Bagel Singh Dhaliwal

ਕਿਸਾਨੀ ਅੰਦੋਲਨ 26 ਨਵੰਬਰ ਤੋ 26 ਮਈ ਤੱਕ, ਛੇ ਮਹੀਨੇ ਦਾ ਲੇਖਾ ਜੋਖਾ - ਬਘੇਲ ਸਿੰਘ ਧਾਲੀਵਾਲ

ਅੰਦੋਲਨ ਦੀ ਸ਼ੁਰੂਆਤ ਭਾਂਵੇਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਤੋ ਕਾਫੀ ਸਮਾ ਪਹਿਲਾਂ ਕਰ ਦਿੱਤੀ ਸੀ।ਪੰਜਾਬ ਦੇ ਵੱਖ ਵੱਖ ਥਾਵਾਂ ਤੇ ਅਲੱਗ ਅਲੱਗ ਰੇਲਵੇ ਲਾਇਨਾਂ,ਟੋਲ ਪਲਾਜਿਆਂ,ਸ਼ੌਪਿੰਗ ਮਾਲਾਂ,ਪੈਟਰੋਲ ਪੰਪਾਂ ਤੇ ਧਰਨੇ ਲਾ ਕੇ ਕਿਸਾਨਾਂ ਨੇ ਸਰਮਾਏਦਾਰ ਜਮਾਤ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਦਾ ਤੁਹਾਡਾ ਸੁਪਨਾ ਐਨਾ ਜਲਦੀ ਪੂਰਾ ਹੋਣ ਵਾਲਾ ਨਹੀ,ਬਲਕਿ ਸਾਡੀ ਰੋਜੀ ਰੋਟੀ ਖੋਹਣ ਵੱਲ ਵੱਧਦੇ ਤੁਹਾਡੇ ਕਦਮਾਂ ਦੀ ਦੜਦੜਾਹਟ ਨੇ ਸਾਨੂੰ ਗੂੜ੍ਹੀ ਨੀਂਦ ਚੋ ਜਗਾਉਣ ਦਾ ਕੰਮ ਕੀਤਾ ਹੈ।ਪੰਜਾਬ ਦੀ ਜਰਖੇਜ ਧਰਤੀ ਨੂੰ ਕਾਰਖਾਨਿਆਂ ਚ ਬਦਲਣ ਦੀ ਤੁਹਾਡੀ ਮੁਨਾਫਾਖੋਰ ਯੋਜਨਾ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਤੁਹਾਡੇ ਪੰਜਾਬ ਸਮੇਤ ਪੂਰੇ ਭਾਰਤ ਅੰਦਰ ਚੱਲ ਰਹੇ ਕਾਰੋਵਾਰ ਸਾਡੇ ਲਈ ਸਹੂਲਤ ਨਹੀ,ਬਲਕਿ  ਸਮੁੱਚੇ ਵਰਗਾਂ ਦੇ ਲੋਕਾਂ ਦੀਆਂ ਨਸਲਾਂ ਦੀ ਬਰਬਾਦੀ ਦਾ ਮੁੱਢ ਸਾਬਤ ਹੋਣ ਵਾਲੀਆਂ ਹਨ,ਜਿੰਨਾਂ ਨੂੰ ਪੰਜਾਬ ਦੇ ਲੋਕਾਂ ਨੇ ਸਮਝਿਆ ਹੀ ਨਹੀ ਸੀ। ਜਦੋ ਪਿਛਲੇ ਸਾਲ 2020 ਚ ਭਾਰਤ ਦੀ ਸਰਮਾਏਦਾਰ ਪੱਖੀ ਸਰਕਾਰ ਨੇ  ਤਿੰਨ ਕਾਲੇ ਖੇਤੀ ਕਨੂੰਨ ਪਾਸ ਕੀਤੇ,ਤਾਂ ਜਾ ਕੇ ਲੋਕਾਂ ਦੀ ਜਾਗ ਖੁੱਲੀ ਕਿ ਕਿਸਤਰਾਂ ਮੁੱਠੀ ਭਰ ਕਾਰਪੋਰੇਟ ਜਗਤ ਭਾਰਤ ਦੇ 140 ਕਰੋੜ ਲੋਕਾਂ ਨੂੰ ਅਪਣੀ ਕਠਪੁੱਤਲੀ ਬਨਾਉਣਾ ਚਾਹੁੰਦਾ ਹੈ। ਇਹ ਸਿਹਰਾ ਪੰਜਾਬ ਦੇ ਅਣਖੀ ਲੋਕਾਂ ਸਿਰ ਜਾਂਦਾ ਹੈ,ਜਿਹੜੇ ਪਹਿਲਾਂ ਆਪ ਜਾਗੇ ਅਤੇ ਫਿਰ ਪੂਰੇ ਦੇਸ਼ ਨੂੰ ਜਗਾਇਆ। ਭਾਰਤ ਸਰਕਾਰ ਦੀ ਇਸ ਬਦਨੀਤੀ ਦੇ ਖਿਲਾਫ ਉੱਠੇ ਰੋਹ ਦਾ ਹੀ ਕਮਾਲ ਸੀ ਕਿ ਹਮੇਸਾਂ ਬੁੱਢੇ ਠੇਰਿਆਂ ਅਤੇ ਅਨਪੜ ਕਿਸਾਨਾਂ ਦੀਆਂ ਸਮਝੀਆਂ ਜਾਣ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਇਕੱਠਾਂ ਵਿੱਚ ਪੰਜਾਬ ਦਾ ਗੱਭਰੂ  ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਾ ਦੇਖਿਆ ਗਿਆ। ਬਿਨਾ ਸ਼ੱਕ ਗੱਭਰੂਆਂ ਦੀ ਸ਼ਮੂਲੀਅਤ ਨੇ ਇਸ ਕਿਸਾਨੀ ਘੋਲ ਨੂੰ ਦੇਸ਼ ਦੇ ਲੋਕਾਂ ਦੀ ਵੱਡੀ ਲਹਿਰ ਬਨਾਉਣ ਵਿੱਚ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਕਿਸਾਨ ਜਥੇਬੰਦੀਆਂ ਨੇ ਨੌਜੁਆਨੀ ਦੇ ਹੌਸਲੇ ਅਤੇ ਸਮਰੱਪਣ ਦੀ ਭਾਵਨਾ ਨੂੰ ਦੇਖਦਿਆਂ ਹੀ ਦਿੱਲੀ ਜਾਣ ਦਾ ਹੋਕਾ ਦੇ ਦਿੱਤਾ।ਇਹ ਵੀ ਝੂਠ ਨਹੀ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਵੱਲ ਕੂਚ ਕਰਨ ਦਾ ਨਾਹਰਾ ਦਿੱਤਾ ਸੀ,ਜਿਸ ਤੇ ਪਹਿਰਾ ਦਿੰਦਿਆਂ ਹੀ ਪੰਜਾਬੀ ਨੌਜੁਆਨਾਂ ਨੇ ਇਸ ਫੈਸਲੇ ਨੂੰ ਅਮਲੀ ਰੂਪ ਚ ਸਮਝਿਆ ਤੇ ਲਾਗੂ ਕੀਤਾ।ਇਸ ਤੋ ਪਹਿਲਾਂ ਏਥੇ ਇਹ ਸਮਝਣਾ ਵੀ ਬੇਹੱਦ ਜਰੂਰੀ ਹੋਵੇਗਾ ਕਿ ਦਿੱਲੀ ਜਾਣ ਦੇ ਹੋਕੇ ਤੋ ਬਾਅਦ ਇੱਕਦਮ ਹੀ ਪੰਜਾਬ ਦੀ ਜੁਆਨੀ ਚ ਐਨਾ ਜੋਸ਼ ਕਿੱਥੋਂ ਆ ਗਿਆ ਕਿ ਉਹ ਦਿੱਲੀ ਜਾਣ ਲਈ ਕਾਹਲੇ ਪੈ ਗਏ।ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਵੱਲ ਕੂਚ ਕਰਨਾ ਸਬਦ ਹੀ ਅਪਣੇ ਆਪ ਵਿੱਚ ਇੱਕ ਵਿਦਰੋਹ ਦਾ ਹੋਕਾ ਹੈ,ਜਿਸ ਨੇ ਪੰਜਾਬ ਦੀ ਜੁਆਨੀ ਨੂੰ ਜਜ਼ਬਾਤਾਂ ਨਾਲ ਲਬਰੇਜ ਕਰ ਦਿੱਤਾ।ਇਸ ਹੋਕੇ ਤੋਂ ਬਾਅਦ ਹੀ ਪੰਜਾਬੀਆਂ ਅੰਦਰ ਉਹਨਾਂ ਦੇ ਸ਼ਾਨਾਂਮੱਤੇ ਵਿਰਸੇ ਨੇ ਅੰਗੜਾਈ ਭਰੀ।ਇਹ ਅੰਗੜਾਈ ਕੋਈ ਮਾਰਕਸ,ਲੈਨਿਨ ਜਾਂ ਮਾਓ ਦੇ ਕਿਤਾਬੀ ਗਿਆਨ ਚੋ ਨਹੀ ਪਣਪੀ,ਬਲਕਿ ਉੱਨੀਵੀਂ ਸਦੀ ਦੇ ਮਹਾਂਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ ਹੋਰਾਂ ਦੇ ਸਿਰਜੇ ਹਕੀਕੀ ਇਤਿਹਾਸ ਦੇ ਕੁਦਰਤੀ ਗਿਆਨ ਚੋ ਭਰੀ ਗਈ।ਅਜਿਹਾ ਗਿਆਨ ਜਿਹੜਾ ਕਿਸੇ ਲਹੂ ਲਿਬੜੀ ਤਲਬਾਰ ਚ ਜਨਮੀ ਕੌਂਮ ਦੇ ਰਗ ਰਗ ਵਿੱਚ ਸਮੋਇਆ ਹੁੰਦਾ ਹੈ,ਇਸ ਲਈ ਅਜਿਹੀ ਅੰਗੜਾਈ ਜਾਗਦੀਆਂ ਕੌਮਾਂ ਅਕਸਰ ਹੀ ਭਰਦੀਆਂ ਹਨ ਅਤੇ ਜਦੋ ਅਜਿਹੀ ਅੰਗੜਾਈ ਭਰਦੀਆਂ ਹਨ ਤਾਂ ਉਹਨਾਂ ਦੀ ਇਹ ਅੰਗੜਾਈ ਮੀਲ ਪੱਥਰ ਸਾਬਤ ਹੋ  ਨਿਬੜਦੀ ਹੈ। ਇਸ ਵਰਤਾਰੇ ਨੂੰ ਕੁਦਰਤੀ ਕਹਿਣਾ ਜਾਂ ਅਕਾਲ ਪੁਰਖ ਦੀ ਕਲਾ ਵਰਤਣ ਵਰਗਾ ਨਾਮ ਦੇਣਾ ਇਸ ਲਈ ਵਾਜਬ ਹੈ ਕਿਉਂਕਿ ਸਿੱਖ ਇੱਕ ਅਜਿਹੀ ਕੌਂਮ ਹੈ ਜਿਹੜੀ ਪੈਦਾ ਹੀ ਗੁਰੂ ਦੇ ਕੌਤਕ ਚੋ ਹੋਈ ਹੈ।1699 ਦੀ ਵਿਸਾਖੀ ਨੂੰ ਜਿਹੜਾ ਦੁਨੀਆਂ ਦੇ ਇਤਿਹਾਸ ਵਿੱਚ ਪਹਿਲਾ ਰਾਜਸੀ ਇਨਕਲਾਬ ਆਇਆ,ਜਿਸ ਨੇ ਲੋਕਤੰਤਰ ਪਰਨਾਲੀ ਦੀ ਨੀਂਹ ਰੱਖੀ,ਉਹ ਵੀ ਇੱਕ ਕੌਤਿਕ ਸੀ,ਰਜ਼ਾ ਸੀ ਓਸ ਅਕਾਲ ਪੁਰਖ ਦੀ,ਇੱਕ ਕਲਾ ਵਰਤੀ ਸੀ ਅਨੰਦਪੁਰ ਦੀ ਧਰਤੀ ਤੇ,ਜਿਸ ਚੋ ਖਾਲਸਾ ਕੌਂਮ ਪਰਗਟ ਹੋਈ ਸੀ।”ਸਹਿਬੇ ਕਮਾਲ” ਦੀ ਕਿਰਪਾਨ ਚੋ ਪਰਗਟ ਹੋਈ ਕੌਂਮ ਨੇ ਤਖਤਾਂ ਨੂੰ ਅਜਿਹੇ ਵਖਤ ਪਾਏ ਕਿ ਹਰ ਪਾਸੇ ਖਾਲਸੇ ਦਾ ਬੋਲਬਾਲਾ ਹੋ ਗਿਆ। ਜਿਹੜੇ ਲੋਕ ਅੱਜ ਗੁਰੂ ਦੀ ਕਲਾ ਵਰਤਣ ਵਰਗੇ ਸਬਦਾਂ ਤੇ ਤਨਜਾਂ ਕਸਦੇ ਹਨ,ਸਾਇਦ ਉਹਨਾਂ ਨੇ ਸਿੱਖ ਇਤਿਹਾਸ ਨੂੰ ਜਾਂ ਤਾ ਪੜਿਆ ਹੀ ਨਹੀ ਜਾਂ ਫਿਰ ਲੈਨਿਨ,ਮਾਓ ਅਤੇ ਭਗਵੀਂ ਐਨਕ ਨਾਲ ਪੜਿਆ ਹੈ,ਕਿਉਕਿ ਜੇਕਰ ਸਹੀ ਨਜਰੀਏ ਨਾਲ ਜਾਣਿਆ ਹੁੰਦਾ ਕਦੇ ਵੀ ਉਹਨਾਂ ਨੂੰ ਗੁਰੂ ਦੀ ਕਲਾ ਤੇ ਸੰਦੇਹ ਨਹੀ ਸੀ ਹੋ ਸਕਦਾ।ਇੱਥੇ ਸੁਆਲ ਪੈਦਾ ਹੁੰਦਾ ਹੈ ਕਿ ਜਿਹੜੇ ਨਪੀੜੇ,ਨਿਤਾਣੇ,ਦੱਬੇ ਕੁਚਲੇ ਸੂਦਰ ਲੋਕ ਸਿੰਘ ਸਿਰਦਾਰ ਸਜ ਕੇ ਸਾਹੀ ਤਖਤਾਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ ਤੇ ਜਿੰਨਾਂ ਨੇ ਸੈਕੜੇ ਸਾਲਾਂ ਦੇ ਸਥਾਪਤ ਰਾਜ ਪ੍ਰਬੰਧ ਨੂੰ ਖੁਦੇੜ ਕੇ ਰੱਖ ਦਿੱਤਾ,ਕੀ ਉਹ ਵਰਤਾਰਾ ਗੁਰੂ ਦੇ ਕੌਤਕ ਤੋ ਬਗੈਰ ਸੰਭਵ ਹੋ ਸਕਦਾ ਸੀ ? ਇੱਕ ਪਾਸੇ ਸੈਕੜੇ ਸਾਲਾਂ ਦਾ ਸਥਾਪਤ ਰਾਜ ਪਰਬੰਧ ਅਤੇ ਦੂਸਰੇ ਪਾਸੇ ਸੈਕੜੇ ਸਾਲਾਂ ਦੀ ਹਕੂਮਤੀ ਗੁਲਾਮੀ ਅਤੇ ਜਾਤੀ ਵੰਡ ਦੇ ਸਤਾਏ ਉਹ ਮੁੱਠੀ ਭਰ ਲੋਕ,ਜਿੰਨਾਂ ਦਾ ਜੀਵਨ ਪੱਧਰ ਪਛੂਆਂ ਤੋ ਵੀ ਮਾੜਾ ਹੋਵੇ,ਜੇਕਰ ਉਹ ਲੋਕ ਅਜਿਹੇ ਪਰਬੰਧ ਨੂੰ ਖਦੇੜ ਦੇਣ ਤਾਂ ਇਹ ਮੰਨਣਾ ਹੋਵੇਗਾ ਕਿ ਇਹ ਗੁਰੂ ਦੀ ਲਹੂ ਲਿਬੜੀ ਕਿਰਪਾਨ ਨੇ ਕੌਤਕ ਵਰਤਾਇਆ ਹੈ ਭਾਵ ਗੁਰੂ ਦੀ ਕਲਾ ਹੀ ਵਰਤੀ ਹੈ।ਦਿੱਲੀ ਜਾਣ ਤੋ ਪਹਿਲਾਂ ਇਹ ਗੱਲ ਚੰਗੀ ਤਰਾਂ ਸਮਝਣੀ ਪਵੇਗੀ ਕਿ 26 ਨਵੰਬਰ 2020 ਤੋ ਪਹਿਲਾਂ ਜੋ ਜਨੂੰਨ ਪੰਜਾਬ ਦੇ ਕਿਸਾਨਾਂ ਚ ਦੇਖਿਆ ਗਿਆ,ਉਹ ਖੱਬੇ ਪੱਖੀ ਸੋਚ ਦਾ ਜਲਬਾ ਨਹੀ ਬਲਕਿ ਉੱਪਰ ਦੱਸੇ ਇਤਿਹਾਸ ਚੋ ਭਰੀ ਗਈ ਅੰਗੜਾਈ ਦੀ ਵਜਾਹ ਕਰਕੇ ਹੀ ਸੰਭਵ ਹੋ ਸਕਿਆ।ਇੱਥੇ ਇਹ ਕਹਿਣ ਵਿੱਚ ਵੀ ਕੋਈ ਗੁਰੇਜ ਨਹੀ ਕਿ ਤਬਾਂਕੂ ਚ ਧੁਆਂਖੀ ਅਤੇ ਸਰਾਬ ਚ ਡੁੱਬੀ ਸੋਚ ਕਦੇ ਵੀ ਇਤਿਹਾਸ ਸਿਰਜਣ ਦੇ ਸਮਰੱਥ ਨਹੀ ਹੋ ਸਕਦੀ,ਇਸ ਲਈ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਦਿੱਲੀ ਵੱਲ ਕੂਚ ਦਾ ਨਾਹਰਾ ਭਾਂਵੇਂ ਕਿਸਾਨ ਜਥੇਬੰਦੀਆਂ ਨੇ ਦਿੱਤਾ,ਪਰ ਉਹਦੇ ਅੰਦਰਲੀ ਵਿਦਰੋਹੀ ਭਾਵਨਾ ਨੂੰ ਕਿਸਾਨ  ਜਥੇਬੰਦੀਆਂ ਦੇ ਆਗੂਆਂ ਨੇ ਨਹੀ ਬਲਕਿ ਨੌਜੁਆਨੀ ਅਤੇ ਅਨਪੜ ਕਿਸਾਨੀ ਨੇ ਸਿੱਖੀ ਵਿਰਸੇ ਦੀ ਰੌਸ਼ਨੀ ਵਿੱਚ ਅਮਲ ਚ ਲਿਆਂਦਾ।26 ਨਵੰਬਰ ਨੂੰ ਜਦੋ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ ਤਾਂ ਉਦੋ ਤੱਕ ਵੀ ਜਥੇਬੰਦੀਆਂ ਨੂੰ ਇਹ ਇਲਮ ਨਹੀ ਸੀ ਕਿ ਅੱਗੇ ਕੀ ਕਲਾ ਵਰਤਣ ਵਾਲੀ ਹੈ,ਬਲਕਿ ਉਹਨਾਂ ਚੋ ਬਹੁਤ ਸਾਰੇ ਆਗੂਆਂ ਦਾ ਦੱਬਵੀਂ ਅਵਾਜ ਵਿੱਚ ਇਹ ਕਹਿਣਾ ਹੈ ਕਿ ਸਾਡਾ ਪਰੋਗਰਾਮ ਜਿੱਥੇ ਸਰਕਾਰ ਰੋਕ ਲਵੇਗੀ,ਓਥੇ ਹੀ ਧਰਨਾ ਲਾਉਣ ਦਾ ਸੀ,ਸਾਨੂੰ ਇਹ ਬਿਲਕੁਲ ਵੀ ਉਮੀਦ ਨਹੀ ਸੀ ਕਿ ਅਸੀ ਇੱਕ ਦਿਨ ਦਿੱਲੀ ਪਹੁੰਚ ਕੇ ਇਤਿਹਾਸਿਕ ਅੰਦੋਲਨ ਸਿਰਜਣ ਵਾਲੇ ਲੋਕਾਂ ਚੋ ਗਿਣੇ ਜਾਵਾਂਗੇ।ਇਹੋ ਕਾਰਨ ਸੀ ਕਿ 26 ਜਨਵਰੀ ਨੂੰ ਰੋਸ ਮਾਰਚ ਦੇ ਸੱਦੇ ਤੋਂ ਬਾਅਦ ਜਿਸਤਰਾਂ ਕਿਸਾਨੀ ਅੰਦੋਲਨ ਦੀ ਸਟੇਜ ਤੋ ਕਿਸਾਨਾਂ ਨੂੰ ਉਤਸਾਹਿਤ ਅਤੇ ਉਕਸਾਉਣ ਵਾਲੇ ਬਿਆਨ ਆਉਂਦੇ ਰਹੇ,ਉਹਨਾਂ ਨੇ ਪੰਜਾਬੀ ਨੌਜੁਆਨਾਂ ਅੰਦਰ ਬਲ ਰਹੀ ਦਿੱਲੀ ਖਿਲਾਫ ਰੋਹ ਦੀ ਚਿੰਗਾੜੀ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ।ਭਾਂਵੇਂ ਕਿਸਾਨੀ ਅੰਦੋਲਨ ਦੇ ਡਰੇ ਹੋਏ ਨੇਤਾ ਹਾਲਾਤਾਂ ਨੂੰ ਭਾਪ ਗਏ ਸਨ,ਇਸ ਕਰਕੇ ਹੀ ਉਹਨਾਂ ਨੇ ਰੋਸ ਮਾਰਚ ਨੂੰ ਕਿਸਾਨ ਟਰੈਕਟਰ ਪਰੇਡ ਦਾ ਨਾਮ ਦਿੱਤਾ ਅਤੇ ਬਾਅਦ ਵਿੱਚ ਇਹ ਕਿਸਾਨ ਪਰੇਡ,ਕਿਸਾਨ ਗਣਤੰਤਰ ਪਰੇਡ ਬਣ ਗਈ,ਪ੍ਰੰਤੂ ਇਸ ਦੇ ਬਾਵਜੂਦ ਵੀ ਉਹ ਅਪਣੀ ਹੀ ਲਾਈ ਹੋਈ ਚਿੰਗਾੜੀ ਨੂੰ ਭਾਂਬੜ ਬਨਣ ਤੋ ਰੋਕ ਨਾ ਸਕੇ,ਇਸ ਦਾ ਕਾਰਨ ਇਹ ਸੀ ਕਿ ਕਿਸਾਨ ਆਗੂਆਂ ਨੇ ਨਾ ਹੀ ਕਦੇ ਐਨੇ ਵੱਡੇ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਨਾ ਹੀ ਉਹ ਇਸ ਆਸ ਨਾਲ ਆਏ ਹੀ ਸਨ। ਕਿਸਾਨ ਨੇਤਾਵਾਂ ਦੀ ਮਾਨਸਿਕ ਕਮਜੋਰੀ ਨੂੰ ਕੇਂਦਰ ਦੀ ਹਕੂਮਤ ਸਮਝ ਚੁੱਕੀ ਸੀ,ਇਸ ਲਈ ਹੀ ਕੇਂਦਰ ਸਰਕਾਰ ਨੇ 26 ਜਨਵਰੀ ਵਾਲੇ ਦਿਨ ਦੇ ਰੋਸ ਮਾਰਚ ਨੂੰ ਜਾਣ ਬੁੱਝ ਕੇ ਵਿਸਫੋਟਕ ਬਣਾਇਆ। ਕੇਂਦਰ ਨੇ ਭਾਰਤੀ ਮੀਡੀਏ ਦੀ ਮਦਦ ਨਾਲ ਹਾਲਾਤ ਇਸ ਕਦਰ ਅਣਸੁਖਾਵੇਂ ਬਣਾ ਕੇ ਪੇਸ਼ ਕਰ ਦਿੱਤੇ ਕਿ ਹਰ ਪਾਸੇ ਲਾਲ ਕਿਲੇ ਤੇ ਜਾਣ ਵਾਲੇ ਕਿਸਾਨਾਂ ਮਜਦੂਰਾਂ,ਨੌਜੁਆਨਾਂ ਨੂੰ ਪਾਣੀ ਪੀ ਪੀ ਕੋਸਿਆ ਜਾਣ ਲੱਗਾ।ਇਹ ਹਾਲਾਤ ਕੇਂਦਰ ਸਰਕਾਰ ਲਈ ਉਦੋਂ ਹੋਰ ਵੀ ਸੁਖਾਂਵੇਂ ਹੋ ਗਏ ਜਦੋ ਭਾਰਤੀ ਮੀਡੀਏ ਦੇ ਨਾਲ ਹੀ ਕਿਸਾਨੀ ਅੰਦੋਲਨ ਦੇ ਨੇਤਾ ਵੀ ਅਪਣੇ ਨੌਜੁਆਨਾਂ ਦੇ ਖਿਲਾਫ ਹੋ ਗਏ।ਉਹਨਾਂ ਨੇ ਵੀ ਭਾਰਤੀ ਮੀਡੀਏ ਦੀ ਬੋਲੀ ਬੋਲ ਕੇ ਕੇਂਦਰ ਦਾ ਉਹ ਪੱਖ ਮਜਬੂਤ ਕਰ ਦਿੱਤਾ,ਜਿਸ ਦੇ ਜਰੀਏ ਕੇਂਦਰ ਨੇ ਅੰਦੋਲਨ ਨੂੰ ਨਿਰ ਉਤਸਾਹਿਤ ਕਰਨਾ ਸੀ।ਸੋ ਜਦੋ ਕੇਂਦਰ ਨੂੰ ਇਹ ਯਕੀਨ ਪੱਕਾ ਹੋ ਗਿਆ ਕਿ ਕਿਸਾਨ ਆਗੂ ਅਸਲੋਂ ਹੀ ਥਿੜਕ ਚੁੱਕੇ ਹਨ,ਤਾਂ ੳਹਨਾਂ ਨੇ ਨੌਜੁਆਨਾਂ ਨੂੰ ਨਿਸਾਨਾ ਬਨਾਉਣਾ ਸ਼ੁਰੂ ਕੀਤਾ,ਜਿਸ ਵਿੱਚ ਸੈਕੜੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰਕੇ ਜੇਹਲੀ ਸੁੱਟੇ ਗਏ।ਬਹੁਤ ਸਾਰਿਆਂ ਦੇ ਸਿਰਾਂ ਤੇ ਇਨਾਮ ਵੀ ਰੱਖੇ ਗਏ,ਤਾਂ ਕਿ ਲੋਕਾਂ ਵਿੱਚ ਦਹਿਸਤ ਦਾ ਮਹੌਲ ਸਿਰਜਿਆ ਜਾ ਸਕੇ,ਜਿਸ ਵਿੱਚ ਕੇਂਦਰ ਸਰਕਾਰ ਸਫਲ ਵੀ ਰਹੀ। ਇਸ ਤੋ ਅਗਲਾ ਕਾਫੀ ਸਮਾ ਕਿਸਾਨੀ ਅੰਦੋਲਨ ਲਈ ਸਾਜਗਾਰ ਨਾ ਰਿਹਾ। ਇਸ  ਦੌਰਾਨ ਪੰਜਾਬ ਅੰਦਰ ਨੌਜੁਆਨ ਜਿੱਥੇ ਦੋ ਵੱਡੀਆਂ ਰੈਲੀਆਂ ਮਹਿਰਾਜ (ਬਠਿੰਡਾ) ਅਤੇ ਮਸਤੂਆਣਾ ਸਾਹਿਬ (ਸੰਗਰੂਰ) ਕਰਨ ਵਿੱਚ ਕਾਮਯਾਬ ਰਹੇ, ਓਥੇ ਅਪਣਾ ਸੁਨੇਹਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੱਕ ਪਹੁੰਚਾਉਣ ਵਿੱਚ ਸਫਲ ਵੀ ਰਹੇ। ਇਹਨਾਂ ਰੈਲੀਆਂ ਵਿੱਚ ਹੋਏ ਇਕੱਠਾਂ ਤੋ ਬਾਅਦ 32 ਜਥੇਬੰਦੀਆਂ ਦੇ ਬਹੁਤ ਸਾਰੇ ਆਗੂ ਇਸ ਮੱਤ ਨਾਲ ਸਹਿਮਤ ਹੋ ਗਏ ਕਿ ਨੌਜੁਆਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ,ਪਰ ਫਿਰ ਵੀ ਉਹ ਸੋਚ ਦੇ ਆਗੂ ਜਿਹੜੇ ਸਿੱਖ ਵਿਚਾਰਧਾਰਾ ਨਾਲ ਮੁੱਢੋ ਹੀ ਖਾਰ ਖਾਂਦੇ ਹਨ,ਨਹੀ ਸਨ ਚਾਹੁੰਦੇ ਕਿ ਮੋਰਚੇ ਦੇ ਵਿੱਚ ਉਹ ਸਿੱਖ ਸੋਚ ਵਾਲੇ ਨੌਜੁਆਨ ਸ਼ਾਮਲ ਹੋਣ ਜਿੰਨਾਂ ਦਾ ਬੌਧਿਕ ਪੱਧਰ ਕਿਸਾਨ ਆਗੂਆਂ ਤੋ ਉੱਪਰ ਹੈ,ਇਸ ਲਈ ਇਹ ਕਦੇ ਵੀ ਸਹਿਮਤੀ ਨਾ ਬਣ ਸਕੀ ਕਿ ਦੀਪ ਸਿੱਧੂ ਸਮੇਤ ਸਾਰੇ ਨੌਜੁਆਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਲੱਖੇ ਨੂੰ ਨਾਲ ਲੈ ਕੇ ਚੱਲਣ ਪਿੱਛੇ ਨੌਜਵਾਨਾਂ ਨੂੰ ਵੰਡ ਕੇ ਰੱਖਣ ਦੀ ਜੋ ਮਨਸ਼ਾ ਸੀ, ਉਹ ਕਿਸਾਨ ਆਗੂ ਰੁਲਦੂ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸਟ ਕਰ ਦਿੱਤੀ ਹੋਈ ਹੈ। 26 ਜਨਵਰੀ ਤੋ ਦੋ ਮਹੀਨੇ ਬਾਅਦ 26 ਮਾਰਚ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੇ ਵੀ ਕਿਸਾਨੀ ਅੰਦੋਲਨ ਨੂੰ ਤਕੜਾ ਕਰਨ ਦੀ ਬਜਾਏ ਹੋਰ ਕਮਜੋਰ ਕੀਤਾ।ਬਹੁਤ ਸਾਰੇ ਉਹ ਲੋਕ ਜਿੰਨਾਂ ਦੇ ਬੰਦ ਦੌਰਾਨ ਕਿਸਾਨਾਂ ਵੱਲੋਂ ਕੰਮ ਰੋਕੇ ਗਏ,ਉਹਨਾਂ ਨੇ ਰੋਸ ਵਜੋਂ ਕਿਸਾਨੀ ਅੰਦੋਲਨ ਤੋ ਦੂਰੀ ਬਣਾ ਲਈ,ਨਤੀਜੇ ਵਜੋਂ ਕਿਸਾਨੀ ਅੰਦੋਲਨ ਅਪਣੀ ਪਹਿਲੀ ਪੁਜੀਸਨ ਤੋ ਹੋਰ ਪਿੱਛੇ ਖਿਸਕ ਗਿਆ। ਉਸ ਤੋ ਠੀਕ ਦੋ ਮਹੀਨੇ ਬਾਅਦ 26 ਮਈ ਦਾ ਦਿਨ ਵੀ ਆ ਗਿਆ ਹੈ,ਜਿਸ ਦਿਨ ਅੰਦੋਲਨ ਨੇ ਅਪਣੇ ਛੇ ਮਹੀਨੇ ਵੀ ਪੂਰੇ ਕਰ ਲੈਣੇ ਹਨ, 26 ਮਈ ਦੇ ਦਿਨ ਨੂੰ ਭਾਂਵੇਂ ਕਿਸਾਨ ਜਥੇਬੰਦੀਆਂ ਨੇ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ ਹੈ,ਪ੍ਰੰਤੂ ਇਸ ਦਿਨ ਤੇ ਇਹ ਵੀ ਜਰੂਰੀ ਬਣਦਾ ਹੈ ਕਿ ਕਿਸਾਨ ਆਗੂ ਛੇ ਮਹੀਨੇ ਪੂਰੇ ਹੋਣ ਤੇ ਅੰਦੋਲਨ ਦਾ ਲੇਖਾ ਜੋਖਾ ਵੀ ਕਰਦੇ।ਉਹਨਾਂ ਨੂੰ 26 ਮਈ ਦਾ ਦਿਨ ਅਪਣੀਆਂ ਗਲਤੀਆਂ ਸੁਧਾਰਨ ਵਜੋਂ ਮਨਾਉਣਾ ਚਾਹੀਦਾ ਹੈ ਅਤੇ ਨਾਲ ਹੀ ਖੁੱਲੇ ਦਿਲ ਅਤੇ ਇਮਾਨਦਾਰੀ ਨਾਲ ਇਹ ਸਵੀਕਾਰਨਾ ਚਾਹੀਦਾ ਹੈ ਕਿ ਅੰਦੋਲਨ ਦੀ ਕਾਮਯਾਬੀ ਸਿੱਖ ਸਪਿਰਟ ਤੋ ਬਗੈਰ ਸੰਭਵ ਨਹੀ।ਇਹ ਵੀ ਜਨਤਕ ਤੌਰ ਤੇ ਮੰਨਣਾ ਹੋਵੇਗਾ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਝੁਲਾਏ ਗਏ ਕਿਸਾਨੀ ਅਤੇ ਕੇਸਰੀ ਨਿਸਾਨ ਸਾਹਿਬ ਨੌਜਵਾਨਾਂ ਦੀ ਭੁੱਲ ਨਹੀ ਬਲਕਿ ਉਹਨਾਂ ਦੇ ਵਿਰਸੇ ਚੋ ਮਿਲੀ ਜਜ਼ਬਾਤਾਂ ਦੀ ਗੁੜਤੀ ਅਤੇ ਰੋਸ ਦੇ ਪਰਤੀਕ ਵਜੋਂ ਕੀਤਾ ਗਿਆ ਪ੍ਰਦਰਸ਼ਨ ਸਮਝਣਾ ਚਾਹੀਦਾ ਹੈ,ਜਿਸ ਨੂੰ ਕਿਸਾਨ ਆਗੂ ਸਵੀਕਾਰ ਕਰਦੇ ਹਨ ਅਤੇ ਨਾਲ ਹੀ ਅਪਣੇ ਨੌਜਵਾਨਾਂ ਨੂੰ ਭਵਿੱਖ ਦੇ ਵਾਰਸ ਸਮਝਦੇ ਹੋਏ ਅਪੀਲ ਕਰਦੇ ਹਨ ਕਿ ਅਪਣੀ ਹੋਂਦ ਦੀ ਲੜਾਈ ਨੂੰ ਯਕੀਨੀ ਜਿੱਤ ਵਿੱਚ ਬਦਲਣ ਲਈ ਉਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣ,ਸੋ ਜੇਕਰ ਇਸਤਰਾਂ ਦੀ ਖੁਲਦਿਲੀ ਕਿਸਾਨ ਆਗੂਆਂ ਵੱਲੋਂ ਦਿਖਾਈ ਜਾਂਦੀ ਹੈ,ਤਾਂ ਯਕੀਨਣ ਹੀ ਅੰਦੋਲਨ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕਦਾ ਹੈ। ਇੱਕ ਪਾਸੇ ਮਹਾਂਮਾਰੀ ਪਰਕੋਪ ਸਿਖਰਾਂ ਤੇ ਹੈ,ਲੋਕ ਧੜਾ ਧੜ ਦਮ ਤੋੜ ਰਹੇ ਹਨ,ਅੰਦੋਲਨ ਵਿੱਚ ਵੀ ਮੌਤਾਂ ਦੀ ਗਿਣਤੀ ਕਈ ਸੈਕੜੇ ਪਾਰ ਕਰ ਚੁੱਕੀ ਹੈ, ਉਸ ਮੌਕੇ ਵੀ ਸਰਕਾਰ ਵੱਲੋਂ ਅੰਦੋਲਨਕਾਰੀਆਂ ਨਾਲ ਗੱਲਬਾਤ  ਕਰਨ ਦੀ ਕੋਈ ਲੋੜ ਨਾ ਸਮਝੇ ਜਾਣਾ ਦਰਸਾਉਂਦਾ ਹੈ ਕਿ ਸਰਕਾਰ ਦਾ ਅੜੀਅਲ ਰਵੱਈਆ ਜਿਉਂ ਦਾ ਤਿਉਂ ਬਰਕਰਾਰ ਹੈ,ਇਸ ਲਈ ਇਸ ਹੱਕੀ ਲੜਾਈ ਚ ਨਵੀਂ ਰੂਹ ਫੂਕਣ ਲਈ ਗਲਤੀਆਂ ਅਤੇ ਪਰਾਪਤੀਆਂ ਦਾ ਲੇਖਾ ਜੋਖਾ ਕਰਕੇ ਅੱਗੇ ਵਧਣਾ ਹੋਵੇਗਾ,ਫਿਰ ਆਗੂਆਂ ਵੱਲੋਂ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਲਈ ਚਿੱਠੀਆਂ ਲਿਖਣ ਦੀ ਲੋੜ ਨਹੀ ਪਵੇਗੀ ਅਤੇ ਕੇਂਦਰ ਨੂੰ ਝੁਕਣਾ ਪਵੇਗਾ।

