Prof-Raunki-Ram

ਅਕਾਲੀ ਦਲ-ਬਸਪਾ ਗੱਠਜੋੜ : ਬਦਲਦੇ ਸਮੀਕਰਨ - ਡਾ. ਰੌਣਕੀ ਰਾਮ

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮੂਲ ਵਿਰਾਸਤ ਵਾਲੀ ਸਿਆਸੀ ਪਾਰਟੀ ਹੈ। ਹਾਲ ਹੀ ਵਿਚ ਇਸ ਦਾ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਗੱਠਜੋੜ ਹੋਇਆ ਹੈ। ਬਸਪਾ ਦਾ ਜਨਮ ਵੀ ਪੰਜਾਬ ਦੀ ਧਰਤੀ ’ਤੇ ਹੀ ਹੋਇਆ ਸੀ ਜਿੱਥੇ ਦਲਿਤਾਂ ਦੀ ਇਕ ਤਿਹਾਈ ਆਬਾਦੀ ਰਹਿੰਦੀ ਹੈ ਪਰ ਇਹ ਗੱਲ ਵੱਖਰੀ ਹੈ ਕਿ ਬਸਪਾ ਦੇ ਯਤਨਾਂ ਨੂੰ ਪਹਿਲੀ ਵਾਰ ਬੂਰ ਹਿੰਦੀ ਪੱਟੀ ਦੇ ਪ੍ਰਮੁੱਖ ਸੂਬੇ ਉੱਤਰ ਪ੍ਰਦੇਸ਼ ਵਿਚ ਪਿਆ ਸੀ। ਅਕਾਲੀ ਦਲ ਅਤੇ ਬਸਪਾ ਇਸ ਵੇਲੇ ਔਖੇ ਸਿਆਸੀ ਹਾਲਾਤ ’ਚੋਂ ਲੰਘ ਰਹੀਆਂ ਹਨ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵਜੋਂ ਆਪਣੀ ਵਿਰਾਸਤ ਦਾ ਰੁਤਬਾ ਕਾਇਮ ਰੱਖਣ ਅਤੇ ਆਪਣੇ ਮੂਲ ਜਨ ਆਧਾਰ, ਭਾਵ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨਾ ਕਰ ਸਕਣ ਕਰ ਕੇ ਮੁਸ਼ਕਿਲਾਂ ਨਾਲ ਜੂਝ ਰਹੀ ਹੈ, ਦੂਜੇ ਪਾਸੇ ਬਸਪਾ ਲਈ ਵੀ ਪੰਜਾਬ ਵਿਚ ਆਪਣੀ ਹੋਂਦ ਬਚਾਉਣ ਦਾ ਸੰਕਟ ਹੈ। ਅਕਾਲੀ ਦਲ ਨੂੰ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਭਿਆਲ ਹੁੰਦਿਆਂ ਕੇਂਦਰ ਸਰਕਾਰ ਦੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਤੋਂ ਛਿੜੇ ਵਿਵਾਦ ਕਾਰਨ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੇ ਜ਼ਿਆਦਾਤਰ ਦਲਿਤ ਹਾਲਾਂਕਿ ਬੇਜ਼ਮੀਨੇ ਖੇਤ ਮਜ਼ਦੂਰ ਹਨ ਪਰ ਇਨ੍ਹਾਂ ਤਿੰਨ ਕਾਨੂੰਨਾਂ ਦਾ ਸੇਕ ਉਨ੍ਹਾਂ ਤੱਕ ਵੀ ਅੱਪੜ ਰਿਹਾ ਹੈ। ਇਸ ਕਰ ਕੇ ਜਮਾਤੀ ਟਕਰਾਅ ਦੇ ਬਾਵਜੂਦ ਕਿਸਾਨਾਂ ਅਤੇ ਬੇਜ਼ਮੀਨੇ ਦਲਿਤ ਖੇਤ ਮਜ਼ਦੂਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਲਈ ਇਕ ਦੂਜੇ ਦੇ ਕਰੀਬ ਆ ਗਏ ਹਨ। ਕਿਸਾਨ ਅੰਦੋਲਨ ਨੂੰ ਪੰਜਾਬ ਦੀਆਂ ਵੱਖ ਵੱਖ ਖੇਤ ਮਜ਼ਦੂਰ ਯੂਨੀਅਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਨਾਲ ਤੰਗਨਜ਼ਰ ਜਾਤੀ ਵਲਗਣਾਂ ਮਿਟੀਆਂ ਹਨ ਅਤੇ ਵਿਆਪਕ ਕਿਸਾਨ ਮਜ਼ਦੂਰ ਏਕਤਾ ਦਾ ਅਹਿਸਾਸ ਪੈਦਾ ਹੋ ਰਿਹਾ ਹੈ।
        ਸ਼੍ਰੋਮਣੀ ਅਕਾਲੀ ਦਲ ਨੂੰ ਖਦਸ਼ਾ ਹੈ ਕਿ ਇਸ ਨਵੀਂ ਉੱਭਰ ਰਹੀ ਕਿਸਾਨ ਮਜ਼ਦੂਰ ਏਕਤਾ ਦਾ ਕਿਤੇ ਉਸ ਉੱਤੇ ਉਲਟਾ ਸਿਆਸੀ ਅਸਰ ਨਾ ਪਵੇ, ਇਸ ਲਈ ਉਹ ਭਾਜਪਾ ਨਾਲੋਂ ਸਬੰਧ ਤੋੜ ਕੇ ਐੱਨਡੀਏ ’ਚੋਂ ਬਾਹਰ ਆ ਗਿਆ ਅਤੇ ਫਿਰ ਉਸ ਨੇ ਅਗਲੀਆਂ ਚੋਣਾਂ ਵਿਚ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਹਾਸਲ ਕਰਨ ਦੀ ਉਮੀਦ ਨਾਲ ਬਸਪਾ ਨਾਲ ਗੱਠਜੋੜ ਕਰ ਲਿਆ। ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਚੋਖੀ ਵਸੋਂ ਹੈ ਜਿਸ ਦਾ ਵੱਡਾ ਹਿੱਸਾ ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਬਣੇ ਦੋਆਬਾ ਖੇਤਰ ਵਿਚ ਰਹਿੰਦਾ ਹੈ। ਉਂਜ, ਸਿਤਮਜ਼ਰੀਫ਼ੀ ਇਹ ਹੈ ਕਿ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਚੋਖੀ ਤਾਦਾਦ ਹੋਣ ਦੇ ਬਾਵਜੂਦ ਸੂਬੇ ਵਿਚ ਬਸਪਾ ਅਜਿਹਾ ਇਕ ਵੀ ਆਗੂ ਪੈਦਾ ਨਹੀਂ ਕਰ ਸਕੀ ਜੋ ਘੱਟੋ-ਘੱਟ ਗੱਠਜੋੜ ਦਾ ਐਲਾਨ ਕਰਨ ਮੌਕੇ ਹੀ ਆਪਣੀ ਮੌਜੂਦਗੀ ਦਰਸਾਉਂਦਾ।
        12 ਜੂਨ ਨੂੰ ਹੋਏ ਚੋਣ ਗੱਠਜੋੜ ਦੀ ਕਾਰਗਰਤਾ ਨੂੰ ਲੈ ਕੇ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੇ ਵੱਖੋ-ਵੱਖਰੇ ਮੱਤ ਹਨ। ਅਕਾਲੀ ਦਲ ਨੂੰ ਕਿਸਾਨ ਅੰਦੋਲਨ ਵਿਚ ਘਿਰ ਜਾਣ ਕਾਰਨ ਭਾਜਪਾ ਨਾਲ ਪੰਝੀ ਸਾਲਾਂ ਤੋਂ ਚਲਿਆ ਆ ਰਿਹਾ ਗੱਠਜੋੜ ਤੋੜਨਾ ਪਿਆ ਅਤੇ ਹੁਣ ਇਸ ਨੇ ਪੰਜਾਬ ਵਿਚ ਦਲਿਤਾਂ ਤੇ ਅਕਾਲੀਆਂ ਦਰਮਿਆਨ ਸਿਆਸੀ ਏਕਤਾ ਦਾ ਭੁੱਲਿਆ ਵਿਸਰਿਆ ਰਾਹ ਚੁਣ ਲਿਆ ਹੈ। ਇਸ ਤਰ੍ਹਾਂ ਯਕਦਮ ਭਾਜਪਾ ਨਾਲ ਤੋੜ-ਤੜਿੱਕ ਕਰ ਕੇ ਪੈਦਾ ਹੋਏ ਸਿਆਸੀ ਖਲਾਅ ਨੂੰ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਨਾਲ ਭਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਜ, ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਲਈ ਇਹ ਗੱਠਜੋੜ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਹਿੱਤਾਂ ਦੀ ਕੀਮਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਨੂੰ ਮਜ਼ਬੂਤ ਕਰਨ ਦੀ ਮਨਸੂਬਾਬੰਦੀ ਦਾ ਸਿੱਟਾ ਜਾਪਦਾ ਹੈ। ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੀ ਸੁਪਰੀਮੋ ਮਾਇਆਵਤੀ ਦੇ ਇਕ ਗ਼ੈਰ-ਦਲਿਤ ਵਫ਼ਾਦਾਰ ਸਤੀਸ਼ ਚੰਦਰ ਮਿਸ਼ਰਾ ਵਲੋਂ ਗੱਠਜੋੜ ਦਾ ਐਲਾਨ ਕਰਨ ਤੋਂ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ (ਅਨੁਸੂਚਿਤ ਜਾਤੀਆਂ) ਅੰਦਰ ਧੁਕਧੁਕੀ ਹੋਣ ਲੱਗ ਪਈ ਹੈ।
