ਜੈਨ ਜ਼ੀ ਸਿਆਸਤ ਤੋਂ ਬੇਮੁੱਖ ਨਹੀਂ ਹੈ। ਇਸ ਦਾ ਪੂੰਜੀਵਾਦ ਤੋਂ ਵਿਸ਼ਵਾਸ ਉੱਠ ਗਿਆ ਹੈ।,,  ਸੁਖਵੰਤ ਹੁੰਦਲ 

ਜੈਨ ਜ਼ੀ (ਜਨਰੇਸ਼ਨ ਜ਼ੈੱਡ) ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਇਕ ਭਟਕੀ ਹੋਈ, ਸਨਕੀ, ਸਿਆਸੀ ਤੌਰ `ਤੇ ਅਸਥਿਰ ਜਾਂ ਸੰਸਥਾਵਾਂ ਤੋਂ ਦੂਰ ਰਹਿਣ ਵਾਲੀ ਪੀੜ੍ਹੀ ਹੈ। ਪਰ ਅਜਿਹਾ ਕਹਿ ਕੇ ਅਸੀਂ ਇਕ ਡੂੰਘੀ ਤਬਦੀਲੀ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਾਂ। ਇਸ ਪੀੜ੍ਹੀ ਦੀ ਅਸਲ ਵਿਸ਼ੇਸ਼ਤਾ ਉਹਨਾਂ ਦੀ ਸਿਆਸਤ ਵਿੱਚ ਦਿਲਚਸਪੀ ਦੀ ਘਾਟ ਨਹੀਂ, ਸਗੋਂ ਉਹਨਾਂ ਦਾ ਉਨ੍ਹਾਂ ਸੰਸਥਾਵਾਂ ਅਤੇ ਨਿਯਮਾਂ ਤੋਂ ਵਿਸ਼ਵਾਸ ਦਾ ਉੱਠ ਜਾਣਾ ਹੈ ਜਿਨ੍ਹਾਂ ਨੇ ਕਦੇ ਸਿਆਸਤ, ਕੰਮ ਅਤੇ ਬਾਲਗਪੁਣੇ ਨੂੰ ਇੱਕ ਪਛਾਣਨਯੋਗ ਢਾਂਚਾ ਦਿੱਤਾ ਸੀ।ਦਹਾਕਿਆਂ ਤੋਂ ਪੂੰਜੀਵਾਦ ਨੌਜਵਾਨਾਂ ਨਾਲ ਇਕ ਤਰਤੀਬਮਈ ਜ਼ਿੰਦਗੀ ਦਾ ਵਾਅਦਾ ਕਰਦਾ ਆ ਰਿਹਾ ਹੈ: ਪੜ੍ਹਾਈ ਨਾਲ ਰੁਜ਼ਗਾਰ ਮਿਲੇਗਾ, ਰੁਜ਼ਗਾਰ ਨਾਲ ਜ਼ਿੰਦਗੀ ਵਿੱਚ ਟਿਕਾਅ ਆਵੇਗਾ, ਟਿਕਾਅ ਨਾਲ ਘਰ, ਪਰਿਵਾਰ ਅਤੇ ਕੁੱਝ ਹੱਦ ਤੱਕ ਇੱਜ਼ਤ ਵਾਲਾ ਜੀਵਨ ਮਿਲੇਗਾ। ਇਹ ਵਾਅਦਾ ਕਦੇ ਵੀ ਸਭ ਲਈ ਬਰਾਬਰ ਦਾ ਵਾਅਦਾ ਨਹੀਂ ਸੀ, ਅਤੇ ਬਹੁਤਿਆਂ ਲਈ ਇਹ ਹਮੇਸ਼ਾ ਕਮਜ਼ੋਰ ਹੀ ਰਿਹਾ। ਪਰ ਜਨਰੇਸ਼ਨ ਜ਼ੀ (ਜ਼ੈੱਡ) ਲਈ ਹੁਣ ਇਸ ਉੱਤੇ ਵਿਸ਼ਵਾਸ ਕਰਨਾ ਲਗਭਗ ਅਸੰਭਵ ਹੋ ਗਿਆ ਹੈ।ਵੱਖ-ਵੱਖ ਸਮਾਜਾਂ ਵਿੱਚ, ਨੌਜਵਾਨ ਇੱਕੋ ਜਿਹੇ ਤੰਗ ਰਸਤੇ ਰਾਹੀਂ ਬਾਲਗਪੁਣੇ ਵਿੱਚ ਕਦਮ ਰੱਖ ਰਹੇ ਹਨ। ਇਸ ਰਸਤੇ ਪਿੱਛੇ ਅਨਿਸ਼ਚਿਤ ਰੁਜ਼ਗਾਰ, ਅਸਥਿਰ ਰਿਹਾਇਸ਼, ਵਿਦਿਆਰਥੀਆਂ ਅਤੇ ਖਪਤਕਾਰਾਂ ਵਜੋਂ ਸਿਰ ਚੜ੍ਹਿਆ ਕਰਜ਼ਾ, ਐਲਗੋਰਿਦਮ ਦੁਆਰਾ ਸੰਚਾਲਿਤ ਲੇਬਰ ਮਾਰਕੀਟ, ਜਲਵਾਯੂ ਵਿੱਚ ਤਬਦੀਲੀ ਦੀ ਚਿੰਤਾ, ਅਤੇ ਅਜਿਹੀਆਂ ਸਿਆਸੀ ਸੰਸਥਾਵਾਂ ਦੀ ਹੋਂਦ ਹੈ ਜੋ ਕੋਈ ਸਾਰਥਕ ਬਦਲਾਅ ਲਿਆਉਣ ਵਿੱਚ ਜਾਂ ਤਾਂ ਬਹੁਤ ਕਮਜ਼ੋਰ ਜਾਪਦੀਆਂ ਹਨ ਜਾਂ ਕਿਸੇ ਦੇ ਕੰਟਰੋਲ ਹੇਠ ਆਈਆਂ ਹੋਈਆਂ ਹਨ।ਇਹ ਪੀੜ੍ਹੀ ਪਾਰਟੀਆਂ, ਨੇਤਾਵਾਂ ਜਾਂ ਸੰਸਥਾਵਾਂ 'ਤੇ ਭਰੋਸਾ ਨਹੀਂ ਕਰਦੀ। ਫਿਰ ਵੀ ਇਹ ਵੋਟ ਪਾਉਂਦੀ ਹੈ, ਬਾਈਕਾਟ ਕਰਦੀ ਹੈ, ਰੋਸ ਪ੍ਰਦਰਸ਼ਨ ਕਰਦੀ ਹੈ, ਆਨਲਾਈਨ ਲਾਮਬੰਦੀ ਕਰਦੀ ਹੈ, ਨੌਕਰੀਆਂ ਛੱਡਦੀ ਹੈ, ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਰੋਜ਼ਾਨਾ ਜੀਵਨ ਨੂੰ ਇੱਕ ਸਿਆਸੀ ਲੜਾਈ ਦੇ ਮੈਦਾਨ ਵਿੱਚ ਬਦਲ ਸਕਦੀ ਹੈ। ਇਸ ਦੀ ਸਿਆਸਤ ਖਿੰਡੀ ਹੋਈ, ਤੇਜ਼ੀ ਨਾਲ ਬਦਲਣ ਵਾਲੀ, ਆਗੂ ਰਹਿਤ, ਅਤੇ ਅਕਸਰ ਇਹ ਉਨ੍ਹਾਂ ਹੀ ਬਜ਼ਾਰਾਂ ਰਾਹੀਂ ਆਪਣੇ ਵਿੱਚ ਸਮੋਅ ਲਈ ਜਾਂਦੀ ਹੈ ਜਿਨ੍ਹਾਂ ਨੂੰ ਇਹ ਰੱਦ ਕਰਦੀ ਹੈ। ਪਰ ਫਿਰ ਵੀ, ਇਹ ਸਿਆਸਤ ਹੈ।ਇਸ ਲੇਖ ਲਈ ਲਈਆਂ ਗਈਆਂ ਇੰਟਰਵਿਊਆਂ ਵਿੱਚ, ਗਾਈ ਸਟੈਂਡਿੰਗ, ਐਮਰੇ ਏਰਦੋਗਾਨ, ਕ੍ਰਿਸਚੀਅਨ ਫੁਕਸ, ਅਤੇ ਅਨੂ ਮੁਹੰਮਦ ਨੇ ਇੱਕੋ ਹੀ ਸੰਕਟ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕੀਤੀ ਹੈ: ਇੱਕ ਅਜਿਹੀ ਪੀੜ੍ਹੀ ਦਾ ਹੋਂਦ ਵਿੱਚ ਆਉਣਾ ਜਿਸ ਦਾ ਰੁਜ਼ਗਾਰ ਦੇ ਸੰਬੰਧ ਵਿੱਚ ਕੋਈ ਸੁਰੱਖਿਅਤ ਭਵਿੱਖ ਨਹੀਂ ਹੈ, ਜਿਸ ਕੋਲ ਕੋਈ ਟਿਕਾਊ ਸਮਾਜਕ ਸਮਝੌਤਾ (ਸਟੇਬਲ ਸੋਸ਼ਲ ਕਾਂਟ੍ਰੈਕਟ) ਨਹੀਂ ਹੈ, ਅਤੇ ਜਿਹਨਾਂ ਕੋਲ ਇਹ ਵਿਸ਼ਵਾਸ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ ਕਿ ਪੂੰਜੀਵਾਦ ਅਜੇ ਵੀ ਆਪਣੇ ਵਾਅਦੇ ਪੂਰੇ ਕਰ ਸਕਦਾ ਹੈ।ਇਸਤੰਬੋਲ ਵਿੱਚ ਰਹਿੰਦੇ ਯੂਨੀਵਰਸਿਟੀ ਦੇ ਇੱਕ 19 ਸਾਲਾ ਵਿਦਿਆਰਥੀ ਨੇ ਇਸ ਨੂੰ ਬਹੁਤ ਸਾਫ਼ ਸ਼ਬਦਾਂ ਵਿੱਚ ਬਿਆਨ ਕੀਤਾ: "ਮੇਰੀ ਕੋਈ ਵਿਚਾਰਧਾਰਾ ਨਹੀਂ ਹੈ। ਮੇਰੇ ਸਾਹਮਣੇ ਬੱਸ ਇੱਕ ਅਜਿਹਾ ਸੰਸਾਰ ਪ੍ਰਬੰਧ ਹੈ ਜਿਸ ਨੂੰ ਮੈਂ ਨਫ਼ਰਤ ਕਰਦਾ ਹਾਂ।"ਇਹ ਵਾਕ ਨੌਜਵਾਨਾਂ ਦੇ ਗੁੱਸੇ ਤੋਂ ਵੀ ਵੱਡੀ ਕਿਸੇ ਗੱਲ ਨੂੰ ਦਰਸਾਉਂਦਾ ਹੈ। ਅਸੀਂ ਜੋ ਦੇਖ ਰਹੇ ਹਾਂ, ਉਹ ਇੱਕ ਪੀੜ੍ਹੀ ਦਾ ਤੋੜ-ਵਿਛੋੜਾ ਹੈ। ਜਨਰੇਸ਼ਨ ਜ਼ੀ (ਜ਼ੈੱਡ) ਸਿਆਸਤ ਤੋਂ ਪਿੱਛੇ ਨਹੀਂ ਹਟੀ। ਇਹ ਬੱਸ ਸਿਆਸਤ ਦੀ ਪੁਰਾਣੀ ਭਾਸ਼ਾ ਅਤੇ ਮਾਡਲ ਤੋਂ ਨਿਰਾਸ਼ ਹੋ ਚੁੱਕੀ ਹੈ। ਅਤੇ ਇਹ ਇੱਕ ਅਜਿਹੇ ਸੰਸਾਰ ਵਿੱਚ ਵੱਡੀ ਹੋਈ ਹੈ ਜਿੱਥੇ ਪੁਰਾਣੀ ਸਿਆਸੀ ਸ਼ਬਦਾਵਲੀ ਹੁਣ ਉਸ ਅਸੁਰੱਖਿਆ ਨੂੰ ਬਿਆਨ ਨਹੀਂ ਕਰ ਸਕਦੀ ਜਿਸ ਦਾ ਇਹ ਸਾਹਮਣਾ ਕਰ ਰਹੀ ਹੈ।