ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

29.03.2026

ਸਾਡੇ ਬਦਲੇ ਤੋਂ ਡਰ ਕੇ ਟਰੰਪ ਨੂੰ ਪਿੱਛੇ ਹਟਣਾ ਪਿਆ- ਇਰਾਨ

ਪੀਲਾ ਰੰਗ ਕਿਉਂ ਪੈ ਗਿਆ ਤੇਰਾ, ਭਾਬੋ ਮੈਨੂੰ ਰੋਜ਼ ਪੁੱਛਦੀ।

ਕੇਰਲ ‘ਚ ਚੋਣ ਕਮਿਸ਼ਨ ਦੀ ਚਿੱਠੀ ‘ਤੇ ਭਾਜਪਾ ਦੀ ਮੋਹਰ- ਇਕ ਖ਼ਬਰ

ਨੱਥਾ ਸਿੰਘ ਖੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

ਜਾਇਦਾਦ ਲਈ ਪਤਨੀ ਨੇ ਆਪਣੇ ਪੁੱਤਰ ਹੱਥੋਂ ਹੀ ਕਰਵਾਇਆ ਪਤੀ ਦਾ ਕਤਲ- ਇਕ ਖ਼ਬਰ

ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ।

20 ਮਿੰਟ ਦੇ ਭਾਸ਼ਨ ‘ਚ ਮੋਦੀ ਜੀ ਆਪਣੀਆਂ ਸਿਫ਼ਤਾਂ ਹੀ ਕਰਦੇ ਰਹੇ- ਜੈ ਰਾਮ ਰਮੇਸ਼

ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ।

ਸੁਤੰਤਰਤਾ ਸੰਗਰਾਮੀਆਂ ਦੇ ਨਾਮ ‘ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਕੀਤੀ ਸਿਆਸਤ- ਫਰੀਡਮ ਫ਼ਾਈਟਰ ਸੰਸਥਾ

ਸ਼ੇਰਾਂ ਦੀਆਂ ਮਾਰਾਂ ‘ਤੇ, ਗਿੱਦੜ ਕਰਨ ਕਲੋਲਾਂ।

ਕਿਸਾਨਾਂ ਲਈ ਪੂਰੀ ਕਰਜ਼ਾ ਮੁਆਫ਼ੀ ਦਾ ਕੋਈ ਪ੍ਰਸਤਾਵ ਨਹੀਂ- ਨਿਰਮਲਾ ਸੀਥਾਰਮਨ

ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਜੁਡੀਸ਼ੀਅਲ ਕਮਿਸ਼ਨ ਨੇ ਹਰਿਆਣਾ ਗੁਰਦੁਆਰਾ ਕਮੇਟੀ ਦਾ ਪਾਸ ਕੀਤਾ ਬਜਟ ਰੱਦ ਕਰ ਦਿਤਾ- ਇਕ ਖ਼ਬਰ

ਛੜਿਆਂ ਦੇ ਗਈ ਅੱਗ ਨੂੰ, ਉਹਨੀਂ ਚੱਪਣੀ ਵਗਾਹ ਕੇ ਮਾਰੀ।

ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਧਰਮ ਪ੍ਰਚਾਰ ਲਈ ਬਜਟ ਵਧਾਇਆ ਜਾਵੇ- ਗੁਰਪ੍ਰਤਾਪ ਸਿੰਘ ਵਡਾਲਾ

ਵਡਾਲਾ ਜੀ ਇੰਜ ਕਹੋ ਕਿ ਧਰਮ ਪ੍ਰਚਾਰ ਦਾ ਬਜਟ ਧਰਮ ਪ੍ਰਚਾਰ ‘ਤੇ ਹੀ ਖ਼ਰਚ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਉ’ ਰੈਲੀ- ਇਕ ਖ਼ਬਰ

ਸੁਖਬੀਰ ਬਾਦਲ ਵਲੋਂ ਪੰਜਾਬ ਨੂੰ ਅਕਾਲੀ ਦਲ ਤੋਂ ਬਚਾਉਣ ਦੀ ਅਪੀਲ।

ਯਮਨ ਦੇ ਹੂਤੀ ਬਾਗ਼ੀ ਵੀ ਇਰਾਨ ਦੇ ਸਮਰਥਨ ‘ਚ ਉਤਰੇ- ਇਕ ਖ਼ਬਰ

ਅਣਦਾੜ੍ਹੀਆ ਸੁੱਕਾ ਨਾ ਲੰਘ ਜਾਵੇ, ਲੜ ਜਾਂ ਭ੍ਰਿੰਡ ਬਣ ਕੇ।

ਯੁੱਧ ਦੇ ਅੰਤ ਦਾ ਫ਼ੈਸਲਾ ਟਰੰਪ ਨਹੀਂ, ਅਸੀਂ ਕਰਾਂਗੇ- ਇਰਾਨ

ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।

ਟੀ.ਐਮ.ਸੀ. ਅਤੇ ਭਾਜਪਾ ਦਾ ਮੁਕਾਬਲਾ ਮਹਾਂਭਾਰਤ ਵਰਗਾ ਯੁੱਧ ਹੋਵੇਗਾ- ਮਮਤਾ ਬੈਨਰਜੀ

ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿੱਤਰੂ ਵੜੇਂਵੇਂ ਖਾਣੀ।
                                                                                                                                             

ਕੌਮੀ ਪਾਰਟੀਆਂ ਨੂੰ ਮਿਲੇ ਕੁੱਲ ਚੰਦੇ ਨਾਲੋਂ ਭਾਜਪਾ ਨੂੰ ਦਸ ਗੁਣਾ ਵੱਧ ਮਿਲਿਆ- ਇਕ ਖ਼ਬਰ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।

ਚੰਨ ਉੱਤੇ ‘ਸਰਦਾਰੀ’ ਲਈ ਚੀਨ ਅਤੇ ਅਮਰੀਕਾ ਵਿਚਾਲੇ ਦੌੜ- ਇਕ ਖ਼ਬਰ

ਬਿੱਲੋ ਦੀਆਂ ਝਾਂਜਰਾਂ ‘ਚ, ਮਿੱਤਰਾਂ ਦੀ ਜਾਨ ਏ।

ਮੁੱਖ ਮੰਤਰੀ ਨੇ ਸਰਕਾਰ ਦੇ ਚਾਰ ਸਾਲ ਦੇ ਦਾਅਵੇ ਵਧਾ ਚੜ੍ਹਾ ਕੇ ਪੇਸ਼ ਕੀਤੇ-ਪਰਤਾਪ ਸਿੰਘ ਬਾਜਵਾ

ਰੱਬ ਤੈਨੂੰ ਰੱਖੇ ਬੱਚਿਆ, ਨਿੱਤ ਝੂਠੀਆਂ ਗਵਾਹੀਆਂ ਦੇਵੇਂ।