ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

17.03.2026

ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਨਗਰ ਨਿਗਮ ਵਲੋਂ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ- ਇਕ ਖ਼ਬਰ

ਫ਼ਾਈਲ ਨੂੰ ਪਹੀਏ ਲੱਗਣਗੇ ਫਿਰ ਹੀ ਅਗਾਂਹ ਨੂੰ ਤੁਰੂ।

ਚੋਣਾਂ ਦੇ ਮੌਸਮ ਵਿਚ ਹੀ ਸਾਧ ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਕਲੀਨ ਚਿਟ ਕਿਉਂ?-ਇਕ ਸਵਾਲ

ਅੱਗੋਂ ਪਿੱਛੋਂ ਰਗੜ ਕੇ ਗੋਡੇ ’ਤੇ ਲਾਉਣਾ ਸਾਧ ਨੂੰ ਅਗਲਿਆਂ ਨੇ।

ਭਾਰਤ ‘ਚ ਸਾਡੇ ਭਾਈਵਾਲ ‘ਕਹਿਣਾ ਮੰਨਣ ਵਾਲੇ ਹਨ’- ਅਮਰੀਕਾ

ਘੜੇ ਦੀਆਂ ਮੱਛੀਆਂ।

ਘਬਰਾਉਣ ਦੀ ਜ਼ਰੂਰਤ ਨਹੀਂ, ਇਸ ਸੰਕਟ ਵਿਚੋਂ ਵੀ ਨਿਕਲਾਂਗੇ- ਮੋਦੀ

ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ।

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੰਜਾਬ ਦੇ ਰੁਕੇ ਹੋਏ ਵਿਕਾਸ ਫੰਡ ਜਾਰੀ ਕਰਨ ਦੀ ਕੀਤੀ ਮੰਗ- ਇਕ ਖ਼ਬਰ

ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ, ਟੁੱਟ ਪੈਣੇ ਦਰਜੀ ਨੇ।

 ਪੰਜਾਬ ‘ਚ ਅਸੀਂ ਆਪਣੇ ਬਲਬੂਤੇ ‘ਤੇ ਹੀ ਸਤਾਈ ਦੀ ਚੋਣ ਲੜਾਂਗੇ- ਅਮਿਤ ਸ਼ਾਹ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਅਮਿਤ ਸ਼ਾਹ ਦਾ ਭਾਸ਼ਨ ਸਿਵਾਇ ਖਾਲੀ ਸਿਆਸੀ ਨਾਹਰਿਆਂ ਦੇ ਕੁਝ ਨਹੀਂ- ਬਾਜਵਾ

ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਸਰਕਾਰ ਦੀਆਂ ਨੀਤੀਆਂ ਕਾਰਨ ਲੋਕ ਕਿੰਨਾ ਕੁ ਬਰਦਾਸ਼ਤ ਕਰਨਗੇ- ਪ੍ਰਿਅੰਕਾ ਗਾਂਧੀ

ਬੀਬੀ, ਸਰਕਾਰ ਜਿੰਨਾ ਚਿਰ ਦਾਲ ਚੌਲ਼ ਦਿੰਦੀ ਰਹੂ।

ਟਰੰਪ ਨੇ 13 ਦਿਨਾਂ ਦੇ ਯੁੱਧ ’ਚ ਫੂਕ ਦਿਤੇ 26 ਅਰਬ ਡਾਲਰ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲੀ ਕੰਧ ਟੱਪ ਕੇ।

ਸਾਨੂੰ ਡਬਲ ਇੰਜਨ ਦੀ ਲੋੜ ਨਹੀਂ, ਪੰਜਾਬ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਜਾਣਦੈ- ਭਗਵੰਤ ਮਾਨ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।

ਅਮਿਤ ਸ਼ਾਹ ‘ਜੁਮਲਿਆਂ’ ਦੀ ਬਜਾਇ ਪੰਜਾਬ ਦੇ ਹਿਤਾਂ ਲਈ ਕੁਝ ਕਰ ਕੇ ਜਾਣ-ਅਮਨ ਅਰੋੜਾ

ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ।

ਸੁਖਪਾਲ ਖਹਿਰਾ ਨੂੰ ਕਾਂਗਰਸ ਹਾਈ ਕਮਾਂਡ ਪਾਰਟੀ ‘ਚੋਂ ਬਰਖ਼ਾਸਤ ਕਰੇ- ਹਰਪਾਲ ਚੀਮਾ

ਲੂਣਾ ਆਖਦੀ ਰਾਜੇ ਸਲਵਾਨ ਤਾਈਂ, ਛੇਤੀ ਪੂਰਨ ਨੂੰ ਕਰੋ ਹਲਾਲ ਮੀਆਂ।

2027 ‘ਚ ਦੁਬਾਰਾ ਬਣੇਗੀ ‘ਆਪ’ ਦੀ ਸਰਕਾਰ- ਭਗਵੰਤ ਮਾਨ

ਪਾਪ ਪੁੰਨ ਨੀਂ ਜਿੰਦੜੀਏ ਤੇਰੇ, ਤੱਕੜੀ ‘ਤੇ ਤੋਲੇ ਜਾਣਗੇ।

ਭਾਰਤ ਦੁਨੀਆਂ ‘ਚ ਹਥਿਆਰਾਂ ਦਾ ਦੂਜਾ ਵੱਡਾ ਖ਼ਰੀਦਾਰ- ਇਕ ਖ਼ਬਰ

ਢਿੱਡੋਂ ਭੁੱਖੀ ਤੇ ਘੀਸੀ ‘ਤੇ ਜ਼ੋਰ।

ਇਰਾਨ ਦਾ ਨਵਾਂ ਸੁਪਰੀਮ ਲੀਡਰ ਵੀ ਛੇਤੀ ਹੀ ਮਾਰਿਆ ਜਾਵੇਗਾ- ਟਰੰਪ

ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ, ਇਕ ਦਿਨ ਹੋਇਆ ਚਲਦਾ।

........................................................................................................................