ਜਨਰੇਸ਼ਨ ਜ਼ੀ (ਜ਼ੈੱਡ) ਜਮਾਤੀ ਸੰਬੰਧਾਂ ਤੋਂ ਬਾਹਰ ਨਹੀਂ ਹੈ। ਪੂੰਜੀਵਾਦ ਵਿੱਚ ਆਈਆਂ ਤਬਦੀਲੀਆਂ ਨੇ ਜਮਾਤੀ ਢਾਂਚੇ ਅਤੇ ਕੰਮ ਦੀਆਂ ਸਥਿਤੀਆਂ ਨੂੰ ਇੱਕ ਨਵਾਂ ਰੂਪ ਦਿੱਤਾ ਹੈ, ਅਤੇ ਜਨਰੇਸ਼ਨ ਜ਼ੀ (ਜ਼ੈੱਡ) ਇਨ੍ਹਾਂ ਨਵੇਂ ਸੰਬੰਧਾਂ ਵਿੱਚ ਹੀ ਵੱਡੀ ਹੋਈ ਹੈ। ਜਿਸ ਨੂੰ ਅਸੀਂ "ਜਨਰੇਸ਼ਨ ਜ਼ੀ ਦੀ ਸਿਆਸਤ" ਵਜੋਂ ਬਿਆਨ ਕਰਦੇ ਹਾਂ, ਉਸ ਨੂੰ ਇਕ ਸਮਰੂਪ (ਇਕੋ-ਜਿਹੀ) ਪੀੜ੍ਹੀ ਦੀ ਸਿਆਸਤ ਵਜੋਂ ਨਹੀਂ, ਸਗੋਂ ਜਮਾਤੀ ਸੰਬੰਧਾਂ ਵਿੱਚ ਆਈ ਇਕ ਵਿਆਪਕ ਤਬਦੀਲੀ ਦੇ ਪੀੜ੍ਹੀਗਤ ਪ੍ਰਗਟਾਵੇ (ਜਨਰੇਸ਼ਨਲ ਐਕਸਪ੍ਰੈਸ਼ਨ) ਵਜੋਂ ਸਮਝਿਆ ਜਾਣਾ ਚਾਹੀਦਾ ਹੈ।
ਰੁਜ਼ਗਾਰ ਵਿੱਚ ਕਿਸੇ ਭਵਿੱਖ ਤੋਂ ਵਿਹੂਣੀ ਪੀੜ੍ਹੀ ਬ੍ਰਿਟਿਸ਼ ਅਰਥਸ਼ਾਸਤਰੀ ਅਤੇ ਲੇਬਰ ਸਿਧਾਂਤਕਾਰ ਗਾਈ ਸਟੈਂਡਿੰਗ ਨੇ ਇੱਕ ਨਵੀਂ ਜਮਾਤ - "ਪ੍ਰੀਕੇਰੀਅਟ ਭਾਵ ਨਿਤਾਣੀ ਜਮਾਤ" ਦੇ ਉਭਾਰ ਦਾ ਚਿਤਰਨ ਕਰਨ ਵਿੱਚ ਸਾਲ ਬਤਾਏ ਹਨ। ਇਹ ਸਿਰਫ਼ ਭੈੜੀਆਂ ਨੌਕਰੀਆਂ ਵਾਲੇ ਲੋਕਾਂ ਦਾ ਸਮੂਹ ਨਹੀਂ ਹੈ। ਇਹ ਇਕ ਅਜਿਹੀ ਜਮਾਤ ਹੈ ਜਿਸ ਦਾ ਵਜੂਦ ਖੁਦ ਅਸੁਰੱਖਿਆ - ਅਨਿਸ਼ਚਿਤ ਰੁਜ਼ਗਾਰ, ਅਨਿਯਮਿਤ ਆਮਦਨ, ਕਰਜ਼ੇ, ਪੇਸ਼ਾਵਰ ਪਛਾਣ ਦੀ ਘਾਟ, ਅਤੇ ਲਗਾਤਾਰ ਮੁੜ-ਸਿਖਲਾਈ ਲੈਣ, ਆਪਣੀ ਬ੍ਰੈਂਡਿੰਗ ਬਦਲਣ, ਅਤੇ ਅਜਿਹੇ ਕੰਮ ਲਈ ਹਮੇਸ਼ਾਂ ਤਿਆਰ ਰਹਿਣ ਦੀ ਮਜ਼ਬੂਰੀ ਜੋ ਸ਼ਾਇਦ ਕਦੇ ਵੀ ਸੁਰੱਖਿਅਤ ਨਹੀਂ ਬਣੇਗਾ- ਨਾਲ ਘੜਿਆ ਗਿਆ ਹੈ। ਸਟੈਂਡਿੰਗ ਸਮਕਾਲੀ ਅਰਥਚਾਰੇ ਨੂੰ "ਇੱਕ ਗਲੋਬਲਾਈਜ਼ਡ ਰੈਂਟੀਅਰ ਯੁੱਗ" ਸਮਝਦਾ ਹੈ। ਉਸ ਦਾ ਕਹਿਣਾ ਹੈ "ਅਸੀਂ ਪੂੰਜੀਵਾਦ ਦੇ ਗਲੋਬਲਾਈਜ਼ਡ ਰੈਂਟੀਅਰ ਯੁੱਗ ਵਿੱਚ ਜੀ ਰਹੇ ਹਾਂ; ਆਮਦਨ, ਦੌਲਤ ਅਤੇ ਤਾਕਤ ਤੇਜ਼ੀ ਨਾਲ ਦੌਲਤਮੰਦਾਂ ਅਤੇ ਜਾਇਦਾਦਾਂ ਦੇ ਮੁੱਖ ਰੂਪਾਂ ਦੇ ਮਾਲਕ ਕੁਲੀਨ ਵਰਗਾਂ ਕੋਲ ਜਾ ਰਹੀ ਹੈ। ਬਹੁਗਿਣਤੀ ਨੌਜਵਾਨਾਂ ਨੂੰ ਅਸਥਿਰ ਅਤੇ ਅਸੁਰੱਖਿਅਤ ਨੌਕਰੀਆਂ ਮਿਲਣਗੀਆਂ। ਉਹ ਘੱਟ ਅਤੇ ਅਨਿਸ਼ਚਿਤ ਮਜ਼ਦੂਰੀ 'ਤੇ ਗੁਜ਼ਾਰਾ ਕਰਨਗੇ ਅਤੇ ਲਗਭਗ ਹਮੇਸ਼ਾਂ ਹੀ ਕਰਜ਼ੇ ਹੇਠ ਰਹਿਣਗੇ।"ਸਟੈਂਡਿੰਗ ਅਨੁਸਾਰ, ਮੁੱਦਾ ਸਿਰਫ਼ ਇਹ ਨਹੀਂ ਹੈ ਕਿ ਨੌਜਵਾਨਾਂ ਲਈ ਕੰਮ ਦੀਆਂ ਸਥਿਤੀਆਂ ਪਿਛਲੀਆਂ ਪੀੜ੍ਹੀਆਂ ਨਾਲੋਂ ਮਾੜੀਆਂ ਹਨ। ਮੁੱਦਾ ਇਹ ਹੈ ਕਿ ਹਰ ਨਵੀਂ ਪੀੜ੍ਹੀ ਪਹਿਲਾਂ ਨਾਲੋਂ ਵੀ ਵੱਧ ਡੂੰਘਾਈ ਨਾਲ 'ਪ੍ਰੀਕੇਰੀਅਟ ਭਾਵ ਨਿਤਾਣੀ ਜਮਾਤ'  ਵਿੱਚ ਧੱਕੀ ਜਾ ਰਹੀ ਹੈ।ਉਸ ਦੇ ਸ਼ਬਦਾਂ ਵਿੱਚ "ਹਰ ਨਵੀਂ ਪੀੜ੍ਹੀ ਪਿਛਲੀ ਪੀੜ੍ਹੀ ਦੇ ਮੁਕਾਬਲੇ ਇਸ ਜਮਾਤ ਵਿੱਚ ਜ਼ਿਆਦਾ ਸ਼ਾਮਲ ਹੁੰਦੀ ਜਾ ਰਹੀ ਹੈ।" ਸਟੈਂਡਿੰਗ ਮੁਤਾਬਕ, ਨੌਜਵਾਨਾਂ ਲਈ ਕੰਮ ਦੀਆਂ ਸੰਭਾਵਨਾਵਾਂ ਇੰਨੀਆਂ ਧੁੰਦਲੀਆਂ ਅਤੇ ਨਿਰਾਸ਼ਾਜਨਕ ਹਨ ਕਿ ਉਨ੍ਹਾਂ ਦਾ "ਕੋਈ ਪੇਸ਼ਾਵਰ ਭਵਿੱਖ ਹੀ ਨਹੀਂ ਹੈ। ਨਿਤਾਣੀ ਜਮਾਤ (ਪ੍ਰੀਕੇਰੀਅਟ) ਵਿੱਚ ਫਸੇ ਵਿਅਕਤੀ ਲਗਾਤਾਰ ਨੌਕਰੀਆਂ ਦੀ ਭਾਲ ਕਰਨ, ਆਪਣੇ ਆਪ ਨੂੰ ਮੁੜ-ਸਿਖਲਾਈ ਦੇਣ, ਅਤੇ ਆਮਦਨ ਦੇ ਨਵੇਂ ਸਰੋਤ ਲੱਭਣ ਲਈ ਮਜ਼ਬੂਰ ਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਕਾਰਜ ਬਿਨਾਂ ਕਿਸੇ ਮਿਹਨਤਾਨੇ (ਅਣ-ਪੇਡ) ਦੇ ਹੁੰਦੇ ਹਨ ਅਤੇ ਅਣਦੇਖੇ ਰਹਿ ਜਾਂਦੇ ਹਨ। ਇਸ ਲਈ ਲੋਕ ਆਪਣੀ ਪੇਸ਼ਾਵਰ ਪਛਾਣ ਵਿਕਸਿਤ ਨਹੀਂ ਕਰ ਸਕਦੇ ਅਤੇ ਆਪਣੇ ਆਪ ਨੂੰ ਇੱਕ ਟਿਕਾਊ ਕੈਰੀਅਰ ਦੇ ਰਸਤੇ 'ਤੇ ਨਹੀਂ ਪਾ ਸਕਦੇ।"ਇਹ ਪੂੰਜੀਵਾਦ ਦੇ ਕਲਾਸਿਕ ਵਾਅਦਿਆਂ ਵਿੱਚੋਂ ਇੱਕ ਦੇ ਢਹਿ-ਢੇਰੀ ਹੋਣ ਦਾ ਪ੍ਰਤੀਕ ਹੈ। ਲਿਬਰਲ ਡੈਮੋਕ੍ਰੇਸੀਆਂ (ਉਦਾਰਵਾਦੀ ਲੋਕਤੰਤਰਾਂ) ਵਿੱਚ ਕੰਮ ਬਾਰੇ ਪੁਰਾਣੀ ਧਾਰਨਾ ਇਹ ਸੀ ਕਿ ਕੰਮ ਨੌਜਵਾਨਾਂ ਨੂੰ ਸਿਰਫ਼ ਤਨਖਾਹਾਂ ਹੀ ਨਹੀਂ, ਸਗੋਂ ਉਹਨਾਂ ਦੇ ਜੀਵਨ ਨੂੰ ਇੱਕ ਦਿਸ਼ਾ, ਸਮਾਜ ਦਾ ਹਿੱਸਾ ਹੋਣ ਦੀ ਭਾਵਨਾ ਅਤੇ ਇੱਕ ਭਵਿੱਖ ਵੀ ਦੇਵੇਗਾ। ਨਵੀਂ ਲੇਬਰ ਮਾਰਕੀਟ ਵਿੱਚ, ਕੰਮ ਅਕਸਰ ਉਨ੍ਹਾਂ ਨੂੰ ਸਿਰਫ਼ ਥਕਾਵਟ, ਅਨਿਸ਼ਚਿਤਤਾ ਅਤੇ ਕਰਜ਼ਾ ਹੀ ਦਿੰਦਾ ਹੈ।