         ਬਸਪਾ ਦੀ ਪੰਜਾਬ ਇਕਾਈ ਦੇ ਮੁਕਾਮੀ ਅਹੁਦੇਦਾਰਾਂ ਨੇ ਪਾਰਟੀ ਲਈ ਛੱਡੀਆਂ ਸੀਟਾਂ ਨੂੰ ਲੈ ਕੇ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ। ਅਕਾਲੀ ਦਲ ਨਾਲ ਗੱਠਜੋੜ ਵੇਲੇ ਭਾਜਪਾ ਨੂੰ 23 ਸੀਟਾਂ ਛੱਡੀਆਂ ਜਾਂਦੀਆਂ ਸਨ ਜਦਕਿ ਬਸਪਾ ਦੇ ਹਿੱਸੇ 20 ਸੀਟਾਂ ਹੀ ਆਈਆਂ ਹਨ ਜਿਨ੍ਹਾਂ ’ਚੋਂ ਅੱਠ ਦੋਆਬੇ, ਸੱਤ ਮਾਲਵੇ ਅਤੇ ਪੰਜ ਸੀਟਾਂ ਮਾਝੇ ’ਚੋਂ ਹਨ। ਇਹੀ ਨਹੀਂ, ਬਸਪਾ ਨੂੰ ਉਹ ਸੀਟਾਂ ਵੀ ਨਹੀਂ ਮਿਲੀਆ ਜਿੱਥੇ ਇਸ ਦੇ ਉਮੀਦਵਾਰਾਂ ਨੇ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਈ ਸੀ। ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਦਲਿਤ ਦਬਦਬੇ ਵਾਲੀਆਂ ਉਹ ਸੀਟਾਂ ਲੈਣ ਲਈ ਦਬਾਅ ਪਾਉਣ ਲਈ ਕਿਹਾ ਹੈ ਜੋ ਅਕਾਲੀ ਦਲ ਦੇ ਖਾਤੇ ਵਿਚ ਚਲੀਆਂ ਗਈਆਂ ਹਨ।
          ਨਵੇਂ ਗੱਠਜੋੜ ਦਾ ਅਸਰ ਕਿਹੋ ਜਿਹਾ ਰਹੇਗਾ, ਇਸ ਬਾਰੇ ਫਿਲਹਾਲ ਕੋਈ ਵੀ ਪੇਸ਼ੀਨਗੋਈ ਕਰਨਾ ਜਲਦਬਾਜ਼ੀ ਹੋਵੇਗੀ ਪਰ ਸੂਬੇ ਦੀਆਂ ਸਮਾਜੀ-ਸਿਆਸੀ ਤੇ ਆਰਥਿਕ ਹਕੀਕਤਾਂ ’ਤੇ ਸਰਸਰੀ ਝਾਤ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਹਵਾ ਦਾ ਰੁਖ਼ ਕੀ ਹੋ ਸਕਦਾ ਹੈ। ਜੱਟ ਸਿੱਖ ਅਤੇ ਦਲਿਤ ਸੂਬੇ ਦੇ ਦੋ ਪ੍ਰਮੁੱਖ ਭਾਈਚਾਰੇ ਹਨ ਜੋ ਆਰਥਿਕ ਤੇ ਸਮਾਜਿਕ ਦਰਜੇ ਪੱਖੋਂ ਦੋ ਪਾਟਾਂ ਵਿਚ ਵੰਡੇ ਹੋਏ ਹਨ। ਜੱਟ ਸਿੱਖਾਂ ਦੀ ਬਹੁਗਿਣਤੀ ਜ਼ਮੀਨ ਦੀ ਮਾਲਕ ਹੈ ਜਦਕਿ ਅਨੁਸੂਚਿਤ ਜਾਤੀਆਂ ਦੀ ਵੱਡੀ ਸੰਖਿਆ ਬੇਜ਼ਮੀਨੇ ਖੇਤ ਮਜ਼ਦੂਰ ਰਹੀ ਹੈ। ਆਰਥਿਕ ਅਸਮਾਨਤਾ ਤੋਂ ਇਲਾਵਾ ਸੂਬੇ ਦੀ ਸਿਆਸੀ ਲੀਡਰਸ਼ਿਪ ’ਤੇ ਕੰਟਰੋਲ ਦੇ ਜਾਤੀਗਤ ਲਿਹਾਜ਼ ਤੋਂ ਜੱਟ ਸਿੱਖ ਬਿਹਤਰ ਪੁਜ਼ੀਸ਼ਨ ਦੀ ਮਾਲਕ ਹੈ। ਇਹ ਦੋਵੇਂ ਭਾਈਚਾਰੇ ਆਪਣੇ ਮਖ਼ਸੂਸ ਸਮਾਜੀ ਮਾਹੌਲ ਵਿਚ ਵਿਚਰਦੇ ਹਨ। ਕਈ ਥਾਵਾਂ ’ਤੇ ਉਨ੍ਹਾਂ ਦੇ ਸ਼ਮਸ਼ਾਨਘਾਟ ਅਤੇ ਧਾਰਮਿਕ ਸਥਾਨ ਵੀ ਵੱਖੋ-ਵੱਖਰੇ ਹਨ। ਹਾਲਾਂਕਿ ਦੋਵੇਂ ਭਾਈਚਾਰਿਆਂ ਦੀ ਬਹੁਸੰਖਿਆ ਪਿੰਡਾਂ ਵਿਚ ਹੀ ਵੱਸਦੀ ਹੈ ਪਰ ਇਨ੍ਹਾਂ ਦੇ ਵਸੇਬੇ ਵੀ ਵੱਖੋ-ਵੱਖਰੇ ਹਨ।
         ਇਸ ਪ੍ਰਸੰਗ ਵਿਚ ਸਾਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੀ ਕਾਰਗਰਤਾ ਦੇ ਆਲੋਚਨਾਤਮਿਕ ਅਧਿਐਨ ਦੀ ਲੋੜ ਹੈ। ਸਮਾਜ ਅੰਦਰ ਪਏ ਜਾਤੀ ਪਾੜੇ ਦੇ ਮੱਦੇਨਜ਼ਰ ਇਸ ਗੱਲ ਦੇ ਆਸਾਰ ਘੱਟ ਜਾਪਦੇ ਹਨ ਕਿ ਇਸ ਗੱਠਜੋੜ ਦੇ ਸਹਾਰੇ ਅਨੁਸੂਚਿਤ ਜਾਤੀਆਂ ਦੀਆਂ ਬਹੁਤੀਆਂ ਵੋਟਾਂ ਅਕਾਲੀ ਦਲ ਦੇ ਹੱਕ ਵਿਚ ਭੁਗਤ ਸਕਣਗੀਆਂ। ਅਗਲੀ ਗੱਲ ਇਹ ਹੈ ਕਿ ਅਨੁਸੂਚਿਤ ਜਾਤੀਆਂ ਦਾ ਕੋਈ ਇਕਹਿਰਾ ਵਰਗ ਨਹੀਂ ਹੈ। ਇਹ ਵੀ 39 ਜਾਤਾਂ ਅਤੇ ਵੱਖੋ-ਵੱਖਰੇ ਧਰਮਾਂ ਤੇ ਫਿ਼ਰਕਿਆਂ ਵਿਚ ਵੰਡੀਆਂ ਹੋਈਆਂ ਹਨ ਜਿਵੇਂ ਵਾਲਮੀਕ (ਹਿੰਦੂ ਦਲਿਤ), ਮਜ਼ਹਬੀ (ਸਿੱਖ ਦਲਿਤ), ਮਸੀਹੀ (ਈਸਾਈ ਦਲਿਤ), ਰਵੀਦਾਸੀਏ, ਰਾਮਦਾਸੀਏ ਆਦਿ। ਇਸ ਗੱਠਜੋੜ ਕੋਲ ਇੰਨੀਆਂ ਜਾਤੀ ਤੇ ਧਾਰਮਿਕ ਵਲਗਣਾਂ ਦੇ ਆਰ-ਪਾਰ ਜਾ ਕੇ ਅਕਾਲੀ ਦਲ ਲਈ ਬਹੁਤੀਆਂ ਵੋਟਾਂ ਜੁਟਾਉਣ ਦੀ ਸਮੱਰਥਾ ਨਹੀਂ ਦਿਸਦੀ। ਸਿੱਖ ਵੀ ਸਮੁੱਚੇ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਨਹੀਂ ਭੁਗਤਦੇ। ਇਨ੍ਹਾਂ ਦੀਆਂ ਵੋਟਾਂ ਵੀ ਪੰਜਾਬ ਦੀਆਂ ਮੁੱਖ ਧਾਰਾ ਪਾਰਟੀਆਂ ਵਿਚ ਵੰਡੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਦੇ ਉਹ ਵੋਟਰ ਵੀ ਹਨ ਜੋ ਬਸਪਾ ਤੋਂ ਇਸ ਗੱਲੋਂ ਖ਼ਫ਼ਾ ਹਨ ਕਿ ਇਹ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਵਲੋਂ ਜਗਾਈਆਂ ਆਸਾਂ ’ਤੇ ਖ਼ਰੀ ਨਹੀਂ ਉਤਰ ਸਕੀ ਅਤੇ ਹੁਣ ਇਸ ਨੇ ਅਕਾਲੀ ਦਲ ਨਾਲ ਸਮਝੌਤਾ ਕਰ ਲਿਆ ਹੈ ਜਿਸ ਕਰ ਕੇ ਉਹ ਇਸ ਦੇ ਉਲਟ ਵੀ ਜਾ ਸਕਦੇ ਹਨ। ਇਸ ਲਿਹਾਜ਼ ਤੋਂ ਬਸਪਾ ਲਈ ਅਕਾਲੀ ਦਲ ਨਾਲ ਗੱਠਜੋੜ ਮਾਰੂ ਸਾਬਿਤ ਹੋ ਸਕਦਾ ਹੈ। ਅਨੁਸੂਚਿਤ ਜਾਤੀਆਂ ਵਿਚ ਬਸਪਾ ਦੇ ਅਜਿਹੇ ਹਮਾਇਤੀ ਵੀ ਹਨ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਉਣ ਤੋਂ ਅਸਹਿਜ ਮਹਿਸੂਸ ਕਰਦੇ ਹਨ ਅਤੇ ਉਹ ਵੀ ਇਸ ਤੋਂ ਟੁੱਟ ਸਕਦੇ ਹਨ। ਦਰਅਸਲ, ਇਹ ਸੋਚ ਘੱਟ ਜਾਂ ਵੱਧ ਉਨ੍ਹਾਂ ਸਾਰੇ ਉਪ-ਵਰਗਾਂ ਤੇ ਜਾਤੀਆਂ ਦੇ ਉਨ੍ਹਾਂ ਸਾਰੇ ਲੋਕਾਂ ਦੀ ਹੋ ਸਕਦੀ ਹੈ ਜਿਨ੍ਹਾਂ ਦਾ ਸਮਰਥਨ ਜੁਟਾਉਣ ਦੀ ਉਮੀਦ ਨਾਲ ਇਹ ਗੱਠਜੋੜ ਕਾਇਮ ਕੀਤਾ ਗਿਆ ਹੈ।
