Vivek-Katju

ਬਸਤੀਵਾਦ ਅਤੇ ਆਧੁਨਿਕਤਾ ਦੀਆਂ ਗੁੰਝਲਾਂ  - ਵਿਵੇਕ ਕਾਟਜੂ


ਐਤਕੀਂ ਸੁਤੰਤਰਤਾ ਦਿਵਸ ’ਤੇ ਰਾਸ਼ਟਰ ਦੇ ਨਾਂ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਦੌਰਾਨ ਰਾਸ਼ਟਰ ਨੂੰ ਗਤੀਸ਼ੀਲ ਤੇ ਸਗਵੇਂ ਰੂਪ ਵਿਚ ਅਗਾਂਹ ਲੈ ਕੇ ਜਾਣ ਲਈ ਪੰਜ ਪ੍ਰਤਿੱਗਿਆਵਾਂ ਧਾਰਨ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਪੰਜਾਂ ਵਿਚ ਦੂਜੀ ਪ੍ਰਤਿੱਗਿਆ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ, “ਸਾਡੇ ਵਜੂਦ ਦੇ ਕਿਸੇ ਅੰਸ਼ ਵਿਚ, ਇੱਥੋਂ ਤੱਕ ਸਾਡੇ ਮਨ ਅਤੇ ਆਦਤਾਂ ਦੀਆਂ ਗਹਿਰਾਈਆਂ ਵਿਚ ਅੰਸ਼ ਮਾਤਰ ਵੀ ਗ਼ੁਲਾਮੀ ਬਚੀ ਨਹੀਂ ਰਹਿਣੀ ਚਾਹੀਦੀ। ਇਸ ਨੂੰ ਦਫ਼ਨ ਕਰ ਦੇਣਾ ਚਾਹੀਦਾ ਹੈ। ਸੈਂਕੜੇ ਸਾਲਾਂ ਦੀ ਇਸ ਸੌ ਫ਼ੀਸਦੀ ਗ਼ੁਲਾਮੀ ਜਿਸ ਨੇ ਸਾਨੂੰ ਜਕੜ ਰੱਖਿਆ ਤੇ ਸਾਡੀਆਂ ਰਹੁ-ਰੀਤਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ, ਨੇ ਸਾਡੀ ਜ਼ਹਿਨੀਅਤ ਨੂੰ ਵਿਗਾੜ ਦਿੱਤਾ ਸੀ। ਸਾਨੂੰ ਅਜਿਹੀ ਮਾਨਸਿਕਤਾ ਤੋਂ ਮੁਕਤ ਹੋਣਾ ਪਵੇਗਾ ਜੋ ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਗੱਲਾਂ ਤੋਂ ਪ੍ਰਗਟ ਹੁੰਦੀ ਹੈ।”
       ਇਸ ਗੱਲ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋ ਸਕਦਾ ਕਿ ਭਾਰਤੀਆਂ ਨੂੰ ਕਿਸੇ ਹੋਰਨਾਂ ਲੋਕਾਂ ਦਾ ਕਲੋਨ ਨਹੀਂ ਬਣਨਾ ਚਾਹੀਦਾ ਅਤੇ ਇਨ੍ਹਾਂ ਨੂੰ ਆਪਣੀਆਂ ਵਿਰਾਸਤੀ ਤੇ ਸਭਿਆਚਾਰਕ ਰਵਾਇਤਾਂ ’ਤੇ ਮਾਣ ਹੋਣਾ ਚਾਹੀਦਾ ਹੈ। ਦੂਜੀ ਪ੍ਰਤਿੱਗਿਆ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਨੁਸਖੇ ਸਾਂਝੇ ਕੀਤੇ ਸਨ। ਇਨ੍ਹਾਂ ਵਿਚੋਂ ਕੁਝ ਨੁਸਖਿਆਂ ਦਾ ਵਖਾਨ ਇਸ ਤਰ੍ਹਾਂ ਹੈ : ਕਿਸੇ ਵੀ ਸੂਰਤ ਸਾਨੂੰ ਦੂਜਿਆਂ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਵੱਖਰੇ ਮਿਆਰ ਸਥਾਪਿਤ ਕਰਨੇ ਚਾਹੀਦੇ ਹਨ। ਭਾਰਤੀ ਹੁਨਰ ਨੂੰ ਭਾਸ਼ਾ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ। ਭਾਰਤੀਆਂ ਨੂੰ ਆਪਣੀਆਂ ਸਾਰੀਆਂ ਭਾਸ਼ਾਵਾਂ ’ਤੇ ਫਖ਼ਰ ਹੋਣਾ ਚਾਹੀਦਾ ਹੈ। ਭਾਰਤੀਆਂ ਨੂੰ ਆਪਣੀ ਕਾਬਲੀਅਤ ’ਤੇ ਟੇਕ ਰੱਖਣੀ ਚਾਹੀਦੀ ਹੈ ਅਤੇ ਬਸਤੀਵਾਦੀ ਦੌਰ ਦੀ ਮਾਨਸਿਕਤਾ ਤਿਆਗ ਦੇਣੀ ਚਾਹੀਦੀ ਹੈ। ਭਾਰਤੀਆਂ ਨੂੰ ਆਪਣੀ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ।
        ਇਕ ਵਾਰ ਫਿਰ, ਪਹਿਲੀ ਨਜ਼ਰੇ ਇਹ ਸਿਧਾਂਤਕ ਤੌਰ ਅਪਵਾਦ ਮੁਕਤ ਹਨ ਹਾਲਾਂਕਿ ਇਨ੍ਹਾਂ ਵਿਚੋਂ ਕੁਝ ਨੁਸਖਿਆਂ ਮੁਤੱਲਕ ਕੁਝ ਹੋਰ ਸਪੱਸ਼ਟਤਾ ਦੀ ਲੋੜ ਹੈ, ਮਸਲਨ, ਇਸ ਦਾ ਕੀ ਮਤਲਬ ਹੈ ਕਿ ਸਾਨੂੰ ਦੂਜਿਆਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਇਹ ਗੱਲ ਤਾਂ ਠੀਕ ਹੈ ਕਿ ਖ਼ਾਸਕਰ ਕਾਕੇਸ਼ਿਆਈ ਸਰੀਰਕ ਦਿੱਖ ਸਾਡੇ ਲੋਕਾਂ ਲਈ ਆਦਰਸ਼ ਨਹੀਂ ਗਿਣੀ ਜਾ ਸਕਦੀ। ਦਰਅਸਲ, ਬਸਤੀਵਾਦੀ ਲੋਕਾਂ ਦੇ ਮਨਾਂ ਵਿਚ ਉਕਰੀ ਜਾਂਦੀ ਇਕ ਗੱਲ ਇਹ ਵੀ ਸੀ ਕਿ ਉਹ ਸਰੀਰਕ ਦਿੱਖ ਖ਼ਾਸਕਰ ਰੰਗ ਪੱਖੋਂ ਦੂਜਿਆਂ ਤੋਂ ਕਮਤਰ ਹਨ। ਇਸੇ ਤਰ੍ਹਾਂ ਸਮਾਜਿਕ ਸਲੀਕੇ ਦੀਆਂ ਸਾਡੀਆਂ ਰਵਾਇਤਾਂ ’ਤੇ ਜ਼ੋਰ ਨੂੰ ਵੀ ਸਹੀ ਤਰ੍ਹਾਂ ਦੇਖਿਆ ਜਾਵੇ। ਇਸ ਦੇ ਪੇਸ਼ੇਨਜ਼ਰ ਕੀ ਪ੍ਰਧਾਨ ਮੰਤਰੀ ਦਾ ਨੁਸਖ਼ਾ ਪਹਿਰਾਵੇ ਤੱਕ ਵੀ ਅੱਪੜਦਾ ਹੈ ?
