ਵਿਆਖਿਆ ਅਤੇ ਵਿਆਖਿਆਕਾਰੀ ਦੇ ਯੁਗ ਵਿਚ ਵਿਚਰਦਿਆਂ.... - ਵਿਕਰਮਜੀਤ ਸਿੰਘ ਤਿਹਾੜਾ
ਅਸੀਂ ਜਿਸ ਯੁਗ ਵਿਚ ਰਹਿ ਰਹੇ ਹਾਂ, ਇਸ ਨੂੰ ਵਿਆਖਿਆ ਅਤੇ ਵਿਆਖਿਆਕਾਰੀ ਦਾ ਯੁਗ ਕਿਹਾ ਜਾ ਸਕਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਪ੍ਰਤੀ ਸਹਿਜ ਨਹੀਂ ਹਾਂ। ਸਾਡੀ ਦ੍ਰਿਸ਼ਟੀ ਅਤੇ ਪਹੁੰਚ ਵਿਚ ਆਉਣ ਵਾਲੀ ਹਰ ਵਸਤ, ਵਿਅਕਤੀ, ਘਟਨਾ, ਵਿਸ਼ਾ, ਚਰਚਾ ਆਦਿ ਸਾਡੀ ਵਿਆਖਿਆ ਦਾ ਵਿਸ਼ਾ ਵਸਤੂ ਜ਼ਰੂਰ ਬਣਦੀ ਹੈ। ਇਸ ਵਿਚ ਅਸੀਂ ਆਪਣਾ ਇਕ ਵਿਚਾਰ ਜਾਂ ਵਿਆਖਿਆ ਸਿਰਜਦੇ ਹਾਂ। ਇਸ ਤਰ੍ਹਾਂ ਅਨੇਕ ਵਿਚਾਰ ਅਤੇ ਵਿਆਖਿਆਵਾਂ ਹੋਂਦ ਵਿਚ ਆਉਂਦੀਆਂ ਹਨ। ਹੌਲੀ ਹੌਲੀ ਵਿਆਖਿਆਵਾਂ ਦਾ ਜਾਲ ਏਨਾਂ ਸੰਘਣਾ ਹੋ ਜਾਂਦਾ ਹੈ, ਜਿਸ ਵਿਚੋਂ ਮੂਲ ਘਟਨਾ/ਵਿਚਾਰ/ਮੁੱਦਾ ਮਨਫੀ ਹੋ ਜਾਂਦਾ ਹੈ। ਸਾਡੀ ਜ਼ਿਆਦਾਤਰ ਸ਼ਕਤੀ ਅਤੇ ਸਮਾਂ ਪ੍ਰਸੰਗ ਉਸਾਰਨ ਵਿਚ ਹੀ ਲਗਦਾ ਹੈ। ਇਸ ਤਰ੍ਹਾਂ ਅਸੀਂ ਵਿਆਖਿਆਵਾਂ ਦੇ ਯੁਗ ਵਿਚ ਰਹਿਣੇ ਹਾਂ। ਹਰ ਦੂਜੇ ਵਿਅਕਤੀ ਜਿਸ ਨਾਲ ਸਾਡਾ ਲੰਮਾਂ ਜਾਂ ਥੋੜ੍ਹ-ਚਿਰਾ ਸੰਬੰਧ ਹੋਵੇ, ਉਸ ਪ੍ਰਤੀ ਸਾਡਾ ਇਕ ਵਿਚਾਰ ਜਾਂ ਰਾਇ ਕਾਇਮ ਹੋ ਜਾਂਦੀ ਹੈ, ਜਿਸ ਅਧਾਰ ‘ਤੇ ਹੀ ਅਸੀਂ ਉਸ ਬਾਰੇ ਦਸਦੇ ਜਾਂ ਵਿਆਖਿਆ ਕਰਦੇ ਹਾਂ। ਸਾਡੀ ਜ਼ਿੰਦਗੀ ਦਾ ਛੋਟੇ ਤੋਂ ਛੋਟਾ ਹਿਸਾ ਇਸ ਤੋਂ ਮੁਕਤ ਨਹੀਂ ਹੈ। ਇਹਨਾਂ ਵਿਆਖਿਆਵਾਂ ਨੂੰ ਕੋਈ ਨਾ ਕੋਈ ਸ਼ਕਤੀ ਜਾਂ ਤੰਤਰ ਜ਼ਰੂਰ ਪ੍ਰਭਾਵਿਤ ਕਰਦੀ ਹੈ। ਸਾਡੀ ਆਪਣੀ ਤਬੀਅਤ ਜਾਂ ਸੁਭਾਅ ਵੀ ਇਸ ਵਿਚ ਮਹਤਵਪੂਰਨ ਰੋਲ ਅਦਾ ਕਰਦਾ ਹੈ। ਹਾਲਾਤ, ਸਥਾਨ, ਸਮਾਂ ਆਦਿ ਸਾਡੀ ਗੱਲਬਾਤ ਦਾ ਰੁਖ, ਲਹਿਜਾ, ਕਿਸੇ ਪ੍ਰਤੀ ਦ੍ਰਿਸ਼ਟੀਕੋਣ ਜਾਂ ਵਿਆਖਿਆ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਆਪਣੀ ਲੋੜ ਜਾਂ ਸਥਿਤੀ ਅਨੁਸਾਰ ਸਾਡਾ ਵਿਚਾਰ/ਵਿਆਖਿਆ ਤਬਦੀਲ ਹੁੰਦੀ ਰਹਿੰਦੀ ਹੈ। ਆਪਣੀ ਵਿਆਖਿਆ ਲਈ ਅਸੀਂ ਤੱਥਾਂ ਦੀ ਭਾਲ/ਪੜਤਾਲ/ਘੋਖ ਨਹੀਂ ਕਰਦੇ ਜਾਂ ਬਹੁਤ ਘਟ ਕਰਦੇ ਹਾਂ, ਸਗੋਂ ਦੂਜੇ ਵਿਅਕਤੀ/ਸਾਧਨ/ਮੀਡੀਆ/ਵਹਾਅ ਆਦਿ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਾਇ ਬਣਾ ਲੈਂਦੇ ਹਾਂ।
ਇਹ ਯੁਗ ਉਸ ਦਾ ਹੈ, ਜੋ ਜਲਦੀ ਅਤੇ ਮਜ਼ਬੂਤ ਪ੍ਰਸੰਗ ਦੀ ਉਸਾਰੀ ਕਰਦਾ ਹੈ। ਵਡੀਆਂ ਤਾਕਤਾਂ ਇਸ ਯਤਨ ਵਿਚ ਹੀ ਲਗੀਆਂ ਰਹਿੰਦੀਆਂ ਹਨ। ਇਹਨਾਂ ਸਿਰਜਿਤ ਪ੍ਰਸੰਗਾਂ ਨੂੰ ਹੀ ਲੋਕ ਗ੍ਰਹਿਣ ਕਰਦੇ ਹਨ ਅਤੇ ਆਪਣੀ ਰਾਇ ਘੜਦੇ ਜਾਂ ਉਸਾਰਦੇ ਹਨ। ਇਸ ਤਰ੍ਹਾਂ ਲੋਕ ਰਾਇ ਨੂੰ ਸਿਧੇ ਰੂਪ ਵਿਚ ਮੌਲਿਕ ਨਹੀਂ ਕਿਹਾ ਜਾ ਸਕਦਾ। ਲੋਕ ਰਾਇ ਵਿਆਖਿਆ ਦੇ ਯੁਗ ਵਿਚ ਸਿਰਜੀ ਅਤੇ ਘੜੀ ਜਾਂਦੀ ਹੈ। ਇਸ ਨੂੰ ਵਰਤਿਆ ਅਤੇ ਬਦਲਿਆ ਵੀ ਜਾਂਦਾ ਹੈ। ਕੋਈ ਵੀ ਵਾਪਰੀ ਘਟਨਾ ਬਾਰੇ ਬਿਨ੍ਹਾਂ ਠੋਸ ਜਾਣਕਾਰੀ ਦੇ ਅਸੀਂ ਵੀ ਭੋਲੇ-ਭਾਅ ਆਪਣੀ ਰਾਇ ਬਣਾ ਲੈਂਦੇ ਹਾਂ। ਜਲਦੀ ਹੀ ਵਿਆਖਿਆਵਾਂ ਦਾ ਦੌਰ ਆਰੰਭ ਹੋ ਜਾਂਦਾ ਹੈ। ਕਿਸੇ ਘਟਨਾ/ਵਿਚਾਰ ਨੂੰ ਗਲਤ ਜਾਂ ਸਹੀ ਸਿਧ ਕਰਨਾ ਵਿਆਖਿਆ ਦੀ ਖੇਡ ਹੁੰਦਾ ਹੈ। ਵਿਆਖਿਆ ਦੇ ਕਲਾਕਾਰ ਪ੍ਰਸੰਗ ਉਸਾਰਦੇ ਹਾਂ। ਇਸ ਲਈ ਕਈ ਸੰਦਾਂ (Instruments) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਮੀਡੀਆ ਮੁਖ ਰੋਲ ਨਿਭਾਉਂਦਾ ਹੈ, ਜਿਸ ਦੁਆਰਾ ਆਪਣੀ ਸੰਪੂਰਨ ਸ਼ਕਤੀ ਨਾਲ ਚਰਚਾ ਆਰੰਭ ਕਰ ਦਿਤੀ ਜਾਂਦੀ ਹੈ। ਸਭ ਕੁਝ ਬਣਾਵਟੀ ਢੰਗ ਨਾਲ ਸਿਰਜ ਕੇ ਸਾਡੇ ਅਗੇ ਪਰੋਸਿਆ ਜਾਂਦਾ ਹੈ। ਘਟਨਾ ਪ੍ਰਤੀ ਇਕ ਵਿਚਾਰ ਸਿਰਜ ਦਿਤਾ ਜਾਂਦਾ ਹੈ ਅਤੇ ਇਕ ਵਹਾਅ ਚਲ ਪੈਂਦਾ ਹੈ, ਜਿਸ ਵਿਚ ਸਭ ਡੁਬਕੀ ਲਗਾਉਂਦੇ ਹਨ।
ਅਜਿਹੇ ਮੌਕੇ ਬਹੁਤ ਸਾਰੇ ਮੌਕਾਪ੍ਰਸਤ ਵਿਅਕਤੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਜਿੰਨ੍ਹਾਂ ਦੁਆਰਾ ਘਟਨਾ/ਵਿਚਾਰ ਆਦਿ ਨੂੰ ਹੋਰ ਪਾਸਿਆਂ ਵਲ ਲਿਜਾਇਆ ਜਾਂਦਾ ਹੈ। ਉਹ ਪਖ ਜਿੰਨ੍ਹਾਂ ਦਾ ਘਟਨਾ ਦਾ ਭਾਵਾਂ ਸੰਬੰਧ ਨਾ ਹੀ ਹੋਵੇ ਪਰ ਉਹਨਾਂ ਨੂੰ ਵਿਆਖਿਆ ਵਿਚ ਲਿਆ ਕੇ ਘਟਨਾ/ਵਿਚਾਰ ਆਦਿ ਨਾਲ ਜੋੜ ਦਿਤਾ ਜਾਂਦਾ ਹੈ। ਅਜਿਹੇ ਵਹਾਅ ਵਿਚ ਬਹੁਤ ਸਾਰੇ ਲੋਕ ਆਪਣੀ ਹਾਜ਼ਰੀ ਲਗਵਾਉਣਾ ਜ਼ਰੂਰੀ ਸਮਝਦੇ ਹਨ ਅਤੇ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ। ਸਟੇਟ ਦੁਆਰਾ ਆਪਣੀ ਪੂਰੀ ਸ਼ਕਤੀ ਇਸ ਦਿਸ਼ਾ ਵਿਚ ਹੀ ਲਗਾਈ ਜਾਂਦੀ ਹੈ, ਜਿਸ ਨਾਲ ਆਮ ਜਨ-ਸਧਾਰਨ ਰਾਇ ਨੂੰ ਕਾਬੂ ਵਿਚ ਰਖਿਆ ਜਾ ਸਕੇ। ਇਸ ਲਈ ਸਟੇਟ ਦੀਆਂ ਏਜੰਸੀਆਂ ਕਾਰਜ਼ਸ਼ੀਲ ਰਹਿੰਦੀਆਂ ਹਨ। ਜਦੋਂ ਵੀ ਕੋਈ ਵਿਚਾਰ, ਰਾਇ, ਵਿਅਕਤੀ ਜਾਂ ਸਮੂਹ ਸਟੇਟ ਦੇ ਵਿਰੁਧ ਭੁਗਤਦਾ ਜਾਂ ਆਪਣਾ ਆਧਾਰ ਤਿਆਰ ਕਰਦਾ ਹੈ ਤਾਂ ਉਸ ਦਾ ਦਮਨ ਸਟੇਟ ਦੁਆਰਾ ਹਰ ਹੀਲਾ ਵਰਤ ਕੇ ਕੀਤਾ ਜਾਂਦਾ ਹੈ। ਲੋਕਾਂ ਦੇ ਆਮ ਮਸਲੇ ਅਤੇ ਸੰਘਰਸ਼ ਇਸ ਤਰ੍ਹਾਂ ਵਿਆਖਿਆ ਦੀ ਹਨ੍ਹੇਰ ਗਰਦੀ ਵਿਚ ਗੁਆਚ ਜਾਂਦੇ ਹਨ। ਜਦੋਂ ਲੋਕ ਆਪਣੇ ਹਕੀਕੀ ਮਸਲਿਆਂ ਲਈ ਇਕੱਠੇ ਹੁੰਦੇ ਹਨ ਜਾਂ ਜਥੇਬੰਦਕ ਹੋ ਕੇ ਆਪਣਾ ਬਿਰਤਾਂਤ ਉਸਾਰਦੇ ਹਨ ਤਾਂ ਸਟੇਟ ਦੁਆਰਾ ਨਵੇਂ ਮਸਲਿਆਂ ਨੂੰ ਉਭਾਰ ਕੇ, ਉਹਨਾਂ ਦੇ ਬਿਰਤਾਂਤ ਨੂੰ ਹੌਲਾ ਕਰ ਦਿਤਾ ਜਾਂਦਾ ਹੈ। ਲੋਕ ਸਮੂਹ ਨੂੰ ਨਵੇਂ ਮਸਲੇ ਦੇ ਦਿਤੇ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਦਾ ਸੰਗਠਿਤ ਬਿਰਤਾਂਤ ਖਿੰਡਰ ਜਾਂਦਾ ਹੈ। ਇਸ ਤਰ੍ਹਾਂ ਲੋਕ ਤਾਕਤ ਦਾ ਵਹਾਅ ਵਿਆਖਿਆ ਅਤੇ ਬਿਰਤਾਂਤ ਦੀ ਸਿਰਜ ਕੇ ਮੋੜਿਆ, ਬਦਲਿਆ, ਵਰਤਿਆ ਜਾਂ ਖਤਮ ਕੀਤਾ ਜਾਂਦਾ ਹੈ।
ਇਸ ਪ੍ਰਕਾਰ ਅਸੀਂ ਵਿਆਖਿਆਕਾਰੀ ਦੇ ਯੁਗ ਵਿਚ ਜੀਅ ਰਹੇ ਹਾਂ, ਇਸ ਲਈ ਸਾਡਾ ਸੁਚੇਤ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੁਚੇਤ ਵਿਅਕਤੀ ਹੀ ਅਜਿਹੇ ਯੁਗ ਵਿਚ ਆਪਣੀ ਮੌਲਿਕਤਾ ਨੂੰ ਕਾਇਮ ਰਖ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸੁਚੇਤ ਹੋ ਕੇ ਆਪਣੀ ਮਜ਼ਬੂਤ ਵਿਆਖਿਆ ਸਿਰਜਕੇ ਆਪਣਾ ਬਿਰਤਾਂਤ ਕਾਇਮ ਰਖ ਸਕੀਏ....