ਬਘੇਲ ਸਿੰਘ ਧਾਲੀਵਾਲ
99142-58142

ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ: ਸਾਹ ਮੁਹੰਮਦਾ ਇੱਕ ਇਤਫਾਕ ਬਾਝੋਂ.. - ਬਘੇਲ ਸਿੰਘ ਧਾਲੀਵਾਲ

ਭਾਰਤ ਸਰਕਾਰ ਦੀਆਂ ਖੇਤੀ ਨੀਤੀਆਂ ਕਦੇ ਵੀ ਕਿਸਾਨ ਪੱਖੀ ਨਹੀ ਰਹੀਆਂ,ਜਿਸ ਕਰਕੇ ਭਾਰਤੀ ਕਿਸਾਨੀ ਦਾ ਜੀਵਨ ਕਦੇ ਵੀ ਬਹੁਤਾ ਸੁਖਾਵਾਂ ਨਹੀ ਹੋ ਸਕਿਆ।ਖੇਤੀ ਖਰਚਿਆਂ ਦੇ ਮੁਤਾਬਿਕ ਫਸਲਾਂ ਦੇ ਭਾਅ ਨਾ ਮਿਲਣ    ਕਾਰਨ ਭਾਰਤ ਦਾ ਕਿਸਾਨ ਕਰਜੇ ਦਾ ਭਾਰੀ ਬੋਝ ਢੋਅ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਸਵਾ ਕਰੋੜ ਦੀ ਅਵਾਦੀ ਦਾ ਢਿੱਡ ਭਰਨ ਵਾਲੀ ਕਿਸਾਨੀ ਚੋ ਬਹੁਤ ਵੱਡੀ ਗਿਣਤੀ ਅਜਿਹੇ ਪਰਿਵਾਰਾਂ ਦੀ ਹੈ, ਜਿੰਨਾਂ ਨੂੰ ਪੇਟ ਭਰ ਖਾਣਾ ਨਸੀਬ ਨਹੀ ਹੁੰਦਾ। ਕਿਸਾਨੀ ਦੀ ਸਾਖਰਤਾ ਦੀ ਦਰ ਕਿਹੜੇ ਪੱਧਰ ਦੀ ਹੋਵੇਗੀ, ਇਹ ਅੰਦਾਜਾ ਲਾੳਣਾ ਵੀ ਕੋਈ ਮੁਸਕਲ ਨਹੀ ਹੈ।ਖੇਤੀ ਲਾਹੇਵੰਦ ਧੰਦਾ ਨਹੀ ਰਿਹਾ, ਇਸ ਦੇ ਬਾਵਜੂਦ ਵੀ ਕਿਸਾਨ ਦਾ ਜਮੀਨ ਨਾਲ ਮੋਹ ਕੋਈ ਪੈਮਾਨੇ ਨਾਲ ਨਹੀ ਮਾਪਿਆ  ਨਹੀ ਜਾ ਸਕਦਾ। ਜਿਸ ਧਰਤੀ ਨੂੰ ਸਿੱਖ ਕੌਂਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਮਾਂ ਦਾ ਦਰਜਾ ਦਿੱਤਾ ਹੋਵੇ,ਭਲਾ ਉਸ ਮਾਂ ਦੇ ਅਣਖੀ ਪੁੱਤ ਇਹ ਕਿਵੇਂ ਬਰਦਾਸਤ ਕਰ ਸਕਦੇ ਹਨ ਕਿ ਕੋਈ ਚੰਦ ਟਕਿਆਂ ਦੇ ਗੁਮਾਨ ਵਿੱਚ ਅੰਨ੍ਹਾ ਹੋਇਆ ਵਿਅਕਤੀ ਜਾਂ ਉਹਨਾਂ ਦੀ ਪੁਸਤ ਪਨਾਹੀ ਕਰਨ ਵਾਲੀਆਂ ਹਕੂਮਤਾਂ ਧੲਤੀ ਮਾਤਾ ਤੇ ਮਾੜੀਆਂ ਨਿਗਾਹਾਂ ਰੱਖਣ ਦੀ ਹਿੰਮਤ ਕਰਨ।ਭਾਰਤੀ ਹਕੂਮਤ ਵੱਲੋਂ ਦੇਸ ਦੇ ਕੁੱਝ ਕੁ ਘਰਾਣਿਆਂ ਨੂੰ ਦੇਸ ਦੀ ਮਾਲਕੀ ਸੌਪਣ ਦੇ ਇਰਾਦੇ ਨਾਲ ਅਜਿਹੇ ਖੇਤੀ ਕਨੂੰਨ ਪਾਸ ਕੀਤੇ ਗਏ,ਜਿਹੜੇ ਸਿੱਧੇ ਰੂਪ ਵਿੱਚ ਕਿਸਾਨੀ ਨੂੰ ਖਤਮ ਕਰਕੇ ਦੇਸ ਦੀ ਜਨਤਾ ਦੀ ਲੁੱਟ ਦਾ ਰਾਹ ਪਧਰਾ ਕਰਦੇ ਹਨ,ਜਿੰਨਾਂ ਨੂੰ ਨਾ ਮਨਜੂਰ ਕਰਦਿਆਂ ਕਿਸਾਨਾਂ ਨੇ ਦੇਸ ਵਿਆਪੀ ਅੰਦੋਲਨ ਵਿੱਢਿਆ ਹੋਇਆ ਹੈ। ਦਿੱਲੀ ਦੀਆਂ ਹੱਦਾਂ ਤੇ ਚੱਲ ਰਿਹਾ ਕਿਸਾਨਾਂ ਦਾ ਇਹ ਸਾਂਤੀ ਪੂਰਨ ਅੰਦੋਲਨ ਨਵੇਂ ਇਤਿਹਾਸ ਸਿਰਜ ਰਿਹਾ ਹੈ।ਭਾਂਵੇਂ ਅੰਦੋਲਨ ਦੀ ਪਹਿਲਾਂ ਸੁਰੂਆਤ ਪੰਜਾਬ ਨੇ ਕੀਤੀ ,ਪ੍ਰੰਤੂ ਹਰਿਆਣੇ ਦੇ ਕਿਸਾਨਾਂ ਦੀ ਭੂਮਿਕਾ ਵੀ ਬੇਹੱਦ ਸਲਾਹੁਣਯੋਗ ਰਹੀ ਹੈ। ਦਿੱਲੀ ਅੰਦੋਲਨ ਤੋ ਪਹਿਲਾਂ ਪੰਜਾਬ ਦੀਆਂ ਕਿਸਾਨ ਮਜਦੂਰ ਜਥੇਬੰਦੀਆਂ ਨੇ ਪੰਜਾਬ ਅੰਦਰ ਖੇਤੀ ਕਨੂੰਨਾਂ ਵਿਰੁੱਧ ਜੋ ਸੰਘਰਸ ਵਿੱਢਿਆ, ਉਸ ਦੀ ਗੂੰਜ ਭਾਰਤੀ ਕਿਸਾਨਾਂ ਨੇ ਮਹਿਸੂਸ ਕੀਤੀ, ਇਹੋ ਕਾਰਨ ਸੀ ਕਿ ਜਦੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਤਾਂ ੳਸ ਮੌਕੇ ਜੋ ਦਲੇਰੀ ਹਰਿਆਣੇ ਦੇ ਕਿਸਾਨਾਂ ਨੇ ਦਿਖਾਈ,ਉਹ ਕਾਬਲੇ ਤਾਰੀਫ ਰਹੀ, ਕਿਉਕਿ ਜੇਕਰ ਉਸ ਮੌਕੇ ਹਰਿਆਣੇ ਦੇ ਕਿਸਾਨ ਹਰਿਆਣਾ ਸਰਕਾਰ ਦੀਆਂ ਲਾਈਆਂ ਰੋਕਾਂ ਨਾ ਤੋੜਦੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਰੁਕਾਬਟਾਂ ਤੋੜ ਕੇ ਅੱਗੇ ਵਧਣ ਦਾ ਹੌਸਲਾ ਨਾ ਦਿੰਦੇ, ਤਾਂ ਪੰਜਾਬ ਦੇ ਕਿਸਾਨ ਸੰਭੂ,ਖਨੌਰੀ ਅਤੇ ਡੱਬਵਾਲੀ ਤੋ ਅੱਗੇ ਨਹੀ ਸਨ ਵਧ ਸਕਦੇ। ਇਹ ਵੀ ਸੱਚ ਹੈ ਕਿ ਉਸ ਸਮੇ ਦਿੱਲੀ ਦੇ ਰਸਤੇ ਵਿੱਚ ਆਈਆਂ ਰੋਕਾਂ ਨੂੰ ਹਟਾਉਣ ਲਈ ਜਿਸ ਭਾਵਨਾ ਨੇ ਪੰਜਾਬ ਦੀ ਕਿਸਾਨ ਜੁਆਨੀ ਨੂੰ ਹੌਸਲਾ ਤੇ ਹਿੰਮਤ ਬਖਸੀ,ਉਹ ਪੰਜਾਬ ਦੇ ਉਹਨਾਂ ਪੁਰਖਿਆਂ ਦੀ ਸੱਚੀ ਸੁੱਚੀ ਭਾਵਨਾ ਤੇ ਅਧਾਰਤ ਸੀ, ਜਿਹੜੀ ਭਾਵਨਾ ਨੇ ਬਾਬਾ ਬਘੇਲ ਸਿੰਘ ਦੀ ਅਗਵਾਈ ਵਿੱਚ ਦਿੱਲੀ ਦੇ ਲਾਲ ਕਿਲੇ ਨੂੰ ਫਤਿਹ ਕੀਤਾ ਸੀ।ਇਹ ਉਹਨਾਂ ਦੇ ਪੁਰਖਿਆਂ ਦੀ ਉਹ ਹੀ ਭਾਵਨਾ ਸੀ, ਜਿਸ ਨੇ ਕਦੇ ਦਿੱਲੀ ਦੇ ਤਖਤ ਨੂੰ ਘੋੜਿਆਂ ਪਿੱਛੇ ਘੜੀਸ ਕੇ ਸ੍ਰੀ ਅਮ੍ਰਿਤਸਰ ਲੈ ਆਂਦਾ ਸੀ।ਇਹੋ ਪਰੇਰਨਾ ਸਦਕਾ ਰਸਤੇ ਦੀਆਂ ਭਾਰੀ ਰੋਕਾਂ ਵੀ ਪੰਜਾਬੀ ਕਿਸਾਨਾਂ ਦੇ ਰਾਹ ਨਾ ਰੋਕ ਸਕੀਆਂ। ਇਹ ਵੀ ਸੱਚ ਹੈ ਕਿ ਪੰਜਾਬੀਆਂ ਦੇ ਇਸ ਨਿੱਗਰ ਹੌਸਲੇ ਅਤੇ ਦਲੇਰੀ ਵਾਲੀ ਸਿੱਖ ਸੋਚ ਦਾ ਪਹਿਲੀ ਵਾਰ ਭਾਰਤ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਸੀ,ਜਿਸ ਨੂੰ ਕੇਂਦਰੀ ਤਾਕਤਾਂ ਬਰਦਾਸਤ ਨਹੀ ਕਰ ਸਕੀਆਂ। ਪੰਜਾਬੀਆਂ ਦੇ ਮਨਾਂ ਵਿੱਚ ਦਿੱਲੀ ਪ੍ਰਤੀ ਨਫਰਤ ਇਸ ਕਰਕੇ ਵੀ ਉਬਾਲੇ ਮਾਰਦੀ ਰਹੀ ਹੈ ਕਿ ਗੁਰੂ ਕਾਲ ਤੋ ਹੀ ਦਿੱਲੀ ਦਾ ਤਖਤ ਸਿੱਖਾਂ ਦੀ ਸਰਬਤ ਦੇ ਭਲੇ ਅਤੇ ਜਬਰ ਜੁਲਮ ਖਿਲਾਫ ਲੜਨ ਦੀ ਭਾਵਨਾ ਅਤੇ ਹਲੇਮੀ ਰਾਜ ਵਾਲੀ ਸੋਚ ਨੂੰ ਖਤਮ ਕਰਨ ਦੀਆਂ ਚਾਲਾਂ ਚੱਲਦਾ ਰਿਹਾ ਹੈ,ਜਿਸ ਕਰਕੇ ਸਿੱਖ ਪੁਰਖਿਆਂ ਦੀ ਦਿੱਲੀ ਦੇ ਤਖਤ ਨਾਲ ਮੁੱਢੋਂ ਹੀ ਟੱਕਰ ਰਹੀ ਹੈ। ਪੰਜਾਬੀਆਂ ਦੇ ਮਨਾਂ ਚ ਵਸੀ ਇਹ ਉਹ ਹੀ ਭਾਵਨਾ ਹੈ,ਜਿਹੜੀ ਦਿੱਲੀ ਦੇ ਕਿਸਾਨੀ ਅੰਦੋਲਨ ਵੱਲੋਂ ਆਏ 26 ਜਨਵਰੀ ਦੇ ਰੋਸ ਮਾਰਚ ਵਿੱਚੋਂ ਉਂਭਰ ਕੇ ਸਾਹਮਣੇ ਆਈ।ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਫੁੱਲ ਚੜਾਉਦਿਆਂ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਦਿੱਲੀ ਵੱਲ ਨੂੰ ਵੱਡੀ ਗਿਣਤੀ ਵਿੱਚ ਕੂਚ ਕੀਤਾ, ਓਥੇ ਅਪਣੇ ਮਨਾਂ ਚ ਇਹ ਧਾਰਨਾ ਵੀ ਬਣਾ ਲਈ ਕਿ ਇਸ ਰੋਸ ਮਾਰਚ ਦੌਰਾਨ ਦਿੱਲੀ ਦੇ ਲਾਲ ਕਿਲੇ ਤੇ ਕਿਸਾਨੀ ਝੰਡੇ ਅਤੇ  ਖਾਲਸਾਈ ਨਿਸਾਨ ਸਾਹਿਬ ਝੁਲਾ ਕੇ ਦਿੱਲੀ ਦੀ ਸਰਕਾਰ ਨੂੰ ਇਹ ਸਪੱਸਟ ਸੁਨੇਹਾ ਵੀ ਦੇਣਾ ਹੈ ਕਿ ਅਜਿਹੀਆਂ ਲੋਕ ਮਾਰੂ ਹਕੂਮਤਾਂ ਲੋਕ ਰੋਹ ਅੱਗੇ ਬਹੁਤਾ ਸਮਾ ਟਿਕ ਨਹੀ ਸਕਣਗੀਆਂ, ਇਸ ਲਈ ਚੰਗਾ ਹੋਵੇਗਾ ਜੇਕਰ ਸਮਾ ਰਹਿੰਦੇ ਭਾਰਤੀ ਹਕੂਮਤ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਸ ਅੰਦੋਲਨ ਨੂੰ ਖਤਮ ਕਰਵਾ ਦੇਵੇ,ਪ੍ਰੰਤੂ ਲਾਲ ਕਿਲੇ ਤੇ ਚੜਾਏ ਗਏ ਖਾਲਸਾਈ ਝੰਡੇ ਤੋ ਬਾਅਦ ਜਿਸਤਰਾਂ ਦੇਸ ਦਾ ਵਿਕਾਊ ਮੀਡੀਆ ਪੰਜਾਬ ਦੇ ਕਿਸਾਨਾਂ ਖਿਲਾਫ ਜਹਿਰ ਉਗਲਣ ਲੱਗਾ,ਉਸ ਤੋ ਇਹ ਅੰਦਾਜਾ ਲਾਉਣਾ ਕੋਈ ਜਿਆਦਾ ਮੁਸਕਲ ਨਹੀ ਕਿ ਇਹ ਸਾਰੀ ਗਿਣੀ ਮਿਥੀ ਸਾਜਿਸ ਤਹਿਤ ਹੋਇਆ। ਟਰੈਕਟਰ ਮਾਰਚ ਦੌਰਾਨ ਜੋ ਕੁੱਝ ਵਾਪਰਿਆ ਅਤੇ ਪੁਲਿਸ ਵਧੀਕੀਆਂ ਨੂੰ ਨਜਰ ਅੰਦਾਜ ਕਰਕੇ ਜਿਸਤਰਾਂ ਸਾਰਾ ਕੁੱਝ ਪੰਜਾਬ ਦੇ ਕਿਸਾਨਾਂ ਖਾਸ ਕਰਕੇ ਨੌਜੁਆਨਾਂ  ਸਿਰ ਮੜ੍ਹਿਆ ਗਿਆ ਅਤੇ ਵਧਾ ਚੜਾ ਕੇ ਪੇਸ ਕੀਤਾ ਗਿਆ ਉਹ ਬੇਹੱਦ ਮੰਦਭਾਗਾ ਵਰਤਾਰਾ ਸਮਝਿਆ ਜਾਵੇਗਾ॥ਇਸ ਤੋ ਵੀ ਵੱਧ ਦੁੱਖ ਦੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਪੰਜ ਸੌ ਤੋ ਵੱਧ ਜਥੇਬੰਦੀਆਂ ਦੇ ਤਕਰੀਬਨ 40 ਕੁ ਨੁਮਾਇੰਦਿਆਂ ਵਿੱਚੋ ਸਿਰਫ ਤੇ ਸਿਰਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਕੁੱਝ ਵੱਡੇ ਆਗੂਆਂ ਨੇ ਜਿਸਤਰਾਂ ਅਪਣੇ ਹੀ ਨੌਜੁਆਨਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਭੰਡਣਾ ਸੁਰੂ ਕਰ ਦਿੱਤਾ,ੳਹਨੇ ਕੇਂਦਰ ਸਰਕਾਰ ਅਤੇ ਵਿਕਾਊ ਰਾਸਟਰੀ ਮੀਡੀਏ ਦੇ ਕੁਫਰ ਨੂੰ ਹੋਰ ਤਕੜਾ ਕਰ ਦਿੱਤਾ। ਕਿਸਾਨੀ ਤਾਕਤ ਅੱਗੇ ਗੋਡਿਆਂ ਭਾਰ ਹੋਣ ਲਈ ਮਜਬੂਰ ਅਤੇ ਬੇਬੱਸ ਹੋਈ ਕੇਂਦਰ ਸਰਕਾਰ ਨੂੰ ਕਿਸਾਨ ਆਗੂਆਂ ਦੀ ਇਸ ਆਪਸੀ ਦੂਸਣਵਾਜੀ ਵਾਲੀ ਬਿਆਨਵਾਜੀ ਨਾਲ ਹੌਸਲਾ ਮਿਲ ਗਿਆ,ਹਿੰਮਤ ਮਿਲ ਗਈ। ਕੇਂਦਰ ਨੇ ਜਿੱਥੇ ਇਸ ਮਾਮਲੇ ਨੂੰ ਤੂਲ ਦੇ ਕੇ ਆਪਣੇ ਆਪ ਨੂੰ ਦੇਸ ਭਗਤ ਸਾਬਤ ਕਰਨ ਵਾਲੇ ਕਿਸਾਨ ਆਗੂਆਂ ਤੇ ਦੇਸ ਧਰੋਹੀ ਵਰਗੇ ਵੱਖ ਵੱਖ ਸੰਗੀਨ ਜੁਰਮਾਂ ਤਹਿਤ ਪਰਚੇ ਦਰਜ ਕਰ ਦਿੱਤੇ,ਓਥੇ ਕਈ ਸਿੱਖ ਨੌਜੁਆਨਾਂ ਖਿਲਾਫ ਵੀ ਪਰਚੇ ਦਰਜ ਕਰਕੇ ਗਿਰਫਤਾਰੀ ਵਰੰਟ ਜਾਰੀ ਕਰ ਦਿੱਤੇ ਹਨ।ਬਹੁਤ ਸਾਰੇ ਸੂਝਵਾਨ ਲੋਕਾਂ ਦਾ ਮੰਨਣਾ ਸੀ ਕਿ 26 ਜਨਵਰੀ ਦੀ ਲਾਲ ਕਿਲੇ ਵਾਲੀ ਘਟਨਾ ਨੇ ਕਿਸਾਨੀ ਅੰਦੋਲਨ ਨੂੰ ਢਾਹ ਲਾਈ ਹੈ, ਕਿਉਕਿ ਦੇਸ ਦਾ ਵੱਡੀ ਗਿਣਤੀ ਵਿੱਚ ਨੈਸਨਲ ਮੀਡੀਆ ਉਸ ਘਟਨਾ ਦੇ ਉਹਨਾਂ ਹਿੱਸਿਆਂ ਨੂੰ ਕੱਟ ਕੱਟ ਕੇ ਵਾਰ ਵਾਰ ਦਿਖਾ ਰਿਹਾ ਹੈ,ਜਿਹੜੇ ਕਿਸਾਨਾਂ ਨੂੰ ਹਿੰਸਕ ਸਿੱਧ ਕਰਦੇ ਹਨ,ਜਦੋ ਕਿ ਸਚਾਈ ਇਹ ਹੈ ਕਿ ਉਸ ਦਿਨ ਦੀ ਘਟਨਾ ਵਿੱਚ ਜਿੱਥੇ ਦਿੱਲੀ ਪੁਲਿਸ ਅਤੇ ਉਹਨਾਂ ਦੇ ਭੇਜੇ ਹੋਏ ਬਹੁਤ ਸਾਰੇ ਸਰਾਰਤੀ ਅਨਸਰ ਭੰਨ ਤੋੜ ਅਤੇ ਮਾਰ ਕੁੱਟ ਕਰਦੇ ਕਿਸਾਨਾਂ ਨੇ ਕਾਬੂ ਕੀਤੇ ਤੇ ਉਹ ਸਰਾਰਤੀ ਅਨਸਰ ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਕਰਦੇ ਪੱਤਰਕਾਰਾਂ ਦੇ ਕੈਮਰਿਆਂ ਵਿੱਚ ਵੀ ਕੈਦ ਹੋਏ ਹਨ,ਉਹਨਾਂ ਨੂੰ ਨੈਸਨਲ ਮੀਡੀਏ ਨੇ ਦਿਖਾਉਣਾ ਮੁਨਾਸਿਬ ਨਹੀ ਸਮਝਿਆ,ਜਿਸ ਦੀ ਵਜਾਹ ਨਾਲ ਅੰਦੋਲਨਕਾਰੀ ਬਦਨਾਮ ਹੋਏ ਹਨ।ਨੈਸਨਲ ਮੀਡੀਏ ਨੇ ਤਾਂ ਟਰੈਕਟਰ ਮਾਰਚ ਦੌਰਾਨ ਲਾਪਤਾ ਹੋਏ ਸੈਕੜੇ ਕਿਸਾਨ,ਪੁਲਿਸ ਦੀਆਂ ਲਾਠੀਆਂ ਗੋਲੀਆਂ ਨਾਲ ਜਖਮੀ ਹੋਏ ਦਰਜਨਾਂ ਕਿਸਾਨ ਅਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜੁਆਨ ਕਿਸਾਨ ਬਾਰੇ ਵੀ ਦੱਸਣਾ ਮੁਨਾਸਿਬ ਨਹੀ ਸਮਝਿਆ,ਪ੍ਰੰਤੂ ਤਿਰੰਗੇ ਦੇ ਅਪਮਾਨ ਦਾ ਦੋਸ ਪੰਜਾਬ ਦੇ ਕਿਸਾਨਾਂ ਸਿਰ ਮੜ੍ਹਨ ਲਈ ਨੈਸਨਲ ਮੀਡੀਏ ਨੇ ਸਾਰਾ ਤਾਣ ਲਾ ਦਿੱਤਾ।ਜੇਕਰ ਪੰਜਾਬ ਦੇ ਕਿਸਾਨ ਆਗੂ ਸਹੀ ਪਹੁੰਚ ਅਪਣਾਉਂਦੇ ਤਾਂ ਇਸ ਮੰਦਭਾਗੀ ਘਟਨਾ ਦੀ ਬਦਨਾਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਸੀ। ਜੇਕਰ ਆਗੂ ਲਾਲ ਕਿਲੇ ਤੇ ਜਾਣ ਵਾਲੇ ਵੱਡੀ ਗਿਣਤੀ ਨੌਜੁਆਨਾਂ ਤੋ ਅਪਣੇ ਆਪ ਨੂੰ ਅਲੱਗ ਕਰਦੇ ਹੋਏ,ਉਹਨਾਂ ਤੇ ਕਾਰਵਾਈ ਕਰਨ ਵਾਲੇ ਬਿਆਨ ਦੇ ਕੇ ਨੈਸਨਲ ਮੀਡੀਏ ਨੂੰ ਸੱਚਾ ਸਾਬਤ ਕਰਨ ਦੀ ਬਜਾਏ,ਇਹ ਕਹਿੰਦੇ ਕਿ ਭਾਂਵੇਂ ਸਾਡਾ ਲਾਲ ਕਿਲੇ ਵੱਲ ਜਾਣ ਦਾ ਕੋਈ ਪਰੋਗਰਾਮ ਨਹੀ ਸੀ,ਪਰ ਜੇਕਰ ਲੱਖਾਂ ਦੀ ਗਿਣਤੀ ਵਾਲੇ ਇਕੱਠ ਵਿੱਚੋ ਬਹੁਤ ਸਾਰੇ ਭਾਵਕ ਹੋਏ ਜੋਸੀਲੇ ਲੋਕ ਉੱਧਰ ਚਲੇ ਵੀ ਗਏ ਹਨ,ਤਾਂ ਇਹਦੇ ਲਈ ਸਰਕਾਰ ਹੀ ਜੁੰਮੇਵਾਰ ਹੈ,ਕਿਉਕਿ ਸਰਕਾਰ ਕਿਸਾਨਾਂ ਨੂੰ ਅਜਿਹੇ ਰੋਸ ਪ੍ਰਦਰਸਨ ਕਰਨ ਦੇ ਮੌਕੇ ਹੀ ਕਿਉਂ ਦਿੰਦੀ ਹੈ।ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਕਿਸਾਨ ਉਸੇ ਵਖਤ ਦਿੱਲੀ ਦੇ ਬਾਰਡਰ ਖਾਲੀ ਕਰਕੇ ਆਪਣੇ ਘਰਾਂ ਵੱਲ ਚਾਲੇ ਪਾ ਦੇਣਗੇ। ਨੈਸਨਲ ਮੀਡੀਏ ਵੱਲੋਂ ਖਾਲਸਾਈ ਨਿਸਾਨ ਸਾਹਿਬ ਨੂੰ ਲੈ ਕੇ ਕੀਤੇ ਜਾ ਰਹੇ ਕੂੜ ਪਰਚਾਰ ਦੇ ਜਵਾਬ ਵਿੱਚ ਦੱਸਣਾ ਬਣਦਾ ਸੀ ਕਿ ਇਹ ਉਹ ਹੀ ਨਿਸਾਨ ਸਾਹਿਬ ਹੈ, ਜਿਸ ਨੂੰ ਦੇਖ ਕੇ ਕਰੋਨਾ ਮਹਾਂਮਾਰੀ ਦੌਰਾਨ ਦੇਸ ਦੇ ਕਰੋੜਾ ਭੁੱਖੇ ਲੋਕਾਂ ਨੂੰ ਪੇਟ ਭਰ ਖਾਣੇ ਦੀ ਆਸ ਬੱਝਦੀ ਸੀ,ਇਹ ਉਹ ਹੀ ਨਿਸਾਨ ਸਹਿਬ ਹੈ ਜਿਹੜਾ ਚੀਨ ਵਰਗੇ ਸਕਤੀਸਾਲੀ ਦੁਸਮਣ ਮੁਲਕ ਦੀ ਸਰਹੱਦ ਤੇ ਤਿਰੰਗੇ ਦੇ ਨਾਲ ਝੂਲਦਾ ਹੈ।ਇਹ ਨਿਸਾਨ ਸਾਹਿਬ ਹਰ ਸਾਲ ਦਿੱਲੀ ਫਤਿਹ ਦਿਵਸ ਮੌਕੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਤੇ ਲਹਿਰਾਇਆ ਜਾਂਦਾ ਹੈ ਅਤੇ ਸਰਕਾਰ ਦੀਆਂ ਝਾਕੀਆਂ ਵਿੱਚ ਵੀ ਨਿਸਾਨ ਸਾਹਬ ਝੁਲਦਾ ਦਿਖਾਈ ਦਿੰਦਾ ਹੈ,ਫਿਰ ਕਿਸਾਨਾਂ ਵੱਲੋਂ ਅਜਿਹਾ ਕਰਨ ਤੇ ਐਨਾ ਹੋ ਹੱਲਾ ਕਿਉਂ ਕੀਤਾ ਜਾ ਰਿਹਾ ਹੈ। ਇਹ ਵੀ ਪੁੱਛਣਾ ਬਣਦਾ ਸੀ ਕਿ ਜਿਸ ਇਤਿਹਾਸਿਕ ਵਿਰਾਸਤ (ਲਾਲ ਕਿਲਾ) ਨੂੰ ਦੇਸ ਦੀ ਸਰਕਾਰ ਪੰਜ ਸਾਲਾਂ ਲਈ ਡਾਲਮੀਆਂ ਗਰੁੱਪ ਨੂੰ ਵੇਚ ਕੇ ਡਾਲਮੀਆਂ ਦੀ ਨਿੱਜੀ ਜਾਇਦਾਦ ਬਣਾ ਚੁੱਕੀ ਹੋਵੇ,ਫਿਰ ਹੁਣ ਉਸ ਨਿੱਜੀ ਇਮਾਰਤ  ਤੇ ਝੂਲਦੇ ਤਿਰੰਗੇ ਬਾਰੇ ਕੂੜ ਪਰਚਾਰ ਕਰਨ ਦਾ ਕੇਂਦਰ ਅਤੇ ਮੀਡੀਆਂ ਨੂੰ ਕੀ ਅਧਿਕਾਰ ਹੈ? ਦੇਸ ਦੀ ਇਤਿਹਾਸਿਕ ਵਿਰਾਸਤ ਨੂੰ ਪੰਜ ਸਾਲਾਂ ਲਈ ਪੱਚੀ ਕਰੋੜ ਰੁਪਏ ਵਿੱਚ ਡਾਲਮੀਆਂ ਪਰਿਵਾਰ ਨੂੰ ਦੇਣ ਸਮੇ ਇਹ ਖਿਆਲ ਕਿਉਂ ਨਹੀ ਆਇਆ ਕਿ ਇਹ ਦੇਸ ਦੇ ਗੌਰਵ ਅਤੇ ਤਿਰੰਗੇ ਦਾ ਅਪਮਾਨ ਹੈ? ਜਿੱਥੇ ਸਰਕਾਰ ਖੇਤੀ ਕਨੂੰਨ ਪਾਸ ਕਰਨ ਕਰਕੇ ਕਿਸਾਨਾਂ ਮਜਦੂਰਾਂ ਦੀ ਦੋਸੀ ਹੈ,ਓਥੇ ਲਾਲ ਕਿਲੇ ਵਰਗੀ ਇਤਿਹਾਸਿਕ ਵਿਰਾਸਤ ਨੂੰ ਵੇਚ ਕੇ ਤਿਰੰਗੇ ਦੇ ਅਪਮਾਨ ਦੇ ਨਾਲ ਨਾਲ ਸਮੁੱਚੇ ਦੇਸ ਦੇ ਸਵਾ ਕਰੋੜ ਲੋਕਾਂ ਦੀਆਂ ਭਾਵਨਵਾਂ ਨੂੰ ਸੱਟ ਮਾਰਨ ਦੀ ਵੀ ਦੋਸੀ ਬਣ ਗਈ ਹੈ। ਪਰ ਕਿਸਾਨ ਆਗੂਆਂ ਨੇ ਸਰਕਾਰ ਤੇ ਉਲਟ ਵਾਰ ਕਰਨ ਦੀ ਬਜਾਏ ਅਪਣੇ ਨੌਜੁਆਨਾਂ ਨੂੰ ਹੀ ਦੋਸੀ ਸਿੱਧ ਕਰਨ ਵਿੱਚ ਸਾਰੀ ਤਾਕਤ ਝੋਕ ਦਿੱਤੀ,ਜਿਸ ਨੇ ਅੰਦੋਲਨ ਨੂੰ ਹੋਰ ਵੀ ਢਾਹ ਲਾਈ। ਇਹ ਵੀ ਸੱਚ ਹੈ ਕਿ 26 ਜਨਵਰੀ ਵਾਲੀ ਘਟਨਾ ਤੋ ਬਾਅਦ ਨਿਰਾਸਤਾ ਦੇ ਆਲਮ ਚ ਜਾ ਰਹੇ ਅੰਦੋਲਨ ਨੂੰ ਉੱਤਰ ਪ੍ਰਦੇਸ ਦੇ ਕਿਸਾਨ ਆਗੂ ਰਕੇਸ ਟਿਕੈਤ ਦੀ ਦ੍ਰਿੜਤਾ ਦਲੇਰੀ ਅਤੇ ਭਾਵਕ ਅਪੀਲ ਨੇ ਸੰਜੀਵਨੀ ਦਾ ਕੰਮ ਕੀਤਾ ਹੈ, ਜਿਸ ਕਰਕੇ ਉੱਤਰ ਪ੍ਰਦੇਸ ਤੋ ਇਲਾਵਾ ਪੰਜਾਬ,ਹਰਿਆਣੇ ਦੇ ਕਿਸਾਨਾਂ ਦਾ ਝੁਕਾਅ ਵੀ ਗਾਜੀਪੁਰ ਹੱਦ ਵੱਲ ਵਧੇਰੇ ਹੋ ਗਿਆ ਹੈ।ਜੇਕਰ ਇਸ ਤੋ ਅਗਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 28 ਅਤੇ 29 ਜਨਵਰੀ ਨੂੰ ਜਿਸਤਰਾਂ ਭਾਜਪਾ ਦੇ ਗੁੰਡਾ ਅਨਸਰਾਂ ਨੇ ਹੱਥਾਂ ਚ ਤਿਰੰਗੇ ਫੜ ਕੇ ਸਿੰਘੂ ਬਾਰਡਰ ਤੇ ਗੁੰਡਾ ਗਰਦੀ ਕੀਤੀ, ਕਿਸਾਨਾਂ ਤੇ ਹਮਲੇ ਕੀਤੇ, ਪੈਟਰੌਲ ਬੰਬਾਂ ਤੱਕ ਦਾ ਇਸਤੇਮਾਲ ਕੀਤਾ,ਤਿਰੰਗੇ ਵਾਲੇ ਡੰਡਿਆਂ ਨਾਲ ਕਿਸਾਨਾਂ ਤੇ ਹਮਲਾ ਕੀਤਾ, ਪੁਲਿਸ ਵੱਲੋਂ ਉਹਨਾਂ ਦਹਿਸਤਗਰਦਾਂ ਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਗਿਆ,ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ,ਉਸ ਦਹਿਸਤੀ ਵਰਤਾਰੇ ਤੋ ਇਹ ਜਾਪਦਾ ਹੈ ਕਿ ਦੇਸ ਵਿੱਚ ਨਾ ਹੀ ਕੋਈ ਲੋਕਤੰਤਰ ਨਾਮ ਦੀ ਚੀਜ ਹੈ ਅਤੇ ਨਾ ਹੀ ਤਿਰੰਗੇ ਦੇ ਅਪਮਾਨ ਦਾ ਸੋਰ ਸਰਾਬਾ ਕਰਨ ਵਾਲਿਆਂ ਦੇ ਮਨਾਂ ਵਿੱਚ ਤਿਰੰਗੇ ਪ੍ਰਤੀ ਭਾਵਨਾਤਮਿਕ ਪਿਆਰ ਹੈ, ਉਹਨਾਂ ਦੇ ਮਨਾਂ ਵਿੱਚ ਤਿਰੰਗਾ ਨਹੀ ਭਗਵਾਂਸਾਹੀ ਦਾ ਪ੍ਰਭਾਵ ਉਬਾਲੇ ਮਾਰ ਰਿਹਾ ਹੈ, ਜਿਸ ਚੋਂ ਉੱਪਜੀ ਨਫਰਤ ਦਾ ਸੇਕ ਦੇਸ ਦੀ ਬੰਨ ਸੁਵੰਨਤਾ ਨੂੰ ਝੁਲਸਣ ਲਈ ਜਹਿਰੀਲੀਆਂ ਗੈਸਾਂ ਤੋ ਵੀ ਮਾਰੂ ਅਸਰ ਅੰਦਾਜ ਹੋ ਰਿਹਾ ਹੈ। ਸਿਆਣੀ ਲੀਡਰਸੱਿਪ ਉਹ ਹੀ ਮੰਨੀ ਜਾਂਦੀ ਹੈ,ਜਿਹੜੀ ਲੋਕ ਭਾਵਨਾਵਾਂ ਨੂੰ ਸਮਝਦੀ ਹੈ ਤੇ ਉਹਨਾਂ ਦੀ ਕਦਰ ਕਦੀ ਹੈ,ਜਿਹੜੀ ਗਲਤੀਆਂ ਤੋ ਸਬਕ ਲੈ ਕੇ ਅਗਲੀ ਰਣਨੀਤੀ ਤਹਿ ਕਰਦੀ ਹੈ। ਇਸ ਲਈ ਅੰਦਲਨ ਦੀ ਸਫਲਤਾ ਲਈ ਇਹ ਜਰੂਰੀ ਹੋਵਗਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਮਾਨਦਾਰੀ ਨਾਲ ਸਿਰ ਜੋੜ ਕੇ ਬੈਠਣ ਤੇ ਆਤਮ ਚਿੰਤਨ ਕਰਨ,ਇਸ ਤੋਂ ਇਲਾਵਾ ਵੱਖ ਵੱਖ ਵਿਚਾਰਧਾਰਾ ਵਾਲੀਆਂ ਉਹਨਾਂ ਧਿਰਾਂ ਨੂੰ ਵੀ ਸਾਰਾ ਧਿਆਨ ਅੰਦੋਲਨ ਦੀ ਸਫਲਤਾ ਤੇ ਕੇਂਦਰਿਤ ਕਰਨਾ ਚਾਹੀਦਾ ਹੈ,ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਤੋ ਬਾਹਰ ਰਹਿਕੇ ਕਿਸਾਨੀ ਮੁੱਦਿਆਂ ਤੇ ਦਿੱਲੀ ਦੇ ਅੰਦੋਲਨ ਵਿੱਚ ਡਟੀਆਂ ਹੋਈਆਂ ਹਨ,ਤਾਂ ਕਿ ਮੁੜ ਪ੍ਰਭਾਵਸਾਲੀ ਅੰਦੋਲਨ ਦੀ ਤਾਕਤ ਨਾਲ ਸਰਕਾਰ ਤੋ ਕਨੂੰਨ ਰੱਦ ਕਰਵਾਏ ਜਾ ਸਕਣ ਅਤੇ ਕਿਸਾਨੀ ਹੋਂਦ ਦੀ ਲੜਾਈ ਨੂੰ ਜਿੱਤਿਆ ਜਾ ਸਕੇ।  