      ਪਹਿਰਾਵੇ ਨਾਲ ਸਬੰਧਤ ਰਸਮੋ-ਰਿਵਾਜ਼ ਸਮੇਂ ਨਾਲ ਵਿਕਸਤ ਹੋਏ ਹਨ। ਭਾਰਤ ਦੇ ਪਹਿਰਾਵੇ ਦੇ ਕੁਝ ਰਿਵਾਜ਼ਾਂ ਦਾ ਉਥਾਨ ਸਾਡੇ ਆਪਣੇ ਮਾਹੌਲ ਦੀ ਪੈਦਾਇਸ਼ ਸੀ ਪਰ ਕਈ ਹੋਰਾਂ ਰਿਵਾਜ਼ਾਂ ਦੀਆਂ ਜੜ੍ਹਾਂ ਪੱਛਮੀ ਰਵਾਇਤਾਂ ਵਿਚ ਪਈਆਂ ਹਨ ਪਰ ਇਹ ਭਾਰਤ ਦੀ ਮਿੱਟੀ ਵਿਚ ਰਚ ਮਿਚ ਗਏ ਹਨ। ਇਨ੍ਹਾਂ ਦੀ ਸ਼ੁਰੂਆਤ ਬਸਤੀਵਾਦੀ ਦੌਰ ਵਿਚ ਹੋਈ ਸੀ ਪਰ ਇਹ ਪਿਛਲੇ 75 ਸਾਲਾਂ ਤੋਂ ਚੱਲ ਰਹੇ ਹਨ। ਸ਼ਾਇਦ ਪ੍ਰਧਾਨ ਮੰਤਰੀ ਆਉਣ ਵਾਲੇ ਸਮੇਂ ਵਿਚ ਇਸ ਮੁੱਦੇ ’ਤੇ ਆਪਣੇ ਮਨ ਦੀਆਂ ਕੁਝ ਹੋਰ ਗੱਲਾਂ ਸਾਂਝੀਆਂ ਕਰਨਗੇ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਉਨ੍ਹਾਂ ਦੇ ਆਪਣੇ ਕੁਝ ਮੰਤਰੀ ਜਦੋਂ ਖ਼ਾਸ ਤੌਰ ’ਤੇ ਵਿਦੇਸ਼ ਜਾਂਦੇ ਹਨ ਜਾਂ ਕਿਸੇ ਅਹਿਮ ਸਮਾਗਮ ਵਿਚ ਸ਼ਿਰਕਤ ਕਰਦੇ ਹਨ ਤਾਂ ਉਹ ਲਾਊਂਜ ਸੂਟ ਅਤੇ ਖ਼ਾਸ ਟਾਈਆਂ ਪਹਿਨਦੇ ਹਨ, ਤੇ ਇਸ ਪ੍ਰਸੰਗ ਵਿਚ ਇਹ ਵੀ ਜ਼ਿਕਰਯੋਗ ਹੈ ਕਿ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਵਿਚ ਅਕਸਰ ਉਨ੍ਹਾਂ ਨੂੰ ਸੂਟ ਬੂਟ ਪਹਿਨ ਕੇ ਅਤੇ ਸੰਵਿਧਾਨ ਦੀ ਕਿਤਾਬ ਹੱਥ ਵਿਚ ਫੜ ਕੇ ਖੜ੍ਹੇ ਹੋਏ ਦਿਖਾਇਆ ਜਾਂਦਾ ਹੈ। ਉਹ ਮਹਾਨ ਭਾਰਤੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਦੀ ਸਮਾਜਿਕ ਮੁਕਤੀ ਤੇ ਸ਼ਕਤੀਕਰਨ ਦੇ ਲੇਖੇ ਲਾਈ ਸੀ।
       ਹਾਲਾਂਕਿ ਇਸ ਦੀ ਗਹਿਰਾਈ ਵਿਚ ਇਹ ਮੁੱਦਾ ਪਿਆ ਹੈ ਕਿ ਭਾਰਤੀ ਲੋਕਾਂ ਨੇ ਉਨ੍ਹਾਂ ਨੂੰ ਪੱਛਮ ਦੇ ਲੋਕਾਂ ਦੀ ਨਕਲ ਵਜੋਂ ਢਾਲਣ ਦੀਆਂ ਬਸਤੀਵਾਦੀ ਕੋਸ਼ਿਸ਼ਾਂ ਦਾ ਕਿਹੋ ਜਿਹਾ ਹੁੰਗਾਰਾ ਭਰਿਆ ਸੀ। ਮੈਕਾਲੇ ਦੇ 1835 ਦੇ ਲੇਖਾਂ ਵਿਚ ਅਰਬੀ ਅਤੇ ਸੰਸਕ੍ਰਿਤ ਵਿਚ ਪੜ੍ਹਾਈ ਕਰਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਇਮਦਾਦ ਦੇਣ ਦੀ ਈਸਟ ਇੰਡੀਆ ਕੰਪਨੀ ਦੀ ਨੀਤੀ ਵਿਚ ਤਬਦੀਲੀ ਲਿਆਉਣ ਅਤੇ ਇਨ੍ਹਾਂ ਦੀ ਥਾਂ ਅਜਿਹੀਆਂ ਸੰਸਥਾਵਾਂ ਲਈ ਫੰਡ ਮੁਹੱਈਆ ਕਰਾਉਣ ’ਤੇ ਜ਼ੋਰ ਦਿੱਤਾ ਗਿਆ ਸੀ ਜਿਨ੍ਹਾਂ ਵਿਚ ਅੰਗਰੇਜ਼ੀ ਭਾਸ਼ਾ ਰਾਹੀਂ ਪੜ੍ਹਾਈ ਕਰਾਈ ਜਾਵੇਗੀ। ਧੁਰ ਬਸਤੀਵਾਦੀ ਹੋਣ ਕਰ ਕੇ ਮੈਕਾਲੇ ਭਾਰਤੀ ਸਭਿਅਤਾ ਨੂੰ ਕਮਤਰ ਗਿਣਦਾ ਸੀ। ਦਿਲਚਸਪ ਗੱਲ ਇਹ ਹੈ ਕਿ ਆਪਣੇ ਲੇਖਾਂ ਵਿਚ ਉਸ ਨੇ ਇਹ ਵੀ ਆਖਿਆ ਸੀ ਕਿ ਅਜਿਹੇ ਕੁਝ ਭਾਰਤੀ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਹਿਰਾ ਅਤੇ ਰਵਾਨੀ ਵਾਲਾ ਗਿਆਨ ਹਾਸਿਲ ਹੋ ਗਿਆ ਹੈ। ਉਹ ਚਾਹੁੰਦਾ ਸੀ ਕਿ ਇਸ ਜਮਾਤ ਨੂੰ ਪ੍ਰਫੁੱਲਤ ਕੀਤਾ ਜਾਵੇ। ਉਸ ਨੇ ਆਖਿਆ ਸੀ, ‘ਸਾਨੂੰ ਇਸ ਵੇਲੇ ਵੱਧ ਤੋਂ ਵੱਧ ਅਜਿਹੀ ਜਮਾਤ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਸਾਡੇ ਅਤੇ ਸਾਡੇ ਅਧੀਨ ਕਰੋੜਾਂ ਲੋਕਾਂ ਦਰਮਿਆਨ ਤਰਜਮਾਕਾਰ ਦੀ ਭੂਮਿਕਾ ਨਿਭਾਵੇ, ਇਕ ਅਜਿਹੀ ਜਮਾਤ ਜਿਸ ਦਾ ਖ਼ੂਨ ਤੇ ਰੰਗ ਤਾਂ ਹਿੰਦੁਸਤਾਨੀ ਹੋਵੇ ਪਰ ਸੁਹਜ ਸੁਆਦ, ਸੋਚ, ਇਖ਼ਲਾਕ ਅਤੇ ਬੁੱਧੀ ਪੱਖੋਂ ਅੰਗਰੇਜ਼ ਹੋਵੇ।’
       ਕੀ ਮੈਕਾਲੇ ਨੇ ਆਪਣਾ ਮੰਤਵ ਵਾਕਈ ਪੂਰਾ ਕਰ ਲਿਆ ਸੀ? ਉਂਝ, ਰੋਹਬਦਾਰ ਢੰਗ ਨਾਲ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਅੰਗਰੇਜ਼ੀ ਸਿੱਖ ਲਈ ਸੀ ਤੇ ਕੁਝ ਹੱਦ ਤੱਕ ਜਿਨ੍ਹਾਂ ਦੇ ਰੰਗ ਢੰਗ ਅੰਗਰੇਜ਼ਾਂ ਵਾਲੇ ਹੋ ਗਏ ਸਨ, ਉਨ੍ਹਾਂ ਦੀ ਭਾਰਤੀਅਤਾ ਕਦੇ ਨਹੀਂ ਗੁਆਚੀ। ਦਰਅਸਲ, ਇਨ੍ਹਾਂ ਵਿਚੋਂ ਕਈ ਤਾਂ ਕੱਟੜ ਰਾਸ਼ਟਰਵਾਦੀ ਬਣ ਗਏ ਅਤੇ ਉਨ੍ਹਾਂ ਭਾਰਤ ਦੀ ਸਿਆਸੀ ਜਾਗ੍ਰਿਤੀ ਵਿਚ ਯੋਗਦਾਨ ਦਿੱਤਾ ਸੀ ਅਤੇ ਇਸ ਤਰ੍ਹਾਂ ਭਾਰਤ ਨੂੰ ਆਪਣੀ ਪ੍ਰਾਚੀਨ ਸ਼ਾਨੋ-ਸ਼ੌਕਤ ਹਾਸਿਲ ਕਰਨ ਵਿਚ ਮਦਦ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਬਰਾਬਰੀ ਤੇ ਸਮਾਜਿਕ ਨਿਆਂ ਦੇ ਜ਼ਾਵੀਏ ਤੋਂ ਭਾਰਤੀ ਸਮਾਜ ਵਿਚ ਸੁਧਾਰ ਲਿਆਉਣ ਦੀ ਚੇਸ਼ਟਾ ਵੀ ਪ੍ਰਗਟ ਕੀਤੀ। ਇਹ ਖਿਆਲ ਸਹੀ ਨਹੀਂ ਹੈ ਕਿ ਇਹ ਜਮਾਤ ਜਿਵੇਂ ਵਿਕਸਤ ਹੋਈ ਸੀ, ਪ੍ਰਮਾਣਿਕ ਭਾਰਤੀ ਨਹੀਂ ਮੰਨੀ ਜਾ ਸਕਦੀ ਕਿਉਂਕਿ ਇਹ ਆਪਣੀਆਂ ਭਾਰਤੀ ਜੜ੍ਹਾਂ ਤੋਂ ਕਦੇ ਨਹੀਂ ਟੁੱਟੀ ਸੀ।
