Tarlochan Singh Dupalpur

ਮਿੱਤਰ ਪਿਆਰੇ ਦੇ ਦਰਬਾਰ ਪਹੁੰਚਾ ਸਾਈਕਲ ਦਾ ਅਸਵਾਰ ! -ਤਰਲੋਚਨ ਸਿੰਘ ‘ਦੁਪਾਲ ਪੁਰ’

ਅਕਸਰ ਮੈਂ  ਸਿਆਲ਼ ਰੁੱਤੇ ਅਮਰੀਕਾ ਤੋਂ ਪੰਜਾਬ ਆਪਣੇ ਪਿੰਡ ਆ ਜਾਇਆ ਕਰਦਾ ਹਾਂ। ਇਵੇਂ ਸੰਨ 2019 ਵਿਚ ਦਸੰਬਰ
ਦੇ ਪਹਿਲੇ ਹਫਤੇ ਮੈਂ ਪਿੰਡ ਪਹੁੰਚ ਗਿਆ। ਸੋਚ ਕੇ ਤਾਂ ਮੈਂ ਅਮਰੀਕਾ ਤੋਂ ਹੀ ਤੁਰਿਆ ਸਾਂ ਕਿ ਇਸ ਵਾਰ ਗੁਰਦੁਆਰਾ ਮਾਛੀਵਾੜਾ ਸਾਹਿਬ
ਦੀ ਸਾਲਾਨਾ ‘ਸਭਾ’ ਉੱਤੇ ਜਰੂਰ ਜਾਣਾ ਹੈ।ਪਰ ਨੌਂ ਪੋਹ ਦਾ ‘ਸਭਾ’ ਵਾਲ਼ਾ ਦਿਨ ਨੇੜੇ ਆਉਂਦਾ ਦੇਖ ਕੇ ਮੈਨੂੰ ਫੁਰਨਾ ਫੁਰਿਆ ਕਿ ਕਿਉਂ ਨਾ
ਐਤਕੀਂ ਬਿਲਕੁਲ ਉਵੇਂ ਹੀ ਇਹ ਯਾਤਰਾ ਕੀਤੀ ਜਾਵੇ ਜਿਵੇਂ ਸਾਡਾ ਬਾਪ ਹਰ ਸਾਲ ਸਾਨੂੰ ਸਾਈਕਲ ’ਤੇ ਲਿਜਾਂਦਾ ਹੁੰਦਾ ਸੀ। ਇਸ ਸੋਚ
ਨੂੰ ਅਮਲ ਵਿਚ ਲਿਆਉਣ ਲਈ ਮੈਂ ‘ਰਿਹਰਸਲ’ ਕਰਨ ਵਾਂਗ ਸਵੇਰੇ ਸਵੇਰੇ ਪੈਦਲ ‘ਵਾਕ’ ਕਰਨ ਦੀ ਬਜਾਏ ਸਾਈਕਲ ’ਤੇ ਸੈਰ ਕਰਨੀ
ਅਰੰਭੀ।ਭਾਵੇਂ 17 ਸਾਲ ਤੋਂ ਅਮਰੀਕਾ ਵੱਸਣ ਦੌਰਾਨ ਸਾਈਕਲ ਮੈਥੋਂ ਛੁੱਟ ਹੀ ਗਿਆ ਪਰ ਪਿੰਡ ਰਹਿੰਦਿਆਂ ਚਾਲ਼ੀ ਪੰਜਤਾਲ਼ੀ ਸਾਲ ਦੀ ਉਮਰ ਤੱਕ ਸਾਈਕਲ ਖੂਬ੍ਹ ਚਲਇਆ ਹੋਣ ਸਦਕਾ ਮੈਂ ਦੋ ਚਾਰ ਦਿਨ ਵਿਚ ਹੀ ਸਾਈਕਲ ਚਲਾਉਣ ’ਚ ਰਵਾਂ ਹੋ ਗਿਆ।
           ਲਉ ਜੀ ਆ ਗਿਆ ਨੌਂ ਪੋਹ ਦਾ ਦਿਨ। ਮੈਂ ਇਸ ਡਰੋਂ ਆਪਣੇ ਪ੍ਰਵਾਰ ਨੂੰ ਵੀ ਨਾ ਦੱਸਿਆ ਕਿ ਇਨ੍ਹਾਂ ਨੇ ਮੈਨੂੰ ਰੋਕ ਦੇਣਾ ਹੈ ਕਿ ਤੁਸੀਂ
15-20 ਮੀਲ ਸਾਈਕਲ ਚਲਾ ਕੇ ਏਡੀ ਦੂਰ ਨਾ ਜਾਉ! ਸੋ ਮੈਂ ਸੁਵਖਤੇ ਚਾਹ ਪੀ ਕੇ ਆਪਣੇ ਪਿੰਡੋਂ ਦੋ ਤਿੰਨ ਕੁ ਮੀਲ ਦੂਰ ਵਗਦੇ ਦਰਿਆ ਸਤਿਲੁਜ ਕੰਢੇ ਪਹੁੰਚ ਗਿਆ।ਭਾਵੇਂ ਦਰਿਆ ’ਤੇ ਰਾਹੋਂ-ਖੰਨਾਂ ਸਮਰਾਲੇ ਵਾਲ਼ਾ ਪੁਲ਼ ਵੀ ਸਾਡੇ ਪਿੰਡੋਂ ਬਹੁਤੀ ਦੂਰ ਨਹੀਂ ਪਰ ਮੇਰੀ ਰੀਝ ਉਹੀ
ਬਚਪਨ ਦੀ ਯਾਤਰਾ ਵਾਲ਼ੀ ਹੀ ਸੀ ਕਿ ਉਵੇਂ ਹੀ ਬੇੜੀ ਵਿਚ ਬਹਿ ਕੇ ਦਰਿਆ ਪਾਰ ਕਰਨਾ ਹੈ! ਦੋ ਕੁ ਦਿਨ ਪਹਿਲਾਂ ਸੈਰ ਕਰਨ ਆਇਆ ਦਰਿਆ ਕੰਢੇ ਬੰਨ੍ਹੀਂ ਹੋਈ ਬੇੜੀ ਮੈਂ ਦੇਖ ਹੀ ਗਿਆ ਸਾਂ।
             ਜਦੋਂ ਸਾਈਕਲ ਫੜਕੇ ਬੰਨ੍ਹ ਤੋਂ ਉਤਰ ਕੇ ਮੈਂ ਦਰਿਆ ਦੀ ਚੁਆੜ ਵੱਲ੍ਹ ਜਾ ਰਿਹਾ ਸਾਂ ਤਦ ਮੈਂ ਦੇਖਿਆ ਕਿ ਬੇੜੀ ਦੂਜੇ ਪਾਸਿਉਂ
ਮੇਰੇ ਵੱਲ੍ਹ ਦੇ ਪਸੇ ਨੂੰ ਆ ਰਹੀ ਸੀ ਤੇ ਉਹਦੇ ਵਿਚ ਤਿੰਨ ਸਵਾਰ ਸਨ, ਇਕ ਜਣਾ ਵੰਝ ਨਾਲ ਬੇੜੀ ਚਲਾ ਰਿਹਾ ਸੀ ਤੇ ਦੋ ਫੱਟੇ ’ਤੇ ਬੈਠੇ ਸਨ। ਕੰਢੇ ਆ ਲੱਗੀ ਬੇੜੀ ਵਿਚ ਬਹਿਣ ਲਈ ਜਦ ਮੈਂ ਆਪਣੇ ਸਾਈਕਲ ਨੂੰ ਹੱਥ ਪਾਇਆ ਤਾਂ ਉਹ ਤਿੰਨੋਂ ਜਣੇ ਜੱਕੋ-ਤੱਕੀ ਜਿਹੀ ’ਚ ਪਏ ਮੇਰੇ ਵੱਲ੍ਹ ਝਾਕਣ ਲੱਗੇ! ਇਕ ਜਣਾ ਮੈਨੂੰ ਕਹਿੰਦਾ ਕਿ ਸਰਦਾਰ ਜੀ ਇਹ ਬੇੜੀ ਮੁਸਾਫਿਰ ਆਰ-ਪਾਰ ਲੰਘਾਉਣ ਲਈ ਨਹੀਂ, ਇਹ ਤਾਂ ਅਸੀਂ ਸਿਰਫ ਆਪਣੀ ਵਰਤੋਂ ਲਈ ਹੀ ਰੱਖੀ ਹੋਈ ਹੈ। ਅਸਲ ਵਿਚ ਉਹ ਵਿਚਾਰੇ  ਦਿਹਾੜੀਦਾਰ ਮਜ਼ਦੂਰ ਸਨ ਜੋ ਪਾਰੋਂ ਉਰਲੇ ਪਾਸੇ ਖੇਤੀ ਬਾੜੀ ਦੇ ਕੰਮਾਂ ਲਈ ਮਜ਼ਦੂਰੀ ਕਰਨ ਆਉਂਦੇ ਸਨ।ਉਨ੍ਹਾਂ ਦੱਸਿਆ
ਕਿ ਮਾਛੀਵਾੜੇ ਵੱਲ੍ਹ ਜਾਣ ਵਾਲ਼ੇ ਲੋਕ ਹੁਣ ਪੁਲ਼ ਤੋਂ ਹੀ ਜਾਂਦੇ ਹਨ, ਬੇੜੀ ਰਾਹੀਂ ਨਹੀਂ।ਮੈਂ ਉਨ੍ਹਾਂ ਨੂੰ ਆਪਣੇ ਅਣਜਾਣ ਹੋਣ
ਬਾਰੇ ਦੱਸਦਿਆਂ ਪੂਰੀ ਗੱਲ ਦੱਸੀ ਕਿ ਮੇਰੀ ਰੀਝ ਸੀ ਬਚਪਨ ਵਾਂਗ ਬੇੜੀ ’ਚ ਬਹਿ ਕੇ ਦਰਿਆ ਪਾਰ ਕਰਨ ਦੀ!
ਮੇਰੇ ਗੁਰਦੁਆਰਾ ਸਾਹਿਬ ਜਾਣ ਬਾਰੇ ਸੁਣ ਕੇ ਉਨ੍ਹਾਂ ’ਚੋਂ ਦੋ ਜਣੇ, ਬੇੜੀ ’ਚ ਖੜ੍ਹੇ ਆਪਣੇ ਸਾਥੀ ਨੂੰ ਕਹਿੰਦੇ ਕਿ ਜਾਹ ਬਈ
ਸਰਦਾਰ ਜੀ ਕੋ ਛੋੜ ਕਰ ਆ!
       ਜਦ ਮੈਂ ਦੂਸਰੇ ਕੰਢੇ ਬੇੜੀ ’ਚੋਂ ਉਤਰ ਕੇ ਮਲਾਹ ਨੂੰ ਭਾੜਾ ਦੇਣ ਲਈ ਜੇਬ੍ਹ ’ਚੋਂ ਬਟੂਆ ਕੱਢਣ ਲੱਗਾ
ਤਾਂ ਦੂਸਰੇ ਕੰਢੇ ਬੀੜੀਆਂ ਪੀ ਰਹੇ ਉਹਦੇ ਸਾਥੀ ਉੱਚੀ ਦੇਣੀ ਬੋਲੇ ਕਿ ਸਰਦਾਰ ਜੀ ਸੇ ਪੈਸੇ ਮੱਤ ਲੇਨੇ, ਯੇਹ ਗੁਰਦੁਆਰੇ
ਜਾ ਰਹੇ ਹੈਂ,ਓਥੇ ‘ਸਾਡਾ’ ਵੀ ਮਾਥਾ ਟੇਕ ਦੇਨਾ! ਮੈਂ ਬਦੋ ਬਦੀ ਬੇੜੀ ਵਾਲ਼ੇ ਨੂੰ ਸੌ ਰੁਪਏ ਦਾ ਨੋਟ੍ਹ ਫੜਾਵਾਂ ਪਰ ਉਹ ਵਾਰ ਵਾਰ ਇਨਕਾਰ ਕਰੀ ਜਾਵੇ।
 ਨਾਂਹ ਨਾਂਹ ਕਰਦਿਆਂ ਮੈਂ ਮੱਲੋ ਮੱਲੀ ਸੌ ਰੁਪਿਆ ਉਸਦੀ ਜੇਬ੍ਹ ਵਿਚ ਪਾਇਆ।ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ
ਦੂਜੇ ਪਾਸੇ ਖੜ੍ਹੇ ਉਹਦੇ ਦੋਵੇਂ ਸਾਥੀ ‘ਦੁਹਾਈਆਂ’ ਦੇਣ ਵਾਂਗ ਪੈਸੇ ਮੋੜਨ ਲਈ ਰੌਲ਼ਾ ਪਾ ਰਹੇ ਸਨ!ਉਨ੍ਹਾਂ ਦੇ ਇਸ ਸਤਿਕਾਰ
ਭਰੇ ਵਿਵਹਾਰ ਬਾਰੇ ਸੋਚਦਿਆਂ ਮੈਂ ਇਸ ਕਦਰ ਮੋਹ ਪਿਆਰ ਨਾਲ਼ ਭਰ ਗਿਆ ਕਿ ਛੇ ਸੱਤ ਖੇਤਾਂ ਵਿਚ ਫੈਲੇ ਰੇਤੇ ’ਚ ਸਾਈਕਲ ਖਿੱਚਦਿਆਂ ਮੈਨੂੰ ਭੋਰਾ ਵੀ ਔਖ ਮਹਿਸੂਸ ਨਾ ਹੋਈ!
      ਦਰਿਆ ਦੇ ਦੂਸਰੇ ਪਾਸੇ ਸਥਿੱਤ ਪਿੰਡ ਈਸਾ ਪੁਰ ਤੋਂ ਅੱਗੇ ਨੂੰ ਪੱਕੀ ਸੜ੍ਹਕ ਆ ਗਈ ਤੇ ਮੈਂ ਸਾਈਕਲ ’ਤੇ ਸਵਾਰ ਹੋ ਗਿਆ।ਪਿੰਡ ’ਚੋਂ ਲੰਘਦਿਆਂ ਮੈਨੂੰ ਯਾਦ ਆਇਆ ਕਿ ਬਚਪਨ ਵੇਲੇ ਇਸ ਪਿੰਡ ਦੇ ਦੁਆਬੇ ਨਾਲ਼ੋਂ ਵੱਖਰੇ ਮਧਰੇ ਜਿਹੇ
ਨਲ਼ਕੇ ਦੇਖ ਕੇ ਸਾਨੂੰ ਇੰਜ ਲੱਗਣਾ ਜਿਵੇਂ ਦਰਿਆ ਟੱਪ ਕੇ ਅਸੀਂ ‘ਕਿਸੇ ਹੋਰ ਹੀ ਦੇਸ’ ਵਿਚ ਪਹੁੰਚ ਗਏ ਹੋਈਏ!ਪਰ ਹੁਣ
ਤਾਂ ਇੱਥੇ ਵੀ ਸ਼ਾਇਦ ਪਾਣੀ ਨੀਵਾਂ ਚਲਾ ਗਿਆ ਹੋਣ ਕਰਕੇ ਨਲ਼ਕੇ ਵੱਡੇ ਵੱਡੇ ਸਾਡੇ ਪਿੰਡਾਂ ਵਰਗੇ ਹੀ ਦਿਸੇ।
       ਆਪਣੇ ਬਾਪ ਦੀ ਛਤਰ ਛਾਇਆ ਹੇਠ ਜੋੜ ਮੇਲਿਆਂ ਦੀ ਕੀਤੀ ਹੋਈ ਯਾਤਰਾ ਦੇ ਪੁਰਾਣੇ ਵੇਲੇ ਚੇਤੇ ਕਰਕੇ
‘ਵਾਹਿਗੁਰੂ ਵਾਹਿਗੁਰੂ’ ਕਰਦਾ ਮੈਂ ਅਗਲੇ ਪਿੰਡ ਲੁਬਾਣ ਗੜ੍ਹ ਪਹੁੰਚ ਗਿਆ।ਮੈਂ ਸੋਚਿਆ ਸੀ ਆਪਣੇ ਨਾਮ ਨਾਲ ‘ਲੁਬਾਣ ਗੜ੍ਹੀਆ’ ਲਾਉਣ ਵਾਲਾ ਮੇਰਾ ਇਕ ਫੇਸ-ਬੁਕੀ ਦੋਸਤ ਪਿੰਡ ਵਿਚ ਰਹਿੰਦਾ ਹੋਵੇ ਗਾ।ਪਰ ਜਦ ਮੈਂ ਉਸਨੂੰ ‘ਸਰਪ੍ਰਾਈਜ਼’ ਦੇਣ
ਲਈ ਫੋਨ ਕਰਿਆ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਕਾਰੋਬਾਰ ਕਾਰਨ ਲੁਧਿਆਣੇ ਰਹਿੰਦਾ ਹੈ ! ਪਰ ਉਸਨੇ ਪਿੰਡ ਰਹਿੰਦੀ ਆਪਣੀ ਛੋਟੀ ਭਰਜਾਈ ਨੂੰ ਵੀ ਫੋਨ ਕਰ ਦਿੱਤਾ ਅਤੇ ਮੈਨੂੰ ਘਰੋਂ ਚਾਹ ਪਾਣੀ ਛਕ ਕੇ ਜਾਣ ਦੀ ਤਾਕੀਦ ਕਰ ਦਿੱਤੀ! ਪੰਦਰਾਂ ਸੋਲ਼ਾਂ ਮੀਲ ਸਾਈਕਲ ਚਲਾ ਕੇ ਮੈਂ ਥੱਕਿਆ ਪਿਆ ਸਾਂ! ਸੋ ਲੁਬਾਣਗੜ੍ਹੀਏ ਦੋਸਤ ਦੇ ਘਰੇ ਗਰਮਾਂ ਗਰਮ
ਚਾਹ ਪੀ ਕੇ ਮੇਰੀ ਸਾਰੀ ਥਕਾਵਟ ਲਹਿ ਗਈ!
     ਹੁਣ ਮੇਰੀ ਮੰਜ਼ਿਲ ਵੀ ਬਹੁਤੀ ਦੂਰ ਨਹੀਂ ਸੀ ਰਹਿ ਗਈ।ਇੱਥੋਂ ਪੰਜ ਕੁ ਮੀਲ ਹੀ ਦੂਰ ਰਹਿ ਗਿਆ ਸੀ ਮਾਛੀਵਾੜਾ
ਸਾਹਿਬ।ਇਕ ਛੋਟਾ ਜਿਹਾ ਹੋਰ ਪਿੰਡ ਲੰਘ ਕੇ ਜਿਉਂ ਹੀ ਮੈਂ ਰਾਹੋਂ-ਮਾਛੀਵਾੜਾ ਰੋਡ ’ਤੇ ਚੜ੍ਹਿਆ ਮਾਛੀਵਾੜੇ ਵੱਜ ਰਹੀਆਂ ਢੱਡ-ਸਾਰੰਗੀਆਂ ਅਤੇ ਵਾਰਾਂ ਮੇਰੇ ਕੰਨੀਂ ਪੈਣ ਲੱਗੀਆਂ! ਸੜ੍ਹਕ ਉੱਤੇ ਸੰਗਤਾਂ ਨਾਲ ਭਰੀਆਂ ਟ੍ਰੈਕਟਰ-ਟਰਾਲੀਆਂ ਦੀ ਰੌਣਕ ਵੀ ਵਾਹਵਾ ਦਿਸਣ ਲੱਗੀ।ਆਵਾਜਾਈ ਦੇ ਵੱਖ ਵੱਖ ਸਾਧਾਨਾਂ ਰਾਹੀਂ ਗੁਰੂ ਦਸਮੇਸ਼ ਪਿਤਾ ਨੂੰ ਨਤਮਸਤਕ ਹੋਣ ਜਾ ਰਹੀ
ਸੰਗਤ ਵਿਚ ਮੇਰੇ ਸਾਈਕਲ ਦੀ ਵੀ ਸ਼ਮੂਲੀਅਤ ਹੋ ਗਈ!
          ਮਾਛੀਵਾੜੇ ਦੇ ਲਾਗੇ ਜਾ ਕੇ ਗੰਨੇ ਦੀ ਰਹੁ ਵਾਲ਼ੇ ਪਹਿਲੇ ਲੰਗਰ ਵਿਚ ਦੋ ਬਾਟੀਆਂ ਰਹੁ ਦੀਆਂ ਛਕ ਕੇ ਹਾਜਰੀ ਲਾਈ।ਸ਼ਹਿਰ ’ਚ ਦਾਖਲ ਹੁੰਦਿਆਂ ਕਾਫੀ ਭੀੜ ਹੋਣ ਕਰਕੇ ਮੈਂ ਸਾਈਕਲ ਤੋਂ ਉੱਤਰ ਕੇ ਪੈਦਲ ਗੁਰਦੁਆਰਾ ਸਾਹਿਬ ਵੱਲ੍ਹ ਤੁਰਿਆ।ਆਲ਼ੇ ਦੁਆਲ਼ੇ ਸਜੇ ਹੋਏ ਬਜ਼ਾਰਾਂ ਵਿਚਕਾਰ ਸ਼ਰਧਾਲੂਆਂ ਦੀ ਆਵਾ ਜਾਈ ਅਲੌਕਿਕ ਦ੍ਰਿਸ਼ ਪੈਦਾ
ਕਰ ਰਹੀ ਸੀ!
    ਇਤਹਾਸਿਕ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਉੱਤੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਲਿਖਿਆ
ਦੇਖ ਕੇ ਦਸਮੇਸ਼ ਪਿਤਾ ਦੀ ਯਾਦ ਵਿਚ ਸਿਰ ਆਪ ਮੁਹਾਰੇ ਝੁਕ ਗਿਆ! ਗੁਰਦੁਆਰੇ ਦੇ ਸਾਹਮਣੇ ਇਕ ਪੁਰਾਣੇ ਜਾਣੂ
ਦੁਕਾਨ ਦੇ ਮੋਹਰੇ ਮੈਂ ਆਪਣਾ ਸਾਈਕਲ ਖੜ੍ਹਾ ਕੀਤਾ ਤੇ ਉਸਨੂੰ ਅੰਦਰ ਵੜ ਕੇ ਫਤਹਿ ਬੁਲਾਈ।ਮੈਂ ਗੁਰੂ ਦਰਬਾਰ
ਵਿਖੇ ਨਮਸਕਾਰ ਕਰਨ ਜਾਣ ਵੇਲੇ ਉਸਨੂੰ ਸਾਈਕਲ ਦਾ ਜ਼ਰਾ ਧਿਆਨ ਰੱਖਣ ਲਈ ਕਿਹਾ ਤਾਂ ਉਹ ਹੱਸ ਕੇ
ਕਹਿੰਦਾ-“ਜਦੇਥਾਰ ਜੀ ਕਿਉਂ ਮਜ਼ਾਕ ਕਰਦੇ ਓਂ ?” ਜਦ ਉਸਨੇ ਦੁਕਾਨ ਦੇ ਬਾਹਰ ਖੜ੍ਹੇ ਮੇਰੇ ਸਾਈਕਲ ਦੇ ਚੇਨਕਵਰ
ਉੱਤੇ ਪੋਤਰੇ ਵਲੋਂ ਲਿਖਾਇਆ ‘ਦੁਪਾਲ ਪੁਰੀ’ ਪੜ੍ਹਿਆ ਤਾਂ ਉਹ ਮੇਰੇ ਦੋਵੇਂ ਹੱਥ ਫੜ ਕੇ ਮੁੜ ਫਿਰ ਮੈਨੂੰ ਦੁਕਾਨ ਵਿਚ
ਲੈ ਵੜਿਆ ਅਤੇ ਆਪਣੇ ਨਾਲ਼ ਦਿਆਂ ਨੂੰ ਦੱਸਣ ਲੱਗਾ ਅਖੇ ਸੱਠ-ਪੈਂਹਠ ਸਾਲ ਦੀ ਉਮਰ ਵਾਲ਼ਾ ਸ਼੍ਰੋਮਣੀ ਕਮੇਟੀ ਦਾ
ਸਾਬਕਾ ਮੈਂਬਰ,ਰਹਿੰਦਾ ਹੋਵੇ ਅਮਰੀਕਾ ਵਿਚ ਤੇ ਆਪਣੇ ਪਿੰਡੋਂ ਵੀਹ-ਪੱਚੀ ਮੀਲ ਸਾਈਕਲ ਚਲਾ ਕੇ ਆਇਆ ਹੋਵੇ ਮਾਛੀਵਾੜੇ ਮੱਥਾ ਟੇਕਣ ! ਮੰਨ ਲਉਂ ਗੇ ਬਈ ? ਬੜੇ ਮੋਹ ਪਿਆਰ ਨਾਲ ਉਸ ਵੀਰ ਨੇ ਮੈਨੂੰ ਦੁੱਧ ਪਿਆਇਆ !
       ਦਸਮ ਪਾਤਸ਼ਾਹ ਦੇ ਦਰਬਾਰ ਵਿਚ ਨਮਸਕਾਰ ਕੀਤੀ। ਬਚਪਨ ਵਿਚ ਜਦ ਅਸੀਂ ਆਪਣੇ ਬਾਪ ਨਾਲ਼ ਇਸ
ਅਸਥਾਨ ’ਤੇ ਨੌਂ ਪੋਹ ਦੇ ਸਾਲਾਨਾ ਜੋੜ-ਮੇਲੇ ਮੌਕੇ ਆਉਂਦੇ ਹੁੰਦੇ ਸਾਂ ਤਦ ਇਸ ਗੁਰਦੁਆਰੇ ਦੇ ਆਲ਼ੇ ਦੁਆਲ਼ੇ ਸਰਕੜਾ ਅਤੇ ਜੰਗਲੀ ਦਰਖਤਾਂ ਦੇ ਝੁਰਮਟ ਜਿਹੇ ਹੁੰਦੇ ਸਨ ਜਿਨ੍ਹਾਂ ਵੱਲ੍ਹ ਦੇਖ ਕੇ ਸਾਡੇ ਬਾਲ-ਮਨਾਂ ਵਿਚ ਇੱਥੋਂ ਦਾ ਇਤਹਾਸ
ਉੱਕਰ ਆਉਂਦਾ ਹੁੰਦਾ ਸੀ! ਬਾਪ ਦੇ ਭੂਰੇ ਦੀ ਬੁੱਕਲ਼ ਦੇ ਨਿੱਘ ਵਿਚ ਬਹਿ ਕੇ ਸਾਰੀ ਸਾਰੀ ਰਾਤ ਦੀਵਾਨ ਸੁਣਦਿਆਂ ਇਉਂ ਮਹਿਸੂਸ ਹੋਣਾ ਕਿ ਸਾਰਾ ਸਰਬੰਸ ਲੁਟਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਥੇ ਹੀ ਕਿਤੇ ਟਿੰਡ ਦਾ ਸਰ੍ਹਾਣਾ ਲਾ ਕੇ ਵਿਰਾਜ ਰਹੇ ਹੋਣਗੇ!
ਪਰ ਹੁਣ ਚਾਰੇ ਪਾਸੇ ਦੁੱਧ-ਚਿੱਟੇ ਚਮਕਦਾਰ ਸੰਗਮਰਮਰ ਨੇ ਪੁਰਾਤਨਤਾ ਜਾਂ ਇਤਹਾਸਿਕਤਾ ਗੁਆ ਹੀ ਛੱਡੀ ਹੈ!ਲੰਗਰ ਛਕਣ ਉਪਰੰਤ ਜਦ ਗੁਰਦੁਆਾਰਾ ਸਾਹਿਬ ਦੇ ਬਾਹਰ ਆਇਆ ਤਾਂ ਮੈਂ ਇਕ ਦਮ ਫਿਰ ਬਚਪਨ ਦੇ ਦੌਰ ਵਿਚ ਜਾ ਪਹੁੰਚਿਆ ! ਉਹੀ ਨਿੱਕੀਆਂ ਖਿਡੌਣੇ-ਸਰੰਗੀਆਂ, ਜੋ ਮੇਲੇ ਤੋਂ ਵਾਪਸ ਮੁੜਨ ਸਮੇਂ ਸਾਡਾ ਬਾਪ ਸਾਨੂੰ ਜਰੂਰ ਲੈ ਕੇ ਦਿੰਦਾ ਹੁੰਦਾ ਸੀ, ਹੁਣ ਵੀ ਉਸੇ ਤਰਾਂ ਇਕ ਭਾਈ ਸਾਰੰਗੀ ’ਤੇ ’ਮੇਰਾ ਮਨ ਡੋਲੇ ਮੇਰਾ ਤਨ ਡੋਲੇ’ ਦੀ ਤਰਜ਼ ਵਜਾਉਂਦਾ ਜਾ ਰਿਹਾ ਸੀ! ਆਪਣੇ ਪੋਤਰੇ ਲਈ ਇਕ ਸਾਰੰਗੀ ਲੈ ਕੇ ਬੈਗ ’ਚ ਪਾਈ! ਮੁੜਦਾ ਹੋਇਆ ਮੈਂ ਕਿਸੇ ਸਮੇਂ ਬਹੁਤ ਹੀ ਪ੍ਰਸਿੱਧ ਰਹੇ ਪਿੰਡ ਝੜੌਦੀ ਦੇ ਸਵਰਗੀ ਗਾਇਕ ਗੁਰਚਰਨ ਸਿੰਘ ‘ਪਾਲ’ ਦੇ ਪੁੱਤਰ ਪੋਤਰੇ ਨੂੰ ਮਿਲ਼ ਕੇ ਰਾਹੋਂ ਵਾਲ਼ੇ ਪੁਲ਼ ਥਾਣੀ ਸ਼ਾਮ ਨੂੰ ਆਪਣੇ ਪਿੰਡ ਆ ਪਹੁੰਚਾ! ਇਉਂ ਕਈ ਦਹਾਕਿਆਂ ਬਾਅਦ ਸਾਈਕਲ ’ਤੇ ਅਸਵਾਰ ਹੋ ਕੇ ‘ਮਿੱਤਰ ਪਿਆਰੇ ਦੇ ਦਰਬਾਰ’ ਨਮਸਕਾਰ ਕਰਨ ਦੀ ਮੇਰੀ ਰੀਝ ਪੂਰੀ ਹੋ ਗਈ !
tsdupalpuri@yahoo.com                                001-408-915-1268

ਅਲੀ ਬਾਬੇ ਦੇ ਚਾਲ਼ੀ ਚੋਰ ? - ਤਰਲੋਚਨ ਸਿੰਘ ‘ਦੁਪਾਲ ਪੁਰ’

ਔਖਾ ਝਾਕਣਾ ਸਿਆਸਤੀ ਪਰਦਿਆਂ ’ਚੋਂ

ਛਾਈ ਹੁੰਦੀ ਏ ਘਟਾ ਘਨਘੋਰ ਬੇਲੀ।

ਲੋਕੀ ਸਮਝਦੇ ਬੰਦਾ ‘ਫਲਾਣਿਆਂ’ ਦਾ

ਮਾਲਕ ਹੁੰਦਾ ਏ ਉਹਦਾ ਕੋਈ ਹੋਰ ਬੇਲੀ।

ਪਲਾਂ ਵਿਚ ਹੀ ਵੈਰੀ ਬਣ ਜਾਣ ‘ਦੋਵੇਂ’

ਬਣਕੇ ਰਹਿੰਦੇ ਜੋ ‘ਚੰਨ-ਚਕੋਰ’ ਬੇਲੀ।

ਡੂੰਘੀ ਫੇਰਦੇ ਜੜ੍ਹਾਂ ਦੇ ਵਿਚ ਆਰੀ

ਦੇਣ ਬਿਆਨ ਜਿਉਂ ਕਰਨ ‘ਟਕੋਰ’ ਬੇਲੀ।

‘ਮਨੋਰੰਜਨ’ ਦੇ ਨਾਲ ਹੈਰਾਨ ਕਰਦੇ

ਹੋਣ ਦੇਣ ਨਾ ਜਨਤਾ ਨੂੰ ‘ਬੋਰ’ ਬੇਲੀ।

‘ਅਲੀ ਬਾਬੇ’ ਦੇ ਹੋਸ਼ ਵੀ ਗੁੰਮ ਹੁੰਦੇ

‘ਚਾਲ਼ੀ ਚੋਰਾਂ’ ’ਤੇ ਪੈਣ ਜਦ ‘ਮੋਰ’ ਬੇਲੀ!

     -ਤਰਲੋਚਨ ਸਿੰਘ ‘ਦੁਪਾਲ ਪੁਰ’

      001-408-915-1268

ਗੱਪਾਂ ਦੇ ਫਲੱਡ ਗੇਟ -ਤਰਲੋਚਨ ਸਿੰਘ ‘ਦੁਪਾਲ ਪੁਰ’

ਇੱਕ ਦੂਜੇ ਨਾਲੋਂ ਵੱਧ ਛੱਟਾ ਦਿੰਦੇ ‘ਗੱਫਿਆਂ’ ਦਾ
ਥਾਹ ਪਾਉਂਦੇ ਜਾਪਦੇ ਨੇ ਲਾਲਚਾਂ ਦੇ ਮਾਰਿਆਂ ਦਾ।
ਤਾੜੀ ਜਾਂਦੇ ਵੋਟਰਾਂ ਦਾ ਬਾਅਦ ਵਿਚ ਪਤਾ ਲੱਗੂ
ਕਿੰਨਾਂ ਕੁ ਯਕੀਨ ਕੀਤਾ ਵਾਅ੍ਹਦਿਆਂ ਖਿਲਾਰਿਆਂ ਦਾ।
ਆਗੂ ਭਾਵੇਂ ਬਹੁਤ ਤੇ ਸਿਆਸੀ ਦਲ ਅੱਡੋ ਅੱਡ
‘ਕੁਰਸੀ’ ਹੀ ਮੱਲਣੀ ਨਿਸ਼ਾਨਾਂ ਇੱਕੋ ਸਾਰਿਆਂ ਦਾ।
ਦਸ ਅਤੇ ਸਾਢੇ ਚਾਰ ਸਾਲ ਜਿਨ੍ਹਾਂ ਰਾਜ ਕੀਤਾ
ਲੋਕਾਂ ਨੂੰ ਭੁਲਾਉਣਾ ਚਾਹੁੰਦੇ ਚੇਤਾ ਕੀਤੇ ਕਾਰਿਆਂ ਦਾ।
ਆਹ ਫਰੀ ਤੇ ਔਹ ਫਰੀ ਦਿੰਦਾ ਐ ‘ਗਰੰਟੀ’ ਕੋਈ
ਲੋਕਾਂ ਨੂੰ ‘ਪਤਾ ਐ’ ਇਨ੍ਹਾਂ ‘ਸੇਵਾਦਾਰਾਂ’ ਭਾਰਿਆਂ ਦਾ।
ਖੋਲ੍ਹ ’ਤੇ ‘ਫਲੱਡ ਗੇਟ’ ਗੱਪਾਂ ਵਾਲ਼ੇ ਲੀਡਰਾਂ ਨੇ
ਆ ਗਿਆ ਪੰਜਾਬ ਵਿਚ ‘ਹੜ੍ਹ’ ਦੇਖੋ ਲਾਰਿਆਂ ਦਾ!
      -ਤਰਲੋਚਨ ਸਿੰਘ ‘ਦੁਪਾਲ ਪੁਰ’
          001-408-915-1268

ਜਾਬਰਾਂ ’ਤੇ ਨਾਬਰਾਂ ਦੀ ਜਿੱਤ - ਤਰਲੋਚਨ ਸਿੰਘ ‘ਦੁਪਾਲ ਪੁਰ

ਪੜ੍ਹਦੇ ਆਏ ਕਿਤਾਬਾਂ ਦੇ ਵਿੱਚ ਆਪਾਂ
ਦੇਖ ਲਿਆ ਏ ਬਣਦਾ ਇਤਹਾਸ ਕਿੱਦਾਂ।
ਸਾਂਝੇ ਮਾਨਵੀ-ਹਿਤਾਂ ਲਈ ਤੁਰਨ ਜਿਹੜੇ
ਲੋਕੀ ਜੁੜਦੇ ਨੇ ਕਰਕੇ ਵਿਸ਼ਵਾਸ ਕਿੱਦਾਂ।
ਆਪਾ ਵਾਰਨਾਂ ਹੱਕਾਂ ਨੂੰ ਲੈਣ ਖਾਤਿਰ
ਜਾਗੇ ਪੁਰਖਿਆਂ ਵਾਲ਼ਾ ਅਹਿਸਾਸ ਕਿੱਦਾਂ।
ਭੁੱਖ ਚੌਧਰ ਦੀ ਮਾਰੇ ਕਈ ਨਫਰਤਾਂ ਦੇ
ਪਿਛਾਂਹ-ਖਿੱਚੂ ਵੀ ਕਰਦੇ ਨਿਰਾਸ ਕਿੱਦਾਂ।
ਰਹਿ ਕੇ ਜ਼ਬਤ ਵਿਚ ਕਿੰਨੇਂ ਕੁ ਜੂਝਦੇ ਨੇ
ਹੁੰਦੀ ਇਹ ਵੀ ਪਹਿਚਾਣ ਹੈ ਨਾਬਰਾਂ ਦੀ।
ਇਹ ‘ਇਕੱਠ ਹੀ ਲੋਹੇ ਦੀ ਲੱਠ’ ਬਣਕੇ
ਆਕੜ ਭੰਨਦਾ ਆਇਆ ਹੈ ਜਾਬਰਾਂ ਦੀ !
      -ਤਰਲੋਚਨ ਸਿੰਘ ‘ਦੁਪਾਲ ਪੁਰ’
           001-408-915-1268