ਬਘੇਲ ਸਿੰਘ ਧਾਲੀਵਾਲ
99142-58142 

ਕਿਸਾਨੀ ਘੋਲ: ਫੈਸਲਾਕੁਨ ਸੰਘਰਸ਼ ਦੇ ਰਾਹ ਪਏ ਪੰਜਾਬ ਦੇ ਕਿਰਤੀ ਕਿਸਾਨ - ਬਘੇਲ ਸਿੰਘ ਧਾਲੀਵਾਲ

ਕੇਂਦਰ ਸਰਕਾਰ ਦੀਆਂ ਨੀਤੀਆਂ ਹਮੇਸਾਂ ਕਿਸਾਨ ਵਿਰੋਧੀ ਰਹੀਆਂ ਹਨ।ਦੇਸ਼ ਦੀ ਅਜਾਦੀ ਤੋ ਬਾਅਦ ਕਦੇ ਵੀ ਕਿਸਾਨ ਖੁਸ਼ਹਾਲ ਨਹੀ ਦੇਖਿਆ ਗਿਆ। ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਕਿਸਾਨ ਦੀ ਅਪਣੀ ਹਾਲਤ ਐਨੀ ਤਰਸਯੋਗ ਬਣਾ ਦਿੱਤੀ ਗਈ ਹੈ ਕਿ ਅੰਨਦਾਤਾ ਅਖਵਾਉਣ ਵਾਲਾ ਖੁਦ ਫਾਕੇ ਕੱਟਣ ਲਈ ਮਜਬੂਰ ਹੈ।ਪੰਜਾਬ ਨਾਲ ਹਮੇਸਾਂ ਨੇ ਹੀ ਦਿੱਲੀ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੰਜਾਬ ਦੇ ਬਿਜਲੀ ਪਾਣੀ ਕੇਂਦਰ ਨੇ ਧੋਖੇ ਨਾਲ ਖੋਹ ਲਏ ਤੇ ਪੰਜਾਬ ਦੇ ਗਲ ਪਾ ਦਿੱਤੇ ਮਹਿੰਗੇ ਭਾਅ ਦੇ ਥਰਮਲ ਅਤੇ ਟਿਉਬਵੈਲ,ਜਿੰਨਾਂ ਨੇ ਪੰਜਾਬ ਦੀ ਉਪਜਾਊ ਸ਼ਰਜਮੀਨ ਬੰਜਰ ਬਣਾ ਦਿੱਤੀ ਤੇ ਉੱਪਰੋ ਗਲ ਪਾਈ ਬੇਲੋੜੀ ਮਸ਼ਿਨਰੀ ਦੀ ਚਕਾਚੌਂਧ ਨੇ ਕਿਸਾਨੀ ਦਾ ਰੋਮ ਰੋਮ ਕਰਜਈ ਕਰ ਦਿੱਤਾ ਹੈ,ਲਿਹਾਜਾ ਖੁਦਕੁਸ਼ੀਆਂ ਦੀ ਮੌਤ ਕਿਸਾਨ ਦੀ ਹੋਣੀ ਸਮਝੀ ਜਾਣ ਲੱਗੀ ਹੈ। ਇਹ ਵੀ ਕੌੜਾ ਸੱਚ ਹੈ ਕਿ ਕੇਂਦਰੀ ਹਕੂਮਤਾਂ ਨੇ ਕਦੇ ਵੀ ਕਿਸਾਨੀ ਦੀ ਜੂਨ ਸੁਧਾਰਨ ਲਈ ਕੋਈ ਨੀਤੀ ਨਹੀ ਬਣਾਈ,ਬਲਕਿ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਲਾਗੂ ਕਰਨ ਤੋ ਕਾਂਗਰਸ ਦੀ ਯੂ ਪੀ ਏ ਸਰਕਾਰ ਨੇ ਵੀ ਪਾਸਾ ਵੱਟੀ ਰੱਖਿਆ,ਜਦੋ ਕਿ ਯੂ ਪੀ ਏ ਸਰਕਾਰ ਵੱਲੋਂ ਇਸ ਕਮਿਸ਼ਨ ਦੀਆਂ ਰਿਪੋਰਟਾਂ ਦੀ ਸਮੀਖਿਆ ਕਰਨ ਲਈ 10 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬਣਾਈ ਕਮੇਟੀ ਨੇ ਵੀ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰਨ ਦੀ ਸਿਫਾਰਸ ਕਰ ਦਿੱਤੀ ਸੀ ਅਤੇ ਨਿਰੇਂਦਰ ਮੋਦੀ ਨੇ 2014  ਦੀਆਂ ਲੋਕ ਸਭਾ ਚੋਣਾਂ ਤੋ ਪਹਿਲਾਂ ਕਿਸਾਨਾਂ  ਨਾਲ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ,ਪਰ ਸਰਕਾਰ ਬਣਦਿਆਂ ਹੀ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋ ਅਸਮਰੱਥਾ ਪਰਗਟ ਕਰ ਦਿੱਤੀ,ਬਲਕਿ ਇਸ ਤੋ ਵੀ ਅੱਗੇ ਜਾਂਦਿਆਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਬਣੀ ਇਸ ਮੋਦੀ ਸਰਕਾਰ ਨੇ 5 ਜੁਨ 2020 ਨੂੰ ਲਿਆਂਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲੋਕ ਸਭਾ ਅਤੇ ਰਾਜ ਸਭਾ  ਵਿੱਚੋਂ ਪਾਸ ਕਰਵਾ ਲਿਆ ਹੈ। ਤਿੰਨੇ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ-2020ਖਿਲਾਫ ਪੰਜਾਬ ਦੀ ਧਰਤੀ ਤਿੰਨ ਮਹੀਨੇ ਤੋਂ ਕਿਸਾਨੀ ਘੋਲਾਂ ਦਾ ਅਖਾੜਾ ਬਣੀ ਹੋਈ ਹੈ। ਪੰਜਾਬ ਦੇ ਕਿਸਾਨੀ ਸੰਘਰਸ਼ਾਂ  ਨੇ ਪੰਜਾਬ ਤੋਂ ਬਾਹਰ ਹਰਿਆਣਾ, ਯੂ.ਪੀ ਅਤੇ ਦਿੱਲੀ ਤੱਕ ਜਾ ਦਸਤਕ ਦਿੱਤੀ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਅਪਣੇ ਹੱਥ ਪਿੱਛੇ ਨਹੀ ਖਿੱਚੇ।ਇੱਥੇ ਇੱਕ ਗੱਲ ਹੋਰ ਵੀ ਗੌਰ ਕਰਨ ਵਾਲੀ ਹੈ ਕਿ ਇਨਾਂ ਆਰਡੀਨੈਂਸਾਂ(ਬਿਲਾਂ) ਦਾ ਮਾਰੂ ਅਸਰ ਭਾਂਵੇੱ ਸਿੱਧੇ ਤੌਰ  ਤੇ ਕਿਸਾਨਾਂ ਨੂੰ ਸਭ ਤੋ ਵੱਧ ਪ੍ਰਭਾਵਤ ਕਰਦਾ ਹੈ,ਪ੍ਰੰਤੂ ਇਹ ਕਿਸਾਨੀ ਤੱਕ ਸੀਮਤ ਰਹਿਣ ਵਾਲਾ ਨਹੀਂ ਸਗੋਂ ਇਸ ਦਾ ਅਸਰ ਆੜਤੀਆਂ, ਰੇਤ, ਤੇਲ,ਬੀਜ ਡੀਲਰਾਂ, ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਕਿਰਤੀ ਪ੍ਰੀਵਾਰਾਂ ਉੱਪਰ ਵੀ ਪਵੇਗਾ। ਸਰਮਾਏਦਾਰੀ ਨਿਜਾਮ ਲੁੱਟ ਘਸੁੱਟ,ਫਰੇਬ,ਧੋਖੇਵਾਜੀ ਅਤੇ ਭਰਿਸ਼ਟਾਚਾਰੀ ਦੀ ਬੁਨਿਆਦ ਤੇ ਉਸਰਿਆ ਅਜਿਹਾ ਢਾਂਚਾ ਹੈ,ਜਿਸ ਨੇ ਕਿਰਤ ਦਾ ਅਸਲੋਂ ਹੀ ਲੱਕ ਤੋੜ ਦਿੱਤਾ ਹੈ।ਇਸ ਨਿਜਾਮ ਦੀ ਕਿਰਤ ਕਰਨ ਵਾਲੇ ਸਮਾਜ ਨਾਲ ਕੋਈ ਹਮਦਰਦੀ ਨਹੀ,ਬਲਕਿ ਸਰਮਾਏਦਾਰ ਹਮੇਸਾਂ ਕਿਰਤੀ ਲੋਕਾਂ ਨੂੰ ਅਪਣੇ ਲੁਟੇਰੇ ਸਾਮਰਾਜ ਦੀ ਵਿਸ਼ਾਲਤਾ ਦੇ ਸਾਧਨਾਂ ਤੋ ਵੱਧ ਕੁੱਝ ਨਹੀ ਸਮਝਦਾ। ਕਿਰਤੀ ਦੀ ਜੂਨ ਹਮੇਸਾਂ ਮੰਦਹਾਲੀ ਵਾਲੀ ਰਹੀ ਹੈ।ਜਿਸਤਰਾਂ ਕਿਸਾਨੀ ਤੇ ਕਿਰਤ ਨੂੰ ਅਲੱਗ  ਕਰਕੇ ਨਹੀ ਦੇਖਿਆ ਜਾ ਸਕਦਾ,ਠੀਕ ਉਸੇਤਰਾਂ ਹੀ ਕਿਰਤੀ ਅਤੇ ਕਿਸਾਨ ਦਾ ਵੀ ਆਪਸ ਵਿੱਚ ਗੂਹੜਾ ਰਿਸ਼ਤਾ ਹੈ।ਕਿਸਾਨੀ ਤੇ ਕਿਰਤ ਨੂੰ ਅਲੱਗ ਅਲੱਗ ਕਰਨ ਲਈ ਸ਼ਰਮਾਏਦਾਰੀ ਨਿਜਾਮ ਪੂਰੀ ਤਰਾਂ ਜੁੰਮੇਵਾਰ ਹੈ,ਜਿਸਨੇ ਅਪਣੀ ਲੁੱਟ ਦੀ ਪੈਦਾਵਾਰ ਵਧਾਉਣ ਲਈ ਅਜਿਹੀ ਮਸ਼ਿਨਰੀ ਈਜਾਦ ਕਰ ਦਿੱਤੀ ਹੈ,ਜਿਹੜੀ ਕਿਸਾਨ ਅਤੇ ਮਜਦੂਰ ਨੂੰ ਅਸਲੋਂ ਹੀ ਬਿਹਲਾ ਕਰ ਗਈ। ਭਾਂਵੇਂ ਸਰਮਾਏਦਾਰ ਪੱਖੀ ਮਸ਼ਿਨਰੀ ਜੁੱਗ ਨੇ ਜੱਟ ਤੇ ਸ਼ੀਰੀ ਦੇ ਪਵਿੱਤਰ ਰਿਸ਼ਤੇ ਚ ਦੂਰੀਆਂ ਵਧਾ ਦਿੱਤੀਆਂ ਹਨ,ਫਿਰ ਵੀ ਅੱਜ ਦੇ ਅਤਿ ਅਧੁਨਿਕ ਮਸੀਨੀ ਜੁੱਗ ਵਿੱਚ ਮਜਦੂਰ ਅਤੇ ਕਿਸਾਨ ਇੱਕ ਦੂਜੇ ਦੇ ਪੂਰਕ ਬਣੇ ਹੋਏ ਹਨ। ਕਿਸਾਨ ਦੀ ਆਰਥਿਕਤਾ ਤਬਾਹ ਕਰਨ ਵਾਲੇ ਬਿਲਾਂ ਦਾ ਅਸਰ ਕਿਸਾਨ,ਮਜਦੂਰ,ਵਿਉਪਾਰੀ,ਆੜਤੀਏ,ਦੁਕਾਨਦਾਰਾਂ ਭਾਵ ਹਰ ਵਰਗ ਨੂੰ ਪ੍ਰਭਾਵਤ ਕਰੇਗਾ।ਪੰਜਾਬ ਵਿੱਚ 154 ਸ਼ਹਿਰੀ ਮੰਡੀਆਂ ਅਤੇ 4000 ਖ੍ਰੀਦ ਕੇਂਦਰ ਹਨ,ਜਿੱਥੇ ਤਕਰੀਬਨ  32000 ਆੜਤੀਏ ਕੰਮ ਕਰਦੇ ਹਨ। ਜਿੰਨਾਂ ਨੂੰ ਕਮਿਸ਼ਨ ਦੇ ਰੂਪ ਵਿੱਚ ਮਿਲਦੇ 2.5 % ਕਮਿਸ਼ਨ ਮੁਤਾਬਕ ਹਰ ਸਾਲ ਤਕਰੀਬਨ 1500 ਕਰੋੜ ਰੁ. ਦੀ ਆਮਦਨ ਹੁੰਦੀ ਹੈ,ਅਤੇ ਹਰ ਆੜਤੀਏ ਕੋਲ ਅੱਠ ਤੋ ਦਸ ਜਾਂ ਇਸ ਤੋ ਵੱਧ ਗਿਣਤੀ ਵਿੱਚ ਮਜਦੂਰ ਵੀ ਹੁੰਦੇ ਹਨ,ਜਿੰਨਾਂ ਦੀ ਗਿਣਤੀ ਲੱਖਾਂ ਚ ਬਣਦੀ ਹੈ,ਉਹਨਾਂ ਦੇ ਚੁੱਲ੍ਹਿਆਂ ਵਿੱਚ ਵੀ ਅੱਗ ਬਲਣ ਦੇ ਆਸਾਰ ਮਧਮ ਪੈ ਗਏ ਹਨ। ਇਹ ਸਪੱਸਟ ਹੈ ਕਿ ਇਨਾਂ ਆਰਡੀਨੈਂਸਾਂ(ਬਿਲਾਂ) ਦੇ ਦੋਨਾਂ ਸਦਨਾਂ ਵਿੱਚ ਪਾਸ ਹੋਣ ਨਾਲ ਹੁਣ ਸਮੁੱਚਾ ਖੇਤੀ ਢਾਂਚਾ ਹੀ ਬਦਲ ਦਿੱਤਾ ਜਾਵੇਗਾ। ਖ੍ਰੀਦ ਪ੍ਰਣਾਲੀ ਬਦਲ ਕੇ ਮੁਨਾਫਾਖੋਰ ਵਪਾਰੀਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਬਾਬਾ ਬੰਦਾ ਸਿੰਘ ਬਹਾਦਰ ਦੇ ਕਿਸਾਨਾਂ ਨੂੰ ਦਿੱਤੇ ਮਾਲਕੀ ਦੇ ਹੱਕ ਖੋਹਣ ਦੀਆਂ ਸਰਮਾਏਦਾਰ ਜਮਾਤ ਦੀਆਂ ਬਹੁਤ ਗਹਿਰੀਆਂ ਸਾਜਿਸ਼ਾਂ ਹਨ,ਜਿੰਨਾਂ ਨੂੰ ਸਮਝ ਕੇ ਅਪਣੀ ਹੋਂਦ ਬਚਾਉਣ ਦੀ ਲੜਾਈ ਸਮੇ ਦੀ ਮੁੱਖ ਲੋੜ ਬਣ ਗਈ ਹੈ। ਕਹਿਣ ਤੋ ਭਾਵ ਹੈ ਕਿ ਹੁਣ ਹਰ ਵਰਗ ਨੂੰ ਕਿਸਾਨੀ ਘੋਲ ਚ ਅਪਣਾ ਯੋਗਦਾਨ ਪਾਉਣਾ ਪਹਿਲਾ ਫਰਜ ਸਮਝਣਾ ਚਾਹੀਦਾ ਹੈ,ਤਾਂ ਕਿ ਜਿੱਥੇ ਲੋਕਾਂ ਦੀ ਇੱਕਜੁੱਟਤਾ ਨਾਲ ਸਰਮਾਏਦਾਰੀ ਦੀ ਰਖੇਲ ਬਣੀ ਕੇਂਦਰ ਸਰਕਾਰ ਨੂੰ ਲੋਕ ਮਾਰੂ ਨੀਤੀਆਂ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ,ਓਥੇ ਸੂਬੇ ਅੰਦਰ ਦੋਹਰੇ ਮਾਪਦੰਡ ਅਪਨਾਉਣ ਵਾਲੀਆਂ ਸਿਆਸੀ ਧਿਰਾਂ ਦੀ ਸ਼ਨਾਖਤ ਕਰਕੇ ਉਹਨਾਂ ਨਾਲੋ ਮੁਕੰਮਲ ਨਿਖੇੜਾ ਕਰਨ ਵੱਲ ਵੀ ਤੁਰਿਆ ਜਾ ਸਕਦਾ ਹੈ ਅਤੇ ਕਿਰਤੀ ਕਿਸਾਨਾਂ ਦੀ ਇਹ ਪਵਿੱਤਰ ਸਾਂਝ ਦਾ ਏਕਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਦੀ ਕਿਸਮਤ ਬਦਲਣ ਵਿੱਚ ਮੁੱਖ ਤੌਰ ਤੇ ਸਹਾਈ ਹੋ ਸਕਦੀ ਹੈ। ਕਿਰਤੀ ਲੋਕਾਂ ਦੀ ਇੱਕਜੁੱਟਤਾ ਵਾਲਾ ਇਹ ਵੀ ਪੰਜਾਬ ਦੇ ਫਿਕਰਮੰਦਾਂ ਲਈ ਕੁੱਝ ਕੁ ਰਾਹਤ ਦੇਣ ਵਾਲਾ ਸੁਨੇਹਾ ਹੈ ਕਿਉਂਕਿ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਮਜਦੂਰ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦੇ ਖਿਲਾਫ ਰੋਸ ਦਰਜ ਕਰਵਾਉਣ ਲਈ 25 ਸਤੰਬਰ ਨੂੰ ਪੰਜਾਬ ਅੰਦਰ( ਸੜਕੀ ਅਤੇ ਰੇਲ ਆਵਾਜਾਈ ਸਮੇਤ ਸਾਰੇ ਕਾਰੋਬਾਰ ) ਮੁਕੰਮਲ ਬੰਦ ਦਾ ਐਲਾਨ ਕੀਤਾ ਹੋਇਆ ਹੈ,ਜਿਸ ਵਿੱਚ ਇਕੱਠੀਆਂ ਹੋਈਆਂ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਦਾਅਵਾ ਹੈ ਕਿ ਪੰਜਾਬ ਜਿੱਤੇਗਾ ਤੇ ਕੇਂਦਰ ਦੀ ਲੋਕ ਵਿਰੋਧੀ ਸਰਕਾਰ ਦੀ ਹਾਰ ਹੋਵੇਗੀ। ਸੋ ਹਾਲਾਤਾਂ ਦੇ ਮੱਦੇਨਜਰ ਜਾਪਦਾ ਹੈ ਕਿ ਅਪਣੀ ਹੋਣੀ ਦਾ ਫੈਸਲਾ ਕਰਨ ਲਈ ਪੰਜਾਬ ਦੇ ਕਿਰਤੀ ਕਿਸਾਨ ਨੇ ਫੈਸਲਾਕੁਨ ਸੰਘਰਸ਼ ਦੇ ਰਾਹ ਪੈਣ ਦਾ ਮਨ ਬਣਾ ਲਿਆ ਹੈ,ਜਿਸ ਦੇ ਚੰਗੇ ਨਤੀਜਿਆਂ ਦੀ ਕਾਮਨਾ ਕਰਨੀ ਬਣਦੀ ਹੈ।