ਵਿਕਰਮਜੀਤ ਸਿੰਘ ਤਿਹਾੜਾ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ : +91 98555-34961
ਇਕੀਵੀਂ ਸਦੀ ਵਿਚ ਮਨੁੱਖ - ਵਿਕਰਮਜੀਤ ਸਿੰਘ ਤਿਹਾੜਾ
ਅੱਜ ਅਸੀਂ ਇਕੀਵੀਂ ਸਦੀ ਵਿਚ ਜੀਅ ਰਹੇ ਹਾਂ, ਇਸ ਸਦੀ ਦਾ ਵਰਤਾਰਾ ਕਿਹੋ ਜਿਹਾ ਹੈ, ਇਸ ਬਾਰੇ ਚਰਚਾ ਆਉਣ ਵਾਲੇ ਸਮੇਂ ਵਿਚ ਹੁੰਦੀ ਰਹੇਗੀ। ਮਨੁੱਖ ਅਤੇ ਮਨੁੱਖੀ ਜੀਵਨ ਸ਼ੈਲੀ ਦੀ ਪ੍ਰਵਿਰਤੀ ਅਤੇ ਮਿਆਰ ਸਮੇਂ ਨਾਲ ਬਦਲਦਾ ਰਹਿੰਦਾ ਹੈ। ਸਾਡਾ ਰਹਿਣ-ਸਹਿਣ, ਵਰਤੋ-ਵਿਵਹਾਰ ਅਤੇ ਤਬੀਅਤ ਸਥਿਰ ਨਹੀਂ ਰਹਿੰਦੀ। ਅਜਿਹੇ ਵਿਚ ਮਨੁੱਖ ਦਾ ਬਦਲਣਾ ਸਹਿਜ ਵਰਤਾਰਾ ਲਗਦਾ ਹੈ। ਪਰ ਇਕੀਵੀਂ ਸਦੀ ਵਿਚ ਇਹ ਵਰਤਾਰਾ ਕਿੰਨਾ ਸਹਿਜ ਹੈ, ਇਸ ਨੂੰ ਸਮਝਣ ਦੀ ਲੋੜ ਹੈ।
ਇਕੀਵੀਂ ਸਦੀ ਵਿਚ ਅਸੀਂ ਆਪਣੀ ਜ਼ਿੰਦਗੀ ਦਾ ਸਹਿਜ, ਟਕਾਅ ਅਤੇ ਸੰਤੁਲਨ ਗਵਾ ਚੁੱਕੇ ਹਾਂ। ਬਣਾਵਟੀ ਜੀਵਨ ਸ਼ੈਲੀ ਅਤੇ ਅਸੁੰਤਲਨ ਸੁਭਾਅ ਸਾਡੇ ਜੀਵਨ ਦਾ ਅੰਗ ਬਣ ਚੁੱਕਾ ਹੈ। ਸਧਾਰਣਤਾ ਸਾਨੂੰ ਚੰਗੀ ਨਹੀਂ ਲੱਗਦੀ ਅਤੇ ਉਸ ਨੂੰ ਅਸੀਂ ਗਵਾਰਪੁਣਾ ਜਾਂ ਅਨਪੜ੍ਹਤਾ ਦੀ ਨਿਸ਼ਾਨੀ ਮੰਨਦੇ ਹਾਂ। ਮਨੁੱਖ ਨਵੇਂ ਮਾਪਢੰਡ ਸਿਰਜ ਚੁੱਕਾ ਹੈ। ਜਿੰਨ੍ਹਾਂ ਦੀ ਜਕੜ ਉਸ ਨੂੰ ਸਦਾ ਘੁੱਟੀ ਰਖਦੀ ਹੈ। ਹਰ ਬਦਲਦੇ ਸਥਾਨ ਅਤੇ ਵਿਅਕਤੀ ਸਾਹਮਣੇ ਸਾਨੂੰ ਆਪਣਾ ਕਿਰਦਾਰ ਬਦਲਣਾ ਪੈਂਦਾ ਹੈ। ਮਨੁੱਖ ਬਹੁ-ਪਰਤੀ ਜ਼ਿੰਦਗੀ ਦਾ ਆਦੀ ਹੋ ਗਿਆ ਹੈ। ਉਹ ਹੁਣ ਮਨੁੱਖ ਹੋਣ ਦੀ ਵੀ ਅਦਾਕਾਰੀ ਕਰ ਰਿਹਾ ਹੈ। ਮਨੁੱਖ ਹੋਣ ਲਈ ਵੀ ਕਿੰਨਾ ਕੁਝ ਸਿਖਣਾ ਪੈਂਦਾ ਹੈ ਜੋ ਕਿ ਅਸੀਂ ਬੁਨਿਆਦੀ ਰੂਪ ਵਿਚ ਹਾਂ। ਅਜਿਹੀ ਜ਼ਿੰਦਗੀ ਹੀ ਇਕੀਵੀਂ ਸਦੀ ਦੀ ਦੇਣ ਹੈ। ਜੋ ਕਿ ਪਹਿਲੀਆਂ ਸਦੀਆਂ ਤੋਂ ਬਿਲਕੁਲ ਭਿੰਨ ਹੈ।
ਬਹੁਤ ਕੁਝ ਬਦਲ ਰਿਹਾ ਹੈ। ਸਾਡਾ ਆਲਾ ਦੁਆਲਾ ਅਤੇ ਸਭ ਕੁਝ। ਬਦਲਾਅ ਖਤਰਨਾਕ ਨਹੀਂ ਹੈ ਪਰ ਇਸ ਬਦਲਾਅ ਵਿਚ ਮਨੁੱਖ ਦੀ ਮਨੁੱਖਤਾ ਦਾਅ 'ਤੇ ਲੱਗ ਰਹੀ ਹੈ ਸਮੱਸਿਆ ਇਹ ਹੈ। ਅਜੋਕੀ ਸਦੀ ਇਸ ਲਈ ਹੀ ਭਿੰਨ ਹੈ। ਅਸੀਂ ਪਹਿਲਾਂ ਮਨੁੱਖੀ ਸੁਭਾਅ ਅਤੇ ਬੁਨਿਆਦੀ ਪ੍ਰਵਿਰਤੀ ਨੂੰ ਦੂਸ਼ਿਤ ਕਰਨ ਵਾਲੇ ਕਾਰਜ ਨਹੀਂ ਕੀਤੇ। ਜਿਵੇਂ ਮਨੁੱਖੀ ਇਛਾਵਾਂ ਦੇ ਤਬਾਦਲੇ ਹੋ ਰਹੇ ਹਨ, ਇਹ ਨਵਾਂ ਹੈ। ਮਨੁੱਖ ਆਪਣੇ ਆਪ ਤੋਂ ਅਣਜਾਣ ਹੈ ਭਾਵੇਂ ਕਿ ਉਹ ਵਿਸ਼ਵ ਦੇ ਵਿਸ਼ਾਲ ਗਿਆਨ ਤੱਕ ਪਹੁੰਚ ਰਖਦਾ ਹੈ। ਆਪਸੀ ਸੰਬੰਧਾਂ ਵਿਚਲਾ ਖਲਾਅ ਉਜਾਗਰ ਹੋ ਰਿਹਾ ਹੈ। ਮਨੁੱਖ ਦਾ ਅੰਦਰ ਅੱਜ ਭੜਕ ਚੁੱਕਿਆ ਹੈ ਜੋ ਇਸ ਨੂੰ ਹੈਵਾਨੀਅਤ ਤੱਕ ਲੈ ਕੇ ਜਾਵੇਗਾ। ਇਸ ਦੀ ਆਰੰਭਤਾ ਦੇ ਇਸ਼ਾਰੇ ਮਿਲਣੇ ਆਰੰਭ ਹੋ ਚੁੱਕੇ ਹਨ।
ਮਨੁੱਖਤਾ ਮਰ ਰਹੀ ਹੈ। ਪਿੰਡਾਂ-ਸ਼ਹਿਰਾਂ ਵਿੱਚ ਸੁੰਨ ਪਸਰੀ ਹੋਈ ਹੈ। ਜ਼ਿੰਦਗੀ ਗਾਇਬ ਹੈ। ਮੁਰਦੇ ਚੱਲ ਫਿਰ ਰਹੇ ਹਾਂ। ਜਿੰਨ੍ਹਾਂ ਵਿਚ ਮੁਹੱਬਤ, ਵਿਸ਼ਵਾਸ ਅਤੇ ਭਾਵਨਾ ਦੀ ਸੰਜੀਵਤਾ ਨਹੀਂ ਹੈ। ਜੋ ਇਕ ਮਸ਼ੀਨ ਦੀ ਤਰ੍ਹਾਂ ਹਨ, ਕਿ ਜੋ ਇਨਪੁਟ ਦਿੱਤੀ ਜਾਵੇਗੀ, ਉਹੀ ਆਊਟਪੁਟ ਪ੍ਰਾਪਤੀ ਹੁੰਦੀ ਜਾਵੇਗੀ। ਇਸ ਤਰ੍ਹਾਂ ਮਸ਼ੀਨਰੀ ਕਾਰਜ਼ਸ਼ੀਲ ਹੈ। ਜਿਸ ਵਿਚ ਕੰਮ ਕਰਨ ਦੀ ਦਿਨ ਰਾਤ ਭੱਜ ਦੌੜ ਹੈ। ਉਦੇਸ਼ ਕੰਮ ਹੈ ਹੋਰ ਕੁਝ ਨਹੀਂ। ਆਪਸੀ ਸਾਂਝ ਵੀ ਬਸ ਕੰਮ ਤੱਕ ਸੀਮਿਤ ਹੈ। ਮਸ਼ੀਨ ਇਕ ਨਿਸ਼ਚਿਤ ਕਾਰਜ ਲਈ ਹੀ ਤਾਂ ਹੁੰਦੀ ਹੈ।
ਅਜਿਹੀਆਂ ਗੱਲਾਂ ਭਾਵੇਂ ਸਾਨੂੰ ਕਲਪਣਾ ਲੱਗਣ ਪਰ ਇਹ ਇਕੀਵੀਂ ਸਦੀ ਦੀ ਸੱਚਾਈ ਹੈ। ਅਜਿਹੇ ਪ੍ਰਬੰਧ ਦਾ ਅਸੀਂ ਖੁਦ ਹਿੱਸਾ ਹਾਂ। ਮਨੁੱਖ ਹੋਣਾ ਹੀ ਅਜਿਹੇ ਵਿਚ ਬਹੁਤ ਅਹਿਮ ਹੈ। ਮਨੁੱਖ ਜੋ ਇਕ ਦੂਜੇ ਨਾਲ ਖੜ੍ਹਨ ਵਾਲਾ ਹੋਵੇ। ਜੋ ਕਦਰਾਂ-ਕੀਮਤਾਂ ਦਾ ਧਾਰਨੀ ਹੋਵੇ। ਜੋ ਗਲ਼ਤ ਨੂੰ ਗਲ਼ਤ ਕਹਿਣ ਦਾ ਮਾਦਾ ਰਖਦਾ ਹੋਵੇ। ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਵਾਤਾਵਰਣ ਦੀ ਲੋੜ ਹੈ।
ਅਜੋਕੇ ਮਨੁੱਖ ਨੂੰ ਆਪਣੀ ਜ਼ਿੰਦਗੀ ਜੀਣ ਦੀ ਆਦਤ ਪਾਉਣੀ ਪਵੇਗੀ। ਅਸੀਂ ਦੂਜਿਆਂ ਅਨੁਸਾਰ ਜੀਵਨ ਜੀਣ ਦੀ ਕੋਸ਼ਿਸ਼ ਵਿਚ ਲਗੇ ਰਹਿੰਦੇ ਹਾਂ। ਜਿਸ ਵਿਚ ਸਾਡਾ ਆਪਾ ਗੁਆਚ ਜਾਂਦਾ ਹੈ। ਅਜੋਕਾ ਖਪਤਕਾਰੀ ਯੁੱਗ ਸਾਨੂੰ ਦੂਜੇ ਅਨੁਸਾਰ ਜ਼ਿੰਦਗੀ ਜੀਣ ਲਈ ਉਤਸ਼ਾਹਿਤ ਕਰਦਾ ਹੈ। ਜਿਸ ਵਿਚ ਮੀਡੀਆ ਜਾਂ ਹੋਰ ਕਈ ਵਿਧੀਆਂ ਦਾ ਸਹਾਰਾ ਲੈ ਕੇ ਮਨੁੱਖੀ ਆਦਤਾਂ ਵਿਚ ਪਰਵਰਤਨ ਕੀਤਾ ਜਾਂਦਾ ਹੈ। ਇਹ ਇਕੀਵੀਂ ਸਦੀ ਵਿਚ ਹੀ ਹੋਇਆ ਹੈ ਕਿ ਮਨੁੱਖ ਘਰ ਬੈਠਾ ਹੀ ਦੂਜੇ ਅਨੁਸਾਰ ਕੰਟਰੋਲ ਹੋ ਰਿਹਾ ਹੈ। ਉਸ ਨੂੰ ਕੌਣ ਵਰਤ ਰਿਹਾ ਹੈ ਉਹ ਨਹੀਂ ਜਾਣਦਾ। ਅਸੀਂ ਦੇਖਦੇ ਹਾਂ ਕਿ ਅੱਜ ਸਾਨੂੰ ਫੈਂਸਲੇ ਕਰਨ ਵਿਚ ਵੀ ਔਖ ਹੁੰਦੀ ਹੈ। ਅਸੀਂ ਆਪਣੇ ਆਪ ਲਈ ਚੋਣ ਵਿਚ ਉਲਝ ਜਾਂਦੇ ਹਾਂ। ਇਹਨਾਂ ਕੁਝ ਸਿਰਜ ਦਿੱਤਾ ਗਿਆ ਕਿ ਮੂਲ ਗੁਆਚਾ ਪਿਆ ਹੈ। ਜੋ ਚੀਜ਼ਾਂ ਸਧਾਰਣ ਸਨ ਉਹ ਗੁੰਝਲਦਾਰ ਬਣਾ ਕੇ ਪੇਸ਼ ਕੀਤੀਆਂ ਗਈਆਂ। ਅਜਿਹੀ ਗੁੰਝਲਾਂ ਵਿਚ ਹੀ ਮਨੁੱਖੀ ਜ਼ਿੰਦਗੀ ਉਲਝੀ ਪਈ ਹੈ।
ਇਸ ਲਈ ਲੋੜ ਹੈ ਕਿ ਅਸੀਂ ਸੁਚੇਤ ਹੋਈਏ। ਲੁਪਤ ਹੁੰਦੀ ਜਾ ਰਹੀ ਮਨੁੱਖ ਪ੍ਰਜਾਤੀ ਦੇ ਬਚਾਅ ਲਈ ਸਾਨੂੰ ਧਿਆਨ ਦੇਣਾ ਪਵੇਗਾ। ਨਹੀਂ ਤਾਂ ਮਨੁੱਖ ਖਤਮ ਹੋ ਜਾਵੇਗਾ।
ਵਿਕਰਮਜੀਤ ਸਿੰਘ ਤਿਹਾੜਾ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ ਨੰ:- +91 98555 34961
ਸਾਖੀ ਪੰਜਾਬ ਦੀ ( ਮਨੁੱਖ, ਸਾਖੀ ਅਤੇ ਪੰਜਾਬ ਦੇ ਪ੍ਰਸੰਗ ਵਿਚ) - ਵਿਕਰਮਜੀਤ ਸਿੰਘ ਤਿਹਾੜਾ
ਮਨੁੱਖ ਦੀ ਸਿਖਲਾਈ ਉਸ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ। ਜਿਸ ਵਿਚ ਉਹ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਆਲੇ ਦੁਆਲੇ ਤੋਂ ਸਿੱਖਣਾ ਆਰੰਭ ਕਰ ਦਿੰਦਾ ਹੈ। ਇਸ ਤਰ੍ਹਾਂ ਬੋਲ-ਚਾਲ ਦਾ ਹੁਨਰ, ਤਹਿਜ਼ੀਬ ਅਤੇ ਜ਼ਿੰਦਗੀ ਨੂੰ ਜੀਣ ਤੇ ਸਮਝਣ ਦੇ ਢੰਗ ਅਤੇ ਵਿਧੀਆਂ ਉਹ ਸਹਿਜ ਭਾਵੀ ਸਿੱਖਦਾ ਰਹਿੰਦਾ ਹੈ। ਇਹ ਸਿਖਲਾਈ ਹੀ ਉਸ ਦੀ ਬੁਨਿਆਦ ਬਣਦੀ ਹੈ। ਜਿਸ ਨਾਲ ਉਸ ਦੀ ਤਬੀਅਤ, ਆਚਰਨ, ਸੁਭਾਅ, ਵਿਵਹਾਰ ਅਤੇ ਆਦਤਾਂ ਸਥਾਪਿਤ ਹੁੰਦੀਆਂ ਹਨ। ਅਜਿਹੇ ਵਿਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਬਚਪਨ ਸਮੇਂ ਅਤੇ ਪਰਵਰਿਸ਼ ਵੱਲ ਵਿਸ਼ੇਸ਼ ਧਿਆਨ ਦਈਏ। ਇਸ ਲਈ ਮਾਤਾ-ਪਿਤਾ ਨੂੰ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ। ਮਾਤਾ-ਪਿਤਾ ਦਾ ਇਹ ਮੁੱਢਲਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚੇ ਦੀ ਪਰਵਰਿਸ਼ ਵੱਲ ਧਿਆਨ ਦਿੰਦੇ ਹੋਏ, ਉਸ ਦੇ ਬਹੁ-ਪੱਖੀ ਵਿਕਾਸ ਵੱਲ ਧਿਆਨ ਦਿੰਦੇ ਰਹਿਣ। ਇਸ ਸੰਬੰਧੀ ਬਹੁਤ ਸਾਰੀਆਂ ਵਿਧੀਆਂ ਹਨ ਜਿਵੇਂ ਬੱਚਿਆਂ ਨਾਲ ਗੱਲ-ਬਾਤ ਦੁਆਰਾ, ਉਹਨਾਂ ਨਾਲ ਸਮਾਂ ਬਿਤਾ ਕੇ, ਕੁਝ ਖੇਡ ਖੇਡਣ ਨਾਲ, ਉਹਨਾਂ ਨੂੰ ਨਾਲ ਲੈ ਕੇ ਕੁਝ ਕੰਮ-ਕਾਜ ਕਰਨ ਨਾਲ, ਘਰ ਤੋਂ ਬਾਹਰ ਕਿਸੇ ਸਮਾਜਿਕ ਸਥਾਨ 'ਤੇ ਨਾਲ ਲੈ ਕੇ ਜਾਣਾ, ਸਮਾਜ ਦੇ ਵਿਧਾਨ ਨੂੰ ਦਿਖਾਉਣਾ ਅਤੇ ਕਥਾ-ਕਹਾਣੀਆਂ, ਇਤਿਹਾਸ ਅਤੇ ਸਾਖੀਆਂ ਸੁਣਾਉਣੀਆਂ ਆਦਿ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਅਤੇ ਢੰਗ ਹੋ ਸਕਦੇ ਹਨ। ਇਹਨਾਂ ਵਿੱਚ ਸਾਖੀ ਪਰੰਪਰਾ ਦਾ ਮਨੁੱਖੀ ਸੱਭਿਅਤਾ ਅਤੇ ਵਿਕਾਸ ਵਿਚ ਅਹਿਮ ਸਥਾਨ ਹੈ।
ਸਾਖੀ ਪਰੰਪਰਾ ਦੁਨੀਆਂ ਦੇ ਹਰ ਖਿੱਤੇ, ਸੱਭਿਆਚਾਰ ਅਤੇ ਲੋਕ ਸਮੂਹ ਦਾ ਅਹਿਮ ਅੰਗ ਰਹੀ ਹੈ। ਜਿਸ ਨੇ ਦੁਨੀਆਂ ਦੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਕੀਮਤਾਂ ਆਦਿ ਨੂੰ ਆਪਣੇ ਵਿਚ ਸਮੋਈ ਰੱਖਿਆ ਅਤੇ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਇਆ। ਮਨੁੱਖ ਦੀ ਅਗਲੀ ਪੀੜੀ ਸਾਖੀਆਂ ਤੋਂ ਬਹੁਤ ਕੁਝ ਗ੍ਰਹਿਣ ਕਰਦੀ ਹੈ। ਕੁਦਰਤੀ ਵਰਤਾਰਿਆਂ ਬਾਰੇ ਜਾਣਨ ਦੀ ਭਾਵਨਾ ਵਿਚੋਂ ਵੀ ਕਹਾਣੀਆਂ ਸਿਰਜੀਆਂ ਗਈਆਂ। ਇਹਨਾਂ ਕਹਾਣੀਆਂ ਰਾਹੀਂ ਬਹੁਤ ਕੁਝ ਸਹਿਜੇ ਹੀ ਕਹਿ ਲਿਆ ਜਾਂਦਾ। ਅਫਰੀਕਾ ਦੇ ਪ੍ਰਾਚੀਨ ਕਬੀਲਿਆਂ ਵਿਚ ਇਹ ਪਰੰਪਰਾ ਰਹੀ ਹੈ ਕਿ ਬੱਚਿਆਂ ਦੀ ਸਿਖਲਾਈ ਸਾਖੀ ਪਰੰਪਰਾ ਦੁਆਰਾ ਕੀਤੀ ਜਾਂਦੀ। ਇਹਨਾਂ ਸਾਖੀਆਂ ਤੋਂ ਹੀ ਬੱਚੇ ਆਪਣੇ ਧਰਮ, ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ ਵਿਧਾਨ ਬਾਰੇ ਜਾਣਦੇ। ਜਦ ਉਹ ਆਪਣੇ ਪੁਰਖਿਆਂ ਦੀਆਂ ਸਾਖੀਆਂ ਸੁਣਦੇ ਤਾਂ ਇਹ ਸਾਖੀਆਂ ਉਹਨਾਂ ਨੂੰ ਬਹਾਦਰ ਬਣਾ ਦਿੰਦੀਆਂ। ਉਹਨਾਂ ਨੂੰ ਜ਼ਿੰਦਗੀ ਵਿੱਚ ਜੂਝਨ ਅਤੇ ਸੰਘਰਸ਼ ਕਰਨ ਦਾ ਹੁਨਰ ਦਿੰਦੀਆਂ।
ਕਥਾ-ਕਹਾਣੀਆਂ ਅਤੇ ਸਾਖੀ ਦਾ ਸਰੋਤ ਇਤਿਹਾਸ, ਮਿਥਿਹਾਸ ਜਾਂ ਗਲਪ ਜੋ ਕੁਝ ਵੀ ਹੋ ਸਕਦਾ ਹੈ। ਲੋਕ ਕਥਾਵਾਂ ਅਤੇ ਗਪਲ ਕਲਪਨਾ ਨੂੰ ਸਿਖਰ 'ਤੇ ਲੈ ਜਾਂਦੀਆਂ ਅਤੇ ਇਤਿਹਾਸ ਜ਼ਮੀਨੀ ਹਕੀਕਤ ਅਤੇ ਵਰਤਾਰਿਆਂ ਦੀ ਸੱਚਾਈ ਸਹਿਜੇ ਹੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸਾਖੀ ਪਰੰਪਰਾ ਦਾ ਅਹਿਮ ਭੂਮਿਕਾ ਹੁੰਦੀ ਹੈ। ਪੰਜਾਬ ਦੇ ਸੱਭਿਆਚਾਰ ਵਿੱਚ ਸਾਖੀ ਪਰੰਪਰਾ ਦਾ ਮੱਹਤਵਪੂਰਨ ਰੋਲ ਰਿਹਾ ਹੈ। ਮਾਂ ਤੋਂ ਕਹਾਣੀਆਂ ਸੁਣਨ ਦਾ ਚਾਅ, ਦਾਦੀ-ਦਾਦੇ ਤੋਂ ਇਤਿਹਾਸ ਦੀਆਂ ਸਾਖੀਆਂ ਸੁਣਨ ਦਾ ਉਤਸ਼ਾਹ ਹੀ ਪੰਜਾਬ ਦੀ ਨਵੀਂ ਪੀੜੀ ਨੂੰ ਜ਼ਰਖੇਜ਼, ਬਹਾਦਰ ਅਤੇ ਸੱਭਿਅਕ ਬਣਾਉਂਦਾ ਰਿਹਾ ਹੈ। ਹਰ ਪੰਜਾਬੀ ਇਸ ਨਾਲ ਬਚਪਨ ਵਿਚ ਕਦਰਾਂ-ਕੀਮਤਾਂ ਨੂੰ ਧਾਰਨ ਕਰ ਜਾਂਦਾ ਹੈ। ਅਬਦਾਲੀ ਦੀ ਕਥਾ ਸੁਣ ਬਚਪਨ ਵਿੱਚ ਹੀ ਹਰ ਪੰਜਾਬੀ ਦਾ ਅੰਦਰ ਤਿਆਰ ਹੋ ਜਾਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਹੀ ਮੁਹਿੰਮਾਂ ਹੁੰਦੀਆਂ ਨੇ। ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ, ਖ਼ਾਲਸਿਆਂ ਦੇ ਜੂਝਾਰੂ ਕਾਰਨਾਮੇ, ਸਾਹਿਬਜਾਂਦਿਆਂ ਦੇ ਸਾਕੇ ਅਤੇ ਖ਼ਾਲਸਾ ਰਾਜ ਦੇ ਹਾਲ ਨੂੰ ਸੁਣ ਕੇ ਹਰ ਪੰਜਾਬੀ ਪ੍ਰਭੂਸੱਤਾ, ਜੀਵਨ-ਦਰਸ਼ਨ ਦੇ ਅਮਲਾਂ ਅਤੇ ਵਰਤਾਰਿਆਂ ਨੂੰ ਸਹਿਜੇ ਹੀ ਸਮਝ ਜਾਂਦਾ ਹੈ। ਇਸ ਦੇ ਨਾਲ ਹੀ ਗੁਰਾਂ ਦਾ ਪੰਜਾਬ ਮੌਲਦਾ ਰਹਿੰਦਾ ਹੈ। ਅਨੇਕਾਂ ਝਖੜਾਂ ਦੇ ਝੁਲਣ ਅਤੇ ਹਨ੍ਹੇਰੀਆਂ ਦੇ ਵਗਣ ਦੇ ਬਾਵਜੂਦ ਵੀ ਪੰਜਾਬ ਦੀ ਜੋਤਿ ਜਮਗਾਉਂਦੀ ਰਹੀ ਹੈ। ਪੰਜਾਬੀਆਂ ਦੇ ਦਿਲ ਦਰਿਆ ਬਣੇ ਰਹੇ। ਸਰਬੱਤ ਦੇ ਭਲੇ ਦਾ ਅਵਾਜ਼ਾਂ ਹਰ ਰੂਹ ਵਿਚੋਂ ਆਉਂਦਾ ਰਿਹਾ। ਇਹ ਕਰਾਮਾਤ ਸਾਖੀਆਂ ਦੀ ਹੀ ਸੀ। ਜਿੰਨ੍ਹਾਂ ਨੂੰ ਬਚਪਨ 'ਚ ਸੁਣਿਆ ਸੀ ਅਤੇ ਬਾਅਦ ਵਿਚ ਜ਼ਿੰਦਗੀ ਵਿਚੋਂ ਬੋਲਦੀਆਂ ਰਹੀਆਂ। ਕਿਰਦਾਰ, ਵਿਵਹਾਰ ਅਤੇ ਪੰਜਾਬੀ ਸੱਭਿਆਚਾਰ ਵਿਚੋਂ ਸਾਖੀਆਂ ਹੀ ਬੋਲਦੀਆਂ ਹਨ।
ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਖੀ ਪਰੰਪਰਾ ਦੀ ਮਹਾਨਤਾ ਕੀ ਹੈ। ਇਸ ਲਈ ਮਾਪਿਆਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦੇਣ। ਅਜੋਕੇ ਯੁੱਗ ਦਾ ਦੁਖਾਂਤ ਇਹੀ ਹੈ ਕਿ ਕਿਹਾ ਤਾਂ ਇਹ ਜਾਂਦਾ ਹੈ ਕਿ ਵਿਸ਼ਵੀਕਰਨ ਨਾਲ ਦੁਨੀਆਂ ਸੁੰਗੜ ਕੇ ਛੋਟੀ ਹੋ ਗਈ ਹੈ ਪਰ ਮਨੁੱਖੀ ਦੂਰੀਆਂ ਹੋਰ ਵੱਧ ਗਈਆਂ ਹਨ। ਅਜੋਕੇ ਵਰਤਾਰਿਆਂ ਵਿਚ ਅਸੀਂ ਇਹਨਾਂ ਉਲਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਅਤੇ ਆਪਣੇ ਬੱਚਿਆਂ ਲਈ ਸਮਾਂ ਨਹੀਂ ਹੈ। ਸਾਡੇ ਜ਼ਿਹਨ ਵਿਚ ਸਾਖੀਆਂ ਦੀ ਥਾਂ ਚਿੰਤਾ, ਡਰ ਅਤੇ ਸਹਿਮ ਨੇ ਲੈ ਲਈ ਹੈ। ਹਰ ਆਉਣ ਵਾਲੇ ਕੱਲ੍ਹ ਲਈ ਅਸੀਂ ਡਰ ਨਾਲ ਭਰੇ ਹੋਏ ਹਾਂ। ਅਜਿਹੇ ਵਿਚ ਅਸੀਂ ਏਨਾ ਉਲਝੇ ਪਏ ਹਾਂ ਕਿ ਅਸੀਂ ਆਪਣੇ ਬੱਚਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ। ਜੇ ਘੜੀ ਪਲ ਬੈਠਣ ਦਾ ਸਮਾਂ ਮਿਲਦਾ ਵੀ ਹੈ ਤਾਂ ਸਾਡੇ ਕੋਲ ਕਹਿਣ ਲਈ ਕੁਝ ਨਹੀਂ। ਫਿਰ ਟੀ.ਵੀ. ਜਾਂ ਮੋਬਾਇਲ ਸਾਡਾ ਸਹਾਰਾ ਬਣ ਜਾਂਦਾ ਹੈ। ਬੱਚਿਆਂ ਨੂੰ ਮੋਬਾਇਲ ਜਾਂ ਟੀ.ਵੀ. 'ਤੇ ਕੁਝ ਦਿਖਾ ਕੇ ਜਾਂ ਬਣਾਵਟੀ ਖੇਡਾਂ ਖਿਡਾ ਕੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਹੁਤ ਵੱਡੀਆਂ ਸਮੱਸਿਆ ਹੈ। ਅਸੀਂ ਮਸ਼ੀਨਾਂ ਦਾ ਨਿਰਮਾਣ ਕਰ ਰਹੇ ਹਾਂ। ਜਿੰਨ੍ਹਾਂ ਨੇ ਵੱਡੀ ਮਸ਼ੀਨਰੀ ਵਿੱਚ ਫਿਟ ਹੋ ਕੇ ਬਸ ਜਿੰਦਗੀ ਕੱਟਣੀ ਹੈ ਜਾਂ ਕਹਿ ਲਉ ਜੂਨ ਭੋਗਣੀ ਹੈ। ਜ਼ਿੰਦਗੀ ਦੇ ਅਰਥ ਉਹਨਾਂ ਨੂੰ ਸੁੱਖ-ਸਹੂਲਤ ਨੂੰ ਹਾਸਿਲ ਕਰਨਾ ਤੱਕ ਹੀ ਉਹ ਸਮਝ ਆਉਂਦੇ ਹਨ। ਇਸੇ ਲਈ ਹੀ ਰਿਸ਼ਤੇ-ਨਾਤਿਆਂ, ਪਿਆਰ-ਮੁਹੱਬਤ ਅਤੇ ਭਰੋਸ਼ੇ-ਵਿਸ਼ਵਾਸ਼ ਦੇ ਅਰਥ ਗੁਆਚ ਜਾਂਦੇ ਹਨ। ਫਿਰ ਅਸੀਂ ਪੁਰਾਣੇ ਸੱਭਿਆਚਾਰ ਦੀ ਪੱਵਿਤਰਤਾ ਅਤੇ ਨਿਰੋਲਤਾ ਦੀਆਂ ਗੱਲਾਂ ਕਰਨ ਜੋਗੇ ਹੀ ਰਹਿ ਜਾਂਦੇ ਹਾਂ। ਪੰਜਾਬ ਦੀ ਹਕੀਕਤ ਅਤੇ ਤਬੀਬਤ ਸਿਰਫ ਬਾਤਾਂ ਵਿਚ ਹੀ ਰਹਿ ਜਾਂਦੀ ਹੈ। ਇਸ ਦਾ ਇਕੋ ਇਕ ਕਾਰਨ ਹੈ ਕਿ ਪੰਜਾਬ ਦੀਆਂ ਗੱਲਾਂ ਨਹੀਂ ਕਰ ਨਾ ਸਕੇ। ਸਾਡੇ ਕੋਲ ਪੰਜਾਬ ਦੀ ਸਾਖੀ ਛੇੜਨ ਜੋਗਾ ਸਮਾਂ ਨਹੀਂ ਸੀ। ਅਸੀਂ ਪੰਜਾਬ ਨੂੰ ਮਨੋ ਵਿਸਾਰ ਦਿੱਤਾ। ਇਸੇ ਲਈ ਅਸੀਂ ਛੇਕੇ ਗਏ। ਅਸੀਂ ਖਾਲੀ ਅਤੇ ਸਹਿਮ ਭਰੀ ਜ਼ਿੰਦਗੀ ਜਿਉਂ ਰਹੇ ਹਾਂ।
ਸਾਨੂੰ ਆਪਣੇ ਆਪ ਨੁੰ ਬਦਲਣ ਦੀ ਲੋੜ ਹੈ। ਲੋੜ ਹੈ ਕਿ ਪੰਜਾਬ ਦੀਆਂ ਬਾਤਾਂ ਪਾਈਆਂ ਜਾਣ। ਹਰ ਘਰ ਵਿੱਚ ਗੁਰੂ ਕੀਆਂ ਸਾਖੀਆਂ ਦੀ ਆਵਾਜ਼ ਆਏ। ਸਾਡੇ ਅਗਲੀ ਪੀੜ੍ਹੀ ਪੰਜਾਬੀਅਤ ਦੇ ਕਿਰਦਾਰ ਤੋਂ ਜਾਣੂ ਹੋਵੇ। ਅਸੀਂ ਗੱਲਾਂ ਕਰੀਏ... ਗੱਲਾਂ ਵਿੱਚ ਸਾਡੇ ਪੁਰਖੇ ਹਾਜ਼ਰ ਹੋਣ। ਉਹਨਾਂ ਦੀ ਅਗਵਾਈ ਵਿਚ ਹੀ ਅਸੀਂ ਪੰਜਾਬ ਦੀ ਮਹਾਨ ਸੱਭਿਅਤਾ ਤੋਂ ਜਾਣੂ ਹੋ ਸਕਦੇ ਹਾਂ। ਉਹਨਾਂ ਦੀ ਗੱਲਾਂ ਕਰਦੇ ਹੋਏ, ਸਾਨੂੰ ਪੰਜਾਬੀਅਤ ਦਾ ਨੂਰਾਨੀ ਨੂਰ ਹਾਸਿਲ ਹੋਵੇਗਾ। ਸਾਡੇ ਮੁਰਝਾਏ ਹੋਏ ਚਿਹਰੇ ਫਿਰ ਤੋਂ ਰੋਸ਼ਨ ਹੋ ਜਾਣਗੇ। ਸਾਡੀਆਂ ਅਗਲੀਆਂ ਪੀੜ੍ਹੀਆਂ ਫਿਰ ਇਤਿਹਾਸ ਸਿਰਜਕ ਹੋ ਨਿਬੜਗੀਆਂ।
ਪੰਜਾਬ ਦੀ ਮਹਿਕ ਪੂਰੇ ਵਿਸ਼ਵ ਨੂੰ ਸੁਗੰਧਤ ਕਰ ਦੇਵੇਗੀ। ਇਹ ਗੁਰਾਂ ਦੇ ਪੰਜਾਬ ਦੀ ਵਡਿਆਈ ਹੈ। ਇਹ ਹੀ ਪ੍ਰੋ. ਪੂਰਨ ਸਿੰਘ ਦਾ ਪੰਜਾਬ ਹੋਵੇਗਾ। ਜਿਸ ਵਿਚ ਆਤਮ ਹੱਤਿਆ, ਧੋਖੇ ਅਤੇ ਵਿਸ਼ਵਾਸ਼ਘਾਤ ਲਈ ਕੋਈ ਥਾਂ ਨਹੀਂ ਹੋਵੇਗੀ। ਉਸ ਪੰਜਾਬ ਦੇ ਪਾਂਧੀ ਬਣੀਏ...ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀੰਂ ਕਿ ਕੋਈ ਨਾਇਕ ਆਵੇਗਾ ਤੇ ਫਿਰ ਤੁਰਾਂਗੇ। ਆਪਣਾ ਸਫਰ ਆਰੰਭ ਕਰੀਏ... ਸਾਡੇ ਪੁਰਖੇ ਸਾਡੇ ਅਗਵਾਈ ਕਰਨਗੇ...ਉਹ ਸਾਡੇ ਹਰ ਕਦਮ ਦੇ ਨਾਲ ਹਨ...ਉਹਨਾਂ ਦੀ ਸਾਖੀ ਕਹਿੰਦੇ-ਸੁਣਦੇ ਹੋਏ ਚੱਲਦੇ ਚੱਲੀਏ....।
ਵਿਕਰਮਜੀਤ ਸਿੰਘ ਤਿਹਾੜਾ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ ਨੰ:- +91 98555 34961
ਕਿਸਾਨ ਸੰਘਰਸ਼ : ਉੱਥਾਨ, ਪ੍ਰਾਪਤੀ ਅਤੇ ਭੱਵਿਖ - ਵਿਕਰਮਜੀਤ ਸਿੰਘ ਤਿਹਾੜਾ