      ਪ੍ਰਧਾਨ ਮੰਤਰੀ ਦੀ ਇਹ ਗੱਲ ਸਹੀ ਹੈ ਕਿ ਭਾਰਤੀਆਂ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ’ਤੇ ਮਾਣ ਕਰਨਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਦੀ ਅਮੀਰ ਵਿਰਾਸਤ ਹੈ ਤੇ ਇਹ ਭਾਰਤੀ ਸਵੈ-ਪ੍ਰਗਟਾਵੇ ਦਾ ਵਾਹਨ ਬਣੀਆਂ ਰਹੀਆਂ ਹਨ ਤੇ ਬਣੀਆਂ ਰਹਿਣਗੀਆਂ। ਉਨ੍ਹਾਂ ਦਾ ਇਹ ਕਹਿਣਾ ਵੀ ਸਹੀ ਹੈ ਕਿ ਭਾਰਤੀਆਂ ਨੂੰ ਆਪਣੇ ਵੱਖਰੇ ਮਿਆਰ ਸਥਾਪਤ ਕਰਨੇ ਚਾਹੀਦੇ ਹਨ। ਇਸ ਸਬੰਧ ਵਿਚ ਉਨ੍ਹਾਂ ਆਖਿਆ, “ਭਾਈਓ, ਹੋਰ ਕਿੰਨੀ ਦੇਰ ਦੁਨੀਆ ਸਾਨੂੰ ਪ੍ਰਮਾਣ ਪੱਤਰ ਦਿੰਦੀ ਰਹੇਗੀ? ਹੋਰ ਕਿੰਨੀ ਦੇਰ ਅਸੀਂ ਦੂਜਿਆਂ ਦੇ ਪ੍ਰਮਾਣ ਪੱਤਰਾਂ ’ਤੇ ਜ਼ਿੰਦਾ ਰਹਾਂਗੇ? ਕੀ ਸਾਨੂੰ ਆਪਣੇ ਪ੍ਰਮਾਣ ਆਪ ਤਿਆਰ ਨਹੀਂ ਕਰਨੇ ਚਾਹੀਦੇ?” ਬਿਲਕੁੱਲ ਕਰਨੇ ਚਾਹੀਦੇ ਹਨ ਪਰ ਤੱਥ ਇਹ ਹੈ ਕਿ ਸਿਰਫ਼ ਵਿਕਸਤ ਮੁਲ਼ਕਾਂ ਵਲੋਂ ਤੈਅ ਕੀਤੇ ਜਾਂਦੇ ਮਿਆਰਾਂ ਦੀ ਹੀ ਪਾਲਣਾ ਕੀਤੀ ਜਾਂਦੀ ਹੈ। ਗਿਆਨ ਖ਼ਾਸਕਰ ਸਾਇੰਸ ਤੇ ਤਕਨਾਲੋਜੀ ਦੇ ਖੇਤਰ ਵਿਚ ਤਾਂ ਇੰਝ ਹੀ ਹੁੰਦਾ ਹੈ। ਇੱਥੇ ਸਾਨੂੰ ਆਪਣੇ ਤੋਂ ਬਹੁਤ ਹੀ ਬੇਕਿਰਕ ਸਵਾਲ ਪੁੱਛਣ ਦੀ ਲੋੜ ਹੈ। ਸਾਇੰਸ ਤੇ ਤਕਨਾਲੋਜੀ ਦੇ ਮੋਹਰੀ ਖੇਤਰਾਂ ਵਿਚ ਭਾਰਤ ਕਿਹੋ ਜਿਹਾ ਕੰਮ ਕਰ ਰਿਹਾ ਹੈ? ਬਹੁਤ ਸਾਰੇ ਭਾਰਤੀ ਇਨ੍ਹਾਂ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ ਤੋਂ ਬਾਹਰ ਕੰਮ ਕਰ ਰਹੇ ਹਨ। ਸਾਨੂੰ ਤੇਜ਼ੀ ਨਾਲ ਅਗਾਂਹ ਵਧਣਾ ਪਵੇਗਾ ਅਤੇ ਗਣਿਤ, ਵਿਗਿਆਨ ਅਤੇ ਔਸ਼ਧੀ ਦੇ ਖੇਤਰ ਵਿਚ ਸਾਡੇ ਵੱਡੇ ਵਡੇਰਿਆਂ ਵਲੋਂ ਮਾਰੀਆਂ ਗਈਆਂ ਮੱਲਾਂ ਦੀ ਖੋਜ ਕਰਨੀ ਪਵੇਗੀ ਜਿਸ ਤੋਂ ਸਾਨੂੰ ਪ੍ਰੇਰਨਾ ਮਿਲ ਸਕੇ ਪਰ ਇਸ ਤੋਂ ਵੱਧ ਕੇ ਇਸ ਮਾਰਗ ’ਤੇ ਸਾਡੇ ਲਈ ਸਹਾਈ ਨਹੀਂ ਹੋ ਸਕੇਗੀ । ਨਵਾਂ ਗਿਆਨ ਭਾਵੇਂ ਕਿਸੇ ਤੋਂ ਵੀ ਮਿਲੇ, ਸਾਨੂੰ ਲੈਣਾ ਪਵੇਗਾ ਅਤੇ ਫਿਰ ਭਾਰਤ ਵਿਚ ਇਸ ’ਤੇ ਹੋਰ ਕੰਮ ਕਰਨਾ ਪਵੇਗਾ। ਕੀ ਇਹੋ ਜਿਹੀ ਪਹੁੰਚ ਗ਼ੁਲਾਮ ਮਾਨਸਿਕਤਾ ਦੀ ਰਹਿੰਦ-ਖੂੰਹਦ ਗਿਣੀ ਜਾਵੇਗੀ ?
       ਅਗਲੇ 25 ਸਾਲਾਂ ਦੌਰਾਨ ਭਾਰਤੀਆਂ ਨੂੰ ਆਪਣੀਆਂ ਕੁਝ ਸੰਸਥਾਵਾਂ ਵਿਚ ਬਸਤੀਵਾਦ ਦੀਆਂ ਵਿਸੰਗਤੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਸਾਡੇ ਹਥਿਆਰਬੰਦ ਦਸਤਿਆਂ ਦੀ ਪੇਸ਼ੇਵਰ ਯੋਗਤਾ ਅਤੇ ਬਹਾਦਰੀ ’ਤੇ ਮਾਣ ਹੈ। ਉਨ੍ਹਾਂ ਨੇ ਵਾਰ ਵਾਰ ਆਪਣੀ ਦੇਸ਼ਭਗਤੀ ਦਾ ਪ੍ਰਗਟਾਵਾ ਕੀਤਾ ਹੈ ਪਰ ਕੀ ਅਸੀਂ ਇਸ ਦੇ ਨਾਲ ਹੀ ਮੰਗਲ ਪਾਂਡੇ ਦੀ ਯਾਦ ਦਾ ਸਤਿਕਾਰ ਕਰ ਸਕਦੇ ਹਾਂ ਅਤੇ ਕੁਝ ਫ਼ੌਜੀ ਯੂਨਿਟਾਂ ਵਿਚ ਬਰਤਾਨਵੀ ਵਿਰਾਸਤ ਨੂੰ ਕਾਇਮ ਰੱਖ ਕੇ ਸੰਤੋਖ ਕਰ ਲਿਆ ਜਾਵੇ? ਭਾਰਤੀ ਗਣਰਾਜ ਦੀ ਮਹਾਨ ਫ਼ੌਜ ਅੰਗਰੇਜ਼ਾਂ ਦੇ ਹਿੰਦੋਸਤਾਨ ਦੀ ਫ਼ੌਜ ਨਾਲੋਂ ਸਿਫ਼ਤੀ ਰੂਪ ਵਿਚ ਵੱਖਰੀ ਹੈ।
* ਸਾਬਕਾ ਵਿਦੇਸ਼ ਸਕੱਤਰ।

ਰਾਮਦੇਵ ਵਿਵਾਦ ਅਤੇ ਹਕੀਕੀ ਮਸਲੇ - ਵਿਵੇਕ ਕਾਟਜੂ

ਐਲੋਪੈਥਿਕ ਡਾਕਟਰਾਂ ਖਿਲਾਫ਼ ਬਾਬਾ ਰਾਮਦੇਵ ਦੀ ਵਿਵਾਦ ਵਾਲੀ ਤਲਖ਼ ਕਲਾਮੀ ਬਿਲਕੁਲ ਗ਼ਲਤ ਹੈ, ਖ਼ਾਸਕਰ ਅੱਜ ਕੱਲ੍ਹ ਕੋਵਿਡ ਦੇ ਸਮਿਆਂ ਦੌਰਾਨ ਜਦੋਂ ਐਲੋਪੈਥਿਕ ਡਾਕਟਰ ਪੂਰੀ ਤਨਦੇਹੀ ਅਤੇ ਦਲੇਰੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਤਾਂ ਇਹੋ ਜਿਹੀ ਬਿਆਨਬਾਜ਼ੀ ਬੇਲੋੜੀ ਹੈ। ਮਹਾਮਾਰੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਮੁਹਾਜ਼ ਤੇ ਉਹ ਅੱਗੇ ਹੋ ਕੇ ਲੜ ਰਹੇ ਹਨ। ਇਸ ਅਮਲ ਦੌਰਾਨ ਸੈਂਕੜੇ ਡਾਕਟਰ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਮੌਕਿਆਂ ਤੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਉਨ੍ਹਾਂ ਰਾਸ਼ਟਰ ਦੀ ਤਰਫ਼ੋਂ ਇਸ ਮੈਡੀਕਲ ਬਰਾਦਰੀ ਜਿਸ ਵਿਚ ਜ਼ਿਆਦਾਤਰ ਐਲੋਪੈਥਿਕ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਸ਼ਾਮਲ ਹੈ, ਦਾ ਧੰਨਵਾਦ ਕੀਤਾ ਸੀ।
        ਇਸ ਵਿਵਾਦ ਦਾ ਬਹੁਤ ਹੀ ਪ੍ਰੇਸ਼ਾਨਕੁਨ ਹਿੱਸਾ ਉਹ ਹੈ ਜਿਸ ਵਿਚ ਰਾਮਦੇਵ ਨੇ ਐਲੋਪੈਥਿਕ ਡਾਕਟਰਾਂ ਨੂੰ ਉਨ੍ਹਾਂ ਦੀ ਚਕਿਤਸਾ ਪ੍ਰਣਾਲੀ ਦੀ ਕਾਰਕਰਦਗੀ ਬਾਰੇ 25 ਸਵਾਲ ਪੁੱਛ ਕੇ ਇਕ ਕਿਸਮ ਦਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਹਤਯਾਬੀ ਵਾਸਤੇ ਪ੍ਰਾਚੀਨ ਚਕਿਤਸਾ ਪ੍ਰਣਾਲੀਆਂ ਵਿਚ ਕਈ ਗੁਣ ਹਨ ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੌਜੂਦਾ ਆਲਮੀ ਸਿਹਤ ਪ੍ਰਣਾਲੀਆਂ ਐਲੋਪੈਥਿਕ ਚਕਿਤਸਾ ਪ੍ਰਣਾਲੀਆਂ ਤੇ ਆਧਾਰਿਤ ਹਨ। ਇਹ ਉਹ ਪ੍ਰਣਾਲੀ ਹੈ ਜਿਸ ਨੇ ਦੁਨੀਆ ਭਰ ਵਿਚ ਪੁਰਾਣੀਆਂ ਅਲਾਮਤਾਂ ਨੂੰ ਕਾਬੂ ਕਰਨ, ਸਿਹਤ ਦੇ ਮਿਆਰ ਉੱਚੇ ਚੁੱਕਣ ਅਤੇ ਇਨਸਾਨੀ ਜ਼ਾਤ ਦੀ ਉਮਰ ਲੰਮੇਰੀ ਕਰਨ ਵਿਚ ਮਦਦ ਕੀਤੀ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਸੰਪੂਰਨ ਹੈ, ਜਾਂ ਫਿਰ ਇਹ ਸਿਹਤ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਸਮੱਰਥ ਹੈ। ਦਰਅਸਲ, ਮੈਡੀਕਲ ਗਿਆਨ ਦੇ ਬਹੁਤ ਸਾਰੇ ਖੇਤਰਾਂ ਵਿਚ ਖੱਪੇ ਹਨ ਪਰ ਆਧੁਨਿਕ ਡਾਕਟਰ ਇਸ ਤੱਥ ਨੂੰ ਸਵੀਕਾਰ ਕਰਦੇ ਹਨ। ਕੋਵਿਡ ਮਹਾਮਾਰੀ ਇਸ ਸੂਰਤ ਵੱਲ ਧਿਆਨ ਦਿਵਾ ਰਹੀ ਹੈ। ਇਸ ਦਾ ਕਾਰਨ ਇਕ ਨਵਾਂ ਕਿਸਮ ਦਾ ਵਾਇਰਸ ਹੈ ਅਤੇ ਐਲੋਪੈਥਿਕ ਮੈਡੀਕਲ ਸਾਇੰਸ ਇਸ ਦੀ ਰੋਕਥਾਮ ਤੇ ਇਲਾਜ ਦੇ ਸਾਧਨਾਂ ਤੇ ਲਗਾਤਾਰ ਕੰਮ ਕਰ ਰਹੀ ਹੈ। ਐਮਰਜੈਂਸੀ ਪ੍ਰੋਟੋਕਾਲਾਂ ਦੀ ਤੇਜ਼ੀ ਨਾਲ ਵਰਤੋਂ ਜ਼ਰੀਏ ਵੈਕਸੀਨਾਂ ਦੀ ਈਜਾਦ ਦੇ ਰੂਪ ਵਿਚ ਰੋਕਥਾਮ ਦੇ ਸਾਧਨਾਂ ਦੇ ਮਾਮਲੇ ਵਿਚ ਕੁਝ ਪ੍ਰਗਤੀ ਹੋ ਰਹੀ ਹੈ। ਇਨ੍ਹਾਂ ਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਹਨ। ਲੋਕਾਂ ਦੇ ਮਨਾਂ ਅੰਦਰ ਵੈਕਸੀਨਾਂ ਬਾਰੇ ਸ਼ੱਕ ਪੈਦਾ ਨਹੀਂ ਕਰਨੇ ਚਾਹੀਦੇ।
         ਆਧੁਨਿਕ ਭਾਰਤੀ ਡਾਕਟਰਾਂ ਨੇ ਦੁਨੀਆ ਭਰ ਵਿਚ ਨਾਮਣਾ ਖੱਟਿਆ ਹੈ। ਇਸੇ ਕਰ ਕੇ ਉਪ ਮਹਾਦੀਪ ਅਤੇ ਇਸ ਤੋਂ ਪਰ੍ਹੇ ਤੋਂ ਵੀ ਹਜ਼ਾਰਾਂ ਦੀ ਤਾਦਾਦ ਵਿਚ ਮਰੀਜ਼ ਭਾਰਤੀ ਹਸਪਤਾਲਾਂ ਵਿਚ ਇਲਾਜ ਕਰਾਉਣ ਆਉਂਦੇ ਹਨ। ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਨ੍ਹਾਂ ਮਰੀਜ਼ਾਂ ਦਾ ਭਰੋਸਾ ਟੁੱਟਦਾ ਹੋਵੇ ਤੇ ਜਿਸ ਕਰ ਕੇ ਭਾਰਤ ਦੀ ਲਲਿਤ ਸ਼ਕਤੀ, ਭਾਵ ਸੌਫਟਪਾਵਰ ਦਾ ਅਕਸ ਖਰਾਬ ਹੋ ਸਕਦਾ ਹੈ। ਇਸ ਮਾਮਲੇ ਵਿਚ ਭਾਰਤੀ ਸੌਫਟਪਾਵਰ ਅਤੇ ਯੋਗ ਅਭਿਆਸ ਦੇ ਯੋਗਦਾਨ ਵਿਚ ਕੋਈ ਅੰਤਰ-ਵਿਰੋਧ ਨਹੀਂ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ ਮਤੇ ਨੰਬਰ 69/131 ਵਿਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦੀ ਮਾਨਤਾ ਦਿੱਤੀ ਸੀ, ਕਿਉਂਕਿ ਇਹ ਸਿਹਤ ਅਤੇ ਮਨੁੱਖੀ ਭਲਾਈ ਸਰਬਪੱਖੀ ਪਹੁੰਚ ਰੱਖਦਾ ਹੈ।
        ਇਸ ਲਿਹਾਜ਼ ਤੋਂ ਪ੍ਰਾਚੀਨ ਚਕਿਤਸਾ ਅਤੇ ਆਧੁਨਿਕ ਮੈਡੀਕਲ ਪ੍ਰਣਾਲੀ ਇਕ ਦੂਜੇ ਦੀਆਂ ਪੂਰਕ ਹਨ, ਅੰਤਰ-ਵਿਰੋਧੀ ਨਹੀਂ। ਆਧੁਨਿਕ ਦਵਾ ਪ੍ਰਣਾਲੀ ਵਿਗਿਆਨਕ ਨਿਰੀਖਣ ਅਤੇ ਪਰਖਯੋਗ ਵਿਧੀਆਂ ਦੇ ਆਧਾਰ ਤੇ ਸਬੂਤ ਦੀ ਗਹਿਰੀ ਪੁਣਛਾਣ ਦੇ ਆਧਾਰ ਤੇ ਆਪਣਾ ਰਸਤਾ ਅਖਤਿਆਰ ਕਰਦੀ ਹੈ। ਬਾਕੀ ਦੇ ਸਾਰੇ ਭੌਤਿਕ ਅਤੇ ਇੱਥੋਂ ਤੱਕ ਸਮਾਜ ਵਿਗਿਆਨਾਂ ਵਿਚ ਵੀ ਇਹ ਸਿਧਾਂਤ ਲਾਗੂ ਹੁੰਦੇ ਹਨ। ਸੁਭਾਵਿਕ ਹੈ ਕਿ ਜਦੋਂ ਸਬੂਤ ਬਦਲਦੇ ਹਨ ਤਾਂ ਸਿੱਟੇ ਵੀ ਬਦਲ ਜਾਂਦੇ ਹਨ। ਇਸ ਤਰੀਕੇ ਰਾਹੀਂ ਹੀ ਗਿਆਨ ਦਾ ਵਿਕਾਸ ਹੁੰਦਾ ਹੈ, ਮਨੁੱਖੀ ਸੁਭਾਅ ਅੰਤਰ-ਵਿਰੋਧਾਂ ਨਾਲ ਭਰਿਆ ਹੋਇਆ ਹੈ। ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਇਨਸਾਨ ਹਮੇਸ਼ਾ ਪੁਖ਼ਤਾ ਗਿਆਨ ਦੇ ਆਧਾਰ ਤੇ ਹੀ ਕੰਮ ਕਰਦਾ ਹੈ। ਉਂਜ, ਅਗਾਂਹਵਧੂ ਆਗੂ ਆਪਣੇ ਲੋਕਾਂ ਨੂੰ ਵਿਗਿਆਨ ਅਤੇ ਤਰਕ ਦੇ ਮਾਰਗ ਤੇ ਲਿਜਾਣ ਦੀ ਚਾਹਨਾ ਰੱਖਦੇ ਹਨ ਅਤੇ ਵਿਗਿਆਨਕ ਸੋਚ ਉਭਾਰਨ ਵਾਲੀਆਂ ਸੰਸਥਾਵਾਂ ਉਸਾਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਮਨਸ਼ਾ ਹੁੰਦੀ ਹੈ ਕਿ ਵਿਗਿਆਨ ਵਿਚ ਨਿਹਿਤ ਤਰਕ ਤੇ ਦਲੀਲ ਸਮਾਜ ਦੀ ਅਗਵਾਈ ਕਰੇ। ਉਹ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਦੇ ਲੋਕ ਅਗਾਂਹਵਧੂ ਬਣਨ ਤੇ ਨਾਲ ਹੀ ਆਪਣੀਆਂ ਪ੍ਰਾਚੀਨ ਪ੍ਰਾਪਤੀਆਂ ਤੇ ਮਾਣ ਵੀ ਕਰਨ।
        ਭਾਰਤ ਦੇ ਚੰਗੇ ਭਾਗ ਸਨ ਕਿ ਇਸ ਨੂੰ ਨਹਿਰੂ ਦੇ ਰੂਪ ਵਿਚ ਅਜਿਹਾ ਆਗੂ ਮਿਲਿਆ ਸੀ ਜਿਸ ਦੀ 27 ਮਈ ਨੂੰ ਬਰਸੀ ਲੰਘੀ ਹੈ। ਭਾਰਤ ਅਜਿਹੇ ਸਮੇਂ ਵਿਚੋਂ ਗੁਜ਼ਰ ਰਿਹਾ ਹੈ ਜਦੋਂ ਨਹਿਰੂ ਅਤੇ ਉਸ ਦੀ ਵਿਰਾਸਤ ਤੇ ਨਿਰੰਤਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀਆਂ ਘਰੋਗੀ ਤੇ ਵਿਦੇਸ਼ ਨੀਤੀਆਂ ਦੀ ਨੁਕਤਾਚੀਨੀ ਹੀ ਨਹੀਂ ਕੀਤੀ ਜਾ ਰਹੀ ਸਗੋਂ ਉਨ੍ਹਾਂ ਦਾ ਤਿਰਸਕਾਰ ਵੀ ਕੀਤਾ ਜਾ ਰਿਹਾ ਹੈ। ਪਿੱਛਲਝਾਤ ਮਾਰਿਆਂ ਪਤਾ ਚਲਦਾ ਹੈ ਕਿ ਬਿਨਾਂ ਸ਼ੱਕ ਨਹਿਰੂ ਤੋਂ ਬਹੁਤ ਸਾਰੇ ਨੀਤੀਗਤ ਖੇਤਰਾਂ ਵਿਚ ਗ਼ਲਤੀਆਂ ਹੋਈਆਂ ਸਨ ਤੇ ਬਿਹਤਰ ਹੁੰਦਾ ਜੇ ਉਨ੍ਹਾਂ ਬਦਲਵੇਂ ਰਾਹਾਂ ਦੀ ਚੋਣ ਕੀਤੀ ਹੁੰਦੀ ਹਾਲਾਂਕਿ ਆਜ਼ਾਦੀ ਦੇ ਪਹਿਲੇ ਦਹਾਕੇ ਵਿਚ ਦੇਸ਼ ਸਾਹਮਣੇ ਬਹੁਤ ਜ਼ਿਆਦਾ ਸਮੱਸਿਆਵਾਂ ਦਰਪੇਸ਼ ਸਨ ਜਿਸ ਕਰ ਕੇ ਕਈ ਮਜਬੂਰੀਆਂ ਬਣੀਆਂ ਹੋਈਆਂ ਸਨ। ਯਕੀਨਨ, ਵਿਦੇਸ਼ ਨੀਤੀ ਦੇ ਖੇਤਰ ਵਿਚ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਅਤੇ ਚੀਨ ਪ੍ਰਤੀ ਪਹੁੰਚ ਵੱਖਰੀ ਹੋਣੀ ਚਾਹੀਦੀ ਸੀ। ਇਸੇ ਤਰ੍ਹਾਂ ਸੁਰੱਖਿਆ ਦੀਆਂ ਨੀਤੀਆਂ ਵਿਚ ਵੀ ਨਹਿਰੂ ਨੂੰ ਰੱਖਿਆ ਬਲਾਂ ਦੇ ਆਧੁਨਿਕੀਕਰਨ ਅਤੇ ਵਿਸਤਾਰਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸੀ, ਭਾਵੇਂ ਇਸ ਮੰਤਵ ਲਈ ਆਪਣੇ ਕਮਜ਼ੋਰ ਮਾਲੀ ਵਸੀਲਿਆਂ ਤੇ ਹੋਰ ਜ਼ਿਆਦਾ ਬੋਝ ਪਾਉਣਾ ਪੈਂਦਾ। ਇਨ੍ਹਾਂ ਲੇਖੇ-ਜੋਖਿਆਂ ਦੇ ਮੱਦੇਨਜ਼ਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਹ ਆਧੁਨਿਕ ਸਾਇੰਸ ਤੇ ਤਕਨਾਲੋਜੀ ਦੀ ਪੈਰਵੀ ਅਤੇ ਦੌਲਤ ਅਤੇ ਆਮਦਨ ਦੀ ਵਧੇਰੇ ਸਾਵੀਂ ਵੰਡ ਦੇ ਜ਼ਰੀਏ ਭਾਰਤੀ ਸਮਾਜ ਨੂੰ ਅਗਾਂਹਵਧੂ ਤੇ ਸਮਤਾਪੂਰਨ ਬਣਾਉਣ ਲਈ ਦ੍ਰਿੜ ਸੰਕਲਪ ਸਨ।