          ਅਕਾਲੀ ਦਲ-ਬਸਪਾ ਗੱਠਜੋੜ ਦਾ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣ ਵਾਲਾ ਸੰਭਾਵੀ ਅਸਰ ਦੇ ਪੇਸ਼ੇਨਜ਼ਰ ਇਨ੍ਹਾਂ ਦੋਵਾਂ ਪਾਰਟੀਆਂ ਦੇ ਅੰਦਰੂਨੀ ਗਤੀਮਾਨਾਂ ਦਾ ਇਨ੍ਹਾਂ ਦੇ ਪਿਛਲੇ ਚੁਣਾਵੀ ਗੱਠਜੋੜਾਂ ਦੇ ਤਜਰਬੇ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਇਨ੍ਹਾਂ ਦੇ ਹੁੰਗਾਰੇ ਦੇ ਪ੍ਰਸੰਗ ਵਿਚ ਵਿਸ਼ਲੇਸ਼ਣ ਕਰਨਾ ਪਵੇਗਾ। ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਪੰਜਾਬ ਦੇ ਹਾਲਾਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਅਕਾਲੀ ਦਲ ਤੇ ਬਸਪਾ ਨੇ ਪਹਿਲੀ ਵਾਰ 1996 ਵਿਚ ਲੋਕ ਸਭਾ ਦੀਆਂ ਚੋਣਾਂ ਮੌਕੇ ਗੱਠਜੋੜ ਕੀਤਾ ਸੀ। ਉਦੋਂ ਅਕਾਲੀ ਦਲ ਨੇ ਨੌਂ ’ਚੋਂ ਅੱਠ ਸੀਟਾਂ ਅਤੇ ਬਸਪਾ ਨੇ ਚਾਰ ’ਚੋਂ ਤਿੰਨ ਸੀਟਾਂ ਜਿੱਤੀਆਂ ਸਨ। ਉਂਜ, ਇਹ ਗੱਠਜੋੜ ਬਹੁਤਾ ਚਿਰ ਨਾ ਨਿਭ ਸਕਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਇਕਪਾਸੜ ਤੌਰ ’ਤੇ ਫ਼ੈਸਲਾ ਲੈਂਦਿਆਂ ਗੱਠਜੋੜ ਤੋੜ ਕੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਏ ਤੇ ਕੇਂਦਰ ਵਿਚ ਵਾਜਪਾਈ ਸਰਕਾਰ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਬਸਪਾ ਦੇ ਸੁਪਰੀਮੋ ਬਾਬੂ ਕਾਂਸ਼ੀ ਰਾਮ ਨੇ ਜੁਲਾਈ 1999 ਵਿਚ ਪ੍ਰਕਾਸ਼ ਸਿੰਘ ਬਾਦਲ ’ਤੇ ਮਨੂੰਵਾਦੀ ਹੋਣ ਦਾ ਦੋਸ਼ ਲਾਉਂਦਿਆ, ਗੱਠਜੋੜ ਤੋੜਨ ਲਈ ਉਸ ਨੂੰ ਕਸੂਰਵਾਰ ਠਹਿਰਾਇਆ ਸੀ। ਮਾਰਚ 2016 ਵਿਚ ਮਾਇਆਵਤੀ ਨੇ ਨਵਾਂਸ਼ਹਿਰ ਵਿਚ ਬਾਬੂ ਕਾਂਸ਼ੀ ਰਾਮ ਦੀ ਜਨਮ ਵਰ੍ਹੇਗੰਢ ਮੌਕੇ ਵੱਡੀ ਰੈਲੀ ਵਿਚ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਸੀ।
         1996 ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਵਹਿ ਚੁੱਕਿਆ ਹੈ। 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਗੜ੍ਹਸ਼ੰਕਰ ਦੀ ਇਕਲੌਤੀ ਸੀਟ ਤੋਂ ਸ਼ਿੰਗਾਰਾ ਰਾਮ ਸਹੂੰਗੜਾ ਦੀ ਜਿੱਤ ਤੋਂ ਇਲਾਵਾ ਹੁਣ ਤੱਕ ਬਸਪਾ ਆਪਣੇ ਦਮ ’ਤੇ ਪੰਜਾਬ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਦੀ ਇਕ ਵੀ ਸੀਟ ਨਹੀਂ ਜਿੱਤ ਸਕੀ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ (1997, 2002, 2007, 2012, 2017) ਵਿਚ ਬਸਪਾ ਦਾ ਵੋਟ ਫ਼ੀਸਦ 13.28 ਦੇ ਸਿਖ਼ਰਲੇ ਮੁਕਾਮ ਤੋਂ ਡਿੱਗ ਕੇ 1.59 ਫ਼ੀਸਦ ਰਹਿ ਗਿਆ ਹੈ। ਬਸਪਾ ਨੇ ਆਪਣੀ ਸਭ ਤੋਂ ਵਧੀਆ ਕਾਰਕਰਦਗੀ 1992 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿਖਾਈ ਸੀ ਜਦੋਂ ਇਸ ਨੇ 16.68 ਫ਼ੀਸਦ ਵੋਟਾਂ ਲੈ ਕੇ 9 ਸੀਟਾਂ ਜਿੱਤੀਆਂ ਸਨ ਪਰ ਇਹ ਉਦੋਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਉਸ ਤੋਂ ਬਾਅਦ 2017 ਦੀਆਂ ਚੋਣਾਂ ਤੱਕ ਪੰਝੀ ਸਾਲਾਂ ਦੇ ਅਰਸੇ ਦੌਰਾਨ ਬਸਪਾ ਕਦੇ ਵੀ ਅਜਿਹੀ ਚੁਣਾਵੀ ਕਾਰਗੁਜ਼ਾਰੀ ਦੁਹਰਾਅ ਨਾ ਸਕੀ। ਦਰਅਸਲ, 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਸਿੱਧ ਹੋਈ ਸੀ। ਬਸਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ ਛੱਡ ਕੇ ਇਸ ਦੇ 110 ਉਮੀਦਵਾਰਾਂ ’ਚੋਂ ਕੋਈ ਵੀ ਆਪਣੀ ਜ਼ਮਾਨਤ ਬਚਾਉਣ ਵਿਚ ਕਾਮਯਾਬ ਨਾ ਹੋ ਸਕਿਆ। ਪਾਰਟੀ ਦੀ ਵੋਟ ਫ਼ੀਸਦੀ 1.59 ਫ਼ੀਸਦੀ ਦੇ ਆਪਣੇ ਸਭ ਤੋਂ ਨੀਵੇਂ ਪੱਧਰ ’ਤੇ ਆ ਗਈ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਦੇ 117 ਵਿਚੋਂ 109 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ ਪਰ ਇਸ ਦਾ ਵੋਟ ਫ਼ੀਸਦੀ 4.3 ਫ਼ੀਸਦ ਰਿਹਾ ਸੀ। ਹਾਲਾਂਕਿ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ ਇਕ ਤਿਹਾਈ ਬਣਦੀ ਹੈ ਪਰ ਇਨ੍ਹਾਂ ਅੰਦਰਲੇ ਜਾਤੀ ਮੱਤਭੇਦਾਂ ਕਰ ਕੇ ਪੰਜਾਬ ਵਿਚ ਮੁੱਖਧਾਰਾ ਦੀ ਦਲਿਤ ਪਾਰਟੀ ਬਣ ਕੇ ਉੱਭਰਨ ਦੀ ਬਸਪਾ ਦੀ ਖਾਹਿਸ਼ ਨੂੰ ਬੂਰ ਨਹੀਂ ਪੈ ਸਕਿਆ। ਉੱਪਰ ਬਿਆਨੇ ਗਏ ਜਟਿਲ ਕਾਰਨਾਂ ਦੇ ਮੱਦੇਨਜ਼ਰ ਅਕਾਲੀ ਦਲ-ਬਸਪਾ ਦਾ ਇਹ ਗੱਠਜੋੜ ਦੋਵਾਂ ਪਾਰਟੀਆਂ ਲਈ ਸੰਜੀਵਨੀ ਬੂਟੀ ਬਣੇਗਾ ਜਾਂ ਫਿਰ ਆਤਮਘਾਤੀ ਸਾਬਿਤ ਹੋਵੇਗਾ, ਇਹ ਦੇਖਣ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਇੰਤਜ਼ਾਰ ਕਰਨਾ ਪਵੇਗਾ।
ਸੰਪਰਕ : 97791-42308

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ  - ਪ੍ਰੋ. ਰੌਣਕੀ ਰਾਮ

