ਕਹਾਣੀ- ਗੁਰਬਤ ਹੇਠਾਂ ਦੱਬੇ ਲੋਕਾਂ ਦੀ ਦਾਸਤਾਨ.....ਗੁਰਵਿੰਦਰ ਸਿੰਘ ਖੁਸ਼ੀਪੁਰ

ਸ਼ਾਮ ਵੇਲੇ ਕੰਮ ਤੋਂ ਮੁੜੇ ਤੇਜੀ ਨੂੰ ਨਲਕੇ ਤੋਂ ਪਾਣੀ ਦਾ ਗਲਾਸ ਭਰ  ਫੜਾਉਂਦੀ ਕੰਮੋ ,
“ ਜੀ , ਚੰਗਾ ਹੋ ਗਿਆ ਅੱਜ ਤੁਸੀਂ ਸਮੇਂ ਸਿਰ ਘਰ ਵਾਪਸ ਆ ਗਏ । ਮੈਨੂੰ ਤਾਂ ਸਵੇਰ ਦਾ ਫ਼ਿਕਰ ਹੀ ਖਾਈ ਜਾਂਦਾ ਸੀ । ”
ਪਾਣੀ ਦਾ ਘੁੱਟ ਭਰ ਤੇਜੀ ਪੁੱਛਦਾ ,"ਕਾਹਦਾ ਫ਼ਿਕਰ ? ਸੁੱਖ ਤਾਂ ਹੈ ਘਰ ਵਿੱਚ ? "
“ ਦੱਸਦੀ ਹਾਂ ਜੀ । ਪਹਿਲਾਂ ਮੰਜੀ  ’ ਤੇ ਤਾਂ ਬੈਠ ਜਾਓ । ਸਵੇਰ ਦੇ ਥੱਕੇ- ਆਏ ਓ  । ” ਵਿਹੜੇ ਵਿੱਚ ਮੰਜੀ ਡਾਉਦੀ ਕੰਮੋ  ਬੋਲੀ । “ ਫਿਰ ਵੀ ਕੰਮੋ ਦੱਸ ਤਾਂ ਸਹੀ , ਕੀ ਗੱਲ ਹੋਈ ਏ ? ”
ਕੰਮੋ ਕੁਝ ਪਲ ਚੁੱਪ ਰਹੀ । ਫਿਰ ਹੌਲੀ ਜਿਹੀ ਬੋਲੀ ,
“ ਜੀ , ਤੁਹਾਡੇ ਜਾਣ ਮਗਰੋਂ ਅੱਜ ਮਕਾਨ ਮਾਲਕ ਘਰ ਆਇਆ ਸੀ ।”
“ ਅੱਛਾ ! ਕੀ ਕਹਿੰਦਾ ਸੀ ?”
“ ਕਹਿਣਾ ਕੀ ਸੀ  ਉਹਨੇ , ਮਕਾਨ ਦਾ ਕਿਰਾਇਆ ਮੰਗਦਾ ਸੀ ।”
“ ਅੱਛਾ, ਤੂੰ ਕੀ ਕਿਹਾ ਫਿਰ ?”
“ ਮੈਂ ਕੀ ਕਹਿਣਾ ਸੀ , ਮੈਂ ਤਾਂ  ਇੰਨਾ ਕਿਹਾ  ਕਿ ਦਸ  ਦਿਨ ਤੱਕ ਬੰਟੀ ਦੇ ਡੈਡੀ ਨੂੰ  ਪੈਸੇ ਮਿਲ ਜਾਣੇ ਨੇ ਠੇਕੇਦਾਰ ਤੋਂ ,  ਫਿਰ ਦਵਾਂਗੇ  ਕਿਰਾਇਆ । ਏਨੀ ਗੱਲ ਸੁਣਦਿਆਂ ਹੀ ਭੱਠੀ ਵਿੱਚ ਪਏ  ਲੋਹੇ ਵਾਂਗੂੰ ਸੂਹਾ ਲਾਲ ਹੋ ਗਿਆ । 
ਅੱਛਾ ਕੀ ਕਹਿੰਦਾ ਸੀ  ,
ਉਹ ਤਾਂ ਪੂਰੇ  ਗੁੱਸੇ ਵਿੱਚ ਕਹਿੰਦਾ , ‘ ਦਸ ਦਿਨ ਤੱਕ  , ਮੈਨੂੰ ਤਾਂ ਐਤਵਾਰ ਤੱਕ ਪੈਸੇ ਚਾਹੀਦੇ ਨੇ । ਉਹ ਵੀ ਹਰ ਹਾਲਤ ਵਿੱਚ  ,  ਪੈਸੇ ਤੋਂ ਬਿਨਾਂ ਗੱਡੀ ਨਹੀਂ ਚੱਲਦੀ । ਤੁਸੀਂ ਤਾਂ ਪਹਿਲਾਂ ਹੀ ਦੋ ਮਹੀਨਿਆਂ ਦਾ ਕਿਰਾਇਆ ਨਹੀਂ ਦਿੱਤਾ। ਜੇ ਇਸ ਵਾਰ  ਕਿਰਾਇਆ ਨਾ ਦਿੱਤਾ ਗਿਆ ਤਾਂ ਆਪਣੇ ਲਈ ਕੋਈ ਹੋਰ ਟਿਕਾਣਾ ਲੱਭ ਲੈਣਾ । ਮੈਨੂੰ ਐਤਵਾਰ ਤੱਕ ਪੂਰਾ ਕਿਰਾਇਆ ਚਾਹੀਦਾ । ”
ਇਹ ਗੱਲ ਕਰਦਿਆਂ ਕੰਮੋ ਦਾ ਮਨ ਭਰ ਆਇਆ ।
“ ਜੀ , ਜਦੋਂ ਦਾ ਮਕਾਨ ਮਾਲਕ ਗੁੱਸੇ ਵਿੱਚ ਬੋਲ ਕੇ ਗਿਆ ਹੈ , ਮੇਰਾ ਤਾਂ ਘਰ ਵਿੱਚ ਜੀਅ ਹੀ ਨਹੀਂ ਲੱਗਦਾ ।" ਮੈਂ ਤਾਂ ਸਵੇਰ ਦਾ ਖਾਧਾ ਪੀਤਾ ਵੀ ਕੁਝ ਨਹੀਂ । ਬਸ ਇਹੀ ਫ਼ਿਕਰ ਖਾਈ ਜਾਂਦਾ ਏ, ਜੇ ਕਿਰਾਇਆ ਨਾ ਦਿੱਤਾ ਗਿਆ ਤਾਂ ਬੱਚਿਆਂ ਦਾ ਕੀ ਬਣੂੰ ?"  ਕਿੱਧਰ ਜਾਵਾਂਗੇ ?  ਸਮਾਨ ਚੁੱਕ ਕੇ ? ”
ਕੰਮੋ ਦੀ ਗੱਲ ਸੁਣ ਕੇ ਤੇਜੀ ਚੁੱਪ –ਚਾਪ  ਕਿੰਨਾ ਚਿਰ ਮੰਜੀ ਤੇ ਬੈਠਾ ਰਿਹਾ । ਕੰਮੋ ਇਕ ਵਾਰ ਫਿਰ ਬੋਲਦੀ ,  ਬੰਟੀ ਦੇ ਡੈਡੀ , ਕੁਝ ਤਾਂ ਦੱਸੋ ਕੀ ਕਰਨਾ ਫਿਰ , ਬੜਾ ਗਰਮ ਸੀ ਅੱਜ ਜੈਲਦਾਰ । ਡੂੰਘੀ  ਸੋਚ ਵਿੱਚ  ਡੁੱਬਾ ਹੋਇਆ ਤੇਜੀ  ਸਭ ਸੁਣਦਾ ਹੋਇਆ ਵੀ ਚੁਪ ਸੀ । ਫਿਰ ਇਕਦਮ ਉੱਠਦਾ ਕੰਮੋਂ ਨੂੰ ਚਾਹ ਬਣਾਉਣ ਲਈ ਕਹਿ ਕੇ ਅੰਦਰ ਚਲਾ ਗਿਆ ।
