
ਚੁੰਝਾਂ-ਪ੍ਹੌਂਚੇ
19.05.2026
ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ- ਮੰਤਰੀ ਗੋਇਲ
ਲਾ ਦਿਆਂਗੇ ਲਾਲੇ ਦੀ ਵਹੀ ‘ਤੇ ਗੂਠਾ, ਗੱਲ ਕਿਹੜੀ ਆ !
ਮਾਨ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਕ੍ਰਾਈਮ ਅਤੇ ਡਰੱਗ ਦੀ ਰਾਜਧਾਨੀ ਬਣਾ ਦਿਤਾ- ਚੁੱਘ
ਚੁੱਘ ਸਾਬ, ਬਾਕੀ ਦੇਸ਼ ‘ਚ ਕਿਹੜਾ ਸਤਿਯੁਗ ਵਰਤਦਾ, ਬੰਗਾਲ ਵਲ ਵੀ ਜ਼ਰਾ ਨਿਗਾਹ ਮਾਰ ਲੈਂਦੇ।
ਐਨ.ਆਰ.ਆਈ. ਭਾਈਚਾਰੇ ਦੀ ਸੁਰੱਖਿਆ ਅਤੇ ਹੱਕਾਂ ਦੀ ਰੱਖਿਆ ਸਖ਼ਤੀ ਨਾਲ ਕੀਤੀ ਜਾਵੇਗੀ- ਡਾ. ਰਵਜੋਤ ਸਿੰਘ
ਹਰੇਕ ਸਰਕਾਰ ਇਹੋ ਜੁਮਲਾ ਦੁਹਰਾਉਂਦੀ ਹੈ ਪਰ ਪਰਨਾਲ਼ਾ ਉੱਥੇ ਦਾ ਉੱਥੇ ਹੀ ਰਹਿੰਦਾ।
ਗ਼ਲਤੀ ਮੋਦੀ ਸਰਕਾਰ ਦੀ, ਕੀਮਤ ਜੰਨਤਾ ਚੁਕਾਏਗੀ- ਰਾਹੁਲ ਗਾਂਧੀ
ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ।
ਐੱਸ.ਆਈ.ਆਰ. ਦੌਰਾਨ ਇਕ ਵੀ ਯੋਗ ਵੋਟ ਨਹੀਂ ਕੱਟਣ ਦਿਆਂਗੇ- ਭਗਵੰਤ ਮਾਨ
ਮਾਨ ਸਾਹਿਬ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਚਿੜੀਆਂ ਨੇ ਕਦੋਂ ਦੁੱਧ ਪੀ ਲਿਆ।
ਸਾਬਕਾ ਕੈਬਨਿਟ ਮੰਤਰੀ ਰੱਖੜਾ ਵੀ ‘ਆਪ’ ਵਿਚ ਸ਼ਾਮਲ- ਇਕ ਖ਼ਬਰ
ਮੈਂ ਦੇਖ ਲਿਆ ਜੱਗ ਸਾਰਾ, ਹੁਣ ਆਇਆ ਤੇਰੇ ਦੁਆਰੇ ‘ਤੇ।
ਮੀਰੀ ਪੀਰੀ ਟਰਸਟ ਮਾਮਲੇ ਨੂੰ ਹੁਣ ਸੁਪਰੀਮ ਕੋਰਟ ‘ਚ ਨਾ ਘਸੀਟਿਆ ਜਾਵੇ- ਜਗਦੀਸ਼ ਸਿੰਘ ਝੀਂਡਾ
ਖਿੱਚ ਕੇ ਕਾਲੀਨ ਪੈਰਾਂ ਹੇਠੋਂ ਸਾਡਿਉਂ, ਬਹਿ ਜਾਈਏ ਚੁੱਪ ਕਰ, ਮੱਤਾਂ ਸਾਨੂੰ ਦੇਂਵਦੇ।
ਇਰਾਨ ਜੰਗ ਕਾਰਨ ਬ੍ਰਿਕਸ ਦੇਸ਼ਾਂ ਵਿਚਾਲੇ ਵਧੀਆਂ ਦੂਰੀਆਂ- ਇਕ ਖ਼ਬਰ
ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ।
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫ਼ਾ ਦੇਣ ਤੋਂ ਕੀਤਾ ਕੋਰਾ ਇਨਕਾਰ- ਇਕ ਖ਼ਬਰ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
117 ਵਿਧਾਇਕਾਂ ‘ਚੋਂ 36 ਨੇ ਅਜੇ ਤੱਕ ਆਪਣੀ ਜਾਇਦਾਦ ਦਾ ਵੇਰਵਾ ਨਹੀਂ ਦਿਤਾ- ਇਕ ਖ਼ਬਰ
ਅਜੇ ਛੇ ਮਹੀਨੇ ਹੋਰ ਠਹਿਰ ਜਾਉ, ਇਕੱਠਾ ਹੀ ਹਿਸਾਬ ਪੁੱਛ ਲਇਉ।
ਬੇਅਦਬੀ ਕਾਨੂੰਨ ਬਾਰੇ ਅਕਾਲੀ ਦਲ ਕਿਸ ਹੈਸੀਅਤ ‘ਚ ਸ਼੍ਰੋਮਣੀ ਕਮੇਟੀ ਨੂੰ ਦੇ ਰਿਹੈ ਹਦਾਇਤਾਂ- ਰਵੀਇੰਦਰ ਸਿੰਘ
ਹੈਸੀਅਤ ਕੁਰਸੀ ਨਾਲ ਬੱਝੀ ਹੁੰਦੀ ਐ ਤੇ ਅਗਲਾ ਕੁਰਸੀ ‘ਤੇ ਬੈਠਾ।
ਮੀਰੀ-ਪੀਰੀ ਮੈਡੀਕਲ ਕਾਲਜ ਦੇ ਮਾਮਲੇ ‘ਚ ਹਰਿਆਣਾ ਗੁਰਦੁਆਰਾ ਕਮੇਟੀ ਦੀ ਵੱਡੀ ਜਿੱਤ- ਇਕ ਖ਼ਬਰ
ਆਈ ਐ ਮੋਰਚਾ ਜਿੱਤ ਕੇ, ਗੁਰੂ ਜੀ ਤੇਰੀ ਫੌਜ ਰੰਗਲੀ।
ਬਠਿੰਡਾ ‘ਚ ਭਾਜਪਾ ਤੇ ‘ਆਪ’ ਆਗੂ ਹੋਏ ਆਹਮੋ-ਸਾਹਮਣੇ- ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।
ਜੰਗ ਰੋਕਣ ਲਈ ਟਰੰਪ ਨੇ ਇਰਾਨ ਦਾ ਪ੍ਰਸਤਾਵ ਕੀਤਾ ਰੱਦ- ਇਕ ਖ਼ਬਰ
ਗੱਲ ਸਿਰੇ ਲੱਗਣ ਨਹੀਂ ਦੇਣੀ, ਕਾਨਾ ਟਿੰਡ ‘ਚ ਫ਼ਸਾਈ ਰੱਖਣਾ।
ਤਾਇਵਾਨ ਦੇ ਮੁੱਦੇ ‘ਤੇ ਚੀਨ ਦੀ ਟਰੰਪ ਨੂੰ ਸਿੱਧੀ ਧਮਕੀ- ਇਕ ਖ਼ਬਰ
ਪਰੇ ਹਟ ਜਾ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲੀਏ।
==========================================================