ਗਰਭ ਅਵਸਥਾ  ਇੱਕ ਮਾਂ ਦੇ ਅੰਦਰ ਜਨਮ ਲੈਂਦੀ ਨਵੀਂ ਦੁਨੀਆ - ਗੁਰਭਿੰਦਰ ਸਿੰਘ ਗੁਰੀ

ਮਾਂ ਬਣਨਾ ਸਿਰਫ਼ ਇੱਕ ਬੱਚੇ ਨੂੰ ਜਨਮ ਦੇਣਾ ਨਹੀਂ ਹੁੰਦਾ, ਸਗੋਂ ਇੱਕ ਔਰਤ ਦਾ ਦੁਬਾਰਾ ਜਨਮ ਲੈਣਾ ਵੀ ਹੁੰਦਾ ਹੈ।”
ਗਰਭ ਅਵਸਥਾ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਸੁੰਦਰ, ਸੰਵੇਦਨਸ਼ੀਲ ਅਤੇ ਅਨਮੋਲ ਸਫ਼ਰ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਇੱਕ ਔਰਤ ਆਪਣੇ ਅੰਦਰ ਇੱਕ ਨਵੀਂ ਜ਼ਿੰਦਗੀ ਨੂੰ ਪਲਦਾ ਮਹਿਸੂਸ ਕਰਦੀ ਹੈ। ਹਰ ਦਿਨ ਉਸ ਲਈ ਨਵਾਂ ਹੁੰਦਾ ਹੈ, ਹਰ ਧੜਕਣ ਇੱਕ ਨਵੀਂ ਖੁਸ਼ੀ ਲਿਆਉਂਦੀ ਹੈ ਅਤੇ ਹਰ ਹਿਲਜੁਲ ਉਸ ਨੂੰ ਮਾਂ ਬਣਨ ਦੇ ਅਹਿਸਾਸ ਦੇ ਨੇੜੇ ਲੈ ਜਾਂਦੀ ਹੈ।
ਗਰਭ ਅਵਸਥਾ ਖੁਸ਼ੀਆਂ ਨਾਲ ਭਰੀ ਹੋਣ ਦੇ ਨਾਲ ਨਾਲ ਜ਼ਿੰਮੇਵਾਰੀਆਂ ਅਤੇ ਸਾਵਧਾਨੀਆਂ ਦਾ ਸਮਾਂ ਵੀ ਹੁੰਦੀ ਹੈ। ਇਸ ਦੌਰਾਨ ਮਾਂ ਦੀ ਸਿਹਤ ਹੀ ਬੱਚੇ ਦੀ ਸਿਹਤ ਦਾ ਆਧਾਰ ਬਣਦੀ ਹੈ। ਇਸ ਲਈ ਹਰ ਗਰਭਵਤੀ ਔਰਤ ਨੂੰ ਆਪਣੇ ਖਾਣ-ਪੀਣ, ਜੀਵਨਸ਼ੈਲੀ, ਮਾਨਸਿਕ ਸਿਹਤ ਅਤੇ ਡਾਕਟਰੀ ਸਲਾਹ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਗਰਭ ਧਾਰਨ ਤੋਂ ਪਹਿਲਾਂ ਦੀ ਤਿਆਰੀ
ਜੇਕਰ ਤੁਸੀਂ ਬੱਚਾ ਕਰਨ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸਰੀਰ ਅਤੇ ਮਨ ਨੂੰ ਇਸ ਲਈ ਤਿਆਰ ਕਰੋ। ਇੱਕ ਮਾਹਿਰ ਲੇਡੀ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੈ।
ਡਾਕਟਰ ਤੁਹਾਨੂੰ ਇਹ ਸਲਾਹ ਦਿੰਦੇ ਹਨ ਕਿ :
ਸਰੀਰ ਵਿੱਚ ਖੂਨ ਦੀ ਘਾਟ ਤਾਂ ਨਹੀਂ
ਥਾਇਰਾਇਡ ਜਾਂ ਸ਼ੂਗਰ ਵਰਗੀ ਕੋਈ ਸਮੱਸਿਆ ਤਾਂ ਨਹੀਂ
ਪਹਿਲਾਂ ਕੋਈ ਗਰਭਪਾਤ ਜਾਂ ਜਣੇਪੇ ਦੀ ਮੁਸ਼ਕਲ ਤਾਂ ਨਹੀਂ ਆਈ
ਟੀਕਾਕਰਨ ਪੂਰਾ ਹੈ ਜਾਂ ਨਹੀਂ
ਕਿਹੜੀਆਂ ਦਵਾਈਆਂ ਸੁਰੱਖਿਅਤ ਹਨ ਅਤੇ ਕਿਹੜੀਆਂ ਨਹੀਂ
ਗਰਭ ਧਾਰਨ ਤੋਂ ਪਹਿਲਾਂ ਦੰਦਾਂ ਅਤੇ ਮਸੂੜਿਆਂ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਗਰਭ ਅਵਸਥਾ ਦੌਰਾਨ ਕਈ ਇਲਾਜ ਮੁਸ਼ਕਲ ਹੋ ਜਾਂਦੇ ਹਨ।
ਗਰਭਵਤੀ ਹੋਣ ਦੀਆਂ ਪਹਿਲੀਆਂ ਨਿਸ਼ਾਨੀਆਂ
ਗਰਭ ਅਵਸਥਾ ਦੀ ਸ਼ੁਰੂਆਤ ਵਿੱਚ ਔਰਤ ਦੇ ਸਰੀਰ ਵਿੱਚ ਕਈ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ।
ਆਮ ਲੱਛਣ :
ਮਹਾਵਾਰੀ ਰੁਕ ਜਾਣਾ
ਉਲਟੀਆਂ ਜਾਂ ਦਿਲ ਮਿਚਲਾਉਣਾ
ਥਕਾਵਟ ਮਹਿਸੂਸ ਹੋਣਾ
ਬਾਰ-ਬਾਰ ਪੇਸ਼ਾਬ ਆਉਣਾ
ਛਾਤੀਆਂ ਵਿੱਚ ਨਰਮੀ
ਸਵਾਦ ਅਤੇ ਸੁਗੰਧ ਵਿੱਚ ਬਦਲਾਅ
ਕਬਜ਼ ਜਾਂ ਗੈਸ ਦੀ ਸਮੱਸਿਆ
ਇਹ ਲੱਛਣ ਸਰੀਰ ਵਿੱਚ ਹੋ ਰਹੇ ਹਾਰਮੋਨਲ ਬਦਲਾਅ ਕਰਕੇ ਹੁੰਦੇ ਹਨ।
ਗਰਭ ਅਵਸਥਾ ਦੌਰਾਨ ਖੁਰਾਕ
ਇਸ ਦੌਰਾਨ ਮਾਂ ਜੋ ਕੁਝ ਖਾਂਦੀ ਹੈ, ਉਸ ਦਾ ਅਸਰ ਸਿੱਧਾ ਬੱਚੇ ‘ਤੇ ਪੈਂਦਾ ਹੈ। ਇਸ ਲਈ ਖੁਰਾਕ ਪੌਸ਼ਟਿਕ ਅਤੇ ਸੰਤੁਲਿਤ ਹੋਣੀ ਚਾਹੀਦੀ ਹੈ।
ਜ਼ਰੂਰੀ ਖੁਰਾਕ :
ਦੁੱਧ ਅਤੇ ਦਹੀਂ
ਹਰੀ ਸਬਜ਼ੀਆਂ
ਦਾਲਾਂ ਅਤੇ ਅਨਾਜ
ਮੌਸਮੀ ਫਲ
ਸੁੱਕੇ ਮੇਵੇ
ਪ੍ਰੋਟੀਨ ਅਤੇ ਆਇਰਨ ਵਾਲੀਆਂ ਚੀਜ਼ਾਂ
ਗਰਭਵਤੀ ਔਰਤ ਨੂੰ ਹਰ ਰੋਜ਼ ਆਮ ਦਿਨਾਂ ਨਾਲੋਂ ਲਗਭਗ 300 ਵਾਧੂ ਕੈਲਰੀਆਂ ਦੀ ਲੋੜ ਹੁੰਦੀ ਹੈ।
ਕੀ ਨਾ ਖਾਓ :
ਜ਼ਿਆਦਾ ਚਾਹ ਜਾਂ ਕੌਫ਼ੀ
ਸ਼ਰਾਬ ਅਤੇ ਤੰਬਾਕੂ
ਬਿਨਾਂ ਡਾਕਟਰ ਦੀ ਸਲਾਹ ਦਵਾਈਆਂ
ਬੇਲੋੜੀ ਡਾਈਟਿੰਗ
ਮਾਂ ਦੀ ਮਾਨਸਿਕ ਸਿਹਤ ਵੀ ਜ਼ਰੂਰੀ
ਕਈ ਔਰਤਾਂ ਗਰਭ ਅਵਸਥਾ ਦੌਰਾਨ ਡਰ, ਘਬਰਾਹਟ ਜਾਂ ਤਣਾਅ ਮਹਿਸੂਸ ਕਰਦੀਆਂ ਹਨ। ਪਰ ਇਹ ਸਮਾਂ ਖੁਸ਼ ਰਹਿਣ ਦਾ ਹੁੰਦਾ ਹੈ।
