ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12-04-2026

ਰਾਜਨਾਥ ਸਿੰਘ ਨੇ ਖੇਤੀਬਾੜੀ ਸੁਧਾਰਾਂ ਦੀ ਲੋੜ ‘ਤੇ ਦਿਤਾ ਜ਼ੋਰ- ਇਕ ਖ਼ਬਰ
ਇਹ ਊਠ ਦਾ ਬੁੱਲ੍ਹ ਪਤਾ ਨਹੀਂ ਕਦੋਂ ਡਿਗੇਗਾ।

ਮੀਂਹ ਨਾਲ ਫ਼ਸਲਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਪੰਜਾਬ ਭਾਜਪਾ ਨੇ ਟੀਮਾਂ ਦਾ ਗਠਨ ਕੀਤਾ- ਇਕ ਖ਼ਬਰ
ਭਾਜਪਾ ਜੀ, ਪਹਿਲਾਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ 1600 ਕਰੋੜ ਤਾਂ ਕੇਂਦਰ ਕੋਲੋਂ ਲੈ ਆਉ।

ਦਿੱਲੀ ਪਹੁੰਚ ਕੇ ਨਿਤੀਸ਼ ਕੁਮਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ- ਇਕ ਖ਼ਬਰ
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ। 

ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ਨੂੰ ਢਾਅ ਲਾਉਣ ਲਈ ਸੁਖਬੀਰ ਬਾਦਲ ਆਪਣੇ ਬਾਪ ਤੋਂ ਵੀ ਅੱਗੇ ਲੰਘਿਆ- ਭਾਈ ਮਾਝੀ
ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।

ਪੱਛਮੀ ਬੰਗਾਲ ਵੋਟਰ ਸੂਚੀ ‘ਚੋਂ 91 ਲੱਖ ਵੋਟਰਾਂ ਦੇ ਨਾਮ ਹਟਾਏ ਗਏ- ਚੋਣ ਕਮਿਸ਼ਨ
ਨਾ ਰਹੇ ਬਾਂਸ, ਨਾ ਬਜੇ ਬੰਸਰੀ।

ਕਾਰੋਬਾਰੀ ਨੂੰ ਧਮਕਾਉਣ ਦੀ ਮੰਤਰੀ ਮੁੰਡੀਆਂ ਬਾਰੇ ਵਾਇਰਲ ਵੀਡੀਓ ਦੀ ਹੋਵੇ ਜਾਂਚ- ਰਵਨੀਤ ਬਿੱਟੂ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਫਿਰ ਸਰਕਾਰ ਨੂੰ ਲਿਖੀ ਚਿੱਠੀ- ਇਕ ਖ਼ਬਰ
ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ।

ਮੁੱਖ ਮੰਤਰੀ ਵਲੋਂ ਫ਼ਸਲਾਂ ਦੇ ਹੋਏ ਨੁਕਸਾਨ ਲਈ ਸਪੈਸ਼ਲ ਗਿਰਦਾਵਰੀ ਦੇ ਹੁਕਮ- ਇਕ ਖ਼ਬਰ
ਆਪਣੀਆਂ ਮੁਰਗ਼ੀਆਂ, ਬੱਕਰੀਆਂ ਗਿਣ ਲਉ ਬਈ ਪੰਜਾਬੀਉ, ਮੁਆਵਜ਼ਾ ਆ ਰਿਹੈ।

ਅਕਾਲੀਆਂ ਨੇ ਪੰਜਾਬ ਨੂੰ ਲੁੱਟਣ ਦੀ ਆਦਤ ਨਹੀਂ ਛੱਡੀ- ਭਗਵੰਤ ਮਾਨ
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।

ਮੈਂ ਟਰੰਪ ਅਤੇ ਪੁਤਿਨ ਤੋਂ ਤੰਗ ਆ ਚੁੱਕਿਆ ਹਾਂ- ਸਟਾਰਮਰ 
ਪਰ੍ਹੇ ‘ਚ ਆ ਕੇ ਕੈਦੋ ਨੇ ਮੱਗ ਮਾਰੀ, ਗੱਲਾਂ ਵੇਖ ਲਉ ਅੱਲ ਵਲੱਲੀਆਂ ਨੇ।

ਨਾਟੋ ਦੇ ਫ਼ੈਸਲੇ ਨੂੰ ਕਦੇ ਨਹੀਂ ਭੁੱਲਾਂਗਾ- ਟਰੰਪ
ਮੇਰੀ ਚੱਪਣੀ ਵਗਾਹ ਕੇ ਮਾਰੀ, ਛੜਿਆਂ ਦੇ ਗਈ ਅੱਗ ਨੂੰ।

‘ਜਥੇਦਾਰ’ ਸਰਕਾਰ ਦੀ ਥਾਂ ਪੰਥ ਵਲ ਦੇਖਣ- ਦਲ ਖ਼ਾਲਸਾ
ਮੈਂ ਦੁੱਖ ਮਿੱਤਰਾਂ ਕੋਲ ਰੋਵਾਂ, ਕੰਤ ਨਿਆਣੇ ਦਾ।

ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਦਿਤੀ ਖੁੱਲ੍ਹੀ ਚੁਣੌਤੀ- ਇਕ ਖ਼ਬਰ
ਨੀਂ ਛੜੇ ਅੱਜ ਭਜਨ ਕੁਰੇ, ਹੋ ਕੇ ਸ਼ਰਾਬੀ ਬੁੱਕਦੇ।

 ਡਾ. ਨਵਜੋਤ ਕੌਰ ਸਿੱਧੂ ਨੇ ਬਣਾਈ ‘ ਭਾਰਤੀ ਰਾਸ਼ਟਰਵਾਦੀ ਪਾਰਟੀ’ ਸਿਆਸੀ ਪਾਰਟੀ- ਇਕ ਖ਼ਬਰ
ਮੈਂ ਵੀ ਦਿੰਨੀ ਆਂ, ਪੈਰਾਂ ਤੋਂ ਬੰਦਾ ਚੁੱਕ ਮੁੰਡਿਆ।

ਸੁਖਬੀਰ ਬਾਦਲ ਨੇ ਅੱਠ ਸਵਾਲਾਂ ਦੇ ਜਵਾਬ ਹਾਂ ਵਿਚ ਦਿਤੇ ਤਾਂ ਆਦੇਸ਼ ਸਾਜ਼ਿਸ਼ ਕਿਵੇਂ ਹੋ ਗਿਆ?- ਗਿ.ਹਰਪ੍ਰੀਤ ਸਿੰਘ
ਦੋ ਘੁੱਟ ਪੀ ਕੇ ਦਾਰੂ, ਪੈਰ ‘ਤੇ ਮੁੱਕਰ ਗਿਆ।