" ਅਸੀਂ ਸਹਿੰਦੜ ਹਾਂ " 
" ਬੰਦਾ ਕਰੇ ਤੇ ਬੰਦਾ ਸਹੇ "॥ ਰਣਜੀਤ ਕੌਰ ਗੁੱਡੀ ਤਰਨ ਤਾਰਨ

" ਅਸੀਂ ਸਹਿੰਦੜ ਹਾਂ "
" ਬੰਦਾ ਕਰੇ ਤੇ ਬੰਦਾ ਸਹੇ "॥
(  ਜੀ ਹਾਂ ਅਸੀਂ ਵਿਤੋਂ ਵੱਧ ਸਹਿੰਦੜ ਹਾਂ-)
" ਸੋਚਾਂ ਸਮਝਾਂ ਦੀ ਗਠੜੀ ਲੈ ਕੇ ਕਿਸ ਦਰ ਜਾਵਾਂ ਮੈਂ-
ਮਾਰਨ ਪੈਂਦੇ ਮੂੰਹ ਖੋਲਾਂ ਜੇ,ਨਾਂ ਬੋਲਾਂ ਤੇ ਮਰ ਮਰ ਜਾਵਾਂ ਮੈਂ॥

ਅਕਸਰ ਬੋਲਿਆ ਜਾਂਦਾ ਹੈ ਲਿਖਿਆ ਵੀ ਜਾ ਰਿਹਾ ਹੈ ਕਿ ਸਮਾਜ ਵਿਚੋਂ  ਸਹਿਨਸ਼ੀਲਤਾ ਉਡ ਪੁੱਡ ਗਈ ਹੈ।ਕੁਝ ਕਹਿੰਦੇ ਹਨ,'  ਸਬਰ ਤਾਂ ਕਿਤੇ ਨਹੀਂ ਰਹਿ ਗਿਆ,ਸੰਤੋਖ ਤੋਂ ਤਾਂ ਅਣਜਾਣ ਹਨ ਲੋਕ,ਬੱਸ ਸਵਾਰਥ ਹੀ ਸਵਾਰਥ ਪ੍ਰਧਾਨ ਹੈ,ਆਪੋ ਧਾਪੀ ਪਸਰੀ ਪਈ ਹੈ"।
ਨਹੀਂ ਅੈਸਾ ਨਹੀਂ ਹੈ-ਇਹ ਉਤਲੀ ਪਰਤ ਹੈ ਅੰਦਰ ਝਾਤੀ ਮਾਰ ਕੇ ਧਿਆਨ ਨਾਲ ਵੇਖੌ ਸੁਣੋ ਤਾਂ ਅਹਿਸਾਸ ਹੁੰਦਾ ਹੈ ਕਿ ਸਹਿਣਸ਼ੀਲਤਾ,ਸਬਰ ਦੀ ਹੱਦ ਸਾਡੇ ਤੋਂ ਸ਼ੁਰੂ ਹੋ ਕੇ ਸਾਡੇ ਤੇ ਹੀ ਖ਼ਤਮ ਹੁੰਦੀ ਹੈ।ਹਾਂ ਸੰਤੋਖ ਜਰੂਰ ਘੱਟ ਗਿਆ ਹੈ ਕਿਉਂਕਿ ਅਸੀਂ ਚੂਹਾ ਦੌੜ ਦੇ ਖਿਡਾਰੀ ਬਣ ਚੁੱਕੇ ਹਾਂ।ਦੀਨ ਇਮਾਨ ਨਾਲ ਇਹ ਦੌੜ ਜਿੱਤੀ ਨਹੀਂ ਜਾ ਸਕਦੀ।ਸਿਆਣਿਆਂ ਨੇ ਦਸਿਆ ਸੀ " ਮਨੁੱਖ ਸਮਜਿਕ ਜਾਨਵਰ ਹੈ","ਮੈਨ ਇਜ਼ ਏ ਸੋਸ਼ਲ ਅੇਨੀਮਲ."।