ਇਸ ਵੇਲੇ ਪੂਰਬੀ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਸੂਬੇ ਦੀ ਕੁੱਲ ਜਨਸੰਖਿਆ ਦਾ ਇਕ ਤਿਹਾਈ ਹਿੱਸਾ ਬਣਦੀ ਹੈ ਜੋ ਜਨਸੰਖਿਆ ਦੇ ਲਿਹਾਜ਼ ਤੋਂ ਭਾਰਤ ਦੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲੋਂ ਸਭ ਤੋਂ ਵੱਧ ਹੈ। ਉਂਜ, ਸੂਬੇ ਦੀ ਖੇਤੀਬਾੜੀ ਭੂਮੀ ਵਿਚ ਇਨ੍ਹਾਂ ਦਾ ਹਿੱਸਾ ਸਭ ਤੋਂ ਘੱਟ ਹੈ, ਭਾਵ ਇਨ੍ਹਾਂ ਦੇ ਪੰਜ ਫ਼ੀਸਦੀ ਤੋਂ ਛੋਟੇ ਕਾਸ਼ਤਕਾਰ ਹਨ। ਪ੍ਰਸ਼ਾਸਕੀ ਢਾਂਚੇ ਦੇ ਲਿਹਾਜ਼ ਤੋਂ ਪੂਰਬੀ ਪੰਜਾਬ ਦੇ ਪਿੰਡਾਂ ਦੀ ਮਰਦਮਸ਼ੁਮਾਰੀ ਦੇ ਰਿਕਾਰਡ ਮੁਤਾਬਿਕ ਇਨ੍ਹਾਂ ਦੀ ਹੋਰ ਜਾਤਾਂ ਦੇ ਲੋਕਾਂ ਨਾਲ ਹੀ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ ਪਰ ਅਸਲ ਵਿਚ ਉਹ ਪਿੰਡਾਂ ਦੀ ਮੁੱਖ ਆਬਾਦੀ ਤੋਂ ਵੱਖਰੇ ਅਲੱਗ ਵੱਸਦੇ ਹਨ। ਕੁਝ ਵੀ ਹੋਵੇ, ਪੂਰਬੀ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਹੋਰਨਾਂ ਭਾਈਚਾਰਿਆਂ ਵਾਂਗ ਹੀ ਸਭ ਤੋਂ ਪਹਿਲਾਂ ਪੰਜਾਬੀ ਹਨ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਦੀ ਜਾਤ ਜਾਂ ਵਸੇਵੇ ਦੀ ਜਗ੍ਹਾ ਦੀਆਂ ਪਛਾਣਾਂ ਆਉਂਦੀਆਂ ਹਨ। ਇਕਜੁੱਟ ਪੰਜਾਬੀ ਕੌਮ ਦੇ ਹੋਰ ਅਟੁੱਟ ਅੰਗਾਂ ਵਾਂਗ ਹੀ ਅਨੁਸੂਚਿਤ ਜਾਤੀਆਂ ਵੀ ਬੇਇਨਸਾਫ਼ੀ ਤੇ ਸਮਾਜੀ ਦਮਨਕਾਰੀ ਹਕੂਮਤਾਂ ਖਿ਼ਲਾਫ਼ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਦੀ ਖ਼ਾਲਸਾ ਸੈਨਾ ਵਿਚ ਨਿਭਾਏ ਬਹਾਦਰੀ ਭਰੇ ਕਿਰਦਾਰ ਸਦਕਾ ਜਾਣੀਆਂ ਜਾਂਦੀਆਂ ਹਨ। ਸਵੈਮਾਣ ਨਾਲ ਜਿਊਣ ਦੀ ਖ਼ਾਹਿਸ਼ ਤਹਿਤ ਉਨ੍ਹਾਂ 1920ਵਿਆਂ ਦੌਰਾਨ ਆਦਿ ਧਰਮ ਲਹਿਰ (11-12 ਜੂਨ 1926) ਜਥੇਬੰਦ ਕੀਤੀ ਜੋ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੀ ਪਹਿਲ ਪਲੇਠੀ ਦਲਿਤ ਲਹਿਰ ਸੀ। ਆਦਿ ਧਰਮ ਲਹਿਰ ਉਸ ਵੇਲੇ ਦੱਖਣੀ ਭਾਰਤ ਵਿਚ ਉੱਭਰੀਆਂ ਹੋਰ ਆਦਿ ਦਲਿਤ ਲਹਿਰਾਂ ਤੋਂ ਸੁਤੰਤਰ ਤੇ ਸਮਾਨੰਤਰ ਲਹਿਰ ਸੀ।
        ਬਾਬੂ ਮੰਗੂ ਰਾਮ ਮੁੱਗੋਵਾਲੀਆ (14 ਜਨਵਰੀ 1886-22 ਅਪਰੈਲ 1980) ਆਦਿ ਧਰਮ ਲਹਿਰ ਦੇ ਮੋਢੀਆਂ ਵਿਚੋਂ ਇਕ ਸਨ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁੱਗੋਵਾਲ ਵਿਚ ਚਮੜੇ ਦਾ ਕਾਰੋਬਾਰ ਕਰਨ ਵਾਲੇ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦੇ ਸਨ ਤਾਂ ਕਿ ਉਹ ਅੰਗਰੇਜ਼ੀ ਵਿਚ ਲਿਖੇ ਚਿੱਠੀ ਪੱਤਰ ਆਦਿ ਪੜ੍ਹ ਕੇ ਚਮੜੇ ਦੇ ਕਾਰੋਬਾਰ ਵਿਚ ਉਨ੍ਹਾਂ ਦਾ ਹੱਥ ਵਟਾ ਸਕਣ। ਮੰਗੂ ਰਾਮ ਦਾ ਪਰਿਵਾਰ ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਪਰ ਜਦੋਂ ਉਨ੍ਹਾਂ ਨੂੰ ਨੇੜਲੇ ਪਿੰਡ ਬਜਵਾੜਾ ਦੇ ਸਕੂਲ ਪੜ੍ਹਨੇ ਪਾਇਆ ਤਾਂ ਨੀਵੀਂ ਜਾਤ ਨਾਲ ਸਬੰਧਤ ਹੋਣ ਕਰ ਕੇ ਉਨ੍ਹਾਂ ਨੂੰ ਸਮਾਜਿਕ ਭੇਦ-ਭਾਵ ਦਾ ਸਾਹਮਣਾ ਕਰਨਾ ਪਿਆ। ਦਸਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ। ਇਸ ਤੋਂ ਬਾਅਦ ਉਨ੍ਹਾਂ ਦੋਆਬੇ ਦੇ ਹੋਰ ਪਰਵਾਸੀਆਂ ਵਾਂਗ ਬਿਹਤਰ ਜ਼ਿੰਦਗੀ ਖ਼ਾਤਰ 1909 ਵਿਚ ਅਮਰੀਕਾ ਦਾ ਰੁਖ਼ ਕੀਤਾ ਜਿੱਥੇ ਉਨ੍ਹਾਂ ਲੱਕੜ ਦੇ ਕਾਰਖ਼ਾਨਿਆਂ ਅਤੇ ਖੇਤੀ ਫਾਰਮਾਂ ਵਿਚ ਕੰਮ ਕਰ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਲਿਆ। ਇਹ ਉਹ ਸਮਾਂ ਸੀ ਜਦੋਂ ਉੱਤਰੀ ਅਮਰੀਕਾ ਵਿਚ ਰਹਿੰਦੇ ਪਰਵਾਸੀ ਪੰਜਾਬੀ ਬਸਤੀਵਾਦੀ ਭਾਰਤ ਦੀ ਆਜ਼ਾਦੀ ਲਈ ਇਨਕਲਾਬੀ ਜਥੇਬੰਦੀ ਬਣਾਉਣ ਦੀਆਂ ਵਿਉਂਤਾਂ ਬਣਾ ਰਹੇ ਸਨ। 1913 ਵਿਚ ‘ਗ਼ਦਰ ਲਹਿਰ’ ਦਾ ਆਗਾਜ਼ ਹੋ ਗਿਆ ਤੇ ਮੰਗੂ ਰਾਮ ਇਸ ਦੇ ਸਰਗਰਮ ਕਾਰਕੁਨ ਬਣ ਗਏ। ਉਹ ਗ਼ਦਰ ਪਾਰਟੀ ਦੇ ਉਸ ਗਰੁੱਪ ਦੇ ਪੰਜ ਮਾਣਮੱਤੇ ਮੈਂਬਰਾਂ ਵਿਚੋਂ ਇਕ ਸਨ ਜਿਸ ਨੂੰ ਬਰਤਾਨਵੀ ਸ਼ਾਸਨ ਖਿ਼ਲਾਫ਼ ਹਥਿਆਰਬੰਦ ਵਿਦਰੋਹ ਸ਼ੁਰੂ ਕਰਨ ਲਈ ਸਮੁੰਦਰੀ ਰਸਤੇ ਭਾਰਤ ਵਿਚ ਹਥਿਆਰ ਪਹੁੰਚਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ ਪਰ ‘ਐੱਸ ਐੱਸ ਮੈਵਰਿਕ’ ਨਾਮੀ ਉਹ ਜਹਾਜ਼ ਰਸਤੇ ਵਿਚ ਹੀ ਫੜਿਆ ਗਿਆ ਅਤੇ ਹੋਣੀ ਨੇ ਮੰਗੂ ਰਾਮ ਨੂੰ ਫਿਲਪੀਨਜ਼ ਦਾ ਰਾਹ ਫੜਾ ਦਿੱਤਾ ਜਿੱਥੇ ਉਨ੍ਹਾਂ ਗੁੰਮਨਾਮੀ ਦੀ ਹਾਲਤ ਵਿਚ ਕਰੀਬ 12 ਸਾਲ ਬਿਤਾਏ। ਅਖੀਰ ਉਹ 1925 ਵਿਚ ਆਪਣੇ ਜ਼ੱਦੀ ਪਿੰਡ ਪਰਤੇ ਜਿੱਥੇ ਸਾਰੇ ਲੋਕ ਉਨ੍ਹਾਂ ਨੂੰ ਜ਼ਿੰਦਾ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਕਥਿਤ ਤੌਰ ਤੇ ਫ਼ਾਂਸੀ ਦੇਣ ਦੀ ਖ਼ਬਰ ਹਰ ਕਿਸੇ ਨੇ ਸੁਣੀ ਹੋਈ ਸੀ।
