5 ਸਤੰਬਰ : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ :
ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ,,ਡਾ ਗੁਰਵਿੰਦਰ ਸਿੰਘ

'ਸਾਡੀ ਹੁੰਦੀ ਨਾ ਕਦੇ, ਕੈਨੇਡਾ ਵਿਚ ਸ਼ਾਨ।
ਭਾਗ ਸਿੰਘ ਪ੍ਰਧਾਨ ਜੀ, ਜੇ ਨਾ ਦਿੰਦੇ ਜਾਨ।'
ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਭਾਗ ਸਿੰਘ ਭਿਖੀਵਿੰਡ ਕੈਨੇਡਾ ਵਿੱਚ ਸ਼ਹੀਦ ਹੋਣ ਵਾਲੇ, ਮੋਢੀ ਸਿੱਖ ਹਨ। ਸ਼ਹੀਦ ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ ਦਾ ਜਨਮ ਸੰਨ 1872 ਵਿਚ ਸ. ਨਰਾਇਣ ਸਿੰਘ ਸੰਧੂ ਦੇ ਘਰ ਮਾਤਾ ਮਾਨ ਕੌਰ ਦੀ ਕੁੱਖੋਂ ਹੋਇਆ। ਆਪ ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਸਨ। ਆਪ ਨੇ ਕਰੀਬ 20 ਸਾਲ ਦੀ ਉਮਰ 'ਚ ਫੌਜ ਵਿੱਚ ਨੌਕਰੀ ਕੀਤੀ। ਪੰਜ ਸਾਲਾਂ ਮਗਰੋਂ ਆਪ ਫੌਜੀ ਨੌਕਰੀ ਛੱਡ ਕੇ, ਹਾਂਗਕਾਂਗ ਚਲੇ ਗਏ, ਜਿੱਥੇ ਪੁਲਿਸ ਵਿੱਚ ਮੁਲਾਜ਼ਮ ਰਹੇ। ਫਿਰ ਚੀਨ ਦੇ ਸ਼ਹਿਰ ਸ਼ੰਘਾਈ ਚਲੇ ਗਏ ਅਤੇ ਉਥੇ ਵੀ ਕੁਝ ਸਮਾਂ ਪੁਲਿਸ 'ਚ ਸੇਵਾਵਾਂ ਦਿੱਤੀਆਂ। ਸੰਨ 1906 ਵਿੱਚ ਭਾਈ ਭਾਗ ਸਿੰਘ ਕੈਨੇਡਾ ਆ ਗਏ ਅਤੇ ਇਥੇ ਭਾਈ ਸੁੰਦਰ ਸਿੰਘ ਜੀ ਦੇ ਪ੍ਰਭਾਵ ਅਧੀਨ ਸਿੱਖੀ ਜੀਵਨ-ਜਾਚ ਨਾਲ ਇੱਕ-ਮਿਕ ਹੋ ਗਏ। ਆਪ ਜੀ 22 ਜੁਲਾਈ 1906 ਨੂੰ ਕੈਨੇਡਾ ਵਿੱਚ ਬਣਾਈ ਗਈ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਬਣੇ। 28 ਜੂਨ 1908 ਨੂੰ ਅੰਮ੍ਰਿਤ ਛਕਿਆ ਅਤੇ ਪੂਰਨ ਸਿੰਘ ਸਜ ਗਏ। 13 ਮਾਰਚ 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰਜਿਸਟਰਡ ਹੋਈ, ਜਿਸ ਦਾ ਸੰਵਿਧਾਨ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਲਿਖਿਆ। ਸੰਵਿਧਾਨ ਅਨੁਸਾਰ ਅੰਮ੍ਰਿਤਧਾਰੀ ਤੇ ਨਸ਼ਾ ਮੁਕਤ ਜੀਵਨ ਵਾਲੇ ਗੁਰਸਿੱਖ ਹੀ ਸੁਸਾਇਟੀ ਦੇ ਪ੍ਰਬੰਧਕ ਬਣ ਸਕਦੇ ਸਨ। ਅੰਮ੍ਰਿਤਧਾਰੀ ਸਿੰਘ ਭਾਈ ਭਾਗ ਸਿੰਘ ਪਹਿਲਾਂ ਸੁਸਾਇਟੀ ਦੇ ਮੁੱਖ ਸਕੱਤਰ ਅਤੇ ਖ਼ਜ਼ਾਨਚੀ ਰਹੇ ਅਤੇ ਮਗਰੋਂ 1910 ਵਿੱਚ ਆਪ ਇਸ ਸੰਸਥਾ ਦੇ ਪ੍ਰਧਾਨ ਬਣੇ।
