'ਧਰਮ' ਸਬੰਧੀ ਸੋਚ ਵਿਚਾਰ ਕੇ ਫ਼ੈਸਲਾ ਲੈਣਾ ਚਾਹੀਦਾ' - ਮੇਜਰ ਸਿੰਘ 'ਬੁਢਲਾਡਾ'
ਦੇਸ਼ ਭਰ ਵਿੱਚ 2027 ਵਿੱਚ ਹੋਣ ਜਾਂ ਰਹੀ ਜਨਗਣਨਾ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਗੁਰੂ ਰਵਿਦਾਸ ਜੀ ਨਾਲ ਸਬੰਧਤ ਸਾਧੂ ਸੰਪ੍ਰਦਾਇ ਦੇ ਦੋ ਧੜੇ 'ਆਦਿ ਧਰਮ' (1926) ਅਤੇ 'ਰਵਿਦਾਸੀਆ ਧਰਮ' (2010) ਨੇ ਰਵਿਦਾਸੀਆ ਭਾਈਚਾਰੇ ਨੂੰ ਇਹਨਾਂ ਦੋ ਧਰਮਾਂ ਵੱਲ ਖਿੱਚਣ ਲਈ ਪੂਰਾ ਜੋਰ ਲਾ ਰੱਖਿਆ ਹੈ, ਜਿਹਨਾਂ ਧਰਮਾਂ ਦਾ ਸੰਵਿਧਾਨ ਵਿੱਚ ਕੋਈ ਕਾਲਮ ਹੀ ਨਹੀਂ।
ਭਾਵੇਂ ਕਿ ਹਰ ਇਕ ਨੂੰ ਸੰਵਿਧਾਨਕ ਹੱਕ ਹੈ ਉਹ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ, ਪ੍ਰਚਾਰ ਕਰ ਸਕਦਾ ਹੈ। ਪਰ ਜਦ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਅਤੇ ਆਪਸ ਵਿੱਚ ਵੰਡੇ ਹੋਏ ਸੰਤ ਸਮਾਜ ਦੇ ਲੋਕ, ਸਮਾਜ ਨੂੰ “ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ।“ (ਪੰਨਾ 486) ਦਾ ਪਾਠ ਪੜ੍ਹਾਉਣ ਅਤੇ ਆਪਸ ਵਿੱਚ ਇਕ ਨਾ ਹੋਣ ਤਾਂ ਸਮਾਜ ਵਿੱਚ ਦੁਬਿਧਾ ਖੜ੍ਹੀ ਹੁੰਦੀ ਹੈ ਜ਼ੋ ਕਿ ਸਮਾਜ ਦੇ ਹਿਤ ਵਿੱਚ ਨਹੀਂ ਹੈ।
ਇਕ ਕਹਿੰਦੇ 'ਆਦਿ ਧਰਮ' ਲਿਖਾਉਣਾ ਤੁਸੀਂ,
ਦੂਜੇ ਕਹਿੰਦੇ ਲਿਖਾਓ 'ਰਵਿਦਾਸੀਆ ਧਰਮ' ਜੀ।
ਆਪ ਤਾਂ ਇਹ 'ਦੋ' ਹੋ ਰਹੇ ਨਹੀਂ ਇਕੱਠੇ ,
ਸਮਾਜ ਨੂੰ ਜੋੜਨ ਦਾ ਪਾਲ ਰੱਖਿਆ ਭਰਮ ਜੀ।
ਗੁਰੂ 'ਰਵਿਦਾਸ' ਜੀ ਦੀ ਰੂਹ ਕੁਰਲਾਉਂਦੀ ਹੋਣੀ,
ਵੇਖਕੇ ਇਹਨਾਂ ਦਾ ਸਮਾਜ ਜੋੜਨ ਦਾ ਕਰਮ ਜੀ।
ਉਂਝ ਦਿੰਦੇ ਨੇ ਸੰਦੇਸ਼ ਇਹ "ਮਧੁਪ ਮਖੀਰੇ" ਵਾਲਾ,
'ਮੇਜਰ' ਸਮਾਜ ਦੇ ਲੋਕ ਪੈਰ ਸੋਚਕੇ ਧਰਨ ਜੀ।
ਇਸ ਲਈ ਰਵਿਦਾਸੀਆ ਸਮਾਜ਼ ਦੇ ਬੁਧੀਜੀਵੀ ਸੂਝਵਾਨ ਲੋਕਾਂ ਨੂੰ ਧਰਮ ਸਬੰਧੀ ਫ਼ੈਸਲਾ ਭਾਵਨਾਵਾਂ ਨਾਲ ਨਹੀਂ, ਸਗੋਂ ਡੂੰਘੀ ਸੋਚ-ਵਿਚਾਰ ਨਾਲ ਸਹੀ ਫ਼ੈਸਲਾ ਕਰਨਾ ਚਾਹੀਦਾ ਹੈ।
ਸਮਾਜ ਦੇ ਲੋਕਾਂ ਨੂੰ ਇਹ ਵੀ ਨੋਟ ਕਰ ਲੈਣਾ ਚਾਹੀਦਾ ਹੈ,ਡੀ. ਭੀਮ ਰਾਓ ਅੰਬੇਡਕਰ ਜੀ ਸ਼ੁਰੂ ਤੋਂ ਹੀ ਮਹਾਤਮਾ ਫੂਲੇ ਜੀ, ਸੰਤ ਕਬੀਰ ਜੀ ਅਤੇ ਮਹਾਤਮਾ ਬੁੱਧ ਜੀ ਨੂੰ ਆਪਣੇ (ਤਿੰਨ) ਗੁਰੂ ਮੰਨਦੇ ਸਨ। ਉੱਚ ਵਿਦਿਆ ਪ੍ਰਾਪਤ, ਮਹਾਨ ਵਿਦਵਾਨ ਅਤੇ ਦਾਰਸ਼ਨਿਕ (ਫਿਲਾਸਫਰ) ਡਾ. ਅੰਬੇਡਕਰ ਜੀ ਦੇ ਸਾਹਮਣੇ ਜਦੋਂ 'ਧਰਮ' ਅਪਣਾਉਣ ਦਾ ਫ਼ੈਸਲਾ ਆਇਆ ਤਾਂ ਉਹ ਵੀ ਧਰਮ ਦੀ ਚੋਣ ਬਹੁਤ ਗੰਭੀਰਤਾ ਨਾਲ ਕਰ ਰਿਹਾ ਸੀ।