       ਬਾਬੂ ਮੰਗੂ ਰਾਮ ਦਾ ਪੰਜਾਬ ’ਚ ਉਹੀ ਰੁਤਬਾ ਸੀ ਜੋ ਮਹਾਰਾਸ਼ਟਰ ’ਚ ਜਯੋਤੀਰਾਓ ਫੂਲੇ ਦਾ ਸੀ, ਜਿਵੇਂ ਮਹਾਰਾਸ਼ਟਰ ਵਿਚ ਦਲਿਤ ਲਹਿਰ ਦਾ ਸਿਹਰਾ ਮਹਾਤਮਾ ਜਯੋਤੀਰਾਓ ਫੂਲੇ ਸਿਰ ਬੱਝਦਾ ਸੀ, ਉਵੇਂ ਹੀ ਪੰਜਾਬ ਵਿਚ ਆਦਿ ਧਰਮ ਲਹਿਰ ਸ਼ੁਰੂ ਕਰਨ ਦਾ ਸਿਹਰਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਸਿਰ ਬੱਝਦਾ ਹੈ। ਮਹਾਤਮਾ ਜਯੋਤੀਰਾਓ ਫੂਲੇ ਉਨੀਵੀਂ ਸਦੀ ਦੇ ਉੱਘੇ ਅਮਰੀਕੀ ਸਿਆਸੀ ਕਾਰਕੁਨ, ਸਿਧਾਂਤਕਾਰ, ਦਾਰਸ਼ਨਿਕ ਤੇ ਇਨਕਲਾਬੀ ਥਾਮਸ ਪੇਨ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਏ ਸਨ ਤਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਬਰਾਬਰੀ ਤੇ ਆਜ਼ਾਦੀ ਦੇ ਸਬਕ ਅਮਰੀਕਾ ਦੀਆਂ ਜਮਹੂਰੀ ਅਤੇ ਉਦਾਰਵਾਦੀ ਕਦਰਾਂ-ਕੀਮਤਾਂ ਤੋਂ ਹਾਸਿਲ ਕੀਤੇ ਸਨ ਜਿੱਥੇ ਉਹ ਗ਼ਦਰ ਲਹਿਰ ਦੇ ਇਨਕਲਾਬੀ ਆਜ਼ਾਦੀ ਘੁਲਾਟੀਆਂ ਦੇ ਸੰਪਰਕ ਵਿਚ ਆਏ ਸਨ। ਵਾਪਸ ਆ ਕੇ ਉਨ੍ਹਾਂ ਆਪਣੇ ਜ਼ੱਦੀ ਪਿੰਡ ਵਿਚ ਕਥਿਤ ਨੀਵੀਆਂ ਜਾਤਾਂ ਦੇ ਬੱਚਿਆਂ ਲਈ ਪ੍ਰਾਇਮਰੀ ਸਕੂਲ ਖੋਲ੍ਹਿਆ। ਮਹਾਰਾਸ਼ਟਰ ਵਿਚ ਆਪਣੇ ਪੂਰਬਲੇ ਸਾਥੀਆਂ ਵਾਂਗ ਉਨ੍ਹਾਂ ਨੂੰ ਵੀ ਛੂਤ-ਛਾਤ ਜਿਹੀਆਂ ਦਮਨਕਾਰੀ ਵਿਵਸਥਾਵਾਂ ਖਿ਼ਲਾਫ਼ ਜੱਦੋਜਹਿਦ ਵਿਚ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਾਬੂ ਮੰਗੂ ਰਾਮ ਦੀ ਚਲਾਈ ਆਦਿ ਧਰਮ ਲਹਿਰ ਦਾ ਨਾਂ ਜਲਦੀ ਹੀ ਪੰਜਾਬ ਦੇ ਦਲਿਤ ਘਰਾਂ ਵਿਚ ਗੂੰਜਣ ਲੱਗ ਪਿਆ ਜਿਵੇਂ ਮਹਾਰਾਸ਼ਟਰ ਵਿਚ ਫੂਲੇ ਦੀ ‘ਸਤਿਆਸ਼ੋਧਕ ਸਮਾਜ’ ਲਹਿਰ ਦਾ ਨਾਂ ਗੂੰਜ ਰਿਹਾ ਸੀ।
          ਬੂਟਾ ਮੰਡੀ ’ਚ ਚਮੜੇ ਦੇ ਉੱਘੇ ਵਪਾਰੀ ਸੇਠ ਕਿਸ਼ਨ ਦਾਸ ਨੇ ਜਲੰਧਰ ਵਿਚ ਆਦਿ ਧਰਮ ਮੰਡਲ ਦਾ ਮੁੱਖ ਦਫ਼ਤਰ ਸਥਾਪਿਤ ਕਰਨ ਵਿਚ ਮਦਦ ਕੀਤੀ। ਮੰਗੂ ਰਾਮ ਆਪਣੀਆਂ ਅਣਥੱਕ ਕੋਸ਼ਿਸ਼ਾਂ ਦੇ ਬਲਬੂਤੇ ਇਸ ਲਹਿਰ ਨੂੰ ਖਿੱਤੇ ਦੇ ਹਰ ਦਲਿਤਾਂ ਦੇ ਦਰਾਂ ਤੱਕ ਲੈ ਗਏ ਅਤੇ ਜਲਦੀ ਹੀ ਉਨ੍ਹਾਂ ਦੀ ਵੱਡੀ ਹਸਤੀ ਬਣ ਗਏ। ਆਦਿ ਧਰਮ ਲਹਿਰ ਦੇ ਝੰਡੇ ਹੇਠ ਉਨ੍ਹਾਂ ਨੀਵੀਆਂ ਜਾਤਾਂ ਦੇ ਲੰਮੇ ਸਮੇਂ ਤੋਂ ਨਕਾਰੇ ਜਾਂਦੇ ਜ਼ਮੀਨੀ ਹੱਕਾਂ ਲਈ ਲੜਾਈ ਲੜੀ ਕਿਉਂਕਿ ਜ਼ਮੀਨੀ ਵੰਡ ਕਾਨੂੰਨ-1900 ਤਹਿਤ ਦਲਿਤਾਂ ਤੇ ਹੋਰ ਗ਼ੈਰ ਕਾਸ਼ਤਕਾਰੀ ਜਾਤਾਂ ਤੇ ਜ਼ਮੀਨ ਹਾਸਿਲ ਕਰਨ ਦੀ ਪਾਬੰਦੀ ਸੀ। ਇਸ ਤੋਂ ਇਲਾਵਾ ‘ਰਈਅਤ ਨਾਮਿਆਂ’ ਦੀ ਪ੍ਰਥਾ ਤਹਿਤ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਅਲੱਗ ਥਲੱਗ ਵਸੇਬਿਆਂ ਵਿਚਲੇ ਰਿਹਾਇਸ਼ੀ ਪਲਾਟਾਂ ਦੇ ਮਾਲਿਕਾਨਾ ਹੱਕ ਤੋਂ ਵੀ ਵਿਰਵੇ ਕੀਤਾ ਗਿਆ ਸੀ। ਉਨ੍ਹਾਂ ਨੂੰ ਇਨ੍ਹਾਂ ਦਲਿਤ ਬਸਤੀਆਂ ਵਿਚ ਪੱਕੇ ਘਰ ਬਣਾਉਣ ਦੀ ਆਗਿਆ ਨਹੀਂ ਸੀ। ਆਦਿ ਧਰਮ ਲਹਿਰ ਵਲੋਂ ਅਛੂਤ ਜਾਤਾਂ ਦੇ ਲੋਕਾਂ ਦੇ ਆਰਥਿਕ ਉਥਾਨ ਲਈ ਵਿੱਢਿਆ ਗਿਆ ਅਹਿਮ ਕਾਰਜ ਇਨ੍ਹਾਂ ਦੀ ਸਿੱਖਿਆ ਤੇ ਸਰਕਾਰੀ ਰੁਜ਼ਗਾਰ ਲਈ ਰਾਖਵਾਂਕਰਨ ਵਾਸਤੇ ਵਿਸ਼ੇਸ਼ ਕਾਨੂੰਨ ਦਾ ਪ੍ਰਬੰਧ ਸੀ।
       ਆਦਿ ਧਰਮ ਉਸ ਵੇਲੇ ਦੀ ਸਿਆਸੀ ਤੌਰ ਤੇ ਧਿਆਨ ਖਿੱਚਣ ਵਾਲੀ ਸ਼ਕਤੀਸ਼ਾਲੀ ਲਹਿਰ ਬਣ ਗਈ ਸੀ ਜਿਸ ਦੇ ਪਿੱਛੇ ਇਸ ਦੇ ਆਗੂਆਂ ਦੀ ਦੂਰਅੰਦੇਸ਼ੀ ਕੰਮ ਕਰ ਰਹੀ ਸੀ, ਜਿਨ੍ਹਾਂ ਨੇ ਨੀਵੀਆਂ ਜਾਤਾਂ ਦੇ ਵੱਖੋ ਵੱਖਰੇ ਤਬਕਿਆਂ ਨੂੰ ਇਕੋ ਝੰਡੇ ਹੇਠ ਲਾਮਬੰਦ ਕਰ ਕੇ ਇਨ੍ਹਾਂ ਲੋਕਾਂ ਨੂੰ ਉਵੇਂ ਹੀ ਇਕ ਭਾਈਚਾਰੇ ਵਿਚ ਤਬਦੀਲ ਕਰ ਦਿੱਤਾ ਸੀ ਜਿਵੇਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਆਦਿ ਵਿਚਰਦੇ ਸਨ। ਬਾਬੂ ਮੰਗੂ ਰਾਮ ਦਾ ਇਹ ਸਭ ਤੋਂ ਵੱਡਾ ਸਿਆਸੀ ਮਾਅਰਕਾ ਸੀ ਜਿਨ੍ਹਾਂ ਅਜਿਹੇ ਨਾਜ਼ੁਕ ਸਮੇਂ ਤੇ ਦਖ਼ਲ ਦਿੱਤਾ ਸੀ ਜਦੋਂ ਸੂਬੇ ਅੰਦਰ ਸੀਮਤ ਸਿੱਧੀਆਂ ਚੋਣਾਂ ਹੋਣ ਵਾਲੀਆਂ ਸਨ। ਉਨ੍ਹਾਂ 1931 ਦੀ ਮਰਦਮਸ਼ੁਮਾਰੀ ਵਿਚ ਪੰਜਾਬ ਦੀਆਂ ਤਥਾਕਥਿਤ ਨੀਵੀਆਂ ਜਾਤਾਂ ਲਈ ਵੱਖਰਾ ਧਰਮ ਦਰਜ ਕਰਨ ਦੀ ਮੰਗ ਤੇ ਜ਼ੋਰ ਦਿੱਤਾ ਜੋ ਉਨ੍ਹਾਂ ਦੀ ਮੱਤ ਵਿਚ ਨਾ ਹਿੰਦੂ, ਸਿੱਖ ਜਾਂ ਮੁਸਲਮਾਨ ਸਨ ਤੇ ਨਾ ਹੀ ਈਸਾਈ। ਬਾਬੂ ਮੰਗੂ ਰਾਮ ਨੇ ਇਹ ਗੱਲ ਦ੍ਰਿੜਾਈ ਕਿ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕ ਇਸ ਦੇਸ਼ ਦੇ ਮੂਲ ਨਿਵਾਸੀ ਹਨ। ਉਨ੍ਹਾਂ ਆਖਿਆ ਸੀ ਕਿ ਆਰੀਆ ਨਸਲ ਦੇ ਧਾੜਵੀਆਂ ਨੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਰਾਜ ਤੋਂ ਵਿਰਵੇ ਕਰ ਕੇ, ਉਨ੍ਹਾਂ ਨੂੰ ਲੁੱਟਿਆ ਤੇ ਅੰਤ ਨੂੰ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਸੀ। ਭਗਤ ਸਿੰਘ ਨੇ ਆਪਣੇ ਬੇਮਿਸਾਲ ਲੇਖ ‘ਅਛੂਤ ਦਾ ਸਵਾਲ’ (ਜੋ 1929 ਵਿਚ ਮਾਸਿਕ ਪਰਚੇ ‘ਕਿਰਤੀ’ ਵਿਚ ‘ਵਿਦਰੋਹੀ’ ਦੇ ਕਲਮੀ ਨਾਂ ਹੇਠ ਪ੍ਰਕਾਸ਼ਿਤ ਹੋਇਆ ਸੀ) ਵਿਚ ਵਰਣ ਵਿਵਸਥਾ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ, ਉਹ ਵੱਖਰੇ ਧਰਮ ਦੀ ਕਾਇਮੀ ਲਈ ਆਦਿ ਧਰਮ ਲਹਿਰ ਦੀ ਜੱਦੋਜਹਿਦ ਦੇ ਹਮਾਇਤੀ ਸਨ ਪਰ ਨਾਲ ਹੀ ਉਨ੍ਹਾਂ ਲਹਿਰ ਨੂੰ ਅੰਗਰੇਜ਼ਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਸੀ। ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਆਦਿ ਧਰਮ ਲਹਿਰ ਨੇ ਦਲਿਤਾਂ ਨੂੰ ਹਿੰਦੂ ਧਰਮ ਦੀ ਵਲਗਣ ਵਿਚੋਂ ਪੂਰੀ ਤਰ੍ਹਾਂ ਕੱਢ ਕੇ ਆਪਣਾ ਪ੍ਰਾਚੀਨ (ਆਦਿ) ਧਰਮ ਮੁੜ ਸਥਾਪਿਤ ਕਰ ਕੇ ਉਨ੍ਹਾਂ ਦਾ ਮਾਣ ਸਨਮਾਨ ਬਹਾਲ ਕੀਤਾ ਸੀ। ਉਂਜ, ਆਦਿ ਧਰਮ ਮੁੜ ਸਥਾਪਿਤ ਕਰਨਾ ਸੌਖਾ ਕੰਮ ਨਹੀਂ ਸੀ। ਮੂਲ ਨਿਵਾਸੀਆਂ ਨੂੰ ਧਾੜਵੀਆਂ ਦੇ ਲੰਮੇ ਸ਼ਾਸਨ ਅਧੀਨ ਰਹਿੰਦਿਆਂ ਆਪਣੇ ਗੁਰੂ ਅਤੇ ਧਾਰਮਿਕ ਬਿੰਬ ਵੀ ਭੁੱਲ ਭੁਲਾ ਗਏ ਸਨ।
