ਹਾਲੇ ਵੀ ਉਮੀਦ ਬਾਕੀ ਹੈ ... - ਗੁਰਬਚਨ ਜਗਤ

ਪੰਜਾਹਵਿਆਂ ਦੇ ਅਖੀਰ ਤੇ ਸੱਠਵਿਆਂ ਦੇ ਸ਼ੁਰੂ ’ਚ ਮੈਂ ਕਾਲਜ ਗਿਆ ਸਾਂ। ਉਨ੍ਹੀਂ ਦਿਨੀਂ ਵਿਦਿਆਰਥੀਆਂ ’ਤੇ ਦਾਤੀ ਹਥੌੜੇ ਅਤੇ ਮਾਰਕਸਵਾਦ ਦਾ ਜਨੂੰਨ ਛਾਇਆ ਹੁੰਦਾ ਸੀ ਤੇ ਕੌਫੀ ਹਾਊਸਾਂ ਅੰਦਰ ਕੌਫੀ ਸਮਾਜਵਾਦ ਤੇ ਇਨਕਲਾਬ ਬਾਰੇ ਬਹਿਸਾਂ ਦੇ ਦੌਰ ਚਲਦੇ ਰਹਿੰਦੇ ਸਨ ਤੇ ਬੰਦੇ ਨੂੰ ਪਤਾ ਹੀ ਨਹੀਂ ਚਲਦਾ ਸੀ ਕਿ ਇਸ ਦੌਰਾਨ ਉਹ ਕਿੰਨੇ ਕੱਪ ਕੌਫੀ ਪੀ ਚੁੱਕਿਆ ਹੈ। ਉਦੋਂ ਲੱਗਦਾ ਸੀ ਕਿ ਖੱਬੇ ਪੰਥ ’ਚ ਕੋਈ ਗੱਲ ਗ਼ਲਤ ਨਹੀਂ ਹੋ ਸਕਦੀ ਤੇ ਪੂੰਜੀਵਾਦ ’ਚ ਕੋਈ ਚੀਜ਼ ਸਹੀ ਨਹੀਂ ਹੈ। ਜੇ ਕਿਤੇ ਭੁੱਲ ਭੁਲੇਖੇ ਅਮਰੀਕਾ ਦੀ ਗੱਲ ਹੋ ਜਾਂਦੀ ਤਾਂ ਕੁਫ਼ਰ ਗਿਣਿਆ ਜਾਂਦਾ ਸੀ। ਉਂਜ, ਜਦੋਂ ਕੋਈ ਵੱਡਾ ਹੋ ਜਾਂਦਾ, ਨੌਕਰੀ ਮਿਲ ਜਾਂਦੀ, ਪਰਿਵਾਰ ਦੀ ਜ਼ਿੰਮੇਵਾਰੀ ਗ਼ਲ ਪੈ ਜਾਂਦੀ ਤਾਂ ਇਸ ਦੌਰਾਨ ਬਦਲ ਰਹੀ ਦੁਨੀਆ ਅੰਦਰ ਗੁਲਾਬ ਪੱਤੀਆਂ ਵਾਲੀਆਂ ਐਨਕਾਂ ਉੱਤਰ ਜਾਂਦੀਆਂ ਸਨ, ਪਰ ਫਿਰ ਵੀ ਕਦੇ ਕਦਾਈਂ ਹਲਕੀ ਗੁਲਾਬੀ ਭਾਹ ਉੱਭਰ ਆਉਂਦੀ। ਨਹਿਰੂ ਤੇ ਉਸ ਦਾ ਯੂਟੋਪੀਆ (ਆਦਰਸ਼ ਰਾਜ) ਜਲਦੀ ਛੂ-ਮੰਤਰ ਹੋ ਗਿਆ ਸੀ ਤੇ ਉਸ ਦੀ ਥਾਂ ਵਿਹਾਰਕਤਾ, ਸਿਆਸਤ ਤੇ ਬੇਈਮਾਨ ਸਿਆਸਤਦਾਨਾਂ ਨੇ ਲੈ ਲਈ। ਸੰਸਥਾਵਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਅਤੇ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾਂ ਦੀ ਦਿਆਨਤਦਾਨੀ ਹੌਲ਼ੀ ਹੌਲ਼ੀ ਭੁਰਨ ਲੱਗ ਪਈ ਤੇ ਫਿਰ ਅੱਸੀਵਿਆਂ ਦੇ ਅਖੀਰ ਤੋਂ ਇਸ ਅਮਲ ਨੇ ਬਹੁਤ ਤੇਜ਼ੀ ਫੜ ਲਈ।
       ਇਕ ਸਰਗਰਮ ਭਿਆਲ ਅਤੇ ਲਾਚਾਰ ਦਰਸ਼ਕ ਵਜੋਂ ਸਿਸਟਮ ਦਾ ਹਿੱਸਾ ਬਣੇ ਰਹਿੰਦਿਆਂ ਵਿਅਕਤੀ ਕੋਈ ਹੋਰਨਾਂ ਦੇਸ਼ਾਂ ਖ਼ਾਸਕਰ ਅਮਰੀਕਾ, ਬਰਤਾਨੀਆ ਤੇ ਯੂਰਪ ਅਤੇ ਉਨ੍ਹਾਂ ਦੇ ਸਿਸਟਮ ’ਤੇ ਨਜ਼ਰ ਮਾਰਨੀ ਸ਼ੁਰੂ ਕਰਦਾ ਹੈ। ਰੰਗੀਨ ਐਨਕਾਂ ਲੱਥ ਚੁੱਕੀਆਂ ਹੋਣ ਕਾਰਨ ਉਹ ਚੀਜ਼ਾਂ ਨੂੰ ਨਵੀਂ ਲੋਅ ਵਿਚ ਦੇਖਣ ਲੱਗਦਾ। ਉਨ੍ਹਾਂ ਦੇ ਸਿਸਟਮ ਖ਼ਾਸਕਰ ਰੋਜ਼ਮਰਾ ਦੇ ਸ਼ਾਸਨ ਦੀਆਂ ਸੰਸਥਾਵਾਂ ਵਿਚ ਸਭ ਕੁਝ ਮਾੜਾ ਨਹੀਂ ਸੀ। ਤੁਸੀਂ ਅਰਥਚਾਰੇ ਨਾਲ ਅਸਹਿਮਤ ਹੋ ਸਕਦੇ ਹੋ, ਪਰ ਉਨ੍ਹਾਂ ਦੇ ਸ਼ਾਸਨ ਵਿਚ ਕੁਝ ਤਾਂ ਹੈ ਜਿਸ ਦੀ ਤਾਰੀਫ਼ ਕਰਨੀ ਸੁਭਾਵਿਕ ਹੈ।
       ਪੂਰੇ ਚਾਰ ਸਾਲ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ ਨੇ ਲਗਭਗ ਸਾਰੇ ਪ੍ਰਸ਼ਾਸਕੀ ਅਤੇ ਵਿਧਾਨਕ ਨੇਮਾਂ ਨੂੰ ਦਰਕਿਨਾਰ ਕੀਤਾ, ਰੀਤਾਂ ਦੀ ਬੇਹੁਰਮਤੀ ਕੀਤੀ ਅਤੇ ਲਗਾਤਾਰ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਕੁਵਰਤੋਂ ਕੀਤੀ। ਸੰਖੇਪ ’ਚ ਉਸ ਨੇ ਸਿਸਟਮ ਨੂੰ ਖੇਰੂੰ-ਖੇਰੂੰ ਕਰਨ ’ਚ ਕੋਈ ਕਸਰ ਨਹੀਂ ਛੱਡੀ ਤੇ ਇਕ ਪੂਰਾ ਸੂਰਾ ਨਿੱਜੀ ਰਾਜਾਸ਼ਾਹੀ ਵਰਗੀ ਸਦਰੀਅਤ ਕਾਇਮ ਕਰ ਲਈ ਸੀ। ਉਹ ਵ੍ਹਾਈਟ ਹਾਊਸ ਵਿਚ ਆਪਣੇ ਪਰਿਵਾਰ ਨੂੰ ਲੈ ਕੇ ਆ ਗਿਆ ਸੀ ਤੇ ਉਸ ਦੇ ਕੁਝ ਜੀਆਂ ਨੂੰ ਤਾਂ ਅਹਿਮ ਅਹੁਦੇ ਵੀ ਸੌਂਪ ਦਿੱਤੇ ਸਨ। ਥਲ ਸੈਨਾ ਦੇ ਮੁਖੀ, ਖ਼ੁਫ਼ੀਆ ਤੇ ਅੰਦਰੂਨੀ ਸੁਰੱਖਿਆ ਦੇ ਮੁਖੀਆਂ, ਵਿਦੇਸ਼ ਮੰਤਰੀ ਤੇ ਹੋਰ ਪਤਾ ਨਹੀਂ ਕੀਹਨੂੰ ਕੀਹਨੂੰ- ਉਹ ਆਪਹੁਦਰੇ ਢੰਗ ਨਾਲ ਹਟਾ ਤੇ ਨਿਯੁਕਤ ਕਰ ਦਿੰਦਾ ਸੀ। ਇਹ ਨਾ ਸਿਰਫ਼ ਕਿਸੇ ਬੇਮੁਹਾਰੇ ਰਾਸ਼ਟਰਪਤੀ ਦੇ ਕਾਰ ਵਿਹਾਰ ਸਨ ਸਗੋਂ ਉਹ ਸੰਸਥਾਵਾਂ ਨੂੰ ਵੀ ਤਹਿਸ-ਨਹਿਸ ਕਰ ਰਿਹਾ ਸੀ, ਮਹੱਤਵਪੂਰਨ ਅਹੁਦਿਆਂ ਦੀ ਵੁੱਕਤ ਰੋਲ਼ ਰਿਹਾ ਸੀ ਅਤੇ ਆਪਣੇ ਆਸ਼ੇ ਪੂਰੇ ਕਰਨ ਲਈ ਸੈਨੇਟ ਦੀ ਵਰਤੋਂ ਕਰ ਰਿਹਾ ਸੀ। ਉਸ ਦਾ ਕੰਮ ਢੰਗ ਖਰੂਦੀ ਕਿਸਮ ਦਾ ਸੀ ਅਤੇ ਉਹ ਸ਼ਾਸਨ ਦੇ ਸਾਰੇ ਹਿੱਸਿਆਂ ’ਤੇ ਆਪਣੀ ਜ਼ਾਤੀ ਪਛਾਣ ਛੱਡਦਾ ਸੀ ਅਤੇ ਆਪਣੇ ਅਗਲੇ ਕਾਰਜਕਾਲ ਲਈ ਇਕ ਦਿਸ਼ਾ ਤੈਅ ਕਰ ਰਿਹਾ ਸੀ। ਇਹ ਵੀ ਸੰਭਵ ਸੀ ਕਿ ਆਪਣੇ ਮਗਰੋਂ ਆਪਣੀ ਧੀ ਇਵਾਂਕਾ ਨੂੰ ਜਾਨਸ਼ੀਨ ਬਣਾ ਜਾਂਦਾ।
