
ਕਾਮਾਗਾਟਾ ਮਾਰੂ ਤੋਂ ‘ਗੁਰੂ ਨਾਨਕ ਜਹਾਜ਼’ ਤੱਕ: ਨਸਲਵਾਦੀ ਜਬਰ ਖ਼ਿਲਾਫ਼ ਮਾਨਵਵਾਦੀ ਸਬਰ ਦੀ ਇਤਿਹਾਸਿਕ ਜਿੱਤ - ਹਰਦਮ ਮਾਨ
ਕੈਨੇਡਾ ਦਾ ਇਤਿਹਾਸ ਜਿੱਥੇ ਵਿਕਾਸ ਅਤੇ ਵਿਭਿੰਨਤਾ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ, ਉੱਥੇ ਹੀ ਇਸ ਦੇ ਅਤੀਤ ਵਿੱਚ ਨਸਲਵਾਦ ਅਤੇ ਵਿਤਕਰੇ ਦੇ ਕੁਝ ਅਜਿਹੇ ਕਾਲੇ ਪੰਨੇ ਵੀ ਦਰਜ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਅਤੇ ਦਰਦਨਾਕ ਘਟਨਾ 1914 ਦਾ ਕਾਮਾਗਾਟਾ ਮਾਰੂ ਦੁਖਾਂਤ ਹੈ, ਜਿਸ ਨੂੰ ਹੁਣ ਇਸ ਦੇ ਸਹੀ ਅਤੇ ਇਤਿਹਾਸਿਕ ਨਾਂ 'ਗੁਰੂ ਨਾਨਕ ਜਹਾਜ਼' ਵਜੋਂ ਮਾਨਤਾ ਦੇ ਕੇ ਕੈਨੇਡਾ ਆਪਣੀਆਂ ਇਤਿਹਾਸਿਕ ਗ਼ਲਤੀਆਂ ਨੂੰ ਸੁਧਾਰਨ ਵੱਲ ਕਦਮ ਵਧਾ ਰਿਹਾ ਹੈ।
ਸਾਲ 1914 ਦੀ ਬਸੰਤ ਵਿੱਚ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦੀ ਇੱਕ ਕਮੇਟੀ ਨੇ ਸਿੰਗਾਪੁਰ ਤੋਂ 'ਕਾਮਾਗਾਟਾ ਮਾਰੂ' ਨਾਮਕ ਸਮੁੰਦਰੀ ਜਹਾਜ਼ ਨੂੰ ਚਾਰਟਰ (ਕਿਰਾਏ 'ਤੇ) ਕੀਤਾ। ਪਹਿਲੇ ਸਿੱਖ ਗੁਰੂ ਦੇ ਨਾਂ 'ਤੇ ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਭਾਰਤੀ ਪ੍ਰਵਾਸੀਆਂ ਨੂੰ ਕੈਨੇਡਾ ਲੈ ਕੇ ਜਾਣਾ ਅਤੇ ਉੱਥੋਂ ਦੀਆਂ ਨਸਲਵਾਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਚੁਣੌਤੀ ਦੇਣਾ ਸੀ।
ਇਹ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੇ ਸਮੁੰਦਰੀ ਤੱਟ (ਬੁੱਰਾਰਡ ਇਨਲੇਟ) 'ਤੇ ਪਹੁੰਚਿਆ। ਜਹਾਜ਼ ਵਿੱਚ ਕੁੱਲ 376 ਮੁਸਾਫ਼ਿਰ ਸਵਾਰ ਸਨ, ਜਿਨ੍ਹਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ (ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ 18 ਤੋਂ 30 ਸਾਲ ਦੇ ਨੌਜਵਾਨ ਅਤੇ ਕਈ ਭਾਰਤੀ ਫ਼ੌਜ ਦੇ ਸਾਬਕਾ ਸੈਨਿਕ ਸਨ)। ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਕੋਲ ਸਾਮਰਾਜ ਵਿੱਚ ਕਿਤੇ ਵੀ ਜਾਣ ਦਾ ਹੱਕ ਸੀ ਪਰ ਕੈਨੇਡਾ ਦੀ ਤਤਕਾਲੀ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ।
