30 ਅਪ੍ਰੈਲ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ - ਗੁਰਜੀਵਨ ਸਿੰਘ ਸਿੱਧੂ ਨਥਾਣਾ
ਸੰਸਾਰ ਵਿੱਚ ਮਹਾਨ ਜੋਧੇ ਪੈਦਾ ਕਰਨ ਵਿੱਚ ਸਿੱਖ ਕੌਮ ਦਾ ਨਾਮ ਪਹਿਲੀ ਕਤਾਰ 'ਚ ਪਹਿਲੇ ਨੰਬਰ ਤੇ ਆਉਂਦਾ ਹੈ। ਸੰਸਾਰ ਦੇ ਜਾਂਬਾਜ਼ ਯੋਧਿਆਂ ਵਿੱਚ ਖਾਲਸਾ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਬੜੇ ਫਖਰ ਨਾਲ ਲਿਆ ਜਾਂਦਾ ਹੈ। ਇਸ ਅਦੁੱਤੀ ਹਸਤੀ ਦਾ ਜਨਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁਜਰਾਂਵਾਲੇ ਦੇ ਵਸ਼ਨੀਕ ਖੱਤਰੀ ਖਾਨਦਾਨ ਅਤੇ 'ਸੁੱਕਰਚਕੀਆ ਮਿਸਲ' ਦੇ ਕੁਮੇਦਾਨ ਸ੍ਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ 1791 ਈ. ਨੂੰ ਹੋਇਆ। ਉਹ ਸਰਦੇ ਵਰਦੇ ਘਰ ਦਾ ਇੱਕ ਲਾਡਲਾ ਪੁੱਤਰ ਸੀ। ਸ੍ਰ ਗੁਰਦਿਆਲ ਸਿੰਘ ਨੇ ਉਸ ਦੀ ਪੜ੍ਹਾਈ ਲਿਖਾਈ ਲਈ ਘਰ ਵਿੱਚ ਹੀ ਇੱਕ ਚੰਗੇ ਵਿਦਵਾਨ ਦਾ ਪ੍ਰੰਬਧ ਕਰ ਦਿੱਤਾ। ਘਰ ਵਿੱਚ ਹੀ ਉਨ੍ਹਾਂ ਧਾਰਮਿਕ ਵਿਦਿਆ ਦੇ ਨਾਲ ਨਾਲ ਹੋਰਨਾਂ ਭਸ਼ਾਵਾਂ ਦਾ ਗਿਆਨ ਵੀ ਹਾਸ਼ਲ ਕੀਤਾ। ਫਾਰਸੀ ਦੀ ਪੜ੍ਹਾਈ ਲਈ ਇੱਕ ਮੌਲਵੀ ਵੀ ਘਰ ਹੀ ਪੜਾਉਣ ਆਉਂਦਾ ਸੀ। ਉਹ ਬਚਪਨ ਤੋਂ ਹੀ ਤੀਖਣ ਬੁੱਧੀ ਵਾਲੇ ਅਤੇ ਜ਼ੋਸੀਲੇ ਸੁਭਾਅ ਦੇ ਸਨ। ਯਾਦਸਤ ਇੰਨ੍ਹੀ ਤਕੜੀ ਸੀ ਕਿ ਜੋ ਇੱਕ ਵਾਰ ਪੜ੍ਹ ਲੈਣਾ ਤੇ ਵੇਖ ਲੈਣਾ ਉਹ ਭੁੱਲਦੇ ਨਹੀਂ ਸਨ। ਸ੍ਰ ਹਰੀ ਸਿੰਘ ਦੇ ਬਚਪਨ ਉਮਰੇ (ਸੱਤ ਸਾਲ) ਵਿੱਚ ਹੀ ਪਿਤਾ ਸ਼੍ਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ। ਪਿਤਾ ਦੇ ਅਕਾਲ ਚਲਾਣੇ ਪਿੱਛੋਂ ਹਰੀ ਸਿੰਘ ਨੂੰ ਆਪਣੀ ਮਾਤਾ ਧਰਮ ਕੌਰ ਨਾਲ ਆਪਣੇ ਨਾਨਕੇ ਘਰ ਰਹਿਣਾ ਪਿਆ। ਉਸ ਨੇ ਕੁਦਰਤ ਦੀ ਬਖਸ਼ਿਸ ਨਾਲ ਨਾਬਾਲਗ ਉਮਰੇ ਹੀ ਘੋੜਸਵਾਰੀ, ਨੇਜ਼ਾਬਾਜ਼ੀ,ਤੀਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਤੇਜ਼ ਜਾਹੋ ਜਲਾਲ ਵਾਲਾ ਸ੍ਰ ਹਰੀ ਸਿੰਘ ਨਲੂਆ ਚੜਦੀ ਉਮਰੇ ਹੀ ਚੰਗੇ ਕੱਦ-ਕਾਠ ਤੇ ਬੜੇ ਫੁਰਤੀਲੇ ਸਰੀਰ ਵਾਲਾ ਸੋਹਣਾ ਸੁਨੱਖਾ ਨੌਜਵਾਨ ਬਣ ਗਿਆ। ਸਰਦਾਰ ਹਰੀ ਸਿੰਘ ਨਲੂਆ ਦਾ ਚਿਹਰਾ ਇੰਨ੍ਹਾਂ ਰੋਹਬ ਦਾਬ ਵਾਲ ਸੀ ਕਿ ਉਸ ਨਾਲ ਕੋਈ ਵੀ ਵਿਆਕਤੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਸੀ। ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਸਾਲ ਵਿੱਚ ਪੰਦਰਾਂ ਦਿਨਾਂ ਦਾ ਇੱਕ ਵਿਸਾਲ ਕੈਂਪ ਲਾਇਆ ਜਾਂਦਾ ਸੀ,ਜਿਸ ਵਿੱਚ ਨੌਜਵਾਨ ਆਪਣੀ ਸਰੀਰਿਕ ਅਤੇ ਜੰਗੀ ਅਭਿਆਸ ਦੇ ਕਰਤੱਵ ਵਿਖਾਉਦੇ ਸਨ। ਅਜਿਹੇ ਹੀ ਇੱਕ ਕੈਂਪ ਵਿੱਚ ਸਰਦਾਰ ਹਰੀ ਸਿੰਘ ਨੇ ਵੀ ਜੰਗੀ ਕਾਰਨਾਮਿਆਂ ਦੇ ਵਿਲੱਖਣ ਕਰਤੱਵ ਵਿਖਾਏ। ਜਿਸ ਕਰਕੇ ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਇੱਕ ਖਾਸ ਰੁਤਬੇ ਉੱਪਰ ਭਰਤੀ ਕਰ ਲਿਆ। ਇੱਕ ਦਿਨ ਮਹਾਰਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ। ਉਸ ਸਮੇਂ ਸਰਦਾਰ ਹਰੀ ਸਿੰਘ ਵੀ ਉਨ੍ਹਾਂ ਦੇ ਨਾਲ ਸੀ। ਜੰਗਲ ਵਿੱਚੋਂ ਇੱਕ ਸ਼ੇਰ ਨੇ ਸਰਦਾਰ ਹਰੀ ਸਿੰਘ ਤੇ ਹਮਲਾ ਕਰ ਦਿੱਤਾ। ਸ਼ੇਰ ਦਾ ਹਮਲਾ ਇੰਨ੍ਹਾਂ ਤੇਜ਼ ਸੀ ਕਿ ਸਰਦਾਰ ਹਰੀ ਸਿੰਘ ਨੂੰ ਮਿਆਨ ਵਿੱਚੋਂ ਤਲਵਾਰ ਕੱਢਣ ਦਾ ਮੌਕਾਂ ਵੀ ਨਾ ਮਿਲਿਆ। ਉਸਨੇ ਨੇ ਆਪਣੀ ਨਿਡਰਤਾ ਅਤੇ ਫੁਰਤੀ ਨਾਲ ਸ਼ੇਰ ਨੂੰ ਜਬੜਾਇਆਂ ਤੋਂ ਫੜ ਕੇ ਇੰਨ੍ਹੇ ਜੋਰ ਦੀ ਥੱਲੇ ਪਟਕਾ ਮਾਰਿਆ ਤੇ ਕ੍ਰਿਪਾਨ ਕੱਢਦਿਆਂ ਇੱਕੋ ਵਾਰ ਨਾਲ ਹੀ ਸ਼ੇਰ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਇਹ ਅੱਖੀ ਡਿੱਠੀ ਘਟਨਾ ਵੇਖ ਕੇ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲੂਆ ਸ਼ਬਦ ਵੀ ਜੋੜ ਦਿੱਤਾ। ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਆਪਣੇ ਭਰੇ ਦਰਬਾਰ 'ਚ ਖੁਸ਼ੀ ਨਾਲ ਸਰਦਾਰ ਹਰੀ ਸਿੰਘ ਨਲੂਆ ਦੇ ਸ਼ੇਰ ਮਾਰਨ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਸਨੂੰ ਅੱਠ ਸੌ ਸੈਨਿਕਾਂ ਦਾ ਜਥਾ ਦੇ ਕੇ ਉਨ੍ਹਾਂ ਨੂੰ ਫੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ। ਸਰਦਾਰ ਹਰੀ ਸਿੰਘ ਨਲੂਆ ਨੇ 1807 ਈ: ਵਿੱਚ ਕਸੂਰ ਦੇ ਬਾਹਰਲੇ ਮੈਦਾਨ ਵਿੱਚ ਆਪਣੇ ਜੀਵਨ ਦੀ ਪਹਿਲੀ ਲੜਾਈ ਲੜੀ,ਜਿਸ ਵਿੱਚ ਨਵਾਬ ਕੁਤਬਦੀਨ ਖਾਨ ਦੀਆਂ ਫੌਜਾਂ ਨੂੰ ਖਾਲਸਾ ਫੌਜ ਨੇ ਇੰਨ੍ਹੀ ਜਬਰਦਸਤ ਟੱਕਰ ਦਿੱਤੀ ਕਿ ਨਵਾਬ ਖਾਨ ਦੀਆਂ ਫੌਜਾਂ ਆਪਣੇ ਮੋਰਚੇ ਛੱਡ ਕਸੂਰ ਦੇ ਕਿਲੇ ਵੱਲ ਭੱਜੀਆਂ। ਭੱਜਦੀ ਹੋਈ ਫੌਜ ਦਾ ਪਿੱਛਾ ਕਰਕੇ ਸਰਦਾਰ ਹਰੀ ਸਿੰਘ ਨਲੂਆ ਦੀ ਰਜਮੈਂਟ ਨੇ ਦੋ ਸੈਂਕੜੇ ਤੋਂ ਵੱਧ ਗਾਜ਼ੀਆਂ ਨੂੰ ਬੰਦੀ ਬਣਾ ਕੇ ਹਥਿਆਰ ਖੋ ਲਏ ਤੇ ਸ਼ੇਰੇ ਪੰਜਾਬ ਮਹਾਰਾਜਾ ਅੱਗੇ ਪੇਸ਼ ਕਰ ਦਿੱਤੇ। ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਸਰਦਾਰੀ ਤੇ ਕਈ ਪਿੰਡਾਂ ਦੀ ਜਗੀਰ ਇਨਾਮ ਵਜੋਂ ਬਖਸੀ। ਨਵਾਬ ਕੁਤਬਦੀਨ ਖਾਨ ਜਦ ਕਸੂਰ ਦੇ ਕਿਲ੍ਹੇ ਵਿੱਚ ਜਾ ਵੜਿਆ ਤਾਂ ਸਿੱਖ ਫੌਜ ਨੇ ਕਿਲ੍ਹੇ ਨੂੰ ਤੋੜਨ ਲਈ ਸਰਦਾਰ ਹਰੀ ਸਿੰਘ ਨਲੂਆ ਦੀ ਅਗਵਾਈ ਹੇਠ ਕਿਲ੍ਹੇ ਦੀਆਂ ਕੰਧਾਂ ਦੇ ਥੱਲੇ ਸਰੁੰਗਾਂ ਲਾ ਕੇ ਬਰੂਦ ਭਰ ਕੇ ਕਿਲ੍ਹੇ ਦੀਆਂ ਕੰਧਾਂ ਉਡਾ ਦਿੱਤੀਆਂ ਅਤੇ ਧਾਵਾ ਬੋਲ ਦਿੱਤਾ। ਕਿਲ੍ਹੇ ਅੰਦਰ ਘਮਸਾਨ ਦੇ ਯੁੱਧ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਨਵਾਬ ਕੁਤਬਦੀਨ ਖਾਨ ਨੇ ਕਿਲ੍ਹੇ ਵਿੱਚੋਂ ਭੱਜਣ ਦੀ ਕੋਸ਼ਿਸ ਕੀਤੀ ਤਾਂ ਉਸਨੂੰ ਸਰਦਾਰ ਹਰੀ ਸਿੰਘ ਦੀ ਅਗਵਾਈ ਹੇਠਲੀ ਫੌਜ ਨੇ ਫੜ ਲਿਆ। ਉਸਨੂੰ ਗ੍ਰਿਫਤਾਰ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕੀਤਾ ਗਿਆ। ਸ਼ੇਰੇ ਪੰਜਾਬ ਨੇ ਸਰਦਾਰ ਦੇ ਇਸ ਕਾਰਨਾਮੇਂ ਤੋਂ ਖੁਸ਼ ਹੋ ਕੇ 30 ਹਜ਼ਾਰ ਸਲਾਨਾ ਜਾਗੀਰ ਦੀ ਬਖਸ਼ਿਸ ਕੀਤੀ। ਇਸ ਲੜਾਈ ਵਿੱਚ ਹਰੀ ਸਿੰਘ ਨਲੂਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। 1810 ਈ 'ਚ ਮੁਲਤਾਨ ਦੀ ਜੰਗ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਜਾਨ ਦੀ ਬਾਜ਼ੀ ਲਾੳਦਿਆਂ ਅਦੁੱਤੀ ਨਿਰਭੈਤਾ ਅਤੇ ਸੂਰਮਗਤੀ ਦਾ ਸਬੂਤ ਵੀ ਦਿੱਤਾ। ਇਸ ਜੰਗ ਤੋਂ ਬਾਅਦ ਸ਼ੇਰੇ ਪਜਾਬ 'ਤੇ ਉਸਦੀਆਂ ਫੌਜਾਂ ਵਿੱਚ ਸ੍ਰ ਹਰੀ ਸਿੰਘ ਨਲੂਏ ਨੂੰ ਬੜੀ ਇੱਜਤ ਨਾਲ ਵੇਖਿਆ ਜਾਣ ਲੱਗਿਆ। ਇਸ ਪਿੱਛੋਂ ਮਹਾਰਜਾ ਨੇ 20000 ਰੁਪਿਆ ਸਲਾਨਾ ਦੀ ਜਾਗੀਰ ਤੇ ਫੌਜ ਵਿੱਚ ਉਸ ਦਾ ਰੁਤਬਾ ਵੀ ਵਧਾ ਦਿੱਤਾ। ਸੰਨ 1812 ਵਿਚ ਸ੍ਰ ਹਰੀ ਸਿੰਘ ਨਲੂਏ ਨੇ ਆਪਣੇ ਬਾਹੂਬਲ ਅਤੇ ਦੂਰ-ਅੰਦੇਸ਼ੀ ਨਾਲ ਮਿੱਠੇ ਟਿਵਾਣੇ ਇਲਾਕੇ ਤੇ ਕਬਜਾ ਕਰਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਅਟਕ ਦਾ ਇਤਿਹਾਸਿਕ ਕਿਲ੍ਹਾ ਦਰਿਆ ਸਿੰਧ ਦੇ ਪੱਤਣ ਤੇ ਬਣਿਆ ਹੋਇਆ ਹੈ। ਇਸ ਕਿਲ੍ਹੇ ਨੂੰ ਮਹਾਰਾਜਾ ਸ਼ੇਰੇ ਪੰਜਾਬ ਨੇ ਆਪਣੇ ਕਬਜੇ ਵਿੱਚ ਕਰਨ ਲਈ ਸ੍ਰ ਹਰੀ ਸਿੰਘ ਨਲੂਏ ਦੀ ਚੋਣ ਕੀਤੀ। ਸ੍ਰ ਹਰੀ ਸਿੰਘ ਨਲੂਆ ਵੱਲੋਂ ਬੜੀ ਬਹਾਦਰੀ ਨਾਲ ਸੰਨ 1813 ਵਿੱਚ ਅਫਗਾਨਾਂ ਨਾਲ ਗਹਿਗੱਚ ਲੜਾਈ ਲੜੀ ਜਾ ਰਹੀ ਸੀ ਤੇ ਇਹ ਲੜਾਈ ਦੋਹਾਂ ਧਿਰਾਂ ਵਿੱਚ ਜਿੰਦਗੀ ਅਤੇ ਮੌਤ ਦਾ ਸਵਾਲ ਬਣ ਗਈ ਸੀ। ਸ੍ਰ ਹਰੀ ਸਿੰਘ ਨਲੂਏ ਨੇ ਆਪਣੀ ਫੌਜ ਦੇ ਹੌਂਸ਼ਲੇ ਬੁਲੰਦ ਰੱਖਦਿਆਂ ਉਨ੍ਹਾਂ ਨੂੰ ਲਗਾਤਾਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਲੜਾਈ ਵਿੱਚ ਕਈ ਨਾਮੀ ਸਿੱਖ ਯੋਧੇ ਸ਼ਹਾਦਤ ਦਾ ਜਾਮ ਪੀ ਗਏ। ਨਲੂਏ ਦੇ ਦ੍ਰਿੜ ਇਰਾਦਿਆਂ ਨੇ ਇਹ ਜੰਗ ਜਿੱਤ ਲਈ ਤੇ ਅਟਕ ਦੇ ਕਿਲ੍ਹੇ ਉਪਰ ਖਾਲਸਾ ਰਾਜ ਦਾ ਝੰਡਾ ਝੁਲਾ ਦਿੱਤਾ। ਮਹਾਰਾਜਾ ਸ਼ੇਰੇ ਪੰਜਾਬ ਦੇ ਹੁਕਮਾਂ ਅਨੁਸਾਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਫੌਜ ਅਤੇ ਆਪਣੇ ਨਿਡਰ ਇਰਾਦਿਆ ਨਾਲ ਕਸ਼ਮੀਰ ਨੂੰ ਆਪਣੇ ਕਬਜੇ ਵਿੱਚ ਲੈ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਸ਼ੇਰੇ ਪੰਜਾਬ ਮਹਾਰਾਜੇ ਨੇ 1820 ਈ: ਵਿੱਚ ਸ੍ਰ ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਸਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। ਖਾਲਸਾ ਕੌਮ ਦੇ ਇਸ ਮਹਾਨ ਜਰਨੈਲ ਨੇ ਕਸ਼ਮੀਰ ਦੇ ਰਾਜ ਪ੍ਰਬੰਧ ਇੰਨ੍ਹੇ ਚੰਗੇ ਤੇ ਨਿਰਪੱਖ ਢੰਗ ਨਾਲ ਚਲਾਏ ਕਿ ਸਭ ਵਰਗਾਂ ਦੇ ਮਨ ਜਿੱਤ ਲਏ। ਚੰਗੇ ਰਾਜ ਪ੍ਰਬੰਧ ਦਾ ਜਸ ਸੁਣ ਕੇ ਕਸ਼ਮੀਰ ਦੇ ਉਹ ਲੋਕ ਜੋ ਜੁਲਮਾਂ ਅਤੇ ਅਤਿਆਚਾਰ ਤੋਂ ਪ੍ਰੇਸ਼ਾਨ ਹੋਕੇ ਹੋਰ ਥਾਂਵਾ ਤੇ ਵਸ ਗਏ ਸਨ,ਉਹ ਮੁੜ ਆਪਣੇ ਵਤਨ ਕਸ਼ਮੀਰ ਪਰਤ ਆਏ ਸਨ। ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਦੇ ਚੰਗੇ ਪ੍ਰਬੰਧਾਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਖੁਸ਼ ਹੋ ਕੇ ਕਸ਼ਮੀਰ ਵਿੱਚ ਸਰਦਾਰ ਹਰੀ ਸਿੰਘ ਨਲੂਆ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਮਹਾਨ ਅਧਿਕਾਰ ਬਖਸ਼ ਦਿੱਤਾ। ਜਦ ਖਾਲਸਾ ਕੌਮ ਦੇ ਇਸ ਅਦੁੱਤੀ ਜਰਨੈਲ ਨੇ 1821 ਈ: ਵਿੱਚ ਮਾਂਗਲੀ ਘਾਟੀ ਤੇ ਜਿੱਤ ਦਾ ਝੰਡਾ ਗੱਡਣ ਪਿਛੋਂ ਖੁਸ਼ਾਬ ਦੇ ਮੁਕਾਮ ਤੇ ਮਹਾਰਾਜਾ ਸ਼ੇਰੇ ਪੰਜਾਬ ਨਾਲ ਮੁਲਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਜਸ਼ਨ ਮਨਾਏ ਗਏ। ਉਸ ਸਮੇਂ ਹੀ ਸ਼ੇਰੇ ਪੰਜਾਬ ਮਾਹਰਾਜਾ ਨੇ ਸ੍ਰ ਹਰੀ ਸਿੰਘ ਨਲੂਆ ਨੂੰ ਆਪਣੀ ਛਾਤੀ ਨਾਲ ਲਾ ਕੇ ਅਖਿਆ 'ਮੇਰਾ ਬਹਾਦਰ ਜਰਨੈਲ ਖਾਲਸੇ ਦੇ ਨਾਮ ਨੂੰ ਸੂਰਜ ਦੀ ਤਰ੍ਹਾਂ ਸੰਸਾਰ 'ਚ ਰੌਸ਼ਨ ਕਰ ਰਿਹਾ ਹੈ। ਉਨ੍ਹਾਂ ਹਜ਼ਾਰੇ ਖੇਤਰ ਸਮੇਤ ਹੋਰ ਕਈ ਖੇਤਰਾਂ ਨੂੰ ਜਿੱਤ ਕੇ ਖਾਲਸਾ ਰਾਜ ਸਥਾਪਤ ਕਰ ਦਿੱਤਾ। ਜਿੱਤ ਉਪਰੰਤ ਇੰਨ੍ਹਾਂ ਖੇਤਰਾਂ ਦਾ ਰਾਜ ਪ੍ਰਬੰਧ ਵੀ ਮਹਾਰਾਜਾ ਵੱਲੋਂ ਸ੍ਰ ਹਰੀ ਸਿੰਘ ਨਲੂਆ ਦੇ ਹਵਾਲੇ ਕਰ ਦਿੱਤਾ ਗਿਆ। ਇਸ ਨਿਡਰ ਸਿੱਖ ਜਰਨੈਲ ਨੇ 1823 ਈ: ਵਿੱਚ ਗਾਜੀਆਂ, ਪਠਾਣਾਂ ਅਤੇ ਅਫਗਾਨਾਂ ਆਦਿ ਨੂੰ ਹਰਾ ਕੇ ਖਾਲਸਾ ਫੌਜ ਦੀ ਧਾਕ ਜਮਾਈ। ਮਹਾਰਾਜੇ ਦੇ ਹੁਕਮਾਂ ਅਨੁਸਾਰ 1828 ਈ: ਵਿੱਚ ਇਸ ਮਹਾਨ ਜਰਨੈਲ ਨੇ ਕਟੌਚੀਆਂ ਦੇ ਇਲਾਕੇ ਬਾਈਧਾਰ ਦੇ ਰਾਜਿਆਂ ਉੱਪਰ ਚੜਾਈ ਕਰ ਦਿੱਤੀ। ਖਾਲਸਾ ਫੌਜ ਨੇ ਸੀਬਾ,ਗੁਲੇਰ,ਨਾਦੌਣ,ਲੰਬਾਗਾਉਂ ਦੀ ਰਾਜਧਾਨੀ ਤੇ ਕਬਜ਼ਾ ਕਰਕੇ ਖਾਲਸਾ ਰਾਜ ਸਥਾਪਤ ਕਰ ਲਿਆ। ਸ਼ੇਰੇ ਪੰਜਾਬ ਮਹਾਰਾਜਾ ਨੇ 1834 ਈ: ਵਿੱਚ ਪਿਸ਼ਾਵਰ ਤੇ ਧਾਵਾ ਕਰ ਦੇਣ ਦਾ ਹੁਕਮ ਦਿੰਦਿਆਂ ਸਰਦਾਰ ਹਰੀ ਸਿੰਘ ਨਲੂਆ ਨੂੰ ਕਿਹਾ ਕਿ ਆਪ ਇਸ ਖਾਲਸਾ ਫੌਜ ਦੇ ਕਮਾਂਡਰ ਇੰਨ ਚੀਫ ਹੋ। ਇਸ ਫਤਵੇ ਤਹਿਤ 1834 ਈ: ਨੂੰ ਖਾਲਸਾ ਫੌਜ ਨੇ ਇਸ ਅਦੁੱਤੀ ਜਰਨੈਲ ਦੀ ਕਮਾਂਡ ਵਿੱਚ ਪਿਸ਼ਾਵਰ ਤੇ ਹਮਲਾ ਕਰ ਦਿੱਤਾ। ਪਠਾਣਾਂ ਨੇ ਖਾਲਸਾ ਫੌਜ ਦਾ ਬੜੀ ਬਹਾਦਰੀ ਨਾਲ ਲੜਦਿਆਂ ਰਾਹ ਰੋਕਣ ਦੀ ਕੋਸ਼ਿਸ ਕੀਤੀ ਪਰ ਇਸ ਜੋਸ਼ੀਲੇ ਜਰਨੈਲ ਦੀ ਖਾਲਸਾ ਫੌਜ ਨੇ ਪਠਾਣਾਂ ਦੇ ਮੋਰਚਿਆਂ ਨੂੰ ਤਹਿਸ ਨਹਿਸ ਕਰ ਦਿੱਤਾ। ਪਿਸ਼ਾਵਰ ਤੇ ਕਬਜਾ ਕਰਦਿਆਂ ਪਿਸ਼ਾਵਰ ਇਲਾਕੇ ਦਾ ਦੌਰਾ ਕਰਕੇ ਪਠਾਣਾਂ ਦੇ ਦਿਲਾਂ ਵਿੱਚ ਖਾਲਸਾ ਫੌਜ ਦੇ ਰੋਅਬ ਦਾ ਸਦਾ ਲਈ ਡਰ ਬੈਠਾ ਦਿੱਤਾ। ਪਿਸ਼ਾਵਰ ਦਾ ਗਵਰਨਰ ਵੀ ਸਰਦਾਰ ਹਰੀ ਸਿੰਘ ਨਲੂਆ ਨੂੰ ਹੀ ਬਣਾਇਆ ਗਿਆ। ਪਠਾਣ, ਸ੍ਰ ਨਲੂਆ ਦਾ ਨਾਮ ਸੁਣ ਕੇ ਕੰਬਦੇ ਸਨ। ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਆਪਣੀ ਇੱਕ ਤਕੜੀ ਅਤੇ ਜੋਸ਼ੀਲੀ ਫੌਜ ਤਿਆਰ ਕੀਤੀ। ਪਰ ਉਹ ਆਪ ਜੋਸ਼ੀਲੇ ਜਰਨੈਲ ਅੱਗੇ ਜਾਣ ਤੋਂ ਝਿਜਕਦਾ ਸੀ ਕਿਉਂਕਿ ਉਹ ਪਹਿਲਾਂ ਯੁੱਧ ਵਿੱਚ ਇਸ ਮਹਾਨ ਜਰਨੈਲ ਤੋਂ ਹਾਰ ਗਿਆ ਸੀ। ਇਸ ਕਰਕੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੁੱਤਰ ਅਕਬਰ ਖਾਨ ਦੀ ਅਗਵਾਈ 'ਚ 1837 ਈ: ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾਦਿਆਂ ਜਮਰੌਦ ਦੇ ਕਿਲ੍ਹੇ ਤੇ ਹਮਲਾ ਕਰਵਾ ਦਿੱਤਾ। ਕਿਲ੍ਹੇ ਵਿੱਚ ਹਾਜ਼ਰ ਖਾਲਸਾ ਫੌਜ ਨੇ ਹਮਲਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸਰਦਾਰ ਹਰੀ ਸਿੰਘ ਨਲੂਆ ਨੂੰ ਇਸ ਹਮਲੇ ਦੀ ਖਬਰ ਭੇਜ ਦਿੱਤੀ। ਜੰਗ ਦੇ ਤੀਜੇ ਦਿਨ ਅਫਗਾਨ ਜਮਰੌਦ ਦੇ ਕਿਲ੍ਹੇ ਦੇ ਨਜਦੀਕ ਹੀ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਦੀ ਯੋਜਨਾਬੰਦੀ ਵਿੱਚ ਸਨ ਤਾਂ ਮੌਕੇ ਤੇ ਸ੍ਰ ਹਰੀ ਸਿੰਘ ਨਲੂਆ ਆਪਣੀ ਫੌਜ ਸਮੇਤ ਪਹੁੰਚ ਗਿਆ।ਉਸਨੇ ਇਸ ਤਰ੍ਹਾਂ ਹਮਲਾ ਕੀਤਾ ਕਿ ਦੁਸ਼ਮਣਾਂ ਨੂੰ ਮੈਦਾਨੇ ਜੰਗ ਵਿੱਚ ਹੜ੍ਹ ਵਾਂਗ ਰੋੜ ਦਿੱਤਾ। ਜਦ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਕਿ ਜੰਗ ਵਿੱਚ ਸ੍ਰ ਹਰੀ ਸਿੰਘ ਨਲੂਆ ਪਹੁੰਚ ਗਿਆ ਹੈ ਤਾਂ ਵੈਰੀ ਦੀ ਫੌਜ ਨੇ ਮੈਦਾਨੇ ਜੰਗ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸ੍ਰ ਹਰੀ ਸਿੰਘ ਨਲੂਆ ਦੀ ਫੌਜ ਨੇ ਕਾਫੀ ਜੰਗੀ ਸਮਾਨ ਵੀ ਦੁਸ਼ਮਣਾਂ ਤੋਂ ਖੋਹ ਲਿਆ। ਜੰਗ ਦੇ ਮੈਦਾਨ ਵਿੱਚੋਂ ਦੁਸਮਣਾਂ ਨੂੰ ਭਜਾ ਕੇ ਜਦ ਉਹ ਵਾਪਸ ਜਮਰੌਦ ਦੇ ਕਿਲ੍ਹੇ ਵੱਲ ਜਾ ਰਿਹਾ ਸੀ ਤਾਂ ਇੱਕ ਗੁਫਾ ਵਿੱਚ ਲੁਕੇ ਹੋਏ ਗਾਜੀਆਂ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਉਸਦੇ ਅੰਗ ਰੱਖਿਅਕ ਦੇ ਵੱਜੀ ਤਾਂ ਝੱਟ ਸ੍ਰ ਹਰੀ ਸਿੰਘ ਨਲੂਆ ਨੇ ਆਪਣੇ ਘੋੜੇ ਨੂੰ ਉਸ ਗੁਫਾ ਵੱਲ ਮੋੜਿਆ ਤਾਂ ਗੁਫਾ ਵਿੱਚੋਂ ਗਾਜੀਆਂ ਨੇ ਫਿਰ ਦੋ ਗੋਲੀਆਂ ਚਲਾ ਦਿੱਤੀਆਂ ਜੋ ਸ੍ਰ ਹਰੀ ਸਿੰਘ ਨਲੂਆ ਦੀ ਛਾਤੀ ਅਤੇ ਵੱਖੀ ਵਿੱਚ ਵੱਜੀਆਂ। ਉਸੇ ਵਕਤ ਹੀ ਸਰਦਾਰ ਆਪਣੇ ਘੋੜੇ ਨੂੰ ਮੋੜ ਕੇ ਜਮਰੌਦ ਦੇ ਕਿਲੇ ਵਿੱਚ ਲੈ ਗਿਆ। ਕਿਲ੍ਹੇ ਅੰਦਰ ਮਹਾਂ ਸਿੰਘ ਨੇ ਸਰਦਾਰ ਦਾ ਇਲਾਜ ਸ਼ੁਰੂ ਕਰ ਦਿੱਤਾ। ਸ੍ਰ ਹਰੀ ਸਿੰਘ ਨੇ ਆਪਣਾ ਅੰਤਮ ਸਮੇਂ ਨੂੰ ਨਜ਼ਦੀਕ ਵੇਖਦਿਆਂ ਖਾਲਸਾ ਰਜਮੈਂਟਾਂ ਦੇ ਸਰਦਾਰਾਂ ਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੱਕ ਉਨ੍ਹਾਂ ਦੀ ਸ਼ਹਾਦਤ ਦੀ ਗੱਲ ਕਿਲ੍ਹੇ 'ਚੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਗੱਲ ਕਹਿ ਕੇ ਖਾਲਸਾ ਕੌਮ ਦਾ ਅੰਤੋਅੰਤ ਪਿਆਰਾ ਤੇ ਮਹਾਨ ਜਰਨੈਲ ਸਿੱਖ ਰਾਜ ਦਾ ਵਿਸਥਾਰ ਕਰਦਾ ਹੋਇਆ 30 ਅਪ੍ਰੈਲ 1837 ਈ: ਨੂੰ ਸ਼ਹੀਦ ਹੋ ਗਿਆ। ਜਦ ਇਹ ਖਬਰ ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਕੋਲ ਪਹੁੰਚੀ ਤਾਂ ਦਰਬਾਰ ਵਿੱਚ ਸ਼ਨਾਟਾ ਛਾ ਗਿਆ। ਫਿਰ ਉਨ੍ਹਾਂ ਵੈਰਾਗਮਈ ਅਵਾਜ਼ ਵਿਚ ਕਿਹਾ ਕਿ ਖਾਲਸਾ ਰਾਜ ਦੇ ਕਿਲ੍ਹੇ ਦਾ ਇੱਕ ਬਹੁਤ ਵੱਡਾ ਬੁਰਜ ਢਹਿ ਗਿਆ ਹੈ। ਸ੍ਰ ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ ਜਮਰੌਦ ਦੇ ਕਿਲ੍ਹੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਵੀ ਲੱਗਿਆ ਹੋਇਆ ਹੈ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
(ਪੰਜਾਬ) 151102
ਮੋਬਾਇਲ: 9417079435
ਮੇਲ : jivansidhus@gmail.com