Ravinder-Singh-Kundra

ਸਮੇਂ ਦੀ ਪਾਬੰਦੀ - ਰਵਿੰਦਰ ਸਿੰਘ ਕੁੰਦਰਾ

ਸਮੇਂ ਦੀ ਪਾਬੰਦੀ, ਮੈਨੂੰ ਲੱਗੇ ਬੜੀ ਚੰਗੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।

ਨਹੀਂ ਸਮੇਂ ਉੱਤੇ ਜਾਣਾ, ਕਰਨਾ ਸਦਾ ਹੀ ਬਹਾਨਾ,
ਕਰੇ ਇਤਰਾਜ਼ ਜਦੋਂ ਕੋਈ, ਅੱਗੋਂ ਠੁੱਠ ਹੀ ਦਿਖਾਣਾ,
ਹੱਦ ਢੀਠਤਾ ਦੀ ਲੰਘ, ਹਾਸੀ ਹੱਸਣੀ ਨਿਸੰਗੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।
ਸਮੇਂ ਦੀ ਪਾਬੰਦੀ, ਮੈਨੂੰ ਲੱਗੇ ਬੜੀ ਚੰਗੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।

ਸਮਾਂ ਹੋਵੇ ਭਾਵੇਂ ਖੁਸ਼ੀ ਦਾ, ਤੇ ਭਾਵੇਂ ਹੋਵੇ ਗ਼ਮੀ,
ਜਿਹੜਾ ਲੇਟ ਹੋ ਕੇ ਘੜੇ, ਸਦਾ ਘਾੜਤ ਹੀ ਨਵੀਂ,
ਐਸੇ ਸੱਜਣਾ ਨੂੰ ਸਦਾ, ਕਿਹਾ ਜਾਂਵਦਾ ਪਾਖੰਡੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।
ਸਮੇਂ ਦੀ ਪਾਬੰਦੀ, ਮੈਨੂੰ ਲੱਗੇ ਬੜੀ ਚੰਗੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।

ਚੜ੍ਹ ਸਟੇਜਾਂ ਉੱਤੇ ਜਦੋਂ, ਢੀਠ ਮਾਈਕ ਫੜ ਲੈਂਦੇ,
ਗੱਲ ਝੱਟ ਨਹੀਂ ਮੁਕਾਉਂਦੇ, ਸਗੋਂ ਚੌੜੇ ਹੁੰਦੇ ਰਹਿੰਦੇ,
ਲੱਖ ਮਿੰਨਤਾਂ ਵੀ ਕਰੋ, ਭੁੱਲ ਜਾਣ ਹਰ ਪਾਬੰਦੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।
ਸਮੇਂ ਦੀ ਪਾਬੰਦੀ, ਮੈਨੂੰ ਲੱਗੇ ਬੜੀ ਚੰਗੀ,
ਜਿਹੜਾ ਕਦਰ ਨਾ ਜਾਣੇ, ਉਹਦੀ ਕਰੇ ਜੱਗ ਭੰਡੀ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ

ਤੇਰੀ ਚੜ੍ਹਦੀ ਜਵਾਨੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਤੇਰੀ ਚੜ੍ਹਦੀ ਜਵਾਨੀ, ਤੇਰੀ ਅੱਖ ਮਸਤਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਤੇਰੀ ਚੜ੍ਹਦੀ ਜਵਾਨੀ, ਤੇਰੀ ਅੱਖ ਮਸਤਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।

ਅਦਾਵਾਂ ਤੇਰੀਆਂ ਨੇ ਬਿੱਲੋ, ਜੱਗ ਪੱਟਿਆ ਏ ਸਾਰਾ,
ਜਿੱਥੋਂ ਲੰਘੇਂ ਇੱਕੋ ਵਾਰੀ, ਹੁੰਦਾ ਵਖਰਾ ਨਜ਼ਾਰਾ।
ਅਦਾਵਾਂ ਤੇਰੀਆਂ ਨੇ ਬਿੱਲੋ, ਜੱਗ ਪੱਟਿਆ ਏ ਸਾਰਾ,
ਜਿੱਥੋਂ ਲੰਘੇਂ ਇੱਕੋ ਵਾਰੀ, ਹੁੰਦਾ ਵਖਰਾ ਨਜ਼ਾਰਾ।
ਛੱਡ ਜਾਵੇਂ ਦਿਲਾਂ ਉੱਤੇ, ਇੱਕ ਵੱਖਰੀ ਨਿਸ਼ਾਨੀ।
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਤੇਰੀ ਚੜ੍ਹਦੀ ਜਵਾਨੀ, ਤੇਰੀ ਅੱਖ ਮਸਤਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।

ਪਹਿਲੀ ਨਜ਼ਰੇ ਮੈਂ ਤੇਰੇ ਉੱਤੇ, ਡੁੱਲ੍ਹ ਗਿਆ ਸਾਰਾ,
ਮੈਨੂੰ ਦਿਸੇ ਤੇਰੇ ਬਾਝੋਂ ਹੁਣ, ਕੋਈ ਨਾ ਸਹਾਰਾ।
ਪਹਿਲੀ ਨਜ਼ਰੇ ਮੈਂ ਤੇਰੇ ਉੱਤੇ, ਡੁੱਲ੍ਹ ਗਿਆ ਸਾਰਾ,
ਮੈਨੂੰ ਦਿਸੇ ਤੇਰੇ ਬਾਝੋਂ ਹੁਣ, ਕੋਈ ਨਾ ਸਹਾਰਾ।
ਜਪਾਂ ਨਾਮ ਤੇਰਾ ਦਿਨ ਰਾਤ, ਆਪਣੀ ਜ਼ੁਬਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਤੇਰੀ ਚੜ੍ਹਦੀ ਜਵਾਨੀ, ਤੇਰੀ ਅੱਖ ਮਸਤਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।