ਸਟੈਂਡਿੰਗ ਇਸ ਗੱਲ 'ਤੇ ਵੀ ਜ਼ੋਰ ਦਿੰਦਾ ਹੈ ਕਿ ਇਸ ਸਥਿਤੀ ਦੇ ਸਰੀਰਕ ਅਤੇ ਮਾਨਸਿਕ ਅਸਰ ਪੈਂਦੇ ਹਨ। ਲਗਾਤਾਰ ਰਹਿਣ ਵਾਲੀ ਅਨਿਸ਼ਚਿਤਤਾ ਸਰੀਰ ਤੋਂ ਬਾਹਰ ਨਹੀਂ ਰਹਿੰਦੀ। ਇਹ ਤਣਾਅ, ਬੀਮਾਰੀ ਅਤੇ ਡਰ ਵਿੱਚ ਬਦਲ ਜਾਂਦੀ ਹੈ। ਉਸ ਅਨੁਸਾਰ, "ਖਾਸ ਕਰਕੇ ਨੌਜਵਾਨਾਂ ਨੂੰ, ਅਤੇ ਆਮ ਤੌਰ 'ਤੇ ਨਿਤਾਣੀ ਜਮਾਤ (ਪ੍ਰੀਕੇਰੀਅਟ) ਵਿੱਚ ਫਸੇ ਹਰ ਵਿਅਕਤੀ ਨੂੰ ਲਗਾਤਾਰ ਅਨਿਸ਼ਚਿਤਤਾ ਨਾਲ ਨਿਪਟਣਾ ਪੈਂਦਾ ਹੈ। ਇਸ ਦਾ ਮਤਲਬ ਹੈ 'ਅਣਜਾਣ ਚੁਣੌਤੀਆਂ' ਦਾ ਸਾਹਮਣਾ ਕਰਨਾ; ਜਿਸ ਦਾ ਮਤਲਬ ਹੈ ਕਿ ਉਹਨਾਂ ਵਿੱਚ ਨਾ ਤਾਂ ਝਟਕਿਆਂ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ, ਅਤੇ ਨਾ ਹੀ ਉਨ੍ਹਾਂ ਤੋਂ ਮੁੜ ਉਭਰਨ ਦੀ ਮਜ਼ਬੂਤੀ। ਇਸ ਦੇ ਵਿਅਕਤੀਗਤ ਪੱਧਰ `ਤੇ ਪੈਣ ਵਾਲੇ ਅਸਰ ਕਰਜ਼ੇ, ਤਣਾਅ ਅਤੇ ਵਧਦੀਆਂ ਬੀਮਾਰੀਆਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।"ਇਹ ਲੇਬਰ ਮਾਰਕੀਟ ਦੀ ਇੱਕ ਆਰਜ਼ੀ ਸਮੱਸਿਆ ਨਹੀਂ ਹੈ। ਇਹ ਇੱਕ ਸਿਆਸੀ ਸਥਿਤੀ ਹੈ। ਜਦੋਂ ਨੌਜਵਾਨ ਰੁਜ਼ਗਾਰ ਰਾਹੀਂ ਆਪਣੇ ਟਿਕਾਊ ਭਵਿੱਖ ਦੀ ਕਲਪਨਾ ਨਹੀਂ ਕਰ ਸਕਦੇ, ਤਾਂ ਉਹ ਉਨ੍ਹਾਂ ਸੰਸਥਾਵਾਂ `ਤੇ ਵਿਸ਼ਵਾਸ ਕਰਨੋ ਹੱਟ ਜਾਂਦੇ ਹਨ ਜੋ ਅਜੇ ਵੀ ਇਹ ਦਾਅਵਾ ਕਰਦੀਆਂ ਹਨ ਕਿ ਅਜੇ ਵੀ ਅਜਿਹਾ ਭਵਿੱਖ ਸੰਭਵ ਹੈ।ਹੁਣ ਨਿਯਮ ਕੰਮ ਨਹੀਂ ਕਰਦੇ  ਇਕੱਲੀ ਆਰਥਿਕ ਅਸੁਰੱਖਿਆ ਜਨਰੇਸ਼ਨ ਜ਼ੀ (ਜ਼ੈੱਡ) ਦੀ ਸਿਆਸਤ ਦੀ ਪੂਰੀ ਵਿਆਖਿਆ ਨਹੀਂ ਕਰਦੀ। ਮੌਜੂਦਾ ਤੋੜ-ਵਿਛੋੜੇ ਨੂੰ ਹੋਰ ਡੂੰਘਾ ਕਰਨ ਵਾਲੀ ਗੱਲ ਇਸ ਵਿਸ਼ਵਾਸ ਦਾ ਟੁੱਟਣਾ ਹੈ ਕਿ ਸਮਾਜ ਵਿੱਚ ਸਪਸ਼ਟ ਅਤੇ ਉਚਿਤ ਨਿਯਮ ਹਨ।ਸਮਾਜਕ ਭਰੋਸੇ, ਨੌਜਵਾਨਾਂ ਅਤੇ ਸਿਆਸੀ ਵਤੀਰੇ ਬਾਰੇ ਖੋਜ ਕਰਨ ਵਾਲਾ ਰਾਜਨੀਤਕ ਵਿਗਿਆਨੀ ਐਮਰੇ ਏਰਦੋਗਾਨ ਕਹਿੰਦਾ ਹੈ ਕਿ ਇਹ ਗੱਲ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਮਾਜਕ ਵਿਵਸਥਾ ਦਾ ਇੱਕ ਵਿਆਪਕ ਸੰਕਟ ਹੈ। ਏਰਦੋਗਾਨ ਦਾ ਤਰਕ ਹੈ ਕਿ ਨੌਜਵਾਨਾਂ ਦੀ ਅਸੁਰੱਖਿਆ ਉਨ੍ਹਾਂ ਸੰਸਥਾਵਾਂ ਦੇ ਢਹਿ ਜਾਣ ਦਾ ਅਕਸ ਦਿਖਾਉਂਦੀ ਹੈ, ਜਿਹੜੀਆਂ ਸੰਸਥਾਂਵਾਂ ਕਦੇ ਪੂੰਜੀਵਾਦ ਨੂੰ ਮਾਨਤਾ ਪ੍ਰਦਾਨ ਕਰਦੀਆਂ ਸਨ। ਏਰਦੋਗਾਨ ਕਹਿੰਦਾ ਹੈ "1945 ਤੋਂ ਬਾਅਦ ਦੀ ਆਪਸੀ ਸਹਿਮਤੀ (ਕਨਸੈਂਸਸ) ਹੁਣ ਖਤਮ ਹੋ ਚੁੱਕੀ ਹੈ। ਯੂਨਾਈਟਿਡ ਨੇਸ਼ਨਜ਼ (ਸੰਯੁਕਤ ਰਾਸ਼ਟਰ) ਦਾ ਨਿਜ਼ਾਮ ਖਤਮ ਹੋ ਗਿਆ ਹੈ। ਵਿਸ਼ਵ ਬੈਂਕ, ਆਈ ਐਮ ਐਫ ਅਤੇ ਵਿਸ਼ਵ ਵਪਾਰ ਸੰਗਠਨ ਵਲੋਂ ਸਥਾਪਤ ਸਿਸਟਮ ਢਹਿ-ਢੇਰੀ ਹੋ ਚੁੱਕਾ ਹੈ। ਕਲਿਆਣਕਾਰੀ ਰਾਜ (ਵੈਲਫੈਅਰ ਸਟੇਟ) ਦਾ ਪਤਨ ਹੋ ਗਿਆ ਹੈ। ਸੇਫਟੀ ਨੈੱਟ (ਸੁਰੱਖਿਆ ਜਾਲ) ਹੁਣ ਮੌਜੂਦ ਨਹੀਂ ਹੈ। ਜਦੋਂ ਤੁਸੀਂ ਡਿੱਗੋਗੇ, ਤਾਂ ਤੁਹਾਨੂੰ ਕੌਣ ਸੰਭਾਲੇਗਾ? ਇਸ ਦਾ ਜਵਾਬ ਹੈ: ਪਰਿਵਾਰ, ਰਿਸ਼ਤੇਦਾਰ, ਭਾਈਚਾਰਾ। ਰਾਜ (ਸਰਕਾਰ) ਨਹੀਂ।"ਸਟੈਂਡਿੰਗ ਦੇ ਵਿਸ਼ਲੇਸ਼ਣ ਆਰਥਿਕ ਸਥਿਤੀ ਦੀ ਵਿਆਖਿਆ ਕਰਦੇ ਹਨ, ਅਤੇ ਏਰਦੋਗਾਨ ਇਹ ਸਮਝਾਉਂਦਾ ਹੈ ਕਿ ਇਹ ਸਥਿਤੀ ਸਿਆਸੀ ਕਿਉਂ ਬਣ ਜਾਂਦੀ ਹੈ। ਨੌਜਵਾਨ ਸਿਰਫ਼ ਕੰਮ ਲੱਭਣ ਲਈ ਹੀ ਜੱਦੋਜਹਿਦ ਨਹੀਂ ਕਰ ਰਹੇ। ਉਹ ਇਹ ਸਮਝਣ ਲਈ ਵੀ ਜੱਦੋਜਹਿਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਏਰਦੋਗਾਨ ਦਾ ਕਹਿਣਾ ਹੈ, "ਤੁਸੀਂ ਹੁਣ ਨੌਜਵਾਨਾਂ ਨੂੰ ਇਹ ਨਹੀਂ ਕਹਿ ਸਕਦੇ, 'ਜੇ ਤੁਸੀਂ ਸਖ਼ਤ ਮਿਹਨਤ ਕਰੋਗੇ, ਤਾਂ ਤੁਸੀਂ ਸਫਲ ਹੋਵੋਗੇ।' ਅਸੀਂ ਨਹੀਂ ਜਾਣਦੇ ਕਿ ਸਫਲ ਕਿਵੇਂ ਹੋਣਾ ਹੈ। ਲੋਕਾਂ ਦਾ ਦਿਨ-ਬ-ਦਿਨ ਨਿਯਮਾਂ ਤੋਂ ਵਿਸ਼ਵਾਸ ਉੱਠ ਰਿਹਾ ਹੈ। ਇਸ ਸਮਾਜ ਵਿੱਚ ਸਫਲ ਹੋਣ ਲਈ ਕੀ ਚਾਹੀਦਾ ਹੈ, ਇਸ ਬਾਰੇ ਕੋਈ ਸਾਂਝੀ ਸਹਿਮਤੀ ਨਹੀਂ ਹੈ। ਨੌਜਵਾਨ ਸਿਰਫ਼ ਕੰਮ ਲੱਭਣ ਲਈ ਹੀ ਜੱਦੋਜਹਿਦ ਨਹੀਂ ਕਰ ਰਹੇ। ਉਹ ਇਹ ਸਮਝਣ ਲਈ ਵੀ ਜੱਦੋਜਹਿਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਅਨਿਸ਼ਚਿਤਤਾ, ਸਮੇਂ ਦੇ ਨਾਲ, ਇੱਕ ਵਿਅਕਤੀਗਤ ਅਸਫਲਤਾ ਦੀ ਭਾਵਨਾ ਦੀ ਬਜਾਏ ਢਾਂਚਾਗਤ ਬੇਇਨਸਾਫ਼ੀ ਦੇ ਅਹਿਸਾਸ ਵਿੱਚ ਬਦਲ ਜਾਂਦੀ ਹੈ। ਅਤੇ ਇਹ ਅਹਿਸਾਸ ਗੁੱਸੇ ਨੂੰ ਜਨਮ ਦਿੰਦਾ ਹੈ।"ਇਹ ਫਰਕ ਬਹੁਤ ਮਹੱਤਵਪੂਰਨ ਹੈ। ਜੇਕਰ ਨੌਜਵਾਨ ਇਹ ਮੰਨਦੇ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਸਿਰਫ਼ ਉਨ੍ਹਾਂ ਦੀਆਂ ਆਪਣੀਆਂ ਵਿਅਕਤੀਗਤ ਅਸਫਲਤਾਵਾਂ ਹਨ, ਤਾਂ ਇਸ ਦਾ ਨਤੀਜਾ ਸ਼ਰਮ, ਦੂਜਿਆਂ ਤੋਂ ਅਲਹਿਦਗੀ, ਜਾਂ ਖਾਮੋਸ਼ ਨਿਰਾਸ਼ਾ ਦੇ ਰੂਪ ਵਿੱਚ ਨਿਕਲ ਸਕਦਾ ਸੀ। ਪਰ ਜਦੋਂ ਅਸੁਰੱਖਿਆ ਨੂੰ ਢਾਂਚਾਗਤ ਬੇਇਨਸਾਫ਼ੀ ਵਜੋਂ ਸਮਝਿਆ ਜਾਂਦਾ ਹੈ, ਤਾਂ ਗੁੱਸਾ ਸਿਆਸੀ ਰੂਪ ਧਾਰਨ ਕਰ ਲੈਂਦਾ ਹੈ।