ਵੱਖ ਵੱਖ ਧਰਮਾਂ ਦਾ ਡੂੰਘਾ ਅਧਿਐਨ ਕਰਨ ਦੇ ਬਾਵਜੂਦ ਉਹਨਾਂ ਨੇ ‘ਸਿੱਖ ਧਰਮ’ ਦੀ ਸ਼ਸਤਰਧਾਰੀ ਅਤੇ ਜ਼ੁਲਮ-ਵਿਰੁਧ ਟਾਕਰਾ ਕਰਨ ਦੀ ਪ੍ਰੰਪਰਾ ਹੋਣ ਕਰਕੇ 'ਬੁਧ ਧਰਮ' ਨੂੰ ਨਹੀਂ, ਪਹਿਲਾਂ ਸਿੱਖ ਧਰਮ ਅਪਣਾਉਣ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਇਹ ਪ੍ਰੰਪਰਾ 'ਬੁਧ ਧਰਮ' ਵਿੱਚ ਨਹੀਂ ਸੀ।
ਮਹਾਤਮਾ ਬੁੱਧ ਕਹਿੰਦੇ ਹਨ -
"ਮਹਾਤਮਾ ਗੌਤਮ ਬੁੱਧ’ ਆਪਣੇ ਭਿਖਸ਼ੂ ਨੂੰ ਸਿਖਿਆ ਤੋਂ ਬਾਅਦ (ਪ੍ਰਚਾਰ ਤੇ ਭੇਜਣ ਸਮੇਂ) ਪੁੱਛਦਾ ਹੈ ਕਿ “ਅਗਰ ਕੋਈ ਤੈਨੂੰ ਮੰਦਾ ਬੋਲਦਾ ਹੈ, ਤੂੰ ਕੀ ਉਤਰ ਦੇਵੇਂਗਾ ? ਭਿਖਸ਼ੂ ਨੇ ਕਿਹਾ ਮੈਂ ਕੋਈ ਉਤਰ ਨਹੀਂ ਦਿਆਂਗਾ।” ਗੌਤਮ ਬੁੱਧ ਨੇ ਫਿਰ ਕਿਹਾ-ਜੇ ਤੈਨੂੰ ਉਹ ਮਾਰਨ; ਤਾਂ ਭਿਖਸ਼ੁ ਨੇ ਕਿਹਾ “ਮੈਂ ਸਾਂਤਮਈ ਰਹਾਂਗਾ।” ਗੌਤਮ ਬੁੱਧ ਨੇ ਫਿਰ ਪੁਛਿਆ “ਜੇ ਉਹ ਤੈਨੂੰ ਕਤਲ ਕਰਨ?” ਤਾਂ ਭਿਖਸ਼ੂ ਨੇ ਕਿਹਾ ਮਹਾਰਾਜ! ਜੀਵਨ, ਮ੍ਰਿਤੂ ਭਿਖਸ਼ੂ ਲਈ ਇਕ ਸਮਾਨ ਹਨ, ਮੇਰੇ ਮਨ ਵਿਚ ਨਾ ਜੀਵਤ ਰਹਿਣ ਦੀ ਇਛਾ ਹੈ ਨਾ ਮਰਨ ਦੀ।” ਇਹ ਉੱਤਰ ਸੁਣਕੇ ‘ਗੌਤਮ ਬੁੱਧ’ ਬਹੁਤ ਪ੍ਰਸੰਨ ਹੋਏ ਅਤੇ ਆਖਿਆ “ਹੈ ਭਿਖਸ਼ੂ ਤੂੰ ‘ਧਰਮ ਤੱਤ’ ਬੁੱਝ ਲਿਆ ਹੈ, ਜਾਹ ਜਾਕੇ ਧਰਮ ਪ੍ਰਚਾਰ ਕਰ।”
ਇਸ ਪ੍ਰਸੰਗ ਤੋਂ ਸਪੱਸ਼ਟ ਹੁੰਦਾ ਹੈ ਕਿ ‘ਬੁੱਧ ਧਰਮ’ ਦਾ ਰਾਹ ਅਹਿੰਸਾ ਅਤੇ ਸਹਿਣਸ਼ੀਲਤਾ 'ਤੇ ਆਧਾਰਿਤ ਹੈ, ਜਦਕਿ ‘ਸਿੱਖ ਧਰਮ’ ਅਨਿਆਂ ਦੇ ਵਿਰੁੱਧ ਸ਼ਸਤਰਧਾਰੀ ਵਿਰੋਧ ਨੂੰ ਵੀ ਜਾਇਜ਼ ਮੰਨਦਾ ਹੈ।"
ਇਸ ਲਈ 'ਸਿੱਖ ਧਰਮ' ਹੀ ਦਲਿਤ ਸਮਾਜ ਨੂੰ ਜਲਦੀ ਫਾਇਦਾ ਪਹੁੰਚਾ ਸਕਦਾ ਸੀ ਅਤੇ ਇਹਨਾਂ ਤੇ ਹੁੰਦੇ ਜ਼ਬਰ ਜ਼ੁਲਮ ਨੂੰ ਵੱਡੀ ਠੱਲ ਪਾ ਸਕਦਾ ਹੈ। ‘ਸਿੱਖ ਧਰਮ’ ਅੰਦਰ ਗਰੀਬ ਸਮਾਜ ਦੇ ਲੋਕ ਹਥਿਆਰਬੰਦ ਹੋਕੇ ਸੁਰੱਖਿਅਤ ਰਹਿ ਸਕਦੇ ਸਨ, ਕਿਉਂਕਿ ਹਥਿਆਰ ਰੱਖਣ ਦਾ ਅਧਿਕਾਰ ਸਿਰਫ਼ ਸਿੱਖ ਧਰਮ ਦੇ ਲੋਕਾਂ ਲਈ ਰਾਖਵਾਂ ਸੀ।
ਇਸ ਤੋਂ ਇਲਾਵਾ ਡਾ. ਅੰਬੇਡਕਰ ਜੀ ਦੇ ਸਾਹਮਣੇ ਗੁਰੂ ਸਹਿਬਾਨਾਂ ਦੇ ਦਲਿਤ ਸਮਾਜ ਦੇ ਹਿਤ ਵਿੱਚ ਕੀਤੇ ਗਏ ਵੱਡੇ ਕਾਰਨਾਮੇ ਮੌਜੂਦ ਸਨ।
ਸਿੱਖ ਧਰਮ (ਵਿਚਾਰਧਾਰਾ) ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਸੀ -
"ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ,
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।" (ਪੰਨਾ 15)
