ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

02 September 2019

ਸੁਆਮੀ ਦੇ ਕਰਤਾਰ ਪੁਰ ਲਾਂਘੇ ਬਾਰੇ ਦਿਤੇ ਬਿਆਨ ਦੀ ਤਿੱਖੀ ਆਲੋਚਨਾ- ਇਕ ਖ਼ਬਰ
ਬਈ ਆਪਾਂ ਫਲੂਹਾ ਸੁੱਟਣਾ ਸੀ, ਸੁੱਟ ਦਿਤਾ। ਕਰੀ ਜਾਉ ਜੋ ਕਰਨਾ।

ਰਿਜ਼ਰਵ ਬੈਂਕ ਦਾ ਪੈਸਾ ਚੋਰੀ ਨਹੀਂ ਕੀਤਾ-ਸੀਤਾਰਮਨ
ਹੰਗਾਮਾ ਹੈ ਕਿਉਂ ਬਰਪਾ ਰਕਮ ਥੋੜ੍ਹੀ ਲੇ ਲੀ ਹੈ, ਡਾਕਾ ਹੀ ਤੋ ਡਾਲਾ, ਚੋਰੀ ਤੋ ਨਹੀਂ ਕੀ ਹੈ।

ਭਾਸ਼ਾ ਵਿਭਾਗ ਪੰਜਾਬ ਨੇ ਚੇਤੇ 'ਚੋਂ ਵਿਸਾਰਿਆ ਪੰਜਾਬੀ ਭਾਸ਼ਾ ਨੂੰ- ਇਕ ਖ਼ਬਰ
ਰੋਂਦੀ ਮਾਂ ਸੁੰਦਰ ਦੀ ਖੜ੍ਹ ਕੇ, ਕਿਹੜਾ ਦੇਵੇ ਧੀਰਾਂ।

ਹਵਾਈ ਅੱਡੇ 'ਤੇ ਲੋਡਰਾਂ ਨੂੰ ਦਸਤਾਰ ਉਤਾਰਨ ਲਈ ਮਜਬੂਰ ਕਰਨ 'ਤੇ ਲੌਂਗੋਵਾਲ ਵਲੋਂ ਨਿੰਦਾ-ਇਕ ਖ਼ਬਰ
ਕਦੀ ਨਿੰਦਾ ਤੋਂ ਅੱਗੇ ਵੀ ਵਧਿਆ ਕਰੋ ਕੌਮ ਦੇ ਪਹਿਰੇਦਾਰੋ।

ਸਰਕਾਰੀ ਕਾਲਜਾਂ ਵਿਚ ਪ੍ਰੋਫੈਸਰਾਂ ਦੀਆਂ 78% ਫ਼ੀਸਦੀ ਆਸਾਮੀਆਂ ਖ਼ਾਲੀ- ਇਕ ਖ਼ਬਰ
ਰਾਂਝਣਾਂ ਹੀਰ ਵੇ ਤੇਰੀ, ਵਿਚ ਖੇੜਿਆਂ ਦੇ ਰੁਲ਼ ਗਈ।

ਮਨੂੰਵਾਦੀਆਂ ਅਤੇ ਉਹਨਾਂ ਦੇ ਏਜੰਟਾਂ ਨੇ ਬਚਾਏ ਬੇਅਦਬੀਆਂ ਦੇ ਦੋਸ਼ੀ-ਖਾਲੜਾ ਮਿਸ਼ਨ
ਚੁੜੇਲਾਂ ਬਣ ਚੁੰਬੜ ਗਈਆਂ, ਮੈਨੂੰ ਸੱਸ ਤੇ ਨਨਾਣ ਚੰਨਾਂ ਦੋਵੇਂ।

ਤਿੰਨ ਦਹਾਕਿਆਂ ਬਾਅਦ ਵੀ ਪਰਨਾਲ਼ਾ ਉੱਤੇ ਦਾ ਉੱਥੇ- ਹੜ੍ਹਾਂ 'ਤੇ ਟਿੱਪਣੀ
ਹੁਣ ਤਾਂ ਪਰਨਾਲ਼ਾ ਚੋ ਕੇ ਸਿਰਾਂ 'ਚ ਪੈਂਦਾ ਬਈ।

ਪੰਜਾਬ ਅਤੇ ਹਰਿਆਣਾ ਕੋਲ ਉਹਨਾਂ ਦੀ ਰਾਜਧਾਨੀ ਹੋਣ ਦੇ ਨਹੀਂ ਹਨ ਕੋਈ ਸਬੂਤ-ਇਕ ਖ਼ਬਰ
ਯਾਨੀ ਕਿ ਦੋਵਾਂ ਬਿੱਲੀਆਂ ਦੀ ਰੋਟੀ ਹੁਣ ਬਾਂਦਰ ਖਾਵੇਗਾ।