ਇਸਤੰਬੋਲ ਵਿੱਚ ਰਹਿ ਰਹੇ ਇੱਕ ਯੂਨਾਨੀ ਇਰਾਸਮਸ ਵਿਦਿਆਰਥੀ (ਵਿਦਿਆਰਥੀ ਐਕਸਚੇਂਜ `ਤੇ ਆਇਆ ਵਿਦਿਆਰਥੀ-ਅਨੁਵਾਦਕ) ਨੇ ਇਸ ਅਵਿਸ਼ਵਾਸ ਨੂੰ ਬਹੁਤ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤਾ ਹੈ: "ਜੇਕਰ ਮੈਂ ਕਦੇ ਵੋਟ ਪਾਈ, ਤਾਂ ਇਹ ਸ਼ਾਇਦ ਕਿਸੇ ਵਿਰੋਧ ਵਜੋਂ ਜਾਂ ਕਿਸੇ ਚੀਜ਼ ਨੂੰ ਤਬਾਹ ਕਰਨ ਲਈ ਹੋਵੇਗੀ ਨਾ ਕਿ ਇਸ ਲਈ ਕਿ ਮੈਨੂੰ ਕਿਸੇ ਨੇਤਾ 'ਤੇ ਭਰੋਸਾ ਹੈ।"ਇਹ ਸਿਰਫ਼ ਸਨਕੀਪਨ ਨਹੀਂ ਹੈ। ਇਹ 'ਐਨੋਮੀ' - ਇੱਕ ਅਜਿਹੀ ਸਥਿਤੀ ਜਿਸ ਵਿੱਚ ਸਮਾਜਕ ਜੀਵਨ ਦੇ ਨਿਯਮ ਆਪਣੀ ਮਾਨਤਾ ਗੁਆ ਦਿੰਦੇ ਹਨ - ਦਾ ਇੱਕ ਪ੍ਰਗਟਾਵਾ ਹੈ। ਨੌਜਵਾਨ ਸ਼ਾਇਦ ਅਜੇ ਵੀ ਵੋਟ ਪਾਉਣ। ਉਹ ਸ਼ਾਇਦ ਅਜੇ ਵੀ ਸ਼ਮੂਲੀਅਤ ਕਰਨ। ਪਰ ਹੁਣ ਇਹ ਅਮਲ ਭਰੋਸੇ 'ਤੇ ਅਧਾਰਤ ਨਹੀਂ ਰਿਹਾ। ਇਹ ਇਕ ਇਨਕਾਰ ਕਰਨ ਦਾ ਅਮਲ ਹੈ।ਏਰਦੋਗਾਨ ਇਸ ਸਥਿਤੀ ਨੂੰ ਇੱਕ ਸ਼ਬਦ ਵਿੱਚ ਬਿਆਨਦਾ ਹੈ: "ਰੋਸ"। ਤੁਰਕੀ ਵਿੱਚ, ਇਹ ਰੋਸ 2013 ਵਿੱਚ ਗੇਜ਼ੀ ਪਾਰਕ ਦੇ ਪ੍ਰਦਰਸ਼ਨਾਂ ਦੌਰਾਨ ਸ਼ਕਤੀਸ਼ਾਲੀ ਰੂਪ ਵਿੱਚ ਸਾਹਮਣੇ ਆਇਆ ਸੀ, ਜਦੋਂ ਇੱਕ ਵਾਤਾਵਰਣ ਸੰਬੰਧੀ ਰੋਸ ਪ੍ਰਦਰਸ਼ਨ ਇੱਕ ਸਰਕਾਰ-ਵਿਰੋਧੀ ਵਿਆਪਕ ਅੰਦੋਲਨ ਵਿੱਚ ਬਦਲ ਗਿਆ ਸੀ। ਭਾਵੇਂ ਕਿ ਗੇਜ਼ੀ ਅੰਦੋਲਨ ਜਨਰੇਸ਼ਨ ਜ਼ੀ (ਜ਼ੈੱਡ) ਦੇ ਸਿਆਸੀ ਦੌਰ ਤੋਂ ਪਹਿਲਾਂ ਦਾ ਹੈ, ਪਰ ਏਰਦੋਗਾਨ ਜਿਸ ਰੋਸ ਦੀ ਪਛਾਣ ਕਰਦਾ ਹੈ, ਉਹ ਰੋਸ ਦੇ ਮੌਜੂਦਾ ਸਮੇਂ ਦੇ ਹੋਰ ਰੂਪਾਂ- ਵਿਦਿਆਰਥੀ ਲਹਿਰਾਂ, ਸ਼ਹਿਰੀ ਪ੍ਰਦਰਸ਼ਨਾਂ, ਆਨਲਾਈਨ ਮੁਹਿੰਮਾਂ, ਖਪਤਕਾਰਾਂ ਵਲੋਂ ਕੀਤੇ ਬਾਈਕਾਟਾਂ, ਅਤੇ ਇਨਕਾਰ ਕਰਨ ਦੇ ਆਗੂ-ਰਹਿਤ ਅਮਲਾਂ- ਵਿੱਚ ਦੁਬਾਰਾ ਸਾਹਮਣੇ ਆਇਆ ਹੈ।ਦੁਨੀਆ ਭਰ ਵਿੱਚ, ਜਨਰੇਸ਼ਨ ਜ਼ੀ (ਜ਼ੈੱਡ) ਵਾਰ-ਵਾਰ ਸਿਆਸੀ ਉਥਲ-ਪੁਥਲ ਦੇ ਮੋਹਰੀ ਰੋਲ ਵਿੱਚ ਰਹੀ ਹੈ। ਇਹ ਕਿਸੇ ਸਾਂਝੀ ਪੀੜ੍ਹੀਗਤ ਵਿਚਾਰਧਾਰਾ ਕਰਕੇ ਨਹੀਂ ਹੈ; ਸਗੋਂ ਇਹ ਨਿਤਾਣੇਪਣ (ਪ੍ਰੀਕੇਰੀਅਟੀ) ਅਤੇ ਸੰਸਥਾਵਾਂ ਵਿੱਚ ਅਵਿਸ਼ਵਾਸ ਦੇ ਸਾਂਝੇ ਤਜਰਬੇ ਦਾ ਨਤੀਜਾ ਹੈ। ਜਲਵਾਯੂ ਨਾਲ ਸੰਬੰਧਿਤ ਹੜਤਾਲਾਂ ਤੋਂ ਲੈ ਕੇ ਈਰਾਨ ਵਿੱਚ ਔਰਤਾਂ ਦੀ ਅਗਵਾਈ ਵਾਲੀ ਬਗਾਵਤ ਤੱਕ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਨੌਜਵਾਨਾਂ ਦੀ ਲਾਮਬੰਦੀ ਤੋਂ ਲੈ ਕੇ ਭਾਰਤ ਦੇ ਹਾਲੀਆ "ਕਾਕਰੋਚ" ਪ੍ਰਦਰਸ਼ਨਾਂ ਤੱਕ, ਜਨਰੇਸ਼ਨ ਜ਼ੀ (ਜ਼ੈੱਡ) ਸਿਆਸੀ ਸੰਕਟ ਦੇ ਪਲਾਂ ਵਿੱਚ ਵਾਰ-ਵਾਰ ਇੱਕ ਗੜਬੜ ਪੈਦਾ ਕਰਨ ਵਾਲੀ ਤਾਕਤ ਵਜੋਂ ਉੱਭਰੀ ਹੈ।
ਗੁੱਸਾ ਕੋਈ ਨਵੀਂ ਚੀਜ਼ ਨਹੀਂ ਹੈ। ਜੋ ਨਵਾਂ ਹੈ, ਉਹ ਹੈ ਇਸ ਦੀ ਰਫ਼ਤਾਰ, ਇਸ ਦੀ ਗਤੀਸ਼ੀਲਤਾ, ਅਤੇ ਜਿਸ ਤਰੀਕੇ ਨਾਲ ਇਹ ਸੜਕਾਂ, ਸਕਰੀਨਾਂ, ਕੰਮ ਵਾਲੀਆਂ ਥਾਵਾਂ, ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੈਂਪਸਾਂ ਅਤੇ ਬਾਜ਼ਾਰਾਂ ਤੱਕ ਫੈਲਦਾ ਹੈ। ਡਿਜੀਟਲ ਪੂੰਜੀਵਾਦ ਅਤੇ ਸੰਘਰਸ਼ ਦਾ ਨਵਾਂ ਮੈਦਾਨ
ਇਹ ਕਹਿਣ ਨੂੰ ਜੀਅ ਕਰ ਸਕਦਾ ਹੈ ਕਿ ਸੋਸ਼ਲ ਮੀਡੀਆ ਜੈਨ ਜ਼ੀ ਦੀ ਸਿਆਸਤ ਦਾ ਮੁੱਖ ਚਾਲਕ ਹੈ। ਪਰ ਇਹ ਬਹੁਤ ਸਰਲ ਵਿਆਖਿਆ ਹੋਵੇਗੀ। ਡਿਜੀਟਲ ਪਲੇਟਫਾਰਮਾਂ ਨੇ ਸ਼ੋਸ਼ਣ, ਕਰਜ਼ੇ, ਅਸੁਰੱਖਿਆ, ਜਾਂ ਪੁਲੀਸ ਦੀ ਹਿੰਸਾ ਨੂੰ ਜਨਮ ਨਹੀਂ ਦਿੱਤਾ। ਪਰ ਉਨ੍ਹਾਂ ਨੇ ਉਸ ਮੈਦਾਨ ਨੂੰ ਜ਼ਰੂਰ ਬਦਲ ਦਿੱਤਾ ਹੈ ਜਿੱਥੇ ਇਹ ਸੰਘਰਸ਼ ਦੇਖੇ ਜਾਂਦੇ ਹਨ, ਜਥੇਬੰਦ ਕੀਤੇ ਜਾਂਦੇ ਹਨ, ਤੇਜ਼ ਕੀਤੇ ਜਾਂਦੇ ਹਨ, ਅਤੇ ਜਿਨ੍ਹਾਂ ਤੋਂ ਕਮਾਈ ਕੀਤੀ ਜਾਂਦੀ ਹੈ।