
ਪੈਨ ਪੈਨਸਿਲ ਲਿਖਤ ਲਿਖਾਈ,,, ਰਣਜੀਤ ਕੌਰ ਗੁੱਡੀ ਤਰਨ ਤਾਰਨ
" ਪੈਨ ਪੈਨਸਿਲ ਲਿਖਤ ਲਿਖਾਈ "
ਢੂੰਢਦੇ ਰਹਿ ਜਾਓਗੇ ਪੈਨ ਲਿਖਤ ਲਿਖਾਈ-
,ਨਹੀਂ ਲੱਭਣੀ ਕਾਪੀ ਦਵਾਤ ਤੇ ਸਿਆਹੀ॥
ਸ਼ਲੇਟ ਤੇ ਸਲੇਟੀ ਨਾਲ ਲਿਖ ਕੇ ਤੇ ਫੱਟੀ ਤੇ ਕਾਨੇ ਦੀ ਕਲਮ ਘੜ ਕੇ ਨਿਕੀ ਜਿਹੀ ਲੋਹੇ ਦੀ ਦਵਾਤ ਵਿੱਚ ਕਾਲੀ ਸਿਆਹੀ ਘੋਲ ਕੇ ਸੁੰਦਰ ਲਿਖਤ ਲਿਖਣ ਵਾਲੇ ਵਿਰਲੇ ਟਾਂਵੇ ਇਸ ਸਮਾਜ ਵਿੱਚ ਜਿੰਦਾ ਬਚੇ ਹਨ। ਥੋੜਾ ਚਿਰ ਹੋਰ ਹੈ ਉਹ ਵੀ ਬੀਤੇ ਦੀ ਬਾਤ ਹੋ ਜਾਣਗੇ।
ਇਸ ਦੌਰ ਵਿੱਚ ਲਿਖਾਰੀ ਬੇਸ਼ੁਮਾਰ ਹਨ ਤੇ ਪਾਠਕ ਮੁੱਠੀ ਭਰ।
ਅਜੋਕੇ ਵਿਦਿਆਰਥੀਆਂ ਨੂੰ ਕਲਮ ਦਵਾਤ ਦੀ ਪਚਿਾਣ ਹੀ ਨਹੀਂ ।ਕੱਚੀ ਪੈਨੋਸਲ ਤੇ ਸਿੱਕਾ ਪੈਨਸਿਲ ਹੀ ਵਰਤੀ ਜਾਂਦੀ ਹੈ ਤੇ ਹੁਣ ਪਿਛਲੇ ਪੰਜ ਸਾਲ ਤੋਂ ਉਹ ਵੀ ਬੰਦ ਹੋ ਗਈ ਹੈ।ਕਰੋਨਾ ਕਾਲ ਦੇ ਦੋ ਸਾਲ ਵਿੱਚ ਆਨਲਾਇਨ ਪੜ੍ਹਾਈ ਨੇ ਪੈਨ ਪੈਨਿਸਿਲ ਤੇ ਕਾਪੀ ਵੀ ਖਤਮ ਕਰਾ ਦਿੱਤੀ।
ਸਰਕਾਰੀ ਸਕੂਲਾਂ ਵਿੱਚ ਕਲਮ ਦਵਾਤ ਵਰਤੀ ਜਾਂਦੀ ਰਹੀ ਹੈ।ਨਿਜੀ ਸਕੂਲਾਂ ਨੇ ਨਿਵੇਕਲੇ ਦਿਖਣ ਲਈ ਕਲਮ ਦਵਾਤ ਇਹ ਆਖ ਕੇ ਬੰਦ ਕਰਾਈ ਕਿ ਬੱਚੇ ਹੱਥ ਤੇ ਵਰਦੀ ਗੰਦੀ ਕਰ ਲੈਂਦੇ ਹਨ ਸਫਾਈ ਜਰੂਰੀ ਹੈ ਇਸ ਲਈ ਛੋਟੇ ਬੱਚੇ ਕੱਚੀ ਪੈਨਸਿਲ ਤੇ ਵੱਡੇ ਸਿੱਕਾ ਪੈਨਸਿਲ ਵਰਤਣ।ਮਾਬਾਪ ਨੂੰ ਸਾਫ ਸੁਥਰੇ ਬੱਚੇ ਪਿਆਰੇ ਲਗਣ ਲਗੇ ਤੇ ਸਿਆਹੀ ਕਲਮ ਨਿੱਭ ਵਾਲੇ ਹੋਲਡਰ ਤੇ ਪੈਨ ਦਾ ਚਲਨ ਉਡਾ ਦਿੱਤਾ ਗਿਆ।