ਬਘੇਲ ਸਿੰਘ ਧਾਲੀਵਾਲ
 99142-58142

ਜੰਮੂ ਕਸ਼ਮੀਰ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਨਾ,ਇੱਕ ਹੋਰ ਬਟਵਾਰੇ ਵਰਗਾ ਵਰਤਾਰਾ - ਬਘੇਲ ਸਿੰਘ ਧਾਲੀਵਾਲ

ਦੇਸ਼ ਦੀ ਅਜਾਦੀ ਦੇ ਸਮੇ ਪੰਜਾਬ ਦਾ ਸੀਨਾ ਚੀਰ ਕੇ ਜੋ ਬਟਵਾਰਾ ਕੀਤਾ ਗਿਆ,ਉਹਦਾ ਦਰਦ ਚੜਦੇ ਅਤੇ ਲਹਿੰਦੇ ਪੰਜਾਬ ਦੇ ਬਸਿੰਦਿਆਂ ਨੂੰ ਅੱਜ ਵੀ ਬੇਚੈਨ ਕਰਦਾ ਹੈ।ਉਸ ਸਮੇ ਦੀ ਵੰਡ ਨੇ ਜਿੱਥੇ ਪੰਜਾਬੀ ਸੱਭਿਆਚਾਰ ਲਹੂ ਲੁਹਾਣ ਕੀਤਾ,10 ਲੱਖ ਪੰਜਾਬੀਆ ਦਾ ਘਾਣ ਹੋਇਆ,ਓਥੇ ਪੰਜਾਬੀ ਬੋਲੀ ਤੇ ਵੀ ਅਜਿਹਾ ਫਿਰਕੂ ਵਾਰ ਹੋਇਆ ਕਿ ਅੱਜ ਵੀ ਲਹਿੰਦੇ ਪੰਜਾਬ ਦੇ ਪੰਜਾਬੀ ਅਪਣੀ ਮਾਂ ਬੋਲੀ ਨਾਲ ਹੋਏ ਧੱਕੇ ਦੀ ਦਾਸਤਾਨ ਸੁਣਾਉਂਦੇ ਧਾਹਾਂ ਮਾਰ ਕੇ ਰੋਣ ਲੱਗ ਜਾਂਦੇ ਹਨ ਅਤੇ ਪੰਜਾਬੀ ਬੋਲੀ ਦੀ ਹੋਂਦ ਦੀ ਲੜਾਈ ਲੜ ਰਹੇ ਹਨ।ਅਜਿਹਾ ਹੀ ਇੱਕ ਹੋਰ ਵਰਤਾਰਾ ਜੰਮੂ ਕਸ਼ਮੀਰ ਚ ਵਾਪਰਿਆ ਹੈ ਜਿੱਥੇ ਕੇਂਦਰ ਸਰਕਾਰ ਨੇ ਪੰਜਾਬੀ ਨੂੰ ਜਲਾਵਤਨ ਕਰਨ ਦਾ ਮੰਦਭਾਗਾ ਫੈਸਲਾ ਕੀਤਾ ਹੈ। 2014 ਤੋ ਬਾਅਦ ਦਾ ਦੌਰ ਭਾਰਤੀ ਜਨਤਾ ਪਾਰਟੀ ਲਈ ਸੁਨਿਹਰੀ ਦੌਰ ਕਿਹਾ ਜਾ ਸਕਦਾ ਹੈ , ਜਦੋ 16ਵੀਂਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਭਾਰੀ ਬਹੁਮੱਤ ਹਾਸਲ ਕਰਕੇ ਕੇਂਦਰ ਵਿੱਚ ਸਰਕਾਰ ਬਨਾਉਣ ਵਿੱਚ ਕਾਮਯਾਬ ਹੋ ਗਈ। ਬਿਨਾ ਸ਼ੱਕ ਹਿੰਦੂ ਰਾਸ਼ਟਰ ਵਾਲਾ ਪੈਂਤੜਾ ਭਾਰਤੀ ਜਨਤਾ ਪਾਰਟੀ ਦੇ ਬੇਹੱਦ ਰਾਸ ਆਇਆ ਹੈ। 2014 ਅਤੇ 2019 ਵਿੱਚ ਮਿਲਿਆ ਰਿਕਾਰਡਤੋੜ ਬਹੁਮੱਤ ਪਾਰਟੀ ਦੇ ਹਿੰਦੂ ਰਾਸ਼ਟਰ ਵਾਲੇ ਏਜੰਡੇ ਦੀ ਕਰਾਮਾਤ ਹੀ ਹੈ,ਜਿਸ ਨੂੰ ਪਾਰਟੀ ਬਹੁਤ ਚੰਗੀ ਤਰਾਂ ਸਮਝਦੀ ਵੀ ਹੈ,ਇਹੋ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਅਪਣੇ ਕੌਂਮੀ ਨਿਸ਼ਾਨੇ ਦੀ ਪੂਰਤੀ ਵੱਲ ਬੇਝਿਜਕ ਵਧਦੀ ਜਾ ਰਹੀ ਹੈ। ਬੇਸ਼ੱਕ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰੇਵਾਜੀ ਦੇਸ਼ ਦੀ ਅਜਾਦੀ ਦੇ ਸਮੇ ਤੋ ਹੀ ਚੱਲਦੀ ਆ ਰਹੀ ਹੈ,ਪਰੰਤੂ ਦੇਸ਼ ਅੰਦਰ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਬੇਕਿਰਕੀ ਨਾਲ ਕੁਚਲਣ  ਦਾ ਦੌਰ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਨਣ ਤੋ ਬਾਅਦ ਹੀ ਅਰੰਭ ਹੋਇਆ। ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੱਧ ਅਧਿਕਾਰ ਦੇਣ ਵਾਲੀ ਸਵਿਧਾਂਨ ਦੀ ਧਾਰਾ 370 ਹਟਾਉਣ ਦੀ ਗੱਲ ਹੋਵੇ ਜਾਂ ਅਯੁੱਧਿਆ ਦੇ ਰਾਮ ਮੰਦਰ ਦੀ ਉਸਾਰੀ ਦਾ ਮਸਲਾ ਹੋਵੇ,ਭਾਜਪਾ ਦੀ ਮੋਦੀ ਸਰਕਾਰ ਨੇ ਬਗੈਰ ਵਿਰੋਧੀ ਪਾਰਟੀਆਂ ਦੇ ਵਿਰੋਧ ਦੀ ਪ੍ਰਵਾਹ ਕੀਤਿਆਂ ਅਪਣੇ ਨਿਸ਼ਾਨੇ ਨੂੰ ਪੂਰਾ ਕਰਕੇ ਹੀ ਦਮ ਲਿਆ ਹੈ।ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਲਈ ਭਾਵੇਂ ਕੇਂਦਰ ਸਰਕਾਰ ਨੂੰ ਕਸ਼ਮੀਰੀਆਂ ਦੇ ਜਿਉਣ ਦੇ ਸਾਰੇ ਹੱਕ ਖੋਹਕੇ ਉਹਨਾਂ ਨੂੰ ਅਣਮਿਥੇ ਸਮੇ ਕਈ ਘਰਾਂ ਚ ਨਜਰਬੰਦ ਵੀ ਕਰਨਾ ਪਿਆ,ਸਰਕਾਰ ਨੇ ਕੋਈ ਪ੍ਰਵਾਹ ਨਹੀ ਕੀਤੀ ਤੇ ਬਗੈਰ ਦੇਰੀ ਕੀਤਿਆਂ ਫੌਰੀ ਐਕਸ਼ਨ ਲਿਆ,ਤਾਂ ਕਿ ਨਿਸਾਨੇ ਸਰ ਕਰਨ ਵਿੱਚ ਕਿਸੇ ਵੀ ਕਿਸਮ ਦੀ ਰੁਕਾਬਟ ਨਾ ਪੈ ਸਕੇ।ਇਸ ਤੋ ਇਲਾਵਾ ਦਿੱਲੀ ਦੇ ਪੁਰਾਤਨ ਰਵਿਦਾਸ ਮੰਦਰ ਨੂੰ ਤੋੜਨਾ,ਉਡੀਸਾ ਵਿੱਚ ਪਰਾਤਨ ਗੁਰਦੁਆਰਾ ਮੰਗੂ ਮੱਠ ਨੂੰ ਤੋੜਨਾ ਵੀ ਭਾਜਪਾ ਦੀ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਮਨੋਬਲ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਨਾਉਣ ਵਾਲੇ ੲਜੰਡੇ ਦੀ ਹੀ ਕੜੀ ਹੈ,ਜਿਸ ਨੂੰ ਸਮਝਣਾ ਤੇ ਮੰਨਣਾ ਨਾ ਹੀ ਸਿੱਖਾਂ ਨੇ ਮੁਨਾਸਿਬ ਸਮਝਿਆ ਅਤੇ ਨਾ ਹੀ ਦੇਸ਼ ਦੇ ਵੱਡੀ ਗਿਣਤੀ ਦਲਿਤ ਭਾਈਚਾਰੇ ਨੇ ਕੇਂਦਰ ਸਰਕਾਰ ਦੇ ਨਾਗਪੁਰੀ ਏਜੰਡੇ ਦੀ ਕੋਈ ਪ੍ਰਵਾਹ ਕਰਨ ਦੀ ਲੋੜ ਸਮਝੀ।ਗੱਲ ਇੱਥੇ ਹੀ ਨਹੀ ਰੁਕੀ,ਬਲਕਿ ਇਸ ਤੋ ਬਹੁਤ ਅੱਗੇ ਲੰਘ ਚੁੱਕੀ ਹੈ। ਕੇਂਦਰ ਸਰਕਾਰ ਕਦਮ ਦਰ ਕਦਮ ਅੱਗੇ ਵੱਧ ਰਹੀ ਹੈ।ਸਭ ਤੋ ਪਹਿਲਾ ਉਹਨਾਂ ਦਾ ਨਿਸਾਨਾ ਜੰਮੂ ਕਸ਼ਮੀਰ ਦੀ ਅਜਾਦੀ ਖੋਹ ਕੇ ਇਸ ਅਜਾਦ ਰਾਜ ਨੂੰ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਅਧੀਨ ਕਰਨ ਦਾ ਸੀ,ਜਿਸ ਨੂੰ ਉਹਨਾਂ ਪੂਰਾ ਕਰਕੇ ਹੀ ਦਮ ਲਿਆ। ਭਾਂਵੇ ਮੁਸਲਮਾਨ ਭਾਈਚਾਰੇ ਦੇ ਲੋਕ ਹਮੇਸਾਂ ਤੋ ਹੀ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਨਿਸਾਨੇ ਤੇ ਰਹਿੰਦੇ ਰਹੇ ਹਨ,ਪਰ ਕੇਂਦਰ ਵਿੱਚ ਸੱਤਾ ਹਾਸਿਲ ਕਰਨ ਤੋ ਬਾਅਦ ਸਭ ਤੋ ਪਹਿਲਾਂ ਉਹਨਾਂ ਦਾ ਵੱਡਾ ਨਿਸਾਨਾ ਜੰਮੂ ਕਸ਼ਮੀਰ ਨੂੰ ਸਰ ਕਰਨ ਦਾ ਸੀ,ਜਿਸ ਨੂੰ ਉਹਨਾਂ ਬਹੁਤ ਸੌਖਿਆਂ ਹੀ ਹਾਸਲ ਕਰ ਲਿਆ। ਭਾਜਪਾ ਦੇ ਕੰਮ ਕਰਨ ਦੇ ਢੰਗ ਤੋ ਚਿੰਤਤ ਘੱਟ ਗਿਣਤੀਆਂ ਦੇ ਸੂਝਵਾਨ ਲੋਕਾਂ ਅਤੇ ਦੇਸ਼ ਦੇ ਖਾਸ ਕਰਕੇ ਪੰਜਾਬ  ਦੇ ਜਮਹੂਰੀਅਤ ਪਸੰਦ ਲੋਕਾਂ ਦਾ ਇਹ ਖਦਸ਼ਾ ਹਮੇਸਾਂ ਰਿਹਾ ਹੈ ਕਿ ਭਾਜਪਾ ਦਾ ਅਗਲਾ ਨਿਸਾਨਾ ਪੰਜਾਬ ਹੋ ਸਕਦਾ ਹੈ,ਕਿਉਕਿ ਜੰਮੂ ਕਸ਼ਮੀਰ ਤੋ ਬਾਅਦ ਕੇਂਦਰ ਸਰਕਾਰ ਦੇ ਭਾਰਤ ਦੀ ਧਰਮ ਨਿਰਪੱਖਤਾ ਨੂੰ ਦਾਅ ਤੇ ਲਾ ਕੇ ਹਿੰਦੂ ਸਾਮਰਾਜ ਉਸਾਰਨ ਦੇ ਅਜੰਡੇ ਨੂੰ ਪੂਰਾ ਕਰਨ ਵਿੱਚ ਜੇ ਕੋਈ ਰੁਕਾਬਟ ਬਣ ਸਕਦਾ ਹੈ,ਉਹ ਬਿਨਾ ਸ਼ੱਕ ਪੰਜਾਬ ਹੈ,ਜਿਸ ਨੂੰ ਕਾਬੂ ਕਰਨ ਲਈ ਵੀ ਭਾਜਪਾ ਦੀ ਕੇਂਦਰ ਸਰਕਾਰ ਲੰਮੇ ਸਮੇ ਤੋ ਕੰਮ ਕਰ ਰਹੀ ਹੈ।ਜਿਸਤਰਾਂ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਘੁਸਪੈਂਠ ਕਰਕੇ ਸਿੱਖੀ ਸਿਧਾਂਤਾਂ ਨੂੰ ਤੋੜਨਾ ਅਤੇ ਸਿੱਖ ਕੌਂਮ ਦੀ ਤਾਕਤ ਨੂੰ ਕਮਜੋਰ ਕਰਨ ਲਈ ਧੜੇਬੰਦੀਆਂ ਪੈਦਾ ਕਰਨਾ ਵੀ ਭਾਜਪਾ ਦੇ ਨਾਗਪੁਰੀ ਅਜੰਡੇ ਦਾ ਚਿਰੋਕਣਾ ਨਿਸਾਨਾ ਹੈ,ਜਿਸ ਵਿੱਚ ਬਹੁਤ ਹੱਦ ਤੱਕ ਉਹ ਸਫਲ ਵੀ ਹੋ ਚੁੱਕੇ ਹਨ,ਪਰੰਤੂ ਇਸ ਦੇ ਬਾਵਜੂਦ ਵੀ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।ਹਿੰਦੂ ਰਾਸ਼ਟਰ ਬਨਾਉਣ ਲਈ ਕੁੱਝ ਸਮਾ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਨਾਹਰਾ ਦਿੱਤਾ ਸੀ,ਜਿਸ ਤਹਿਤ ਉਹ ਸੂਬਿਆਂ ਦੀਆਂ ਮਾਤ ਭਾਸ਼ਾਵਾਂ ਖਤਮ ਕਰਕੇ ਹਿੰਦੀ ਥੋਪਣਾ ਚਾਹੁੰਦੇ ਸਨ,ਉਸ ਦਾ ਦੇਸ਼ ਵਿੱਚ ਵੱਡੀ ਪੱਧਰ ਤੇ ਵਿਰੋਧ ਹੋਇਆ,ਬਹੁਤ ਸਾਰੇ ਸੂਬਿਆਂ ਨੇ ਕੇਂਦਰ ਦੇ ਇਸ ਫੈਸਲੇ ਨੂੰ ਮੁੱਢੋ ਹੀ ਖਾਰਜ ਕਰ ਦਿੱਤਾ,ਜਿਸ ਕਰਕੇ ਕੇਂਦਰ ਨੂੰ ਅਪਣੇ ਇਸ ਫੈਸਲੇ ਤੇ ਚੁੱਪ ਵੱਟਣੀ ਪਈ।ਕੇਂਦਰ ਦੀ ਚੁੱਪ ਦਾ ਮਤਲਬ ਇਹ ਨਹੀ ਕਿ ਕੇਂਦਰ ਨੇ ਅਪਣਾ ਫੈਸਲਾ ਬਦਲ ਲਿਆ ਹੈ,ਬਲਕਿ ਉਹਨਾਂ ਨੇ ਦੇਸ਼ ਦੇ ਲੋਕਾਂ ਦੇ ਪ੍ਰਤੀਕਰਮ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਬੇਹੱਦ ਸਿਆਣਪ ਤੋ ਕੰਮ ਲਿਆ ਹੈ।ਉਹਨਾਂ ਨੇ ਹੁਣ ਇਸ ਆਸ਼ੇ ਦੀ ਪੂਰਤੀ ਲਈ ਸਭ ਤੋ ਪਹਿਲਾਂ ਪੰਜਾਬ ਨੂੰ ਨਿਸਾਨਾ ਬਣਾਇਆ ਹੈ।ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਐਲਾਨੇ ਜਾਣ ਤੋ ਬਾਅਦ ਹੁਣ ਚੁੱਪ ਚਾਪ ਉੱਥੋ ਦੀਆਂ ਭਾਸ਼ਾਵਾਂ ਚੋ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਹੈ ਤੇ ਹਿੰਦੀ ਨੂੰ ਸ਼ਾਮਲ ਕਰ ਦੱਤਾ ਗਿਆ ਹੈ।1849 ਤੱਕ ਖਾਲਸਾ ਰਾਜ ਦਾ ਹਿੱਸਾ ਰਹੇ ਕਸ਼ਮੀਰ ਨੂੰ ਪੰਜਾਬੀ ਭਾਸ਼ਾ ਤੋਂ ਅਲੱਗ ਕਿਵੇਂ ਕੀਤਾ ਜਾ ਸਕਦਾ ਹੈ।ਕੇਂਦਰ ਦੇ ਇਸ ਪੰਜਾਬੀ ਵਿਰੋਧੀ ਫੈਸਲੇ ਦਾ ਪੰਜਾਬੀਆਂ ਨੂੰ ਡਟਕੇ ਵਿਰੋਧ ਕਰਨਾ ਚਾਹੀਦਾ ਹੈ,ਅਤੇ ਦੱਸਣਾ ਚਾਹੀਦਾ ਹੈ ਕਿ ਜਦੋਂ ਬਦੇਸ਼ਾ ਵਿੱਚ ਪੰਜਾਬੀ ਨੂੰ ਮਾਨਤਾ ਮਿਲ ਰਹੀ ਹੈ, ਉਸ ਮੌਕੇ ਭਾਰਤ ਸਰਕਾਰ ਦੇ ਪੰਜਾਬੀ ਨੂੰ ਖਤਮ ਕਰਨ ਦੇ ਇਰਾਦੇ ਸਫਲ ਨਹੀ ਹੋਣ ਦਿੱਤੇ ਜਾਣਗੇ। ਲੋਕ ਸਭਾ ਅਤੇ ਰਾਜ ਸਭਾ ਚ ਇਸ ਬਿਲ ਨੂੰ ਪਾਸ ਹੋਣ ਤੋ ਰੁਕਵਾਇਆ ਜਾਣਾ ਚਾਹੀਦਾ ਹੈ। ਇੱਥੇ ਇੱਕ ਹੋਰ ਕੌੜਾ ਸੱਚ ਬੜੇ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਜਦੋ ਵੀ ਕੇਂਦਰ ਦੀਆਂ ਸਿੱਖਾਂ ਅਤੇ ਪੰਜਾਬ ਨਾਲ ਵਧੀਕੀਆਂ ਦਾ ਕੋਈ ਗੰਭੀਰ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਾਡੇ ਅਪਣੇ ਉਸ ਦੋਸ਼ ਚ ਭਾਗੀਦਾਰ ਦਿਖਾਈ ਦਿੰਦੇ ਹਨ,ਜਿੰਨਾਂ ਤੋ ਅਸੀ ਲੋਕ ਸਭਾ ਅਤੇ ਰਾਜ ਸਭਾ ਚ ਅਵਾਜ ਬੁਲੰਦ ਕਰਨ ਦੀ ਬੇਸਮਝੀ ਵਾਲੀ ਆਸ ਰਖਦੇ ਹਾਂ,ਉਹ ਲੋਕ ਤਾਂ ਕਿਸੇ ਵੀ ਪੰਜਾਬ ਵਿਰੋਧੀ ਫੈਸਲੇ ਦਾ ਵਿਰੋਧ ਕਰਨ ਦੀ ਬਜਾਏ ਹਮੇਸਾਂ ਪੰਜਾਬ ਅਤੇ ਪੰਥ ਦੇ ਖਿਲਾਫ ਭੁਗਤਦੇ ਹਨ।ਬੇਸ਼ੱਕ ਕਿਸਾਨੀ ਸਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਦਾ ਮੁੱਦਾ ਹੋਵੇ ਜਾਂ ਉਸ ਤੋ ਪਹਿਲਾਂ ਜੰਮੂ ਕਸ਼ਮੀਰ ਵਿੱਚੋ ਧਾਰਾ 370 ਹਟਾਉਣ ਦੀ ਗੱਲ ਹੋਵੇ,ਭਾਜਪਾ ਦੇ ਭਾਈਵਾਲ ਅਪਣੀ ਪਾਰਟੀ ਦੇ ਵਿਧਾਨ ਦੇ ਖਿਲਾਫ ਜਾ ਕੇ ਵੀ ਸਰਕਾਰ ਦੇ ਹੱਕ ਵਿੱਚ ਭੁਗਤੇ ਸਨ,ਜਦੋਂ ਕਿ ਅਕਾਲੀ ਦਲ ਨੇ ਇਹ ਕਦੇ ਵੀ ਯਾਦ ਕਰਨ ਦੀ ਕੋਸ਼ਿਸ਼ ਨਹੀ ਕੀਤੀ  ਕਿ ਗੁਜਰਾਤੀ ਕਦੇ ਵੀ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦੇ ਹਿਤੈਸੀ ਨਹੀਂ ਰਹੇ। ਅਜਾਦੀ ਤੋ ਤੁਰੰਤ ਬਾਅਦ ਸਿਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਗਰਦਾਨਣ ਵਾਲਾ ਪਟੇਲ ਵੀ ਗੁਜਰਾਤੀ ਸੀ। ਨਰੇਂਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦੇ ਹੋਏ ਸਿੱਖ ਪਟੇਦਾਰਾਂ ਨੂੰ ਗੁਜਰਾਤ ਚੋ ਉਜਾੜਿਆ ਅਤੇ ਮੁਸਲਮਾਨਾਂ ਦਾ ਕਤਲਿਆਮ ਕੀਤਾ,ਪ੍ਰੰਤੂ ਅਕਾਲੀ ਦਲ ਨੇ ਕਦੇ ਵੀ ਭਾਜਪਾ ਦੇ ਕਿਸੇ ਵੀ ਘੱਟ ਗਿਣਤੀ ਵਿਰੋਧੀ,ਦਲਿਤ ਵਿਰੋਧੀ ਜਾਂ ਕਿਸਾਨਾਂ ਵਿਰੋਧੀ ਫੈਸਲਿਆਂ ਦਾ ਵਿਰੋਧ ਨਹੀ ਕੀਤਾ,ਬਲਕਿ ਚੁੱਪ ਕਰਕੇ ਦਸਤਖਤ ਕਰ ਦਿੰਦੇ ਹਨ ਤੇ ਬਾਅਦ ਵਿੱਚ ਰੌਲਾ ਪੈਣ ਤੇ ਕਦੇ ਖੇਤੀ ਮੰਤਰੀ ਨੂੰ ਚਿੱਠੀ ਲਿਖਣ ਦਾ ਨਾਟਕ ਕਰਦੇ ਹਨ ਤੇ ਹੁਣ ਜੰਮੂ ਕਸ਼ਮੀਰ ਚੋ ਪੰਜਾਬੀ ਨੂੰ ਖਤਮ ਕਰਨ ਤੇ ਵੀ ਸੁਣਿਆ ਹੈ ਕਿ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ,ਪਰ ਕਮਾਲ ਦੀ ਗੱਲ ਇਹ ਹੈ ਕਿ ਕਿੰਨੇ ਫੈਸਲੇ ਕੇਂਦਰ ਨੇ ਅਜਿਹੇ ਕੀਤੇ ਹਨ,ਜਿੰਨਾਂ ਦਾ ਅਕਾਲੀ ਦਲ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਸੀ,ਪਰ ਸਾਰੇ ਹੀ ਫੈਸਲਿਆਂ ਵਿੱਚ ਕੇਂਦਰ ਦੇ ਹੱਕ ਚ ਭੁਗਤ ਕੇ ਮਹਿਜ ਸੱਤਾ ਦੀ ਕੁਰਸੀ ਬਚਾਉਣ ਖਾਤਰ ਅਪਣੇ ਲੋਕਾਂ ਦੇ ਵਿਰੋਧ ਚ ਭੁਗਤ ਦੇ ਰਹੇ ਹਨ,ਜਿਸ ਦਾ ਖਮਿਆਜਾ ਪੰਜਾਬੀਆਂ,ਖਾਸ ਕਰਕੇ ਸਿੱਖਾਂ ਨੂੰ ਭੁਗਤਣਾ ਵੀ ਪਿਆ ਹੈ ਤੇ ਭੁਗਤਦੇ ਵੀ ਰਹਿਣਗੇ। ਜੰਮੂ ਕਸ਼ਮੀਰ ਚੋ ਪੰਜਾਬੀ ਨੂੰ ਜਲਾਵਤਨ ਕਰਨਾ ਕਿਸੇ ਵੀ ਤਰਾਂ ਜਾਇਜ ਨਹੀ ਕਿਉਕਿ ਮਹਾਰਾਜਾ ਰਣਜੀਤ ਸਿਮਘ ਦੇ ਖਾਲਸਾ ਰਾਜ ਨੇ ਜੋ ਪੰਜਾਬੀ ਅਤੇ ਕਸ਼ਮੀਰੀਆਂ ਦੀ ਗੂਹੜੀ ਸਾਂਝ ਪਾਈ ਹੈ,ਉਹਨੂੰ ਅਜਿਹੇ ਕਰੂਰ ਫੈਸਲੇ ਤੋੜ ਨਹੀ ਸਕਦੇ,ਪਰ ਪੰਜਾਬੀਆਂ ਵੱਲੋਂ ਇਹ ਜਰੂਰ ਸਮਝਿਆ  ਜਾਵੇਗਾ ਕਿ 1947 ਚ ਜੋ ਪੰਜਾਬ,ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੇ ਖਾਤਮੇ ਦੀ ਲਹਿਰ ਉਸ ਮੌਕੇ ਦੀਆਂ ਫਿਰਕੂ ਤਾਕਤਾਂ ਨੇ ਚਲਾਈ ਸੀ,ਉਹ ਰੁਕੀ ਨਹੀ ਬਲਕਿ ਹੁਣ ਕਿਸੇ ਹੋਰ ਰੂਪ ਵਿੱਚ ਮੁੜ ਪਰਬਲ ਹੋ ਰਹੀ ਹੈ।ਸੋ ਪੰਜਾਬੀਆਂ ਦੇ ਮਨਾਂ ਚ ਪੈਦਾ ਹੋਇਆ ਅਜਿਹਾ ਖਦਸ਼ਾ ਅਤੇ ਰੋਸ ਨਿਰਸੰਦੇਹ ਬੇਗਾਨਗੀ ਦੀ ਭਾਵਨਾ ਨੂੰ ਹੋਰ ਪਰਪੱਕ ਕਰੇਗਾ,ਇਸ ਲਈ ਅਜਿਹੇ ਫੈਸਲਿਆਂ ਤੇ ਕੇਂਦਰ ਨੂੰ ਬਿਨਾ ਦੇਰੀ ਕੀਤਿਆਂ ਰੋਕ ਲਾਉਣੀ ਚਾਹੀਦੀ ਹੈ।