ਭਾਈ ਭਾਗ ਸਿੰਘ ਜੀ ਨੇ ਕੈਨੇਡਾ ਦੀ ਮੋਢੀ ਸਿੱਖ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪ੍ਰਧਾਨ ਹੁੰਦਿਆਂ, ਅਨੇਕਾਂ ਇਤਿਹਾਸਕ ਕਾਰਜ ਕੀਤੇ, ਜਿਹਨਾਂ ਵਿੱਚ ਕੈਨੇਡਾ ਵਿੱਚ ਨਸਲਵਾਦ ਖਿਲਾਫ਼ ਲੜਾਈ, ਭਾਰਤ ਅੰਦਰ ਬ੍ਰਿਟਿਸ਼ ਬਸਤੀਵਾਦ ਖ਼ਿਲਾਫ਼ ਸੰਘਰਸ਼, ਕੈਨੇਡਾ 'ਚ ਪਰਿਵਾਰਾਂ ਨੂੰ ਲਿਆਉਣ ਲਈ ਰਾਹ ਖੋਲ੍ਹਣੇ ਅਤੇ 'ਗੁਰੂ ਨਾਨਕ ਜਹਾਜ਼' ਦੇ ਮੁਸਾਫਰਾਂ ਲਈ ਆਖ਼ਰੀ ਦਮ ਤੱਕ ਜੱਦੋ-ਜਹਿਦ ਕਰਨੀ। ਬ੍ਰਿਟਿਸ਼ ਇੰਡੀਆ ਸਰਕਾਰ ਦੇ ਖ਼ੁਫ਼ੀਆ ਏਜੰਟ ਵਿਲੀਅਮ ਹਾਪਕਿਨਸਨ ਨੇ, ਆਪਣੇ ਸੂਹੀਏ ਬੇਲਾ ਝੁੱਟੀ, ਪਿੰਡ ਜਿਆਣ ਰਾਹੀਂ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਸੈਕਿੰਡ ਐਵਿਨਿਊ ਵੈਨਕੂਵਰ 'ਚ ਭਾਈ ਭਾਗ ਸਿੰਘ ਨੂੰ 5 ਸਤੰਬਰ 1914 ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕਰਵਾ ਦਿੱਤਾ, ਕਿਉਂਕਿ ਭਾਈ ਸਾਹਿਬ ਬ੍ਰਿਟਿਸ਼ ਇੰਡੀਅਨ ਹਕੂਮਤ ਲਈ ਕੈਨੇਡਾ ਵਿੱਚ ਸਭ ਤੋਂ ਵੱਡਾ ਖ਼ਤਰਾ ਸਨ।
ਕੈਨੇਡਾ ਦੇ ਮੋਢੀ ਸਿੱਖ ਆਗੂ ਭਾਈ ਭਾਗ ਸਿੰਘ ਦੀ ਧਰਮ-ਪਤਨੀ ਬੀਬੀ ਹਰਨਾਮ ਕੌਰ ਸੂਝਵਾਨ ਸਿੱਖ ਇਸਤਰੀ ਆਗੂ ਸਨ। ਆਪ ਦਾ 1911 'ਚ ਭਾਈ ਭਾਗ ਸਿੰਘ ਨਾਲ ਵਿਆਹ ਹੋਇਆ। ਪੰਜਾਬ ਤੋਂ ਕੈਨੇਡਾ ਆਉਂਦਿਆਂ ਰਸਤੇ ਵਿੱਚ ਹਾਂਗਕਾਂਗ ਵਿਖੇ ਬੀਬੀ ਹਰਨਾਮ ਕੌਰ ਨੇ 1911 'ਚ ਪੁੱਤਰ ਜੋਗਿੰਦਰ ਸਿੰਘ ਨੂੰ ਜਨਮ ਦਿੱਤਾ। ਬੀਬੀ ਜੀ ਪਰਿਵਾਰ ਵਜੋਂ ਕੈਨੇਡਾ ਪੁੱਜਣ ਵਾਲੀਆਂ ਪਹਿਲੀਆਂ ਦੋ ਸਿੱਖ ਬੀਬੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਨਸਲਵਾਦ ਖਿਲਾਫ਼ ਆਵਾਜ਼ ਬੁਲੰਦ ਕੀਤੀ ;
'ਭਾਗ ਸਿੰਘ ਦੀ ਸਿੰਘਣੀ, ਆਗੂ ਬੜੀ ਦਲੇਰ ।
ਸਿਰੜੀ ਸੀ ਹਰਨਾਮ ਕੌਰ, ਚਾੜ੍ਹੀ ਨਵੀਂ ਸਵੇਰ।'
ਬੀਬੀ ਹਰਨਾਮ ਕੌਰ ਨੇ 21 ਜਨਵਰੀ 1914 ਨੂੰ ਧੀ ਕਰਮ ਕੌਰ ਨੂੰ ਜਨਮ ਦਿੱਤਾ, ਜੋ ਕੈਨੇਡਾ ਦੀ ਧਰਤੀ 'ਤੇ ਪੈਦਾ ਹੋਣ ਵਾਲੀ ਪਹਿਲੀ ਸਿੱਖ, ਪੰਜਾਬੀ ਧੀ ਹੈ। ਵਾਹਿਗੁਰੂ ਦੇ ਹੁਕਮ ਅਨੁਸਾਰ ਜਣੇਪੇ ਮਗਰੋਂ ਇਲਾਜ ਦੌਰਾ ਬੀਬੀ ਹਰਨਾਮ ਕੌਰ 30 ਜਨਵਰੀ 1914 ਨੂੰ ਅਕਾਲ ਚਲਾਣਾ ਕਰ ਗਏ। ਛੇਤੀ ਮਗਰੋਂ 3 ਸਾਲ ਦੇ ਪੁੱਤ ਜੋਗਿੰਦਰ ਸਿੰਘ ਤੇ 6 ਮਹੀਨੇ ਦੀ ਧੀ ਕਰਮ ਕੌਰ ਨੂੰ ਕੌਮ ਦੇ ਲੇਖੇ ਲਾ ਕੇ, ਭਾਈ ਭਾਗ ਸਿੰਘ ਸ਼ਹੀਦ ਹੋ ਗਏ। ਇਸ ਮਹਾਨ ਸਿੱਖ ਜੋੜੇ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਹੈ।