ਡਿਜੀਟਲ ਲੇਬਰ ਅਤੇ ਪੂੰਜੀਵਾਦ ਦੇ ਵਿਸ਼ੇ `ਤੇ ਕੰਮ ਕਰਨ ਵਾਲੇ ਮੀਡੀਆ ਸਿਧਾਂਤਕਾਰ ਕ੍ਰਿਸਚੀਅਨ ਫੁਕਸ ਦਾ ਤਰਕ ਹੈ ਕਿ ਪਲੇਟਫਾਰਮਾਂ ਨੂੰ ਸਮਕਾਲੀ ਬਗਾਵਤਾਂ ਦੇ ਕਾਰਨ ਵਜੋਂ ਨਹੀਂ, ਸਗੋਂ ਡਿਜੀਟਲ ਪੂੰਜੀਵਾਦ ਅਧੀਨ ਸਮਾਜਕ ਸੰਘਰਸ਼ਾਂ ਦੇ ਮਾਧਿਅਮ (ਮੀਡੀਏਟਰਜ਼) ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਉਹ ਕਹਿੰਦਾ ਹੈ "ਸੋਸ਼ਲ ਮੀਡੀਆ ਸਮਕਾਲੀ ਵਿਰੋਧ ਪ੍ਰਦਰਸ਼ਨਾਂ, ਬਗਾਵਤਾਂ ਅਤੇ ਕ੍ਰਾਂਤੀਆਂ ਦਾ ਕਾਰਨ ਨਹੀਂ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਨੌਜਵਾਨ ਤਕਨਾਲੋਜੀ ਵਿੱਚ ਬਹੁਤ ਮਾਹਰ ਹਨ, ਇਹ ਸੁਭਾਵਿਕ ਹੈ ਕਿ ਉਹ ਵਿਰੋਧ ਪ੍ਰਦਰਸ਼ਨਾਂ ਦੇ ਸੰਚਾਰ, ਤਾਲਮੇਲ ਅਤੇ ਸੰਗਠਨ ਵਿੱਚ ਹਰ ਤਰ੍ਹਾਂ ਦੇ ਡਿਜੀਟਲ ਮੀਡੀਆ ਦੀ ਵਰਤੋਂ ਕਰਦੇ ਹਨ। ਭੈੜੀਆਂ ਹਾਲਤਾਂ ਵਾਲਾ ਅਤੇ ਅਨਿਸ਼ਚਿਤ ਰੁਜ਼ਗਾਰ (ਪ੍ਰੀਕੇਰੀਅਸ ਲੇਬਰ) ਨਿਸ਼ਚਿਤ ਤੌਰ 'ਤੇ ਜਨਰੇਸ਼ਨ ਜ਼ੀ ਦੇ ਕੁਝ ਵਿਰੋਧ ਪ੍ਰਦਰਸ਼ਨਾਂ ਦਾ ਇਕ ਮਹੱਤਵਪੂਰਨ ਕਾਰਕ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ 'ਪੈਦਾ' ਕੀਤੇ ਗਏ ਹਨ। ਡਿਜੀਟਲ ਪੂੰਜੀਵਾਦ ਵਿੱਚ ਇਹ ਪਲੇਟਫਾਰਮ ਸ਼ੋਸ਼ਣ ਅਤੇ ਸਮਾਜਿਕ ਸੰਘਰਸ਼ਾਂ ਨੂੰ ਪੈਦਾ ਨਹੀਂ ਕਰਦੇ, ਸਗੋਂ ਉਨ੍ਹਾਂ ਦੇ ਇੱਕ ਮਾਧਿਅਮ ਵਜੋਂ ਕੰਮ ਕਰਦੇ ਹਨ।"   ਜਨਰੇਸ਼ਨ ਜ਼ੀ (ਜ਼ੈੱਡ) ਦੇ ਬਹੁਤ ਸਾਰੇ ਮੈਂਬਰਾਂ ਵਿੱਚ ਉੱਭਰੀ ਸਿਆਸਤ ਨੂੰ ਸਿਰਫ਼ ਟਿਕਟੌਕ, ਇੰਸਟਾਗ੍ਰਾਮ, ਐਕਸ, ਜਾਂ ਕਿਸੇ ਹੋਰ ਪਲੇਟਫਾਰਮ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਪਰ ਉਨ੍ਹਾਂ ਨੂੰ ਇਨ੍ਹਾਂ ਪਲੇਟਫਾਰਮਾਂ ਤੋਂ ਬਾਹਰ ਰੱਖ ਕੇ ਵੀ ਨਹੀਂ ਸਮਝਿਆ ਜਾ ਸਕਦਾ। ਪੀੜ੍ਹੀਗਤ ਸਮੂਹ ਜਮਾਤ ਨੂੰ ਖਤਮ ਨਹੀਂ ਕਰਦੇ। ਸਗੋਂ ਪੀੜ੍ਹੀਗਤ ਤਜਰਬਾ ਉਨ੍ਹਾਂ ਸਥਿਤੀਆਂ ਨੂੰ ਰੂਪ ਦਿੰਦਾ ਹੈ ਜਿਨ੍ਹਾਂ ਅਧੀਨ ਜਮਾਤੀ ਸੰਬੰਧਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ। ਡਿਜੀਟਲ ਮੀਡੀਆ ਉਨ੍ਹਾਂ ਮੁੱਖ ਥਾਂਵਾਂ ਵਿੱਚੋਂ ਇੱਕ ਥਾਂ ਬਣ ਗਿਆ ਹੈ ਜਿੱਥੇ ਜਨਰੇਸ਼ਨ ਜ਼ੀ (ਜ਼ੈੱਡ) ਦਾ ਗੁੱਸਾ ਫੈਲਦਾ ਹੈ, ਜਿੱਥੇ ਰੋਸ ਨੂੰ ਜਥੇਬੰਦ ਕੀਤਾ ਜਾਂਦਾ ਹੈ, ਜਿੱਥੇ ਪਛਾਣਾਂ ਬਣਦੀਆਂ ਹਨ, ਅਤੇ ਜਿੱਥੇ ਵਿਰੋਧ ਨੂੰ ਵੀ ਸਮੱਗਰੀ (ਕੰਟੈਂਟ), ਡਾਟੇ ਅਤੇ ਮੁਨਾਫ਼ੇ ਵਿੱਚ ਬਦਲਿਆ ਜਾ ਸਕਦਾ ਹੈ। ਵਿਰੋਧਾਭਾਸ (ਕੰਟਰਾਡਿਕਸ਼ਨ) ਉਨ੍ਹਾਂ ਸਥਿਤੀਆਂ ਵਿੱਚ ਹੈ ਜਿਨ੍ਹਾਂ ਦੇ ਅਧੀਨ ਅੱਜ ਬਹੁਤ ਸਾਰੇ ਨੌਜਵਾਨ ਕੰਮ ਕਰਦੇ ਹਨ। ਇੱਥੋਂ ਤੱਕ ਕਿ ਜੋ ਲੋਕ ਅਜੋਕੇ ਪ੍ਰਬੰਧ ਨੂੰ ਰੱਦ ਕਰਦੇ ਹਨ, ਉਹ ਵੀ ਸੱਟੇਬਾਜ਼ੀ ਵਾਲੇ ਡਿਜੀਟਲ ਬਾਜ਼ਾਰਾਂ, ਇਨਫਲੂਐਂਸਰ ਅਰਥਚਾਰਿਆਂ, ਪਲੇਟਫਾਰਮ ਲੇਬਰ (ਪਲੇਟਫਾਰਮਾਂ `ਤੇ ਮਜ਼ਦੂਰੀ ਜਾਂ ਗਿੱਗ ਵਰਕ), ਅਤੇ ਐਲਗੋਰਿਦਮਿਕ ਮੁਕਾਬਲੇ ਵਿੱਚ ਫਸ ਸਕਦੇ ਹਨ। ਉਹ ਸਵੇਰੇ ਪੂੰਜੀਵਾਦ ਦਾ ਵਿਰੋਧ ਕਰ ਸਕਦੇ ਹਨ ਅਤੇ ਰਾਤ ਨੂੰ ਇਸ ਦੇ ਹੀ ਪਲੇਟਫਾਰਮਾਂ ਲਈ ਕੰਮ ਕਰਨ ਲਈ ਮਜ਼ਬੂਰ ਹੋ ਸਕਦੇ ਹਨ।ਡਿਜੀਟਲ ਪੂੰਜੀਵਾਦ ਨੌਜਵਾਨਾਂ ਦੀ ਜ਼ਿੰਦਗੀ ਤੋਂ ਬਾਹਰ ਨਹੀਂ ਹੈ। ਇਹ ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਸੰਚਾਰ ਵਿਧੀ, ਉਨ੍ਹਾਂ ਦੇ ਧਿਆਨ, ਅਤੇ ਦਿਨ-ਬ-ਦਿਨ ਉਨ੍ਹਾਂ ਦੀ ਆਪਣੇ ਬਾਰੇ ਸਮਝ (ਸੈਂਸ ਆਫ ਸੈਲਫ) ਦੇ ਢਾਂਚੇ ਨੂੰ ਨਿਰਧਾਰਿਤ ਕਰਦਾ ਹੈ। ਫੁਕਸ  ਅਨੁਸਾਰ ਡਿਜੀਟਲ ਪੂੰਜੀ  ਵਿਸ਼ਵਵਿਆਪੀ (ਗਲੋਬਲ) ਹੈ, ਜਦੋਂ ਕਿ ਡਿਜੀਟਲ ਵਰਕਰ ਸਥਾਨਕ, ਇਕੱਲੇ ਅਤੇ ਖਿੰਡੇ ਹੋਏ ਹਨ। ਸਮੱਸਿਆ ਸਿਰਫ਼ ਇਹ ਨਹੀਂ ਹੈ ਕਿ ਪਲੇਟਫਾਰਮ ਲੇਬਰ ਵਿੱਚ ਘੱਟ ਮਿਹਨਤਾਨਾ ਮਿਲਦਾ ਹੈ। ਸਮੱਸਿਆ ਇਹ ਵੀ ਹੈ ਕਿ ਇਸ ਨੂੰ ਅਜਿਹੇ ਤਰੀਕਿਆਂ ਨਾਲ ਸੰਗਠਿਤ ਕੀਤਾ ਗਿਆ ਹੈ ਜੋ ਸਮੂਹਿਕ ਤਾਕਤ (ਕੁਲੈਕਟਿਵ ਪਾਵਰ) ਨੂੰ ਉਸਾਰਨਾ ਹੋਰ ਵੀ ਔਖਾ ਬਣਾਉਂਦੇ ਹਨ। ਫੁਕਸ ਅਨੁਸਾਰ, "ਡਿਜੀਟਲ ਲੇਬਰ ਅਕਸਰ ਵਿਅਕਤੀਗਤ ਅਤੇ ਖਿੰਡੀ ਹੋਈ ਹੁੰਦੀ ਹੈ। ਮਜ਼ਦੂਰ ਇੱਕ-ਦੂਜੇ ਤੋਂ ਟੁੱਟੇ ਹੋਏ ਕੰਮ ਕਰਦੇ ਹਨ, ਅਤੇ ਸਮੂਹਿਕ ਤੌਰ `ਤੇ ਸੰਗਠਿਤ ਹੋਣ ਦੀਆਂ ਸੰਭਾਵਨਾਵਾਂ ਕਮਜ਼ੋਰ ਹੁੰਦੀਆਂ ਹਨ। ਇਹ ਚੀਜ਼ ਉਨ੍ਹਾਂ ਨੂੰ ਹੋਰ ਨਿਤਾਣੇ ਬਣਾਉਂਦੀ ਹੈ ਅਤੇ ਉਹਨਾਂ ਦਾ ਸ਼ੋਸ਼ਣ ਕਰਨਾ ਅਸਾਨ ਹੋ ਜਾਂਦਾ ਹੈ।"ਦੂਜੇ ਸ਼ਬਦਾਂ ਵਿੱਚ, ਡਿਜੀਟਲ ਅਰਥਚਾਰਾ ਇੱਕ ਅਜਿਹੀ ਵਰਕਫੋਰਸ (ਮਜ਼ਦੂਰ ਸ਼ਕਤੀ) ਪੈਦਾ ਕਰਦਾ ਹੈ ਜੋ ਲਗਾਤਾਰ ਆਪਸ ਵਿੱਚ ਜੁੜੀ ਹੋਈ ਤਾਂ ਹੈ, ਪਰ ਸਿਆਸੀ ਤੌਰ 'ਤੇ ਵੱਖ-ਵੱਖ ਹੈ। ਲੱਖਾਂ ਲੋਕ ਆਨਲਾਈਨ ਹਨ; ਹਰ ਕੋਈ ਦਿਖਾਈ ਦੇ ਰਿਹਾ ਹੈ; ਹਰ ਕੋਈ ਕੁਝ ਨਾ ਕੁਝ ਪੈਦਾ ਕਰ ਰਿਹਾ ਹੈ। ਫਿਰ ਵੀ ਮਜ਼ਦੂਰ ਅਕਸਰ ਇਕੱਲੇ ਹੀ ਮਾਰਕੀਟ ਦਾ ਸਾਹਮਣਾ ਕਰਦੇ ਹਨ।