ਸੁੱਖ ਸ਼ਾਂਤੀ ਦੇ ਮਾਰ ਗੋਲ਼ੀ ! - ਤਰਲੋਚਨ ਸਿੰਘ ‘ਦੁਪਾਲ ਪੁਰ’

ਇਹ ਬੇਰੁਜ਼ਗਾਰੀ ਕਾਰਨ ਪਾਠੀ ਬਣ ਪਿੰਡ ਦੇ ਗੁਰਦੁਆਰੇ ਗ੍ਰੰਥੀ ਲੱਗੇ ਹੋਏ ਧੀਰਜ ਸਿੰਘ ਦੀ ਹੱਡ-ਬੀਤੀ ਹੈ।ਜਿਸਨੂੰ ਪਿੰਡ ਵਿਚ ਉਹਦੇ ਹਾਣੀ ਮਿੱਤਰ ਦੋਸਤ ਧੀਰਾ ਕਹਿ ਕੇ ਹੀ ਬੁਲਾਉਂਦੇ ਨੇ।ਹੁਣੇ ਹੁਣੇ ਉਹਦੇ ਇਕ ਹਮਜਮਾਤੀ ਦਾ ਉਸਨੂੰ ਫੋਨ  ਆਇਆ- ਕਿ ਆਉਂਦੇ ਐਤਵਾਰ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਐਂ…. ਤੂੰ ਓਸ ਦਿਨ ਸੁਵਖਤੇ  ਆ ਜਾਵੀਂ  ਧੀਰਿਆ ?
          ਲਉ ਜੀ ਐਤਵਾਰ ਵਾਲ਼ੇ ਦਿਨ ਪਰਨਾ ਮੋਢੇ ‘ਤੇ ਰੱਖ ਧੀਰਜ ਸਿੰਘ ਆਪਣੇ ਉਸ ਦੋਸਤ ਦੇ ਘਰੇ ਜਾ ਪਹੁੰਚਾ। ਆਉਂਦੇ-ਜਾਂਦੇ ਹੋਏ ਤਾਂ ਭਾਵੇਂ ਉਸਨੇ ਇਸ ਦੋਸਤ ਦੀ ਮਹਿਲ ਨੁਮਾ ਕੋਠੀ ਦੂਰੋਂ ਦੇਖੀ ਹੀ ਹੋਈ ਸੀ। ਪਰ ਅੱਜ ਵਿਹੜੇ ਵਿਚ ਪੈਰ ਧਰਦਿਆਂ ਹੀ ਉਹ ਅਮੀਰੀ ਠਾਠ ਦੇਖ ਕੇ ਦੰਗ ਰਹਿ ਗਿਆ। ਆਲ੍ਹੀਸ਼ਾਨ ਦੋ ਮੰਜਲੀ ਕੋਠੀ, ਥੱਲੇ ਰੰਗ ਬਰੰਗੀ ਚਿਪਸ ਲੱਗੀ ਹੋਈ, ਵਿਹੜੇ ਵਿਚ ਦੁੱਧ ਚਿੱਟੇ ਸੰਗਮਰਮਰ ਦੀਆਂ ਪਲੇਟਾਂ, ਗੁਸਲਖਾਨਿਆਂ ਸਮੇਤ ਕਈ ਕਮਰੇ, ਕਈ ਕਮਰਿਆਂ ਵਿਚ ਏ.ਸੀ ਫਿੱਟ ! ਡ੍ਰਾਇੰਗ ਰੂਮ ਵਿਚ ਕੌਫੀ ਕਲਰ ਫਰਨੀਚਰ ਸਜਿਆ ਹੋਇਆ। ਕੋਠੀ ਦੇ ਸਿਖਰ ‘ਤੇ ਪਾਣੀ ਵਾਲ਼ੀ ਟੈਂਕੀ ਉੱਤੇ ‘ਜਹਾਜ’ ਬਣਿਆਂ ਹੋਇਆ ਹੈ !
                      ਖੁੱਲ੍ਹੇ ਵਿਹੜੇ ਵਿਚ ਟ੍ਰੈਕਟਰ-ਟਰਾਲੀ  ਤੋਂ ਇਲਾਵਾ ਕੈਮਰੀ ਕਾਰ, ਬੁਲ੍ਹਟ ਮੋਟਰਸਾਈਕਲ ਅਤੇ ਇਕ ਨਵੀਂ ਨਕੋਰ ਸਕੂਟਰੀ ਘਰ ਦੀ ਅਮੀਰੀ ਦਾ ਪ੍ਰਗਟਾਵਾ ਕਰ ਰਹੇ ਜਾਪਦੇ ਸਨ। ਦੋਸਤ ਦੀ ਸ਼ਾਨੋ ਸ਼ੌਕਤ ਵੱਲ੍ਹ ਦੇਖਦਿਆਂ ਧੀਰੇ ਨੂੰ ਬਾਲੇ-ਗਾਡਰਾਂ ਵਾਲ਼ਾ ਆਪਣਾ ਛੋਟਾ ਜਿਹਾ ਕੱਚਾ-ਪੱਕਾ ਘਰ ਚੇਤੇ ਆ ਗਿਆ ਤੇ ਉਹ ਦਿਲ ਹੀ ਦਿਲ ਝੂਰਨ ਲੱਗਾ ਕਿ ਮੈਂ ਵੀ ਕਦੇ ਆਪਣੇ ਟੱਬਰ ਨੂੰ ਅਜਿਹਾ ਘਰ ਬਣਾ ਕੇ ਦੇ ਸਕਾਂ ਗਾ ? ਹੇ ਮਨਾਂ, ਆਏ ਦਿਨ ਮੈਂ ਲੋਕਾਂ ਲਈ ਅਰਦਾਸਾਂ ਕਰਦਾ ਰਹਿੰਦਾ ਹਾਂ ਕਿ ਫਲਾਣੇ ਦੇ ਘਰ ਨੌ ਨਿਧਾਂ ਬਾਰਾਂ ਸਿਧਾਂ ਦੀ ਬਖਸ਼ਿਸ਼ ਹੋਵੇ… ਢਿਮਕੇ ਨੂੰ ਅੰਨ ਧਨ ਦੇ ਖੁੱਲ੍ਹੇ ਗੱਫਿਆਂ ਦੀ ਦਾਤ ਮਿਲ਼ੇ, ਪਰ ਮੇਰੀ ਖੁਦ ਦੀ ਆਪਣੀ ਹਾਲਤ………?
       ਇੰਨੇ ਨੂੰ ਦੋਸਤ ਦੀ ਪਤਨੀ ਧੀਰੇ ਲਈ ਚਾਹ ਦੇ ਕੱਪ ਨਾਲ ਬਿਸਕੁਟ ਲੈ ਕੇ ਆ ਗਈ ਤਾਂ ਪਲ ਦੀ ਪਲ ਉਸਦੀ ਸੋਚ-ਲੜੀ ‘ਤੇ ਵਿਸ਼ਰਾਮ ਲੱਗ ਗਿਆ। ਪਰ ਚਾਹ ਪੀਂਦਿਆਂ ਉਹ ਮੁੜ ਅਤੀਤ ਵਿਚ ਗੁਆਚ ਗਿਆ…..!  ‘ਕਿਸਮਤ ਦੀਆਂ ਗੱਲਾਂ ਨੇ….ਮੈਂ ਤੇ ਇਹ ਦੋਸਤ ਜਿੰਦ੍ਹਰ ਇਕੱਠੇ ਹੀ ਸਕੂਲ ਵਿਚ ਪੜ੍ਹਦੇ ਰਹੇ ਹਾਂ। ਇਹ ਨੌਵੀਂ ‘ਚੋਂ ਫੇਲ੍ਹ ਹੋ ਕੇ ਮੁੜ ਸਕੂਲੇ ਵੜਿਆ ਹੀ ਨਹੀਂ ਸੀ, ਪਰ ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਜਾ ਲੱਗਿਆ। ਭਾਵੇਂ ਘਰ ਦੀ ਮਾਲੀ ਹਾਲਤ ਮਾੜੀ ਹੀ ਸੀ ਪਰ ਮੈਂ ਇਹ ਸੋਚਕੇ ਗ੍ਰੈਜੂਏਸ਼ਨ ਕਰਨ ਦੀ ਸੋਚ ਲਈ ਕਿ ਕੋਈ ਨੌਕਰੀ ਮਿਲ ਜਾਏ ਗੀ। ਲੇਕਿਨ ਕਈ ਸਾਲ ਡਿਗਰੀ ਚੁੱਕੀ ਐਧਰ ਓਧਰ ਟੱਕਰਾਂ ਮਾਰਨ  ਬਾਅਦ ਹਾਰ ਹੰਭ ਕੇ ਮੈਂ ਅਣਸਰਦੀ ਨੂੰ ਪਾਠੀਆਂ ਦੇ ਜਥੇ ਵਿਚ ਸ਼ਾਮਲ ਹੋ ਗਿਆ।ਪਿੰਡ ਦੇ ਗੁਰਦੁਆਰੇ ਵਿਚ ਪੁਰਾਣਾ ਹੀ ਟਿਕਿਆ ਹੋਇਆ ਬਜ਼ੁਰਗ ਬਾਬਾ ਚੜ੍ਹਾਈ ਕਰ ਗਿਆ ਤੇ ਪਿੰਡ ਵਾਲ਼ਿਆਂ ਨੇ ਉਹਦੀ ‘ਪੋਸਟ’ ਉੱਤੇ ਮੇਰੀ ‘ਨਿਯੁਕਤੀ’ ਕਰ ਦਿੱਤੀ।
       ਇੱਧਰ ਜ੍ਹਿੰਦਰ ਸਕੂਲੋਂ ਹਟ ਕੇ ਆਪਣੇ ਬਾਪ ਨਾਲ ਖੇਤੀ ਬਾੜੀ ‘ਚ ਹੱਥ ਵਟਾਉਣ ਲੱਗਾ। ਇਕੋ ਇਕ  ਪੁੱਤ ਹੋਣ ਕਰਕੇ ਇਹਦਾ ਬਾਪ ਤਾਂ ਪਹਿਲਾਂ ਹੀ ਚਾਹੁੰਦਾ ਸੀ ਪੰਦਰਾਂ ਵੀਹ ਖੇਤਾਂ ਦੀ ਲੰਮੀ ਚੌੜੀ ਖੇਤੀ ਕਰਨ ਲਈ ਮੁੰਡਾ ਉਸਦਾ ਸਾਥ ਦੇਵੇ।ਗਭਰੂ ਹੁੰਦਿਆਂ ਸਾਡੇ ਦੋਹਾਂ ਦੇ ਵਿਆਹ ਵੀ ਤਕਰੀਬਨ ਇੱਕੋ ਸਮੇਂ ਹੀ ਹੋਏ। ਫਰਕ ਬਸ ਏਨਾ ਹੀ ਸੀ ਕਿ ਇਹਦਾ ਵਿਆਹ ਧੂਮ ਧੜੱਕੇ ਨਾਲ ਹੋਇਆ, ਪਰ ਮੈਨੂੰ ਗਿਆਰਾਂ ਬਰਾਤੀ ਹੀ ਵਿਆਹ ਲਿਆਏ ਸਨ।ਫਿਰ
ਵਿਦੇਸ਼ ‘ਚ ਰਹਿੰਦੀ ਜ੍ਹਿੰਦਰ ਦੀ ਭੈਣ ਦੇ ਕੋਈ ਬਾਲ-ਬੱਚਾ ਹੋਇਆ ਤਾਂ ਉਸਨੇ ਮਾਂ ਬਾਪ ਬਾਹਰ ਬੁਲਾ ਲਏ। ਪਿਉ ਦੇ ਬਾਹਰ ਚਲੇ ਜਾਣ ਕਾਰਨ ਜ੍ਹਿੰਦਰ ਨੇ ਤਿੰਨ ਚਾਰ ਭਈਏ ਰੱਖ ਲਏ। ਘਰ ‘ਚ ਰੰਗ-ਭਾਗ ਤਾਂ ਖੇਤੀ ਦੀ ਆਮਦਨ ਨੇ ਹੀ ਬਥੇਰੇ ਲਾ ਰੱਖੇ ਸਨ,ਪਰ ਹੁਣ ਕਹਿੰਦੇ ਇਹਦੇ ਮੰਮੀ-ਡੈਡੀ ਬਾਹਰ ਵਿਚ ਕੋਈ ਜੌਬ ਕਰਨ ਲੱਗ ਪਏ ਸਨ। ਇੰਜ ਪਹਿਲੋਂ ਹੀ ਭਰੇ ਭਕੁੰਨੇ ਇਸ ਘਰ ਵਿਚ ਡਾਲਰਾਂ-ਪੌਂਡਾਂ ਦਾ ਵੀ ਸੋਨੇ ‘ਤੇ ਸੁਹਾਗਾ ਫਿਰਨ ਲੱਗ ਪਿਆ !
ਪਿੰਡ ‘ਚ ਇਸ ਪ੍ਰਵਾਰ ਦੀ ਐਸ਼ਪ੍ਰਸਤੀ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ।ਆਮ ਲੋਕਾਂ ਵਾਂਗ ਮੈਂ ਵੀ ਸੋਚਦਾ ਹਾਂ ਕਿ ‘ਜ਼ਿੰਦਗੀ’ ਤਾਂ ਇਹ ਲੋਕ ਜਿਊ ਰਹੇ ਹਨ…. ਮੇਰੇ ਵਰਗੇ ਤਾਂ ਬਸ ਦਿਨ-ਕਟੀ ਹੀ ਕਰ ਰਹੇ ਨੇ।
      “ਚੱਲੀਏ  ਬਈ ਧੀਰੇ ਗੁਰਦੁਆਰੇ ਨੂੰ ਮਾਹਰਾਜ ਦਾ ਸਰੂਪ ਲੈਣ ?” ਪੱਗ ਬੰਨ੍ਹ ਕੇ ਬਾਹਰ ਆਉਂਦਾ ਹੋਇਆ ਜ੍ਹਿੰਦਰ ਕਹਿਣ ਲੱਗਾ।ਉਸੇ ਵੇਲੇ ਬਾਹਰੋਂ ਭਈਏ ਨੇ ‘ਸ਼ਰਦਾਰ ਜੀ’ ਕਹਿ ਕੇ ‘ਵਾਜ ਮਾਰੀ ਤਾਂ ਉਹ ਸਾਰੇ ਦਿਨ ਦੇ ਖੇਤਾਂ ਵਿਚਲੇ ਕੰਮਾਂ ਬਾਰੇ ਉਨ੍ਹਾਂ ਨੂੰ ਹਦਾਇਤਾਂ ਦੇਣ ਗੇਟ ‘ਤੇ ਜਾ ਖੜ੍ਹਾ ਹੋਇਆ।
       ਇਸੇ ਦੌਰਾਨ ਮੈਂ ਬੈਠਾ ਬੈਠਾ ਸੋਚਣ ਲੱਗਾ ਕਿ ਇਨ੍ਹਾਂ ਨੇ ਅੱਜ ਸੁਖਮਨੀ ਸਾਹਿਬ ਦਾ ਪਾਠ ਕਿਸ ਸਬੰਧ ਵਿਚ ਕਰਾਉਣਾ ਹੋਵੇ ਗਾ ! ਇਨ੍ਹਾਂ ਦੇ ਘਰੇ ਕਿਸੇ ਖੁਸ਼ੀ-ਗਮੀਂ ਦਾ ਤਾਂ ਕੋਈ ਪਤਾ ਨਹੀਂ ਲੱਗਾ, ਫਿਰ ਇਹ ਪਾਠ ਕਿਸ ਮਕਸਦ ਲਈ ਕਰਵਾਉਣ ਲੱਗੇ ਹੋਣਗੇ ? ਪੁੱਤਰ ਦੀ ਦਾਤ-ਪ੍ਰਾਪਤੀ ਲਈ ਤਾਂ ਹੋ ਨਹੀਂ ਸਕਦਾ ਕਿਉਂ ਕਿ ਜ੍ਹਿੰਦਰ ਤੇ ਇਹਦੀ ਬਾਹਰ ਗਈ ਭੈਣ ਦੇ ਦੋਹਾਂ ਦੇ ਕਾਕੇ ਹੈਗੇ ਨੇ।ਵਿਦੇਸ਼ ‘ਚ ਜਨਮੇਂ ਦੋਹਤੇ ਦੀ ਖੁਸ਼ੀ ਵਿਚ ਤਾਂ ਇਨ੍ਹਾਂ ਨੇ ਪਿੱਛੇ ਜਿਹੇ ਇਨ੍ਹਾਂ ਨੇ ਅਖੰਡ ਪਾਠ ਕਰਾਉਣ ਬਾਅਦ ਪੈਲਸ ਵਿਚ ਰੰਗਾ-ਰੰਗ ਪਾਰਟੀ ਵੀ ਕੀਤੀ ਸੀ। ਜਿਸ ਵਿਚ ਇਕ ਨਾਮੀ-ਗਰਾਮੀ ਗਾਇਕ ਵੀ ਆਇਆ ਸੀ।
       ਹੁਣ ਮਹਾਰਾਜ ਦਾ ਸਰੂਪ ਲਿਆਉਣ ਵਾਸਤੇ ਜ੍ਹਿੰਦਰ ਦੇ ਸੱਦੇ ਹੋਏ ਚਾਚੇ-ਤਾਇਆਂ ਦੇ ਮੁੰਡੇ ਵੀ ਆ ਗਏ। ਉਨ੍ਹਾਂ ਨੂੰ ਵੀ ਚਾਹ ਪਿਆਈ ਗਈ ਤੇ ਅਸੀਂ ਸਾਰੇ ਗੁਰਦੁਆਰੇ ਜਾ ਪਹੁੰਚੇ। ਮੈਂ ਜ੍ਹਿੰਦਰ ਨੂੰ ਜ਼ਰਾ ਪਾਸੇ ਲਿਜਾ ਕੇ ਪਰਦੇ ਜਿਹੇ ‘ਚ ਆਪਣੇ ਅੰਦਾਜੇ ਨਾਲ ਹੀ ਪੁੱਛਿਆ ਕਿ ਇਹ ਪਾਠ ਤੁਸੀਂ ਪ੍ਰਵਾਰਕ ਸੁਖ-ਸ਼ਾਂਤੀ ਵਾਸਤੇ  ਹੀ ਕਰਾਉਣਾ ਹੋਣਾ ਐਂ, ਕਿਉਂ ਕਿ ਮੈਂ ਅਰਦਾਸ ਕਰਨੀਂ ਐਂ ?
      ਜ੍ਹਿੰਦਰ ਨੇ ਜੋ ਆਪਣੀ ਆਸਾ-ਮਨਸ਼ਾ ਦੱਸੀ,ਉਸਨੂੰ ਸੁਣਕੇ ਮੇਰੇ ਦੰਦ ਹੀ ਜੁੜ ਗਏ….! ਹੱਕਾ ਬੱਕਾ ਹੋਇਆ ਮੈਂ  ਉਹਦੇ ਮੂੰਹ ਵੱਲ੍ਹ ਦੇਖਦਾ ਰਹਿ ਗਿਆ !! ਉਹਦੀ ‘ਮੰਗ’ ਸੁਣਕੇ ਇਉਂ ਮਹਿਸੂਸ ਹੋਇਆ ਜਿਵੇਂ ਮੈਨੂੰ ਬਿਜਲੀ ਦਾ ਕਰੰਟਲੱਗਾ ਹੋਵੇ !!
     ….ਸਾਰਾ ਸੁਖਮਨੀ ਸਾਹਿਬ ਵੀ ਪੜ੍ਹ ਲਿਆ….ਉਸਦੇ ਕਹੇ ਅਨੁਸਾਰ ਅਰਦਾਸ ਬੇਨਤੀ ਵੀ ਕਰ ਦਿੱਤੀ। ਪਰ ਇਹ ਸਾਰਾ ਕੁੱਝ ਬੇਚੈਨ ਮਨ ਨਾਲ ਉੱਖੜੇ ਉੱਖੜੇ ਤੇ ਸੋਚਾਂ ਦੇ ਤਾਣੇ-ਬਾਣੇ ਵਿਚ ਉਲ਼ਝੇ ਹੋਏ ਨੇ ਸਿਰੇ ਚੜ੍ਹਾਇਆ !  
ਗੁਰਦੁਆਰੇ  ਜਾ ਕੇ ਅਰਦਾਸ ਬਾਰੇ ਪੁੱਛੇ ਜਾਣ ‘ਤੇ ਪਤਾ ਉਸਨੇ ਮੇਰੇ ਮੂੰਹੋਂ ‘ਪ੍ਰਵਾਰਿਕ ਸੁੱਖ ਸ਼ਾਂਤੀ’ ਸੁਣਕੇ ਕੀ ਕਿਹਾ ਸੀ ?
    “ਓ ਯਾਰ ਸੁੱਖ-ਸ਼ਾਂਤੀ ਦੇ ਮਾਰ ਗੋਲ਼ੀ….. ਠੀਕ ਠਾਕ ਈ ਹਾਂ ਅਸੀਂ… ਬਾਹਰੋਂ ‘ਬੁੜ੍ਹੇ’ ਨੇ ਮੇਰੀ ਪਟੀਸ਼ਨ ਕੀਤੀ ਹੋਈ ਆ। ਕਈ ਸਾਲ ਹੋ ਗਏ ਉਡੀਕਦਿਆਂ, ਅੰਬੈਸੀ ਤੋਂ ਕੋਈ ਚਿੱਠੀ-ਚੁੱਠੀ ਨ੍ਹੀ ਆਈ ਹਾਲੇ ਤੱਕ.. ਸਾਡੇ ਇਕ ‘ਬਾਬਾ ਜੀ ਮਾਹਰਾਜ’ ਨੇ, ਅਸੀਂ ਉਨ੍ਹਾਂ ਕੋਲ ਪੁੱਛ ਪੁਆਈ ਸੀ। ਉਹ ਕਹਿੰਦੇ ਕਿਸੇ ਯਕੀਨ ਵਾਲ਼ੇ ਪਾਠੀ ਤੋਂ ਸੁਖਮਨੀ ਸਾਹਬ ਦਾ ਪਾਠ ਕਰਵਾਉ, ਫੇਰ ਕੰਮ ਬਣੂੰ !..... ਹੁਣ ਯਾਰਾ ਤੂੰ ‘ਵਧੀਆ ਜਿਹੀ’ ਅਰਦਾਸ  ਕਰ ਦਈਂ, ਹੋਰ ਨਾ ਕਿਤੇ ਐਥ੍ਹੇ ਈ ਭੱਸੜ ਭਨਾਉਂਦੇ ਰਹਿ ਜਾਈਏ !”
tsdupalpuri@yahoo.com          001-408-915-1268 