ਬਘੇਲ ਸਿੰਘ ਧਾਲੀਵਾਲ
99142-58142

ਅੱਜ ਦੇ ਦਿਨ ਤੇ ਨਿਰਣਾ ਕਰਨ ਦੀ ਲੋੜ - ਬਘੇਲ ਸਿੰਘ ਧਾਲੀਵਾਲ

ਚੋਣ ਪ੍ਰਣਾਲੀ ਨੇ ਐਸ ਜੀ ਪੀ ਸੀ ਚ ਜਾਤੀ ਵੰਡ ਨੂੰ ਉਭਾਰ ਕੇ ਸਿੱਖਾਂ ਦੀ ਤਾਕਤ ਨੂੰ ਵੰਡਿਆ

ਅੱਜ ਦਾ ਦਿਨ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ,ਅੱਜ ਦੇ ਦਿਨ ਦਾ ਇਤਿਹਾਸ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰਾਂ ਦੀ ਲਹਿਰ ਨਾਲ ਜੁੜਦਾ ਹੈ।ਸਿੱਖਾਂ ਨੇ ਬਹੁਤ ਕੁਰਬਾਨੀਆਂ ਨਾਲ ਪਵਿੱਤਰ ਗੁਰਦੁਆਰੇ ਮਹੰਤਾਂ ਤੋ ਅਜਾਦ ਕਰਵਾਏ ਸਨ।ਖਾਲਸਾ ਰਾਜ ਹੇਠਲੇ ਖਿੱਤੇ ਤੇ ਪੂਰਨ ਕਬਜਾ ਕਰ ਲੈਣ ਤੋ ਬਾਅਦ  ਅੰਗਰੇਜ ਹਕੂਮਤ ਨੇ ਸਿੱਖਾਂ ਦੇ ਇਤਿਹਾਸਿਕ ਗੁਰਦੁਆਰਿਆਂ ਤੇ ਵੀ ਅਸਿੱਧੇ ਰੂਪ ਵਿੱਚ ਕਬਜਾ ਕਰ ਲਿਆ।ਉਹਨਾਂ ਨੇ ਸਿੱਖਾ ਨੂੰ ਅਪਣੇ ਗੁਰੂ ਪ੍ਰਤੀ ਸ਼ਰਧਾ ਅਤੇ ਸਿੱਖੀ ਸਿਧਾਂਤਾਂ ਤੋ ਦੂਰ ਕਰਨ ਦੇ ਇਰਾਦੇ ਨਾਲ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਮੇਤ ਸਮੁੱਚੇ ਗੁਰਦੁਆਰਿਆਂ ਵਿੱਚ ਮਹੰਤਾਂ ਨੂੰ ਕਾਬਜ ਕਰਵਾ ਦਿੱਤਾ ਅਤੇ ਉਹਨਾਂ ਨੂੰ ਗੁਰਦੁਆਰਿਆਂ ਅੰਦਰ ਹਰ ਤਰਾਂ ਦੀਆਂ ਮਨਮਾਨੀਆਂ ਕਰਨ ਦੀ ਖੁੱਲ੍ਹ ਹੀ ਨਹੀ ਸੀ ਦਿੱਤੀ,ਬਲਕਿ ਉਹਨਾਂ ਨੂੰ ਹਰ ਤਰਾਂ ਦੀ ਸਹਾਇਤਾ ਵੀ ਦਿੱਤੀ ਗਈ,ਤਾਂ ਕਿ ਉਹ ਬੇਝਿਜਕ ਹੋਕੇ ਗੁਰਦੁਆਰਿਆਂ ਦੀ ਮਰਯਾਦਾ ਦਾ ਘਾਣ ਕਰ ਸਕਣ।ਇਹੋ ਕਾਰਨ ਸੀ ਕਿ ਸਿੱਖਾ ਵੱਲੋਂ ਜਦੋ ਗੁਰਦਆਏ ਅਜਾਦ ਕਰਵਾਉਣ ਲਈ ਮੋਰਚੇ ਲਾਏ ਗਏ ਤਾਂ ਅਥਾਹ ਕੁਰਬਾਨੀਆਂ ਦੇਣੀਆਂ ਪਈਆਂ ਸਨ।ਮੁੱਕਦੀ ਗੱਲ ਸਿੱਖਾਂ ਨੇ ਬਹੁਤ ਭਾਰੀ ਕੁਰਬਾਨੀਆਂ ਦੇ ਨਾਲ ਮਹੰਤਾਂ ਤੋ ਗੁਰਦਆਰੇ ਅਜਾਦ ਕਰਵਾਏ ਤੇ ਪਰਬੰਧ ਅਪਣੇ ਹੱਥ ਲਿਆ ਸੀ।ਇਸ ਤਰਾਂ ਦੀਆਂ ਸਮੱਸਿਆਂ ਨੂੰ ਜੜ ਤੋ ਹੀ ਖਤਮ ਕਰਨ ਦੀ ਇੱਛਾ ਨਾਲ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਉਸ ਮੌਕੇ ਦੇ ਸਿੱਖ ਆਗੂਆਂ ਨੇ ਅਜਿਹੀ ਸੰਸਥਾ ਬਨਾਉਣ ਦੀ ਤਜਵੀਜ ਸੋਚੀ,ਜਿਹੜੀ  ਸਿਆਸਤ ਤੋ ਦੂਰ ਰਹਿ ਕੇ ਨਿਰੋਲ ਧਾਰਮਿਕ ਤੌਰ ਤੇ ਵਿਚਰਣ ਵਾਲੀ ਅਜਾਦ ਸੰਸਥਾ ਹੋਵੇ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਬਚਨਵੱਧ ਹੋਵੇ।ਸੋ ਸਿੱਖਾਂ ਨੇ ਬੜੀ ਸੋਚ ਵਿਚਾਰ ਤੋ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ,ਪ੍ਰੰਤੂ ਸਿੱਖ ਇੱਥੇ ਵੀ ਮੁਢਲੇ ਦਿਨਾਂ ਵਿੱਚ ਹੀ ਚਲਾਕ ਫਰੰਗੀ ਹਾਕਮਾਂ ਤੋ ਫਿਰ ਮਾਤ ਖਾ ਗਏ। ਉਹਨਾਂ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਬਣਾਏ ਗਏ ਗੁਰਦੁਆਰਾ ਐਕਟ ਅਧੀਨ ਚੋਣ ਪ੍ਰਕਿਰਿਆ ਦੁਆਰਾ ਕਮੇਟੀ ਚੁਨਣ ਦਾ ਫੈਸਲਾ ਮਨਜੂਰ ਕਰ ਲਿਆ।ਇਸ ਢੰਗ ਨਾਲ ਹੋਈਆਂ ਚੋਣਾਂ ਨਾਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦਿਆਂ ਹੀ ਕੇਂਦਰ ਸਰਕਾਰ ਦੇ ਅਧੀਨ ਹੋ ਗਈ। 1925 ਨੂੰ ਬਣੇ ਗੁਰਦੁਆਰਾ ਐਕਟ ਅਧੀਨ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਲਈ 18 ਜੂਨ 1926 ਦੇ ਦਿਨ ਪਹਿਲੀਆਂ ਚੋਣਾਂ ਹੋਈਆਂ ਸਨ।ਅੱਜ ਉਹ ਦਿਨ ਹੈ ਜਦੋ ਸਿੱਖਾਂ ਨੇ ਬਹੁਤ ਭਾਰੀ ਕੁਰਬਾਨੀਆਂ ਤੋ ਬਾਅਦ ਗੁਰਦੁਆਰਾ ਪਰਬੰਧ ਮਹੰਤਾਂ ਤੋ ਅਜਾਦ ਕਰਵਾ ਲੈਣ ਤੋ ਬਾਅਦ ਮੁੜ ਭੋਲੇ ਭਾਅ ਹੀ ਮੁੜ ਕੇਂਦਰੀ ਹਕੂਮਤ ਦੀ ਅਧੀਨਗੀ ਕਬੂਲ ਕਰ ਲਈ ਸੀ,ਜਿਸ ਦੇ ਦੁਰ ਪ੍ਰਭਾਵਾਂ ਬਾਰੇ ਸਾਇਦ ਉਸ ਮੌਕੇ ਦੇ ਸਿੱਖ ਆਗੂਆਂ ਨੇ ਸੰਜੀਦਗੀ ਨਾਲ ਨਹੀ ਸੋਚਿਆ ਹੋਵੇਗਾ,ਸਾਇਦ ਉਹਨਾਂ ਦੇ ਦਿਲੋ ਦਿਮਾਗ ਵਿੱਚ ਅਪਣੇ ਖੁੱਸੇ ਰਾਜ ਪ੍ਰਬੰਧ ਦੀ ਕੋਈ ਥੋਹੜੀ ਬਹੁਤੀ ਚਿਣਗ ਬਰਕਰਾਰ ਹੋਵੇਗੀ,ਜਿਸ ਕਰਕੇ ਉਹਨਾਂ ਸੋਚ ਲਿਆ ਹੋਵੇਗਾ ਕਿ ਆਉਣ ਵਾਲਾ ਸਮਾ ਤਾਂ ਖਾਲਸੇ ਦਾ ਅਪਣਾ ਹੀ ਹੋਣਾ ਹੈ,ਇਸ ਲਈ ਉਹਨਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਕਬੂਲ ਕਰ ਲਿਆ ਤੇ ਬੜੇ ਜੋਸ਼ੋ ਖਰੋਸ ਨਾਲ ਇਸ ਚੋਣ ਪ੍ਰਕਿਰਿਆ ਰਾਹੀ ਇਸ ਪ੍ਰਬੰਧਕੀ ਵਿਵੱਸਥਾ ਨੂੰ ਲਾਗੂ ਕੀਤਾ। 94 ਸਾਲ ਬਾਅਦ ਮੁੜ ਅੱਜ ਦੇ ਦਿਨ ਦੀ ਮਹੱਤਤਾ ਦਰਸਾਉਣ ਦਾ ਭਾਵ ਇਹ ਹੈ ਕਿ  ਅੱਜ ਗੁਰਦੁਆਰਾ ਪਰਬੰਧ ਮੁਕੰਮਲ ਰੂਪ ਵਿੱਚ ਗੁਲਾਮ ਹੋ ਚੁੱਕਾ ਹੈ।ਸਿੱਖੀ ਸਿਧਾਂਤ ਰੋਲੇ ਜਾ ਰਹੇ ਹਨ।ਮਰਯਾਦਾ ਦਾ ਘਾਣ ਹੋ ਰਿਹਾ ਹੈ। ਬ੍ਰਾਂਹਮਣੀ ਕਰਮਕਾਂਡ ਸਿੱਖੀ ਤੇ ਭਾਰੂ ਪਏ ਹੋਏ ਹਨ।ਸਭ ਤੋ ਵੱਡਾ ਨੁਕਸਾਨ ਇਸ ਚੋਣ ਪਣਨਾਲੀ ਨੇ ਜਨਰਲ ਤੇ ਰਿਜਰਵ ਮਦ ਵਾਲੀ ਚਲਾਕੀ ਨਾਲ ਇਹ ਕੀਤਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਜਾਤ ਪਾਤ ਤੋੜ ਕੇ ਸਾਜੇ ਨਿਆਰੇ ਪੰਥ ਖਾਲਸੇ ਨੂੰ ਮੁੜ ਜਾਤਾਂ ਪਾਤਾਂ ਵਿੱਚ ਵੰਡ ਕੇ ਜਿੱਥੇ ਸਿੱਖਾਂ ਦੀ ਬੇਮਿਸ਼ਾਲ ਤਾਕਤ ਨੂੰ ਕਮਜੋਰ ਕੀਤਾ ਹੈ,ਓਥੇ ਸਿੱਖਾਂ ਨੂੰ ਗੁਰੂ ਸਾਹਿਬ ਦੇ 1699 ਦੇ ਕਰਾਂਤੀਕਾਰੀ ਸੰਕਲਪ ਤੋ ਬੇਮੁੱਖ ਵੀ ਕੀਤਾ ਹੈ।ਮੌਜੂਦਾ ਗੁਰਦੁਅਰਾ ਪ੍ਰਬੰਧ ਚਲਾ ਰਹੇ ਲੋਕ ਕੇਂਦਰੀ ਤਾਕਤਾਂ ਦੀ ਕਠਪੁਤਲੀ ਬਣ ਕੇ ਸਿੱਖੀ ਦੀਆਂ ਜੜਾਂ ਚ ਤੇਲ ਦੇਣ ਦੀ ਕੋਈ ਕਸਰ ਬਾਕੀ ਨਹੀ ਛੱਡ ਰਹੇ।1925 ਦੇ ਗੁਰਦੁਆਰਾ ਐਕਟ ਅਧੀਨ ਬਣੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਿੱਧੇ ਤੌਰ ਤੇ ਕੇਂਦਰੀ ਹਕੂਮਤ ਦੇ ਅਧੀਨ ਚੱਲ ਰਹੀ ਹੈ।ਇਹ ਵੀ ਕੇਂਦਰ ਦੀ ਮਰਜੀ ਹੈ ਕਿ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਹਨ ਜਾਂ ਨਹੀ,ਜੇਕਰ ਕਰਵਾਉਣੀਆਂ ਹਨ ਤਾਂ ਕਦੋਂ ਕਰਵਾਉਣੀਆਂ ਹਨ।ਇਸ ਬਾਰੇ ਸਿੱਖ ਕੋਈ ਫੈਸਲਾ ਨਹੀ ਲੈ ਸਕਦੇ।ਸਿੱਖ ਅਪਣੀ ਮਰਜੀ ਇਸ ਪਰਬੰਧ ਵਿੱਚ ਫੇਰ ਬਦਲ ਨਹੀ ਕਰ ਸਕਦੇ, ਇਹ ਵੀ ਕੇਂਦਰ ਦੀ ਮਰਜੀ ਹੈ ਕਿ ਉਹ ਸਰਕਾਰੀ ਮਸ਼ਿਨਰੀ ਦੇ ਪ੍ਰਭਾਵ ਰਾਹੀ ਅਪਣੀ ਮਨ ਮਰਜੀ ਵਾਲੀ ਕਮੇਟੀ ਚੁਨਣ,ਕਿਉਕਿ ਹੁਣ ਤੱਕ ਉਹ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਨੂੰ ਅਪਣੀ ਮਰਜੀ ਅਨੁਸਾਰ ਹੀ ਚਲਾਉਂਦੇ ਆ ਰਹੇ ਹਨ,ਜਿਸ ਨੂੰ ਸਿੱਖ ਚਾਹ ਕੇ ਵੀ ਬਦਲ ਨਹੀ ਸਕੇ।ਸਿੱਖ ਰਹਿਤ ਮਰਯਾਦਾ ਦੀ ਅਣਦੇਖੀ ਅਤੇ ਨਿਰੋਲ ਸਿੱਖੀ ਸਿਧਾਂਤਾਂ ਚ ਹਿੰਦੂ ਕਰਮਕਾਂਡਾਂ ਦਾ ਰਲਗੱਡ ਹੋਣਾ ਇਸ ਚੋਣ ਪ੍ਰਕਿਰਿਆ ਕਰਕੇ ਸੰਭਵ ਹੋ ਸਕਿਆ ਹੈ। ਇਸ ਕਨੂੰਨ ਤਹਿਤ ਕੇਂਦਰ ਅਪਣੀ ਮਰਜੀ ਦੀ ਚੋਣ ਕਰਵਾ ਕੇ ਉਹਨਾਂ ਲੋਕਾਂ ਨੂੰ ਗੁਰਦੁਆਰਾ ਪ੍ਰਬੰਧ ਤੇ ਕਾਬਜ ਕਰਵਾਉਦਾ ਹੈ,ਜਿਹੜੇ ਪਹਿਲਾਂ ਹੀ ਕੇਂਦਰੀ ਤਾਕਤਾਂ ਦੀਆਂ ਸ਼ਰਤਾਂ ਮੰਨ ਕੇ ਇਸ ਚੋਣ ਮੈਦਾਨ ਵਿੱਚ ਆਉਂਦੇ ਹਨ।ਸੋ ਅੱਜ ਦੇ ਦਿਨ ਇਹ ਸੋਚਣਾ ਬਣਦਾ ਹੈ ਸਾਢੇ ਨੌ ਦਹਾਕਿਆਂ ਵਿੱਚ ਇਸ ਚੋਣ ਪ੍ਰਕਿਰਿਆ ਨੇ ਸਿੱਖਾਂ ਦਾ ਕੀ ਸੰਵਾਰਿਆ ਹੈ। ਮਰਯਾਦਾ ਦਾ ਕੀ ਹਾਲ ਕੀਤਾ ਹੈ ਅਤੇ ਸਿੱਖੀ ਸਿਧਾਂਤ ਕਿਸ ਤਰਾਂ ਨਾਗਪੁਰ ਦੀ ਇੱਛਾ ਅਨੁਸਾਰ ਤੋੜੇ ਮਰੋੜੇ ਗਏ ਹਨ।ਸੋ ਅੱਜ ਲੋੜ ਹੈ ਇੱਕ ਹੋਰ ਗੁਰਦੁਆਰਾ ਸੁਧਾਰ ਲਹਿਰ ਅਰੰਭਣ ਦੀ,ਜਿਹੜੀ ਲੋਕਾਂ ਨੂੰ ਇਸ ਅਣਦਿਸਦੀ ਗੁਲਾਮੀ ਤੋ ਜਾਣੂ ਕਰਵਾ ਸਕੇ ।ਇਸ ਚੋਣ ਪ੍ਰਕਿਰਿਆ ਤੋ ਜੇਕਰ ਖਹਿੜਾ ਨਹੀ ਛੁਡਵਾਇਆ ਜਾ ਸਕਦਾ ਤਾਂ ਘੱਟੋ ਘੱਟ ਐਨੀ ਕੁ ਚੇਤਨਾ ਸਿੱਖ ਮਨਾਂ ਚ ਜਰੂਰ ਹੋਣੀ ਚਾਹੀਦੀ ਹੈ ਕਿ ਉਹ ਜਦੋ ਵੀ ਹੁਣ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ, ਤਾਂ ਉਹਨਾਂ ਲੋਕਾਂ ਨੂੰ ਇਸ ਪਵਿੱਤਰ ਕਾਰਜ ਵਾਸਤੇ ਚੁਣ ਕੇ ਭੇਜਣ ਜਿਹੜੇ ਸੱਚਮੁੱਚ ਗੁਰੂ ਦੇ ਸਿੱਖ ਹੋਣ ਅਤੇ ਗੁਰੂ ਦੇ ਭੇਅ ਵਿੱਚ ਰਹਿਣ ਵਾਲੇ ਨਿਰਭੈਅ ਖਾਲਸੇ ਹੋਣ, ਨਿੱਜੀ ਲੋਭ ਲਾਲਸਾ ਦੀ ਬਿਮਾਰੀ ਤੋਂ ਤੰਦਰੁਸਤ ਹੋਣ,ਤਾ ਹੀ ਗੁਰਦੁਆਰਾ ਪਰਬੰਧ ਨੂੰ ਸਹੀ ਤੇ ਸੁਚਾਰੂ ਰੂਪ ਨਾਲ ਚਲਾਇਆ। ਜਾ ਸਕੇਗਾ।ਜੇਕਰ ਸਿੱਖ ਅਜਿਹਾ ਕਰਨ ਵਿੱਚ ਕਾਮਜਾਬ ਹੋ ਜਾਂਦੇ ਹਨ,ਤਾਂ ਸਮਝਿਆ ਜਾਵੇਗਾ ਕਿ ਸਿੱਖਾਂ ਨੇ ਇੱਕ ਹੋਰ ਸੁਧਾਰ ਲਹਿਰ ਤੇ ਫਤਿਹ ਪਾ ਲਈ ਹੈ,ਜਿਸ ਦੀ ਮੌਜੂਦਾ ਸਮੇ ਵਿੱਚ ਬੇਹੱਦ ਜਰੂਰੀ ਲੋੜ ਹੈ।

ਬਘੇਲ ਸਿੰਘ ਧਾਲੀਵਾਲ
99142-58142

ਇਹ ਕੇਹਾ ਇਤਫਾਕ ਕਿ ਕੈਪਟਨ ਸਰਕਾਰ ਸਾਬਕਾ ਪੁਲਿਸ ਮੁਖੀ ਤੇ ਕਾਰਵਾਈ ਕਰਨਾ ਚਾਹੁੰਦੀ ਹੈ,ਪਰ ਬਾਦਲ ਬਚਾਅ ਲਈ ਚਾਰਾਜੋਈ ਕਰ ਰਹੇ ਹਨ - ਬਘੇਲ ਸਿੰਘ ਧਾਲੀਵਾਲ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਇਹ ਢੁਕਵਾ ਸਮਾ ਹੈ ਜਦੋਂ ਉਹ ਕੌਂਮ ਧਰੋਹੀਆਂ ਤੇ ਧਾਰਮਿਕ ਰਹੁਰੀਤਾਂ ਅਨੁਸਾਰ ਕਾਰਵਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਬਹਾਲ ਕਰ ਸਕਦੇ ਹਨ
 ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੇ ਮੋਹਾਲੀ ਵਿੱਚ ਇੱਕ 29 ਸਾਲ ਪੁਰਾਣੇ ਕੇਸ ਵਿੱਚ ਪਰਚਾ ਦਰਜ ਹੋਇਆ ਹੈ। ਖਾੜਕੂ ਸਿੱਖ ਸੰਘਰਸ਼ ਦੌਰਾਨ ਕੇ ਪੀ ਐਸ ਗਿੱਲ ਦੇ ਖਾਸਮਖਾਸ ਰਹੇ ਸੁਮੇਧ ਸ਼ੈਣੀ ਨੂੰ ਸਿੱਖ ਕੌਂਮ ਸੰਘਰਸ਼ੀ ਸਿੱਖ ਨੌਜਵਾਨਾਂ ਦੇ ਕਾਤਲ ਵਜੋਂ ਵੀ ਦੇਖਦੀ ਹੈ। ਇਸ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸਾਂਤਮਈ ਪ੍ਰਦਰਸ਼ਣ ਕਰਦੀਆਂ ਸਿੱਖ ਸੰਗਤਾਂ ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਅਤੇ ਹਜਾਰਾਂ ਨੂੰ ਗੰਭੀਰ ਰੂਪ ਚ ਜਖਮੀ ਕਰਨ ਦੇ ਦੋਸ ਵਿੱਚ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਹੋਰ ਪੁਲਿਸ ਅਧਿਕਾਰੀਆਂ ਸਮੇਤ ਸੁਮੇਧ ਸੈਣੀ ਨੂੰ ਦੋਸ਼ੀ ਬਣਾਇਆ ਗਿਆ ਹੈ। ਸੁਮੇਧ ਸ਼ੈਣੀ ਤੇ ਪਰਚਾ ਦਰਜ ਹੋਣਾ ਵੈਸੇ ਕੋਈ ਹੈਰਾਨੀ ਵਾਲੀ ਗੱਲ ਨਹੀ ਹੈ,ਕਿਉਕਿ  ਇੱਕ ਨਾ ਇੱਕ ਦਿਨ ਉਹਨਾਂ ਨੇ ਕਟਿਹਰੇ ਵਿੱਚ ਖੜਾ ਹੋਣਾ ਹੀ ਹੋਣਾ ਸੀ,ਪਰ ਇਸ ਕੇਸ ਵਿੱਚ ਲਾਪਤਾ ਹੋਏ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਵੱਲੋਂ ਸ਼ਕਾਇਤ ਦਰਜ ਕਰਵਾਉਣ ਤੇ ਅਚਾਨਕ ਹੋਏ ਪਰਚੇ ਕਾਰਨ ਸਭ ਦਾ ਧਿਆਨ ਜਰੂਰ ਖਿੱਚਿਆ ਗਿਆ ਹੈ।ਇਸ ਮੌਕੇ ਜਿਹੜੀ ਬੇਹੱਦ ਹੀ ਮੰਦਭਾਗੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਸਾਬਕਾ ਪੁਲਿਸ ਮੁਖੀ ਦੇ ਬਚਾਓ ਲਈ ਫਿਰ ਸ਼ਰੋਮਣੀ ਅਕਾਲੀ ਦਲ ਵੱਲੋਂ ਕੀਤੀ ਚਾਰਾਜੋਈ ਸਾਹਮਣੇ ਆਈ ਹੈ।ਇੱਥੇ ਦੱਸਣਾ ਬਣਦਾ ਹੈ ਕਿ 2012 ਵਿੱਚ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਦੁਵਾਰਾ ਸਰਕਾਰ ਬਣੀ ਤਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਇਕਲੌਤੇ ਸਪੁੱਤਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਫਾਰਸ਼ ਤੇ ਬਗੈਰ ਸਿੱਖ ਕੌਂਮ ਦੀਆਂ ਭਾਵਨਾਵਾਂ ਦਾ ਧਿਆਨ ਰੱਖੇ ਅਤੇ ਪੰਥਕ ਜਥੇਬੰਦੀਅਥ ਦੇ ਭਾਰੀ ਵਿਰੋਧ ਦੀ ਪਰਵਾਹ ਕੀਤਿਆਂ ਸਰਕਾਰ ਬਣਦਿਆਂ ਹੀ ਸੁਮੇਧ ਸ਼ੈਣੀ ਨੂੰ ਡੀ ਜੀ ਪੀ ਨਿਯੁਕਤ ਕਰ ਦਿੱਤਾ,ਪਰੰਤੂ ਬਰਗਾੜੀ ਮੋਰਚੇ ਦੌਰਾਨ ਸਿੱਖਾਂ ਵਿੱਚ ਪਾਏ ਗਏ ਭਾਰੀ ਰੋਹ ਅੱਗੇ ਝੁਕਦਿਆਂ ਮਜਬੂਰਨ ਪਰਕਾਸ਼ ਸਿੰਘ ਬਾਦਲ ਨੂੰ ਸੁਮੇਧ ਸ਼ੈਣੀ ਨੂੰ ਪੁਲਿਸ ਮੁਖੀ ਦੇ ਆਹੁਦੇ ਤੋਂ ਲਾਂਭੇ ਕਰਨਾ ਪਿਆ ਸੀ।(ਦੱਸਣਾ ਬਣਦਾ ਹੈ ਕਿ ਬਰਗਾੜੀ ਮੋਰਚਾ ਜਿਸਨੂੰ ਸੰਗਤਾਂ ਦਾ ਬੇਹੱਦ ਸਮੱਰਥਨ ਮਿਲਿਆ,ਜਿਸਨੇ ਦਿੱਲੀ ਤੱਕ ਕੰਬਣੀ ਛੇੜ ਦਿੱਤੀ ਤੇ ਜਿਤ ਦੇ ਬਿਲਕੁਲ ਕਰੀਬ ਵੀ ਪਹੁੰਚਿਆ ਪ੍ਰੰਤੂ ਪ੍ਰਬੰਧਕਾਂ ਦੀ ਬੇ ਇਮਾਨੀ ਕਾਰਨ ਬਗੈਰ ਕੋਈ ਖਾਸ ਪਰਾਪਤੀ ਦੇ ਦਮ ਤੋੜ ਗਿਆ ਸੀ)ਮੌਜੂਦਾ ਸਮੇ ਵਿੱਚ ਇੱਕ ਵਾਰ ਫਿਰ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸਿੱਖ ਕੌਂਮ ਦੇ ਵਿਰੋਧ ਚ ਭੁਗਤਣ ਦਾ ਫੈਸਲਾ ਕੀਤਾ ਹੈ। ਸੁਮੇਧ ਸ਼ੈਣੀ ਦੇ ਬਚਾਓ ਲਈ ਗੁਰਦੁਆਰਾ ਜੁੰਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸੱਤਨਾਮ ਸਿੰਘ ਕਲੇਰ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਕਨੂੰਨੀ ਸਲਾਹਕਾਰ ਤੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ ਹ,ਪ੍ਰੰਤੂ ਸ਼ੋਸ਼ਲ ਮੀਡੀਏ ਤੇ ਹੋਏ ਭਾਰੀ ਵਿਰੋਧ ਕਾਰਨ ਭਾਂਵੇਂ ਸੱਤਨਾਮ ਸਿੰਘ ਕਲੇਰ ਨੇ ਸ੍ਰ ਬਾਦਲ ਵਾਲੀ ਚਾਲ ਖੇਡਦਿਆਂ ਸੁਮੇਧ ਸ਼ੈਣੀ ਦੇ ਕੇਸ ਤੋ ਅਪਣੇ ਆਪ ਨੂੰ ਵੱਖ ਕਰ ਲਿਆ ਹੈ,ਪ੍ਰੰਤੂ ਬਾਦਲ  ਦਾ ਕੌਮ ਦੇ ਖਿਲਾਫ ਭੁਗਤਣ ਦਾ ਸੱਚ ਇੱਕ ਵਾਰ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ।ਚਾਰ  ਦਹਾਕਿਆਂ ਤੱਕ ਸ੍ਰ ਪ੍ਰਕਾਸ਼ ਸਿਮਘ ਬਾਦਲ ਸਿੱਖ ਕੌਂਮ ਦੀਆਂ ਭਾਵਨਾਵਾਂ ਦਾ ਮੌਜੂ ਬਣਾ ਕੇ ਸਿਆਸੀ ਰੋਟੀਆਂ ਸੇਕਣ ਵਿੱਚ ਕਾਮਯਾਬ ਹੁੰਦਾ ਰਿਹਾ ਹੈ।ਪੰਜ ਵਾਰ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨੀ,ਇਹ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਈ ਹੈ,ਕਿਉਂਕਿ ਸ੍ਰ ਬਾਦਲ ਨੇ ਪਰਿਵਾਰ ਸਮੇਤ ਘੱਟ ਗਿਣਤੀਆਂ ਨੂੰ ਖਤਮ ਕਰਕੇ ਦੇਸ਼ ਚ ਹਿੰਦੂ ਰਾਸ਼ਟਰ ਬਨਾਉਣ  ਦੀ ਮੁਦਈ ਕੱਟੜ ਸੰਸਥਾ ਆਰ ਐਸ ਐਸ ਨੂੰ ਪਰਿਵਾਰ ਸਮੇਤ ਸੇਵਾਵਾਂ ਅਰਪਿਤ ਕੀਤੀਆਂ ਹੋਈਆਂ ਹਨ। ਇਹ ਕੋਈ ਪਹਿਲਾ ਮੌਕਾ ਨਹੀ ਜਦੋ ਸ੍ਰ ਪਰਕਾਸ਼ ਸਿੰਘ ਬਾਦਲ ਨੇ ਕੌਂਮੀ ਭਾਵਨਾਵਾਂ ਨੂੰ ਦਰਕਿਨਾਰ ਕੀਤਾ ਹੋਵੇ,ਬਲਕਿ ਅਪਣੇ ਲੋਕਾਂ ਦਾ ਘਾਣ ਤਾਂ ਸ੍ਰ ਬਾਦਲ ਦੇ ਹਿੱਸੇ ਵੀਹਵੀ ਸਦੀ ਦੇ ਸੱਤਵੇਂ ਦਹਾਕੇ ਦੇ ਉਸ ਮੌਕੇ ਤੋ ਹੀ ਆਇਆ ਹੋਇਆ ਹੈ ਜਦੋ ਉਹਨਾਂ ਨੇ ਪੰਜਾਬ ਦੀ ਨਕਸਲਬਾੜੀ ਲਹਿਰ ਨੂੰ ਖਤਮ ਕਰਨ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਪੰਜਾਬੀ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਸੀ।ਉਸ ਤੋ ਬਾਅਦ 1978 ਵਿੱਚ ਨਿਰੰਕਾਰੀ ਕਾਂਡ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਹੋਇਆ ਅਤੇ ਫਿਰ ਜੂਨ 1984 ਦੇ ਫੌਜੀ ਹਮਲੇ ਮੌਕੇ ਨਿਭਾਈ ਗਈ ਬਾਦਲ ਸਮੇਤ ਸਮੁੱਚੀ ਅਕਾਲੀ ਆਹਲਾਕਮਾਂਨ ਦੀ ਭੂਮਿਕਾ ਤੋ ਪੂਰਾ ਸੰਸਾਰ ਜਾਣੂ ਹੋ ਚੁੱਕਾ ਹੈ।ਏਸੇ ਤਰਾਂ ਨੌਵੇਂ ਦਹਾਕੇ ਵਿੱਚ ਜਦੋ ਸਿੱਖ ਖਾੜਕੂਆਂ ਦੇ ਨਾਮ ਤੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੁਲਿਸ ਮੁਖੀ ਕੇ ਪੀ ਐਸ ਗਿੱਲ ਵੱਲੋਂ ਪੰਜਾਬ ਦੀ ਸਮੁੱਚੀ ਜੁਆਨੀ  ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀ,ਤਾਂ ਉਹਦੇ ਵਿੱਚ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਕੇ ਪੀ ਐਸ ਗਿੱਲ ਦੀਆਂ ਰਾਤਾਂ ਦੇ ਹਨੇਰਿਆਂ ਚ ਹੁੰਦੀਆਂ ਖੂੰਨੀ ਮੀਟਿੰਗਾਂ ਇਤਿਹਾਸ ਦੇ ਕਾਲੇ ਪੰਨਿਆਂ ਚ ਦਰਜ ਹੋ ਚੁੱਕੀਆਂ ਹਨ।1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਨਣੀ ਜਿੱਥੇ ਆਰ ਐਸ ਐਸ ਨਾਲ ਵਫਾਦਾਰੀ ਦੇ 1994 ਦੇ ਲਿਖਤੀ ਅਹਿਦ ਕਾਰਨ ਸੰਭਵ ਹੋ ਸਕੀ,ਓਥੇ ਸਿੱਖ ਜੁਆਨੀ ਦੇ ਘਾਣ ਚ ਪਾਏ ਅਹਿਮ ਯੋਗਦਾਨ ਦੇ ਇਨਾਮ ਵਜੋਂ ਵੀ ਕੇਂਦਰੀ ਤਾਕਤਾਂ ਵੱਲੋਂ ਸੂਬੇ ਦੀ ਸੂਬੇਦਾਰੀ ਸ੍ਰ ਬਾਦਲ ਨੂੰ ਦਿੱਤੀ ਗਈ।ਸ੍ਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਤੇ ਉਹਨਾਂ ਦੀ ਇੱਕ ਵੀ ਪਾਰੀ ਅਜਿਹੀ ਨਹੀ ਜਿਸ ਵਿੱਚ ਉਹ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ  ਅਤੇ ਸਿੱਖਾਂ ਦੇ ਖਿਲਾਫ ਨਾ ਭੁਗਤੇ ਹੋਣ,ਉਹ ਭਾਂਵੇਂ ਡੇਰਾ ਸਿਰਸਾ ਮੁਖੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਾਉਣ ਦਾ ਮੁੱਦਾ ਹੋਵੇ,ਡੇਰਾ ਮੁਖੀ ਦੀ ਮੁਆਫੀ ਦਾ  ਮੁੱਦਾ ਹੋਵੇ,ਨੂਰ ਮਹਿਲੀਏ ਦਾ ਮੁੱਦਾ ਹੋਵੇ,ਜਾਂ ਫਿਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਲਗਾਤਾਰ ਹੋਈਆਂ ਬੇਅਦਬੀਆਂ ਦਾ ਮੁੱਦਾ ਹੋਵੇ, ਸ੍ਰ ਬਾਦਲ ਨੇ ਕਦੇ ਵੀ ਦਿੱਲੀ ਦੀਆਂ ਖੁਸ਼ੀਆਂ ਲੈਣ ਖਾਤਰ ਕੌਂਮੀ ਘਾਣ ਕਰਨ ਤੋ ਗੁਰੇਜ ਨਹੀ ਕੀਤਾ, ਉਹਨਾਂ ਨੇ ਅਪਣੀ ਹਰ ਪਾਰੀ ਵਿੱਚ ਸਿੱਖਾਂ ਦੇ ਖੂੰਨ ਨਾਲ ਹੱਥ ਰੰਗੇ ਹਨ,ਪਰ ਅਫਸੋਸ ! ਕਿ ਇਸ ਦੇ ਬਾਵਜੂਦ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਉਮਰ ਭਰ ਸਿੱਖਾਂ ਦੇ ਕੌਮੀ ਆਗੂ ਵਜੋ ਨੁਮਾਇੰਦਗੀ ਕਰਦਾ ਆ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਵਿੱਚ ਬਰਾਬਰ ਦਾ ਭਾਗੀਦਾਰ ਹੋਣ ਦੇ ਬਾਵਜੂਦ ਕਾਂਗਰਸ ਨੂੰ ਦੋਸ਼ੀ ਬਣਾ ਕੇ ਲਾਹਾ ਲੈਂਦਾ ਆ ਰਿਹਾ ਹੈ,ਜਿਸਨੂੰ ਸਿੱਖ ਸਮਝ ਹੀ ਨਾ ਸਕੇ।ਇਸ ਤੋ ਵੱਧ ਨਮੋਸੀ ਵਾਲੀ ਗੱਲ ਸਿੱਖ ਕੌਂਮ ਵਾਸਤੇ ਹੋਰ ਕੀ ਹੋ ਸਕਦੀ ਹੈ ਕਿ ਸਿੱਖਾਂ ਦੇ ਕਾਤਲ ਪੁਲਿਸ ਮੁਖੀ ਤੇ ਕਾਰਵਾਈ ਉਹ ਕਾਂਗਰਸ ਦੀ ਸਰਕਾਰ ਕਰ ਰਹੀ ਹੈ,ਜਿਸ ਤੇ ਸਿੱਖਾਂ ਦੀ ਦੁਸ਼ਮਣ ਹੋਣ ਦੇ ਦੋਸ਼ ਪ੍ਰਕਾਸ਼ ਸਿੰਘ ਬਾਦਲ ਲਾਕੇ ਸਾਰੀ ਉਮਰ ਸਿਆਸੀ ਲਾਹਾ ਲੈਂਦਾ ਆ ਰਿਹਾ ਹੈ ਅਤੇ ਸਿੱਖਾਂ ਦੇ ਕਾਤਲ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਆਪ ਖੁਦ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਬਾਦਲ  ਲਾ ਰਹੇ ਹਨ,ਜਿਹੜੇ ਸਿੱਖ ਕੌਂਮ ਦੀ ਨੁਮਾਂਇੰਦਗੀ ਕਰਦੇ ਹਨ।ਉਪਰੋਕਤ ਦੇ ਮੱਦੇਨਜਰ ਇਹ ਸੋਚਣਾ ਬਣਦਾ ਹੈ ਕਿ ਹੁਣ ਜਦੋ ਸ੍ਰ ਪਰਕਾਸ਼ ਸਿੰਘ ਬਾਦਲ ਉਮਰ ਦੇ ਅਖੀਰਲੇ ਪੜਾਅ ਚ ਪਹੁੰਚ ਚੁੱਕੇ ਹਨ ਤੇ ਉਹਨਾਂ ਦੇ ਸਾਰੇ ਕੱਚੇ ਚਿੱਠ ਜੱਗ ਜਾਹਰ ਵੀ ਹੋ ਚੁੱਕੇ ਹਨ,ਜਿਸ ਦੀ ਬਦੌਲਤ  2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਵੀ ਹੋਈ,ਪਰੰਤੂ ਇਸ ਦੇ ਬਾਵਜੂਦ ਵੀ ਬਾਦਲ ਪਰਿਵਾਰ ਨੇ ਕੋਈ ਸਬਕ ਨਹੀ ਲਿਆ।ਬੇਸ਼ੱਕ ਪਹਿਲਾਂ ਵੀ ਅਦਾਲਤਾਂ ਚ ਬਾਦਲ ਸਰਕਾਰ ਸਮੇ ਸਮੇ ਸੁਮੇਧ ਸ਼ੈਣੀ ਜਾਂ ਅਜਿਹੇ ਹੋਰ ਪੁਲਿਸ ਅਧਿਕਾਰੀਆਂ ਦੇ ਹੱਕ ਚ ਭੁਗਤ ਕੇ ਬਚਾਅ ਕਰਦੀ ਰਹੀ ਹੈ,ਜਿਹੜੇ ਸਿੱਖ ਜੁਆਨੀ ਦਾ ਘਾਣ ਕਰਨ ਦੇ ਦੋਸ਼ੀ ਹਨ,ਪ੍ਰੰਤੂ ਹੁਣ ਕੇਸ ਰਜਿਸਟਰ ਹੁੰਦਿਆਂ ਹੀ ਜਿਸਤਰਾਂ ਅਕਾਲੀ ਦਲ ਬਾਦਲ ਨੇ ਸੁਮੇਧ ਸ਼ੈਣੀ ਨੂੰ ਬਚਾਉਣ ਲਈ ਕਨੂੰਨੀ ਸੇਵਾਵਾਂ ਮੁਹੱਈਆਂ ਕਰਵਾਈਆਂ ਹਨ,ਉਹਨਾਂ ਨੇ ਨਵੇਂ ਸੁਆਲਾਂ ਨੂੰ ਜਨਮ ਦਿੱਤਾ ਹੈ। ਜਿਹੜੇ ਗੁਰਦੁਆਰਾ ਕਮਿਸ਼ਨ ਦਾ 80 ਫੀਸਦੀ ਖਰਚਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਝੱਲਦੀ ਹੋਵੇ ਅਤੇ ਜਿਹੜਾ ਬਣਿਆ ਹੀ ਸਿੱਖਾਂ ਦੀਆਂ ਗੁਰਦੁਆਰਾ ਪਰਬੰਧ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਹੋਵੇ, ਉਹ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਸਿੱਖਾਂ ਦੇ ਖਿਲਾਫ ਕਿਵੇਂ ਭੁਗਤ ਸਕਦਾ ਹੈ ? ਜਿਹੜੇ ਚੇਅਰਮੈਨ ਦੇ ਘਰੋਂ ਚੱਲਣ ਤੋ ਲੈ ਕੇ ਦਫਤਰ ਪਹੁੰਚਣ ਤੱਕ ਦਾ ਸਾਰਾ ਖਰਚਾ ਸਰੋਮਣੀ ਕਮੇਟੀ ਦੇ ਸਿਰ ਤੋ ਹੁੰਦਾ ਹੋਵੇ ਤੇ ਦਫਤਰ ਮੁਹੱਈਆ ਕਰਵਾਉਣ ਤੋ ਲੈ ਕੇ ਫ੍ਰਨੀਚਰ ਤੱਕ ਦਾ ਬੰਦੋਬਸਤ ਸਰੋਮਣੀ ਕਮੇਟੀ ਦਾ ਹੋਵੇ,ਜੇਕਰ ਉਹ ਚੇਅਰਮੈਨ ਸਿੱਖ ਕੌਂਮ ਦਾ ਖਾ ਕੇ ਸਿੱਖ ਦੁਸ਼ਮਣਾਂ ਦੇ ਹੱਕ ਚ ਭੁਗਤਦਾ ਹੈ,ਤਾਂ ਉਹਨਾਂ ਨੂੰ ਸਿੱਖ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹੂਲਤਾਂ ਕਿਉ ਦਿੱਤੀਆਂ ਜਾ ਰਹੀਆਂ ਹਨ  ?  ਕੀ ਇਹ ਸਾਰੇ ਵਰਤਾਰੇ ਤੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਵਾਕਫ ਨਹੀ ਸਨ ? ਕੀ ਪ੍ਰਧਾਨ ਸਕੱਤਰ ਇਹ ਨਹੀ ਜਾਣਦੇ ਸਨ ਕਿ ਉਪਰੋਕਤ ਚੇਅਰਮੈਨ ਇਸ ਤੋਂ ਪਹਿਲਾਂ ਵੀ ਅਜਿਹੇ ਪੁਲਿਸ ਅਧਿਕਾਰੀਆਂ ਦੇ ਕੇਸ ਲੜਦਾ ਰਿਹਾ ਹੈ,ਜਿਹੜੇ ਸਿੱਖ ਜੁਆਨੀ ਦਾ ਘਾਣ ਕਰਨ ਦੇ ਦੋਸ਼ੀ ਪਾਏ ਗਏ ਸਨ ? ਇਹ ਵੀ ਵੱਡਾ ਸੁਆਲ ਹੈ ਕਿ ਕੀ ਹੁਣ ਕੌਂਮ ਦੇ ਖਿਲਾਫ ਭੁਗਤਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਪ੍ਰਸਤ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ? ਉਪਰੋਕਤ ਹੋਰ ਵੀ ਬਹੁਤ ਸਾਰੇ ਸੁਆਲਾਂ ਨੂੰ  ਹੱਲ ਕਰਨ ਦੀ ਜੁੰਮੇਵਾਰੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਣਦੀ ਹੈ,ਕਿਉਕਿ ਸਿੱਖ ਅਵਾਮ ਦੀ ਟੇਕ  ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਹੈ। ਸੋ ਇਹ ਆਸ ਕਰਨੀ ਬਣਦੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਪੰਜਾਬ ਸਰਕਾਰ ਨੂੰ ਗੁਰਦੁਆਰਾ ਜੁੰਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੂੰ ਹਟਾਉਣ ਦੀ ਸਿਫਾਰਸ ਕਰਨਗੇ,ਓਥੇ ਸਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਰਪਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ,ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਸੱਤਨਾਮ ਸਿੰਘ ਕਲੇਰ ਅਤੇ ਅਕਾਲੀ ਦਲ ਦੇ ਕਨੂੰਨੀ ਸਲਾਹਕਾਰ ਅਰਸਦੀਪ ਸਿੰਘ ਕਲੇਰ ਦੇ ਖਿਲਾਫ ਸਿੱਖੀ ਰਹੁਰੀਤਾਂ ਅਨੁਸਾਰ ਬਣਦੀ ਕਾਰਵਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਕਾਇਮ ਰੱਖ ਸਕਣਗੇ।