ਫੁਕਸ ਦਾ ਤਰਕ ਹੈ ਕਿ ਜੇਕਰ ਪੂੰਜੀ ਦਾ ਵਿਸ਼ਵੀਕਰਨ ਹੋਇਆ ਹੈ, ਤਾਂ ਲੇਬਰ ਨੂੰ ਵੀ ਵਿਸ਼ਵ ਪੱਧਰ 'ਤੇ ਸੰਗਠਿਤ ਹੋਣਾ ਚਾਹੀਦਾ ਹੈ। "ਸਾਨੂੰ ਇੱਕ ਅੰਤਰ-ਰਾਸ਼ਟਰੀ ਅਤੇ ਵਿਸ਼ਵ ਪੱਧਰ ਦੀ ਡਿਜੀਟਲ ਲੇਬਰ ਯੂਨੀਅਨ ਦੀ ਲੋੜ ਹੈ ਜਿੱਥੇ ਦੁਨੀਆ ਭਰ ਦੇ ਡਿਜੀਟਲ ਵਰਕਰ ਡਿਜੀਟਲ ਪੂੰਜੀ ਦੇ ਖਿਲਾਫ ਇੱਕਜੁੱਟ ਹੋਣ।"ਇੱਥੇ ਆ ਕੇ ਬਹਿਸ ਨੌਜਵਾਨ ਸਭਿਆਚਾਰ (ਯੂਥ ਕਲਚਰ) ਤੋਂ ਅੱਗੇ ਨਿਕਲ ਜਾਂਦੀ ਹੈ। ਸਵਾਲ ਇਹ ਨਹੀਂ ਹੈ ਕਿ ਨੌਜਵਾਨ ਪਿਛਲੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਤਨਜ਼ੀਆ (ਆਇਰੌਨਿਕ), ਚਿੰਤਾਤੁਰ, ਆਨਲਾਈਨ, ਜਾਂ ਬੇਸਬਰੇ ਹਨ। ਸਵਾਲ ਇਹ ਹੈ: ਕੀ ਲੇਬਰ ਅਤੇ ਸੰਚਾਰ ਦੇ ਨਵੇਂ ਰੂਪ ਜਮਾਤੀ ਬਣਤਰਾਂ ਨੂੰ ਨਵਾਂ ਰੂਪ ਦੇ ਰਹੇ ਹਨ? ਅਤੇ ਜੇਕਰ ਅਜਿਹਾ ਹੈ, ਤਾਂ ਕੀ ਜਮਾਤੀ ਸਿਆਸਤ ਦੇ ਇਹ ਨਵੇਂ ਰੂਪ ਉਨ੍ਹਾਂ ਹੀ ਪਲੇਟਫਾਰਮਾਂ ਦੁਆਰਾ ਖਪਾ ਲਏ ਜਾਣ ਤੋਂ ਬਚ ਸਕਦੇ ਹਨ ਜਿਨ੍ਹਾਂ ਰਾਹੀਂ ਇਹ ਫੈਲਦੇ ਹਨ?ਨੌਜਵਾਨ ਪੀੜਤ ਵੀ ਅਤੇ ਸਿਆਸੀ ਤਾਕਤ ਵੀ ਅਨੂ ਮੁਹੰਮਦ, ਇੱਕ ਬੰਗਲਾਦੇਸ਼ੀ ਅਰਥਸ਼ਾਸਤਰੀ ਅਤੇ ਪੂੰਜੀਵਾਦ ਦਾ ਆਲੋਚਕ ਹੈ। ਉਸ ਦਾ ਮੰਨਣਾ ਹੈ ਕਿ ਬੇਰੁਜ਼ਗਾਰੀ ਅਤੇ ਅਨਿਸ਼ਚਿਤ ਕੰਮ (ਪ੍ਰੀਕੇਰੀਅਸ ਵਰਕ) ਨੂੰ ਪੂੰਜੀਵਾਦੀ ਮਾਰਕੀਟ ਅਰਥਚਾਰੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਉਹ ਇਸ ਗੱਲ `ਤੇ ਵੀ ਜ਼ੋਰ ਦਿੰਦਾ ਹੈ ਕਿ ਇਹਨਾਂ ਸਥਿਤੀਆਂ ਕਾਰਨ ਸਿਰਫ ਇਕ ਹੀ ਸਿਆਸੀ ਨਤੀਜਾ ਨਹੀਂ ਨਿਕਲਦਾ। ਅਨੂ ਮੁਹੰਮਦ ਅਨੁਸਾਰ "ਹਾਕਮ ਜਮਾਤਾਂ ਇਸ ਸਥਿਤੀ ਨੂੰ ਨੌਜਵਾਨਾਂ ਦੀ ਵਰਤੋਂ ਕਰਨ ਦੇ ਇੱਕ ਮੌਕੇ ਵਜੋਂ ਦੇਖਦੀਆਂ ਹਨ। ਨੌਜਵਾਨ ਛੋਟੀ ਉਮਰ ਤੋਂ ਹੀ ਅਨਿਸ਼ਚਿਤਤਾ, ਅਸਥਿਰਤਾ, ਅਤੇ ਨਾਉਮੀਦੀ ਦਾ ਸਾਹਮਣਾ ਕਰਦੇ ਹਨ। ਜਿੱਥੇ ਇਹ ਸਥਿਤੀਆਂ ਕੁਝ ਨੌਜਵਾਨਾਂ ਨੂੰ ਇਸ ਸਿਸਟਮ ਦਾ ਹਿੱਸਾ ਬਣਾ ਦਿੰਦੀਆਂ ਹਨ, ਉੱਥੇ ਹੀ ਇਹ ਦੂਜਿਆਂ ਨੂੰ ਇਸ ਵਿਵਸਥਾ 'ਤੇ ਸਵਾਲ ਉਠਾਉਣ ਅਤੇ ਇਸ ਦਾ ਵਿਰੋਧ ਕਰਨ ਲਈ ਮਜ਼ਬੂਰ ਕਰਦੀਆਂ ਹਨ।"ਇਹ ਜਨਰੇਸ਼ਨ ਜ਼ੀ (ਜ਼ੈੱਡ) ਦੀ ਸਿਆਸਤ ਦੇ ਕੇਂਦਰੀ ਵਿਰੋਧਾਭਾਸਾਂ (ਕੰਟਰਾਡਿਕਸ਼ਨਜ਼) ਵਿੱਚੋਂ ਇੱਕ ਹੈ, ਜੋ ਖੁਦ ਪੂੰਜੀਵਾਦ ਦੇ ਇੱਕ ਵਿਆਪਕ ਸੰਕਟ ਦਾ ਅਕਸ ਦਿਖਾਉਂਦਾ ਹੈ। ਅਸੁਰੱਖਿਆ ਦੀਆਂ ਹਾਲਤਾਂ ਸਿਰਫ਼ ਇੱਕ ਕਿਸਮ ਦੀ ਸਿਆਸਤ ਪੈਦਾ ਨਹੀਂ ਕਰਦੀਆਂ। ਇਹ ਹਥਿਆਰ ਸੁੱਟਣ, ਸਭ ਚੀਜ਼ਾਂ ਦਾ ਨਿਖੇਧ ਕਰਨ (ਨਿਹਲਿਜ਼ਮ), ਜਾਂ ਸਥਿਤੀ ਅਨੁਸਾਰ ਢਲ ਜਾਣ — ਜਾਂ ਫਿਰ ਵਿਰੋਧ ਅਤੇ ਬਗਾਵਤ ਨੂੰ ਜਨਮ ਦੇ ਸਕਦੀਆਂ ਹਨ। ਨੌਜਵਾਨਾਂ ਦਾ ਇੱਕ ਹਿੱਸਾ ਇਸ ਸਿਸਟਮ ਦਾ ਇੱਕ ਸੰਦ ਬਣ ਸਕਦਾ ਹੈ, ਜਦੋਂ ਕਿ ਦੂਜਾ ਹਿੱਸਾ ਇਸ ਦੇ ਖਿਲਾਫ ਵਿਰੋਧ ਦਾ ਹਿੱਸਾ ਬਣ ਜਾਂਦਾ ਹੈ।ਬੰਗਲਾਦੇਸ਼ ਵਿੱਚ 2024 ਦੇ ਅੰਦੋਲਨ ਨੇ ਇਹ ਦਿਖਾਇਆ ਕਿ ਨੌਜਵਾਨਾਂ ਦੀ ਬੇਚੈਨੀ ਕਿੰਨੀ ਛੇਤੀ ਭੜਕ ਸਕਦੀ ਹੈ। ਅਜਿਹੇ ਹੀ ਪੈਟਰਨ ਹੋਰ ਥਾਵਾਂ 'ਤੇ ਵੀ ਦੇਖੇ ਜਾ ਸਕਦੇ ਹਨ। ਨੌਜਵਾਨ ਹਮੇਸ਼ਾਂ ਪਾਰਟੀਆਂ ਰਾਹੀਂ ਸੰਗਠਿਤ ਨਹੀਂ ਹੁੰਦੇ। ਉਹ ਹਮੇਸ਼ਾਂ ਸੁਲਝੀਆਂ ਹੋਈਆਂ ਵਿਚਾਰਧਾਰਾਵਾਂ ਤੋਂ ਸੇਧ ਨਹੀਂ ਲੈਂਦੇ। ਉਨ੍ਹਾਂ ਦੇ ਅੰਦੋਲਨ ਅਕਸਰ ਅਸਥਿਰ ਅਤੇ ਅੰਦਰੂਨੀ ਤੌਰ 'ਤੇ ਵਿਰੋਧਾਭਾਸੀ ਹੁੰਦੇ ਹਨ। ਫਿਰ ਵੀ ਉਹ ਵਾਰ ਵਾਰ ਸਿਆਸੀ ਤਬਦੀਲੀਆਂ ਦੇ ਕੇਂਦਰ ਵਿੱਚ ਨਜ਼ਰ ਆਉਂਦੇ ਹਨ। ਇਹ ਸਥਿਤੀਆਂ ਪੁਰਾਣੀਆਂ ਸਿਆਸੀ ਸੰਸਥਾਵਾਂ ਨੂੰ ਚਿੰਤਾ ਵਿੱਚ ਪਾਉਂਦੀਆਂ ਹਨ। ਪਾਰਟੀਆਂ ਅਕਸਰ ਉਮੀਦ ਕਰਦੀਆਂ ਹਨ ਕਿ ਨੌਜਵਾਨ ਜਾਣੇ-ਪਛਾਣੇ ਰਸਤਿਆਂ - ਮੈਂਬਰਸ਼ਿਪ, ਮੁਹਿੰਮਾਂ, ਚੋਣਾਂ, ਵਿਚਾਰਧਾਰਕ ਵਫ਼ਾਦਾਰੀ - ਰਾਹੀਂ ਸਿਆਸਤ ਵਿੱਚ ਆਉਣਗੇ। ਪਰ ਜਨਰੇਸ਼ਨ ਜ਼ੀ (ਜ਼ੈੱਡ) ਅਕਸਰ ਸੰਕਟਾਂ ਦੇ ਪ੍ਰਤੀਕਰਮ ਰਾਹੀਂ ਸਿਆਸਤ ਵਿੱਚ ਪ੍ਰਵੇਸ਼ ਕਰਦੀ ਹੈ: ਰਿਹਾਇਸ਼ ਬਾਰੇ ਜਦਜਹਿਦ, ਜਲਵਾਯੂ ਨਾਲ ਸੰਬੰਧਿਤ ਆਫ਼ਤ, ਭ੍ਰਿਸ਼ਟਾਚਾਰ ਦੇ ਸਕੈਂਡਲ, ਕੈਂਪਸਾਂ ਵਿਚਲੇ ਵਿਰੋਧ ਪ੍ਰਦਰਸ਼ਨ, ਜਾਂ ਕਿਸੇ ਵਿਆਪਕ ਬੇਇਨਸਾਫੀ ਨੂੰ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ ਵਾਲੀ ਵਾਇਰਲ ਵੀਡੀਓ ਦੇ ਪ੍ਰਤੀਕਰਮ ਵਿੱਚ। ਨਤੀਜਾ ਇਕ ਅਜਿਹੀ ਸਿਆਸਤ ਵਜੋਂ ਸਾਹਮਣੇ ਆਉਂਦਾ ਹੈ ਜਿਸ ਨੂੰ ਕਾਬੂ ਕਰਨਾ ਔਖਾ ਹੁੰਦਾ ਹੈ। ਇਹ ਤੇਜ਼ੀ ਨਾਲ ਆਉਣ ਵਾਲੀ ਅਤੇ ਨੈਤਿਕ ਤੌਰ `ਤੇ ਤੀਬਰ ਹੋ ਸਕਦੀ ਹੈ। ਇਹ ਅਸਪਸ਼ਟ ਜਾਂ ਅਮੂਰਤ ਹੋ ਸਕਦੀ ਹੈ। ਇਹ ਅਲੋਪ ਹੋ ਸਕਦੀ ਹੈ ਅਤੇ ਦੁਬਾਰਾ ਪ੍ਰਗਟ ਹੋ ਸਕਦੀ ਹੈ। ਇਹ ਲੀਡਰਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੀ ਹੈ। ਇਹ ਗੱਲਬਾਤ ਜਾਂ ਸਮਝੌਤਿਆਂ `ਤੇ ਭਰੋਸਾ ਨਾ ਕਰਨ ਵਾਲੀ ਹੋ ਸਕਦੀ ਹੈ। ਪਰ ਇਸ ਨੂੰ ਸਿਆਸਤ ਤੋਂ ਬੇਮੁਖਤਾ ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ।ਨਾ ਭਰੋਸਾ, ਨਾ ਪਿੱਛੇ ਹੱਟਣਾ ਜਨਰੇਸ਼ਨ ਜ਼ੀ (ਜ਼ੈੱਡ) ਦੇ ਵਿਰੋਧਾਭਾਸਾਂ ਵਿੱਚੋਂ ਇੱਕ ਵਿਰੋਧਭਾਸ ਇਹ ਹੈ: ਬੇਭਰੋਸਗੀ ਹਮੇਸ਼ਾਂ ਪਿੱਛੇ ਹਟਣ ਵੱਲ ਨਹੀਂ ਲੈ ਜਾਂਦੀ। ਨੌਜਵਾਨ ਸੰਸਥਾਵਾਂ 'ਤੇ ਅਵਿਸ਼ਵਾਸ ਕਰ ਸਕਦੇ ਹਨ ਅਤੇ ਫਿਰ ਵੀ ਵੋਟ ਪਾ ਸਕਦੇ ਹਨ। ਉਹ ਸਿਆਸੀ ਪ੍ਰਬੰਧ ਨੂੰ ਨਫ਼ਰਤ ਕਰ ਸਕਦੇ ਹਨ ਅਤੇ ਫਿਰ ਵੀ ਸੜਕਾਂ 'ਤੇ ਉਤਰ ਸਕਦੇ ਹਨ। ਉਹ ਰਵਾਇਤੀ ਸਿਆਸਤ ਦਾ ਮਜ਼ਾਕ ਉਡਾ ਸਕਦੇ ਹਨ ਅਤੇ ਫਿਰ ਵੀ ਕੰਮ, ਖਪਤ, ਪਛਾਣ, ਜਲਵਾਯੂ, ਯੁੱਧ, ਅਤੇ ਨਾਬਰਾਬਰੀ ਬਾਰੇ ਮਜ਼ਬੂਤ ਨੈਤਿਕ ਧਾਰਨਾਵਾਂ ਵਿਕਸਿਤ ਕਰ ਸਕਦੇ ਹਨ।ਮੇਰੇ ਨਾਲ ਗੱਲ ਕਰਨ ਵਾਲੇ ਇਕ ਨੌਜਵਾਨ ਨੇ ਕੈਰੀਅਰ (ਰੁਜ਼ਗਾਰ) ਨਾਲ ਸੰਬੰਧਿਤ ਪੁਰਾਣੇ ਵਾਅਦੇ ਦੇ ਖਤਮ ਹੋਣ ਨੂੰ ਬਹੁਤ ਹੀ ਸਪਸ਼ਟਤਾ ਨਾਲ ਬਿਆਨ ਕੀਤਾ: "ਕੈਰੀਅਰ (ਰੁਜ਼ਗਾਰ) ਦੀ ਪੌੜੀ ਚੜ੍ਹਨਾ? ਮੈਂ ਤਾਂ ਬੱਸ ਪੌੜੀ ਦੇ ਹੇਠਾਂ ਕੁਚਲੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਿਛਲੀਆਂ ਪੀੜ੍ਹੀਆਂ ਕੋਲ ਪੱਚੀ ਸਾਲ ਦੀ ਉਮਰ ਵਿੱਚ ਜੋ ਘਰ ਅਤੇ ਗੱਡੀ ਹੁੰਦੀ ਸੀ, ਮੇਰੇ ਲਈ ਉਸ ਦਾ ਸੁਪਨਾ ਲੈਣਾ ਵੀ ਦੂਰ ਦੀ ਗੱਲ ਹੈ।" ਇਹ ਸਿਰਫ਼ ਪੈਸੇ ਬਾਰੇ ਸ਼ਿਕਾਇਤ ਨਹੀਂ ਹੈ। ਇਹ ਇੱਕ ਪੂਰੇ ਨੈਤਿਕ ਅਰਥਚਾਰੇ ਦੇ ਢਹਿ-ਢੇਰੀ ਹੋਣ ਨੂੰ ਦਰਸਾਉਂਦਾ ਹੈ। ਪੁਰਾਣਾ ਵਾਅਦਾ ਕਹਿੰਦਾ ਸੀ ਕਿ ਮਿਹਨਤ ਦਾ ਫਲ ਮਿਲੇਗਾ, ਸਮਾਂ ਪਾ ਕੇ ਬਾਲਗ ਉਮਰ ਦੀ ਜ਼ਿੰਦਗੀ  ਹੋਰ ਟਿਕਾਊ ਹੋ ਜਾਵੇਗੀ, ਅਤੇ ਭਵਿੱਖ ਇੱਕ ਅਜਿਹੀ ਚੀਜ਼ ਹੋਵੇਗਾ ਜਿਸ ਬਾਰੇ ਇਕ ਵਿਅਕਤੀ ਸਹੀ ਯੋਜਨਾ ਬਣਾ ਸਕਣ ਦੇ ਯੋਗ ਹੋਵੇਗਾ। ਬਹੁਤ ਸਾਰੇ ਨੌਜਵਾਨਾਂ ਨੂੰ ਹੁਣ ਇਹ ਵਾਅਦਾ ਇਤਿਹਾਸ ਦੀ ਇਕ ਪੁਰਾਣੀ ਨਿਸ਼ਾਨੀ ਵਾਂਗ ਜਾਪਦਾ ਹੈ।ਫਿਰ ਵੀ ਇਸ ਬੇਭਰੋਸਗੀ ਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨਾਂ ਨੇ ਕੁੱਝ ਕਰਨਾ ਬੰਦ ਕਰ ਦਿੱਤਾ ਹੈ। ਇਸ ਦੇ ਉਲਟ, ਉਨ੍ਹਾਂ ਦੀ ਸਿਆਸਤ ਅਕਸਰ ਅਜਿਹੀਆਂ ਥਾਵਾਂ 'ਤੇ ਪ੍ਰਗਟ ਹੁੰਦੀ ਹੈ ਜਿਨ੍ਹਾਂ ਨੂੰ ਪੁਰਾਣੀਆਂ ਪੀੜ੍ਹੀਆਂ ਸਿਆਸੀ ਥਾਂਵਾਂ ਨਹੀਂ ਸਮਝਦੀਆਂ। ਜਨਰੇਸ਼ਨ ਜ਼ੀ (ਜ਼ੈੱਡ) ਦੇ ਸਿਆਸੀ ਤੌਰ 'ਤੇ ਸਰਗਰਮ ਮੈਂਬਰ ਬ੍ਰੈਂਡਾਂ ਦਾ ਬਾਈਕਾਟ ਕਰਦੇ ਹਨ। ਉਹ ਨੌਕਰੀਆਂ ਛੱਡਦੇ ਹਨ। ਉਹ ਆਪਸੀ ਸਹਾਇਤਾ ਦੇ ਨੈੱਟਵਰਕ ਬਣਾਉਂਦੇ ਹਨ। ਉਹ ਹੈਸ਼ਟੈਗਾਂ ਨੂੰ ਹੁਲਾਰਾ ਦਿੰਦੇ ਹਨ। ਉਹ ਕੰਮ-ਮਾਲਕਾਂ ਦਾ ਪਰਦਾਫਾਸ਼ ਕਰਦੇ ਹਨ। ਉਹ ਪਾਰਟੀਆਂ ਵਿੱਚ ਸ਼ਾਮਲ ਹੋਏ ਬਿਨਾਂ ਸੜਕੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਉਹ ਤਨਜ਼ ਨੂੰ ਇੱਕ ਹਥਿਆਰ ਵਜੋਂ ਵਰਤਦੇ ਹਨ। ਉਹ ਖਪਤ ਨੂੰ ਨੈਤਿਕ ਫੈਸਲੇ ਵਿੱਚ ਅਤੇ ਡਿਜੀਟਲ ਦਿੱਖ (ਵਿਜ਼ੀਬਿਲਟੀ) ਨੂੰ ਦਬਾਅ ਵਿੱਚ ਬਦਲ ਦਿੰਦੇ ਹਨ।ਇਸ ਵਿੱਚੋਂ ਕੁਝ ਦਾ ਆਸਾਨੀ ਨਾਲ ਵਪਾਰੀਕਰਨ ਹੋ ਜਾਂਦਾ ਹੈ। ਕੁਝ ਸਤਹੀ ਹੁੰਦਾ ਹੈ। ਕੁਝ ਉੱਨੀ ਹੀ ਤੇਜ਼ੀ ਨਾਲ ਅਲੋਪ ਹੋ ਜਾਂਦਾ ਹੈ ਜਿੰਨੀ ਤੇਜ਼ੀ ਨਾਲ ਇਹ ਪ੍ਰਗਟ ਹੁੰਦਾ ਹੈ। ਪਰ ਇਸ ਦੇ ਵਿਰੋਧਭਾਸੀ (ਕੰਟਰਾਡਿਕਟਰੀ) ਹੋਣ ਦਾ ਮਤਲਬ ਇਹ ਨਹੀਂ ਕਿ ਇਹ ਅਰਥਹੀਣ ਹੈ।ਸਟੈਂਡਿੰਗ ਇਸ ਅਮਲ ਵਿੱਚ ਇਸ ਸੰਭਾਵਨਾ ਨੂੰ ਦੇਖਦਾ ਹੈ ਕਿ ਨਿਤਾਣੇ (ਪ੍ਰੀਕੇਰੀਅਟ) — ਜਿਸ ਵਿੱਚ ਜਨਰੇਸ਼ਨ ਜ਼ੀ (ਜ਼ੈੱਡ) ਦਾ ਇੱਕ ਵੱਡਾ ਹਿੱਸਾ ਸ਼ਾਮਲ ਹੈ — ਹੌਲੀ-ਹੌਲੀ ਆਪਣੇ ਆਪ ਨੂੰ ਇੱਕ ਜਮਾਤ ਵਜੋਂ ਪਛਾਣਨਾ ਸ਼ੁਰੂ ਕਰ ਰਹੇ ਹਨ।ਉਹ ਕਹਿੰਦਾ ਹੈ, "ਅਸੀਂ ਦੇਖ ਰਹੇ ਹਾਂ ਕਿ ਨਿਤਾਣੇ (ਪ੍ਰੀਕੇਰੀਅਟ) ਦੁਨੀਆ ਭਰ ਵਿੱਚ ਹੌਲੀ-ਹੌਲੀ 'ਆਪਣੇ ਆਪ ਵਿੱਚ ਇੱਕ ਜਮਾਤ' ਬਣ ਰਹੇ ਹਨ। ਦੂਜੇ ਸ਼ਬਦਾਂ ਵਿੱਚ ਨਿਤਾਣੇ (ਪ੍ਰੀਕੇਰੀਅਟ) ਹੋਣਾ ਹੁਣ ਸ਼ਰਮ ਜਾਂ ਅਸਫਲਤਾ ਦੀ ਨਿਸ਼ਾਨੀ ਵਜੋਂ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਨੂੰ ਅੱਜ ਦੇ ਵਿਸ਼ਵ ਵਿਆਪੀ ਪੂੰਜੀਵਾਦ (ਗਲੋਬਲ ਕੈਪਟਲਿਜ਼ਮ) ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ।"