ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

09 Aug. 2020

ਆਰ.ਐਸ.ਐਸ. ਦੀ ਸਿਫ਼ਤ ਕਰਨ ਵਾਲੇ ਢੀਂਡਸਾ ਦੀ ਮਨਸ਼ਾ ਹੋਈ ਸਪਸ਼ਟ- ਲੌਂਗੋਵਾਲ
ਲੌਂਗੋਵਾਲ ਸਾਬ ਤੁਹਾਡੀ ਤੇ ਤੁਹਾਡੇ ਆਕਾਵਾਂ ਦੀ ਮਨਸ਼ਾ ਕਿਹੜਾ ਕਿਸੇ ਤੋਂ ਗੁੱਝੀ ਐ।

ਜ਼ਹਿਰੀਲੀ ਸ਼ਰਾਬ ਦੇ ਮੁੱਖ ਮੁਲਜ਼ਮ ਦੀ ਬਟਾਲਾ ਭਾਜਪਾ ਦੇ ਪ੍ਰਧਾਨ ਨਾਲ਼ ਸਾਂਝ-ਇਕ ਖ਼ਬਰ
ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ।    

ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ‘ਚ ਕਾਟੋ ਕਲੇਸ਼ ਵਧਿਆ-ਇਕ ਖ਼ਬਰ
ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।

ਪੰਜਾਬ ਦੇ ਥਾਣੇ ਕਾਂਗਰਸੀ ਵਿਧਾਇਕਾਂ ਦੇ ਇਸ਼ਾਰੇ ‘ਤੇ ਚਲ ਰਹੇ ਹਨ- ਭਗਵੰਤ ਮਾਨ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

ਜ਼ਹਿਰੀਲੀ ਸ਼ਰਾਬ ਦੇ ਧੰਦੇ ਦੀ ਸਰਪ੍ਰਸਤੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਵਿਰੁਧ ਕਾਰਵਾਈ ਹੋਵੇ-ਮਜੀਠੀਆ
ਜਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰਦੇ ਰਹੇ ਹੋ, ਉਸੇ ਤਰ੍ਹਾਂ ਦੀ ਹੁਣ ਹੋਊ।

ਲੌਂਗੋਵਾਲ ਨੇ ਹਰ ਤਰ੍ਹਾਂ ਦੇ ਨਸ਼ਿਆਂ ‘ਤੇ ਮੁਕੰਮਲ ਪਾਬੰਦੀ ਦੀ ਕੀਤੀ ਮੰਗ- ਇਕ ਖ਼ਬਰ   
ਲੌਂਗੋਵਾਲ ਸਾਬ ਫੇਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਭਰਤੀ ਕਿਵੇਂ ਹੋਵੇਗੀ?

ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਮੰਤਰੀ ਆਸ਼ੂ
ਪੌਣੀ ਸਦੀ ਬੀਤ ਗਈ ਇਹ ਜੁਮਲੇ ਸੁਣਦਿਆਂ, ਰਹਿਮ ਕਰੋ ਕੁਝ ਹੁਣ ਲੋਕਾਂ ‘ਤੇ।

ਪੁਲਿਸ ਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਿਨਾਂ ਸ਼ਰਾਬ ਦੀ ਤਸਕਰੀ ਨਹੀਂ ਹੋ ਸਕਦੀ- ਦੂਲੋਂ
ਦੂਲੋਂ ਸਾਬ ਸਿਆਸਤਦਾਨਾਂ ਨੁੰ ਕਿਉਂ ਬਰੀ ਕਰੀ ਜਾਂਦੇ ਹੋ।

ਹਰ ਮਾਮਲੇ ‘ਤੇ ਸਿੱਟ ਪ੍ਰੰਤੂ ਨਤੀਜਾ ਜ਼ੀਰੋ ਦਾ ਜ਼ੀਰੋ- ਹਰਪਾਲ ਚੀਮਾ
ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ।

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਕੈਪਟਨ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ- ਧਰਮਸੋਤ
ਵਾਹ ਬਈ ਵਾਹ! ਸਵਾ ਸੌ ਬੰਦਾ ਮਰਨ ਤੋਂ ਬਾਅਦ ਕੀਤੀ ਕਾਰਵਾਈ ਤੁਰੰਤ ਕਿਵੇਂ ਹੋ ਗਈ ਬਈ।

ਪੰਜਾਬ ਕਾਂਗਰਸ ‘ਚ ਬਗਾਵਤੀ ਸੁਰਾਂ ਤੋਂ ਨਵਾਂ ਵਿਵਾਦ- ਇਕ ਖ਼ਬਰ
ਬਾਲਣ ਹੱਡੀਆਂ ਦਾ, ਰੋਟੀ ਇਸ਼ਕੇ ਦੀ ਲਾਈ ਹੋਈ ਏ। 

ਬਾਜਵਾ-ਕੈਪਟਨ ਵਿਵਾਦ: ਮਨਪ੍ਰੀਤ ਬਾਦਲ ਖੁੱਲ੍ਹ ਕੇ ਕੈਪਟਨ ਦੇ ਹੱਕ ‘ਚ ਡਟੇ- ਇਕ ਖ਼ਬਰ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੇ ਭਾਵੇਂ ਜਿੰਦ ਕੱਢ ਲੈ।

ਭਾਜਪਾ ਦੀਆਂ ਪ੍ਰਤਾਪ ਸਿੰਘ ਬਾਜਵਾ ‘ਤੇ ਡੋਰੇ ਪਾਉਣ ਦੀਆਂ ਕੋਸ਼ਿਸ਼ਾਂ ਜ਼ੋਰਾਂ ‘ਤੇ-ਇਕ ਖ਼ਬਰ
ਪਿੰਡ ਪਏ ਨਹੀਂ ਉਚੱਕੇ ਪਹਿਲਾਂ ਹੀ ਸੂਹਾਂ ਲੈਂਦੇ ਫਿਰਦੇ।

ਪਟਿਆਲੇ ‘ਚ ਚੋਰੀ ਹੋਏ ਸਰੂਪ ਲਈ ਸੁਖਬੀਰ ਬਾਦਲ ਨੇ ਸਰਕਾਰ ਵਿਰੁੱਧ ਧਰਨਾ ਦਿੱਤਾ-ਇਕ ਖ਼ਬਰ
ਮੇਰਾ ਕੰਮ ਨਾ ਪਟਿਆਲੇ ਵਿਚ ਕੋਈ, ਆਵਾਂ ਜਾਵਾਂ ਵੋਟਾਂ ਬਦਲੇ। 

ਲੋਕ ਗ਼ੈਰਕਾਨੂੰਨੀ ਨਸ਼ਿਆਂ ਅਤੇ ਸ਼ਰਾਬ ਦੇ ਤਸਕਰਾਂ ਸਬੰਧੀ ਪੁਲਿਸ ਨੂੰ ਸੂਚਨਾ ਦੇਣ- ਪੁਲਿਸ ਅਫ਼ਸਰ
ਤਾਂ ਕਿ ਪੁਲਿਸ ਦੇ ‘ਮਹੀਨੇ’ ‘ਚ ਹੋਰ ਵਾਧਾ ਹੋ ਸਕੇ।