ਮੋਦੀ ਦੀ ਸ਼ਲਾਘਾ ਕਰਨ ਲਈ ਕਾਂਗਰਸ ਨੇ ਸ਼ਸ਼ੀ ਥਰੂਰ ਤੋਂ ਸਪਸ਼ਟੀਕਰਨ ਮੰਗਿਆ- ਇਕ ਖ਼ਬਰ
ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।

ਸੌਦਾ ਸਾਧ ਦੀ ਚੇਲੀ ਵਿਪਾਸਨਾ ਅਤਿ-ਲੋੜੀਂਦੇ ਅਪਰਾਧੀਆਂ ਦੀ ਸੂਚੀ 'ਚੋਂ ਬਾਹਰ- ਇਕ ਖ਼ਬਰ
ਕੌਣ ਕੱਤੇ ਮੇਰਾ ਚਰਖ਼ਾ ਨੀਂ ਮਾਏ, ਤ੍ਰਿੰਞਣਾਂ ਦਾ ਸਰਦਾਰ ਨੀਂ ਮਾਏਂ।

ਹਰੇਕ ਕੌਮਾਂਤਰੀ ਮੰਚ 'ਤੇ ਕਸ਼ਮੀਰ ਮਸਲਾ ਉਠਾਵਾਂਗੇ- ਇਮਰਾਨ ਖ਼ਾਨ
ਰਾਂਝਾ ਰਾਂਝਾ ਕਰਦੀ, ਲੱਗ ਕੇ ਨਾਲ਼ ਦੀਵਾਰਾਂ ਦੇ।

ਕਸ਼ਮੀਰ 'ਤੇ ਤੀਜੀ ਧਿਰ ਦੀ ਵਿਚੋਲਗੀ ਪਰਵਾਨ ਨਹੀਂ- ਮੋਦੀ
ਝਗੜਾ ਪੰਜ ਕਨਾਲ਼ਾਂ ਦਾ, ਮੈਨੂੰ ਛੜਾ ਜੇਠ ਤੰਗ ਕਰਦਾ।

ਬਰਗਾੜੀ ਕਾਂਡ ਦੀ ਸਮੁੱਚੀ ਪੜਤਾਲ ਸ਼ੱਕ ਦੇ ਘੇਰੇ 'ਚ ਆਈ- ਇਕ ਖ਼ਬਰ
ਦਾਲ਼ 'ਚ ਕਾਲ਼ਾ ਕਾਲ਼ਾ ਨਹੀਂ, ਸਾਰੀ ਦਾਲ਼ ਹੀ ਕਾਲ਼ੀ ਐ ਬਈ।

ਇਕ ਅਪੀਲ 'ਤੇ ਕਰੋੜਾਂ ਇਕੱਠੇ ਕਰਨ ਵਾਲੇ ਅਕਾਲੀ ਦਲ ਦੀ ਮਾਲੀ ਹਾਲਤ ਮਾੜੀ- ਇਕ ਖ਼ਬਰ
ਮੇਰੇ ਗਲ਼ ਵਿਚ ਖੁੱਲ੍ਹੀਆਂ ਮੀਢੀਆਂ, ਮੇਰਾ ਸਾਲੂ ਹੋਇਆ ਲੰਗਾਰ ਵੇ।

ਮੈਂ ਕਿਸੇ ਰਾਜਸੀ ਪਾਰਟੀ 'ਚ ਸ਼ਾਮਲ ਨਹੀਂ ਹੋ ਰਿਹਾ- ਅਦਾਕਾਰ ਸੰਜੇ ਦੱਤ
ਹੱਥ ਤਾਂ ਤੇਰਾ ਵੀ ਢਾਈ ਕਿੱਲੋ ਤੋਂ ਘੱਟ ਨਹੀਂ ਸੰਜੂ, ਚੁੱਕ ਲੈ ਕੋਈ ਨਲ਼ਕਾ ਨੁਲ਼ਕਾ ਤੂੰ ਵੀ।

ਮੰਤਰਾਲਿਆਂ 'ਚ ਆਪਣੇ ਰਿਸ਼ਤੇਦਾਰਾਂ ਦੀ ਨਿਯੁਕਤੀ ਨਾ ਕਰਨ ਮੰਤਰੀ- ਮੋਦੀ
ਕਰ ਕੇ ਤੇਲੀ ਰੁੱਖਾ ਖਾਈਏ, ਨਹੀਂ ਪੁੱਗਦਾ ਇਹ ਸਾਨੂੰ।