ਉਸ ਪਲ ਕੰਮੋ ਨੂੰ ਇੰਝ ਲੱਗਾ , ਮੈਨੂੰ ਸ਼ਾਇਦ  ਤੇਜੀ ਨਾਲ ਆਉਂਦਿਆਂ  ਗੱਲ ਨਹੀਂ ਕਰਨੀ ਚਾਹੀਦੀ ਸੀ । ਪਹਿਲਾਂ ਉਸਨੂੰ ਦੋ ਪਲ ਆਰਾਮ ਕਰਨ ਦਿੰਦੀ , ਫਿਰ ਗੱਲ ਕਰ ਲੈਂਦੀ ।”
ਇਹ ਸੋਚਦੀ ਹੋਈ ਕੰਮੋ ਤੇਜੀ ਲਈ ਚਾਹ ਬਣਾਉਣ ਲਈ ਚੌਂਕੇ ਵਿੱਚ ਚਲੀ ਗਈ ।
ਚਾਹ ਬਣਾਉਂਦੀ ਕੰਮੋ ਸੋਚਦੀ , ਜੇ ਕਿਰਾਇਆ ਨਾ ਦਿੱਤਾ ਗਿਆ ਕਿਧਰ ਜਵਾਂਗੇ । ਬੰਟੀ ਤੇ ਰਾਣੀ ਦੀ ਪੜ੍ਹਾਈ ਅੱਗੇ ਛੁਟ ਗਈ ਏ । ਚਾਹ ਬਣਾਉਦੀ ਕੰਮੋ ਦਾ ਧਿਆਨ ਅਜੇ ਵੀ ਤੇਜੀ ਤੇ ਟਿਕਿਆ ਹੋਇਆ ਸੀ।
ਪਰ ਕੰਮੋ ਨੂੰ ਕੀ ਪਤਾ ਸੀ ਕਿ ਉਸ ਦੀ ਪਰੇਸ਼ਾਨੀ ਤੋਂ ਵੀ ਵੱਡਾ ਇੱਕ ਭੁਲੇਖਾ ਉਸ ਦੇ ਮਨ ਵਿੱਚ ਸੀ।
ਅਸਲ ਵਿੱਚ ਤੇਜੀ ਆਪਣੇ ਬਾਪੂ ਦੀ ਮੌਤ ਤੋਂ ਬਾਅਦ ਅੰਦਰੋਂ-ਅੰਦਰੀਂ ਟੁੱਟ ਗਿਆ ਸੀ। ਉਹਦੀ ਤਾਂ ਹਾਲਤ ਰੋਹੀ ਜ਼ਮੀਨ ਵਿੱਚ ਉੱਗੇ ਰੁੱਖ ਵਰਗੀ ਸੀ । ਜੀਹਦੇ ਤੇ ਕੋਈ ਪੰਛੀ ਵੀ ਆਲਣਾਂ ਨਹੀ ਪਾਉਂਦਾ । 
 ਤੇਜੀ ਦਾ ਆਪਣੇ ਬਾਪੂ ਚੰਨਣ ਸਿੰਘ ਨਾਲ ਬੜਾ ਗੂੜ੍ਹਾ ਪਿਆਰ ਸੀ। ਇਕ ਸਾਲ ਦਾ ਸੀ ਤੇਜੀ , ਜਦੋ ਮਾਂ ਮਰ ਗਈ ਸੀ ,ਮਾਂਵਾਂ ਵਾਂਗ ਪਾਲਿਆ  ਸੀ ਤੇਜੀ ਨੂੰ ਚੰਨਣ ਸਿੰਘ ਨੇ , ਵੱਡਾ ਹੋ ਕੇ ਜਦੋਂ ਤੇਜੀ ਆਪਣੇ ਬਾਪੂ ਨਾਲ ਕੰਮ 'ਤੇ ਜਾਣ ਲੱਗ ਪਿਆ ਤਾਂ ਦੋਵਾਂ ਪਿਉ ਪੁੱਤ ਨੇ ਬੜੀ ਮਿਹਨਤ ਕੀਤੀ ਸੋਹਣਾ ਘਰ ਬਾਹਰ ਬਣਾਇਆ ।
ਜਿਵੇਂ ਸਿਆਣੇ ਕਹਿੰਦੇ ਨੇ ਕਿ , ਗਰੀਬੀ ਤੇ ਬਿਮਾਰੀ ਕਦੇ ਕਿਸੇ ਦਾ ਘਰ ਪੁੱਛ ਕੇ ਨਹੀਂ ਵੜਦੀਆਂ ।
ਦੋ ਸਾਲ ਬਾਅਦ ਹੀ ਬਾਪੂ ਦੀ ਖੰਘ ਨੇ ਉਸ ਨੂੰ ਇੰਨਾ ਤੰਗ-ਪਰੇਸ਼ਾਨ ਕਰ ਦਿੱਤਾ ਕਿ ਕਈ-ਕਈ ਰਾਤਾਂ ਬਾਪੂ ਦੀਆਂ   ਜਾਗਦਿਆਂ ਹੀ ਲੰਘ ਜਾਂਦੀਆਂ । ਫਿਰ ਇੱਕ ਦਿਨ ਤੇਜੀ ਨੇ  ਬਾਪੂ ਨੂੰ ਸ਼ਹਿਰ ਦੇ  ਸਿਆਣੇ ਡਾਕਟਰ ਨੂੰ ਦਿਖਾਇਆ ।
ਜਾਂਚ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਬਾਪੂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਘੇਰ ਲਿਆ। ਡਾਕਟਰ ਦੀ  ਗੱਲ ਸੁਣਦਿਆਂ ਤੇਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਪਰ ਤੇਜੀ ਨੂੰ ਜਿੱਥੇ ਕਿਸੇ ਨੇ ਦੱਸਿਆ, ਉਹ ਬਾਪੂ ਨੂੰ ਉੱਥੇ ਇਲਾਜ ਲਈ ਲੈ ਜਾਂਦਾ ਰਿਹਾ ।
ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਚੰਨਣ ਸਿੰਘ ਦਾ  ਲੋਹੇ ਵਰਗੇ ਸਰੀਰ ਨੂੰ ਵੀ ਝਟਪਟ ਖੋਰਾ ਲਾ ਦਿੱਤਾ ।
ਆਖ਼ਰ ਦਿਨਾਂ ਵਿੱਚ ਤਾਂ ਬਾਪੂ ਸਾਰਾ ਦਿਨ ਮੰਜੇ ਤੇ ਲੰਮੇ ਪਿਆ ਰਹਿੰਦਾ । 
ਬਾਪੂ ਨੂੰ ਮੰਜੇ ’ਤੇ ਪਿਆ ਵੇਖ ਕੇ ਤੇਜੀ ਦਾ ਦਿਲ ਨਹੀਂ ਸੀ ਕਰਦਾ ਕਿ ਉਸ ਨੂੰ ਇਕੱਲਾ ਛੱਡ ਕੇ ਕੰਮ ’ ਤੇ ਜਾਵੇ । ਹੌਲੀ-ਹੌਲੀ ਉਸ ਦਾ ਕੰਮ ਵੀ ਛੁੱਟ ਗਿਆ । ਸਾਰਾ ਦਿਨ ਬਾਪੂ ਦੀ ਸੇਵਾ ਵਿੱਚ ਲੰਘ ਜਾਂਦਾ ।
ਸਿਆਣਿਆਂ ਦੇ ਬੋਲ ਹਨ—
“ਭੰਡਾ ਭੰਡਾਰੀਆ, ਕਿੰਨਾ ਕੁ ਭਾਰ ?
ਇੱਕ ਮੁੱਠੀ ਚੁੱਕ ਲੈ , ਦੂਜੀ ਤਿਆਰ।”
ਹੁਣ ਤੇਜੀ ਦੀ ਜ਼ਿੰਦਗੀ ਵੀ ਕੁਝ ਅਜਿਹੀ ਹੀ ਹੋ ਗਈ ਸੀ ।
ਰਾਣੀ ਤੇ ਬੰਟੀ ਦੀਆਂ ਸਕੂਲ ਦੀਆਂ ਫ਼ੀਸਾਂ ਪੂਰੀਆਂ ਨਾ ਹੋਣ ਕਰਕੇ  ਸਕੂਲ ਵਾਲਿਆਂ ਨੇ ਸਕੂਲ ਤੋਂ ਨਾਂ ਕੱਟ ਦਿੱਤਾ ।
ਘਰ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਸਨ । ਤੇਜੀ  ਵਿਚਾਰੇ ਨੇ ਮਜ਼ਬੂਰੀ ਵੱਸ ਜਦੋਂ ਆਪਣਾ ਘਰ ਵਾਲਾ ਥਾਂ ਵੇਚਿਆ  ਤਾਂ ਉਸ ਦਿਨ ਬਾਪੂ ਦੀ ਅੱਖਾਂ ਵਿੱਚ ਹੰਝੂ ਵੇਖ ਕੇ ਸਾਰਾ ਟੱਬਰ ਭੁੱਬਾਂ ਮਾਰ ਕੇ ਰੋਇਆ ਸੀ । ਬੀੜਾਂ ਰੀਝਾਂ ਨਾਲ ਤਿਆਰ ਕੀਤਾ ਸੀ ਘਰ ਨੂੰ , ਪਰ ਕੀ ਪਤਾ ਸੀ ਇੰਨੇ ਮਾੜੇ ਦਿਨ ਆ ਜਾਣਗੇ । ਇਕ ਦਿਨ  ਸਿਰ ਢੱਕਣ ਲਈ  ਛੱਤ ਵੀ ਨਸ਼ੀਬ ਨਹੀਂ ਹੋਵੇਗੀ  । ਤੇਜੀ ਨੇ ਆਪਣੇ ਬੱਚਿਆਂ ਬਾਰੇ ਬੜਾ ਕੁਝ ਸੋਚਿਆ ਕਰਦਾ ਸੀ  । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।
ਜਿਸ ਦਿਨ  ਬਾਪੂ ਦੁਨੀਆਂ ਤੋਂ ਚਲਾ ਗਿਆ ।
ਉਸ ਦਿਨ ਤੋਂ ਤੇਜੀ ਦੀ ਜ਼ਿੰਦਗੀ ਬਿਲਕੁਲ ਸੁੰਨੀ ਹੋ ਗਈ ਸੀ । ਸਿਆਣੇ ਕਹਿੰਦੇ ਹਨ ਕਿ ਪਿਤਾ ਦਾ ਛਾਇਆ ਸਿਰ ਤੋਂ ਉੱਠ ਜਾਵੇ ਤਾਂ ਅੰਬਰ ਸੁੰਨਾ ਹੋ ਜਾਂਦਾ ਹੈ। ਮਾਂ ਚਲੀ ਜਾਵੇ ਤਾਂ ਧਰਤੀ ਸਖਣੀ ਹੋ ਜਾਂਦੀ ਹੈ ।
ਚਾਹ ਬਣਾਉਂਦੀ ਕੰਮੋ ਦੇ ਕੰਨਾਂ ਵਿੱਚ ਅਚਾਨਕ ਜਦੋਂ ਹਾਏ ਬਾਪੂ ! ਹਾਏ ਬਾਪੂ !” ਉੱਚੀ-ਉੱਚੀ ਰੋਣ ਦੀ ਆਵਾਜ਼ ਪਈ ਤਾਂ  ਚਾਹ ਵਾਲੀ ਪਤੀਲੀ ਫਟਾਫਟ  ਬਲਦੇ ਚੁੱਲੇ ਤੋਂ ਲਾਹ ਕੇ ਕੰਮੋ ਉੱਥੇ ਹੀ ਛੱਡ ਕੇ ਭੱਜੀ-ਭੱਜੀ ਕਮਰੇ ਵੱਲ ਗਈ ।  ਅੰਦਰ ਦਾ ਦ੍ਰਿਸ਼ ਵੇਖ ਕੇ ਉਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ ।
ਭੁੰਜੇ ਬੈਠਾ ਤੇਜੀ ਆਪਣੇ ਬਾਪੂ ਦੀ ਤਸਵੀਰ ਛਾਤੀ ਨਾਲ ਲਾ  ਉੱਚੀ-ਉੱਚੀ ਰੋ ਰਿਹਾ ਸੀ । ਬੰਟੀ ਦੇ ਡੈਡੀ ਕੀ ਹੋਇਆ ਤੁਹਾਨੂੰ  , ਕਿਉ ਰੋਈ ਜਾਂਦੇ ਓ, ਦੱਸੋ ਤਾਂ ਸਹੀ , ਕੀ ਹੋਇਆ , ਨਾ ਕਰੋ  , ਨਾ ਕਰੋ  ਇੰਜ ਨਾ  ਕਰੋ ,  ਉੱਠੋ ਮੰਜੀ ਤੇ ਬੈਠੋ ,  ਆ ਵੇਖੋ ਤੁਹਾਡੀ ਆਵਾਜ ਸੁਣ ਕੇ ਨਿਆਣੇ ਵੀ ਆ ਗਏ ਨੇ । ਉੱਠੋ , ਹੌਸਲਾ ਰੱਖੋ । ਮੰਜੀ ’ ਤੇ ਬੈਠੋ । ” ਆਪਣੇ ਪਿਓ ਨੂੰ ਰੋਦੇ ਨੂੰ ਵੇਖ ਰਾਣੀ ਤੇ ਬੰਟੀ ਡਰੇ ਹੋਏ ਸਨ । ਸ਼ਾਇਦ ਉਹਨਾਂ ਨੇ ਪਹਿਲੀ ਵਾਰ ਆਪਣੇ ਪਿਓ ਨੂੰ ਇਸ ਤਰਾਂ ਵੇਖਿਆ ਸੀ 
ਰਾਣੀ ਤੇ ਬੰਟੀ ਵੀ ਆਪਣੇ ਪਿਓ ਨੂੰ ਚੁੱਪ ਕਰਵਾਉਣ ਲੱਗ ਪਏ ।
ਤੇਜੀ ਹਉਕੇ ਲੈਦਾ ਮੰਜੀ ਤੇ ਬਹਿੰਦਿਆਂ  ਬੋਲਦਾ “ ਕੰਮੋ ,  ਮੇਰਾ ਪਿਓ ਦੁਨੀਆ ਤੋਂ  ਜਾਣ ਵੇਲੇ ਇਕੋ ਗੱਲ ਮੈਨੂੰ ਬਾਰ ਬਾਰ ਕਹਿੰਦਾ ਮਰ ਗਿਆ ।
 ਕੀ ? ਕੰਮੋ ਨੇ ਬੜੀ ਬੇਸਬਰੀ ਨਾਲ ਪੁੱਛਿਆ ।
ਕੰਬਦੀ ਆਵਾਜ  ਚ ਅੱਖਾਂ ਨੂੰ ਪੂੰਝਦਾ ਤੇਜੀ ਬੋਲਦਾ ਬਾਪੂ ਕਹਿੰਦਾ ਸੀ ‘ ਪੁੱਤ , ਘੁੱਗੀਆਂ, ਚਿੜੀਆਂ, ਕਾਵਾਂ ਦੇ ਵੀ ਘਰ ਹੁੰਦੇ ਨੇ । ਸੂਰਜ ਢਲਦਾ ਵੇਖ ਕੇ ਉਹੀ ਵੀ ਸ਼ਾਮ ਵੇਲੇ  ਆਪਣੇ ਘਰਾਂ ਨੂੰ ਪਰਤ ਜਾਂਦੇ ਨੇ।ਪਰ ਪੁੱਤ… ਆਪਣਾ ........... ਉਹਨਾਂ ਦਾ ਵੀ   ਆਪਣਾ ਘਰ ਹੁੰਦਾ ਤੇ ਆਪਣਾ ........ਤੇ ਆਪਣਾ ਤਾਂ  ਕੁਝ  ਵੀ ਨਹੀਂ ਰਿਹਾ । ’ ਏਨੀ ਗੱਲ ਕਰਕੇ ਬਾਪੂ ਅੱਖਾਂ ਬੰਦ ਕਰ ਗਿਆ ਸੀ ।
ਤੇਜੀ ਇਕ ਵਾਰ ਫਿਰ ਬਾਪੂ ਦੀ ਤਸਵੀਰ ਨੂੰ  ਛਾਤੀ ਨਾਲ ਲਾ ਰੋਣ ਲ਼ੱਗ ਪਿਆ । 
“ ਜਦੋਂ ਦੀ ਤੂੰ ਮੈਨੂੰ  ਮਕਾਨ ਮਾਲਕ ਵਾਲੀ ਗੱਲ ਦੱਸੀ ਏ , ਮੈਨੂੰ  ਬਾਰ- ਬਾਰ ਬਸ  ਬਾਪੂ ਦੀ ਗੱਲ ਚੇਤੇ ਆਉਦੀ ਏ , ਅੱਜ ਤਾਂ ਮੈਨੂੰ ਸੱਚੀ ਇੰਝ ਲੱਗਦਾ ਜਿਵੇ ਮੇਰੇ ਨਾਲੋਂ ਤਾਂ ਘੁੱਗੀਆਂ, ਚਿੜੀਆਂ ਤੇ ਕਾਂ ਵੀ ਚੰਗੇ ਨੇ , ਜਿਨ੍ਹਾਂ ਦੇ ਆਪਣੇ ਘਰ ਹੁੰਦੇ ਨੇ , ਮੇਰਾ ਤਾਂ ਉਹ ਵੀ ਨਹੀਂ ।”
ਕੰਮੋ ਨੇ ਤੇਜੀ ਦੇ ਮੋਢੇ ’ਤੇ ਹੱਥ ਰੱਖਦਿਆ ਕਿਹਾ ,“ ਬੰਟੀ ਦੇ ਡੈਡੀ ,  ਉੱਠੌ ਹੌਸਲਾ ਰੱਖੋ।ਦਿਲ ਨਾ ਛੱਡੋ । ਵਾਹਿਗੁਰੂ ਭਲੀ ਕਰੇਗਾ ।ਤੁਸੀਂ ਮੇਰੀ ਗੱਲ ਮੰਨੋ ਚਾਹ ਪੀਓ ਤੇ ਇੱਕ ਵਾਰ ਸਰਪੰਚ ਦੇ ਘਰ ਜਾ ਕੇ ਆਓ । ਸ਼ਾਇਦ ਕੋਈ ਹੱਲ ਨਿਕਲ ਜਾਵੇ । ”ਉੱਠੋ ਉੱਠੋ ,ਇਕ ਵਾਰ ਮੂੰਹ ਹੱਖ ਧੋ ਲਓ ਮੈਂ ਚਾਹ ਲੈ ਕੇ ਆਈ।,"ਕੰਮੋ ਦੀ ਗੱਲ ਮੰਨ ਤੇਜੀ ਮੂੰਹ ਧੋਹਣ ਲਈ ਨਲਕੇ ,ਤੇ ਚਲਾ ਗਿਆ ਤੇ ਕੰਮੋ ਚਾਹ ਲੈਣ ਚਲੀ ਗਈ ।
ਫਿਰ ਤੇਜੀ ਨੇ ਚੁੱਪਚਾਪ ਚਾਹ ਪੀਤੀ , ਸਾਈਕਲ ਲਿਆ ਤੇ  ਸਰਪੰਚ ਦੇ ਘਰ ਵੱਲ ਤੁਰ ਪਿਆ ।
ਕੰਮੋ ਬੂਹੇ ਵਿੱਚ ਖੜ੍ਹੀ ਕਿੰਨਾ ਚਿਰ ਤੇਜੀ ਨੂੰ ਵੇਖਦੀ ਹੱਥ ਜੋੜ ਕੇ ਅਸਮਾਨ ਵੱਲ ਤੱਕਦੀ ਮਨ ਹੀ ਮਨ ਅਰਦਾਸ ਕਰਦੀ  “ਵਾਹਿਗੁਰੂ ! ਭਲੀ ਕਰੀ । ਮੇਰੇ ਬੱਚਿਆਂ ਦੇ ਸਿਰ ਦੀ ਛੱਤ ਨੂੰ ਬਚਾ ਲਈਂ  ।
ਉਧਰ ਤੇਜੀ ਸਰਪੰਚ ਦੇ ਘਰ ਦਾ ਬੂਹਾ ਖੜਕਾਉਦਾ ਆਵਾਜ ਮਾਰਦਾ , ਸਰਪੰਚ ਸਾਹਿਬ ਜੀ ਘਰੋ ਓ ,ਸਰਪੰਚ ਸਾਹਿਬ ਜੀ ਘਰੋ ਓ ,?
ਕੁਝ ਮਿੰਟ ਅੱਗੋਂ ਜਵਾਬ ਨਾ ਆਉਣ ’ਤੇ ਤੇਜੀ ਇੱਕ ਵਾਰ ਫਿਰ ਉੱਚੀ ਸਾਰੀ ਆਵਾਜ਼ ਮਾਰਦਾ ਹੈ, “ਸਰਪੰਚ ਸਾਹਿਬ ਜੀ ਘਰੇ ਓ ?”
ਇਸ ਵਾਰ ਤੇਜੀ ਦੀ ਆਵਾਜ ਸੁਣ  ਸਰਪੰਚ ਸਾਹਿਬ  ਦੇ ਘਰ ਦਾ ਨੌਕਰ ਬਲੀ ਅੱਗੋ  ਆਵਾਜ਼ ਦਿੰਦਾ ਹੈ  ,  ਹਾਂਜੀ ਕੌਣ ਹੈ?”
“ਮੈਂ ਤੇਜੀ ।”
“ਕਿਹੜਾ ਤੇਜੀ ?”
“ਬੱਲੀ, ਮੈਂ ਸਰਦਾਰ ਚੰਨਣ ਸਿੰਘ ਦਾ ਮੁੰਡਾ ਤੇਜੀ । ”
“ਤੇਜੀ, ਤੂੰ ਇਸ ਵੇਲੇ ?”
ਇੰਨਾ ਆਖਦਿਆਂ ਬੱਲੀ ਹਵੇਲੀ ਦਾ ਬੂਹਾ ਖੋਲ੍ਹਦਾ ।
“ਸਰਪੰਚ ਸਾਹਿਬ ਨੂੰ ਮਿਲਣਾ ਸੀ । "ਘਰੇ ਨੇ?”
“ਉਹ ਤਾਂ ਘਰ ਨਹੀਂ ਹੈਗੇ।" " " "ਸ਼ਹਿਰ ਗਏ ਨੇ ।”
“ਕਦੋਂ ਆਉਣਗੇ ?”
“ਪਤਾ ਨਹੀਂ , ਦੱਸ ਕੇ ਨਹੀਂ ਗਏ।" ਕਿਉਂ , ਕੋਈ ਕੰਮ ਸੀ ਉਹਨਾਂ ਨਾਲ ?”
“ਹਾਂ, ਕੰਮ ਸੀ ਉਹਨਾਂ ਨਾਲ,” ਤੇਜੀ ਧੀਮੀ ਆਵਾਜ਼ ਵਿੱਚ ਬੋਲਿਆ ।
“ਕੀ ਕੰਮ ਸੀ?” ਬੱਲੀ ਦੇ ਪੁੱਛਣ ’ਤੇ ਤੇਜੀ ਚੁੱਪ ਕਰ ਗਿਆ । ਫਿਰ ਇੱਕਦਮ ਆਪਣੀ ਚੁੱਪ ਤੋੜਦਾ ਹੋਇਆ ਬੋਲਿਆ , “ ਚੱਲ , ਕੋਈ ਨਹੀਂ । ਸਵੇਰੇ ਆ ਜਾਵਾਂਗਾ ।”
ਇੰਨੀ ਗੱਲ ਕਰਕੇ ਉਦਾਸ ਹੋਇਆ ਤੇਜੀ ਪੈਡਲ ਮਾਰ ਕੇ ਸਾਈਕਲ ’ਤੇ ਚੜ੍ਹ ਗਿਆ । ਸਰਪੰਚ ਦੇ ਘਰੋਂ ਨਿਰਾਸ਼ ਹੋ ਕੇ ਮੁੜਿਆ ਆਉਦਾ  ਤੇਜੀ ਰੋਦਾ ਹੋਇਆ ਬਾਰ -ਬਾਰ  ਗਲ ਵਿੱਚ ਪਾਏ ਪਰਨੇ ਨਾਲ ਅੱਖਾਂ ਨੂੰ ਪੂੰਝਦਾ । ਸਰਪੰਚ ਸਾਹਿਬ ਨਾਲ ਮੁਲਾਕਾਤ ਨਾ ਹੋ ਸਕਣ ਕਾਰਨ ਤੇਜੀ ਦੇ ਮਨ ਦੀ ਆਸ ਟੁੱਟ ਚੁੱਕੀ ਸੀ ।
ਟੁੱਟੀ ਹੋਈ ਆਸ ਅਤੇ ਨਿਰਾਸ਼ਾ ਭਰੇ ਮਨ ਨਾਲ ਜਦੋਂ ਤੇਜੀ ਵੱਡੀ ਨਹਿਰ ਦੇ ਪੁਲ ’ਤੇ ਪਹੁੰਚਿਆ, ਤਾਂ ਇੱਕਦਮ ਰੁਕ ਗਿਆ। ਸਾਈਕਲ ਰੋਕ ਕੇ ਉਹ ਨਹਿਰ ਦੇ ਕਿਨਾਰੇ ਖੜ੍ਹਾ ਹੋ ਗਿਆ ਅਤੇ ਕਿੰਨਾ ਚਿਰ ਤੇਜ਼ ਵਗਦੇ ਹੋਏ ਪਾਣੀ ਨੂੰ ਵੇਖਦਾ ਰਿਹਾ।
ਨਹਿਰ ਦੇ ਕਿਨਾਰੇ ਉੱਚੇ-ਲੰਮੇ ਲੱਗੇ ਸਫ਼ੈਦਿਆਂ ਦੇ ਰੁੱਖਾਂ ਕਰਕੇ ਘੁੱਪ ਹਨੇਰਾ ਛਾਇਆ ਹੋਇਆ ਸੀ । ਰਾਤ ਦੇ ਹਨੇਰੇ ਵਿੱਚ ਬੀਡੀਆਂ , ਉੱਲੂਆਂ, ਗਿੱਦੜਾਂ ਅਤੇ ਹੋਰ ਜਾਨਵਰਾਂ ਦੀਆਂ ਆਵਾਜ਼ਾਂ ਕੰਨਾਂ ਵਿੱਚ ਸੁਣਾਈ ਦੇ ਰਹੀਆਂ ਸਨ ।
ਤੇਜੀ , ਕਿੰਨਾ ਚਿਰ ਤੇਜ਼ ਵਗਦੇ ਹੋਏ ਪਾਣੀ ਨੂੰ ਵੇਖਦਾ ਹੋਇਆ ਸੋਚਾਂ ਵਿੱਚ ਡੁੱਬਿਆ ਰਿਹਾ । ਸ਼ਾਇਦ ਉਸ ਨੂੰ ਪੱਥਰਾਂ ਨਾਲ ਟਕਰਾਉਂਦੇ ਹੋਏ ਤੇਜ਼ ਪਾਣੀ ਦੇ ਸ਼ੋਰ ਨਾਲੋਂ ਆਪਣੇ ਅੰਦਰ ਚੱਲ ਰਹੇ ਵਿਚਾਰਾਂ ਦਾ ਸ਼ੋਰ ਵਧੇਰੇ ਸੁਣਾਈ ਦੇ ਰਿਹਾ ਸੀ ।
ਤੇਜੀ ਨੂੰ ਬਾਰ ਬਾਰ  ਬਾਪੂ ਅਤੇ ਮਕਾਨ ਮਾਲਕ ਦੀਆਂ ਕਹੀਆਂ ਗੱਲਾਂ ਚੇਤੇ ਆ ਰਹੀਆਂ ਸਨ । ਉਸ ਪਲ ਤੇਜੀ ਨੂੰ ਇੰਝ ਲੱਗਦਾ ਸੀ ਕਿ ਅਜਿਹੇ ਦੁੱਖਾਂ ਭਰੀ ਜ਼ਿੰਦਗੀ ਜਿਊਣ ਨਾਲੋਂ ਕੀ ਥੁੜਿਆ ਹੈ ? ਰੋਜ਼-ਰੋਜ਼ ਦੀ ਮੌਤ ਮਰਨ ਨਾਲੋਂ ਇੱਕ ਵਾਰ ਮਰ ਜਾਣਾ ਹੀ ਚੰਗਾ ਹੈ।
ਇਨ੍ਹਾਂ ਵਿਚਾਰਾਂ ਵਿੱਚ ਡੁੱਬਿਆ ਤੇਜੀ ਜਦੋਂ ਪੁਲ ’ਤੇ ਚੜ੍ਹ ਕੇ ਛਾਲ ਮਾਰਨ ਲੱਗਾ,  ਤਾਂ ਇੱਕਦਮ ਤੇਜ਼ ਗੱਡੀ ਦੀ ਰੌਸ਼ਨੀ ਉਸ ’ਤੇ ਪਈ । ਉਸ ਦੇ ਪਾਣੀ ਵੱਲ ਵਧਦੇ ਹੋਏ ਕਦਮ ਰੁਕ ਗਏ ।
ਤੇਜ਼ ਆਉਂਦੀ ਹੋਈ ਗੱਡੀ ਤੇਜੀ ਦੇ ਕੋਲ ਆ ਕੇ ਰੁਕੀ ਗਈ । ਗੱਡੀ ਦੀ ਬਾਰੀ ਖੁੱਲ੍ਹੀ ਅਤੇ ਆਵਾਜ਼ ਆਈ , “ ਇਹ ਕੀ ਕਰਨ ਲੱਗਾ ਏਂ , ਤੇਜੀ ? ਮਰਨ ਲੱਗਾ ਸੀ ?” ਕਮਲਿਆ, ਭੋਰਾ ਵੀ ਫ਼ਿਕਰ ਹੈ ਤੈਨੂੰ ਆਪਣੇ ਬੱਚਿਆਂ ਦਾ ? ਕੀ ਹੋ ਗਿਆ ਤੈਨੂੰ 
ਕੰਨਾਂ ਵਿੱਚ ਪਈ ਆਵਾਜ਼ ਸੁਣ ਕੇ ਤੇਜੀ ਪਿੱਛੇ ਮੁੜਿਆ । ਉਸ ਨੇ ਵੇਖਿਆ ਕਿ ਉਸ ਨੂੰ ਆਵਾਜ਼ ਦੇਣ ਵਾਲਾ ਹੋਰ ਕੋਈ ਨਹੀਂ , ਸਗੋਂ ਸਰਪੰਚ ਸਾਹਿਬ ਹੀ ਸਨ ।
ਸਰਪੰਚ ਸਾਹਿਬ ਦੇ ਪੈਰਾਂ ਵਿੱਚ ਡਿੱਗ ਕੇ ਤੇਜੀ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ । ਰੋਂਦਾ ਹੋਇਆ ਉਹ ਆਖਣ ਲੱਗਾ,  ਸਰਪੰਚ ਸਾਹਿਬ ਜੀ ! ਮੈਥੋਂ ਹੋਰ ਦੁੱਖ ਨਹੀਂ ਜਰੇ ਜਾਂਦੇ , ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਚੁੱਕਾ ਹਾਂ । ਮੈਂ ਹੁਣ ਨਹੀਂ ਜੀਣਾ ਚਾਹੁੰਦਾ । ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਚੰਗਾ ਹੈ ।”
“ਚੱਲ, ਉੱਠ! ਕਮਲਾ ਹੋਇਆ ਪਿਆ ਏਂ ? ਇੰਝ ਨਹੀਂ ਕਰੀਦਾ ।”
ਆਪਣੇ ਪੈਰਾਂ ਵਿੱਚ ਡਿੱਗੇ ਹੋਏ ਤੇਜੀ ਨੂੰ ਖੜ੍ਹਾ ਕਰਦਿਆਂ ਸਰਪੰਚ ਬੋਲਿਆ, “ ਕੀ ਗੱਲ ਹੋਈ ? ਦੱਸ ! ਕਿਉਂ ਰੋਈ ਜਾਂਦਾ ਏਂ ? ”
ਤੇਜੀ ਦਾ ਸਰੀਰ ਕੰਬ ਰਿਹਾ ਸੀ । ਉਹ ਚੁੱਪ ਸੀ । ਉਸ ਪਲ ਨਹਿਰ ਦੇ ਪੁਲ ’ਤੇ ਸਰਪੰਚ ਸਾਹਿਬ ਦਾ ਆਉਣਾ ਤੇਜੀ ਨੂੰ ਇੰਝ ਲੱਗ ਰਿਹਾ ਸੀ , ਜਿਵੇਂ ਕੋਈ ਫ਼ਰਿਸ਼ਤਾ ਆ ਗਿਆ ਹੋਵੇ, ਜਿਸ ਨੇ ਉਸ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਲਿਆ ਹੋਵੇ ।
ਸਰਪੰਚ ਸਾਹਿਬ ਦੇ ਇੱਕ ਵਾਰ ਫਿਰ ਪੁੱਛਣ ’ਤੇ ਤੇਜੀ ਆਪਣੀ ਚੁੱਪ ਤੋੜਦਾ ਹੋਇਆ ਬੋਲਿਆ, “ਅੱਜ ਮਕਾਨ ਮਾਲਕ ਘਰ ਆਇਆ ਸੀ ।”
“ਅੱਛਾ ! ਕੀ ਕਹਿੰਦਾ ਸੀ ਫਿਰ? ”
“ਕਹਿਣਾ ਕੀ ਸੀ, ਉਹਨੇ ਮਕਾਨ ਦਾ ਕਿਰਾਇਆ ਮੰਗਿਆ ਸੀ ।”
“ ਤੂੰ ਕੀ ਕਿਹਾ ?” 
