਾਨ ਗਾਉਂਦੇ
ਚਲੋ ਏਥੋਂ ਚੱਲੀਏ
ਏਹੀ ਹੈ ਸਮੂਹ-ਗਾਨ
ਏਹੀ ਹੈ ਵਰਿੰਦ-ਗਾਨ
ਗ਼ੈਰ-ਸਰਕਾਰੀ ਅੱਜ ਏਹੀ ਕੌਮੀ ਗੀਤ ਹੈ :
ਚਲੋ ਏਥੋਂ ਚੱਲੀਏ ... ... ਚਲੋ ਏਥੋਂ ਚੱਲੀਏ
ਪਰਦੇਸੀ ਹੋਣਾ ਕੋਈ ਮਿਹਣਾ ਨਹੀਂ, ਪਰ ਪਰਦੇਸੀ ਹੋਣ ਦਾ ਵਿਸ਼ੇਸ਼ ਕਾਰਨ ਤਾਂ ਹਾਕਮਾਂ ਲਈ ਮਿਹਣਾ ਹੀ ਹੈ :
ਲੱਖ ਕੋਈ ਪਰਦੇਸੀ ਹੋਵੇ, ਇਲਮ ਗਿਆਨ ਦੀ ਖ਼ਾਤਰ
ਲੱਖ ਕੋਈ ਪਰਦੇਸੀ ਹੋਵੇ, ਦਰਸ ਜਹਾਨ ਦੀ ਖ਼ਾਤਰ
ਸਦਕੇ ਜੋ ਪਰਦੇਸੀ ਹੋਵੇ, ਨੂਰ ਫ਼ੈਲਾਣ ਦੀ ਖ਼ਾਤਰ
ਪਰ ਕਿਉਂ ਮਾਂ ਧਰਤੀ ਤੋਂ ਵਿਛੜਣ, ਹਾਏ ਬੱਸ ਗੁਜ਼ਰਾਨ ਦੀ ਖ਼ਾਤਰ
ਹੁੰਦੇ ਜੇ ਹਾਕਮ ਚੱਜ ਦੇ
ਸਾਡੇ ਪੁੱਤ ਪਰਦੇਸੀ ਨਾ ਹੁੰਦੇ
ਚੱਜ ਦੇ ਹਾਕਮਾਂ ਦੀ ਆਸ ਦੇ ਬਣਨ ਤੇ ਮਿਟਣ ਕਾਰਨ ਮੈਂ ਇਕ ਅਸਥਿਰ ਮਤਦਾਤਾ ਹਾਂ। ਯਾਨੀ ਮੈਂ ਜਦ ਦਾ ਵੋਟਰ ਬਣਿਆਂ ਮੈਂ ਵੋਟ ਪਾਉਣ ਵੇਲੇ ਕਈ ਪਾਰਟੀਆਂ ਬਦਲੀਆਂ। ਮੇਰੀ ਇਹ ਅਸਥਿਰਤਾ ਮੇਰੀ ਡਾਂਵਾਂਡੋਲ ਹੋਣਾ ਜਾਂ ਬੇਵਫ਼ਾਈ ਨਹੀਂ, ਇਹ ਮੇਰੀ ਤੜਪ ਹੈ, ਮੇਰਾ ਜੀ-ਭਿਆਣਾਪਨ ਹੈ, ਮੇਰੀ ਤਲਾਸ਼ ਹੈ। ਜਿਵੇਂ ਕਹਿੰਦੇ ਹਨ ਕਿ ਪੰਜਾਬ ਉਸ ਬਿਮਾਰ ਵਾਂਗ ਹੈ ਜੋ ਕਰਵਟਾਂ ਬਦਲਦਾ ਰਹਿੰਦਾ ਹੈ ਤਾਂ ਜੋ ਕਿਸੇ ਤਰ੍ਹਾਂ ਉਸ ਦੀ ਪੀੜ ਘਟੇ। ਮੈਂ ਵੀ ਪੰਜਾਬ ਵਾਂਗ ਕਰਵਟਾਂ ਬਦਲਦਾ ਰਹਿੰਦਾ ਹਾਂ। ਸ਼ਾਇਦ ਅਸੀਂ ਬਹੁਤ ਸਾਰੇ।
10 ਮਾਰਚ 2022 ਦੇ ਦਿਨ ਵੀ ਅਸੀਂ ਸਭ ਦੇਖ ਰਹੇ ਸਾਂ ਕਿ ਦੇਖੀਏ ਪੰਜਾਬ ਕਿਸ ਪਾਸੇ ਵੱਲ ਕਰਵਟ ਲੈਂਦਾ ਹੈ।
10 ਮਾਰਚ 2022 ਦਾ ਵੱਡਾ ਤੜਕਾ ਆਸ਼ਾ ਨਿਰਾਸ਼ਾ ਦਾ ਮਿਸ਼ਰਣ ਸੀ, ਚਾਨਣ ਥੋੜ੍ਹਾ ਅਤੇ ਹਨ੍ਹੇਰਾ ਜ਼ਿਆਦਾ ਸੀ। ਮਨ ਸੰਸਿਆਂ ਤੇ ਵਿਸਵਿਸਿਆਂ ਨਾਲ ਭਰੇ ਹੋਏ ਸਨ। ਹੰਗ ਸਰਕਾਰ ਦੀ ਤਲਵਾਰ ਲਟਕ ਰਹੀ ਸੀ। ਵਿਧਾਇਕ ਘੋੜਿਆਂ ਵਾਂਗ ਵਿਕਦੇ ਨਜ਼ਰ ਆ ਰਹੇ ਸਨ। ਮੇਰੇ ਆਸਪਾਸ ਦਾਨਿਸ਼ਵਰਾਂ ਦੇ ਕਹੇ ਬੋਲ ਘੁੰਮ ਰਹੇ ਹਨ :
ਏਥੇ ਚੋਣਾਂ ਪੈਸੇ ਨਾਲ ਲੜੀਆਂ ਜਾਂਦੀਆਂ ਹਨ ਤੇ ਪੈਸੇ ਵਾਸਤੇ ਲੜੀਆਂ ਜਾਂਦੀਆਂ ਹਨ। ਲੋਕਾਂ ਦਾ ਲੁੱਟਿਆ ਹੋਇਆ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ। ਪੈਸਾ ਕੱਠਾ ਕਰਦਿਆਂ ਜੇ ਹੱਥ ਦਾਗੀ ਹੋ ਜਾਣ ਤਾਂ ਉਹ ਦਾਗ ਧੋਣ ਲਈ ਵੀ ਓਸੇ ਪੈਸੇ ਨੂੰ ਪਾਣੀ ਵਾਂਗ ਵਹਾਇਆ ਜਾਂਦਾ ਹੈ।
ਇਕ ਨੇ ਦੂਜੇ ਨੂੰ ਪੁੱਛਿਆ : ਤੁਹਾਡੇ ਖ਼ਿਆਲ ਮੁਤਾਬਿਕ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ। ਦੂਜਾ ਕਹਿਣ ਲੱਗਾ : ਵੀ.ਐੱਚ.ਵੀ. ਦੀ ਯਾਨੀ ਵਿਕੇ ਹੋਏ ਵਿਧਾਇਕਾਂ ਦੀ।
ਇਕ ਨੇ ਕਿਹਾ : ਇਸ ਵਾਰ ਕਤਾਰਬੰਦੀ ਧਰਮਾਂ ਮੁਤਾਬਿਕ ਹੋ ਗਈ ਹੈ। ਮਹਾਨ ਆਤਮਾਵਾਂ ਦੀਆਂ ਰੂਹਾਂ ਵਿਚੋਂ ਧਰਮ ਜਨਮਦੇ ਹਨ। ਚਤੁਰ ਬੰਦੇ ਧਰਮ ਦਾ ਇਸਤੇਮਾਲ ਕਰਦੇ ਹਨ ਤੇ ਭੋਲੇ ਲੋਕ ਉਨ੍ਹਾਂ ਪਿੱਛੇ ਲੱਗ ਕੇ ਗੁਮਰਾਹ ਹੋ ਜਾਂਦੇ ਹਨ।
ਇਕ ਨੇ ਕਿਹਾ : ਇਹ ਵੀ ਹੋ ਸਕਦਾ ਪੰਜਾਬ ’ਤੇ ਗਵਰਨਰੀ ਰਾਜ ਹੋ ਜਾਏ।
ਪਰ ਜਿਉਂ ਜਿਉਂ ਦਿਨ ਚੜ੍ਹਦਾ ਗਿਆ ਪੰਜਾਬ ਦੇ ਰੁੱਖਾਂ ਨੂੰ ਫੁੱਲ ਪੈਣੇ ਸ਼ੁਰੂ ਹੋ ਗਏ। ਦੇਖਦਿਆਂ ਦੇਖਦਿਆਂ ਸਾਰਾ ਪੰਜਾਬ ਬਸੰਤੀ ਫੁੱਲਾਂ ਨਾਲ ਭਰ ਗਿਆ।
ਲੋਕਾਂ ਨੇ ਪੰਜਾਬ ਨੂੰ ਕਈ ਸ਼ਰਮਸਾਰੀਆਂ ਤੋਂ ਬਚਾ ਲਿਆ
ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਕਈ ਸ਼ਰਮਸਾਰੀਆਂ ਤੋਂ ਬਚਾ ਲਿਆ। ਲੋਕਾਂ ਨੂੰ ਫ਼ਿਰਕਾਪ੍ਰਸਤੀ ਦੇ ਇਲਜ਼ਾਮ ਤੋਂ, ਵਿਧਾਇਕਾਂ ਨੂੰ ਵਿਕਣ ਦੀ ਤੁਹਮਤ ਤੋਂ। ਲੋਕਾਂ ਨੇ ਮੌਸਮ ਬਦਲ ਦਿੱਤਾ। ਲੋਕਾਂ ਨੇ ਚੁੱਪ ਚੁਪੀਤੇ ਸੰਸਿਆਂ ਅਤੇ ਦੋ-ਚਿੱਤੀਆਂ ਦੇ ਦਿਨ ਨੂੰ ਨਵੀਆਂ ਆਸਾਂ ਉਮੀਦਾਂ, ਨਵੀਂ ਚੇਤਨਾ ਦਾ ਦਿਨ ਬਣਾ ਦਿੱਤਾ। ਲੋਕ-ਸਿਆਣਪ ਨੇ ਕੂਟਨੀਤੀ ਵਾਲਿਆਂ ਦੀਆਂ ਚਤੁਰਾਈਆਂ ਚਾਲਾਕੀਆਂ ਨੂੰ ਸ਼ਰਮਸਾਰ ਕਰ ਦਿੱਤਾ। ਉੱਚੀਆਂ ਮਮਟੀਆਂ ’ਤੇ ਖੜੋਤੇ ਵੱਡੇ ਲੋਕ ਮੂਧੇ ਮੂੰਹ ਲੋਕਾਂ ਦੇ ਪੈਰਾਂ ਵਿਚ ਡਿੱਗ ਪਏ। ਗੱਲ ਇਸ ਜਾਂ ਉਸ ਪਾਰਟੀ ਦੀ ਨਹੀਂ, ਗੱਲ ਤਾਂ ਇਹ ਹੈ ਕਿ ਲੋਕਾਂ ਨੇ ਇਹ ਦੱਸ ਦਿੱਤਾ ਕਿ ਅਸੀਂ ਜਾਗਦੇ ਹਾਂ।
ਦਾਨਿਸ਼ਵਰ ਕੁੜੀ ਕਹਿਣ ਲੱਗੀ : ਇਹ ਵੋਟਾਂ ਲੋਕਾਂ ਨੇ ਨਹੀਂ ਪਾਈਆਂ। ਲੋਕਾਂ ਦੇ ਦੁੱਖਾਂ ਦੀ ਸ਼ਿੱਦਤ ਨੇ ਪਾਈਆਂ। ਲੋਕਾਂ ਦੇ ਦਿਲਾਂ ਵਿਚ ਦੱਬੇ ਗੁੱਭਗਰ੍ਹਾਟ ਨੇ ਪਾਈਆਂ। ਪੀੜ ਘਟਾਉਣ ਲਈ ਕਰਵਟ ਬਦਲਣ ਦੀ ਥਾਂ ਇਸ ਵਾਰ ਲੋਕ ਉੱਠ ਕੇ ਬੈਠ ਗਏ। ਉਨ੍ਹਾਂ ਕਿਹਾ : ਕੋਈ ਨਵਾਂ ਰਾਹ, ਕੋਈ ਨਵਾਂ ਦਰਵਾਜ਼ਾ।
ਇਕ ਆਸ ਜਗੀ
ਇਕ ਚੋਟ ਨਗਾਰੇ ਤੇ ਟੁਣਕੀ
ਸਾਜ਼ਾਂ ਤੇ ਛਿੜੀ ਝਣਕਾਰ ਨਵੀਂ
ਉੱਠ ਕਲਮ ਉਠਾ
ਜੀਅ ਜਾਨ ਲਗਾ
ਅਪਣਾ ਤੇ ਅਪਣੀ ਧਰਤੀ ਦਾ
ਦੁਨੀਆ ਦੇ ਵਿਚ ਤੂੰ ਨਾਂ ਚਮਕਾ
ਉੱਠ ਬੁੱਲ੍ਹਿਆ
ਉਸ ਠੱਗਾਂ ਦੇ ਠੱਗ ਨੂੰ ਠੱਗ
ਕਿਸੇ ਨੇ ਕਿਹਾ ਇਸ ਵਾਰ ਲੋਕਾਂ ਨੇ ਠੱਗਾਂ ਨੂੰ ਠੱਗ ਲਿਆ : ਬਈ ਜੇ ਕੋਈ ਪੈਸੇ ਦੇਵੇ, ਨਿਸ਼ੰਗ ਲੈ ਲਿਓ। ਇਹ ਪੈਸੇ ਤੁਹਾਡੇ ਹੀ ਹਨ, ਤੁਹਾਡੇ ਹੀ ਖ਼ੂਨ ਪਸੀਨੇ ਦੀ ਕਮਾਈ। ਪਰ ਵੋਟ ਉਸ ਨੂੰ ਹੀ ਪਾਇਓ, ਜਿਹੜਾ ਤੁਹਾਨੂੰ ਸਹੀ ਲੱਗੇ। ਲੋਕਾਂ ਦਾ ਵਿਸ਼ਵਾਸ ਤੋੜਨ ਵਾਲਿਆਂ ਨਾਲ ਕੀਤੇ ਵਾਅਦੇ ਤੋੜੋਗੇ ਤਾਂ ਅੰਤਰਜਾਮੀ ਰੱਬ ਤੁਹਾਡੇ ਨਾਲ ਨਾਰਾਜ਼ ਨਹੀਂ ਹੋਵੇਗਾ। ਕਈ ਥਾਂਈ ਇਉਂ ਵੀ ਹੋਇਆ ਕਿ ਘਰਾਂ ’ਤੇ ਝੰਡੇ ਹੋਰ ਸਨ ਦਿਲਾਂ ਵਿਚ ਹਕੀਕਤਾਂ ਹੋਰ। ਭੇਸ ਬਦਲ ਕੇ ਲੁਟੇਰਿਆਂ ਕੋਲੋਂ ਆਪਣੇ ਹੱਕ ਦੇ ਘੋੜੇ ਲਿਆਉਣ ਵਾਲਾ ਬਿਧੀ ਚੰਦ ਚੋਰ ਨਹੀਂ ਹੁੰਦਾ। ਠੱਗਾਂ ਨੂੰ ਠੱਗਣ ਵਾਲ਼ਾ ਠੱਗ ਨਹੀਂ ਹੁੰਦਾ।
10 ਮਾਰਚ 2022 ਨੂੰ ਮੈਨੂੰ 20 ਨਵੰਬਰ 2021 ਦੀ ਸ਼ਾਮ ਯਾਦ ਆਈ ਜਦੋਂ ਕਿਸਾਨਾਂ ਦੀ ਸ਼ਾਂਤਮਈ ਸੂਰਬੀਰਤਾ ਵਾਲੇ ਸੰਘਰਸ਼ ਤੇ 700 ਸ਼ਹਾਦਤਾਂ ਤੋਂ ਬਾਅਦ ਆਖ਼ਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਹ ਪੰਜਾਬ ਲਈ ਮਾਣਯੋਗ ਜਸ਼ਨ ਦਾ ਦਿਨ ਸੀ। ਦਸ ਮਾਰਚ 2022 ਵੀ ਪੰਜਾਬ ਲਈ ਜਸ਼ਨ ਦਾ ਦਿਨ ਹੈ। ਲੋਕਾਂ ਨੇ ਡੂੰਘੀਆਂ ਜੜ੍ਹਾਂ ਵਾਲੇ ਭ੍ਰਿਸ਼ਟ ਹੋ ਚੁੱਕੇ ਨੇਤਾਵਾਂ ਨੂੰ ਪੁੱਟ ਕੇ ਰੱਖ ਦਿੱਤਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਤੇ ਆਪਣੀਆਂ ਪਾਰਟੀਆਂ ਨੂੰ ਖੋਖਲੀਆਂ ਕਰ ਦਿੱਤਾ ਸੀ ਜਿਨ੍ਹਾਂ ਪਾਰਟੀਆਂ ਦਾ ਮੁੱਢਲਾ ਇਤਿਹਾਸ ਨਿਰਸੰਦੇਹ ਮਾਣਮੱਤਾ ਹੈ ਪਰ ਵਰਤਮਾਨ ਨੇਤਾਵਾਂ ਨੇ ਉਸ ਇਤਿਹਾਸ ਨੂੰ ਭੁਲਾ ਦਿੱਤਾ। ਇਨ੍ਹਾਂ ਪਾਰਟੀਆਂ ਨੂੰ ਡੋਬਣ ਦੇ ਜ਼ਿੰਮੇਵਾਰ ਇਨ੍ਹਾਂ ਦੇ ਮਲਾਹ ਆਪ ਹੀ ਹਨ।
ਮੈਨੂੰ ਇਕ ਵਾਰ ਫੇਰ ਲੱਗਾ ਕਿ ਪੰਜਾਬ ਦੀ ਧਰਤੀ ਜਿਵੇਂ ਇੱਛਰਾਂ ਹੈ, ਪੁੱਤਰ ਵਿਯੋਗ ਵਿਚ ਰੋ ਰੋ ਅੰਨ੍ਹੀ ਹੋਈ ਮਾਂ ਤੇ ਅੱਜ ਦਾ ਦਿਨ ਉਸ ਦੇ ਪੂਰਨ ਪੁੱਤਰ ਦੀ ਆਮਦ। ਪੂਰਨ ਨੇ ਦੂਰੋਂ ਆਉਂਦੀ ਆਪਣੀ ਮਾਂ ਨੂੰ ਦੇਖਿਆ :
ਨੂਨ ਨਜ਼ਰ ਕੀਤੀ ਪੂਰਨ ਭਗਤ ਡਿੱਠਾ
ਮਾਤਾ ਆਂਵਦੀ ਏ ਕਿਸੇ ਹਾਲ ਮੰਦੇ
ਅੱਡੀ ਖੋੜਿਆਂ ਨਾਲ ਬਿਹੋਸ਼ ਹੋਈ
ਉਹਨੂੰ ਨਜ਼ਰ ਨਾ ਆਂਵਦੇ ਖ਼ਾਰ ਕੰਡੇ
ਪੂਰਨ ਵੇਖ ਕੇ ਸਹਿ ਨਾ ਸਕਿਆ ਈ
ਰੋਏ ਉੱਠਿਆ ਹੋਇ ਹੈਰਾਨ ਬੰਦੇ
ਕਾਦਰਯਾਰ ਮੀਆਂ ਅੱਗੋਂ ਉੱਠ ਪੂਰਨ,
ਦੇਖਾਂ ਕਿਸਤਰਾਂ ਮਾਂਉਂ ਦੇ ਦਰਦ ਵੰਡੇ
ਲੋਕ ਜੋ ਕਰ ਸਕਦੇ ਸਨ, ਉਨ੍ਹਾਂ ਨੇ ਕਰ ਵਿਖਾਇਆ। ਹੁਣ ਵਾਰੀ ਹੈ ਜਿੱਤੇ ਹੋਏ ਵਿਧਾਇਕਾਂ ਦੀ ਤੇ ਬੁੱਧੀਜੀਵੀਆਂ ਦੀ, ਕਲਾਕਾਰਾਂ ਦੀ, ਰੰਗਕਰਮੀਆਂ ਦੀ, ਸਾਇੰਸਦਾਨਾਂ ਦੀ, ਸੱਚੇ ਧਾਰਮਿਕ ਨੇਤਾਵਾਂ ਦੀ। ਧਰਮ ਨਹੀਂ ਹਾਰਿਆ, ਧਰਮ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਲੇ ਅਧਰਮੀ ਹਾਰੇ ਹਨ ।
ਯੇ ਯਾਦ ਨਾ ਮਾਤਾ ਨੂੰ ਗ਼ਮ ਰਿਹਾ
ਪੜਦੇ ਬੇ-ਦੀਦੇ ਸੁਣ ਕੇ ਖੁੱਲ੍ਹ ਗਏ
ਪੂਰਨ ਵੇਖਦੀ ਨੂੰ ਥਣੀਂ ਦੁੱਧ ਪਇਆ
ਧਾਰ ਮੁੱਖ ਪਰਨਾਲੜੇ ਚੱਲ ਗਏ
ਉਹਨੂੰ ਉੱਠ ਕੇ ਸੀਨੇ ਦੇ ਨਾਲ ਲਾਇਆ
ਰੱਬ ਸੁੱਖ ਦਿੱਤੇ ਦੁੱਖ ਭੁੱਲ ਗਏ
ਵਾਉ ਵਰਤਿਆ ਕੀ ਤੇਰੇ ਨਾਲ਼ ਮਾਤਾ
ਪੂਰਨ ਆਖਦਾ ਦੱਸ ਖਾਂ ਸਾਰ ਮੈਨੂੰ
ਤੇਰੇ ਰੋਂਦੀ ਦੇ ਨੈਣ ਬੇਸੀਰ ਹੋਏ,
ਨਜ਼ਰ ਆਂਵਦਾ ਏ ਆਜ਼ਾਰ ਮੈਨੂੰ
ਮਾਤਾ ਆਖਦੀ ਦੁੱਖ ਨਾ ਫੋਲ ਬੇਟਾ
ਪਿਆ ਪੁੱਤਰ ਬੈਰਾਗ ਗੁਬਾਰ ਮੈਨੂੰ
ਕਾਦਰਯਾਰ ਬੁਰੇ ਦੁੱਖ ਪੁੱਤਰਾਂ ਦੇ,
ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ
ਪੂਰਨ ਕਿਸਤਰਾਂ ਮਾਉਂ ਦੇ ਦੁੱਖ ਵੰਡੇ
ਹੁਣ ਦੇਖਣਾ ਹੈ ਕਿ ਨਵੀਂ ਸਰਕਾਰ ਰੋ ਰੋ ਅੰਨ੍ਹੀ ਹੋਈ ਇੱਛਰਾਂ ਮਾਂ ਜਿਹੀ ਧਰਤੀ ਦੇ ਦੁੱਖ ਕਿਸਤਰਾਂ ਵੰਡਾਉਂਦੀ ਹੈ। ਭਗਵੰਤ ਮਾਨ ਮੁੱਖ ਮੰਤਰੀ ਬਣਿਆ ਤਾਂ ਕਵੀ ਕਹਿਣ ਲੱਗਾ : ਲੈ ਬਈ ਆਪਣੇ ਕਾਵਿ ਕਬੀਲੇ ਦਾ ਬੰਦਾ ਮੁੱਖ ਮੰਤਰੀ ਬਣ ਗਿਆ। ਦੂਜਾ ਕਵੀ ਕਹਿਣ ਲੱਗਾ:
ਹੱਸਦਾ ਹੱਸਦਾ ਜੁਗਨੂੰ ਸੂਰਜ ਬਣ ਗਿਆ
ਉਸ ਦੇ ਸੁੱਚੇ ਹਾਸੇ ਦਾ ਪ੍ਰਤਾਪ ਹੈ
ਜਿਸ ਵਿਚ ਅਤਿ ਦਲੇਰੀ, ਤਿੱਖੀ ਸਮਝ ਹੈ
ਜਿਸ ਵਿਚ ਨਸ਼ਤਰ ਵੀ ਹੈ, ਨਾਲ਼ੇ ਮਲਮ ਵੀ
ਜਿਸ ਵਿਚ ਲੋਕਾਂ ਖ਼ਾਤਰ ਗਹਿਰਾ ਪਿਆਰ ਹੈ
ਸ਼ੀਂਹਾਂ ਰਾਜਿਆਂ ਦੀ ਖ਼ਾਤਰ ਲਲਕਾਰ ਹੈ
ਕੁਝ ਦਿਨ ਬਾਅਦ ਦਾਨਿਸ਼ਵਰ ਦੋਸਤ ਕਹਿਣ ਲੱਗਾ : ਕਵੀਆ ਐਵੇਂ ਖੁਸ਼ ਨਾ ਹੋ। ਤੈਨੂੰ ਇਕ ਵਾਰ ਫੇਰ ਪੂਰਨ ਦੇ ਆਉਣ ਦਾ ਭੁਲੇਖਾ ਪਿਆ ਹੈ। ਤੇਰਾ ਇਹ ਭੁਲੇਖਾ ਵੀ ਛੇਤੀ ਹੀ ਦੂਰ ਹੋ ਜਾਵੇਗਾ। ਬਹੁਤ ਵੱਡੇ ਮਸਲੇ ਹਨ। ਬਹੁਤ ਵੱਡੀਆਂ ਵੰਗਾਰਾਂ। ਬਹੁਤ ਵੱਡੇ ਮਾਫ਼ੀਏ। ਬਹੁਤ ਵੱਡੇ ਮਗਰਮੱਛ। ਦੋ ਅਲੱਗ ਅਲੱਗ ਸ਼ਕਤੀ ਕੇਂਦਰ : ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ। ਆਹ ਦੇਖ ਰਾਜ ਸਭਾ ਵਿਚ ਭੇਜੇ ਗਏ ਬੰਦਿਆਂ ਦੀ ਲਿਸਟ। ਗੱਲ ਇਹ ਹੈ ਕਿ ਸਾਡਾ ਪੋਲੀਟੀਕਲ ਕਲਚਰ ਆਪ ਹੀ ਇਕ ਮਸਲਾ ਬਣ ਚੁੱਕਿਆ ਹੈ। ਇਸ ਉਲਝੀ ਤਾਣੀ ਨੂੰ ਸੁਲਝਾਉਣਾ ਸੌਖਾ ਨਹੀਂ।
ਕਵੀ ਕਹਿਣ ਲੱਗਾ : ਨਿਰਾਸ਼ ਹੋ ਕੇ ਕਿਨਾਰਾ ਕਰ ਲੈਣਾ ਕੋਈ ਬਹਾਦਰੀ ਜਾਂ ਸਿਆਣਪ ਨਹੀਂ। ਲੋਕਾਂ ਨੇ ਆਪਣਾ ਕੰਮ ਕਰ ਦਿੱਤਾ ਹੈ। ਹੁਣ ਸਰਕਾਰ ਦਾ ਕੰਮ ਹੈ। ’ਕੱਲੀ ਸਰਕਾਰ ਦਾ ਹੀ ਨਹੀਂ। ਦਾਨਿਸ਼ਵਰਾਂ ਦਾ, ਸਾਹਿਤਕਾਰਾਂ ਦਾ, ਪੱਤਰਕਾਰਾਂ ਦਾ, ਕਿਸਾਨਾਂ ਦਾ, ਸਾਰੇ ਕਿਰਤੀਆਂ ਦਾ। ਆਪਾਂ ਸਾਰਿਆਂ ਦਾ। ਜਦੋਂ ਧਰਤੀ ਹੀ ਮਾਂ ਇੱਛਰਾਂ ਬਣ ਜਾਵੇ ਫਿਰ ਉਸ ਦੇ ਦੁੱਖ ਇਕ ਪੂਰਨ ਪੁੱਤਰ ਨਹੀਂ ਦੂਰ ਕਰ ਸਕਦਾ। ਆਪਾਂ ਸਾਰਿਆਂ ਨੂੰ ਉਸ ਦੇ ਪੂਰਨ ਪੁੱਤ ਬਣਨਾ ਪਵੇਗਾ। ਆਪਾਂ ਸਿਰਫ਼ ਨਿੰਦਕ ਨਾ ਬਣੀਏ, ਆਪਾਂ ਸਿਰਜਕ ਬਣੀਏ। ਨਵੀਆਂ ਤਰਕੀਬਾਂ ਸੋਚੀਏ। ਨਵੇਂ ਸੁਪਨੇ ਲਈਏ।
ਜੇ ਇਸ ਵਾਰ ਵੀ ਅਸੀਂ ਆਪਣੀ ਧਰਤੀ ਆਪਣੀ ਇੱਛਰਾਂ ਮਾਂ ਦਾ ਦੁੱਖ ਨਾ ਦੂਰ ਕਰ ਸਕੇ ਤਾਂ ਪੰਜਾਬ ਉਦਾਸੀ ਦੇ ਅੰਧਕਾਰ ਵਿਚ ਖੋ ਜਾਵੇਗਾ। ਬਹੁਤ ਜ਼ਖ਼ਮੀ ਨਾਗ ਇਸ ਨੂੰ ਡੰਗਣ ਲਈ ਵਿਸ ਘੋਲ ਰਹੇ ਹਨ। ਬੜੇ ਸ਼ੀਂਹ ਘਾਤ ਲਗਾ ਕੇ ਬੈਠੇ ਹਨ।
ਦੋਸਤ ਉਦਾਸੀ ਦੇ ਆਲਮ ਵਿਚੋਂ ਬੋਲਦਾ ਹੈ : ਭਗਵੰਤ ਦਾ ਹਰਾ ਪੈੱਨ ਕੀ ਕਰ ਲਵੇਗਾ ਜੇ ਉਸ ਦੇ ਹਸਤਾਖਰਾਂ ਉਤਲੀ ਇਬਾਰਤ ਅਜਿਹੇ ਲੋਕਾਂ ਦੀ ਲਿਖੀ ਹੋਈ ਹੋਵੇਗੀ ਜਿਨ੍ਹਾਂ ਦੇ ਮਨਾਂ ਵਿਚ ਪੰਜਾਬ ਲਈ ਭਗਵੰਤ ਵਾਂਗ ਤੇ ਉਸ ਦੇ ਸਾਥੀ ਵਿਧਾਇਕਾਂ ਵਾਂਗ ਪਿਆਰ, ਤੜਪ ਤੇ ਸੁਹਿਰਦਤਾ ਨਾ ਹੋਈ।
ਮੈਂ ਆਖਦਾ ਹਾਂ : ਮੈਨੂੰ ਯਕੀਨ ਹੈ। ਪੰਜਾਬ ਦੇ ਲੋਕਾਂ ਦੀ ਤੜਪ ਤੇ ਸ਼ਕਤੀ ਦੇ ਸਹਾਰੇ, ਸਾਥੀ ਵਿਧਾਇਕਾਂ ਦੀ ਸੁਹਿਰਦਤਾ ਅਤੇ ਪਿਆਰ ਦੇ ਸਹਾਰੇ ਭਗਵੰਤ ਦਾ ਹਰਾ ਪੈੱਨ ਪੰਜਾਬ ਦੀ ਧਰਤੀ ਨੂੰ ਹਰੀ ਭਰੀ ਬਣਾਉਣ ਲਈ ਤੇ ਪੰਜਾਬ ਦੇ ਲੋਕਾਂ ਦੇ ਤਨ ਮਨ ਹਰੇ ਕਰਨ ਲਈ ਚੱਲੇਗਾ। ਇਹ ਸਾਡੀ ਆਸ ਵੀ ਹੈ ਤੇ ਅਰਦਾਸ ਵੀ।
ਪੰਜਾਬ ਦੇ ਕਾਵਿ ਕਬੀਲੇ ਦੀ। ਚੁੱਲ੍ਹੇ ਵਰਗੀ ਪਿਆਰੀ ਕਵਿਤਾ ਲਿਖਣ ਵਾਲੇ ਭਗਵੰਤ ਮਾਨ ਦੇ ਪੈੱਨ ਤੋਂ ਪੰਜਾਬ ਦੀ ਧਰਤੀ ਨੂੰ ਏਹੀ ਉਮੀਦ ਹੈ। ਉਹ ਲੋਕ ਜਿਨ੍ਹਾਂ ਨੇ ਆਪਣੀ ਸ਼ਾਂਤਮਈ ਸੂਰਬੀਰਤਾ ਨਾਲ ਕਿਸਾਨ ਮੋਰਚੇ ਜਿਹੀ ਵੱਡੀ ਜੰਗ ਜਿੱਤੀ, ਜਿਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਚਿੰਤਕ ਨੋਮ ਚੌਮਸਕੀ ਨੇ ਵਿਸ਼ਵ ਲਈ ਚਾਨਣ-ਮੁਨਾਰੇ ਮੰਨਿਆ। ਉਹ ਭਗਵੰਤ ਦੀ ਸ਼ਕਤੀ ਬਣਨਗੇ। ਪੰਜਾਬ ਦੀ ਧਰਤੀ ਦੇ ਧੀਆਂ ਪੁੱਤਰ, ਸੁਹਿਰਦ ਵਿਧਾਇਕ ਉਹਦੀ ਸ਼ਕਤੀ ਬਣਨਗੇ। ਉਹ ਉਨ੍ਹਾਂ ਦੀ ਸ਼ਕਤੀ ਬਣੇਗਾ। ਜੇ ਕੋਈ ਇਸ ਵੇਲੇ ਆਪਣੀ ਪੂਰੀ ਸੁਹਿਰਦਤਾ ਨਾਲ ਪੰਜਾਬ ਦੇ ਦੁੱਖਾਂ ਨੂੰ ਦੂਰ ਕਰਨ ਲਈ ਨਹੀਂ ਲੜਦਾ ਤਾਂ ਉਹ ਇਸ ਧਰਤੀ ਨਾਲ ਧ੍ਰੋਹ ਕਮਾਉਂਦਾ ਹੈ।
ਸਾਨੂੰ ਹੁਣ ਪਿੱਛੇ ਮੁੜਨਾ ਨਹੀਂ ਪੁੱਗਦਾ। ਪਿੱਛੇ ਤਾਂ ਫਿਰ ਓਹੀ ਅੰਧਕਾਰ ਹੈ, ਭ੍ਰਿਸ਼ਟਾਚਾਰ ਹੈ, ਆਪੋਧਾਪੀ ਹੈ। ਅਸੀਂ ਸ਼ਾਂਤਮਈ ਸੂਰਬੀਰਤਾ ਤੇ ਗਿਆਨ ਖੜਗ ਵਾਲਾ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰੱਖਾਂਗੇ। ਉਹ ਹੁਣ ਪਿੱਛੇ ਨਹੀਂ ਮੁੜ ਸਕਦੇ।
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਇਕ ਬਣ ਰਹੀ ਸੁਹਣੀ ਜਿਹੀ ਕਵਿਤਾ ’ਚ ਸ਼ਾਮਿਲ ਹੋਣ ਵਾਲੇ
ਲਫ਼ਜ਼ ਹਾਂ ਯਾਰੋ
ਅਸੀਂ ਹੁਣ ਥੁੜ ਨਹੀਂ ਸਕਦੇ
ਅਸੀਂ ਹੁਣ ਮੁੜ ਗਏ ਤਾਂ
ਫਿਰ ਤਾਂ ਸਮਝੋ ਮੁੜ ਗਿਆ ਇਤਿਹਾਸ ਪਿੱਛੇ ਵੱਲ
ਜਿੱਤ ਗਈ ਹਉਮੈ ਤੇ ਨਫ਼ਰਤ ਦੀ ਸਿਆਸਤ
ਜਿੱਤ ਗਏ ਕਾਤਿਲ ਮਨੁੱਖਤਾ ਦੇ
ਅਸੀਂ ਹੁਣ ਮੁੜ ਗਏ ਤਾਂ
ਫਿਰ ਤਾਂ ਸਮਝੋ ਡੁੱਬ ਗਿਆ ਸੂਰਜ ਉਮੀਦਾਂ ਦਾ
ਚੰਦਰਮਾ ਸੱਚ ਵਾਲਾ
ਬੁਝ ਗਏ ਤਾਰੇ ਉਮੀਦਾਂ ਦੇ
ਤੇ ਕਵਿਤਾ ਰੌਸ਼ਨੀ ਦਾ...