ਬਘੇਲ ਸਿੰਘ ਧਾਲੀਵਾਲ
99142-58142

 ਭਾਂਰਤੀ ਮੀਡੀਏ ਵੱਲੋਂ ਦੇਸ਼ ਦੀ ਫਿਜਾ ਅੰਦਰ ਘੋਲੀ ਜਾ ਰਹੀ ਫਿਰਕੂ ਜਹਿਰ ਦੇ ਨਤੀਜੇ ਕਰੋਨਾ ਵਾਇਰਸ ਦੇ ਖਤਰਿਆਂ ਤੋ ਵੱਧ ਘਾਤਕ

ਮਾਮਲਾ ਹਜੂਰ ਸਾਹਿਬ ਤੋ ਆਏ ਸਿੱਖ ਸ਼ਰਧਾਲੂਆਂ ਦਾ

ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਸੰਦਰਭ ਵਿੱਚ ਮੀਡੀਏ ਅਤੇ ਸ਼ੋਸ਼ਲ ਮੀਡੀਏ ਦੀ ਭੂਮਿਕਾ ਕੋਈ ਬਹੁਤ ਸੁਹਿਰਦਤਾ ਵਾਲੀ ਨਹੀ ਮੰਨੀ ਜਾ ਸਕਦੀ।ਇਸ ਸਮੇ ਦੌਰਾਨ ਦੇਖਿਆ ਗਿਆ ਹੈ ਕਿ ਮੀਡੀਏ ਦਾ ਵੱਡਾ ਹਿੱਸਾ ਕਰੋਨਾ ਮਹਾਂਮਾਰੀ ਲਈ ਕੁੱਝ ਇੱਕ ਖਾਸ ਫਿਰਕਿਆਂ ਨੂੰ ਨਿਸਾਨਾ ਬਣਾਉਂਦਾ ਆ ਰਿਹਾ ਹੈ।ਪਿਛਲੇ ਦਿਨਾਂ ਤੋ ਜਿਹੜੇ ਸ਼ਰਧਾਲੂ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ ਤੋ ਵਾਪਸ ਪਰਤੇ ਹਨ,ਜਿਸਤਰਾਂ ਉਹਨਾਂ ਨੂੰ  ਬਦਨਾਮ ਕੀਤਾ ਜਾ ਰਿਹਾ ਹੈ,ਅਤੇ ਉਹਨਾਂ ਨਾਲ ਅਜਿਹਾ ਵਰਤਾਉ ਕੀਤਾ ਜਾ ਰਿਹਾ ਹੈ,ਜਿਵੇਂ ਉਹ ਸ਼ਰਧਾਲੂ ਨਾ ਹੋ ਕੇ ਅਤਵਾਦੀ ਹੋਣ,ਜਿਹੜੇ ਹਜੂਰ ਸਾਹਿਬ ਤੋ ਜਾਣਬੁੱਝ ਕੇ ਬਿਮਾਰੀ ਫੈਲਾਉਣ ਦੇ ਇਰਾਦੇ ਨਾਲ ਕਰੋਨਾ ਵਾਇਰਸ ਲੈ ਕੇ ਆਏ ਹੋਣ।ਸੋ ਅਜਿਹੇ ਮੌਕੇ ਮੀਡੀਏ ਦੀ ਭੂਮਿਕਾ ਸਾਰਥਿਕ ਹੋਣੀ ਚਾਹੀਦੀ ਹੈ,ਪ੍ਰੰਤੂ ਇੱਥੋ ਦਾ ਮੀਡੀਆ ਅਤੇ ਸ਼ੋਸ਼ਲ ਮੀਡੀਏ ਤੇ ਸਰਗਰਮ ਘੱਟ ਗਿਣਤੀ ਵਿਰੋਧੀ ਲਾਬੀ ਵੱਲੋਂ ਸਾਰੀ ਤਾਕਤ ਹਜੂਰ ਸਾਹਿਬ ਤੋ ਵਾਪਸ ਲਿਆਂਦੇ ਗਏ ਯਾਤਰੀਆਂ ਨੂੰ ਬਦਨਾਮ ਕਰਨ ਤੇ ਖਰਚ ਕੀਤੀ ਜਾ ਰਹੀ ਹੈ,ਜਦੋ ਕਿ ਕਰੋਨਾ ਪੌਜੇਟਿਵ ਪਾਏ ਗਏ ਯਾਤਰੀਆਂ ਦੀ ਅਸਲ ਸਚਾਈ ਸਬੰਧੀ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਨੇ ਸ਼ੋਸ਼ਲ ਮੀਡੀਏ ਤੇ ਵੀਡੀਓ ਸਾਂਝੀ ਕਰਕੇ ਵਿਸਥਾਰ ਨਾਲ ਦੱਸਿਆ ਹੈ ਕਿ ਨੰਦੇੜ ਸਹਿਰ ਵਿੱਚ ਇੱਕ ਵੀ ਕੇਸ ਕਰੋਨਾ ਦਾ ਨਹੀ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ,ਵੀਡੀਓ ਵਿੱਚ ਮੀਡੀਏ ਵੱਲੋਂ ਹਜੂਰ ਸਾਹਿਬ ਤੋ ਵਾਪਸ ਪਰਤੇ ਸ਼ਰਧਾਲੂਆਂ ਨੂੰ ਕਰੋਨਾ ਪੌਜੇਟਿਵ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਤੇ ਹੈਰਾਨੀ ਪਰਗਟ ਕਰਦਿਆਂ ਉਹਨਾਂ ਸਪੱਸਟ ਕੀਤਾ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਹਨਾਂ ਸੰਗਤਾਂ ਦੇ ਤਿੰਨ ਤਿੰਨ ਵਾਰੀ ਕਰੋਨਾ ਸਬੰਧੀ ਮੁਢਲੇ ਟੈਸਟ ਕੀਤੇ ਜਾ ਚੁੱਕੇ ਹਨ,ਪਰ ਕਿਸੇ ਵੀ ਵਿਅਕਤੀ ਵਿੱਚ ਅਜਿਹੇ ਲੱਛਣ ਨਹੀ ਪਾਏ ਗਏ,ਫਿਰ ਪੰਜਾਬ ਪਹੁੰਚਦਿਆਂ ਹੀ ਉਹ ਕਰੋਨਾ ਤੋ ਪੀੜਤ ਕਿਵੇਂ ਹੋ ਗਏ।ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸਿੱਖ ਸ਼ਰਧਾਲੂਆਂ ਨੂੰ ਜਾਣਬੁੱਝ ਕੇ ਨਿਸਾਨਾ ਬਣਾਏ ਜਾਣ ਤੇ ਸਾਜਿਸ਼ ਦਾ ਸੰਦੇਹ ਪਰਗਟ ਕੀਤਾ ਜਾ ਚੁੱਕਾ ਹੈ,ਉਧਰ ਹਜੂਰ ਸਾਹਿਬ ਤੋ ਵਾਪਸ ਪਰਤੇ ਸ਼ਰਧਾਲੂਆਂ ਨੇ ਸ਼ੋਸ਼ਲ ਮੀਡੀਏ  ਤੇ ਵੱਖ ਵੱਖ ਨਿਊਜ ਚੈਨਲਾਂ ਵੱਲੋਂ ਸ਼ਰਧਾਲੂਆਂ ਨੂੰ ਕਰੋਨਾ ਪੌਜੇਟਿਵ ਪਰਚਾਰੇ ਜਾਣ ਤੇ ਇਤਰਾਜ ਪਰਗਟ ਕਰਦਿਆਂ ਕਿਹਾ ਕਿ ਸਾਡੀ ਜਾਂਚ ਕੀਤੇ ਜਾਣ ਤੋ ਪਹਿਲਾਂ ਹੀ ਮੀਡੀਏ ਵੱਲੋਂ ਸਾਨੂੰ ਕਰੋਨਾ ਪੌਜੇਟਿਵ ਹੋਣ ਦੇ ਸਰਟੀਫਿਕੇਟ ਅਕਸਰ ਕੀਹਦੇ ਕਹਿਣ ਤੇ ਦਿੱਤੇ ਜਾ ਰਹੇ ਹਨ। ਕੋਈ ਸਮਾ ਹੁੰਦਾ ਸੀ ਜਦੋਂ ਲੋਕ ਭਾਰਤੀ ਮੀਡੀਏ ਦੀ ਭਰੋਸ਼ੇਯੋਗਤਾ ਚ ਯਕੀਨ ਰੱਖਦੇ ਸਨ। ਟੈਲੀਵਿਜਨ ਦਾ ਬਟਨ ਦਬਾਉਣ ਉਪਰੰਤ ਖਬਰਾਂ ਵਾਲੇ ਚੈਨਲ ਲੱਭਣ ਲੱਗ ਪੈਂਦੇ ਸਨ, ਤਾਂ ਕਿ ਦੇਸ਼ ਦੁਨੀਆਂ ਦੀ ਜਾਣਕਾਰੀ ਮਿਲ ਸਕੇ। ਹਰ ਪਾਸੇ ਦੀ ਸਹੀ ਜਾਣਕਾਰੀ,ਉਹ ਭਾਵੇਂ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਹੋਵੇ,ਦੇਸ਼ ਦੇ ਵੱਡੇ ਕਾਰੋਬਾਰੀਆਂ ਵੱਲੋਂ ਟੈਕਸ ਚੋਰੀ ਦੇ ਰੂਪ ਚ ਦੇਸ਼ ਦੀ ਆਰਥਿਕਤਾ ਦੀ ਕੀਤੀ ਜਾਂਦੀ ਲੁੱਟ ਦੀ ਗੱਲ ਹੋਵੇ, ਕਾਰਖਾਨੇਦਾਰਾਂ ਵੱਲੋਂ ਅਪਣੇ ਮੁਲਾਜਮਾਂ ਦੇ ਕੀਤੇ ਜਾਂਦੇ ਸ਼ੋਸ਼ਣ ਦੀ ਗੱਲ ਹੋਵੇ,ਜਾਂ ਫਿਰ ਸਿਆਸੀ ਪੁਸਤਪਨਾਹੀ ਨਾਲ ਪਲ ਰਹੇ ਡੇਰਾਵਾਦ ਦੀ ਗੱਲ ਹੋਵੇ,ਭਾਵ ਹਰ ਤਰਾਂ ਦੀ ਜਾਣਕਾਰੀ ਟੈਲੀਵਿਜਨ ਚੈਨਲਾਂ ਤੇ ਨਸਰ ਹੋ ਜਾਇਆ ਕਰਦੀ ਸੀ। ਮੀਡੀਏ ਦੀ ਭਰੋਸ਼ੇਯੋਗਤਾ ਖਤਮ ਕਰਨ ਅਤੇ ਅਪਣੇ ਹਿਤਾਂ ਲਈ ਇਸਤੇਮਾਲ ਕਰਨ ਖਾਤਰ ਦੇਸ਼ ਦੀ ਸ਼ਰਮਾਏਦਾਰ ਜਮਾਤ ਨੇ ਟੈਲੀਵਿਜਨ ਨੈਟਵਰਕ ਤੇ ਕਬਜਾ ਜਮਾ ਲਿਆ। ਰਾਸ਼ਟਰੀ ਟੀ ਵੀ ਚੈਨਲ ਜਾਂ ਤਾਂ ਦੇਸ਼ ਦੇ ਸਰਮਾਏਦਾਰ ਨੇ ਸਰਕਾਰ ਦੀ ਮਿਲੀਭੁਗਤ ਨਾਲ ਖਰੀਦ ਲਏ ਜਾਂ ਫਿਰ ਜਿਹੜੇ ਖਰੀਦੇ ਨਹੀ ਜਾ ਸਕੇ ਉਹਨਾਂ ਨੂੰ ਹਕੂਮਤੀ ਜਬਰ ਨਾਲ ਬੰਦ ਕਰਵਾ ਦਿੱਤਾ ਗਿਆ, ਲਿਹਾਜਾ ਲੋਕ ਪੱਖੀ ਮੀਡੀਏ ਦੇ ਯੁੱਗ ਦਾ ਅੰਤ ਹੋ ਗਿਆ। ਜਿਸ ਤਰਾਂ ਭਾਰਤੀ ਮੀਡੀਆ ਮੌਜੂਦਾ ਸਮੇਂ ਵਿੱਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ, ਉਹ ਸਮੁੱਚੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਬਲਕਿ ਦੇਸ਼ ਨੂੰ ਜਾਤਾਂ, ਨਸਲਾਂ, ਧਰਮਾਂ, ਮਜਹਬਾਂ ਵਿੱਚ ਵੰਡਣ ਵਾਲੀ ਜਮਾਤ ਦੀ ਸੋਚ ਨੂੰ ਹਵਾ ਦੇ ਕੇ ਦੇਸ਼ ਨੂੰ ਤੋੜਨ ਵਾਲੇ ਪਾਸੇ ਵੱਧ ਰਿਹਾ ਹੈ। ਜਿਸ ਤਰਾਂ ਬੀਤੇ 5-7 ਸਾਲਾਂ ਤੋਂ ਦੇਸ਼ ਦੇ ਹਾਲਾਤ ਬਣੇ ਹੋਏ ਹਨ, ਉਹਦੇ ਵਿੱਚ ਨਫਰਤ ਦੀ ਚਿੰਗਾਰੀ ਨੂੰ ਭਾਂਬੜ ਬਨਾਉਣ ਵਿੱਚ ਭਾਰਤੀ ਬਿਜਲਈ ਮੀਡੀਏ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ। ਲਿਹਾਜਾ ਦੇਸ਼ ਅੰਦਰ ਨਸਲੀ ਬਿਤਕਰੇਵਾਜੀ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਬਹੁਤ ਸਾਰੇ ਸੂਬੇ ਅਜਿਹੇ ਹਨ, ਜਿਥੇ ਧਰਮ ਦੇ ਨਾਮ ਤੇ, ਜਾਤਾਂ ਦੇ ਨਾਮ ਤੇ ਲੜਾਈਆਂ ਹੁੰਦੀਆਂ ਹਨ, ਦੰਗੇ ਹੁੰਦੇ ਹਨ। ਜਿਸ ਨੂੰ ਭਾਰਤੀ ਮੀਡੀਆ ਅੱਗ ਤੇ ਫੂਸ ਪਾਉਣ ਵਾਲੀ ਭੂਮਿਕਾ ਅਦਾ ਕਰਦਾ ਹੋਇਆ ਇਸ ਤਰਾਂ ਪੇਸ਼ ਕਰਦਾ ਹੈ, ਜਿਸ ਤੇ ਸੁਨਣ ਵਾਲੇ ਤੇ ਦੇਖਣ ਵਾਲੇ ਲੋਕਾਂ ਦੇ ਮਨਾਂ ਵਿੱਚ ਕਿਸੇ ਵਿਸ਼ੇਸ਼ ਫਿਰਕੇ ਜਾਂ ਜਾਤ ਪ੍ਰਤੀ ਨਫਰਤ ਪੈਂਦਾ ਹੋਣੀ ਸੁਭਾਵਿਕ ਹੁੰਦੀ ਹੈ। ਅਖੀਰ ਲੋਕ ਮਨਾਂ ਅੰਦਰ ਪੈਦਾ ਹੈਈ ਇਹ ਨਫਰਤ ਆਪਸੀ ਭਾਈਚਾਰਕ ਸਾਂਝਾਂ ਦੀ ਕਤਿਲ ਹੋ ਨਿਬੜਦੀ ਹੈ। ਸੋ ਇਸਤਰਾਂ ਦੀ ਫੁੱਟ ਪਾਊ ਭੂਮਿਕਾ ਅਦਾ ਕਰਦਾ ਭਾਰਤੀ ਮੀਡੀਆ ਇਕ ਖਾਸ ਜਮਾਤ ਦੇ ਫਿਰਕੂ ਏਜੰਡੇ ਤੇ ਕੰਮ ਕਰਦਾ ਪਰਤੀਤ ਹੁੰਦਾ ਹੈ। ਜਿਸ ਤਰਾਂ ਦੇਸ਼ ਦੇ ਹਾਲਾਤ ਬਣਾਏ ਜਾ ਰਹੇ ਹਨ,ਉਹ ਦਾ ਸਪਸ਼ਟ ਰੂਪ ਚ ਇਹ ਅਰਥ ਹੈ ਕਿ ਆਉਣ ਵਾਲੇ ਸਮੇ ਚ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ ਦੇ ਹੱਕ ਹਕੂਕਾਂ ਦਾ ਹੋਰ ਬੇਰਹਿਮੀ ਨਾਲ ਘਾਣ ਹੋਵੇਗਾ,ਉਦੋਂ ਭਗਵੇਂ ਬ੍ਰਿਗੇਡ ਦੇ ਮੀਡੀਆ ਵਿੰਗ ਵਜੋਂ ਵਿਚਰ ਰਹੇ ਭਾਰਤੀ ਮੀਡੀਏ ਦੀ ਭੂਮਿਕਾ ਜਮਹੂਰੀਅਤ ਤੇ ਇਨਸਾਫ ਪਸੰਦ ਲੋਕਾਂ ਦੀ ਨਜਰ ਵਿੱਚ ਲੋਕ ਵਿਰੋਧੀ ਅਤੇ ਫਿਰਕੂ ਸਰਮਾਏਦਾਰੀ ਜਮਾਤ ਪੱਖੀ ਹੋਵੇਗੀ। ਜੇਕਰ ਭਾਰਤੀ ਮੀਡੀਆ ਆਪਣੀ ਬਣਦੀ ਜੁੰਮੇਵਾਰੀ ਨੂੰ ਇਮਾਨਦਾਰੀ ਨਾਲ  ਜਾਤਾਂ, ਨਸਲਾਂ, ਧਰਮਾਂ ਤੋਂ ਉੱਪਰ ਉਠ ਕੇ ਨਿਭਾਉਣ ਲਈ ਪਾਬੰਦ ਹੁੰਦਾ ਤਾਂ ਜੋ ਦੇਸ਼ ਦੇ ਹਾਲਾਤ ਹੁਣ ਬਣ ਚੁੱਕੇ ਹੋਏ ਹਨ, ਸ਼ਾਇਦ ਉਹ ਨਾ ਬਣਦੇ। ਇਹ ਬੇਹੱਦ ਹੀ ਸ਼ਰਮਨਾਕ ਵਰਤਾਰਾ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਭਾਰਤ ਅੰਦਰ ਮੀਡੀਆ ਅਪਣੀਆਂ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਸਿੱਧੇ ਰੂਪ ਚ ਇੱਕ ਧਿਰ ਦੇ ਬੁਲਾਰੇ ਦੇ ਰੂਪ ਚ ਵਿਚਰਦਾ ਆ ਰਿਹਾ ਹੈ। ਬੇਸ਼ੱਕ ਸਾਰਾ ਸੰਸਾਰ ਹੀ ਪੈਸੇ ਦੀ ਦੌੜ ਚ ਇੱਕ ਦੂਸਰੇ ਤੋਂ ਅਗੇ ਨਿਕਲਣ ਲਈ ਯਤਨਸ਼ੀਲ ਹੈ, ਪ੍ਰੰਤੂ ਜਿਸ ਤਰਾਂ ਭਾਰਤੀ ਮੀਡੀਏ ਨੇ ਆਪਣੇ ਉੱਚੇ ਸੁੱਚੇ ਅਦਰਸ਼ਾਂ ਨੂੰ ਪਦਾਰਥ ਅਤੇ ਸੁਆਰਥ ਪਿੱਛੇ ਤਿਆਗ ਦਿੱਤਾ ਹੈ, ਅਜਿਹੀ ਮਿਸ਼ਾਲ ਦੁਨੀਆਂ ਦੇ ਹੋਰ ਕਿਸੇ ਖਿਤੇ ਵਿੱਚ ਨਹੀਂ ਮਿਲਦੀ। ਰਾਸ਼ਟਰੀ ਟੈਲੀਵਿਜਨ ਚੈਨਲਾਂ ਦੇ ਪੱਤਰਕਾਰ, ਐਂਕਰ ਜਦੋਂ ਕਿਸੇ ਵਿਰੋਧੀ ਵਿਚਾਰਾਂ ਵਾਲੇ ਵਿਅਕਤੀ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਤਾਂ ਇੰਜ ਜਾਪਦਾ ਹੈ ਕਿ ਕੋਈ ਪੱਤਰਕਾਰ ਨਹੀਂ, ਬਲਕਿ ਕੋਈ ਕਿਸੇ ਖਾਸ ਧਿਰ ਦਾ ਨੁਮਾਇੰਦਾ ਪੱਤਰਕਾਰੀ ਦੇ ਡਰ ਅਤੇ ਰੋਹਬ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਚਿੱਤ ਕਰਨਾ ਚਾਹੁੰਦਾ ਹੈ, ਅਜਿਹਾ ਵਰਤਾਰਾ ਭਾਰਤੀ ਟੀ ਵੀ ਚੈਨਲਾਂ ਤੇ ਆਮ ਦੇਖਣ ਸੁਨਣ ਨੂੰ ਮਿਲਦਾ ਹੈ। ਹਰ ਗੱਲ,ਹਰ ਮੁੱਦੇ ਤੇ ਨਸਲੀ ਵਿਤਕਰੇ ਭਰੀ ਪੱਤਰਕਾਰੀ ਨਾਲ ਕਿਸੇ ਇੱਕ ਫਿਰਕੇ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਹੈ, ਫਿਰ ਉਸ ਮੁੱਦੇ ਤੇ ਡਿਬੇਟ ਕਰਵਾਈ ਜਾਂਦੀ ਹੈ, ਡਿਬੇਟ ਵਿੱਚ ਇੱਕ ਨੁਮਾਇੰਦਾ ਉਸ ਪੀੜਤ ਧਿਰ ਦਾ ਸ਼ਾਮਲ ਕੀਤਾ ਜਾਂਦਾ ਹੈ, ਜਿਹੜੀ ਭਾਰਤੀ ਤੰਤਰ ਦੇ ਨਿਸ਼ਾਨੇ ਤੇ ਹੈ ਤੇ ਬਾਕੀ ਦੇ ਤਿੰਨ ਜਾਂ ਚਾਰ ਵਿਅਕਤੀ ਹੋਰ ਅਜਿਹੇ ਲੱਭ ਕੇ ਚੈਨਲ ਤੇ ਬਿਠਾਏ ਜਾਂਦੇ ਹਨ, ਜਿਹੜੇ ਪੀੜਤ ਵਿਅਕਤੀ ਨੂੰ ਬੋਲਣ ਤੱਕ ਨਹੀਂ ਦਿੰਦੇ, ਜੇਕਰ ਕਿਤੇ ਗਲਤੀ ਨਾਲ ਉਪਰੋਕਤ ਵਿਅਕਤੀ ਉਹਨਾਂ ਦੇ ਪੱਖਪਾਤੀ ਵਰਤਾਰੇ ਦੀ ਨਿਖੇਧੀ ਕਰਨ ਦੀ ਭੁੱਲ ਕਰ ਬੈਠਦਾ ਹੈ ਜਾਂ ਉਸ ਨਫਰਤੀ ਭੀੜ ਦੇ ਰੌਲੇ ਰੱਪੇ ਚੋ ਕੁਝ ਉੱਚੀ ਅਵਾਜ ਵਿੱਚ ਬੋਲਕੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਬੰਧਤ ਟੀ ਵੀ ਚੈਨਲ ਦਾ ਪੱਤਰਕਾਰ ਐਨੀ ਨਫਰਤ ਅਤੇ ਗੁੱਸੇ ਭਰੇ ਅੰਦਾਜ ਵਿੱਚ ਚੁੱਪ ਰਹਿਣ ਦੀ ਚਿਤਾਵਨੀ ਦਿੰਦਾ ਹੈ, ਜਿਸ ਤੇ ਟੀ.ਵੀ ਦੇਖਣ ਵਾਲੇ ਦਰਸ਼ਕ ਵੀ ਭੈਅ ਭੀਤ ਹੋ ਜਾਂਦੇ ਹਨ। ਇਹ ਵਰਤਾਰਾ ਅੱਜ ਕੱਲ ਟੀ.ਵੀ ਚੈਨਲਾਂ ਤੇ ਆਮ ਸੁਭਾਵਿਕ ਹੀ ਦੇਖਣ ਨੂੰ ਮਿਲਦਾ ਹੈ। ਭਾਰਤੀ ਮੀਡੀਆ ਇਸ ਕਦਰ ਆਪਣੇ ਅਸੂਲਾਂ ਤੋਂ ਹੇਠਾਂ ਆ ਗਿਆ ਹੈ ਕਿ ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੂੰ ਵੀ ਇੱਕ ਵਿਸ਼ੇਸ਼ ਫਿਰਕੇ ਸਿਰ ਮੜਨ ਲਈ ਦਿਨ ਰਾਤ ਪੱਬਾਂ ਭਾਰ ਹੋਇਆ ਰਹਿੰਦਾ ਹੈ। ਦਿਲੀ ਦੀ ਘਟਨਾ ਕਿਸੇ ਤੋਂ ਭੁੱਲੀ ਨਹੀਂ ਜਿਥੇ ਮੁਸਲਮ ਭਾਈਚਾਰੇ ਦੀ ਇੱਕ ਜਮਾਤ ਵੱਲੋਂ ਇਸ ਬਿਮਾਰੀ ਫੈਲਣ ਦੇ ਸ਼ੁਰੂਆਤੀ ਦਿਨਾਂ ਵਿੱਚ ਅਪਣਾ ਇੱਕ ਸਲਾਨਾ ਸਮਾਗਮ ਕੀਤਾ ਸੀ,ਜਿਸ ਵਿੱਚ ਸ਼ਾਮਿਲ ਹੋਣ ਵਾਲੇ ਬਹੁਤ ਸਾਰੇ ਲੋਕ ਇਤਫਾਕ ਨਾਲ ਕਰੋਨਾ ਦੇ ਲੌਕ ਡਾਉਨ ਚ ਫਸ ਗਏ ਸਨ।ਭਾਰਤੀ ਮੀਡੀਏ ਨੇ ਉਸ ਜਮਾਤ ਨੂੰ ਨਿਸ਼ਾਨਾ ਬਣਾ ਕੇ ਜਿਸ ਤਰਾਂ ਮੁਸਲਿਮ ਭਾਈਚਾਰੇ ਨੂੰ ਬਦਨਾਮ ਕੀਤਾ, ਉਹ ਸਭ ਦੇ ਸਾਹਮਣੇ ਹੈ, ਜਦੋਂ ਕਿ ਅਸਲੀਅਤ ਮੀਡੀਏ ਦੀਆਂ ਰਿਪੋਰਟਾਂ ਤੇ ਬਿਲਕੁਲ ਹੀ ਵੱਖਰੀ ਰਹੀ ਹੈ। ਏਸੇ ਤਰਾਂ ਵਿਦੇਸ਼ਾਂ ਤੋ ਪੰਜਾਬ ਚ ਆਏ ਵਿਦੇਸ਼ੀ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਇਆ ਗਿਆ, ਸਿੱਖਾਂ ਦੇ ਤਿਉਹਾਰ ਹੋਲੇ ਮੁਹੱਲੇ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ,ਇਹ ਸਮਝ ਤੋ ਬਾਹਰ ਹੈ ਕਿ ਅਕਸਰ ਅਜਿਹੀ ਸੋਚ ਨੂੰ ਕਿਉਂ ਤੂਲ ਦਿੱਤਾ ਜਾ ਰਿਹਾ ਹੈ,ਜਿਹੜੀ ਇਸ ਕੁਦਰਤ ਦੀ ਮਾਰ ਸਮੇ ਵੀ ਲੋਕਾਂ ਵਿੱਚ ਦਹਿਸਤ ਦਾ ਮਹੌਲ ਸਿਰਜ ਕੇ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਯਤਨਸ਼ੀਲ ਹੈ,ਜਦੋਂ ਕਿ ਅਜਿਹੀ ਕੁਦਰਤੀ ਕਰੋਪੀ ਤੋਂ ਮਨੁੱਖ ਨੂੰ ਸਬਕ ਸਿੱਖਣ ਦੀ ਜਰੂਰਤ ਹੈ,ਪਰ ਅਫਸੋਸ ਕਿ ਨਫਰਤੀ ਸਿਆਸਤ ਅਤੇ ਸ਼ਰਮਾਏਦਾਰੀ ਗੱਠਜੋੜ ਦੇ ਹੱਥਾਂ ਦੀ ਕਠਪੁਤਲੀ ਬਣੇ ਭਾਰਤੀ ਮੀਡੀਏ ਵੱਲੋਂ ਦੇਸ਼ ਦੀ ਸਾਂਤ ਫਿਜਾ ਅੰਦਰ ਅਜਿਹੀ ਫਿਰਕੂ ਜਹਿਰ ਘੋਲੀ ਜਾ ਰਹੀ ਹੈ,ਜਿਸ ਦੇ ਨਤੀਜੇ ਕਰੋਨਾ ਵਾਇਰਸ ਦੇ ਖਤਰਿਆਂ ਤੋ ਵੱਧ ਘਾਤਕ ਸਿੱਧ ਹੋ ਸਕਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

