ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਅਤੇ ਸਿੱਖ ਸਮਾਜ - ਜਗਤਾਰ ਸਿੰਘ

ਕੀ ਸਿੱਖ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ ਉਨ੍ਹਾਂ ਦੀ ਵਿਲੱਖਣ ਵਿਚਾਰਧਾਰਾ ਅਤੇ ਜੀਵਨ ਜਾਚ ਨੂੰ ਆਪਣੇ ਅਮਲੀ ਜੀਵਨ ਵਿਚ ਅਪਨਾਉਣਗੇ? ਇਹ ਸਵਾਲ ਸ਼ਾਇਦ ਅੱਜ ਉਸ ਸਮੇਂ ਬੇਤੁਕਾ ਲੱਗੇ ਜਦੋਂ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਸਿੱਖ ਭਾਈਚਾਰਾ ਜਗਤ ਗੁਰੂ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਭਾਰਤ ਤੋਂ ਬਿਨਾ ਪਾਕਿਸਤਾਨ ਜਿਥੇ ਗੁਰੂ ਨਾਨਕ ਦਾ ਜਨਮ ਹੋਇਆ ਅਤੇ ਜਿਥੋਂ ਵੰਡ ਪਾਊ ਸਿਆਸਤ ਕਾਰਨ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਦਰ-ਬਦਰ ਹੋ ਕੇ ਇਧਰਲੇ ਪੰਜਾਬ ਵਿਚ ਆਉਣਾ ਪਿਆ ਸੀ, ਵਿਚ ਨਗਰ ਕੀਰਤਨ, ਕਾਨਫਰੰਸਾਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ।
ਉਂਜ, ਇਸ ਵੇਲੇ ਸਿੱਖ ਸਮਾਜ ਦਾ ਕੌੜਾ ਸੱਚ ਇਹ ਹੈ ਕਿ ਉਹ ਗੁਰੂ ਨਾਨਕ ਦੀ ਵਿਚਾਰਧਾਰਾ, ਸਿੱਖਿਆਵਾਂ ਅਤੇ ਜੀਵਨ ਜਾਚ ਤੋਂ ਬਹੁਤ ਦੂਰ ਚਲਾ ਗਿਆ ਹੈ। ਸਿੱਖਾਂ ਦੀ ਬਹੁਗਿਣਤੀ ਉਨ੍ਹਾਂ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਧਸੀ ਹੋਈ ਹੈ ਜਿਨ੍ਹਾਂ ਖ਼ਿਲਾਫ਼ ਗੁਰੂ ਨਾਨਕ ਨੇ ਆਵਾਜ਼ ਉਠਾਈ ਸੀ।
ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ ਪੰਜਾਬ ਦੀਆਂ ਸਿਆਸੀ ਜਮਾਤਾਂ ਉਨ੍ਹਾਂ ਦੀ ਸਰਬ ਕਲਿਆਣਕਾਰੀ ਵਿਚਾਰਧਾਰਾ, ਵਿਲੱਖਣ ਜੀਵਨ ਜਾਚ ਅਤੇ ਸਿੱਖਿਆਵਾਂ ਨੂੰ ਦੁਨੀਆ ਭਰ ਵਿਚ ਪ੍ਰਚਾਰਨ ਉਤੇ ਜ਼ੋਰ ਦੇਣ ਦੀ ਥਾਂ ਸਾਰੀ ਸ਼ਕਤੀ ਰਵਾਇਤੀ ਸਮਾਗਮ ਕਰਵਾਉਣ ਉੱਤੇ ਲਾ ਰਹੀਆਂ ਹਨ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਲੈ ਕੇ ਇਕ-ਦੂਜੇ ਨਾਲ ਉਲਝੀਆਂ ਹੋਈਆਂ ਹਨ।
ਗੁਰੂ ਨਾਨਕ ਨੇ ਸੰਸਾਰ ਅੱਗੇ ਅਜਿਹਾ ਧਰਮ ਲਿਆਂਦਾ ਜਿਹੜਾ ਆਪਣੇ ਆਪ ਵਿਚ ਵਿਸ਼ਵੀ, ਮਾਨਵੀ ਅਤੇ ਅਜਿਹੀ ਜੀਵਨ ਜਾਚ ਹੈ ਜਿਹੜੀ ਹਰ ਮਨੁੱਖ ਨੂੰ ਬਿਨਾ ਕਿਸੇ ਭੇਦਭਾਵ ਬਰਾਬਰ ਸਮਝਦੀ ਹੈ। ਬਾਬਾ ਨਾਨਕ ਦੀ ਵਿਚਾਰਧਾਰਾ ਉਨ੍ਹਾਂ ਵੱਲੋਂ ਆਪਣੀ ਹਯਾਤੀ ਦੇ ਸਤਾਰਾਂ ਸਾਲਾਂ ਵਿਚ ਮੱਕੇ ਤੱਕ ਕੀਤੀਆਂ ਲੰਮੀਆਂ ਯਾਤਰਾਵਾਂ ਦੌਰਾਨ ਹਰ ਤਰ੍ਹਾਂ ਦੇ ਲੋਕਾਂ ਨਾਲ ਹੁੰਦੀ ਰਹੀ ਗੁਫਤਗੂ ਦੇ ਤਜਰਬੇ ਉਤੇ ਆਧਾਰਿਤ ਹੈ। ਉਹ ਆਮ ਲੋਕਾਂ ਦੇ ਰਹਿਬਰ ਸਨ ਅਤੇ ਉਨ੍ਹਾਂ ਦਾ ਅਮੀਰ ਜਮਾਤ ਨਾਲ ਕੋਈ ਸਰੋਕਾਰ ਨਹੀਂ ਸੀ। ਬਾਬਾ ਨਾਨਕ ਸ਼ਾਇਦ ਧਾਰਮਿਕ ਜਗਤ ਵਿਚ ਹੋਏ ਪਹਿਲੇ ਰਹਿਬਰ ਸਨ ਜਿਨ੍ਹਾਂ ਨੇ ਆਪਣੀ ਉਪਜੀਵਿਕਾ ਕਰਤਾਰਪੁਰ ਸਾਹਿਬ ਵਿਚ ਆਪਣੇ ਖੇਤਾਂ ਵਿਚ ਹੱਥੀਂ ਕਿਰਤ ਕਰਕੇ ਕਮਾਈ। ਉਨ੍ਹਾਂ ਨੇ ਅਜਿਹਾ ਸਮਾਜਿਕ ਵਰਤਾਰਾ ਸਾਹਮਣੇ ਲਿਆਂਦਾ ਜਿਹੜਾ ਬਰਾਬਰੀ ਅਤੇ ਕਿਰਤ ਦੀ ਮਹਾਨਤਾ ਉਤੇ ਆਧਾਰਿਤ ਸੀ।
ਸਿੱਖ ਸਮਾਜ ਦਾ ਵੱਡਾ ਹਿੱਸਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਫ਼ ਪੂਜਾ ਕਰਦਾ ਹੈ, ਇਸ ਤੋਂ ਵੱਧ ਉਸ ਦਾ ਗੁਰਬਾਣੀ ਨਾਲ ਕੋਈ ਵਾਹ-ਵਾਸਤਾ ਨਹੀਂ ਰਹਿ ਗਿਆ ਅਤੇ ਇਸ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਜੀਵਨ ਜਾਚ ਅਨੁਸਾਰ ਜਿਊਣਾ ਛੱਡ ਦਿੱਤਾ ਹੈ। ਸਿੱਖ ਧਰਮ ਜਿਸ ਦਾ ਆਧਾਰ ਹੀ ਜਾਤ-ਪਾਤ ਰਹਿਤ ਅਤੇ ਊਚ-ਨੀਚ ਮੁਕਤ ਸਮਾਜ ਦਾ ਸੰਕਲਪ ਸੀ, ਅੱਜ ਹਿੰਦੂ ਸਮਾਜ ਵਾਂਗ ਬੁਰੀ ਤਰ੍ਹਾਂ ਜਾਤ-ਪਾਤ ਅਤੇ ਊਚ-ਨੀਚ ਵਰਗੀਆਂ ਅਲਾਮਤਾਂ ਵਿਚ ਗ੍ਰਸਿਆ ਪਿਆ ਹੈ ਜਿਸ ਨੂੰ ਬਾਬਾ ਨਾਨਕ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਹੋਰ ਤਾਂ ਹੋਰ ਸਿੱਖਾਂ ਨੇ ਤਾਂ ਅੱਜਕੱਲ੍ਹ ਗੁਰਦੁਆਰੇ ਵੀ ਵੱਖ ਵੱਖ ਜਾਤਾਂ ਦੇ ਨਾਮ ਉੱਤੇ ਉਸਾਰਨੇ ਸ਼ੁਰੂ ਕੀਤੇ ਹੋਏ ਹਨ।
ਇਸੇ ਕਰਕੇ ਹੁਣ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਉਸ ਦੇ ਸਿੱਖਾਂ ਤੇ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਪਰ ਪੁਰਬ ਮਨਾਉਣ ਦਾ ਜ਼ੋਰ 1999 'ਚ ਆਈ ਖਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਵਾਂਗ ਹੀ ਨਗਰ ਕੀਰਤਨ, ਕਾਨਫਰੰਸਾਂ ਤੇ ਸੈਮੀਨਾਰ ਕਰਵਾਉਣ ਵਰਗੇ ਰਵਾਇਤੀ ਸਮਾਗਮਾਂ ਉਤੇ ਲਾਇਆ ਜਾ ਰਿਹਾ ਹੈ। ਅੰਗਰੇਜ਼ੀ ਭਾਸ਼ਾ ਵਿਚ ਬਾਬੇ ਨਾਨਕ ਅਤੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਦਿੰਦੀ ਅਜਿਹੀ ਇੱਕ ਵੀ ਕਿਰਤ ਸਾਹਮਣੇ ਨਹੀਂ ਆਈ ਜੋ ਆਮ ਆਦਮੀ ਦੀ ਬੋਲਚਾਲ ਦੀ ਭਾਸ਼ਾ ਵਿਚ ਲਿਖੀ ਗਈ ਹੋਵੇ। ਕੀ ਸਿੱਖ ਅਤੇ ਸਿੱਖ ਸੰਸਥਾਵਾਂ ਇਸ ਪੁਰਬ ਵਾਲੇ ਸਾਲ ਵਿਚ ਬਾਬੇ ਨਾਨਕ ਦਾ ਸਰਬ ਕਲਿਆਣਕਾਰੀ ਸੰਦੇਸ਼ ਦੁਨੀਆ ਭਰ ਵਿਚ ਨਹੀਂ ਲਿਜਾ ਸਕਦੇ?