ਗੱਲ ਇਸ ਜਾਂ ਉਸ ਪਾਰਟੀ ਦੀ ਨਹੀਂ ਹੈ, ਗੱਲ ਪੰਜਾਬ ਦੇ ਲੋਕਾਂ ਦੇ ਦਰਦ ਦੀ ਹੈ, ਪੰਜਾਬ ਦੀ ਤੜਪ ਦੀ ਹੈ, ਪੰਜਾਬ ਲਈ ਕੋਈ ਰਾਹ ਲੱਭਣ ਦੀ ਹੈ।
ਆਓ ਸੁਹਣੇ ਲਫ਼ਜ਼ ਤੇ ਸੁਹਣੇ ਕਰਮ ਬੀਜੀਏ। ਤੇ ਦੁਆ ਕਰੀਏ ਕਿ ਰੋ ਰੋ ਅੰਨ੍ਹੀ ਹੋਈ ਮਾਂ ਇੱਛਰਾਂ ਤੇ ਪੂਰਨ ਪੁੱਤਰ ਦੇ ਮਿਲਾਪ ਦਾ ਮੰਜ਼ਰ ਇਸ ਵਾਰ ਵੀ ਸਾਡਾ ਭਰਮ ਨਾ ਨਿਕਲੇ।
ਸੰਪਰਕ : 98145-04272
ਮੇਰੇ ਘਰ ਸ਼ਬਦ ਰਤਨਾਂ ਦੀ ਹੀ ਦੌਲਤ ਹੈ - ਸੁਰਜੀਤ ਪਾਤਰ
ਸ਼ਬਦਾਂ ਦੀ ਸ਼ਕਤੀ ਬਾਰੇ ਬੇਸ਼ੁਮਾਰ ਖ਼ੂਬਸੂਰਤ ਕਹਾਵਤਾਂ ਹਨ :
ਜਿਸਦੀ ਜ਼ੁਬਾਨ ਚੱਲਦੀ, ਉਹਦੇ ਸੱਤ ਹਲ਼ ਚੱਲਦੇ। ਤਲਵਾਰ ਦਾ ਫੱਟ ਮਿਟ ਜਾਂਦਾ, ਜ਼ੁਬਾਨ ਦਾ ਫੱਟ ਕਦੀ ਨਹੀਂ ਮਿਟਦਾ। ਗੱਲ ਜ਼ੁਬਾਨੋਂ, ਤੀਰ ਕਮਾਨੋਂ। ਆਦਮੀ ਆਪਣੀ ਜੀਭ ਥੱਲੇ ਲੁਕ ਜਾਂਦਾ।
ਸ਼ਬਦਾਂ ਬਾਰੇ ਸਤ੍ਵਾਰਵੀਂ ਸਦੀ ਦੇ ਮਸ਼ਹੂਰ ਮਰਾਠੀ ਸੰਤ ਕਵੀ ਤੁਕਾਰਾਮ ਜੀ ਦੇ ਉਚਾਰੇ ਇਕ ਅਭੰਗ ਨੂੰ ਪੰਜਾਬੀ ਵਿਚ ਇਉਂ ਕਹਿ ਸਕਦੇ ਹਾਂ :
ਮੇਰੇ ਘਰ ਸ਼ਬਦ ਰਤਨਾਂ ਦੀ ਹੀ ਦੌਲਤ ਹੈ
ਸ਼ਬਦਾਂ ਦੇ ਹੀ ਹਥਿਆਰ ਹਨ ਮੇਰੇ ਕੋਲ
ਸ਼ਬਦ ਹੀ ਮੇਰੇ ਜੀਵਨ ਦੇ ਸ੍ਰੋਤ ਹਨ
ਸ਼ਬਦਾਂ ਦਾ ਧਨ ਹੀ ਮੈਂ ਲੋਕਾਂ ਨੂੰ ਵੰਡਦਾ ਹਾਂ
ਸ਼ਬਦ ਹੀ ਮੇਰਾ ਪ੍ਰਭੂ ਹੈ
ਸ਼ਬਦਾਂ ਨਾਲ ਹੀ ਮੈਂ ਉਸ ਦੀ ਪੂਜਾ ਕਰਦਾ ਹਾਂ
ਭਾਸ਼ਾ ਦੀ ਬੇਹੁਰਮਤੀ ਦਾ ਸਭ ਤੋਂ ਖ਼ਤਰਨਾਕ ਦੌਰ
ਸ਼ਬਦਾਂ ਵਿਚ ਅਥਾਹ ਸ਼ਕਤੀ ਹੈ ਤੇ ਉਸ ਸ਼ਕਤੀ ਦੇ ਭਲੇ ਤੇ ਬੁਰੇ ਇਸਤੇਮਾਲ ਦੀ ਲੀਲ੍ਹਾ ਵੀ ਅਪਰੰਪਾਰ ਹੈ। ਉਹ ਸ਼ਬਦ ਹੀ ਸਨ ਜਿਨ੍ਹਾਂ ਨੇ ਦੋ ਪਲਾਂ ਵਿਚ ਸ੍ਰਿਸ਼ਟੀ ਨੂੰ ਪ੍ਰਭੂ ਦੇ ਮੰਦਰ ਵਿਚ ਬਦਲ ਦਿੱਤਾ। ਉਨ੍ਹਾਂ ਸ਼ਬਦਾਂ ਦੇ ਉਚਾਰਨ ਤੋਂ ਇਕ ਪਲ ਪਹਿਲਾਂ ਅਸਮਾਨ ਤਾਂ ਸੀ ਪਰ ਉਹ ਆਰਤੀ ਦਾ ਥਾਲ ਨਹੀਂ ਸੀ, ਪਵਣ ਤਾਂ ਸੀ ਪਰ ਉਹ ਚਵਰ ਨਹੀਂ ਸੀ ਝੁਲਾ ਰਹੀ। ਉਹ ਸ਼ਬਦ ਹੀ ਸਨ ਜਿਨ੍ਹਾਂ ਨੇ ਸੱਜਣ ਠੱਗ ਦੇ ਕਠੋਰ ਮਨ ਨੂੰ ਪਿਘਲਾ ਦਿੱਤਾ। ਪਰ ਉਹ ਵੀ ਸ਼ਬਦ ਹੀ ਸਨ ਜਿਨ੍ਹਾਂ ਨਾਲ ਸੱਜਣ ਠੱਗ ਰਾਹੀਆਂ ਮੁਸਾਫ਼ਿਰਾਂ ਨੂੰ ਭਰਮਾ ਕੇ ਆਖ਼ਰ ਲੁੱਟ ਲੈਂਦਾ ਸੀ।
ਤੇ ਉਹ ਵੀ ਸ਼ਬਦ ਹੀ ਸਨ ਜਿਨ੍ਹਾਂ ਹੱਥੋਂ ਸ਼ੇਕਸਪੀਅਰ ਦੇ ਨਾਟਕ ਦਾ ਭੋਲ਼ਾ ਬਾਦਸ਼ਾਹ ਕਿੰਗ ਲੀਅਰ ਏਨਾ ਖੁਆਰ ਹੋਇਆ ਕਿ ਅਖ਼ੀਰ ਪਾਗਲ ਹੋ ਗਿਆ। ਉਸ ਨੇ ਆਪਣੀਆਂ ਤਿੰਨ ਧੀਆਂ ਵਿਚਕਾਰ ਆਪਣਾ ਰਾਜ ਭਾਗ ਵੰਡਣਾ ਸੀ। ਉਸ ਨੇ ਸੋਚਿਆ ਮੇਰੀਆਂ ਤਿੰਨ ਧੀਆਂ ਗੌਨਰਿਲ, ਰੀਗਨ ਅਤੇ ਕੌਰਡਿਲੀਆ ਵਿਚੋਂ ਜਿਹੜੀ ਮੈਨੂੰ ਜਿੰਨਾ ਪਿਆਰ ਕਰਦੀ ਹੋਵੇਗੀ, ਉਹਦੇ ਹਿਸਾਬ ਨਾਲ ਹੀ ਉਸ ਨੂੰ ਹਿੱਸਾ ਦਿਆਂਗਾ।
ਵੱਡੀ ਧੀ ਗੌਨਰਿਲ ਕਹਿਣ ਲੱਗੀ : ਮੈਂ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਕਰਦੀ ਹਾਂ ਜਿੰਨਾ ਮੇਰੇ ਲਫ਼ਜ਼ ਕਹਿ ਸਕਦੇ ਹਨ। ਤੁਸੀਂ ਮੈਨੂੰ ਆਪਣੀ ਅੱਖਾਂ ਦੀ ਜੋਤ ਤੋਂ ਵੱਧ ਪਿਆਰੇ ਓ, ਅੱਖਾਂ ਜੋ ਥਾਂਵਾਂ ਦੇਖਦੀਆਂ ਹਨ ਉਨ੍ਹਾਂ ਤੋਂ ਵੀ ਪਿਆਰੇ, ਆਪਣੀ ਆਜ਼ਾਦੀ ਤੋਂ ਵੀ ਵੱਧ ਪਿਆਰੇ। ਮਾਣ ਤਾਣ ਭਰੀ, ਖ਼ੂਬਸੂਰਤ ਤੇ ਸਿਹਤਮੰਦ ਜ਼ਿੰਦਗੀ ਤੋਂ ਵੀ ਵੱਧ ਪਿਆਰੇ...
ਰੀਗਨ ਕਹਿਣ ਲੱਗੀ : ਮੈਂ ਵੀ ਓਸੇ ਮਿੱਟੀ ਦੀ ਬਣੀ ਹੋਈ ਆਂ ਜਿਸ ਮਿੱਟੀ ਦੀ ਮੇਰੀ ਵੱਡੀ ਭੈਣ ਬਣੀ ਹੈ। ਉਹਨੇ ਬਹੁਤ ਸਹੀ ਤਰ੍ਹਾਂ ਵਰਣਨ ਕਰ ਦਿੱਤਾ ਉਸ ਪਿਆਰ ਦਾ ਜੋ ਮੇਰੇ ਦਿਲ ਵਿਚ ਤੁਹਾਡੇ ਲਈ ਹੈ। ਸਿਰਫ਼ ਉਹ ਸ਼ਬਦਾਂ ਵੱਲੋਂ ਥੁੜ ਗਈ। ਤੇ ਮੈਂ ਸਿਰਫ਼ ਏਹੀ ਕਹਿ ਸਕਦੀ ਹਾਂ ਕਿ ਸਿਰਫ਼ ਤੁਹਾਡਾ ਹੀ ਪਿਆਰ ਹੈ ਜੋ ਮੈਨੂੰ ਜਹਾਨ ਵਿਚ ਖ਼ੁਸ਼ੀ ਦੇ ਸਕਦਾ ਹੈ।
ਕਿੰਗ ਲੀਅਰ ਦੋਹਾਂ ਧੀਆਂ ਦੇ ਬੋਲ ਸੁਣ ਕੇ ਨਿਹਾਲ ਹੋ ਜਾਂਦਾ ਹੈ। ਆਪਣੀ ਛੋਟੀ ਧੀ ਕੌਰਡਿਲੀਆ ਨੂੰ ਪੁੱਛਦਾ ਹੈ। ਵੱਡੀਆਂ ਭੈਣਾਂ ਦੇ ਮੂੰਹੋਂ ਖ਼ੁਸ਼ਾਮਦ ਭਰੇ ਝੂਠੇ ਬੋਲ ਸੁਣ ਕੇ ਕੌਰਡਿਲੀਆ ਜਿਵੇਂ ਸੁੰਨ ਹੋ ਜਾਂਦੀ ਹੈ। ਉਸ ਨੂੰ ਕੁਝ ਸੁੱਝਦਾ ਨਹੀਂ ਉਹ ਕੀ ਕਹੇ। ਆਖ਼ਰ ਪਿਤਾ ਦੇ ਜ਼ੋਰ ਦੇਣ ’ਤੇ ਉਹ ਕਹਿੰਦੀ ਹੈ : ਪਿਤਾ ਜੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸਤਿਕਾਰ ਕਰਦੀ ਹਾਂ ਤੁਹਾਡੀ ਆਗਿਆ ਦਾ ਪਾਲਣ ਕਰਦੀ ਹਾਂ। ਪਰ ਮੇਰਾ ਅੱਧਾ ਪਿਆਰ ਉਸ ਲਈ ਹੋਵੇਗਾ ਜਿਸ ਨਾਲ ਮੇਰਾ ਵਿਆਹ ਹੋਵੇਗਾ ਤੇ ਅੱਧਾ ਤੁਹਾਡੇ ਲਈ।
ਲੀਅਰ ਕਹਿੰਦਾ ਹੈ: ਬੱਸ ਏਨਾ ਹੀ ? ਜੋ ਤੇਰੇ ਦਿਲ ਵਿਚ ਸੀ ਤੂੰ ਕਹਿ ਦਿੱਤਾ ?
ਕੌਰਡਿਲੀਆ : ਹਾਂ ਪਿਤਾ ਜੀ।
ਲੀਅਰ ਗੁੱਸੇ ਵਿਚ ਆ ਕੇ ਕਹਿੰਦਾ ਹੈ : ਏਨੀ ਛੋਟੀ ਤੇ ਏਨੀ ਕਠੋਰ... ਲੀਅਰ ਕੌਰਡਿਲੀਆ ਨੂੰ ਬੇਦਖ਼ਲ ਕਰ ਦਿੰਦਾ ਹੈ ਤੇ ਆਪਣਾ ਸਾਰਾ ਰਾਜਭਾਗ ਵੱਡੀਆਂ ਧੀਆਂ ਨੂੰ ਦੇ ਦੇਂਦਾ ਹੈ। ਬਾਕੀ ਜ਼ਿੰਦਗੀ ਆਪਣੀਆਂ ਦੋ ਧੀਆਂ ਕੋਲ ਰਹਿਣ ਦਾ ਫ਼ੈਸਲਾ ਕਰਦਾ ਹੈ। ਪਰ ਦੋਹਾਂ ਧੀਆਂ ਨੂੰ ਆਪਣਾ ਪਿਤਾ ਬੋਝ ਲੱਗਣ ਲੱਗਦਾ ਹੈ। ਤੇ ਉਸ ਦਾ ਜੋ ਹਸ਼ਰ ਹੁੰਦਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਗੌਨਰਿਲ ਤੇ ਰੀਗਨ ਦੇ ਮਿੱਠੇ ਲਫ਼ਜ਼ਾਂ ਅਤੇ ਕੌੜੇ ਵਿਵਹਾਰ ਵਿਚਕਾਰ ਜੋ ਫ਼ਾਸਲਾ ਸੀ ਉਸ ਨੇ ਕਿੰਗ ਲੀਅਰ ਨੂੰ ਪਾਗਲ ਕਰ ਦਿੱਤਾ।
ਭਾਸ਼ਾ ਦਾ ਜਨਮ ਆਤਮ-ਪ੍ਰਗਟਾਵੇ ਲਈ ਹੋਇਆ ਸੀ ਪਰ ਭਾਸ਼ਾ ਦਾ ਬਹੁਤ ਸਾਰਾ ਇਸਤੇਮਾਲ ਆਪਣੇ ਅਸਲੀ ਆਪੇ ਨੂੰ ਲੁਕੋਣ ਲਈ ਤੇ ਦੂਜਿਆਂ ਨੂੰ ਠੱਗਣ ਲਈ ਹੁੰਦਾ ਹੈ। ਹਾਕਮ ਅਤੇ ਉਨ੍ਹਾਂ ਦੇ ਜ਼ਰਖ਼ਰੀਦ ਚੈਨਲ ਤੇ ਅਖ਼ਬਾਰ ਭਾਸ਼ਾ ਦਾ ਇਸਤੇਮਾਲ ਝੂਠ ਨੂੰ ਸੱਚ ਸਾਬਤ ਕਰਨ ਲਈ ਹੀ ਕਰਦੇ ਹਨ। ਇਹ ਭਾਸ਼ਾ ਦੀ ਬੇਹੁਰਮਤੀ ਦਾ ਸ਼ਾਇਦ ਸਭ ਤੋਂ ਖ਼ਤਰਨਾਕ ਦੌਰ ਹੈ। ਭਾਸ਼ਾ ਦੇ ਪ੍ਰਦੂਸ਼ਨ ਦਾ। ਪੌਣ ਪਾਣੀ ਵਾਂਗ ਭਾਸ਼ਾ ਨੂੰ ਵੀ ਪਲੀਤ ਕਰ ਰਹੇ ਨੇ ਇਹ। ਇਨ੍ਹਾਂ ਦੀ ਪਲੀਤ ਕੀਤੀ ਭਾਸ਼ਾ ਕਿਹੋ ਜਿਹੀ ਜ਼ਹਿਰ ਘੋਲ ਰਹੀ ਹੈ ਭੋਲ਼ੇ ਭਾਲ਼ੇ ਲੋਕਾਂ ਦੇ ਦਿਲਾਂ ਵਿਚ। ਪਿਆਰ, ਇਨਸਾਨੀਅਤ ਅਤੇ ਸੱਚ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਇਨ੍ਹਾਂ ਹਤਿਆਰਿਆਂ ਦੀ ਪੇਸ਼ੀ ਕਿਸ ਅਦਾਲਤ ਵਿਚ ਹੋਵੇਗੀ? ਸ਼ਬਦ ਰਤਨਾਂ ਨੂੰ ਇਹ ਕਿਸ ਤਰ੍ਹਾਂ ਚਿੱਕੜ ਵਿਚ ਰੋਲ ਰਹੇ ਹਨ, ਇਨ੍ਹਾਂ ਨੂੰ ਕੋਈ ਸਾਰ ਨਹੀਂ।
ਅਹਿ ਲੈ ਸ਼ਬਦ-ਬਾਣ ਇਕ ਹੋਰ
ਭਾਸ਼ਾ ਦੇ ਇਕ ਹੋਰ ਖ਼ਤਰਨਾਕ ਇਸਤੇਮਾਲ ਨੇ ਸਾਰੀ ਦੁਨੀਆ ਦਾ ਧਿਆਨ ਪਿਛਲੇ ਦਿਨੀਂ ਆਪਣੇ ਵੱਲ ਖਿੱਚਿਆ। ਇਸ ਇਸਤੇਮਾਲ ਦਾ ਸੰਬੰਧ ਨਾਮਕਰਣ ਨਾਲ਼ ਹੈ। ਨਾਮਕਰਣ ਇਕ ਬਹੁਤ ਪਵਿੱਤਰ ਰਸਮ ਹੈ। ਇਸ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਹਰ ਧਰਮ ਵਿਚ ਇਸ ਨਾਲ ਪਾਵਨ ਰਸਮਾਂ ਜੁੜੀਆਂ ਹੋਈਆਂ ਹਨ ਤੇ ਨਾਮ ਬਹੁਤ ਸੋਚ ਸਮਝ ਕੇ ਰੱਖਿਆ ਜਾਂਦਾ ਹੈ। ਪਰ ਸ਼ੇਕਸਪੀਅਰ ਦੇ ਨਾਟਕ ਰੋਮੀਓ ਐਂਡ ਜੂਲੀਅਟ ਵਿਚ ਇਕ ਵਾਰਤਾਲਾਪ ਹੈ :
ਨਾਮ ਵਿਚ ਕੀ ਰੱਖਿਆ ?
ਜਿਸਨੂੰ ਅਸੀਂ ਗੁਲਾਬ ਆਖਦੇ ਹਾਂ
ਜੇ ਇਸ ਦਾ ਕੋਈ ਹੋਰ ਨਾਮ ਰੱਖ ਦੇਈਏ
ਤਾਂ ਵੀ ਇਸ ਦੀ ਮਹਿਕ ਏਨੀ ਹੀ ਸੁਹਣੀ ਹੋਵੇਗੀ।
ਪਰ ਅੰਗਰੇਜ਼ੀ ਦਾ ਹੀ ਇਕ ਪੁਰਾਣਾ ਅਖਾਣ ਨਾਟਕ ਦੇ ਇਸ ਕਥਨ ਨਾਲ ਤਕਰਾਰ ਕਰਦਾ ਹੈ। ਉਹ ਅਖਾਣ ਹੈ ਕਿ ਜੇ ਕਿਸੇ ਦਾ ਬੁਰਾ ਨਾਮ ਧਰ ਦਿਓ ਤਾਂ ਉਹ ਅੱਧਾ ਕੁ ਤਾਂ ਸੂਲ਼ੀ ਟੰਗਿਆ ਹੀ ਜਾਂਦਾ ਹੈ। ਜਾਂ ਉਸ ਨੂੰ ਸੂਲੀ ਟੰਗਣਾ ਆਸਾਨ ਤੇ ਜਾਇਜ਼ ਹੋ ਜਾਂਦਾ ਹੈ। ਨਜ਼ਮ ਦੀਆਂ ਸਤਰਾਂ ਯਾਦ ਆਉਂਦੀਆਂ ਹਨ :
ਤੇਰਾ ਵੀ ਨਾਮ ਰੱਖਾਂਗੇ
ਤੇਰੀ ਛਾਤੀ ਤੇ ਵੀ ਖ਼ੰਜਰ ਜਾਂ ਤਗ਼ਮਾ ਧਰ ਦਿਆਂਗੇ
ਜੀਣ ਜੋਗਾ ਤਾਂ ਹੋ
ਤੇਰੀ ਵੀ ਹੱਤਿਆ ਕਰ ਦਿਆਂਗੇ
ਅਸੀਂ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਖੋਟੇ ਸਿਆਸਤਦਾਨਾਂ ਅਤੇ ਗੋਦੀ ਮੀਡੀਆ ਵੱਲੋਂ ਇਹ ਕੋਸ਼ਿਸ਼ਾਂ ਹੁੰਦੀਆਂ ਦੇਖੀਆਂ। ਇਨ੍ਹਾਂ ਕੋਸ਼ਿਸ਼ਾਂ ਦੀ ਸਿਖਰ ਸੀ ਇਕ ਨਵਾਂ ਨਾਮ : ਪਰਜੀਵੀ ਅੰਦੋਲਨਜੀਵੀ। ਇਸ ਨਾਮ ਦੇ ਐਲਾਨ ਦੇ ਪਲਾਂ ਦਾ ਮਾਹੌਲ ਕੁਝ ਇਹੋ ਜਿਹਾ ਸੀ :
ਅਹਿ ਲਓ ਸ਼ਬਦ-ਬਾਣ ਇਕ ਹੋਰ
ਅਹਿ ਲਓ ਮੇਰੇ ਟ੍ਰੋਲ ਯੋਧਿਓ
ਅਹਿ ਲੈ ਮੇਰੇ ਮੀਡੀਆ ਲਸ਼ਕਰ
ਦੇਖੋ ਅੱਜ ਲਿਆਇਆ ਹਾਂ ਮੈਂ
ਸ਼ਬਦ-ਬਾਣ ਇਕ ਹੋਰ
ਬਿਲਕੁਲ ਨਵਾਂ ਨਕੋਰ
ਮੇਡ ਇਨ ਇੰਡੀਆ
ਨਾਮ ਹੈ ਇਸ ਦਾ :
ਪਰਜੀਵੀ ਅੰਦੋਲਨਜੀਵੀ
ਉਹ ਵੀ ਖ਼ੂਬ ਕਾਰਗਰ ਸਨ ਪਰ
ਜ਼ਰਾ ਪੁਰਾਣੇ ਹੋ ਗਏ ਸਨ ਉਹ : ਟੁਕੜੇ ਟੁਕੜੇ ਗੈਂਗ
ਦੇਸ਼-ਧ੍ਰੋਹੀ, ਖ਼ਾਲਿਸਤਾਨੀ, ਸ਼ਹਿਰੀ ਨਕਸਲ਼ ...
ਇਹ ਹੈ ਨਵਾਂ ਨਕੋਰ
ਸ਼ਬਦ-ਬਾਣ ਇਕ ਹੋਰ :
ਪਰਜੀਵੀ ਅੰਦੋਲਨਜੀਵੀ
ਹੋਠਾਂ ਤੇ ਇਕ ਕੁਟਿਲ ਜਿਹੀ ਮੁਸਕਾਨ ਲਿਆਵੋ
ਯਾਨੀ ਅਪਣੇ ਹੋਂਠ ਕਮਾਨ ਬਣਾਵੋ
ਉਸ ਦੀ ਤੰਦੀ ਉੱਤੇ ਚਾੜ੍ਹ ਕੇ ਤੀਰ ਚਲਾਵੋ:
ਪਰਜੀਵੀ ਅੰਦੋਲਨਜੀਵੀ
ਸ਼ਰਮ ਨਾਲ ਹੀ ਮਰ ਜਾਵੇਗੀ
ਪਰਉਪਕਾਰ ਦੀ ਪਿਰਤ
ਸ਼ਰਮ ਨਾਲ ਹੀ ਮਰ ਜਾਵਣਗੇ
ਪੀੜ ਪਰਾਈ ਜਾਨਣ ਵਾਲੇ
ਤੇ ਉਹ ਕਵਿਤਾ ਵੀ ਸ਼ਰਮਿੰਦੀ ਹੋ ਜਾਵੇਗੀ।
ਜਿਹੜੀ ਜਰਮਨ ਪਾਦਰੀ ਮਾਰਤਿਨ ਨਾਇਮੋਲਰ ਦੀ ਵਾਰਤਕ ਦੇ ਆਧਾਰ ’ਤੇ ਲਿਖੀ ਗਈ। ਜੋ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਹੈ ਜਿਹੜੇ ਕਿਸੇ ਹੋਰ ਦੇ ਦੁੱਖ ਵਿਚ ਦੁਖੀ ਨਹੀਂ ਹੁੰਦੇ, ਜਿਹੜੇ ਬੱਸ ਆਪਣੇ ਆਪ ਬਾਰੇ ਹੀ ਸੋਚਦੇ ਹਨ :
ਪਹਿਲਾਂ ਉਹ ਸਮਾਜਵਾਦੀਆਂ ਲਈ ਆਏ
ਮੈਂ ਨਾ ਬੋਲਿਆ
ਕਿਉਂਕਿ ਮੈਂ ਸਮਾਜਵਾਦੀ ਨਹੀਂ ਸਾਂ
ਫੇਰ ਉਹ ਟ੍ਰੇਡ ਯੂਨੀਅਨਿਸਟਾਂ ਲਈ ਆਏ
ਮੈਂ ਨਾ ਬੋਲਿਆ
ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸਾਂ
ਫਿਰ ਉਹ ਯਹੂਦੀਆਂ ਲਈ ਆਏ
ਮੈਂ ਨਾ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸਾਂ
ਫਿਰ ਉਹ ਮੇਰੇ ਲਈ ਆਏ
ਓਦੋਂ ਮੇਰੇ ਲਈ ਬੋਲਣ ਵਾਲਾ
ਕੋਈ ਬਚਿਆ ਹੀ ਨਹੀਂ ਸੀ
(ਮਾਰਤਿਨ ਨਾਇਮੋਲਰ ਪਹਿਲਾਂ ਹਿਟਲਰ ਦਾ ਸਮਰਥਕ ਸੀ)
ਇਹ ਕਵਿਤਾ ਸਾਨੂੰ ਅੰਦੋਲਨ-ਜੀਵੀ ਹੋਣ ਦਾ ਸੁਨੇਹਾ ਦਿੰਦੀ ਹੈ। ਪਰਾਈ ਪੀੜ ਨੂੰ ਜਾਨਣ ਦਾ ਸੰਦੇਸ਼। ਉਰਦੂ ਸ਼ਾਇਰ ਅਮੀਰ ਮੀਨਾਈ ਹੋਰਾਂ ਦਾ ਸ਼ਿਅਰ ਹੈ :
ਖ਼ੰਜਰ ਚਲੇ ਕਿਸੀ ਪੇ, ਤੜਪਤੇ ਹੈਂ ਹਮ ਅਮੀਰ
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ
ਇਸ ਸ਼ਿਅਰ ਵਿਚ ਅਮੀਰ ਮੀਨਾਈ ਸਾਹਿਬ ਖੁੱਲ੍ਹਮਖੁੱਲ੍ਹਾ ਆਪਣੇ ਆਪ ਨੂੰ ਅੰਦੋਲਨਜੀਵੀ ਪਰਜੀਵੀ ਕਹਿ ਰਹੇ ਹਨ। ਸ਼ੁਕਰ ਹੈ ਮੀਨਾਈ ਸਾਹਿਬ ਹੁਣ ਸਾਡੇ ਦਰਮਿਆਨ ਨਹੀਂ ਹਨ ਨਹੀਂ ਤਾਂ ਟ੍ਰੋਲ ਆਰਮੀ ਉਨ੍ਹਾਂ ’ਤੇ ਵੀ ਟੁੱਟ ਪੈਂਦੀ।
ਹੁਣ ਅੱਗੇ ਕੀ ਹੋਵੇਗਾ?
ਇਸ ਸੰਘਰਸ਼ ਦੇ ਅਰਥ ਸਿਰਫ਼ ਆਰਥਿਕਤਾ ਤੱਕ ਸੀਮਿਤ ਨਹੀਂ। ਸਿਰਫ਼ ਜ਼ਮੀਨ ਤੱਕ ਵੀ ਸੀਮਿਤ ਨਹੀਂ। ਇਹ ਬੰਦੇ ਦੀ ਹੋਂਦ ਦੇ ਅਰਥਾਂ ਤੱਕ ਫੈਲ ਗਏ ਹਨ ਉਸ ਦੀ ਜ਼ਮੀਰ ਤੱਕ ਫੈਲ ਗਏ ਹਨ ਤੇ ਜਿਸ ਸੰਵੇਦਨਹੀਣਤਾ ਨਾਲ ਕੇਂਦਰੀ ਸਰਕਾਰ ਨੇ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਉਸ ਕਾਰਨ ਇਹ ਲੋਕ-ਰਾਜ ਦੀ ਜ਼ਖ਼ਮੀ ਆਤਮਾ ਦੀ ਮਰਹਮ ਬਣਨ ਤੱਕ ਫੈਲ ਗਏ ਹਨ। ਸੰਵਿਧਾਨ ਦੇ ਵਰਕਿਆਂ ਨੂੰ ਝੱਖੜ ਵਿਚ ਉੱਡ ਜਾਣ ਤੋਂ ਬਚਾਉਣ ਤੱਕ ਫੈਲ ਗਏ ਹਨ। ਤੇ ਇਸ ਸੰਘਰਸ਼ ਨੂੰ ਸਿਰਫ਼ ਵਰਤਮਾਨ ਹੀ ਨਹੀਂ ਦੇਖ ਰਿਹਾ, ਇਤਿਹਾਸ ਵੀ ਦੇਖ ਰਿਹਾ ਹੈ। ਸਾਡੇ ਪੁਰਖੇ ਵੀ ਦੇਖ ਰਹੇ ਹਨ। ਜਿਨ੍ਹਾਂ ਨੇ ਪ੍ਰੇਮ, ਸੱਚ, ਬਰਾਬਰੀ ਅਤੇ ਜਹਾਨ ਦੀ ਵੰਨ-ਸੁਵੰਨਤਾ ਲਈ ਸ਼ਹਾਦਤਾਂ ਦਿੱਤੀਆਂ। ਉਹ ਮਾਂਵਾਂ ਦੇ ਲਾਲ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਉਹ ਸਾਡੀਆਂ ਰੂਹਾਂ ਵਿਚ ਰਲ਼ ਕੇ ਸਭ ਕੁਝ ਦੇਖ ਰਹੇ ਹਨ। ਉਨ੍ਹਾਂ ਜਾਇਆਂ ਦੇ ਮਾਪਿਆਂ ਦੇ ਹੰਝੂ ਵੀ ਸਾਡੀਆਂ ਅੱਖਾਂ ਵਿਚੋਂ ਸਿੰਮ ਆਉਂਦੇ ਹਨ।
ਇਹ ਸੰਘਰਸ਼ ਹਾਕਮ ਲਈ ਆਪਣੀ ਕੁਰਸੀ ਦਾ ਮਾਮਲਾ ਹੋ ਸਕਦਾ ਹੈ ਪਰ ਅੰਦੋਲਨਜੀਵੀਆਂ ਲਈ, ਹਾਂ ਅੰਦੋਲਨਜੀਵੀਆਂ ਲਈ, ਇਹ ਮਾਨਵਤਾ ਦੀ ਆਜ਼ਾਦੀ, ਬਰਾਬਰੀ, ਸਾਂਝੀਵਾਲਤਾ ਅਤੇ ਪ੍ਰੇਮ ਦਾ ਮਸਲਾ ਹੈ।
ਮਸਲਾ ਇਹ ਨਹੀਂ ਕਿ ਇਹ ਸ਼ਖ਼ਸ ਜਿੱਤਦਾ ਹੈ ਕਿ ਉਹ ਜਿੱਤਦਾ ਹੈ।
ਇਹ ਪਾਰਟੀ ਜਿੱਤਦੀ ਹੈ ਕਿ ਉਹ ਪਾਰਟੀ ਜਿੱਤਦੀ ਹੈ।
ਮਸਲਾ ਇਹ ਹੈ ਕਿ ਖੇਤਾਂ ਵੱਲ ਵਧੀਆਂ ਆਉਂਦੀਆਂ
ਦਿਉਕੱਦ ਮਸ਼ੀਨਾਂ ਜਿੱਤਦੀਆਂ ਹਨ
ਕਿ ਇਨਸਾਨ ਜਿੱਤਦਾ ਹੈ।
ਉਪਜ ਨੂੰ ਆਪਣੇ ਗੋਦਾਮਾਂ ਵਿਚ
ਮੁਨਾਫ਼ੇ ਲਈ ਕੈਦ ਕਰਨ ਵਾਲੇ ਆਰਥਕ ਰਾਕਸ਼ਸ਼ ਜਿੱਤਦੇ ਹਨ
ਕਿ ਫ਼ਸਲਾਂ ਦਾ ਬਾਬਲ ਕਿਸਾਨ ਜਿੱਤਦਾ ਹੈ
ਲਾਲਚ, ਜ਼ੁਲਮ, ਫ਼ਰੇਬ ਅਤੇ ਝੂਠ ਜਿੱਤਦਾ ਹੈ
ਕਿ ਈਮਾਨ ਜਿੱਤਦਾ ਹੈ?
ਜ਼ਹਿਰੀਲੀ ਫ਼ਿਰਕਾਪ੍ਰਸਤੀ ਜਿੱਤਦੀ ਹੈ
ਕਿ ਲੋਕਾਂ ਦਾ ਆਪਸੀ ਪਿਆਰ ਤੇ ਮੋਹ ਮਾਣ ਜਿੱਤਦਾ ਹੈ?
ਸਿਆਸੀ ਨੇਤਾਵਾਂ ਦੇ ਕੂੜੇ ਬਿਆਨ ਜਿੱਤਦੇ ਹਨ
ਕਿ ਸ਼ਾਇਰ ਦਾ ਦੀਵਾਨ ਜਿੱਤਦਾ ਹੈ
ਹਿੰਦੋਸਤਾਨ ਦਾ ਹਾਕਮ ਜਿੱਤਦਾ ਹੈ
ਕਿ ਹਿੰਦੋਸਤਾਨ ਜਿੱਤਦਾ ਹੈ ?
ਰੂਹ ’ਚੋਂ ਆਵਾਜ਼ ਆਉਂਦੀ ਹੈ :
ਇਹ ਨਫ਼ਰਤ ਹਾਰ ਜਾਵੇਗੀ ਅਤੇ ਮੋਹ ਮਾਣ ਜਿੱਤੇਗਾ
ਇਹ ਹਾਕਮ ਹਾਰ ਜਾਵੇਗਾ ਤੇ ਹਿੰਦੋਸਤਾਨ ਜਿੱਤੇਗਾ।
ਮੇਰਾ ਆਸ਼ਾਵਾਦ
ਘੱਟਗਿਣਤੀ ਨਹੀਂ
ਮੈਂ ਦੁਨੀਆ ਦੀ
ਸਭ ਤੋਂ ਵੱਡੀ ਬਹੁ-ਗਿਣਤੀ ਨਾਲ
ਸੰਬੰਧ ਰੱਖਦਾ ਹਾਂ
ਬਹੁ-ਗਿਣਤੀ ਜੋ ਉਦਾਸ ਹੈ
ਖ਼ਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨ੍ਹੇਰੇ ਵਿਚ ਹੈ।
ਅਸਲ ਵਿਚ ਮਾਇਆਧਾਰੀ, ਈਮਾਨ-ਹੀਣੇ ਸਿਆਸਤਦਾਨ ਤੇ ਤਥਾ-ਕਥਿਤ ਉੱਚੀਆਂ ਜਾਤਾਂ ਵਾਲੇ ਅਭਿਮਾਨੀ ਘੱਟਗਿਣਤੀ ਵਿਚ ਹਨ। ਜ਼ਰੂਰਤ ਹੈ ਹਨ੍ਹੇਰਿਆਂ ਵਿਚ ਗੁਆਚੀ ਗਰੀਬਾਂ, ਮਸਕੀਨਾਂ, ਦੁਖਿਆਰਿਆਂ ਦੀ ਬਹੁ-ਗਿਣਤੀ ਨੂੰ ਨਾਲ਼ ਲੈ ਕੇ ਤੁਰਨ ਦੀ, ਉਨ੍ਹਾਂ ਵਿਚ ਸ਼ਬਦ ਰਤਨਾਂ ਦੀ ਦੌਲਤ ਵੰਡਣ ਦੀ, ਉਨ੍ਹਾਂ ਦੇ ਨੈਣਾਂ ਵਿਚ ਬੇਗਮਪੁਰੇ ਦੇ ਹਲੇਮੀ ਰਾਜ ਦਾ ਸੁਪਨਾ ਜਗਾਉਣ ਦੀ। ਗੁਰੂ-ਵਾਕਹੈ : ਜਿਨ੍ਹਾਂ ਧਰਤੀਆਂ ’ਤੇ ਗਰੀਬਾਂ ਮਸਕੀਨਾਂ ਦਾ ਉੱਥਾਨ ਕੀਤਾ ਜਾਂਦਾ ਹੈ, ਰੱਬ ਦੀ ਬਖ਼ਸ਼ਿਸ਼ ਉਨ੍ਹਾਂ ਹੀ ਧਰਤੀਆਂ ’ਤੇ ਹੁੰਦੀ ਹੈ :
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਇਕ ਅੱਥਰੂ ਨੇ ਹਰਿਆ ਕੀਤਾ ਕੋਹਾਂ ਤੀਕਰ ਬੰਜਰ ਸੀ - ਸੁਰਜੀਤ ਪਾਤਰ
ਪਲਕਾਂ 'ਤੇ ਇਕ ਬੂੰਦ ਹੀ ਆਈ
ਦਿਲ ਵਿਚ ਕੋਈ ਸਮੁੰਦਰ ਸੀ
ਦੇਖਣ ਨੂੰ ਇਕ ਕਤਰਾ ਪਾਣੀ
ਕੀ ਕੁਝ ਉਹਦੇ ਅੰਦਰ ਸੀ
ਸੀਨੇ ਖੁੱਭ ਕੇ ਨੈਣੋਂ ਸਿੰਮਿਆ
ਕਿਹੋ ਜਿਹਾ ਇਹ ਖੰਜਰ ਸੀ
ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ
ਪੁੱਤ ਦੇ ਰੋਣ ਦਾ ਮੰਜ਼ਰ ਸੀ
ਤਾਜ ਮੁਕਟ ਸਭ ਕਾਲ਼ੇ ਪੈ ਗਏ
ਖੁਰਿਆ ਕੂੜ ਅਡੰਬਰ ਸੀ
ਝੂਠੇ ਤਖ਼ਤ ਮੁਨਾਰੇ ਡੁੱਬ ਗਏ
ਅੱਥਰੂ ਨਹੀਂ ਸਮੁੰਦਰ ਸੀ
ਉਹ ਤੀਰਥ ਇਸ਼ਨਾਨ ਸੀ ਅੱਥਰੂ
ਅੱਖ ਪ੍ਰਭੂ ਦਾ ਮੰਦਰ ਸੀ
ਧੂੜ ਧੁਲ ਗਈ ਰੁੱਖਾਂ ਉੱਤੋਂ
ਦੋ ਪਲਕਾਂ ਦੀ ਛਹਿਬਰ ਸੀ
ਇਕ ਅੱਥਰੂ ਸਿਰਲੇਖ ਸੀ ਉਸਦਾ
ਕਵਿਤਾ ਵਿਚ ਸਮੁੰਦਰ ਸੀ
ਚੌਥ ਸ਼ਾਮ ਗਾਜ਼ੀਪੁਰ ਮੋਰਚੇ ਦੀ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਗਿਆ। ਪਰਸੋਂ ਸ਼ਾਮ ਥਾਂ ਖ਼ਾਲੀ ਕਰਨ ਦਾ ਹੁਕਮ ਆ ਗਿਆ, ਕੁਝ ਤੰਬੂ ਵੀ ਪੁੱਟ ਦਿੱਤੇ ਗਏ। ਕੁਝ ਲੋਕ ਘਰਾਂ ਵੱਲ ਤੁਰ ਪਏ। ਰਾਕੇਸ਼ ਟਿਕੈਤ ਸਟੇਜ ’ਤੇ ਬੋਲ ਰਿਹਾ ਸੀ ਜਦ ਪੁਲੀਸ ਸਟੇਜ ’ਤੇ ਚੜ੍ਹ ਗਈ। ਰਾਕੇਸ਼ ਟਿਕੈਤ ਇਸ ਸਾਰੇ ਨਿਰਾਦਰ ਅਤੇ ਦੁਰਵਿਵਹਾਰ ’ਤੇ ਬਹੁਤ ਰੋਹ ਵਿਚ ਆ ਗਏ, ਭਾਵੁਕ ਹੋ ਗਏ, ਉਨ੍ਹਾਂ ਦਾ ਗਲ਼ਾ ਭਰ ਆਇਆ, ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਦੇ ਹੰਝੂ ਜਿਹੜੇ ਵੀ ਸੰਵੇਦਨਸ਼ੀਲ ਸ਼ਖ਼ਸ ਨੇ ਦੇਖੇ ਹੋਣਗੇ, ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ ਹੋਣਗੀਆਂ। ਇਹ ਸ਼ਾਇਦ ਉਨ੍ਹਾਂ ਸਾਰੇ ਕਿਸਾਨਾਂ ਦੇ ਹੀ ਅੱਥਰੂ ਨਹੀਂ, ਸਾਰੇ ਭਾਰਤੀਆਂ ਦੇ, ਸਾਰੀ ਦੁਨੀਆ ਦੇ ਸੰਵੇਦਨਸ਼ੀਲ ਲੋਕਾਂ ਦੇ ਅੱਥਰੂ ਸਨ ਜਿਹੜੇ ਸਰਕਾਰਾਂ ਦੇ ਤਾਨਾਸ਼ਾਹ ਰਵੱਈਏ ਤੋਂ ਪਰੇਸ਼ਾਨ ਹਨ। ਰਾਜੇਸ਼ ਟਿਕੈਤ ਦੇ ਅੱਥਰੂ ਮਾਨਵਤਾ ਦੇ ਅੱਥਰੂ ਹਨ। ਕਿਸੇ ਨੂੰ ਉਸ ਪਲ ਇਨ੍ਹਾਂ ਅੱਥਰੂਆਂ ਦੀ ਉਮੀਦ ਨਹੀਂ ਸੀ। ਇਹ ਅੱਥਰੂ ਇਸ ਤਰ੍ਹਾਂ ਸਨ ਜਿਵੇਂ ਰਾਜੇਸ਼ ਆਪਣੀ ਮਾਂ ਕੋਲ ਪਹੁੰਚ ਗਿਆ ਹੋਵੇ। ਮੈਨੂੰ ਸੀਤਾ ਜੀ ਯਾਦ ਆਏ ਜਿਨ੍ਹਾਂ ਨੇ ਕਿਹਾ ਸੀ : ਹੇ ਧਰਤੀ ਮਾਂ, ਜੇ ਮੈਂ ਸੱਚੀ ਹਾਂ ਤਾਂ ਤੂੰ ਮੈਨੂੰ ਆਪਣੀ ਗੋਦ ਵਿਚ ਸਮੋ ਲੈ।
ਰਾਜੇਸ਼ ਟਿਕੈਤ ਦੇ ਅੱਥਰੂਆਂ ਨੇ ਸ਼ਾਇਦ ਸਭਨਾਂ ਅੰਦਰ ਮਾਂ ਨੂੰ ਜਗਾ ਦਿੱਤਾ। ਮਾਹੌਲ ਇਕਦਮ ਬਦਲ ਗਿਆ। ਇਹ ਇਕ ਕਰਾਮਾਤ ਹੀ ਸੀ। ਹਜ਼ਾਰਾਂ ਲੋਕਾਂ ਦੇ ਅੰਦਰ ਮਮਤਾ ਜਾਗੀ ਤੇ ਉਹ ਰਾਜੇਸ਼ ਨੂੰ ਸੀਨੇ ਲਾਉਣ ਲਈ ਤੁਰ ਪਏ। ਅਫ਼ਸਰਾਂ ਨੂੰ ਵੀ ਖੌਰੇ ਉਨ੍ਹਾਂ ਦੀਆਂ ਮਾਂਵਾਂ ਨੇ ਝਿੜਕਿਆ। ਇਸ ਅੱਥਰੂ ਦੀ ਲੋਏ ਹਾਕਮਾਂ ਦੇ ਕੰਕਾਲ ਨਜ਼ਰ ਆਉਣ ਲੱਗੇ। ਸ਼ਾਇਦ ਕਿਸੇ ਅਫ਼ਸਰ ਦੀ ਅੱਖ ਵਿਚ ਵੀ ਅੱਥਰੂ ਆ ਗਿਆ ਹੋਵੇ। ਜਾਂ ਸ਼ਾਇਦ ਕਿਸੇ ਨਵੀਂ ਸਾਜ਼ਿਸ਼ ਤਹਿਤ ਪਿੱਛਿਓਂ ਫ਼ੋਨ ਆ ਗਿਆ ਹੋਵੇ। ਉਹ ਵਾਪਸ ਮੁੜ ਗਏ ਗਾਜ਼ੀਪੁਰ ਦਾ ਉਜੜਿਆ ਮੇਲਾ ਫਿਰ ਜੁੜ ਗਿਆ। ਇਕ ਅੱਥਰੂ ਨੇ ਕੀ ਕੁਝ ਹਰਿਆ ਭਰਿਆ ਕਰ ਦਿੱਤਾ। ਲੱਖਾਂ ਲੋਕ ਗਾਜ਼ੀਪੁਰ ਵੱਲ ਤੁਰ ਪਏ। ਹਜ਼ਾਰਾਂ ਭਾਸ਼ਨਾਂ ਤੋਂ ਵੱਧ ਇਕ ਅੱਥਰੂ ਨੇ ਅਸਰ ਕੀਤਾ।
ਪੂਨਮ ਪੰਡਿਤ ਕਹਿਣ ਲੱਗੀ : ਮੈਨੇ ਆਦਮੀ ਰੋਤੇ ਨਹੀਂ ਦੇਖੇ। ਆਦਮੀ ਕੀ ਜਾਤ ਸੁਕਾਲੀ ਸੇ ਨਹੀਂ ਰੋਤੀ। ਪਰ ਜਬ ਰੋਤੀ ਹੈ ਤੋ ਉਸ ਕਾ ਏਕ ਏਕ ਆਂਸੂ ਸੈਲਾਬ ਬਨ ਜਾਤਾ ਹੈ।
ਇਸ ਤੋਂ ਇਕ ਦਿਨ ਪਹਿਲਾਂ ਵੀ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਦੇਖੀਆਂ
26 ਜਨਵਰੀ ਸਾਡੇ ਲਈ ਬਹੁਤ ਉਦਾਸ ਦਿਨ ਹੋ ਗਿਆ। ਪਤਾ ਨਹੀਂ ਕਿਸ ਕਿਸ ਦੀ ਅੱਖ ਸਿੱਲ੍ਹੀ ਹੋਈ ਹੋਵੇਗੀ।
ਲੋਕ ਕੁਝ ਹੋਰ ਦੇਖਣ ਲਈ ਆਪਣੇ ਟੀ.ਵੀ. ਸੈੱਟਾਂ ਦੇ ਸਾਹਮਣੇ ਬੈਠੇ ਸਨ ਪਰ ਜੋ ਕੁਝ ਦੇਖਣ ਨੂੰ ਮਿਲਿਆ, ਉਸ ਨੂੰ ਦੇਖ ਕੇ ਲੱਗਾ ਜਿਵੇਂ ਕੋਈ ਲਿਖੀ ਜਾ ਰਹੀ ਬਹੁਤ ਸੁਹਣੀ ਕਿਤਾਬ ਅੱਗ ਵਿਚ ਡਿੱਗ ਪਈ ਹੋਵੇ। ਮੈਨੂੰ ਕੁਝ ਦਿਨ ਪਹਿਲਾਂ ਇਸ ਅੰਦੋਲਨ ਦੀ ਸ਼ਾਨ ਦੇਖ ਕੇ ਮੀਆਂ ਮੁਹੰਮਦ ਬਖ਼ਸ਼ ਦਾ ਦੋਹਾ ਯਾਦ ਆਇਆ ਸੀ :
ਸਭ ਸਈਆਂ ਰਲ ਪਾਣੀ ਨੂੰ ਗਈਆਂ, ਥੋੜ੍ਹੀਆਂ ਮੁੜੀਆਂ ਭਰ ਕੇ
ਜਿਨ੍ਹਾਂ ਨੇ ਭਰ ਕੇ ਸਿਰ ਤੇ ਚੁੱਕਿਆ, ਉਹ ਪੈਰ ਧਰਨ ਡਰ ਡਰ ਕੇ
ਓਹੀ ਗੱਲ ਹੋਈ। ਘੜੇ ਦਾ ਪਾਣੀ ਹਜ਼ਾਰਾਂ ਅੱਖਾਂ ਵਿਚ ਆ ਗਿਆ। ਕੁਝ ਦਿਨ ਪਹਿਲਾਂ ਬਾਦਲੀਲ ਨੇ ਕਿਹਾ ਸੀ : ਇਨ੍ਹੀਂ ਦਿਨੀਂ ਜੇ ਪੰਜਾਬ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖੇ ਤਾਂ ਆਪਣਾ ਸੁਹਣਾ ਚਿਹਰਾ ਦੇਖ ਕੇ ਹੈਰਾਨ ਰਹਿ ਜਾਵੇ। ਸੁਮੇਲ ਨੇ ਕਿਹਾ ਸੀ : ਮੈਂ ਬਹੁਤੀ ਸਿਫ਼ਤ ਨਹੀਂ ਕਰਨੀ, ਕਿਤੇ ਨਜ਼ਰ ਨਾ ਲੱਗ ਜਾਵੇ।
ਨਿਸ਼ਾਨ ਸਾਹਿਬ ਸਾਡੀਆਂ ਨਿਗਾਹਾਂ ਵਿਚ ਹਮੇਸ਼ਾ ਤੋਂ ਹੀ ਉੱਚਤਮ ਹੈ, ਪਰ ਪਿਛਲੇ ਕਈ ਦਿਨਾਂ ਤੋਂ ਇਹ ਸਾਰੇ ਜਹਾਨ ਦੀਆਂ ਨਿਗਾਹਾਂ ਵਿਚ ਉੱਚਾ ਹੋਰ ਉੱਚਾ ਹੋ ਰਿਹਾ ਸੀ। ਪੱਗਾਂ ਦਾੜ੍ਹੀਆਂ ਵਾਲੇ ਲੋਕ ਸੁਹਣੇ ਹੋਰ ਸੁਹਣੇ ਹੋ ਰਹੇ ਸੀ। ਗੁਰੂ ਦਾ ਖ਼ਾਲਸਾ ਆਪਣੇ ਗੁਰੂ ਦੀ ਬਾਣੀ ਦੀ ਲੋਏ ਤੁਰ ਰਿਹਾ ਸੀ ਤੇ ਹਿੰਦੋਸਤਾਨ ਲਈ ਹੀ ਨਹੀਂ, ਜਹਾਨ ਲਈ ਰਹਿਬਰ ਦਾ ਰੋਲ ਅਦਾ ਕਰ ਰਿਹਾ ਸੀ। ਹਰਿਆਣਾ ਵਿੱਛੜੇ ਛੋਟੇ ਵੀਰ ਵਾਂਗ ਇਸ ਦੇ ਸੀਨੇ ਆਣ ਲੱਗਾ ਸੀ। ਉਸ ਦਿਨ ਵੀ ਅੱਖਾਂ ਸਿੱਲੀਆਂ ਹੋਈਆਂ ਸਨ, ਪਰ ਖ਼ੁਸ਼ੀ ਅਤੇ ਪਿਆਰ ਨਾਲ਼।
ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ... ਅੰਦੋਲਨ ਇਕ ਮਹਾਨ ਪ੍ਰਭਾਤ ਫੇਰੀ ਵਾਂਗ ਭਾਰਤ ਵਿਚੋਂ ਲੰਘ ਰਿਹਾ ਸੀ। ਸਾਡੇ ਸਾਰਿਆਂ ਦੇ ਹਿਰਦੇ ਵਿਚ ਇਕ ਧੁਨੀ ਚੱਲ ਰਹੀ ਸੀ :
ਧੰਨ ਧੰਨ ਬਾਬਾ ਨਾਨਕ
ਜਿਹੜਾ ਵਿੱਛੜਿਆਂ ਨੂੰ ਮੇਲ਼ਦਾ
ਬਾਬੇ ਸੰਗ ਟੁਰੇ ਮਰਦਾਨਾ
ਜਾਤ ਮਜ਼ਬ ਕੁਛ ਭੇਤ ਨਾ ਜਾਨਾ
ਵੰਡਦੇ ਫਿਰਦੇ ਖੇੜਾ
ਜਿਹੜਾ ਵਿੱਛੜਿਆਂ ਨੂੰ ਮੇਲ਼ਦਾ
ਰਾਜ ਹਲੇਮੀ ਅਤੇ ਬੇਗ਼ਮਪੁਰੇ ਵੱਲ ਜਾਣ ਵਾਲੇ ਰਸਤੇ ’ਤੇ ਬੜੀਆਂ ਰੌਣਕਾਂ ਸਨ। ਨਿਸ਼ਾਨ ਸਾਹਿਬ ਜਹਾਨ ਦੀਆਂ ਨਿਗਾਹਾਂ ਵਿਚ ਦਿਨ-ਬ-ਦਿਨ ਉੱਚਾ ਹੋ ਰਿਹਾ ਸੀ।
ਸਰਕਾਰ ਨੇ ਗਿਣੀ-ਮਿਥੀ ਸਾਜ਼ਿਸ਼ ਮੁਤਾਬਿਕ ਬੜੀ ਆਸਾਨੀ ਨਾਲ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਝੁਲਾ ਲੈਣ ਦਿੱਤਾ ਤਾਂ ਜੋ ਬਾਅਦ ਵਿਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਸਾਰੇ ਜੋੜ ਮੇਲੇ ਨੂੰ ਉਜਾੜਨ ਦਾ ਬਹਾਨਾ ਮਿਲ ਸਕੇ। ਕੁਝ ਆਪਹੁਦਰੇ ਬੰਦੇ ਲਾਲ ਕਿਲੇ ਵੱਲ ਤੁਰ ਪਏ। ਕੁਝ ਭੋਲ਼ੇ ਭਾਅ ਮਗਰ ਤੁਰ ਪਏ ਤੇ ਕਈਆਂ ਨੂੰ ਮਿਥੀ ਹੋਈ ਸਾਜ਼ਿਸ਼ ਮੁਤਾਬਿਕ ਸਰਕਾਰੀ ਸਾਜ਼ਿਸ਼ੀਆਂ ਨੇ ਆਪ ਵੀ ਲਾਲ ਕਿਲੇ ਦਾ ਰਾਹ ਦਿਖਾਇਆ।
ਨਤੀਜਾ ਕੀ ਹੋਇਆ? ਜਿਨ੍ਹਾਂ ਦੀ ਜੁਰਅਤ ਨਹੀਂ ਸੀ ਸਾਡੇ ਵੱਲ ਉਂਗਲ ਚੁੱਕਣ ਦੀ, ਉਨ੍ਹਾਂ ਨੂੰ ਸਾਡੇ ’ਤੇ ਪੱਥਰ ਚਲਾਉਣ ਦਾ ਬਹਾਨਾ ਮਿਲ ਗਿਆ। ਦੁੱਖਾਂ ਸੁੱਖਾਂ ਦੇ ਮਹਾ ਮੇਲੇ ਦੀ ਇਕਾਗਰਤਾ ਨੂੰ ਭੰਗ ਕਰਨ ਵਿਚ ਹਾਕਮ ਆਪ ਸ਼ਾਮਿਲ ਹੈ, ਇਸ ਵਿਚ ਕੋਈ ਸੰਦੇਹ ਨਹੀਂ।
ਇਕ ਕਿਸਾਨ ਨੇਤਾ ਨੇ ਕਿਹਾ : 99 ਪ੍ਰਤੀਸ਼ਤ ਤੋਂ ਵੱਧ ਕਿਸਾਨ ਨਿਰਧਾਰਿਤ ਰਾਹਾਂ ’ਤੇ ਗਏ। ਇਕ ਪ੍ਰਤੀਸ਼ਤ ਤੋਂ ਵੀ ਘੱਟ ਲਾਲ ਕਿਲੇ ਗਏ, ਤੇ ਜਿਹੜੇ ਲਾਲ ਕਿਲੇ ਗਏ ਉਨ੍ਹਾਂ ਵਿਚੋਂ ਵੀ ਬਹੁਗਿਣਤੀ ਨੂੰ ਪਤਾ ਨਹੀਂ ਸੀ ਕਿ ਸਾਨੂੰ ਏਥੇ ਕੀ ਕਰਨ ਲਈ ਲਿਆਂਦਾ ਗਿਆ ਹੈ।
ਏ ਭੂਪਤਿ ਸਭ ਦਿਵਸ ਚਾਰਿ ਕੈ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ : ਅਕਾਲ ਪੁਰਖ ਜੋ ਕਰਦਾ ਹੈ ਭਲੀ ਕਰਦਾ ਹੈ। ਉਸ ਨੇ ਸ਼ਾਇਦ ਸਾਨੂੰ ਹੋਰ ਸ਼ੁੱਧ ਕਰਨ ਲਈ ਇਸ ਇਮਤਿਹਾਨ ਵਿਚ ਪਾਇਆ। ਇਸ ਕੁਠਾਲੀ ਵਿਚ ਪੈਣ ਨਾਲ ਸਾਡਾ ਖੋਟ ਝੜ ਗਿਆ।
ਸਾਰੇ ਆਗੂ ਬਹੁਤ ਉਦਾਸ ਅਤੇ ਆਹਤ ਸਨ। ਡੱਲੇਵਾਲ ਗੱਲ ਕਰਦਾ ਕਰਦਾ ਮੰਚ ’ਤੇ ਰੋ ਪਿਆ ਸੀ। ਉਗਰਾਹਾਂ ਨੇ ਭਰੇ ਮਨ ਨਾਲ ਹਕੀਕਤ ਬਿਆਨ ਕੀਤੀ। ਉਨ੍ਹਾਂ ਸਭ ਦੀਆਂ ਆਵਾਜ਼ਾਂ ਵਿਚ ਦਰਦ ਸੀ। ਪਲਕਾਂ ਦਿਲ ਦੇ ਬੋਝ ਨਾਲ ਝੁਕੀਆਂ ਹੋਈਆਂ ਸਨ।
ਉਹ ਰੋਇਆ ਉਸ ਦਿਨ ਜ਼ਾਰੋ ਜ਼ਾਰ
ਉਹਦੇ ਸਾਜ਼ ਦੇ ਕਿੰਨੇ ਟੁੱਟ ਗਏ ਤਾਰ
ਉਹ ਖ਼ੁਦ ਜ਼ਖ਼ਮੀ, ਖ਼ੁਦ ਸ਼ਰਮਸਾਰ
ਉਹਦੀ ਪਿੱਠ ’ਤੇ ਕੀਤਾ ਕਿਸਨੇ ਵਾਰ
ਕਬੀਰ ਜੀ ਨੇ ਦਿਲਾਸਾ ਦਿੱਤਾ : ਉਦਾਸ ਨਾ ਹੋਣਾ ਮੇਰੇ ਪੁੱਤਰੋ, ਇਹ ਹਾਕਮ ਚਾਰ ਦਿਨਾਂ ਦੇ ਹੁੰਦੇ ਹਨ, ਝੂਠੇ ਅਡੰਬਰ ਕਰ ਰਹੇ। ਰੱਬ ਹੈ ਸਭ ਤੋਂ ਵੱਡਾ ਤੇ ਸਦੀਵੀ ਸ਼ਹਿਨਸ਼ਾਹ। ਉਸ ਸ਼ਹਿਨਸ਼ਾਹ ਦਾ ਛਤਰ ਤਿੰਨਾਂ ਜਹਾਨਾਂ ’ਤੇ ਝੁੱਲਦਾ ਹੈ। ਤੁਸੀਂ ਉਸ ਦੀ ਪਰਜਾ ਹੋ, ਤੁਸੀਂ ਕਦੀ ਨਹੀਂ ਡੋਲ ਸਕਦੇ। ਇਨ੍ਹਾਂ ਚਾਰ ਦਿਨ ਦੇ ਰਾਜਿਆਂ ਨੂੰ ਉਸ ਸਦੀਵੀ ਰਾਜੇ ਦੀ ਤਾਕਤ ਦਾ ਅੰਦਾਜ਼ਾ ਨਹੀਂ। ਆਪਣੇ ਅੰਦਰ ਵੱਜਦੇ ਉਸ ਸੰਗੀਤ ਨੂੰ ਸੁਣੋ ਜੋ ਇਸ ਕਾਇਨਾਤ ਦਾ ਆਦਿ ਜੁਗਾਦੀ ਸੰਗੀਤ ਹੈ। ਅੰਤ ਪ੍ਰਹਿਲਾਦ ਜਿੱਤੇਗਾ। ਹਰਨਾਖ਼ਸ਼ ਦੀ ਹਾਰ ਹੋਵੇਗੀ :
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ।
ਕਵੀ ਸੰਦੇਹ ਕਰਦਾ ਹੈ : ਰੱਬ? ਫਿਰ ਆਪ ਹੀ ਸੋਚਦਾ ਹੈ : ਜੇ ਫ਼ਰੀਦ, ਕਬੀਰ, ਨਾਨਕ, ਬੁੱਲਾ ਕਹਿੰਦੇ ਹਨ ਤਾਂ ਰੱਬ ਜ਼ਰੂਰ ਹੋਵੇਗਾ। ਉਹ ਨਿਰਾਕਾਰ ਖ਼ਿਆਲ ਨੂੰ ਮੁਖ਼ਾਤਿਬ ਹੁੰਦਾ ਹੈ :
ਹੇ ਕਬੀਰ ਤੇ ਅੱਵਲ ਅੱਲਾ, ਹੇ ਨਾਨਕ ਦੇ ਸਤਿ ਕਰਤਾਰ
ਹੇ ਫ਼ਰੀਦ ਦੇ ਡਾਢੇ ਰੱਬ ਜੀ, ਹੇ ਬੁੱਲੇ ਦੇ ਯਾਰ ਕੱਹਾਰ
ਉਨ੍ਹਾਂ ਕਿਹਾ ਤਾਂ ਝੂਠ ਨਹੀਂ ਫਿਰ ਤੂੰ ਜ਼ਰੂਰ ਹੋਵੇਂਗਾ
ਜੋਤ ਸਰੋਤ ਤਰੰਗ ਕਿਰਣ ਕਣ ਨਾਦ ਨੂਰ ਹੋਵੇਂਗਾ
ਮੇਰੀ ਸੋਚੋਂ ਸਮਝੋਂ ਨਜ਼ਰੋਂ ਬਹੁਤ ਦੂਰ ਹੋਵੇਂਗਾ
ਕੁਦਰਤ ਦੇ ਬਲਿਹਾਰ ਗਿਆ ਮੈਂ, ਗਿਆ ਨਾ ਉਸ ਤੋਂ ਪਾਰ
ਰੱਬ ਦਾ ਸੰਕਲਪ ਤਾਂ ਸਦਾ ਰਿਹਾ ਹੈ ਪਰ ਉਸ ਦਾ ਰੂਪ ਲੋਕਾਂ ਦੇ ਮਨਾਂ ਵਿਚ ਬਦਲਦਾ ਰਿਹਾ ਹੈ। ਆਪਣੇ ਲਈ ਮੈਂ ਕੁਦਰਤ, ਇਤਿਹਾਸ, ਮਾਨਵ ਤੇ ਸ਼ਬਦ ਸਭ ਕੁਝ ਰਲਾ ਕੇ ਉਸ ਨੂੰ ਰੱਬਤਾ ਦਾ ਨਾਮ ਦੇ ਲਿਆ। ਮੈਨੂੰ ਮੇਰੇ ਇਕ ਭੋਲ਼ੇ ਜਿਹੇ ਵਿਦਿਆਰਥੀ ਨੇ ਪੁੱਛਿਆ ਸੀ : ਸਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨੂੰ ਪੁੱਛਿਆ : ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨ ਆਇਆ ਤਾਂ ਤੁਹਾਡੇ ਖ਼ਿਆਲ ਵਿਚ ਅਕਾਲ ਪੁਰਖ ਨੇ ਕੀ ਜਵਾਬ ਦਿੱਤਾ ਹੋਵੇਗਾ? ਮੈਂ ਉਹਨੂੰ ਕਿਹਾ : ਮੈਂ ਤੈਨੂੰ ਸੋਚ ਕੇ ਦੱਸਾਂਗਾ। ਮੈਂ ਕੁਝ ਦਿਨਾਂ ਬਾਅਦ ਉਸ ਨੂੰ ਇਹ ਸਤਰਾਂ ਲਿਖ ਕੇ ਦਿੱਤੀਆਂ :
ਤੂੰ ਹੈਂ ਮੇਰੇ ਦਰਦ ਦਇਆ ਦੀ ਆਤਮਾ
ਨਾਨਕ ਨੂੰ ਇਹ ਬੋਲ ਕਹੇ ਪਰਮਾਤਮਾ
ਪੂਰਨ ਪੁਰਖ ਤੂੰ ਹੀ ਧਰਤੀ ਦਾ ਦੁੱਖ ਵੰਡਾ
ਪੁੱਤਰਾਂ ਬਾਝੋਂ ਅਉਤ ਰਹੇ ਪਰਮਾਤਮਾ ...
ਗੁਰਬਾਣੀ ਦਾ ਇਕ ਵਾਕ ਹੈ :
ਸਫਲੁ ਜਨਮ ਹਰਿ ਜਨ ਕਾ ਉਪਜਿਆ
ਜਿਨਿ ਕੀਨੋ ਸਉਤੁ ਬਿਧਾਤਾ॥
ਉਨ੍ਹਾਂ ਰੱਬੀ ਰੂਹਾਂ ਦਾ ਜਹਾਨ ’ਤੇ ਆਉਣ ਸਫਲ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਸਉਤ ਬਣਾਇਆ। ਉਹੀ ਰੱਬ ਦੇ ਸੱਚੇ ਧੀਆਂ ਪੁੱਤ ਹਨ ਜਿਹੜੇ ਰੱਬ ਦਾ ਕੰਮ ਕਰਦੇ ਹਨ। ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਦਾ ਭਾਵ ਵੀ ਏਹੀ ਹੈ ਕਿ ਅਸੀਂ ਰੱਬ ਦੇ ਕੰਮ ਕਰਨ ਵਾਲੇ ਰੱਬ ਦੇ ਧੀਆਂ ਪੁੱਤਰ ਹਾਂ। ਰੱਬ ਦਾ ਸੱਚਾ ਧੀ ਪੁੱਤਰ ਓਹੀ ਹੈ ਜਿਹੜਾ ਰੱਬ ਦੇ ਕੰਮ ਕਰਦਾ ਹੈ।
ਫ਼ੈਜ਼ ਅਹਿਮਦ ਫ਼ੈਜ਼ ਨੇ ਵੀ ਆਪਣੀ ਪੰਜਾਬੀ ਨਜ਼ਮ ਵਿਚ ਰੱਬ ਨੂੰ ਯਾਦ ਕੀਤਾ :
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜਗ ਦਾ ਸ਼ਾਹ ਹੈਂ ਤੂੰ
ਸਾਡੀਆਂ ਨਿਹਮਤਾਂ ਤੇਰੀਆਂ ਦੌਲਤਾਂ ਨੇ
ਸਾਡਾ ਨੈਬ ਅਤੇ ਆਲੀਜਾਹ ਏ ਤੂੰ
ਏਸ ਲਾਰੇ ਤੇ ਟੋਰ ਕਦ ਪੁੱਛਿਆ ਈ
ਕੀਹ ਏਸ ਨਮਾਣੇ ਤੇ ਬੀਤੀਆਂ ਨੇ
ਕਦੀ ਸਾਰ ਵੀ ਲਈ ਓ ਰੱਬ ਸਾਈਆਂ
ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ
ਕਿਤੇ ਧੌਂਸ ਪੁਲੀਸ ਸਰਕਾਰ ਦੀ ਏ
ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
ਏਵੇਂ ਹੱਡੀਆਂ ’ਚ ਕਲਪੇ ਜਾਨ ਮੇਰੀ
ਜਿਵੇਂ ਫਾਹੀ ’ਚ ਕੂੰਜ ਕੁਰਲਾਂਵਦੀ ਏ ...
ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ
ਤੇਰੀ ਸਹੁੰ ਜੇ ਇਕ ਵੀ ਗੱਲ ਮੋੜਾਂ
ਜੇ ਇਹ ਮੰਗ ਨਈਂ ਪੁਜਦੀ ਤੈਂ ਰੱਬਾ
ਫਿਰ ਮੈਂ ਜਾਵਾਂ ਤੇ ਰਬ ਕੋਈ ਹੋਰ ਲੋੜਾਂ
ਇਕ ਵਾਰ ਮੈਂ ਸੰਤ ਸਿੰਘ ਸੇਖੋਂ ਹੋਰਾਂ ਨੂੰ ਪੁੱਛਿਆ: ਸੇਖੋਂ ਸਾਹਿਬ, ਤੁਸੀਂ ਗੁਰਬਾਣੀ ਦਾ ਅਧਿਐਨ ਤਾਂ ਕੀਤਾ ਹੈ, ਪਰ ਕੀ ਤੁਸੀਂ ਕਿਸੇ ਸ਼ਰਧਾਵਾਨ ਵਾਂਗ ਵੀ ਪਾਠ ਕੀਤਾ? ਉਹ ਕਹਿਣ ਲੱਗੇ : ਹਾਂ ਇਕ ਦੋ ਵਾਰ, ਆਪਣੇ ਪੁੱਤਰ ਕਾਕੂ ਦੇ ਭਵਿੱਖ ਬਾਰੇ ਸੋਚ ਕੇ।
ਇਕ ਦਿਨ ਹੱਸ ਕੇ ਮੁਸਕੜੀਆਂ ਵਿਚ ਵਾਲਟੇਅਰ ਕੀ ਕਹਿੰਦਾ
ਕਹਿੰਦਾ : ਉਹ ਜਿਹੜੇ ਕਿ ਹੈ ਨਈਂ ਜੇ ਕਰ ਉਹ ਨਾ ਹੁੰਦਾ
ਦੀਨਾਂ ਦੁਖੀਆਂ ਮਸਕੀਨਾਂ ਨੂੰ ਕੌਣ ਸਹਾਰਾ ਦਿੰਦਾ
ਕਿਹੜੇ ਦਰ ’ਤੇ ਜਾ ਕੇ ਡਿੱਗਦੇ ਦੁਖੀਏ ਆਖ਼ਰਕਾਰ
ਕਿਸੇ ਵਕਤ ਰਾਜੇ ਨੂੰ ਰੱਬ ਦਾ ਨੁਮਾਇੰਦਾ ਕਿਹਾ ਜਾਂਦਾ ਸੀ ਪਰ ਭਗਤ ਕਵੀਆਂ ਨੇ ਰੱਬ ਨੂੰ ਸਭ ਤੋਂ ਵੱਡਾ ਰਾਜਾ ਕਹਿ ਕੇ ਤੇ ਸਿੱਖ ਇਤਿਹਾਸ ਨੇ ਸੱਚਾ ਪਾਤਸ਼ਾਹ ਕਹਿ ਕੇ ਸੱਚੇ ਪਾਤਸ਼ਾਹ ਦੇ ਸੰਬੋਧ ਨੇ ਦੁਨਿਆਵੀ ਮਹਾਰਾਜਿਆਂ ਨੂੰ ਕੌਡੀਆਂ ਤੋਂ ਹੌਲੇ ਕਰ ਦਿੱਤਾ, ਲੋਕਾਂ ਨੂੰ ਨਿਰਭਉ ਬਣਾਇਆ ਤੇ ਉਨ੍ਹਾਂ ਦੇ ਮਨਾਂ ਵਿਚੋਂ ਹਾਕਮਾਂ ਦਾ ਭੈਅ ਦੂਰ ਕੀਤਾ।
ਗੁਰਬਾਣੀ ਦਾ ਕਥਨ ਹੈ: ਸਾਹਿਬੁ ਮੇਰਾ ਨੀਤ ਨਵਾ ... (ਮੇਰਾ ਰੱਬ ਨਿੱਤ ਨਵਾਂ)
ਮਾਨਵਤਾ ਵੀ ਰੱਬ ਦੇ ਸੰਬੋਧ ਨੂੰ ਜੁਗਾਂ ਜੁਗਾਂ ਤੋਂ ਨਿੱਤ ਨਵਾਂ ਕਰਦੀ ਰਹਿੰਦੀ ਹੈ।
ਮਹਾ ਦਰਿਆ ਹੈ ਤੂੰ ਐਵੇਂ ਨਾ ਸਮਝੀਂ
ਅੱਜ ਫੇਰ ਸਾਰੇ ਬਾਰਡਰਾਂ ’ਤੇ ਰੌਣਕਾਂ ਪਰਤ ਆਈਆਂ ਹਨ। ਉੱਤਰ ਪ੍ਰਦੇਸ਼ ਤੇ ਹਰਿਆਣਾ ਬਹੁਤ ਭਾਵਨਾ-ਭਰੇ ਰੂਪ ਵਿਚ ਆਣ ਜੁੜੇ। ਛੱਬੀ ਜਨਵਰੀ ਵਾਲੇ ਵਾਕਏ ਦੀ ਧੁੰਦ ਵੀ ਛਟ ਗਈ। ਅੰਦੋਲਨ ਨੂੰ ਫ਼ਿਰਕੂ ਰੰਗ ਵਿਚ ਰੰਗਣ ਵਾਲਿਆਂ ਦੇ ਰੰਗੇ ਹੱਥ ਸਭ ਨੇ ਦੇਖ ਲਏ। ਮਾਨਵਤਾ ਆਪਣੀ ਸਰਬ ਸਾਂਝੀਵਾਲਤਾ ਦੀ ਪ੍ਰਭਾਤ ਫੇਰੀ ’ਤੇ ਆਪਣੀ ਸ਼ਾਨ ਸ਼ੌਕਤ ਅਤੇ ਪਾਵਨਤਾ ਨਾਲ ਫੇਰ ਅੱਗੇ ਤੁਰ ਪਈ। ਇਨ੍ਹਾਂ ਵਿਚ ਰੱਬ ਦੀ ਰੱਬਤਾ ਵੀ ਸ਼ਾਮਿਲ ਹੈ, ਸਭ ਮਜ਼ਹਬਾਂ, ਨਸਲਾਂ, ਦੇਸ਼ਾਂ ਦੀਆਂ ਮਾਵਾਂ ਦੀ ਮਮਤਾ ਵੀ ਸ਼ਾਮਿਲ ਹੈ ਤੇ ਅਰਬਾਂ ਖ਼ਰਬਾਂ ਗ਼ਰੀਬਾਂ ਮਸਕੀਨਾਂ ਦੇ ਵਗੇ ਅਣਵਗੇ ਅੱਥਰੂ ਵੀ ਸ਼ਾਮਲ ਹਨ :
ਮਹਾ ਦਰਿਆ ਹੈ, ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਸਦੀ ਨੂੰ।
ਸੰਪਰਕ : 98145-04272
ਸਿੰਘੂ ਬਾਰਡਰ ਤੇ ਲੋਹੜੀ ਦੀ ਰਾਤ - ਸੁਰਜੀਤ ਪਾਤਰ
ਸਿੰਘੂ ਬਾਰਡਰ ’ਤੇ ਲੋਹੜੀ ਦੀ ਰਾਤ ਹਜ਼ਾਰਾਂ ਧੂਣੀਆਂ ਬਲ਼ ਰਹੀਆਂ ਨੇ। ਪੁਰਾਣੇ ਗੀਤਾਂ ਵਿਚ ਨਵੇਂ ਰੰਗ ਘੁਲ ਰਹੇ ਹਨ :
ਆਈਆਂ ਕੁੜੇ ਅਸੀਂ ਆਈਆਂ ਕੁੜੇ
ਅਸੀਂ ਦਿੱਲੀ ਦੇ ਧਰਨੇ ’ਤੇ ਆਈਆਂ ਕੁੜੇ
ਸਭ ਭੈਣਾਂ ਤੇ ਭਰਜਾਈਆਂ ਕੁੜੇ
ਸਾਡੇ ਨਾਲ ਚਾਚੀਆਂ ਤਾਈਆਂ ਕੁੜੇ
ਸਭ ਧੀਆਂ ਬੇਬੇ ਮਾਈਆਂ ਕੁੜੇ
ਦਿੱਲੀ ਤਖ਼ਤ ’ਤੇ ਸੁੱਤਾ ਕੌਣ ਕੁੜੇ
ਉਹਨੂੰ ਸੁੱਤੇ ਨੂੰ ਜਗਾਵੇ ਕੌਣ ਕੁੜੇ
ਉਹਨੂੰ ਸੁੱਤੇ ਨੂੰ ਜਗਾਵੇ ਸਾਡਾ ਰੋਸ ਕੁੜੇ
ਸਾਡਾ ਰੋਸ ਲਿਆਵੇ ਉਹਨੂੰ ਹੋਸ਼ ਕੁੜੇ
ਮਜ਼ੇ ਦੀ ਗੱਲ ਇਹ ਹੈ ਕਿ ਇਹ ਨਵੇਂ ਰੰਗ ਮੌਂਟ੍ਰੀਅਲ (ਕੈਨੇਡਾ) ਤੋਂ ਹਰਜਿੰਦਰ ਸਿੰਘ ਪੱਤੜ ਹੋਰਾਂ ਰਲ਼ਾ ਕੇ ਭੇਜੇ। ਦੇਖੋ ਤਾਂ ਕੌਣ ਕੌਣ ਸ਼ਾਮਲ ਹੈ ਇਸ ਮਹਾ ਲਹਿਰ ਵਿਚ।
ਇਕ ਧੂਣੀ ਦੇ ਦੁਆਲੇ ਇਕ ਪਰਿਵਾਰ ਆਪਣੇ ਬੱਚੇ ਦੀ ਪਹਿਲੀ ਲੋਹੜੀ ਮਨਾਉਣ ਏਥੇ ਆਇਆ ਹੈ। ਬੱਚੇ ਦਾ ਰੱਬੀ ਮੁਖੜਾ ਧੂਣੀ ਦੀ ਲੋਅ ਵਿਚ ਮੁਸਕਰਾ ਰਿਹਾ ਹੈ। ਇਹ ਸਭ ਕੁਝ ਇਸ ਅੰਦੋਲਨ ਨੂੰ ਪਾਵਨ ਬਣਾ ਰਿਹਾ ਹੈ। ਇਸ ਨੂੰ ਪਾਵਨ ਬਣਾਈ ਰੱਖਣ ਵਿਚ ਕਿਸਾਨ ਆਗੂਆਂ ਦੀ ਅਗਵਾਈ ਦੀ ਸੁਘੜਤਾ, ਨਿਮਰਤਾ ਤੇ ਦੂਰ-ਦ੍ਰਿਸ਼ਟੀ ਵੀ ਸ਼ਾਮਿਲ ਹੈ ਤੇ ਸਾਡੇ ਇਤਿਹਾਸ ਦੀਆਂ ਉਹ ਯਾਦਗਾਰੀ ਸ਼ਾਂਤਮਈ ਲਹਿਰਾਂ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਸੀ.ਐੱਫ਼. ਐਂਡਰਿਊਜ਼ ਜਿਹੇ ਈਸਾਈ ਮਿਸ਼ਨਰੀ ਵੀ ਵਾਰੇ ਵਾਰੇ ਜਾਂਦੇ ਸਨ ਤੇ ਮਹਾਤਮਾ ਗਾਂਧੀ ਨੇ ਵੀ ਤਾਰ ਭੇਜੀ ਸੀ ਕਿ ਤੁਹਾਡਾ ਸਦਕਾ ਆਪਾਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ।
ਇਸ ਲੋਹੜੀ ’ਤੇ ਦੁੱਲਾ ਭੱਟੀ ਵੀ ਯਾਦ ਆਇਆ ਜਿਹੜਾ ਮੁਸਲਮਾਨ ਸੀ ਪਰ ਉਸ ਨੇ ਇਕ ਗ਼ਰੀਬ ਹਿੰਦੂ ਦੀ ਮੱਦਦ ’ਤੇ ਬਹੁੜ ਕੇ ਆਪਣੇ ਹੱਥੀਂ ਉਸ ਦੀ ਧੀ ਦਾ ਡੋਲ਼ਾ ਤੋਰਿਆ ਸੀ, ਜਿਸ ਧੀ ਨੂੰ ਅਮੀਰ ਜਗੀਰਦਾਰ ਖੋਹ ਕੇ ਲਿਜਾਣਾ ਚਾਹੁੰਦਾ ਸੀ :
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸੱਕਰ ਪਾਈ ਹੋ...
