
40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ
ਆਰਮੀ ਇਲੈਵਨ ਦਿੱਲੀ ਅਤੇ ਇੰਡੀਅਨ ਆਇਲ ਮੁੰਬਈ ਦੀਆਂ ਟੀਮਾਂ ਵਲੋਂ ਜਿੱਤਾਂ ਦਰਜ
ਜਲੰਧਰ 27 ਅਕਤੂਬਰ (ਸਿੰਘ) ਆਰਮੀ ਇਲੈਵਨ ਦਿੱਲੀ ਨੇ ਪੰਜਾਬ ਪੁਲਿਸ ਜਲੰਧਰ ਨੂੰ 3-2 ਦੇ ਫਰਕ ਨਾਲ ਅਤੇ ਇੰਡੀਅਨ ਆਇਲ ਮੁੰਬਈ ਨੇ ਕੈਗ ਦਿੱਲੀ ਨੂੰ 7-1 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਤਿੰਨ ਤਿੰਨ ਅੰਕ ਹਾਸਲ ਕੀਤੇ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਕੀਤੀ।
ਅੱਜ ਦਾ ਪਹਿਲਾ ਲੀਗ ਮੈਚ ਪੂਲ ਬੀ ਵਿੱਚ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਸਾਬਕਾ ਜੇਤੂ ਆਰਮੀ ਇਲੈਵਨ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਕਵਾਰਟਰ ਵਿੱਚ ਆਰਮੀ ਨੇ ਪੁਲਿਸ ਤੇ ਕਈ ਹਮਲੇ ਕੀਤੇ ਪਰ ਖੇਡ ਦੇ ਦੂਜੇ ਕਵਾਰਟਰ ਵਿੱਚ ਪੁਲਿਸ ਨੇ ਯੋਜਨਾਬੱਧ ਹਮਲੇ ਬਣਾਏ ਅਤੇ ਖੇਡ ਦੇ 27ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ।
ਅੱਧੇ ਸਮੇਂ ਤੋਂ ਬਾਅਦ ਖੇਡ ਦੇ 35ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਹਰਮਨ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕੀਤਾ। ਖੇਡ ਦੇ 37ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਪਰਮਜੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕੀਤਾ। 41ਵੇਂ ਮਿੰਟ ਵਿੱਚ ਮਸੀਹਦਾਸ ਹੈਰਿੰਜ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕੀਤਾ।ਖੇਡ ਦੇ ਆਖਰੀ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-3 ਕੀਤਾ।
ਦੂਜਾ ਮੈਚ ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਕੈਗ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ ਚੌਥੇ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 12ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ। ਖੇਡ ਦੇ 16ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਉਲੰਪੀਅਨ ਸਿਮਰਨਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-0 ਕੀਤਾ।29ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 4-0 ਕੀਤਾ।
ਅੱਧੇ ਸਮੇਂ ਤੋਂ ਬਾਅਦ ਖੇਡ ਦੇ 34ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਸੁਮਿਤ ਕੁਮਾਰ ਨੇ ਅਤੇ 42ਵੇਂ ਮਿੰਟ ਵਿੱਚ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 6-0 ਕੀਤਾ।ਖੇਡ ਦੇ 52ਵੇਂ ਮਿੰਟ ਵਿੱਚ ਕੈਗ ਦੇ ਵੈਂਕਟੇਸ਼ ਤੇਲਗੂ ਨੇ ਗੋਲ ਕਰਕੇ ਸਕੋਰ 1-6 ਕੀਤਾ। 54ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 7-1 ਕਰਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਕੀਤੀ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ ਐਸਐਸਪੀ ਜਲੰਧਰ ਦਿਹਾਤੀ ਅਤੇ ਹਰਿੰਦਰ ਸਿੰਘ ਗਿੱਲ ਏਡੀਸੀਪੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਐਲ ਆਰ ਨਈਅਰ, ਰਵਿੰਦਰ ਸਿੰਘ ਪੁਆਰ, ਬਲਵਿੰਦਰ ਸਿੰਘ ਸੈਣੀ ਜਰਮਨੀ, ਰਣਬੀਰ ਸਿੰਘ ਰਾਣਾ ਟੁੱਟ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਮਨਦੀਪ ਸਿੰਘ, ਸੰਜੇ ਕੋਹਲੀ (ਰਕਸ਼ਕ), ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ,ਰਮਣੀਕ ਰੰਧਾਵਾ, ਗੌਰਵ ਮਹਾਜਨ (ਜੋਨੈਕਸ), ਉਲੰਪੀਅਨ ਰਜਿੰਦਰ ਸਿੰਘ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਨਰਿੰਦਰ ਪਾਲ ਸਿੰਘ ਜੱਜ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਮਹਿੰਦਰ ਸਿੰਘ ਐਗਜੈਕਟਿਵ ਮੈਂਬਰ ਜਿਮਖਾਨਾ ਕਲੱਬ, ਸਤਪਾਲ ਤੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
28 ਅਕਤੂਬਰ ਦੇ ਮੈਚ
ਪੰਜਾਬ ਐਂਡ ਸਿੰਧ ਬੈਂਕ ਬਨਾਮ ਭਾਰਤੀ ਏਅਰ ਫੋਰਸ ਦਿੱਲੀ- 4-30 ਵਜੇ
ਭਾਰਤੀ ਰੇਲਵੇ ਦਿੱਲੀ ਬਨਾਮ ਪੰਜਾਬ ਨੈਸ਼ਨਲ ਬੈਂਕ ਦਿੱਲੀ- 6-00 ਵਜੇ