ਆਪਣੇ ਮਨ ਦੀ ਹਰ ਗੱਲ ਆਪਣੇ ਪਤੀ ਅਤੇ ਪਰਿਵਾਰ ਨਾਲ ਸਾਂਝੀ ਕਰੋ। ਚੰਗੀਆਂ ਕਿਤਾਬਾਂ ਪੜ੍ਹੋ, ਮਿੱਠਾ ਸੰਗੀਤ ਸੁਣੋ ਅਤੇ ਸਕਾਰਾਤਮਕ ਸੋਚ ਰੱਖੋ। ਮਾਂ ਦੀ ਹਰ ਭਾਵਨਾ ਦਾ ਪ੍ਰਭਾਵ ਬੱਚੇ ‘ਤੇ ਵੀ ਪੈਂਦਾ ਹੈ।
ਕਸਰਤ ਅਤੇ ਆਰਾਮ
ਹਲਕੀ ਕਸਰਤ, ਯੋਗਾ ਅਤੇ ਟਹਿਲਣਾ ਮਾਂ ਅਤੇ ਬੱਚੇ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ।
ਕਸਰਤ ਨਾਲ :
ਸਰੀਰ ਲਚਕੀਲਾ ਰਹਿੰਦਾ ਹੈ
ਭਾਰ ਕੰਟਰੋਲ ਰਹਿੰਦਾ ਹੈ
ਡਿਲਿਵਰੀ ਆਸਾਨ ਹੋ ਸਕਦੀ ਹੈ
ਪਰ ਜ਼ਿਆਦਾ ਭਾਰੀ ਕਸਰਤ ਤੋਂ ਬਚਣਾ ਚਾਹੀਦਾ ਹੈ।
ਗਰਭਪਾਤ ਦੇ ਲੱਛਣ
ਜੇਕਰ ਹੇਠਲੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਕੋਲ ਜਾਓ :
ਪੇਟ ਦੇ ਹੇਠਲੇ ਹਿੱਸੇ ਵਿੱਚ ਤੇਜ਼ ਦਰਦ
ਖੂਨ ਆਉਣਾ
ਗੁਲਾਬੀ ਜਾਂ ਸਲੇਟੀ ਰਸਾਅ
ਕਈ ਦਿਨਾਂ ਤੱਕ ਬਲੀਡਿੰਗ
ਸਮੇਂ ‘ਤੇ ਇਲਾਜ ਨਾਲ ਕਈ ਵਾਰ ਖਤਰਾ ਟਾਲਿਆ ਜਾ ਸਕਦਾ ਹੈ।
ਗਰਭ ਅਵਸਥਾ ਦੇ 9 ਮਹੀਨੇ : ਬੱਚੇ ਦਾ ਅਦਭੁੱਤ ਵਿਕਾਸ
ਪਹਿਲਾ ਮਹੀਨਾ
ਭਰੂਣ ਬਣਨਾ ਸ਼ੁਰੂ ਹੁੰਦਾ ਹੈ। ਮਾਂ ਨੂੰ ਥਕਾਵਟ ਅਤੇ ਉਲਟੀਆਂ ਮਹਿਸੂਸ ਹੋ ਸਕਦੀਆਂ ਹਨ।
ਦੂਜਾ ਮਹੀਨਾ
ਬੱਚੇ ਦਾ ਦਿਲ ਧੜਕਣਾ ਸ਼ੁਰੂ ਕਰ ਦਿੰਦਾ ਹੈ। ਹੱਥ-ਪੈਰ ਅਤੇ ਚਿਹਰੇ ਦੇ ਅੰਗ ਬਣਣ ਲੱਗਦੇ ਹਨ।
ਤੀਜਾ ਮਹੀਨਾ
ਬੱਚੇ ਦਾ ਦਿਮਾਗ ਅਤੇ ਅੰਦਰੂਨੀ ਅੰਗ ਤੇਜ਼ੀ ਨਾਲ ਵਿਕਸਤ ਹੁੰਦੇ ਹਨ।
ਚੌਥਾ ਅਤੇ ਪੰਜਵਾਂ ਮਹੀਨਾ
ਮਾਂ ਨੂੰ ਬੱਚੇ ਦੀ ਹਰਕਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ।
ਛੇਵਾਂ ਅਤੇ ਸੱਤਵਾਂ ਮਹੀਨਾ
ਬੱਚਾ ਆਵਾਜ਼ਾਂ ਪਛਾਣਣ ਲੱਗ ਪੈਂਦਾ ਹੈ।
ਅੱਠਵਾਂ ਮਹੀਨਾ
ਬੱਚਾ ਸਾਹ ਲੈਣ ਅਤੇ ਦੁੱਧ ਪੀਣ ਦਾ ਅਭਿਆਸ ਕਰਦਾ ਹੈ।
ਨੌਵਾਂ ਮਹੀਨਾ
ਹੁਣ ਬੱਚਾ ਦੁਨੀਆ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ।