ਧਰਤੀ ਦੀਆਂ ਧੀਆਂ ਦੀ ਸ਼ਮੂਲੀਅਤ
ਧੀਆਂ, ਮਾਂਵਾਂ, ਭੈਣਾਂ, ਨਾਰਾਂ ਦੀ ਸ਼ਮੂਲੀਅਤ ਨੇ ਇਸ ਲਹਿਰ ਦੀ ਪਾਵਨਤਾ, ਗੌਰਵ ਤੇ ਸ਼ਾਲੀਨਤਾ ਵਿਚ ਬੇਹੱਦ ਵਾਧਾ ਕੀਤਾ ਹੈ। ਇਸ ਪਾਵਨਤਾ, ਗੌਰਵ ਤੇ ਸ਼ਾਲੀਨਤਾ ਤੋਂ ਵੀ ਡਾਢਿਆਂ ਨੂੰ ਡਰ ਲੱਗਦਾ ਹੈ। ਜਿਵੇਂ ਇਹ ਕੋਈ ਉੱਜਲਾ ਸ਼ੀਸ਼ਾ ਹੋਵੇ ਜਿਸ ਵਿਚ ਉਨ੍ਹਾਂ ਨੂੰ ਆਪਣਾ ਤੁਹਮਤਾਂ ਲਾਉਣਾ ਵਾਲਾ ਮਨਹੂਸ ਚਿਹਰਾ ਦਿਸਦਾ ਹੋਵੇ। ਉਹ ਕਹਿੰਦੇ ਜਾਪਦੇ ਹਨ :
ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤੱਕ ਨਾ ਖਲ੍ਹਿਆਰ
ਮੈਲ਼ੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਲੰਗਰ ਦੀ ਲੋਹ ’ਤੇ ਰੋਟੀਆਂ ਪਕਾਉਂਦੀਆਂ ਉਹ ਕੋਈ ਪਾਵਨ ਯੱਗ ਕਰਦੀਆਂ ਲੱਗਦੀਆਂ ਹਨ। ਇਨ੍ਹਾਂ ਦੇਵੀਆਂ ਦੀ ਹਜੂਰੀ ਵਿਚ ਸ਼ਾਲੀਨਤਾ ਦਾ ਪ੍ਰਕਾਸ਼ ਹੁੰਦਾ ਹੈ। ਇਕ ਨਿੱਕੀ ਜਿਹੀ ਨਜ਼ਮ ਯਾਦ ਆਉਂਦੀ ਹੈ :
ਇਕ ਚੰਦ
ਅਤੇ ਇਕ ਸੂਰਜ
ਇਕ ਤੇਰਿਆਂ ਹੱਥਾਂ ਦੀ ਰੋਟੀ
ਉਹ ਸਿਰਫ਼ ਰੋਟੀਆਂ ਹੀ ਨਹੀਂ ਪਕਾਉਂਦੀਆਂ। ਰੋਟੀਆਂ ਤਾਂ ਹੁਣ ਉਨ੍ਹਾਂ ਨਾਲ ਰਲ਼ ਕੇ ਗੱਭਰੂ ਵੀ ਪਕਾਉਂਦੇ ਹਨ। ਜਦੋਂ ਕੋਈ ਪੱਤਰਕਾਰ ਉਨ੍ਹਾਂ ਨਾਲ ਗੱਲ ਕਰਦਾ ਹੈ ਤੇ ਬਹੁਤ ਸੁਘੜ ਸੱਚੇ ਤੇ ਕਰਾਰੇ ਜਵਾਬ ਦਿੰਦੀਆਂ ਹਨ। ਟਿੱਕਰੀ ਬਾਰਡਰ ’ਤੇ ਇਕ ਮੁਟਿਆਰ ਨੇ ਇਕ ਸ਼ਿਅਰ ਸੁਣਾ ਕੇ ਪੱਤਰਕਾਰ ਨੂੰ ਲਾਜਵਾਬ ਕਰ ਦਿੱਤਾ :
ਮੈਂ ਜਬ ਦਿਨ ਕੋ ਦਿਨ ਬੋਲੂੰ ਤੋ,
ਮੈਂ ਜਬ ਰਾਤ ਕੋ ਰਾਤ ਕਹੂੰ
ਮੁਝ ਸੇ ਖ਼ਫ਼ਾ ਕਿਉਂ ਹੋ ਜਾਤੇ ਹੋ,
ਮੈਂ ਜਬ ਮਨ ਕੀ ਬਾਤ ਕਹੂੰ
ਕਮਾਲ ਦੀ ਗੱਲ ਹੈ ਕਿ ਸਾਨੂੰ ਰਾਣੀ ਝਾਂਸੀ ਤੇ ਲਕਸ਼ਮੀ ਬਾਈ ਘੋੜਿਆਂ ਤੇ ਚੜ੍ਹ ਕੇ ਜੰਗ ਲੜਦੀਆਂ ਗੌਰਵਸ਼ਾਲੀ ਲੱਗਦੀਆਂ ਹਨ, ਪਰ ਅੱਜ ਦੀਆਂ ਧੀਆਂ ਜੇ ਇਕ ਸ਼ਾਂਤਮਈ ਅੰਦੋਲਨ ਵਿਚ ਟਰੈਕਟਰ ਚਲਾਉਣ ਦੀ ਗੱਲ ਕਰਦੀਆਂ ਹਨ ਤਾਂ ਸਾਨੂੰ ਅਜੀਬ ਲੱਗਦਾ ਹੈ।
ਅਸੀਂ ਖ਼ੁਸ਼ੀ ਨਾਲ ਐਲਾਨ ਕਰਦੇ ਹਾਂ ਕਿ ਭਾਰਤੀ ਔਰਤਾਂ ਹੁਣ ਥਲ ਸੈਨਾ ਵਿਚ ਵੀ ਭਰਤੀ ਹੋਣਗੀਆਂ, ਪਰ ਇਨ੍ਹਾਂ ਔਰਤਾਂ ਨੂੰ ਅਸੀਂ ਸ਼ਾਂਤਮਈ ਬਾਰਡਰਾਂ ਤੋਂ ਘਰ ਮੁੜ ਜਾਣ ਦੀ ਸਲਾਹ ਦੇਂਦੇ ਹਾਂ।
ਜਿਸ ਦਿਨ ਟੀ ਵੀ ’ਤੇ ਇਹ ਚਰਚਾ ਹੋ ਰਹੀ ਸੀ ਸਬੱਬੀਂ ਉਹ ਦਿਨ ਮਾਘੀ ਦਾ ਦਿਨ ਸੀ। ਜਦੋਂ ਚਾਲੀ ਸਿੰਘ ਖਿਦਰਾਣੇ ਦੀ ਢਾਬ ’ਤੇ ਲੜ ਕੇ ਸ਼ਹੀਦ ਹੋਏ। ਇਹ ਓਹੀ ਸਿੰਘ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਦਸਮ ਪਾਤਸ਼ਾਹ ਨੂੰ ਬੇਦਾਵਾ ਦੇ ਕੇ ਘਰੀਂ ਆ ਗਏ ਸਨ। ਇਨ੍ਹਾਂ ਸਿੰਘਾਂ ਨੂੰ ਮੁੜ ਗੁਰੂ ਨੂੰ ਅਰਪਿਤ ਹੋਣ ਲਈ ਇਕ ਬਹਾਦਰ ਧੀ ਮਾਈ ਭਾਗੋ ਦੇ ਬੋਲਾਂ ਨੇ ਹੀ ਪ੍ਰੇਰਿਆ ਸੀ :
ਖ਼ੌਫ਼ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ
ਸ਼ਬਦ-ਬਾਣਾਂ ਨਾਲ ਉਹ ਸਭ ਫੇਰ ਜੀਵਿਤ ਹੋ ਗਏ
ਟੁੱਟ ਗਏ ਸਨ ਜੋ ਕਦੀ ਇਕਰਾਰ ਸਾਬਿਤ ਹੋ ਗਏ
ਸਤਿਗੁਰੂ ਦੇ ਪਿਆਰ ਨੂੰ ਉਹ ਫੇਰ ਅਰਪਿਤ ਹੋ ਗਏ
ਗਾਜ਼ੀਪੁਰ ਬਾਰਡਰ ’ਤੇ ਅੰਤਰਰਾਸ਼ਟਰੀ ਸ਼ੂਟਰ ਪੂਨਮ ਪੰਡਤ ਦੀ ਮੌਜੂਦਗੀ, ਉਹਦੇ ਬੋਲਾਂ ਦੀ ਬਹੁਪੱਖ ਬੁਲੰਦੀ, ਉਹਦੀ ਹਾਜ਼ਰ ਜਵਾਬੀ, ਦਲੇਰੀ, ਦ੍ਰਿੜਤਾ ਤੇ ਆਵਾਜ਼ ਦੀ ਉੱਚੀ ਸੁੱਚੀ ਸੁਰ ਦੇਖਣ ਸੁਣਨ ਵਾਲੀ ਹੈ। ਉਹ ਜਦੋਂ ਬਹੁਤ ਸਚੇਤ ਹੋ ਕੇ ਬੋਲਦੀ ਹੈ ਤਾਂ ਕਿਤਾਬੀ ਹਿੰਦੀ ਬੋਲਦੀ ਹੈ, ਪਰ ਜਦੋਂ ਉਹ ਜਦੋਂ ਭਾਵਨਾ ਤੇ ਵਿਵੇਕ ਦੀ ਸਿਖਰ ਵੱਲ ਤੁਰਦੀ ਹੈ ਤਾਂ ਉਹਦੇ ਮੁਖ ਤੋਂ ਖ਼ੂਬਸੂਰਤ ਬ੍ਰਜ ਭਾਸ਼ਾ ਮੁਖਰਿਤ ਹੁੰਦੀ ਹੈ। ਉਹ ਕਿਸਾਨਾਂ ਨੂੰ ਕਿਸਾਨਨ ਕਹਿੰਦੀ ਹੈ, ਉਸ ਦੀ ਬੋਲੀ ਵਿਚ ਕਾਨੂੰਨ ਦਾ ਬਹੁਵਚਨ ਕਾਨੂੰਨਨ ਹੈ। ਹੋਵੇਗਾ ਨੂੰ ਹੋਗ ਕਹਿੰਦੀ ਹੈ। ਉਸ ਨੂੰ ਸੁਣ ਕੇ ਗੁਰਬਾਣੀ ਯਾਦ ਆਉਂਦੀ ਹੈ :
ਤਵ ਚਰਨਨ ਮਨ ਰਹੈ ਹਮਾਰਾ॥
ਅਪਨਾ ਜਾਨ ਕਰੋ ਪ੍ਰਤਿਪਾਰਾ॥
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ॥...
ਜੋ ਕਿਛੁ ਕਰੇ ਸੋਈ ਪਰੁ ਹੋਗ॥
ਪੂਨਮ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ: ਆਪ ਯਹਾਂ ਕਿਊਂ ਆਏ? ਉਹ ਕਹਿਣ ਲੱਗੀ : ਧਰਮ ਬਨਤਾ ਹਮਾਰੋ। ਇਤਨੇ ਕਿਸਾਨਨ ਕੀ ਸ਼ਹਾਦਤ ਹੋਇ ਗਈ ਅਬ ਭੀ ਮੁੱਦੇ ਪੈ ਸੰਸ਼ੋਧਨ ਪੈ ਲਟਕ ਜਾਵੈਂ? ਇਕ ਪੱਤਰਕਾਰ ਨੇ ਪੁੱਛਿਆ: ਸ਼ਾਦੀ ਕਬ ਕਰਵਾਓਗੇ? ਪੂਨਮ ਕਹਿਣ ਲੱਗੀ :
ਕਰੇਂਗੇ ਸ਼ਾਦੀ ਵਾ ਦਿਨ ਜਬ
ਕਿਸਾਨਨ, ਜੀਤ ਕੇ ਘਰ ਜਾਵੈ...
ਗ਼ਾਲਿਬ ਮੀਆਂ ਵੀ ਹੱਕ ਵਿਚ ਆ ਖੜ੍ਹੇ
ਕਈ ਨਵੀਆਂ ਗੱਲਾਂ ਦਾ ਜਵਾਬ ਪੁਰਾਣੇ ਸ਼ਿਅਰਾਂ ਵਿਚ ਲਿਖਿਆ ਲਿਖਾਇਆ ਮਿਲ ਜਾਂਦਾ ਹੈ। ਕਿਉਂਕਿ ਝੂਠ ਨਿੱਤ ਬਦਲਦਾ ਰਹਿੰਦਾ ਹੈ, ਪਰ ਸੱਚ ਪੁਰਾਣਾ ਨਹੀਂ ਹੁੰਦਾ। ਗੁਰਵਾਕ ਹੈ :
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ।।
ਕਿਸਾਨ ਆਗੂ ਸ਼ੁਰੂ ਤੋਂ ਹੀ ਕਿਸੇ ਕਮੇਟੀ ਦੇ ਬਣਾਏ ਜਾਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੂੰ ਤੌਖ਼ਲਾ ਸੀ ਕਿ ਸਰਕਾਰ ਉਨ੍ਹਾਂ ਹਸਤੀਆਂ ਦੀ ਹੀ ਕਮੇਟੀ ਬਣਾਏਗੀ ਜਿਹੜੇ ਸਰਕਾਰ ਨੂੰ ਹੀ ਸਹੀ ਸਾਬਿਤ ਕਰਨਗੇ। ਹੁਣ ਸਰਕਾਰ ਨੇ ਕਮੇਟੀ ਬਣਾਉਣ ਦਾ ਕੰਮ ਸੁਪਰੀਮ ਕੋਰਟ ਕੋਲੋਂ ਕਰਵਾਉਣ ਦਾ ਹੀਲਾ ਬਣਾ ਲਿਆ। ਕਿਸਾਨਾਂ ਨੇ ਕਮੇਟੀ ਬਣਾਉਣ ਤੋਂ ਪਹਿਲਾਂ ਹੀ ਕਮੇਟੀ ਅੱਗੇ ਪੇਸ਼ ਨਾ ਹੋਣ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਦੇ ਨਾਮ ਸਾਹਮਣੇ ਆਏ ਤਾਂ ਕਿਸਾਨਾਂ ਦਾ ਤੌਖ਼ਲਾ ਸੱਚਾ ਨਿਕਲਿਆ। ਇਸ ਕਮੇਟੀ ਦੇ ਕੁਝ ਮੈਂਬਰ ਤਾਂ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਖੇਤੀ ਦੀਆਂ ਸਭ ਮਰਜ਼ਾਂ ਦਾ ਇਲਾਜ ਸਮਝਦੇ ਹਨ। ਇਹ ਕਮੇਟੀ ਕੀ ਫ਼ੈਸਲਾ ਕਰੇਗੀ ਇਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਲੱਗ ਗਿਆ। ਇਸ ਸਥਿਤੀ ਬਾਰੇ ਮਸ਼ਹੂਰ ਖੇਤੀ ਮਾਹਿਰ ਦੇਵਿੰਦਰ ਸ਼ਰਮਾ ਨੇ ਮਿਰਜ਼ਾ ਗ਼ਾਲਿਬ ਨੂੰ ਕੋਟ ਕੀਤਾ ਤਾਂ ਇਉਂ ਲੱਗਾ ਜਿਵੇਂ ਮਿਰਜ਼ਾ ਗ਼ਾਲਿਬ ਵੀ ਕਿਸਾਨਾਂ ਦੀ ਲਹਿਰ ਦੇ ਹੱਕ ਵਿਚ ਆ ਖੜ੍ਹੇ। ਮਿਰਜ਼ਾ ਗ਼ਾਲਿਬ ਕਹਿੰਦੇ ਹਨ: ਮੈਨੂੰ ਪਹਿਲਾਂ ਹੀ ਪਤਾ ਹੈ ਉਸ ਨੇ ਮੇਰੇ ਖ਼ਤ ਦਾ ਕੀ ਜਵਾਬ ਦੇਣਾ ਹੈ। ਸੋ ਮੈਂ ਕਾਸਿਦ ਦੇ ਆਉਣ ਤੱਕ ਅਗਲਾ ਖ਼ਤ ਵੀ ਲਿਖ ਹੀ ਲਵਾਂ :
ਕਾਸਿਦ ਕੇ ਆਤੇ ਆਤੇ ਇਕ ਖ਼ਤ ਔਰ ਲਿਖ ਰਖੇਂ
ਹਮ ਕੋ ਪਤਾ ਹੈ ਕਿ ਕਯਾ ਵੋ ਲਿਖੇਂਗੇ ਜਵਾਬ ਮੇਂ
ਸਾਨੂੰ ਸਭ ਨੂੰ ਵੀ ਪਹਿਲਾਂ ਹੀ ਪਤਾ ਹੈ ਕਿ ਕਮੇਟੀ ਨੇ ਕੀ ਕਹਿਣਾ ਹੈ। ਸੋ ਅਸੀਂ ਵੀ ਆਪਣੀ ਅਗਲੀ ਤਿਆਰੀ ਜਾਰੀ ਰੱਖੀਏ।
ਇਸ ਸਥਿਤੀ ਨੂੰ ਬਿਆਨ ਕਰਨ ਲਈ ਅਮੀਰ ਕਜਲਬਾਸ਼ ਦੇ ਸ਼ਿਅਰ ਵੀ ਐਨ ਮੌਕੇ ’ਤੇ ਬਹੁੜ ਪਏ :
ਉਸੀ ਕਾ ਸ਼ਹਿਰ, ਵਹੀ ਮੁੱਦਈ, ਵਹੀ ਮੁਨਸਿਫ਼,
ਹਮੇਂ ਯਕੀਂ ਥਾ ਹਮਾਰਾ ਕਸੂਰ ਨਿਕਲੇਗਾ
ਉਸ ਆਸਤੀਨ ਸੇ ਆਂਖੋਂ ਕੋ ਪੋਂਛਨੇ ਵਾਲੋ
ਉਸ ਆਸਤੀਨ ਸੇ ਖ਼ੰਜਰ ਜ਼ਰੂਰ ਨਿਕਲੇਗਾ
ਪਰ ਅਮੀਰ ਕਜਲਬਾਸ਼ ਦੀ ਇਸੇ ਗ਼ਜ਼ਲ ਵਿਚ ਇਕ ਆਦਿ ਜੁਗਾਦੀ ਧਰਵਾਸ ਵੀ ਹੈ ਕਿ ਓੜਕ ਸੱਚ ਦੀ ਜਿੱਤ ਹੋਵੇਗੀ। ਇਸ ਹਨ੍ਹੇਰੀ ਰਾਤ ਵਿਚੋਂ ਸੂਰਜ ਜ਼ਰੂਰ ਉਦੈ ਹੋਵੇਗਾ। ਉਹ ਲਿਖਦਾ ਹੈ :
ਮੇਰੇ ਜਨੂੰ ਕਾ ਨਤੀਜਾ ਜ਼ਰੂਰ ਨਿਕਲੇਗਾ
ਇਸੀ ਸਿਆਹ ਸਮੰਦਰ ਸੇ ਨੂਰ ਨਿਕਲੇਗਾ
ਭਾਰਤ ਲਈ ਵਿਸ਼ਵ-ਗੁਰੂ ਬਣਨ ਦਾ ਸੁਨਹਿਰੀ ਮੌਕਾ
ਸਾਡੇ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਹਨ : ਭਾਰਤ ਵਿਸ਼ਵ-ਗੁਰੂ ਬਣੇਗਾ। ਵੈਸੇ ਤਾਂ ਇਹ ਹਉਮੈਂ ਭਰੀ ਧਾਰਨਾ ਹੈ, ਪਰ ਮੈਂ ਸੋਚਦਾ ਹਾਂ ਕਿ ਇਹ ਭਾਰਤ ਲਈ ਸੁਨਹਿਰੀ ਮੌਕਾ ਹੈ ਵਿਸ਼ਵ-ਗੁਰੂ ਬਣਨ ਦਾ। ਤਿੰਨ ਚੌਥਾਈ ਕੰਮ ਤਾਂ ਕਿਸਾਨਾਂ ਨੇ ਇਕ ਅਜਿਹੇ ਅੰਦੋਲਨ ਦੇ ਰੂਪ ਵਿਚ ਕਰ ਦਿੱਤਾ ਜੋ ਆਪਣੀ ਸ਼ਾਂਤਮਈ ਸੂਰਬੀਰਤਾ ਸਦਕਾ, ਏਨੇ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਸਦਕਾ, ਏਨੀਆਂ ਕੁਰਬਾਨੀਆਂ ਦੇ ਬਾਵਜੂਦ ਚੜ੍ਹਦੀ ਕਲਾ ਤੇ ਖੁਸ਼ਮਿਜ਼ਾਜੀ ਦੇ ਮਾਹੌਲ ਸਦਕਾ ਤੇ ਏਨੇ ਅਰਸੇ ਵਿਚ ਫੈਲਣ ਸਦਕਾ ਸਾਰੀ ਦੁਨੀਆ ਲਈ ਇਕ ਜ਼ਿਕਰਜੋਗ ਮਿਸਾਲ ਬਣ ਗਿਆ ਹੈ।
ਕਿਸਾਨ ਅੰਦੋਲਨ ਵਿਚ ਸ਼ਾਮਿਲ ਇਕ ਸਾਬਕਾ ਫ਼ੌਜੀ ਬਜ਼ੁਰਗ ਨੇ ਕਿਹਾ : ਅਸੀਂ ਇਹਨਾਂ ਬਾਰਡਰਾਂ ’ਤੇ ਆਪਣੀ ਸਰਕਾਰ ਨਾਲ ਜੰਗ ਕਰਨ ਨਹੀਂ ਆਏ, ਜੰਗ ਕਰਨ ਵਾਲੇ ਬਾਰਡਰ ਹੋਰ ਹੁੰਦੇ ਹਨ, ਉਹ ਵੀ ਅਸੀਂ ਜਾਣਦੇ ਹਾਂ, ਅਸੀਂ ਤਾਂ ਆਪਣੀਆਂ ਮੰਗਾਂ ਮਨਾਉਣ ਆਏ ਹਾਂ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ : ਅਸੀਂ ਚਾਹੁੰਨੇ ਆਂ ਆਪਾਂ ਜਿੱਤ ਕੇ ਵੀ ਜਾਈਏ ਤੇ ਕਿਸੇ ਮਾਂ ਦੇ ਪੁੱਤਰ ਨੂੰ ਝਰੀਟ ਵੀ ਨਾ ਆਵੇ। ਲੋਕਾਂ ਦੇ ਪੁੱਤ ਮਰਵਾਉਣੇ ਕੋਈ ਲੀਡਰੀ ਨਹੀਂ। ਸਾਨੂੰ ਦੁਨੀਆ ਦੇਖ ਰਹੀ ਹੈ। ਸਾਡੀ ਸਫ਼ਲਤਾ ਲਈ ਗੁਰਦੁਆਰਿਆਂ ਵਿਚ ਅਰਦਾਸਾਂ ਹੁੰਦੀਆਂ ਹਨ। ਹਿੰਦੂ ਵੀਰ ਹਵਨ ਕਰਦੇ ਹਨ।’’
ਲੋਕਾਂ ਨੇ ਆਪਣੀ ਸ਼ਾਇਸਤਗੀ, ਸਿਦਕ, ਸਬਰ ਅਤੇ ਦਲੀਲ ਨਾਲ ਅੰਦੋਲਨਾਂ ਦਾ ਇਕ ਵਿਸ਼ਵ ਪ੍ਰਤਿਮਾਨ ਸਥਾਪਿਤ ਕਰ ਦਿੱਤਾ ਹੈ। ਹੁਣ ਸਿਰਫ਼ ਸਾਡੀ ਸਰਕਾਰ ਨੇ ਸਾਬਿਤ ਕਰਨਾ ਹੈ ਕਿ ਉਹ ਲੋਕ ਰਾਜੀ ਅੰਦੋਲਨਾਂ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਹੈ। ਲੋਕਾਂ ਨੂੰ ਕਾਰਪੋਰੇਟਾਂ ਦੇ ਰਹਿਮ ’ਤੇ ਛੱਡਣ ਦੀ ਸਾਜ਼ਿਸ਼ ਦਾ ਰੂਪ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰ ਕੇ ਆਪਣੀ ਧਰਤੀ ਨਾਲ ਵਫ਼ਾ ਕਰਨੀ ਹੀ ਸਹੀ ਗੱਲ ਹੋਵੇਗੀ।
ਧਰਤੀ ਪੁੱਤਰਾਂ ਅੱਗੇ ਝੁਕਣਾ ਵੀ ਭੂਮੀ ਪੂਜਣ ਸਮਾਨ ਹੀ ਹੋਵੇਗਾ। ਸਾਰੇ ਸੰਸਾਰ ਦੇ ਲੋਕ ਕਹਿਣਗੇ : ਇਹੋ ਜਿਹੀ ਸ਼ਾਂਤਮਈ ਸੂਰਬੀਰਤਾ ਵਾਲ਼ੇ ਹੋਣੇ ਚਾਹੀਦੇ ਨੇ ਅੰਦੋਲਨ ਤੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਹੋਣੇ ਚਾਹੀਦੇ ਨੇ ਸ਼ਾਸਕ ਜੋ ਸੱਚ ਦੇ ਅੱਗੇ ਝੁਕ ਕੇ ਧਰਤੀ ਹੋ ਜਾਣ। ਇਹ ਵਾਕ ਪ੍ਰਧਾਨ ਮੰਤਰੀ ਨੂੰ ਬਹੁਤ ਉੱਚਾ ਕਰ ਸਕਦਾ ਹੈ। ਇਹ ਗੇਂਦ ਹੁਣ ਪ੍ਰਧਾਨ ਮੰਤਰੀ ਜੀ ਦੇ ਪਾਲੇ ਵਿਚ ਹੈ।