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿਧਾਂਤ ਮੁਤਾਬਕ,ਆਪਣੀ ਗੱਲ ਉਤੇ ਅਮਲ ਕਰਦਿਆਂ ਨੀਚ ਕਹੇ ਜਾਂਦੇ ਲੋਕਾਂ ਨੂੰ ਗਲ ਨਾਲ ਲਾਇਆ, ਇਸ ਸਿਧਾਂਤ ਦੇ ਤਹਿਤ ਚਲਦਿਆਂ ਗੁਰੂ ਸਹਿਬਾਨਾਂ ਨੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਇਕ ਸੰਗਤ 'ਤੇ ਪੰਗਤ ਵਿੱਚ ਬਿਠਾਕੇ ਲੰਗਰ ਛਕਾਇਆ,ਇਕ ਸਰੋਵਰ ਵਿੱਚ ਸਭਨੂੰ ਇਕੱਠੇ ਨਹਲਾਇਆ, ਅੰਤ ਇਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ, ਘੋੜਿਆਂ ਤੇ ਚੜ੍ਹਾਇਆ,ਜਬਰ ਜ਼ੁਲਮ ਖ਼ਿਲਾਫ਼ ਲੜਨਾ ਸਿਖਾਇਆ ਅਤੇ ਸਰਦਾਰ ਬਣਾਇਆ, ਮਨੂੰਵਾਦ ਦੀਆਂ ਲਾਈਆਂ ਪਾਬੰਦੀਆਂ ਚਕਨਾਚੂਰ ਕਰਕੇ ਗੁਰੂ ਸਹਿਬਾਨਾਂ ਨੇ ਉਲਟੀ ਗੰਗਾ ਬਹਾ ਦਿੱਤੀ ਸੀ। ਇਹ ਸਮਾਜਿਕ ਵੱਡਾ ਇੰਨਕਲਾਬ ਸੀ , ਕੋਈ ਛੋਟੀ ਗੱਲ ਨਹੀਂ ਸੀ।
ਇਸ ਦੇ ਉਲਟ ਬਾਈ ਧਾਰ ਦੇ ਰਾਜਿਆਂ ਨੇ ਇਸ ਸਿਧਾਂਤ (ਇੰਨਕਲਾਬ) ਦਾ ਵਿਰੋਧ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ "ਅਸੀਂ ਅੰਮ੍ਰਿਤ ਵੀ ਛਕ ਲਵਾਂਗੇ, ਤੁਹਾਨੂੰ ਹਰ ਕਿਸਮ ਦੀ ਮੱਦਦ ਵੀ ਕਰਨ ਨੂੰ ਤਿਆਰ ਹਾਂ ਪਰ ਸਾਰਿਆਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਨਾ ਛਕਾਇਆ ਜਾਵੇ।" ਜਦ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਰਾਜਿਆਂ ਦੀ ਗੱਲ ਨਾ ਮੰਨਕੇ ਆਪਣੇ ਸਿਧਾਂਤ ਤੋਂ ਪਾਸੇ ਨਾ ਜਾਣ ਦਾ ਫ਼ੈਸਲਾ ਸੁਣਾ ਦਿੱਤਾ, ਤਾਂ ਇਹਨਾਂ ਪਹਾੜੀ ਰਾਜਿਆਂ ਦੇ ਮਨਾਂ ਅੰਦਰ ਹੋਰ ਵੀ ਈਰਖਾ ਪੈਦਾ ਹੋ ਗਈ।
ਜਦ ਦੁਸ਼ਮਣ ਦੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਕਮਜ਼ੋਰ ਕਰਨ ਦੇ ਸਾਰੇ ਹੀਲੇ ਸਫ਼ਲ ਨਾ ਹੋਏ,ਹਰ ਵਾਰ ਮੂੰਹ ਦੀ ਖਾਣੀ ਪਈ ਤਾਂ ਇਹਨਾਂ ਰਾਜਿਆਂ ਵੱਲੋਂ ਮੂਗਲ ਫੌਜਾਂ ਨਾਲ ਮਿਲਕੇ ਰਹਿ ਰਹਿਕੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਤਰਾਂ ਦੇ ਹਮਲੇ ਜਾਇਜ ਸਮਝਕੇ ਭਾਰੀ ਨੁਕਸਾਨ ਕੀਤਾ ਜਾਣ ਲੱਗਾ, ਜਿਸ ਕਰਕੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਹੋਣਾ ਪਿਆ, ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਿੰਘ ਸੂਰਮਿਆਂ ਦੇ ਨਾਲ ਨਾਲ ਵੱਡੇ ਪੁੱਤਰ ਅਜੀਤ ਸਿੰਘ ਤੇ ਜੂਝਾਰ ਸਿੰਘ ਨੂੰ ਦੁਸ਼ਮਣਾਂ ਨਾਲ ਟੱਕਰ ਲੈਣ ਲਈ ਆਪ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਅਤੇ ਸ਼ਹੀਦ ਹੁੰਦੇ ਵੇਖਿਆ। ਦੁਸ਼ਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਜ਼ੋਰਾਵਰ ਸਿੰਘ, ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ, ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਏ। ਇਕ ਹਫ਼ਤੇ ਵਿੱਚ ਪਰਿਵਾਰ ਦੇ ਪੰਜ ਮੈਂਬਰ ਸ਼ਹੀਦ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਦੇ ਜੀਆਂ ਦਾ ਅੰਤਿਮ ਸੰਸਕਾਰ ਕਰਨਾ ਤਾਂ ਦੂਰ ਦੀ ਗੱਲ, ਜਾਂਦੀ ਵਾਰ ਮੂੰਹ ਵੀ ਨਹੀਂ ਵੇਖ ਸਕਿਆ।