ਰਾਤੀਂ ਸੁਪਨੇ ਵੀ ਤੇਰੇ, ਦਿਨੇ ਤੇਰੇ ਹੀ ਫਸਾਨੇ,
ਤੇਰੀ ਦੀਦ ਲਈ ਘੜਾਂ, ਨਿੱਤ ਲੱਖਾਂ ਹੀ ਬਹਾਨੇ।
ਰਾਤੀਂ ਸੁਪਨੇ ਵੀ ਤੇਰੇ, ਦਿਨੇ ਤੇਰੇ ਹੀ ਫਸਾਨੇ,
ਤੇਰੀ ਦੀਦ ਲਈ ਘੜਾਂ, ਨਿੱਤ ਲੱਖਾਂ ਹੀ ਬਹਾਨੇ।
ਦਿਲ ਚਾਹੇ ਤੇਰੇ ਲਈ, ਕਰਾਂ ਹਰ ਕੁਰਬਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਤੇਰੀ ਚੜ੍ਹਦੀ ਜਵਾਨੀ, ਤੇਰੀ ਅੱਖ ਮਸਤਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।

ਤੇਰੀ ਚੜ੍ਹਦੀ ਜਵਾਨੀ, ਤੇਰੀ ਅੱਖ ਮਸਤਾਨੀ,
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਜਿੱਥੇ ਨਜ਼ਰਾਂ ਮਿਲਾਵੇਂ, ਬਣੇ ਨਵੀਂ ਹੀ ਕਹਾਣੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਤੇਰਾ ਇਨਸਾਫ਼ - ਰਵਿੰਦਰ ਸਿੰਘ ਕੁੰਦਰਾ 

ਤੱਤੀ ਰੇਤ ਸੀ ਕਿ ਸੀ ਉਹ ਕਹਿਰ ਤੇਰਾ,
ਤੈਨੂੰ ਸੱਚ ‘ਤੇ ਕੁਫ਼ਰ ਨਾ ਨਜ਼ਰ ਆਇਆ?
ਅੱਗ ਵਰ੍ਹਾਈ ਸੀ ਤੇਰੇ ਹੀ ਬੰਦਿਆਂ ਨੇ,
ਤੈਨੂੰ ਬੰਦਿਆਂ ‘ਚ ਫ਼ਰਕ ਨਾ ਨਜ਼ਰ ਆਇਆ?

ਤੜਪ ਰਹੇ ਸਨ ਤੇਰੇ ਉਹ ਵੀ ਬੰਦੇ,
ਜਿਹੜੇ ਹੱਕ ਹਲਾਲ ਲਈ ਖੜ੍ਹੇ ਹੈ ਸਨ,
ਘੋਰ ਪਾਪ ਕਮਾਂਵਦੇ ਸਨ ਉਹ ਵੀ,
ਜਿਹੜੇ ਮਕਾਰ ਅਤੇ ਜ਼ੁਲਮੀ ਵੀ ਬੜੇ ਹੈ ਸਨ।

ਤੂੰ ਸੀ ਇਸ ਤਰਫ ਅਤੇ ਉਸ ਤਰਫ਼ ਵੀ ਤੂੰ,
ਕਿਸ ਦਾ ਪੱਖੀ ਅਤੇ ਕਿਸ ਦਾ ਵਿਰੋਧੀ ਸੀ ਤੂੰ?
ਕਿਹੜੇ ਇਨਸਾਫ਼ ਦੀ ਤੱਕੜੀ ਤੋਲ ਦਾਤਾ,
ਕਿਸ ਮਜ਼ਲੂਮ ਦੀ ਬਾਂਹ ਫਿਰ ਫੜੀ ਸੀ ਤੂੰ?

ਅੱਤ ਚੁੱਕੀ ਸੀ ਤੇਰੇ ਹੀ ਬੰਦਿਆਂ ਨੇ,
ਤੇ ਤੂੰ ਦੇਖਦਾ ਰਿਹਾ ਮਨੂਰ ਬਣ ਕੇ,
ਕਿੱਥੇ ਗਈ ਸੀ ਤਾਕਤ ਅਤੇ ਤੇਰੀ ਕਰਨੀ?
ਜ਼ਖ਼ਮ ਰਿਸਦੇ ਸਨ ਜਦੋਂ ਨਾਸੂਰ ਬਣ ਕੇ?

