ਨਵੇਂ ਵਰ੍ਹੇ ਦੀ ਆਮਦ 'ਤੇ ਕੁਝ ਸਤਰਾਂ ਸੱਜਣਾਂ ਦੇ ਨਾਂਅ.. - ਮਨਜਿੰਦਰ ਸਿੰਘ ਸਰੌਦ

- ਨਵੇਂ ਵਰ੍ਹੇ ਦੀ ਆਮਦ ਤੇ ਕੁਝ ਸਤਰਾਂ ਉਨ੍ਹਾਂ ਸੱਜਣਾਂ ਦੇ ਨਾਂ ਤੇ ਜੋ ਜ਼ਿੰਦਗੀ ਦੇ ਅੰਦਰ ਸਿਰਫ ਤੇ ਸਿਰਫ ਆਪਣੇ ਮਕਸਦ ਦੇ ਲਈ ਹੀ ਜ਼ਿੰਦਗੀ ਦਾ ਪੰਧ ਨਿਬੇੜਦੇ ਹਨ, ਕਦੇ ਕਿਸੇ ਦੇ ਲਈ ਜ਼ਿੰਦਗੀ ਜਿਉ ਕੇ ਤਾਂ ਵੇਖੋ । ਸਾਡੀਆਂ ਅੱਖਾਂ ਸਾਹਵੇਂ ਵੇਂਹਦਿਆਂ, ਵੇਂਹਦਿਆਂ ਪਿਛਲਾ ਵਰ੍ਹਾ ਬੀਤ ਗਿਐ ਤੇ ਨਵੇਂ ਵਰ੍ਹੇ ਨੇ ਦਸਤਕ ਦੇ ਦਿੱਤੀ ਹੈ । ਜੇਕਰ ਅਸੀਂ ਆਪਣੇ ਮਨ ਨੂੰ ਇਕਾਗਰ ਚਿੱਤ ਕਰਕੇ ਬੀਤੇ ਸਮੇਂ 'ਤੇ ਝਾਤ ਮਾਰੀਏ ਤਾਂ ਸਾਡੇ ਮਨ-ਮਸਤਕ ਦੇ ਵਿੱਚ ਇੱਕ ਅਜਿਹੀ ਤਸਵੀਰ ਉਕਰੇਗੀ, ਜਿਸ ਦੇ ਵਿੱਚ ਸਾਨੂੰ ਆਪਣੇ ਵੱਲੋਂ ਕੀਤਾ ਚੰਗਾ ਮਾੜਾ, ਸਾਰਾ ਉਹ ਕੁਝ, ਜਿਸ ਨੂੰ ਸਾਡੇ ਵੱਲੋਂ ਜਾਣੇ, ਅਣਜਾਣੇ ਵਿੱਚ ਅੰਜਾਮ ਦਿੱਤਾ ਗਿਆ, ਸਾਹਮਣੇ ਆ ਜਾਵੇਗਾ । ਇਹ ਗੱਲ ਵੱਖਰੀ ਹੈ ਕਿ ਅਸੀਂ ਦੁਨਿਆਵੀ ਤੌਰ 'ਤੇ ਉਨ੍ਹਾਂ ਗ਼ਲਤ ਕੰਮਾਂ ਨੂੰ ਸਵੀਕਾਰ ਕਰੀਏ ਜਾਂ ਨਾ, ਜੋ ਸਾਡੇ ਵੱਲੋਂ ਪਿਛਲੇ ਸਮੇਂ ਕੀਤੇ ਗਏ ਸਨ । ਹਰ ਇਨਸਾਨ ਵੱਲੋਂ ਆਪਣੇ ਦੁਨਿਆਵੀ ਸਫ਼ਰ ਦੌਰਾਨ ਬਹੁਤ ਕੁਝ ਅਜਿਹਾ ਸਿਰਜਿਆ ਜਾਂਦਾ ਹੈ ਜੋ ਕਿਤੇ ਨਾ ਕਿਤੇ ਸਾਨੂੰ ਆਪ ਨੂੰ ਵੀ ਮਨਜ਼ੂਰ ਨਹੀਂ ਹੁੰਦਾ, ਪਰ ਹਾਲਾਤ ਕੁਝ ਅਜਿਹੇ ਬਣ ਜਾਂਦੇ ਹਨ ਜਿੱਥੇ ਜਾ ਕੇ ਅਸੀਂ ਵਾਪਸ ਮੁੜ ਨਹੀਂ ਪਾਉਂਦੇ । ਹਾਂ ਪਛਤਾਵਾ ਜ਼ਰੂਰ ਚੇਤਿਆਂ 'ਤੇ ਉਕਰ ਜਾਂਦਾ ਹੈ । ਖੈਰ, ਨਵੇਂ ਵਰ੍ਹੇ ਦੀ ਆਮਦ 'ਤੇ ਪਿਛਲੇ ਨੂੰ ਭੁਲਾ ਕੇ ਕੁਝ ਨਵਾਂ ਤੇ ਵੱਖਰਾ ਵਧੀਆ ਕਰਨ ਦਾ ਯਤਨ ਕਰੀਏ । ਇਸ ਵਰ੍ਹੇ ਜਿਹੜੇ ਸੱਜਣ ਸਾਡੇ ਕੋਲੋਂ ਵਿਛੜ ਗਏ ਉਨ੍ਹਾਂ ਦੀਆਂ ਯਾਦਾਂ ਨੂੰ ਪਿਆਰ ਦੀ ਗਲਵੱਕੜੀ ਦੇ ਵਿੱਚ ਘੁੱਟ ਕੇ ਮਨ ਮਸਤਕ ਦੇ ਨਾਲ ਲਾ ਕੇ ਰੱਖੀਏ ।    
                  ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਨਸਾਨ ਨੂੰ ਇਨਸਾਨ ਮੰਨ ਕੇ ਮਨੁੱਖੀ ਫਰਜ਼ ਨੂੰ ਪਛਾਣਦਿਆਂ ਹੋਇਆਂ ਜਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਨਾਲਦਿਆਂ ਨੂੰ ਲਤਾੜ ਕੇ ਪਿਛਲੀ ਪਗਡੰਡੀ ਨੂੰ ਬਰਕਰਾਰ ਰੱਖਦਿਆਂ ਹੋਇਆਂ ਅੱਗੇ ਵਧਣ ਨੂੰ ਤਰਜੀਹ ਦਿੰਦੇ ਹੋਏ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਨਾ ਚਾਹੀਦਾ ਹੈ । ਇਹ ਗੱਲ ਠੀਕ ਹੈ ਕਿ ਅਸੀਂ ਬਹੁਤ ਵਾਰ ਨਿੱਜ ਪ੍ਰਸਤੀ ਵਿੱਚ ਮਗਨ ਹੋ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਲਤਾੜਦੇ ਹੋਏ ਕੁਝ ਅਜਿਹੇ ਫ਼ੈਸਲੇ ਕਰ ਬੈਠਦੇ ਹਾਂ ਜੋ ਬਾਅਦ ਵਿੱਚ ਪਛਤਾਵੇ ਦਾ ਕਾਰਨ ਤਾਂ ਬਣਦੇ ਹੀ ਹਨ ਸਗੋਂ ਕਈ ਵਾਰ ਸਾਨੂੰ ਸਮਾਜਿਕ ਤੌਰ 'ਤੇ ਸ਼ਰਮਿੰਦਗੀ ਵੀ ਮਹਿਸੂਸ ਕਰਨੀ ਪੈਂਦੀ ਹੈ । ਕਈ ਵਾਰ ਜ਼ਿੰਦਗੀ ਅੰਦਰ ਅਸੀਂ ਆਪਣਿਆਂ ਨਾਲੋਂ ਟੁੱਟ ਕੇ ਪੈਸੇ ਨੂੰ ਪਹਿਲ ਦਿੰਦਿਆਂ ਹੋਇਆਂ ਅੱਗੇ ਵਧਣ ਦਾ ਯਤਨ ਕਰਦੇ ਹਾਂ । ਇਹ ਠੀਕ ਹੈ ਕਿ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਫੈਸਲੇ ਕਰਨੇ ਚਾਹੀਦੇ ਹਨ ਪਰ ਇਹ ਗੱਲ ਬਿਲਕੁਲ ਗਲਤ ਹੈ ਕਿ ਅਸੀਂ ਆਪਣਿਆਂ ਨੂੰ ਵਿਸਾਰ ਕੇ ਜਿੰਦਗੀ ਅੰਦਰ ਅੱਗੇ ਵਧੀਏ । ਜੇਕਰ ਅਸੀਂ ਆਪਣਿਆਂ ਨੂੰ ਵਿਸਾਰ ਕੇ ਲਤਾੜਦੇ ਹੋਏ ਅੱਗੇ ਵੱਧ ਵੀ ਜਾਵਾਂਗੇ ਤਾਂ ਜਿਹੜੀ ਮੰਜ਼ਿਲ ਸਾਨੂੰ ਮਿਲੇਗੀ ਉਸ ਉੱਤੇ ਜਾ ਕੇ ਸਾਨੂੰ ਸਕੂਨ ਪ੍ਰਾਪਤ ਨਹੀਂ ਹੋਵੇਗਾ, ਇਹ ਸੱਚ ਹੈ ।
             ਕਿਸੇ ਫਿਲਾਸਫ਼ਰ ਨੇ ਜ਼ਿੰਦਗੀ ਦਾ ਕਿੰਨਾ ਸੱਚ ਚਿਤਵਿਆ ਹੈ ਕਿ ਜੇਕਰ ਕਿਸੇ ਉੱਚੇ ਰੁਤਬੇ 'ਤੇ ਬੈਠੇ ਇਨਸਾਨ ਦੀ ਪਛਾਣ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੇ ਸਭ ਤੋਂ ਪੁਰਾਣੇ ਮਿੱਤਰਾਂ ਦੋਸਤਾਂ ਨੂੰ ਵੇਖੋ ਕਿ ਉਹ ਉਸ ਦੇ ਨਾਲ ਹਨ ਜਾਂ ਨਹੀਂ । ਜੇਕਰ ਉਸ ਦੇ ਸਭ ਤੋਂ ਪੁਰਾਣੇ ਦੋਸਤ, ਅੱਜ ਵੀ ਨਾਲ ਹਨ ਤਾਂ ਉਹ ਇਨਸਾਨ ਬਿਲਕੁਲ ਵਧੀਆ ਹੋਵੇਗਾ । ਜੇਕਰ ਕਿਸੇ ਇਨਸਾਨ ਦੇ ਪੁਰਾਣੇ 'ਸੰਗੀ' ਹੀ ਸਾਥ ਛੱਡ ਜਾਣ ਤਾਂ ਫਿਰ ਗੜਬੜ ਤਾਂ ਕਿਤੇ ਨਾ ਕਿਤੇ ਹੁੰਦੀ ਹੀ ਹੈ । ਬਿਨਾਂ ਸ਼ੱਕ ਪੈਸਾ ਅੱਜ ਇਨਸਾਨ ਦੀ ਵੱਡੀ ਲੋੜ ਹੈ ਪਰ ਪੈਸਾ ਸਭ ਕੁਝ ਵੀ ਨਹੀਂ ਹੈ । ਜੇਕਰ ਅਸੀਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਪੈਸੇ ਪਿੱਛੇ ਭੱਜਾਂਗੇ ਤਾਂ ਪੈਸਾ ਜ਼ਿੰਦਗੀ ਦੇ ਅੰਦਰ ਸਾਡੀ ਐਸੀ ਦੌੜ ਸ਼ੁਰੂ ਕਰਾਏਗਾ, ਜੋ ਕਦੇ ਮੁੱਕੇਗੀ ਨਹੀਂ । ਜਿਉਂ- ਜਿਉਂ ਸਾਡੇ ਕੋਲ ਪੈਸਾ ਵਧੇਗਾ ਤਿਉਂ -ਤਿਉਂ ਇਹ ਦੌੜ ਲੰਬੀ ਹੁੰਦੀ ਜਾਵੇਗੀ ਅਤੇ ਅਸੀਂ ਰਿਸ਼ਤੇ ਨਾਤਿਆਂ ਨੂੰ ਪਿੱਛੇ ਛੱਡਦੇ ਜਾਵਾਂਗੇ । ਫਿਰ ਇੱਕ ਦਿਨ ਅਸੀਂ ਇੰਨੇ ਲੰਬੇ ਨਿਕਲ ਜਾਵਾਂਗੇ ਕਿ ਵਾਪਸ ਪਰਤਣਾ ਮੁਸ਼ਕਿਲ ਹੋ ਜਾਵੇਗਾ । ਫਿਰ ਭੁੱਲ ਜਾਵਾਂਗੇ ਕਿ ਅਸੀਂ ਇਨਸਾਨ ਹਾਂ ਅਤੇ ਇਸ ਜੱਗ ਉੱਤੇ ਕੁਝ ਕਰਨ ਆਏ ਸੀ । ਜਿਸ ਦੇ ਨਾਲ ਮੁਹੱਬਤ ਕਰੀਏ ਉਸ ਨੂੰ ਪੂਰ ਚਾੜਦੇ ਹੋਏ ਉਸ ਮਰਤਬੇ ਤੱਕ ਪਹੁੰਚ ਜਾਈਏ ਜੋ ਵਿਰਲੇ ਇਨਸਾਨਾਂ ਨੂੰ ਹਾਸਲ ਹੁੰਦੈ ।
               