ਇਹ ਗੱਲ ਕਰਦਿਆਂ ਲਿਖਦਿਆਂ ਅੱਜ ਵੀ ਧਾਹ ਨਿਕਲਦੀ ਹੈ। ਐਡਾ ਵੱਡਾ ਵਿਛੋੜਾ, ਦੁੱਖ ਭਾਵੇਂ ਬਹੁਤ ਅਸਿਹ ਸੀ, ਪਰ ਗੁਰੂ ਗੋਬਿੰਦ ਸਿੰਘ ਨੇ ਫਿਰ ਵੀ ਹੋਂਸਲਾ ਨਹੀਂ ਸੀ ਹਾਰਿਆ।
ਦਲਿਤ ਬੁੱਧੀਜੀਵੀ ਭਰਾਵੋ ਅਤੇ ਸੂਝਵਾਨ ਲੋਕੋ! ਇਕ ਹੋਰ ਵੱਡੀ ਗੱਲ ਨੋਟ ਕਰਨ ਵਾਲੀ ਹੈ, ਹੋ ਸਕਦਾ ਇਹ ਵੀ ਅੰਬੇਡਕਰ ਜੀ ਦੇ ਧਿਆਨ ਵਿੱਚ ਵੀ ਹੋਵੇ, ਕਿ ਸਿੱਖ ਗੁਰੂ ਸਹਿਬਾਨਾਂ ਨੇ ਇਕ ਹੋਰ ਐਸਾ ਅਨੌਖਾ ਕੰਮ ਕੀਤਾ, ਜ਼ੋ ਨਾ ਪਹਿਲਾਂ ਕਿਸੇ ਨੇ ਕੀਤਾ ਸੀ ਅਤੇ ਨਾਹੀਂ ਕੋਈ ਬਾਅਦ ਵਿੱਚ ਕਰ ਸਕਿਆ, ਉਹ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਦੇ ਅਤੇ ਆਪਣੇ ਸਮੇਂ ਤੋਂ ਪਹਿਲਾਂ ਹੋਏ ਰਹਿਬਰ ਮੁਸਲਮਾਨ, ਬ੍ਰਾਹਮਣ,ਖਤਰੀ,ਵੈਸ਼, ਸ਼ੂਦਰ ਹਰ ਵਰਗ ਦੇ ਉੱਚੀ ਆਤਮਕ ਅਵਸਥਾ ਵਾਲੇ ਮਹਾਂਪੁਰਖਾਂ ਦੀ ਬਾਣੀ ਆਪ ਇਕੱਤਰ ਕੀਤੀ ਅਤੇ ਸਾਂਭ ਕੇ ਰੱਖਿਆ, ਆਪਣੇ ਤੋਂ ਬਾਅਦ ਦੂਜੇ ਪਾਤਸ਼ਾਹ ਅੰਗਦ ਸਾਹਿਬ ਜੀ ਨੂੰ ਜ਼ਿੰਮੇਦਾਰੀ ਦਿੰਦਿਆਂ ਨਾਲ ਇਹ ਸਾਰੀ ਦੀ ਸਾਰੀ ਬਾਣੀ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ,ਜ਼ੋ ਪੰਜਵੇਂ ਪਾਤਸ਼ਾਹ ਤੱਕ ਇਹ ਸਿਲਸਿਲਾ ਚਲਦਾ ਰਿਹਾ।
ਉਸ ਵਕਤ ਤਾਂ ਤਰਥੱਲੀ ਮੱਚ ਗਈ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਨਾਲ ਨਾਲ ਆਪਣੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਵਲੋਂ ਇਕੱਤਰ ਕੀਤੀ ਬਾਣੀ ਨੂੰ ਇਕੋ ਪੋਥੀ ਸਾਹਿਬ ਵਿੱਚ ਇਕੱਤਰ ਕਰਕੇ ਪੱਕੇ ਤੌਰ ਤੇ ਇਸ ਤਰਾਂ ਸੰਭਾਲ ਦਿੱਤਾ, ਕਿ ਕੋਈ ਵਿਰੋਧੀ ਬਾਅਦ ਵਿੱਚ ਮਿਲਾਵਟ ਨਾ ਕਰ ਸਕੇ। ਇਹ ਇਕ ਅਨੌਖੀ ਮਿਸ਼ਾਲ ਹੈ, ਜ਼ੋ ਸਿੱਖ ਗੁਰੂ ਸਹਿਬਾਨਾਂ ਤੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਿਆ। ਸਿੱਖ ਗੁਰੂ ਸਹਿਬਾਨਾਂ ਨੇ ਜ਼ੋ ਹਰ ਵਰਗ ਦੇ ਉੱਚੀ ਸੁੱਚੀ ਸੋਚ ਰੱਖਣ ਵਾਲੇ ਮਹਾਂਪੁਰਖਾਂ ਨੂੰ ਇਕ ਥਾਂ ਬਿਠਾਕੇ ਜ਼ੋ ਬਹੁਜਨ ਬਣਾਇਆ, ਉਹ ਹਰ ਇਕ ਨੂੰ ਕਲਾਵੇ ਵਿੱਚ ਲੈਣ ਵਾਲਾ ਸੀ ਅਤੇ ਹੈ।
ਇਸੇ ਕਰਕੇ ਹੀ ਡਾ.ਅੰਬੇਡਕਰ ਜੀ ਤੋਂ ਬਾਅਦ ਕਾਂਸ਼ੀ ਰਾਮ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀ ਗੱਲ ਕਰਦੇ ਸੀ।
