
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਆਪਸ ਦੇ ਵਿੱਚ ਖਤਮ ਰਿਹਾ ਹੋ, ਦੱਸੋ ਹੈ ਕਿਉਂ ਸਤਿਕਾਰ ਹੁਣ।
ਰੇਤ ਤਰ੍ਹਾਂ ਕਿਉਂ ਕਿਰਦਾ ਜਾਂਦਾ, ਹੈ ਬੰਦੇ ਦਾ ਕਿਰਦਾਰ ਹੁਣ।
ਸਭ ਕੁਝ ਹੁੰਦੇ ਹੋਏ ਵੀ ਉਹ, ਘਰ ਕਬਰਾਂ ਦੇ ਵਰਗੇ ਬਣੇ,
ਜਿਸ ਘਰ ਦੇ ਵਿਚ ਮਾਂ ਪਿਉ ਦਾ ਵੀ, ਨਾ ਹੁੰਦਾ ਹੈ ਸਤਿਕਾਰ ਹੁਣ।
ਇਹ ਧਰਤੀ ਅੰਬਰ ਬਨਸਪਤੀ, ਖੁਸ਼ਬੂ ਤਾਰੇ ਤੇ ਚੰਨ ਹਵਾ।
ਸਾਫ ਕਿਵੇਂ ਰਖਣੇ ਹਨ ਸਾਰੇ, ਇਹ ਅਪਣਾ ਹੈ ਅਧਿਕਾਰ ਹੁਣ।
ਦਰਿਆ ਪਰਬਤ ਜੰਗਲ ਬੇਲੇ, ਸਭ ਜੀਵਨ ਦਾ ਹੀ ਸਰੋਤ ਨੇ,
ਬੰਦੇ ਨੇ ਤਾਂ ਖੁਦ ਹੀ ਰੱਖੇ, ਇੰਨਾਂ ਦੇ ਵਿਚ ਅੰਗਾਰ ਹੁਣ।
ਹਿੰਦੂ ਮੁਸਲਿਮ ਸਿੱਖ ਇਸਾਈ, ਜੰਮਣ ਵੇਲੇ ਹੈ ਕੌਣ ਸੀ,
ਬੰਦੇ ਦੀ ਹਉਂਮੈ ਨੇ ਕੀਤੀ, ਧਰਮਾਂ ਦੀ ਇਹ ਦੀਵਾਰ ਹੁਣ।
ਮੋਹ ਮੁਹੱਬਤ ਖਤਮ ਹੋ ਗਏ, ਪੈ ਗਈ ਘਰ ਘਰ ਵਿਚ ਵੰਡ ਹੈ,
ਤਾਂ ਹੀ ਪਹਿਲਾਂ ਵਾਂਗ ਨੀ ਵਸਦੇ, ਸੁੱਖੀ ਸਾਡੇ ਪਰਵਾਰ ਹੁਣ।
ਇਨਸਾਨੀਅਤ ਨੂੰ ਘੁਣ ਵਾਂਗੂੰ, ਪੈਸਾ ਹੈ ਵੇਖੋ ਖਾ ਰਿਹਾ,
ਤਾਂ ਹੀ ਸਿੱਧੂ ਆਪਣਿਆਂ ਵਿੱਚ, ਵਧ ਦੀ ਜਾਂਦੀ ਤਕਰਾਰ ਹੁਣ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
+4917664197996