ਪਰ ਵਿਦਿਆਰਥੀਆਂ ਦੀ ਮੁਸ਼ਕਿਲ ਜਾਂ ਆਸਾਨੀ ਹੋਰ ਗਲ ਹੈ ਕਿਉਂਕਿ ਉਹ ਸਕੂਲ਼ ਨਿਯਮਾਂ ਦੇ ਪਾਬੰਦ ਹਨ।
ਵੱਡੇ ਛੋਟੇ ਲਿਖਾਰੀਆਂ ਨੂੰ ਕੀ ਫੈਸ਼ਨ ਦੀ ਲੱਤ ਲਗ ਗਈ ਹੈ ਉਹ ਫੋਨ ਤੇ ਲਿਖਦੇ ਹਨ।ਹਰੇਕ ਲੇਖਕ ਫਿਰ ਬੜੇ ਤਮਾਕ ਨਾਲ ਦੱਸਦਾ ਹੈ ਮੈਨੂੰ ਦੇਸ਼ ਵਿਦੇਸ਼ ਤੌਂ ਲੱਖਾਂ ਪਾਠਕਾਂ ਦੇ ਮੈਸੇਜ ਆਏ।ਚਾਰ ਅੱਖਰ ਲਿਖ ਕੇ ਫੇਸ ਬੁੱਕ ਤੇ ਪਾਕੇ ਬੰਦਾ ਲੇਖਕ ਬਣ ਜਾਂਦਾ ਹੈ।ਜਿਹਦਾ ਨਾਮ ਵੀ ਕਿਤੇ ਸੁਣਿਆ ਨਾ ਹੋਵੇ ਉਹ ਦੱਸ ਮਿੰਟ ਵਿੱਚ ਉੱਘਾ ਲਿਖਾਰੀ ਬਣ ਬਹਿੰਦਾ ਹੈ।ਕੁਝ ਸਮਾਂ ਪਹਿਲਾਂ ਲੇਖਕ ਨੂੰ ਉੱਘਾ ਹੋਣ ਲਈ ਉਮਰ ਲਗ ਜਾਂਦੀ ਸੀ।ਕਈਆਂ ਦੇ ਤੇ ਨਾਮ ਨਾਲ ਉੱਘਾ ਮਰਨ ਤੋਂ ਬਾਦ ਲਗਾ।
ਕਵੀ ਦਰਬਾਰ ਬਹੁਤ ਹੋ ਰਹੇ ਹਨ ਮੁਸ਼ਾਇਰੇ ਵੀ ਧੜਾ ਧੜ ਹੋ ਰਹੇ ਹਨ। ਇਹ ਦਰਬਾਰ ਮੁਸ਼ਾਇਰੇ ਯੁਟਿਉਬ ਤੇ ਲੋਡ ਕੀਤੇ ਜਾਂਦੇ ਹਨ।ਵੇਖੌ ਸੁਣੋ ਤੇ ਅਹਿਸਾਸ ਕਰੌ ਕਿਸੇ ਦੇ ਵੀ ਹੱਥ ਵਿੱਚ ਡਾਇਰੀ ਕਾਪੀ ਪੇਪਰ ਨਹੀਂ ਹੁੰਦਾ,ਸੱਭ ਦੇ ਹੱਥ ਵਿੱਚ ਫੋਨ ਹੁੰਦਾ ਹੈ ਤੇ ਫੋਨ ਤੋਂ ਵੇਖ ਕਵਿਤਾ ਪੜ੍ਹਦੇ ਹਨ।ਇਸ ਵਕਤ ਜਿਹਦੇ ਹੱਥ ਵਿੱਚ ਪੇਪਰ ਹੋਵੇ ਉਸਨੂੰ ਸਧਾਰਣ ਸਮਝਿਆ ਜਾਂਦਾ ਹੈ।
ਕਮੀਜ ਜਾਂ ਕੋਟ ਦੀ ਸਾਹਮਣੀ ਜੇਬ ਨਾਲ ਟੰਗਿਆ ਪੈਨ ਪੜ੍ਹੇ ਲਿਖੇ ਸਭਿਅਕ ਹੋਣ ਦੀ ਪਹਿਚਾਣ ਸੀ।
ਰੰਗ ਰੰਗ ਦੀ ਸਿਆਹੀ ਨਾਲ ਪ੍ਰੇਮ ਪੱਤਰ ਲਿਖ ਕੇ ਪ੍ਰੇਮੀ ਨੂੰ ਲੁਭਾਇਆ ਜਾਂਦਾ ਸੀ,ਵਰ੍ਹਿਆਂ ਤੱਕ ਇਹ ਸੋਹਣੇ ਸਜਾਵਟੀ ਪੱਤਰ ਨਕਦੀ ਤੋਂ ਵੱਧ ਹਿਖ਼ਾਜ਼ਤ ਨਾਲ ਸੰਭਾਲੇ ਜਾਂਦੇ ਤੇ ਯਾਦਾਂ ਦੀ ਚੰਗੇਰ ਦੇ ਫੁੱਲ ਬਣ ਮਹਿਕਦੇ ਰਹਿੰਦੇ।
ਅੱਜ ਕਲ ਪ੍ਰੇਮ ਪੱਤਰ ਫੋਨ ਤੇ ਲਿਖੇ ਜਾਂਦੇ ਹਨ ਜੋ ਇਕ ਅੱਧ ਦਿਨ ਬਾਦ ਡਲੀਟ ਹੋ ਜਾਂਦੇ ਹਨ।ਲਿਖਤਾਂ ਭਾਵਨਾ ਰਹਿਤ, ਜਜਬਾਤ ਰਹਿਤ ਕਿਤੇ ਨਹੀਂ ਦਿਲ ਵਾਲੀ ਗਲ ਦਿਲ ਦੀ ਗਹਿਰਾਈ ਚੋਂ ਲਿਖੀ ਮਿਲਦੀ,ਖ਼ਵਰੇ ਅਜੋਕੀ ਮਨੁੱਖਤਾ ਜਜਬਾਤਾਂ ਤੋਂ ਖਾਲੀ ਕਿਵੇਂ ਜੀਅ ਰਹੀ ਹੈ।
ਸਿਆਣੇ ਕਹਿੰਦੇ ਸੀ "ਤਲਵਾਰ ਦੇ ਵਾਰ ਨਾਲੋਂ ਕਲਮ ਦਾ ਵਾਰ ਜਿਆਦਾ ਘਾਤਕ ਹੁੰਦਾ ਹੈ,ਜਿਆਦਾ ਅਸਰਦਾਰ ਹੁੰਦਾ ਹੈ,ਪਰ ਹੁਣ ਕਲਮ ਵਿਚਾਰੀ ਖੁੰਡੀ ਹੋ ਗਈ ਹੈ।ਕਹਿੰਦੇ ਸੀ ਤਲਵਾਰ ਦਾ ਵਾਰ ਭਰ ਜਾਂਦਾ ਹੈ,ਮਿੱਟ ਜਾਂਦਾ ਹੈ ਪਰ ਕਲਮ ਦਾ ਵਾਰ ਅਮਰ ਰਹਿੰਦਾ ਹੈ ,ਸ਼ੀਸ਼ਾ ਵਿਖਾਉਂਦਾ ਰਹਿੰਦਾ ਹੈ,ਹੱਲਾਸ਼ੇਰੀ ਦੇਂਦਾ ਰਹਿੰਦਾ ਹੈ।
ਕੁਝ ਕੁ ਵਰ੍ਹੇ ਪਹਿਲਾ ਡਾਇਰੀ ਲਿਖਣ ਦੀ ਰੁਚੀ ਆਮ ਸੀ।ਅਖਬਾਰ ਵਿੱਚ ਇਕ ਕਾਲਮ ਡਾਇਰੀ ਦੇ ਪੰਨੇ ਸਿਰਲੇਖ ਨਾਲ ਛਪਿਆ ਕਰਦਾ ਸੀ ਜਿਸਨੂੰ ਅਖਬਾਰ ਦੇ ਪਾਠਕ ਬੜੇ ਪਿਆਰ ਨਾਲ ਪੜ੍ਹਦੇ ਤੇ ਹਖ਼ਤਾ ਭਰ ਉਡੀਕਦੇ ਸਨ॥