ਤੇਰਾ ਭਾਣਾ ਜਿਸ ਮਿੱਠਾ ਕਰ ਮੰਨਿਆ ਸੀ,
ਤੂੰ ਉਸ ਨੂੰ ਹੀ ਜ਼ਿਬ੍ਹਾ ਦਿਲਗੀਰ ਕੀਤਾ।
ਤੇਰੇ ਭਰੋਸੇ ਜਿਸ ਬਾਜ਼ੀ ਸਭ ਹਾਰ ਦਿੱਤੀ,
ਭਰੋਸਾ ਉਸ ਦਾ ਹੀ ਤੂੰ ਲੀਰੋ ਲੀਰ ਕੀਤਾ।

ਰਵਿੰਦਰ ਸਿੰਘ ਕੁੰਦਰਾ 
ਕੌਵੈਂਟਰੀ ਯੂ ਕੇ 

ਜੱਸਾ ਸਿੰਘ ਰੱਮਗੜ੍ਹੀਆ ਦਾ ਜੱਸ - ਰਵਿੰਦਰ ਸਿੰਘ ਕੁੰਦਰਾ

ਜੱਸ ਖੱਟਣਾ ਜੱਗ ਤੇ ਬੜਾ ਔਖਾ, 
ਘਾਲਣਾ ਰੱਜ ਕੇ ਬਹੁਤ ਕਮਾਣੀ ਪੈਂਦੀ।
ਜ਼ਿੰਦਗੀ ਵਿੱਚ ਅਸੂਲਾਂ ਨੂੰ ਗੁੰਨ੍ਹ ਕੇ ਤੇ, 
ਰੋਟੀ ਸਿਦਕ ਦੀ ਤਵੇ ਤੇ ਪਾਣੀ ਪੈਂਦੀ।
ਟੁੱਟ ਭੱਜ ਕੇ ਮੁੜ ਕੁਠਾਲੀਂ ਪੈਕੇ, 
ਪਿਘਲ ਕੰਚਨ ਦੀ ਦੇਹ ਬਣਾਣੀ ਪੈਂਦੀ।
ਠੋਹਕਰਾਂ ਖਾਕੇ ਪੈਰਾਂ ਦੇ ਵਿੱਚ ਰੁਲਕੇ, 
ਨਿਮਰਤਾ ਨਾਲ ਫਿਰ ਗਲੇ ਲਗਾਣੀ ਪੈਂਦੀ।
ਦੁੱਖ ਦਰਦ ਝੱਲ, ਤਿਆਗ ਕੇ ਸੁੱਖ ਤਾਈਂ, 
ਯਾਰੀ ਗਰੀਬ ਮਜ਼ਲੂਮ ਨਾਲ ਲਾਣੀ ਪੈਂਦੀ।
ਬਹਾਦਰੀ ਝੋਲੀ ਵਿੱਚ ਐਵੇਂ ਨਹੀਂ ਪੈ ਜਾਂਦੀ, 
ਝੋਲੀ ਰੱਬ ਦੇ ਅੱਗੇ ਫੈਲਾਣੀ ਪੈਂਦੀ।
 
ਕੁੱਝ ਵਿਰਲੇ ਹੀ ਹੁੰਦੇ ਨੇ ਜੱਗ ਅੰਦਰ, 
ਉੱਤਰਨ ਪੂਰੇ ਜਿਹੜੇ ਐਸੀ ਪਰਖ ਉੱਤੇ।
ਨਾਮ ਕੌਮ ਦਾ ਉੱਚਾ ਉਹ ਕਰਨ ਖਾਤਰ, 
ਕਰਮ ਕਰਨ ਉਹ ਹਰ ਇੱਕ ਤਰਕ ਉੱਤੇ।
ਤੋਲ ਮਾਪ ਕੇ ਹਰ ਉਹ ਕਦਮ ਚੁੱਕਦੇ, 
ਚੜ੍ਹਦੀ ਕਲਾ ਦੀ ਰਹਿਣ ਉਹ ਚੜ੍ਹਤ ਉੱਤੇ।
ਭਲਾ ਸਰਬੱਤ ਦਾ ਸਦਾ ਹੀ ਮੰਗਦੇ ਉਹ, 
ਯਕੀਨ ਰੱਖਦੇ ਕਦੀ ਨਾ ਫਰਕ ਉੱਤੇ।
ਤਾਣ ਛਾਤੀਆਂ ਸਦਾ ਉਹ ਡਟ ਜਾਵਣ, 
ਰਹਿਣ ਅਰਸ਼ ਤੇ ਜਾਂ ਭਾਵੇਂ ਫਰਸ਼ ਉੱਤੇ।
ਪਿੱਠ ਕਦੀ ਦਿਖਾਣ ਨਾ ਜੰਗ ਅੰਦਰ, 
ਸੀਸ ਤਲੀ ਤੇ ਰਹੇ ਜਾਂ ਧਰਤ ਉੱਤੇ।
 
ਐਸਾ ਕੌਮ ਨੂੰ ਮਿਲਿਆ ਸੀ ਇੱਕ ਯੋਧਾ, 
ਜਿਸ ਨੇ ਤਾਰੀਖ ਹੀ ਸਾਰੀ ਪਲਟਾ ਦਿੱਤੀ।
ਹਿੰਦੋਸਤਾਨ ਦੀ ਸੁੱਤੀ ਜ਼ਮੀਰ ਉਸਨੇ, 
ਝੰਜੋੜ ਸੰਵਾਰ ਕੇ ਸਦੀਵੀ ਜਗਾ ਦਿੱਤੀ।
ਦਿੱਤਾ ਸਬਕ ਸੀ ਐਸਾ ਜਰਵਾਣਿਆਂ ਨੂੰ, 
ਧੂੜ ਉਨ੍ਹਾਂ ਨੂੰ ਐਸੀ ਚਟਾ ਦਿੱਤੀ।
ਮੁੜ ਪੱਛਮ ਤੋਂ ਕਰੇ ਨਾ ਕੋਈ ਹਮਲਾ, 
ਪਿੱਠ ਲੁਟੇਰਿਆਂ ਦੀ ਐਸੀ ਲਗਾ ਦਿੱਤੀ।
ਨਜ਼ਰ ਭੈੜੀ ਨਾਲ ਦੇਖੇ ਜੋ ਵੱਲ ਸਾਡੇ, 
ਅੱਖ ਉਸ ਦੀ ਕੱਢ ਫੜਾ ਦਿੱਤੀ।
ਛੁਰੀ ਹੱਥ ਵਿੱਚ ਫੜਨ ਤੋਂ ਡਰਨ ਜਿਹੜੇ, 
ਸ਼ਮਸ਼ੀਰ ਉਨ੍ਹਾਂ ਦੇ ਹੱਥੀਂ ਥਮ੍ਹਾ ਦਿੱਤੀ।
 
ਜੱਸਾ ਸਿੰਘ ਰਾਮਗੜ੍ਹੀਆ ਅਜ਼ੀਮ ਯੋਧਾ, 
ਜੱਸ ਜੱਗ ਤੇ ਸਦਾ ਲਈ ਖੱਟ ਗਿਆ ਉਹ।
ਝੁਲਦੇ ਰਹਿਣ ਸਦਾ ਲਈ ਸ਼ਾਨਾਮੱਤੇ, 
ਝੰਡੇ ਐਸੇ ਆਜ਼ਾਦੀ ਦੇ ਗੱਡ ਗਿਆ ਉਹ।
ਧੁਰ ਕਾਂਗੜੇ ਕਸ਼ਮੀਰ ਤੋਂ ਚੱਲ ਕੇ ਤੇ, 
ਦਿੱਲੀ ਤਖਤ ਤੇ ਜਾ ਫਿਰ ਗਰਜਿਆ ਉਹ।
ਬਦਲੇ ਲੈਕੇ ਗਿਣ ਗਿਣ ਜ਼ਾਲਮਾਂ ਤੋਂ, 
ਨਾਮਣਾ ਸਿਦਕ ਤੇ ਮਾਣ ਦਾ ਖੱਟ ਗਿਆ ਉਹ।
ਟਕੇ ਟਕੇ ਤੇ ਵਿਕਦੀਆਂ ਇੱਜ਼ਤਾਂ ਨੂੰ, 
ਮਾਣ ਤਾਣ ਨਾਲ ਘਰੋ ਘਰੀਂ ਛੱਡ ਗਿਆ ਉਹ।
ਦਰਬਾਰ ਸਾਹਿਬ ਦੀ ਪਾਵਨ ਧਰਤ ਤਾਈਂ, 
ਦਿੱਲੀ ਤਖਤ ਤੋਂ ਉੱਚੀ ਫੇਰ ਕਰ ਗਿਆ ਉਹ।
 
ਰੁਲ਼ਦੀ ਅਣਖ ਨੂੰ ਆਖਰ ਧਰਵਾਸ ਆਇਆ, 
ਜਦੋਂ ਮਜ਼ਲੂਮਾਂ ਦਾ ਆ ਤੂੰ ਹੱਥ ਫੜਿਆ।
ਫੂਕੀ ਐਸੀ ਰੂਹ ਤੂੰ ਬਹਾਦਰੀ ਦੀ, 
ਤੇਰੀ ਕੌਮ ਨੇ ਨਵਾਂ ਫੇਰ ਸਬਕ ਪੜ੍ਹਿਆ।
ਧੰਨ ਤੂੰ ਤੇ ਧੰਨ ਕਮਾਈ ਤੇਰੀ, 
ਤਾਹੀਉਂ ਚੱਲਦਾ ਤੇਰਾ ਅੱਜ ਨਾਮ ਅੜਿਆ। 
ਰਹੇ ਕੀਰਤੀ ਸਦਾ ਤੇਰੀ ਜੱਗ ਅੰਦਰ, 
ਸਿੱਕਾ ਤੇਰਾ ਵੀ ਅੱਜ ਕੋਈ ਜਾਵੇ ਘੜਿਆ।
ਮਨ ਵਿੱਚ ਸਿੱਖੀ ਦੇ ਰਾਜ ਦਾ ਲੈ ਸੁਪਨਾ, 
ਜੰਗ ਐਸਾ ਵੀ ਅੱਜ ਫਿਰ ਜਾਵੇ ਲੜਿਆ।
ਜਿੱਤ ਹੋਵੇ ਤੇ ਤੇਰੇ ਸੰਕਲਪ ਦੀ ਹੀ, 
ਮਨਸੂਬਾ ਜ਼ਾਲਮ ਦਾ ਅੱਜ ਰਹਿ ਜਾਏ ਧਰਿਆ।
ਮਨਸੂਬਾ ਜ਼ਾਲਮ ਦਾ ਅੱਜ ਰਹਿ ਜਾਏ ਧਰਿਆ।

ਰਵਿੰਦਰ ਸਿੰਘ ਕੁੰਦਰਾ 
ਕੌਵੈਂਟਰੀ ਯੂ ਕੇ 

ਵਕਾਰ - ਰਵਿੰਦਰ ਸਿੰਘ ਕੁੰਦਰਾ

ਨਰਾਜ਼ਗੀਆਂ ਹੋਣ ਲੱਖ ਭਾਵੇਂ, ਸਾਹਮਣੇ ਤੋਂ ਹੋਣ ਵਾਰ,
ਫੇਰ ਵੀ ਕੋਈ ਦੁਸ਼ਮਣੀ ਦਾ, ਮਿਆਰ ਹੋਣਾ ਚਾਹੀਦਾ।

