ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

04 March 2019

ਮੈਂ ਨਾੜੀ ਵੇਖ ਕੇ ਮੰਤਰਾਂ ਨਾਲ਼ ਇਲਾਜ ਕਰ ਸਕਦਾ ਹਾਂ- ਸ਼ਿਵ ਸੈਨਾ ਸੰਸਦ ਮੈਂਬਰ
ਉਜੜੀਆਂ ਭਰਜਾਈਆਂ ਵਲੀ ਜਿਹਨਾਂ ਦੇ ਜੇਠ।

ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ ਕਾਂਗਰਸ-ਸੁਖਬੀਰ
ਸੱਸ ਮੇਰੀ ਦਾ ਐਡਾ ਜੂੜਾ, ਵਿਚੋਂ ਕਿਰਦੀ ਰੇਤ। ਸੱਸੇ ਕੰਜਰੀਏ, ਸ਼ੀਸ਼ਾ ਲੈ ਕੇ ਦੇਖ।

ਬਿਜਲੀ,ਰੇਤ ਅਤੇ ਸ਼ਰਾਬ ਨੀਤੀ ਵਲ ਧਿਆਨ ਦੇ ਕੇ ਸਰਕਾਰ ਦੀ ਆਰਥਿਕ ਹਾਲਤ ਸੁਧਾਰੀ ਜਾ ਸਕਦੀ ਹੈ- ਚੀਮਾ
ਪਰ ਕਈਆਂ 'ਵਿਚਾਰਿਆਂ' ਦੀ ਆਰਥਿਕ ਹਾਲਤ ਵਿਗੜ ਵੀ ਜਾਣੀ ਐ।

ਕੈਨੇਡਾ ਦੀ ਐਨ.ਡੀ.ਪੀ. ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਬਰਨਬੀ ਜ਼ਿਮਨੀ ਚੋਣ ਜਿੱਤ ਲਈ- ਇਕ ਖ਼ਬਰ
ਮੈਨੂੰ ਵੇਖ ਲੈਣ ਦੇ ਮੁੰਡਾ, ਨੀਂ ਆਹ ਲੈ ਫੜ ਮਾਏਂ ਪੂਣੀਆਂ।

ਸਕੂਲੀ ਬੱਚਿਆਂ ਨੂੰ ਦਿਤੀਆਂ ਜਾਣ ਵਾਲ਼ੀ ਵਰਦੀਆਂ 'ਚ ਘਪਲੇ ਦੇ ਦੋਸ਼-ਇਕ ਖ਼ਬਰ
ਇਹ ਤਾਂ ਕਫ਼ਨਾਂ 'ਚੋਂ ਪੈਸੇ ਖਾ ਜਾਂਦੇ ਐ, ਤੁਸੀਂ ਵਰਦੀਆਂ ਨੂੰ ਰੋਈ ਜਾਂਦੇ ਹੋ। 

ਲੋਕਤਾਂਤ੍ਰਿਕ ਗੱਠਜੋੜ 'ਚੋਂ ਟਕਸਾਲੀ ਅਕਾਲੀ ਹੋਏ ਬਾਹਰ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਸੁਖਬੀਰ ਬਾਦਲ ਤੀਸਰੀ ਵਾਰ ਵੀ ਪਰਵਿਲੇਜ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰੀ-ਇਕ ਖ਼ਬਰ
ਜੇਠ ਤੋਂ ਸੰਗ ਲਗਦੀ, ਨੀ ਮੈਂ ਕਿਵੇਂ ਗਿੱਧੇ ਵਿਚ ਆਵਾਂ।

ਸੰਗਮ 'ਚ ਡੁਬਕੀਆਂ ਲਗਾਉਣ ਨਾਲ ਪਾਪ ਨਹੀਂ ਧੋਤੇ ਜਾਣੇ- ਮਾਇਆਵਤੀ
ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਤਾਂ ਮਿਲਦਾ ਡੱਡੂਆਂ ਮੱਛੀਆਂ।

ਦੇਸ਼ ਦੀ ਮਜ਼ਬੂਤੀ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ- ਕੇਜਰੀਵਾਲ
ਬਾਪੂ ਮੈਨੂੰ ਮੱਝ ਲੈ ਦੇ, ਮੈਂ ਜੇਠ ਦੀ ਲੱਸੀ ਨਹੀਂ ਪੀਣੀ।

ਪਾਕਿ ਖ਼ਿਲਾਫ਼ ਸਖ਼ਤ ਕਾਰਵਾਈ ਦੇ ਰੌਂ 'ਚ ਭਾਰਤ- ਟਰੰਪ
ਅੱਗ ਲਾ ਕੇ ਡੱਬੂ ਰੂੜੀਆਂ 'ਤੇ।

ਤਾਨਾਸ਼ਾਹਾਂ ਵਾਂਗੂੰ ਕੰਮ ਕਰ ਰਹੀ ਹੈ ਮੋਦੀ ਸਰਕਾਰ- ਸ਼ਤਰੂਘਨ ਸਿਨਹਾ
ਮੈਂ ਜਿਹੜੀ ਗੱਲੋਂ ਡਰਦੀ ਸੀ, ਅੱਜ ਉਹੀਓ ਭਾਣਾ ਵਰਤ ਗਿਆ।

ਅਮਿਤ ਸ਼ਾਹ ਨੇ ਨੰਗਾ-ਚਿੱਟਾ ਝੂਠ ਬੋਲਿਆ- ਕੈਪਟਨ
ਜੰਗ ਤੇ ਸਿਆਸਤ 'ਚ ਸਭ ਕੁਝ ਚਲਦੈ ਕੈਪਟਨ ਸਾਬ।

ਕਰਤਾਰ ਪੁਰ ਲਾਂਘਾ ਬੰਦ ਕਰਵਾਉਣ ਲਈ ਬਾਦਲਾਂ ਨੇ ਪਾਕਿ ਖ਼ਿਲਾਫ਼ ਮਤਾ ਵਿਧਾਨ ਸਭਾ 'ਚ ਰੱਖਿਆ- ਸਰਨਾ
ਧਰ ਢੋਲ ਹਰਾਮ ਸ਼ੈਤਾਨ ਵਾਲ਼ਾ, ਡੰਕਾ ਵਿਚ ਮੈਦਾਨ ਦੇ ਲਾਇਆ ਈ।