ਇਹ ਸਮਝ ਸਿਆਸੀ ਤੌਰ 'ਤੇ ਅਤਿ ਵਿਸਫੋਟਕ ਹੈ। ਇੱਕ ਵਾਰ ਜਦੋਂ ਅਸੁਰੱਖਿਆ ਨੂੰ ਨਿੱਜੀ ਅਸਫਲਤਾ ਵਜੋਂ ਮਹਿਸੂਸ ਕਰਨਾ ਬੰਦ ਹੋ ਜਾਂਦਾ ਹੈ, ਤਾਂ ਇਹ ਸਮੂਹਿਕ ਐਕਸ਼ਨ ਨੂੰ ਉਤਸ਼ਾਹਿਤ ਕਰ ਸਕਦੀ ਹੈ।ਇੱਕ ਨਵੀਂ ਸਿਆਸੀ ਸੋਚ ਜਨਰੇਸ਼ਨ ਜ਼ੀ (ਜ਼ੈੱਡ) ਸਿਰਫ਼ ਇੱਕ ਜਨਸੰਖਿਆ ਸਮੂਹ (ਡੈਮੋਗ੍ਰਾਫਿਕ ਕੋਹੋਰਟ) ਤੋਂ ਕਿਤੇ ਵੱਧ ਹੈ। ਉਹ ਦਹਾਕਿਆਂ ਤੋਂ ਚੱਲੇ ਆ ਰਹੇ ਨਵ-ਉਦਾਰਵਾਦੀ ਪੁਨਰਗਠਨ (ਨਿਓ ਲਿਬਰਲ ਰੀਸਟ੍ਰਕਚਰਿੰਗ), ਕੰਮਾਂ `ਤੇ ਘੱਟ ਰਹੇ ਅਧਿਕਾਰਾਂ, ਵੱਧ ਰਹੇ ਕਰਜਿ਼ਆਂ, ਪਹੁੰਚ ਤੋਂ ਬਾਹਰ ਰਿਹਾਇਸ਼, ਕਮਜ਼ੋਰ ਹੋਏ ਕਲਿਆਣਕਾਰੀ ਰਾਜਾਂ (ਵੈਲਫੇਅਰ ਸਟੇਟਸ), ਡਿਜੀਟਲ ਸ਼ੋਸ਼ਣ, ਅਤੇ ਸਮਾਜਕ ਅਸਲੀਅਤ ਦੀ ਨੁਮਾਇੰਦਗੀ ਕਰਨ ਤੋਂ ਅਯੋਗ ਹੋ ਰਹੇ ਸਿਆਸੀ ਸਿਸਟਮਾਂ ਦਾ ਨਤੀਜਾ ਵੀ ਹੈ। ਇਸ ਦਾ ਗੁੱਸਾ ਵਿਰੋਧਾਭਾਸੀ (ਕੰਟਰਾਡਿਕਟਰੀ), ਖਿੰਡਿਆ ਹੋਇਆ, ਅਤੇ ਅਕਸਰ ਉਸੇ ਮਾਰਕੀਟ ਦੁਆਰਾ ਹੜੱਪ (ਅਪਣਾ) ਲਿਆ ਜਾਂਦਾ ਹੈ ਜਿਸ ਨੂੰ ਇਹ ਰੱਦ ਕਰਦਾ ਹੈ। ਇਹ ਰੋਸ-ਪ੍ਰਦਰਸ਼ਨ ਬਣ ਸਕਦਾ ਹੈ, ਪਰ ਇਹ ਸਮੱਗਰੀ (ਕੰਟੈਂਟ) ਵੀ ਬਣ ਸਕਦਾ ਹੈ। ਫਿਰ ਵੀ ਸਿਸਟਮ ਨੂੰ ਰੱਦ ਕਰਨਾ ਚਾਹੁਣ ਵਾਲੇ ਨੌਜਵਾਨ, ਅਕਸਰ ਪਲੇਟਫਾਰਮ ਅਰਥਚਾਰੇ ਨਾਲ ਜੁੜੇ ਹੋਏ ਹੁੰਦੇ ਹਨ।ਪਰ ਇਹ ਗੱਲ ਜਨਰੇਸ਼ਨ ਜ਼ੀ (ਜ਼ੈੱਡ) ਨੂੰ ਸਿਆਸਤ ਤੋਂ ਬੇਮੁੱਖ ਪੀੜ੍ਹੀ ਨਹੀਂ ਬਣਾਉਂਦੀ। ਇਹ ਦਰਸਾਉਂਦੀ ਹੈ ਕਿ ਸਿਆਸੀ ਪ੍ਰਗਟਾਵਾ ਅਜਿਹੇ ਰੂਪਾਂ ਵਿੱਚ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੂੰ ਸਮਝਣ ਵਿੱਚ ਪੁਰਾਣੀਆਂ ਸੰਸਥਾਵਾਂ ਸੰਘਰਸ਼ ਕਰ ਰਹੀਆਂ ਹਨ।ਇਹ ਪੀੜ੍ਹੀ ਸਿਆਸਤ ਤੋਂ ਬਾਹਰ ਨਹੀਂ ਹੈ। ਪਰ ਇਹ ਹਮੇਸ਼ਾਂ ਮਹਿਸੂਸ ਕਰਦੀ ਹੈ ਕਿ ਇਹ ਪੁਰਾਣੀਆਂ ਸਿਆਸੀ ਸੰਸਥਾਵਾਂ ਤੋਂ ਬਾਹਰ ਹੈ। ਜ਼ਰੂਰੀ ਨਹੀਂ ਕਿ ਇਸ ਦੀ ਸਿਆਸਤ ਪਾਰਟੀਆਂ, ਪ੍ਰੋਗਰਾਮਾਂ ਜਾਂ ਵਿਚਾਰਧਾਰਕ ਰਵਾਇਤਾਂ ਨਾਲ ਸ਼ੁਰੂ ਹੋਵੇ। ਇਹ ਅਸੁਰੱਖਿਆ, ਜ਼ਲਾਲਤ, ਭਵਿੱਖ ਦੇ ਬੰਦ ਰਾਹਾਂ ਅਤੇ ਇਸ ਅਹਿਸਾਸ ਨਾਲ ਸ਼ੁਰੂ ਹੁੰਦੀ ਹੈ ਕਿ ਨਿਯਮਾਂ ਵਿੱਚ ਹੇਰਾਫੇਰੀ ਕੀਤੀ ਗਈ ਹੈ।ਸਿਆਸਤ ਦੀ ਪੁਰਾਣੀ ਭਾਸ਼ਾ ਪੁੱਛਦੀ ਹੈ ਕਿ ਕੀ ਇਹ ਨੌਜਵਾਨ ਖੱਬੇਪੱਖੀ, ਉਦਾਰਵਾਦੀ (ਲਿਬਰਲ), ਰੂੜ੍ਹੀਵਾਦੀ (ਕਨਜ਼ਰਵੇਟਿਵ), ਪਾਪੂਲਿਸਟ (ਲੋਕਵਾਦੀ), ਰੈਡੀਕਲ ਜਾਂ ਉਦਾਸੀਨ ਹਨ। ਪਰ ਇਸ ਤੋਂ ਡੂੰਘਾ ਸਵਾਲ ਵੱਖਰਾ ਹੋ ਸਕਦਾ ਹੈ: ਉਦੋਂ ਕੀ ਹੁੰਦਾ ਹੈ ਜਦੋਂ ਇਕ ਪੀੜ੍ਹੀ ਨੂੰ ਵਿਸ਼ਵਾਸ ਨਹੀਂ ਰਹਿੰਦਾ ਕਿ ਸਿਸਟਮ ਉਹਨਾਂ ਨੂੰ ਇਕ ਭਵਿੱਖ ਦੇ ਸਕਦਾ?ਅੱਜ ਪੂੰਜੀਵਾਦ ਦਾ ਸੰਕਟ ਸਿਰਫ਼ ਇਹ ਨਹੀਂ ਹੈ ਕਿ ਇਹ ਨਾਬਰਾਬਰੀ ਪੈਦਾ ਕਰਦਾ ਹੈ। ਇਸ ਦਾ ਸੰਕਟ ਇਹ ਵੀ ਹੈ ਕਿ ਇਸ ਦੇ ਕੇਂਦਰੀ ਵਾਅਦੇ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਪੁਰਾਣੀ ਕਹਾਣੀ — 'ਸਖ਼ਤ ਮਿਹਨਤ ਕਰ ਕੇ ਤੁਸੀਂ ਸਫਲ ਹੋ ਸਕਦੇ ਹੋ' — ਹੁਣ ਉਸ ਪੀੜ੍ਹੀ ਨੂੰ ਕਾਇਲ ਨਹੀਂ ਕਰਦੀ ਜਿਸ ਤੋਂ ਦੁਨੀਆ ਦੀ ਵਾਗਡੋਰ ਸੰਭਾਲਣ ਦੀ ਉਮੀਦ ਕੀਤੀ ਜਾਂਦੀ ਹੈ।ਇਹ ਦੇਖਣਾ ਬਾਕੀ ਹੈ ਕਿ ਕੀ ਜਨਰੇਸ਼ਨ ਜ਼ੀ (ਜ਼ੈੱਡ) ਦਾ ਗੁੱਸਾ ਅਤੇ ਮੋਹਭੰਗ ਉਹਨਾਂ ਵਿੱਚ ਨਿਰਾਸ਼ਾ, ਪ੍ਰਤੀਕਿਰਿਆ, ਜਾਂ ਇੱਕਜੁੱਟਤਾ ਪੈਦਾ ਕਰੇਗਾ।  ਜੋ ਗੱਲ ਸਪੱਸ਼ਟ ਹੈ ਉਹ ਇਹ ਹੈ ਕਿ ਵੱਧ ਤੋਂ ਵੱਧ ਨੌਜਵਾਨ ਹੁਣ ਅਸੁਰੱਖਿਆ ਨੂੰ ਨਿੱਜੀ ਅਸਫਲਤਾ ਵਜੋਂ ਨਹੀਂ ਸਗੋਂ ਇੱਕ ਸਾਂਝੀ ਸਥਿਤੀ ਵਜੋਂ ਦੇਖਦੇ ਹਨ। ਜੋ ਚੀਜ਼ ਨਿੱਜੀ ਬਦਕਿਸਮਤੀ ਦਿਖਾਈ ਦਿੰਦੀ ਹੈ ਉਸ ਨੂੰ ਇੱਕ ਸਾਂਝੀ ਜਨਤਕ ਸਥਿਤੀ ਵਜੋਂ ਪਛਾਣਨਾ ਹੀ ਉਹ ਥਾਂ ਹੈ ਜਿੱਥੋਂ ਸਿਆਸਤ ਸ਼ੁਰੂ ਹੁੰਦੀ ਹੈ। ਇਹ ਉਹ ਚੀਜ਼ ਹੈ ਜੋ ਸਮੂਹਿਕ ਐਕਸ਼ਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਢਾਂਚਾਗਤ ਤਬਦੀਲੀ ਦੀ ਮੰਗ ਕਰਦੀ ਹੈ।

ਲੇਖਕ: ਡੋਰਾ ਮੈਂਗਕ
ਅਨੁਵਾਦ: ਸੁਖਵੰਤ ਹੁੰਦਲ

(ਅੰਗਰੇਜ਼ੀ ਵਿੱਚ ਇਹ ਆਰਟੀਕਲ ਅਮਰੀਕਾ ਤੋਂ ਨਿਕਲਦੇ ਜੈਕੋਬਿਨ ਮੈਗਜ਼ੀਨ ਦੇ ਸਾਈਟ `ਤੇ 13 ਅਗਸਤ 2026 ਨੂੰ ਛਪਿਆ ਸੀ।)