        ਭਾਰਤ ਦੇ ਪੱਛਮੀ ਬਸਤੀਵਾਦ ਦੀ ਜਕੜ ਵਿਚ ਆਉਣ ਦੇ ਕਾਰਨਾਂ ਵਿਚੋਂ ਇਕ ਕਾਰਨ ਇਹ ਸੀ ਕਿ ਯੂਰੋਪ ਨੇ ਸਾਇੰਸ ਅਤੇ ਤਕਨਾਲੋਜੀ ਵਿਚ ਵੱਡੀਆਂ ਮੱਲਾਂ ਮਾਰੀਆਂ ਸਨ ਜਿਸ ਦੇ ਸਿੱਟੇ ਵਜੋਂ ਪਹਿਲਾ ਸਨਅਤੀ ਇਨਕਲਾਬ ਆਇਆ ਸੀ। ਇਸ ਨਾਲ ਜਦੋਂ ਯੂਰੋਪ ਦੀ ਸ਼ਕਤੀ ਵਧ ਰਹੀ ਸੀ ਤਾਂ ਭਾਰਤੀ ਵਿਗਿਆਨ ਖੜੋਤ ਵਿਚ ਆ ਗਿਆ ਸੀ। ਨਹਿਰੂ ਤੇ ਆਜ਼ਾਦੀ ਸੰਗਰਾਮ ਦੇ ਹੋਰਨਾਂ ਅਗਾਂਹਵਧੂ ਨੇ ਇਸ ਤੋਂ ਜੋ ਅਟਲ ਸਬਕ ਲਿਆ ਸੀ, ਉਹ ਇਹ ਸੀ ਕਿ ਭਾਰਤ ਦੇ ਸਮਾਜਿਕ ਤੇ ਆਰਥਿਕ ਆਧੁਨਿਕੀਕਰਨ ਦੀ ਲੜੀ ਦੇ ਤੌਰ ਤੇ ਇਸ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਬਣਾਉਣ ਦੀ ਲੋੜ ਹੈ।
       ਨਹਿਰੂ ਆਪਣੇ ਸਮੁੱਚੇ ਸਿਆਸੀ ਕਰੀਅਰ ਦੌਰਾਨ ਇਸੇ ਸੋਚ ਤੋਂ ਪ੍ਰੇਰਿਤ ਹੁੰਦੇ ਰਹੇ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੇ 17 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਬਸਤੀਵਾਦੀ ਸ਼ਾਸਨ ਤੋਂ ਮੁਕਤ ਹੋਏ ਬਹੁਤ ਸਾਰੇ ਮੁਲਕਾਂ ਦੇ ਉਲਟ ਭਾਰਤ ਨੇ ਵਿਗਿਆਨ ਤੇ ਤਕਨਾਲੋਜੀ ਦੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਵਿਚੋਂ ਕੁਝ ਲਈ ਵਿਦੇਸ਼ੀ ਮਦਦ ਵੀ ਲਈ ਗਈ ਸੀ। ਇਨ੍ਹਾਂ ਵਿਚੋਂ ਕੁਝ ਸੰਸਥਾਵਾਂ ਨੂੰ ਪ੍ਰਬੀਨਤਾ ਦੀ ਕੌਮਾਂਤਰੀ ਪ੍ਰਵਾਨਗੀ ਵੀ ਹਾਸਲ ਹੋਈ ਅਤੇ ਇਸ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਨਤਾ ਮਿਲੀ। ਇਨ੍ਹਾਂ ਵਿਚ ਭਾਰਤੀ ਮੈਡੀਕਲ ਕਾਲਜਾਂ ਵਿਚ ਸਿਖਲਾਈਯਾਫ਼ਤਾ ਡਾਕਟਰ ਵੀ ਸ਼ਾਮਲ ਸਨ। ਨਹਿਰੂ ਨੇ ਸਾਇੰਸ ਤੇ ਤਕਨਾਲੋਜੀ ਸੰਸਥਾਵਾਂ ਦਾ ਚੌਖਟਾ ਉਸਾਰਦਿਆਂ ਭਾਰਤੀ ਸਮਾਜ ਨੂੰ ਵਿਗਿਆਨਕ ਮੱਸ ਪੈਦਾ ਕਰਨ ਦਾ ਸੱਦਾ ਦਿੱਤਾ ਸੀ ਜਿਸ ਨਾਲ ਮੁਲਕ ਆਧੁਨਿਕ ਯੁੱਗ ਵਿਚ ਅਗਾਂਹ ਵਧਣ ਦੇ ਕਾਬਿਲ ਬਣ ਸਕੇਗਾ।
         ਡਿਜੀਟਲ ਕ੍ਰਾਂਤੀ ਦੁਨੀਆ ਨੂੰ ਹੈਰਾਨਕੁਨ ਢੰਗ ਨਾਲ ਬਦਲ ਰਹੀ ਹੈ ਜਿਸ ਕਰ ਕੇ ਅੱਜ ਇਹ ਗੱਲ ਬਹੁਤ ਅਹਿਮ ਹੈ ਕਿ ਭਾਰਤ ਨੂੰ ਵਿਗਿਆਨਕ ਅਤੇ ਤਕਨਾਲੋਜੀ ਦੀ ਖੋਜ ਦਾ ਪ੍ਰਮਾਣਿਕ ਕੇਂਦਰ ਬਣਾਉਣ ਲਈ ਨਹਿਰੂ ਦੇ ਨਜ਼ਰੀਏ ਨੂੰ ਅਗਾਂਹ ਵਧਾਇਆ ਜਾਵੇ। ਇਸ ਮੰਤਵ ਲਈ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਦੋਵਾਂ ਵਲੋਂ ਇਕਾਗਰਚਿਤ, ਇੱਛਾ ਸ਼ਕਤੀ ਅਤੇ ਵਧੇਰੇ ਵਸੀਲਿਆਂ ਦੀ ਵਚਨਬੱਧਤਾ ਦਰਕਾਰ ਹੈ। ਇਸ ਦਾ ਭਾਵ ਇਹ ਵੀ ਹੈ ਕਿ ਅਜਿਹੀਆਂ ਵਿਚਾਰ ਚਰਚਾਵਾਂ ਤੇ ਰਾਸ਼ਟਰੀ ਊਰਜਾ ਖਰਚ ਨਾ ਕੀਤੀ ਜਾਵੇ ਜਿਹੋ ਜਿਹੀ ਵਿਚਾਰ ਚਰਚਾ ਰਾਮਦੇਵ ਵਲੋਂ ਸ਼ੁਰੂ ਕੀਤੀ ਗਈ ਹੈ। ਆਖ਼ਰੀ ਨੁਕਤਾ ਇਹ ਹੈ ਕਿ ਨਹਿਰੂ ਯੋਗ ਦੇ ਹਮਾਇਤੀ ਸਨ ਅਤੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਯੋਗ ਅਭਿਆਸ ਕਰਦੇ ਰਹੇ ਸਨ।
* ਸਾਬਕਾ ਸਕੱਤਰ, ਵਿਦੇਸ਼ ਮਾਮਲੇ ਵਿਭਾਗ ।