ਡਾ. ਅੰਬੇਡਕਰ ਜੀ ਦੀ ਇਕ ਹੋਰ ਗੱਲ ਵੱਲ ਧਿਆਨ ਦਿਉ, ਬਾਬਾ ਸਾਹਿਬ ਅੰਬੇਡਕਰ ਜੀ ਚਾਹੁੰਦੇ ਹੋਏ ਵੀ ਜਦ 1935-36 ਵਿੱਚ ਮਹਾਤਮਾ ਗਾਂਧੀ ਅਤੇ ਮਾ. ਤਾਰਾ ਸਿੰਘ ਦੀਆਂ ਸਾਜ਼ਸ਼ਾਂ ਦੇ ਕਾਰਨ ਸਿੱਖ ਧਰਮ ਨਾ ਅਪਣਾ ਸਕੇ ਤਾਂ ਇਸ ਤੋਂ ਬਾਅਦ ਵੀ 19-20 ਸਾਲ ਤੱਕ 'ਬੁਧ ਧਰਮ' ਨਹੀਂ ਸੀ ਅਪਣਾਇਆ। ਅਖੀਰ ਅੰਤ ਸਮਾਂ ਨੇੜੇ ਦਿਸਦਾ ਵੇਖ ਅਤੇ ਆਪਣੀ ਸੌਂਹ ਪੂਰੀ ਕਰਨ ਲਈ "ਕਿ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ, ਪਰ ਹਿੰਦੂ ਮਰਾਂਗਾ ਨਹੀਂ।" 14 ਅਕਤੂਬਰ 1956 ਨੂੰ ਜਦ ‘ਬੁਧ ਧਰਮ’ ਅਪਣਾਇਆ ਤਾਂ ਅੰਬੇਡਕਰ ਸਾਹਿਬ ਜੀ ਗਿਣਤੀ ਦੇ ਦੋ ਮਹੀਨੇ ਵੀ ਪੂਰੇ ਨਾ ਕਰ ਸਕੇ, ਆਪਣੇ ਪ੍ਰਸ਼ੰਸਕਾਂ (6 ਦਸੰਬਰ 1956) ਨੂੰ ਰੋਂਦੇ ਕੁਰਲਾਉਂਦੇ ਛੱਡਕੇ ਸਦਾ ਲਈ ਇਸ ਦੁਨੀਆਂ ਤੋਂ ਚਲੇ ਗਏ।
ਇਸ ਲਈ ਦਲਿਤ ਸਮਾਜ ਜਿੱਥੇ ਬਾਬਾ ਸਾਹਿਬ ਭੀਮ ਰਾਓ ਜੀ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਗੱਲ ਕਰਦੇ ਹਨ ਉਥੇ ਅੰਬੇਡਕਰ ਜੀ ਵੱਲੋਂ ਸਿੱਖ ਧਰਮ ਅਪਣਾਉਣ ਦਾ ਰਹਿ ਗਿਆ ਅਧੂਰਾ ਸੁਪਨੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਮੇਜਰ ਸਿੰਘ 'ਬੁਢਲਾਡਾ'
94176 42327
'ਵਾਹਗਾ ਬਾਰਡਰ' - ਮੇਜਰ ਸਿੰਘ ਬੁਢਲਾਡਾ
ਸੰਗਤ ਨਾਲ 'ਵਾਹਗਾ' ਬਾਰਡਰ,
ਮੈਂ ਸੱਜਣੋਂ ਵੇਖਕੇ ਆਇਆ।
ਲਾਲ, ਕਾਲ਼ੀਆਂ ਕਲਗ਼ੀਆਂ ਵਾਲਿਆਂ,
ਆਪਣਾ ਜਲਵਾ ਇੰਝ ਦਿਖਾਇਆ।
ਜ਼ੋਰ ਨਾਲ ਲੱਤਾਂ ਬਾਹਾਂ ਮਾਰਦੇ,
ਇਕ ਦੂਜੇ ਦੇ ਵੱਲ ਜਾਂਦੇ,
ਵੇਖ ਉਹਨਾਂ ਨੂੰ ਵੇਖਣ ਵਾਲੇ,
ਉੱਚੀ ਚੀਕਾਂ ਰੌਲ਼ੀ ਪਾਉਂਦੇ।
ਰੋਕਾਂ ਵਿੱਚ ਇਕ ਦੂਜੇ ਨੂੰ,
ਪੈਂਦੇ ਸੀ ਕਰ ਕਰ ਹੱਲੇ।
ਅੱਤ ਗਰਮੀ ਦੇ ਵਿੱਚ ਬੈਠੇ,
ਮੇਰੇ ਕੁਝ ਨੀ ਪਿਆ ਪੱਲੇ।
ਮੇਜਰ ਇਕ ਦੂਜੇ ਲਈ ਨਫ਼ਰਤ,
ਉਥੇ ਵਧਾਉਂਦੇ ਨਜ਼ਰ ਸੀ ਆਏ।
ਜੇ ਕਿਸੇ ਹੋਰ ਕੁਝ ਮਿਲਿਆ?
ਉਹ ਕਿਰਪਾ ਮੈਨੂੰ ਵੀ ਸਮਝਾਏ।
ਮੇਜਰ ਸਿੰਘ ਬੁਢਲਾਡਾ
94176 42327
'ਜਥੇਦਾਰ' ਬਣਿਆ 'ਗੜਗੱਜ' - ਮੇਜਰ ਸਿੰਘ 'ਬੁਢਲਾਡਾ'
'ਜਥੇਦਾਰ' ਅਕਾਲ ਤਖ਼ਤ ਦਾ ਅਖਵਾਉਣ ਵਾਲਾ।
ਰਾਤ ਨੂੰ ਚੋਰੀਓਂ ਤਾਜ਼ ਸਜ਼ਵਾਉਣ ਵਾਲਾ।
ਖ਼ੁਦ ਨੇ ਮਰਿਯਾਦਾ ਦੀਆਂ ਧੱਜੀਆਂ ਉਡਾ ਰੱਖੀਆਂ,
ਹੋਰਾਂ ਨੂੰ 'ਮਰਿਯਾਦਾ' ਦਾ ਪਾਠ ਪੜ੍ਹਾਉਣ ਵਾਲਾ।
ਨਾ 'ਗੁਰੂ' ਦੀ, ਨਾ 'ਪੰਥ' ਦੀ ਪ੍ਰਵਾਹ ਇਹਨੂੰ,
'ਆਕਾਲ ਤਖ਼ਤ' ਨੂੰ ਵੱਡੀ ਢਾਹ ਲਾਉਣ ਵਾਲਾ।
ਆਪਣੀ ਬੇਅਕਲੀ ਦਾ ਢੋਲ ਪਿੱਟ ਕੇ,
ਸਿੱਖ ਕੌਮ ਨੂੰ ਨਮੋਸ਼ੀ ਦਿਵਾਉਣ ਵਾਲ਼ਾ।
ਮੇਜਰ ਜਿਹਨਾਂ ਤਖ਼ਤ ਬਿਠਾਇਆ ਨਾਲ ਧੱਕੇ,
ਸਿਰਫ਼ ਉਹਨਾਂ ਦਾ ਹੁਕਮ ਵਜਾਉਣ ਵਾਲਾ।
ਮਾਲਕ ਜਿਸਦੇ ਵੀ ਮਗਰ ਪਾ ਦਿੰਦੇ,
ਪੈਂਦਾ ਉਹਨਾਂ ਨੂੰ ਭੱਜ ਭੱਜ ਸਿੱਖੋ!