ਡਾਇਰੀ ਦੇ ਪੰਨੇ ਤੋਂ ਹੀ ਆਤਮਕਥਾ ਲਿਖਣ ਦੀ ਰੁਚੀ ਵੀ ਚਲਦੀ ਸੀ।ਲਿਖਣਾ ਤੇ ਪੜ੍ਹਨਾ ਵਿਦਵਤਾ ਸੀ।ਡਾਇਰੀ ਦੇ ਪੰਨੇ ਤੋਂ ਬਣੀ ਆਤਮਕਥਾ ਕਿਤਾਬ ਲਿਖਾਰੀ ਦੇ ਜਵਨ ਤੇ ਝਾਕਣ ਦੇ ਨਾਲ ਕੋਈ ਨਾ ਕੋਈ ਸਿਖਿਆ ਜਰੂਰ ਦੇਂਦੀ ਸੀ ਜੋ ਦੂਸਰਿਆਂ ਦੇ ਜੀਵਨ ਲਈ ਮਾਰਗ ਦਰਸ਼ਕ ਹੋ ਨਿਬੜਦੀ।
ਅਜੋਕੇ ਫੋਨ ਤੇ ਲਿਖਣ ਵਾਲੇ ਕੀ ਸਿਖਿਆ ਦੇਣਗੇ।ਖੁੰਬਾਂ ਵਾਂਗ ਰੋਜ਼ ਉਗਦੇ ਤੇ ਖੁੰਬਾਂ ਵਾਂਗ ਹੀ ਰੋਜ਼ ਮੁਰਝਾ ਜਾਇਆ ਕਰਦੇ ਹਨ।
ਸਕੂਲ ਪੜ੍ਹਦੇ ਸਮੇਂ ਸੁੰਦਰ ਲਿਖਾਈ ਦੇ ਪੰਜ ਨੰਬਰ ਇਨਾਮੀ ਮਿਲਦੇ ਸਨ ਜੋ ਕਿ ਅੋਸਤ ਵਿੱਚ ਵਾਧਾ ਵੀ ਕਰਦੇ ਸਨ।ਹੁਣ ਦੇ ਵਿਦਿਆਰਥੀ ਤਾਂ ਸਾਰੇ ਹੀ ਡਾਕਟਰ ਹਨ ਇਹਨਾਂ ਦੀ ਲ਼ਿਖਾਈ ਫਾਰਮੇਸਿਸਟ ਹੀ ਪੜ੍ਹ ਸਕਦੇ ਨੇ।
ਸਿਆਣੀ ਉਮਰ ਵਾਲੇ ਵੀ ਫੋਨ ਤੇ ਲਿਖਦੇ ਹਨ।ਮੈਂ ਇਕ ਵੀਰ ਨੂੰ ਇਸਦੇ ਬਾਰੇ ਟੋਕਿਆ ਤਾਂ ਉਸਦਾ ਜਵਾਬ ਸੀ,'ਪਾਠਕ ਪੰਜ ਰੁਪਏ ਦੀ ਅਖਬਾਰ ਨਹੀਂ ਲੈਂਦਾ ਫੋਨ ਤੇ ਤਾਂ ਪੜ੍ਹ ਕੇ ਉਸ ਵੇਲੇ ਲਾਇਕ ਲਿਖ ਭੇਜਦਾ ਹੈ,ਸਾਨੂੰ ਤਾਂ ਪੜ੍ਹਨ ਵਾਲੇ ਚਾਹੀਦੇ ਹਨ।ਉਸਨੇ ਇਹ ਵੀ ਦਸਿਆ ਕਿ ਫੋਨ ਤੇ ਕਿਹੜਾ ਲਿਖਣਾ ਹੁੰਦਾ ਹੈ,ਬੋਲੀ ਜਾਈਦਾ ਹੈ ਤੇ ਛਪਦਾ ਜਾਂਦਾ ਹੈ।ਸਪੈਲਿੰਗ ਗਲਤ ਹੋਣ ਦਾ ਖ਼ਦਸ਼ਾ ਵੀ ਨਹੀਂ "॥
ਲਓ ਜੀ ਉਂਗਲਾਂ ਨਾਲ ਲਿਖਣ ਦਾ ਤੇ ਝੰਝਟ ਹੀ ਨਹੀਂ ਕਰਨਾ।ਫਿਰ ਵਿਚਾਰੀ ਕਲਮ ਦਵਾਤ ਪੈਨ ਆਪਣੀ ਹੋਂਦ ਕਿਵੇਂ ਬਚਾਏਗੀ?।ਕਾਲੇ ਅੱਖਰ ਤੇ ਸੁਨਿਹਰੀ ਅੱਖਰ ਕਿਤੇ ਨਹੀਂ ਤੇ ਇਤਿਹਾਸ ਕਿਤੇ ਨਹੀਂ ਹੋਵੇਗਾ।