ਮਨੁੱਖ ਜਾਨ ਵਰ ,ਜਾਨ ਦਾਰ ਹੈ ਬਾਕੀ ਚਾਰ ਲੱਤੇ ਜਾਨਵਰਾਂ ਦੀ ਤਰਾਂ ਹੀ ਕੁਦਰਤ ਨੇ ਇਸਨੂੰ ਦੋ ਲੱਤਾਂ ਤੇ ਦੋ ਬਾਹਵਾਂ ਲਾ ਕੇ ਥੋੜਾ ਜਿਹਾ ਵੱਖਰਾ ਬਣਾ ਦਿੱਤਾ ਹੈ।ਜਾਨ ਹੈ ਤਾਂ ਹਿਲਜੁਲ ਤਾਂ ਹੋਵੇਗੀ ਹੀ,ਤੇ ਹਿਲਜੁਲ ਵਿੱਚ ਪਸ਼ੂਪਨ ਆ ਹੀ ਜਾਂਦਾ ਹੈ,ਜਦ ਮਨੁੱਖ ਸਵੈ ਨੂੰ ਕਾਬੂ ਨਹੀਂ ਕਰ ਸਕਦਾ ਇਛਾਵਾਂ ਤੇ ਕਾਬੂ ਪਾਉਣ ਤੋਂ ਅਸਮਰਥ ਹੁੰਦਾ ਹੈ।
ਇਛਾਵਾਂ ਦੇ ਢੇਰ ਤੇ ਬੈਠ ਕੇ ਸੰਤੋਖ ਦੇ ਅਰਥ ਕਿਵੇਂ ਯਾਦ ਰੱਖੇ ਜਾ ਸਕਦੇ ਨੇ ਸਾਥੌਂ ਪੁਛੌ।
ਅਸੀਂ ਸਹਿੰਦੜ ਹਾਂ-ਕੀ ਨਹੀਂ ਸਹਿ ਲਿਆ ਅੱਜ ਤੱਕ ਅਸੀਂ।ਮਨੁੱਖ ਮਨੁੱਖ ਤੋਂ ਮਾਰ ਖਾ ਕੇ ਚੁਪ ਚਾਪ ਵਕਤ ਕੱਟੀ ਜਾ ਰਿਹਾ ਹੈ।
ਜਿਹਨਾਂ ਨੂੰ ਅਸੀਂ ਆਪਣੇ ਰਖਵਾਲੇ ਚੁਣਿਆ ਉਹਨਾਂ ਦੇ ਹੀ ਪੈਰਾਂ ਤਲੇ ਕੁਚਲੇ ਜਾ ਰਹੇ ਹਾਂ ਪਰ ਸੀਅ ਨਹੀਂ ਕਰਦੇ,ਇਸ ਤੋ ਵੱਧ ਸਹਿਨਸ਼ੀਲਤਾ  ਹੋਰ ਕਿੰਨੀ ਹੋਵੇਗੀ।
ਧਰਮਵਾਦ ਜਾਤੀਵਾਦ ਸਾਡੇ ਤੇ ਠੋਸਿਆ ਗਿਆ ਅਸ਼ੀਂ ਸਹਿ ਗਏ।
ਨੇਤਾਗਿਰੀ ਨੇ ਸਾਨੂੰ ਚੀਰ ਫਾੜ ਕੇ ਦਰ ਬਦਰ ਕੀਤਾ ਅਸੀਂ ਸਹਿ ਗਏ।
ਸਵਾਰਥ ਤੇ ਲਾਲਚ ਨੇ ਸਾਥੋਂ ਸਾਡਾ ਹੀ ਸੱਭ ਕੁਝ ਖੋਹ ਲਿਆ ਅਸੀਂ ਸਹਿ ਗਏ।
ਨੋਟਬੰਦੀ ਕੀਤੀ ਸਾਡੇ ਕੋਲੋਂ ਸਾਡੀ ਹੀ ਹੱਕ ਹਲਾਲ ਦੀ ਪੂੰਜੀ ਖੋਹ ਕੇ ਸਾਨੂੰ ਮੜ੍ਹੀਆਂ ਦੇ ਰਾਹ ਧੱਕਿਆ ਅਸੀਂ ਤੁਰ ਪਏ।ਕੁਝ ਨਹੀਂ ਬੋਲੇ ਖਾਮੋਸ਼ ਸਬਰ ਕਰ ਲਿਆ।