ਸਿੱਖ ਭਾਈ ਨੂੰ ਬਚਾਉਣ ਲਈ ਜਾਨ ਵਾਰਨ ਵਾਲੇ ਯੋਧੇ ਸ਼ਹੀਦ ਭਾਈ ਬਤਨ ਸਿੰਘ ਜੀ ਦਲੇਲ ਸਿੰਘ ਵਾਲਾ
ਕੈਨੇਡਾ ਦੇ ਸਿੱਖ ਇਤਿਹਾਸ ਵਿੱਚ ਭਾਈ ਬਤਨ ਸਿੰਘ ਜੀ ਅਜਿਹੇ ਬਹਾਦਰ ਯੋਧੇ ਹੋਏ ਹਨ, ਜਿਹਨਾਂ ਨੇ ਕੌਮ ਦੇ ਆਗੂ ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਪ੍ਰਧਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੀ ਜਾਨ ਬਚਾਉਣ ਲਈ ਆਪਣੀ ਛਾਤੀ ਵਿੱਚ ਗੋਲੀਆਂ ਖਾਧੀਆਂ ਖਾਦੀਆਂ ਅਤੇ ਸ਼ਹਾਦਤ ਦਾ ਰੁਤਬਾ ਹਾਸਲ ਕੀਤਾ। ਉਹ ਸਦਾ ਹੀ ਸਿੱਖੀ ਪ੍ਰੇਮ, ਭਾਈਚਾਰਕ ਸਾਂਝ ਅਤੇ ਇੱਕ ਦੂਜੇ ਖ਼ਾਤਰ ਜਾਨਾਂ ਵਾਰਨ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦ ਕਿ ਕੁਝ ਨੇ ਨਾਂ ਬਤਨ ਸਿੰਘ, (ਭਾਵ ਵਤਨ, ਦੇਸ) ਲਿਖਿਆ ਹੈ। ਭਾਈ ਬਤਨ ਸਿੰਘ ਪਿੰਡ ਦਲੇਲ ਸਿੰਘ ਵਾਲਾ, ਮਾਨਸਾ ਦਾ ਜਨਮ ਸ. ਮਿਠਾ ਸਿੰਘ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ ਸੰਨ 1864 ਈ. ਨੂੰ ਹੋਇਆ। ਕੁਝ ਸਮੇਂ ਫੌਜ ਦੀ ਨੌਕਰੀ ਮਗਰੋਂ ਆਪ 1907 'ਚ ਕੈਨੇਡਾ ਆ ਗਏ, ਜਿਥੇ ਮਿੱਲ 'ਚ ਸਖਤ ਮਿਹਨਤ ਦੇ ਨਾਲ-ਨਾਲ ਆਪ ਜੀ ਪ੍ਰੋਫੈਸਰ ਸੰਤ ਤੇਜਾ ਸਿੰਘ ਦੀ ਅਗਵਾਈ 'ਚ, ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਡਾਇਰੈਕਟਰ ਬਣੇ। ਭਾਈ ਸਾਹਿਬ ਕੈਨੇਡਾ ਤੋਂ ਪੰਜਾਬ ਦੀ ਧਰਤੀ ਤੇ ਸਿੱਖ ਬੀਬੀਆਂ ਦੀਆਂ ਵਿਦਿਅਕ ਸੰਸਥਾਵਾਂ ਅਤੇ ਹੋਰਨਾਂ ਮਾਨਵੀ ਕਾਰਜਾਂ ਲਈ ਦਿਲ ਖੋਲ੍ਹ ਕੇ ਸੇਵਾ ਭੇਜਦੇ ਰਹੇ ਅਤੇ ਸਿੱਖਿਆ ਅਤੇ ਸਮਾਜ ਸੇਵਾ ਦੀਆਂ ਸੰਸਥਾਵਾਂ ਚਲਾਉਂਦੇ ਰਹੇ।
ਕੈਨੇਡਾ ਦੀ ਸਮਕਾਲੀ ਨਸਲਵਾਦੀ ਸਰਕਾਰ ਨੇ 23 ਜੁਲਾਈ 1914 ਨੂੰ, ਜਦੋਂ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਜਬਰੀ ਮੋੜ ਦਿੱਤਾ, ਤਾਂ ਭਾਈਚਾਰੇ ਅੰਦਰ ਇਸ ਨਸਲਵਾਦੀ ਘਟਨਾ ਕਰ ਕੇ ਡੂੰਘਾ ਰੋਸ ਪੈਦਾ ਹੋ ਗਿਆ। 4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ, ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗ਼ਦਰੀ ਭਾਰਤ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਾ ਕੀਤਾ। ਇਹ ਘਟਨਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ। ਅਰਜਨ ਸਿੰਘ ਬੇਲਾ ਜਿਆਣ ਦੇ ਧੜੇ ਦਾ ਬੰਦਾ ਸੀ, ਜੋ ਕਿ ਅੰਗਰੇਜ਼ ਸਰਕਾਰ ਦੇ ਟਾਊਟ ਸਨ ਅਤੇ ਸਰਕਾਰ ਤੋਂ ਬਾਗੀ ਸਿੱਖ ਆਗੂਆਂ ਦੇ ਖਿਲਾਫ ਭੁਗਤਦੇ ਸਨ। ਬੇਲਾ ਤੇ ਉਸਦੇ ਸਾਥੀ ਸਮਝਦੇ ਸਨ ਕਿ ਭਾਈ ਭਾਗ ਸਿੰਘ ਅਤੇ ਉਹਨਾਂ ਦੇ ਧੜੇ ਵੱਲੋਂ ਅਰਜਨ ਸਿੰਘ ਦਾ ਕਤਲ ਕੀਤਾ ਗਿਆ ਹੈ। ਜਦੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਲੱਗੀ, ਤਾਂ ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲੇ ਜਿਆਣ ਨੇ ਦੋਵਾਂ ਹੱਥਾਂ 'ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ।
ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ। ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਬਚਾਉਂਦਿਆਂ, ਭਾਈ ਬਤਨ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਅਤੇ ਦੋਵੇਂ ਸਿੱਖ ਯੋਧੇ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿਹਨਾਂ ਵਿੱਚ ਭਾਈ ਦਲੀਪ ਸਿੰਘ ਫਾਹਲਾ, ਭਾਈ ਬਲਵੰਤ ਸਿੰਘ ਖੁਰਦਪੁਰ ਦਾ ਸਨਬੰਧੀ ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ, ਭਾਈ ਬਤਨ ਸਿੰਘ ਕਾਹਰੀ, ਸੋਹਣ ਲਾਲ ਪਿੰਡ ਔਲਕ ਤੇ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਸਿੱਖ ਸ਼ਾਮਿਲ ਸਨ। ਜੇਕਰ ਭਾਈ ਬਤਨ ਸਿੰਘ ਅਗਾਂਹ ਹੋ ਕੇ ਆਪਣੇ ਸੀਨੇ ਚ ਗੋਲੀਆਂ ਨਾ ਖਾਂਦੇ, ਤਾਂ ਦੁਸ਼ਟ ਬੇਲੇ ਨੇ ਗੋਲੀਬਾਰੀ ਕਰਦਿਆਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੀਆਂ ਜਾਨਾਂ ਲੈ ਲੈਣੀਆਂ ਸਨ। ਭਾਈ ਸਾਹਿਬ ਦਾ ਨਾਂ ਸਿੱਖ ਭਾਈਆਂ ਦੀ ਪ੍ਰੇਮ ਵਿੱਚ ਜਾਨ ਵਾਰਨ ਦੀ ਮਿਸਾਲ ਵਜੋਂ ਚੇਤੇ ਕੀਤਾ ਜਾਂਦਾ ਰਹੇਗਾ।
'ਬਤਨ ਸਿੰਘ ਜੀ ਸੂਰਮੇ, ਚੇਤਨ ਸੁਘੜ-ਸੁਜਾਨ ।
ਭਾਗ ਸਿੰਘ ਆਗੂ ਲਈ, ਵਾਰ ਗਏ ਸੀ ਜਾਨ।'
ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਲਹੂ ਭਿੱਜਿਆ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਿਤਮਜ਼ਰੀਫੀ ਇਸ ਗੱਲ ਦੀ ਸੀ ਕਿ ਵੈਨਕੂਵਰ ਦੀ ਅਦਾਲਤ ਵਿੱਚ 3 ਨਵੰਬਰ ਤੋਂ 6 ਨਵੰਬਰ,1914 ਤੱਕ ਚੱਲੀ ਸੁਣਵਾਈ ਦੁਆਰਾ ਜੱਜ ਆਇਲੇ ਮੌਰੀਸਨ ਨੇ ਜਿਊਰੀ ਨੂੰ ਕਿਹਾ ਕਿ ਮੁਜਰਿਮ ਬੇਲਾ ਜਿਆਣਾ ਬਰੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੇ 'ਆਤਮ ਰੱਖਿਆ' ਲਈ ਗੋਲੀ ਚਲਾਈ। ਕੈਨੇਡਾ ਦੀ ਅਦਾਲਤ ਦੇ ਜੱਜ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਸੀ! ਜਿਊਰੀ ਨੇ ਬੇਲੇ ਜਿਆਣ ਨੂੰ ਬੇਕਸੂਰ ਕਰਾਰ ਦੇ ਕੇ ਬਰੀ ਕਰ ਦਿੱਤਾ। ਉਧਰ ਸਿੱਖਾਂ ਅੰਦਰ ਇਸ ਗੱਲ ਦਾ ਭਾਰੀ ਰੋਸ ਸੀ ਅਤੇ ਇਸ ਦੌਰਾਨ ਸਿੱਖ ਯੋਧੇ ਭਾਈ ਜਗਤ ਸਿੰਘ ਮਹਿਰਾ ਭੂਤਵਿੰਡ ਨੇ ਵੈਨਕੂਵਰ ਦੀ ਗ੍ਰੈਨਵਿਲ ਸਟਰੀਟ 'ਤੇ ਹਿੰਦੂ ਸਟੋਰ ਵਿੱਚ ਦੁਸ਼ਟ ਬੇਲਾ ਜਿਆਣ ਅਤੇ ਉਹਦੇ ਸਾਥੀਆਂ 'ਤੇ ਗੋਲੀਆਂ ਚਲਾਈਆਂ। ਬੇਲਾ ਤਾਂ ਬਚ ਗਿਆ, ਪਰ ਉਸ ਦਾ ਇਕ ਸਾਥੀ ਰਤਨ ਉਰਫ ਪ੍ਰਤਾਪ ਕੋਟਲੀ ਮਾਰਿਆ ਗਿਆ, ਜਦਕਿ ਦੂਸਰਾ ਜ਼ਖਮੀ ਹੋ ਗਿਆ।
ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਸ਼ਹੀਦ ਕਰਨ ਵਾਲਾ ਬੇਲਾ ਜਿਆਣ ਡਰ ਦਾ ਮਾਰਿਆ 1 ਜੂਨ 1916 ਨੂੰ ਭਾਰਤ ਭੱਜ ਗਿਆ, ਜਿੱਥੇ 17 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਦੁਸ਼ਟ ਗੱਦਾਰ ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ।
ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੀ ਸ਼ਹਾਦਤ ਵੇਲੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਨੇ 21 ਅਕਤੂਬਰ 1914 ਨੂੰ ਵੈਨਕੂਵਰ ਦੀ ਕਚਹਿਰੀ 'ਚ ਭਾਈਚਾਰੇ ਦੇ ਦੁਸ਼ਮਣ ਵਿਲੀਅਮ ਹਾਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਸ਼ਹੀਦ ਕਰਨ ਲਈ ਮੁੱਖ ਜ਼ਿੰਮੇਵਾਰ ਦੁਸ਼ਟ ਨੂੰ ਸੋਧਣ ਕਰਕੇ ਗ੍ਰਿਫਤਾਰ ਕੀਤੇ ਗਏ ਭਾਈ ਮੇਵਾ ਸਿੰਘ ਖਿਲਾਫ 30 ਅਕਤੂਬਰ 1914 ਨੂੰ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਬਣਾਈ ਗਈ, ਜਿਨ੍ਹਾਂ ਨੇ ਭਾਈ ਸਾਹਿਬ ਨੂੰ ਦੋਸ਼ੀ ਠਹਿਰਾਇਆ ਅਤੇ 11 ਜਨਵਰੀ 1915 ਨੂੰ ਭਾਈ ਮੇਵਾ ਸਿੰਘ ਲੋਪੋਕੇ ਹੱਸਦਿਆਂ ਫਾਂਸੀ ਚੜ੍ਹ ਕੇ, ਸ਼ਹੀਦੀ ਪਾ ਗਏ।

'ਨਫਰਤ, ਜ਼ੁਲਮ ਮਿਟਾਉਣ ਲਈ, ਸੋਧਿਆ ਨਸਲੀ ਸਾਨ੍ਹ।

ਕਾਤਲ ਨਹੀਂ, 'ਸ਼ਹੀਦ' ਹਨ, ਮੇਵਾ ਸਿੰਘ ਮਹਾਨ।'
ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਗ ਸਿੰਘ ਭਿਖੀਵਿੰਡ, ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ, ਭਾਈ ਮੇਵਾ ਸਿੰਘ ਲੋਪੋਕੇ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ-ਸ਼ੋਹਰਤ ਕਮਾਉਣ ਦੀ ਥਾਂ ਦੇਸ-ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ, ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ। ਅੱਜ 'ਕੈਨੇਡਾ-ਅਮਰੀਕਾ' ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਘਰਸ਼ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ-ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ। ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਕਿਸੇ ਵੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਨਹੀਂ ਜਾਂਦਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਜ਼ਿਕਰ ਹਲਕਾ ਜਿਹਾ ਹੀ ਮਿਲਦਾ ਹੈ। ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਸੰਕਲਪ ਲਿਆ ਹੀ ਨਹੀਂ। ਉਕਤ ਸਾਰੇ ਵਿਚਾਰਾਂ ਦਾ ਜਵਾਬ 'ਨਾਂਹ' ਵਿੱਚ ਹੈ ਤੇ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ, ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ।
ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ, ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂਵਾਦ ਦੇ ਢਹੇ ਚੜ੍ਹ ਕੇ, ਘੱਟ ਗਿਣਤੀਆਂ 'ਤੇ ਜ਼ੁਲਮ ਢਾਹ ਰਹੀ ਹੈ। ਇਸੇ ਕਾਰਨ ਲੋਕਾਂ ਅੰਦਰ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੀ ਕੈਨੇਡਾ ਤੇ ਅਮਰੀਕਾ ਦੀ ਫੇਰੀ ਦੌਰਾਨ ਵਿਰੋਧ ਹੋਇਆ ਹੈ। ਫਾਸ਼ੀਵਾਦ ਅਤੇ ਮਨੂਵਾਦ ਖ਼ਿਲਾਫ਼ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਸੰਘਰਸ਼ ਕਰਨਾ, ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ ;
'ਭੁਲੀਏ ਨਾ ਕੁਰਬਾਨੀਆਂ, ਰੱਖੀਏ ਹਿਰਦੇ ਧਾਰ।
ਮਿਲੀਆਂ ਨੇ ਸਰਦਾਰੀਆਂ, ਯੋਧਿਆਂ ਦੇ ਉਪਕਾਰ।'
(ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਕੈਨੇਡਾ)

ਡਾ ਗੁਰਵਿੰਦਰ ਸਿੰਘ
604 825 1550