       ਬਾਬੂ ਮੰਗੂ ਰਾਮ ਨੇ ਆਪਣੇ ਲੋਕਾਂ ਲਈ ਵੱਖਰੇ ਧਰਮ ਦੀ ਮੰਗ ਉਭਾਰੀ ਤਾਂ ਕਿ ਉਨ੍ਹਾਂ ਨੂੰ ਮੂਲ ਨਿਵਾਸੀਆਂ ਦੇ ਭਾਈਚਾਰੇ ’ਚ ਜਥੇਬੰਦ ਕੀਤਾ ਜਾ ਸਕੇ। ਆਦਿ ਧਰਮ ਨੂੰ ਸੁਰਜੀਤ ਕਰਨਾ ਮੂਲ ਨਿਵਾਸੀਆਂ ਲਈ ਨਵਾਂ ਧਰਮ ਵਿਕਸਤ ਕਰਨ ਦੇ ਤੁੱਲ ਸੀ। ਅੰਗਰੇਜ਼ਾਂ ਨੇ ਉਨ੍ਹਾਂ ਦੀ ਮੰਗ ਮੁਤਾਬਕ ਵੱਖਰੇ ਆਦਿ ਧਰਮ ਦਾ ਦਰਜਾ ਦਿੱਤਾ ਸੀ। ਆਦਿ ਧਰਮ ਉੱਤਰੀ ਭਾਰਤ ਦੀ ਭਗਤੀ ਲਹਿਰ ਦੇ ਸੰਤਾਂ ਖ਼ਾਸ ਕਰ ਗੁਰੂ ਰਵਿਦਾਸ, ਭਗਵਾਨ ਵਾਲਮੀਕ, ਸੰਤ ਕਬੀਰ ਤੇ ਸੰਤ ਨਾਮਦੇਵ ਦੇ ਉਪਦੇਸ਼ਾਂ ਤੇ ਸਿਖਿਆਵਾਂ ’ਤੇ ਆਧਾਰਿਤ ਸੀ। ਆਦਿ ਧਰਮ ਦੇ ਆਗੂਆਂ ਨੇ ਗੁਰੂ ਰਵਿਦਾਸ ਦੀ ਰੂਹਾਨੀ ਹਸਤੀ ਆਪਣੇ ਪ੍ਰਵਚਨਾਂ ਦੇ ਕੇਂਦਰ ਵਿਚ ਰੱਖੀ ਜਿਸ ਦੇ ਦੁਆਲੇ ਲਹਿਰ ਦਾ ਸਮੁੱਚਾ ਸਮਾਜਿਕ, ਸਿਆਸੀ ਤੇ ਰੂਹਾਨੀ ਚੌਖਟਾ ਅਤੇ ਵੱਖਰੇ ਦਲਿਤ ਧਰਮ ਦਾ ਤਾਣਾ-ਬਾਣਾ ਬੁਣਿਆ ਗਿਆ ਸੀ। ਇਸ ਤਰ੍ਹਾਂ ਬਾਬੂ ਮੰਗੂ ਰਾਮ ਨੇ ਦਲਿਤ ਪਛਾਣ ਦੇ ਵੱਖੋ ਵੱਖਰੇ ਤਿਣਕਿਆਂ ਨੂੰ ਜੋੜ ਕੇ ਮੂਲ ਨਿਵਾਸੀਆਂ ਦੇ ਨਾਇਕਾਂ, ਗੁਰੂਆਂ ਤੇ ਉਨ੍ਹਾਂ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਲਿਤਾਂ ਅੰਦਰ ਖ਼ੁਦ ਸ਼ਾਸਕ ਬਣਨ ਦੀ ਖਾਹਿਸ਼ ਪੈਦਾ ਕੀਤੀ।
        1931 ਦੀ ਮਰਦਮਸ਼ੁਮਾਰੀ ਵੇਲੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦੇ ਕਰੀਬ ਪੰਜ ਲੱਖ ਲੋਕਾਂ ਨੇ ਆਪਣਾ ਧਰਮ ‘ਆਦਿ ਧਰਮ’ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਆਦਿ ਧਰਮ ਦੇ ਪੈਰੋਕਾਰ ਇਕ ਦੂਜੇ ਨੂੰ ‘ਆਦਿ ਧਰਮੀ’ ਬੁਲਾਉਣ ਲੱਗ ਪਏ। ਇਸ ਤੋਂ ਇਲਾਵਾ ਆਦਿ ਧਰਮ ਲਹਿਰ ਦੀ ਇਕ ਹੋਰ ਅਹਿਮ ਪ੍ਰਾਪਤੀ ਇਹ ਸੀ ਕਿ ਇਸ ਨੇ 1937 ਤੋਂ 1946 ਤੱਕ ਹੋਈਆਂ ਅਸੈਂਬਲੀ ਚੋਣਾਂ ਵਿਚ ਹੰਝਾ ਫੇਰੂ ਜਿੱਤਾਂ ਦਰਜ ਕੀਤੀਆਂ ਸਨ ਤੇ ਇੰਜ ਇਹ ਪੰਜਾਬ ਅਸੈਂਬਲੀ ਵਿਚ ਅਹਿਮ ਧਿਰ ਬਣ ਕੇ ਉੱਭਰੀ ਸੀ ਜੋ ਬਸਤੀਵਾਦੀ ਭਾਰਤ ਵਿਚ ਕਥਿਤ ਨੀਵੀਆਂ ਜਾਤਾਂ ਦੇ ਇਤਿਹਾਸ ਵਿਚ ਅਜਿਹੀ ਪਹਿਲੀ ਘਟਨਾ ਸੀ।
       ਬਾਬੂ ਮੰਗੂ ਰਾਮ ਅਤੇ ਆਦਿ ਧਰਮ ਲਹਿਰ ਨੇ ਪੰਜਾਬ ’ਚ ਡਾ. ਅੰਬੇਡਕਰ ਦੇ ਮਿਸ਼ਨ ਦੇ ਬੀਜ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰ ਦਿੱਤੀ ਸੀ। ਅਛੂਤ ਜਾਤਾਂ ਲਈ ਵੱਖਰੇ ਚੁਣਾਵੀ ਦਰਜੇ ਦੀ ਜੱਦੋਜਹਿਦ ਲਈ ਲੰਡਨ ਗੋਲਮੇਜ਼ ਕਾਨਫ਼ਰੰਸ ਦੌਰਾਨ ਡਾ. ਅੰਬਦੇਕਰ ਦੇ ਸਟੈਂਡ ਦੇ ਹੱਕ ਵਿਚ ਬਾਬੂ ਮੰਗੂ ਰਾਮ ਨੇ ਉਨ੍ਹਾਂ ਨੂੰ ਕਈ ਤਾਰਾਂ ਭੇਜ ਕੇ ਹਮਾਇਤ ਦਿੱਤੀ ਸੀ ਜਦੋਂ ਡਾ. ਅੰਬੇਡਕਰ ਅਤੇ ਮਹਾਤਮਾ ਗਾਂਧੀ ਭਾਰਤ ਦੇ ਅਛੂਤਾਂ ਦੀ ਅਗਵਾਈ ਦੇ ਸਵਾਲ ਤੇ ਇਕ ਦੂਜੇ ਵਿਰੁੱਧ ਡਟੇ ਹੋਏ ਸਨ। ਉੱਘੇ ਅਮਰੀਕੀ ਸਮਾਜ ਸ਼ਾਸਤਰੀ ਮਾਰਕ ਜਰਗਨਸਮਾਇਰ ਨੇ ਆਪਣੀ ਸ਼ਾਹਕਾਰ ਰਚਨਾ ‘ਰਿਲੀਜੀਅਸ ਰੈਬਲਜ਼ ਇਨ ਦਿ ਪੰਜਾਬ : ਦਿ ਆਦਿ ਧਰਮ ਚੈਲੇਂਜ ਟੂ ਕਾਸਟ’ ਵਿਚ ਆਦਿ ਧਰਮ ਲਹਿਰ ਵਲੋਂ ਸਦੀਆਂ ਪੁਰਾਣੀ ਵਰਣ ਵਿਵਸਥਾ ਦੇ ਜੂਲੇ ਹੇਠੋਂ ਨਿਕਲਣ ਅਤੇ ਦਲਿਤਾਂ ਵਿਚ ਸਮਾਜਿਕ ਤੇ ਸਿਆਸੀ ਚੇਤਨਾ ਪੈਦਾ ਕਰਨ ਵਿਚ ਪਾਏ ਯੋਗਦਾਨ ਨੂੰ ਦਰਜ ਕੀਤਾ ਹੈ।
* ਪ੍ਰੋਫੈਸਰ, ਰਾਜਨੀਤੀ ਸ਼ਾਸਤਰ, ਸ਼ਹੀਦ ਭਗਤ ਸਿੰਘ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ।

ਭਗਤ ਰਵਿਦਾਸ ਅਤੇ ਸਮਾਜਿਕ ਬਰਾਬਰੀ - ਪ੍ਰੋ. ਰੌਣਕੀ ਰਾਮ

ਪੰਦਰਵੀਂ ਤੇ ਸੋਲ੍ਹਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਸੰਤ ਕਵੀਆਂ ਵਿਚ ਸ਼ੁਮਾਰ ਗੁਰੂ ਰਵਿਦਾਸ ਲਹਿੰਦੇ ਮੱਧਕਾਲ ਦੌਰਾਨ ਉੱਤਰੀ ਭਾਰਤ ਦੀ ਭਗਤੀ ਲਹਿਰ ਖ਼ਾਸਕਰ ਨਿਰਗੁਣ ਸੰਪਰਦਾ ਜਾਂ ਸੰਤ ਪਰੰਪਰਾ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਭਗਤੀ ਦਾ ਰਾਹ ਸਦੀਆਂ ਤੋਂ ਚਲੀ ਆ ਰਹੀ ਛੂਤ-ਛਾਤ ਦੀ ਅਣਮਨੁੱਖੀ ਵਿਵਸਥਾ ਖਿ਼ਲਾਫ਼ ਸਮਾਜਿਕ ਰੋਸ ਦੇ ਤਰੀਕੇ ਵਜੋਂ ਅਪਣਾਇਆ ਸੀ। ਗੁਰੂ ਰਵਿਦਾਸ ਨੇ ਨਿਰਾਕਾਰ ਰੱਬ ਦੀ ਭਗਤੀ ਦੀ ਜਾਚ ਅਪਣਾਈ ਅਤੇ ਜਾਤ ਆਧਾਰਿਤ ਸਮਾਜਿਕ ਛੂਤ-ਛਾਤ ਤੇ ਜਬਰ ਖਿ਼ਲਾਫ਼ ਮੱਧ ਮਾਰਗੀ ਰੋਸ ਪ੍ਰਗਟਾਉਣ ਲਈ ਰੋਜ਼ੀ-ਰੋਟੀ ਦੀ ਖਾਤਰ ਆਪਣੇ ਜ਼ੱਦੀ ਪੁਸ਼ਤੀ ਚਮੜੇ ਦਾ ਕੰਮ ਅਪਣਾਇਆ। ਧਾਰਮਿਕ ਆਡੰਬਰ ਅਤੇ ਸੰਕੀਰਨ ਰਹੁ-ਰੀਤਾਂ ਤੋਂ ਪਰ੍ਹੇ ਹੋਣ ਕਰ ਕੇ ਉਨ੍ਹਾਂ ਦਾ ਮਾਰਗ ਵਿਲੱਖਣ ਅਤੇ ਉਸ ਵੇਲੇ ਚੱਲ ਰਹੇ ਧਾਰਮਿਕ ਕੱਟੜਪੁਣੇ ਦੇ ਦੌਰ ਵਿਚ ਵੱਡੇ ਜੇਰੇ ਵਾਲਾ ਕੰਮ ਵੀ ਸੀ। ਗੁਰੂ ਰਵਿਦਾਸ ਨੇ ਨਿੱਡਰਤਾ, ਆਤਮ ਸਤਿਕਾਰ, ਕਿਰਤ ਦੀ ਗ਼ੈਰਤ ਅਤੇ ਸਭਨਾਂ ਲੋਕਾਂ ਪ੍ਰਤੀ ਪਿਆਰ ਜਿਹੀਆਂ ਭਾਵਨਾਵਾਂ ਰੱਖਣ ਤੇ ਜ਼ੋਰ ਦਿੱਤਾ। ਇਨ੍ਹਾਂ ਵਿਚੋਂ ਉਨ੍ਹਾਂ ਦੇ ਪਰਮਾਤਮਾ ਦੀ ਭਗਤੀ ਤੇ ਸਮਾਜਿਕ ਦਰਸ਼ਨ ਦੇ ਲੋਕਰਾਜੀ ਅਤੇ ਬਰਾਬਰੀ ਦੇ ਲੱਛਣ ਨਜ਼ਰ ਆਉਂਦੇ ਹਨ। ਇਹੀ ਉਹ ਪ੍ਰਸੰਗ ਹੈ ਜਿਸ ਵਿਚ ਉਨ੍ਹਾਂ ਵਲੋਂ ਭਗਤੀ ਉੱਤੇ ਦਿੱਤੇ ਜ਼ੋਰ ਨੇ ਸ਼ਾਂਤਮਈ ਸਮਾਜਿਕ ਰੋਸ ਦੀ ਨਵੀਂ ਇਬਾਰਤ ਪੈਦਾ ਕੀਤੀ ਸੀ।
        ਗੁਰੂ ਰਵਿਦਾਸ ਇਸ ਲਈ ਪ੍ਰਸਿੱਧ ਹੋਏ ਕਿਉਂਕਿ ਉਨ੍ਹਾਂ ਹਿੰਦੂ ਸਮਾਜ ਅੰਦਰ ਪ੍ਰਚੱਲਿਤ ਸਮਾਜਿਕ ਜਬਰ ਅਤੇ ਛੂਤ-ਛਾਤ ਉੱਤੇ ਸਿੱਧਾ ਹਮਲਾ ਬੋਲਿਆ ਸੀ। ਹਾਲਾਂਕਿ ਉਨ੍ਹਾਂ ਦਾ ਜਨਮ ਉੱਤਰੀ ਭਾਰਤ ਵਿਚ ਪੈਂਦੇ ਉੱਤਰ ਪ੍ਰਦੇਸ਼ ਵਿਚ ਹੋਇਆ ਸੀ ਪਰ ਉਨ੍ਹਾਂ ਦੇ ਸ਼ਰਧਾਲੂਆਂ ਵਿਚ ਪੰਜਾਬ ਦੇ ਲੋਕ ਵੀ ਸ਼ਾਮਲ ਸਨ। ਮੰਨਿਆ ਜਾਂਦਾ ਹੈ ਕਿ ਰਾਜਸਥਾਨ ਵੱਲ ਜਾਂਦਿਆਂ ਉਹ ਪੰਜਾਬ ਆਏ ਸਨ। ਪੰਜਾਬ ਵਿਚ ਉਨ੍ਹਾਂ ਦੀ ਮਕਬੂਲੀਅਤ ਦਾ ਇਕ ਹੋਰ ਕਾਰਨ ਉਦੋਂ ਜੁੜਿਆ ਜਦੋਂ ਉਨ੍ਹਾਂ ਦੀ ਬਾਣੀ (40 ਸ਼ਬਦ ਅਤੇ ਇਕ ਸ਼ਲੋਕ) ਸਿੱਖਾਂ ਦੇ ਪਾਵਨ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਗਈ। ਜਦੋਂ ਆਦਿ ਧਰਮ ਲਹਿਰ ਨੇ ਗੁਰੂ ਰਵਿਦਾਸ ਨੂੰ ਆਪਣਾ ਸਰਪ੍ਰਸਤ ਸੰਤ ਅਤੇ ਸਿਆਸੀ ਸਫ਼ਬੰਦੀ ਦਾ ਕੇਂਦਰ ਬਿੰਦੂ ਐਲਾਨਿਆ ਤਾਂ ਉਨ੍ਹਾਂ ਦਾ ਰੁਤਬਾ ਹੋਰ ਵਧ ਗਿਆ। ਆਦਿ ਧਰਮ ਲਹਿਰ 1920ਵਿਆਂ ਸ਼ੁਰੂ ਹੋਈ ਸੀ ਅਤੇ ਉਸ ਦੇ ਝੰਡੇ ਵਿਚ ਗੁਰੂ ਰਵਿਦਾਸ ਦੀ ਤਸਵੀਰ ਲਾਈ ਜਾਂਦੀ ਸੀ ਤੇ ਉਨ੍ਹਾਂ ਦੀ ਬਾਣੀ ਨੂੰ ਪਵਿੱਤਰ ਮੰਨਦੀ ਸੀ ਅਤੇ ਉਨ੍ਹਾਂ ਬਾਰੇ ਕਥਾ ਕਹਾਣੀਆਂ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਮਾਣ-ਸਨਮਾਨ ਤੇ ਸ਼ਕਤੀ ਦੀਆਂ ਪ੍ਰਤੀਕ ਵਜੋਂ ਪ੍ਰਚਾਰੀਆਂ ਜਾਂਦੀਆਂ ਸਨ।
        ਭਗਤ ਰਵਿਦਾਸ ਨੀਵੀਂ ਸਮਝੀ ਜਾਂਦੀ ਇਕ ਜਾਤ ਨਾਲ ਸਬੰਧ ਰੱਖਦੇ ਸਨ ਤੇ ਇਸ ਤੱਥ ਨੇ ਪੰਜਾਬ ਵਿਚ ਦਲਿਤ ਚੇਤਨਾ ਦੇ ਉਭਾਰ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਨੂੰ ਗੁਰੂ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ਤੇ ਮੰਦਰ, ਯਾਦਗਾਰੀ ਹਾਲ, ਸਿੱਖਿਆ ਸੰਸਥਾਵਾਂ, ਚੇਅਰਾਂ, ਸਭਿਆਚਾਰਕ ਸੰਸਥਾਵਾਂ ਤੇ ਹਸਪਤਾਲਾਂ ਸਥਾਪਿਤ ਕਰਦੇ ਹਨ। ਉਨ੍ਹਾਂ ਨੇ ਗੁਰੂ ਰਵਿਦਾਸ ਦੇ ਜੀਵਨ ਅਤੇ ਕਾਰਜਾਂ ਬਾਰੇ ਸਹੀ ਤੱਥ ਸਥਾਪਤ ਕਰਨ ਲਈ ਕਈ ਮਿਸ਼ਨ ਕਾਇਮ ਕੀਤੇ ਅਤੇ ਭਾਰਤ ਤੇ ਹੋਰਨਾਂ ਦੇਸ਼ਾਂ ਅੰਦਰ ਪਿਆਰ, ਬਰਾਬਰੀ ਅਤੇ ਭਾਈਚਾਰੇ ਬਾਰੇ ਉਨ੍ਹਾਂ ਦੇ ਸੰਦੇਸ਼ ਨੂੰ ਫੈਲਾਉਣ ਦਾ ਕੰਮ ਕੀਤਾ ਹੈ। ਦਰਅਸਲ, ਉਨ੍ਹਾਂ ਦੀ ਰੌਸ਼ਨ ਦਿੱਖ ਨੇ ਦਲਿਤਾਂ ਨੂੰ ਜਥੇਬੰਦ ਹੋਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਵੱਡੀ ਗਿਣਤੀ ਵਿਚ ਆਦਿ ਧਰਮ ਲਹਿਰ ਨਾਲ ਜੁੜੇ ਸਨ। ਸਿੱਟੇ ਵਜੋਂ ਪੰਜਾਬੀ ਦਲਿਤ ਵੱਖ ਵੱਖ ਗੁਰੂ ਰਵਿਦਾਸ ਸਭਾਵਾਂ ਵਿਚ ਜਥੇਬੰਦ ਹੋਏ ਅਤੇ ਸੂਬੇ ਅੰਦਰ ਅਤੇ ਬਾਹਰ ਵੀ ਬਹੁਤ ਸਾਰੇ ਰਵਿਦਾਸ ਭਵਨ, ਮੰਦਰ ਅਤੇ ਡੇਰੇ ਸਥਾਪਿਤ ਕੀਤੇ।
         ਗੁਰੂ ਰਵਿਦਾਸ ਜੀ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਅੰਦਰ ਜੋ ਗੱਲ ਸਭ ਤੋਂ ਵੱਧ ਪੂਜਣਯੋਗ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦੀ ਆਪਣੀ ਜਾਤੀ ਪਛਾਣ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੀ ਦ੍ਰਿੜ੍ਹਤਾ। ਉਨ੍ਹਾਂ ਆਪਣੀ ਜਾਤ ਦਾ ਕੋਈ ਤਿਰਸਕਾਰ ਨਹੀਂ ਕੀਤਾ ਸਗੋਂ ਉਨ੍ਹਾਂ ਨਾ ਕੇਵਲ ਜਾਤ ਬਾਰੇ ਸਗੋਂ ਇਸ ਦੇ ਨਾਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਉੱਤੇ ਕੀਤੇ ਜਾਂਦੇ ਅੱਤਿਆਚਾਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਆਪਣੀ ਬਾਣੀ ਵਿਚ ਵਾਰ ਵਾਰ ਆਪਣੀ ਜਾਤ ਦਾ ਜ਼ਿਕਰ ਕੀਤਾ। ਇਸ ਸਦਕਾ ਹੀ ਉਹ ਉੱਤਰੀ ਭਾਰਤ ਵਿਚ ਦਲਿਤ ਚੇਤਨਾ ਦੇ ਮਸੀਹਾ ਬਣ ਕੇ ਉੱਭਰੇ।
        ਭਗਤ ਰਵਿਦਾਸ ਦੀ ਪਵਿੱਤਰ ਬਾਣੀ ਭਾਰਤ ਵਿਚ ਵੀਹਵੀਂ ਸਦੀ ਵਿਚ ਬਰਤਾਨਵੀ ਸ਼ਾਸਨ ਦੌਰਾਨ ਸਮਾਜਿਕ ਰੋਸ ਦੇ ਵਾਹਕ ਵਜੋਂ ਉੱਭਰੀ ਸੀ। ਆਮ ਲੋਕਾਂ ਦੀ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀ ਬਾਣੀ ਵਿਚ ਕ੍ਰਾਂਤੀਕਾਰੀ ਜਜ਼ਬਾ ਭਰਿਆ ਪਿਆ ਹੈ। ਗੇਲ ਓਮਵੇਟ (Gail Omvedt) ਦੇ ਸ਼ਬਦਾਂ ਵਿਚ ਉਨ੍ਹਾਂ ਦੀ ਬਾਣੀ ‘ਸ਼ੋਸ਼ਣਕਾਰੀਆਂ, ਹਾਕਮਾਂ ਅਤੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਅੱਤਿਆਚਾਰ ਖਿ਼ਲਾਫ਼ ਲੜਾਈ ਅਤੇ ਬਿਹਤਰ ਸੰਸਾਰ ਦੀ ਆਸ ਦਾ ਸੁਨੇਹਾ ਹੈ’। ਇਹ ਦੱਬੇ ਕੁਚਲੇ ਲੋਕਾਂ ਦੀਆਂ ਸਮਾਜਿਕ ਤੇ ਰੂਹਾਨੀ ਲੋੜਾਂ ਦੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਮੁਕਤੀ ਦੀ ਲੋੜ ਨੂੰ ਰੇਖਾਂਕਿਤ ਕਰਦੀ ਹੈ। ਇਸ ਕਰ ਕੇ ਜਿਵੇਂ ਹਿੰਦੂ ਆਪਣੇ ਦੇਵੀ ਦੇਵਤਿਆਂ ਨੂੰ ਪੂਜਦੇ ਹਨ ਤੇ ਸਿੱਖ ਆਪਣੇ ਗੁਰੂਆਂ ਨੂੰ ਧਿਆਉਂਦੇ ਹਨ, ਉਵੇਂ ਹੀ ਦਲਿਤ ਗੁਰੂ ਰਵਿਦਾਸ ਨੂੰ ਆਪਣਾ ਮਸੀਹਾ ਮੰਨਦੇ ਹਨ ਅਤੇ ਉਨ੍ਹਾਂ ਦੀ ਤਸਵੀਰ ਦੀ ਪੂਜਾ ਕਰਦੇ, ਜਯੰਤੀਆਂ ਮਨਾਉਂਦੇ, ਹਰ ਸੁਬ੍ਹਾ ਸ਼ਾਮ ਉਨ੍ਹਾਂ ਦੇ ਭਜਨ ਗਾਉਂਦੇ ਅਤੇ ‘ਰਵਿਦਾਸ ਸ਼ਕਤੀ ਅਮਰ ਰਹੇ’ ਜਿਹੇ ਨਾਅਰੇ ਲਾਉਂਦੇ ਉਨ੍ਹਾਂ ਦੀ ਆਤਮਿਕ ਸ਼ਕਤੀ ਵਿਚ ਆਪਣਾ ਭਰੋਸਾ ਜਤਾਉਂਦੇ ਹਨ।
        ਗੁਰੂ ਰਵਿਦਾਸ ਦੇ ਉਪਦੇਸ਼ਾਂ ਅਤੇ ਸਮਾਜਿਕ ਰੋਸ ਦੇ ਤਰੀਕਾਕਾਰ ਦਾ ਪੰਜਾਬ ਵਿਚ ਬਹੁਤ ਅਸਰ ਪਿਆ। ਆਦਿ ਧਰਮ ਲਹਿਰ ਨੇ ਵਿਸ਼ਾਲ ਦਲਿਤ ਹਲਕਾ ਉਸਾਰ ਦਿੱਤਾ ਜਿਸ ਦੇ ਕਈ ਕਾਰਨ ਹਨ :
1) ਪੰਜਾਬ ਦੇ ਦਲਿਤਾਂ ਕੋਲ ਆਦਿ ਧਰਮ ਦੀ ਲੀਡਰਸ਼ਿਪ ਦਾ ਸ਼ਾਨਦਾਰ ਪਿਛੋਕੜ ਸੀ ਜਿਸ ਨੇ ਰਾਜ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਗੁਰੂ ਰਵਿਦਾਸ ਦੇ ਉਪਦੇਸ਼ਾਂ ਅਤੇ ਜੀਵਨ ਸ਼ੈਲੀਆਂ ਤੇ ਆਧਾਰਿਤ ਬਦਲਵੇਂ ਰਵਿਦਾਸ ਸਭਿਆਚਾਰ ਨੂੰ ਸੰਸਥਾਈ ਰੂਪ ਦੇਣ ਦਾ ਰਾਹ ਪੱਧਰਾ ਕੀਤਾ।
2) ਗੁਰੂ ਰਵਿਦਾਸ ਦੇ ਇਕ ਤਥਾਕਥਿਤ ਨੀਵੀਂ ਜਾਤ ਨਾਲ ਸਬੰਧ ਹੋਣ ਕਰ ਕੇ ਉਨ੍ਹਾਂ ਦੇ ਵਿਲੱਖਣ ਮਾਰਗ ਨੂੰ ਅਪਣਾਉਣ ਦੀ ਚੰਗਿਆੜੀ ਦਾ ਕੰਮ ਕੀਤਾ ।
3)  ਊਹ ਹਿੰਦੂ ਸਮਾਜਕ ਵਿਵਸਥਾ ਵਿਚ ਪ੍ਰਚੱਲਤ ਸਮਾਜਿਕ ਛੂਤ-ਛਾਤ ਅਤੇ ਜਬਰ ਤੋਂ ਮੁਕਤੀ ਪਾਉਣ ਲਈ ਆਦਿ ਧਰਮ ਦੀ ਸਾਰਥਿਕਤਾ ਤੇ ਪੂਰੀ ਤਰ੍ਹਾਂ ਆਸਵੰਦ ਸਨ। ਪੰਜਾਬ ਦੇ ਦਲਿਤਾਂ ਨੇ ਉਨ੍ਹਾਂ ਦੇ ਰੂਪ ਵਿਚ ਮੱਧ ਮਾਰਗ ਪਾ ਲਿਆ। ਉਨ੍ਹਾਂ ਦੇ ਉਪਦੇਸ਼ਾਂ ਵਿਚ ਸਾਧਾਰਨ ਪਰ ਤਿੱਖੇ ਤੱਤਾਂ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਜਾਤੀ ਸਾਂਝ ਦੀ ਮੌਜੂਦਗੀ ਨੇ ਰਾਜ ਦੇ ਦਲਿਤਾਂ ਅੰਦਰ ਕ੍ਰਾਂਤੀਕਾਰੀ ਚੇਤਨਾ ਦੇ ਉਭਾਰ ਦਾ ਆਧਾਰ ਮੁਹੱਈਆ ਕਰਵਾਇਆ। ਉਨ੍ਹਾਂ ਦੇ ਨਾਂ ਦੇ ਜ਼ਿਕਰ ਨਾਲ ਹੀ ਉਨ੍ਹਾਂ ਅੰਦਰ ਭਰੋਸੇ ਅਤੇ ਆਤਮ ਸਨਮਾਨ ਦੀ ਭਾਵਨਾ ਜਗਦੀ ਹੈ।
        ਇਸ ਲਈ ਇਨ੍ਹਾਂ ਕਾਰਨਾਂ ਕਰ ਕੇ ਗੁਰੂ ਰਵਿਦਾਸ ਨੂੰ ਆਦਿ ਧਰਮ ਲਹਿਰ ਵਲੋਂ ਮਾਰਗ ਦਰਸ਼ਕ ਦੇ ਤੌਰ ਤੇ ਅਪਣਾਇਆ ਗਿਆ ਸੀ ਜਿਨ੍ਹਾਂ ਦੇ ਮੱਧ ਮਾਰਗ ਨੂੰ ਪੰਜਾਬ ਦੇ ਦਲਿਤ ਕ੍ਰਾਂਤੀਕਾਰੀ ਦਲਿਤ ਚੇਤਨਾ ਦੀ ਅਲਖ ਜਗਾਉਣ ਲਈ ਜ਼ਰੂਰੀ ਸਮਝਦੇ ਸਨ। ਪਿਛਲੇ ਕੁਝ ਸਾਲਾ ਦੌਰਾਨ ਪੰਜਾਬ ਅਤੇ ਹੋਰਨਾਂ ਰਾਜਾਂ ਅੰਦਰ ਦਲਿਤਾਂ ਵਲੋਂ ਵੱਡੀ ਗਿਣਤੀ ਵਿਚ ਰਵਿਦਾਸ ਮੰਦਰਾਂ ਅਤੇ ਡੇਰਿਆਂ ਦੀ ਸਥਾਪਨਾ ਇਸੇ ਨੁਕਤੇ ਨੂੰ ਦਰਸਾਉਂਦੀ ਹੈ। ਗੁਰੂ ਰਵਿਦਾਸ ਪੰਜਾਬੀ ਦਲਿਤ ਪਰਵਾਸੀ ਭਾਈਚਾਰੇ ਅੰਦਰ ਵੀ ਬਹੁਤ ਲੋਕਪ੍ਰਿਯਾ ਬਣ ਗਏ ਜਿਸ ਨੇ ਦੁਨੀਆ ਦੇ ਲੱਗਭੱਗ ਹਰ ਉਸ ਸ਼ਹਿਰ ਜਿੱਥੇ ਉਹ ਭਾਵੇਂ ਥੋੜ੍ਹੀ ਗਿਣਤੀ ਵਿਚ ਹੀ ਵੱਸਦੇ ਹਨ, ਉੱਥੇ ਰਵਿਦਾਸ ਮੰਦਰ ਉਸਾਰ ਦਿੱਤੇ ਹਨ ਤਾਂ ਕਿ ਆਪਣੀ ਵੱਖਰੀ ਜਾਤੀ ਪਛਾਣ ਦਰਸਾਈ ਜਾ ਸਕੇ। ਇਸ ਨਾਲ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਨ੍ਹਾਂ ਨੂੰ ਆਪਣੀ ਛੁਪੀ ਹੋਈ ਜਾਤੀ ਪਛਾਣ ਦਰਸਾਉਣ ਦਾ ਮੌਕਾ ਮਿਲਿਆ ਹੈ। ਦਰਅਸਲ, ਇਹ ਮੰਦਰ ਤੇ ਡੇਰੇ ਦਲਿਤਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਕਰਨ ਲਈ ਸੰਵੇਦਨਸ਼ੀਲ ਬਣਾਉਣ ਦੇ ਮਿਸ਼ਨਾਂ ਵਜੋਂ ਕੰਮ ਕਰ ਰਹੇ ਹਨ। ਹਿੰਦੂ ਅਤੇ ਸਿੱਖ ਧਰਮ ਅਸਥਾਨਾਂ ਤੋਂ ਵੱਖਰੇ ਦਿਸਣ ਲਈ ਅਤੇ ਉਨ੍ਹਾਂ ਦੀ ਵੱਖਰੀ ਦਲਿਤ ਧਾਰਮਿਕ ਪਛਾਣ ਦਰਸਾਉਣ ਲਈ ਰਵਿਦਾਸ ਮੰਦਰਾਂ ਤੇ ਡੇਰਿਆਂ ਨੇ ਆਪਣੇ ਵੱਖਰੇ ਧਾਰਮਿਕ ਨਿਸ਼ਾਨ, ਰਸਮਾਂ, ਪੂਜਾ ਪਾਠ, ਰਹੁ-ਰੀਤਾਂ ਅਤੇ ਅੱਤਿਆਚਾਰੀ ਅਤੇ ਜਾਤੀ ਦਬਦਬੇ ਖਿ਼ਲਾਫ਼ ਸਮਾਜਿਕ ਰੋਸ ਦੇ ਸੰਦੇਸ਼ ਘੜ ਲਏ ਹਨ। ਵੱਖ ਵੱਖ ਰਵਿਦਾਸ ਮੰਦਰਾਂ ਤੇ ਡੇਰਿਆਂ ਦੀ ਅਗਵਾਈ ਹੇਠ ਗੁਰੂ ਰਵਿਦਾਸ ਲਹਿਰ ਨੇ ਦਲਿਤਾਂ ਅੰਦਰ ਆਸ ਦੀ ਨਵੀਂ ਕਿਰਨ ਜਗਾਈ ਹੈ ਜਿਨ੍ਹਾਂ ਨੂੰ ਆਜ਼ਾਦ ਭਾਰਤ ਦੇ ਸੰਵਿਧਾਨ ਵਿਚ ਦਰਜ ਉਪਬੰਧਾਂ ਮੁਤਾਬਕ ਹੋਈਆਂ ਸਕਾਰਾਤਮਕ ਕਾਰਵਾਈਆਂ ਦੇ ਲਾਭ ਹਾਸਲ ਹੋਏ ਹਨ। ਗੁਰੂ ਰਵਿਦਾਸ ਦੇ ਉਪਦੇਸ਼ਾਂ ਤੇ ਆਧਾਰਿਤ ਰਵਿਦਾਸ ਲਹਿਰ ਦਾ ਅਸਲ ਮਕਸਦ ਉਨ੍ਹਾਂ ਦੀ ਬਾਣੀ ਵਿਚ ਦੱਸੇ ਗਏ ਬੇਗ਼ਮਪੁਰਾ ਦੇ ਸੰਕਲਪ ਵਿਚ ਨਿਹਿਤ ਹੈ।

* ਪ੍ਰੋਫੈਸਰ, ਸ਼ਹੀਦ ਭਗਤ ਸਿੰਘ ਚੇਅਰ, ਰਾਜਨੀਤੀ ਸ਼ਾਸਤਰ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਸੰਪਰਕ : 97791-42308