ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

02 July 2019

*ਕੋਈ ਗ਼ੈਰ-ਗਾਂਧੀ ਵੀ ਹੋ ਸਕਦੈ ਕਾਂਗਰਸ ਦਾ ਪ੍ਧਾਨ- ਰਾਹੁਲ ਗਾਂਧੀ
# ਛੜਿਆਂ ਦੀ ਮਾਂ ਮਰ ਗਈ,
 ਕੋਈ ਡਰਦੀ ਪਿੱਟਣ ਨਾ ਜਾਵੇ।

* ਭਾਖੜਾ ਡੈਮ ਭਾਈਵਾਲ ਰਾਜਾਂ ਦੀਆਂ ਸਿੰਜਾਈ ਜ਼ਰੂਰਤਾਂ ਪੂਰੀਆਂ ਕਰ ਰਿਹੈ- ਚੇਅਰਮੈਨ ਭਾਖੜਾ ਬੋਰਡ
# ਤੇ ਪੰਜਾਬ ਪੰਦਰਾਂ ਲੱਖ ਟਿਊਬਵੈੱਲਾਂ ਨਾਲ ਆਪਣਾ ਡੈੱਥ ਵਾਰੰਟ ਲਿਖ ਰਿਹੈ।

* ਸਿਆਸੀ ਸਰਪ੍ਸਤੀ ਤੋਂ ਬਿਨਾਂ ਨਹੀਂ ਚਲ ਸਕਦਾ ਡਰੱਗ ਮਾਫੀਆ- ਹਰਪਾਲ ਚੀਮਾ
# ਵਾਰਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਇੱਕੋ ਹਾਣ ਦੇ ਨੇ।

* ਮੋਦੀ ਵੱਲੋਂ ਰਾਜ ਸਭਾ ' ਚ ਵੀ ਕਾਂਗਰਸ ਨੂੰ ਰਗੜੇ- ਇਕ ਖ਼ਬਰ
# ਜਿੱਥੇ ਮਰਜ਼ੀ ਨਿਸ਼ਾਨੇ ਲਾ,
    ਹੁਣ ਤੇਰੇ ਦਿਨ ਬੱਲੀਏ।

* ਸਮਾਜਵਾਦੀਆਂ ਤੋਂ ਮਾਇਆਵਤੀ ਨੇ ਪਾਸਾ ਕਿਉਂ ਵੱਟਿਆ?- ਇਕ ਸਵਾਲ
# ਗੁੱਸਾ ਨਾ ਕਰਿਆ ਕਰ ਨੀਂ,
    ਹੁੰਦਾ ਗੁੱਸਾ ਸਿਹਤ ਲਈ ਮਾੜਾ।

* ਮੁੱਖ ਮੰਤਰੀ ਵੱਲੋਂ ਨਸ਼ਾ ਤਸਕਰਾਂ ਤੇ ਪੁਲਸ ਦਾ ਗੱਠਜੋੜ ਤੋੜਨ ਦੀ ਹਦਾਇਤ- ਇਕ ਖ਼ਬਰ
# ਨਹਿਰੋਂ ਪਾਰ ਬੰਗਲਾ,
   ਪੁਆ ਦੇ ਹਾਣੀਆਂ।

* ਕਾਂਗਰਸ ਦੀ ਦਾਲ਼ ਵਿਚ ਕਾਲ਼ਾ ਕਾਲ਼ਾ ਨਹੀਂ ਸਗੋਂ ਸਾਰੀ ਦਾਲ਼ ਹੀ ਕਾਲ਼ੀ ਹੈ- ਭਗਵੰਤ ਮਾਨ
# ਬੇਰੀਆਂ ਨੂੰ ਬੇਰ ਲੱਗ ਗਏ,
    ਤੈਨੂੰ ਕੁਝ ਨਾ ਲੱਗਾ ਮੁਟਿਆਰੇ।

* ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਨੇ ਅਹਿਦ ਲਿਆ- ਇਕ ਖ਼ਬਰ
# ਰਾਜਾ ਜੀ ਵੀਹ ਸੌ ਸਤਾਰਾਂ 'ਚ ਗੁਟਕਾ ਸਾਹਿਬ ਹੱਥ ਫੜ ਕੇ ਲਿਆ ਹੋਇਆ ਅਹਿਦ ਬੇਹਾ ਹੋ ਗਿਐ?

* ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬੇ੍ਰੀ ਬਾਰੇ ਗੱਲ ਕਰਨਾ ਠੀਕ ਨਹੀਂ- ਸੁਖਬੀਰ ਬਾਦਲ
# ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।

* ਕਰਤਾਰ ਪੁਰ ਲਾਂਘਾਃ ਭਾਰਤ ਸਰਕਾਰ ਬੇਤੁਕੇੇ ਅੜਿੱਕੇ ਡਾਹ ਰਹੀ ਹੈ- ਅਮਰੀਕ ਸਿੰਘ ਸ਼ਾਹਪੁਰ
# ਬਦੀਆਂ ਨਾ ਕਰ ਵੇ,
    ਕੈਅ ਦਿਨ ਦੀ ਜ਼ਿੰਦਗਾਨੀ।

* ਯੂ.ਪੀ. 'ਚ ਐਂਬੂਲੈਂਸ ਨਾ ਮਿਲਣ 'ਤੇ ਮਰੀਜ਼ ਨੂੰ ਰੇਹੜੀ 'ਤੇ ਲਿਜਾਣਾ ਪਿਆ- ਇਕ ਖ਼ਬਰ
# ਮਰ ਗਈ ਰਾਮ ਤੁਰੇ,
ਡਾਕਦਾਰ ਨਾ ਆਇਆ।

* ਜੋਤਸ਼ੀ ਦੇ ਘਰ ਚੋਰੀ ਕਰ ਕੇ ਘਰ ਨੂੰ ਚੋਰ ਆਪਣਾ ਜਿੰਦਰਾ ਲਗਾ ਗਏ- ਇਕ ਖ਼ਬਰ
#  ਖ਼ਬਰ ਕਾਈ ਨਾ ਘਰ ਆਪਣੇ ਦੀ,
    ਹੱਥ ਲੋਕਾਂ ਦੇ ਦੇਖਦਾ ਰੱਬ ਬਣ ਕੇ।

* ਅਗਲੀਆਂ ਚੋਣਾਂ ਬਸਪਾ ਆਪਣੇ ਬਲਬੂਤੇ 'ਤੇ ਹੀ ਲੜੇਗੀ- ਮਾਇਆਵਤੀ
# ਘੜਾ ਚੁੱਕ ਲਉਂ ਪੱਟਾਂ 'ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

* ਸੌਦਾ ਸਾਧ ਨੇ ਆਪਣੀ ਪੈਰੋਲ ਅਰਜ਼ੀ ਵਾਪਸ ਲਈ-ਇਕ ਖ਼ਬਰ
# ਤੇਰੀ ਤੋੜ ਕੇ ਛੱਡਣਗੇ ਗਾਨੀ,
ਵੱਸ ਪੈ ਗਈ ਅੜ੍ਬਾਂ ਦੇ।