ਚੁੰਝਾਂ-ਪ੍ਹੌਂਚੇ

01.06.2026

ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੀਆਂ ਮੰਗਾਂ ਲਈ ਦੇਵੇਗਾ ਮੰਗ ਪੱਤਰ- ਗੁਰਪ੍ਰਤਾਪ ਸਿੰਘ ਵਡਾਲਾ

ਮੇਰੀ ਚੱਪਣੀ ਵਗਾਹ ਕੇ ਮਾਰੀ, ਛੜਿਆਂ ਦੇ ਗਈ ਅੱਗ ਨੂੰ।

ਵਿੱਤ ਮੰਤਰੀ ਨੇ ਮੋਦੀ ਵਲੋਂ ਦਿਤੇ ਬਿਆਨ ਦਾ ਕੀਤਾ ਬਚਾਅ- ਇਕ ਖ਼ਬਰ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਸਮੂਹ ਸਿੱਖ ਜਥੇਬੰਦੀਆਂ ਜਗਦੀਸ਼ ਸਿੰਘ ਝੀਂਡਾ ਦੇ ਸਮਰਥਨ ‘ਚ ਖੜ੍ਹੀਆਂ ਹੋਣ- ਜਗਤਾਰ ਸਿੰਘ ਜਾਚਕ

ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।

15 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਦਾ ਮੁੱਦਾ ਕਿਉਂ ਨਹੀਂ ਚੁੱਕਦੇ ਪਰਮਜੀਤ ਸਿੰਘ ਸਰਨਾ- ਕਾਲਕਾ                                                                                                                    

ਹਿਜ਼ ਮਾਸਟਰਜ਼ ਵਾਇਸ। ‘ਮਾਲਕ’ ਦੇ ਹੁਕਮ ਮੁਤਾਬਿਕ ਹੀ ਬੋਲਣਗੇ ਭਾਈ।

ਭਾਰਤ ਸਾਡਾ ਸਭ ਤੋਂ ਵੱਡਾ ਰਣਨੀਤਕ ਸਾਥੀ- ਰੂਬੀਓ

ਤੈਨੂੰ ਚੰਦ ਦੇ ਬਹਾਨੇ ਦੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।

ਰਵਨੀਤ ਸਿੰਘ ਬਿੱਟੂ ਨੇ ਪੰਜਾਬ ਪੁਲਿਸ ਨਾਲ ਬਦਸਲੂਕੀ ਕੀਤੀ- ਅਮਨ ਅਰੋੜਾ

ਚੁੱਕੀ ਹੋਈ ਪੰਚਾਂ ਦੀ, ਗਾਲ਼ ਬਿਨਾਂ ਨਾ ਬੋਲੇ।

ਸੌਦਾ ਸਾਧ ਦੇ ਮੁੜ 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਉਸ ਦੇ ਚੇਲੇ ਬਾਗੋ-ਬਾਗ਼- ਇਕ ਖ਼ਬਰ

ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।

ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁਲਿਸ ਵਲੋਂ ਸਿੱਖਾਂ ਦੇ ਸ਼ਸਤਰ ਜ਼ਬਤ, ਪਰਚੇ ਦਰਜ- ਇਕ ਖ਼ਬਰ

ਭਾਜਪਾ ਦੇ ਚਹੇਤੇ ਸ਼੍ਰੀਮਾਨ ਹਰਨਾਮ ਸਿੰਘ ਧੁੰਮਾ ਜੀ ਕਿੱਥੇ ਹਨ ਬਈ?

ਮੋਦੀ ਸਰਕਾਰ ਵੱਡੇ ਕਾਰਪੋਰੇਟਾਂ ਨੂੰ ਲਾਭ ਦੇਣ ਲਈ ਆਮ ਲੋਕਾਂ ‘ਤੇ ਪਾ ਰਹੀ ਬੋਝ- ਹਰਪਾਲ ਚੀਮਾ

ਦੋ ਧੜਿਆਂ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।

ਮੋਦੀ ਸਰਕਾਰ ਨੇ ਦੇਸ਼ ਦੇ ਹਿਤਾਂ ਨੂੰ ਅਮਰੀਕਾ ਕੋਲ ਗਹਿਣੇ ਰੱਖਿਆ- ਕੁਲਦੀਪ ਧਾਲੀਵਾਲ

ਘੜਾ ਘਰੋਟੀ ਵੇਚ ਗਿਆ ਨੀਂ ਮਰ ਜਾਣਾ ਅਮਲੀ।

ਪੰਜਾਬ ‘ਚ ਆਗਾਮੀ ਚੋਣਾਂ ਵਿਚ ਕਿਸੇ ਵੀ ਸਿਆਸੀ ਦਲ ਨਾਲ ਨਹੀਂ ਹੋਵੇਗਾ ਸਮਝੌਤਾ- ਨਾਇਬ ਸਿੰਘ ਸੈਣੀ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਨਾਇਬ ਸਿੰਘ ਸੈਣੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਮੇਰੇ ਭੁੱਖ ਨਾ ਕਲੇਜਿਉਂ ਜਾਵੇ, ਮਿੱਤਰਾਂ ਦੇ ਮਿਲਣੇ ਦੀ।

ਮੋਦੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਤਬਾਹ ਕਰਨ ਦੀ ਸਾਜ਼ਿਸ਼ ਰਚੀ- ਖੜਗੇ

ਕਿਹੜੇ ਰੱਬ ਦੇ ਕੀਰਨੇ ਪਾਵਾਂ, ਪਿੰਡ ਵਿਚ ਕਾਲ਼ ਪੈ ਗਿਆ।

ਪਾਕਿਸਤਾਨ ‘ਚ ਨਸ਼ਾ ਤਸਕਰੀ ‘ਚ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਸਰਗਰਮ- ਇਕ ਖ਼ਬਰ

ਚੰਨ ਬਣ ਗਿਆ ਠਾਣੇਦਾਰ, ਹੁਣ ਮੈਂ ਨਹੀਂ ਡਰਦੀ।

ਜਦੋਂ ਤੱਕ ਸਾਡੇ ਅਧਿਕਾਰ ਸੁਰੱਖਿਅਤ ਨਹੀਂ, ਕੋਈ ਸਮਝੌਤਾ ਨਹੀਂ ਕਰਾਂਗੇ- ਇਰਾਨ

ਇੱਥੋਂ ਉਡ ਜਾ ਫਰੰਗੀਆ ਤੋਤਿਆ, ਕੁੜੀਆਂ ਨੇ ਪੀਂਘ ਝੂਟਣੀ।