Ustad-Daaman

ਦਿਲ ਦੀ ਬੋਲੀ - ਉਸਤਾਦ ‘ਦਾਮਨ’ (ਚਿਰਾਗ ਦੀਨ)

ਇੱਥੇ ਬੋਲੀ ਪੰਜਾਬੀ  ਹੀ ਬੋਲੀ ਜਾਏਗੀ
ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।
ਏਹਦਾ ਪੁੱਤਰ ਹਾਂ ਏਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਏਹੀ ਛਾਤੀ ਤਣਦੀ ਰਹੇਗੀ
ਏਹਦੇ ਲੱਖ ਹਰੀਫ਼ ਪਏ ਹੋਣ ਪੈਦਾ
ਦਿਨ-ਬ-ਦਿਨ ਏਹਦੀ ਸ਼ਕਲ ਬਣਦੀ ਰਹੇਗੀ
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ ।

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ
ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ
ਗੋਦੀ ਜਿਸਦੀ ਪਲ਼ਕੇ ਜਵਾਨ ਹੋਇਉਂ
ਉਹ ਮਾਂ ਛੱਡ ਦੇ ਤੇ ਗਰਾਂ ਛੱਡਦੇ
ਜੇ ਪੰਜਾਬੀ-ਪੰਜਾਬੀ ਹੀ ਕੂਕਣਾ ਏ,
ਜਿੱਥੇ ਖਲੋਤਾ ਏਂ ਉਹ ਥਾਂ ਛੱਡ ਦੇ
ਮੈਨੂੰ ਇੰਝ ਲੱਗਦਾ ਲੋਕੀ ਆਖਦੇ ਨੇ
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

ਉਰਦੂ ਦਾ ਮੈਂ ਦੋਖੀ ਨਾਹੀਂ ਤੇ
ਦੁਸ਼ਮਣ ਨਹੀਂ ਅੰਗਰੇਜ਼ੀ ਦਾ
ਪੁੱਛਦੇ ਓ ਮੇਰੇ ਦਿਲ ਦੀ ਬੋਲੀ
ਹਾਂ ਜੀ ਹਾਂ, ਪੰਜਾਬੀ ਏ।
ਬੁੱਲ੍ਹਾ ਮਿਲਿਆ ਏਸੇ ਵਿਚ
ਏਸੇ ਵਿਚ ਵਾਰਿਸ ਵੀ,
ਵਾਰਾਂ ਮਿਲੀਆਂ ਏਸੇ ਵਿਚ
ਮੇਰੀ ਮਾਂ ਪੰਜਾਬੀ ਏ
ਏਹਦੇ ਬੋਲ ਕੰਨਾਂ ਵਿਚ ਪੈਂਦੇ
ਦਿਲ ਮੇਰੇ ਦੇ ਵਿਚ ਰਹਿੰਦੇ
ਤਪਦੀਆਂ ਹੋਈਆਂ ਰੇਤਾਂ ਉੱਤੇ
ਇਕ ਠੰਢੀ ਛਾਂ ਪੰਜਾਬੀ ਏ
ਪੁੱਛਦੇ ਓ ਮੇਰੇ ਦਿਲ ਦੀ ਬੋਲੀ
ਹਾਂ ਜੀ ਹਾਂ, ਪੰਜਾਬੀ ਏ।