ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

31.08.2026

ਕੈਨੇਡਾ ਨੇ ਅਮਰੀਕਾ ‘ਤੇ 50 ਫ਼ੀ ਸਦੀ ਜਵਾਬੀ ਟੈਰਿਫ਼ ਠੋਕਿਆ- ਇਕ ਖ਼ਬਰ

ਲੜ ਜੂੰ ਭਰਿੰਡ ਬਣ ਕੇ, ਮੈਨੂੰ ਨਰਮ ਕੁੜੀ ਨਾ ਜਾਣੀ।

ਛੇ ਸਾਲਾਂ ਅੰਦਰ 2.31 ਲੱਖ ਕਰੋੜ ਰੁਪਏ ਦੀ ਧੋਖਾਧੜੀ, ਰਿਕਵਰੀ ਮਹਿਜ਼ 2.7 ਫ਼ੀ ਸਦੀ- ਇਕ ਖ਼ਬਰ

ਅੰਨ੍ਹੀਂ ਪੀਂਹਦੀ, ਕੁੱਤਾ ਚੱਟ ਰਿਹੈ।

ਚੀਨੀ ਹੈਕਰਾਂ ਨੇ, ਜਸਟਿਸ ਡੀਪਾਰਟਮੈਂਟ, ਨਾਸਾ, ਫ਼ੈਡਰਲ ਰਿਜ਼ਰਵ ਅਤੇ ਸੈਨੇਟ ਨੂੰ ਬਣਾਇਆ ਨਿਸ਼ਾਨਾ- ਅਮਰੀਕਾ

ਮੇਰੀ ਕੀਹਨੇ ਲੁੱਟ ਲਈ ਪਤੰਗ ਵਾਲ਼ੀ ਡੋਰ।

ਮੋਦੀ ਸਰਕਾਰ ਨੇ ਪੂਰੀ ਇਕ ਪੀੜ੍ਹੀ ਦਾ ਭਵਿੱਖ ਖ਼ਤਰੇ ‘ਚ ਪਾਇਆ- ਖੜਗੇ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਅਮਰੀਕੀ ਟੈਰਿਫ਼ ‘ਚ ਘਿਰੇ ਅਮਰੀਕਾ- ਕੈਨੇਡਾ ਦੇ ਪੰਜਾਬੀ ਕਾਰੋਬਾਰੀ- ਇਕ ਖ਼ਬਰ

ਚਿੜੀਆਂ ਦੀ ਮੌਤ, ਗੰਵਾਰਾਂ ਦਾ ਹਾਸਾ।

ਕੈਨੇਡਾ ਦੀ ਓਨਟਾਰੀਓ ਲੇਕ ਦਾ ਨਾਮ ਬਦਲ ਕੇ ਲੇਕ ਅਮਰੀਕਾ ਰੱਖਣਾ ਚਾਹੁੰਦੇ ਹਨ ਟਰੰਪ- ਇਕ ਖ਼ਬਰ

ਮੇਰੀ ਜੁੱਤੀ ਨੂੰ ਲਵਾ ਦੇ ਘੁੰਗਰੂ, ਜੇ ਤੂੰ ਮੇਰੀ ਤੋਰ ਵੇਖਣੀ।

ਸ਼੍ਰੋਮਣੀ ਅਕਾਲੀ ਦਲ ਵਲੋਂ ‘ਪੰਜਾਬ ਬਚਾਉ’ ਮੁਹਿੰਮ ਤਹਿਤ ਰੈਲੀਆਂ ਦਾ ਐਲਾਨ- ਇਕ ਖ਼ਬਰ

ਹਾ ਹਾ ਹਾ ਹਾ ਹਾ ਹਾ ਹਾ ਪੰਜਾਬ ਬਚਾਉ ਹਾ ਹਾ ਹਾ............

ਲੋਕਾਂ ਦਾ ਪੈਸਾ ਲੋਕਾਂ ‘ਤੇ ਖ਼ਰਚ ਰਿਹਾਂ, ਵਿਰੋਧੀਆਂ ਨੂੰ ਤਕਲੀਫ਼- ਭਗਵੰਤ ਮਾਨ

ਗੋਰੇ ਰੰਗ ਨੇ ਸਦਾ ਨਹੀਂ ਰਹਿਣਾ, ਭਰ ਭਰ ਵੰਡ ਮੁੱਠੀਆਂ।

ਕਾਂਗਰਸ ਤੇ ਭਾਜਪਾ ਦਾ ਸਿੱਖ ਭਾਈਚਾਰੇ ਪ੍ਰਤੀ ਰਵਈਆ ਇਕੋ ਜਿਹਾ- ਬਲਤੇਜ ਪੰਨੂੰ

ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੋਚ ਕੇ ਪੈਰ ਟਿਕਾਈਂ ਬੱਚਾ।

ਮੁੱਖ ਮੰਤਰੀ ਦੇ ਅਹੁਦੇ ਦੀ ਮੈਨੂੰ ਕੋਈ ਇੱਛਾ ਨਹੀਂ- ਰਾਜਾ ਵੜਿੰਗ

ਵੇਖ ਫ਼ਰੀਦਾ ਕਿਆ ਹੂਆ, ਸ਼ੱਕਰ ਹੋਈ ਵਿਸ।

ਦਿੱਲੀ ਗੁਰਦੁਆਰਾ ਚੋਣਾਂ 2027: ਜਿਸ ਦੇ ਬੋਝੇ ‘ਚ ਹੋਣਗੇ ‘ਨੋਟ’, ਉਸੇ ਨੂੰ ਹੀ ਮਿਲਣਗੇ ਸਿੱਖ ‘ਵੋਟ’- ਇਕ ਖ਼ਬਰ

ਜਿਨ੍ਹਾਂ ਨੇ ਦੰਮ ਖ਼ਰਚੇ, ਆਪੇ ਤੈਨੂੰ ਲੈ ਜਾਣਗੇ।

ਸੌਦਾ ਸਾਧ ਨੂੰ ਵਾਰ-ਵਾਰ ਰਿਹਾਈ, ਬੰਦੀ ਸਿੰਘਾਂ ਨੂੰ ਇਨਕਾਰ- ਇਕ ਖ਼ਬਰ

ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਬੀ.ਐੱਲ.ਓ. ਭਾਰਤੀ ਲੋਕਤੰਤਰ ਦੀ ਨੀਂਹ- ਮੁੱਖ ਚੋਣ ਕਮਿਸ਼ਨਰ

ਚੋਣ ਕਮਿਸ਼ਨਰ ਸਾਹਿਬ ਇਨ੍ਹਾਂ ਨੂੰ ਹਿੰਦੂ ਰਾਸ਼ਟਰ ਦੀ ਨੀਂਹ ਕਹੋ।

ਬੇਇਨਸਾਫ਼ੀ ਤੇ ਗ਼ੁਲਾਮੀ ਵਿਰੁੱਧ ਖੜ੍ਹੇ ਹੋਣਾ ਹਰ ਨਾਗਰਿਕ ਦਾ ਫ਼ਰਜ਼- ਰਾਜਨਾਥ ਸਿੰਘ

ਹੋਕਾ ਵੰਙਾਂ ਦਾ, ਕੱਢ ਦਿਖਾਇਆ ਚੱਕੀਰਾਹਾ।

ਭਾਰਤ ਪ੍ਰਤੀ ਵਿਅਕਤੀ ਆਮਦਨ ‘ਚ ਬੰਗਲਾਦੇਸ਼ ਤੋਂ ਵੀ ਪਿੱਛੇ- ਕੇਜਰੀਵਾਲ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।

---------------------------------------------------------------------------------------------------------------------