        ਰਾਸ਼ਟਰਪਤੀ ਦੀ ਚੋਣ ਲਈ ਚੱਲੀ ਮੁਹਿੰਮ ਬਹੁਤ ਭੱਦੀ ਸੀ ਅਤੇ ਟਰੰਪ ਸਮੁੱਚੇ ਅਮਰੀਕੀ ਮੰਜ਼ਰ ’ਤੇ ਇਕ ਸ਼ੈਤਾਨ ਦੀ ਤਰ੍ਹਾਂ ਛਾਇਆ ਹੋਇਆ ਸੀ ਜਿਸ ਨੂੰ ਆਪਣੀ ਜਿੱਤ ਦਾ ਪੂਰਾ ਯਕੀਨ ਸੀ। ਉਸ ਨੇ ਮਹਾਮਾਰੀ ਅਤੇ ਵਿਗਿਆਨੀਆਂ ਦੀਆਂ ਨਸੀਹਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜਿਵੇਂ ਜਿਵੇਂ ਉਸ ਨੂੰ ਸੰਭਾਵੀ ਹਾਰ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋਏ ਤਾਂ ਉਸ ਨੇ ਚੋਣਾਂ ਵਿਚ ਧਾਂਦਲੀ ਦਾ ਹਊਆ ਖੜ੍ਹਾ ਕਰ ਦਿੱਤਾ ਅਤੇ ਉਸ ਨੇ  ਚੋਣ ਅਮਲ ਖ਼ਾਸਕਰ ਡਾਕ ਵੋਟ ਪ੍ਰਣਾਲੀ ਖ਼ਿਲਾਫ਼ ਮੁਹਾਜ਼ ਖੋਲ੍ਹ ਦਿੱਤਾ। ਉਸ ਨੇ ਗਵਰਨਰਾਂ ਅਤੇ ਚੋਣ ਅਮਲ ਦੀ ਨਿਗਰਾਨੀ ਤੇ ਤਸਦੀਕ ਕਰਨ ਵਾਲੇ ਰਾਜਾਂ ਦੇ ਅਹਿਲਕਾਰਾਂ ਦੇ ਕਿਰਦਾਰ ’ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਆਪਣੀਆਂ ਟੀਕਾ ਟਿੱਪਣੀਆਂ ਵਿਚ ਪ੍ਰਿੰਟ ਅਤੇ ਦ੍ਰਿਸ਼ ਮੀਡੀਆ ਖ਼ਿਲਾਫ਼ ਵੀ ਖਾਸਾ ਵਿਹੁ ਘੋਲਿਆ। ਖ਼ਾਸਕਰ ‘ਸੀਐੱਨਐੱਨ’, ‘ਨਿਊ ਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਜਿਹੇ ਅਦਾਰਿਆਂ ਨੂੰ ਰੱਜ ਕੇ ਨਿਸ਼ਾਨਾ ਬਣਾਇਆ। ਉਸ ਦੇ ਅੰਨ੍ਹੇ ਭਗਤ ਉਸ ਦੇ ਇਸ ਬਿਆਨੀਏ ਨੂੰ ਇਲਹਾਮ ਦੀ ਤਰ੍ਹਾਂ ਲੈਂਦੇ ਸਨ ਜਿਸ ਕਰਕੇ ਸੂਬਾਈ ਪੱਧਰ ’ਤੇ ਵੋਟਾਂ ਦੇ ਗਿਣਤੀ ਕੇਂਦਰਾਂ ਦੇ ਅਫ਼ਸਰਾਂ ਤੋਂ ਲੈ ਕੇ ਸਮੁੱਚੀ ਚੋਣ ਮਸ਼ੀਨਰੀ ’ਤੇ ਦਬਾਅ ਵਧਣ ਲੱਗ ਪਿਆ ਸੀ। ਪੈਨਸਿਲਵੇਨੀਆ, ਜੌਰਜੀਆ, ਵਿਸਕੌਂਸਿਨ ਅਤੇ ਮਿਸ਼ੀਗਨ ਜਿਹੇ ਫਸਵੀਂ ਟੱਕਰ ਵਾਲੇ ਸੂਬਿਆਂ ਵਿਚ ਇਹ ਦਬਾਅ ਹੱਦ ਦਰਜੇ ’ਤੇ ਅੱਪੜ ਗਿਆ ਸੀ।
        ਟਰੰਪ ਜਦੋਂ ਡਾਕ ਰਾਹੀਂ ਪੈਣ ਵਾਲੀਆਂ ਵੋਟਾਂ ਦੀ ਪ੍ਰਮਾਣਿਕਤਾ ’ਤੇ ਕਿੰਤੂ ਕਰਨ ਤੋਂ ਨਾ ਹਟਿਆ ਤਾਂ ਮਨੋਵਿਗਿਆਨਕ ਯੁੱਧ ਤੇਜ਼ ਹੋ ਗਿਆ। ਉਂਜ, ਚੋਣ ਅਮਲਾ ਆਪਣੇ ਫ਼ਰਜ਼ਾਂ ’ਤੇ ਡਟਿਆ ਰਿਹਾ ਅਤੇ ਚੋਣ ਅਮਲ ਵਿਚ ਧੋਖਾਧੜੀ ਦਾ ਕੋਈ ਵੀ ਸਬੂਤ ਸਾਹਮਣੇ ਨਾ ਆਇਆ। ਫਸਵੀਂ ਟੱਕਰ ਵਾਲੇ ਇਨ੍ਹਾਂ ਬਹੁਤੇ ਰਾਜਾਂ ਵਿਚ ਗਵਰਨਰ ਅਤੇ ਸੀਨੀਅਰ ਅਹਿਲਕਾਰ ਰਿਪਬਲਿਕਨ ਪਾਰਟੀ ਦੇ ਸਨ। ਉਨ੍ਹਾਂ ਨੂੰ ਵੀ ਸਲਾਮ ਕਰਨਾ ਬਣਦਾ ਹੈ ਕਿ ਕਿਸੇ ਇਕ ਰਾਜ ਦੇ ਅਹਿਲਕਾਰਾਂ ਨੇ ਵੀ ਚੋਣ ਨਤੀਜਿਆਂ ਨੂੰ ਨਹੀਂ ਪਲਟਾਇਆ ਅਤੇ ਹਕੀਕੀ ਗਿਣਤੀ ਮੁਤਾਬਿਕ ਤਸਦੀਕ ਪੱਤਰ ਜਾਰੀ ਕੀਤੇ। ਜਦੋਂ ਇੱਥੇ ਟਰੰਪ ਦੀ ਕੋਈ ਪੇਸ਼ ਨਾ ਗਈ ਤਾਂ ਉਸ ਨੇ ਮੁੜ ਗਿਣਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਦੁਬਾਰਾ ਗਿਣਤੀ ਕਰਾਉਣ ’ਤੇ ਵੀ ਨਤੀਜਿਆਂ ’ਤੇ ਕੋਈ ਫ਼ਰਕ ਨਾ ਪਿਆ। ਫਿਰ ਉਸ ਨੇ ਕਾਨੂੰਨੀ ਹਥਕੰਡਾ ਵਰਤਿਆ ਅਤੇ ਅਧਿਕਾਰੀਆਂ ਖ਼ਿਲਾਫ਼ ਧਾਂਦਲੀਆਂ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਉਸ ਦੀ ਪਹਿਲੀ ਚਾਰਾਜੋਈ ਫੈਡਰਲ ਜੱਜਾਂ ਕੋਲ ਸੀ ਜਿਨ੍ਹਾਂ ’ਚੋਂ ਸੱਠਾਂ ਨੇ ਬਗ਼ੈਰ ਕਿਸੇ ਸਬੂਤ ਤੋਂ ਦਾਇਰ ਕੀਤੀਆਂ ਉਸ ਦੀਆਂ ਪਟੀਸ਼ਨਾਂ ਵਗਾਹ ਮਾਰੀਆਂ। ਇਨ੍ਹਾਂ ’ਚੋਂ ਕੁਝ ਜੱਜ ਤਾਂ ਖ਼ੁਦ ਟਰੰਪ ਨੇ ਨਿਯੁਕਤ ਕੀਤੇ ਸਨ, ਪਰ ਕੋਈ ਵੀ ਉਸ ਦੇ ਪੱਖ ਵਿਚ ਨਾ ਭੁਗਤਿਆ। ਅਖੀਰ ਨੂੰ ਉਹ ਸੁਪਰੀਮ ਕੋਰਟ ਅੱਪੜਿਆ ਤੇ ਜਿੱਥੇ ਘੱਟੋਘੱਟ ਤਿੰਨ ਜੱਜ ਖ਼ੁਦ ਉਸ ਵੱਲੋਂ ਤੇ ਤਿੰਨ ਹੋਰ ਦੂਜੇ ਰਿਪਬਲਿਕਨ ਰਾਸ਼ਟਰਪਤੀਆਂ ਵੱਲੋਂ ਨਿਯੁਕਤ ਕੀਤੇ ਗਏ ਸਨ। ਸੁਪਰੀਮ ਕੋਰਟ ਵੀ ਅਡੋਲ ਰਹੀ ਤੇ ਟਰੰਪ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ।
      ਇਸ ਦੌਰਾਨ ਫ਼ੌਜ ਨੂੰ ਲੈ ਕੇ ਕੁਝ ਅਫ਼ਵਾਹਾਂ ਫੈਲਾ ਦਿੱਤੀਆਂ ਗਈਆਂ ਅਤੇ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਰੱਖਿਆ ਸੈਨਾਵਾਂ ਦੇ ਸਾਂਝੇ ਮੁਖੀ ਨੇ ਹਥਿਆਰਬੰਦ ਬਲਾਂ ਦੇ ਸਾਰੇ ਅਫ਼ਸਰਾਂ ਨੂੰ ਮੁਖ਼ਾਤਬ ਇਕ ਸੰਦੇਸ਼ ਜਾਰੀ ਕੀਤਾ ਕਿ ਉਨ੍ਹਾਂ ਦਾ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਤੇ ਨਾ ਹੀ ਅੱਗੋਂ ਰਹੇਗਾ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਇਕੱਲਾ ਆਦਮੀ ਸਮੁੱਚੇ ਸਿਸਟਮ ਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਸਕਦਾ ਹੈ। ਫਿਰ ਟਰੰਪ ਨੇ ਆਪਣਾ ਆਖ਼ਰੀ ਪੱਤਾ ਖੇਡਿਆ ਜਿਸ ਬਾਰੇ ਉਸ ਦੇ ਕੱਟੜ ਵਿਰੋਧੀ ਤੇ ਪੱਕੇ ਮਿੱਤਰ ਬੇਲੀ ਵੀ ਕਿਆਸ ਨਹੀਂ ਕਰ ਸਕਦੇ ਸਨ ਕਿ ਉਹ ਇਹ ਵੀ ਕਰ ਸਕਦਾ ਹੈ। ਉਸ ਨੇ ਆਪਣੇ ਹਮਾਇਤੀਆਂ ਨੂੰ ਵੱਡੀ ਤਾਦਾਦ ਵਿਚ ਛੇ ਜਨਵਰੀ ਨੂੰ ਵਾਸ਼ਿੰਗਟਨ ਪੁੱਜਣ ਦਾ ਸੱਦਾ ਦਿੱਤਾ ਤਾਂ ਕਿ ਉਹ ਉਪ ਰਾਸ਼ਟਰਪਤੀ ਪੈਂਸ ਨੂੰ ਦਬਕਾ ਮਾਰ ਕੇ ਆਪਣੀ ਮਰਜ਼ੀ ਚਲਾ ਸਕੇ। ਉਸ ਦੇ ਹਮਾਇਤੀ ਕੈਪੀਟਲ ਹਿੱਲ (Capitol Hill- ਅਮਰੀਕੀ ਸੰਸਦ ਭਵਨ) ਦੇ ਬਾਹਰ ਇਕੱਤਰ ਹੋ ਗਏ ਜਿੱਥੇ ਮੁੱਠੀ ਭਰ ਸੁਰੱਖਿਆ ਕਰਮੀ ਹੀ ਤਾਇਨਾਤ ਸਨ। ਇਸ ਤੋਂ ਪਹਿਲਾਂ ਕਿ ਉਪ ਰਾਸ਼ਟਰਪਤੀ ਚੋਣ ਨਤੀਜਿਆਂ ਦਾ ਰਸਮੀ ਐਲਾਨ ਕਰਦੇ, ਉਹ ਪਲ ਆ ਗਿਆ ਜਦੋਂ ਟਰੰਪ ਵੱਲੋਂ ਭੜਕਾਈ ਭੀੜ ਪਾਰਲੀਮੈਂਟ ’ਤੇ ਜਾ ਚੜ੍ਹੀ ਅਤੇ ਅੰਦਰ ਜਾ ਕੇ ਭੰਨ੍ਹ-ਤੋੜ ਕੀਤੀ।
      ਸਥਿਤੀ ’ਤੇ ਕਾਬੂ ਪਾਉਣ ਲਈ ਨੈਸ਼ਨਲ ਗਾਰਡਜ਼ ਨੂੰ ਬੁਲਾਉਣਾ ਪਿਆ ਅਤੇ ਉਪ ਰਾਸ਼ਟਰਪਤੀ ਨੇ ਐਲਾਨ ਕਰ ਦਿੱਤਾ ਕਿ ਜੋਅ ਬਾਇਡਨ ਜੂਨੀਅਰ ਅਮਰੀਕਾ ਦੇ ਬਾਕਾਇਦਾ ਰਾਸ਼ਟਰਪਤੀ ਚੁਣੇ ਗਏ ਹਨ। ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਭਾਰੀ ਦਬਾਅ ਤੇ ਸਿੱਧੀਆਂ ਧਮਕੀਆਂ ਦੇ ਬਾਵਜੂਦ ਸਟੈਂਡ ਲਿਆ ਅਤੇ ਆਪਣਾ ਸੰਵਿਧਾਨਕ ਫ਼ਰਜ਼ ਨਿਭਾਇਆ। ਨਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਗਈ ਅਤੇ ਕੰਮ ਮੁੜ ਸ਼ੁਰੂ ਹੋ ਗਿਆ ਤੇ ਸਿਸਟਮ ਦੀ ਬਹਾਲੀ ਹੋ ਗਈ। ਮਹਾਮਾਰੀ ਨੂੰ ਸੰਜੀਦਗੀ ਨਾਲ ਲਿਆ ਗਿਆ ਅਤੇ ਦੋਫਾੜ ਹੋਏ ਮੁਲ਼ਕ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਸ਼ੁਰੂ ਹੋ ਗਿਆ, ਪਰ ਇਹ ਬਹੁਤ ਲੰਮਾ ਚੱਲਣ ਵਾਲਾ ਅਮਲ ਹੈ। ਟਰੰਪ ’ਤੇ ਲੋਕਾਂ ਨੂੰ ਹਿੰਸਕ ਵਿਦਰੋਹ ਲਈ ਉਕਸਾਉਣ ਬਦਲੇ ਮਹਾਦੋਸ਼ ਆਇਦ ਕਰ ਦਿੱਤਾ ਗਿਆ ਹੈ ਅਤੇ ਇਹ ਗੱਲ ਵੇਖਣਯੋਗ ਹੋਵੇਗੀ ਕਿ ਕੀ ਸੈਨੇਟ ਉਸ ਨੂੰ ਮਹਾਦੋਸ਼ ਦਾ ਦੋਸ਼ੀ ਕਰਾਰ ਦਿੰਦੀ ਹੈ ਜਾਂ ਨਹੀਂ।