ਚਾਲੀ ਮੁਕਤਿਆਂ ਦੀ ਸ਼ਹਾਦਤ : ਮਾਘੀ ਦਾ ਤਿਉਹਾਰ ਜਾਂ ਕੌਂਮ ਲਈ ਸਵੈ ਪੜਚੋਲ ਦਾ ਦਿਹਾੜਾ - ਬਘੇਲ ਸਿੰਘ ਧਾਲੀਵਾਲ

ਹਰ ਇੱਕ ਕੌਮ ਦੀ ਅਪਣੀ ਅਪਣੀ ਵਿਲੱਖਣਤਾ ਹੁੰਦੀ ਹੈ,ਅਪਣਾ ਅਪਣਾ ਇਤਿਹਾਸ ਹੁੰਦਾ ਹੈ।ਕਿਸੇ ਕੌਂਮ ਨੇ ਤੰਗ ਦਿਲ ਹਾਕਮਾਂ ਦੇ ਅਕਿਹ ਅਸਿਹ ਜੁਲਮਾਂ ਦਾ ਸ਼ਿਕਾਰ ਹੋਣ ਤੋ ਬਾਅਦ ਅਪਣਾ ਇਤਿਹਾਸ ਬੌਧਕਿਤਾ ਦੀ ਸ਼ਿਆਹੀ ਨਾਲ ਲਿਖਿਆ ਹੁੰਦਾ ਹੈ,ਤਾਂ ਕਰਕੇ ਉਹਨਾਂ ਦੀ ਵਿਲੱਖਣਤਾ ਹੁੰਦੀ ਹੈ,ਕਿਸੇ ਕੌਂਮ ਨੇ ਮਿਥਾਂ ਨੂੰ ਅਪਣੀ ਸੂਝ ਸਿਆਣਪ ਅਤੇ ਦੂਰ ਅੰਦੇਸੀ ਨਾਲ ਇਤਿਹਾਸ ਵਿੱਚ ਬਦਲਣ ਦੀ ਮੁਹਾਰਤ ਹਾਸਿਲ ਕੀਤੀ ਹੁੰਦੀ ਹੈ,ਤਾਂ ਕਰਕੇ ਉਹਨਾਂ ਦੀ ਹੋਰਾਂ ਕੌਂਮਾਂ ਦੇ ਮੁਕਾਬਲੇ ਵਿਲੱਖਣਤਾ ਹੁੰਦੀ ਹੈ।ਕੋਈ ਕੌਂਮ ਪਰਚਾਰ ਪਾਸਾਰ ਵਿੱਚ ਐਨੀ ਮਾਹਰ ਹੁੰਦੀ ਹੈ ਕਿ ਉਹਨਾਂ ਦਾ ਹਰ ਪਾਸੇ ਬੋਲ ਬਾਲਾ  ਹੋ ਜਾਂਦਾ ਹੈ,ਅਪਣੇ ਧਰਮ ਨੂੰ ਮਹਿਜ ਇੱਕੋ ਇੱਕ ਕੁਰਬਾਨੀ  ਦੇ ਸਿਰ ਤੇ ਸੰਸਾਰ ਪੱਧਰ ਤੇ ਲੈ ਕੇ ਜਾਣਾ ਵੀ ਅਪਣੇ ਆਪ ਵਿੱਚ ਇੱਕ ਵਿਲੱਖਣਤਾ ਹੀ ਹੈ।ਭਾਵ ਹਿੰਦੂ ਮੁਸਲਿਮ,ਈਸਾਈ ਯਹੂਦੀ ਆਦਿ ਕੌਂਮਾਂ ਨੇ ਅਪਣੇ ਵੱਖੋ ਵੱਖਰੇ ਨਜਰੀਏ ਨਾਲ ਅਪਣੇ ਧਰਮ ਦਾ,ਅਪਣੀ ਕੌਂਮ ਦਾ ਵਿਸਥਾਰ ਕੀਤਾ ਹੈ,ਪ੍ਰੰਤੂ ਕੁੱਲ ਦੁਨੀਆਂ ਵਿੱਚ ਸਿੱਖ ਕੌਂਮ ਹੀ ਇੱਕੋ ਇੱਕ ਅਜਿਹੀ ਕੌਂਮ ਹੈ,ਜਿਸ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਫਿਰਕੇ,ਕਬੀਲੇ,ਕੌਂਮ ਦੇ ਇਤਿਹਾਸ ਨਾਲ ਮੇਲ ਨਹੀ ਖਾਂਦਾ।ਉਪਰ ਲਿਖੇ ਗਏ ਵੱਖ ਵੱਖ ਕੌੰਮਾਂ ਦੀ ਵਿਲੱਖਣਤਾ ਨਾਲੋਂ ਸਿੱਖ ਕੌਂਮ ਦੀ ਵਿਲੱਖਣਤਾ ਦਾ ਸੱਚਮੁੱਚ ਹੀ  ਵਿਸ਼ੇਸ ਤੌਰ ਤੇ ਜਿਕਰ ਕਰਨਾ ਬਣਦਾ ਹੈ,ਕਿਉਂਕਿ ਕਿਸੇ ਨੇ ਅਪਣਾ ਇਤਿਹਾਸ ਬੌਧਕਿਤਾ ਨਾਲ ਵਿਲੱਖਣ ਬਨਾਉਣ ਦਾ ਯਤਨ ਕੀਤਾ ਹੈ ਅਤੇ ਕਿਸੇ ਨੇ ਕਿਸੇ ਹੋਰ ਢੰਗ ਦੀ ਵਰਤੋਂ ਕੀਤੀ ਹੈ,ਪਰ ਸਿੱਖ ਕੌਂਮ ਨੇ ਅਪਣਾ ਇਤਿਹਾਸ ਖੂਨ ਦੀ ਸ਼ਿਆਹੀ ਨਾਲ ਲਿਖਿਆ ਹੀ ਨਹੀ,ਬਲਕਿ ਸਾਰਾ ਸਿੱਖ ਇਤਿਹਾਸ ਖੂੰਨ ਨਾਲ ਲੱਥਪੱਥ ਹੈ,ਏਥੇ ਹੀ ਬੱਸ ਨਹੀ ਹੀ ਬਲਕਿ ਸਿੱਖ ਕੌਂਮ ਕੋਲ ਅਜਿਹੇ ਸਰਬ ਸਾਂਝਿਵਾਲਤਾ ਦੇ ਸਿਧਾਂਤ ਹਨ,ਜਿਹੜੇ ਨਫਰਤ ਦੇ ਵਰਤਾਰੇ ਵਿੱਚ ਬੀ ਸਰਬੱਤ ਦੇ ਭਲੇ ਦਾ ਬੋਲ ਬਾਲਾ ਕਰਨ ਦੇ ਸਮਰੱਥ ਹਨ,ਉਸ ਤੋ ਵੀ ਅੱਗੇ ਇੱਕ ਅਜਿਹਾ ਗੁਰ ਗਿਆਂਨ ਦਾ ਭੰਡਾਰਾ ਹੈ,ਜਿਹੜਾ ਪੂਰੀ ਦੁਨੀਆਂ ਵਿੱਚ ਵੰਡੇ ਜਾਣ ਦੇ ਬਾਵਜੂਦ ਵੀ ਮੁੱਕਣ ਵਾਲਾ ਨਹੀ ਹੈ,ਉਹ ਹੈ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਭੰਡਾਰ,ਜਿਸ ਅੰਦਰ ਕੁਲ ਆਲਮ ਨੂੰ ਇੱਕੋ ਜਿਹੀ ਸੂਝ ਸਿਆਣਪ ਦੀ ਬਖਸ਼ਿਸ਼ ਕਰਕੇ ਸੰਸਾਰ ਪੱਧਰ ਤੇ ਹਲੇਮੀ ਰਾਜ ਸਥਾਪਤ ਕਰਨ ਦੀ ਸਮਰੱਥਾ ਹੈ।ਅਜਿਹੀ ਵਲੱਖਣ ਕੌਂਮ ਦੇ ਤਿਉਹਾਰਾਂ ਦੀ ਵੀ ਅਪਣੀ ਵਿਲੱਖਣਤਾ ਅਤੇ ਮਹੱਤਤਾ ਹੈ। ਸਿੱਖ ਧਰਮ ਦਾ ਕੋਈ ਵੀ ਤਿਉਹਾਰ ਕੁਰਬਾਨੀਆਂ ਤੋ ਅਭਿੱਜ ਨਹੀ ਹੈ।ਅਜਿਹੀ ਮਿਸ਼ਾਲ ਵੀ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ ਕਿ ਕਿਸੇ ਵੀ ਕੌਂਮ ਦੇ ਕੌਂਮੀ ਤਿਉਹਾਰ ਸਮੁੱਚੇ ਰੂਪ ਵਿੱਚ ਅਜਿਹੇ ਪੁਰਖਿਆਂ ਦੀਆਂ ਅਦੁੱਤੀ ਸ਼ਹਾਦਤਾਂ ਦੇ ਇਤਿਹਾਸ ਦੀ ਗਾਥਾ ਸੁਣਾਉਂਦੇ ਹੋਣ। ਇਹ ਸਿੱਖ ਕੌਂਮ ਦੇ ਹਿੱਸੇ ਹੀ ਆਇਆ ਹੈ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਸ਼ਹਾਦਤ ਨਾਲ ਜੁੜਿਆ ਹੁੰਦਾ ਹੈ। ਭਾਵੇਂ ਬੀਤੇ ਮਹੀਨੇ ਦਸੰਬਰ ਦੇ ਆਖਰੀ ਹਫਤੇ ਦੀ ਗੱਲ ਹੋਵੇ,ਜਾਂ ਜਨਵਰੀ ਮਹੀਨੇ ਵਿੱਚ ਮੁਕਤਸਰ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਮਾਘੀ ਦੇ ਤਿਉਹਾਰ ਦੀ ਗੱਲ ਹੋਵੇ,ਕੌਂਮ ਇਹਨਾਂ ਦਿਹਾੜਿਆਂ ਤੇ ਅਪਣੇ ਪੁਰਖਿਆਂ ਦੀ ਯਾਦ ਤਾਜਾ ਕਰਦੀ ਹੈ। ਮਾਘੀ ਦਾ ਤਿਉਹਾਰ ਵੀ ਖਿਦਰਾਣੇ ਦੀ ਢਾਬ ਤੇ ਸੂਬਾ ਸਰਹੰਦ ਦੀਆਂ ਫੌਜਾਂ ਨਾਲ ਟੱਕਰ ਲੈਣ ਵਾਲੇ ਉਹਨਾਂ 40 ਸਿੱਖ ਸੂਰਮਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ,ਜਿਹੜੇ ਪਹਾੜੀ ਰਾਜਿਆਂ ਅਤੇ ਔਰੰਗਜੇਬ ਦੀਆਂ ਫੌਜਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ  ਪਾਏ ਲੰਮੇ ਘੇਰੇ ਸਮੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਗੁਰੂ ਦਾ ਸ਼ਾਥ ਛੱਡ ਕੇ  ਚਲੇ ਗਏ ਸਨ,ਪ੍ਰੰਤੂ ਉਹਨਾਂ ਦੇ ਅੰਦਰਲੀ ਖਾਲਸ਼ਾਹੀ ਅਣਖ ਗੈਰਤ ਨੇ ਉਹਨਾਂ ਨੂੰ ਝਜੋੜਿਆ ਅਤੇ ਉਹ ਮਾਈ ਭਾਗੋ ਦੀ ਅਗਵਾਈ ਵਿੱਚ ਫਿਰ ਗੁਰੂ ਸਾਹਿਬ ਕੋਲ ਵਾਪਸ ਜਾ ਰਹੇ ਸਨ ਕਿ ਗੁਰੂ ਸਾਹਿਬ ਤੋ ਕੁੱਝ ਕੁ ਦੂਰੀ ਤੇ ਪਿੱਛੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਬਿਲਕੁਲ ਨਜਦੀਕ ਪਹੁੰਚ ਗਈਆਂ ਹਨ ਤਾਂ ਉਹਨਾਂ ਫੈਸਲਾ ਕੀਤਾ ਸੀ ਕਿ ਐਥੇ ਹੀ ਮੋਰਚੇ ਮੱਲ ਕੇ ਮੁਗਲ ਫੌਜਾਂ ਨਾਲ ਦੋ ਦੋ ਹੱਥ ਕੀਤੇ ਜਾਣ ਤੇ ਉਹਨਾਂ ਨੂੰ ਗੁਰੂ ਸਾਹਿਬ ਤੱਕ ਪਹੁੰਚਣ ਹੀ ਨਾ ਦਿੱਤਾ ਜਾਵੇ।ਸੋ ਅੱਤ ਦੀ ਗਰਮੀ ਵਿੱਚ ਹੋਈ ਗਹਿਗੱਚ ਲੜਾਈ ਵਿੱਚ ਉਹਨਾਂ ਚਾਲੀ ਸਿੱਖਾਂ ਨੇ ਅਜਿਹੇ ਹੱਥ ਦਿਖਾਏ ਕਿ ਮੁਗਲ ਫੌਜਾਂ ਨੂੰ ਵਾਪਸ ਭੱਜ ਜਾਣ ਵਿੱਚ ਹੀ ਭਲਾਈ ਜਾਪੀ।ਸੋ ਸਿੱਖਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਖਿਦਰਾਣੇ ਦੀ ਢਾਬ ਉਹਨਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ,ਜਿਹੜੇ ਰਹਿੰਦੀ  ਦੁਨੀਆ ਤੱਕ ਸੰਸਾਰ ਦੇ ਲੋਕਾਂ ਨੂੰ ਤਾਂ ਅਚੰਭਤ ਕਰਦੇ ਹੀ ਰਹਿਣਗੇ ਸਗੋ ਸਿੱਖ ਕੌਂਮ ਦੀਆਂ ਆਉਣ ਵਾਲੀਆਂ ਨਸਲਾਂ ਅੰਦਰ ਅਪਣੀ ਕੌਂਮ,ਅਪਣੇ ਧਰਮ ਅਤੇ ਹੱਕ ਸੱਚ ਇਨਸਾਫ ਖਾਤਰ ਕੁਰਬਾਨ ਹੋ ਜਾਣ ਦੀ ਤਾਂਘ ਬਣਾਈ ਰੱਖਣ ਅਤੇ ਕੁਰਬਾਂਨ ਹੋਣ ਦੀ ਭਾਵਨਾ ਨੂੰ ਜਿਉਂਦੀ ਰੱਖਣ ਲਈ ਪ੍ਰੇਰਨਾ ਸਰੋਤ ਵੀ ਬਣੇ ਰਹਿਣਗੇ।ਸੋ ਮਾਝੇ ਦੇ ਉਹਨਾਂ ਚਾਲੀ ਸ਼ਹੀਦ ਸਿੰਘਾਂ (ਮੁਕਤਿਆਂ) ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਕੌਂਮ ਨੂੰ ਜਿੱਥੇ ਇਹਨਾਂ ਮਹਾਂਨ ਪੁਰਖਿਆਂ ਦੀਆਂ ਸ਼ਹਾਦਤਾਂ ਤੋ ਪਰੇਰਨਾ ਲੈਣ ਦੀ ਜਰੂਰਤ ਹੈ,ਓਥੇ ਆਏ ਦਿਨ ਵਧ ਰਹੀ ਨਿੱਜ ਪ੍ਰਸਤੀ,ਆਚਰਣ ਚ ਗਿਰਾਬਟ, ਲੋਭ ਲਾਲਸਾ ਵੱਸ ਹੋਕੇ ਦੁਸ਼ਮਣ ਤਾਕਤਾਂ ਨਾਲ ਸਾਂਝ ਭਿਆਲੀ ਅਤੇ ਆਪਸੀ ਪਾਟੋਧਾੜ ਦੇ ਮੱਦੇਨਜਰ ਸਵੈ ਪੜਚੋਲ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਫਿਰ ਹੀ ਪੁਰਖਿਆਂ ਦੀਆਂ ਮਹਾਂਨ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਣੇ ਸਾਰਥਿਕ ਸਿੱਧ ਹੋ ਸਕਣਗੇ।

ਬਘੇਲ ਸਿੰਘ ਧਾਲੀਵਾਲ
99142-58142

ਕੀ ਮੌਜੂਦਾ ਅਕਾਲੀ ਦਲ ਮੁੜ ਤੋ ਪੰਥ ਦੀ ਪਹਿਰੇਦਾਰੀ ਵਾਲਾ ਸਰੋਮਣੀ ਅਕਾਲੀ ਦਲ ਬਣ ਸਕੇਗਾ ? - ਬਘੇਲ ਸਿੰਘ ਧਾਲੀਵਾਲ