ਗਰਭ ਅਵਸਥਾ ਦੌਰਾਨ ਖਤਰੇ ਦੇ ਚਿੰਨ੍ਹ
ਬਲੱਡ ਪ੍ਰੈਸ਼ਰ ਵੱਧ ਜਾਣਾ
ਬੱਚੇ ਦੀ ਹਰਕਤ ਘੱਟ ਹੋਣਾ
ਤੇਜ਼ ਸਿਰਦਰਦ
ਧੁੰਦਲਾ ਦਿਖਣਾ
ਸਰੀਰ ਵਿੱਚ ਖ਼ੂਨ ਦੀ ਘਾਟ
ਬੁਖਾਰ ਜਾਂ ਦੱਫੜ
ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਹਵਾਈ ਸਫ਼ਰ ਅਤੇ ਹੋਰ ਸਾਵਧਾਨੀਆਂ
ਗਰਭ ਅਵਸਥਾ ਦੇ ਅੰਤਲੇ ਮਹੀਨਿਆਂ ਵਿੱਚ ਹਵਾਈ ਸਫ਼ਰ ਤੋਂ ਬਚਣਾ ਚਾਹੀਦਾ ਹੈ।
ਇਸ ਤੋਂ ਇਲਾਵਾ :
ਕਬਜ਼ ਨਾ ਹੋਣ ਦਿਓ
ਪਿਸ਼ਾਬ ਨਾ ਰੋਕੋ
ਮੱਛਰਾਂ ਤੋਂ ਬਚਾਅ ਕਰੋ
ਜ਼ਿਆਦਾ ਥਕਾਵਟ ਤੋਂ ਬਚੋ
ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖੋ
ਗਰਭ ਅਵਸਥਾ : ਜ਼ਿੰਦਗੀ ਦੀ ਸਭ ਤੋਂ ਸੁੰਦਰ ਯਾਦ
ਗਰਭ ਅਵਸਥਾ ਦੌਰਾਨ ਕੁਝ ਤਸਵੀਰਾਂ ਜ਼ਰੂਰ ਖਿੱਚਵਾਓ। ਇਹ ਸਿਰਫ਼ ਤਸਵੀਰਾਂ ਨਹੀਂ ਹੁੰਦੀਆਂ, ਸਗੋਂ ਉਹ ਯਾਦਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡਾ ਬੱਚਾ ਆਉਣ ਵਾਲੇ ਸਾਲਾਂ ਤੱਕ ਪਿਆਰ ਨਾਲ ਦੇਖੋਗੇ।
ਜਦੋਂ ਬੱਚਾ ਵੱਡਾ ਹੋ ਕੇ ਇਹ ਤਸਵੀਰਾਂ ਵੇਖੇਗਾ ਤਾਂ ਉਸ ਨੂੰ ਮਹਿਸੂਸ ਹੋਵੇਗਾ ਕਿ ਉਹ ਮਾਂ ਦੀ ਕੁੱਖ ਵਿੱਚ ਕਿੰਨਾ ਪਿਆਰ ਅਤੇ ਉਡੀਕ ਨਾਲ ਪਲਿਆ ਸੀ।

ਮਾਂ ਬਣਨਾ ਰੱਬ ਦੀ ਸਭ ਤੋਂ ਸੁੰਦਰ ਨੇਮਤ ਹੈ। ਗਰਭ ਅਵਸਥਾ ਦੌਰਾਨ ਡਰਣ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਸਹੀ ਖੁਰਾਕ, ਡਾਕਟਰੀ ਸਲਾਹ, ਪਿਆਰ ਭਰਾ ਮਾਹੌਲ ਅਤੇ ਸਕਾਰਾਤਮਕ ਸੋਚ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਹਰ ਮਾਂ ਦੀ ਮੁਸਕਾਨ ਵਿੱਚ ਇੱਕ ਨਵੀਂ ਦੁਨੀਆ ਵੱਸਦੀ ਹੈ… ਅਤੇ ਹਰ ਬੱਚੇ ਦੀ ਪਹਿਲੀ ਧੜਕਣ ਨਾਲ ਇੱਕ ਨਵੀਂ ਕਹਾਣੀ ਜਨਮ ਲੈਂਦੀ ਹੈ।

ਗੁਰਭਿੰਦਰ ਸਿੰਘ ਗੁਰੀ
+44 7951 590424