      ਮੈਂ ਜੋ ਕੁਝ ਵੀ ਲਿਖਿਆ ਹੈ, ਉਸ ਦਾ ਨਿਚੋੜ ਇਹ ਹੈ ਕਿ ਕਿਸੇ ਤਾਨਾਸ਼ਾਹ ਰਾਸ਼ਟਰਪਤੀ ਅਤੇ ਉਸ ਦੇ ਬਦਮਾਸ਼ ਹਮਾਇਤੀਆਂ ਨਾਲ ਅਤੇ ਧਮਕੀਆਂ ਤੇ ਲਾਲਚ ਨਾਲ ਸਾਹਮਣਾ ਹੋਣ ਦੇ ਬਾਵਜੂਦ ਅਮਰੀਕੀ ਚੁਣਾਵੀ ਸਿਸਟਮ ਨੇ ਸੰਵਿਧਾਨ ਮੁਤਾਬਿਕ ਕੰਮ ਕੀਤਾ। ਗਿਣਤੀ ਕਰਨ ਵਾਲਾ ਅਮਲਾ, ਸੀਨੀਅਰ ਅਹਿਲਕਾਰ, ਗਵਰਨਰ, ਨਿਆਂਪਾਲਿਕਾ, ਹਥਿਆਰਬੰਦ ਬਲਾਂ ਅਤੇ ਉਪ ਰਾਸ਼ਟਰਪਤੀ ਨੇ ਸੰਵਿਧਾਨ ਪ੍ਰਤੀ ਆਪਣੀ ਵਫ਼ਾਦਾਰੀ ਤੋਂ ਥਿੜਕਣ ਤੋਂ ਨਾਂਹ ਕਰ ਦਿੱਤੀ ਅਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣੀ। ਕਿਸੇ ਵੀ ਪੱਧਰ ’ਤੇ ਕੋਈ ਇਕ ਵੀ ਸ਼ਖ਼ਸ ਗ਼ੈਰਕਾਨੂੰਨੀ ਤਕਾਜ਼ਿਆਂ ਸਾਹਮਣੇ ਝੁਕਿਆ ਨਹੀਂ ਤੇ ਕੋਈ ਇਕ ਬੰਦਾ ਵੀ ਆਪਣੇ ਫ਼ਰਜ਼ ਨਿਭਾਉਣ ’ਚ ਨਹੀਂ ਡੋਲਿਆ। ਮੈਂ ਉਨ੍ਹਾਂ ਸਾਰਿਆਂ ਤੇ ਉਸ ਸਿਸਟਮ ਨੂੰ ਵੀ ਸਲਾਮ ਕਰਦਾ ਹਾਂ ਜੀਹਨੇ ਉਨ੍ਹਾਂ ਨੂੰ ਇਸ ਕਿਸਮ ਦੀ ਸਿਦਕਦਿਲੀ ਸਿਖਾਈ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਮੀਡੀਆ ਨੂੰ ਵੀ ਸਲਾਮ ਹੈ।
       ਟਰੰਪ ਦੇ ਸਾਰੇ ਸ਼ਾਸਨਕਾਲ ਦੌਰਾਨ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੇ ਗਾਲ਼ੀ ਗਲੋਚ ਦੀ ਬੁਛਾੜ ਦਾ ਪੇਸ਼ੇਵਰਾਨਾ ਢੰਗ ਨਾਲ ਸਾਹਮਣਾ ਕੀਤਾ ਸੀ। ਬਹਰਹਾਲ, ਉਹ ਲੋਕਾਂ ਸਾਹਮਣੇ ਤੱਥ ਅਤੇ ਆਪਣੀਆਂ ਟਿੱਪਣੀਆਂ ਪੇਸ਼ ਕਰਦਾ ਰਿਹਾ। ਚਲੋ, ਹੁਣ ਸੰਖੇਪ ’ਚ ਆਪਾਂ ਆਪਣੀ ਸਰਕਾਰ, ਸਾਡੀਆਂ ਸੰਸਥਾਵਾਂ, ਸਾਡੀ ਨਿਆਂਪਾਲਿਕਾ ਅਤੇ ਸਾਡੇ ਮੀਡੀਆ ’ਤੇ ਝਾਤ ਮਾਰਦੇ ਹਾਂ। ਬੌਬ ਡਾਇਲਨ ਦੇ ਸ਼ਬਦ ਹਨ ‘ਕੋਈ ਬੰਦਾ ਕਿੰਨੀ ਕੁ ਵਾਰ ਆਪਣਾ ਮੂੰਹ ਘੁਮਾ ਸਕਦਾ ਹੈ ਤੇ ਇਹ ਬਹਾਨਾ ਕਰ ਸਕਦਾ ਹੈ ਕਿ ਉਸ ਨੇ ਕੁਝ ਨਹੀਂ ਦੇਖਿਆ? ਮੇਰੇ ਦੋਸਤ, ਜਵਾਬ ਹਵਾ ਵਿਚ ਤੈਰ ਰਿਹਾ ਹੈ’। ਭਾਰਤ ਵਿਚ ਕੇਂਦਰ ਵਿਚ ਸੱਤਾਧਾਰੀ ਪਾਰਟੀ ਹੀ ਆਪਣੇ ਉਸ ਏਜੰਡੇ ’ਤੇ ਬੈਠੀ ਹੈ ਜਿਸ ਦਾ ਐਲਾਨ ਉਸ ਨੇ ਕਈ ਦਹਾਕੇ ਪਹਿਲਾਂ ਕੀਤਾ ਸੀ। ਉਹ ਜਮਹੂਰੀ ਢੰਗ ਨਾਲ ਚੁਣੀ ਹੋਈ ਪਾਰਟੀ ਹੈ ਅਤੇ ਤਬਦੀਲੀਆਂ ਕਰ ਸਕਦੀਆਂ ਹੈ। ਪਰ ਜੇ ਤਬਦੀਲੀਆਂ ਇਸ ਕਦਰ ਹੂੰਝਾਫੇਰੂ ਹੋਣ ਤਾਂ ਸੰਸਦ ਵਿਚ ਕੋਈ ਢੁਕਵੀਂ ਵਿਚਾਰ ਚਰਚਾ ਤਾਂ ਕਰਾਈ ਜਾਵੇ ਅਤੇ ਸੰਸਦੀ ਕਾਰਵਿਹਾਰ ਦੇ ਨੇਮਾਂ ਦਾ ਸਤਿਕਾਰ ਕੀਤਾ ਜਾਵੇ। ਜਦੋਂ ਵੱਡੀਆਂ ਤਬਦੀਲੀਆਂ ਦਾ ਮਾਮਲਾ ਹੋਵੇ ਤਾਂ ਲੋਕਾਂ ਨੂੰ ਭਰੋਸੇ ਵਿਚ ਲਿਆ ਜਾਵੇ ਤੇ ਆਰਡੀਨੈਂਸ ਤੇ ਸਰਕਾਰੀ ਫ਼ਰਮਾਨ ਜਾਰੀ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਟਾਕਰੇ ’ਤੇ ਵਿਰੋਧੀ ਧਿਰ ਕੋਲ ਕੋਈ ਵਿਸ਼ਵਾਸ ਯੋਗ ਪੈਂਤੜਾ/ਬਿਰਤਾਂਤ ਨਾ ਹੋਣ ਕਰਕੇ ਸਰਕਾਰ ਆਪਣੇ ਘੋਰ ਬਹੁਮਤ ਦੇ ਜ਼ੋਰ ’ਤੇ ਆਪਣਾ ਰਾਹ ਬਣਾਉਂਦੀ ਜਾ ਰਹੀ ਹੈ।
        ਖੁੱਲ੍ਹੇ ਡੁੱਲ੍ਹੇ ਢੰਗ ਨਾਲ ਵਿਚਾਰ ਚਰਚਾ ਜਮਹੂਰੀਅਤਾਂ ਦਾ ਮੂਲ ਆਧਾਰ ਹੁੰਦੀ ਹੈ ਅਤੇ ਇਸੇ ਗੱਲ ਦੀ ਸਰਕਾਰ ਤੇ ਮੀਡੀਆ ਵਿਚ ਬਹੁਤ ਘਾਟ ਰੜਕ ਰਹੀ ਹੈ। ਭਾਰਤ ਵਰਗੇ ਵਿਸ਼ਾਲ ਤੇ ਬਹੁਭਾਂਤੇ ਮੁਲ਼ਕ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਸਾਰੀਆਂ ਧਿਰਾਂ ਨਾਲ ਉਸਾਰੂ ਸੰਵਾਦ ਰਚਾਵੇ ਤਾਂ ਕਿ ਸਾਡੇ ਲੋਕਤੰਤਰ ਦਾ ਤਾਣਾ ਭਰਵਾਂ ਤੇ ਮਜ਼ਬੂਤ ਬਣਿਆ ਰਹੇ। ਨਿਆਂਪਾਲਿਕਾ ਅਤੇ ਕਾਰਜਪਾਲਿਕਾ ਲੋਕਤੰਤਰ ਦੇ ਦੋ ਸਤੰਭ ਹਨ ਜੋ ਨਿਆਂ, ਸਾਫ਼ਗੋਈ ਅਤੇ ਨਿਰੰਤਰਤਾ ਯਕੀਨੀ ਬਣਾਉਂਦੇ ਹਨ ਅਤੇ ਇਨ੍ਹਾਂ ਨੂੰ ਆਪਣੀ ਹਾਲੀਆ ਕਾਰਗੁਜ਼ਾਰੀ ਜਾਂ ਇਸ ਦੀ ਘਾਟ ’ਤੇ ਅੰਤਰਝਾਤ ਮਾਰਨ ਦੀ ਲੋੜ ਹੈ। ਸੁਤੰਤਰ ਮੀਡੀਆ, ਨਿਆਂਪਾਲਿਕਾ ਅਤੇ ਅਫ਼ਸਰਸ਼ਾਹੀ ਲੋਕਤੰਤਰ ਦੇ ਪਹਿਰੇਦਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਾਲਤੂ ਬਣਾਉਣ ਦੀ ਹਿਮਾਕਤ ਨਹੀਂ ਕਰਨੀ ਚਾਹੀਦੀ।