ਸਿੱਖ ਕੌਮ ਵਿੱਚ ਵੱਡਾ ਘਮਸਾਨ ਪਾਇਆ,
ਐਸਾ 'ਜਥੇਦਾਰ' ਬਣਿਆ 'ਗੜਗੱਜ' ਸਿੱਖੋ!
ਮੇਜਰ ਸਿੰਘ 'ਬੁਢਲਾਡਾ'
94176 42327
'ਆਖਰੀ ਵੱਡਾ ਬਾਣ ਵੀ ਛੱਡ ਦਿੱਤਾ' - ਮੇਜਰ ਸਿੰਘ ਬੁਢਲਾਡਾ
'ਬਾਦਲ' ਨੇ ਆਖਰੀ ਵੱਡਾ ਬਾਣ ਵੀ ਛੱਡ ਦਿੱਤਾ,
ਜਥੇਦਾਰ ਤੋਂ ਦਿਵਾਕੇ ਗ਼ਲਤ ਬਿਆਨ ਸਿੱਖੋ!
ਆਪ ਅਕਾਲ ਤਖ਼ਤ ਤੇ ਗੁਨਾਹ ਕਬੂਲ ਕਰਕੇ,
ਪਿਛੋਂ ਮੁਕਰ ਗਿਆ ਸ਼ਰੇਆਮ ਸਿੱਖੋ!
ਇਹ ਗੁਰੂ ਨਾਲ ਚਲਾਕੀਆਂ ਨਿੱਤ ਖੇਡੇ,
ਰੋਲਕੇ ਰੱਖਤੀ ਪੰਥ ਦੀ ਸ਼ਾਨ ਸਿੱਖੋ!
ਪੁੱਠੀ ਪੈ ਜਾਂਦੀ ਚਲਦਾ ਹੈ ਗੇਮ ਜਿਹੜੀ
ਔਖੀ ਹੋ ਰਹੀ ਹੈ ਬਚਾਉਣੀ ਜਾਨ ਸਿੱਖੋ!
ਮੇਜਰ ਸਿੰਘ ਬੁਢਲਾਡਾ
94176 42327
'ਗੁਰੂ ਦੇ ਨਾਲ ਕਿਵੇਂ ਨਿਭੋਗੇ ? - ਮੇਜਰ ਸਿੰਘ ਬੁਢਲਾਡਾ
650ਵੇਂ ਸਾਲ, ਗੁਰੂ ਦੇ ਨਾਲ,
ਤੁਸੀਂ ਕਿਵੇਂ ਨਿਭੋਗੇ ?
ਦੱਸੋ ਸਾਰੇ ਆਪਣੇ ਖਿਆਲ,
ਤੁਸੀਂ ਕਿਵੇਂ ਨਿਭੋਗੇ ?
ਗੁਰੂ 'ਰਵਿਦਾਸ' ਜਾਬਰਾਂ ਦੇ ਨਾਲ ਅੜਿਆ।
ਸਾਰੇ ਮਜ਼ਲੂਮਾਂ ਦੇ ਉਹ ਹੱਕਾਂ ਲਈ ਲੜਿਆ।
"ਹੱਕ ਸਭਨਾਂ ਦੇ ਹੋਣ ਬਹਾਲ"...
ਤੁਸੀਂ ਕਿਵੇਂ ਨਿਭੋਗੇ ?
650ਵੇਂ ਸਾਲ, ਗੁਰੂ ਦੇ ਨਾਲ...
ਗੁਰੂ ਨੇ ਪਾਬੰਦੀਆਂ ਤੋੜੀਆਂ ਸੀ ਸਾਰੀਆਂ।
ਬਿੱਪਰਾਂ ਦੇ ਪੈਰਾਂ ਵਿੱਚ ਵਗਾਹ ਉਹਨਾਂ ਮਾਰੀਆਂ।
ਲਿਆਂਦਾ ਬਿੱਪਰਾਂ ਵਿਹੜੇ 'ਚ ਭੁਚਾਲ...
ਤੁਸੀਂ ਕਿਵੇਂ ਨਿਭੋਗੇ?
650ਵੇਂ ਸਾਲ, ਗੁਰੂ ਦੇ ਨਾਲ...
ਜਿੱਤਿਆ ਦਲੀਲਾਂ ਨਾਲ ਜਾ ਕਚਹਿਰੀ ਵਿੱਚ ਜੀ।
ਵੱਡੇ ਖੱਬੀ ਖਾਨ 'ਬਿੱਪਰ' ਸਾਰੇ ਮਾਰੇ ਚਿੱਤ ਜੀ।
ਅਖੌਤੀ ਸ਼ੂਦਰਾਂ ਦੇ ਵਿਹੜੇ ਪਈ ਧਮਾਲ...
ਤੁਸੀਂ ਕਿਵੇਂ ਨਿਭੋਗੇ?
650ਵੇਂ ਸਾਲ, ਗੁਰੂ ਦੇ ਨਾਲ...
ਕਰਮਕਾਂਡਾਂ ਤਾਈਂ ਉਹਨੇ ਰੱਜਕੇ ਨਕਾਰਿਆ।
ਹੋਕਾ ਦਿੱਤਾ ਉਹਨੇ ਕੱਠੇ ਰਹਿਣ ਦਾ ਪਿਆਰਿਆਂ।
ਤੁਸੀਂ ਕਿੰਨਾ ਚਲ ਰਹੇ ਗੁਰੂ ਦੀ ਚਾਲ...
ਤੁਸੀਂ ਕਿਵੇਂ ਨਿਭੋਗੇ ?
