ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

01 June 2020

'ਆਸਕ ਕੈਪਟਨ' ਦੀ ਪਹੁੰਚ 70 ਲੱਖ ਲੋਕਾਂ ਤੱਕ ਹੋਈ- ਇਕ ਖ਼ਬਰ
ਯਾਰੋ ਦੇਖਿਉ ਕਿਤੇ 'ਆਸਕ' ਦੇ ਸੱਸੇ ਹੇਠਾਂ ਬਿੰਦੀ ਨਾ ਪਾ ਦਿਉ।

ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ- ਬ੍ਰਹਮਪੁਰਾ
ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ।

ਸਰਕਾਰ ਝੋਨਾ ਬੀਜ ਘਪਲੇ ਦੀ ਜਾਂਚ ਤੋਂ ਭੱਜ ਕਿਉਂ ਰਹੀ ਹੈ-ਲੱਖੋਵਾਲ
ਚੋਰ ਕੀ ਦਾਹੜੀ ਮੇਂ ਤਿਨਕਾ।

ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਪੂਰੀ ਤਰ੍ਹਾਂ ਤੋੜਿਆ ਨਾਤਾ- ਇਕ ਖ਼ਬਰ
ਲਾਈ ਬੇਕਦਰਾਂ ਨਾਲ਼ ਯਾਰੀ, ਕਿ ਟੁੱਟ ਗਈ ਤੜੱਕ ਕਰ ਕੇ।

ਕਰਜ਼ਾ ਮਿਲੇ ਜਾਂ ਨਾ ਮਿਲੇ, ਮੋਦੀ ਸਰਕਾਰ ਦੀਆਂ ਸ਼ਰਤਾਂ ਸਾਨੂੰ ਮੰਨਜ਼ੂਰ ਨਹੀਂ-ਬਾਜਵਾ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

ਬਾਬਰੀ ਮਸਜਿਦ ਮਾਮਲਾ: ਦੋਸ਼ੀਆਂ ਦੇ ਬਿਆਨ ਦਰਜ ਕਰਨ ਲਈ 4 ਜੂਨ ਦੀ ਤਰੀਕ ਤੈਅ- ਇਕ ਖ਼ਬਰ
ਇਸ ਦਿਲਚਸਪ ਡਰਾਮੇ ਦਾ ਡਰਾਪ ਸੀਨ 4 ਜੂਨ ਨੂੰ ਜ਼ਰੂਰ ਦੇਖੋ ਜੀ।

ਮੁੱਖ ਸਕੱਤਰ ਕਰਨ ਅਵਤਾਰ ਨੇ ਪੂਰੇ ਮੰਤਰੀ ਮੰਡਲ ਤੋਂ ਮੰਗੀ ਮਾਫ਼ੀ-ਇਕ ਖ਼ਬਰ
ਨੂਨ ਨਾਲ ਚਾਲਾਕੀ ਸਰਦਾਰ ਜੀ ਨੇ, ਲਿਆ ਆਪਣਾ ਆਪ ਸੰਭਾਲ ਬੇਲੀ।

ਅਧਿਕਾਰੀਆਂ ਵਲੋਂ ਦਲਿਤਾਂ ਨਾਲ ਵਧੀਕੀਆਂ ਦੇ ਮਾਮਲੇ ਨਜ਼ਰਅੰਦਾਜ਼- ਇਕ ਖ਼ਬਰ
ਖਾਵਣ ਵੱਢੀਆਂ ਨਿੱਤ ਈਮਾਨ ਵੇਚਣ, ਇਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ।

ਝੋਨੇ ਦੀ ਸਿੱਧੀ ਬਿਜਾਈ ਵਾਲ਼ੀਆਂ ਮਸ਼ੀਨਾਂ 'ਚ ਕਿਸਾਨਾਂ ਦੀ ਲੁੱਟ- ਇਕ ਖ਼ਬਰ
ਸਉਣ ਵਿਚ ਤਾਂ ਲੁੱਟਦੇ ਬਾਣੀਏਂ, ਨਵੀਆਂ ਹੱਟੀਆਂ ਪਾ ਕੇ।

ਡੋਨਲਡ ਟਰੰਪ ਨੇ ਭਾਰਤ-ਚੀਨ ਵਿਚਾਲੇ ਵਿਚੋਲਗੀ ਦੀ ਕੀਤੀ ਪੇਸ਼ਕਸ਼- ਇਕ ਖ਼ਬਰ
ਕਾਟੋ ਦੁੱਧ ਰਿੜਕੇ, ਚੁਗਲ ਝਾਤੀਆਂ ਮਾਰੇ।

ਕੋਝੇ ਹੱਥਕੰਡਿਆਂ ਨਾਲ਼ ਅਕਾਲੀਆਂ ਨੂੰ ਆਪਣਾ ਖੁੱਸਿਆ ਵਕਾਰ ਨਹੀਂ ਲੱਭੇਗਾ- ਸੁਖਜਿੰਦਰ ਰੰਧਾਵਾ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਪੰਜਾਬ ਵਿਧਾਨ ਸਭਾ ਦੇ ਥਾਂ ਦੀ ਹਿੱਸੇਦਾਰੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਹਮੋ ਸਾਹਮਣੇ-ਇਕ ਖ਼ਬਰ
ਮਰ ਜਾਏਂ ਦੋਜਕੀਆ, ਜਿਨ ਤੱਕਲ਼ਾ ਸੇਹ ਦਾ ਗੱਡਿਆ।

ਕੇਂਦਰ ਸਰਕਾਰ ਨੇ ਔਖੀ ਘੜੀ 'ਚ ਪੰਜਾਬ ਦੀ ਬਾਂਹ ਮਰੋੜੀ-ਇਕ ਖ਼ਬਰ
ਉੱਤੋਂ ਰਾਤ ਹਨ੍ਹੇਰੀ ਵੇ, ਇਥੇ ਕੋਈ ਨਾ ਤੇਰਾ ਦਰਦੀ।

ਫੌਜੀ ਹਮਲੇ ਤੇ ਝੂਠੇ ਪੁਲਸ ਮੁਕਾਬਲਿਆਂ ਦਾ ਸੱਚ ਸਿੱਖ ਕੌਮ 36 ਸਾਲਾਂ ਬਾਅਦ ਵੀ ਨਾ ਜਾਣ ਸਕੀ-ਬੀਬੀ ਖਾਲੜਾ
ਬੀਬੀ ਜੀ! ਜਦ ਕੁੱਤੀ ਚੋਰਾਂ ਨਾਲ਼ ਰਲ਼ ਜਾਏ ਤਾਂ ਸੱਚ ਕਿਥੋਂ ਲੱਭੇਗਾ।