
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਇਹ ਜੀਵਨ ਹੈ ਚਾਰ ਦਿਹਾੜੇ , ਖੁਸ਼ ਰਹਿ ਕੇ ਵਕਤ ਟਪਾਇਆ ਕਰ।
ਝੂਠ ਮਕਾਰੀ ਧੋਖਾ ਠੱਗੀ, ਇਹ ਕਰਨ ਸਮੇਂ ਘਬਰਾਇਆ ਕਰ।
ਇਹ ਵੀ ਤੇਰੇ ਵਰਗੇ ਹੀ ਨੇ, ਹੱਕ ਜਿਨ੍ਹਾਂ ਦਾ ਖੋਹਕੇ ਖਾਨੈਂ,
ਅਪਣਾ ਨਾਂ ਚਮਕਾਵਣ ਖਾਤਰ, ਮਾੜੇ ਤੇ ਜਬਰ ਨਾ ਢਾਇਆ ਕਰ।
ਜੋ ਦਿਨ ਰਾਤੀਂ ਮਿਹਨਤ ਕਰਕੇ, ਢਿੱਡ ਅਵਾਮ ਦਾ ਭਰਨ ਹਮੇਸ਼ਾਂ,
ਮਿਹਨਤਕਸ਼ ਦਾ ਸੰਗ ਵਿਹਲੜਾਂ, ਨਾ ਜੋਰ ਸਬਰ ਅਜਮਾਇਆ ਕਰ।
ਬੇਈਮਾਨਾਂ ਚੋਰਾਂ ਠੱਗਾਂ, ਤੋਂ ਜੇ ਦੇਸ਼ ਬਚਾਉਣਾਂ ਚੌਹਨੈਂ,
ਵੋਟਾਂ ਪਾਵਣ ਵੇਲੇ ਸੱਜਣਾ, ਤੂੰ ਵੋਟ ਸਮਝ ਕੇ ਪਾਇਆ ਕਰ।
ਜੇਕਰ ਤੱਕਣਾ ਚੌਹਨਾਂ ਏ ਤੂੰ, ਉਜਲਾ ਹੋਇਆ ਭਵਿੱਖ ਮੁਲਕ ਦਾ,
ਜਾਂਦੀ ਨਸ਼ਿਆਂ ਵੱਲ ਜਵਾਨੀ, ਦੇ ਤਾਈਂ ਬਹਿ ਸਮਝਾਇਆ ਕਰ।
ਸਿੱਧੂ ਕਹਿ ਸਰਕਾਰਾਂ ਨੂੰ ਇਹ, ਕਾਮੇ ਦੇਸ਼ ਦੇ ਰੀੜ ਦੀ ਹੱਡੀ,
ਇੰਨਾਂ ਕਾਮੇ ਤੇ ਮਜ਼ਦੂਰਾਂ, ਦਾ ਦੁੱਖ ਦਰਦ ਵੰਡਾਇਆ ਕਰ।