ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

21 July 2020

ਘਪਲੇ ਨੰਗੇ ਕਰਨ ਵਾਲੇ ਅਧਿਕਾਰੀਆਂ ਦੇ ਸ਼੍ਰੋਮਣੀ ਕਮੇਟੀ ਨੇ ਕੀਤੇ ਤਬਾਦਲੇ- ਇਕ ਖ਼ਬਰ
ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ।

29 ਦਿਨਾਂ ਬਾਅਦ ਹੀ ਢਹਿ ਢੇਰੀ ਹੋ ਗਿਆ 264 ਕਰੋੜ ਦਾ ਨਵਾਂ ਪੁਲ਼- ਇਕ ਖ਼ਬਰ
ਸ਼ੁਕਰ ਕਰੋ ਬਣਾਇਆ ਹੋਇਐ ਰੁੜ੍ਹਿਐ, ਏਥੇ ਤਾਂ ਬਿਨਾਂ ਬਣਾਇਆਂ ਵੀ ਰੁੜ੍ਹ ਜਾਂਦੇ ਐ।

ਪੁਸ਼ਾਕ ਮਾਮਲੇ ‘ਚ ਅਵਤਾਰ ਸਿੰਘ ਹਿਤ ਵਲੋਂ ਸੁਖਬੀਰ ਬਾਦਲ ਦੀ ਹਮਾਇਤ- ਇਕ ਖ਼ਬਰ
ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।

ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਦਾ ਆਟਾ ਦੁਕਾਨ ‘ਤੇ ਵਿਕਦਾ ਫੜਿਆ- ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਚੋਂ ਨਿੱਕਲੀ, ਮੱਖੀਆਂ ਨੇ ਪੈੜ ਨੱਪ ਲਈ।

ਸੁਖਬੀਰ ਬਾਦਲ ਨੂੰ ਵਿਰੋਧੀ ਬਦਨਾਮ ਕਰ ਰਹੇ ਹਨ- ਬੰਟੀ ਰੋਮਾਣਾ
ਤੇਰੀ ਹਰ ਮੱਸਿਆ ਬਦਨਾਮੀ, ਨੀ ਸੋਨੇ ਦੇ ਤਵੀਤ ਵਾਲੀਏ।

ਬੀਰ ਦਵਿੰਦਰ ਸਿੰਘ ਨੂੰ ਪਾਰਟੀ ‘ਚ ਸ਼ਾਮਲ ਕਰ ਕੇ ਬਹੁਤ ਵੱਡੀ ਗ਼ਲਤੀ ਕੀਤੀ- ਟਕਸਾਲੀ ਅਕਾਲੀ ਦਲ
ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।

ਚੀਨ ਦੀਆਂ ਚੁਨੌਤੀਆਂ ਦਾ ਜਵਾਬ ਦੇਣ ਦਾ ਸਮਾਂ ਆ ਗਿਐ- ਪੌਂਪੀਓ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਅਕਾਲੀ ਦਲ ਟਕਸਾਲੀ ਨੇ ਸੇਖਵਾਂ ਤੇ ਬੀਰ ਦਵਿੰਦਰ ਸਿੰਘ ਨੂੰ ਪਾਰਟੀ ‘ਚੋਂ ਕੱਢਿਆ- ਇਕ ਖ਼ਬਰ
ਨੰਗੀ ਕੀ ਨਹਾਊ ਤੇ ਕੀ ਨਿਚੋੜੂ।

ਸਚਿਨ ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼, ਰਾਹੁਲ ਤੇ ਪ੍ਰਿਅੰਕਾ ਨੇ ਵੀ ਗੱਲਬਾਤ ਕੀਤੀ-ਇਕ ਖ਼ਬਰ
ਅੜੀ ਵੇ ਅੜੀ  ਨਾ ਕਰ ਬਹੁਤੀ ਤੂੰ ਅੜੀ, ਵੇ ਮੈਂ ਕਦੋਂ ਦੀ ਖੜ੍ਹੀ।

ਬੇਅਦਬੀ ਮਾਮਲਾ: ਡੇਰੇ ਨੇ ਲਾਇਆ ਸਿੱਟ ‘ਤੇ ਡੇਰੇ ਨੂੰ ਬਦਨਾਮ ਕਰਨ ਦਾ ਦੋਸ਼-ਇਕ ਖਬਰ
ਸੁਣ ਲੈ ਨਿਹਾਲੀਏ ਚੋਰਾਂ ਦੀਆ ਗੱਲਾਂ।

ਅਕਾਲੀ ਦਲ ਬਾਦਲ ਦਾ ਪੰਥ ਵਿਰੋਧੀ ਚਿਹਰਾ ਡੇਰੇ ਨੇ ਬੇਨਕਾਬ ਕੀਤਾ- ਜਾਖੜ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲਾ ਤਿਲਕ ਪਿਆ।

ਕਾਂਗਰਸ ਨੇ ਕੇਂਦਰੀ ਮੰਤਰੀ ‘ਤੇ ਲਗਾਏ ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼- ਇਕ ਖ਼ਬਰ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਭਾਰਤ ਅਤੇ ਚੀਨ ‘ਚ ਸ਼ਾਂਤੀ ਲਈ ਹਰ ਸੰਭਵ ਕਦਮ ਚੁੱਕਣਾ ਚਾਹੁੰਦਾ ਹਾਂ- ਟਰੰਪ
ਟੁੱਟ ਜਾਊਗਾ ਬਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।

ਕਾਂਗਰਸ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ‘ਚ ਸਚਿਨ ਪਾਇਲਟ ਸ਼ਾਮਲ ਸੀ- ਸੁਰਜੇਵਾਲਾ
ਘਰ ਕਾ ਭੇਤੀ ਲੰਕਾ ਢਾਏ।

ਮੋਦੀ ਸਰਕਾਰ ਪੰਜਾਬ ‘ਚ ਵੀ ਚੌਧਰ ਲਈ ਯਤਨਸ਼ੀਲ-ਇਕ ਖ਼ਬਰ
ਰਾਂਝਾ ਰਾਂਝਾ ਕਰਦੀ, ਲੱਗ ਕੇ ਨਾਲ਼ ਦੀਵਾਰਾਂ ਦੇ।

ਪੁਸ਼ਾਕ ਮਾਮਲਾ: ਸੁਖਬੀਰ ਬਾਦਲ ਦੇ ਬਚਾਉ ਲਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਤਰਿਆ ਮੈਦਾਨ ’ਚ- ਇਕ ਖ਼ਬਰ
ਨੌਕਰ ਕੀ ਤੇ ਨਖ਼ਰਾ ਕੀ! 

ਪੰਥਕ ਧਿਰਾਂ ਵਲੋਂ ਬਰਗਾੜੀ ‘ਚ ਮੁੜ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ- ਭਾਈ ਗੁਰਦੀਪ ਸਿੰਘ
ਆਰੀ ਆਰੀ ਆਰੀ, ਰਸਤਾ ਛੋੜ ਦਿਓ, ਲੰਘਣੀ ਮੇਮ ਕੁਆਰੀ।