ਸ਼ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਸਿੱਖ ਜਥੇਬੰਦੀ ਹੈ,ਜਿਹੜੀ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਪ੍ਰਧਾਨਗੀ ਹੇਠ ਬੁਲਾਏ ਇਕੱਠ ਵਿੱਚ ਜਥੇਦਾਰ ਝੱਬਰ ਵੱਲੋਂ ਇੱਕ ਪੰਥਕ ਪਾਰਟੀ ਦੇ ਗਠਨ ਦੀ ਰੱਖੀ ਗਈ ਤਜਵੀਜ ਨਾਲ ਹੋਂਦ ਵਿੱਚ ਆਈ।ਜਥੇਦਾਰ ਝੱਬਰ ਵੱਲੋਂ ਰੱਖੀ ਤਜਵੀਜ ਵਿੱਚ ਇਹ ਸੁਝਾਅ ਦਿੱਤੇ ਗਏ ਸਨ ਕਿ ਗੁਰਦੁਆਰਿਆਂ ਦੇ ਪਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਦੀ ਲੋੜ ਹੈ,ਇਸ ਲਈ ਅਜਿਹੀ ਸਿੱਖ ਜਥੇਬੰਦੀ ਕਾਇਮ ਕੀਤੀ ਜਾਵੇ,ਜਿਹੜੀ ਕੌਂਮ ਨੂੰ ਸਮਰਪਿਤ ਹੋਵੇ।ਉਹਨਾਂ ਵੱਲੋਂ ਰੱਖੇ ਗਏ ਸੁਝਾਵਾਂ ਵਿੱਚ ਇਹ ਜੋਰ ਦੇਕੇ ਕਿਹਾ ਗਿਆ ਸੀ ਕਿ ਇਸ ਪਾਰਟੀ ਦੇ ਸੇਵਕ ਸਾਲ ਵਿੱਚ ਘੱਟੋ ਘੱਟ ਇੱਕ ਮਹੀਨਾ ਪਾਰਟੀ ਨੂੰ ਸਮੱਰਪਿਤ ਹੋਣ।ਇਸ ਪਾਰਟੀ ਦਾ ਕੇਂਦਰ ਸ੍ਰੀ ਅਮ੍ਰਿਤਸਰ ਹੋਵੇਗਾ।ਸੋ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਉਸ ਮੌਕੇ ਸਿੱਖ ਸੇਵਕਾਂ ਦੀ ਭਾਵਨਾ ਕਿੰਨੀ ਪਾਕ ਸਾਫ ਸੀ,ਜਿੰਨਾਂ ਨੇ ਗੁਰਦੁਆਰਾ ਪਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਦੀ ਲੋੜ ਨੂੰ ਭਾਂਪਦਿਆ ਜਥੇਬੰਦੀ ਬਨਾਉਣ ਦਾ ਫੈਸਲਾ ਕੀਤਾ।ਜੇਕਰ ਇਸ ਪੰਥਕ ਜਜ਼ਬੇ ਨਾਲ ਲਬਰੇਜ਼ ਪਾਰਟੀ ਦੇ ਕਾਇਮੀ ਸਮੇ ਲਏ ਗਏ ਫੈਸਲਿਆਂ ਤੇ ਝਾਤ ਮਾਰੀ ਜਾਵੇ,ਤਾਂ ਇਹ ਸੱਚਮੁੱਚ ਹੀ ਕੌਂਮੀ ਹਿਤਾਂ ਨੂੰ ਪਰਨਾਈ ਹੋਈ ਜਥੇਬੰਦੀ ਸੀ ਜਿਸ ਨੇ ਕੌਂਮੀ ਹਿਤਾਂ ਦੇ ਮੱਦੇਨਜਰ ਭਵਿਖੀ ਫੈਸਲੇ ਲੈਣੇ ਸਨ।ਬੇਸ਼ੱਕ ਅਕਾਲੀਆਂ ਵਿੱਚ ਮੁੱਢ ਤੋਂ ਹੀ ਪਾਟੋਧਾੜ ਵਾਲੀ ਸਥਿੱਤੀ ਬਣੀ ਰਹੀ ਹੈ,ਪ੍ਰੰਤੂ ਮੌਜੂਦਾ ਹਾਲਾਤ ਦੇ ਮੁਕਾਬਲੇ ਉਸ ਮੌਕੇ ਦੇ ਸਿੱਖ ਆਗੂਆਂ ਦੀ ਕੌਂਮੀ ਭਾਵਨਾ ਵਿੱਚ ਦਿਨ ਰਾਤ ਜਿੰਨਾ ਫਰਕ ਨਜਰ ਆਉਂਦਾ ਹੈ।ਉਸ ਮੌਕੇ ਦੇ ਸਿੱਖਾਂ ਵਿੱਚ ਪਰਿਵਾਰਵਾਦ ਨਹੀ ਸੀ ਹੁੰਦਾ,ਉਹ ਹਰ ਸਮੇ ਕੌਂਮੀ ਸੇਵਾ ਨੂੰ ਸਮਰਪਿਤ ਸਨ।ਪ੍ਰੰਤੂ ਮੌਜੂਦਾ ਸਮੇ ਤੱਕ ਪਹੁੰਚਦਿਆਂ ਪਹੁੰਚਦਿਆਂ ਅਕਾਲੀ ਦਲ ਦੀ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ,ਜਿਸ ਦਾ ਮੁੱਖ ਕਾਰਨ ਜਿੱਥੇ ਨਿੱਜੀ ਲਾਲਸਾ,ਪਰਿਵਾਰਵਾਦ ਦਾ ਪੰਥਕ ਹਿਤਾਂ ਤੇ ਭਾਰੂ ਹੋਣਾ ਹੈ,ਓਥੇ ਪਾਰਟੀ ਆਗੂਆਂ ਵੱਲੋਂ ਸਿਧਾਂਤਹੀਣ ਗੱਠਜੋੜ ਵਾਲੇ ਰਾਸਤੇ ਅਖਤਿਆਰ ਕਰਨਾ ਵੀ ਅਕਾਲੀ ਦਲ ਦੀ ਇਸ ਅਧੋਗਤੀ ਲਈ ਜੁੰਮੇਵਾਰ ਹੈ।।ਜਿਸ ਪਾਰਟੀ ਦੀ ਕਾਇਮੀ ਦੇ ਮੁਢਲੇ ਸਾਲਾਂ ਵਿੱਚ ਹੀ ਇਹ ਮਹਿਸੂਸ ਕੀਤਾ ਜਾ ਚੁੱਕਾ ਹੋਵੇ ਕਿ ਕੋਈ ਵੀ ਅਕਾਲੀ ਦਲ ਦਾ ਆਹੁਦੇਦਾਰ  ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਹੁਦੇਦਾਰ ਨਹੀ ਬਣੇਗਾ,ਤਾਂ ਸਮਝਣਾ ਚਾਹੀਦਾ ਹੈ ਕਿ ਇਸ ਦਾ ਕਾਰਨ ਕੀ ਰਿਹਾ ਹੋਵੇਗਾ।ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਕਰਕੇ ਪਾਰਟੀ ਬਨਾਉਣ ਦਾ ਮਤਲਬ ਹੈ ਸ੍ਰੀ ਅਕਾਲ ਤਖਤ ਸਾਹਿਬ ਤੋ ਸੇਧ ਲੈ ਕੇ ਚੱਲਣਾ,ਰਾਜਨੀਤੀ ਧਰਮ ਦੇ ਅਧੀਨ ਰਹਿ ਕੇ ਕਰਨੀ,ਪ੍ਰੰਤੂ ਮੌਜੂਦਾ ਹਾਲਾਤ ਇਹ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰੋਮਣੀ ਅਕਾਲੀ ਦਲ ਚਲਾ ਰਿਹਾ ਹੈ,ਤੇ ਜੋ ਫੈਸਲੇ ਅਕਾਲੀ ਦਲ ਦਾ ਮੁਖੀ ਚਾਹੁੰਦਾ ਹੈ,ਉਹ ਸ੍ਰੀ ਅਕਾਲ ਤਖਤ ਸਾਹਿਬ ਤੋ ਲਏ ਜਾਂਦੇ ਹਨ।ਧਰਮ ਦੇ ਅਧੀਨ ਰਹਿ ਕੇ ਚੱਲਣ ਵਾਲੀ ਸਿਆਸੀ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਅਪਣੇ ਅਧੀਨ ਕਰ ਲਿਆ ਹੋਇਆ ਹੈ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਰਾਜਨੀਤੀ ਦੀ ਮਜਬੂਤ ਪਕੜ ਵਿੱਚ ਲੈ ਲਿਆ ਹੋਇਆ ਹੈ,ਜਿਸ ਦਾ ਖਮਿਆਜਾ ਪੰਥ ਵਿੱਚ ਪਈ ਪਾਟੋਧਾੜ ਅਤੇ ਸਿੱਖੀ ਸਿਧਾਤਾਂ ਦੇ ਘਾਣ ਦੇ ਰੂਪ ਵਿੱਵ ਭੁਗਤਿਆ ਜਾ ਰਿਹਾ ਹੈ।ਇਸ ਪੰਥਕ ਜਜ਼ਬੇ ਵਾਲੀ ਪਾਰਟੀ ਅੰਦਰ ਜਿਆਦਾ ਨਿਘਾਰ ਉਸ ਮੌਕੇ ਆਇਆ ਜਦੋ 1994 ਵਿੱਚ ਅਕਾਲੀ ਦਲ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਪਣੀ ਮੋਗਾ ਰੈਲੀ ਵਿੱਚ ਪੰਜਾਬੀ ਪਾਰਟੀ ਦਾ ਨਾਮ ਦੇ ਦਿੱਤਾ,ਉਸ ਤੋ ਬਾਅਦ ਆਰ ਐਸ ਐਸ ਅਤੇ ਉਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਨਾਲ ਹੋਏ ਸਮਝੌਤੇ ਨੇ ਸ੍ਰ ਪ੍ਰਕਾਸ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਤਾਂ ਬਣਾ ਦਿੱਤਾ,ਪ੍ਰੰਤੂ ਅਕਾਲੀ ਦਲ ਅਪਣੇ ਪਿਛੋਕੜ ਤੋ ਹਮੇਸਾਂ ਲਈ ਟੁੱਟ ਕੇ ਭਾਜਪਾ ਦਾ ਹੋ ਕੇ ਰਹਿ ਗਿਆ।ਪੰਜਾਬੀ ਬੋਲਦੇ ਇਲਾਕੇ,ਪੰਜਾਬ ਦੇ ਪਾਣੀ,ਡੈਮਾਂ,ਬਿਜਲੀ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ,ਜਿਸ ਨੂੰ ਅਧਾਰ ਬਣਾ ਕੇ ਧਰਮ ਯੁੱਧ ਮੋਰਚਾ ਲੱਗਾ ਤੇ ਅਖੀਰ 1984 ਦਾ ਫੌਜੀ ਹਮਲਾ ਹੋਇਆ,ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ,ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਸੈਕੜੇ ਨੌਜਵਾਨ ਅਤੇ ਹਜਾਰਾਂ ਨਿਹੱਥੇ ਸਿੱਖ ਸ਼ਹੀਦ ਹੋਏ,ਉਹਨਾਂ ਮੰਗਾਂ ਅਤੇ ਮਤੇ ਦਾ ਬਿਲਕੁਲ ਹੀ ਭੋਗ ਪਾ ਦਿੱਤਾ ਗਿਆ।ਅਕਾਲੀ ਦਲ ਦੀ ਜਿਆਦਾ ਮਿੱਟੀ ਪਲੀਤ ਉਸ ਮੌਕੇ ਹੋਈ ਜਦੋ ਪੰਜਾਬ ਅੰਦਰ ਅਕਾਲੀ ਦਲ, ਭਾਜਪਾ ਦੀ ਸਾਂਝੀ ਸਰਕਾਰ ਦੇ ਹੁੰਦਿਆਂ ਪੰਜਾਬ ਅੰਦਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਨਿਰੰਤਰ ਚੱਲਿਆ ਅਤੇ ਇਹਨਾਂ ਅਤਿ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਪਤਾ ਲਾਉਣ ਦੀ ਬਜਾਏ,ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਣ ਕਰਦੀਆਂ ਸਿੱਖ ਸੰਗਤਾਂ ਤੇ ਅਕਾਲੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ।ਇਹਨਾਂ ਬੇਅਦਬੀਆਂ ਅਤੇ ਗੋਲੀਕਾਂਡ ਦੇ ਰੋਸ ਨੇ ਹੀ ਅਕਾਲੀ ਦਲ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ।ਪਾਰਟੀ ਦੇ ਵਫਾਦਾਰਾਂ ਨੇ ਪਾਰਟੀ ਤੋ ਕਿਨਾਰਾ ਕਰਨ ਨੂੰ ਤਰਜੀਹ ਦਿੱਤੀ।ਲੋਕਾਂ ਵਿੱਚ ਗੁਆਚੀ ਸਾਖ ਨੂੰ ਮੁੜ ਬਹਾਲ ਕਰਨ ਲਈ ਭਾਂਵੇ ਅਕਾਲੀ ਦਲ ਦਾ ਮੌਜੂਦਾ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਯਤਨਸੀਲ ਹੈ,ਪ੍ਰਤੂ ਉਹਨਾਂ ਦੇ ਯਤਨਾਂ ਨੂੰ ਬੂਰ ਪੈਂਦਾ ਨਜਰ ਨਹੀ ਆ ਰਿਹਾ।ਬੀਤੇ ਦਿਨੀ ਪਾਰਟੀ ਦੇ ਵੱਡੇ ਥੰਮ ਸਮਝੇ ਜਾਂਦੇ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਪਾਰਟੀ ਚੋ ਕੱਢੇ ਟਕਸਾਲੀਆਂ ਨਾਲ ਹੱਥ ਮਿਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਦੇਣ ਲਈ ਮਹਿੰਮ ਅਰੰਭ ਦਿੱਤੀ ਹੈ।ਉਹਨਾਂ ਵੱਲੋਂ ਅਪਣੇ ਪਰੋਗਰਾਮ ਦਾ ਐਲਾਨ ਪਾਰਟੀ ਦੀ 99ਵੀ ਵਰੇਗੰਢ ਮੌਕੇ ਸ੍ਰੀ ਅਮ੍ਰਿਤਸਰ ਵਿਖੇ ਕੀਤਾ ਜਾਣਾ ਹੈ,ਪ੍ਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸਰੋਮਣੀ ਅਕਾਲੀ ਦਲ ਮੁੜ ਤੋ ਅਪਣੀਆਂ ਪੁਰਾਤਨ ਲੀਹਾਂ ਤੇ ਆ ਸਕੇਗਾ,ਇਸ ਗੱਲ ਦੀ ਸੰਭਾਵਨ ਬਹੁਤ ਘੱਟ ਨਜਰ ਪੈਂਦੀ ਹੈ,ਕਿਉਕਿ ਅਕਾਲੀ ਦਲ ਨੂੰ ਬਚਾਉਣ ਲਈ ਇਕੱਠੇ ਹੋ ਰਹੇ ਕੁੱਝ ਧੜਿਆਂ ਦੀ ਅਪਣੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ਵਿੱਚ ਹੈ।ਸ੍ਰ ਢੀਡਸਾ ਦੀ ਭਾਜਪਾ ਹਾਈ ਕਮਾਂਡ ਨਾਲ ਨੇੜਤਾ ਕਿਸੇ ਤੋ ਲੁਕੀ ਛੁਪੀ ਨਹੀ ਹੈ,ਅਤੇ ਉਸ ਨੇੜਤਾ ਨੂੰ ਮੁੜ ਰਾਜਨੀਤਕ ਸਾਂਝਾਂ ਵਿੱਚ ਬਦਲਣ ਦੀਆਂ ਚਰਚਾਵਾਂ ਵੀ ਜੋਰਾਂ ਤੇ ਚੱਲ ਰਹੀਆਂ ਹਨ।ਉਧਰ ਬੈਸ ਭਰਾਵਾਂ ਅਤੇ ਸੁਖਪਾਲ ਖਹਿਰੇ ਦੀ ਵੀ ਗਾਹੇ ਬ ਗਾਹੇ ਭਾਜਪਾ ਨਾਲ ਜੋਟੀ ਪਾਉਣ ਦੀ ਚਰਚਾ ਚੱਲਦੀ ਰਹੀ ਹੈ,ਫਿਰ ਅਜਿਹੇ ਹਾਲਾਤਾਂ ਦੇ ਮੱਦੇਨਜਰ ਸੁਆਲ ਇਹ ਉਠਦਾ ਹੈ ਕਿ ਕੀ ਦਿੱਲੀ ਦੇ ਥਾਪੜੇ ਨਾਲ ਅਕਾਲੀ ਦਲ ਨੂੰ ਮੁੜ ਕੇ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਵਾਲਾ ਸ਼ਰੋਮਣੀ ਅਕਾਲੀ ਦਲ ਬਣਾਇਆ ਜਾ ਸਕੇਗਾ, ਇਸ ਦਾ ਜਵਾਬ ਨਾਹ ਵਿੱਚ ਹੀ ਮਿਲੇਗਾ,ਕਿਉਕਿ ਭਾਜਪਾ ਨਾਲ ਸਾਂਝ ਕਦੇ ਵੀ ਪੰਜਾਬ ਦੇ ਹਿਤ ਵਿੱਚ ਨਹੀ ਹੋ ਸਕਦੀ। ਜੇਕਰ ਮੁੜ ਤੋ ਸਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਪਾਰਟੀ ਵਜੋ ਮਜਬੂਤ ਕਰਨ ਦਾ ਨੇਕ ਇਰਾਦਾ ਹੈ,ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹਾਉਮੈ ਨੂੰ ਤਿਆਗਣਾ ਪਵੇਗਾ,ਸਿਧਾਤਕ ਮੱਤਭੇਦ ਦੂਰ ਕਰਕੇ ਅਪਣੇ ਭਰਾਵਾਂ ਨਾਲ ਹੱਥ ਮਿਲਾਉਣਾ ਪਵੇਗਾ,ਦਿੱਲੀ ਦੀ ਸਾਂਝ ਨਾਲੋਂ ਪੰਥਕ ਧੜਿਆਂ ਨਾਲ ਸਾਂਝ ਪਾਉਣ ਨੂੰ ਪਹਿਲ ਦੇਣੀ ਪਵੇਗੀ,ਨਹੀ ਫਿਰ ਭਾਜਪਾ ਨਾਲ ਸਾਂਝ ਪਾਕੇ ਅਕਾਲੀ ਦਲ ਨੂੰ,ਬਾਦਲ ਪਰਿਵਾਰ ਦੇ ਕਬਜੇ ਚੋ ਕੱਢ ਕੇ ਰਾਜਨੀਤਕ ਲਾਹਾ  ਤਾਂ ਲਿਆ ਜਾ ਸਕਦਾ ਹੈ,ਪਰੰਤੂ ਇਹ ਕਹਿਣਾ ਕਿ ਸਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਵਜੋਂ ਉੱਭਰ ਸਕੇਗਾ,ਇਹ ਬੇਹੱਦ ਹੀ ਮੁਸ਼ਕਲ ਅਤੇ ਅਸੰਭਵ ਹੈ।ਦੂਸਰਾ ਪੱਖ ਇਹ ਵੀ ਹੈ ਕਿ ਪੰਥ ਦਾ ਕੁੱਝ ਹੋਵੇ ਜਾਂ ਨਾਂ ਹੋਵੇ ਸ੍ਰ ਸੁਖਦੇਵ ਸਿੰਘ ਢੀਡਸੇ ਦਾ ਇਹ ਪੈਂਤੜਾ ਜਥੇਦਾਰ ਗੁਰਚਰਨ ਸਿੰਘ ਟੌਹੜੇ ਵਾਲੀ ਭੂਮਿਕਾ ਜਰੂਰ ਨਿਭਾ ਸਕਦਾ ਹੈ,ਪੰਜਾਬ ਅੰਦਰ ਅਕਾਲੀ ਦਲ ਬਾਦਲ ਦੇ ਨਾਲ ਨਾਲ ਕਾਂਗਰਸ ਦਾ ਅਧਾਰ ਵੀ ਰਹਿੰਦਾ ਪਰਤੀਤ ਨਹੀ ਹੁੰਦਾ,ਇਸ ਲਈ ਇਸ ਪੈਂਤੜੇ ਦਾ ਲਾਭ ਕਿਸੇ ਤੀਜੀ ਧਿਰ ਨੂੰ ਹੋਣਾ ਸੁਭਾਵਿਕ ਹੈ,ਪ੍ਰੰਤੂ ਪੰਜਾਬ,ਪੰਜਾਬੀਅਤ ਅਤੇ ਪੰਥ ਦੇ ਭਲੇ ਦੀ ਕੋਈ ਸੰਭਾਵਨਾ ਨਹੀ ਹੈ।

ਬਘੇਲ ਸਿੰਘ ਧਾਲੀਵਾਲ
99142-58142

ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ - ਬਘੇਲ ਸਿੰਘ ਧਾਲੀਵਾਲ

ਇੱਕੋ ਢੰਗ ਨਾਲ ਜਨਮੀ ਸਾਰੀ ਮਨੁੱਖਾ ਜਾਤੀ ਅੰਦਰ ਬਰਾਬਰਤਾ,ਮਾਣ ਸ਼ਨਮਾਨ ਅਤੇ ਇੱਕੋ ਜਿਹੇ ਅਧਿਕਾਰਾਂ ਦਾ ਹੋਣਾ ਹੀ ਸਹੀ ਅਰਥਾਂ ਵਿੱਚ ਮਾਨਵਤਾ ਦੀ ਇੱਕਸੁਰਤਾ ਅਤੇ ਅਜਾਦੀ ਕਹੀ ਜਾ ਸਕਦੀ ਹੈ,ਰੰਗਾਂ ਨਸਲਾਂ ਦੇ ਅਧਾਰ ਤੇ ਕੀਤੀ ਫਿਰਕੂ ਵੰਡ ਮਾਨਵੀ ਅਧਿਕਾਰਾਂ ਦੇ ਘਾਣ ਦੀ ਸਾਜਿਸ਼ ਸਮਝੀ ਜਾਣੀ ਚਾਹੀਦੀ ਹੈ। ਸੱਤ ਕੁ ਦਹਾਕੇ ਪਹਿਲਾਂ ਯੂ ਐਨ ਓ ਵੱਲੋਂ ਦੁਨੀਆਂ ਪੱਧਰ ਤੇ ਹੁੰਦੇ ਮਨੁੱਖੀ ਅਧਿਕਾਰਾਂ ਦੇ ਹਨਣ ਨੂੰ ਰੋਕਣ ਲਈ 10 ਦਸੰਬਰ ਦੇ ਦਿਨ ਨੂੰ ਸੰਸਾਰ ਪੱਧਰੀ ਮਨੁੱਖੀ ਅਧਿਕਾਰ ਦਿਵਸ ਵਜੋਂ ਮੁਕੱਰਰ ਕੀਤਾ ਗਿਆ ਹੈ।ਇਸ ਦਿਨ ਨਵੀ ਦੁਨੀਆਂ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਮਨੁੱਖੀ ਬਰਾਬਰਤਾ ਲਈ ਕੋਈ ਵਿਸ਼ੇਸ਼ ਦਿਨ ਮੁਕੱਰਰ ਕਰਨਾ ਬੇਹੱਦ ਜਰੂਰੀ ਹੈ,ਜਿਸ ਦਿਨ ਸੰਸਾਰ ਪੱਧਰ ਤੇ ਵਸਦੇ ਲੋਕ ਅਪਣੇ ਅਧਿਕਾਰਾਂ ਦਾ ਲੇਖਾ ਜੋਖਾ ਕਰ ਸਕਣ,ਆਪੋ ਅਪਣੇ ਖਿੱਤੇ ਵਿੱਚ ਹੋਈਆਂ ਸਰਕਾਰੀ ਅਤੇ ਗੈਰ ਸਰਕਾਰੀ ਵਧੀਕੀਆਂ ਤੇ ਚਰਚਾ ਕਰ ਸਕਣ ਅਤੇ ਉਸ ਦੇ ਹੱਲ ਲਈ ਭਵਿੱਖੀ ਫੈਸਲੇ ਲੈ ਸਕਣ,ਪਰੰਤੂ ਮਨੁੱਖੀ ਅਧਿਕਾਰਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਿੱਖ ਵਿਚਾਰਧਾਰਾ ਦੀ ਨਜਰਸ਼ਾਨੀ ਨਹੀ ਕੀਤੀ ਜਾਂਦੀ,ਤਾਂ ਇਸ ਦਿਹਾੜੇ ਦੀ ਸਾਰਥਕਤਾ ਅਧੂਰੀ ਸਮਝੀ ਜਾਵੇਗੀ। ਸਿੱਖ ਵਿਚਾਰਧਾਰਾ ਜਾਤ ਪਾਤ,ਊਚ ਨੀਚ ਨੂੰ ਮੂਲ਼ੋਂ ਹੀ ਰੱਦ ਕਰਕੇ ਸਭਨਾਂ ਨੂੰ ਬਰਾਬਰਤਾ ਵਾਲੀ ਜੀਵਨ ਜਾਚ ਦੇਣ ਦੀ ਹਾਮੀ ਹੈ।ਇਹ ਵਿਚਾਰਧਾਰਾ ਤਕਰੀਵਨ ਸਾਢੇ ਪੰਜ ਸੌ ਸਾਲ ਪਹਿਲਾਂ ਉਦੋ ਹੋਂਦ ਵਿੱਚ ਆਈ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ।ਗੁਰੂ ਨਾਨਕਕ ਸਾਹਿਬ ਦੀ ਵਿਚਾਰਧਾਰਾ ਕੁਲ ਲੁਕਾਈ ਦੇ ਸਦੀਵੀ ਭਲੇ ਦੀ ਗੱਲ ਕਰਦੀ ਹੈ।ਗੁਰੂ ਨਾਨਕ ਸਾਹਿਬ ਪਹਿਲੇ ਸਮਾਜ ਸੁਧਾਰਰਕ ਅਤੇ ਕਰਾਂਤੀਕਾਰੀ ਯੁੱਗ ਪੁਰਸ਼ ਹੋਏ ਹਨ,ਜਿੰਨਾਂ ਨੇ ਸਮੇ ਦੀ ਹਕੂਮਤ ਦੇ ਜਬਰ ਖਿਲਾਫ ਅਵਾਜ ਬੁਲੰਦ ਕੀਤੀ,ਜਿਸ ਦੇ ਇਵਜ ਵਿੱਚ ਉਹਨਾਂ ਨੂੰ ਜੇਲ੍ਹ ਦੀਆਂ ਚੱਕੀਆਂ ਵੀ ਪੀਸਣੀਆਂ ਪਈਆਂ।ਗੁਰੂ ਨਾਨਕ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਗਲੇ ਨੌਂ ਗੁਰੂ ਸਾਹਿਬਾਨਾਂ ਨੇ ਅੱਗੇ ਤੋਰਿਆ ਤੇ ਫਿਰ ਉਹ ਸਮਾ ਵੀ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਦੁਨਿਆਵੀ ਹਕੂਮਤਾਂ ਵੱਲੋਂ ਕੀਤੇ ਜਾਂਦੇ ਮਾਨਵਤਾ ਦੇ ਘਾਣ ਦੇ ਖਿਲਾਫ ਅਪਣੀ ਸ਼ਹਾਦਤ ਦੇਣੀ ਪਈ।ਇਹ ਪਹਿਲੀ ਸ਼ਹਾਦਤ ਸੀ ਜਿਹੜੀ ਨਿਰੋਲ ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਅਪਣੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਦਨੀ ਚੌਂਕ ਵਿੱਚ ਦਿੱਤੀ।ਇਸ ਲਈ ਉਹਨਾਂ ਦੇ ਸ਼ਹੀਦੀ ਦਿਨ ਤੋ ਵੱਡਾ ਅਤੇ ਮਹੱਤਵਪੂਰਨ ਦਿਨ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਏ ਜਾਣ ਵਾਲਾ ਹੋਰ ਕੋਈ ਨਹੀ ਹੋ ਸਕਦਾ ਅਤੇ ਸਿੱਖ ਕੌਂਮ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ ਜੋ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੀਸ ਕਟਵਾਉਣ ਤੋ ਵੀ ਸੰਕੋਚ ਨਹੀ ਕਰਦੀ। ਜੇਕਰ ਗੱਲ ਮੌਜੂਦਾ ਸਮੇ ਦੀ ਕੀਤੀ ਜਾਵੇ,ਤਾਂ ਦੇਖਿਆ ਜਾ ਸਕਦਾ ਹੈ ਕਿ ਜਦੋ ਕਸ਼ਮੀਰੀ ਲੋਕਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝੇ ਕਰਕੇ ਘਰਾਂ ਅੰਦਰ ਬੰਦ ਕੀਤਾ ਹੋਇਆ ਹੈ ਤੇ ਅਣਐਲਾਨੀ ਨਜਰਬੰਦੀ ਕਾਰਨ ਕਸ਼ਮੀਰ ਦੇ ਹਾਲਾਤ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ,ਉਸ ਮੌਕੇ ਕਿਸੇ ਵੀ ਮਨੁੱਖੀ ਅਧਿਕਾਰ ਜਥੇਬੰਦੀ ਨੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਅਵਾਜ ਨਹੀ ਉਠਾਈ,ਜੇਕਰ ਕਿਸੇ ਨੇ ਭਾਰਤ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੇ ਹਨਣ ਦੇ ਖਿਲਾਫ ਕਿਸੇ ਨੇ ਨਿੱਡਰਤਾ ਨਾਲ ਅਵਾਜ ਉਠਾਈ ਹੈ ਤਾਂ ਉਹ ਸਿੱਖ ਕੌਂਮ ਹੀ ਹੈ ਜਿਸ ਨੇ ਕਸ਼ਮੀਰੀਆਂ ਦੇ ਹੱਕਾਂ ਖਾਤਰ ਭਾਰਤ ਸਰਕਾਰ ਦੇ ਖਿਲਾਫ ਦੁਨੀਆਂ ਪੱਧਰ ਤੇ ਜੋਰਦਾਰ ਅਵਾਜ ਬੁਲੰਦ ਕੀਤੀ ਹੈ ਅਤੇ ਲਗਾਤਾਰ ਕਰ ਰਹੇ ਹਨ। ਭਾਰਤ ਦੀਆ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਕਸ਼ਮੀਰੀ ਜਾਂ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਨਾ ਕਰਨਾ ਜਾਂ ਦੱਬਵੇਂ ਰੂਪ ਚ ਕਰਨ ਦਾ ਸਿੱਧਾ ਤੇ ਸਪਸਟ ਮਤਲਬ ਇਹ ਹੈ ਕਿ ਬਹੁ ਗਿਣਤੀ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਭਾਰਤੀ ਲੋਕ ਵੀ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਨਾਲ ਲਬਰੇਜ ਰਾਸ਼ਟਰਵਾਦ ਦੇ ਬਹਿਕਾਵੇ ਵਿੱਚ ਆ ਚੁੱਕੇ ਹਨ,ਜਿਸ ਕਰਕੇ ਉਹਨਾਂ ਨੂੰ ਅਪਣੇ ਤੋ ਸਿਵਾਏ ਭਾਰਤ ਦੀਆਂ ਹੋਰ ਦੂਸਰੀਆਂ ਕੌਂਮਾਂ,ਫਿਰਕਿਆਂ ਦੇ ਹੱਕਾਂ ਹਕੂਕਾਂ ਨਾਲ ਕੋਈ ਸਰੋਕਾਰ ਨਹੀ ਰਿਹਾ ਹੈ।ਜੇਕਰ ਗੱਲ ਸਿੱਖ ਹਕੂਕਾਂ ਦੀ ਕੀਤੀ ਜਾਵੇ ਤਾਂ ਏਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਕੌਂਮ ਦੂਸਰਿਆਂ ਦੇ ਅਧਿਕਾਰਾਂ ਖਾਤਰ ਲੜਨ ਮਰਨ ਤੋ ਵੀ ਸੰਕੋਚ ਨਹੀ ਕਰਦੀ,ਅੱਜ ਉਹ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਵਿੱਚ ਨਾਕਾਮ ਕਿਉਂ ਹੈ,ਕਿਉ ਸਿੱਖ ਹਿਤਾਂ ਲਈ ਲੜਨ ਵਾਲੇ ਸਿੱਖ ਨੌਜਵਾਨ ਅਪਣੀਆਂ ਸਜ਼ਾਵਾਂ ਕੱਟਣ ਤੋ ਬਾਅਦ ਜੇਲਾਂ ਵਿੱਚ ਹੀ ਬਿਰਧ ਹੋ ਗਏ ਹਨ, ਇਹ ਸੁਆਲ ਦਾ ਸਾਦਾ ਤੇ ਸਰਲ ਜਵਾਬ ਕੱਟੜਵਾਦੀ ਫਿਰਕੂ ਸੋਚ ਦਾ ਕੇਂਦਰ ਦੀ ਸੱਤਾ ਤੇ ਭਾਰੂ ਪੈ ਜਾਣਾ ਹੀ ਹੈ।ਜਿਸਤਰਾਂ ਭਾਰਤੀ ਮੀਡੀਏ ਵੱਲੋਂ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਹਕੂਮਤ ਵੱਲੋਂ ਕੀਤੀ ਜਾਂਦੀ ਵਿਤਕਰੇਵਾਜੀ ਅਤੇ ਧੱਕੇਸ਼ਾਹੀਆਂ ਸਬੰਧੀ ਖਬਰਾਂ ਦੇਣ ਦੀ ਵਜਾਏ ਗੈਰ ਹਿਦੂਆਂ ਪ੍ਰਤੀ ਅੱਗ ਉਗਲਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ,ਪਾਰਲੀਮੈਂਟ ਮੈਬਰਾਂ ਅਤੇ ਰਾਸ਼ਟਰੀ ਨੇਤਾਵਾਂ ਦੇ ਬਿਆਨਾਂ ਨੂੰ ਪਰਮੁੱਖਤਾ ਦੇਣ ਵਿੱਚ ਹੀ ਸੱਚੀ ਰਾਸ਼ਟਰ ਭਗਤੀ ਮੰਨੀ ਜਾ ਰਹੀ ਹੈ,ਇਹ ਵਰਤਾਰਾ ਵੀ ਮਾਨਵਤਾ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ।ਇਹ ਇਸ ਅਖੌਤੀ ਰਾਂਸਟਰ ਭਗਤੀ ਦਾ ਹੀ ਨਤੀਜਾ ਹੈ ਕਿ ਜਦੋ ਅੰਨਾ ਹਜਾਰੇ ਨੇ ਕੇਂਦਰ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਤਾਂ ਭਾਰਤੀ ਮੀਡੀਆ ਪੱਬਾਂ ਭਾਰ ਹੋ ਕੇ ਅੰਨਾ ਦੇ ਅੰਦੋਲਨ ਦੀ ਕਬਰੇਜ ਕਰਦਾ ਰਿਹਾ,ਪ੍ਰੰਤੂ ਜਦੋ 2014 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਗੁਰਬਖਸ ਸਿੰਘ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋ ਭੁੱਖ ਹੜਤਾਲ ਰੱਖ ਕੇ ਮੋਰਚਾ ਅਰੰਭ ਕੀਤਾ ਤਾਂ ਕਿਸੇ ਵੀ ਰਾਸ਼ਟਰੀ ਚੈਨਲ ਨੇ ਇਸ ਸਮਘਰਸ਼ ਦੀ ਕਬਰੇਜ ਇਸ ਕਰਕੇ ਨਹੀ ਕੀਤੀ,ਕਿਉਕਿ ਇਹ ਸੰਘਰਸ਼ ਸਿੱਖ ਹਿਤਾਂ ਦੀ ਗੱਲ ਕਰਦਾ ਸੀ।ਏਸੇ ਤਰਾਂ ਹੋਰ ਵੀ ਜਿੰਨੇ ਸਿੱਖ ਸੰਘਰਸ਼ ਪੰਜਾਬ ਤੋ ਹੋਏ ਜਾਂ ਮੌਜੂਦਾ ਸਮੇ ਵੀ ਹੋ ਰਹੇ ਹਨ,ਉਹਨਾਂ ਦੀ ਰਾਸ਼ਟਰੀ ਮੀਡੀਏ ਵਿੱਚ ਇੱਕ ਵੀ ਖਬਰ ਨਹੀ ਮਿਲੇਗੀ,ਜਦੋ ਕਿ ਮੋਦੀ ਵੱਲੋਂ ਕਸ਼ਮੀਰੀਆਂ ਦੇ ਮੁਢਲੇ ਅਧਿਕਾਰਾਂ ਦੇ ਕੀਤੇ ਘਾਣ ਨੂੰ ਵੀ ਭਾਰਤੀ ਮੀਡੀਆ ਬਹੁਤ ਵੱਡੀ ਪਰਾਪਤੀ ਵਜੋਂ ਪੇਸ ਕਰਦਾ ਆ ਰਿਹਾ ਹੈ।ਹੁਣ ਜਦੋ ਕਸ਼ਮੀਰੀ ਪਿਛਲੇ 123 ਦਿਨਾਂ ਤੋਂ ਲਗਾਤਾਰ ਘਰਾਂ ਵਿੱਚ ਤਾੜੇ ਹੋਏ ਹਨ ਤੇ ਅਣਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਹਨ,ਤਾਂ ਉਸ ਦੀ ਇੱਕ ਨਿੱਕੀ ਜਿਹੀ ਖਬਰ ਦੇਣੀ ਵੀ ਭਾਰਤੀ ਮੀਡੀਆ ਮੁਨਾਸਿਬ ਨਹੀ ਸਮਝਦਾ।ਏਸੇ ਤਰਾਂ ਦਾ ਰੋਲ ਭਾਰਤੀ ਮੀਡੀਏ ਦਾ ਸਿੱਖਾਂ ਅਤੇ ਦਲਿਤਾਂ ਪ੍ਰਤੀ ਵੀ ਹੁੰਦਾ ਹੈ। ਸੋ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਧਰਮਾਂ ਦੀ ਬਲਗਣ ਵਿੱਚ ਕੈਦ ਕਰਕੇ ਰੱਖਣ ਦੀ ਪਰੰਪਰਾ ਬਣ ਗਈ ਹੋਵੇ,ਓਥੇ ਅਜਿਹੇ ਦਿਨਾਂ ਦੇ ਮਨਾਏ ਜਾਣ ਦੀ ਸਾਰਥਿਕਤਾ ਤਰਕਹੀਣ ਹੋ ਜਾਂਦੀ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਵਿਸ਼ਵ ਪੱਧਰੀ ਅਧਿਕਾਰ ਦਿਵਸ ਮੌਕੇ ਜਦੋ ਸੰਸਾਰ ਦੇ ਲੋਕ ਅਪਣੇ ਅਧਿਕਾਰਾਂ ਦੀ ਰਾਖੀ,ਖੁੱਸੇ ਅਧਿਕਾਰਾਂ ਦੀ ਬਹਾਲੀ ਦਾ ਲੇਖਾ ਜੋਖਾ ਕਰਦੇ ਹੋਏ ਭਵਿੱਖ ਦੀਆਂ ਯੋਜਨਾਵਾਂ ਲਈ ਪਰੋਗਰਾਮ ਉਲੀਕਦੇ ਹਨ,ਤਾਂ ਸਿੱਖਾਂ ਨੂੰ ਵੀ ਇਸ ਦਿਨ ਅਪਣੇ ਖੁੱਸੇ ਅਧਿਕਾਰਾਂ ਦੀ ਬਹਾਲੀ ਲਈ ਅਹਿਦ ਕਰਨ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿਵਾਉਣ ਦੇ ਯਤਨ ਕਰਨੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142