ਗੱਲ ਕੋਈ ਕਹਿਣੀ ਹੋਵੇ, ਤਾਂ ਸਾਫ਼ ਸਾਫ਼ ਕਹੇ ਕੋਈ,
ਜਿਸ ਦਾ ਕੋਈ ਬਹਿਸ ਵਿੱਚ, ਸਰੋਕਾਰ ਹੋਣਾ ਚਾਹੀਦਾ।

ਹਰ ਜੰਗ ਦਾ ਨਤੀਜਾ, ਹਮੇਸ਼ਾਂ ਜਿੱਤ ਨਹੀਂ ਹੁੰਦੀ,
ਹਾਰ ਕੇ ਵੀ ਬੰਦੇ ਦਾ ਕੋਈ, ਵਕਾਰ ਹੋਣਾ ਚਾਹੀਦਾ।

ਜ਼ੁਲਮ ਦੇ ਅੱਗੇ ਸਿਰ ਨੂੰ, ਝੁਕਾਉਣਾ ਕਦੀ ਵੀ ਨਾ ਪਵੇ,
ਦਰਦ ਵਿੱਚ ਵੀ ਆਦਮੀ ਨੂੰ, ਖ਼ੁਦਦਾਰ ਹੋਣਾ ਚਾਹੀਦਾ।

ਚਿਣਗ ਸਚਾਈ ਦੀ ਸਦਾ, ਧੁਖਦੀ ਰਹੇ ਦਿਲ ਵਿੱਚ,
ਚਿਹਰਾ ਫੇਰ ਵੀ ਹਮੇਸ਼ਾਂ, ਚਮਕਦਾਰ ਹੋਣਾ ਚਾਹੀਦਾ।

ਲਹਿਜੇ ਵਿੱਚ ਤਲਖੀ ਭਾਵੇਂ, ਪਰ ਗੱਲ ਹੋਵੇ ਸਦਾ ਮਿੱਠੀ,
ਪਰਵਾਹ ਗੱਲਬਾਤ ਦਾ, ਅਸਰਦਾਰ ਹੋਣਾ ਚਾਹੀਦਾ।

ਹਜੂਮ ਤਾਂ ਸੰਸਾਰ ਵਿੱਚ, ਬੜੇ ਘੁੰਮਣ ਸੱਜੇ ਖੱਬੇ,
ਪਰ ਕਾਫਲੇ ਦਾ ਅਗਾਂਹ ਵਧੂ, ਸਿਰਦਾਰ ਹੋਣਾ ਚਾਹੀਦਾ।

ਲੋਕਰਾਜੀ, ਲੋਕ ਪੱਖੀ ਗੱਲ, ਹੋਣੀ ਨਹੀਂ ਔਖੀ ਕਦੀ,
ਪਰ ਸੱਚਾ ਸਰਕਾਰ ਦਾ, ਕਿਰਦਾਰ ਹੋਣਾ ਚਾਹੀਦਾ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ

ਰਿਉੜੀਆਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅੱਡ ਲਓ ਲੋਕੋ ਝੋਲੀਆਂ, ਸਰਕਾਰਾਂ ਰਿਉੜੀਆਂ ਵੰਡਣ,
ਆਪਣੀ ਰਿਉੜੀ ਨੂੰ ਵਧੀਆ ਕਹਿਣ, ਬੇਗਾਨੀ ਨੂੰ ਭੰਡਣ।

ਬਦਲੇ ਵਿੱਚ ਤੁਹਾਡੀਆਂ ਸੋਚਾਂ ਨੂੰ, ਕਰਕੇ ਨਿਕੰਮੀਆਂ,
ਤੁਹਾਡੇ ਹੀ ਸਰਮਾਏ ਨਾਲ, ਰੱਜ ਰੱਜ ਹੱਥ ਰੰਗਣ।

ਘਾਟੇ ਵਿੱਚ ਚੱਲਣ ਸਰਕਾਰਾਂ, ਕੇਂਦਰ ਅਤੇ ਸੂਬੇ ਦੀਆਂ,
ਪਰਵਾਹ ਨਹੀਂ ਲੋਕ ਕਰਜ਼ੇ ਦਾ ਭਾਰ, ਝੱਲਣ ਜਾਂ ਨਾ ਝੱਲਣ।

ਲਾ ਲਾ ਨਿੱਤ ਝੂਠੇ ਲਾਰੇ, ਜਨਤਾ ਨੂੰ ਬੁੱਧੂ ਬਣਾਵਣ, 
ਝੂਠ ਬੋਲਣੋਂ ਲੀਡਰਾਂ ਦੀਆਂ, ਜੀਭਾਂ ਕਦੀ ਨਾ ਥੰਮਣ।

ਵਿਹਲੜਾਂ ਦੀ ਭੀੜ ਦਿਨੋ ਦਿਨ, ਵਧਾਵਣ ਵਾਲੇ ਲੀਡਰ,
ਫੜਾ ਰਹੇ ਠੂਠੇ ਲੋਕਾਂ ਨੂੰ ਤਾਂਕਿ, ਉਹ ਮੰਗਣ ਤੋਂ ਨਾ ਸੰਗਣ।

ਮਖੌਲ ਕਰ ਰਹੇ ਨੇ ਮਖੱਟੂ, ਮਿਹਨਤੀਆਂ ਨੂੰ ਹੱਸ ਹੱਸ ਕੇ,
ਜੇਕਰ ਰੋਕਣ ਸ਼ਰੀਫ ਉਨ੍ਹਾਂ ਦੇ ਹੀ, ਉਲਟੇ ਮੂੰਹ ਭੰਨਣ।