ਐਗਜ਼ਿਟ ਪੋਲ….. ਪੜ੍ਹੋ ਮੀਰਜ਼ਾਦੇ  ਦੇ  ਬੋਲ ! - ਤਰਲੋਚਨ ਸਿੰਘ ‘ਦੁਪਾਲ ਪੁਰ’

ਭਾਂਤ-ਸੁਭਾਂਤੇ ਚੈਨਲਾਂ ਦੇ ਰੰਗ-ਬਰੰਗੇ ‘ਐਗਜ਼ਿਟ ਪੋਲ’ ਦੇਖ ਕੇ
ਸੋਸ਼ਲ ਮੀਡ੍ਹੀਆ ‘ਤੇ ਕਈ ਸੱਜਣ ਫਾਸ਼ੀਵਾਦੀ ਤਾਕਤਾਂ ਦੀ ਕਥਿਤ ‘ਚੜ੍ਹਾਈ’
ਵਾਲ਼ੇ ਅੰਕੜਿਆਂ ਤੋਂ ਮਾਯੂਸ ਹੋ ਰਹੇ ਨੇ….. ਕੋਈ ਵੀਰ ਉਨ੍ਹਾਂ ਦੀ ਖਿੱਲੀ ਉਡਾਉਂਦਾ
ਹੋਇਆ ਕਿਸੇ ਹੋਰ ਚੈਨਲ ਦੇ ‘ਮਨਭਾਉਂਦੇ’ ਅੰਕੜੇ ਦਿਖਾ ਕੇ ਤਿਫਲ-ਤਸੱਲੀ
ਦਾ ਪ੍ਰਗਟਾਵਾ ਕਰ ਰਿਹਾ ਐ !
            ਅਜਿਹੇ ਵਿਚ ਮੈਨੂੰ ਆਪਣੇ ਪਿੰਡ ਦੀ ਇਕ ਦਿਲਚਸਪ ਵਾਰਤਾ ਚੇਤੇ
ਆ ਗਈ ! ਸੰਨ ਸੰਤਾਲ਼ੀ ਤੋਂ ਪਹਿਲਾਂ ਸਾਡੇ ਪਿੰਡ ਮੁਸਲਿਮ ਪ੍ਰਵਾਰਾਂ ਵਿਚ
ਮੀਰਜ਼ਾਦਿਆਂ ਦਾ ਵੀ ਇਕ ਟੱਬਰ ਰਹਿੰਦਾ ਸੀ, ਜੋ ਮੱਝਾਂ ਪਾਲ਼ ਕੇ ਆਪਣਾ
ਜੀਵਨ ਨਿਰਬਾਹ ਚਲਾਇਆ ਕਰਦਾ ਸੀ । ਬਜ਼ੁਰਗ ਦੱਸਿਆ ਕਰਦੇ ਸਨ
ਕਿ ਸਾਰੇ ਪਿੰਡ ਦਾ ਚੌਣਾ(ਪਸੂਆਂ ਦਾ ਵੱਗ) ਇਕ ਪਾਲ਼ੀ ਚਰਾਉਣ ਜਾਂਦਾ
ਹੁੰਦਾ ਸੀ। ਇਕ ਦਿਨ ਪਾਲ਼ੀ ਨੇ ਮੀਰਜ਼ਾਦੇ ਨੂੰ ਦੱਸਿਆ ਕਿ ਤੇਰੀ ਫਲਾਣੀ
ਝੋਟੀ ਨਵੇਂ ਦੁੱਧ ਹੋ ਗਈ ਐ ।
        ਲਉ ਜੀ,ਮੀਰਜ਼ਾਦੇ ਨੇ ਓਸ ਦਿਨ ਤੋਂ ਬੜੇ ਚਾਅਵਾਂ
ਰੀਝਾਂ ਨਾਲ਼ ਉਸ ਝੋਟੀ ਦੀ ਉਚੇਚੀ ਸੇਵਾ ਕਰਨੀਂ ਸ਼ੁਰੂ ਕਰ
ਦਿੱਤੀ। ਤਾਰਾ-ਮੀਰਾ ਤੇ ਹੋਰ ਦਾਣਾ-ਦੱਪਾ ਵੀ ਚਾਰਨਾਂ ਸ਼ੁਰੂ ਕਰ
ਦਿੱਤਾ। ਝੋਟੀ ਦੇਹੀ-ਪਿੰਡੇ ਕਾਫੀ ਨਿੱਖਰਨ ਲੱਗ ਪਈ। ਮੀਰਜ਼ਾਦੇ
ਦਾ ਸਾਰਾ ਟੱਬਰ ਵੀ ਝੋਟੀ ਦੀ ਸੇਵਾ ‘ਚ ਕਦੇ ਆਲ਼ਸ ਨਾ ਕਰਦਾ।
ਕਹਾਵਤ ਹੈ ਕਿ ਮੱਝਾਂ ਦੇ ਸੂਣ,ਦਰਿਆਵਾਂ ਦੇ ਵਹਿਣ ਤੇ ਰਾਜਿਆਂ
ਦੇ ਫੈਸਲੇ ਅੱਖਾਂ ਪਕਾ ਦਿੰਦੇ ਨੇ ! ਇੰਜ ਝੋਟੀ ਦੀ ਸੇਵਾ ਕਰਦਿਆਂ
ਪੰਜ,ਛੇ,ਸੱਤ ਮਹੀਨੇ ਬੀਤ ਗਏ ਤੇ ਚੜ੍ਹ ਪਿਆ ਅੱਠਵਾਂ… ਝੋਟੀ ਨੂੰ
ਦੇਹੀ ਪਿੰਡੇ ਵਲੋਂ ਪਸਰਦੀ ਦੇਖ ਕੇ ਸਾਰਾ ਟੱਬਰ ਖੁਸ਼ ਹੋ ਰਿਹਾ
ਸੀ। ਨੌਵਾਂ ਮਹੀਨਾਂ ਚੜ੍ਹਦਿਆਂ ਕਿਤੇ ਜਾਡਲੇ ਵਾਲ਼ਾ ਸਲੋਤਰੀ
ਪਿੰਡ ‘ਚ ਆਇਆ ।ਉਸਨੇ ਝੋਟੀ ਨੂੰ ਚੈੱਕ ਕਰਕੇ ਦੱਸਿਆ
ਕਿ ਇਹ ਤਾਂ ‘ਖਾਲੀ’ ਹੈ, ਭਾਵ ਕਿ ਸੂਣ ਵਾਲ਼ੀ ਨਹੀਂ!
        ਬਜ਼ੁਰਗ ਹੱਸ ਹੱਸ ਕੇ ਦੱਸਿਆ ਕਰਦੇ ਸਨ ਕਿ
ਮੀਰਜ਼ਾਦਾ ਸਾਰੇ ਪਿੰਡ ‘ਚ ਕਹਿੰਦਾ ਫਿਰੇ ਅਖੇ ਭਰਾਵੋ, ਮੈਂ ਤਾਂ
‘ਖੁੰਡਰਾਈ ਹੋਈ’ ਮੱਝ (ਸੂਣ ਵਾਲ਼ੇ ਪਸ਼ੂ ਦੀ ਉਹ ਅਵਸਥਾ ਜਦ
ਜਨਮ ਲੈ ਰਹੇ ਕਟੜੂ-ਵਛੜੂ ਦੇ ਪੈਰ ਬਾਹਰ ਆਏ ਦਿਸਦੇ ਹਨ)
ਨੂੰ ਵੀ  ‘ਸੂਣ ਵਾਲ਼ੀ’ ਨਾ ਕਹੂੰ ਗਾ !
        ਸੋ ਸੰਨ ਸਤਾਰਾਂ ਵਿਚ ‘ਆਪ’ ਦੀਆਂ ਇੱਟ ਵਰਗੀਆਂ
ਪੱਕੀਆਂ ਸੌ ਤੋਂ ਵੱਧ ਸੀਟਾਂ ਬਣਾਈ ਬੈਠੇ ਪੰਜਾਬੀਉ ਘੱਟ ਤੋਂ ਘੱਟ
ਤੁਸੀਂ ਤਾਂ ੳਕਤ ਮੀਰਜ਼ਾਦੇ ਦੇ ਬੋਲਾਂ ‘ਤੇ ਪਹਿਰਾ ਦਿੰਦੇ ਹੋਏ ਤੇਈ
ਮਈ ਤੱਕ ਕਿਸੇ ਐਗਜ਼ਿਟ ਪੋਲ ਦਾ ਯਕੀਨ ਨਾ ਕਰੋ !!

tsdupalpuri@yahoo.com
001-408-915-1268

ਸਿਆਸੀ ਦਾਅ੍ਹਵੇ ਅਤੇ ਭਰੋਸੇ, ਘਿਉ ਪੁਰਾਣਾ ਨਵੇਂ ਸਮੋਸੇ ! - ਤਰਲੋਚਨ ਸਿੰਘ ‘ਦੁਪਾਲ ਪੁਰ’