ਕੈਨੇਡਾ ਨੇ ਭਾਰਤੀਆਂ ਨੂੰ ਰੋਕਣ ਲਈ 'ਕੰਟੀਨਿਊਅਸ ਜਰਨੀ ਪ੍ਰੋਵਿਜ਼ਨ' (Continuous Journey Provision) ਵਰਗੇ ਸਖ਼ਤ ਅਤੇ ਪੱਖਪਾਤੀ ਕਾਨੂੰਨ ਬਣਾਏ ਹੋਏ ਸਨ, ਜਿਸ ਤਹਿਤ ਸਿਰਫ਼ ਉਹ ਵਿਅਕਤੀ ਹੀ ਭਾਰਤ ਤੋਂ ਕੈਨੇਡਾ ਆ ਸਕਦਾ ਸੀ ਜੋ ਬਿਨਾਂ ਰੁਕੇ ਸਿੱਧੇ ਸਫ਼ਰ ਰਾਹੀਂ ਆਇਆ ਹੋਵੇ (ਜੋ ਕਿ ਉਸ ਸਮੇਂ ਅਸੰਭਵ ਸੀ)।
ਜਹਾਜ਼ ਦੇ ਮੁਸਾਫ਼ਿਰਾਂ ਨੂੰ ਦੋ ਮਹੀਨਿਆਂ ਤੱਕ ਵੈਨਕੂਵਰ ਦੇ ਹਰਬਰ 'ਤੇ ਹੀ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਨੂੰ ਖਾਣ-ਪੀਣ ਅਤੇ ਪਾਣੀ ਤੋਂ ਵੀ ਵਾਂਝੇ ਰੱਖਿਆ ਗਿਆ। ਕੈਨੇਡੀਅਨ ਅਧਿਕਾਰੀਆਂ ਨੇ ਜਹਾਜ਼ 'ਤੇ ਕਬਜ਼ਾ ਕਰਨ ਲਈ ਹਥਿਆਰਬੰਦ ਫ਼ੌਜੀ ਜਹਾਜ਼ ਤੱਕ ਤਾਇਨਾਤ ਕਰ ਦਿੱਤੇ। ਅੰਤ 23 ਜੁਲਾਈ 1914 ਨੂੰ ਜਹਾਜ਼ ਨੂੰ ਜਬਰਨ ਵਾਪਸ ਮੋੜ ਦਿੱਤਾ ਗਿਆ। ਜਦੋਂ ਇਹ ਜਹਾਜ਼ 29 ਸਤੰਬਰ 1914 ਨੂੰ ਕੋਲਕਾਤਾ ਦੇ ਬਜਬਜ ਘਾਟ ਪਹੁੰਚਿਆ ਤਾਂ ਬ੍ਰਿਟਿਸ਼ ਪੁਲਿਸ ਨੇ ਮੁਸਾਫ਼ਿਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰੱਖਿਆ ਕਰਦੇ ਹੋਏ 20 ਯਾਤਰੀ ਸ਼ਹੀਦ ਹੋ ਗਏ ਅਤੇ ਕਈਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।
ਸਮਾਂ ਬਦਲਿਆ ਅਤੇ ਲੰਬੇ ਸੰਘਰਸ਼ ਤੋਂ ਬਾਅਦ ਕੈਨੇਡਾ ਸਰਕਾਰ ਅਤੇ ਵੈਨਕੂਵਰ ਸ਼ਹਿਰ ਨੇ ਇਸ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਲਈ ਅਧਿਕਾਰਤ ਤੌਰ 'ਤੇ ਮੁਆਫ਼ੀ ਮੰਗੀ। ਪਰ ਇਸ ਇਤਿਹਾਸ ਨੂੰ ਇਸ ਦੇ ਅਸਲ ਰੂਪ ਵਿੱਚ ਪੇਸ਼ ਕਰਨ ਲਈ ਇੱਕ ਹੋਰ ਵੱਡਾ ਕਦਮ ਹਾਲ ਹੀ ਵਿੱਚ ਲਿਆ ਗਿਆ ਹੈ। ਵੈਨਕੂਵਰ ਸਿਟੀ ਨੇ ਭਾਈਚਾਰਕ ਵਿਚਾਰ-ਵਟਾਂਦਰੇ ਤੋਂ ਬਾਅਦ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਸਥਿਤ ਯਾਦਗਾਰੀ ਸਾਈਨੇਜ ਪੈਨਲਾਂ (Signage Panels) ਉੱਪਰ 'ਕਾਮਾਗਾਟਾ ਮਾਰੂ' ਦੀ ਥਾਂ ਇਸ ਦਾ ਅਸਲੀ ਅਤੇ ਸਹੀ ਨਾਂ 'ਗੁਰੂ ਨਾਨਕ ਜਹਾਜ਼' ਬਹਾਲ ਕਰ ਦਿੱਤਾ ਹੈ। ਵੈਨਕੂਵਰ ਪ੍ਰਸ਼ਾਸਨ ਮੁਤਾਬਕ "ਜਹਾਜ਼ ਨੂੰ ਇਸ ਦੇ ਸਹੀ ਨਾਂ ਨਾਲ ਸੰਬੋਧਿਤ ਕਰਨਾ ਇਤਿਹਾਸਿਕ ਵਿਰਾਸਤ ਦਾ ਸੱਚਾ ਸਨਮਾਨ ਹੈ।"
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਨੁਮਾਇੰਦੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਰਾਜ ਸਿੰਘ ਪੰਡਾਲ ਨੇ ਵੈਨਕੂਵਰ ਸ਼ਹਿਰ ਦੇ ਇਸ ਫੈਸਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਵੀ ਜਲਦੀ ਹੀ ਆਪਣੇ ਮੁਆਫ਼ੀਨਾਮੇ ਵਿੱਚ ਸੋਧ ਕਰ ਕੇ 'ਗੁਰੂ ਨਾਨਕ ਜਹਾਜ਼' ਨਾਂ ਨੂੰ ਅਧਿਕਾਰਤ ਤੌਰ 'ਤੇ ਬਹਾਲ ਕਰੇਗੀ।
ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਵੈਨਕੂਵਰ ਦੇ 'ਹਰਬਰ ਗਰੀਨ ਪਾਰਕ' ਸਮੁੰਦਰੀ ਤੱਟ 'ਤੇ ਸਥਿਤ ਮੈਮੋਰੀਅਲ ਵਿਖੇ ਬੀਸੀ ਖਾਲਸਾ ਦਰਬਾਰ, ਵੈਨਕੂਵਰ ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਅਤੇ ਵੈਨਕੂਵਰ ਸਿਟੀ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਬੇਹੱਦ ਮਹੱਤਵਪੂਰਨ ਹੈ ਕਿ ਜਿਸ ਜਗ੍ਹਾ ਤੋਂ 112 ਸਾਲ ਪਹਿਲਾਂ ਸਿੱਖਾਂ ਅਤੇ ਹੋਰ ਭਾਰਤੀਆਂ ਨੂੰ ਨਸਲਵਾਦੀ ਜ਼ੁਲਮ ਤਹਿਤ ਦੁਤਕਾਰਿਆ ਗਿਆ ਸੀ, ਅੱਜ ਉਸੇ ਧਰਤੀ 'ਤੇ ਉਨ੍ਹਾਂ ਦੇ ਸਨਮਾਨ ਅਤੇ ਚੜ੍ਹਦੀ ਕਲਾ ਦੀ ਗੱਲ ਹੋ ਰਹੀ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਅੰਤ ਨੂੰ ਮਾਨਵਵਾਦੀ ਸਬਰ ਨੇ ਨਸਲਵਾਦੀ ਜਬਰ ਉੱਪਰ ਇੱਕ ਗੌਰਵਮਈ ਅਤੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ।