
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
07.04.2026
ਅਮਰੀਕਾ ਨੇ ਆਰਮੀ ਚੀਫ਼ ਨੂੰ ਨੌਕਰੀ ਤੋਂ ਹਟਾਇਆ- ਇਕ ਖ਼ਬਰ
ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।
ਬੇਅਦਬੀ ਮਾਮਲੇ ‘ਤੇ ਕਾਂਗਰਸ ਅਤੇ ‘ਆਪ’ ਨੇ ਸਿਰਫ਼ ਸਿਆਸਤ ਕੀਤੀ- ਸੁਖਬੀਰ ਬਾਦਲ
ਬਾਦਲ ਸਾਬ ਇਹ ਵੀ ਦੱਸ ਦਿਉ ਕਿ ਗੋਲ਼ੀਆਂ ਕੀਹਨੇ ਚਲਾਈਆਂ ਤੇ ਬੇਕਸੂਰ ਬੰਦੇ ਮਾਰੇ।
ਪਹਿਲਾਂ ਮੁਕਰਨ ਤੋਂ ਬਾਅਦ ਹੁਣ ਫੇਰ ਕੈਨੇਡੀਅਨ ਪੁਲਿਸ ਨੇ ਮੰਨ ਲਿਆ ਕਿ ਹਿੰਸਕ ਘਟਨਾਵਾਂ ‘ਚ ਵਿਦੇਸ਼ੀ ਏਜੰਸੀਆਂ ਦਾ ਹੱਥ- ਇਕ ਖ਼ਬਰ
ਮਰ ਜਾਉ ਚਿੜੀਓ, ਜੀ ਪਉ ਚਿੜੀਓ।
ਇਰਾਨ ਨਾ ਮੰਨਿਆ ਤਾਂ ਖਾਰਗ ਟਾਪੂ ਤਬਾਹ ਕਰ ਦਿਆਂਗੇ- ਟਰੰਪ
ਜੇ ਕੋਈ ਹੋਰ ਲੈ ਕੇ ਆਇਆ ਤੇਰੀ ਜੰਞ ਨੀ, ਬਣੂੰ ਜੰਗ ਦਾ ਮੈਦਾਨ ਵੇਖੀਂ ਬੇਲਾ ਝੰਗ ਨੀ।
ਬਰਤਾਨੀਆ ਇਰਾਨ ਵਿਰੁੱਧ ਜੰਗ ‘ਚ ਨਹੀਂ ਪਵੇਗਾ- ਬਰਤਾਨਵੀ ਪ੍ਰਧਾਨ ਮੰਤਰੀ
ਟੁੱਟ ਜਾਊਗਾ ਬਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।
ਅਸੀਂ ਕਿਸੇ ਦੀ ਮਦਦ ਨਹੀਂ ਕਰਾਂਗੇ, ਜੀਹਨੂੰ ਤੇਲ ਚਾਹੀਦੈ ਹੋਰਮੁਜ਼ ਸਟਰੇਟ ਥਾਣੀਂ ਆਪ ਲੈ ਕੇ ਆਵੇ- ਟਰੰਪ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਗੁਰੂ-ਘਰ ਦੀ ਜਾਇਦਾਦ ਲੁੱਟਣ ਵਾਲੇ ਬਖ਼ਸ਼ੇ ਨਹੀਂ ਜਾਣਗੇ- ਮੁੱਖ ਸਕੱਤਰ ਮੰਨਣ
ਨਾ ਖੰਜਰ ਉਠੇਗਾ ਨਾ ਤਲਵਾਰ ਹੀ ਉਠੇਗੀ, ਯੇਹ ਬਾਜ਼ੂ ਮਿਰੇ ਆਜ਼ਮਾਏ ਹੂਏ ਹੈਂ।
ਰਜਵਾੜਿਆਂ ਦੇ ਕਬਜ਼ੇ ਨੇ ਸਿੱਖ ਸਿਆਸਤ ਅਤੇ ਅਕਾਲੀ ਦਲ ਦਾ ਘਾਣ ਕੀਤਾ- ਗਿ.ਹਰਪ੍ਰੀਤ ਸਿੰਘ
ਕਾਦਰਯਾਰ ਅਣਹੋਣੀਆਂ ਕਰਨ ਜਿਹੜੇ, ਆਖਰਵਾਰ ਉਨ੍ਹਾਂ ਪੱਛੋਤਾਵਣਾ ਈ।