650ਵੇਂ ਸਾਲ, ਗੁਰੂ ਦੇ ਨਾਲ...
ਗਿਆਨ ਦੀ ਉਹਨਾਂ ਐਸੀ ਜੋਤ ਜਗਾਈ ਜੀ।
'ਮੇਜਰ' ਹਨੇਰੇ ਵਿਚੋਂ ਕੱਢੀ ਉਸਨੇ ਲੋਕਾਈ ਜੀ।
ਸਿਖਾਇਆ ਜਿਉਣਾਂ ਉਹਨਾਂ ਅਣਖ਼ ਦੇ ਨਾਲ...
ਤੁਸੀਂ ਕਿਵੇਂ ਨਿਭੋਗੇ?
650ਵੇਂ ਸਾਲ, ਗੁਰੂ ਦੇ ਨਾਲ...
ਮੇਜਰ ਸਿੰਘ ਬੁਢਲਾਡਾ
94176 42327
'ਕੱਫ਼ਣ ਦੇ ਲੱਗੀ ਜੇਬ ਵੀ ਹੋਵੇ' - ਮੇਜਰ ਸਿੰਘ ਬੁਢਲਾਡਾ
ਜੇ ਕੱਫ਼ਣ ਦੇ ਲੱਗੀ ਜੇਬ ਵੀ ਹੋਵੇ ।
ਕੀਤੀ ਮਾਇਆ ਸੇਵ ਵੀ ਹੋਵੇ ।
ਚਾਹੇ ਖੱਟੀ ਮਰ ਮਰਕੇ ਤੂੰ,
ਚਾਹੇ ਝੂਠ ਫਰੇਬ ਦੀ ਹੋਵੇ।
ਮਰਕੇ ਕਿਹੜਾ ਜਾਣਾ ਟੂਰ ਤੇ,
ਜੋ ਲੈ ਜਾਵੇਗਾ ਜੇਬ 'ਚ ਪਾਕੇ !
ਦੇ ਦਿੱਤਾ ਜਦ ਵਿੱਚ ਲੱਕੜਾਂ ਦੇ,
ਜੋ ਪਾਇਆ ਰੱਖ ਲੈਣਾ ਲਾਹਕੇ।
ਕੁਝ ਲੈ ਜਾਣਾ ਦੂਰ ਦੀ ਗੱਲ,
ਜਾਣਾ ਤਨ ਤੇ ਸਾਂਹ ਗਵਾਕੇ ।
ਦੇ ਦਿੱਤਾ ਜਦ ਵਿੱਚ ਲੱਕੜਾਂ ਦੇ,
ਜੋ ਪਾਇਆ ਰੱਖ ...
ਮੇਜਰ ਸਿੰਘ ਬੁਢਲਾਡਾ
94176 42327
ਜ਼ਾਤ - ਮੇਜਰ ਸਿੰਘ 'ਬੁਢਲਾਡਾ'
ਜਿਸ ਜ਼ਾਤ ਨੇ 'ਅੰਬੇਡਕਰ' ਨੂੰ ਬੇਹੱਦ ਜਲੀਲ ਕੀਤਾ,
ਜੋ ਅਣਗਿਣਤ ਦਲਿਤਾਂ ਦਾ ਕਰਦੀ ਅਪਮਾਨ ਲੋਕੋ।
ਉਸ ਜ਼ਾਤ ਨੂੰ ਖ਼ਤਮ ਕਰਨ ਦੀ ਥਾਂ,
ਪੱਕਾ ਕੀਤਾ ਗਿਆ ਵਿੱਚ ਸੰਵਿਧਾਨ ਲੋਕੋ।ਂ
'ਰਿਜ਼ਰਵੇਸ਼ਨ' ਦਿੱਤੀ ਸਿਰਫ਼ ਦਲਿਤ ਹਿੰਦੂਆਂ ਨੂੰ ,
ਕਿਤੇ ਇਹ ਬਗਾਵਤ ਨਾ ਕਰ ਜਾਣ ਲੋਕੋ।
ਜ਼ਾਤ ਕਮਜ਼ੋਰ ਹੋਣ ਦੀ ਥਾਂ ਮਜ਼ਬੂਤ ਹੋਈ,
'ਮੇਜਰ' ਕੋਈ ਮੰਨੇ ਨਾ ਮੰਨੇ ਇਨਸਾਨ ਲੋਕੋ।
ਮੇਜਰ ਸਿੰਘ 'ਬੁਢਲਾਡਾ'
94176 42327
"ਨਾ ਕੋ ਬੈਰੀ ਨਾਹੀਂ ਬਿਗਾਨਾ"- ਮੇਜਰ ਸਿੰਘ 'ਬੁਢਲਾਡਾ'
'ਸਾਧੂ ਸੰਤਾਂ' ਦੇ ਕੋਈ ਯਾਰ ਨੀਂ ਹੁੰਦੇ।
ਇਹ ਰੱਬ ਦੀ ਰਜ਼ਾ 'ਚੋਂ ਬਾਹਰ ਨਹੀਂ ਹੁੰਦੇ।
'ਸੰਤਾ' ਲਈ "ਨਾਂ ਕੋ ਬੈਰੀ ਨਾਹੀਂ ਬਿਗਾਨਾ"
ਇਹਨਾਂ ਦੇ ਲੋਕਾਂ ਵਾਲੇ ਰਿਸ਼ਤੇਦਾਰ ਨੀਂ ਹੁੰਦੇ।
'ਸੰਤ' ਸੱਚ ਦੇ ਮਾਰਗ ਚਲਦੇ ਚਲਾਉਂਦੇ,
ਮੋਹ ਮਾਇਆ ਵਿੱਚ ਕਦੇ ਖ਼ੁਆਰ ਨੀਂ ਹੁੰਦੇ।
ਕਹਿੰਦੇ "ਸਾਧਾਂ ਨੂੰ ਕੀ ਸਵਾਦਾਂ ਨਾਲ"
ਇਹ ਕਦੇ ਵੀ ਦੁਨੀਆਂਦਾਰ ਨੀਂ ਹੁੰਦੇ।