ਬੈਂਕ ਵਿੱਚ ਆਪਣੀ ਹੀ ਮਾਸਿਕ ਤਨਖਾਹ ਨਾਲ ਕੀਤੀ ਬੱਚਤ ਨੂੰ ਲੈਣ ਗਏ ਤੇ ਅੱਗੋਂ ਹੁਕਮ ਸੁਣਿਆ ਵੀਹ ਹਜਾਰ ਤੋਂ ਵੱਧ ਨਹੀਂ ਲੈ ਸਕਦੇ।ਨਾਂ ਹੀ ਇਸ ਤੋਂ ਵੱਧ ਨਕਦ ਲੈਣ ਦੇਣ ਕਰ ਸਕਦੇ ਹਾਂ-ਅਸੀਂ ਕੁਝ ਬੋਲੇ ,? ਅਸੀਂ ਕੋਈ ਇਤਰਾਜ਼ ਕੀਤਾ ?,ਅਸੀਂ ਬੇਸਬਰੇ ਹੋਏ? ਨਹੀਂ ਨਾਂ-ਤੇ ਫੇਰ ਕਿਥੇ ਹਾਂ ਅਸੀਂ ਬੇਸਬਰੇ ਤੇ ਅਸਹਿਣਸ਼ੀਲ਼।
ਸਾਨੂੰ ਸਮਝਾਇਆ ਗਿਆ 'ਸਬਰ ਦਾ ਫਲ ਮਿੱਠਾ ਹੁੰਦਾ ਹੈ'-ਹੁੰਦਾ ਹੋਵੇਗਾ ਪਤਾ ਨਹੀਂ ਕਿਹਨਾਂ ਵਾਸਤੇ,ਸਾਡੇ ਸਬਰ ਦਾ ਤਾਂ ਸਾਨੂੰ ਅੱਜ ਤੱਕ ਕੋਈ ਫਲ਼ ਨਹੀਂ ਮਿਲਿਆ ਲਤਾੜ ਹੀ ਮਿਲੀ,ਫਿਰ ਵੀ ਅਸੀਂ ਜੀਅ ਰਹੇ ਹਾਂ,ਸਹਿੰਦੜ ਹਾਂ ਸਹਿ ਰਹੇ ਹਾਂ।
ਮਾਵਾਂ ਦੇ ਪੁੱਤਰ ਭੈਣਾਂ ਦੇ ਵੀਰ,ਅੌਰਤਾਂ ਦੇ ਸੁਹਾਗ ਨਿਰਦੋਸ਼ ਮੌਤ ਦੇ ਘਾਟ ਉਤਾਰੇ ਗਏ ਅਸੀਂ ਖਾਮੋਸ਼ 'ਅਸਹਿ ਜੁਲਮ' ਵੀ ਸਹਿ ਗਏ।
ਸਾਡੇ ਬੁਨਿਆਦਿ ਹੱਕ ਸ਼ਰੇਆਮ ਖੋਹੇ ਗਏ ਅਸੀਂ ਨਿਹੱਕੇ ਵੀ ਜਿਉ ਰਹੇ ਹਾਂ,ਕੁਸਕਦੇ ਨਹੀਂ ਕਿਤੇ।
ਰੱਬ ਕਰੇ ਤਾਂ ਬੰਦਾ ਸਹੇ,  ਪਰ ਇਥੇ ਤਾਂ ਬੰਦਾ ਹੀ ਬੰਦੇ ਨੂੰ ਕਰੋਨਾ ਕਰ ਗਿਆ ਅਸੀਂ ਸਹਿ ਗਏ ਹਾਂ।ਬਰਸਾਤੀ ਡੱਡੂ,ਫਸਲੀ ਬਟੇਰੇ,ਚੋਰ ਠੱਗ ਡਾਕੂ ਲੁਟੇਰੇ,ਮੱਛਰ ਮੱਖੀਆਂ,ਡੇਂਗੀ ਤੇ ਹੋਰ ਕੀ ਕੀ ਨਹੀਂ ਸਹਿ ਰਹੇ ਅਸੀਂ?
" ਹਮ ਨਹੀਂ ਚੰਗੇ ਬੁਰਾ ਨਹੀਂ ਕੋਇ "।
ਕਦੇ ਗੁਜਰਾਤ ਗੋਧਰਾ,ਕਦੇ ਦਿੱਲੀ ਪੰਜਾਬ,ਕਦੇ ਪੁਲਵਾਮਾ,ਕਦੇ ਅਹਿਮਦਾਬਾਦ,ਕਦੇ ਪਹਿਲਗਾਮ,ਕਦੇ ਮਨੀਪੁਰ,ਕਦੇ ਯੂ.ਪੀ.ਮੁਸਲਿਮ ਹਿੰਦੂ ਤੜਪਾਏ ਗਏ, ਅਸੀਂ ਹੰਝੂ ਪੀ ਗਏ-ਅਸੀਂ ਬਹੁਤ ਸਹਿਂਦੜ ਹਾਂ।
ਸਾਡੇ ਪੜ੍ਹਾਕੂਆਂ ਨੂੰ ਖੁਦਕਸ਼ੀ ਦੇ ਰਾਹ ਪਾਇਆ ਗਿਆ -ਅਸੀਂ ਸਹਿ ਗਏ।
ਜੇਹਲਾਂ ਚ ਸੁਟਿਆ ਗਿਆ,ਨਜ਼ਾਇਜ਼ ਹੱਲੇ ਕੀਤੇ ਗਏ ਅਸੀਂ ਕੁਸਕੇ ਨਹੀਂ।
ਕਈ ਵਾਰ ਸਾਡੇ ਸਬਰ ਦਾ ਕੜ ਟੁੱਟਾ,ਸਬਰ ਦੇ ਪਿਆਲੇ ਉਛਲੇ-
ਸਾਡੇ ਜਿਗਰ ਚਾਕ ਕੀਤੇ ਗਏ ਅਸੀਂ ਰਫੂ ਕਰ ਫਿਰ ਤੁਰ ਪਏ-
ਕਰੋਨਾ ਕਾਲ ਨੇ ਮੂਧੈ ਮੂੰਹ ਸੁਟਿਆ -ਸਹਿ ਗਏ।ਸਾਡੇ ਹਿੱਸੇ ਦੀ ਆਕਸੀਜ਼ਨ ਵੀ ਛੁਪਾ ਲਈ ਗਈ। ਅੱਜ ਅਸੀਂ ਸਾਹ ਵੀ ਕੀਮਤ ਚੁਕਾ  ਕੇ ਲੈ ਰਹੇ ਹਾਂ।
ਰੇਲ ਗੱਡੀ ਸਾਡੀ ਕਿਤੇ ਵੀ ਸੌਖੇ ਤੇ ਸਸਤੇ ਵਿੱਚ ਪਹੁੰਚਣ ਦਾ ਸਾਧਨ ਸੀ ਸੋ ਵੀ ਕਦੌਂ ਦੀ ਪਲੇਟਫਾਰਮ ਤੌਂ ਨਿਕਲ ਸਾਡੀ ਪਹੁੰਚ ਤੋਂ ਬਾਹਰ ਹੋ ਗਈ।
ਜਾਤੀਵਾਦ ਧਰਮਵਾਦ ਦੀ ਨਖ਼ਰਤ ਇਸ ਹੱਦ ਤੱਕ ਪੁਚਾਈ ਗਈ ਕਿ ਪ੍ਰਸਾਰ ਭਾਰਤੀ ਮੀਡੀਆ ਤੇ ਅਨ੍ਹਪੜ੍ਹ ਮੰਤਰੀ ਨੇ ਬਹੁਤ ਸਾਰੇ ਵਿਦਿਅਕ, ਵਿਗਿਆਨਕ,ਆਮ ਗਿਆਨ ਦੇ ਸਾਰੇ ਪ੍ਰੋਗਰਾਮ ਬੰਦ ਕਰਾ ਦਿੱਤੇ ,ਰੇਡੀਓ ਫੰਡ ਹੀ ਬਜਟ ਵਿਚੋਂ ਕੱਢ ਦਿੱਤਾ ਗਿਆ,ਤੇ ਨਖ਼ਰਤ ਦੀ ਸਤਹ ਵੇਖੋ ਰੇਡੀਓ ਤੋਂ ਉਰਦੂ ਸਰਵਿਸ ਦਿਲ ਲੁਭਾਉਣਾ ਗਿਆਨ ਵਰਧਕ ਚੈਨਲ ਹੀ ਖ਼ਤਮ ਕਰ ਦਿੱਤਾ ਗਿਆ ਤੇ ਸਾਰੇ ਕਰਮਚਾਰੀ ਫਾਰਗ ਕਰ ਦਿੱਤੇ ਗਏ।ਵਿਵਧ ਭਾਰਤੀ ਜੋ ਹਰ ਭਾਸ਼ਾ ਵਿੱਚ ਪੂਰੇ ਦੇਸ਼ ਵਿੱਚ ਲੋਕ ਪ੍ਰੀਏ ਪਰੋਗਰਾਮ ਹੈ ਉਸਤੇ ਵੀ ਕਈ ਕੱਟ ਲਗਾਏ ਗਏ ਤੇ ਉਸਦਾ ਸਿਰਲੇਖ ਬਦਲਾ ਕੇ 'ਰਾਸ਼ਟਰੀਏ ਸੇਵਾ' ਰੱਖਵਾ ਦਿੱਤਾ ਗਿਆ,ਦੂਰਦਰਸ਼ਨ ਨਿਜੀ ਸੇਕਟਰ ਨੂੰ ਦੇ ਦਿੱਤਾ ਗਿਆ,ਅਸੀਂ ਕੁਸਕ ਨਹੀਂ ਸਕੇ।ਹਾਲਾਂ ਭਾਰਤੀ ਉਰਦੂ ਫਿਲਮਾਂ ਨੇ ਨਾਮਣਾ ਕਮਾਇਆ ਆਸਕਰ ਜਿੱਤੇ,ਅਨੇਕਾਂ ਭਾਸ਼ਾਂਵਾਂ ਵਿੱਚ ਡਬਿੰਗ ਹੋਈ।ਫਿਰ ਪੰਜਾਬੀ ਨੂੰ ਸਕੂਲਾਂ ਚੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ,ਅਸੀਂ ਗੁਲਾਮੀ ਵਿੱਚ  ਇਹ ਪੀੜਾ ਸਹਿ ਗਏ।
ਆਪਣੇ ਹੀ ਚੁਣੇ ਹੋਏ ਨੁਮਾਇੰਦਿਆਂ ਦੇ ਅਸੀਂ ਬੰਧਕ ਮਜਦੂਰ ਹਾਂ,ਗਾੜ੍ਹੀ ਕਮਾਈ ਕਰ ਕੇ ਮਹਿੰਗਾਈ ਤੇ ਟੈਕਸਾਂ ਦੀ ਭੇਟ ਚੜ੍ਹਾਈ ਜਾਂ ਰਹੇ ਹਾਂ ਤੇ ਨੁਮਾਇੰਦਿਆਂ ਦੀਆਂ ਦਸ ਪੀੜੀਆਂ ਦਾ ਅੇਤਮਾਮ ਕਰ ਕੇ ਦੇ ਕੇ ਵੀ ਰੱਬ ਦਾ ਸ਼ੁਕਰ ਮਨਾ ਰਹੇ ਹਾਂ।ਸਾਡਾ ਬੁਢਾਪਾ ਫੇਰ ਵੀ ਲਾਵਾਰਿਸ ਹੈ।ਅਸ਼ੀਂ ਸਹਿੰਦੜ ਹਾਂ।