ਬੀਤ ਗਏ ਨੂੰ ਭੁੱਲ ਕੇ ਕੁਝ ਨਵਾਂ ਤੇ ਵੱਖਰਾ ਵਧੀਆ ਕਰਦੇ ਹੋਏ ਸਾਰਿਆਂ ਨੂੰ ਇੱਕੋ ਕਲਾਵੇ ਵਿੱਚ ਲੈ ਕੇ ਨਵੀਂ ਮੰਜ਼ਿਲ ਵੱਲ ਨੂੰ ਵਧਣ ਦਾ ਯਤਨ ਕਰਕੇ ਤਾਂ ਵੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ । ਰਿਸ਼ਤਿਆਂ ਦੇ ਨਿੱਘ ਦੀ ਮਿਠਾਸ ਦਾ ਆਨੰਦ ਤਾਂ ਪ੍ਰਾਪਤ ਕਰਕੇ ਵੇਖੋ, ਕਿ ਅਸਲ ਵਿੱਚ ਜ਼ਿੰਦਗੀ ਹੈ ਕੀ । ਸੋਹਣੇ ਸੱਜਣਾਂ ਦੀਆਂ ਯਾਦਾਂ ਨੂੰ ਕਿਸੇ ਸੱਜਣ ਦੇ ਗਹਿਣੇ ਵਾਂਗ ਸਾਂਭ ਕੇ ਰੱਖੋ । ਸੱਜਣ ਬਾਜ਼ਾਰਾਂ ਦੇ ਵਿੱਚੋਂ ਮੁੱਲ ਨਹੀਂ ਮਿਲਦੇ ਇਹ ਕਮਾਉਣੇ ਪੈਂਦੇ ਨੇ । ਪੂਰੀ ਜ਼ਿੰਦਗੀ ਦੇ ਅੰਦਰ ਕਿੰਨੇ ਕੁ ਉਹ ਸੱਜਣ ਮਿਲਦੇ ਨੇ ਜੋ ਸਾਡੇ ਨਾਲ ਨਿਭਾਉਂਦੇ ਨੇ । ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤੇ ਨਾਤਿਆਂ ਦੇ ਵਿੱਚ ਤਰੇੜ ਨਹੀਂ ਪਾਉਣੀ ਚਾਹੀਦੀ, ਸਗੋਂ ਮੁਹੱਬਤ ਦੀ ਗਲਵੱਕੜੀ ਨੂੰ ਹੋਰ ਪੀਡਾ ਕਰਕੇ ਜ਼ਿੰਦਗੀ ਦਾ ਪੰਧ ਨਿਬੇੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਜਿਸ ਇਨਸਾਨ ਨੇ ਜ਼ਿੰਦਗੀ ਅੰਦਰ ਤੁਹਾਡੀ ਖਾਤਰ ਕੁਝ ਵੀ ਕੀਤਾ ਹੋਵੇ ਉਸ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ । ਅਸੀਂ ਤਾਂ ਐਵੇਂ ਹੀ ਪੈਸੇ ਅਤੇ ਸ਼ੋਹਰਤ ਦੇ ਪਿੱਛੇ ਭੱਜ ਕੇ ਅਸਲ ਜ਼ਿੰਦਗੀ ਨੂੰ ਤਿਲਾਂਜਲੀ ਦਿੰਦੇ ਹੋਏ ਔਝੜੇ ਭਰੇ ਰਾਹਾਂ ਦੇ ਰਾਹੀ ਹੋ ਚੁੱਕੇ ਹਾਂ । ਆਓ ਨਵੇਂ ਵਰੇ ਦੀ ਆਮਦ 'ਤੇ ਪਰਮ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਇੱਕ ਨਵਾਂ ਸੰਕਲਪ ਲੈ ਕੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰਦੇ ਹੋਏ ਚੰਗੇ ਰਿਸ਼ਤੇ ਨਾਤਿਆਂ ਦੀ ਤਲਾਸ਼ ਵਿੱਚ ਭਟਕਣ ਦੀ ਬਜਾਏ ਜਿਹੜੇ ਵਧੀਆ ਰਿਸ਼ਤੇ ਨਾਤੇ ਸਾਡੇ ਕੋਲ ਹਨ ਉਨ੍ਹਾਂ ਨੂੰ ਪਛਾਣ ਕੇ ਇਕ ਵਧੀਆ ਨਵੇਂ ਅਤੇ ਚੰਗੇ ਸਫ਼ਰ ਦੇ ਰਾਹੀ ਬਣੀਏ, ਇਹੀ ਜ਼ਿੰਦਗੀ ਦਾ ਸੱਚ ਹੈ ।
ਮਨਜਿੰਦਰ ਸਿੰਘ ਸਰੌਦ
9463463136