ਅੰਨ੍ਹੀਆਂ ਸਰਕਾਰਾਂ ਪੀਹਣ ਪੀਂਹਦੀਆਂ, ਜੋ ਵੀ ਨਿੱਤ ਦਿਨ,
ਸਰਕਾਰੀ ਕੁੱਤੇ ਚੱਟਦੇ ਜਾਣ, ਸਭ ਤੋੜ ਕੇ ਬੰਧਨ।

ਅੱਡ ਲਓ ਲੋਕੋ ਝੋਲੀਆਂ, ਸਰਕਾਰਾਂ ਰਿਉੜੀਆਂ ਵੰਡਣ,
ਆਪਣੀ ਰਿਉੜੀ ਨੂੰ ਵਧੀਆ ਕਹਿਣ, ਬੇਗਾਨੀ ਨੂੰ ਭੰਡਣ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਦੀਵਾਲੀਆ ਸਲਤਨਤ - ਰਵਿੰਦਰ ਸਿੰਘ ਕੁੰਦਰਾ

ਉੱਖੜ ਗਈਆਂ ਨੇ ਸੜਕਾਂ, ਅੱਜ ਸਾਮਰਾਜ ਦੀਆਂ,
ਬੀਤੇ ਹੋਏ ਸਮਿਆਂ ਨੂੰ, ਰੋ ਰੋ ਪੁਕਾਰਦੀਆਂ।

ਮਹਿਲਾਂ 'ਤੇ ਕਿਲਿਆਂ ਦੀਆਂ, ਨੀਹਾਂ ਨੇ ਖੋਖਲੀਆਂ,
ਮੱਧਮ ਪੈ ਗਈਆਂ ਸ਼ਾਨਾਂ, ਜੋ ਸਨ ਚਮਕਾਰਦੀਆਂ।

ਸਮੇਂ ਸਨ ਉਹ ਵੀ ਜਦੋਂ, ਸੀ ਦੁਨੀਆ ਕੰਬਦੀ,
ਧਰਤ ਦੀਆਂ ਕਈ ਕੌਮਾਂ, ਸਲੂਟਾਂ ਸੀ ਮਾਰਦੀਆਂ।

ਚੜ੍ਹਿਆ ਰਹਿੰਦਾ ਸੀ ਸੂਰਜ, ਇਨ੍ਹਾਂ ਦੇ ਰਾਜ ਉੱਤੇ,
ਅੱਜ ਸੂਰਜ ਦੀਆਂ ਕਿਰਨਾਂ, ਘੱਟ ਹੀ ਲਿਸ਼ਕਾਰਦੀਆਂ।

ਉੱਖੜ ਕੇ ਸਲਤਨਤ ਡਿਗ ਰਹੀ, ਆਪਣੇ ਮੂੰਹ ਪਰਨੇ,
ਚੱਲਦੀਆਂ ਨਹੀਂ ਹੁਣ ਚਾਲਾਂ, ਪੁਰਾਣੀ ਪਰਕਾਰ ਦੀਆਂ।

ਸਾਮ, ਦਾਮ ਅਤੇ ਦੰਡ, ਭੇਦ, ਸਭ ਹੋ ਗਏ ਖੁੰਢੇ,
ਬਿੱਲੀਆਂ ਖਚਰੀਆਂ ਅੱਖਾਂ, ਹੁਣ ਨਹੀਂ ਪੁਚਕਾਰਦੀਆਂ।

ਲੁੱਟੀ ਦੁਨੀਆ ਦੀ ਮਾਇਆ, ਖਾ ਗਏ ਵਿਹਲੇ ਬਹਿ,
ਕਰਜ਼ਿਆਂ ਦੀ ਖ਼ੂਬ ਕਮਾਈ, ਬੈਂਕਾਂ ਡਕਾਰਦੀਆਂ।

ਨੌਜਵਾਨੀ ਭੁੱਲ ਗਈ ਹੁਣ, ਕਰਨੀਆਂ ਮਿਹਨਤਾਂ,
ਹੱਥ 'ਤੇ ਹੱਥ ਧਰ ਬੈਠੀਆਂ, ਮੱਖੀਆਂ ਮਾਰਦੀਆਂ।

ਬਦਲ ਜਾਣਗੇ ਨਕਸ਼ੇ, ਬਰਤਾਨਵੀ ਸਲਤਨਤ ਦੇ,
ਹਾਰਨਗੀਆਂ ਹੁਣ ਫੌਜਾਂ, ਜੋ ਨਹੀਂ ਸਨ ਹਾਰਦੀਆਂ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ

ਗਲਾਸੀ ਭਰ ਗਲਾਸੀ ਪੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 ਹੁਣ ਕੋਲ਼ ਤੇਰੇ ਕੋਈ ਖੜ੍ਹਦਾ ਨਹੀਂ,
ਤੇਰਾ ਦਰਦ ਹੁਣ ਕੋਈ ਜਰਦਾ ਨਹੀਂ,
ਤੇਰੀ ਹਾਮੀ ਹੁਣ ਕੋਈ ਭਰਦਾ ਨਹੀਂ,
ਤੇਰੇ ਰੋਅਬ ਤੋਂ ਹੁਣ ਕੋਈ ਡਰਦਾ ਨਹੀਂ।
ਐਵੇਂ ਆਕੜ ਕੇ ਕਰੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 
ਤੈਨੂੰ ਸਾਰੇ ਸਮਝਾ ਕੇ ਥੱਕੇ ਨੇ,
ਤੇਰੀ ਆਦਤ ਤੋਂ ਸਭ ਅੱਕੇ ਨੇ,
ਤੇਰੇ ਰਿਸ਼ਤੇ ਸਾਰੇ ਹੁਣ ਕੱਚੇ ਨੇ,
ਕੋਈ ਰਹੇ ਨਾ ਤੇਰੇ ਸਕੇ ਨੇ।
ਹੁਣ ਆਪਣਾ ਕਿਸੇ ਨੂੰ ਕਹੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 
ਤੇਰੇ ਫੇਫੜੇ ਸਾਰੇ ਹੁਣ ਗਲ਼ ਗਏ ਨੇ,
ਤੇਰੇ ਗੁਰਦੇ ਕੰਮ ਕਰਨੋ ਟਲ਼ ਗਏ ਨੇ,
ਹੱਥ ਤੇਰੇ ਕੰਬਣ ਲੱਗ ਗਏ ਨੇ,
ਅੰਗ ਕਹਿਣਾ ਮੰਨਣੋ ਹਟ ਗਏ ਨੇ।
ਹੁਣ ਗਲਾਸੀ ਤੂੰ ਫੜੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?
 
ਹੈ ਸਮਾਂ ਅਜੇ ਵੀ ਮੰਨਣ ਦਾ,
ਹੱਥੋਂ ਕਿਰਦੀ ਜਾਨ ਨੂੰ ਥੰਮ੍ਹਣ ਦਾ,
ਧੀਵੇਂ ਪਾਣੀ ਨੂੰ ਲੰਘਣ ਦਾ,
ਟੁੱਟਦੇ ਬੇੜੇ ਨੂੰ ਬੰਨ੍ਹਣ ਦਾ।
ਜੇ ਡੁੱਬ ਗਿਆ ਤਾਂ ਕਰੇਂਗਾ ਕੀ?
ਗਲਾਸੀ ਭਰ ਗਲਾਸੀ ਪੀ, ਭਾਵੇਂ ਮਰ ‘ਤੇ ਭਾਵੇਂ ਜੀ,
ਮੈਨੂੰ ਹੈ ਤੇਰੇ ਨਾਲ਼ ਕੀ, ਕਾਹਨੂੰ ਮੈਂ ਤੜਪਾਵਾਂ ਜੀਅ?

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਖੂਨ ਦੀ ਹੋਲੀ - ਰਵਿੰਦਰ ਸਿੰਘ ਕੁੰਦਰਾ

ਖੂਨ ਦੀ ਹੋਲੀ ਜਾਰੀ ਹੈ, ਇਸ ਦੁਨੀਆ ਉੱਤੇ,
ਝੜਪ ਰਹੇ ਨੇ ਦੁਸ਼ਮਣ, ਇੱਕ ਦੂਜੇ ਦੇ ਉੱਤੇ।

ਕੋਈ ਵੀ ਨਹੀਂ ਸੁਰੱਖਿਅਤ, ਕਿਤੇ ਵੀ ਕਿਸੇ ਵੀ ਵੇਲੇ,
ਪਤਾ ਨਹੀਂ ਕਦੋਂ ਕਿਹੜਾ, ਜੰਗ ਦੀ ਤਾਬ ਨਾ ਝੇਲੇ।

ਮਾਸੂਮ ਜਾਨਾਂ ਦੇ ਲਹੂ, ਨਾਲ ਧਰਤੀ ਹੈ ਰੰਗੀ,
ਸਭਨਾਂ ਉੱਤੇ ਆਣ ਡਿੱਗੀ ਹੈ, ਕਹਿਰ ਦੀ ਤੰਗੀ।

ਜਾਨ ਹੈ ਸਭ ਦੀ ਅੱਜਕਲ, ਕੜਿੱਕੀ ਦੇ ਵਿੱਚ ਆਈ,
ਫਸੇ ਹੋਏ ਨੇ ਜਗ੍ਹਾ ਜਗ੍ਹਾ, ਕਈ ਮਾਈ 'ਤੇ ਭਾਈ।

ਏਅਰਲਾਈਨਾਂ ਬੰਦ ਅਤੇ, ਏਅਰਪੋਰਟਾਂ ਨੂੰ ਤਾਲੇ,
ਗਵਾਚੇ ਹੋਏ ਮੁਸਾਫਰਾਂ ਨੂੰ, ਕੋਈ ਕਿੱਥੋਂ ਭਾਲੇ।

ਖੁਸ਼ੀਆਂ ਨਾਲ ਜਿਨ੍ਹਾਂ ਨੇ, ਭਰੀਆਂ ਸਨ ਉੜਾਨਾਂ,
ਖ਼ਤਰਿਆਂ ਵਿੱਚ ਫਸ ਗਈਆਂ ਨੇ, ਉਨ੍ਹਾਂ ਦੀਆਂ ਜਾਨਾਂ।