ਅਜੋਕੇ ਚੋਣ-ਪ੍ਰਚਾਰ ਦੇ ਭਖੇ ਹੋਏ ਮਾਹੌਲ ਵਿਚ ਸਿਆਸੀ ਪਾਰਟੀਆਂ ਦੀ ‘ਦਲ ਦਲ’ ਵਾਲ਼ੀ ਸਥਿਤੀ ਤਾਂ ਭਾਵੇਂ
ਸਾਰੇ ਦੇਸ਼ ਵਿਚ ਹੀ ਬਣੀ ਹੋਈ ਹੈ। ਪਰ ਇਸ ਵਾਰ ਪੰਜਾਬ ਦਾ ਸਿਆਸੀ ਪਿੜ ਬਾਹਲ਼ਾ ਹੀ ‘ਜਲੇਬੀ-ਨੁਮਾ’ ਵਿੰਗ-
ਵਲ਼ੇਵਿਆਂ ਵਾਲ਼ਾ ਬਣਿਆਂ ਹੋਇਆ ਹੈ। ਜਿਵੇਂ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ‘ਆਪ’ ਦਾ ਹਾਲ ਦੇਖ ਲਉ।
ਕੋਈ ਪਤਾ ਨਹੀਂ ਕਿ ਇਸ ਪਾਰਟੀ ਦੇ ਕਿੰਨੇ ਵਿਧਾਇਕ ਕਿਹਦੇ ਹਮਾਇਤੀ ਹਨ ! ਫਿਲਹਾਲ ਇਸ ਪਾਰਟੀ ਬਾਰੇ ਇਹ
ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਾਂਗਰਸ ਵਿਰੋਧੀ ਰਹੇ ਗੀ, ਜਾਂ ਉਸ ਨਾਲ ਚੋਣ-ਗਠਬੰਧਨ  ਕਰ ਲਵੇ ਗੀ।
‘ਤੀਨ ਬੁਲਾਏ ਤੇਰਾਂ ਆਏ ਦੇਹ ਦਾਲ ਮੇਂ ਪਾਣੀ’ ਵਾਲ਼ੇ ਮੁਹਾਵਰੇ ਵਾਂਗ ਸਿਰਫ ਤੇਰਾਂ ਸੀਟਾਂ ਵਾਸਤੇ
ਕਾਂਗਰਸ,ਅਕਾਲੀ ਦਲ(ਬ) ਅਕਾਲੀ ਦਲ(ਅ) ਅਕਾਲੀ ਦਲ(ਟਕਸਾਲੀ) ਅਕਾਲੀ ਦਲ(1920) ਆਪ,ਭਾਜਪਾ
ਪੰਜਾਬ ਏਕਤਾ ਪਾਰਟੀ,ਲੋਕ ਇਨਸਾਫ ਮੋਰਚਾ,ਪੰਜਾਬ ਫਰੰਟ ਵਗੈਰਾ ਵਗੈਰਾ ਦਲਾਂ ਦੇ ਦਰਜਨਾਂ ਉਮੀਦਵਾਰਾਂ ਨੇ
ਘੜਮੱਸ ਜਿਹਾ ਪਾਇਆ ਹੋਇਆ ਹੈ।ਇਸ ਆਪਾ-ਧਾਪੀ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਲੋਕ
ਸਭਾਈ ਚੋਣਾ ਪੰਜਾਬ ਵਾਸੀਆਂ ਲਈ ਬਹੁਤ ਔਖਾ ਪਰਚਾ ਲੈ ਕੇ ਆਈਆਂ ਹਨ । ਪੰਜਾਬ ਦੇ ਵੋਟਰਾਂ ਲਈ
ਕੋਈ ਇਕ ਫੈਸਲਾ ਲੈਣਾ ਬਹੁਤ ਕਠਿਨ ਹੋ ਜਾਣਾ ਹੈ ।
        ਪੰਜਾਬ ਵਿਚਲੇ ਇਸ ਸਿਆਸੀ ਰੌਲ-ਘਚੌਲ਼ੇ ਵਾਲ਼ੇ ਸਮੁੱਚੇ ਵਰਤਾਰੇ ਦੀ ਵਿਅੰਗਮਈ ਵਿਆਖਿਆ
ਕਰਦਿਆਂ ਇੱਥੇ ਮੈਂ ਦੋ ‘ਕਹਾਣੀਆਂ’ ਪੇਸ਼ ਕਰਨ ਜਾ ਰਿਹਾਂ।ਇਨ੍ਹਾਂ ‘ਚੋਂ ਇਕ ਤਾਂ ਮੈਂ ਬਜ਼ੁਰਗਾਂ ਦੀ ਸੱਥ ਵਿਚੋਂ
ਸੁਣੀ ਹੋਈ ਹੈ, ਤੇ ਦੂਜੀ ਹੈ ਮੇਰੀ ਅੱਖੀਂ ਦੇਖੀ ਵਾਰਤਾ। ਪਹਿਲਾਂ ਇਕ ਸਿੱਖ ਵਿਦਵਾਨ ਮੂੰਹੋਂ ਸੁਣਿਆਂ ਹੋਇਆ
ਲਤੀਫਾ ਹਾਜ਼ਰ ਹੈ ! ਸ੍ਰੀ ਮਾਨ ਜੀ ਨੇ ਇਕ ਵੇਲ਼ੇ ਪੰਜਾਬ ਦੀ ਸਿੱਖ ਸਿਆਸਤ ਬਾਰੇ ਲੇਖ ਅਖਬਾਰ ਨੂੰ ਭੇਜਿਆ। ਚਾਰ
ਪੰਜ ਦਿਨਾਂ ਬਾਅਦ ਅਖਬਾਰ ਦੇ ਦਫਤਰੋਂ ਲੇਖਕ ਨੂੰ ਫੋਨ ਗਿਆ।ਉਨ੍ਹਾਂ ਪੁੱਛਿਆ ਕਿ ਤੁਹਾਡੇ ਲੇਖ ਵਿਚ
ਕੁੱਲ ਛੇ ਅਕਾਲੀ ਦਲਾਂ ਦਾ ਜਿਕਰ ਹੈ।ਕ੍ਰਿਪਾ ਕਰਕੇ ਅਕਾਲੀ ਦਲਾਂ ਦੀ ਗਿਣਤੀ ‘ਕਨਫਰਮ’ ਕਰਕੇ ਸਾਨੂੰ
ਸੂਚਿਤ ਕਰੋ ਕਿ ‘ਹੁਣ ਤੱਕ’ ਇਹ ਗਿਣਤੀ ਕਿਤੇ ਵਧ ਘਟ ‘ਤੇ ਨਹੀਂ ਗਈ ?
       ਹੁਣ ਪਹਿਲੀ ਕਹਾਣੀ- ਕਹਿੰਦੇ ਪੁਰਾਣੇ ਵੇਲਿਆਂ ਵਿਚ ਕਿਸੇ ਪਿੰਡ ‘ਚ ਇਕ ਪੰਡਿਤ ਰਹਿੰਦਾ ਸੀ।
ਸੀ ਤਾਂ ਵਿਚਾਰਾ ਉਹ ਕੋਰਾ ਅਨਪੜ੍ਹ, ਪਰ ਬਹੁਤੇ ਅਨਪੜ੍ਹਾਂ ਵਾਲੇ ਪਿੰਡ ਵਿਚ ‘ਸਵਾ ਲੱਖ’ ਪੰਡਿਤ ਹੋਣ
ਸਦਕਾ ਉਹ ਸਾਰੇ ਪਿੰਡ ਵਾਸੀਆਂ ਨੂੰ ਲੋੜ ਪੈਣ ‘ਤੇ ਤਿੱਥ-ਵਾਰ ਜਾਂ ਦਿਨ-ਦਿਹਾਰ ਦੱਸਣ ਦੀ ਸੇਵਾ ਕਰਕੇ
ਦਾਨ-ਦੱਖਣਾ ਲੈ ਛੱਡਦਾ।ਜਦ ਵੀ ਕਿਸੇ ਮਾਈ ਭਾਈ ਨੇ ਤਿੱਥ ਤਰੀਕ ਪੁੱਛਣ ਆਉਣਾ ਤਾਂ ਪੰਡਿਤ ਜੀ
ਨੇ ਜਜਮਾਨ ਨੂੰ ਬਾਹਰ ਹੀ ਡੱਠੇ ਮੰਜੇ ‘ਤੇ ਬਿਠਾ ਕੇ ਆਪ ਅੰਦਰ ਵੜ ਜਾਣਾ। ਜਜਮਾਨਾਂ ਸੋਚਣਾ ਕਿ
ਪੰਡਿਤ ਹੁਣੀ ਅੰਦਰ ਪੋਥੀ ਫੋਲਣ ਗਏ ਹੋਣਗੇ, ਪਰ ਤਿੱਥ ਦੇਖਣ ਦਾ ਉਹਦਾ ‘ਆਪਣਾ ਹੀ’ ਹਿਸਾਬ
ਕਿਤਾਬ ਸੀ! ਪੰਜ ਦਸ ਮਿੰਟ ਬਾਅਦ ਉਸਨੇ ‘ਗੁਣ-ਗੁਣ ਮਿਣ-ਮਿਣ’ ਕਰਦਿਆਂ ਬਾਹਰ ਆ ਕੇ ਦੱਸ
ਦੇਣਾ ਕਿ ਅੱਜ ਏਨੀ ਤਰੀਕ ਹੋ ਗਈ ਹੈ।
         ਦਰਅਸਲ ਮੂੰਹ ਵਿਚ ‘ਮੰਤਰ ਪੜ੍ਹਨ’ ਦਾ ਤਾਂ ਉਹ ਨਾਟਕ ਹੀ ਕਰਦਾ ਸੀ,ਤਾਂ ਕਿ ਪਿੰਡ
ਵਾਲ਼ੇ ਉਸਨੂੰ ਵਿਦਵਾਨ ਸਮਝਣ। ਪਰ ਅੰਦਰ ਉਸਨੇ ਇਕ ਘੜਾ ਰੱਖਿਆ ਹੋਇਆ ਸੀ।ਜਿਸ ਵਿਚ ਉਹ
ਸੰਗਰਾਂਦ ਵਾਲ਼ੇ ਦਿਨ ਤੋਂ ਸ਼ੁਰੂ ਕਰਕੇ ਆਪਣੀ ਪਾਲਤੂ ਬੱਕਰੀ ਦੀ ਇੱਕ ਮੀਂਗਣ ਰੋਜ ਪਾ ਦਿੰਦਾ।ਜਦ ਵੀ
ਕੋਈ ਤਰੀਕ ਪ੍ਰਵਿਸ਼ਟਾ ਪੁੱਛਣ ਆਉਂਦਾ ਤਾਂ ਉਹ ਘੜੇ ਵਿਚਲੀਆਂ ਮੀਂਗਣਾ ਗਿਣਕੇ ਦੱਸ ਦਿੰਦਾ ਕਿ ਕਿੰਨੇ
ਦਿਨ ਮਹੀਨਾ ਚਲਾ ਗਿਆ ਹੈ।
       ਕਿਸੇ ਦਿਨ ਉਨ੍ਹਾਂ ਦੀ ਇਕ ਗਵਾਂਢਣ ਮਾਈ ਤਰੀਕ ਪੁੱਛਣ ਆਈ। ਜਦ ਪੰਡਿਤ ਜੀ ਨੇ ਅੰਦਰ
ਜਾ ਕੇ ਘੜੇ ‘ਚ ਹੱਥ ਪਾਇਆ ਤਾਂ ਉਹ ਅੱਧਾ ਮੀਂਗਣਾ ਨਾਲ਼ ਭਰਿਆ ਪਿਆ ! ਅਸਲ ‘ਚ ਹੋਇਆ ਇਹ
ਸੀ ਕਿ ਪੰਡਿਤ ਦੇ ਕਿਸੇ ਬਾਲ-ਅੰਞਾਣੇ ਨੇ ਆਪਣੇ ਭਾਪੇ ਨੂੰ ਘੜੇ ਵਿਚ ਮੀਂਗਣ ਸੁੱਟਦਾ ਦੇਖ ਲਿਆ। ਉਹ
ਭੋਲ਼ਾ ਕਈ ਦਿਨ ਬੱਕਰੀ ਦੀਆਂ ਸਾਰੀਆਂ ਹੀ ਮੀਂਗਣਾ ਘੜੇ ‘ਚ ਸੁੱਟਦਾ ਰਿਹਾ ! ਵਿਚਾਰੇ ਪੰਡਿਤ ਜੀ
ਇਹ ‘ਭਾਣਾ ਵਰਤਿਆ’ ਦੇਖ ਕੇ ਸ਼ਸ਼ੋਪੰਜ ‘ਚ ਪੈ ਗਏ ਕਿ ਹੁਣ ਮੈਂ ਬਾਹਰ ਜਾ ਕੇ ਕਿੰਨੀ ਤਰੀਕ ਦੱਸਾਂ ?
ਆਖਰ ਉਨ੍ਹਾਂ ਬਾਹਰ ਆ ਕੇ ਮਾਈ ਨੂੰ ਕਿਹਾ ਕਿ ਅੱਜ ਚਾਲ਼ੀ ਤਰੀਕ ਹੋ ਗਈ ਆ ! ਇਹ ਨਵੇਕਲੀ ਜਿਹੀ
ਤਰੀਕ ਸੁਣਕੇ ਮਾਈ ਸਿਰ ਖੁਰਕਦੀ ਕਹਿੰਦੀ ਕਿ ਪੰਡਿਤ ਜੀ, ਤਰੀਕ ਤਾਂ ਵੱਧ ਤੋਂ ਵੱਧ ਇੱਕ ਵੀਹੀ ਨਾਲ਼
ਇੱਕ ਦਾਹਾ ਤੇ ਇੱਕ-ਅੱਧ ਦਿਨ ਉੱਪਰ ਤੱਕ ਹੀ ਸੁਣਦੇ ਆਏ ਹਾਂ ਹੁਣ ਤੱਕ। ਆਹ ਦੋ ਵੀਹੀਆਂ ਵਾਲ਼ੀ
ਤਰੀਕ ਪਹਿਲੀ ਵਾਰ ਸੁਣੀ ਐਂ !
          ਝੁੰਜਲਾਏ ਹੋਏ ਪੰਡਿਤ ਜੀ ਖਿਝ ਕੇ ਬੋਲੇ- “ਬੀਬੀ, ਗਵਾਂਢਣ ਹੋਣ ਕਰਕੇ ਮੈਂ ਤੇਰੇ ਨਾਲ਼
ਲਿਹਾਜ ਕਰਦਿਆਂ ਚਾਲ਼ੀ ਤਰੀਕ ਹੀ ਦੱਸੀ ਐ। ਪਰ ਅੰਦਰ ਪੋਥੀ ‘ਤੇ ਤਾਂ ਤਰੀਕ ਕਈ ਸੈਂਕੜਿਆਂ ਤੋਂ ਵੀ
ਉੱਪਰ ਟੱਪੀ ਹੋਈ ਹੈ !”
       ਹੁਣ ਮੇਰੀ ਅੱਖੀਂ ਦੇਖੀ ਵਾਰਤਾ- ਬੱਸ ਅੱਡੇ ਉੱਤੇ ਸੜ੍ਹਕ ਕੰਢੇ ਬਣੇ ਇਕ ਹੋਟਲ ਵਾਲ਼ੇ ਮੇਰੇ
ਮਿੱਤਰ ਸਨ। ਜਿੱਥੇ ਮੈਂ ਅਕਸਰ ਆਪਣਾ ਸਕੂਟਰ ਖੜ੍ਹਾ ਕਰਕੇ ਕਿਤੇ ਜਲੰਧਰ-ਅੰਮ੍ਰਿਤਸਰ, ਚੰਡੀਗੜ੍ਹ
ਜਾਂ ਕਿਧਰੇ ਹੋਰ ਦੂਰ-ਦੁਰੇਡੇ ਜਾਣ ਲਈ ਬੱਸੇ ਬਹਿੰਦਾ ਹੁੰਦਾ ਸਾਂ।ਸਾਈਕਿਲ-ਸਕੂਟਰ ਤਾਂ ਹੋਰ ਲੋਕ ਵੀ
ਉਨ੍ਹਾਂ ਦੇ ਹੋਟਲ ਬਾਹਰ ਖੜ੍ਹੇ ਕਰ ਜਾਂਦੇ ਸਨ। ਪਰ ਜਾਣੂ ਹੋਣ ਕਰਕੇ ਮੇਰੇ ਸਕੂਟਰ ਦੀ ਰਾਖੀ ਰੱਖਣੀ
ਉਹ ਆਪਣੀ ਜਿੰਮੇਂਵਾਰੀ ਸਮਝਦੇ ਸਨ।
        ਇਕ ਵਾਰ ਮੈਂ ਸੁਵਖਤੇ ਹੀ ਉੱਥੇ ਜਾ ਪਹੁੰਚਾ।ਨੌਕਰ ਸਾਫ-ਸਫਾਈਆਂ ਕਰ ਹਟੇ ਸਨ ਤੇ ਮਾਲਕ
ਧੂਫ-ਬੱਤੀ ਕਰਕੇ ਆਪਣੇ ਲਈ ਚਾਹ ਬਣਾ ਰਿਹਾ ਸੀ।ਮੈਨੂੰ ਦੇਖ ਕੇ ਉਸਨੇ ਚਾਹ ਪੀਣ ਲਈ ਅੰਦਰ ਬੁਲਾ
ਲਿਆ।ਧੂੰਏਂ ਨਾਲ਼ ਕਾਲ਼ੇ-ਪੀਲ਼ੇ ਹੋਏ ਪਏ ਜਿਸ ਕਮਰੇ ਵਿਚ ਉਹ ਭੱਠੀ ਉੱਤੇ ਸਮਾਨ ਬਣਾਉਂਦੇ ਸਨ, ਮੈਂ
ਉੱਥੇ ਮਾਲਕ ਹਲਵਾਈ ਕੋਲ਼ ਜਾ ਬੈਠਾ। ਇਕ ਪਾਸੇ ਵੱਡੇ ਥਾਲ਼ ਵਿਚ ਬਰਫੀ ਤੇ ਲੱਡੂ-ਬੇਸਣ ਵਗੈਰਾ ਬਣੇ
ਪਏ ਸਨ। ਜਿਵੇਂ ਇਹ ਸਮਾਨ ਰਾਤ ਦਾ ਤਿਆਰ ਕੀਤਾ ਪਿਆ ਹੋਵੇ।ਬਾਕੀ ਕੜਾਹੀਆਂ ਖੁਰਚਣੇ ਤੇ ਝਰਨੇ
ਝਰਨੀਆਂ ਧੋ ਸਵਾਰ ਕੇ ਰੱਖੇ ਹੋਏ ਸਨ।ਪਰ ਇਕ ਕੜਾਹੀ ਵਿਚ ਕੁੱਝ ਅਜਿਹਾ ਪਦਾਰਥ ਪਿਆ ਸੀ ਜੋ
ਰੰਗ ਪੱਖੋਂ ਇਉਂ ਭਾਅ ਮਾਰਦਾ ਸੀ ਜਿਵੇਂ ਖੋਆ ਹੋਵੇ। ਸਹਿਵਨ ਹੀ ਜਦ ਮੈਂ ਜਰਾ ਗਹੁ ਨਾਲ਼ ਦੇਖਿਆ ਤਾਂ
ਉਸ ਪਦਾਰਥ ਵਿਚ ਮਟਰੀ-ਸਮੋਸਿਆਂ ਦਾ ਭੂਰ-ਚੂਰ, ਜਲੇਬੀਆਂ ਦੇ ਟੁਕੜੇ ਜਿਹੇ ਤੇ ਵਿੱਚੇ ਹੀ ਕੀੜੇ-
ਮਕੌੜੇ ਤੇ ਟਿੱਡੇ-ਪਤੰਗੇ ਜਿਹੇ ਮਰੇ ਪਏ ਦਿਸੇ !
       “ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿਚ ?”
ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ਕਹਿੰਦਾ-“ਤੂੰ ਆਪੇ ਈ ਦੇਖ ਲਈਂ ਹੁਣੇ ਕਿ ਇਹ ‘ਗੰਦ-ਮੰਦ’ ਕੀ ਚੀਜ਼
ਆ !”
   ਇਹ ਕਹਿਕੇ ਉਸਨੇ ਇਕ ਨੌਕਰ ਨੂੰ ‘ਵਾਜ ਮਾਰਕੇ ਕਿਹਾ ਕਿ ਚੰਡੀਗੜ੍ਹੋਂ ਆਉਣ ਵਾਲ਼ੀ ਬੱਸ ਦਾ
‘ਟੈਮ’ ਹੋਣ ਵਾਲ਼ਾ ਈ ਐ, ਕਰ ਲਉ ਤਿਆਰੀ ਫਟਾ ਫਟ ! ਲਉ ਜੀ, ਮੇਰੇ ਚਾਹ ਪੀਂਦਿਆਂ ਪੀਂਦਿਆਂ
ਨੌਕਰ ਨੇ ਮਘਦੀ ਭੱਠੀ ਉੱਤੇ ਉਹੀ ਕੜਾਹੀ ਰੱਖ ਦਿੱਤੀ। ਕੜਾਹੀ ਵਿਚਲਾ ਪਦਾਰਥ ਪਿਘਲ ਗਿਆ
 
ਤੇ ‘ਛਲ਼ ਛਲ਼’ ਦੀ ਅਵਾਜ਼ ਆਉਣ ਲੱਗੀ। ਹਲਵਾਈ ਨੇ ਬਰੀਕ ਸੁਰਾਖਾਂ ਵਾਲ਼ਾ ਝਰਨਾਂ ਫੜਿਆ
ਤੇ ਉਸ ਤਰਲ ਪਦਾਰਥ ਵਿਚ ਤੈਰਦਾ ਸਾਰਾ ਈ ਗੰਦ-ਮੰਦ ਚੁੱਕ ਕੇ ਕੂੜੇ ਵਾਲ਼ੇ ਪੀਪੇ ਵਿਚ ਸੁੱਟ
ਮਾਰਿਆ।ਹਲਵਾਈ ਨੇ ਭੱਠੀ ਦੇ ਲਾਗੇ ਹੀ ਪਏ ਸੇਕ ਨਾਲ਼ ਪਿਘਲੇ ਹੋਏ ਰਿਫਾਈਂਡ ਦੇ ਦੋ ਡੋਹਰੇ
ਕੜਾਹੀ ਵਿਚ ਹੋਰ ਪਲ਼ੱਟ ਦਿੱਤੇ। ਨੌਕਰ ਰਾਤ ਦੇ ਭਰਕੇ ਰੱਖੇ ਹੋਏ ਕੱਚੇ ਸਮੋਸਿਆਂ ਦਾ ਥਾਲ਼ ਚੁੱਕ
ਲਿਆਇਆ। ਤਲ਼ ਹੁੰਦੇ ਸਮੋਸੇ ਚਿੱਟਿਆਂ ਤੋਂ ਬਦਾਮੀ ਤੇ ਗੇਰੂਏ ਰੰਗੇ ਹੋਣ ਲੱਗੇ। ਏਨੇ ਨੂੰ ਬਾਹਰ
ਬੱਸ ਆ ਕੇ ਰੁਕ ਗਈ। ਉਂਗਲ਼ਾਂ ਚੱਟ ਚੱਟ ਸਮੋਸੇ ਖਾਂਦੀਆਂ ਸਵਾਰੀਆਂ ਵੱਲ੍ਹ ਦੇਖ ਕੇ ਮੈਂ ਮਿੰਨ੍ਹਾਂ ਮਿੰਨ੍ਹਾਂ
ਹੱਸਦਾ  ਹਲਵਾਈ ਵਲੋਂ ਕੀਤੀ ਕੜਾਹੀ ਵਿਚਲੇ ਗੰਦ-ਮੰਦ ਦੀ ‘ਸਫਾਈ’ ਅਤੇ ‘ਤਾਜ਼ੇ ਸਮੋਸਿਆਂ’ ਬਾਰੇ ਸੋਚ ਰਿਹਾ ਸਾਂ!

