
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
24.03.2026
ਇਰਾਨ ਵਿਰੁੱਧ ਨਾਟੋ ਦੀ ਮਦਦ ਦੀ ਜ਼ਰੂਰਤ ਨਹੀਂ, ਅਮਰੀਕਾ ਇਕੱਲਾ ਹੀ ਕਾਫ਼ੀ ਹੈ- ਟਰੰਪ
ਦਾਖੇ ਹੱਥ ਨਾ ਅੱਪੜੇ, ਆਖੇ ਥੂਹ ਕੌੜੀ।
ਦਹਾਕਿਆਂ ਤੋਂ ਸਾਡਾ ਪਾਣੀ ਵਰਤ ਰਹੇ ਰਾਜਸਥਾਨ ਤੋਂ 1.44 ਲੱਖ ਕਰੋੜ ਰੁਪਏ ਵਸੂਲਾਂਗੇ- ਭਗਵੰਤ ਮਾਨ
ਵਿਹੜੇ ਆਈ ਜੰਞ, ਵਿੰਨ੍ਹੋਂ ਕੁੜੀ ਦੇ ਕੰਨ।
ਜਗਦੀਸ਼ ਸਿੰਘ ਝੀਂਡਾ ਅਤੇ ਦਾਦੂਵਾਲ ਦੇ ਹਮਾਇਤੀਆਂ ਵਿਚਕਾਰ ਝੜਪ- ਇਕ ਖ਼ਬਰ
ਅੰਨ੍ਹੇ ਝੋਟੇ, ਅਕਲੋਂ ਖੋਟੇ।
ਨਾਟੋ ਦੇਸ਼ਾਂ ਨੇ ਟਰੰਪ ਦੀ ਜੰਗ ਵਿਚ ਸ਼ਾਮਲ ਹੋਣ ਤੋਂ ਕੀਤੀ ਨਾਂਹ- ਖ਼ਬਰ
ਤੇਰੇ ਨਾਲ਼ ਨਾ ਤਿਲੰਗਿਆ ਜਾਣਾ, ਛੱਡ ਜਾਏਂ ਟੇਸ਼ਣ ‘ਤੇ।
ਦਿੱਲੀ ਵਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਨੂੰ ਦਰੁਸਤ ਕਰਨ ਲਈ ਅਕਾਲੀ ਦਲ ਵਚਨਬੱਧ- ਸੁਖਬੀਰ ਬਾਦਲ
ਐਨੇ ਸਾਲ ਕੁਰਸੀ ‘ਤੇ ਬੈਠ ਕੇ ਤੁਸੀਂ ਪਿਉ ਪੁੱਤ ਕੀ ਝੱਖ ਮਾਰਦੇ ਰਹੇ?
ਇਰਾਨੀ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇਰਾਦਾ ਨਹੀਂ- ਇਜ਼ਰਾਈਲੀ ਰਾਜਦੂਤ
ਇਰਾਨ ਕੋਈ ਚਾਕਲੇਟ ਐ ਜੋ ਮੂੰਹ ‘ਚ ਪਾ ਲਉਗੇ।
ਆਲੂਆਂ ਦੀ ਖੇਤੀ ਦਾ ਵਾਜਬ ਭਾਅ ਨਾ ਮਿਲਣ ‘ਤੇ ਕਿਸਾਨ ਪ੍ਰੇਸ਼ਾਨ- ਇਕ ਖ਼ਬਰ
ਕਿਸਾਨ ਨੂੰ ਪ੍ਰੇਸ਼ਾਨ ਰੱਖਣਾ ਖੇਤੀ ਨੀਤੀ ਦਾ ਹੀ ਹਿੱਸਾ ਹੈ।
ਰਾਜਸਥਾਨ ਵਲੋਂ ਪਾਣੀਆਂ ਦੀ ਰਾਇਲਟੀ ਦੇਣ ਤੋਂ ਨਾਂਹ, ਪੰਜਾਬ ਜਾਵੇਗਾ ਅਦਾਲਤ- ਭਗਵੰਤ ਮਾਨ
ਪਹਿਲਾਂ ਤੁਹਾਨੂੰ ਅਦਾਲਤਾਂ ‘ਚੋਂ ਕੀ ਮਿਲਿਆ? ਛਿੱਕੂ!
ਅਕਾਲੀ ਦਲ ਪੁਨਰ ਸੁਰਜੀਤ ਨੇ ਚੋਣ ਨਿਸ਼ਾਨ ‘ਤੱਕੜੀ’ ਉੱਤੇ ਦਾਅਵਾ ਠੋਕਿਆ- ਇਕ ਖ਼ਬਰ
ਮੈਨੂੰ ‘ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲ਼ੀ ਜੰਡ ਵੱਢ ਕੇ।
ਸੁਖਬੀਰ ਬਾਦਲ ਦੇ ਸੱਤਾ ‘ਚ ਆਉਣ ਦੇ ਸੁਪਨੇ ਹੁਣ ਕਦੀ ਪੂਰੇ ਨਹੀਂ ਹੋਣਗੇ- ਕੁਲਦੀਪ ਸਿੰਘ ਧਾਲੀਵਾਲ
ਓਏ ਸਹੁਰੀ ਦਿਓ, ਮੈਨੂੰ ਸੁਪਨੇ ‘ਚ ਤਾਂ ਕੁਰਸੀ ‘ਤੇ ਬੈਠ ਲੈਣ ਦਿਉ।
ਟਰੰਪ ਦੀਆਂ ਅੱਖਾਂ ਦੀ ਰੜਕ ਬਣਿਆ ਕਿਊਬਾ- ਇਕ ਖ਼ਬਰ
ਮੇਰਾ ਜੇਠ ਬੜਾ ਟੁੱਟ ਪੈਣਾ, ਕੰਧ ਉੱਤੋਂ ਰਹੇ ਝਾਕਦਾ।
ਨਾਇਬ ਸਿੰਘ ਸੈਣੀ ਨੂੰ ਪਟਿਆਲੇ ‘ਚ ‘ਆਪ’ ਪਾਰਟੀ ਨੇ ਕਾਲ਼ੀਆਂ ਝੰਡੀਆਂ ਵਿਖਾਈਆਂ- ਇਕ ਖ਼ਬਰ
ਐਵੇਂ ਨਾ ਗੇੜੇ ਲਾਈਂ ਵੇ, ਪਿੰਡ ਪਹਿਰਾ ਲਗਦੈ।
ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਨੂੰ ਕੀਤਾ ਫ਼ੋਨ- ਇਕ ਖ਼ਬਰ
ਬੜੀ ਦੇਰ ਕਰ ਦੀ, ਮਿਹਰਬਾਂ ਆਤੇ ਆਤੇ।
ਵਾਰੀ ਵਾਰੀ ਰਾਜ ਕਰਨ ਦੇ ਦਿਨ ਗਏ, ਹੁਣ ਲੋਕਾਂ ਦੀ ਵਾਰੀ- ਭਗਵੰਤ ਮਾਨ
ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।
ਭਾਰਤ ਨੇ ਅਮਰੀਕੀ ਪੈਨਲ ਦੀ ‘ਪੱਖਪਾਤੀ’ ਧਾਰਮਕ ਆਜ਼ਾਦੀ ਰਿਪੋਰਟ ਰੱਦ ਕੀਤੀ- ਇਕ ਖ਼ਬਰ
ਪਰੇ ਹਟ ਜਾਹ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲ਼ੀਏ।