ਪੰਜਾਬ, ਖਾਸ ਕਰ ਕੇ ਸਿੱਖਾਂ ਵਿਚ ਅੱਜ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਹੋ ਰਹੀ ਬਿਆਨਬਾਜ਼ੀ ਹੀ ਬਣਿਆ ਹੋਇਆ ਹੈ।
ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਿਚ 29 ਜੂਨ ਨੂੰ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ ਹੋਈ ਮੀਟਿੰਗ ਵਿਚ ਇਹ ਫੈਸਲਾ ਹੋ ਗਿਆ ਸੀ ਕਿ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਚ ਸਾਂਝੇ ਤੌਰ ਉਤੇ ਮਨਾਇਆ ਜਾਵੇਗਾ। ਇਸ ਮੀਟਿੰਗ ਦੇ ਅਨੁਸਾਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਵਫਦ ਵੱਲੋਂ ਕੌਮੀ ਤੇ ਕੌਮਾਂਤਰੀ ਹਸਤੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸਾਂਝੇ ਤੌਰ ਉਤੇ ਸੱਦਾ ਦਿੱਤਾ ਜਾਣਾ ਸੀ ਪਰ ਇਸ ਮੀਟਿੰਗ ਤੋਂ ਕੁੱਝ ਘੰਟਿਆਂ ਬਾਅਦ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਤੇ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਚਲੇ ਗਏ। ਇਹੀ ਨੇਤਾ 21 ਸਤੰਬਰ ਨੂੰ ਮੁਲਕ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਆਏ।
ਸ਼੍ਰੋਮਣੀ ਕਮੇਟੀ ਤੇ ਇਸ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸਮੱਸਿਆ ਤੇ ਮਜਬੂਰੀ ਇਹ ਹੈ ਕਿ ਉਹ ਕਮੇਟੀ ਉਤੇ ਕਾਬਜ਼ ਪਰਿਵਾਰ ਦੀ ਇੱਛਾ ਖ਼ਿਲਾਫ਼ ਇਕ ਵੀ ਕਦਮ ਨਹੀਂ ਪੁੱਟ ਸਕਦੇ। ਪਰਿਵਾਰ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਸਰਦਾਰੀ ਤੋਂ ਬਗੈਰ ਸ਼੍ਰੋਮਣੀ ਕਮੇਟੀ ਕੋਈ ਸਮਾਗਮ ਕਰੇ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਸਾਂਝੇ ਤੌਰ ਉਤੇ ਮਨਾਉਣ ਵਿਚ ਇਹੀ ਸਭ ਤੋਂ ਵੱਡਾ ਅੜਿੱਕਾ ਹੈ, ਹਾਲਾਂਕਿ ਪੰਜਾਬ ਗੁਰਦੁਆਰਾ ਐਕਟ-1925 ਤਹਿਤ ਬਣੀ ਸ਼੍ਰੋਮਣੀ ਕਮੇਟੀ ਸੰਵਿਧਾਨਿਕ ਸੰਸਥਾ ਹੈ ਜਿਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਇਹ ਆਪਣਾ ਕੰਮਕਾਜ ਬਗੈਰ ਕਿਸੇ ਦਬਾਅ ਤੋਂ ਆਜ਼ਾਦ ਅਤੇ ਖੁਦਮੁਖ਼ਤਾਰ ਸੰਸਥਾ ਵਜੋਂ ਕਰੇਗੀ।