ਮਨੁੱਖ ਦੀ ਹੋਂਦ ਨਾਲ ਹੀ ਕਿਸਾਨੀ ਜੁੜੀ ਹੋਈ ਹੈ। ਆਦਿ ਮਨੁੱਖ ਆਪਣੀਆਂ ਲੋੜਾਂ ਲਈ ਸਿੱਧੇ ਰੂਪ ਵਿੱਚ ਕੁਦਰਤ 'ਤੇ ਨਿਰਭਰ ਸੀ। ਸਮੇਂ ਦੇ ਨਾਲ ਸਥਾਪਿਤ ਖੇਤੀ ਹੋਂਦ ਵਿੱਚ ਆਈ ਅਤੇ ਇਸ ਦੇ ਨਾਲ ਹੀ ਸਥਾਪਿਤ ਸਭਿਆਚਾਰ ਅਤੇ ਪ੍ਰਬੰਧ ਹੋਂਦ ਵਿੱਚ ਆਏ। ਬਹੁਤ ਸਾਰੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। ਮਨੁੱਖ ਤਰੱਕੀ ਕਰਦਾ ਗਿਆ ਅਤੇ ਅੱਜ ਦੇ ਮਹਾਂਨਗਰਾਂ ਅਤੇ ਵਿਸ਼ਵੀਕਰਨ ਦੇ ਯੁੱਗ ਵਿੱਚ ਅੱਪੜ ਗਿਆ। ਇਸ ਸਮੁੱਚੇ ਵਿਕਾਸ ਦਾ ਆਧਾਰ ਉਤਪਾਦਕ ਵਰਗ ਹੀ ਰਿਹਾ। ਜਿਸ ਵਿੱਚ ਕਿਸਾਨ ਅਤੇ ਮਜ਼ਦੂਰ ਜੋ ਮਿੱਟੀ ਨਾਲ ਜੁੜੇ ਹੁੰਦੇ ਅਤੇ ਮਿੱਟੀ ਦੇ ਨਾਲ ਮਿੱਟੀ ਹੁੰਦੇ ਹਨ ਸ਼ਾਮਿਲ ਹਨ। ਸਾਡੇ ਮਹਾਂਨਗਰਾਂ ਦੀ ਉੱਚੀਆਂ ਉੱਚੀਆਂ ਬਹੁ-ਮੰਜ਼ਲੀ ਇਮਾਰਤਾਂ, ਇਹਨਾਂ ਕਿਰਤੀਆਂ ਦੇ ਮੋਢਿਆਂ 'ਤੇ ਹੀ ਟਿਕਦੀਆਂ ਹਨ। ਬਹੁ-ਦੇਸ਼ੀ ਕੰਪਨੀਆਂ ਅਤੇ ਵਪਾਰ ਹਮੇਸ਼ਾਂ ਹੀ ਇਸੇ ਵਰਗ 'ਤੇ ਨਿਰਭਰ ਕਰਦਾ ਹੈ। ਇਹ ਵਰਗ ਹੀ ਕੱਚੇ ਮਾਲ ਦੇ ਉਤਪਾਦਨ ਅਤੇ ਸਿਰਜਣਾ ਵਿੱਚ ਮੱਹਤਵਪੂਰਨ ਰੋਲ ਨਿਭਾਉਂਦਾ ਹੈ। ਪਰ ਇਹ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਇਸ ਵਰਗ ਨੂੰ ਹਮੇਸ਼ਾ ਹੀ ਲਿਤਾੜਿਆ ਜਾਂਦਾ ਰਿਹਾ ਹੈ ਅਤੇ ਇਸ ਵਰਗ ਨੂੰ ਹਮੇਸ਼ਾਂ ਹੀ ਆਪਣੀਆਂ ਬੁਨਿਆਦੀ ਲੋੜਾਂ ਲਈ ਘੋਲ ਅਤੇ ਸੰਘਰਸ਼ ਕਰਨਾ ਪੈਂਦਾ ਰਿਹਾ ਹੈ।
ਅਜੋਕੇ ਕਿਸਾਨੀ ਸੰਘਰਸ਼ ਨੂੰ ਵੀ ਇਸੇ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ। ਅੱਜ ਕਿਸਾਨ ਸੰਘਰਸ਼ ਆਪਣੇ ਸਿਖਰ 'ਤੇ ਹੈ। ਇਸ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅਤੇ ਮਜ਼ਦੂਰ ਨੂੰ ਲਤਾੜਿਆ ਜਾਂਦਾ ਰਿਹਾ ਹੈ। ਹਰ ਸਾਲ ਹਜ਼ਾਰਾਂ ਇਸੇ ਵਰਗ ਦੇ ਲੋਕ ਖੁਦਕੁਸ਼ੀਆਂ ਦਾ ਰਾਹ ਚੁਣਦੇ ਹਨ। ਭਾਰਤ ਦੇ ਵਿੱਚ ਪਿਛਲੇ ਸਮੇਂ ਕਈ ਛੋਟੀਆਂ ਛੋਟੀਆਂ ਲਹਿਰਾਂ ਉੱਠੀਆਂ, ਜਿੰਨ੍ਹਾਂ ਵਿੱਚ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਹੁੰਦੀ ਰਹੀ। ਪਰ ਉਹਨਾਂ ਵਿੱਚ ਪ੍ਰਾਪਤੀ ਕੁਝ ਵੀ ਨਾ ਹੋ ਸਕੀ। ਸਟੇਟ ਟੱਸ ਤੋਂ ਮੱਸ ਨਾ ਹੋਈ। ਸਟੇਟ ਦੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਅਜਿਹੇ ਸੰਬੰਧਿਤ ਹਨ ਕਿ ਜਿਸ ਵਿੱਚ ਲੋਕ ਹਿੱਤਾਂ ਲਈ ਕੋਈ ਥਾਂ ਨਹੀਂ ਰਹਿੰਦੀ। ਸਟੇਟ ਦੇ ਫੈਂਸਲੇ ਵੀ ਉਹਨਾਂ ਵੱਡੇ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ। ਭਾਰਤ ਦੀ ਮੌਜੂਦਾ ਸਰਕਾਰ ਦੁਆਰਾ ਅਜਿਹਾ ਵਤੀਰਾ ਧਾਰਨ ਕੀਤਾ ਜਾਂਦਾ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਆਵਾਜ਼ਾਂ ਨੂੰ ਦਬਾ ਦਿੱਤਾ ਗਿਆ। ਕੇਂਦਰ ਸਰਕਾਰ ਨੇ ਬੜੇ ਸਾਹਸ ਨਾਲ ਲੜੀ-ਵਾਰ ਵੱਡੇ ਫੈਂਸਲੇ ਕੀਤੇ ਅਤੇ ਆਪਣੀ ਜਿੱਤ ਤੇ ਜੇਤੂ ਅੰਦਾਜ਼ ਵਿੱਚ ਬਹੁਤ ਸਾਰੀਆਂ ਲੋਕ ਆਵਾਜ਼ਾਂ ਨੂੰ ਕੁਚਲਿਆ। ਇਸ ਤਰ੍ਹਾਂ ਸਟੇਟ ਦਾ ਆਪਣੇ ਆਪ ਨੂੰ ਜੇਤੂ ਘੋਸ਼ਿਸ਼ ਕਰਨਾ ਅਤੇ ਕਦੇ ਨਾ ਜਿੱਤੀ ਜਾ ਸਕਣ ਵਾਲੀ ਤਾਕਤ ਦੇ ਰੂਪ ਵਿੱਚ ਪ੍ਰਭਾਸ਼ਿਤ ਕਰਨਾ ਲੋਕਤੰਤਰ ਲਈ ਬਹੁਤ ਖਤਰਨਾਕ ਹੁੰਦਾ ਹੈ। ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਆਵਾਜ਼ ਗੁੰਮ ਹੋ ਜਾਂਦੀ ਹੈ ਅਤੇ ਸਮਾਜਿਕ-ਰਾਜਨੀਤਿਕ ਖੇਤਰ ਵਿੱਚ ਡਰ ਅਤੇ ਖਿੱਚੋ-ਤਾਣ ਪਸਰ ਜਾਂਦੀ ਹੈ।
ਇਸੇ ਲੜੀ ਦੇ ਤਹਿਤ ਹੀ ਅਜੋਕੇ ਕਿਸਾਨ ਸੰਘਰਸ਼ ਦਾ ਕਾਰਨ ਖੇਤੀ ਨਾਲ ਸੰਬੰਧਿਤ ਕੇਂਦਰ ਸਰਕਾਰ ਵੱਲੋਂ ਬਿਲ ਪਾਸ ਕੀਤੇ ਗਏ। ਆਰੰਭ ਵਿੱਚ ਭਾਵੇਂ ਕੋਈ ਬਹੁਤਾਂ ਉਭਾਰ ਨਹੀਂ ਸੀ, ਪਰ ਬਗਾਵਤੀ ਸੁਰ ਇਸ ਪ੍ਰਤੀ ਪਸਰਨ ਲੱਗੀ। ਪੰਜਾਬ ਜਲਦੀ ਹੀ ਇਸ ਸੰਘਰਸ਼ ਦਾ ਕੇਂਦਰ ਬਣ ਲਿਆ। ਪੰਜਾਬ ਦੇ ਲੋਕ ਸਟੇਟ ਦੇ ਇਸ ਫੈਂਸਲੇ ਵਿਰੁੱਧ ਸੜਕਾਂ 'ਤੇ ਆ ਗਏ। ਧਰਨਿਆਂ, ਰੋਸ ਮਜ਼ਾਰਿਆਂ ਅਤੇ ਮੋਰਚਿਆਂ ਦਾ ਦੌਰ ਆਰੰਭ ਹੋ ਗਿਆ। ਪਰ ਕੇਂਦਰ ਸਰਕਾਰ ਦਾ ਜੇਤੂ ਸੁਰ ਅਜੇ ਉਸੇ ਤਰ੍ਹਾਂ ਕਾਇਮ ਸੀ। ਸਰਕਾਰ ਨੇ ਇਸ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਕੀਤੀ। ਅਜੇ ਸੰਘਰਸ਼ ਦਾ ਖੇਤਰ ਪੰਜਾਬ ਤੱਕ ਹੀ ਸੀਮਿਤ ਸੀ। ਸ਼ਾਇਦ ਇਸ ਕਰ ਕੇ ਹੀ ਕੇਂਦਰ ਸਰਕਾਰ ਦੇ ਰੁੱਖ ਵਿੱਚ ਕੋਈ ਬਦਲਾਅ ਨਾ ਆਇਆ। ਪੰਜਾਬ ਦਾ ਇਹ ਸੰਘਰਸ਼ ਲੰਮੇ ਰਾਹਾਂ ਵੱਲ ਵਧ ਰਿਹਾ ਸੀ। ਕਿਸਾਨ ਜੱਥੇਬੰਦੀਆਂ ਇਸ ਸੰਬੰਧੀ ਫੈਂਸਲੇ ਲੈ ਰਹੀਆਂ ਸਨ। ਇਸ ਲ਼ੜੀ ਵਿੱਚ ਹੀ 'ਦਿੱਲੀ ਚਲੋ' ਮੁਹਿੰਮ ਦਾ ਵੱਡਾ ਫੈਂਸਲਾ ਲਿਆ ਗਿਆ। ਜਦੋਂ ਇਸ ਸੰਬੰਧੀ ਨਿਰਣਾ ਲਿਆ ਗਿਆ ਤਾਂ ਕਿਸੇ ਵੀ ਆਗੂ ਦੁਆਰਾ ਐਸਾ ਸੋਚਿਆ ਵੀ ਨਹੀਂ ਗਿਆ ਹੋਵੇਗਾ ਕਿ ਅੰਦੋਲਨ ਅਜਿਹੇ ਪੱਧਰ 'ਤੇ ਚਲਾ ਜਾਵੇਗਾ। ਪੰਜਾਬ ਦੇ ਲੋਕਾਂ ਨੇ ਇਸ ਮੁਹਿੰਮ ਲਈ ਆਪਣੇ ਕਮਰ-ਕੱਸੇ ਕੱਸ ਲਏ। ਪਿੰਡਾਂ ਵਿੱਚ ਇਸ ਸੰਬੰਧੀ ਜਾਗਰਤੀ ਮਾਰਚ ਕੱਢੇ ਗਏ। ਇਸ ਮੁਹਿੰਮ ਲਈ ਪੂਰਾ ਪੰਜਾਬ ਪੱਬਾਂ ਭਾਰ ਹੋ ਗਿਆ। ਲੰਮੇ ਮੋਰਚੇ ਲਈ ਪੂਰਾ ਬੰਦੋਬਸਤ ਹੋ ਰਿਹਾ ਸੀ। ਪਰ ਇਸ ਸਮੇਂ ਤੱਕ ਵੀ ਕੇਂਦਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਸੀ। ਸਰਕਾਰ ਨੇ ਹਰਿਆਣੇ ਦੀ ਸਰਕਾਰ ਨਾਲ ਵਿਉਂਤ ਬਣਾ ਲਈ ਕਿ ਸੰਭੂ ਬਾਰਡਰ ਹੀ ਨਹੀਂ ਟੱਪਣ ਦਿੱਤਾ ਜਾਏਗਾ। ਖੱਟਰ ਸਰਕਾਰ ਦੁਆਰਾ ਬਿਆਨ ਵੀ ਜ਼ਾਰੀ ਕਰ ਦਿੱਤਾ ਗਿਆ ਕਿ ਪੂਰੀ ਸਖਤੀ ਵਰਤੀ ਜਾਏਗੀ। ਪੂਰੀ ਤਰ੍ਹਾਂ ਰੋਕਣ ਲਈ ਬੈਰੀਗੇਟ, ਕੰਡਆਲੀਆਂ-ਤਾਰਾਂ, ਹਾਈਵੇ ਨੂੰ ਪੁੱਟਣਾ ਅਤੇ ਪੁਲਿਸ ਬਲ ਦਾ ਸਖਤ ਘੇਰਾ ਪੰਜਾਬੀਆਂ ਦੇ ਸਵਾਗਤ ਲਈ ਤਿਆਰ ਸੀ। ਕਿਸਾਨ ਜਥੇਬੰਦੀਆਂ ਨੇ ਫੈਂਸਲਾ ਲਿਆ ਕਿ ਅਸੀਂ ਜਿੱਥੇ ਸਾਨੂੰ ਰੋਕਿਆਂ ਜਾਵੇਗਾ, ਉੱਥੇ ਰੁੱਕ ਹੀ ਪੱਕਾ ਧਰਨਾ ਦੇਵਾਂਗੇ। ਆਖਿਰ ਦਿੱਲੀ ਕੂਚ ਆਰੰਭ ਹੋਇਆ। ਸਵਾਗਤ ਦੀ ਪੂਰੀ ਤਿਆਰੀ ਸੀ ਅਤੇ ਨੌਜਾਵਨਾਂ ਦੇ ਜੋਸ਼ ਅੱਗੇ ਕੋਈ ਰੋਕਾਂ ਨਾ ਟਿਕ ਸਕੀਆਂ। ਕਈ ਕਿਸਾਨ ਜੱਥੇਬੰਦੀਆਂ ਨੇ ਠਹਿਰਣ ਨੂੰ ਤਰਜ਼ੀਹ ਦਿੱਤੀ ਪਰ ਨੌਜਵਾਨਾਂ ਦੇ ਜੋਸ਼ ਨੇ ਲੋਕ ਸ਼ਕਤੀ ਨੂੰ ਜਨਮ ਦਿੱਤਾ। ਜਿਸ ਦੇ ਫੈਂਸਲੇ ਵੀ ਲੋਕਾਂ ਦੁਆਰਾ ਕੀਤੇ ਗਏ। ਜੰਗ ਲੋਕਾਂ ਦੀ ਹੋ ਗਈ ਅਤੇ ਇਸ ਲੋਕ ਸ਼ਕਤੀ ਦਾ ਹੀ ਨਤੀਜਾ ਹੈ, ਕਿਸਾਨ ਸੰਘਰਸ਼ ਅਜੋਕੇ ਪੱਧਰ 'ਤੇ ਪਹੁੰਚ ਸਕਿਆ। ਦਿੱਲੀ ਨੂੰ ਕਿਸਾਨਾਂ ਦੁਆਰਾ ਘੇਰਾ ਪਾ ਲਿਆ ਗਿਆ। ਕਿਸਾਨ ਸੰਘਰਸ਼ ਵਿੱਚ ਲੋਕਾਂ ਦੇ ਅੰਦੋਲਨ ਦਾ ਸਾਥ ਦੇਣ ਅਤੇ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਹਰ ਵਰਗ ਅਤੇ ਸੂਬੇ ਦੇ ਸਧਾਰਣ ਲੋਕਾਂ ਸ਼ਾਮਿਲ ਹੋਣ ਲੱਗੇ। ਸੰਘਰਸ਼ ਹੁਣ ਪੰਜਾਬ ਦਾ ਨਾ ਰਹਿ ਕੇ ਪੂਰੇ ਭਾਰਤ ਦਾ ਬਣ ਗਿਆ। ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਵਿਰੋਧੀ ਧਿਰ ਦੀ ਸ਼ਾਜਿਸ਼ ਜਾਂ 'ਖਾਲਿਸਤਾਨ' ਨਾਲ ਜੋੜ ਕੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੀ। ਕਿਸਾਨ ਸੰਘਰਸ਼ ਪ੍ਰਚੰਡ ਹੁੰਦਾ ਗਿਆ ਅਤੇ ਅੱਜ ਆਪਣੇ ਸਿਖਰ 'ਤੇ ਹੈ।
ਕਿਸਾਨ ਸੰਘਰਸ਼ ਦਾ ਫੈਂਸਲਾ ਜੋ ਵੀ ਹੋਵੇ, ਇਹ ਸਮਾਂ ਦੱਸ ਦਏਗਾ। ਪਰ ਇਸ ਦੀ ਪ੍ਰਾਪਤੀ ਬਹੁਤ ਵੱਡੀ ਹੈ। ਇਸ ਸੰਘਰਸ਼ ਨੇ ਮੋਦੀ ਸਰਕਾਰ ਦੇ ਜੇਤੂ ਅੰਦਾਜ਼ ਨੂੰ ਭੰਨ ਦਿੱਤਾ ਹੈ। ਉਹ ਸਰਕਾਰ ਜਿਸ ਦੇ ਫੈਂਸਲਿਆਂ ਨੂੰ ਚੁਣੌਤੀ ਦੇਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ, ਉਸ ਨੂੰ ਅੱਜ ਵਿਸ਼ਵ ਭਰ ਵਿੱਚ ਹਰ ਕੋਈ ਸਵਾਲ ਪੁੱਛ ਰਿਹਾ ਹੈ। ਸੂਬਿਆਂ ਨੇ ਖੋਹੀਆਂ ਜਾ ਰਹੀਆਂ ਆਪਣੀਆਂ ਤਾਕਤਾਂ ਦੀ ਪ੍ਰਾਪਤੀ ਬਾਰੇ ਸੋਚਿਆ ਹੈ। ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਹੋਇਆ ਹੈ ਅਤੇ ਇਹ ਸਿਧ ਹੋ ਗਿਆ ਹੈ ਕਿ ਅੱਜ ਵੀ ਇਨਕਲਾਬ ਲਿਆਂਦੇ ਜਾ ਸਕਦੇ ਹਨ। ਨੌਜਵਾਨ ਵਰਗ ਨੇ ਇਸ ਸੰਘਰਸ਼ ਵਿੱਚ ਬਹਾਦਰੀ ਅਤੇ ਸਮਝਦਾਰੀ ਵਿਖਾ ਕੇ ਸਿਧ ਕਰਦਾ ਦਿੱਤਾ ਹੈ ਕਿ ਸਾਡਾ ਭੱਵਿਖ ਸਹੀ ਹੱਥਾਂ ਵਿੱਚ ਜਾ ਰਿਹਾ ਹੈ। ਸਥਾਪਿਤ ਲੀਡਰਸ਼ਿਪ ਦੀ ਇਸ ਸੰਘਰਸ਼ ਵਿੱਚੋਂ ਗੈਰ-ਹਾਜ਼ਰੀ ਰਹੀ, ਜਿਸ ਨਾਲ ਸਪੱਸ਼ਟ ਹੋ ਗਿਆ ਕਿ ਅਸੀਂ ਆਪਣੀ ਜੰਗ ਆਪ ਵੀ ਲੜ ਸਕਦੇ ਹਾਂ। ਆਪਣੇ ਮਸਲਿਆਂ ਲਈ ਲੋਕ ਆਪ ਜੂਝੇ ਅਤੇ ਲੀਡਰਸ਼ਿਪ 'ਤੇ ਹੁਣ ਹਮੇਸ਼ਾ ਸਵਾਲ ਉੱਠੇਗਾ ਕਿ ਉਹਨਾਂ ਦਾ ਫਰਜ਼ ਅਤੇ ਜ਼ਿੰਮੇਵਾਰੀ ਕੀ ਹੈ? ਲੋਕਾਂ ਵਿੱਚ ਭਾਈਚਾਰਿਕ ਸਾਂਝ ਸਥਾਪਿਤ ਹੋਈ, ਹੋਰ ਸੂਬਿਆਂ ਦੇ ਲੋਕ ਵੀ ਪੰਜਾਬ ਨੂੰ ਆਪਣਾ ਭਰਾ ਮੰਨਣ ਲੱਗੇ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਲੋਕ ਆਪਸੀ ਸਾਂਝਾਂ ਨੂੰ ਸਦਾ ਪਾਲਦੇ ਹਨ, ਭ੍ਰਿਸ਼ਟ ਸਿਆਸਤ ਹੀ ਉਹਨਾਂ ਨੂੰ ਤੋੜਦੀ ਹੈ। ਲੋਕ ਸ਼ਕਤੀ ਵਿੱਚ ਹਮੇਸ਼ਾਂ ਹੀ ਵੱਧ ਤਾਕਤ ਹੁੰਦੀ ਹੈ ਅਤੇ ਉਸ ਅੱਗੇ ਕੋਈ ਰੁਕਾਵਟ ਟਿਕ ਨਹੀਂ ਸਕਦੀ। ਲੋਕ ਆਪਣੀ ਸ਼ਕਤੀ ਨੂੰ ਪਹਿਚਾਣ ਕੇ ਹੀ ਲੋਕ-ਰਾਜ ਸਥਾਪਿਤ ਕਰ ਸਕਦੇ, ਜਿਸ ਦੀ ਸਥਾਪਤੀ ਲਈ ਮੁੱਢਲਾ ਕਦਮ ਉਠਾਇਆ ਜਾ ਚੁੱਕਾ ਹੈ।
ਵਿਸ਼ਵ ਵਿਆਪੀ ਪੱਧਰ 'ਤੇ ਕਈ ਦੇਸ਼ਾਂ ਦੇ ਨੁਮਾਇੰਦਿਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ। ਭਾਰਤ ਦੀ ਅਜੋਕੀ ਸਥਿਤੀ ਬਾਰੇ ਚਰਚਾ ਆਰੰਭ ਹੋਈ ਹੈ। ਵਿਦੇਸ਼ਾਂ ਵਿੱਚ ਵਸੇ ਭਾਰਤ ਮੂਲ਼ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰ ਕੇ ਸਿਧ ਕਰ ਦਿੱਤਾ ਕਿ ਉਹ ਅਜੇ ਵੀ ਆਪਣੀ ਮਿੱਟੀ ਨਾਲ ਜੁੜੇ ਹਨ। ਕਿਸਾਨੀ ਦਾ ਮੁੱਦਾ ਪੂਰੇ ਵਿਸ਼ਵ ਦਾ ਹੈ ਅਤੇ ਇਹ ਸੰਘਰਸ਼ ਹਰ ਕਿਸਾਨ ਅਤੇ ਮਜ਼ਦੂਰ ਦਾ ਹੈ। ਜੇਕਰ ਕਿਸਾਨ ਸੰਘਰਸ਼ ਆਲਮੀ ਪੱਧਰ 'ਤੇ ਪਸਰ ਗਿਆ (ਜਿਸ ਵੱਲ ਇਹ ਵੱਧ ਰਿਹਾ ਹੈ) ਤਾਂ ਬਹੁਤ ਵੱਡਾ ਇਨਕਲਾਬ ਆਉਣ ਦੀ ਸੰਭਾਵਨਾ ਹੈ। ਪੂਰੀ ਦੁਨੀਆਂ ਦੇ ਲੋਕਾਂ ਦੀ ਇਕਜੁਟਤਾ ਨਵੇਂ ਸਮਾਜ ਅਤੇ ਪ੍ਰਬੰਧ ਦੀ ਸਥਾਪਨਾ ਵੱਲ ਮੁੱਢਲਾ ਕਦਮ ਹੋਵੇਗੀ। ਜਦੋਂ ਮਨੁੱਖ ਦੇ ਬੁਨਿਆਦੀ ਮਸਲਿਆਂ ਨੂੰ ਵਿਸ਼ਵ ਦੇ ਪ੍ਰਸੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਉਸ ਦੇ ਹੱਲ ਲਈ ਵੀ ਅਜਿਹੀ ਵਿਧੀ ਅਪਣਾਈ ਜਾਵੇਗੀ। ਇਸ ਅੰਦੋਲਨ ਦਾ ਸਿਹਰਾ ਸਦਾ ਗੁਰਾਂ ਦੇ ਪੰਜਾਬ ਨੂੰ ਹੀ ਜਾਵੇਗਾ, ਜਿਸ ਦੇ ਸੂਰਬੀਰ ਯੋਧਿਆਂ ਨੇ ਇਸ ਮਹਾਨ ਅੰਦੋਲਨ ਨੂੰ ਜਨਮ ਦੇ ਕੇ ਇਤਿਹਾਸ ਨੂੰ ਸਿਰਜਿਆ।
ਇਸ ਲਈ ਇਹ ਮੱਹਤਵਪੂਰਨ ਲੋੜ ਹੈ ਕਿ ਕਿਸਾਨ ਸੰਘਰਸ਼ ਇਕ ਸੁਲਝੇ ਪ੍ਰਬੰਧ ਅਤੇ ਵਿਉਂਤ ਨਾਲ ਹਰ ਕਦਮ ਨੂੰ ਉਠਾਂਉਂਦਾ ਹੋਇਆ ਅੱਗੇ ਵਧੇ। ਆਸ ਹੈ ਕਿ ਲੋਕਾਂ ਦੀ ਜਿੱਤ ਜ਼ਰੂਰ ਹੋਵੇਗੀ....ਲੋਕ ਸੰਘਰਸ਼ ਜ਼ਿੰਦਾਬਾਦ...।