ਇਕ ਕੋਹਾਂ ਲੰਮੀ ਪ੍ਰਭਾਤ-ਫੇਰੀ ਜਿਹਾ ਹੋਵੇ 26 ਜਨਵਰੀ ਦਾ ਕਿਸਾਨ ਮਾਰਚ
ਹਰ ਟਰਾਲੀ ਕਿਸੇ ਉੱਚੀ ਸੁੱਚੀ ਕਦਰ ਕੀਮਤ ਨੂੰ ਸਮਰਪਿਤ ਹੋਵੇ। ਬਹਾਦਰੀ, ਪ੍ਰੇਮ, ਸੱਚ, ਬਰਾਬਰੀ, ਭਾਈਵਾਲੀ, ਕਿਰਤ ਦੀ ਕਦਰ, ਸ਼ਹਾਦਤਾਂ ਦੀ ਸ਼ਾਨ, ਪੰਜਾਬ ਦੀ, ਭਾਰਤ ਦੀ ਨਵ-ਸਿਰਜਣਾ ਦੇ ਸੁਹਣੇ ਗੀਤ ਹਵਾ ਵਿਚ ਘੁਲਦੇ ਹੋਣ। ਸੁਹਣੇ ਦ੍ਰਿਸ਼ਾਂ ਨਾਲ ਦੋਮੇਲ ਸਜਿਆ ਹੋਵੇ। ਸੁਹਣੀਆਂ ਸਤਰਾਂ ਵਾਲੇ ਬੈਨਰ ਹਵਾ ਵਿਚ ਲਹਿਰਾਉਂਦੇ ਹੋਣ।
ਲੋਕ ਕਹਿਣ ਕਈ ਸਾਲਾਂ ਬਾਅਦ
ਸਾਨੂੰ ਹਾਲੇ ਤੱਕ ਹੈ ਯਾਦ
ਆਏ ਸੀ ਏਥੇ ਕਿਰਸਾਨ
ਬੀਜ ਗਏ ਨੇ ਏਥੇ ਪਿਆਰ
ਗ਼ੈਰਤ, ਦ੍ਰਿੜਤਾ ਅਤੇ ਦਲੇਰੀ
ਬੀਜ ਗਏ ਨੇ ਸਾਂਝੀਵਾਲਤਾ
ਬੀਜ ਗਏ ਨੇ ਇਕ ਸੁਹਣੀ ਦੁਨੀਆ ਦੇ ਸੁਪਨੇ।
ਜੋ ਵੀ ਕਿਧਰੇ ਗੁਲਮੋਹਰ ਸੀ, ਖਿੜ ਕੇ ਸੂਹਾ ਹੋ ਗਿਆ - ਸੁਰਜੀਤ ਪਾਤਰ
ਕਿਸਾਨਾਂ ਦੇ ਇਸ ਸੰਘਰਸ਼ ਦਾ ਅਸਰ ਇਕ ਬਦਲਦੀ ਰੁੱਤ ਵਾਂਗ ਹੋ ਗਿਆ। ਕਿਸਾਨ, ਮਜ਼ਦੂਰ, ਕਿਰਤੀ, ਅਧਿਆਪਕ, ਵਿਦਿਆਰਥੀ, ਡਾਕਟਰ, ਅਫ਼ਸਰ, ਕਵੀ, ਗਾਇਕ, ਵਕੀਲ, ਔਰਤਾਂ, ਪੁਰਖ, ਨੌਜਵਾਨ, ਪੁੱਤਰ, ਧੀਆਂ, ਬਜ਼ੁਰਗ ਸਭ ਇਸ ਵਿਚ ਸ਼ਾਮਲ ਹੋ ਗਏ ਜਿਵੇਂ ਰੁੱਤ ਆਈ ’ਤੇ ਗੁਲਮੋਹਰ ਦੇ ਸਾਰੇ ਦਰੱਖਤਾਂ ਨੂੰ ਸੂਹੇ ਸੰਤਰੀ ਫੁੱਲ ਪੈ ਜਾਂਦੇ ਹਨ ਜਿਸ ਕਾਰਨ ਇਸ ਨੂੰ ਅੰਗਰੇਜ਼ੀ ਵਾਲੇ ਲਾਟਾਂ ਵਾਲਾ ਰੁੱਖ ਵੀ ਕਹਿੰਦੇ ਹਨ :
ਰੁੱਤ ਜਦੋਂ ਬਦਲੀ ਤਾਂ ਬਿਨ ਉਪਦੇਸ਼, ਬਿਨ ਪੈਗਾਮ ਹੀ
ਜੋ ਵੀ ਕਿਧਰੇ ਗੁਲਮੋਹਰ ਸੀ, ਖਿੜ ਕੇ ਸੂਹਾ ਹੋ ਗਿਆ।
ਫ਼ਰਕ ਇਹ ਹੈ ਕਿ ਬੰਦਿਆਂ ਦੇ ਮਨ ਦੀ ਰੁੱਤ ਬਦਲਣ ਵਿਚ ਪੈਗਾਮਾਂ ਅਤੇ ਉਪਦੇਸ਼ਾਂ ਦਾ ਵੀ ਬਹੁਤ ਹਿੱਸਾ ਹੁੰਦਾ ਹੈ। ਉਹ ਪੈਗਾਮ ਅਤੇ ਉਪਦੇਸ਼ ਮਸਲੇ ਬਾਰੇ ਬਾਰੀਕ ਜਾਣਕਾਰੀ ਨਾਲ ਵੀ ਸੰਬੰਧ ਰੱਖਦੇ ਹਨ ਤੇ ਸਾਡੀਆਂ ਕਦਰਾਂ ਕੀਮਤਾਂ ਨਾਲ ਵੀ।
ਇਸ ਅੰਦੋਲਨ ਵਿਚ ਸਭ ਦੀ ਸਾਂਝੀ ਕਦਰ ਕੀਮਤ ਨਿਆਂ ਹੈ। ਹਾਕਮ ਅਤੇ ਮਾਇਆਧਾਰੀ ਰਲ਼ ਕੇ ਜੋ ਰਿਆਇਆ ਨਾਲ ਅਨਿਆਂ ਕਰਦੇ ਹਨ, ਉਸ ਦੇ ਵਿਰੁੱਧ ਆਪਣੀ ਸੁਰਤ ਵਿਚ ਬਹੁਤਿਆਂ ਨੇ ਪਹਿਲੀ ਵਾਰ ਏਨਾ ਵੱਡਾ, ਏਨਾ ਸ਼ਾਨਾਂਮੱਤਾ, ਏਨੀ ਖੁਸ਼ਮਿਜ਼ਾਜੀ, ਏਨੇ ਸਬਰ ਸਿਦਕ ਵਾਲਾ ਅੰਦੋਲਨ ਦੇਖਿਆ। ਸਾਡੇ ਅੰਦਰ ਨਿਆਂ ਅਨਿਆਂ ਦੇ ਬਿਰਤਾਂਤ ਜਾਗ ਪਏ। ਸਾਡੀ ਮਾਨਵਤਾ, ਸਾਂਝੀਵਾਲਤਾ ਅਤੇ ਸਾਂਝੇ ਦੁੱਖ ਦੇ ਭੁੱਲੇ ਵਿਸਰੇ ਬਿਰਤਾਂਤ ਜਾਗ ਪਏ। ਸਾਡੇ ਬਹੁਤਿਆਂ ਦੇ ਮਨਾਂ ਵਿਚ ਇਹ ਉਦਾਸ ਹਰਫ਼ ਲਿਖੇ ਹੋਏ ਸਨ : ਏਥੇ ਕੁਝ ਨਹੀਂ ਹੋ ਸਕਦਾ। ਉਹ ਲਫ਼ਜ਼ ਖੁਰ ਗਏ ਤਾਂ ਜਿਵੇਂ ਕੜ ਪਾਟ ਗਿਆ ਤੇ ਦਰਿਆ ਫੁੱਟ ਨਿਕਲਿਆ :
ਮਹਾ ਦਰਿਆ ਹੈ ਇਹ, ਐਵੇ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਇਹ ਅੰਦੋਲਨ ਧਰਤੀ ਉੱਤੇ ਕਈ ਮੀਲਾਂ ਤੱਕ ਫੈਲ ਗਿਆ ਪਰ ਸਾਡੀਆਂ ਸੋਚਾਂ ਵਿਚ ਇਹ ਕਈ ਸਦੀਆਂ ਤੱਕ ਫੈਲ ਗਿਆ, ਅਸੀਂ ਆਪਣੇ ਆਪ ਨੂੰ ਅਨਿਆਂ ਸੰਗ ਜੂਝਦੇ ਆਪਣੇ ਪੁਰਖਿਆਂ ਦੀ ਸੰਗਤ ਵਿਚ ਮਹਿਸੂਸ ਕਰਦੇ ਹਾਂ। ਅਸੀਂ ’ਕੱਲੇ ’ਕੱਲੇ ਸੀ ਤਾਂ ਬਹੁਤ ਡਰਦੇ ਸੀ। ਹੁਣ ਅਸੀਂ ’ਕੱਲੇ ’ਕੱਲੇ ਨਹੀਂ ਮਹਿਸੂਸ ਕਰਦੇ। ਜੋ ਸਾਥੋਂ ਵਿਛੜੇ ਸਨ, ਉਹ ਸਾਨੂੰ ਆਣ ਮਿਲੇ।
ਜੋ ਵਿੱਛੜੇ ਸਨ ਬਹੁਤ ਚਿਰ ਦੇ
ਤੇ ਸਾਰੇ ਸੋਚਦੇ ਸਨ
ਉਹ ਸਾਡਾ ਹੌਸਲਾ, ਅਪਣੱਤ,
ਉਹ ਜ਼ਿੰਦਾਦਿਲੀ, ਪੌਰਖ, ਗੁਰਾਂ ਦੀ ਓਟ ਦਾ ਵਿਸ਼ਵਾਸ
ਉਹ ਕਿੱਥੇ ਗਏ ਸਾਰੇ
ਭਲਾ ਮੋਏ ਤੇ ਵਿੱਛੜੇ ਕੌਣ ਮੇਲੇ
ਕਰੇ ਰਾਜ਼ੀ ਅਸਾਡਾ ਜੀਅ ਤੇ ਜਾਮਾ
ਗੁਰਾਂ ਦੀ ਮਿਹਰ ਹੋਈ
ਮੋਜਜ਼ਾ ਹੋਇਆ
ਉਹ ਸਾਰੇ ਮਿਲ ਪਏ ਆ ਕੇ
ਸੀ ਬਿਰਥਾ ਜਾ ਰਿਹਾ ਜੀਵਨ
ਕਿ ਅੱਜ ਲਗਦਾ, ਜਨਮ ਹੋਇਆ ਸੁਹੇਲਾ ਹੈ।
ਸਾਡੀਆਂ ਜ਼ਿੰਦਗੀ ਨੂੰ ਬੜੇ ਚਿਰਾਂ ਬਾਅਦ ਇਕ ਸਾਂਝਾ ਅਰਥ ਮਿਲਿਆ। ਸਾਡੇ ਨੌਜਵਾਨਾਂ ਦੇ ਮਨਾਂ ਵਿਚਲਾ ਸੁੰਨਾਪਣ ਦੂਰ ਹੋਇਆ। ਉਨ੍ਹਾਂ ਦੀਆਂ ਸੋਚਾਂ ਬਦਲ ਗਈਆਂ। ਉਨ੍ਹਾਂ ਦੇ ਗੀਤ ਬਦਲ ਗਏ। ਹੁਣ ਇਸ ਮਿਲਾਪ ਨੂੰ ਸਾਂਭ ਕੇ ਰੱਖਣਾ ਹੈ, ਅਸੀਂ ਵਿਛੜਨਾ ਨਹੀਂ। ਵਿਛੋੜੇ ਅਸੀਂ ਬਹੁਤ ਸਹਿ ਲਏ। ਇਸ ਮਿਲਾਪ ਨੂੰ ਕਾਇਮ ਰੱਖਣ ਲਈ ਸਾਨੂੰ ਬਹੁਤ ਸਚੇਤ, ਹਲੀਮ, ਸਿਰਜਣਸ਼ੀਲ ਹੋਣਾ ਹੋਵੇਗਾ। ਦੂਜੇ ਦੇ ਦੁੱਖ ਨੂੰ ਆਪਣੇ ਦੁੱਖ ਦੇ ਕਰੀਬ ਰੱਖਣਾ ਹੋਵੇਗਾ।
ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦਾ ਪੁਰਬ
ਦੁਖ ਸੁਖ ਦੀ ਇਸ ਮਹਾ ਕਿਸਾਨ ਲਹਿਰ ਨੂੰ ‘ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦਾ ਪੁਰਬ’ ਕਿਹਾ ਗਿਆ ਹੈ। ਇਸ ਲਹਿਰ ਵਿਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਬੇਜ਼ਮੀਨੇ ਮਜ਼ਦੂਰ ਕਿਹਾ ਜਾਂਦਾ ਹੈ ਕਿਉਂਕਿ ਅਸਿੱਧੇ ਤੌਰ ’ਤੇ ਉਨ੍ਹਾਂ ਦੀ ਰੋਜ਼ੀ ਰੋਟੀ ਵੀ ਜ਼ਮੀਨ ਨਾਲ ਜੁੜੀ ਹੋਈ ਹੈ। ਪਰ ਇਕ ਹਉਕਾ ਵੀ ਨਾਲ ਤੁਰਦਾ ਹੈ : ਕੀ ਦੁਖ ਸੁਖ ਦੀ ਇਸ ਲਹਿਰ ਵਿਚ ਉਨ੍ਹਾਂ ਦਾ ਗਹਿਰਾ ਦਰਦ ਵੀ ਸ਼ਾਮਿਲ ਹੈ ? ਲਹਿੰਦੇ ਪੰਜਾਬ ਦੇ ਅਦੀਬ ਫ਼ਰਜ਼ੰਦ ਅਲੀ ਦੇ ਨਾਵਲ ‘ਭੁੱਬਲ’ ਦੇ ਮੁਜਾਰੇ ਮੇਰੀ ਸੋਚ ਵਿਚ ਤੁਰਦੇ ਹਨ:
ਅਸੀਂ ਬੰਦੇ ਰੱਬ ਦੇ, ਜ਼ਮੀਨ ਵੀ ਏ ਰੱਬ ਦੀ
ਤਾਂ ਵੀ ਪੈਰ ਧਰਨ ਜੋਗੀ ਥਾਂ ਕਿਉਂ ਨਈਂ ਲੱਭਦੀ
ਇੱਕੋ ਸੱਚਾ ਰੱਬ ਹੈ ਜੇ ਵਾਲੀ ਸਾਰੇ ਜੱਗ ਦਾ
ਰੱਬ ਦੀ ਜ਼ਮੀਂ ਦਾ ਵੱਡਾ ਰਾਠ ਕੀ ਏ ਲੱਗਦਾ
ਬੜੀ ਤੂਤੀ ਬੋਲਦੀ ਏ ਜੱਗ ਤੇ ਮਜ਼੍ਹਬ ਦੀ
ਤਾਂ ਵੀ ਪੈਰ ਧਰਨ ਜੋਗੀ ਥਾਂ ਕਿਉਂ ਨਈਂ ਲੱਭਦੀ
ਬਾਪੂ ਕੋਲੋਂ ਪੁੱਛਿਆ ਮੈਂ ਅੰਮਾਂ ਕੋਲੋਂ ਪੁੱਛਿਆ
ਕਿਸੇ ਨੂੰ ਜਵਾਬ ਕੋਈ ਚੱਜ ਦਾ ਨਾ ਸੁੱਝਿਆ
ਡਰਦੀ ਰਿਆਇਆ ਬੋਲ ਆਪਣੇ ਹੀ ਚੱਬਦੀ
ਤਾਂ ਵੀ ਪੈਰ ਧਰਨ ਜੋਗੀ ਥਾਂ ਕਿਉਂ ਨਈ ਲੱਭਦੀ
ਲਹਿੰਦੇ ਪੰਜਾਬ ਵਿਚ ਇਹ ਦਰਦ ਬਹੁਤ ਗਹਿਰਾ ਹੈ, ਪਰ ਚੜ੍ਹਦੇ ਪੰਜਾਬ ਵਿਚ ਵੀ ਇਸ ਦੀ ਕਸਕ ਥੋੜ੍ਹੀ ਨਹੀਂ। ਜ਼ਮੀਨਾਂ ਵਾਲੇ ਬਹੁਤੇ ਲੋਕ ਕਿਰਤੀਆਂ ਕਾਮਿਆਂ ਨਾਲ ਕਿਵੇਂ ਸਲੂਕ ਕਰਦੇ ਹਨ ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਵੀ ਉਹ ਦਾਸਤਾਨ ਦੱਸਦਾ ਹੈ। ਪ੍ਰੋ. ਅਵਤਾਰ ਸਿੰਘ ਹੋਰਾਂ ਨੇ ਇਕ ਪਿੰਡ ਦੇ ਗੁਰਦੁਆਰੇ ਵਿਚ ਹੁੰਦੀ ਅਨਾਊਂਸਮੈਂਟ ਸੁਣਾਈ ਤਾਂ ਅਹਿਸਾਸ ਹੋਇਆ ਕਿ ਅਸੀਂ ਕਿੰਨੇ ਅਹਿਸਾਸ-ਹੀਣੇ ਹਾਂ। ਜਿਸ ਸਪੀਕਰ ’ਤੇ ਅਕਸਰ ਇਹ ਬੋਲ ਗੂੰਜਦੇ ਹਨ : ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ... , ਉਸ ਸਪੀਕਰ ਵਿਚ ਗੁਰੂ ਨਾਨਕ ਦਾ ਇਕ ਸਿੱਖ ਨਿਤਾਣਿਆਂ ਨਿਮਾਣਿਆਂ ਨੂੰ ਡਰਾਵੇ ਦੇ ਰਿਹਾ ਹੈ। ਇਹ ਗੁਰੂ-ਘਰ ਵਿਚ ਬੈਠਾ ਵੀ ਗੁਰੂ ਤੋਂ ਕਿੰਨਾ ਦੂਰ ਹੈ।
ਇਸ ਦੁਖ ਸੁਖ ਦੀ ਮਹਾ ਲਹਿਰ ਨੂੰ ਪਛਤਾਵਿਆਂ ਦੇ ਹੰਝੂਆਂ ਨਾਲ ਜ਼ਮੀਨਾਂ ਵਾਲਿਆਂ ਦੇ ਇਹੋ ਜਿਹੇ ਵਿਵਹਾਰ ਦੇ ਦਾਗ ਵੀ ਧੋਣੇ ਪੈਣਗੇ। ਬੇਜ਼ਮੀਨੇ ਮਜ਼ਦੂਰਾਂ, ਕਿਰਤੀਆਂ ਕੰਮੀਆਂ ਪਰਵਾਸੀ ਮਜ਼ਦੂਰਾਂ ਨਾਲ ਬੈਠ ਕੇ ਹੀ ਅਸੀਂ ਬਾਬਾ ਨਾਨਕ ਕੋਲ ਬੈਠ ਸਕਦੇ ਹਾਂ ਕਿਉਂਕਿ ਬਾਬਾ ਨਾਨਕ ਤਾਂ ਕੰਮੀ ਕਿਰਤੀਆਂ ਦੇ ਨਾਲ ਹੀ ਬੈਠਾ ਹੈ, ਭਾਈ ਲਾਲੋ ਦੇ ਕੋਧਰੇ ਵਿਚੋਂ ਦੁੱਧ ਦੇ ਘੁੱਟ ਭਰ ਰਿਹਾ :
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਅਸੀਂ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਹੈ ਇਨ੍ਹਾਂ ਨੂੰ ਗਲ਼ੇ ਲਾਉਣ ਵਿਚ। ਏਸੇ ਲਈ ਇਹ ਸਾਡੇ ਤੋਂ ਦੂਰ ਜਾ ਰਹੇ ਹਨ। ਦੇਰ ਕਰਨ ਬਾਰੇ ਮੁਨੀਰ ਨਿਆਜ਼ੀ ਦੀ ਬਹੁਤ ਪਿਆਰੀ ਨਜ਼ਮ ਯਾਦ ਆ ਰਹੀ ਹੈ :
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਜ਼ਰੂਰੀ ਬਾਤ ਕਹਨੀ ਹੋ
ਕੋਈ ਵਾਅਦਾ ਨਿਭਾਨਾ ਹੋ
ਉਸੇ ਆਵਾਜ਼ ਦੇਨੀ ਹੋ
ਉਸੇ ਵਾਪਸ ਬੁਲਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਮਦਦ ਕਰਨੀ ਹੋ ਉਸ ਕੀ
ਯਾਰ ਕੀ ਢਾੜਸ ਬੜ੍ਹਾਨੀ ਹੋ
ਬਹੁਤ ਦੇਰੀਨ ਰਸਤੋਂ ਪਰ
ਕਿਸੀ ਕੋ ਮਿਲਨੇ ਜਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਕਿਸੀ ਕੋ ਮੌਤ ਸੇ ਪਹਲੇ
ਕਿਸੀ ਗ਼ਮ ਸੇ ਛੁੜਾਨਾ ਹੋ
ਹਕੀਕਤ ਔਰ ਥੀ ਕੁਛ
ਉਸ ਕੋ ਜਾ ਕੇ, ਯੇ ਬਤਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ...
ਅਸਾਨੂੰ ਹੋਰ ਦੇਰ ਪੁੱਗਦੀ ਨਹੀਂ। ਅਸੀਂ ਗੁਰੂ ਦੇ ਬੇਟਿਆਂ ਬੇਟੀਆਂ ਦੇ ਸੰਗ ਹੀ, ਇਨ ਹੀ ਕ੍ਰਿਪਾ ਸੇ ... ਦੇ ਗੁਰੂ-ਬੋਲ ਯਾਦ ਕਰ ਕੇ ਹੀ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਾਂਗੇ। ਸਾਡੇ ਲਈ ਇਕ ਵੱਡਾ ਸਵਾਲ ਇਹ ਵੀ ਹੈ ਨਾਨਕ ਦੇ ਦਰ ’ਤੇ ਆ ਕੇ ਵੀ ਇਹ ਤੁਕਾਂ ਬੇ-ਅਰਥ ਕਿਉਂ ਨਹੀਂ ਹੋਈਆਂ :
ਕਿੰਨੇ ਦਿਨ ਡੁੱਬ ਡੁੱਬ ਕੇ ਚੜ੍ਹ ਪਏ
ਰਾਤ ਨਾ ਬਦਲੀ ਮੇਰੀ
ਕਿੰਨੇ ਧਰਮ ਬਦਲ ਕੇ ਦੇਖੇ
ਜਾਤ ਨ ਬਦਲੀ ਮੇਰੀ।
ਅੰਦੋਲਨ ਦੀ ਪਾਵਨਤਾ ਤੇ ਮਹਾਨਤਾ ਬਾਰਡਰਾਂ ਤੋਂ ਸ਼ਾਮਲਾਟਾਂ ਤੱਕ ਵੀ ਆਉਣੀ ਚਾਹੀਦੀ ਹੈ। ਤਦੇ ਇਹ ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦਾ ਪੁਰਬ ਸੰਪੂਰਨ ਹੋਵੇਗਾ।
ਤੁਸੀਂ ਗੁਮਰਾਹ ਹੋਏ ਲੋਕ ਹੋ
ਸਾਨੂੰ ਵਾਰ ਵਾਰ ਇਹ ਵਾਕ ਸੁਣਨ ਨੂੰ ਮਿਲਦਾ ਹੈ। ਤੇ ਸਾਨੂੰ ਰਾਹੇ ਪਾਉਣ ਲਈ ਬਹੁਤ ਚਾਲਾਂ ਚੱਲੀਆਂ ਜਾਂਦੀਆਂ ਹਨ। ਇਹ ਉੱਚੀ ਉੱਚੀ ਕੂਕ ਕੇ ਮਾਈਕ੍ਰੋਫ਼ੋਨਾਂ ’ਤੇ ਵੀ ਬੋਲਿਆ ਜਾਂਦਾ ਹੈ ਤੇ ਕਈ ਗਹਿਰੇ ਰਾਜ਼ਦਾਨਾਂ ਤੇ ਹਮਦਰਦਾਂ ਵਾਂਗ ਕੰਨਾਂ ਵਿਚ ਘੁਸਰ ਮੁਸਰ ਕਰ ਕੇ ਵੀ ਕਿਹਾ ਜਾਂਦਾ ਹੈ। ਪਰ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਆਪਣੀ ਸਾਂਝ ਦੇ ਨਿੱਘ ਸਦਕਾ ਇਨ੍ਹਾਂ ਵਾਕਾਂ ਦੇ ਇਹੋ ਜਿਹੇ ਜਵਾਬ ਸੁੱਝਦੇ ਹਨ ਜੋ ਇਨ੍ਹਾਂ ਅਗਨ-ਬਾਣਾਂ ਨੂੰ ਭਸਮ ਕਰ ਦਿੰਦੇ ਹਨ। ਕਿਸੇ ਦੇ ਕੰਨ ਵਿਚ ਇਨ੍ਹਾਂ ਨੇ ਕਿਹਾ : ਉਹ ਤੁਹਾਡੇ ਪਾਣੀਆਂ ਦੇ ਝਗੜੇ ਦਾ ਕੀ ਬਣਿਆਂ? ਉਸ ਨੂੰ ਜਵਾਬ ਮਿਲਿਆ : ਪਾਣੀ ਕੀ ਕਰਾਂਗੇ ਜੇ ਜ਼ਮੀਨਾਂ ਹੀ ਨਾ ਰਹੀਆਂ? ਤੇ ਝਗੜੇ ਵੀ ਅਸੀਂ ਆਪੇ ਹੀ ਹੱਲ ਕਰ ਲਵਾਂਗੇ। ਤੁਸੀਂ ਫ਼ਿਕਰ ਨਾ ਕਰੋ। ਅਸੀਂ ਕਿਹੜਾ ਪਾਣੀ ਰਿੜਕ ਕੇ ਵੋਟਾਂ ਦਾ ਮੱਖਣ ਕੱਢਣਾ?