ਪੀਣ ਵਾਲੇ ਪਾਣੀ ਤੇ ਕਬਜ਼ਾ ਕਰ ਗਏ ਵਲੀ ਕੰਧਾਰੀ ਤੇ ਮਰਦਾਨੇ ਪਿਆਸ ਨਾਲ ਜੂਝਦੇ ਜੀਅ ਰਹੇ ਹਨ।
ਅਦਾਲਤਾਂ ਇਨਸਾਖ਼ ਦੇਣ ਤੋਂ ਆਰੀ ਹਨ ਤੇ ,ਉਮਰ ਮੁੱਕ ਜਾਂਦੀ ਹੈ ਤਾਂ ਫੈਸਲਾ ਆ ਜਾਂਦਾ  ਹੈ।
ਵਕਤ ਅੱਗੇ ਅੱਗੇ ਅਸੀਂ ਪਿਛੇ ਪਿਛੇ
ਜਿਧਰ ਲੈ ਗਿਆ ਉਧਰ ਤੁਰੀ ਗਏ
ਅਸੀਂ ਹਾਂ ਵਕਤ ਦੇ ਪੜ੍ਹਨੇ ਪਾਏ
ਅਸੀਂ ਹਾਂ ਵਿਧਵਾ ਰੁੱਤ ਦੇ ਜਾਏ॥
ਧੀਆਂ ਦੇ ਦੁੱਖੜੇ ਸਹਿ ਲੈਨੇ ਹਾਂ।ਨਕਲੀ ਦੁੱਧ,ਮਿਲਾਵਟੀ ਖਾਣਾ ,ਆਟੇ ਵਿੱਚ ਪੱਥਰ ਵੀ ਖਾ ਲੈਨੇ।
ਗੰਢੇ ਵੀ ਖਾ ਲਏ ਡੰਡੇ ਵੀ ਸਹਿ ਲਏ,ਖ਼ਵਰੇ ਕਿਹੜੀ ਮਿੱਟੀ ਨੇ ਘੜੈ ਨੇ ਈਮਾਨ ਸਾਡੇ ਅਸੀਂ   ਮਕਾਰਾਂ ,ਗਦਾਰਾਂ,ਕਾਤਲਾਂ,ਕਾਖ਼ਰਾਂ,ਸ਼ੈਤਾਨਾਂ,ਰਾਖਸ਼ਾਂ ਦੇ ਕਰਤੂਤ ਸਹਿੰਦੇ ਵੱਡੇ ਹੋਏ।
ਸਾਨੂੰ ਕਾਕਰੋਚ ( ਨਾਲੀ ਦਾ ਕੀੜਾ)  ਦਾ ਤਖ਼ਲਸ ਦਿੱਤਾ ਗਿਆ ਅਸੀਂ ਕਬੂਲ ਕੀਤਾ ਤੇ ਕਰੋੜਾਂ ਕਾਕਰੋਚ ਬਣ ਨਿਕਲੇ।
ਸਾਨੂੰ ਅਵਾਰਾ ਕੁੱਤਾ ਆਖਿਆ ਗਿਆ ਅਸੀਂ( ਬੇਰੁਜਗਾਰ ਵਿਹਲੇ ਤਾਂ ਹਾਂ ਹੀ ) ਅਸੀਂ ਵਫਾਦਾਰ ਚੌਕੀਦਾਰ  ਕੁੱਤੇ ਬਣ ਗਏ।
ਭਾਰਤੀ ਵਿਦਿਆਰਥੀ ਤੇ ਭਾਰਤੀ ਨਾਰੀ ਹੱਦ ਤੱਕ ਸਹਿਣਸ਼ੀਲ ਹਨ।
: ਜੈਸੇ ਭੀ ਹੋ ਜੀਅ ਲੇਤੇ ਹੈਂ ,ਚਾਕ ਜਿਗਰ ਕੇ ਸੀਅ ਲੇਤੇ ਹੈਂ "॥
ਕਿਉਂ ਸਾਨੂੰ ਕੋਈ ਅਜੇ ਵੀ ਆਖੇ ਅਸੀਂ ਬੇਸਬਰੇ ਅਸਹਿਣਸ਼ੀਲ਼ਤਾ ਦੇ ਹਾਮੀ ਹਾਂ।ਅਸੀਂ ਤਾਂ ਸਹਿ ਸਹਿ ਕੇ ਢੀਠ ਮਜਬੂਤ ਚਟਾਨਾਂ ਬਣ ਗਏ ਹਾਂ।
ਸਾਡੀ ਬੇਬਸੀ,ਲਾਚਾਰੀ ਬਰਦਾਸ਼ ਦੀ ਹੱਦ ਟੱਪ ਚੁੱਕੀ ਹੈ ਕਿਉਂ ਕੋਈ ਆਖੇ ਸਾਨੂੰ ਆਪ ਹੁਦਰੇ,ਬੇਸਬਰੇ,ਅਸਹਿਣਸ਼ੀਲ,ਜਿੱਦੀ।ਕਿਉਂ?
ਕਈ ਕਈ ਵਾਰ ਅਜਮਾ ਕੇ ਵੇਖਿਆ  ਸਾਨੂੰ ਅਸੀਂ ਹਰ ਕਸੌਟੀ ਤੇ ਖ਼ਰੇ ਉਤਰੇ।
ਨਹੀਂ ਹਾਂ ਅਸੀਂ ਅੈਸੇ ਵੈਸੇ ਅਸੀਂ ਤੇ ਸਹਿੰਦੜ ਹਾਂ,ਸਬਰ ਵੀ ਹੈ ਸੰਤੋਖ ਵੀ ਹੈ,ਵਫਾ ਵੀ ਹੈ।
"ਹਰ ਮੋੜ ਤੇ ਸਲੀਬਾਂ
-ਹਰ ਮੋੜ ਤੇ ਹਨੇਰਾ
-ਫਿਰ ਵੀ ਅਸੀਂ ਰੁਕੇ ਨਾਂ-
-ਵੇਖ ਸਾਡਾ ਜੇਰਾ......."॥ਫਿਰ ਵੇਖ ਸਾਡਾ ਜੇਰਾ॥
ਰਣਜੀਤ ਕੌਰ ਗੁੱਡੀ ਤਰਨ ਤਾਰਨ।
 
ਅੰਤਿਕਾ- ਪੀੜਾਂ ਦੇ ਧਰਕੋਲੇ ਖਾਧੇ ,ਸਾਹਵਾਂ ਦੀ ਸੂਲੀ ਤੇ ਸੱਧਰਾਂ ਦੇ ਸੋਹਲੇ ਗਾਏ।
ਪੁੰਨਿਆ ਦੇ ਚੰਨ ਨੂੰ  ਭਲਾ ਕੋਈ ਮੱਸਿਆ ਕੀਕਣ ਅਰਕ ਚੜਾਏ।