1999 ਵਿਚ ਖਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਸਮੇਂ ਵੀ ਇਹੋ ਕੁੱਝ ਹੋਇਆ ਸੀ। ਉਸ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਚੱਲ ਰਹੀ ਠੰਢੀ ਜੰਗ ਅਤੇ ਕਸ਼ਮਕਸ਼ ਨੂੰ ਦੇਖਦਿਆਂ ਅਕਾਲ ਤਖਤ ਨੇ 31 ਦਸੰਬਰ 1998 ਨੂੰ ਹੁਕਮਨਾਮਾ ਜਾਰੀ ਕੀਤਾ ਕਿ ਦੋਵੇਂ ਧਿਰਾਂ 15 ਅਪਰੈਲ 1999 ਤੱਕ ਆਪਸੀ ਤਕਰਾਰ ਬੰਦ ਕਰਨ, ਕੋਈ ਧਿਰ ਦੂਜੀ ਦਾ ਨੁਕਸਾਨ ਨਾ ਕਰੇ ਅਤੇ 13 ਅਪਰੈਲ 1999 ਨੂੰ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਦਾ ਮੁੱਖ ਸਮਾਗਮ ਰਲ-ਮਿਲ ਕੇ ਮਨਾਇਆ ਜਾਵੇ ਪਰ ਉਸ ਵਕਤ ਵੀ ਦੋ ਵੱਖ ਵੱਖ ਸਮਾਗਮ ਹੋਏ।
ਉਂਜ, ਮਸਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇਸ ਇਤਿਹਾਸਕ ਸਮਾਗਮ ਦਾ ਸਿਆਸੀ ਲਾਹਾ ਲੈਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ। ਇਸ ਸਮਾਗਮ ਤੋਂ ਕੁੱਝ ਮਹੀਨੇ ਬਾਅਦ ਅਕਤੂਬਰ 1999 ਵਿਚ ਹੋਈ ਲੋਕ ਸਭਾ ਚੋਣ ਅੰਦਰ ਸ਼੍ਰੋਮਣੀ ਅਕਾਲੀ ਦਲ ਸੂਬੇ ਦੀਆਂ 13 ਸੀਟਾਂ ਵਿਚੋਂ ਸਿਰਫ ਇਕ ਸੀਟ ਹੀ ਜਿੱਤ ਸਕਿਆ। ਇਨ੍ਹਾਂ ਚੋਣਾਂ ਵਿਚ ਨਾ ਸਿਰਫ ਅਕਾਲੀ ਦਲ ਦਾ ਹੀ ਸਫਾਇਆ ਹੋਇਆ ਬਲਕਿ ਸੁਖਬੀਰ ਸਿੰਘ ਬਾਦਲ ਖੁਦ ਫਰੀਦਕੋਟ ਤੋਂ ਲੋਕ ਸਭਾ ਚੋਣ ਹਾਰ ਗਏ ਜਿਥੋਂ ਉਹ 1996 ਅਤੇ 1998 ਦੀ ਚੋਣ ਜਿੱਤੇ ਸਨ। ਮਤਲਬ ਸਾਫ ਹੈ ਕਿ ਸਿੱਖ ਵੋਟਰਾਂ ਨੇ ਬਾਦਲ ਪਰਿਵਾਰ ਵੱਲੋਂ ਤੀਜੀ ਜਨਮ ਸ਼ਤਾਬਦੀ ਦੇ ਸਮਾਗਮਾਂ ਦੇ ਸਿਆਸੀਕਰਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ।
        ਲੋਕਾਂ ਵਿਚ ਚਰਚਾ ਦਾ ਵਿਸ਼ਾ ਹੁਣ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਉੱਤੇ ਹਾਵੀ ਪਰਿਵਾਰ, ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਰਾਹੀਂ ਆਪਣੇ ਉਤੇ ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲੱਗੇ ਧੱਬੇ ਨੂੰ ਧੋਣਾ ਚਾਹੁੰਦਾ ਹੈ ਪਰ ਇਹ ਦੋਸ਼ ਸਿੱਖ ਮਾਨਸਿਕਤਾ ਦੇ ਅੰਦਰ ਬਹੁਤ ਡੂੰਘੇ ਉਕਰੇ ਗਏ ਹਨ। ਬੇਅਦਬੀ ਦੀਆਂ ਘਟਨਾਵਾਂ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਨ। ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜੜ੍ਹਾਂ ਵੋਟਾਂ ਦੀ ਗਿਣਤੀ ਮਿਣਤੀ ਵਿਚ ਲੱਗੀਆਂ ਹੋਈਆਂ ਹਨ ਜਿਸ ਤਹਿਤ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਡੇਰਾ ਸੱਚਾ ਸੌਦਾ ਦੇ ਹਮਾਇਤੀਆਂ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੀ ਸੀ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਹਮਾਇਤੀ ਹੀ ਬੇਅਦਬੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤੇ ਗਏ।
ਡੇਰਾ ਸੱਚਾ ਸੌਦਾ ਦੇ ਹਮਾਇਤੀਆਂ ਦੀਆਂ ਵੋਟਾਂ ਹਾਸਲ ਕਰਨ ਦੀ ਲੋਕ ਮਨਾਂ ਵਿਚ ਵਸੀ ਧਾਰਨਾ ਉਸ ਸਮੇਂ ਹੋਰ ਪੱਕੀ ਹੋ ਗਈ ਜਦੋਂ ਇਹ ਦੋਸ਼ ਲੱਗੇ ਕਿ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਆਪਣੀ ਸਰਕਾਰੀ ਰਿਹਾਇਸ਼ ਉਤੇ ਤਲਬ ਕਰਕੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣ ਦਾ ਹੁਕਮ ਦਿੱਤਾ। ਇਸ ਬਾਰੇ ਵੀ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈ। ਸਰਕਾਰੀ ਰਿਹਾਇਸ਼ ਤੇ ਜਥੇਦਾਰਾਂ ਨੂੰ ਤਲਬ ਕਰਨਾ ਸਿੱਖ ਮਰਿਆਦਾ ਅਤੇ ਰਵਾਇਤਾਂ ਦੀ ਘੋਰ ਉਲੰਘਣਾ ਹੈ। ਬਾਦਲ ਪਰਿਵਾਰ ਵੱਲੋਂ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਦੇ ਜੋੜੇ ਅਤੇ ਲੰਗਰ ਦੇ ਬਰਤਨ ਸਾਫ ਕਰਨ ਦੀ ਸੇਵਾ ਕਰਕੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਮੁਆਫੀ ਮੰਗਣ ਨੂੰ ਸਿੱਖ ਸਮਾਜ ਦੇ ਵੱਡੇ ਹਿੱਸੇ ਨੇ ਸਵੀਕਾਰ ਨਹੀਂ ਕੀਤਾ ਹੈ। ਬਾਦਲ ਪਰਿਵਾਰ ਨੇ ਅੱਜ ਤੱਕ ਇਹ ਵੀ ਨਹੀਂ ਦੱਸਿਆ ਕਿ ਉਨ੍ਹਾਂ ਨੇ ਇਹ 'ਸੇਵਾ' ਕਿਸ ਗ਼ਲਤੀ ਬਦਲੇ ਕੀਤੀ ਸੀ।

ਉਂਜ, ਇਸ ਇਤਿਹਾਸਕ ਮੌਕੇ ਸਭ ਤੋਂ ਮਹੱਤਵਪੂਰਨ ਨੁਕਤਾ ਸਿੱਖ ਸਮਾਜ ਦਾ ਗੁਰੂ ਨਾਨਕ ਦੇ ਸਨਮੁੱਖ ਹੋਣ ਦਾ ਹੈ। ਇਸ ਦੀ ਸ਼ੁਰੂਆਤ ਜਾਤ-ਪਾਤ ਦੇ ਆਧਾਰ 'ਤੇ ਬਣੇ ਗੁਰਦੁਆਰਾ ਸਾਹਿਬਾਨ ਅਤੇ ਸ਼ਮਸ਼ਾਨ ਘਾਟ ਬੰਦ ਕਰਨ ਨਾਲ ਹੋ ਸਕਦੀ ਹੈ। ਜਾਤ-ਪਾਤ ਦੇ ਆਧਾਰ ਉਤੇ ਬਣੇ ਗੁਰਦੁਆਰਾ ਸਾਹਿਬਾਨ ਅਤੇ ਸ਼ਮਸ਼ਾਨ ਘਾਟਾਂ ਪਹਿਲੀ ਪਾਤਿਸ਼ਾਹੀ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹਨ। ਇਸ ਪ੍ਰਕਾਸ਼ ਪੁਰਬ ਮੌਕੇ ਜੁੜੀ ਸਿੱਖ ਸੰਗਤ ਨੂੰ ਇਸ ਬਾਬਤ ਗੁਰਮਤਾ ਕਰਨਾ ਚਾਹੀਦਾ ਹੈ।

ਸੰਪਰਕ : 97797-11201