ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12 July 2020

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ- ਢੀਂਡਸਾ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਡ ਦ ਸੇਮ ਥਿੰਗ।

ਵਿਕਾਸ ਦੂਬੇ ਦੇ ਸਬੰਧ ‘ਚ ਐੱਸ. ਆਈ. ਟੀ. ਦਾ ਗਠਨ- ਇਕ ਖ਼ਬਰ
ਸੱਪ ਮਰੇ ‘ਤੇ ਕੁੱਟਦੇ ਲਕੀਰ ਨੂੰ, ਬੱਲੇ ਓਏ ਨਿਆਂਕਾਰੀਓ।

ਟਰੰਪ ਵਲੋਂ ਚੀਨ ਨਾਲ ਦੂਜੇ ਪੜਾਅ ਦੇ ਵਪਾਰ ਸਮਝੌਤੇ ਤੋਂ ਇਨਕਾਰ- ਇਕ ਖ਼ਬਰ
ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।

ਅਰਥਚਾਰਾ ਆਮ ਵਰਗੀ ਹਾਲਤ ਵਲ ਵਾਪਸੀ ਦੇ ਸੰਕੇਤ ਦੇਣ ਲੱਗਾ-ਆਰ.ਬੀ.ਆਈ. ਗਵਰਨਰ
ਨੀ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।

ਪੰਜਾਬ ਦੇ ਆੜ੍ਹਤੀਏ ਵੀ ਕੇਂਦਰ ਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੰਦੋਲਨ ਕਰਨਗੇ -ਇਕ ਖ਼ਬਰ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।

ਸਾਜ਼ਿਸ਼ਕਰਤਾ ਦਾ ਨਾਮ ਸਾਹਮਣੇ ਆਉਣ ਦੇ ਬਾਵਜੂਦ ਬਾਦਲਾਂ ਦੀ ਚੁੱਪ ਤੋਂ ਪੰਥਕ ਹਲਕੇ ਹੈਰਾਨ-ਇਕ ਖ਼ਬਰ
ਚੋਰ ਦੀ ਮਾਂ, ਕੋਠੀ ‘ਚ ਮੂੰਹ।

ਪੰਜਾਬ ਭਾਜਪਾ ਦੀ ਮੀਟਿੰਗ ‘ਚ ਇਸ ਵਾਰ ਇਕੱਲਿਆਂ ਚੋਣ ਲੜਨ ਦੀ ਮੰਗ ਉੱਠੀ-ਇਕ ਖ਼ਬਰ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਮੇਰੀ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ- ਗਹਿਲੋਤ
ਜਦੋਂ ਜਾਲ਼ ਫਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮਛਲੀ।

ਕੋਈ ਗਾਰੰਟੀ ਨਹੀਂ ਕਿ ਚੀਨ-ਭਾਰਤ ਤਣਾਅ ਵਧਣ ‘ਤੇ ਟਰੰਪ ਭਾਰਤ ਦਾ ਸਾਥ ਦੇਵੇਗਾ- ਅਮਰੀਕੀ ਸੁਰੱਖਿਆ ਮਾਹਰ
ਡਰਿਉ ਲੋਕੋ ਡਰਿਉ ਵੇ, ਲੰਬੜਾਂ ਦੀ ਸੇਪ ਨਾ ਕਰਿਉ ਵੇ।

ਬਾਦਲ ਪਰਵਾਰ ਕੇਂਦਰ ਦੀ ਮਦਦ ਨਾਲ ਖੁਦ ਨੂੰ ਤੇ ਸੌਦਾ ਸਾਧ ਨੂੰ ਬਚਾਉਣਾ ਚਾਹੁੰਦਾ- ਹਰਜਿੰਦਰ ਸਿੰਘ ਮਾਝੀ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

ਨਵਾਂ ਅਕਾਲੀ ਦਲ ਬਣਦਿਆਂ ਹੀ ਢੀਂਡਸਾ ਤੇ ਬ੍ਰਹਮਪੁਰਾ ‘ਚ ਦੂਸ਼ਣਬਾਜ਼ੀ ਛਿੜੀ- ਇਕ ਖ਼ਬਰ
ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਨਿਹੰਗ ਲੜ ਪਏ।

ਵਿਸ਼ਵ ਸਿਹਤ ਸੰਗਠਨ ਤੋਂ ਅਲੱਗ ਹੋਇਆ ਅਮਰੀਕਾ- ਇਕ ਖ਼ਬਰ
ਆਹ ਚੁੱਕ ਲੈ ਯੱਕੇ ਦਾ ਭਾੜਾ, ਤੁਰ ਜਾਹ ਪੇਕਿਆਂ ਨੂੰ।

ਸੇਖਵਾਂ ਤੇ ਬੀਰ ਦਵਿੰਦਰ ਸਿੰਘ ਵਲੋਂ ਟਕਸਾਲੀ ਅਕਾਲੀ ਦਲ ਤੋਂ ਦਿੱਤੇ ਅਸਤੀਫ਼ੇ- ਇਕ ਖ਼ਬਰ
ਜਿੰਨਾ ਨ੍ਹਾਤੀ, ਓਨਾ ਈ ਪੁੰਨ।

ਢੀਂਡਸਾ ਨੇ ਕਾਂਗਰਸ ਦੇ ਕਹਿਣ ‘ਤੇ ਨਵਾਂ ਅਕਾਲੀ ਦਲ ਬਣਾਇਆ- ਦਲਜੀਤ ਸਿੰਘ ਚੀਮਾ
ਪਰ੍ਹੇ ਵਿਚ ਆ ਕੇ ਕੈਦੋ ਨੇ ਮੱਗ ਮਾਰੀ, ਚਲੋ ਵੇਖ ਲਉ ਗੱਲਾਂ ਅੱਲ ਵਲੱਲੀਆਂ ਨੇ।

ਭਾਰਤ ਨਾਲ ਪਿਆਰ ਕਰਦੈ ਅਮਰੀਕਾ- ਟਰੰਪ
ਤੇਰਾ ਕਿਸੇ ਦੇ ਨਾਲ ਪਿਆਰ ਨਾਹੀਂ, ਨਿਰਾ ਮਤਲਬ ਆਪਣੇ ਦਾ ਯਾਰ ਐ ਤੂੰ।

ਥਾਣਿਆਂ ‘ਚ ਨਫ਼ਰੀ ਘੱਟ ਹੋਣ ਕਰ ਕੇ ਜ਼ੁਰਮਾਂ ਨੂੰ ਨੱਥ ਪਾਉਣੀ ਔਖੀ-ਇਕ ਖਬਰ
ਪੁਲਿਸ ਦੀਆਂ ਧਾੜਾਂ ਤਾਂ ਗੁੰਡਿਆਂ ਦੀ ਰਾਖੀ ‘ਤੇ ਲਾਈਆਂ ਹੋਈਆਂ।