ਲੀਡਰਾਂ ਨੂੰ ਨਾ ਦਰਦ, ਨਾ ਕਿਸੇ ਨਾਲ ਹਮਦਰਦੀ,
ਪੈਰ ਪੈਰ 'ਤੇ ਅੜ ਕੇ, ਕਰਦੇ ਆਪਣੀ ਮਨਮਰਜ਼ੀ।

ਲੋੜ ਨਹੀਂ ਹੋਰ ਰੰਗਾਂ ਦੀ, ਇਸ ਹੋਲੀ ਰੁੱਤੇ,
ਦੇਖ ਨਹੀਂ ਹੁੰਦੇ ਲੋਕ, ਲਹੂ ਦੇ ਵਿੱਚ ਗੜੁੱਚੇ।

ਸ਼ਾਇਦ ਇੱਕੋ ਰੰਗ ਹੈ ਬਚਿਆ, ਹੋਲੀ ਖੇਡਣ ਲਈ,
ਖੂਨ ਦੀ ਪਿਆਸੀ ਅਣਮਨੁੱਖੀ, ਤਾਨਾਸ਼ਾਹੀ ਲਈ। 

ਕਿਸੇ ਕਿਆਸ ਨਾ ਕੀਤਾ, ਅਜਿਹੇ ਹਾਲਾਤਾਂ ਦਾ,
ਕੌਣ ਦੇਵੇਗਾ ਡੰਨ ਇਨ੍ਹਾਂ ਨੂੰ, ਕੀਤੇ ਪਾਪਾਂ ਦਾ?

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ

ਮੈਂ ਸੁੰਦਰ ਹਾਂ - ਰਵਿੰਦਰ ਸਿੰਘ ਕੁੰਦਰਾ

ਲੱਗੇ ਨਾ ਮੈਨੂੰ ਮੇਰੀ ਨਜ਼ਰ,
ਮੈਂ ਹਰ ਰੋਜ਼ ਹੀ ਡਰਦੀ ਹਾਂ,
ਇਸੇ ਕਰਕੇ ਮੈਂ ਸ਼ੀਸ਼ੇ ਮੋਹਰੇ,
ਬਹੁਤੀ ਦੇਰ ਨਾ ਖੜ੍ਹਦੀ ਹਾਂ।

ਮਾਣ ਹੈ ਮੈਨੂੰ ਆਪਣੀ ਦਿੱਖ 'ਤੇ,
ਨੈਣ ਨਕਸ਼ ਅਤੇ ਅੰਗਾਂ ਉੱਤੇ,
ਬੋਚ ਬੋਚ ਜ਼ਿੰਦਗੀ ਦੀ ਪੌੜੀ,
ਸਹਿਜੇ ਸਹਿਜੇ ਚੜ੍ਹਦੀ ਹਾਂ।

ਮੇਰੀ ਹੋਂਦ ਅਤੇ ਮੇਰੀ ਕਾਇਆ, 
ਸਭ ਮੇਰਾ ਸਰਮਾਇਆ ਹੈ,
ਸਾਂਭ ਸਾਂਭ ਮੈਂ ਇਸ ਨੂੰ ਰੱਖ ਕੇ,
ਸੰਜਮ ਨਾਲ ਅੱਗੇ ਵਧਦੀ ਹਾਂ।

ਦੋ ਪੈਰ ਭਾਵੇਂ ਘੱਟ ਹੀ ਚੱਲਾਂ,
ਪਰ ਮੜਕ 'ਚ ਕਾਣ ਨਾ ਆਵੇ,
ਮੇਰੀ ਚਾਲ ਨਿੱਤ ਦੁਨੀਆ ਤੱਕੇ,
ਹਮੇਸ਼ਾਂ ਮੈਂ ਕਾਮਨਾ ਕਰਦੀ ਹਾਂ।

ਸੱਜਣਤਾ ਪੌਸ਼ਾਕ ਹੈ ਮੇਰੀ,
ਹੱਸਮੁੱਖਤਾ ਮੇਰਾ ਗਹਿਣਾ ਹੈ,
ਮੇਰੇ ਲਈ ਕੋਈ ਨਹੀਂ ਪਰਾਇਆ,
ਹਰ ਇੱਕ ਦੀ ਹਮਦਰਦੀ ਹਾਂ।

ਜਿੱਧਰ ਜਾਵਾਂ ਹੱਥੀਂ ਛਾਵਾਂ,
ਮੈਨੂੰ ਦੁਨੀਆ ਕਰਦੀ ਜਾਪੇ,
ਕੋਹਾਂ ਦੂਰ ਹੈ ਨਫਰਤ ਮੈਥੋਂ,
ਪਿਆਰ ਦੀ ਨਜ਼ਰ ਹੀ ਰੱਖਦੀ ਹਾਂ।

ਮਾਣ ਹੈ, ਪਰ ਹੰਕਾਰ ਨਹੀਂ ਹੈ,
ਮੈਨੂੰ ਆਪਣੇ ਆਪ ਦੇ ਉੱਤੇ,
ਕੋਸ਼ਿਸ਼ ਕਰਕੇ ਹਰ ਵੇਲੇ,
ਹਲੀਮੀ ਦੀ ਹਾਮੀ ਭਰਦੀ ਹਾਂ। 

ਲੱਗੇ ਨਾ ਮੈਨੂੰ ਮੇਰੀ ਨਜ਼ਰ,
ਮੈਂ ਹਰ ਰੋਜ਼ ਹੀ ਡਰਦੀ ਹਾਂ,
ਇਸੇ ਕਰਕੇ ਮੈਂ ਸ਼ੀਸ਼ੇ ਮੋਹਰੇ,
ਬਹੁਤੀ ਦੇਰ ਨਾ ਖੜ੍ਹਦੀ ਹਾਂ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