“ ਮੈਂ ਤਾਂ ਘਰ ਨਹੀਂ ਸੀ , ਘਰ ਆਏ ਨੂੰ  ਕੰਮੋ ਨੇ ਮੇਰਾ ਨਾਂ ਲੈ ਕੇ ਕਹਿਆ ਸੀ ਕਿ ਤੇਜੀ ਨੂੰ ਪੈਸੇ ਮਿਲ ਲੈਣ ਦਿਓ , ਫਿਰ ਕਿਰਾਇਆ ਦੇ ਦਿਆਂਗੇ ।”
“ ਫਿਰ ਉਹ ਕੀ ਕਹਿੰਦਾ ਸੀ? ”
“ਉਹ ਤਾਂ ਕੰਮੋ ਦੇ ਮੂੰਹੋਂ ਏਨੀ ਗੱਲ ਸੁਣ ਕੇ ਉਸੇ ਵੇਲੇ ਲਾਲ ਹੋ ਗਿਆ । ਗੁੱਸੇ ਵਿੱਚ ਕਹਿਣ ਲੱਗਾ, ‘ਮੈਨੂੰ ਐਤਵਾਰ ਤੱਕ ਕਿਰਾਇਆ ਚਾਹੀਦਾ ਏ , ਜੇ ਕਿਰਾਇਆ ਨਹੀ ਦੇਣਾ ਤਾਂ ਮੇਰਾ ਮਕਾਨ ਖਾਲੀ ਕਰ ਦਿਓ !’
ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਰੇ ਕੀ ਹਾਲਾਤ ਨੇ , ਬਾਪੂ ਦੀ ਬਿਮਾਰੀ ਵਿੱਚ ਸਭ ਕੁਝ ਵਿਕ ਗਿਆ । ਜਿੰਨੀ ਜਲਦੀ ਮਕਾਨ ਮਾਲਕ ਕਿਰਾਇਆ ਮੰਗਦਾ ਹੈ । ਉਹਨੀ ਜਲਦੀ ਮੈਥੋਂ ਦਿੱਤਾ ਨਹੀਂ ਜਾਣਾ । ਜਦੋਂ ਦਾ ਮਕਾਨ ਮਾਲਕ ਬੋਲ-ਬੋਲਕੇ ਗਿਆ ਹੈ , ਮੇਰਾ ਤਾਂ ਸਾਰਾ ਟੱਬਰ ਹੀ ਫ਼ਿਕਰਾਂ ਵਿੱਚ ਡੁੱਬਿਆ ਪਿਆ ਹੈ । ਹੁਣ ਕੀ ਕਰੀਏ ? ਜੇ ਕਿਰਾਇਆ ਨਾ ਦਿੱਤਾ ਗਿਆ, ਤਾਂ ਕਿੱਧਰ ਜਾਵਾਂਗੇ ? ”
ਤੇਜੀ ਦੀ ਗੱਲ ਸੁਣ ਕੇ ਸਰਪੰਚ ਬੋਲਿਆ, “ ਕਿਰਾਇਆ ਤਾਂ, ਭਾਈ , ਦੇਣਾ ਹੀ ਪੈਣਾ ਹੈ  ਪਰ ਅੱਜ ਜਿਹੜਾ ਕੰਮ ਤੂੰ ਕਰਨ ਲੱਗਾ ਸੀ , ਇਹਦੇ ਨਾਲ ਥੋੜ੍ਹਾ ਕੋਈ ਹੱਲ ਹੋਣਾ ਸੀ ! ਤੈਨੂੰ ਭੋਰਾ ਵੀ ਫ਼ਿਕਰ ਨਹੀਂ ਸੀ ਆਪਣੇ ਬੱਚਿਆਂ ਦਾ ? ਮਿੱਟੀ ਵਿੱਚ ਰੁਲ ਜਾਣਾ ਸੀ ਤੇਰੇ ਬੱਚਿਆਂ ਨੇ !
 ਦੁੱਖ-ਮੁਸੀਬਤਾਂ ਤਾਂ ਮਰਦਾਂ ’ਤੇ ਪੈਂਦੀਆਂ ਹੀ ਰਹਿੰਦੀਆਂ ਨੇ ।  ਚੱਲ , ਕੋਈ ਨੀ ਪੁੱਤ ਤੂੰ ਦਿਲ ਨਾ ਛੱਡ ਆਪਾਂ ਕੱਢਨੇ ਆ ਕੋਈ ਰਾਹ  , ਇਸ ਵੇਲੇ  ਤੂੰ ਘਰ ਚਲ ਹਨੇਰਾ ਬਹੁਤ ਹੋ ਗਏ ਨਿਆਣੇ ਉਡੀਕਦੇ ਹੁਣੇ ਤੈਨੂੰ   ।
   ਤੇਜੀ ਦਾ ਸਾਇਕਲ ਅੱਗੇ ਲਾ ਕੇ  ਆਪਣੀ ਗੱਡੀ ਪਿੱਛੇ ਲਾ ਲਈ ।ਪਿੰਡ ਦੀ ਫਿਰਨੀ ਤੇ ਆ ਕੇ ਸਰਪੰਚ ਆਪਣੇ ਘਰ ਵਾਲੇ ਰਾਹੇ ਪੈ ਗਿਆ । ਘਰ ਪਹੁੰਚਣ ਤੇ ਤੇਜੀ ਦਾ  ਚਿਹਰਾ ਉਤਰਿਆ ਵੇਖ ਕੰਮੋ ਬੋਲੀ ,  ਬੰਟੀ ਦੇ ਡੈਡੀ ਸਰਪੰਚ  ਨੇ ਕੀ ਕਹਿਆ ਫਿਰ 
ਕੁਝ ਨਹੀਂ ਕਹਿੰਦਾ ਸੀ ,
ਫਿਰ ਵੀ ਕੁਝ ਤਾਂ ਕਹਿਆ ਹੋਊ ਤੁਹਾਨੂੰ ,
ਸਰਪੰਚ ਕਹਿੰਦਾ ਸੀ  
ਦਿਨ ਚੜੇਗਾ ਤਾਂ ਵੇਖਾਗੇ 
ਤੇਜੀ ਮੂੰਹੋ ਗੱਲ ਸੁਣ ਕੇ ਕੰਮੋ ਚੁਪ ਕਰ ਗਈ । 