        ਉਂਜ, ਕਿਸਾਨਾਂ ਨੇ ਸ਼ਾਂਤਮਈ ਅੰਦੋਲਨ ਚਲਾ ਕੇ ਦਰਸਾਇਆ ਹੈ ਕਿ ਹਾਲੇ ਵੀ ਸਭ ਕੁਝ ਬਰਬਾਦ ਨਹੀਂ ਹੋਇਆ ਅਤੇ ਲੋਕ ਆਪਣੀ ਹੋਣੀ ਦੇ ਅੰਤਮ ਘਾੜੇ ਹੁੰਦੇ ਹਨ। ਉਨ੍ਹਾਂ ਆਪਣੀ ਅਸਹਿਮਤੀ ਪ੍ਰਗਟ ਕਰ ਦਿੱਤੀ ਹੈ ਅਤੇ ਸਰਕਾਰ ਨੂੰ ਸਿਆਣਪ ਤੋਂ ਕੰਮ ਲੈ ਕੇ ਰਾਹ ਕੱਢਣਾ ਚਾਹੀਦਾ ਹੈ। ਧਰਤੀ ਮਾਂ ਤੇ ਕੁਦਰਤ ਹੀ ਕਿਸਾਨਾਂ ਦੀ ਪਾਲਣਹਾਰ ਹੈ ਅਤੇ ਬਦਲੇ ਵਿਚ ਉਹ ਸਮੁੱਚੀ ਮਾਨਵਤਾ ਦਾ ਪਾਲਣ-ਪੋਸ਼ਣ ਕਰਦੇ ਹਨ। ਕਿਸਾਨ ਦੀ ਉਪਜ ਸਾਰੇ ਨਾਗਰਿਕਾਂ ਤੱਕ ਪਹੁੰਚਦੀ ਹੈ, ਉਸ ਨੂੰ ਖਪਤਕਾਰ ਦੇ ਧਰਮ, ਜਾਤ ਜਾਂ ਸਭਿਆਚਾਰ ਦਾ ਕੋਈ ਪਤਾ ਨਹੀਂ ਹੁੰਦਾ। ਇਸੇ ਲਈ ਉਹ ਅੰਨਦਾਤਾ ਅਖਵਾਉਂਦਾ ਹੈ। ਉਹ ਜ਼ਮੀਨ ਵਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਦਾ ਹੈ, ਵਾਹ ਲੱਗਦੀ ਉਹ ਸ਼ਿਕਾਇਤ ਨਹੀਂ ਕਰਦਾ ਤੇ ਨਾ ਹੀ ਫੜਾਂ ਮਾਰਦਾ ਹੈ। ਜਦੋਂ ਉਸ ਨੂੰ ਹੱਦ ਦਰਜੇ ਤੱਕ ਦਬਾਅ ਜਾਂਦਾ ਹੈ ਤਾਂ ਫਿਰ ਉਹ ਨਾਇਨਸਾਫ਼ੀ ਬਰਦਾਸ਼ਤ ਨਹੀਂ ਕਰਦਾ। ਕੁਦਰਤ ਨੇ ਹੀ ਉਸ ਨੂੰ ਸਬਰ ਸੰਤੋਖ ਦਾ ਪਾਠ ਪੜ੍ਹਾਇਆ ਅਤੇ ਕੁਦਰਤ ਨੇ ਹੀ ਉਸ ਨੂੰ ਤੱਤਾਂ ਨਾਲ ਸਿੱਝਣ ਦਾ ਵੱਲ ਸਿਖਾਇਆ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਹਾਲੇ ਵੀ ਉਮੀਦ ਬਾਕੀ ਹੈ। ਕਿਸਾਨ ਸਮੁੱਚੇ ਦੇਸ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਅਤੇ ਇਸ ਵਿਚ ਆਪਣਾ ਆਪਾ ਤੱਕਣ ਲਈ ਕਹਿ ਰਿਹਾ ਹੈ। ਪੰਜਾਬੀ ਕਿਸਾਨਾਂ ਨੇ ਬਾਖ਼ੂਬੀ ਢੰਗ ਨਾਲ ਰਾਹ ਦਿਖਾਇਆ ਹੈ ਅਤੇ ਉਨ੍ਹਾਂ ਦੇ ਭਾਈਬੰਦ ਇਹ ਮਸ਼ਾਲ ਦੇਸ਼ ਦੇ ਹਰ ਗਲੀ-ਕੋਨੇ ਵਿਚ ਪਹੁੰਚਾ ਰਹੇ ਹਨ। ਮੈਗੀਨਾਟ ਲਾਈਨ ਵਰਗੀ ਕਿਲੇਬੰਦੀ (1930ਵਿਆਂ ਵਿਚ ਫਰਾਂਸੀਸੀ ਰੱਖਿਆ ਮੰਤਰੀ ਆਂਦਰੇ ਮੈਗੀਨਾਟ ਜਿਸ ਨੇ ਜਰਮਨੀ ਦੇ ਹਮਲੇ ਨੂੰ ਰੋਕਣ ਲਈ ਫਰਾਂਸ-ਜਰਮਨੀ ਦੀ ਹੱਦ ’ਤੇ ਕਿਲੇਬੰਦੀ ਕੀਤੀ ਸੀ) ਕਰਨਾ ਸਹੀ ਨਹੀਂ ਹੈ।
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ ।