Mohinder Singh Mann

ਤੁਸੀਂ ਖੇਤਾਂ ਦੇ ਮਾਲਕ - ਮਹਿੰਦਰ ਸਿੰਘ ਮਾਨ


ਜੋ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਂਦੇ ਨੇ,
ਉਹ ਆਪਣਾ ਤੇ ਹੋਰਾਂ ਦਾ ਨੁਕਸਾਨ ਕਰਾਉਂਦੇ ਨੇ।
ਅੱਗ ਨਾਲ ਜ਼ਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਣ,
ਉਨ੍ਹਾਂ ਦੇ ਮਿੱਤਰ ਜੀਵ ਮਰਿਆਂ ਵਾਂਗ ਹੋ ਜਾਣ।
ਨਾਲ ਦੀਆਂ ਫਸਲਾਂ ਦਾ ਚੋਖਾ ਨੁਕਸਾਨ ਹੋ ਜਾਵੇ,
ਖੇਤਾਂ 'ਚ ਪਹਿਲਾਂ ਵਰਗੀ ਚੰਗੀ ਫਸਲ ਨਾ ਹੋਵੇ।
ਧੂੰਏਂ ਨਾਲ ਰਾਹੀਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ,
ਇਹ ਉਨ੍ਹਾਂ ਦੀਆਂ ਅੱਖਾਂ ਤੇ ਵੀ ਮਾੜਾ ਅਸਰ ਪਾਵੇ।
ਇਹ ਉੱਤੇ ਚੜ੍ਹ ਕੇ ਵਾਤਾਵਰਣ ਪ੍ਰਦੂਸ਼ਿਤ ਕਰ ਜਾਵੇ,
ਵਾਤਾਵਰਣ ਠੀਕ ਹੋਣ ਨੂੰ ਕਾਫੀ ਸਮਾਂ ਲੱਗ ਜਾਵੇ।
ਪਰਾਲੀ ਨੂੰ ਮਿੱਟੀ 'ਚ ਰਲਾਉਣ ਲਈ ਹੰਭਲਾ ਮਾਰੋ,
ਆਪਣਾ ਤੇ ਹੋਰਾਂ ਦਾ ਨੁਕਸਾਨ ਹੋਣ ਤੋਂ ਰੋਕ ਲਉ।
 ਤੁਸੀਂ ਖੇਤਾਂ ਦੇ ਮਾਲਕ, ਇਹ ਤੁਹਾਡੇ ਹੀ ਰਹਿਣੇ,
ਤੁਹਾਨੂੰ ਇਹ ਚੱਜ ਨਾਲ 'ਮਾਨਾ' ਸੰਭਾਲਣੇ ਹੀ ਪੈਣੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਜੋ ਤੂੰ ਕੀਤਾ - ਮਹਿੰਦਰ ਸਿੰਘ ਮਾਨ

ਜੋ ਤੂੰ ਕੀਤਾ ਮੇਰੇ ਨਾਲ,
ਕਰ ਨ੍ਹੀ ਸਕਦਾ ਤੇਰੇ ਨਾਲ।
ਇਹ ਮੈਨੂੰ ਹੀ ਖਾ ਨਾ ਜਾਵੇ,
ਤਾਂ ਹੀ ਲੜਦਾਂ ਨ੍ਹੇਰੇ ਨਾਲ।
ਪਹਿਲਾਂ ਕੱਲੇ ਤੁਰਨਾ ਪੈਂਦਾ,
ਫਿਰ ਰਲ ਜਾਣ ਬਥੇਰੇ ਨਾਲ।
ਯਾਰਾਂ ਛੱਡੀ ਕਸਰ ਕੋਈ ਨਾ,
ਸੱਟਾਂ ਜਰੀਆਂ ਜੇਰੇ ਨਾਲ।
ਬਾਬੇ ਨੇ ਅਕਲ ਆਪਣੀ ਨਾਲ,
ਲੋਕੀਂ ਜੋੜੇ ਡੇਰੇ ਨਾਲ।
ਮਾਂ ਦੇ ਮੂੰਹ ਤੇ ਰੌਣਕ ਆਈ,
ਪੁੱਤ ਦੇ ਇੱਕੋ ਫੇਰੇ ਨਾਲ।
ਦਿਲ ਮਿਲਦਾ ਹੁੰਦਾ ਇਕ ਨਾਲ,
ਬੰਦੇ ਤੁਰਨ ਬਥੇਰੇ ਨਾਲ।
ਤੇਰੇ ਦਰ ਤੇ ਆਇਆ 'ਮਾਨ',
ਛੱਡ ਕੇ ਰੋਸਾ ਤੇਰੇ ਨਾਲ।

ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554

ਪੈਸਿਆਂ ਦੇ ਭੁੱਖੇ - ਮਹਿੰਦਰ ਸਿੰਘ ਮਾਨ

ਵੀਰੇ ਤੂੰ, ਡੈਡੀ ਤੇ ਮੰਮੀ ਨੇ ਰਲ ਕੇ
ਜਿਹੜਾ ਮੇਰੇ ਲਈ ਸੀ ਵਰ ਟੋਲਿਆ,
ਮੈਂ ਉਸ ਨਾਲ ਲਾਵਾਂ ਲੈ ਲਈਆਂ ਸਨ
ਮੂੰਹੋਂ ਇਕ ਸ਼ਬਦ ਨਹੀਂ ਸੀ ਬੋਲਿਆ।
ਅੱਜ ਮੈਨੂੰ ਸਹੁਰੇ ਘਰ ਰਹਿੰਦੀ ਨੂੰ
ਹੋ ਗਏ ਨੇ ਪੂਰੇ ਛੇ ਮਹੀਨੇ ਵੇ,
ਭੁੱਖਿਆਂ, ਨੰਗਿਆਂ ਦੀ ਧੀ ਕਹਿ ਕੇ
ਸਭ ਮਾਰਨ ਤੀਰ ਮੇਰੇ ਸੀਨੇ ਵੇ।
ਮੈਂ ਹਰ ਸਾਲ ਤੇਰੇ ਰੱਖੜੀ ਬੰਨ੍ਹੀ
ਪੇਕੀਂ ਰਹਿ ਕੇ ਤੇਰੇ ਕੋਲ ਵੇ,
ਅੱਜ ਮੈਂ ਨ੍ਹੀ ਆਣਾ ਪੇਕੇ
ਰੱਖੜੀ ਬੰਨ੍ਹਾ ਲੈ ਆ ਕੇ ਮੇਰੇ ਕੋਲ ਵੇ।
ਅੱਜ ਮੇਰੇ ਸਹੁਰੇ ਘਰ ਆ ਕੇ
ਦੇਖ ਲੈ ਆਪਣੀ ਭੈਣ ਦਾ ਹਾਲ ਵੇ,
ਮੇਰਾ ਕਹਿਣਾ ਮੰਨ ਛੇਤੀ ਆ ਜਾ
ਮੇਰੀ ਇੱਜ਼ਤ ਦਾ ਹੈ ਸਵਾਲ ਵੇ।
ਪੈਸਿਆਂ ਦੇ ਭੁੱਖੇ ਸਹੁਰਿਆਂ ਨੂੰ
ਆ ਕੇ ਲੁਆ ਦੇ ਕੰਨਾਂ ਨੂੰ ਹੱਥ ਵੇ,
ਜੇ ਸਿੱਧੇ ਰਾਹ ਉਨ੍ਹਾਂ ਨੂੰ ਪਾ ਦੇਵੇਂ
ਸਾਰੀ ਉਮਰ ਗਾਵਾਂਗੀ ਤੇਰਾ ਜੱਸ ਵੇ।

ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਨਫਰਤ ਦੀ ਅੱਗ - ਮਹਿੰਦਰ ਸਿੰਘ ਮਾਨ

ਨਫਰਤ ਦੀ ਅੱਗ
ਤੇਰੀ ਨਫਰਤ ਦੀ ਅੱਗ ਨੇ
ਮੈਨੂੰ ਦਿੱਤੀ ਹੈ ਉਹ ਤਾਕਤ
ਜਿਹੜੀ ਸ਼ਾਇਦ ਦੇ ਨਾ ਸਕਦਾ
ਮੈਨੂੰ ਤੇਰਾ ਪਿਆਰ ਵੀ।
ਇਸ ਤਾਕਤ ਨੇ ਮੈਨੂੰ
ਆਪਣੇ ਦੁੱਖ ਭੁੱਲ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖ
ਯਾਦ ਕਰਾਏ ਨੇ।
ਦਰਿੰਦਿਆਂ ਹੱਥੋਂ ਨਾਰਾਂ ਦੀ
ਲੁੱਟ ਹੁੰਦੀ ਇੱਜ਼ਤ ਯਾਦ ਕਰਾਈ ਹੈ,
ਅਮੀਰਾਂ ਵੱਲੋਂ ਗਰੀਬਾਂ ਦਾ
ਹੁੰਦਾ ਸੋਸ਼ਣ ਯਾਦ ਕਰਾਇਆ ਹੈ,
ਆਪੇ ਬਣੇ ਬਾਬਿਆਂ ਵੱਲੋਂ
ਭੋਲੇ ਭਾਲੇ ਲੋਕਾਂ ਦੀਆਂ ਜੇਬਾਂ
ਖਾਲੀ ਕਰਵਾਉਣ ਲਈ
ਵਰਤੇ ਗਏ ਹੱਥ ਕੰਡੇ                    ਯਾਦ ਕਰਵਾਏ ਨੇ,
ਨੇਤਾਵਾਂ ਵੱਲੋਂ ਲੋਕਾਂ ਨੂੰ
ਆਪਸ ਵਿੱਚ ਵੰਡ ਕੇ
ਰਾਜ ਕਰਨ ਦੀਆਂ ਕੋਝੀਆਂ ਚਾਲਾਂ
ਯਾਦ ਕਰਵਾਈਆਂ ਨੇ।
ਮੈਨੂੰ ਨਫਰਤ ਦੀ ਅੱਗ ਵਿੱਚ
ਜਲਾਉਣ ਦੀ ਕੋਸ਼ਿਸ਼ ਕਰਨ ਵਾਲਿਆ
ਤੇਰਾ ਬਹੁਤ, ਬਹੁਤ ਸ਼ੁਕਰੀਆ।

ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਇਹੋ ਜਹੀ ਆਜ਼ਾਦੀ - ਮਹਿੰਦਰ ਸਿੰਘ ਮਾਨ

ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,
ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,
ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,
ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,
ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ,
ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ,
ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,
ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,
ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,
ਔਖਾ ਹੋ ਕੇ ਉਹ ਮੰਡੀ 'ਚ ਫਸਲ ਲੈ ਕੇ ਜਾਵੇ,
ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ,
ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ,
ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਚੰਗਾ ਹੈ - ਮਹਿੰਦਰ ਸਿੰਘ ਮਾਨ

ਝੂਠ ਬੋਲਣ ਤੋਂ ਤੋਬਾ ਕਰ ਲਵੇਂ, ਤਾਂ ਚੰਗਾ ਹੈ।
ਈਰਖਾ ਦਾ ਦਰਿਆ ਤਰ ਲਵੇਂ,ਤਾਂ ਚੰਗਾ ਹੈ।
ਮਾਂ-ਪਿਉ ਸਦਾ ਬੱਚਿਆਂ ਦਾ ਭਲਾ ਚਾਹੁੰਦੇ ਨੇ,
ਉਨ੍ਹਾਂ ਦੇ ਕੌੜੇ ਬੋਲ ਜਰ ਲਵੇਂ,ਤਾਂ ਚੰਗਾ ਹੈ।
ਠੀਕ ਥਾਂ ਤੇ ਰੱਖੀ ਚੀਜ਼ ਛੇਤੀ ਲੱਭ ਪੈਂਦੀ ਹੈ,
ਹਰ ਚੀਜ਼ ਠੀਕ ਥਾਂ ਤੇ ਧਰ ਲਵੇਂ, ਤਾਂ ਚੰਗਾ ਹੈ।
ਚੰਗੇ ਕੰਮ ਕਰਨ ਵਾਲਿਆਂ ਦੀ ਲੋਕ ਇੱਜ਼ਤ ਕਰਦੇ ਨੇ,
ਤੂੰ ਜੇਕਰ ਚੰਗੇ ਕੰਮ ਕਰ ਲਵੇਂ, ਤਾਂ ਚੰਗਾ ਹੈ।
ਹੱਕ ਪਰਾਇਆ ਖਾਣਾ ਚੰਗਾ ਨਹੀਂ ਹੁੰਦਾ,
ਦਸਾਂ ਨਹੁੰਆਂ ਦੀ ਕਿਰਤ ਕਰ ਲਵੇਂ, ਤਾਂ ਚੰਗਾ ਹੈ।
ਇਹ ਨਾ ਹੋਵੇ ਲੋੜ ਪੈਣ ਤੇ ਕੋਈ ਆਵੇ ਹੀ ਨਾ,
ਦੋਸਤਾਂ ਦੀ ਪਹਿਲਾਂ ਹੀ ਪਰਖ ਕਰ ਲਵੇਂ, ਤਾਂ ਚੰਗਾ ਹੈ।
ਬੁਰੇ ਦਿਨ ਕਿਸੇ ਨੂੰ ਪੁੱਛ ਕੇ ਨ੍ਹੀ ਆਉਂਦੇ,
ਬੁਰੇ ਦਿਨਾਂ ਲਈ ਖੀਸਾ ਭਰ ਲਵੇਂ, ਤਾਂ ਚੰਗਾ ਹੈ।

ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554

ਟੱਪੇ - ਮਹਿੰਦਰ ਸਿੰਘ ਮਾਨ

ਨਵੇਂ ਪੱਤੇ ਲੱਗ ਗਏ ਨੇ ਰੁੱਖਾਂ ਨੂੰ,
ਕੋਈ ਨਾ ਵੰਡਾਵੇ ਆ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖਾਂ ਨੂੰ।
ਮੇਜ਼ ਤੇ ਪਾਣੀ ਦਾ ਗਲਾਸ ਪਿਆ,
ਚੋਣਾਂ 'ਚ ਵੱਡੇ, ਵੱਡੇ ਲੀਡਰ ਹਰਾ ਕੇ
ਲੋਕਾਂ ਨੇ ਖਬਰੇ ਕਾਹਦਾ ਬਦਲਾ ਲਿਆ।
ਸਹੀ ਸਮਾਂ ਨਾ ਦੱਸੇ ਕਲਾਕ ਘਰ ਦਾ,
ਉਸ ਅਫਸਰ ਨੇ ਲੋਕਾਂ ਦੇ ਕੰਮ ਕੀ ਕਰਨੇ
ਜਿਸ ਕੋਲ ਕੋਈ ਵੀ ਜਾਵੇ ਨਾ ਡਰਦਾ।
ਆਕਾਸ਼ ਤੇ ਬੱਦਲ ਛਾਏ ਹੋਏ ਨੇ,
ਜਿਹੜੇ ਬੈਂਕਾਂ ਨਾਲ ਧੋਖਾ ਕਰ ਗਏ
ਉਨ੍ਹਾਂ ਦੇ ਚੰਗੇ ਦਿਨ ਆਏ ਹੋਏ ਨੇ।
ਕੱਟ ਬਿਜਲੀ ਦੇ ਲੱਗਣੇ ਘੱਟ ਗਏ ਨੇ,
ਤਾਂ ਹੀ ਸਾਰੇ ਲੋਕ ਰਾਤ ਦੀ ਰੋਟੀ
ਲਾਈਟ ਵਿੱਚ ਬੈਠ ਕੇ ਖਾਣ ਲੱਗ ਪਏ ਨੇ ।
ਦਰਿਆ ਦਾ ਪਾਣੀ ਸ਼ਾਂਤ ਵਹਿ ਰਿਹਾ,
"ਮੈਂ ਹਮੇਸ਼ਾ ਨ੍ਹੀ ਆਪਣੇ ਕੰਢੇ ਤੋੜਦਾ,"
ਉਹ ਸਾਰੇ ਲੋਕਾਂ ਨੂੰ ਸੁਨੇਹਾ ਇਹ ਦੇ ਰਿਹਾ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਵਿਰਸਾ ਸੰਭਾਲ ਲਉ ਆਪਣਾ ਪੰਜਾਬੀਉ - ਮਹਿੰਦਰ ਸਿੰਘ ਮਾਨ

ਵਿਰਸਾ ਸੰਭਾਲ ਲਉ ਆਪਣਾ ਪੰਜਾਬੀਉ
ਢੋਲੇ, ਮਾਹੀਏ, ਟੱਪੇ ਹੁਣ ਤੁਸੀਂ ਗਾਉਂਦੇ ਨਹੀਂ,
ਭੰਗੜੇ 'ਚ ਬੰਨ੍ਹ, ਬੰਨ੍ਹ ਟੋਲੀਆਂ ਵੀ ਆਉਂਦੇ ਨਹੀਂ।
ਚੌੜੀਆਂ ਛਾਤੀਆਂ ਤੇ ਗੁੰਦਵੇਂ ਸਰੀਰ ਨਹੀਂਉ ਦਿਸਦੇ,
ਨਸ਼ੇ ਕਰਕੇ ਵਿਹਲੇ ਤੁਸੀਂ ਗਲੀਆਂ 'ਚ ਫਿਰਦੇ।
ਸਿਰਾਂ ਦੇ ਵਾਲ ਕਟਵਾ ਕੇ ਏਦਾਂ ਲੱਗਦੇ,
ਜਿੱਦਾਂ ਜਿੰਨ ਬਾਹਰੋਂ ਕਿਤਿਉਂ ਆ ਗਏ।
ਕੰਮ ਤੁਹਾਥੋਂ ਹੁੰਦਾ ਨ੍ਹੀ ਖੇਤਾਂ ਵਿੱਚ ਜਾ ਕੇ,
ਸਾਰਾ ਕੁੱਝ ਕਰ ਦਿੱਤਾ ਤੁਸੀਂ ਸੀਰੀਆਂ ਹਵਾਲੇ।
ਲੈ ਲਿਆ ਕਰਜ਼ਾ ਤੁਸੀਂ ਲੋੜ ਤੋਂ ਵੱਧ ਬਈ,
ਬਗੈਰ ਕੰਮ ਕੀਤਿਆਂ ਇਹ ਲਹਿਣਾ ਕਦ ਬਈ।
ਬੱਚੇ ਮਾਡਲ ਸਕੂਲਾਂ 'ਚ ਦਾਖਲ ਕਰਾ ਲਏ,
ਘਰਾਂ 'ਚ ਪੰਜਾਬੀ ਬੋਲਣੋ ਵੀ ਹਟਾ ਲਏ।
ਗੈਂਗ ਵਾਰ ਕਰਕੇ ਭਰਾਵਾਂ ਨੂੰ ਮਾਰੀ ਜਾਂਦੇ ਹੋ,
ਨਫਰਤ ਦੇ ਕੰਡੇ ਦੂਰ ਤੱਕ ਖਿਲਾਰੀ ਜਾਂਦੇ ਹੋ।
ਪਹਿਲਾਂ ਵਾਂਗ ਰਹੋ ਕੱਠੇ ਪਿਆਰ ਨਾਲ ਬਈ,
ਕਦੇ ਮਸਲੇ ਹੱਲ ਹੁੰਦੇ ਨਾ ਹਥਿਆਰ ਨਾਲ ਬਈ।
ਕਿਰਤ ਕਰੋ,ਵੰਡ ਛਕੋ ਤੇ ਜਪੋ ਨਾਮ ਬਈ,
ਆਪਣੇ ਪੰਜਾਬ ਨੂੰ ਨਾ ਕਰੋ ਬਦਨਾਮ ਬਈ।

ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554

ਧਰਤੀ ਮਾਂ - ਮਹਿੰਦਰ ਸਿੰਘ ਮਾਨ


ਭਾਵੇਂ ਸਾਰੇ ਮੈਨੂੰ ਕਹਿੰਦੇ ਨੇ ਧਰਤੀ ਮਾਂ,
ਪਰ ਮੇਰਾ ਰਤਾ ਵੀ ਖਿਆਲ ਰੱਖੇ ਕੋਈ ਨਾ।
ਮੇਰੀ ਕੁੱਖ ਚੋਂ ਕੱਢ ਕੇ ਅੰਨ੍ਹੇ ਵਾਹ ਪਾਣੀ,
ਇਸ ਨੂੰ ਖਾਲੀ ਕਰੀ ਜਾਣ ਸੱਭ ਪ੍ਰਾਣੀ।
ਵੱਢ ਕੇ ਧੜਾ ਧੜ ਮੇਰੇ ਉੱਤੋਂ ਸਾਰੇ ਰੁੱਖ,
ਮੈਨੂੰ ਧੁੱਪਾਂ ਨਾਲ ਸਾੜ ਕੇ ਪਹੁੰਚਾਈ ਜਾਣ ਦੁੱਖ।
ਪਸ਼ੂ, ਪੰਛੀ ਵਿਚਾਰੇ ਧੁੱਪ'ਚ ਫਿਰਦੇ ਮਾਰੇ, ਮਾਰੇ।
ਉਨ੍ਹਾਂ ਨਿਆਸਰਿਆਂ ਨੂੰ ਦੇਵੇ ਨਾ ਕੋਈ ਸਹਾਰੇ।
ਨਾ ਮੀਂਹ ਪੈਂਦੇ, ਨਾ ਠੰਢੀਆਂ ਹਵਾਵਾਂ ਵਗਦੀਆਂ,
ਤਾਂ ਹੀ ਸੱਭ ਦੀਆਂ ਜਾਨਾਂ ਨਿਕਲਦੀਆਂ ਲੱਗਦੀਆਂ।
ਕੀਟਨਾਸ਼ਕਾਂ ਨੇ ਕੀਤੀ ਪ੍ਰਦੂਸ਼ਿਤ ਮੇਰੀ ਮਿੱਟੀ,
ਲਿਫਾਫਿਆਂ ਤੇ ਕੂੜੇ ਨੇ ਹਾ਼ਲਤ ਹੋਰ ਵੀ ਮਾੜੀ ਕੀਤੀ।
ਬੰਦੇ ਦੀ ਬੇਅਕਲੀ ਨੇ ਕੰਮ ਕੀਤਾ ਬਹੁਤ ਖਰਾਬ,
ਕੀ ਕਰਨਾ ਪੈਸਾ,ਜੇ ਉਹ ਜਿਉਂਦਾ ਰਿਹਾ ਨਾ ਆਪ।

ਪਾਣੀ ਬਚਾਉ- ਮਹਿੰਦਰ ਸਿੰਘ ਮਾਨ


ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ,
ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ।
ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ,
ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ।
ਬੀਜੋ ਕਿਰਸਾਨੋ ਘੱਟ ਪਾਣੀ ਵਾਲੀਆਂ ਫਸਲਾਂ,
ਜੇ ਜੀਵਤ ਰੱਖਣੀਆਂ ਆਣ ਵਾਲੀਆਂ ਨਸਲਾਂ।
ਨਹਾਣ ਤੇ ਕਪੜੇ ਧੋਣ ਲਈ ਘੱਟ ਵਰਤੋ ਪਾਣੀ,
ਗੱਡੀਆਂ ਤੇ ਸਕੂਟਰਾਂ ਉੱਤੇ ਨਾ ਬਹੁਤਾ ਸੁੱਟੋ ਪਾਣੀ।
ਨਦੀਆਂ ਤੇ ਦਰਿਆਵਾਂ ਦਾ ਪਾਣੀ ਰੱਖੋ ਸਾਫ,
ਇਨ੍ਹਾਂ ਵਿੱਚ ਸੁੱਟੋ ਨਾ ਕੂੜਾ ਤੇ ਲਿਫਾਫੇ ਆਪ।
ਸਾਫ ਪਾਣੀ ਫਸਲਾਂ ਤੇ ਪੰਛੀਆਂ ਦੇ ਆਏਗਾ ਕੰਮ,
ਇਸ ਨਾਲ ਖਰਾਬ ਨਹੀਂ ਹੋਵੇਗਾ ਕਿਸੇ ਦਾ ਚੰਮ।
ਇਸ ਤੋਂ ਪਹਿਲਾਂ ਕਿ ਬਹੁਤ ਮਹਿੰਗਾ ਪਾਣੀ ਹੋ ਜਾਵੇ,
ਇਸ ਤੋਂ ਪਹਿਲਾਂ ਕਿ ਇਹ ਪਹੁੰਚ ਤੋਂ ਬਾਹਰ ਹੋ ਜਾਵੇ,
ਪਾਣੀ ਬਚਾਣਾ ਸ਼ੁਰੂ ਕਰ ਦਿਉ ਤੁਸੀਂ ਅੱਜ ਤੋਂ ਹੀ,
ਸਭ ਨੂੰ ਜੀਵਤ ਰੱਖਣ ਲਈ ਸੋਚੋ ਅੱਜ ਤੋਂ ਹੀ।