ਕਿਸੇ ਦੇ ਕੰਨ ਵਿਚ ਇਨ੍ਹਾਂ ਕਿਹਾ : ਤੁਹਾਨੂੰ ਆਪਣੇ ਭਲੇ ਬੁਰੇ ਦਾ ਪਤਾ ਨਹੀਂ। ਤੁਸੀਂ ਭੋਲ਼ੇ ਭਾਲ਼ੇ ਲੋਕ ਹੋ। ਤੁਸੀਂ ਰਾਜਸੀ ਪਾਰਟੀਆਂ ਤੇ ਦੁਸ਼ਮਣ ਦੇਸਾਂ ਦੇ ਭਟਕਾਏ ਹੋਏ ਗੁਮਰਾਹ ਹੋਏ ਲੋਕ ਹੋ। ਉਸ ਨੇ ਹੱਸ ਕੇ ਜਵਾਬ ਦਿੱਤਾ : ਹਾਂ ਹਜ਼ੂਰ, ਸਚਮੁਚ ਅਸੀਂ ਗੁਮਰਾਹ ਹੋਏ ਲੋਕ ਹਾਂ। ਪਰ ਸਾਨੂੰ ਕਿਸੇ ਰਾਜਸੀ ਪਾਰਟੀ ਜਾਂ ਦੁਸ਼ਮਣ ਦੇਸ਼ ਨੇ ਗੁਮਰਾਹ ਨਹੀਂ ਕੀਤਾ। ਦਰਅਸਲ ਅਸੀਂ ਉਸ ਗੁਰੂ ਦੇ ਚੇਲੇ ਹਾਂ ਜਿਸ ਨੂੰ ਤੁਹਾਡੇ ਜਿਹੇ ਪਖੰਡੀ ਲੋਕ ਕੁਰਾਹੀਆ ਆਖਦੇ ਸਨ। ਕੋਈ ਸੱਚ ਤੇ ਇਨਸਾਫ਼ ਦੇ ਮਾਰਗ ’ਤੇ ਚੱਲਦਾ ਹੈ ਤਾਂ ਕੂੜ ਕੁਸੱਤ ਦੇ ਰਾਹ ’ਤੇ ਚੱਲਣ ਵਾਲੇ ਉਸ ਨੂੰ ਕੁਰਾਹੀਆ ਜਾਂ ਗੁਮਰਾਹ ਆਖਦੇ ਹੀ ਹਨ। ਸਾਡੇ ਲਈ ਇਹ ਕੋਈ ਨਵੀਂ ਗੱਲ ਨਹੀਂ।
ਕਿਸੇ ਨੂੰ ਇਹ ਵੀ ਆਖਦੇ ਹਨ : ਤੂੰ ਨਾ ਤਾਂ ਕਿਸਾਨ ਹੈਂ, ਨਾ ਖੇਤ ਮਜ਼ਦੂਰ, ਨਾ ਆੜਤੀਆ, ਨਾ ਛੋਟਾ ਦੁਕਾਨਦਾਰ, ਨਾ ਪੱਲੇਦਾਰ ... ਤੂੰ ਏਥੇ ਕੀ ਕਰਦੈਂ?
ਅਸੀਂ ਇਸ ਅੰਦੋਲਨ ਨੂੰ ਜ਼ਮੀਨ ਬੇਜ਼ਮੀਨੇ ਦੇ ਸੀਮਿਤ ਅਰਥਾਂ ਵਿਚ ਨਹੀਂ ਦੇਖਦੇ। ਸਾਡੇ ਲਈ ਇਸ ਦੇ ਅਰਥ ਇਸ ਤੋਂ ਬਹੁਤ ਵੱਡੇ ਹਨ। ਇਸ ਨੂੰ ਅਸੀਂ ਸੱਚ ਤੇ ਝੂਠ, ਕਿਰਤ ਅਤੇ ਲੁੱਟ, ਇਨਸਾਫ਼ ਅਤੇ ਬੇਇਨਸਾਫ਼ੀ ਦੇ ਬਹੁਤ ਵੱਡੇ ਪ੍ਰਸੰਗ ਵਿਚ ਵੇਖਦੇ ਹਾਂ :
ਸਰਕਾਰ ਵੀ ਜਿਸਦੀ ਜ਼ਰਖ਼ਰੀਦ
ਕਿੰਨੇ ਅਖ਼ਬਾਰ ਵੀ ਜ਼ਰਖ਼ਰੀਦ
ਸਭ ਚੈਨਲ ਵੈਨਲ ਹੋਰ ਵਿਸ਼ਵ
ਮੰਡਲ ਵਿਉਪਾਰ ਵੀ ਜ਼ਰਖ਼ਰੀਦ
ਇਹ ਮਸਲਾ ਮਾਇਆਧਾਰੀਆਂ ਦੇ
ਜੰਜਾਲ 'ਚ ਫਸੇ ਜਹਾਨ ਦਾ ਏ
ਸਾਡੇ ਲਈ ਇਸ ਦੇ ਅਰਥ ਪੂਰੇ ਜਹਾਨ ਜਿੱਡੇ ਹਨ, ਪੂਰੀ ਮਾਨਵਤਾ ਜਿੱਡੇ, ਪੂਰੀ ਧਰਤੀ ਜਿੱਡੇ, ਸਗੋਂ ਪੂਰੇ ਆਸਮਾਨ ਜਿੱਡੇ ਕਿਉਂਕਿ ਸਾਡੇ ਗੁਰੂ ਲਈ ਪੂਰਾ ਆਸਮਾਨ ਆਰਤੀ ਦਾ ਥਾਲ ਸੀ ਤੇ ਉਹ ਆਰਤੀ ਸਿਰਫ਼ ਮੰਦਰਾਂ ਗੁਰਦੁਆਰਿਆਂ ਵਿਚ ਹੀ ਨਹੀਂ ਪੂਰੇ ਬ੍ਰਹਿਮੰਡ ਵਿਚ ਚੱਲਦੀ ਹੈ। ਉਹ ਸਾਡੀ ਗੁਮਰਾਹੀ ਦਾ ਕੀ ਇਲਾਜ ਕਰੇਗਾ ਜੋ ਸਾਥੋਂ ਪੁੱਛਦਾ ਹੈ :
ਤੇਰੇ ਕੋਲ ਤਾਂ ਚਾਰ ਸਿਆੜ ਨਹੀਂ
ਤੂੰ ਏਧਰ ਕਿੱਧਰ ਫਿਰਦਾ ਏਂ
ਤੇਰੀ ਗੁਮਰਾਹੀ ਸਿਰੇ ਦੀ ਹੈ
ਐਵੇਂ ਕਮਲਾ ਹੋਇਆ ਫਿਰਦਾ ਏਂ
ਜੀ ਮੈਂ ਚੇਲਾ ਹਾਂ ਓਸ ਕੁਰਾਹੀਏ ਦਾ
ਜਿਹਦਾ ਥਾਲ ਵੀ ਕੁਲ ਅਸਮਾਨ ਦਾ ਏ *
ਮੇਰਾ ਹਰਫ਼ ਹਰਫ਼ ਤੇਰੀ ਜ਼ਦ ਵਿਚ ਹੈ
ਵਾਹ ਸ਼ਾਇਰ, ਤੂੰ ਵੀ ਏਥੇ ਹੈਂ?
ਤੇਰੀ ਕਿਸ ਜ਼ਮੀਨ ਨੂੰ ਖ਼ਤਰਾ ਏ?
ਮੇਰੇ ਬੋਲਾਂ ਨੂੰ, ਮੇਰੀ ਕਵਿਤਾ ਨੂੰ
ਮੇਰੀ ਸੁਰਜ਼ਮੀਨ ਨੂੰ ਖ਼ਤਰਾ ਏ
ਮੇਰਾ ਹਰਫ਼ ਹਰਫ਼ ਤੇਰੀ ਜ਼ਦ ਵਿਚ ਹੈ
ਮੇਰਾ ਮਸਲਾ ਉਹਨੂੰ ਬਚਾਣ ਦਾ ਏ
ਇਸ ਪਲ ਉਹ ਸਾਰੇ ਯਾਦ ਆ ਰਹੇ ਹਨ ਜਿਹੜੇ ਜ਼ਦ ਵਿਚ ਆਏ ਹਰਫ਼ਾਂ ਨੂੰ ਬਚਾਉਂਦੇ ਸ਼ਹੀਦ ਹੋਏ ਜਾਂ ਕੈਦਾਂ ਦੇ ਤਸੀਹੇ ਭੁਗਤ ਰਹੇ ਹਨ। ਮਾਇਆਧਾਰੀਆਂ ਅਤੇ ਉਨ੍ਹਾਂ ਦੀਆਂ ਜ਼ਰਖ਼ਰੀਦ ਸਰਕਾਰਾਂ ਦੇ ਦਿਸਦੇ ਅਣਦਿਸਦੇ ਜੰਜਾਲ ਨੂੰ ਚੀਰਨ ਲਈ ਸਾਨੂੰ ਸੱਚੇ ਵਾਕਾਂ ਦੀਆਂ ਮਸ਼ਾਲਾਂ ਵੀ ਚਾਹੀਦੀਆਂ ਹਨ ਤੇ ਸਬਰ ਸਿਦਕ ਵਾਲੇ ਲੋਕਾਂ ਦੇ ਕਾਫ਼ਲੇ ਵੀ। ਇਨ੍ਹਾਂ ਸ਼ਬਦਾਂ ਨਾਲ ਇਕ ਵਾਰ ਫੇਰ ਸਾਂਝੇ ਦੁੱਖ ਸੁਖ ਦੀ ਮਹਾਨ ਲਹਿਰ ਨੂੰ ਸਿਰ ਝੁਕਾਉਂਦਾ ਹੈ। ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦੇ ਇਸ ਪੁਰਬ ਨੂੰ ਉਸ ਪੂਰਬ ਦਿਸ਼ਾ ਵਾਂਗ ਦੇਖਦਾ ਹਾਂ ਜਿਸ ਵਿਚੋਂ ਉਦੈ ਹੋਇਆ ਸੂਰਜ ਸਾਡੀਆਂ ਕਿੰਨੀਆਂ ਆਸਾਂ, ਅਰਦਾਸਾਂ ਦਾ ਮਰਕਜ਼ ਹੈ।
* ਇਹ ਗੁਰੂ ਨਾਨਕ ਦੇਵ ਜੀ ਦੇ ਕਥਨ ‘ਗਗਨ ਮੈ ਥਾਲੁ’ ਵੱਲ ਇਸ਼ਾਰਾ ਹੈ।
ਸੰਪਰਕ : 98145-04272
ਟੁੱਟੀ ਛੰਨ ਨੂੰ ਸ਼ੀਸ਼ ਮਹਿਲ ਕਹਿਣ ਵਾਲੇ ਧਰਤੀ ਦੇ ਜਾਏ - ਸੁਰਜੀਤ ਪਾਤਰ
ਰਘੂਰਾਏ ਜਿਸ ਨੇ ਪਿਛਲੇ 55 ਸਾਲਾਂ ਤੋਂ ਭਾਰਤ ਦੀ ਵਿਜ਼ੂਅਲ ਹਿਸਟਰੀ (ਸਮੂਰਤ ਇਤਿਹਾਸ) ਨੂੰ ਆਪਣੇ ਕੈਮਰੇ ਵਿਚ ਸਮੋਇਆ, ਅੱਸੀ ਸਾਲ ਦੀ ਉਮਰ ਵਿਚ ਸਿੰਘੂ ਬਾਰਡਰ ’ਤੇ ਪਹੁੰਚਿਆ। ਅਜੀਤ ਅੰਜੁਮ ਨਾਲ ਗੱਲਬਾਤ ਕਰਦਿਆਂ ਰਘੂਰਾਏ ਕਹਿਣ ਲੱਗੇ : ਮੈਂ ਜੈ ਪ੍ਰਕਾਸ਼ ਨਾਰਾਇਣ ਦਾ ਅੰਦੋਲਨ ਵੀ ਦੇਖਿਆ। ਜਦੋਂ ਜੈ ਪ੍ਰਕਾਸ਼ ਨਾਰਾਇਣ ਨੂੰ ਲਾਠੀ ਲੱਗੀ ਉਹਦੀ ਫੋਟੋ ਮੈਂ ਹੀ ਖਿੱਚੀ ਸੀ। ਮੈਂ ਟਿਕਾਇਤ ਦਾ ਅੰਦੋਲਨ ਵੀ ਦੇਖਿਆ, ਮੈਂ ਅੰਨਾ ਹਜ਼ਾਰੇ ਵਾਲਾ ਅੰਦੋਲਨ ਵੀ ਦੇਖਿਆ। ਇਸ ਅੰਦੋਲਨ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ।
ਇਹ ਜੋ ਵੀ ਹੈ, ਇਹ ਸਿਰਫ਼ ਪ੍ਰੋਟੈਸਟ ਨਹੀਂ ਇਹ ਤਾਂ ਪੂਰੇ ਦੇਸ਼ ਨੂੰ ਇਕ ਅਲੱਗ ਲੈਵਲ ’ਤੇ ਲੇ ਕੇ ਜਾਣ ਦਾ ਜਸ਼ਨ ਹੈ। ਸਾਨੂੰ ਸਾਰਿਆਂ ਨੂੰ ਇਸ ਤੋਂ ਭਵਿੱਖ ਲਈ ਸਬਕ ਲੈਣਾ ਚਾਹੀਦਾ ਹੈ।
ਕਿੰਨੇ ਇਨਟੈਂਸ ਨੇ ਇਹ ਚਿਹਰੇ, ਕਿੰਨੇ ਸੀਰੀਅਸ। ਤੁਸੀਂ ਗੱਲ ਕਰੋ ਤਾਂ ਕਿੰਨੀ ਪਿਆਰੀ ਮੁਸਕਰਾਹਟ ਦਿੰਦੇ ਨੇ ਤੇ ਜੀ ਆਇਆਂ ਨੂੰ ਕਹਿੰਦੇ ਨੇ।
ਇਸ ਅੰਦੋਲਨ ਦੀ ਸਭ ਤੋਂ ਵੱਡੀ ਗੱਲ, ਤੇ ਉਹ ਗੱਲ ਜਿਸ ’ਤੇ ਯਕੀਨ ਨਹੀਂ ਆਉਂਦਾ ਕਿ ਤੀਹ ਸਾਲਾਂ ਦੇ ਵਿਸ਼ਵੀਕਰਣ ਨੇ ਸਾਡੇ ਹੁਲੀਏ ਵਿਗਾੜ ਦਿੱਤੇ, ਸਾਡੇ ਕੱਪੜੇ ਸਾਡਾ ਰਹਿਣ ਸਹਿਣ ਬਦਲ ਦਿੱਤਾ। ਪਰ ਜਦੋਂ ਮੈਂ ਏਥੇ ਪਹੁੰਚਾ ਤਾਂ ਦੇਖਿਆ ਉਹ ਜਿਹੜਾ ਭਾਰਤ ਸੀ ਜਿਸ ਵਿਚ ਇਕ ਦੂਜੇ ਲਈ ਪਿਆਰ ਸੀ, ਉਹ ਅਜੇ ਵੀ ਜ਼ਿੰਦਾ ਹੈ। ਮੈਨੂੰ ਕਿਸੇ ਵੀ ਹੋਰ ਅੰਦੋਲਨ ਵਿਚ ਇਹ ਦੇਖਣ ਲਈ ਨਹੀਂ ਮਿਲਿਆ। ਗਰੀਬ ਬੱਚੇ ਇਸ ਪਿੰਡ ਦੇ ਆ ਰਹੇ ਹਨ, ਉਨ੍ਹਾਂ ਨੂੰ ਕਹਿੰਦੇ, ‘ਆਓ ਬੱਚਿਓ, ਲਾਈਨ ’ਚ ਆਓ, ਲੰਗਰ ਛਕੋ।’ ਕਿੰਨੇ ਪਿਆਰ ਨਾਲ ਸਭ ਨੂੰ ਖਾਣਾ ਦਿੱਤਾ ਜਾ ਰਿਹਾ ਹੈ, ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਤੂੰ ਕੌਣ ਹੈਂ।
ਭਾਰਤ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਸ ਦੀ ਗਹਿਰਾਈ ਨੂੰ ਸਮਝੇ। ਇਲਜ਼ਾਮ ਲਾਉਣੇ ਗੰਦੀ ਸਿਆਸਤ ਹੈ। ਇਨ੍ਹਾਂ ਦੀਆਂ ਤਕਲੀਫ਼ਾਂ ਬਿਲਕੁਲ ਜਾਇਜ਼ ਹਨ।
ਮੈਨੂੰ ਮਾਣ ਹੈ ਕਿ ਇਨ੍ਹਾਂ ਨੇ ਮੇਰਾ ਭਾਰਤ ਜ਼ਿੰਦਾ ਰੱਖਿਆ ਹੈ। ਏਨਾ ਪਿਆਰ, ਏਨੀ ਸ਼ਰਧਾ, ਏਨਾ ਵੱਡਾ ਹਜੂਮ, ਦੂਰ ਦੂਰ ਤੱਕ।
ਤੁਹਾਨੂੰ ਫ਼ੰਡ ਕਿੱਥੋਂ ਆਉਂਦਾ
ਹਾਕਮਾਂ ਦੇ ਭੱਥਿਆਂ ਵਿਚ ਦੋ ਤਿੰਨ ਤਰ੍ਹਾਂ ਦੇ ਜ਼ਹਿਰ ਬੁਝੇ ਸ਼ਬਦ-ਬਾਣ ਹਨ : ਤੁਸੀਂ ਰਾਜਸੀ ਪਾਰਟੀਆਂ ਦੇ ਗੁਮਰਾਹ ਕੀਤੇ ਲੋਕ, ਤੁਸੀਂ ਚੀਨ ਤੇ ਪਾਕਿਸਤਾਨ ਨਾਲ ਤਾਰ ਮਿਲਾਈ ਬੈਠੇ ਲੋਕ, ਤੁਸੀਂ ਖ਼ਾਲਿਸਤਾਨੀ, ਤੁਸੀਂ ਖੱਬੇਪੱਖੀ। ਤੁਸੀਂ ਟੁਕੜੇ ਟੁਕੜੇ ਗੈਂਗ। ਕੱਲ੍ਹ, 26 ਦਸੰਬਰ 2020 ਦੀ ਸਵੇਰ ਵੇਲੇ ਜਲੰਧਰ ਦੂਰਦਰਸ਼ਨ ਦੇਖਦਿਆਂ ਅਹਿਸਾਸ ਹੋਇਆ ਕਿ ਪਿਛਲੇ ਇਕ ਮਹੀਨੇ ਤੋਂ ਘਰੋਂ ਬਾਹਰ ਯਖ਼ ਸਿਆਲ ਦੀਆਂ ਰਾਤਾਂ ਦੀ ਠੰਢ ਸਹਿੰਦੇ ਕਿਸਾਨਾਂ, ਬਜ਼ੁਰਗਾਂ, ਮਾਂਵਾਂ, ਭੈਣਾਂ, ਧੀਆਂ ਪੁੱਤਰਾਂ ਲਈ ਪ੍ਰਧਾਨ ਮੰਤਰੀ ਦੇ ਮਨ ਵਿਚ ਕੋਈ ਹਮਦਰਦੀ ਦਾ ਬੋਲ ਨਹੀਂ, ਬੱਸ ਓਹੀ ਜ਼ਹਿਰ ਬੁਝੇ ਤੀਰ ਹਨ : ਇਹ ਵਿਰੋਧੀ ਪਾਰਟੀਆਂ ਦੇ ਗੁਮਰਾਹ ਕੀਤੇ ਹੋਏ ਲੋਕ ਹਨ। ਮਤਲਬ ਇਹ ਹੈ ਕਿ ਜੋ ਸਾਡੇ ਸਹਿਮਤ ਨਹੀਂ ਉਹ ਗੁਮਰਾਹ ਹੋਇਆ ਹੈ ... ਜੋ ਸਾਡਾ ਭਗਤ ਨਹੀਂ, ਉਹ ਦੇਸ਼ ਭਗਤ ਨਹੀਂ ... ਜੋ ਸਾਡੇ ਨਾਲ ਨਹੀਂ ਉਹ ਪਾਕਿਸਤਾਨ ਨਾਲ ਹੈ।
ਪਿਛਲੇ ਦਿਨੀਂ ਇਕ ਹੋਰ ਸ਼ਬਦ-ਬਾਣ ਚੱਲਿਆ : ਤੁਹਾਨੂੰ ਫ਼ੰਡ ਕਿੱਥੋਂ ਆਉਂਦਾ? ਇਕ ਨੌਜਵਾਨ ਨੇ ਹੱਸਦਿਆਂ ਕਿਹਾ : ਉਹ ਮਾਇਆਧਾਰੀ ਜਿਹੜੇ ਤੁਹਾਡੇ ਨਾਲ ਬੈਂਕ ਘੁਟਾਲ਼ੇ ਕਰ ਕੇ ਚਲੇ ਗਏ ਸੀ, ਅਸੀਂ ਉਹ ਘੇਰ ਲਏ।
ਇਕ ਧੀ ਨੇ ਕਿਹਾ : ਸਾਨੂੰ ਪਾਕਿਸਤਾਨ ਦੀ ਧਰਤੀ ਦਾ ਜਾਇਆ ਇਕ ਪਰਮ ਪੁਰਖ ਭੇਜਦਾ ਹੈ ਸਾਰਾ ਕੁਝ। ਪੱਤਰਕਾਰ ਨੇ ਪੁੱਛਿਆ : ਉਸ ਦਾ ਨਾਮ? ਬੇਟੀ ਨੇ ਆਤਮ-ਵਿਸ਼ਵਾਸ ਅਤੇ ਰੱਬੀ ਨਿਹੁੰ ਨਾਲ ਭਰੀ ਆਵਾਜ਼ ਵਿਚ ਕਿਹਾ : ਬਾਬਾ ਨਾਨਕ।
ਸਾਡਾ ਰੇਲਾਂ ਨਾਲ ਕੀ ਰਿਸ਼ਤਾ
26 ਅਕਤੂਬਰ 2020 ਨੂੰ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਦੁਬਾਰਾ ਪੰਜਾਬ ਵੱਲ ਰੇਲਾਂ ਤਦੇ ਚਲਾਵਾਂਗੇ ਜੇ ਪੰਜਾਬ ਸਰਕਾਰ ਸਾਨੂੰ ਇਹ ਵਿਸ਼ਵਾਸ ਦੁਆਵੇ ਕਿ ਪੰਜਾਬ ਦੇ ਕਿਸਾਨ ਰੇਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ, ਰੇਲ ਦੇ ਕਰਮਚਾਰੀਆਂ ਨੂੰ ਕੋਈ ਕਸ਼ਟ ਨਹੀਂ ਦੇਣਗੇ। ਇਹ ਪੜ੍ਹ ਕੇ ਬਹੁਤ ਸ਼ਰਮ ਆਈ ਕਿ ਇਹ ਲੋਕ ਸਾਨੂੰ ਏਨੇ ਗਿਰੇ ਹੋਏ ਸਮਝਦੇ ਨੇ ਕਿ ਅਸੀਂ ਰੇਲਾਂ ਨੂੰ ਪੱਥਰ ਮਾਰਾਂਗੇ। ਇਹ ਵੀ ਹਾਕਮ ਧਿਰ ਦਾ ਇਕ ਜ਼ਹਿਰ ਬੁਝਿਆ ਸ਼ਬਦ-ਬਾਣ ਹੀ ਸੀ। ਮਨ ਵਿਚ ਦੁੱਖ ਤੇ ਰੋਹ ਦੀ ਇਕ ਲਹਿਰ ਉੱਠੀ ਕਿ ਇਸ ਸੰਵੇਦਨਹੀਣ ਹਾਕਮ ਨੂੰ ਪਤਾ ਹੀ ਨਹੀਂ ਕਿ ਸਾਡਾ ਰੇਲਾਂ ਦੇ ਨਾਲ ਕੀ ਰਿਸ਼ਤਾ ਹੈ :
ਸਾਡਾ ਰੇਲਾਂ ਦੇ ਨਾਲ਼ ਕੀ ਰਿਸ਼ਤਾ
ਤੈਨੂੰ ਐ ਸ਼ੁਹਦਿਆ ਪਤਾ ਹੀ ਨਹੀਂ
ਸਾਡੇ ਪੁੱਤਰ ਇਨ੍ਹਾਂ ’ਚ ਜੰਗ ਨੂੰ ਗਏ
ਕਿੰਨੇ ਤੋਰੇ ਘਰੋਂ ਤੇ ਕਿੰਨੇ ਮੁੜੇ
ਆਉਂਦਿਆਂ ਜਾਂਦਿਆਂ ਦੀ ਸੁੱਖ ਮੰਗੀ
ਹੱਥ ਅਰਦਾਸ ਵਿਚ ਰਹੇ ਨੇ ਜੁੜੇ
ਫੇਰ ਪਰਦੇਸ ਨੂੰ ਗਏ ਸੀ ਜਣੇ
ਰਾਜ ਤੇਰੇ ’ਚ ਰਿਜ਼ਕ ਨਾ ਜੁੜਿਆ
ਅਸੀਂ ਰੀਝਾਂ ਸਿਉਂ ਤੱਕਿਆ ਰੇਲਾਂ ਨੂੰ
ਇਨ੍ਹਾਂ ਵਿਚ ਬੈਠ ਕੇ ਜਦੋਂ ਮੁੜਿਆ
ਵੀਰ ਪੁੱਤਰ ਪਿਤਾ ਪਤੀ ਧੀਆਂ
ਅਸੀਂ ਰੇਲਾਂ ਨੂੰ ਦੇਈਏ ਦਿਲ ’ਚੋਂ ਦੁਆ
ਤੈਨੂੰ ਬੇ-ਪੀਰਿਆ ਪਤਾ ਹੀ ਨਹੀਂ
ਜੇ ਕਦੀ ਆਖਿਆ ਏ ਟੁੱਟ-ਪੈਣੀ
ਫੇਰ ਆਪੇ ਨੂੰ ਕੋਸਿਆ ਵੀ ਹੈ
ਲਾਮ ਟੁੱਟੀ ਤਾਂ ਦੂਰੋਂ ਆਉਂਦੀ ਨੂੰ
ਸੁੱਖਾਂ ਸੁੱਖਦੀ ਨੇ ਦੇਖਿਆ ਵੀ ਹੈ
ਅਪਣੇ ਮਾਹੀ ਦਾ ਵੇਖ ਲਾਂ ਮੁੱਖੜਾ
ਹਟ ਪਰ੍ਹਾਂ ਬਾਬੂਆ, ਕਿਹਾ ਸੀ ਮੈਂ
ਤੈਨੂੰ ਐ ਬੇ-ਦਿਲਾ ਪਤਾ ਹੀ ਨਹੀਂ
ਅਪਣੀ ਹੀ ਰੱਤ ’ਚ ਰੰਗੇ ਨੇ ਪਹੀਏ
ਜਦ ਵੀ ਇਹਨਾਂ ਨੂੰ ਰੋਕਣਾ ਹੋਇਆ
ਤੈਨੂੰ ਬੇ-ਦੀਦਿਆ ਪਤਾ ਹੀ ਨਹੀਂ
ਹਾਂ ਸਮਾਂ ਉਹ ਵੀ ਯਾਦ ਹੈ ਮੈਨੂੰ
ਇਹਨਾਂ ਰੇਲਾਂ ’ਚ ਜਦ ਭਰਾਵਾਂ ਨੇ
ਤੁਹਫ਼ਿਆਂ ਵਾਂਗ ਭੇਜੀਆਂ ਲਾਸ਼ਾਂ
ਜਦ ਮੈਂ ਬੇਹੋਸ਼ ਸਾਂ ਮੈਂ ਜ਼ਖ਼ਮੀ ਸਾਂ
ਮੈਨੂੰ ਕੁਝ ਨਈ ਮੈਂ ਕੀ ਕੀਤਾ
ਮੈਨੂੰ ਕੁਝ ਨਈਂ ਪਤਾ ਮੈਂ ਕਿਉਂ ਕੀਤਾ
ਤੇ ਉਹ ਸਦਮਾ ਦਿਲੋਂ ਗਿਆ ਹੀ ਨਹੀਂ
ਤੇ ਮੈਂ ਆਪੇ ਨੂੰ ਬਖ਼ਸ਼ਿਆ ਵੀ ਨਹੀਂ
ਉਹਦੇ ਵਿਚ ਰੇਲ ਇਕ ਗਵਾਹ ਤਾਂ ਸੀ
ਉਹਦੇ ਵਿਚ ਰੇਲ ਕੋਈ ਮੁਜਰਿਮ ਨਈਂ
ਇਹਦੇ ਗਲ਼ ਲੱਗ ਕੇ ਰੋ ਤਾਂ ਸਕਦਾ ਮੈਂ
ਇਸ ’ਤੇ ਪੱਥਰ ਨਹੀਂ ਉਠਾ ਸਕਦਾ
ਅਸੀਂ ਪੱਥਰ ਇਨ੍ਹਾਂ ਨੂੰ ਮਾਰਾਂਗੇ