ਵਿਕਰਮਜੀਤ ਸਿੰਘ ਤਿਹਾੜਾ
ਅਸਿਸਟੈਂਟ ਪ੍ਰੋ., ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼,
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ
ਸੰਪਰਕ ਨੰ:- +91 98555 34961
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਸਨਮੁਖ ਅਜੋਕਾ ਯੁੱਗ - ਵਿਕਰਮਜੀਤ ਸਿੰਘ ਤਿਹਾੜਾ
ਧਰਮ ਅਤੇ ਮਨੁੱਖ ਦਾ ਆਪਸ ਵਿੱਚ ਅਨਿੱਖੜਵਾ ਸੰਬੰਧ ਹੈ। ਧਰਮ ਦਾ ਪ੍ਰਭਾਵ ਮਨੁੱਖੀ ਰਹਿਣ ਸਹਿਣ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਮਨੁੱਖ ਦੇ ਰੋਜ਼ਾਨਾ ਕਾਰ-ਵਿਹਾਰ, ਸੋਚ-ਸਮਝ ਅਤੇ ਪ੍ਰਵਿਰਤੀ ਵਿੱਚ ਧਰਮ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਇਕ ਵਿਸ਼ੇਸ਼ ਮਨੁੱਖੀ ਜੀਵਨ ਜਾਚ ਹੋਂਦ ਵਿੱਚ ਆਉਂਦੀ ਹੈ, ਜਿਸ ਅਨੁਸਾਰ ਮਨੁੱਖੀ ਪੀੜ੍ਹੀਆਂ ਆਪਣਾ ਜੀਵਨ ਬਤੀਤ ਕਰਦੀਆਂ ਹਨ। ਇਹੀ ਜੀਵਨ ਜਾਚ ਮਨੁੱਖ ਲਈ ਆਦਰਸ਼ ਹੁੰਦੀ ਹੈ। ਜੀਵਨ-ਜਾਚ ਵਿੱਚ ਸਮੇਂ ਸਮੇਂ ਬਦਲਾਅ ਆਉਂਦੇ ਰਹਿੰਦੇ ਹਨ। ਮਹਾਨ ਕ੍ਰਾਂਤੀਕਾਰੀ ਯੁੱਗ ਪੁਰਸ਼ ਸਮਾਜ ਵਿੱਚ ਸਥਾਪਿਤ ਜੀਵਨ ਢੰਗ ਨੂੰ ਕਈ ਵਾਰ ਚੈਲਿੰਜ ਕਰਦੇ ਹਨ ਅਤੇ ਉਹ ਸਥਾਪਿਤ ਫੋਕਟ ਕਰਮ ਕਾਂਡਾਂ ਅਤੇ ਪਰੰਪਰਾਵਾਂ ਨੂੰ ਵੰਗਾਰਦੇ ਹਨ ਜੋ ਮਨੁੱਖੀ ਜੀਵਨ ਜਾਚ ਦਾ ਅੰਗ ਬਣ ਚੁੱਕੀਆ ਹੁੰਦੀਆਂ ਹਨ। ਇਹ ਮਨੁੱਖ ਗਲ ਪਏ ਇਕ ਰੱਸੇ ਦੀ ਤਰ੍ਹਾਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਮਨੁੱਖ ਸਮਾਜਿਕ ਦਬਾਅ ਹੇਠ ਤਿਆਗਣ ਦਾ ਹੀਆਂ ਨਹੀਂ ਕਰਦਾ ਅਤੇ ਉਹਨਾਂ ਦੀ ਚੱਕੀ ਵਿੱਚ ਪਿਸਦਾ ਰਹਿੰਦਾ ਹੈ।
ਮਨੁੱਖੀ ਜੀਵਨ ਜਾਚ ਇਕ ਨਕਸ਼ੇ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਸਮਝ ਕੇ ਮਨੁੱਖ ਆਪਣੀ ਮੰਜ਼ਿਲ ਤੱਕ ਅੱਪੜ ਸਕਦਾ ਹੈ। ਕਈ ਵਾਰ ਇਸ ਜੀਵਨ ਜਾਚ ਨੂੰ ਦੂਸ਼ਿਤ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਮਨੁੱਖ ਆਪਣੇ ਲਕਸ਼ ਤੱਕ ਪਹੁੰਚਣ ਦੀ ਥਾਂ ਕੁਰਾਹੇ ਪੈਣ ਲੱਗਦਾ ਹੈ। ਇਸ ਪ੍ਰਕਾਰ ਹੀ ਕਈ ਵਾਰ ਮਨੁੱਖ ਜੀਵਨ ਜਾਚ ਦੇ ਪ੍ਰਬੰਧ ਤੋਂ ਬਾਹਰ ਨਿਕਲ ਬੇ-ਤਰਤੀਬਾ ਜੀਵਨ ਜੀਣ ਲੱਗਦਾ ਹੈ। ਜਿਸ ਦਾ ਹਰਜ਼ਾਨਾ ਉਸ ਨੂੰ ਭਰਨਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਦੇ ਕੇ ਬਹੁ-ਮੁੱਲਾ ਤੋਹਫ਼ਾ ਬਖ਼ਸ਼ਿਆ। ਗੁਰੂ ਜੀ ਦਾ ਲਕਸ਼ ਇਕ ਅਜਿਹੇ ਸਚਿਆਰ ਮਨੁੱਖ ਦੀ ਸਿਰਜਣਾ ਕਰਨਾ ਸੀ ਜੋ ਆਪਣੇ ਆਪ ਦੇ ਵਿੱਚ ਮਿਸਾਲ ਹੋਵੇ। ਅਜਿਹਾ ਮਨੁੱਖ ਜਿਸ ਦਾ ਜੀਵਨ ਆਦਰਸ਼ਿਕ ਅਤੇ ਸਮਾਜ ਲਈ ਪ੍ਰੇਰਣਾ ਸ੍ਰੋਤ ਹੋਵੇ। ਅਜਿਹੇ ਆਦਰਸ਼ਿਕ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਹੈ।
ਪੰਦਰਵੀਂ ਸਦੀ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਸੀ। ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਧਰ 'ਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰੀ ਦਾ ਬੋਲ ਬਾਲਾ ਸੀ। ਆਮ ਇਨਸਾਨ ਲੁੱਟ-ਖਸੁੱਟ ਅਤੇ ਮਾਰ-ਧਾੜ ਦਾ ਸ਼ਿਕਾਰ ਹੋ ਰਿਹਾ ਸੀ। ਚਾਰੇ ਪਾਸੇ ਝੂਠ ਦੀ ਧੁੰਧ ਅਤੇ ਅਗਿਆਨਤਾ ਦਾ ਹਨ੍ਹੇਰਾ ਪਸਰਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਹੋਣਾ ਇਨਕਲਾਬ ਸੀ। ਧੁੰਧ ਮਿਟੀ, ਹਨ੍ਹੇਰਾ ਦੂਰ ਹੋਇਆ ਅਤੇ ਚਾਰੇ ਪਾਸੇ ਪ੍ਰਕਾਸ਼ ਹੋ ਉੱਠਿਆ। ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਨਵੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ, ਜਿੰਨ੍ਹਾਂ ਨੇ ਮਨੁੱਖੀ ਜੀਵਨ ਦੀ ਗੱਡੀ ਨੂੰ ਫਿਰ ਲੀਹ 'ਤੇ ਲੈ ਆਂਦਾ। ਹਿਰਦਿਆਂ ਵਿੱਚ ਪਈਆਂ ਦਰਾੜਾਂ ਨੂੰ ਪੂਰਿਆ ਗਿਆ, ਮਨੁੱਖਤਾ ਫਿਰ ਜੀਅ ਉੱਠੀ। ਗੁਰੂ ਸਾਹਿਬ ਦੀ ਬਾਣੀ ਦੀ ਮਹਿਕ ਨੇ ਮੋਈ ਧਰਤੀ ਵਿੱਚ ਜਾਨ ਪਾ ਦਿੱਤੀ। ਪੰਜਾਬ ਗੁਰਾਂ ਦੇ ਨਾਂ ਉੱਤੇ ਜੀਣ ਲੱਗਾ। ਇਸ ਦੇ ਜੀਵਨ ਦੀ ਰੌਂ ਨੇ ਕਈਆਂ ਨੂੰ ਜੀਵਨ ਪ੍ਰਦਾਨ ਕੀਤਾ। ਇਸ ਧਰਤੀ ਦੇ ਜਵਾਨਾਂ ਵਿੱਚ ਹਿੰਮਤ ਆ ਗਈ, ਉਹਨਾਂ ਆਪਣੇ ਹੱਕ ਲਏ ਅਤੇ ਸੁੰਤਤਰ ਰੱਬੀ ਹਕੂਮਤ ਦਾ ਸੁਪਨਾ ਪੂਰਿਆ। ਇਹ ਕਰਾਮਾਤ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਧੁਨ ਦੀ ਹੀ ਸੀ। ਉਹਨਾਂ ਦੀ ਵਿਚਾਰਧਾਰਾ ਨੇ ਮਨੁੱਖਤਾ ਨੂੰ ਅੰਬਰੀਂ ਉਡਾਰੀ ਲਗਾਉਣ ਦੀ ਜਾਚ ਦੱਸੀ, ਪੈਰੀਂ ਪਈਆਂ ਜ਼ੰਜ਼ੀਰਾ ਨੂੰ ਤੋੜਿਆ ਅਤੇ ਆਪਣੀ ਸ਼ਕਤੀ ਤੋਂ ਜਾਣੂ ਕਰਵਾਇਆ। ਉਹਨਾਂ ਆਦਰਸ਼ਿਕ ਮਨੁੱਖ 'ਗੁਰਮੁਖ' ਨੂੰ ਸਿਰਜਿਆ, ਐਸਾ ਮਨੁੱਖ ਜੋ ਗੁਰੂ ਦੇ ਦੱਸੇ ਮਾਰਗ ਨੂੰ ਅਪਨਾਵੇ, ਚੱਲੇ ਅਤੇ ਜੀਵਨ ਮਨੋਰਥ ਦੀ ਪ੍ਰਾਪਤੀ ਕਰੇ।