tsdupalpuri@yahoo.com
001-408-915-1268

ਚੋਰ ਤਾਂ ਸੀ ਕੋਈ ਹੋਰ ! - ਤਰਲੋਚਨ ਸਿੰਘ ‘ਦੁਪਾਲ ਪੁਰ’

ਘਟਨਾਂ ਭਾਵੇਂ ਇਹ ਅੰਗਰੇਜਾਂ ਦੇ ਰਾਜ ਵੇਲੇ ਦੀ ਹੈ,ਪਰ ਹੈ ਇਹ
ਵਰਤਮਾਨ ਦੌਰ ਵਿਚ ਵੀ ਦਿਲਚਸਪੀ ਨਾਲ਼ ਪੜ੍ਹਨ ਸੁਣਨ ਵਾਲ਼ੀ।
ਜਿਸ ਖੂਬ੍ਹਸੂਰਤ ਅੰਦਾਜ਼ੇ-ਪੇਸ਼ਕਾਰੀ ਨਾਲ ਮੈਂ ਇਹ ਪਿੰਡ ਦੇ ਬਜੁਰਗਾਂ
ਅਤੇ ਖਾਸ ਕਰਕੇ ਆਪਣੇ ਬਾਪ ਦੇ ਮੂੰਹੋਂ ਸੁਣਦਾ ਰਿਹਾ ਹਾਂ,ਉਹ ਰੰਗ
ਸ਼ਾਇਦ ਮੈਥੋਂ ਇਸਦੇ ਲਿਖਤੀ ਰੂਪ ‘ਚ ਨਾ ਭਰਿਆ ਜਾ ਸਕੇ!ਕਿਉਂ ਕਿ
ਉਹ ਸਾਰੇ ਉਸ ਵਾਕਿਆ ਦੇ ਤਕਰੀਬਨ ਚਸ਼ਮਦੀਦ ਗਵਾਹ
ਹੀ ਸਨ।ਇਸ ਲਈ ਅੱਖੀਂ ਦੇਖੇ ਵੇਰਵੇ ਸੁਣਾਉਣ ਵੇਲੇ ਉਨ੍ਹਾਂ ਦੇ
ਚਿਹਰਿਆਂ ਦੇ ਹਾਵ-ਭਾਵ ਕਹਾਣੀ ਦੇ ਕਥਾ-ਰਸ ਨੂੰ ਹੋਰ ਰੌਚਕ
ਬਣਾ ਦਿੰਦੇ ਸਨ।
      ਸਾਡੇ ਲਾਗਲੇ ਪਿੰਡ ਸ਼ਾਹ ਪੁਰ ਵਿਚ ਹੋਰ ਕਈ
ਬਰਾਦਰੀਆਂ ਦੇ ਨਾਲ਼ ਨਾਲ਼ ਵੱਡੀ ਗਿਣਤੀ ਮੁਸਲਿਮ ਪ੍ਰਵਾਰਾਂ
ਦੀ ਵੀ ਸੀ।ਜਿਨ੍ਹਾਂ ਵਿਚ ਇਕ ਸੱਈਅਦ ਖਾਨਦਾਨ ਦਾ ਭਰਿਆ
ਭਕੁੰਨਾ ਵੱਡਾ ਪ੍ਰਵਾਰ ਵੀ ਵਸਦਾ ਸੀ।ਜਿਵੇਂ ਸਿੱਖ ਸਮਾਜ ਵਿਚ ਸੋਢੀ
ਜਾਂ ਬੇਦੀ ਪ੍ਰਵਾਰਾਂ ਨੂੰ ਗੁਰੂ ਸਾਹਿਬਾਨ ਦੀ ਅੰਸ-ਬੰਸ ਜਾਣ ਕੇ ਸਤਿਕਾਰ
ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ।ਇਵੇਂ ਹੀ ਮੁਸਲਿਮ ਸਮਾਜ ਵਿਚ
ਸੱਈਅਦ ਪ੍ਰਵਾਰਾਂ ਨੂੰ ਉਚੇਚਾ ਮਾਣ ਅਦਬ ਮਿਲਦਾ ਹੈ।ਸੱਈਅਦਾਂ ਦੇ ਅਦਬ
ਸਤਿਕਾਰ ਬਾਰੇ ਇੱਥੇ ਇਹ ਦੱਸਣਾ ਕੁਥਾਂਹ ਨਹੀਂ ਹੋਵੇ ਗਾ ਕਿ ਮੁਗਲ ਬਾਦਸ਼ਾਹਾਂ
ਵੇਲੇ ਉਨ੍ਹਾਂ ਦੀ ਅਸਵਾਰੀ ਲਈ ਵਰਤੇ ਜਾਂਦੇ ਹਾਥੀਆਂ ਦੇ ਮਹਾਵਤ ਕੇਵਲ
ਸੱਈਅਦ ਹੀ ਹੋ ਸਕਦੇ ਸਨ। ਕਾਰਨ ਇਹ ਕਿ ਹਾਥੀ ਦੇ ਸਿਰ ‘ਤੇ ਬੈਠਣ ਵਾਲ਼ੇ
ਮਹਾਵਤ ਦੀ ਪਿੱਠ ਬਾਦਸ਼ਾਹ ਵੱਲ ਹੋ ਜਾਂਦੀ ਸੀ, ਤੇ ਬਾਦਸ਼ਾਹ ਵੱਲ ਪਿੱਠ ਕਰਕੇ
ਕੋਈ ਆਮ ਫਹਿਮ ਬੰਦਾ ਨਹੀਂ ਸਿਰਫ ਉੱਚੇ ਖਾਨਦਾਨ ਵਾਲ਼ਾ ਸੱਈਅਦ ਹੀ ਬਹਿ
ਸਕਦਾ ਸੀ।
     ਸੋ ਪੂਰੇ ਇਲਾਕੇ ਵਿਚ ਸਤਿਕਾਰੇ ਜਾਂਦੇ ਸ਼ਾਹ ਪੁਰੀਏ ਸੱਈਅਦਾਂ ਦੇ ਘਰੇ ਇਕ
ਵਾਰ ਚੋਰੀ ਹੋ ਗਈ।ਟੱਬਰ ਦੇ ਕਈ ਜੀਅ ਦੂਰ-ਨੇੜੇ ਕਿਤੇ ਵਿਆਹ ਸ਼ਾਦੀ ‘ਤੇ ਚਲੇ
ਗਏ,ਮਗਰੋਂ ਕੋਈ ਕੱਪੜੇ ਲੱਤੇ ਅਤੇ ਇਕ ਦੋ ਗਹਿਣਿਆਂ ਸਮੇਤ ਥੋੜ੍ਹੀ ਬਹੁਤ ਨਕਦੀ ਨੂੰ
ਵੀ ਹੱਥ ਮਾਰ ਗਿਆ।ਸਰਕਾਰੇ ਦਰਬਾਰੇ ਵੀ ਚੋਖਾ ਅਸਰ ਰਸੂਖ ਰੱਖਦੇ ਇਸ ਟੱਬਰ
ਵਿਚ ਚੋਰੀ ਦੀ ਖਬਰ ਸੁਣ ਕੇ ਸਾਰੇ ਇਲਾਕੇ ਵਿਚ ਸੁੰਨ ਜਿਹੀ ਪਸਰ ਗਈ ਕਿ ਕਿਹੜਾ
ਮਾਈ ਦਾ ਲਾਲ ਹੋਵੇ ਗਾ ਜਿਸਨੇ ਐਡੀ ਜੁਰ੍ਹਤ ਦਿਖਾਉਂਦਿਆਂ ਇਕ ਤਰਾਂ ਨਾਲ ਹਾਕਮ ਦੇ
ਘਰ ਨੂੰ ਹੀ ਜਾ ਸੰਨ੍ਹ ਲਾਈ ! ਸੱਈਅਦਾਂ ਨੇ ਵੀ ਇਸ ਵਾਰਦਾਤ ਨੂੰ ਆਪਣੇ ਮਾਣ ਮਰਾਤਬੇ ਉੱਤੇ
ਵੱਡੀ ਸੱਟ ਸਮਝਿਆ। ਕਿੱਥੇ ਸਾਰਾ ਇਲਾਕਾ ਉਨ੍ਹਾਂ ਅੱਗੇ ਝੁਕ ਝੁਕ ਸਲਾਮਾਂ ਕਰਦਾ ਸੀ ਤੇ ਕਿੱਥੇ ਕਿਸੇ
ਚੋਰ ਨੇ ਉਨ੍ਹਾਂ ਨੂੰ ਕੱਖੋਂ ਹੌਲ਼ੇ ਕਰ ਛੱਡਿਆ ਸੀ।
          ਉਸ ਦੌਰ ਵਿਚ ਸਾਡੇ ਇਲਾਕੇ ਦਾ ਮੰਨਿਆਂ ਦੰਨਿਆਂ ਜਿਮੀਂਦਾਰ ਰਾਹੋਂ ਵਾਲ਼ਾ ਚੌਧਰੀ ਇੱਜਤ
ਖਾਂਹ ਸੀ, ਜੋ ਇਸ ਸੱਈਅਦ ਪ੍ਰਵਾਰ ਦਾ ਬਹੁਤ ਇਹਤਰਾਮ ਕਰਦਾ ਸੀ। ਦੱਸਦੇ ਨੇ ਉਹ ਚੋਰੀ ਦੀ
ਗੱਲ ਸੁਣਕੇ ਰਾਹੋਂ ਠਾਣੇ ਤੋਂ ਠਾਣੇਦਾਰ ਨੂੰ ਵੀ ਸ਼ਾਹ ਪੁਰ  ਨਾਲ਼ੇ ਲੈ ਆਇਆ। ਇੱਥੋਂ ਮੁੜਨ ਵੇਲੇ ਉਹ
ਠਾਣੇਦਾਰ ਨੂੰ ਸਖਤ ਹਦਾਇਤ ਕਰ ਗਿਆ ਕਿ ਉਹ ਚੋਰ ਲੱਭੇ ਤੋਂ ਹੀ ਵਾਪਸ ਪਰਤੇ ।
        ਲਉ ਜੀ ਹੋ ਗਈ ਪੁਲਸੀਆ ਤਫਤੀਸ਼ ਸ਼ੁਰੂ ! ਪਹਿਲਾਂ ਤਾਂ ਸ਼ਾਹ ਪੁਰ ਪਿੰਡ ਦੇ ਹੀ ਸ਼ੱਕੀ ਜਿਹੇ
ਸਮਝੇ ਜਾਂਦੇ ਬੰਦਿਆਂ ਦੀ ਰੱਜ ਕੇ ਛਿੱਤਰ-ਕੁੱਟ ਹੋਈ। ਕੋਈ ਸੁਰਾਗ ਨਾ ਹੱਥ ਲੱਗਾ। ਫਿਰ ਵਾਰੋ ਵਾਰੀ
ਲਾਗ ਪਾਸ ਦੇ ਪਿੰਡਾਂ ਦੇ ਮਸ਼ਕੂਕ ਬੰਦੇ ਸ਼ਾਹ ਪੁਰ ਦੇ ਪਿੜ ਵਿਚ ਥਾਪੜਨੇ ਸ਼ੁਰੂ ਹੋਏ। ਉਨ੍ਹਾਂ ਦਿਨਾਂ
ਵਿਚ ਸਾਡੇ ਇਲਾਕੇ ਦੇ ਇਕ ਪਿੰਡ ਵਿਚ ਡਾਕੇ-ਚੋਰੀਆਂ ਲਈ ਇਕ ਬਦਨਾਮ ਕਬੀਲਾ ਰਹਿੰਦਾ ਸੀ।
ਕਹਿੰਦੇ ਉਸ ਕਬੀਲੇ ਦੇ ਬੰਦੇ ਜਨਾਨੀਆਂ ਅਤੇ ਗਭਰੇਟ ਮੁੰਡਿਆਂ ਉੱਤੇ ਬਹੁਤ ਤਸ਼ੱਦਦ ਹੋਇਆ, ਪਰ
ਸੱਈਅਦਾਂ ਦੀ ਚੋਰੀ ਦਾ ਕੋਈ ਲੜ-ਸਿਰਾ ਨਾ ਹੱਥ ਲੱਗਿਆ।
             ਠਾਣੇਦਾਰ ਅਤੇ ਉਹਦੇ ਨਾਲ਼ ਦੇ ਦੋ ਚਾਰ ਸਿਪਾਹੀਆਂ ਦਾ ਟਿਕਾਣਾ ਸ਼ਾਹ ਪੁਰ ਦੇ ਸਕੂਲ ਵਿਚ
ਕੀਤਾ ਹੋਇਆ ਸੀ। ਸ਼ੱਕੀਆਂ ਦੀ ਛਿੱਤਰ-ਪ੍ਰੇਡ ਹੁੰਦੀ ਨੂੰ ਜਦ ਤਿੰਨ ਚਾਰ ਦਿਨ ਹੋ ਗਏ ਤਾਂ ਸੂਰਤੇ
ਹਵਾਲ ਦਾ ਪਤਾ ਲੈਣ ਵਾਸਤੇ ਚੌਧਰੀ ਇੱਜਤ ਖਾਂਹ ਫਿਰ ਸ਼ਾਹ ਪੁਰ ਪਹੁੰਚਿਆ। ਨਿਰਾਸ਼ ਹੋਏ ਨੇ
ਠਾਣੇਦਾਰ ਨੂੰ ਸੱਈਅਦਾਂ ਦੇ ਘਰੇ ਬੁਲਾਇਆ ਅਤੇ ਕਿਸੇ ਅਗਲੀ ਰਣਨੀਤੀ ਉੱਤੇ ਵਿਚਾਰ ਹੋਣ ਲੱਗੀ।
ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ। ਸੱਈਅਦਾਂ ਦੇ ਨੌਕਰ-ਚਾਕਰ ਸਾਰੇ ਅਮਲੇ ਫੈਲੇ ਨੂੰ ਰੋਟੀ
ਖਿਲਾਉਣ ਲੱਗ ਪਏ। ਪਾਣੀ ਦਾ ਗਲਾਸ ਲੈ ਕੇ ਆਏ ਇਕ ਨੌਕਰ ਤੋਂ ਪਾਣੀ ਫੜਦਿਆਂ ਠਾਣੇਦਾਰ ਨੇ
ਉਹਦੇ ਵੱਲ ਗਹੁ ਨਾਲ ਦੇਖਿਆ ! ਠਾਣੇਦਾਰ ਨੇ ਸਹਿਵਨ ਹੀ ਘਰ ਦੇ ਇਕ ਬੰਦੇ ਨੂੰ ਪੁੱਛਿਆ ਕਿ ਮੀਆਂ
ਜੀ ਆਹ ਪਾਣੀ ਦਾ ਵਰਤਾਵਾ ਕੌਣ ਹੈ ਤੇ ਕਿੱਥੋਂ ਦਾ ਰਹਿਣ ਵਾਲ਼ਾ ਐ ?
            ਜਿਵੇਂ ਆਪਾਂ ਕਿਸੇ ਬਹੁਤ ਵਿਸ਼ਵਾਸ਼ ਪਾਤਰ  ਜਾਣੂ ਵਿਅਕਤੀ ਬਾਰੇ ਦਿਲ-ਪਸੀਜਵੇਂ ਲਫਜ਼
ਬੋਲ ਕੇ ਭਰੋਸਾ ਪ੍ਰਗਟਾਈ  ਦਾ ਹੈ। ਇਵੇਂ ਠਾਣੇਦਾਰ ਦੇ ਇਸ ਸ਼ੱਕੀ ਜਿਹੇ ਸਵਾਲ ਦੇ ਜਵਾਬ ਵਿਚ
ਸੱਈਅਦ ਬੋਲਿਆ-
        “ਖਾਨ ਸਾਬ੍ਹ, ਇਹ ਤਾਂ ਵਿਚਾਰਾ ਸਾਡੇ ਪਿੰਡ ਦਾ ਸਾਊ ਸ਼ਰੀਫ ਚੌਕੀਦਾਰ ਐ ਜੋ ਸਾਡੀ ਹਵੇਲੀ
ਪਸ਼ੂਆਂ ਨੂੰ ਪੱਠੇ-ਦੱਥੇ ਪਾਉਣ ਦੇ ਨਾਲ਼ ਨਾਲ਼  ਸਾਡੇ ਘਰੇ ਪਾਣੀ ਵੀ ਭਰ ਛੱਡਦਾ ਹੈ। (ਉਦੋਂ ਖੂਹ ਵਿੱਚੋਂ
ਘੜੇ ਭਰ ਭਰ ਘਰੇ ਰੱਖੇ ਜਾਂਦੇ ਸਨ)
          ਕਹਿੰਦੇ ਇਹ ਗੱਲ ਸੁਣਕੇ ਮੁੱਛਾਂ ‘ਤੇ ਹੱਥ ਫੇਰਦਿਆਂ ਠਾਣੇਦਾਰ ਕਹਿੰਦਾ ਕਿ ਮੈਂ ਇਸ ‘ਵਿਚਾਰੇ’
ਨੂੰ ਜਰਾ ਬਾਹਰ ਲੈ ਜਾਨਾ ਵਾਂ ।
        ਰੋਟੀ-ਪਾਣੀ ਖਾਣ ਉਪਰੰਤ ਇੱਜਤ ਖਾਂਹ ਚੌਧਰੀ ਤੇ ਸੱਈਅਦ ਭਰਾ ਹਾਲੇ
ਕੋਈ ਸੋਚ ਵਿਚਾਰ ਹੀ ਕਰ ਰਹੇ ਸਨ ਕਿ ‘ਚੌਕੀਦਾਰ ਵਿਚਾਰੇ’ ਨੂੰ ਧੌਣ ਤੋਂ ਫੜਕੇ ਠਾਣੇਦਾਰ
ਧੂਹ ਕੇ ਅੰਦਰ ਲੈ ਆਇਆ ! ਤਿੰਨ ਚਾਰ ਦਿਨ ਛਿੱਤਰ-ਕੁੱਟ ਹੁੰਦੀ ਤੋਂ ਅੜ੍ਹਾਟ ਪੈਂਦਾ
ਸੁਣਦਾ ਰਿਹਾ ਹੋਣ ਕਰਕੇ ਚੌਕੀਦਾਰ ਨੇ ਪਟੇ ਚਾਰ ਨਾ ਸਹੇ ਕਿ ਡਰਦੇ ਨੇ ਠਾਣੇਦਾਰ ਨੂੰ
ਸਭ ਕੁੱਝ ਦੱਸ ਦਿੱਤਾ ! ਉਸੇ ਵੇਲੇ ਸਿਪਾਹੀਆਂ ਨੂੰ ਉਹਦੇ ਨਾਲ ਘਰੇ ਭੇਜ ਕੇ ਚੋਰੀ ਦਾ
ਸਮਾਨ ਵੀ ਲੈਆਂਦਾ ਗਿਆ ! ਚੌਕੀਦਾਰ ਹੀ ਚੋਰ ਨਿਕਲ਼ਿਆ ਜੋ ਨਿਰਦੋਸ਼ ਲੋਕਾਂ ਦੇ
ਕੁੱਟ ਪੁਆਈ ਗਿਆ !!

tsdupalpuri@yahoo.com
001-408-915-1268

ਬਲੀ ਦਾ ਬੱਕਰਾ ਕੌਣ ਬਣਿਆਂ ? - ਤਰਲੋਚਨ ਸਿੰਘ ‘ਦੁਪਾਲ ਪੁਰ’

ਇਮਾਰਤਸਾਜ਼ੀ ਦੇ ਮਾਹਰਾਂ ਨੇ ਹਾਕਮ ਨੂੰ ਮਨ੍ਹਾਂ ਕੀਤਾ ਕਿ ਬਹੁਤ ਜਿਅਦਾ
ਸੇਮ ਹੋਣ ਕਾਰਨ ਉਹ ਇੱਥੇ ਕੰਧ ਨਾ ਬਣਾਵੇ।ਪਰ ਹਾਕਮ ਨੂੰ ਉਸ ਥਾਂਹ ਕੰਧ
ਦੀ ਉਸਾਰੀ ਕਰਵਾ ਕੇ ਸਿਆਸੀ ਲਾਭ ਹੋਣਾ ਸੀ,ਇਸ ਕਰਕੇ ਉਹ ਟਲ਼ਿਆ ਨਾ !
ਰਾਜ-ਮਦ ਦੇ ਨਸ਼ੇ ਵਿਚ ਚੂਰ ਹੋਏ ਨੇ ਫਟਾ ਫਟ ਕੰਧ ਚਿਣਵਾ ਦਿੱਤੀ।ਪਰ ਉਹੀ
ਹੋਇਆ,ਜਿਸਦਾ ਮਾਹਰਾਂ ਨੂੰ ਖਦਸ਼ਾ ਸੀ।ਕੁੱਝ ਦਿਨਾਂ ਬਾਅਦ ਸੁੱਕੇ ਅੰਬਰ ਹੀ ਕੰਧ
ਡਿਗ ਪਈ।ਨਿਰਾ ਕੰਧ ਡਿਗਣ ਦਾ ਹੀ ਨੁਕਸਾਨ ਨਾ ਹੋਇਆ,ਸਗੋਂ ਲਾਗੇ ਰਸਤਾ
ਹੋਣ ਕਾਰਨ ਮਲ਼ਬੇ ਥੱਲੇ ਆ ਕੇ ਨਗਰ ਦੇ ਦੋ ਬੰਦੇ ਵੀ ਮਾਰੇ ਗਏ!
               ਦੋ ਨਿਰਦੋਸ਼ਾਂ ਦੇ ਮਾਰੇ ਜਾਣ ਕਾਰਨ ਨਗਰ ਵਿਚ ਹਾਹਾ ਕਾਰ ਮਚ
ਗਈ।ਲੋਕਾਂ ਨੇ ਇਕੱਠੇ ਹੋ ਕੇ ਰਾਜੇ ਦਾ ਪਿੱਟ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ।
ਲੋਕਾਂ ਦਾ ਦਿਨ ਪ੍ਰਤੀ ਦਿਨ ਰੋਹ ਵੱਧਦਾ ਜਾਂਦਾ ਦੇਖ ਕੇ ਰਾਜੇ ਨੇ ਐਲਾਨ ਕਰ ਦਿੱਤਾ
ਕਿ ‘ਦੋਸ਼ੀ ਬਖਸ਼ੇ ਨਹੀਂ ਜਾਣ ਗੇ !’ ਜਦ ਤੱਕ ਗੁਨਾਹਗਾਰਾਂ ਨੂੰ ਲੱਭ ਕੇ ਸਜ਼ਾ ਨਹੀਂ
ਦੇ ਦਿੱਤੀ ਜਾਂਦੀ,ਮੈਂ ਚੈਨ ਨਾਲ਼ ਨਹੀਂ ਬੈਠਾਂ ਗਾ।ਉਸ ਨੇ ਆਪਣੇ ਮਾਤਹਿਤ ਰਹੇ
ਇਕ ਅਫਸਰ ਨੂੰ ‘ਪੜਤਾਲੀਆ ਕਮਿਸ਼ਨ’ ਨਿਯੁਕਤ ਕਰ ਦਿੱਤਾ।
               ਇਸ ਕਮਿਸ਼ਨ ਨੇ ਸਿੱਟਾ ਕੱਢਿਆ ਕਿ ਜਿਸ ਠੇਕੇਦਾਰ ਨੂੰ ਕੰਧ ਬਣਾਉਣ
ਦਾ ਠੇਕਾ ਦਿੱਤਾ ਗਿਆ ਸੀ,ਕਸੂਰਵਾਰ ਉਹੀ ਹੈ।ਦੋ ਬੰਦਿਆਂ ਦਾ ਕਾਤਲ ਉਹ ਹੈ।
ਠੇਕੇਦਾਰ ਆਣ ਹਾਜ਼ਰ ਹੋਇਆ।ਉਸ ਨੇ ਕਿਹਾ ਕਿ ਗੁਨਾਹ ਮੇਰਾ ਨਹੀਂ,ਸਗੋਂ ਕੰਧ
ਉਸਾਰਨ ਵਾਲ਼ੇ ਰਾਜ ਮਿਸਤਰੀਆਂ ਦਾ ਹੈ।ਠੇਕੇਦਾਰ ਛੱਡ ਦਿੱਤਾ ਗਿਆ ਤੇ ਰਾਜ
ਮਿਸਤਰੀ ਬੰਨ੍ਹ ਲਿਆਂਦੇ ਗਏ।
           ਹੱਥ ਬੰਨ੍ਹ ਕੇ ਮਿਸਤਰੀ ਕਹਿੰਦੇ ਕਿ ਮਹਾਰਾਜ ਸਾਡਾ ਕੋਈ ਕਸੂਰ ਨਹੀਂ,
ਜਿਹੋ ਜਿਹਾ ਮਸਾਲਾ ਸਾਨੂੰ ਮਜ਼ਦੂਰ ਲਿਆ ਲਿਆ ਫੜਾਈ ਗਏ ਅਸੀਂ ਚਿਣਾਈ
ਕਰੀ ਗਏ।ਸੋ ਤੁਹਾਡੇ ਮੁਲਜ਼ਮ ਮਜ਼ਦੂਰ ਹਨ।ਹੁਣ ਮਜ਼ਦੂਰਾਂ ਦੀ ਸੱਦ-ਪੁੱਛ
ਹੋਈ।ਉਨ੍ਹਾਂ ਨੇ ਹੋਰ ਹੀ ਕਹਾਣੀ ਪਾ ਦਿੱਤੀ ।ਉਹ ਕਹਿੰਦੇ ਕਿ ਜਦ ਅਸੀਂ  ਮਸਾਲਾ
ਵਗੈਰਾ ਰਲ਼ਾ ਰਹੇ ਸਾਂ ਤਦ ਉੱਥੇ ਲਾਗੇ ਹੀ ਮੁਜਰਾ ਹੋ ਰਿਹਾ ਸੀ।ਸਾਡਾ ਸਭ ਦਾ
ਧਿਆਨ ਤਾਂ ਨੱਚ ਰਹੀ ਨ੍ਰਤਕੀ ਦੀ ਸੁੰਦਰਤਾ ਅਤੇ ਉਸ ਦੀਆਂ ਸ਼ੋਖ ਅਦਾਵਾਂ
ਵੱਲ੍ਹ ਹੀ ਲੱਗਾ ਰਿਹਾ!
          ਹੁਣ ਪੜਤਾਲੀ ਕਮਿਸ਼ਨ ਨੇ ਬਾਕੀ ਸਾਰੇ ਬਰੀ ਕਰ ਦਿੱਤੇ ਅਤੇ ਨ੍ਰਤਕੀ
ਦੇ ਸੰਮਨ ਜਾਰ੍ਹੀ ਕਰ ਦਿੱਤੇ।ਦੋਂਹ ਜਣਿਆਂ ਦਾ ਕਤਲ ਉਹਦੇ ਮੱਥੇ ਮੜ੍ਹਦਿਆਂ
ਉਸਨੂੰ ਪੁੱਛਿਆ ਗਿਆ ਕਿ ਜੇ ਤੂੰ ਉਸ ਦਿਨ ਉੱਥੇ ਨਾ ਨੱਚਦੀ ਹੁੰਦੀ ਤਾਂ ਕੰਧ
ਪੱਕੀ ਬਣਦੀ ਅਤੇ ਕਚਿਆਈ ਕਾਰਨ ਦੋ ਬੰਦੇ ਨਾ ਮਰਦੇ।
           ਨ੍ਰਤਕੀ ਨੇ ਜਵਾਬ ਦੇ ਕੇ ਕਹਾਣੀ ਦਾ ਰੁਖ ਹੀ ਮੋੜ ਦਿੱਤਾ।ਆਜਜ਼ੀ ਨਾਲ
ਉਹ ਕਹਿੰਦੀ ਕਿ ਮੈਨੂੰ ਨੱਚਣ ਦਾ ਕੋਈ ਸ਼ੌਕ ਨਹੀਂ ਸੀ ਚੜ੍ਹਿਆ ਹੋਇਆ। ਮੈਂ ਤਾਂ
ਹਾਕਮ ਦੇ ਹੁਕਮ ‘ਤੇ ਹੀ ਨੱਚ ਰਹੀ ਸਾਂ।
          ਬਚਪਨ ਵਿਚ ਜਿਸ ਕਥਾਕਾਰ ਮੂੰਹੋਂ ਮੈਂ ਇਹ ‘ਸਾਖੀ ਪ੍ਰਮਾਣ’ ਸੁਣਿਆਂ
ਹੋਇਆ ਹੈ,ਉਸਨੇ ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਾਲ਼ਾ ਅਖਾਣ ਬੋਲਦਿਆਂ ਗੱਲ
ਇੱਥੇ ਮੁਕਾਈ ਸੀ ਕਿ ਜਦੋਂ ਨ੍ਰਤਕੀ ਦੇ ਬਿਆਨ ਮੁਤਾਬਕ ਗੁਨਾਹ ਦੀ ਸੂਈ
ਹੁਕਮਰਾਨ ਵੱਲ੍ਹ ਨੂੰ ਹੀ ਘੁੰਮਣ ਲੱਗੀ। ਤਾਂ ਉਸਨੇ ਫੌਰਨ ਹਰਕਤ ਵਿੱਚ
ਆਉਂਦਿਆਂ ਅਨੋਖਾ ‘ਨਿਆਂ’ ਕਰ ਦਿੱਤਾ! ਗੁਨਾਹ ਕਬੂਲ ਕਰਦਿਆਂ ਉਸਨੇ
ਇਕ ਧਾਗੇ ਨਾਲ਼ ਆਪਣੀ ਗਰਦਨ ਦੀ ਗੋਲ਼ਾਈ ਨਾਪੀ ਅਤੇ ਨਾਪ ਵਾਲਾ ਉਹ
ਧਾਗਾ ਅਹਿਲਕਾਰਾਂ ਨੂੰ ਫੜਾਉਂਦਿਆਂ ਹੁਕਮ ਕੀਤਾ ਕਿ ਜਿਸ ਵੀ ਕਿਸੇ ਪ੍ਰਦੇਸੀ
ਬੰਦੇ ਦਾ ਗਲ਼ਾ ਮੇਰੇ ਗਲ਼ੇ ਦੇ ਨਾਪ ਜਿੰਨਾਂ ਹੋਵੇ ਉਸਨੂੰ ਫਾਂਸੀ ਦੇ ਦਿਉ !

tsdupalpuri@yahoo.com
001-408-915-1268

ਸਵੈ-ਮਾਣ ਦੇ ਤਿੰਨ ਰੰਗ - ਤਰਲੋਚਨ ਸਿੰਘ 'ਦੁਪਾਲਪੁਰ'