'ਸੰਤ' ਇਕ ਆਕਾਲ ਪੁਰਖ ਦੇ ਬਾਝੋਂ,
ਮੇਜਰ ਕਿਸੇ ਦੇ ਤਾਬੇਦਾਰ ਨਹੀਂ ਹੁੰਦੇ।
52 ਰਾਜੇ ਅਤੇ ਕਵੀ - ਮੇਜਰ ਸਿੰਘ ਬੁਢਲਾਡਾ
52 ਰਾਜੇ ਸੇਵਕ ਲੱਭਣ ਨਾ ਗੁਰੂ ਰਵਿਦਾਸ ਜੀ ਦੇ,
ਨਾ ਗੁਰੂ ਹਰਗੋਬਿੰਦ ਜੀ ਨਾਲ ਆਏ ਜੋ ਬਾਹਰ ਸਿੱਖੋ।
ਨਾ 51 ਕਵੀ ਗੁਰੂ ਗੋਬਿੰਦ ਸਿੰਘ ਵਾਲੇ ਲੱਭਦੇ ਨੇ,
ਮਿਥਿਹਾਸ ਦਾ ਵੱਡਾ ਹੋ ਰਿਹਾ ਹੈ ਪ੍ਰਚਾਰ ਸਿੱਖੋ।
ਸੱਚ ਝੂਠ ਦਾ ਕਦੇ ਨਹੀਂ ਪਤਾ ਲਗਦਾ,
ਜੋ ਪੜ੍ਹ ਸੁਣਕੇ ਕਰਦੇ ਨਹੀਂ ਵਿਚਾਰ ਸਿੱਖੋ।
ਪ੍ਰਚਾਰਕ, ਸੱਚ ਕਹਿੰਦਾ ਕਿ ਝੂਠ ਇਹ,
ਸਭ ਦੀ ਕਰੀ ਜਾਂਦੇ ਜੈ ਜੈਕਾਰ ਸਿੱਖੋ।
ਤੁਸੀਂ ਸੱਚ ਝੂਠ ਦੀ ਸਿੱਖ ਲਓ ਪਰਖ ਕਰਨੀ,
ਫਿਰ ਝੂਠ ਚੱਲਣਾ ਨਹੀਂ ਸ਼ਰੇ ਬਾਜ਼ਾਰ ਸਿੱਖੋ।
ਜਿਹਨਾਂ ਨੇ ਇਤਿਹਾਸ ਦਾ ਬੇੜਾ ਗ਼ਰਕ ਕਰਿਆ,
ਉਹਨਾਂ ਨੂੰ ਇਤਿਹਾਸ ਦਾ ਸਮਝ ਬੈਠੇ ਅਲੰਬਰਦਾਰ ਸਿੱਖੋ।
ਮੇਜਰ ਸਿੰਘ ਬੁਢਲਾਡਾ
94176 42327
'ਮਾ. ਤਾਰਾ ਸਿੰਘ ਬਨਾਮ ਡਾ.ਅੰਬੇਡਕਰ' - ਮੇਜਰ ਸਿੰਘ ਬੁਢਲਾਡਾ
ਮਾ. ਤਾਰਾ ਸਿੰਘ ਸੀ *ਵਿਹਿਪ' ਦੇ ਮੋਢੀਆਂ ਚੋਂ,
ਇਹ ਅੰਦਰੋਂ ਪੱਕਾ 'ਹਿੰਦੂ' ਤੇ 'ਸਿੱਖ ਪ੍ਰਧਾਨ' ਲੋਕੋ।
ਕਹਿੰਦਾ "ਹਮਨੇ ਹਿੰਦੂ ਧਰਮ ਕੋ ਕਵੀ ਨਹੀਂ ਛੋੜਾ"
ਇਹ ਤਾਰਾ ਸਿੰਘ ਦਾ ਸੀ ਆਪਣਾ ਬਿਆਨ ਲੋਕੋ।
ਖੁੱਲਕੇ 'ਅੰਬੇਡਕਰ' ਦੀ ਕੀਤੀ ਨਾ ਸਪੋਟ ਇਸਨੇ,
ਜਦ ਉਹ ਸਿੱਖੀ ਵਿੱਚ ਲੱਗਾ ਸੀ ਆਣ ਲੋਕੋ।
ਖ਼ਤ ਖੂਨ ਨਾਲ ਲਿਖਕੇ ਦਿੱਤੀਆਂ ਧਮਕੀਆਂ ਤੇ,
ਮਾ. ਤਾਰਾ ਸਿੰਘ ਨੇ ਨਾ ਖੋਲ੍ਹੀ ਜ਼ੁਬਾਨ ਲੋਕੋ।
ਧਮਕੀਆਂ ਦੇਣ ਵਾਲਿਆਂ ਨੂੰ ਨਾ ਖ਼ਬਰਦਾਰ ਕੀਤਾ,
ਨਾ ਦਲਿਤਾਂ ਦੀ ਰਾਖੀ ਦਾ ਕੀਤਾ ਐਲਾਨ ਲੋਕੋ।
ਵੱਡੀ ਗਿਣਤੀ 'ਚ ਦਲਿਤਾਂ ਦਾ ਸਿੱਖ ਬਣਨਾ,
ਸ਼ਾਇਦ ਅੰਦਰੋਂ ਨਹੀਂ ਸੀ ਇਸਨੂੰ ਪ੍ਰਵਾਨ ਲੋਕੋ।
ਦੂਜਾ ਜ਼ਾਤ ਦੇ ਆਧਾਰ ਤੇ ਰਿਜ਼ਰਵੇਸ਼ਨ ਦਿਵਾ ਕੇ,
ਸਿੱਖੀ ਵਿੱਚ 'ਜ਼ਾਤ' ਨੂੰ ਮਾਨਤਾ ਦਿਵਾ ਗਿਆ ਜੀ।
ਜਿਸਨੂੰ ਖ਼ਤਮ ਕਰਨ ਲਈ ਗੁਰੂਆਂ ਜ਼ੋਰ ਲਾਇਆ,
'ਮੇਜਰ' ਇਹ 'ਜ਼ਾਤ' ਸਿੱਖੀ 'ਚ ਪੱਕੀ ਕਰਾ ਗਿਆ ਜੀ।
ਮੇਜਰ ਸਿੰਘ ਬੁਢਲਾਡਾ
94176 42327