 ਸਾਰੀ ਰਾਤ  ਇਸ ਫਿਕਰ ਵਿੱਚ  ਲੰਘੀ ਪਤਾ ਨਹੀਂ  ਦਿਨ ਚੜੇ ਨੂੰ ਕੀ ਬਣੇਗਾ  ਜੇ ਕਿਰਾਇਆ ਨਾ ਦਿੱਤਾ ਗਿਆ ਕਿਧਰ ਜਾਵੇਗਾ।  ਮੰਜੀ ਤੇ ਪਿਆ ਲੰਮਾ ਪਿਆ ਤੇਜੀ ਅਜੇ ਵੀ ਡੂੰਘੀ ਸੋਚ ਵਿੱਚ ਡੁੱਬਿਆ ਸੀ , ਜਦੋਂ ਤੇਜੀ ਨੂੰ ਨਹਿਰ ਛਾਲ ਮਾਰਨ ਘਟਨਾ ਨੂੰ ਚੇਤੇ ਆਉਦੀ ਤਾਂ ਆਪਣੇ ਬੱਚਿਆਂ ਦਾ ਮੱਥੇ ਚੁੰਮ ਲੈਂਦਾ । ਅਜੇ ਸੂਰਜ ਦੀਆਂ   ਕਿਰਨਾਂ ਧਰਤੀ ਤੇ ਪਈਆਂ ਹੀ ਸਨ  ਤੇਜੀ ਦੇ ਘਰ ਦਾ ਦਰਵਾਜਾ ਖੜਕਿਆ  ਅਵਾਜ ਆਈ , ਤੇਜੀ , ਤੇਜੀ ਉਏ ਬੂਹਾ ਖੋਲ  
ਜੀ  , ਆਇਆ ਸਰਪੰਚ ਸਾਹਿਬ     
ਕਹਾਲੀ ਕਹਾਲੀ , ਤੇਜੀ . ਬੂਹਾ ਖੋਲਦਾ  ਆਓ ਸਰਪੰਚ ਸਾਹਿਬ ਅੰਦਰ ਆਓ ,  ਨਹੀਂ ਨਹੀਂ ਤੇਜੀ  ਅੰਦਰ ਨਹੀਂ ਆਇਆ ਜਾਣਾ , 
 ਤੂੰ ਪੈਸੇ ਲੈ, "ਜੈਲਦਾਰ ਨੂੰ ਕਿਰਾਇਆ ਦੇ ਦੇਵੀਂ । ਆਪਣੀ ਜੇਬ ਚ ਪੈਸੇ ਕੱਢਦਾ ਸਰਪੰਚ ਬੋਲਿਆ । "
 ਸਰਪੰਚ ਸਾਹਿਬ ਅੱਜ ਤੁਸੀਂ ਮੇਰੀ  ਡੁੱਬਦੀ ਬੇੜੀ ਕਿਨਾਰੇ ਲਾ ਦਿੱਤੀ  , ਮੇਰੇ ਕੋਲ ਸ਼ਬਦ ਨਹੀਂ ਹੈਗੇ,ਮੈ ਤੁਹਾਡਾ ਕਿਵੇਂ ਧੰਨਵਾਦ ਕਰਾਂ , ਪੈਰਾਂ ਵੱਲ ਚੁਕਦਾ ਤੇਜੀ ਬੋਲਿਆ । ਨਾ ਨਾ ਤੇਜੀ ਇੰਝ ਨਾ ਕਰ  , ਚੰਗੇ ਬੰਦੇ ਦਾ ਸਾਥ ਦੇਣਾ ਤਾਂ ਮੇਰਾ ਫਰਜ਼ ਵੀ ਬੰਨਦਾ ਏ , ਏਨੀ ਗੱਲ ਕਰ ਪੈਰਾਂ ਵੱਲ ਡੱਗਦੇ   ਤੇਜੀ ਨੂੰ  ਸਰਪੰਚ ਨੇ ਛਾਤੀ ਨਾਲ ਲਇਆ । ਉਸ ਵੇਲੇ  ਤੇਜੀ ਦੀਆਂ ਅੱਖਾਂ ਵਿੱਚ ਪਾਣੀ ਸੀ । ਤੇਜੀ ਕਿੰਨਾ ਚਿਰ ਕੰਬਦੀ ਹੋਈ ਆਵਾਜ਼ ਸਰਪੰਚ ਦੀ ਛਾਤੀ ਨਾਲ ਲੱਗ ਬੋਲਦਾ ਰਿਹਾ । ਅੱਜ  ਤੁਸੀ ਮੈਨੂੰ ਕਿਰਾਏ ਦੇ ਪੈਸੇ ਦੇ ਕੇ ਮੇਰੇ ਬੱਚਿਆਂ ਦੇ ਸਿਰ ਤੋ ਡਿੱਗੀ ਛੱਤ ਨੂੰ ਬਚਾ ਲਿਆ । ਮੈਂ ਤੁਹਾਡੇ ਕੀਤੇ ਅਹਿਸਾਨ ਕਦੇ ਵੀ ਨਹੀ  ਵੀ ਭੁਲਾ ਸਕਦਾ । ਅੱਜ ਜੋ ਤੁਸੀਂ ਮੇਰੇ ਲਈ ਤੇ ਮੇਰੀਆਂ ਆਉਣ ਵਾਲੀਆਂ ਪੀੜੀਆਂ  ਲਈ  ਕੀਤਾ ਏ , ਉਸ ਨੂੰ ਮੈਂ ਹਮੇਸ਼ਾ  ਯਾਦ ਰੱਖਾਂਗਾ  । ਸਰਪੰਚ ਸਾਹਿਬ ਅੱਜ ਜੇ ਤੁਸੀਂ, ਮੇਰੀ ਬਾਂਹ ਫੜੀ ਏ ਤਾਂ ਮੇਰਾ ਵੀ ਤੁਹਾਡੇ ਨਾਲ ਵਾਅਦਾ ਰਿਹਾ ਕਿ  ਮੈਂ ਵੀ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਪੈਸੇ ਜਰੂਰ ਮੁੜਾਂਗਾ । ਤੇਜੀ ਦੇ ਮੂੰਹੋਂ ਇਹ  ਗੱਲ ਸੁਣਦਿਆਂ  ਸਾਰ ਹੀ ਸਰਪੰਚ ਝਟਪਟ ਵਾਹ ਓ,ਵਾਹ ਮੇਰੇ ਸ਼ੇਰ ਪੁੱਤਰਾ,ਆਖਦਾ ਹੋਇਆ  ਤੇਜੀ ਨੂੰ ਗਲ਼ ਨਾਲ਼ ਲੈਂਦਾ ਹੈ ।
ਗੁਰਵਿੰਦਰ ਸਿੰਗ ਖੁਸ਼ੀਪੁਰ ਡਾਕ –ਦਲੇਲਪੁਰ , ਤਹਿ ਗੁਰਦਾਸਪੁਰ  ਜਿਲਾ ਗੁਰਦਾਸਪੁਰ   
ਮੋ 9914161453