ਅਮਰੀਕਾ ਤੋਂ ਪੰਜਾਬ ਤਾਂ ਭਾਵੇਂ ਮੈਂ ਹਰੇਕ ਸਾਲ ਹੀ ਜਾਂਦਾ ਹਾਂ, ਪਰ ਤੇਰਾਂ ਸਾਲ ਤੋਂ ਕਦੇ ਪਿੰਡ ਰਹਿ ਕੇ ਦੁਸਹਿਰਾ-ਦੀਵਾਲੀ ਦੇ ਤਿਉਹਾਰ ਨਹੀਂ ਸੀ ਦੇਖੇ। ਸੋ ਅਕਤੂਬਰ ਦੇ ਪਹਿਲੇ ਹਫ਼ਤੇ ਮੈਂ ਤੇ ਮੇਰੀ ਪਤਨੀ ਪਿੰਡ ਪਹੁੰਚ ਗਏ। ਸਕੂਲ ਪੜ੍ਹਦੇ ਮੇਰੇ ਪੋਤਰੇ ਨੂੰ ਇੱਕ ਦਿਨ ਖੰਘ-ਜ਼ੁਕਾਮ ਦੇ ਨਾਲ-ਨਾਲ ਥੋੜ੍ਹਾ ਬੁਖਾਰ ਵੀ ਹੋ ਗਿਆ। ਉਸ ਨੂੰ ਦਵਾਈ ਦਿਵਾਉਣ ਲਈ ਜਾਡਲੇ ਜਾਣ ਦੀ ਮੇਰੀ ਡਿਊਟੀ ਲੱਗ ਗਈ। ਪੁਰੀ ਮੈਡੀਕਲ ਸਟੋਰ ਦੇ ਬੈਂਚ ਮਰੀਜ਼ਾਂ ਨਾਲ ਭਰੇ ਪਏ ਸਨ। ਮੈਥੋਂ ਪਹਿਲਾਂ ਪਹੁੰਚੇ ਹੋਏ ਬਹੁਤੇ ਮਰੀਜ਼ਾਂ ਬਾਬਤ ਡਾਕਟਰ ਪੁਰੀ ਦੇ ਮੂੰਹੋਂ ਇੱਕ ਨਵੀਂ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਰੇਡੀਓ-ਕਲਾਕਾਂ ਦੇ ਸੈੱਲ ਮੁੱਕਦੇ ਤਾਂ ਸੁਣੇ ਸਨ, ਇੱਥੇ ਕੀ ਬੱਚੇ ਕੀ ਬੁੱਢੇ, ਸਭ ਮਰੀਜ਼ਾਂ ਨੂੰ ਡਾਕਟਰ ਦੱਸੀ ਜਾ ਰਿਹਾ ਸੀ ਕਿ ਫਲਾਣਿਆਂ ਤੇਰੇ ਐਨੇ ਸੈੱਲ ਘਟ ਗਏ, ਤੇਰੇ ਐਨੇ ਘਟ ਗਏ ਹਨ।
ਵਾਰੀ ਸਿਰ ਮਰੀਜ਼ ਬੈਂਚਾਂ ਤੋਂ ਉੱਠ-ਉੱਠ ਕੇ ਡਾਕਟਰ ਕੋਲੋਂ ਚੈੱਕ-ਅੱਪ ਕਰਵਾਈ ਜਾ ਰਹੇ ਸਨ। ਬੈਂਚ 'ਤੇ ਮੇਰੇ ਨਾਲ ਵਾਲੀ ਖ਼ਾਲੀ ਥਾਂ 'ਤੇ ਪਤੀ-ਪਤਨੀ ਦਾ ਇੱਕ ਜੋੜਾ ਆਪਣੇ ਬੱਚੇ ਨੂੰ ਗੋਦ ਲੈ ਕੇ ਆ ਬੈਠਿਆ। ਮੈਲੇ-ਕੁਚੈਲੇ ਕੱਪੜਿਆਂ ਵਾਲੇ ਸਾਈਕਲ 'ਤੇ ਆਏ ਇਹ ਦੋਵੇਂ ਪੂਰਬੀਏ ਸਨ, ਕਿਉਂਕਿ ਉਹ ਬੁਖਾਰ ਨਾਲ ਵਿਆਕੁਲ ਹੋ ਰਹੇ ਆਪਣੇ ਬੱਚੇ ਨੂੰ ਧਰਵਾਸਾ ਦਿੰਦਿਆਂ ਭਈਆਂ ਵਾਂਗ ਬੋਲ ਰਹੇ ਸਨ। ਥੋੜ੍ਹਾ ਪਰਦਾ ਜਿਹਾ ਕਰ ਕੇ ਉਹ ਜ਼ਨਾਨੀ ਬੱਚੇ ਨੂੰ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦੁੱਖ ਦਾ ਝੰਬਿਆ ਬੱਚਾ ਤਿਲਮਿਲਾ ਰਿਹਾ ਸੀ ਵਿਚਾਰਾ।
ਖੰਘ-ਖੰਘ ਕੇ ਹਫਿਆ ਮੇਰਾ ਪੋਤਰਾ ਵੀ ਭਾਵੇਂ ਮੇਰੇ ਪੱਟ 'ਤੇ ਸਿਰ ਸੁੱਟੀ ਬੈਠਾ ਸੀ, ਪਰ ਮੈਨੂੰ ਉਸ ਗ਼ਰੀਬ ਬੱਚੇ 'ਤੇ ਤਰਸ ਆ ਗਿਆ ਤੇ ਮੈਂ ਸੋਚਿਆ ਕਿ ਆਪਣੀ ਵਾਰੀ ਆਉਣ 'ਤੇ ਪਹਿਲਾਂ ਇਨ੍ਹਾਂ ਨੂੰ ਜਾਣ ਦਿਆਂਗਾ ਡਾਕਟਰ ਕੋਲ। ਦਵਾਈ ਦੇਣ ਤੋਂ ਬਾਅਦ ਡਾਕਟਰ ਨੂੰ ਮਰੀਜ਼ਾਂ ਤੋਂ ਪੈਸੇ ਲੈਂਦਿਆਂ ਦੇਖ ਕੇ ਮੈਂ ਅਨੁਮਾਨ ਲਾਇਆ ਕਿ ਇਹ ਪੰਜਾਹ ਤੋਂ ਢਾਈ-ਤਿੰਨ ਸੌ ਰੁਪਏ ਤੱਕ ਹੀ ਪੈਸੇ ਲੈ ਰਿਹਾ ਹੈ, ਇਸ ਤੋਂ ਵੱਧ ਨਹੀਂ।
ਜਦੋਂ ਮੇਰੀ ਵਾਰੀ ਆਉਣ ਲੱਗੀ ਤਾਂ ਮੈਂ ਖੜੇ ਮਰੀਜ਼ਾਂ ਦਾ ਓਹਲਾ ਜਿਹਾ ਹੋਣ 'ਤੇ ਆਪਣੀ ਜੇਬ 'ਚੋਂ ਪੰਜ ਸੌ ਦਾ ਨੋਟ ਕੱਢ ਕੇ ਉਸ ਗ਼ਰੀਬ ਜੋੜੇ ਵੱਲ ਮੁੱਠੀ ਵਧਾਉਂਦਿਆਂ ਕਿਹਾ ਕਿ ਮੇਰੇ ਸੇ ਪਹਿਲੇ ਆਪ ਦਵਾਈ  ਲੇ ਲੋ। ਕੋਈ ਬਾਤ ਨਹੀਂ ਮੈਂ ਬਾਅਦ ਮੇਂ ਲੇ ਲੂੰਗਾ। ਅਜਿਹਾ ਕਰਦਿਆਂ ਮੈਂ ਸੋਚਿਆ ਸੀ ਕਿ ਉਹ ਦ੍ਰਵੀ ਘਿਗਿਆਈ ਆਵਾਜ਼ ਵਿੱਚ ਆਪਣੇ ਨਿਢਾਲ ਹੋਏ ਬੱਚੇ ਦੀ ਬੀਮਾਰੀ ਬਾਰੇ ਦੱਸ ਕੇ ਮੈਥੋਂ ਪੈਸੇ ਫੜ ਲਏਗਾ, ਪਰ ਉਨ੍ਹਾਂ ਦੋਹਾਂ ਦਾ ਅਨੋਖਾ ਵਿਹਾਰ ਦੇਖ ਕੇ ਮੈਂ ਦੰਗ ਰਹਿ ਗਿਆ।
ਪਹਿਲਾਂ ਉਸ ਬੰਦੇ ਨੇ ਮੇਰੀ ਮੁੱਠ ਨੂੰ ਅਸਵੀਕਾਰ ਕਰਦਿਆਂ ਪੈਸੇ ਫੜਨ ਤੋਂ ਨਾਂਹ ਕਰ ਦਿੱਤੀ। ਜਦੋਂ ਮੈਂ ਉਸ ਦੀ ਤ੍ਰੀਮਤ ਨੂੰ ਪੈਸੇ ਫੜਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਆਪ ਕਾ ਬੱਚਾ ਭੀ ਤੋ ਮੇਰੇ ਬੱਚੇ ਜੈਸਾ ਹੈ, ਇਸ ਕੋ ਤੁਮ ਜੂਸ ਵਗੈਰਾ ਪਿਆ ਦੇਨਾ, ਤਾਂ ਉਹ ਬੰਦਾ ਬਗ਼ੈਰ ਮੇਰਾ ਸ਼ੁਕਰਾਨਾ ਕਰਿਆਂ ਥੋੜ੍ਹਾ ਖਰ੍ਹਵੇ ਜਿਹੇ ਅੰਦਾਜ਼ 'ਚ ਮੇਨੂੰ ਕਹਿੰਦਾ, 'ਸਰਦਾਰ  ਜੀ, ਭਗਵਾਨ ਨੇ ਹਮੇਂ ਹਾਥ ਦੀਏ ਹੂਏ ਹੈਂ, ਔਰ ਹਮ ਕਾਮ ਕਰਤੇ ਹੈਂ, ਆਪ ਸੇ ਪੈਸੇ ਨਹੀਂ ਲੇਂਗੇ ਹਮ।' ਕੋਲ ਖੜੇ ਬਹੁਤੇ ਮਰੀਜ਼ਾਂ ਨੂੰ ਇਸ ਵਾਰਤਾਲਾਪ ਦਾ ਪਤਾ ਲੱਗਣ ਦੇ ਡਰੋਂ ਮੈਂ ਛਿੱਥਾ ਜਿਹਾ ਪੈ ਕੇ ਨੋਟ ਆਪਣੀ ਜੇਬ 'ਚ ਪਾ ਲਿਆ।
ਦੀਵਾਲੀ ਤੋਂ ਦੋ ਕੁ ਦਿਨ ਪਹਿਲਾਂ ਮੈਂ ਤੇ ਮੇਰੀ ਪਤਨੀ ਨਵਾਂ ਸ਼ਹਿਰ ਦੇ ਕੋਠੀ ਰੋਡ ਵਾਲੇ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਦੇ ਫਿਰ ਰਹੇ ਸਾਂ। ਹਾਸੇ-ਭਾਣੇ ਅਸੀਂ ਇਸ ਬਾਜ਼ਾਰ ਦੇ ਉਸ ਖੂੰਜੇ ਚਲੇ ਗਏ, ਜਿੱਥੇ ਹਲਵਾਈ ਦੀ ਇੱਕ ਛੋਟੀ ਜਿਹੀ ਦੁਕਾਨ ਹੁੰਦੀ ਸੀ। ਉਸ ਬਜ਼ੁਰਗ ਹਲਵਾਈ ਦੀਆਂ ਜਲੇਬੀਆਂ ਆਪਣੀ ਮਿਸਾਲ ਆਪ ਹੁੰਦੀਆਂ ਸਨ। ਉੱਥੇ ਪਹੁੰਚ ਕੇ ਅਸੀਂ ਹੈਰਾਨ ਹੋਏ ਕਿ ਹੋਰ ਸਾਰਾ ਆਲਾ-ਦੁਆਲਾ ਤਾਂ ਬਹੁਤ ਬਦਲਿਆ ਹੋਇਆ ਸੀ, ਪਰ ਹਲਵਾਈ ਦੀ ਉਹ ਦੁਕਾਨ ਲੱਗਭੱਗ ਉਸੇ ਰੂਪ ਵਿੱਚ ਮੌਜੂਦ ਸੀ। ਫ਼ਰਕ ਸੀ ਤਾਂ ਬੱਸ ਇਹੀ ਕਿ ਬਜ਼ੁਰਗ ਹਲਵਾਈ ਦੀ ਥਾਂ ਕੋਈ ਨੌਜਵਾਨ ਭੱਠੀ 'ਤੇ ਬੈਠਾ ਸੀ। ਸ਼ੂਗਰ ਹੋਣ ਕਰ ਕੇ ਜਲੇਬੀਆਂ ਖਾਣ ਦੀ ਰੀਝ ਤਾਂ ਦੀਵਾਲੀ ਵਾਲੇ ਦਿਨ ਹੀ ਧੱਕੇ ਨਾਲ ਪੂਰੀ ਕਰਨੀ ਸੀ, ਸੋ ਅੱਜ ਅਸੀਂ ਗਰਮਾ-ਗਰਮ ਸਮੋਸੇ ਖਾਣ ਦਾ ਫ਼ੈਸਲਾ ਕੀਤਾ। ਪਰਵਾਰਕ ਜੀਆਂ ਦੇ ਹਿਸਾਬ ਨਾਲ ਮੈਂ ਹਲਵਾਈ ਨੂੰ ਦਸ ਕੁ ਸਮੋਸੇ ਪੈਕ ਕਰਨ ਲਈ ਕਿਹਾ।
ਐਨ ਇਸ ਮੌਕੇ ਸਾਡੇ ਖੜਿਆਂ ਦੇ ਪਿੱਛੇ ਇੱਕ ਮੰਗਤਾ ਆ ਕੇ ਸਾਥੋਂ ਪੈਸੇ ਮੰਗਣ ਲੱਗਾ। ਹਲਕੇ ਜਿਹੇ ਮੂਡ 'ਚ ਮੈਂ ਉਸ ਨੂੰ ਕਿਹਾ ਕਿ ਪੈਸਿਆਂ ਦਾ ਵੀ ਤੂੰ ਖਾਣ ਲਈ ਕੁਝ ਖ਼ਰੀਦੇਂਗਾ, ਅਸੀਂ ਸਮੋਸੇ ਲਏ ਆ, ਲੈ ਤੂੰ ਵੀ ਸਮੋਸੇ ਛਕ ਲੈ। ਏਨਾ ਕਹਿ ਕੇ ਮੈਂ ਹਲਵਾਈ ਨੂੰ ਇਸ਼ਾਰਾ ਕੀਤਾ ਕਿ ਦੋ-ਤਿੰਨ ਸਮੋਸੇ ਲਿਫ਼ਾਫ਼ੇ 'ਚ ਪਾ ਕੇ ਮੰਗਤੇ ਨੂੰ ਫੜਾ ਦਿਉ। ਜਿਉਂ ਹੀ ਹਲਵਾਈ ਨੇ ਸਮੋਸੇ ਪਾਉਣ ਲਈ ਲਿਫ਼ਾਫ਼ਾ ਚੁੱਕਿਆ, ਉਹ ਮੰਗਤਾ ਬੜੇ ਰੋਹਬ ਜਿਹੇ ਨਾਲ ਮੈਨੂੰ ਕਹਿੰਦਾ, 'ਮੈਂ ਨਹੀਂ ਸਮੋਸੇ ਖਾਣੇ।' ਪਹਿਲੀ ਵਾਰ ਤਾਂ ਉਸ ਨੇ ਹਿੰਦਕੀ ਜਿਹੀ ਬੋਲਦਿਆਂ ਸਾਡੇ ਕੋਲੋਂ ਪੈਸੇ ਮੰਗੇ ਸਨ, ਪਰ ਹੁਣ ਉਹ ਸਿੱਧੀ-ਸਪਾਟ ਪੰਜਾਬੀ 'ਚ ਬੋਲਿਆ, 'ਦੀਵਾਲੀ ਦਾ ਤਿਹਾਰ ਆ, ਆਪ ਤੁਸੀਂ ਖਾਣੀਆਂ ਮਿਠਾਈਆਂ, ਮੈਂ ਖਾਵਾਂ ਸਮੋਸੇ?' ਉਸ ਦੀ ਬੇਬਾਕੀ 'ਤੇ ਉੱਚੀ-ਉੱਚੀ ਹੱਸਦਿਆਂ ਅਸੀਂ ਹਲਵਾਈ ਨੂੰ ਕਿਹਾ ਕਿ ਉਹ ਪਾਈਆ ਕੁ ਬਰਫ਼ੀ ਦੇ ਦੇਵੇ ਉਸ ਨੂੰ। ਹੁਣ ਨਾਂਹ-ਨਾਂਹ ਕਰਦਿਆਂ ਮੰਗਤਾ ਅੱਗੇ ਵਧ ਕੇ ਖ਼ੁਦ ਹੀ ਹਲਵਾਈ ਨੂੰ ਕਹਿੰਦਾ, 'ਬਰਫ਼ੀ ਨ੍ਹੀਂ, ਕਲਾਕੰਦ ਪਾ!'
ਦੀਵਾਲੀ ਵਾਲੇ ਦਿਨ ਇੱਕ ਹੋਰ ਪਰਵਾਸੀ ਮਿੱਤਰ ਸਾਡੇ ਘਰੇ ਡੱਬਾ ਦੇਣ ਆ ਗਿਆ। ਗੱਲਾਂ-ਬਾਤਾਂ ਕਰਦਿਆਂ ਮੈਂ ਉਸ ਨੂੰ ਉਕਤ ਦੋਵੇਂ ਵਾਕਿਆ ਸੁਣਾ ਕੇ ਕਿਹਾ ਕਿ ਅਸੀਂ ਬਾਹਰ ਬੈਠੇ ਸਮਝਦੇ ਰਹਿੰਦੇ ਹਾਂ ਕਿ ਖੌਰੇ ਸਾਰਾ ਪੰਜਾਬ 'ਆਟਾ-ਦਾਲ ਸਕੀਮ' ਦਾ ਦੀਵਾਨਾ ਹੋ ਗਿਆ ਐ, ਪਰ ਨਹੀਂ, ਸਵੈ-ਮਾਣ ਹਾਲੇ ਜਿਉਂਦਾ-ਜਾਗਦਾ ਹੈ, ਮਰਿਆ ਨਹੀਂ। ਮੇਰੀ ਗੱਲ ਦੇ ਜਵਾਬ ਵਿੱਚ ਉਸ ਨੇ ਆਪਣੀ ਇੱਕ ਅਜਿਹੀ ਹੱਡ-ਬੀਤੀ ਸੁਣਾਈ, ਜੋ ਇਸ ਵਿਚਲੇ ਇੱਕ ਪਾਤਰ ਲਈ ਭਾਵੇਂ ਸਵੈ-ਮਾਣ ਦੀ ਲਖਾਇਕ ਹੀ ਹੋਵੇ, ਪਰ ਹੈ ਅਸਲ ਵਿੱਚ ਇਹ 'ਰੱਸੀ ਸੜ ਗਈ, ਪਰ ਵੱਟ ਨਾ ਗਿਆ' ਵਾਲੀ ਕਹਾਵਤ ਦਾ ਰੂਪ!
ਇਸ ਪਰਵਾਸੀ ਮਿੱਤਰ ਦੇ ਪਿੰਡ ਗਲੀ-ਗੁਆਂਢ ਵਿੱਚ ਦੋ ਕੁ ਮਹੀਨਿਆਂ ਲਈ ਇੱਕ ਹੋਰ ਸੱਜਣ ਇੰਗਲੈਂਡੋਂ ਆਇਆ ਹੋਇਆ ਸੀ। ਪਿੰਡ ਦੀ ਹੀ ਇੱਕ ਨੂੰਹ ਨੂੰ ਉਸ ਨੇ ਤਨਖ਼ਾਹ 'ਤੇ ਆਪਣੇ ਘਰੇਲੂ ਕੰਮ-ਕਾਰ ਲਈ ਰੱਖਿਆ ਹੋਇਆ ਸੀ। ਸਾਡੇ ਘਰੇ ਆਏ ਮਿੱਤਰ ਨੇ ਉਸ ਨੂੰਹ ਨੂੰ ਕਿਹਾ ਕਿ ਬੇਟਾ ਸਾਨੂੰ ਵੀ ਕੋਈ ਲੜਕੀ ਦੱਸ, ਜੋ ਸਾਡੇ ਘਰੇ ਰੋਟੀ-ਪਾਣੀ ਕਰ ਤੇ ਝਾੜੂ-ਪੋਚਾ ਲਾ ਦਿਆ ਕਰੇ, ਜਿੰਨਾ ਕੁ ਚਿਰ ਅਸੀਂ ਇੱਥੇ ਰਹਿਣਾ ਹੈ। ਗ਼ਰੀਬ ਪਰਵਾਰ ਦੀ ਉਸ ਬੀਬੀ ਨੇ ਆਪਣੀ ਇੱਕ ਦਰਾਣੀ-ਜਠਾਣੀ ਦੀ ਨਾਂਅ ਲੈ ਕੇ ਕਿਹਾ ਕਿ ਚਾਚਾ ਜੀ, ਉਹ ਮੈਨੂੰ ਪੁੱਛਦੀ ਸੀ ਕਿ ਮੈਨੂੰ ਵੀ ਆਪਣੇ ਵਾਂਗ ਕਿਤੇ ਕੰਮ ਦਿਵਾ ਦੇ। 'ਚਾਚਾ ਜੀ' ਕਹਿੰਦੇ ਕਿ ਪੁੱਛਣਾ-ਪੁਛਾਉਣਾ ਕੀ ਆ ਪੁੱਤ, ਤੂੰ ਅੱਜ ਹੀ ਉਸ ਨੂੰ ਸਾਡੇ ਘਰ ਭੇਜ।
ਇੰਗਲੈਂਡੀਆਂ ਦੇ ਘਰੇ ਕੰਮ ਕਰਦੀ ਨੂੰਹ ਸ਼ਾਮ ਨੂੰ ਮੇਰੇ ਮਿੱਤਰ ਦੇ ਘਰੇ ਆ ਕੇ ਕਹਿੰਦੀ ਕਿ ਚਾਚਾ ਜੀ ਮੇਰੀ ਦਰਾਣੀ ਕਹਿੰਦੀ ਕਿ ਕੋਈ ਹੋਰ ਬਾਹਰੋਂ ਆਇਆ ਹੋਇਆ ਐ ਤਾਂ ਦੱਸ, ਮੈਂ 'ਉਨ੍ਹਾਂ ਦੇ' ਘਰੇ ਨੌਕਰਾਣੀ ਨਹੀਂ ਲੱਗਣਾ। ਉਹ ਮੈਨੂੰ ਕਹਿੰਦੀ ਕਿ ਤੈਨੂੰ ਪਤਾ ਨਹੀਂ, ਸਾਡੀ ਜਾਤ ਉਨ੍ਹਾਂ ਨਾਲੋਂ 'ਉੱਚੀ' ਐ!

# ਸੰਪਰਕ : 001-408-915-1268
5-ਠ਼ਜ; : ਵਤਦਚਬ਼;ਬਚਗਜ0ਖ਼ੀਰਰ.ਫਰਠ