ਰੁਪਇਆ ਚਾਹੇ ਡਾਲਰ ਦੇ ਮੁਕਾਬਲੇ ਕਮਜ਼ੋਰ ਪਰ ਸਥਿਤੀ ਬਿਲਕੁਲ ਠੀਕ- ਸੀਤਾਰਮਣ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
2027 ‘ਚ ਪੰਜਾਬ ਦੇ ਲੋਕ ਕਾਂਗਰਸੀਆਂ, ਅਕਾਲੀਆਂ ਤੇ ਭਾਜਪਾਈਆਂ ਦਾ ਸਫ਼ਾਇਆ ਕਰ ਦੇਣਗੇ- ਭਗਵੰਤ ਮਾਨ
ਗਲੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।
ਰਾਘਵ ਚੱਢਾ ਭਾਜਪਾ ਤੋਂ ਏਨਾ ਡਰਦੇ ਕਿਉਂ ਹਨ?- ਆਤਿਸ਼ੀ
ਹੁਣ ਰੱਬ ਡਾਢਾ ਵੀ ਡਰਦਾ, ਠਾਣੇਦਾਰਾਂ ਤੋਂ।
ਪੋਪ ਨੇ ਸਿਆਸਤਦਾਨਾਂ ਦੇ ਜੰਗ ਬਾਰੇ ਦਾਅਵਿਆਂ ਨੂੰ ਕੀਤਾ ਰੱਦ- ਇਕ ਖ਼ਬਰ
ਜੰਗ ਮਸਲੋਂ ਕਾ ਹੱਲ ਕਿਆ ਕਰੇਗੀ, ਜੰਗ ਤੋ ਖੁਦ ਏਕ ਮਸਲਾ ਹੈ।– ਸਾਹਿਰ ਲੁਧਿਆਣਵੀ
ਯੂ.ਏ.ਈ. ਨੇ ਪਾਕਿਸਤਾਨ ਨੂੰ ਦਿਤਾ ਹੋਇਆ 3.5 ਅਰਬ ਡਾਲਰ ਦਾ ਕਰਜ਼ਾ ਵਾਪਸ ਮੰਗਿਆ- ਇਕ ਖ਼ਬਰ
ਯਾਰੀ ਲੱਗੀ ‘ਤੇ ਲੁਆ ‘ਤੇ ਤਖ਼ਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।
ਜੰਗ ਦੀ ਲਾਗਤ ਨਾਲ ਟਰੰਪ ਦੀਆਂ ਵਧੀਆਂ ਮੁਸ਼ਕਿਲਾਂ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।
ਸੁਖਬੀਰ ਬਾਦਲ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਵੇ ਕਦੇ ਕਾਮਯਾਬ ਨਹੀਂ ਹੋਵੇਗਾ- ਗਿ. ਹਰਪ੍ਰੀਤ ਸਿੰਘ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
ਇਟਲੀ ਨੇ ਅਮਰੀਕਾ ਨੂੰ ਆਪਣਾ ਫੌਜੀ ਅੱਡਾ ਦੇਣ ਤੋਂ ਕੀਤੀ ਨਾਂਹ- ਇਕ ਖ਼ਬਰ
ਦਾਲ਼ ਮੰਗੇ ਛੜਿਆਂ ਤੋਂ, ਨਾ ਸ਼ਰਮ ਗੁਆਂਢਣੇ ਆਵੇ।
=================================================================================