ਹੁਣ ਕਿਤਾਬ ਵਿਚੌ ਸੁੱਕਾ ਹੋਇਆ ਫੁੱਲ ਸਾਹ ਨਹੀਂ ਮਹਿਕਾਏਗਾ।ਹੁਣ ਕਿਤਾਬ ਦਾ ਮੁੜਿਆਂ ਵਰਕਾ ਕੋਈ ਭੁੱਲੀ ਵਿਸਰੀ ਯਾਦ ਤਾਜ਼ਾ ਨਹੀਂ ਕਰਿਆ ਕਰੇਗਾ।ਹੁਣ ਸੰਦੂਖ ਵਿੱਚ ਸਾਂਭੈ ਸੱਜਣਾਂ ਦੇ ਪ੍ਰੇਮ ਪੱਤਰ ਜਵਾਨੀ ਦੇ ਦਿਨਾਂ ਚ ਝਾਤੀ ਨਹੀਂ ਮਰਵਾਇਆ ਕਰਨਗੇ,ਤਨਹਾਈ ਦੇ ਪਲ ਤਨਹਾ ਹੀ ਗੁਜਰਨਗੇ।
ਫੋਨ ਦਾ ਘਟੋ ਘੱਟ ਖਰਚਾ 28 ਦਿਨ ਵਾਸਤੇ 200 ਰੁਪਏ ਹੈ।ਇੰਨਟਰਨੈਟ ਦਾ ਘਟੋ ਘੱਟ 700 ਰੁਪਏ ਮਹੀਨਾ ਹੈ।ਅਖਬਾਰ ਨੈੱਟ ਤੇ ਪੜ੍ਹਨ ਨੂੰ ਉਪਲੱਬਧ ਹੈ ।ਪਰ ਜੋ ਆਨੰਦ ਪੇਪਰ ਤੇ ਕਿਤਾਬ ਹੱਥਾਂ ਵਿੱਚ ਲੈ ਕੇ ਪੜ੍ਹਨ ਵਿੱਚ ਆਉਂਦਾ ਹੈ ਦਿਲਚਸਪ ਲਿਖਤ ਮਨ ਵਿੱਚ ਇਕ ਰੱਸ ਘੋਲਦੀ ਚਲੀ ਜਾਂਦੀ ਹੈ।ਫੋਨ ਤੇ ਇਹ ਲੁੱਤਖ਼ ਕਿਥੇ।
ਅੰਤ ਵਿੱਚ ਇਹੋ ਕਹਿਣਾ ਬਣਦਾ ਹੈ-
" ਆਪਣੀ ਸਭਿਅਤਾ ਸੰਸਕ੍ਰਿਤੀ ਨਾ ਗਵਾਓ ਸਾਥੀਓ
ਕਾਪੀ ਪੈਨ ਕਲਮ ਦਵਾਤ ਨਾ ਭੁਲਾਓ ਸਾਥੀਓ
ਉਠੋ ਭਰੋ ਪੈਨ ਵਿੱਚ ਸਿਆਹੀ==ਤੇ
ਖੱਤ ਲਿਖ ਸੱਜਣਾ ਦੇ ਪਾਸੇ ਪਾਓ ਸਾਥੀਓ"॥
ਫੇਸਬੁੱਕ,ਇੰਨਸਟਾਗ੍ਰਾਮ ਆਦਿ ਥੁੜਚਿਰੀਆਂ ਹਨ ਇਹਨਾਂ ਦੀ ਉਮਰ ਚੌਵੀ ਘੰਟੇ ਤੋਂ ਵੀ ਘੱਟ ਹੁੰਦੀ ਹੈ ਪਰ ਸਿਆਹੀ ਨਾਲ ਲਿਖੀ ਲਿਖਤ ਅਮਰ ਹੋ ਨਿਬੜਦੀ ਹੈ।
ਰਣਜੀਤ ਕੌਰ ਗੁੱਡੀ ਤਰਨ ਤਾਰਨ।