ਸਾਡੀ ਇਉਂ ਆਖ ਕੇ ਤੌਹੀਨ ਨ ਕਰ
ਸਾਡੇ ਮੁਰਸ਼ਦ ਦੀ ਸ਼ਾਨ ਹੀਣ ਨ ਕਰ
ਅਸੀਂ ਰਾਖੇ ਹਾਂ, ਹੈਂਸਿਆਰੇ ਨਹੀਂ
ਤੈਨੂੰ ਐ ਪੱਥਰਾ ਪਤਾ ਹੀ ਨਹੀਂ
ਜਾ ਤੂੰ ਜਾ, ਹੋਰ ਤੈਨੂੰ ਕੀ ਆਖਾਂ
ਤੇਰਾ ਇਸ ਨਾਲ ਵਾਸਤਾ ਹੀ ਨਹੀਂ
ਐਵੇਂ ਜ਼ਖ਼ਮਾਂ ’ਤੇ ਲੂਣ ਪਾਉਨਾਂ ਏਂ
ਐਵੇਂ ਤਪਿਆਂ ਨੂੰ ਤੂੰ ਤਪਾਉਨਾਂ ਏਂ
ਸਿਰ ਨਿਵਾਈਏ ਅਸੀਂ ਤੂੰ ਚਾਹੁੰਨਾਂ ਏ
ਕੱਟ ਸਕਦੈਂ, ਨਿਵਾ ਨਹੀਂ ਸਕਦਾ
ਇਹ ਤਾਂ ਨਿਵਦੇ ਨੇ ਬੱਸ ਗੁਰਾਂ ਅੱਗੇ
ਤੈਨੂੰ ਬੇਪੀਰਿਆ ਪਤਾ ਹੀ ਨਹੀਂ
ਹਾਸੇ ਦਾ ਪ੍ਰਤਾਪ
ਸੁਰਜੀਤ ਹਾਂਸ ਦਾ ਗਹਿਰੇ ਵਿਅੰਗ ਵਾਲਾ ਮਿੱਠਾ ਜਿਹਾ ਹਾਸਾ ਯਾਦ ਆਉਂਦਾ ਹੈ। ਇਸ ਬਾਰੇ ਉਸਦੀ ਇਕ ਕਵਿਤਾ ਵੀ ਹੈ:
ਸੱਜਣ ਮੈਨੂੰ ਆਖਦਾ ਬਹੁਤਾ ਨਾ ਤੂੰ ਹੱਸ
ਇਹ ਤਾਂ ਮੇਰੀ ਜਾਨ ਹੈ ਇਹ ਤਾਂ ਮੇਰਾ ਜੱਸ
ਹਾਸਾ ਬਚਨ ਵੰਗਾਰ ਦਾ, ਕਰੇ ਯਥਾਰਥ ਭਿੰਨ
ਹਾਸੇ ਦਾ ਪ੍ਰਤਾਪ ਹੈ, ਇਹ ਬਾਗੀ ਦਾ ਚਿੰਨ
ਮੈਨੂੰ ਖ਼ਾਲਸਈ ਬੋਲੇ ਯਾਦ ਆਉਂਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਬੋਲੇ ਖ਼ਾਲਸੇ ਨੇ ਉਦੋਂ ਸਿਰਜੇ ਜਦੋਂ ਉਹ ਜੰਗਲਾਂ ਵਿਚ ਘੋੜਿਆਂ ਦੀ ਪਿੱਠ ’ਤੇ ਰਾਤਾਂ ਕੱਟਦਾ ਸੀ। ਉਹ ਬੋਲੇ ਉਨ੍ਹਾਂ ਲੋਕਾਂ ਦੀ ਸਿਰਜਣ ਸ਼ਕਤੀ, ਚੜ੍ਹਦੀ ਕਲਾ ਤੇ ਹਸਮੁਖਤਾ ਦੇ ਮੁਜੱਸਮੇ ਹਨ। ਉਨ੍ਹਾਂ ਨੇ ਚਿਣੀ ਹੋਈ ਚਿਖ਼ਾ ਨੂੰ ਕਾਠਗੜ੍ਹ ਕਿਹਾ, ਰੋਣ ਧੋਣ ਨੂੰ ਮਾਰੂ ਰਾਗ, ਟੁੱਟੀ ਛੰਨ ਨੂੰ ਸ਼ੀਸ਼ ਮਹਿਲ, ਨੀਂਦ ਨੂੰ ਧਰਮ ਰਾਜ ਦੀ ਧੀ ਤੇ ਤਾਪ ਨੂੰ ਧਰਮ ਰਾਜ ਦਾ ਪੁੱਤ ਕਿਹਾ। ਕੜਕਦੀਆਂ ਧੁੱਪਾਂ ਵਿਚ ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ। ਉਹ ਸ਼ਬਦਾਂ ਦੀ ਛਾਂਵੇਂ ਦੁੱਖ ਦੇ ਥਲਾਂ ਨੂੰ ਹੱਸ ਕੇ ਪਾਰ ਕਰ ਗਏ। ਉਹ ਹਸਮੁਖ, ਹਾਜ਼ਰਜਵਾਬ, ਹੌਸਲੇ ਵਾਲੇ ਕਲਾਧਾਰੀ ਬੜੇ ਕਰਾਮਾਤੀ ਲੋਕ ਸਨ।
ਹਾਸਾ ਤਨ ਦਰੁਸਤੀ ਲਈ ਹੀ ਨਹੀਂ ਮਨ ਦਰੁਸਤੀ ਲਈ ਵੀ ਬਹੁਤ ਜ਼ਰੂਰੀ ਹੈ।
ਕੇਸ਼ਵ ਸ਼ੰਕਰ ਪਿੱਲੇ ਨੂੰ ਭਾਰਤ ਵਿਚ ਰਾਜਸੀ ਕਾਰਟੂਨ-ਕਲਾ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ 1932 ਤੋਂ 1946 ਤੱਕ ਹਿੰਦੁਸਤਾਨ ਟਾਈਮਜ਼ ਦਾ ਸਟਾਫ਼ ਕਾਰਟੂਨਿਸਟ ਰਿਹਾ। ਸ਼ੰਕਰ ਦੇ ਕਾਰਟੂਨਾਂ ਨੇ ਵੇਲੇ ਦੇ ਵਾਇਸਰਾਵਾਂ ਦਾ ਵੀ ਧਿਆਨ ਖਿੱਚਿਆ। ਇਕ ਵਾਰ ਉਸ ਨੇ ਮੁਹੰਮਦ ਜਿਨਾਹ ਦਾ ਕਾਰਟੂਨ ਬਣਾਇਆ। ਮਹਾਤਮਾ ਗਾਂਧੀ ਨੇ ਉਸ ਨੂੰ ਇਕ ਪੋਸਟ ਕਾਰਡ ਲਿਖ ਕੇ ਸਮਝਾਇਆ ਕਿ ਕਾਰਟੂਨ ਬਣਾਉਂਦਿਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :
ਤੇਰੇ ਕਾਰਟੂਨ ਕਲਾ-ਕਿਰਤਾਂ ਦੇ ਤੌਰ ’ਤੇ ਚੰਗੇ ਹਨ, ਪਰ ਜੇ ਉਹ ਸਹੀ ਗੱਲ ਨਹੀਂ ਕਰਦੇ ਜਾਂ ਬਿਨਾ ਨਾਰਾਜ਼ ਕੀਤਿਆਂ ਮਜ਼ਾਕ ਨਹੀਂ ਕਰ ਸਕਦੇ ਤਾਂ ਤੂੰ ਆਪਣੇ ਪੇਸ਼ੇ ਵਿਚ ਬਹੁਤਾ ਉੱਚਾ ਨਹੀਂ ਜਾ ਸਕਦਾ। ਤੁਹਾਨੂੰ ਘਟਨਾਵਾਂ ਦੀ ਗਹਿਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਹਾਨੂੰ ਲੱਚਰ ਨਹੀਂ ਹੋਣਾ ਚਾਹੀਦਾ। ਤੁਹਾਡਾ ਮਜ਼ਾਕ ਦੂਜੇ ਨੂੰ ਦੁੱਖ ਪਹੁੰਚਾਉਣ ਵਾਲਾ ਨਹੀਂ ਚਾਹੀਦਾ।
1948 ਵਿਚ ਸ਼ੰਕਰ ਨੇ ਸ਼ੰਕਰਜ਼ ਵੀਕਲੀ ਦੇ ਨਾਮ ’ਤੇ ਆਪਣਾ ਹਫ਼ਤਾਵਾਰੀ ਸ਼ੁਰੂ ਕੀਤਾ। ਇਸ ਦਾ ਪਹਿਲਾ ਅੰਕ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰਿਲੀਜ਼ ਕੀਤਾ ਸੀ।
1948 ਵਿਚ ਨਹਿਰੂ ਦੁਆਰਾ ਰਿਲੀਜ਼ ਕੀਤਾ ਗਿਆ ਸ਼ੰਕਰਜ਼ ਵੀਕਲੀ ਨਹਿਰੂ ਦੀ ਬੇਟੀ ਵੱਲੋਂ ਲਾਈ ਗਈ ਐਮਰਜੈਂਸੀ ਵੇਲੇ ਬੰਦ ਕਰਨਾ ਪਿਆ। ਉਸ ਤੋਂ ਬਾਅਦ ਉੱਚੇ ਅਹੁਦਿਆਂ ਵਾਲਿਆਂ ’ਤੇ ਹੱਸਣਾ ਦਿਨ ਬਦਿਨ ਮੁਸ਼ਕਲ ਹੀ ਹੁੰਦਾ ਗਿਆ ਤੇ ਹੁਣ ਤਾਂ ਆਹ ਦਿਨ ਆ ਗਏ ਕਿ ਹਉਕਾ ਭਰਨ ਵਾਲਿਆਂ ਲਈ ਵੀ ਬੁਰੇ ਦਿਨ ਆ ਗਏ:
ਦੇਸ਼ ਦੀ ਚੰਗੀ ਭਲੀ ਫ਼ਿਜ਼ਾ ਵਿਚ
ਇਸ ਦੀ ਸਾਫ਼ ਸਵੱਛ ਹਵਾ ਵਿਚ
ਤੂੰ ਕਿਉਂ ਡੂੰਘਾ ਹਉਕਾ ਭਰਿਆ
ਲਗਦਾ ਹੈਂ ਤੂੰ ਓਹੀ ਹੈਂ
ਯਾਨੀ ਦੇਸ਼-ਧਰੋਹੀ ਹੈਂ
ਕੱਲ੍ਹ ਬਠਿੰਡੇ ਵਿਚ ਲੱਗੇ ਪੀਪਲਜ਼ ਲਿਟਰੇਰੀ ਫ਼ੈਸਟੀਵਲ ਵਿਚ ਗੁਰਪ੍ਰੀਤ ਦੇ ਬਣਾਏ ਰਾਜਸੀ ਵਿਅੰਗ ਵਾਲੇ ਕਾਰਟੂਨ ਦੇਖ ਕੇ ਹੀ ਸ਼ੰਕਰਜ਼ ਵੀਕਲੀ ਦਾ ਚੇਤਾ ਸੱਜਰਾ ਹੋ ਗਿਆ।
ਉੱਤਰ ਅੰਦੋਲਨ ਸਮਾਂ
ਕਾਨੂੰਨਾਂ ਦੇ ਵਾਪਸ ਲਏ ਜਾਣ ਨਾਲ ਪੰਜਾਬ ਦੀ ਕਿਸਾਨੀ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਇਹ ਵਹਿਮ ਤਾਂ ਸ਼ਾਇਦ ਕਿਸੇ ਨੂੰ ਵੀ ਨਹੀਂ। ਸਾਡੇ ਜ਼ਖ਼ਮ ਤਾਂ ਓਥੇ ਦੇ ਓਥੇ ਰਹਿਣਗੇ, ਇਹ ਸਾਨੂੰ ਪਤਾ ਹੈ। ਇਹ ਜੋ ਲੜਾਈ ਅਸੀਂ ਲੜ ਰਹੇ ਉਹ ਤਾਂ ਇਸ ਲਈ ਲੜ ਰਹੇ ਹਾਂ ਕਿ ਕੇਂਦਰ ਸਰਕਾਰ ਸਾਡੇ ਜ਼ਖ਼ਮਾਂ ਤੋਂ ਆਪਣਾ ਲੂਣ ਵਾਪਸ ਲੈ ਲਵੇ। ਆਪਣੇ ਜ਼ਖ਼ਮਾਂ ਦਾ ਇਲਾਜ ਤਾਂ ਸਾਨੂੰ ਆਪ ਹੀ ਕਰਨਾ ਪਵੇਗਾ।
ਤਿੰਨ ਕਾਨੂੰਨ ਰੱਦ ਕਰਵਾ ਕੇ ਓਸੇ ਧਰਤੀ ਵੱਲ ਮੁੜਨਾ ਹੈ ਜਿੱਥੇ ਖ਼ੁਦਕੁਸ਼ੀਆਂ ਉੱਗਦੀਆਂ ਹਨ। ਉਹ ਧਰਤੀ ਬਦਲੀ ਹੋਈ ਨਹੀਂ ਹੋਵੇਗੀ। ਪਰ ਮੈਨੂੰ ਕਾਮਲ ਯਕੀਨ ਹੈ ਕਿ ਤਦ ਤੱਕ ਅਸੀਂ ਬਹੁਤ ਬਦਲੇ ਹੋਏ ਹੋਵਾਂਗੇ। ਸਾਡੇ ਜ਼ਖ਼ਮਾਂ ਵਿਚੋ ਵੀ ਲਹੂ ਨਹੀਂ, ਚਾਨਣਾ ਸਿੰਮਦਾ ਹੋਏਗਾ। ਅਸੀਂ ਇਸ ਵਿਸ਼ਵਾਸ ਨਾਲ ਮੁੜਾਂਗੇ ਕਿ ਅਸੀਂ ਇਕੱਠੇ ਹੋ ਕੇ ਇਤਿਹਾਸ ਸਿਰਜ ਸਕਦੇ ਹਾਂ। ਅਸੀਂ ਬੇਬਸ ਭਾਂਜਵਾਦੀ ਲੋਕ ਨਹੀਂ ਹੋਵਾਂਗੇ।
ਪੰਜਾਬ ਆ ਕੇ ਅਸੀਂ ਦਿੱਲੀ ਤੋਂ ਵੀ ਵੱਡੀ ਫ਼ਤਿਹ ਲਈ ਕਾਰਜ ਕਰਾਂਗੇ। ਸਾਦਾ ਜ਼ਿੰਦਗੀ ਜੀਉਣੀ ਸ਼ੁਰੂ ਕਰਾਂਗੇ। ਫੋਕੇ ਦਿਖਾਵਿਆਂ ਤੋਂ ਗੁਰੇਜ਼ ਕਰਾਂਗੇ। ਪੈਸੇ ਅਤੇ ਸ਼ਕਤੀ ਦੀ ਦੌੜ ਵਿਚੋਂ ਨਿਕਲ ਕੇ ਸਾਡਾ ਮਨ ਉੱਚੀ ਮੱਤ ਦੀ ਪਰਿਕਰਮਾ ਕਰੇਗਾ। ਅਸੀਂ ਨਵਾਂ ਪੰਜਾਬ ਸਿਰਜਣ ਦਾ ਉਪਰਾਲਾ ਕਰਾਂਗੇ। ਉਸ ਲਈ ਪਹਿਲਾ ਪੜਾਅ ਮਨ ਨੀਵਾਂ ਤੇ ਉੱਚੀ ਮੱਤ ਹੀ ਹੈ।
ਤਦ ਤੱਕ ਸਾਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਸਾਡੇ ਨੌਜਵਾਨ ਜੇ ਪਿਛਲੇ ਸਾਲਾਂ ਤੋਂ ਔਝੜੇ ਜਾ ਰਹੇ ਸਨ ਤਾਂ ਉਸ ਦਾ ਕਾਰਨ ਵੀ ਅਸੀਂ ਹੀ ਸਾਂ। ਧਰਮ ਤੋਂ ਉਨ੍ਹਾਂ ਦਾ ਮੋਹ-ਭੰਗ ਹੋ ਗਿਆ ਸੀ ਤਾਂ ਇਸ ਲਈ ਕਿ ਉਹ ਸੋਚਣ ਲੱਗ ਪਏ ਕਿ ਜੇ ਧਰਮ ਦੇ ਨਾਂ ’ਤੇ ਰਾਜ ਕਰਨ ਵਾਲੇ ਤੇ ਧਾਰਮਿਕ ਸੰਸਥਾਵਾਂ ਦੇ ਆਲੰਬਰਦਾਰ ਇਹੋ ਜਿਹੇ ਹੁੰਦੇ ਹਨ ਤਾਂ ਫਿਰ ਅਸੀਂ ਧਾਰਮਿਕ ਹੋ ਕੇ ਕੀ ਕਰਨਾ?
ਇਸ ਵਿਚ ਕੋਈ ਸੰਦੇਹ ਨਹੀਂ ਕਿ ਇਸ ਅਨੂਠੇ ਅੰਦੋਲਨ ਤੋਂ ਬਾਅਦ ਦਾ ਪੰਜਾਬ ਇਕ ਵੱਖਰਾ ਪੰਜਾਬ ਹੋਵੇਗਾ। ਸ਼ਾਇਦ ਇਹ ਗੁਰੂ ਨਾਨਕ ਬਾਣੀ ਦੇ ਵਧੇਰੇ ਕਰੀਬ ਹੋ ਜਾਵੇ। ਅਸੀਂ ਸਾਦਾ ਪਿਆਰ ਭਰੀ, ਦਇਆ ਭਰੀ, ਨਿਆਂਸ਼ੀਲ ਜਿੰਦਗੀ ਜੀਉ ਕੇ, ਖੇਤੀ ਦਾ ਕੋਈ ਨਵਾਂ ਮਾਡਲ ਲੱਭ ਕੇ ਪੰਜਾਬ ਦੀ ਪੁਨਰ-ਸਿਰਜਣਾ ਕਰ ਸਕੀਏ। ਸ਼ਾਇਦ ਅਸੀਂ ਖੋਟੀਆਂ ਸਿਆਸਤਾਂ ਤੋਂ ਵੀ ਪੱਲਾ ਛੁਡਾ ਸਕੀਏ।
ਅਸੀਂ ਤੇਰੇ ਲਈ ਕੀ ਲੈ ਕੇ ਆਈਏ ਮਾਂ?
ਧੀਆਂ ਪੁੱਤਾਂ ਦੇ ਇਸ ਸਵਾਲ ਦੇ ਜਵਾਬ ਵਿਚ ਧਰਤੀ ਮਾਂ ਭਲਾ ਕੀ ਕਹੇਗੀ? ਬੱਸ ਏਹੀ ਕਿ ਤੁਹਾਨੂੰ ਰੱਬ ਦੀਆਂ ਰੱਖਾਂ, ਮੇਰੇ ਜਾਇਓ। ਤੁਸੀਂ ਰਾਜ਼ੀ ਖ਼ੁਸ਼ੀ ਪਰਤੋ। ਬੱਸ ਆਪਣਾ ਇਤਫ਼ਾਕ, ਪਿਆਰ, ਹਲੀਮੀ, ਪਰਉਪਕਾਰ, ਇਨਸਾਫ਼, ਹੌਸਲਾ, ਉੱਦਮ, ਇਨ੍ਹਾਂ ਵਿਚੋਂ ਕੋਈ ਚੀਜ਼ ਗੁਆ ਕੇ ਨਾ ਆਉਣਾ। ਬਾਕੀ ਸਭ ਕੁਝ ਆਪਾਂ ਏਥੇ ਆਪ ਸਿਰਜ ਲਵਾਂਗੇ। ਜ਼ਹਿਰ-ਬੁਝੇ ਸ਼ਬਦ-ਬਾਣਾਂ ਦੇ ਜ਼ਖ਼ਮ ਵੀ, ਸਣੇ ਰੋਸ, ਲੈ ਆਉਣਾ। ਇਹ ਰੋਸ ਵੀ ਅਸੀਂ ਜ਼ਾਇਆ ਨਹੀਂ ਕਰਨਾ। ਇਸ ਦੇ ਸੇਕ ਨਾਲ ਆਪਾਂ ਨਵਾਂ ਪੰਜਾਬ ਸਿਰਜਣਾ ਹੈ।
ਪੁਰਾਣੀਆਂ ਨਜ਼ਮਾਂ ਵਿਚੋਂ ਨਵੇਂ ਪੱਤੇ
ਕਈ ਵਾਰੀ ਪੁਰਾਣੀਆਂ ਨਜ਼ਮਾਂ ਵਿਚੋਂ ਨਵੇਂ ਪੱਤੇ ਫੁੱਟ ਪੈਂਦੇ ਨੇ। ਮੈਂ ਅੱਜ ਤੋਂ ਲਗਭਗ ਚਾਰ ਦਹਾਕੇ ਪਹਿਲਾਂ ਇਕ ਸ਼ਿਅਰ ਲਿਖਿਆ ਸੀ:
ਏਨਾ ਸੱਚ ਨ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
ਪਿਛਲੇ ਸਾਲ ਇਸ ਸ਼ਿਅਰ ਵਿਚੋਂ ਨਵੇਂ ਪੱਤੇ ਫੁੱਟ ਆਏ :
ਝੂਠਿਆਂ ਦੇ ਝੁੰਡ ਦੇ ਵਿਚ ਸੱਚ ਕਹਿ ਕੇ
ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ
ਸਤਿਗੁਰਾਂ ਨੂੰ ਯਾਦ ਕੀਤਾ
ਤਾਂ ਸਵਾ ਲੱਖ ਹੋ ਗਿਆ
ਇਕ ਹੋਰ ਮੇਰੀ ਨਜ਼ਮ, ਜੋ ਮੈਂ ਪੰਜਾਬ ਦੇ ਬਹੁਤ ਉਦਾਸ ਦਿਨਾਂ ਵਿਚ ਲਿਖੀ ਸੀ, ਕਈ ਸਾਲ ਦੋ ਸਤਰਾਂ ਦੀ ਰਹੀ :
ਮਾਤਮ, ਹਿੰਸਾ, ਖ਼ੌਫ਼, ਬੇਬਸੀ ਤੇ ਅਨਿਆਂ
ਇਹ ਨੇ ਅੱਜਕਲ ਮੇਰੇ ਪੰਜਾਂ ਦਰਿਆਵਾਂ ਦੇ ਨਾਂ
ਪਰ ਇਕ ਦਿਨ ਇਹ ਨਜ਼ਮ ਵਿਚੋਂ ਵੀ ਜਿਵੇਂ ਨਵੇਂ ਪੱਤੇ ਫੁੱਟ ਆਏ :
ਮਾਤਮ, ਹਿੰਸਾ, ਖ਼ੌਫ਼, ਬੇਬਸੀ ਤੇ ਅਨਿਆਂ
ਇਹ ਨੇ ਅੱਜਕਲ ਮੇਰੇ ਪੰਜਾਂ ਦਰਿਆਵਾਂ ਦੇ ਨਾਂ
ਜੋ ਹੁੰਦੇ ਸਨ ਸਤਲੁਜ, ਬਿਆਸਾ, ਰਾਵੀ, ਜਿਹਲਮ ਅਤੇ ਝਨਾਂ
ਪਰ ਜਿਹੜੇ ਇਕ ਦਿਨ ਹੋਵਣਗੇ
ਰਾਗ, ਸ਼ਾਇਰੀ, ਹੁਸਨ, ਮੁਹੱਬਤ ਅਤੇ ਨਿਆਂ
ਮੇਰੇ ਪੰਜਾਂ ਦਰਿਆਵਾਂ ਦੇ ਨਾਂ
ਇਨ੍ਹੀਂ ਦਿਨੀਂ ਮੈਨੂੰ ਲਗਦਾ ਹੈ ਕਿ ਪੰਜਾਬ ਦੇ ਸ਼ਾਇਰਾਂ ਦੀਆਂ ਨਜ਼ਮਾਂ ਵਿਚੋਂ ਨਵੇਂ ਪੱਤੇ ਫੁੱਟ ਰਹੇ ਹਨ, ਪੰਜਾਬ ਦੀ ਸੋਚ ਸੰਵੇਦਨਾ ਵਿਚੋਂ ਵੀ ਨਵੇਂ ਪੱਤੇ ਫੁੱਟਣਗੇ।
ਸੰਪਰਕ : 98145-04272
ਮੇਰਾ ਦਿਲ ਹੈ ਟੁਕੜੇ ਟੁਕੜੇ … - ਸੁਰਜੀਤ ਪਾਤਰ
ਅਜੋਕਾ ਕਿਸਾਨ ਅੰਦੋਲਨ ਦੁਨੀਆ ਲਈ ਇਕ ਮਿਸਾਲ ਬਣ ਗਿਆ ਹੈ। ਏਨੇ ਦਿਨਾਂ ਰਾਤਾਂ ਲਈ, ਏਨਾ ਕੁਝ ਸਹਾਰਦੇ ਲੋਕਾਂ ਦੀ ਏਨੀ ਵਿਸ਼ਾਲ ਸ਼ਮੂਲੀਅਤ, ਚੜ੍ਹਦੀ ਕਲਾ, ਸ਼ਾਂਤਮਈ ਸੂਰਬੀਰਤਾ, ਇਕ ਜੋੜ ਮੇਲੇ ਜਿਹੀ ਸਿਪਿਰਟ, ਨਵੀਂ ਲੋਕਧਾਰਾ ਦੇ ਬੋਲ ਸਿਰਜ ਰਹੀਆਂ ਧੀਆਂ, ਸਿਰਾਂ ’ਤੇ ਚੁੰਨੀਆਂ ਦੇ ਮੜਾਸੇ ਬੰਨ੍ਹ ਕੇ ਆਈਆਂ ਧੀਆਂ, ਮੰਚ ’ਤੇ ਆ ਕੇ ਆਪਣੇ ਵਿਵੇਕ ਅਤੇ ਸਹਿਜ ਆਤਮ-ਵਿਸ਼ਵਾਸ ਨਾਲ ਮਾਹੌਲ ਨੂੰ ਧਰਤੀ ਮਾਂ ਜਿਹੀ ਮਮਤਾ ਦਾ ਅਨੁਭਵ ਦੇਣ ਵਾਲੀਆਂ ਧੀਆਂ, ਸੇਵਾ ਦਾ ਸਾਕਾਰ ਰੂਪ ਹੋਏ ਪੁੱਤਰ ਜਿਨ੍ਹਾਂ ਦੇ ਸਿਰ ’ਤੇ ਪਤਾ ਨਹੀਂ ਕਿਹੋ ਜਿਹੇ ਇਲਜ਼ਾਮ ਸਨ, ਜਿਨ੍ਹਾਂ ਦੇ ਦਿਲਾਂ ਵਿਚ ਪਤਾ ਨਹੀਂ ਸਾਡੀ ਰਾਜਨੀਤੀ ਤੇ ਰਹਿਤਲ ਨੇ ਕਿੰਨਾ ਸੁੰਨਾਪਣ ਤੇ ਕਿੰਨੀ ਵਿਸੰਗਤੀ ਭਰ ਦਿੱਤੀ ਸੀ, ਆਪੋਧਾਪੀ ’ਚੋਂ ਨਿਕਲ ਕੇ ਇਕ ਸਾਂਝੇ ਸੁਪਨੇ ਨੂੰ ਜੀ ਰਹੇ ਲੋਕ, ਜਿਵੇਂ ਬਿਰਥਾ ਜਾ ਰਹੀ ਜ਼ਿੰਦਗੀ ਨੂੰ ਕੋਈ ਅਰਥ ਮਿਲ ਗਿਆ ਹੋਵੇ, ਜਿਵੇਂ ਸੀਨਿਆਂ ਵਿਚ ਆਪਣੇ ਸਿਦਕੀ ਪੁਰਖਿਆਂ ਦਾ ਅਵਚੇਤਨ ਜਾਗ ਪਿਆ ਹੋਵੇ, ਜਿਵੇਂ ਕੋਈ ਚਿਰਾਂ ਦਾ ਵਿੱਛੜਿਆ ਮਿਲਿਆ ਹੋਵੇ।