ਅੱਜ ਅਸੀਂ ਇੱਕੀਵੀਂ ਸਦੀ ਵਿੱਚ ਆ ਪਹੁੰਚੇ ਹਾਂ। ਗੁਰੂ ਨਾਨਕ ਸਾਹਿਬ ਹਾਜ਼ਰ-ਨਾਜ਼ਰ ਸਾਡੇ ਸਾਹਮਣੇ ਹਨ ਪਰ ਅੱਜ ਅਸੀਂ ਮੁੱਖ ਫੇਰਿਆ ਹੋਇਆ ਹੈ। ਉੇਹਨਾਂ ਦਾ ਉਪਦੇਸ਼ ਅਤੇ ਸਿੱਖਿਆ ਸਾਡੇ ਲਈ ਰਾਹ ਰੁਸ਼ਨਾ ਰਹੇ ਹਨ। ਅਸੀਂ ਹਾਂ ਕਿ ਗੁਆਚੇ ਹੋਏ ਇਨਸਾਨ ਦੀ ਤਰ੍ਹਾਂ ਡੌਰ-ਭੋਰ ਹੋਏ ਇਧਰ-ਓਧਰ ਭਟਕ ਰਹੇ ਹਾਂ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਝਲਕਾਰਾ ਜਿਸ ਨੂੰ ਵੀ ਪ੍ਰਾਪਤ ਹੋਇਆ, ਉਹ ਅਚੰਭਿਤ ਹੋ ਉੱਠਿਆ। ਅਜਿਹੀ ਸੇਧ ਜੋ ਪੂਰੇ ਬ੍ਰਹਿਮੰਡ ਨੂੰ ਇਕ ਲੜੀ ਵਿੱਚ ਪ੍ਰੋਣ ਵਾਲੀ ਅਤੇ ਸ਼ਰਸ਼ਾਰ ਕਰਨ ਵਾਲੀ ਹੈ।
ਅਸੀਂ ਜਗਤ ਗੁਰੂ ਬਾਬੇ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੋਵੇਗੀ ਕਿ ਅਸੀਂ ਅਜੋਕੇ ਹਲਾਤਾਂ, ਸਥਿਤੀਆਂ ਅਤੇ ਆਪਣੇ ਆਪੇ ਦਾ ਮੁਲਾਂਕਣ ਕਰੀਏ। ਅਜੋਕੇ ਯੁੱਗ ਵਿੱਚ ਸਾਡੇ ਸਨਮੁੱਖ ਅਨੇਕਾਂ ਚੁਣੌਤੀਆਂ ਅਤੇ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ। ਇਹਨਾਂ ਨੇ ਅੱਜ ਦੇ ਮਨੁੱਖ ਨੂੰ ਪੂਰੀ ਤਰ੍ਹਾਂ ਜਕੜਿਆ ਅਤੇ ਝੰਜੋੜਿਆ ਹੋਇਆ ਹੈ। ਅਸੀਂ ਚਿੰਤਾ, ਬੇਚੈਨੀ, ਆਪਸੀ ਵੈਰ-ਵਿਰੋਧ, ਲੁੱਟ-ਖਸੁੱਟ, ਈਰਖਾ, ਲੜਾਈਆਂ ਆਦਿ ਜਿਹੀਆਂ ਭੈੜੀਆਂ ਅਲਾਮਤਾਂ ਨਾਲ ਜੂਝ ਰਹੇ ਹਾਂ। ਸਾਡਾ ਆਪਾ ਅਜੋਕੇ ਯੁੱਗ ਦੀ ਵਲਗਣ ਵਿੱਚ ਉਲਝਿਆ ਪਿਆ ਹੈ। ਸੋਚ ਦਾ ਪੱਧਰ, ਵਿਚਾਰ ਦਾ ਮਿਆਰ ਅਤੇ ਆਚਰਣ ਨਿਘਾਰ ਵੱਲ ਜਾ ਰਹੇ ਹਨ। ਵਿਸ਼ਵੀਕਰਨ ਨਾਲ ਪੂਰਾ ਸੰਸਾਰ ਸੁੰਗੜ ਕੇ ਛੋਟਾ ਹੋ ਗਿਆ ਹੈ। ਸੰਚਾਰ ਵਿੱਚ ਤੇਜ਼ੀ ਆਈ। ਮਨੁੱਖ ਤਕਨੀਕੀ ਵਿਕਾਸ ਨਾਲ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਪਰ ਇਸ ਵਿਕਾਸ ਦੀ ਸਾਰਥਿਕਤਾ ਉਸ ਵੇਲੇ ਨਹੀਂ ਰਹਿੰਦੀ ਜਦੋਂ ਆਪਸੀ ਰਿਸ਼ਤਿਆਂ ਵਿੱਚ ਪਈਆਂ ਦਰਾੜਾਂ ਅਤੇ ਦੂਰੀਆਂ ਨੂੰ ਦੇਖਿਆ ਜਾਂਦਾ ਹੈ। ਇਸ ਵਿੱਚ ਰਿਸ਼ਤਿਆਂ ਦਾ ਕਤਲ, ਵਿਸ਼ਵਾਸ-ਘਾਤ ਅਤੇ ਸੁਆਰਥੀ ਸੰਬੰਧ ਅੱਜ ਦੇ ਸਮੇਂ ਵਿੱਚ ਕਲੰਕ ਹਨ। ਮਨੁੱਖ ਇਕ ਦੂਜੇ ਦੇ ਨੇੜੇ ਹੁੰਦਾ ਹੋਇਆ ਵੀ ਦੂਰ ਹੋ ਗਿਆ। ਉਸ ਦੇ ਅੰਦਰਲਾ ਸੱਚ ਕਿਧਰੇ ਗੁਆਚ ਗਿਆ ਹੈ, ਜਿਸ ਦੇ ਫਲਸਰੂਪ ਉਹ ਝੂਠ ਦੇ ਛਲਾਵਿਆਂ ਨਾਲ ਇਕ ਦੂਜੇ ਨੂੰ ਮੂਰਖ ਬਣਾਉਣ ਦੇ ਯਤਨ ਵਿੱਚ ਹੈ। ਅਜਿਹੀ ਸਥਿਤੀ ਮਨੁੱਖ ਅਤੇ ਸਮਾਜ ਲਈ ਖ਼ਤਰਾ ਹੈ, ਜਿਸ ਵਿੱਚ ਮਨੁੱਖ ਇਕੱਲਾ ਰਹਿ ਜਾਂਦਾ ਹੈ। ਉਸ ਦਾ ਇਕੱਲਾਪਣ ਕਈ ਮਾਨਸਿਕ ਬੁਰਾਈਆਂ ਨੂੰ ਜਨਮ ਦਿੰਦਾ ਹੈ ਅਤੇ ਇਹ ਬੁਰਾਈਆਂ ਹੀ ਮਨੁੱਖ ਦੇ ਸਰਵਨਾਸ਼ ਦਾ ਕਾਰਨ ਬਣਨਗੀਆਂ।
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਜਿਹੀ ਸਥਿਤੀ ਵਿੱਚੋਂ ਸਾਨੂੰ ਬਾਹਰ ਕੱਢਣ ਦੇ ਸਮਰੱਥ ਹੈ। ਗੁਰੂ ਸਾਹਿਬ ਸਾਨੂੰ ਅਜਿਹੀ ਜੀਵਨ ਜਾਚ ਦੇ ਕੇ ਗਏ ਹਨ, ਜਿਸ ਨਾਲ ਅਸੀਂ ਆਪਣੀਆਂ ਬੁਰਾਈਆਂ ਤੋਂ ਮੁਕਤ ਹੋ ਸਕੀਏ। ਮਾੜੇ ਕਰਮ ਅਤੇ ਵਿਚਾਰਾਂ ਤੋਂ ਛੁਟਕਾਰਾ ਪਾ ਸਕੀਏ। ਸਾਡੇ ਜੀਵਨ ਦਾ ਆਧਾਰ, ਨਿਸ਼ਾਨਾ ਅਤੇ ਸੱਚ ਸਾਨੂੰ ਸਮਝਾ ਰਹੇ ਹਨ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੀ ਸਾਰਥਿਕਤਾ ਸਦੀਵ ਬਰਕਰਾਰ ਰਹਿਣ ਵਾਲੀ ਹੈ। ਅਜੋਕੇ ਯੁੱਗ ਦੇ ਦੁਖਾਂਤ ਦਾ ਹੱਲ ਅਸਾਡੇ ਪਾਸ ਹੈ, ਲੋੜ ਹੈ ਕਿ ਸੁਚੇਤ ਹੋ ਕੇ ਵਿਚਾਰ ਕਰੀਏ ਅਤੇ ਉਸ ਨੂੰ ਅਮਲ ਵਿੱਚ ਲਿਆਈਏ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਆਵਾਜ਼ਾ ਹਰ ਘਰ, ਹਰ ਹਿਰਦੇ ਅਤੇ ਹਰ ਦਿਸ਼ਾ ਵਿੱਚ ਗੂੰਜ ਉੇੱਠੇ। ਫਿਰ ਦੇਖਣਾ ਕਮਾਲ ਮੁਰਦਾ ਹੋਇਆ ਸਮਾਜ, ਸਾਡਾ ਪੰਜਾਬ ਫਿਰ ਤੋਂ ਮਹਿਕ ਉੱਠੇਗਾ। ਪੰਜਾਬ ਨੂੰ ਗੁਰਾਂ ਦੀ ਬਾਣੀ ਦਾ ਵਰ ਬਖ਼ਸ਼ਿਸ਼ ਹੈ। ਇਸ ਦੇ ਸਾਹ ਵੀ ਬਾਣੀ ਨਾਲ ਹੀ ਹਨ। ਜਦ ਅਸੀਂ ਇਸ ਬਾਣੀ ਤੋਂ ਸੱਖਣੇ ਹੋ ਜਾਂਦੇ ਹਾਂ ਤਾਂ ਸਾਡਾ ਦੰਮ ਘੁਟਣ ਲੱਗਦੈ। ਮੁਰਦਾ ਹੋ ਜਾਂਦੇ ਹਾਂ। ਫਿਰ ਸਾਡਾ ਮੌਜੂ ਬਣਦਾ। ਬਾਣੀ ਤੋਂ ਬਿਨ੍ਹਾਂ ਸਾਡਾ ਛੁਟਕਾਰਾ ਨਹੀਂ। ਵਾਪਿਸ ਆਉਣਾ ਪਵੇਗਾ। ਬਹੁਤਾ ਦੂਰ ਨਹੀਂ ਗਏ। ਪ੍ਰਕਾਸ਼ ਦਾ ਸੋਮਾ ਸਾਹਮਣੇ ਹੈ। ਹੁਣ ਵੀ ਹਨ੍ਹੇਰਿਆ ਦੀ ਦੁਨੀਆਂ 'ਚੋ ਬਾਹਰ ਨਿਕਲ ਸਕਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਘਰ ਆਵਾਜ਼ਾਂ ਦੇ ਰਿਹਾ ਹੈ। ਕੁਝ ਨਹੀਂ ਵਿਗੜਿਆ, ਮੁੜ ਪਈਏ, ਵਰਨਾ ਦੇਰ ਹੋ ਜਾਵੇਗੀ। ਤਦ ਸਾਡੇ ਕੋਲ ਗੁਆਉਣ ਲਈ ਕੁਝ ਨਹੀਂ ਰਹੇਗਾ। ਅੱਜ ਸਾਂਭਣ ਲਈ ਬਹੁਤ ਕੁਝ ਹੈ। ਸਿਆਣੇ ਬਣੀਏ। ਗੁਰੂ ਨਾਨਕ ਸਾਹਿਬ ਜੀ ਦੇ ਚਰਨੀਂ ਲੱਗੀਏ। ਉਹਨਾਂ ਦੀ ਵਿਚਾਰਧਾਰਾ ਨੂੰ ਸਮਝੀਏ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ। ਆਓ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਅਤੇ ਉਹਨਾਂ ਦਾ ਆਖਾ ਮੰਨੀਏ।
ਵਿਕਰਮਜੀਤ ਸਿੰਘ ਤਿਹਾੜਾ
ਅਸਿਸਟੈਂਟ ਪ੍ਰੋ., ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼,
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ
ਸੰਪਰਕ ਨੰ:- +91 98555 34961
E mail :- vikramjittihara@gmail.com